ੴਸਤਿਗੁਰਪ੍ਰਸਾਦਿ।।
ਖਾਲਸਾ ਪੰਥ ਬਨਾਮ ਡੇਰਾਵਾਦ
(ਭਾਗ ਸਤਾਰਵਾਂ)
ਡੇਰਾਵਾਦ ਪ੍ਰਫੁਲਤ ਹੋਣ ਦੇ ਸਮਾਜਿਕ ਕਾਰਨ:
ਰਾਜਨੀਤਿਕ ਦਖਲ-ਅੰਦਾਜ਼ੀ:
ਇਨ੍ਹਾਂ ਸਭ ਡੇਰਿਆਂ ਦੇ ਪ੍ਰਫੁਲਤ ਹੋਣ ਵਿੱਚ ਇੱਕ ਗੱਲ ਸਾਂਝੀ ਹੈ, ਉਹ ਇਹ,
ਕਿ ਇਨ੍ਹਾਂ ਸਾਰਿਆਂ ਨੂੰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਭਾਰਤ ਸਰਕਾਰ ਅਤੇ ਕੱਟੜਵਾਦੀ ਹਿੰਦੂ
ਸੰਗਠਨਾਂ ਦੀ ਮੱਦਦ ਹਾਸਲ ਹੈ। ਭਾਰਤੀ ਸਿਆਸਤਦਾਨ ਅਤੇ ਭਾਰਤੀ ਤੰਤਰ ਤਾਂ ਇਨ੍ਹਾਂ ਨੂੰ ਇੱਕ ਸੋਚੀ
ਸਮਝੀ ਨੀਤੀ ਅਧੀਨ ਪ੍ਰਫੁੱਲਤ ਕਰ ਰਿਹਾ ਹੈ, ਕਿ ਸਿੱਖ ਕੌਮ ਨੂੰ ਵੱਧ ਤੋਂ ਵੱਧ ਕਮਜ਼ੋਰ ਕੀਤਾ ਜਾ
ਸਕੇ ਅਤੇ ਸਿੱਖ ਸਿਧਾਂਤਾਂ ਦਾ ਮਿਲਗੋਭਾ ਅਤੇ ਸਨਾਤਨੀਕਰਨ ਕੀਤਾ ਜਾ ਸਕੇ। ਇਨ੍ਹਾਂ ਡੇਰਿਆਂ ਰਾਹੀਂ
ਸਿੱਖਾਂ ਨੂੰ ਛੋਟੇ ਛੋਟੇ ਟੁਕੜਿਆਂ ਵਿੱਚ ਵੰਡ ਦਿੱਤਾ ਜਾਵੇ ਅਤੇ ਲੋੜ ਪੈਣ `ਤੇ ਇਨ੍ਹਾਂ ਨੂੰ ਆਪਸ
ਵਿੱਚ ਹੀ ਲੜਾ ਕੇ ਮਰਵਾ ਦਿੱਤਾ ਜਾਵੇ। ਅਜ਼ਾਦ ਭਾਰਤ ਵਿੱਚ ਸੱਭ ਤੋਂ ਪਹਿਲਾਂ ਉਸ ਸਮੇਂ ਦੇ ਗ੍ਰਹਿ
ਮੰਤਰੀ ਸਰਦਾਰ ਪਟੇਲ ਨੇ ਇੱਕ ਸੌਦਾ ਕਰਕੇ, ਨਕਲੀ ਨਿਰੰਕਾਰੀਆਂ ਨੂੰ ਵੱਡੀ ਮਾਇਕ ਅਤੇ ਸਰਕਾਰੀ
ਸਹਾਇਤਾ ਦਿੱਤੀ ਤਾਂਕਿ ਸਿੱਖ ਕੌਮ ਨੂੰ ਪਾੜਿਆ ਜਾ ਸਕੇ ਅਤੇ ਸਿਧਾਂਤਕ ਖੋਰਾ ਲਾਇਆ ਜਾ ਸਕੇ। ਅੱਜ
ਵੀ ਪੂਰਾ ਭਾਰਤੀ ਤੰਤਰ ਇਸੇ ਨੀਤੀ `ਤੇ ਚਲ ਰਿਹਾ ਹੈ। ਨਿੱਕੇ ਨਿੱਕਿਆਂ, ਤੋਂ ਲੈਕੇ ਵੱਡੇ ਵੱਡੇ
ਬਘਿਆੜਾਂ ਤਕ ਸ਼ਾਇਦ ਹੀ ਕੋਈ ਐਸਾ ਡੇਰਾ ਹੋਵੇ, ਜਿਸ ਨੁੰ ਜਾਣੇ ਅਨਜਾਣੇ, ਸਿੱਧੇ ਯਾ ਅਸਿੱਧੇ ਤੌਰ
`ਤੇ ਭਾਰਤੀ ਤੰਤਰ ਤੋਂ ਸਹਾਇਤਾ ਨਾ ਮਿਲ ਰਹੀ ਹੋਵੇ। ਇਥੇ ਇਸ ਦਾ ਇੱਕ ਵਧੀਆ ਪ੍ਰਮਾਣ ਦਸਣਾ
ਚਾਹੁੰਦਾ ਹਾਂ:
ਕੁਝ ਸਾਲ ਪਹਿਲਾਂ ਸੋਲਨ ਦੇ ਕੋਲ, ਇੱਕ ਆਪਣੇ ਆਪ ਨੂੰ ਸਿੱਖੀ ਦਾ ਪਰਚਾਰਕ
ਕਹਾਉਣ ਵਾਲੇ ਬਾਬੇ ਨੇ ਆਪਣੇ ਡੇਰੇ ਵਿੱਚ ਇੱਕ ਹਿੰਦੂ ਅਵਤਾਰ ਅਤੇ ਉਸ ਦੀ ਮਹਿਬੂਬਾ ਦੀ ਮੂਰਤੀ
ਸਥਾਪਤ ਕੀਤੀ। ਇਹ ਗੁਰਮਤਿ ਵਿਰੋਧੀ ਕਾਰਾ ਕਰਦੇ ਹੋਏ, ਉਸਨੇ ਇਹ ਭਾਸ਼ਣ ਦਿੱਤਾ, ਕਿ ਗੁਰਬਾਣੀ
ਕਹਿੰਦੀ ਹੈ, ਕਿ ਸਭ ਇਕੋ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਸਾਰੇ ਦੇਵੀ ਦੇਵਤਿਆਂ ਦਾ ਨਾਂ ਆਉਂਦਾ
ਹੈ। ਗੁਰਬਾਣੀ ਸਾਰੇ ਧਰਮਾਂ ਦਾ ਸਤਿਕਾਰ ਸਿਖਾਉਂਦੀ ਹੈ, ਆਦਿ…।
ਹਾਲਾਂਕਿ ਸਚਾਈ ਇਹ ਹੈ ਕਿ ਗੁਰਬਾਣੀ ਅਵਤਾਰਵਾਦ ਨੂੰ ਪੂਰਨਤਾ ਰੱਦ ਕਰਦੀ
ਹੋਈ, ਕੇਵਲ ਇੱਕ ਅਕਾਲ-ਪੁਰਖ ਨਾਲ ਜੁੜਨ ਦੀ ਗੱਲ ਕਰਦੀ ਹੈ ਅਤੇ ਉਸ ਅਕਾਲ-ਪੁਰਖ ਦੇ ਦੇਵੀ
ਦੇਵਤਿਆਂ, ਅਵਤਾਰਾਂ ਦੇ ਰੂਪ ਵਿੱਚ ਅਲੱਗ ਅਲੱਗ ਰੂਪ ਘੜ ਕੇ ਅਤੇ ਨਾਂਅ ਰੱਖ ਕੇ, ਆਪਣੀਆਂ ਧਾਰਮਿਕ
ਦੁਕਾਨਾਂ ਚਲਾਣ ਅਤੇ ਸਮਾਜ ਵਿੱਚ ਵੰਡੀਆਂ ਤੇ ਝਗੜੇ ਪਾਉਣ ਵਾਲੇ ਤੰਤਰ ਨੂੰ ਵੀ ਪੂਰੀ ਤਰ੍ਹਾਂ ਰੱਦ
ਕਰਦੀ ਹੈ। ਗੁਰਬਾਣੀ ਵਿੱਚ ਜੋ ਅਨਮਤੀ ਦੇਵੀ, ਦੇਵਤਿਆਂ, ਅਵਤਾਰਾਂ ਦਾ ਨਾਂ ਆਉਂਦਾ ਹੈ, ਕੋਈ ਹਾਂ
