.

ੴਸਤਿਗੁਰਪ੍ਰਸਾਦਿ।।

ਖਾਲਸਾ ਪੰਥ ਬਨਾਮ ਡੇਰਾਵਾਦ

(ਭਾਗ ਸੋਲਵਾਂ)

ਡੇਰਾਵਾਦ ਪ੍ਰਫੁਲਤ ਹੋਣ ਦੇ ਸਮਾਜਿਕ ਕਾਰਨ:

ਧਾਰਮਿਕ ਆਗੂਆਂ ਦਾ ਰੋਲ:

ਜੋ ਹਾਲ ਸਿਆਸੀ ਸਿੱਖ ਲੀਡਰਸ਼ਿਪ ਦਾ ਹੈ, ਉਸ ਤੋਂ ਮਾੜਾ ਧਾਰਮਿਕ ਆਗੂਆਂ ਦਾ ਹੈ। ਸਭ ਤੋਂ ਪਹਿਲਾਂ ਤਾਂ ਇਹ ਪਹਿਚਾਣ ਕਰਨੀ ਔਖੀ ਹੈ ਕਿ ਇਨ੍ਹਾਂ ਨੂੰ ਧਾਰਮਿਕ ਆਗੂ ਆਖਿਆ ਜਾਵੇ ਕਿ ਰਾਜਸੀ, ਕਿਉਂਕਿ ਕਹਿਣ ਨੂੰ ਤਾਂ ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਇੱਕ ਧਾਰਮਿਕ ਸੰਸਥਾ ਹੈ, ਪਰ ਇਸ ਦਾ ਚੋਣਾਂ ਵਾਲਾ ਵਿਧੀ-ਵਿਧਾਨ ਵੀ ਰਾਜਸੀ ਹੈ ਅਤੇ ਇਸ ਤੇ ਕਬਜ਼ਾ ਵੀ ਰਾਜਸੀ ਲੋਕਾਂ ਦਾ ਹੈ। ਸਿਰਫ ਉਨ੍ਹਾਂ ਨੇ ਲਬਾਦਾ ਧਾਰਮਿਕ ਪਾਇਆ ਹੋਇਆ ਹੈ। ਜਿਵੇਂ ਅਸੀਂ ਆਪਣੇ ਹੋਰ ਬਹੁਤ ਸਾਰੇ ਅਨਮੋਲ ਸਿਧਾਂਤਾਂ ਦੀ ਗ਼ਲਤ ਵਿਆਖਿਆ ਕਰਕੇ, ਉਨ੍ਹਾਂ ਦੀ ਦੁਰਵਰਤੋਂ ਕਰ ਰਹੇ ਹਾਂ, ਤਿਵੇਂ ਹੀ ਮੀਰੀ-ਪੀਰੀ ਦੇ ਸੰਕਲਪ ਦੀ ਵੀ ਰੱਜ ਕੇ ਦੁਰਵਰਤੋਂ ਕੀਤੀ ਜਾ ਰਹੀ ਹੈ। ਜਿਸ ਧਰਮ ਦੀ ਰਖਿਆ ਵਾਸਤੇ ਸ਼ਕਤੀ ਜਾਂ ਰਾਜਨੀਤੀ ਦੀ ਵਰਤੋਂ ਕਰਨੀ ਸੀ, ਉਹ ਸਿਰ ਦਾ ਤਾਜ ‘ਧਰਮ` ਤਾਂ ਪੈਰਾਂ ਵਿੱਚ ਰੁੱਲ ਰਿਹਾ ਹੈ ਅਤੇ ਪੈਰਾਂ ਦੀ ਜੁੱਤੀ ਸਿਆਸਤ ਸਿਰ ਦਾ ਤਾਜ ਬਣ ਗਈ ਹੈ। ਸਿੱਖ ਨੇ ਤਾਂ ਪੈਰਾਂ ਵਿੱਚ ਸਿਆਸਤ ਦੀ ਜੁੱਤੀ ਇਸ ਕਰਕੇ ਪਾਈ ਸੀ ਕਿ ਜੇ ਕੋਈ ਸਾਡੇ ਸਿਰ ਦੇ ਤਾਜ, ‘ਧਰਮ` ਨੂੰ ਹੱਥ ਪਾਵੇ, ਤਾਂ ਫੇਰ ਸਿਆਸਤ ਰੂਪੀ ਜੁੱਤੀ ਲਾਹ ਕੇ ਉਸ ਦੇ ਸਿਰ ਵਿੱਚ ਮਾਰਾਂਗੇ। ਹੋ ਬਿਲਕੁਲ ਇਸ ਦੇ ਉਲਟ ਰਿਹਾ ਹੈ। ਅੱਜ ਸਿਆਸੀ ਤਾਜ ਦੀ ਰਖਿਆ ਵਾਸਤੇ, ਧਰਮ ਦੀ ਰੱਜ ਕੇ ਦੁਰਵਰਤੋਂ ਕੀਤੀ ਜਾ ਰਹੀ ਹੈ, ਇਸ ਨੂੰ ਪੈਰਾਂ ਵਿੱਚ ਰੋਲਿਆ ਜਾ ਰਿਹਾ ਹੈ। ਇਸ ਵਾਸਤੇ ਕਹਿਣ ਨੂੰ ਤਾਂ ਸ੍ਰੋਮਣੀ ਕਮੇਟੀ ਦੇ ਅਹੁਦੇਦਾਰ ਧਾਰਮਿਕ ਸੰਸਥਾ ਦੇ ਨੁਮਾਇੰਦੇ ਹਨ, ਪਰ ਅਸਲ ਵਿੱਚ ਇਹ ਅੱਜ ਸਿੱਖ ਕੌਮ ਤੇ ਕਾਬਜ਼ ਬਾਦਲ ਦੱਲ ਦੀ ਬੀ ਟੀਮ ਹੈ। ਅਜ ਸਿੱਖ ਸਿਆਸਤ ਵਿੱਚ ਅਹੁਦਾ ਪ੍ਰਾਪਤ ਕਰਨ ਲਈ ਸ਼੍ਰੋਮਣੀ ਕਮੇਟੀ ਪਹਿਲੀ ਪਉੜੀ ਹੈ। ਇਸ ਲਈ ਇਹ ਵੀ ਉਹੀ ਕੰਮ ਕਰਦੇ ਹਨ, ਜੋ ਬਾਕੀ ਸਿਆਸੀ ਆਗੂ ਕਰਦੇ ਹਨ। ਇਹ ਵੀ ਇਨ੍ਹਾਂ ਬਾਬਿਆ ਨੂੰ ਪੂਰੀ ਮਾਨਤਾ ਦੇਂਦੇ ਹਨ, ਇਨ੍ਹਾਂ ਨੂੰ ਸੰਤ, ਮਹਾਪੁਰਖ ਅਤੇ ਹੋਰ ਪਤਾ ਨਹੀਂ ਕੀ ਕੀ ਕਹਿਕੇ ਸਤਿਕਾਰਦੇ ਹਨ, ਇਨ੍ਹਾਂ ਦੇ ਡੇਰਿਆਂ ਤੇ ਜਾਂਦੇ ਅਤੇ ਆਪਣੇ ਪ੍ਰੋਗਰਾਮਾਂ ਤੇ ਇਨ੍ਹਾਂ ਨੂੰ ਵਿਸ਼ੇਸ਼ ਸਨਮਾਨ ਦੇਂਦੇ ਹਨ। ਹਾਂ! ਜਦੋਂ ਕਿਸੇ ਬਾਬੇ ਦਾ ਕੌਮ ਵਿਰੋਧੀ ਕੋਈ ਕੁਕਰਮ ਨੰਗਾ ਹੋ ਜਾਵੇ, ਕੌਮ ਦੀਆਂ ਭਾਵਨਾਵਾਂ ਭੜਕ ਉਠਣ, ਤਾਂ ਕੌਮ ਨੂੰ ਮੂਰਖ ਬਣਾਉਣ ਲਈ, ਉਸ ਖਿਲਾਫ ਗਰਮ ਗਰਮ ਬਿਆਨ ਦਾਗ਼ ਦੇਂਦੇ ਹਨ, ਪਰ ਆਪਣੇ ਸਿਆਸੀ ਹਿਤਾਂ ਜਾਂ ਉਪਰਲੇ ਸਿਆਸੀ ਆਕਾਵਾਂ ਦੇ ਆਸ਼ੇ ੳਨੁਸਾਰ, ਅੰਦਰੋਂ ਉਨ੍ਹਾਂ ਨਾਲ ਪੂਰਾ ਤਾਲਮੇਲ ਬਣਾਕੇ ਰੱਖਦੇ ਹਨ। ਛੱਬੀ ਸਾਲ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੇ ਕਾਬਜ਼ ਰਹੇ, ਗੁਰਚਰਨ ਸਿੰਘ ਟੋਹੜਾ ਦਾ ਵੋਟਾਂ ਮੰਗਣ ਲਈ, ਨਿਰੰਕਾਰੀ ਬਾਬੇ ਦੇ ਦਰਬਾਰ ਵਿੱਚ ਜਾਣਾ, ਇਸ ਦਾ ਇੱਕ ਜ਼ਿੰਦਾ ਪ੍ਰਮਾਣ ਹੈ, ਜੋ ਜਗ ਜ਼ਾਹਿਰ ਹੋ ਗਿਆ। ਪ੍ਰਕਾਸ਼ ਸਿੰਘ ਬਾਦਲ ਅਤੇ ਉਸ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਦੀਆਂ ਸਿਰਸੇ ਵਾਲੇ ਰਾਮ-ਰਹੀਮ ਦੇ ਦਰਬਾਰ ਵਿੱਚ ਖੜਿਆਂ ਦੀ ਫੋਟੋ ਕਈ ਵਾਰੀ ਪ੍ਰਕਾਸ਼ਤ ਹੋ ਚੁੱਕੀ ਹੈ।