ਪੱਖੀ ਨਹੀਂ ਬਲਕਿ ਨਾਹ ਪੱਖੀ ਆਉਂਦਾ ਹੈ। ਸਤਿਗੁਰੂ ਦੇ ਪਾਵਨ ਬਚਨ ਹਨ:
"ਬ੍ਰਹਮੈ ਬੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ।। ਮਹਾਦੇਉ ਗਿਆਨੀ ਵਰਤੈ
ਘਰਿ ਆਪਣੈ ਤਾਮਸੁ ਬਹੁਤੁ ਅਹੰਕਾਰਾ।। ੨।।
ਕਿਸਨੁ ਸਦਾ ਅਵਤਾਰੀ ਰੂਧਾ ਕਿਤੁ ਲਗਿ ਤਰੈ ਸੰਸਾਰਾ।। " {ਵਡਹੰਸੁ
ਮਹਲਾ ੩, ਪੰਨਾ ੫੫੯}
(ਕਹਿੰਦੇ ਹਨ ਕਿ) ਬ੍ਰਹਮਾ ਨੇ ਵੇਦਾਂ ਦੀ ਬਾਣੀ ਪਰਗਟ ਕੀਤੀ ਪਰ ਉਸ ਨੇ
ਭੀ ਮਾਇਆ ਦੇ ਮੋਹ ਦਾ ਖਿਲਾਰਾ ਹੀ ਖਿਲਾਰਿਆ, (ਕਹਿੰਦੇ ਹਨ ਕਿ) ਮਹਾਦੇਉ ਆਤਮਕ ਜੀਵਨ ਦੀ ਸੂਝ ਵਾਲਾ
ਹੈ, ਤੇ, ਉਹ ਆਪਣੇ ਹਿਰਦੇ-ਘਰ ਵਿੱਚ ਮਸਤ ਰਹਿੰਦਾ ਹੈ, (ਪਰ ਉਸ ਦੇ ਅੰਦਰ ਭੀ) ਬੜਾ ਕ੍ਰੋਧ ਤੇ
ਅਹੰਕਾਰ (ਦੱਸੀਦਾ) ਹੈ। ੨।
ਵਿਸ਼ਨੂ ਸਦਾ ਅਵਤਾਰ ਧਾਰਨ ਵਿੱਚ ਰੁੱਝਾ ਹੋਇਆ (ਦੱਸਿਆ ਜਾ ਰਿਹਾ) ਹੈ।
(ਦੱਸੋ) ਜਗਤ ਕਿਸ ਦੇ ਚਰਨੀਂ ਲੱਗ ਕੇ ਸੰਸਾਰ-ਸਾਗਰ ਤੋਂ ਪਾਰ ਲੰਘੇ
?
"
ਭਰਮੇ ਸੁਰਿ ਨਰ
ਦੇਵੀ ਦੇਵਾ।। ਭਰਮੇ ਸਿਧ ਸਾਧਿਕ ਬ੍ਰਹਮੇਵਾ।। " {ਗਉੜੀ ਬਾਵਨ ਅਖਰੀ ਮਹਲਾ ੫, ਪੰਨਾ ੨੫੮}
(ਇਸ ਮਾਇਆ ਦੇ ਚੋਜ-ਤਮਾਸ਼ਿਆਂ ਦੀ ਖ਼ਾਤਰ) ਸੁਰਗੀ ਜੀਵ, ਮਨੁੱਖ, ਦੇਵੀ
ਦੇਵਤੇ ਖ਼ੁਆਰ ਹੁੰਦੇ (ਸੁਣੀਦੇ ਰਹੇ) ਵੱਡੇ ਵੱਡੇ ਸਾਧਨਾਂ ਵਿੱਚ ਪੁੱਗੇ ਹੋਏ ਜੋਗੀ, ਸਾਧਨ ਕਰਨ
ਵਾਲੇ ਜੋਗੀ, ਬ੍ਰਹਮਾ ਵਰਗੇ ਭੀ (ਇਹਨਾਂ ਪਿਛੇ) ਭਟਕਦੇ (ਸੁਣੀਦੇ) ਰਹੇ।
ਉਸ ਬਾਬੇ ਨੇ ਇਹ ਵੀ ਆਖਿਆ ਕਿ ਉਹ ਆਪਣੇ ਬਾਕੀ ਡੇਰਿਆਂ `ਤੇ ਵੀ ਐਸੀਆਂ
ਮੂਰਤੀਆਂ ਸਥਾਪਤ ਕਰੇਗਾ। ਅਗਲੇ ਦਿਨ ਇੱਕ ਸੋਹਣੇ ਸਿੱਖੀ ਸਰੂਪ ਵਾਲੇ ਸਰਦਾਰ ਜੀ, ਬਾਬਾ ਜੀ ਕੋਲ ਆਏ
ਤੇ ਲੰਬਾ ਮੱਥਾ ਟੇਕ ਕੇ ਕਹਿਣ ਲੱਗੇ, ਮਹਾਪੁਰਖੋ ਮੈਂ ਆਪ ਦੀ ਸਖਸ਼ੀਅਤ ਤੋਂ ਬਹੁਤ ਪ੍ਰਭਾਵਤ ਹੋਇਆ
ਹਾਂ, ਆਪ ਜੀ ਨੇ ਇਹ ਧਾਰਮਿਕ ਬਰਾਬਰੀ ਅਤੇ ਸਾਰੇ ਧਰਮਾਂ ਦਾ ਸਤਿਕਾਰ ਕਰਨ ਦੇ ਮਹਾਨ ਕਾਰਜ ਦਾ ਜੋ
ਨਮੂਨਾ ਪੇਸ਼ ਕੀਤਾ ਹੈ, ਬੇਸ਼ਕ ਆਪ ਕੋਈ ਆਮ ਵਿਅਕਤੀ ਨਹੀਂ, ਬਲਕਿ ਕਰਤਾਰ ਨੇ ਆਪ, ਤੁਹਾਨੂੰ ਇਸ ਮਹਾਨ
ਕਾਰਜ ਲਈ ਸੰਸਾਰ `ਤੇ ਭੇਜਿਆ ਹੈ। ਨਾਲ ਲਿਆਂਦਾ ਇੱਕ ਬੈਗ ਜਿਸ ਵਿੱਚ ਲੱਖਾਂ ਰੁਪਏ ਸਨ, ਅਗੇ ਰਖਦੇ
ਹੋਏ ਕਿਹਾ, ਇਹ ਤੁੱਛ ਜਿਹੀ ਸੇਵਾ ਪ੍ਰਵਾਨ ਕਰੋ, ਅਤੇ ਆਪਣੇ ਬਾਕੀ ਗੁਰਦੁਆਰਿਆਂ ਵਿੱਚ ਵੀ ਇਹ ਮਹਾਨ
ਕਾਰਜ ਛੇਤੀ ਸਿਰੇ ਚਾੜ੍ਹੋ। ਦਾਸ ਅਗੋਂ ਵੀ ਹੋਰ ਜੋ ਸੇਵਾ ਹੋ ਸਕੀ, ਕਰੇਗਾ। ਜਦੋਂ ਬਾਬੇ ਨੇ ਉਸ ਦਾ
ਨਾਮ ਆਦਿ ਜਾਨਣਾ ਚਾਹਿਆ, ਉਹ ਬੋਲਿਆ, ਮਹਾਰਾਜ ਮੈਂ ਇਸ ਛੋਟੀ ਜਿਹੀ ਸੇਵਾ ਲਈ ਆਪਣਾ ਨਾਂਅ ਨਹੀਂ
ਕਰਨਾ ਚਾਹੁੰਦਾ। ਨਾਲੇ ਮੈਂ ਕੌਣ ਹਾਂ ਕਰਨ ਵਾਲਾ, ਇਹ ਤਾਂ ਸਭ ਕਰਾਉਣ ਵਾਲਾ ਆਪ ਕਰਾ ਰਿਹਾ ਹੈ।
ਮੈਂ ਆਪ ਜੀ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਕਰਦਾ ਰਹਾਂਗਾ। ਆਪਣੇ ਬਾਰੇ ਮੈਂ ਫੇਰ ਕਿਸੇ ਵੇਲੇ ਦਸ