ਇਥੇ ਇਹ ਭੁਲੇਖਾ ਵੀ ਨਾ ਪਾਲ ਲਿਆ ਜਾਵੇ ਕਿ ਇਹ ਕੁਕਰਮ ਕੇਵਲ ਸ਼੍ਰੋਮਣੀ ਕਮੇਟੀ ਦੇ ਆਗੂ ਹੀ ਕਰਦੇ ਹਨ, ਅਤੇ ਦਿੱਲੀ ਦੇ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਵਾਲੀ ਹੁਣ ਦੀ ਜਾਂ ਪਹਿਲੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਕਿਸੇ ਤਰਾਂ ਅਲੱਗ ਹੈ। ਡੇਰਾਵਾਦ ਪ੍ਰਤੀ ਇਨ੍ਹਾਂ ਸਭਨਾਂ ਦੀ ਪਹੁੰਚ ਵੀ ਬਿਲਕੁਲ ਉਹੀ ਹੈ। ਇਹ ਵੀ ਇਨ੍ਹਾਂ ਨੂੰ ਸੰਤ-ਮਹਾਪੁਰਖ ਕਹਿੰਦੇ ਅਤੇ ਇਨ੍ਹਾਂ ਦਾ ਸਤਿਕਾਰ ਕਰਦੇ ਨਹੀਂ ਥਕਦੇ। ਸਰਨਾ ਭਰਾਵਾਂ ਦੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਚੌਧਰ ਸਮੇਂ, ਇੱਕ ਮੀਟਿੰਗ, ਜਿਸ ਵਿੱਚ ਦਾਸ ਵੀ ਸ਼ਾਮਲ ਸੀ, ਦੇ ਸ਼ੁਰੂ ਹੋਣ ਤੋਂ ਪਹਿਲਾਂ, ਇਹ ਹੁਕਮ ਜਾਰੀ ਕਰ ਦਿੱਤਾ ਗਿਆ, ਕਿ ਸੰਤ-ਮਹਾਪੁਰਖਾਂ ਦੇ ਵਿਰੋਧ ਵਿੱਚ ਕੋਈ ਨਾ ਬੋਲੇ। ਸ਼ਾਇਦ ਇਹ ਮੇਰੀ ਜਾਂ ਮੇਰੇ ਵਰਗੇ ਕੁੱਝ ਹੋਰ ਸੱਚ ਬੋਲਣ ਵਾਲੇ ਵੀਰਾਂ ਦੀ ਜ਼ੁਬਾਨ ਬੰਦ ਕਰਾਉਣ ਵਾਸਤੇ ਕੀਤਾ ਗਿਆ ਸੀ। ਮਈ ੨੦੧੦ ਵਿੱਚ ਇਨ੍ਹਾਂ ਵਲੋਂ, ਦਿੱਲੀ ਵਿੱਚ ਸੱਦੇ ਗਏ ਵਿਸ਼ਵ ਸਿੱਖ ਸੰਮੇਲਨ ਨੂੰ ਸਦਣ ਵਾਲੀ ਕਮੇਟੀ ਵਿੱਚ ਵੀ ਪਖੰਡੀ ਸਾਧ ਸ਼ਾਮਲ ਸਨ ਅਤੇ ਸੰਮੇਲਨ ਵਿੱਚ ਵੀ ਸਟੇਜ ਤੇ ਸੁਸ਼ੋਭਤ ਸਨ। ਜਿਵੇਂ ਦਾਸ ਉਪਰ ਬੇਨਤੀ ਕਰ ਚੁਕਾ ਹੈ, ਇਨ੍ਹਾਂ ਸਾਰਿਆਂ ਦੀ ਸੋਚ ਇਕੋ ਹੈ। ਇਹ ਵੀ ਤਾਂ ਪਹਿਲਾਂ ਉਸੇ ਅਕਾਲੀ ਦੱਲ ਦਾ ਹਿਸਾ ਸਨ, ਉਸੇ ਵਿਚੋਂ ਨਿਕਲੇ ਹਨ।

ਧਾਰਮਿਕ ਆਗੂਆਂ ਦੀ ਦੂਜੀ ਦਰਜਾ ਬੰਦੀ ਵਿੱਚ ਸਾਡੇ ਤਖ਼ਤਾਂ ਦੇ ਅਖੌਤੀ ਜਥੇਦਾਰ ਆਉਂਦੇ ਹਨ। ਆਮ ਤੌਰ ਤੇ ਬਹੁਤੇ ਸਿੱਖਾਂ ਵਿੱਚ ਇੱਕ ਵੱਡਾ ਭੁਲੇਖਾ ਹੈ ਕਿ ਇਹ ਕੌਮ ਦੇ ਸਰਵਉਚ ਧਾਰਮਿਕ ਆਗੂ ਹਨ, ਇਸ ਲਈ ਉਹ ਇਨ੍ਹਾਂ ਨੂੰ ਪਹਿਲੀ ਕਤਾਰ ਦੇ ਧਾਰਮਿਕ ਆਗੂ ਸਮਝਦੇ ਹਨ। ਕਹਿਣ ਨੂੰ ਤਾਂ ਇਹ ਆਪ ਵੀ ਆਪਣੇ ਆਪ ਨੂੰ ਕੌਮ ਦਾ ਪ੍ਰਮੁਖ ਆਗੂ ਦਰਸਾਉਂਦੇ ਹਨ, ਪਰ ਸਚਾਈ ਇਹ ਹੈ ਕਿ ਸ਼੍ਰੋਮਣੀ ਕਮੇਟੀ ਤੇ ਕਾਬਜ਼ ਸਿਆਸੀ ਆਗੂਆਂ ਦੇ ਤਨਖਾਹਦਾਰ ਮੁਲਾਜ਼ਮ ਹਨ, ਪਰ ਕੌਮ ਨੂੰ ਮੂਰਖ ਬਣਾਉਣ ਲਈ ਇਨ੍ਹਾਂ ਦੀ ਸਰਵਉਚਤਾ ਦਾ ਸਭ ਤੋਂ ਵੱਧ ਰੌਲਾ, ਵੀ ਇਹ ਸਿਆਸੀ ਆਗੂ ਹੀ ਪਾਉਂਦੇ ਹਨ। ਸਮੇਂ ਸਮੇਂ ਤੇ ਇਹ ਸਿਆਸੀ ਆਗੂ ਕੌਮ ਤੇ ਆਪਣਾ ਗਲਬਾ ਬਣਾ ਕੇ ਰੱਖਣ ਲਈ ਅਤੇ ਆਪਣੇ ਵਿਰੋਧੀਆਂ ਨੂੰ ਨੀਵਾਂ ਵਿਖਾਉਣ ਲਈ ਇਨ੍ਹਾਂ ਦੀ ਦੁਰਵਰਤੋਂ ਕਰਦੇ ਆਏ ਹਨ। ਅਸਲ ਵਿੱਚ ਇਹ ਅਖੌਤੀ ਜਥੇਦਾਰ ਵੀ ਪੁਜਾਰੀਵਾਦ ਦਾ ਹੀ ਸਿੱਖੀ-ਕਰਨ ਕੀਤਾ ਹੋਇਆ ਬਦਲਿਆ ਰੂਪ ਹੈ, ਜੋ ਦੂਸਰੀਆਂ ਕੌਮਾਂ ਦੇ ਪੁਜਾਰੀਆਂ ਦੀ ਤਰ੍ਹਾਂ ਆਪਣੀ ਕੌਮ ਦਾ ਮਾਨਸਿਕ ਅਤੇ ਸਮਾਜਿਕ ਸੋਸ਼ਣ ਕਰਦੇ ਹਨ। ਇਹ ਅਹੁਦਾ ਸਿੱਖ ਕੌਮ ਵਿੱਚ ਰਾਜਸੀ ਆਗੂਆਂ ਵਲੋਂ ਧਾਰਮਿਕ ਪੱਖੋਂ ਸਿੱਖਾਂ ਨੂੰ ਆਪਣਾ ਮਾਨਸਿਕ ਗ਼ੁਲਾਮ ਬਣਾ ਕੇ ਰਖਣ ਲਈ ਤਿਆਰ ਕੀਤਾ ਗਿਆ ਹੈ। ਸਿਧਾਂਤਕ ਪੱਖੋਂ ਸਿੱਖ ਕੌਮ ਵਿੱਚ ਇਸ ਅਹੁਦੇ ਦਾ ਕੋਈ ਸੰਕਲਪ ਜਾਂ ਸਥਾਨ ਨਹੀਂ। (** ਅਕਾਲ ਤਖਤ ਦੇ ਅਖੌਤੀ ਜਥੇਦਾਰ ਦੇ ਅਹੁਦੇ ਦਾ ਸੱਚ ਜਾਨਣ ਲਈ ਇਸੇ ਕਲਮ ਤੋਂ ਲਿਖਤ ਕਿਤਾਬ "ਮਹੱਤਵਪੂਰਨ ਸਿੱਖ ਮੁੱਦੇ" ਪੜ੍ਹੋ ਜੀ)