ਦੇਵਾਂਗਾ।
ਉਹ ਬਾਬਾ ਭਾਵੇਂ ਅੱਜ ਵੀ ਉਸ ਨੂੰ ਕੋਈ ਵੱਡਾ ਸ਼ਰਧਾਲੂ ਸਮਝਦਾ ਹੋਵੇ, ਪਰ
ਅਸਲ ਵਿੱਚ ਉਹ ਭਾਰਤੀ ਖੁਫੀਆ ਤੰਤਰ ਦਾ ਇੱਕ ਕਰਿੰਦਾ ਸੀ। ਮੈਨੂੰ ਇਹ ਗੱਲ ਉਸੇ ਵਿਭਾਗ ਤੋਂ ਸੇਵਾ
ਮੁਕਤ ਹੋਏ ਇੱਕ ਉਚ ਅਧਿਕਾਰੀ ਨੇ ਦੱਸੀ। ਇਸ ਤਰ੍ਹਾਂ ਇਹ ਹਿੰਦੂਤਵੀ ਭਾਰਤੀ ਰਾਜ ਤੰਤਰ, ਸਿੱਖ
ਸਿਧਾਂਤਾਂ ਨੂੰ ਖੋਰਾ ਲਾਉਣ ਅਤੇ ਸਿੱਖ ਕੌਮ ਨੂੰ ਬਰਬਾਦ ਕਰਨ ਲਈ, ਇਨ੍ਹਾਂ ਪਖੰਡੀ ਬਾਬਿਆਂ ਨੂੰ
ਖੂਬ ਪ੍ਰਫੁੱਲਤ ਕਰ ਰਿਹਾ ਹੈ।
ਉਤੋਂ ਹਰ ਪਾਰਟੀ ਦੇ ਉੱਘੇ ਸਿਆਸੀ ਆਗੂ ਅਤੇ ਰਾਜਸੱਤਾ `ਤੇ ਕਾਬਜ਼ ਪਾਰਟੀਆਂ
ਦੇ ਮੰਤ੍ਰੀ ਵੋਟਾਂ ਖਾਤਰ ਇਨ੍ਹਾਂ ਡੇਰਿਆਂ `ਤੇ ਸਿਰ ਨਿਵਾਉਂਦੇ ਰਹਿੰਦੇ ਹਨ। ਸਰਕਾਰ ਵਿੱਚ ਇਨ੍ਹਾਂ
ਦੀ ਪੁੱਛ ਪ੍ਰਤੀਤ ਅਤੇ ਪ੍ਰਭਾਵ ਹੋਣ ਕਾਰਨ ਬਹੁਤ ਸਾਰੇ ਉੱਚ ਸਰਕਾਰੀ ਅਧਿਕਾਰੀ, ਆਪਣੇ ਹਿੱਤਾਂ ਲਈ
ਇਨ੍ਹਾਂ ਦੇ ਡੇਰਿਆਂ ਨਾਲ ਜੁੜ ਜਾਂਦੇ ਹਨ। ਇਹ ਉੱਚ ਅਧਿਕਾਰੀ ਉਸ ਡੇਰੇਦਾਰ ਦੀ ਖੁਸ਼ੀ ਹਾਸਲ ਕਰਨ ਲਈ
ਆਪਣੇ ਡੇਰੇ ਦੇ ਪੈਰੋਕਾਰਾਂ ਦੀ ਖੁਲ੍ਹ ਕੇ ਮੱਦਦ ਕਰਦੇ ਹਨ। ਉਨ੍ਹਾਂ ਨੂੰ ਸਰਕਾਰੀ ਨੌਕਰੀਆਂ ਵਿੱਚ
ਲੁਆਉਣਾ, ਤਰੱਕੀਆਂ ਦਿਵਾਉਣਾ, ਉਨ੍ਹਾਂ ਦੇ ਹਰ ਤਰ੍ਹਾਂ ਦੇ ਹਿੱਤਾਂ ਦੀ ਰੱਖਿਆ ਕਰਨਾ, ਇਹ ਆਪਣਾ
ਧਰਮ ਸਮਝਦੇ ਹਨ। ਜਿਸ ਨਾਲ ਇਨ੍ਹਾਂ ਦੇ ਅਖੌਤੀ ਗੁਰੂਆਂ ਦੀ ਬੜੀ ਚੜ੍ਹਤ ਹੁੰਦੀ ਹੈ। ਬਹੁਤੇ
ਭੋਲੇ-ਭਾਲੇ ਲੋਕ ਇਹ ਸਮਝਦੇ ਹਨ ਕਿ ਉਸ ਡੇਰੇ ਦੇ ਸ਼ਰਧਾਲੂ ਬਣਨ ਨਾਲ, ਉਸ ਡੇਰੇ ਦੇ ਅਖੌਤੀ ਗੁਰੂ ਦੀ
ਕਿਰਪਾ ਦੁਆਰਾ ਉਸ ਨੂੰ ਨੌਕਰੀ ਮਿਲੀ ਹੈ ਜਾਂ ਉਸ ਦੇ ਕੰਮ ਹੋਏ ਹਨ। ਆਰਥਿਕ ਪੱਖੋਂ ਪੱਛੜੇ ਹੋਏ ਅਤੇ
ਲੋੜਵੰਦ ਸਿੱਖ, ਇਨ੍ਹਾਂ ਡੇਰਿਆਂ ਵੱਲ ਦੌੜੇ ਜਾਂਦੇ ਹਨ। ਇਨ੍ਹਾਂ ਬਹੁਤਾਤ ਪਖੰਡੀਆਂ ਦੇ ਕਈ ਡੇਰੇ
ਅਤੇ ਪੈਰੋਕਾਰ ਵਿਦੇਸ਼ਾਂ ਵਿੱਚ ਸਥਾਪਤ ਹਨ, ਜਿਨ੍ਹਾਂ ਰਾਹੀਂ ਇਹ ਹੋਰ ਲੋਕਾਂ ਨੂੰ ਵਿਦੇਸ਼ਾਂ ਵਿੱਚ
ਜਾਣ ਅਤੇ ਵੱਸਣ ਵਿੱਚ ਸਹਾਇਤਾ ਕਰਦੇ ਹਨ, ਇਸ ਨਾਲ ਵੀ ਬਹੁਤ ਲੋਕ ਇਨ੍ਹਾਂ ਦੇ ਡੇਰਿਆਂ ਵੱਲ ਖਿੱਚੇ
ਜਾਂਦੇ ਹਨ। ਇਸ ਕੰਮ ਵਿੱਚ ਨਕਲੀ ਨਿਰੰਕਾਰੀਆਂ ਦਾ ਨਾਂਅ ਸਭ ਤੋਂ ਅੱਗੇ ਹੈ। ਇਸ ਨਾਲ ਇਨ੍ਹਾਂ ਨੂੰ
ਮਾਇਕ ਤੌਰ `ਤੇ ਵੀ ਬਹੁਤ ਲਾਭ ਮਿਲਦਾ ਹੈ ਕਿਉਂਕਿ ਜੋ ਬਾਹਰ ਜਾਂਦੇ ਹਨ, ਉਹ ਨਿਯਮਤ ਰੂਪ ਵਿੱਚ
ਇਨ੍ਹਾਂ ਨੂੰ ਮਾਇਆ ਭੇਜਦੇ ਰਹਿੰਦੇ ਹਨ।
ਕਈ ਉੱਚ ਅਧਿਕਾਰੀ ਭਾਵੇਂ ਪਹਿਲਾਂ ਆਪਣੇ ਸੁਆਰਥਾਂ ਕਾਰਨ ਇਨ੍ਹਾਂ ਡੇਰਿਆਂ
ਨਾਲ ਜੁੜਦੇ ਹਨ, ਪਰ ਹੌਲੀ ਹੌਲੀ ਇਨ੍ਹਾਂ ਦਾ ਆਪਸੀ ਪੱਕਾ ਸਬੰਧ ਬਣ ਜਾਂਦਾ ਹੈ। ਕੁੱਝ ਉੱਚ
ਅਧਿਕਾਰੀ ਆਪਣੀ ਰਿਟਾਇਰਮੈਂਟ ਤੋਂ ਬਾਅਦ ਇਨ੍ਹਾਂ ਡੇਰਿਆਂ ਵਿੱਚ ਪ੍ਰਬੰਧਕੀ ਕੰਮ ਸੰਭਾਲ ਲੈਂਦੇ ਹਨ।
ਇਸੇ ਲਈ ਇਨ੍ਹਾਂ ਡੇਰਿਆਂ ਦੇ ਪ੍ਰਬੰਧਕ ਪੜ੍ਹੇ-ਲਿਖੇ ਤੇ ਸਮਝਦਾਰ ਲੋਕ ਹੁੰਦੇ ਹਨ। ਬਿਆਸਾ
ਵਾਲਿਆਂ ਦੇ ਡੇਰੇ ਦਾ ਪ੍ਰਬੰਧ ਤਾਂ ਰਿਟਾਇਰਡ ਆਈ. ਏ. ਐਸ. ਅਫਸਰ ਸੰਭਾਲਦੇ ਹਨ। ਇਸ ਗੱਲ ਨਾਲ ਆਮ
ਭੋਲੇ ਭਾਲੇ ਲੋਕਾਂ `ਤੇ ਬਹੁਤ ਪ੍ਰਭਾਵ ਪੈਂਦਾ ਹੈ। ਦੂਜੇ ਪਾਸੇ ਸਾਡੇ ਗੁਰਧਾਮਾਂ ਦੇ ਪ੍ਰਬੰਧਕ
ਧੱਕੜ ਕਿਸਮ ਦੇ ਹਨ ਤੇ ਸੂਝਵਾਨ, ਪੜ੍ਹਿਆ-ਲਿਖਿਆ ਕੋਈ ਉਥੇ ਟਿਕ ਹੀ ਨਹੀਂ ਸਕਦਾ। ਪ੍ਰਬੰਧਕਾਂ
ਦੀ ਆਪਸੀ ਖਹਿਬਾਜ਼ੀ, ਨੀਵੇਂ ਦਰਜ਼ੇ ਦੀ ਬਿਆਨਬਾਜ਼ੀ ਤੇ ਨੀਵੇਂ ਕਿਰਦਾਰ ਨੇ ਸਿੱਖ ਆਗੂ ਦੇ ਅਕਸ ਨੂੰ
ਦਾਗੀ ਕੀਤਾ ਹੋਇਆ ਹੈ। ਸਿੱਖ ਆਗੂ ਤੇ ਆਮ ਸਿੱਖਾਂ ਵਿਚਲੀ ਭਾਈਚਾਰਕ ਸਾਂਝ ਨਹੀਂ ਰਹੀ ਸਗੋਂ ਰਿਸ਼ਤਾ
ਰਾਜਾ ਤੇ ਪਰਜਾ ਵਾਲਾ ਬਣਿਆ ਹੋਇਆ ਹੈ। ਦੇਹਧਾਰੀ ਗੁਰੂਡੰਮ੍ਹੀਆਂ ਦੇ ਡੇਰੇ ਵਿੱਚ ਸਭ ਕੁੱਝ
ਵਿਉਂਤਬੱਧ ਸਿਸਟਮ ਅਧੀਨ ਚੱਲਦਾ ਹੈ ਤੇ ਆਮ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਦੁਕਾਨ `ਤੇ ਆਏ ਗਾਹਕ
ਵਾਂਗੂੰ ਪਿਆਰ-ਸਤਿਕਾਰ ਨਾਲ ਗੱਲ ਕੀਤੀ ਜਾਂਦੀ ਹੈ। ਕੋਈ ਵੀ ਡੇਰੇਦਾਰ ਜਾਂ ਉਸ ਦਾ ਕਰਿੰਦਾ, ਕੌੜੇ
ਬੋਲ ਬੋਲਕੇ ਗਾਹਕ ਨੂੰ ਨਿਰਾਸ਼ ਨਹੀਂ ਕਰਦਾ। ਦੂਜੇ ਪਾਸੇ ਸਾਡੇ ਗੁਰਧਾਮਾਂ ਦੀ ਪ੍ਰਬੰਧਕੀ ਜਮਾਤ ਦਾ
ਵਿਹਾਰ ਆਮ ਲੋਕਾਂ ਪ੍ਰਤੀ ਕਦੇ ਵੀ ਸੁਖਾਵਾਂ ਨਹੀਂ ਹੁੰਦਾ। ਸਾਊ ਤੇ ਮਿੱਠਾ ਵਿਵਹਾਰ ਕਰਕੇ ਡੇਰੇਦਾਰ
ਤਾਂ ਜ਼ਹਿਰ ਵੀ ਵੇਚ ਦਿੰਦੇ ਹਨ ਪਰ ਸਾਥੋਂ ਸਾਡੇ ਪ੍ਰਬੰਧਕਾਂ ਦੇ ਮੰਦੇ ਵਿਵਹਾਰ ਕਰਕੇ ਅੰਮ੍ਰਿਤ ਵੀ
ਕੋਈ ਲੈਣ ਨੂੰ ਤਿਆਰ ਨਹੀਂ।
ਦੂਜੀ ਗੱਲ ਇਹ ਹੈ ਕਿ ਅਜੌਕੇ ਦੌਰ ਵਿੱਚ ਸਿੱਖ ਸਰੂਪ ਤੇ ਸਿੱਖ ਧਰਮ ਨੂੰ
ਰੱਦ ਕਰਨ ਵਾਲਿਆਂ ਨੂੰ ਸਰਕਾਰੀ ਪੱਧਰ `ਤੇ ਉਤਸ਼ਾਹਿਤ ਕੀਤਾ ਜਾਂਦਾ ਹੈ। ਇਹੀ ਕਾਰਨ ਹੈ ਕਿ ਜਿਸ ਫੌਜ
ਵਿੱਚ ਸਾਬਤ ਸੂਰਤ ਸਿੱਖਾਂ ਦਾ ਬੋਲਬਾਲਾ ਹੁੰਦਾ ਸੀ, ਅਜ ਉਸੇ ਫੌਜ ਵਿੱਚ ਵਿਰਲਾ ਹੀ ਕੋਈ ਸਾਬਤ
ਸੂਰਤ ਸਿੱਖ ਨਜ਼ਰ ਆਉਂਦਾ ਹੈ। ਐਸਾ ਤਾਂ ਕੋਈ ਭਾਗਾਂਵਾਲਾ ਹੀ ਸਿੱਖ ਉੱਚ ਅਧਿਕਾਰੀ ਜਾਂ ਫੌਜੀ ਅਫਸਰ
ਬਚਿਆ ਹੈ ਜਿਸ ਦਾ ਪਰਿਵਾਰ ਵੀ ਅੱਗੋਂ ਸਿੱਖੀ ਸਰੂਪ ਅਤੇ ਸਿਧਾਂਤਾਂ ਵਿੱਚ ਪੂਰਨ ਹੋਵੇ। ਇਹ
ਡੇਰੇਦਾਰ ਐਸੇ ਲੋਕਾਂ ਨੂੰ ਵਿਸ਼ੇਸ਼ ਸਨਮਾਨ ਦੇਂਦੇ ਹਨ, ਜਿਸ ਦੇ ਸਿੱਟੇ ਵਜੋਂ ਬਹੁਤੇ ਸਿੱਖ ਇਸ
ਦੇਹਧਾਰੀ ਗੁਰੂਡੰਮ੍ਹੀਆਂ ਦੇ ਜਾਲ ਵਿੱਚ ਫਸ ਰਹੇ ਹਨ। ਬਹੁਤੇ ਸਿੱਖ ਇਨ੍ਹਾਂ ਡੇਰਿਆਂ ਵਿੱਚ ਜਾਕੇ
ਵੀ ਇਹ ਨਹੀਂ ਸਮਝਦੇ ਕਿ ਉਹ ਆਪਣੇ ਧਰਮ ਨੂੰ ਛੱਡਕੇ ਕੁਰਾਹੇ ਪੈ ਗਏ ਹਨ ਸਗੋਂ ਉਹ ਇਨ੍ਹਾਂ ਡੇਰਿਆਂ
ਵਿੱਚ ਜਾਂਦੇ ਵੀ ਆਪਣੇ ਆਪ ਨੂੰ ਸਿੱਖ ਸਮਝਣ ਦੀ ਵੱਡੀ ਭੁੱਲ ਕਰੀ ਜਾਂਦੇ ਹਨ।
ਇਸ ਤੋਂ ਇਲਾਵਾ ਜਦੋਂ ਸਿੱਖ ਰਾਜਨੀਤਿਕ ਆਗੂ ਕੋਈ ਐਸਾ ਟੀਚਾ ਹਾਸਲ ਕਰਨਾ
ਚਾਹੁੰਦੇ ਹਨ, ਜਾਂ ਸਾਜਸ਼ ਖੇਡਣਾ ਚਾਹੁੰਦੇ ਹਨ, ਜੋ ਉਨ੍ਹਾਂ ਨੂੰ ਆਪਣੇ ਵਸ ਤੋਂ ਬਾਹਰ ਨਜ਼ਰ ਆਉਂਦੀ
ਹੈ ਤਾਂ ਉਹ ਇਨ੍ਹਾਂ ਡੇਰੇਦਾਰਾਂ ਦੀ ਗੋਟੀ ਖੇਡ ਦੇਂਦੇ ਹਨ। ਕਈ ਵਾਰੀ ਇਹ ਖੇਡ ਸਿੱਖ ਜਥੇਬੰਦੀਆਂ
ਵਿੱਚ ਵੜੇ ਆਪਣੇ ਏਜੰਟਾਂ ਰਾਹੀਂ ਸਮੇਂ ਦੀ ਸਰਕਾਰ ਵੀ ਖੇਡਦੀ ਹੈ।