ਇਨ੍ਹਾਂ ਅਖੌਤੀ ਜਥੇਦਾਰਾਂ ਦੀ ਹਾਲਤ ਵੀ ਬਿਲਕੁਲ ਸਿਆਸੀ ਆਗੂਆਂ ਵਾਲੀ ਹੈ। ਉਨ੍ਹਾਂ ਦੀ ਤਰ੍ਹਾਂ ਹੀ ਇਹ ਵੀ ਡੇਰਿਆਂ ਬਾਰੇ ਦੋਗਲੀ ਨੀਤੀ ਅਪਣਾਉਂਦੇ ਹਨ। ਇੱਕ ਪਾਸੇ ਤਾਂ ਇਹ ਇਨ੍ਹਾਂ ਡੇਰਿਆਂ ਤੇ ਜਾ ਕੇ, ਉਨ੍ਹਾਂ ਦੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋ ਕੇ, ਸਮੇਂ ਸਮੇਂ ਤੇ ਡੇਰੇਦਾਰਾਂ ਨੂੰ ਸਨਮਾਨਤ ਕਰ ਕੇ, ਉਨ੍ਹਾਂ ਦੇ ਕੌਮ ਦੀ ਮੁੱਖ ਧਾਰਾ ਦਾ ਅੰਗ ਹੋਣ ਤੇ ਮੋਹਰ ਲਗਾਉਂਦੇ ਹਨ, ਦੂਜੇ ਪਾਸੇ ਕੌਮ ਨੂੰ ਡੇਰਾਵਾਦ ਤੋਂ ਬੱਚ ਕੇ ਰਹਿਣ ਲਈ ਬਿਆਨ ਦਾਗ਼ਦੇ ਰਹਿੰਦੇ ਹਨ। ਜਦੋਂ ਕੋਈ ਡੇਰਾ ਖੁੱਲ੍ਹ ਕੇ ਸਿੱਖ ਕੌਮ ਦੇ ਟਾਕਰੇ ਤੇ ਆ ਜਾਂਦਾ ਹੈ ਤਾਂ ਆਪਣੇ ਸਿਆਸੀ ਆਕਾਵਾਂ ਵਾਂਗ ਹੀ ਕੌਮ ਨੂੰ ਮੂਰਖ ਬਣਾਉਣ ਲਈ ਵਿਰੋਧ ਕਰਨ ਦਾ ਪਾਖੰਡ ਸ਼ੁਰੂ ਕਰ ਦੇਂਦੇ ਹਨ, ਜਿਵੇਂ ਕੁੱਝ ਸਮਾਂ ਪਹਿਲਾਂ ਹੀ ਕੌਮ ਨੇ ਸਰਸਾ ਵਾਲੇ ਰਾਮ ਰਹੀਮ ਦੇ ਮਾਮਲੇ ਵਿੱਚ ਵੇਖਿਆ। ਪਹਿਲੇ ਜਦੋਂ ਸਰਸਾ ਵਾਲੇ ਰਾਮ ਰਹੀਮ ਦਾ ਮਸਲਾ ਨਵਾਂ ਨਵਾਂ ਉਠਿਆ, ਤਾਂ ਜਗ ਵਿਖਾਈ ਵਾਸਤੇ ਅਖੌਤੀ ਜਥੇਦਾਰਾਂ ਨੇ ਕੁੱਝ ਜੋਸ਼ ਦਿਖਾਇਆ, ਇੱਕ ਅੱਧਾ ਪੰਥਕ ਇਕੱਠ ਵੀ ਕਰ ਲਿਆ। ਜੋਸ਼ ਜੋਸ਼ ਵਿੱਚ ਇੱਕ ਦੋ ਹੁਕਮਨਾਮੇ ਵੀ ਜਾਰੀ ਕਰ ਦਿੱਤੇ, ਪਰ ਜਦੋਂ ਉਤੋਂ ਬਾਦਲ ਦੀ ਘੁਰਕੀ ਪੈ ਗਈ ਤਾਂ ਸਾਰੀ ਫੂਕ ਨਿਕਲ ਗਈ। ਹੋਰ ਤਾਂ ਹੋਰ, ਆਪਣੇ ਹੁਕਮਨਾਮਿਆਂ ਤੋਂ ਹੀ ਭੱਜ ਗਏ। ਹੁਣ ਤਾਂ ਬਿੱਲੀ ਪੂਰੀ ਤਰ੍ਹਾਂ ਥੈਲੇ ਵਿਚੋਂ ਬਾਹਰ ਆ ਗਈ ਹੈ ਜਦੋਂ ਇਨ੍ਹਾਂ ਆਪਣੇ ਆਕਾਵਾਂ ਦੇ ਹੁਕਮ ਤੇ ਉਸ ਝੂਠੇ ਸੌਦੇ ਵਾਲੇ ਪਖੰਡੀ ਰਾਮ ਰਹੀਮ ਨੂੰ ਬਗੈਰ ਮਾਫੀ ਮੰਗੇ, ਬਗੈਰ ਅਕਾਲ ਤਖਤ ਤੇ ਪੇਸ਼ ਹੋਏ, ਆਪਣੇ ਹੀ ਤਿਆਰ ਕੀਤੇ ਇੱਕ ਨਕਲੀ ਮੁਆਫੀ ਨਾਮੇ, ਜਿਸ ਵਿੱਚ ਇੱਕ ਵੀ ਸ਼ਬਦ ਮੁਆਫੀ ਦਾ ਨਹੀਂ ਸੀ, ਦੇ ਆਧਾਰ ਤੇ ਮੁਆਫ ਕਰ ਦਿੱਤਾ। ਇਨ੍ਹਾਂ ਸਿਆਸੀ ਆਗੂਆਂ ਦੇ ਗੁਲਾਮਾਂ ਕੋਲੋਂ ਹੋਰ ਆਸ ਵੀ ਕੀ ਕੀਤੀ ਜਾ ਸਕਦੀ ਹੈ? ਪਰ ਕੁੱਝ ਤਸੱਲੀ ਵਾਲੀ ਗੱਲ ਇਹ ਹੈ ਕਿ ਇਹ ਪਹਿਲੀ ਵਾਰੀ ਹੋਇਆ ਹੈ ਕਿ ਕੌਮ ਦੇ ਵੱਡੇ ਹਿੱਸੇ ਨੇ ਇਨ੍ਹਾਂ ਦੇ ਸੱਚ ਨੂੰ ਪਛਾਣਿਆ ਹੈ। ਇਨ੍ਹਾਂ ਖਿਲਾਫ ਖੁਲ੍ਹ ਕੇ ਆਵਾਜ਼ ਬੁਲੰਦ ਕੀਤੀ ਹੈ ਅਤੇ ਇਨ੍ਹਾਂ ਨੂੰ ਪੂਰੀ ਤਰ੍ਹਾਂ ਨਕਾਰਿਆ ਹੈ।