ਭਾਰਤ ਦੀ ਅਜ਼ਾਦੀ ਤੋਂ ਬਾਅਦ ਮਾਸਟਰ ਤਾਰਾ ਸਿੰਘ ਸਿੱਖ ਕੌਮ ਦਾ ਇਕੋ ਇੱਕ
ਆਗੂ ਚਲਿਆ ਆਉਂਦਾ ਸੀ। ਇੱਕ ਪੱਖੋਂ ਸਿੱਖ ਕੌਮ ਦਾ ਇਹ ਸੁਨਹਿਰੀ ਸਮਾਂ ਵੀ ਆਖਿਆ ਜਾ ਸਕਦਾ ਹੈ ਕਿ
ਉਸ ਵੇਲੇਂ ਤੱਕ ਸਿੱਖ ਕੌਮ ਅੰਦਰ ਕੋਈ ਜਾਤ-ਪਾਤ ਦੀਆਂ ਗੰਭੀਰ ਵੰਡੀਆਂ ਨਹੀਂ ਸਨ ਅਤੇ ਮਾਸਟਰ ਤਾਰਾ
ਸਿੰਘ ਸਰਵ-ਪ੍ਰਵਾਨਤ ਆਗੂ ਸੀ। ਸਾਰੀ ਕੌਮ ਇਕੱਠੀ ਹੋਣ ਕਾਰਨ ਕੌਮ ਦੀ ਤਾਕਤ ਵੀ ਅਥਾਹ ਸੀ। ਭਾਰਤ ਦੀ
ਅਜ਼ਾਦੀ ਸਮੇਂ ਸਿੱਖਾਂ ਨਾਲ ਹੋਏ ਵੱਡੇ ਧੋਖੇ ਦੀ ਵਜਹ ਕਰ ਕੇ ਸਿੱਖ ਭਾਰਤ ਵਿੱਚ ਆਪਣਾ ਯੋਗ ਸਥਾਨ
ਬਨਾਉਣ ਲਈ ਸੰਘਰਸ਼ ਕਰ ਰਹੇ ਸਨ। ਕੌਮ ਵਲੋਂ ਲਾਏ ਜਾਂਦੇ ਮੋਰਚਿਆਂ ਵਿੱਚ ਜਿਥੇ ਅਥਾਹ ਜੋਸ਼ ਹੁੰਦਾ
ਉਥੇ ਹਰ ਮੋਰਚੇ ਵਿੱਚ ਕੌਮ ਦੀ ਵੱਡੀ ਗਿਣਤੀ ਵਿੱਚ ਸ਼ਾਮੂਲੀਅਤ ਹੁੰਦੀ। ਭਾਰਤ ਸਰਕਾਰ ਸਿੱਖਾਂ ਵਿੱਚ
ਵੰਡੀਆਂ ਪਾਕੇ ਸਿੱਖ ਤਾਕਤ ਨੂੰ ਖੇਰੂੰ ਖੇਰੂੰ ਕਰਨਾ ਚਾਹੁੰਦੀ ਸੀ। ਫਿਰ ਜਥੇਬੰਦੀਆਂ ਵਿੱਚ ਤਾਂ
ਸੁਆਰਥੀ ਮੌਕਾ ਪ੍ਰਸਤ ਆਗੂ ਮੌਕੇ ਦੀ ਭਾਲ ਵਿੱਚ ਹੁੰਦੇ ਹੀ ਹਨ।
ਇਨ੍ਹਾਂ ਲੋਕਾਂ ਵਲੋਂ ਰਾਜਸਥਾਨ `ਚੋਂ ਲਭ ਕੇ (ਅਖੌਤੀ ਸੰਤ) ਫਤਹਿ ਸਿੰਘ
ਨੂੰ ਸਿੱਖ ਸਿਆਸਤ ਦਾ ਮੋਹਰਾ ਬਣਾ ਕੇ ਲਿਆਂਦਾ ਗਿਆ। ਫਤਹਿ ਸਿੰਘ ਨੂੰ ਭਾਰਤ ਸਰਕਾਰ ਅਤੇ ਭਾਰਤੀ
ਮੀਡੀਆ ਨੇ ਸਭ ਤੋਂ ਵਧ ਮਹੱਤਤਾ ਦੇਣੀ ਸ਼ੁਰੂ ਕਰ ਦਿੱਤੀ। ਉਸ ਵੇਲੇ ਕੌਮ ਪੰਜਾਬੀ ਸੂਬੇ ਵਾਸਤੇ ਜੂਝ
ਰਹੀ ਸੀ। ਹੌਲੀ ਹੌਲੀ ਮਾਸਟਰ ਤਾਰਾ ਸਿੰਘ ਦੀ ਮਹਤੱਤਾ ਘਟਣੀ ਸ਼ੁਰੂ ਹੋ ਗਈ। ਬੇਸ਼ਕ ਆਪਣੀ ਘੱਟਦੀ ਸਾਖ
ਨੂੰ ਬਚਾਉਣ ਲਈ, ਉਸ ਵੇਲੇ ਮਾਸਟਰ ਤਾਰਾ ਸਿੰਘ ਵਲੋਂ ਵੀ ਵੱਡੀਆਂ ਗੱਲਤੀਆਂ ਹੋਈਆਂ। ਮਾਸਟਰ ਤਾਰਾ
ਸਿੰਘ ਨੂੰ ਢਾਅ ਲਾਉਣ ਲਈ ਹੀ ਫਤਹਿ ਸਿੰਘ ਵਲੋਂ ਜੱਟ, ਗੈਰ ਜੱਟ ਦਾ ਲੁਕਿਆ ਕਾਰਡ ਖੇਡਣਾ ਸ਼ੁਰੂ
ਕੀਤਾ ਗਿਆ। ਕੌਮ ਦੀ ਏਕਤਾ ਅਤੇ ਗੁਰਮਤਿ ਸਿਧਾਂਤ ਇਨ੍ਹਾਂ ਦੀ ਸੌੜੀ ਸਿਆਸਤ ਦੀ ਭੇਂਟ ਚੱੜ ਗਏ।
ਬਗੈਰ ਕਿਸੇ ਬਾਹਰੀ ਵੰਡੀ ਦੇ, ਅੰਦਰੂਨੀ ਤੌਰ `ਤੇ ਕੌਮ ਤਿੰਨ ਹਿੱਸਿਆਂ ਵਿੱਚ ਵੰਡੀ ਗਈ। ਅਖੌਤੀ
ਮਹਾਪੁਰਖਾ ਨੇ ਆ ਕੇ ਭਾਰਤ ਸਰਕਾਰ ਦੀ ਸਭ ਤੋਂ ਵੱਡੀ ਮਨਸਾ ਪੂਰੀ ਕਰ ਦਿੱਤੀ।
੧੯੬੫ ਵਿੱਚ ਭਾਰਤ ਪਾਕਿਸਤਾਨ ਜੰਗ ਲੱਗ ਗਈ, ਜਿਸ ਕਰ ਕੇ ਅਕਾਲੀ ਦੱਲ ਨੇ
ਆਪਣਾ ਪੰਜਾਬੀ ਸੂਬੇ ਦਾ ਮੋਰਚਾ ਵਾਪਸ ਲੈ ਲਿਆ। ਪਹਿਲਾਂ ਪਾਕਿਸਤਾਨ ਬਹੁਤ ਸਾਰੇ ਭਾਰਤੀ ਇਲਾਕੇ
ਵਿੱਚ ਅੱਗੇ ਵਧ ਆਇਆ। ਫੌਰਨ ਸਿੱਖ ਰੈਜੀਮੈਂਟਾਂ ਨੂੰ ਸਰਹੱਦਾਂ ਤੇ ਤਾਇਨਾਤ ਕੀਤਾ ਗਿਆ। ਸਿੱਖ
ਫੌਜੀਆਂ ਨੇ ਸਰਹੱਦਾਂ ਨੂੰ ਆਪਣੇ ਖੂਨ ਨਾਲ ਧੋ ਦਿੱਤਾ। ਸਿਰ ਧੜ ਦੀ ਬਾਜੀ ਲਾ ਕੇ ਪਾਕਿਸਤਾਨ ਨੂੰ
ਨਾ ਸਿਰਫ ਸਰਹੱਦ `ਤੇ ਵਾਪਸ ਧੱਕ ਦਿੱਤਾ ਸਗੋਂ ਪਾਕਿਸਤਾਨ ਦਾ ਬਹੁਤ ਸਾਰਾ ਇਲਾਕਾ ਵੀ ਕਬਜ਼ੇ ਵਿੱਚ
ਕਰ ਲਿਆ। ਜੰਗ ਖਤਮ ਹੋਣ ਤੋਂ ਬਾਅਦ ਭਾਰਤ ਸਰਕਾਰ `ਤੇ ਜ਼ੋਰ ਪੈਣ ਲੱਗਾ ਕਿ ਜੰਗ ਵਿੱਚ ਸਿੱਖਾਂ ਦੀਆਂ
ਕੁਰਬਾਨੀਆਂ ਨੂੰ ਵੇਖਦੇ ਹੋਏ, ਪੰਜਾਬ ਦੀਆਂ ਜਾਇਜ਼ ਮੰਗਾਂ ਮੰਨ ਲਈਆਂ ਜਾਣ। ਸਤੰਬਰ ੧੯੬੬ ਵਿੱਚ ਉਸ
ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪੰਜਾਬੀ ਸੂਬਾ ਬਨਾਉਣ ਦੀ ਮੰਗ ਮੰਨ ਲਈ। (ਸੰਤ) ਫਤਹਿ
ਸਿੰਘ ਅਕਾਲੀ ਦੱਲ ਦਾ ਮੁੱਖ ਆਗੂ ਬਣ ਚੁੱਕਾ ਸੀ। ਜਿਸ ਵੇਲੇ ਪੰਜਾਬੀ ਸੂਬਾ ਬਨਾਉਣ ਵਾਸਤੇ ਕਾਨੂੰਨੀ
ਪ੍ਰਕਿਰਿਆ ਚਲ ਰਹੀ ਸੀ ਅਤੇ ਲੋੜ ਸੀ ਕਿ ਸੂਬੇ ਦੇ ਹਰ ਹੱਕ ਅਤੇ ਪੱਖ ਦੀ ਪਹਿਰੇਦਾਰੀ ਕੀਤੀ ਜਾਂਦੀ,
ਫਤਹਿ ਸਿੰਘ ਇੰਗਲੈਂਡ ਦੇ ਵਿੱਚ ਮਾਨ-ਸਨਮਾਨ ਹਾਸਲ ਕਰ ਰਿਹਾ ਸੀ। ਭਾਰਤ ਸਰਕਾਰ ਨੇ ਜਿੱਥੇ ਬਹੁਤ
ਸਾਰੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਕੋਲੋਂ ਖੋਹ ਲਏ। ਪੰਜਾਬ ਦੀ ਰਾਜਧਾਨੀ ਲਾਹੌਰ ਕਿਉਂਕਿ ਦੇਸ਼ ਦੀ
ਵੰਡ ਵੇਲੇ ਪਾਕਿਸਤਾਨ ਵਿੱਚ ਚਲਿਆ ਗਿਆ ਸੀ, ਦੇ ਬਦਲੇ ਪੰਜਾਬ ਦੀ ਨਵੀਂ ਉਸਾਰੀ ਰਾਜਧਾਨੀ ਚੰਡੀਗੜ੍ਹ
ਵੀ ਆਪਣੇ ਕਬਜ਼ੇ ਥੱਲੇ ਕਰ ਲਈ। ਇਤਨਾ ਹੀ ਨਹੀਂ, ਜੋ ਪੰਜਾਬ ਦਾ ਨਵਾਂ ਹੱਦਬੰਦੀ ਕਾਨੂੰਨ (
Punjab
reorganisation Act) ਬਣਾਇਆ ਗਿਆ, ਉਸ ਦੀ
ਧਾਰਾ ੭੮-੭੯-੮੦ ਅਧੀਨ, ਪੰਜਾਬ ਦੇ ਡੈਮ, ਬਿਜਲੀ ਦੇ ਸੋਮੇ ਅਤੇ ਸਰੋਤ ਆਪਣੇ ਅਧੀਨ ਕਰ ਲਏ, ਜੋ ਕਿ
ਹਰ ਸੂਬੇ ਦੀ ਆਪਣੀ ਮਲਕੀਅਤ ਹੁੰਦੇ ਹਨ। ਚਾਹੀਦਾ ਤਾਂ ਇਹ ਸੀ ਕਿ ਬਚਦੇ ਹਿੰਦੀ ਭਾਸ਼ੀ ਇਲਾਕੇ, ਨਾਲ
ਲੱਗਦੇ ਹਿੰਦੀ ਭਾਸ਼ੀ ਸੂਬਿਆਂ ਨਾਲ ਜੋੜ ਦਿੱਤੇ ਜਾਂਦੇ ਪਰ ਉਸ ਦੀ ਜਗ੍ਹਾ `ਤੇ ਹਰਿਆਣਾ ਦਾ ਨਵਾਂ
ਸੂਬਾ ਬਣਾ ਦਿੱਤਾ ਗਿਆ।
ਇਕ ਅਨਪੜ੍ਹ, ਗਵਾਰ ਅਖੌਤੀ ਸੰਤ ਫਤਹਿ ਸਿੰਘ ਦੀ ਅਗਵਾਈ ਵਿੱਚ ਅਕਾਲੀ ਦੱਲ
ਨੇ ਇਹ ਲੂਲ੍ਹਾ, ਲੰਗੜਾ ਅਤੇ ਆਰਥਿਕ ਤੌਰ `ਤੇ ਕੇਂਦਰ ਦਾ ਗੁਲਾਮ ਸੂਬਾ ਖਿੜੇ ਮੱਥੇ ਪ੍ਰਵਾਨ ਕਰ
ਲਿਆ। ਸ਼ਾਇਦ ਉਸ ਨੂੰ ਇਸ ਗੱਲ ਦੀ ਸੋਝੀ ਹੀ ਨਹੀਂ ਸੀ ਕਿ ਉਨ੍ਹਾਂ ਕੀ ਗੁਆਇਆ ਹੈ ਅਤੇ ਆਉਣ ਵਾਲੇ
ਸਮੇਂ ਵਿੱਚ ਇਸ ਦਾ ਕੌਮ ਅਤੇ ਸੂਬੇ ਉਤੇ ਕੀ ਪ੍ਰਭਾਵ ਪੈ ਸਕਦਾ ਹੈ? ਖਾਸ ਕਰ ਕੇ ਧੁਰਤ ਅਕਾਲੀ ਆਗੂ
ਜਾਣਦੇ ਸਨ ਕਿ ਭੋਲੇ ਭਾਲੇ ਪੰਜਾਬੀਆਂ ਖਾਸ ਕਰ ਕੇ ਸਿੱਖਾਂ ਨੂੰ ਕੀ ਪਤਾ ਹੈ, ਉਨ੍ਹਾਂ ਤਾਂ ਪੰਜਾਬੀ
ਸੂਬੇ ਦੇ ਨਾਂ ਨਾਲ ਹੀ ਖੁਸ਼ ਹੋ ਜਾਣਾ ਹੈ। ਉਨ੍ਹਾਂ ਨੂੰ ਤਾਂ ਛੇਤੀ ਤੋਂ ਛੇਤੀ ਰਾਜਸੱਤਾ ਦੇ ਝੂਟੇ
ਲੈਣ ਦੀ ਕਾਹਲ ਸੀ। ਇਹ ਸੀ ਅਖੌਤੀ ਸੰਤ, ਮਹਾਪੁਰਖ ਫਤਹਿ ਸਿੰਘ ਦੀ ਸਿਆਸਤ ਦੇ ਖੇਤਰ ਵਿੱਚ ਸਿੱਖ
ਕੌਮ ਅਤੇ ਪੰਜਾਬ ਨੂੰ ਵੱਡੀ ਦੇਣ। ਇਸ ਫਤਹਿ ਸਿੰਘ ਵਲੋਂ ਬੀਜੇ ਕੰਡੇ ਕੌਮ ਅੱਜ ਤੱਕ ਨਹੀਂ ਪੁੱਟ
ਸਕੀ।
ਇਸੇ ਤਰ੍ਹਾਂ ਇੱਕ ਹੋਰ ਅਖੌਤੀ ਸੰਤ, ਹਰਚੰਦ ਸਿੰਘ ਲੌਂਗੋਵਾਲ ਦੀ ਸਿੱਖ
ਸਿਆਸਤ ਵਿੱਚ ਨਿਭਾਈ ਭੂਮਕਾ ਦੱਸੇ ਬਗੈਰ ਇਹ ਵਿਸ਼ਾ ਪੂਰਨ ਨਹੀਂ ਜਾਪਣਾ। ਹਰਚੰਦ ਸਿੰਘ ਨੇ ਇੱਕ ਹੋਰ