ਇਹ ਸਿਆਸੀ ਅਕਾਲੀ ਆਗੂ ਅਕਸਰ ਆਪਣੇ ਹਿੰਦੂਤਵੀ ਆਕਾਵਾਂ ਨੂੰ ਖੁਸ਼ ਕਰਨ ਲਈ ਅਤੇ ਡੇਰਿਆਂ ਨੂੰ ਪ੍ਰਫੁਲਤ ਕਰਨ ਲਈ ਇਨ੍ਹਾਂ ਜਥੇਦਾਰਾਂ ਦੀ ਵਰਤੋਂ ਹਰ ਕੌਮੀ ਸੰਘਰਸ਼ ਦਾ ਗਲਾ ਘੁੱਟਣ ਵਾਸਤੇ ਕਰਦੇ ਆ ਰਹੇ ਹਨ। ਸੰਨ ੨੦੦੨ ਵਿੱਚ ਜਦੋਂ ਸ਼੍ਰੋਮਣੀ ਖਾਲਸਾ ਪੰਚਾਇਤ ਨੇ ਸਿੱਖ ਕੌਮ ਦੇ ਇੱਕ ਵੱਡੇ ਦੁਸ਼ਮਨ ਅਤੇ ਖਤਰਨਾਕ ਤਰੀਕੇ ਨਾਲ ਵੱਧ ਫੁਲ ਰਹੇ ਡੇਰੇਦਾਰ ਆਸ਼ੂਤੋਸ਼, ਨੂਰਮਹਿਲੀਏ ਦੇ ਪਾਪ ਕਰਮਾਂ ਨੂੰ ਨੰਗਾ ਕਰਨਾ ਸ਼ੁਰੂ ਕੀਤਾ ਤਾਂ ਸਿੱਖ ਕੌਮ ਤੇ ਆਸ਼ੂਤੋਸ਼ੀਆਂ ਵਿਚਕਾਰ ਵਿੱਚ ਇੱਕ ਵੱਡਾ ਟਕਰਾਅ ਸ਼ੁਰੂ ਹੋ ਗਿਆ। ਤਰਨਤਾਰਨ, ਲੁਧਿਆਣਾ, ਬਠਿੰਡਾ ਨੇੜੇ ਮਲੋਟ ਅਤੇ ਹੁਸ਼ਿਆਰਪੁਰ ਨੇੜੇ ਮਾਹਿਲਪੁਰ ਆਦਿ ਦੇ ਸਥਾਨ ਤੇ ਖੂਨੀ ਹਾਦਸੇ ਹੋਏ ਜਿਨ੍ਹਾਂ ਨੇ ਕੌਮ ਅੰਦਰ ਇੱਕ ਨਵਾਂ ਜੋਸ਼ ਅਤੇ ਜਜ਼ਬਾ ਭਰ ਦਿੱਤਾ। ਹਾਲਾਤ ਇਥੋਂ ਤੱਕ ਪਹੁੰਚ ਗਏ ਕਿ ਸਰਕਾਰ ਵਲੋਂ ਭਾਰੀ ਸੁਰੱਖਿਆ ਦੇਣ ਦੇ ਬਾਵਜੂਦ ਵੀ, ਆਸ਼ੂਤੋਸ਼ ਪੰਜਾਬ ਛੱਡ ਕੇ ਭੱਜ ਗਿਆ। ਬਸ ਫੇਰ ਕੀ ਸੀ, ਕਿਉਂਕਿ ਬਾਦਲ ਦੀ ਪਤਨੀ ਸੁਰਿੰਦਰ ਕੌਰ ਆਸ਼ੂਤੋਸ਼ ਦੀ ਚੇਲੀ ਸੀ, ਬਾਦਲ ਪਰਿਵਾਰ ਪੜਦੇ ਪਿੱਛੇ, ਉਸ ਦੀ ਮਦਦ ਤੇ ਆ ਗਿਆ। ਕੌਮੀ ਤੌਰ ਤੇ ਵੀ ਖ਼ਾਲਸਾ ਪੰਚਾਇਤ ਦਾ ਪ੍ਰਭਾਵ ਕਾਫੀ ਵੱਧ ਰਿਹਾ ਸੀ, ਉਸ ਨੂੰ ਠੱਲ ਪਾਉਣਾ ਵੀ ਜ਼ਰੂਰੀ ਸੀ। ਉਸ ਵੇਲੇ ਸਰਕਾਰ ਕਾਂਗਰਸ ਦੀ ਸੀ, ਇਸੇ ਲਈ ਸਰਕਾਰੀ ਤਾਕਤ ਦੀ ਵਰਤੋਂ ਨਹੀਂ ਸਨ ਕਰ ਸਕਦੇ। ਜੇ ਜ਼ਾਹਿਰਾ ਸਾਹਮਣੇ ਆਉਂਦੇ ਤਾਂ ਕੌਮ ਦੀ ਪ੍ਰਕੋਪੀ ਸਹੇੜਨੀ ਪੈ ਸਕਦੀ ਸੀ, ਜਥੇਦਾਰਾਂ ਦੀ ਡਿਊਟੀ ਲਾ ਦਿੱਤੀ ਕਿ ਇਸ ਕੌਮੀ ਜਜ਼ਬੇ ਦਾ ਗਲਾ ਘੁੱਟ ਦਿਓ। ੩੧ ਜੁਲਾਈ ੨੦੦੨ ਨੂੰ ਮਲੋਟ ਵਿੱਚ ਪੁਲੀਸ ਵਲੋਂ ਖ਼ਾਲਸਾ ਪੰਚਾਇਤ ਦੇ ਵਰਕਰਾਂ ਅਤੇ ਸਿੱਖਾਂ ਤੇ ਗੋਲੀ ਚਲਾਏ ਜਾਣ ਤੋਂ ਬਾਅਦ ਕੌਮ ਅੰਦਰ ਇੱਕ ਨਵਾਂ ਰੋਸ ਜਾਗ ਪਿਆ। ਪਹਿਲਾਂ ਜਥੇਦਾਰਾਂ ਨੇ ਆਸ਼ੂਤੋਸ਼ ਵਿਰੁਧ ਗਰਮ ਗਰਮ ਬਿਆਨ ਦਿੱਤੇ, ਫੇਰ ਆਖਿਆ, ਇਹ ਕੌਮੀ ਸੰਘਰਸ਼ ਹੈ, ਇਸ ਦੀ ਅਗਵਾਈ ਅਕਾਲ ਤਖ਼ਤ ਆਪ ਸੰਭਾਲੇਗਾ ਅਤੇ ੫ ਅਗੱਸਤ ੨੦੦੨ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਪੰਥਕ ਮੀਟਿੰਗ ਸੱਦ ਲਈ। ਡਰਾਮੇ ਭਰਪੂਰ ਤਕਰੀਰਾਂ ਤੋਂ ਬਾਅਦ ਆਸ਼ੂਤੋਸ਼ੀਆਂ ਦੇ ਟਾਕਰੇ ਦੀ ਅਗਵਾਈ ਕਰਨ ਲਈ, ਇੱਕ ਇਕੱਤੀ ਮੈਂਬਰੀ ਕਮੇਟੀ ਬਣਾਉਣ ਦਾ ਫੈਸਲਾ ਲਿਆ ਗਿਆ। ਇਨ੍ਹਾਂ ਇਕੱਤੀ ਮੈਂਬਰਾਂ ਦੀ ਗਿਣਤੀ ਅੱਜ ਤੱਕ ਵੀ ਪੂਰੀ ਨਹੀਂ ਹੋਈ ਅਤੇ ਨਾਹੀ ਮੁੜ ਉਸ ਕਮੇਟੀ ਦਾ ਕਿਧਰੇ ਨਾਂਅ ਸੁਣਿਆਂ। ਅਸਲ ਮਕਸਦ ਤਾਂ ਅਗਵਾਈ ਖ਼ਾਲਸਾ ਪੰਚਾਇਤ ਕੋਲੋਂ ਖੋਹ ਕੇ ਮਾਮਲੇ ਨੂੰ ਖਟਾਈ ਵਿੱਚ ਪਾਉਣਾ, ਅਤੇ ਕੌਮੀ ਭਾਵਨਾਵਾਂ ਦਾ ਗਲਾ ਘੁੱਟਣ ਦਾ ਸੀ। ਨਤੀਜਾ ਇਹ ਹੈ ਕਿ ੫ ਦਸੰਬਰ ੨੦੦੯ ਨੂੰ ਫੇਰ ਉਸੇ ਆਸ਼ੁਤੋਸ਼ ਦੀ ਵਜਾ ਕਰਕੇ, ਲੁਧਿਆਣੇ ਵਿੱਚ ਸਿੱਖਾਂ ਦੇ ਖੂਨ ਨਾਲ ਹੋਲੀ ਖੇਡੀ ਗਈ। ਸਾਰੇ ਸੰਘਰਸ਼ ਵਿੱਚ ਉਹ ਇਕੱਤੀ ਮੈਂਬਰੀ ਕਮੇਟੀ ਕਿਤੇ ਨਜ਼ਰ ਨਹੀਂ ਆਈ। ਜਿਵੇਂ ਆਸ ਹੀ ਸੀ, ਬਾਦਲ ਸਰਕਾਰ ਨੇ ਫੇਰ ਆਸ਼ੂਤੋਸ਼ੀਆਂ ਦਾ ਹੀ ਪੱਖ ਪੂਰਿਆ ਅਤੇ ਸਿੱਖਾਂ ਤੇ ਗੋਲੀ ਚਲਾਈ। ਜਥੇਦਾਰਾਂ ਨੇ ਵੀ ਫੋਕੀ ਬਿਆਨ ਬਾਜੀ ਕਰਕੇ ਸਾਰੇ ਮਸਲੇ ਤੇ ਫੇਰ ਮਿੱਟੀ ਪਾ ਦਿੱਤੀ। ਉਹੋ ਆਸ਼ੂਤੋਸ਼ ਮਰਨ ਤੱਕ ਪੰਜਾਬ ਵਿੱਚ ਦਮਗਜੇ ਮਾਰਦਾ ਰਿਹਾ। ਪਤਾ ਨਹੀਂ ਕੌਮ ਹੋਰ ਕਿੰਨਾ ਚਿਰ ਇਨ੍ਹਾਂ ਮਿੱਟੀ ਦੇ ਮਾਧੋਆਂ ਵਲ ਵੇਖਦੀ ਰਹੇਗੀ?