ਅਖੋਤੀ ਸੰਤ ਜੋਧ ਸਿੰਘ ਤੋਂ ਗੁਰਬਾਣੀ ਪੜ੍ਹਨ ਅਤੇ ਕੀਰਤਨ ਕਰਨ ਦੀ ਸਿਖਿਆ ਲਈ ਅਤੇ ਅਖੰਡ ਪਾਠੀ ਬਣ
ਗਿਆ। ਕੁੱਝ ਸਮੇਂ ਬਾਅਦ ਇਸ ਨੇ ਸੰਗਰੂਰ ਤੋਂ ੧੬ ਕਿਲੋਮੀਟਰ ਦੂਰ ਲੌਂਗੋਵਾਲ ਪਿੰਡ ਵਿੱਚ ਆਪਣਾ
ਡੇਰਾ ਬਣਾ ਲਿਆ ਅਤੇ ਆਪਣੇ ਨਾਂ ਨਾਲ ਸੰਤ ਦੀ ਡਿਗਰੀ ਜੋੜ ਲਈ। ਨਾਲ ਹੀ ਇਸ ਨੇ ਅਕਾਲੀ ਸਿਆਸਤ ਵਿੱਚ
ਵੀ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਇਸ ਦਾ ਗੁਰੂ ਜੋਧ ਸਿੰਘ ਵੀ ਅਕਾਲੀ ਮੂਵਮੈਂਟ ਦਾ ਹਿੱਸਾ ਰਿਹਾ
ਸੀ, ਹੋ ਸਕਦਾ ਹੈ ਕਿ ਉਸ ਦਾ ਪ੍ਰਭਾਵ ਹੋਵੇ। ੧੯੬੫ ਵਿੱਚ ਇਹ ਅਕਾਲੀ ਦੱਲ ਦਾ ਸੰਗਰੂਰ ਜ਼ਿਲੇ ਦਾ
ਪ੍ਰਧਾਨ ਬਣਿਆ ਅਤੇ ੧੯੬੯ ਵਿੱਚ ਚੋਣ ਜਿੱਤ ਕੇ ਐਮ. ਐਲ. ਏ. ਬਣ ਗਿਆ।
੧੯੭੫ ਵਿੱਚ ਜਦੋਂ ਅਲਾਹਬਾਦ ਹਾਈ ਕੋਰਟ ਨੇ ਇੰਦਰਾ ਗਾਂਧੀ ਦੀ ਚੋਣ ਨੂੰ ਰੱਦ
ਕਰ ਦਿੱਤਾ ਤਾਂ ਉਸ ਨੇ ਅਸਤੀਫਾ ਦੇਣ ਦੀ ਬਜਾਏ ਦੇਸ਼ ਵਿੱਚ ਅੰਦਰੂਨੀ ਹੰਗਾਮੀ ਹਾਲਾਤ (
Emergency)
ਐਲਾਨ ਦਿੱਤੇ ਅਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਡੇ ਆਗੂਆਂ ਨੂੰ ਫੜ ਕੇ ਜੇਲ੍ਹਾਂ ਵਿੱਚ ਡੱਕ
ਦਿੱਤਾ। ਭਾਵੇਂ ਇਸ ਵਿੱਚ ਅਕਾਲੀ ਆਗੂਆਂ ਨੂੰ ਨਹੀਂ ਸੀ ਫੜਿਆ, ਪਰ ਅਕਾਲੀ ਆਗੂਆਂ ਨੇ ਐਮਰਜੈਂਸੀ
ਵਿਰੁਧ ਮੋਰਚਾ ਲਾਉਣ ਦਾ ਫੈਸਲਾ ਕਰ ਲਿਆ। ਬਹੁਤੇ ਵੱਡੇ ਅਕਾਲੀ ਆਗੂ ਜੇਲ੍ਹਾਂ ਵਿੱਚ ਚਲੇ ਗਏ ਤੇ
ਹਰਚੰਦ ਸਿੰਘ ਲੌਂਗੋਵਾਲ ਨੂੰ ਅਕਾਲੀ ਦੱਲ ਦੀ ਕਮਾਨ ਸੰਭਾਲਣ ਦਾ ਮੌਕਾ ਮਿਲ ਗਿਆ, ਜੋ ੧੯੭੭ ਤੱਕ
ਜਾਰੀ ਰਿਹਾ।
ਗੱਲਬਾਤ ਰਾਹੀਂ ਪੰਜਾਬ ਦੇ ਮੱਸਲੇ ਹੱਲ ਕਰਾਉਣ ਤੋਂ ਫੇਲ੍ਹ ਹੋ ਜਾਣ ਬਾਅਦ
ਅਕਾਲੀਆਂ ਨੇ ੧੯੮੦ ਵਿੱਚ ਮੁੜ ਹਰਚੰਦ ਸਿੰਘ ਲੌਂਗੋਵਾਲ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਕਰਨ ਵਾਸਤੇ
ਸੱਦ ਲਿਆ। ਇੰਦਰਾ ਗਾਂਧੀ ਕੋਲੋਂ ਲੌਂਗੋਵਾਲ ਵੀ ਗੱਲਬਾਤ ਰਾਹੀਂ ਕੁੱਝ ਪ੍ਰਾਪਤ ਨਾ ਕਰ ਸਕਿਆ ਤਾਂ ੮
ਅਪ੍ਰੈਲ ੧੯੮੨ ਨੂੰ ਪੰਜਾਬ ਦੇ ਪਾਣੀਆਂ ਵਾਸਤੇ, ਸਤਲੁਜ ਯਮਨਾ ਨਹਿਰ ਦੀ ਖੁਦਾਈ ਦੇ ਵਿਰੋਧ ਵਿੱਚ
ਕਪੂਰੀ ਦੇ ਸਥਾਨ `ਤੇ ਮੋਰਚਾ ਲਾ ਦਿੱਤਾ। ਅਗਸਤ ਮਹੀਨੇ ਇਸ ਮੋਰਚੇ ਨੂੰ ਆਨੰਦਪੁਰ ਸਾਹਿਬ ਦੇ ਮਤੇ
ਦੀ ਪ੍ਰਾਪਤੀ ਵਾਸਤੇ ਧਰਮ ਯੁਧ ਮੋਰਚੇ ਦਾ ਨਾਂ ਦੇ ਕੇ ਦਰਬਾਰ ਸਾਹਿਬ ਸਮੂਹ ਅੰਮ੍ਰਿਤਸਰ ਵਿਖੇ
ਤਬਦੀਲ ਕਰ ਦਿੱਤਾ ਗਿਆ।
ਅਕਾਲੀਆਂ ਦੀ ਬਾਰਬਾਰ ਨਾਕਾਮੀ ਅਤੇ ਕੇਂਦਰ ਸਰਕਾਰ ਦੀ ਹੱਠ ਧਰਮੀ ਨੇ ਸਿੱਖ
ਨੌਜੁਆਨੀ ਵਿੱਚ ਰੋਸ ਦੀ ਲਹਿਰ ਪੈਦਾ ਕਰ ਦਿੱਤੀ ਅਤੇ ਸਿੱਖ ਨੌਜੁਆਨੀ ਜੁਝਾਰੂਵਾਦ ਦੇ ਰਾਹ ਚੱਲ ਪਈ।
ਜਥਾ ਭਿੰਡਰਾਂ-ਮਹਿਤਾ ਦਾ ਉਸ ਸਮੇਂ ਦਾ ਮੁੱਖੀ ਭਾਈ ਜਰਨੈਲ ਸਿੰਘ ਭਿੰਡਰਾਂਵਾਲਾ ਉਸ ਜੁਝਾਰੂ ਲਹਿਰ
ਦਾ ਸਰਗਰਮ ਆਗੂ ਹੋ ਕੇ ਨਿਤਰਿਆ, ਜਿਸ ਨਾਲ ਅਕਾਲੀਆਂ ਅਤੇ ਜੁਝਾਰੂਆਂ ਵਿੱਚ ਟਕਰਾ ਵਾਲਾ ਮਾਹੌਲ ਬਣ
ਗਿਆ। ਕੁੱਝ ਮਹੀਨਿਆਂ ਬਾਅਦ ਹੀ ਲੌਂਗੋਵਾਲ ਨੇ ਭਿੰਡਰਾਂ ਵਾਲਿਆਂ ਨੂੰ ਮੋਰਚੇ ਵਿੱਚ ਨਾਲ ਭਾਈਵਾਲ