ਇਨ੍ਹਾਂ ਅਖੌਤੀ ਜਥੇਦਾਰਾਂ ਕੋਲੋਂ ਡੇਰੇਦਾਰਾਂ ਖਿਲਾਫ ਕੋਈ ਕਾਰਵਾਈ ਦੀ ਆਸ ਰਖਣਾ ਵੀ ਬਿਲਕੁਲ ਗਲਤ ਹੈ, ਕਿਉਂਕਿ ਇਨ੍ਹਾਂ ਵਿਚੋਂ ਬਹੁਤੇ ਤਾਂ ਆਪ ਵੀ ਇਨ੍ਹਾਂ ਡੇਰਿਆਂ ਵਿਚੋਂ ਹੀ ਨਿਕਲ ਕੇ ਆਉਂਦੇ ਹਨ। ਫਿਰ ਇਹ ਡੇਰਿਆਂ ਨੂੰ ਅਤੇ ਡੇਰੇਦਾਰਾਂ ਨੂੰ ਕਿਵੇਂ ਗਲਤ ਕਹਿਣਗੇ ਜਾਂ ਗਲਤ ਸਮਝਣਗੇ? ਇਹ ਇਨ੍ਹਾਂ ਡੇਰੇਦਾਰਾਂ ਦੀ ਇੱਕ ਵੱਡੀ ਕਾਮਯਾਬੀ ਹੈ ਕਿ ਇਹ ਕੌਮ ਦੇ ਪ੍ਰਚਾਰ ਖੇਤਰ ਵਿੱਚ ਵੱਡੀ ਘੁਸਪੈਠ ਕਰ ਗਏ ਹਨ। ਪਿੰਡਾਂ ਦੇ ਬਹੁਤੇ ਗੁਰਦੁਆਰਿਆਂ ਤੇ ਤਾਂ ਇਨ੍ਹਾਂ ਡੇਰਿਆਂ ਤੋਂ ਸਿੱਖਿਆ ਪਰਾਪਤ ਲਾਣਾ ਹੀ ਕਾਬਜ਼ ਹੈ, ਜੋ ਉਥੇ ਡੇਰਿਆਂ ਦੀ ਵਿਚਾਰਧਾਰਾ ਅਨੁਸਾਰ ਸੰਪਰਦਾਈ ਸਨਾਤਨੀ ਪ੍ਰਚਾਰ ਕਰਦਾ ਹੈ। ਸਗੋਂ ਇਨ੍ਹਾਂ ਦੇ ਬਹੁਤੇ ਪ੍ਰਚਾਰਕ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਿਆਂ ਵਿੱਚ ਵੀ ਨਿਯੁਕਤ ਹੋ ਚੁੱਕੇ ਹਨ ਅਤੇ ਬਹੁਤਾਤ ਦੇ ਤੌਰ ਤੇ ਇਨ੍ਹਾਂ ਵਿਚੋਂ ਹੀ ਬਹੁਤੇ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਹੋਰ ਪ੍ਰਮੁਖ ਇਤਿਹਾਸਕ ਗੁਰਦੁਆਰਿਆਂ ਦੇ ਗ੍ਰੰਥੀ ਬਣਦੇ ਹਨ ਅਤੇ ਹੁਣ ਇਨ੍ਹਾਂ ਵਿਚੋਂ ਹੀ ਤਖਤਾਂ ਦੇ ਜਥੇਦਾਰ। ਇਸ ਲਈ ਇਨ੍ਹਾਂ ਦੀ ਸਾਂਝ, ਇਨ੍ਹਾਂ ਡੇਰਿਆਂ ਨਾਲ ਇਤਨੀ ਪੱਕੀ ਹੈ ਕਿ ਇਹ ਉਸ ਦੇ ਬਦਲੇ, ਸਤਿਗੁਰੂ ਨੂੰ ਵੀ ਪਿੱਠ ਦੇ ਸਕਦੇ ਹਨ। ੧੧-੧੩ ਅਕਤੂਬਰ, ਸੰਨ ੨੦੦੬ ਵਿੱਚ ਜਦੋਂ ਅਖੌਤੀ ਦਮਦਮੀ ਟਕਸਾਲ ਦੀ ਅਗਵਾਈ ਵਿੱਚ ਕੁੱਝ ਪਖੰਡੀ ਬਾਬਿਆਂ ਨੇ ਦਿਆਲ ਪੁਰਾ ਭਾਈਕੇ ਦੇ ਸਥਾਨ ਤੇ ਗੁਰੂ ਗ੍ਰੰਥ ਸਾਹਿਬ ਪਾਤਿਸ਼ਾਹ ਦੇ ਬਰਾਬਰ ਬਚਿਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਨਾਮੀ ਗੁਰਮਤਿ ਵਿਰੋਧੀ ਅਤੇ ਅਸ਼ਲੀਲ ਪੁਸਤਕ ਦਾ ਅਖੰਡ ਪਾਠ ਕਰਾਇਆ, ਤਾਂ ਹੋਰ ਤਾਂ ਹੋਰ, ਇਹ ਅਖੌਤੀ ਜਥੇਦਾਰ ਵੀ ਇਸ ਘੋਰ ਪਾਪ ਅਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਅਪਮਾਨ ਵਿੱਚ ਸ਼ਾਮਲ ਹੋਏ, ਹਾਲਾਂਕਿ ਕਹਿਣ ਨੂੰ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਦਾ ਗੁਰਤਾਗੱਦੀ ਦਿਵਸ ਮਨਾਇਆ ਜਾ ਰਿਹਾ ਸੀ।

ਇਨ੍ਹਾਂ ਦਾ ਕਿਰਦਾਰ ਇਤਨਾ ਉੱਚਾ ਹੈ ਕਿ ਸ਼ਿਕਾਗੋ ਦੇ ਇੱਕ ਪਖੰਡੀ ਸਾਧ ਦਲਜੀਤ ਸਿੰਘ ਦੀ ਪਤਨੀ ਜਿਸਨੂੰ ਤਿਆਗ ਕੇ, ਉਹ ਦੂਸਰੀਆਂ ਔਰਤਾਂ ਨਾਲ ਐਯਾਸ਼ੀ ਕਰਦਾ ਫਿਰਦਾ ਹੈ, ਦੀ ਬਾਰ ਬਾਰ ਪੁਕਾਰ ਤੇ ਵੀ ਇਨ੍ਹਾਂ ਉਸ ਖ਼ਿਲਾਫ ਕਾਰਵਾਈ ਤਾਂ ਕੀ ਕਰਨੀ ਸੀ, ਕਦੇ ਜ਼ਬਾਨ ਤੱਕ ਨਹੀਂ ਖੋਲੀ। ੧੭ ਨਵੰਬਰ ੨੦੦੫ ਨੂੰ ਉਸ ਦੇ ਸ਼ਿਕਾਗੋ ਦੇ ਵਾਉਕੌਂਡਾ ਮੋਟਲ ਵਿੱਚ ਦੂਸਰੀ ਔਰਤ ਨਾਲ ਐਯਾਸ਼ੀ ਕਰਦੇ, ਰੰਗੇ ਹੱਥੀਂ ਫੜੇ ਜਾਣ ਦੇ ਬਾਵਜੂਦ, ਇਨ੍ਹਾਂ ਦੀ ਉਸ ਨਾਲ ਸਾਂਝ ਹੈ, ਇਹ ਅੱਜ ਵੀ ਉਸ ਦੇ ਡੇਰੇ ਤੇ ਜਾਕੇ ਠਹਿਰਦੇ ਹਨ। ਠਹਿਰਣ ਵੀ ਕਿਉਂ ਨਾ, ਜੇ ਸਿਆਸੀ ਆਗੂ ਵਿਦੇਸ਼ਾਂ ਵਿੱਚ ਜਾਕੇ ਸੰਗਤਾਂ ਤੋਂ ਇਲਾਵਾ ਉਥੇ ਦੇ ਬਾਬਿਆਂ ਕੋਲੋਂ ਵੀ ਨੋਟ ਇਕੱਠੇ ਕਰਦੇ ਹਨ, ਤਾਂ ਇਹ ਕਿਉਂ ਪਿੱਛੇ ਰਹਿਣ? ਇਨ੍ਹਾਂ ਨੂੰ ਵੀ ਤਾਂ ਡਾਲਰਾਂ ਪਾਉਂਡਾਂ ਦੀ ਉਤਨੀ ਹੀ ਲੋੜ ਹੈ। ਕਿਸੇ ਕੋਲੋਂ ਸਬੰਧ ਬਣਾ ਕੇ ਇਕੱਠੇ ਕਰ ਲਏ, ਕੋਈ ਫਸ ਗਿਆ ਤਾਂ ਉਸ ਨੂੰ ਛਿੱਲ ਲਿਆ। ਨਵਾਂ ਸ਼ਹਿਰ ਦੇ ਨੇੜੇ ਦੇ ਇੱਕ ਪਖੰਡੀ ਸਾਧ ਧਨਵੰਤ ਸਿੰਘ, ਜਿਸ ਨੇ ਆਪਣੇ ਹੀ ਇੱਕ ਸ਼ਰਧਾਲੂ ਦੀ ਨਬਾਲਿਗ ਧੀ ਦੀ ਜ਼ਬਰੀ ਪੱਤ ਲੁੱਟ ਲਈ ਸੀ, ਨੂੰ ਅਕਾਲ ਤਖ਼ਤ ਸਾਹਿਬ ਤੋਂ ਇਸ ਕੇਸ ਵਿੱਚ ਸਜ਼ਾ ਨਾ ਦੇਣ ਬਦਲੇ, ਉਸ ਸਮੇਂ ਦੇ ਅਕਾਲ ਤਖ਼ਤ ਸਾਹਿਬ ਦੇ ਅਖੌਤੀ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ ਸੱਤਰ ਹਜ਼ਾਰ ਰੁਪਏ ਰਿਸ਼ਵਤ ਲਈ। ਇਹ ਗੱਲ ਉਸ ਨੇ ਪੁਲਿਸ ਦੀ ਪੁੱਛ-ਗਿੱਛ ਵਿੱਚ ਮੰਨੀ। ਇਹ ਖਬਰ ਮਿਤੀ ੨ ਸਤੰਬਰ ੨੦੦੨ ਨੂੰ ਟਾਈਮਜ਼ ਆਫ ਇੰਡੀਆ ਅਖਬਾਰ ਵਿੱਚ ਛਪੀ। ਸ਼੍ਰੋਮਣੀ ਖਾਲਸਾ ਪੰਚਾਇਤ ਵਲੋਂ ਇਸ ਕੇਸ ਦੀ ਪੈਰਵਾਈ ਕਰਨ ਤੇ, ਇਸ ਪਖੰਡੀ ਬਾਬੇ ਨੂੰ ਅਦਾਲਤ ਵਲੋਂ ਦੱਸ ਸਾਲ ਦੀ ਕੈਦ ਦੀ ਸਜ਼ਾ ਹੋਈ।

ਇਨ੍ਹਾਂ ਧਾਰਮਿਕ ਆਗੂਆਂ ਦੇ ਭਰਮਜਾਲ ਤੋਂ ਮੁਕਤ ਹੋਕੇ ਅਜ ਖਾਲਸਾ ਪੰਥ ਨੂੰ ਸਮੂਹਿਕ ਰੂਪ ਵਿੱਚ ਇਸ ਡੇਰਾਵਾਦੀ ਕੋਹੜ ਖਿਲਾਫ ਇੱਕ ਬਹੁਪੱਖੀ ਸੰਘਰਸ਼ ਵਿੱਢਣ ਦੀ ਲੋੜ ਹੈ, ਨਹੀਂ ਤਾਂ ਇਹ ਕੋਹੜ ਪੂਰੇ ਸਰੀਰ ਵਿੱਚ ਫੈਲ ਜਾਵੇਗਾ ਅਤੇ ਫੇਰ ਕੌਮ ਦਾ ਚਿਹਰਾ ਮੁਹਰਾ ਪਹਿਚਾਣਣਾ ਹੀ ਔਖਾ ਹੋ ਜਾਵੇਗਾ।

 

(ਦਾਸ ਦੀ ਨਵੀਂ ਕਿਤਾਬ "ਖਾਲਸਾ ਪੰਥ ਬਨਾਮ ਡੇਰਾਵਾਦ" ਛਪਾਈ ਵਿੱਚ ਹੈ ਜੀ)

ਰਾਜਿੰਦਰ ਸਿੰਘ

(ਮੁੱਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ)

email: [email protected]




.