ਬਣਾ ਲਿਆ ਕਿ ਸ਼ਾਇਦ ਇਸ ਨਾਲ ਕੁੱਝ ਆਪਸੀ ਟਕਰਾ ਘੱਟ ਜਾਵੇ। ਹਰ ਦਿਨ ਵਧਦੇ ਜੁਝਾਰੂਵਾਦ ਕਾਰਨ ਸਰਕਾਰ
ਦਾ ਰਵੱਈਆ ਸਖਤ ਹੁੰਦਾ ਜਾ ਰਿਹਾ ਸੀ ਅਤੇ ਸਰਕਾਰ ਵਲੋਂ ਦਰਬਾਰ ਸਮੂਹ `ਤੇ ਫੌਜੀ ਹਮਲੇ ਦੇ ਆਸਾਰ
ਬਣਦੇ ਜਾ ਰਹੇ ਸਨ। ਸਾਰੇ ਆਗੂਆਂ ਨੇ ਸੌਹਾਂ ਖਾਧੀਆਂ ਕਿ ਜੇ ਫੌਜ ਦਰਬਾਰ ਸਾਹਿਬ ਵਿੱਚ ਦਾਖਲ ਹੋਈ
ਤਾਂ ਉਨ੍ਹਾਂ ਦੀਆਂ ਲਾਸ਼ਾਂ ਤੋਂ ਲੰਘ ਕੇ ਦਾਖਲ ਹੋਵੇਗੀ।
ਜੂਨ ੧੯੮੪ ਦੇ ਪਹਿਲੇ ਹਫਤੇ ਹੀ ਭਾਰਤੀ ਫੌਜਾਂ ਦਰਬਾਰ ਸਾਹਿਬ `ਤੇ ਚੜ੍ਹ
ਆਈਆਂ ਅਤੇ ਅਤਿ ਮੰਦਭਾਗਾ ਤੀਸਰਾ ਘਲੂਘਾਰਾ ਵਾਪਰਿਆ, ਜਿਸ ਨੂੰ ਭਾਰਤ ਸਰਕਾਰ ਨੇ ਬੜਾ ਦਿਲ ਖਿਚਵਾਂ
ਨਾਂ ਆਪਰੇਸ਼ਨ ਨੀਲਾ ਤਾਰਾ (
Blue star)
ਦਿੱਤਾ। ਸਾਰਾ ਦਰਬਾਰ ਸਾਹਿਬ ਸਮੂਹ ਲਾਸ਼ਾਂ ਦੇ ਢੇਰਾਂ ਨਾਲ ਭਰ ਗਿਆ। ਖੂਨ ਦੀਆਂ ਨਦੀਆਂ ਵਗ
ਤੁਰੀਆਂ। ਸਾਰਾ ਦਰਬਾਰ ਸਾਹਿਬ ਸਮੂਹ ਖੰਡਰ ਬਣ ਗਿਆ ਅਤੇ ਅਕਾਲ ਤਖਤ ਢਹਿ ਢੇਰੀ ਹੋ ਗਿਆ। ਹਰਚੰਦ
ਸਿੰਘ ਲੌਗੋਵਾਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਟੋਹੜਾ ਨੇ ਹੋਰ ਅਕਾਲੀ ਆਗੂਆਂ
ਨਾਲ, ਹੱਥ ਖੜੇ ਕਰ ਕੇ ਗ੍ਰਿਫਤਾਰੀ ਦੇ ਦਿੱਤੀ। ਭਾਈ ਜਰਨੈਲ ਸਿੰਘ ਭਿੰਡਰਾਂਵਾਲਾ ਆਪਣੇ ਹੋਰ
ਸਾਥੀਆਂ ਨਾਲ ਸ਼ਹੀਦੀ ਪਾ ਗਿਆ। ਇਸ ਸਾਕੇ ਵਿੱਚ ਹਜ਼ਾਰਾਂ ਸ਼ਰਧਾਲੂ ਵੀ ਸ਼ਹੀਦ ਹੋ ਗਏ।
ਮਾਰਚ ੧੯੮੫ ਵਿੱਚ ਸਿੱਖ ਆਗੂਆਂ ਨੂੰ ਜੇਲ੍ਹ ਵਿਚੋਂ ਰਿਹਾ ਕਰਨ ਦਾ ਸਿਲਸਿਲਾ
ਸ਼ੁਰੂ ਹੋਇਆ ਅਤੇ ਨਾਲ ਹੀ ਉਸ ਸਮੇਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵਲੋਂ ਸਿੱਖ ਆਗੂਆਂ ਨਾਲ
ਗੱਲਬਾਤ ਦੀ ਕਵਾਇਦ ਵੀ ਸ਼ੁਰੂ ਕਰ ਦਿੱਤੀ ਗਈ। ਹੁਣ ਸਿੱਖ ਕੌਮ ਵਲੋਂ ਗੱਲਬਾਤ ਲਈ ਤਿੰਨ ਧਿਰਾਂ ਬਣ
ਚੁਕੀਆਂ ਸਨ। ਅਕਾਲੀਆਂ ਤੋਂ ਇਲਾਵਾ, ਸਿੱਖ ਸਟੂਡੈਂਟ ਫੈਡਰੇਸ਼ਨ ਤਾਂ ਹੈ ਹੀ ਸੀ, ਭਾਰਤ ਸਰਕਾਰ ਕੁੱਝ
ਲੁੱਕੇ ਹੋਏ ਜੁਝਾਰੂ ਸਿੰਘਾਂ ਨੂੰ ਵੀ ਧਿਰ ਬਨਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਸਰਕਾਰ ਦੀ ਚਾਲ ਪੂਰੀ
ਕਾਮਯਾਬ ਹੋਈ। ਲੌਂਗੋਵਾਲ ਅਤੇ ਉਸ ਦੀ ਮੰਡਲੀ ਨੂੰ ਇਹ ਚਿੰਤਾ ਪੈ ਗਈ ਕਿ ਕੋਈ ਹੋਰ ਸਮਝੌਤਾ ਕਰ ਕੇ
ਪੰਜਾਬ ਸਰਕਾਰ ਦੀ ਗੱਦੀ `ਤੇ ਕਾਬਜ਼ ਨਾ ਹੋ ਜਾਵੇ। ਬੱਸ ਆਨੰਦਪੁਰ ਦਾ ਮਤਾ ਵੀ ਭੁੱਲ ਗਿਆ ਅਤੇ
ਪੰਜਾਬ ਦੇ ਪਾਣੀ ਵੀ, ਜਿਨ੍ਹਾਂ ਵਾਸਤੇ ਮੋਰਚੇ ਲਾਏ ਗਏ ਸਨ। ਦਰਬਾਰ ਸਾਹਿਬ ਅਤੇ ਹੋਰ ਗੁਰਦੁਆਰਿਆਂ
`ਤੇ ਫੌਜੀ ਹੱਮਲਾ, ਹਜ਼ਾਰਾਂ ਲਾਸ਼ਾਂ, ਢੱਠਾ ਅਕਾਲ ਤਖਤ ਇਨ੍ਹਾਂ ਸਭ ਦੇ ਉਪਰ ਰਾਜ ਸਤਾ ਦਾ ਲੋਭ
ਵਧੇਰੇ ਭਾਰੀ ਹੋ ਗਿਆ।
ਰਾਜੀਵ ਲੌਂਗੋਵਾਲ ਸਮਝੌਤੇ ਦੇ ਨਾਂ `ਤੇ ਇੱਕ ਨਵਾਂ ਚਿੱਠਾ ਤਿਆਰ ਕੀਤਾ
ਗਿਆ। ਇਸ ਵਿੱਚ ਸਿੱਖ ਕੌਮ ਜਾਂ ਪੰਜਾਬ ਦੇ ਹੱਕ ਵਿੱਚ ਤਾਂ ਕੁੱਝ ਨਜ਼ਰ ਨਹੀਂ ਆਉਂਦਾ, ਸਗੋਂ ਸਤਲੁਜ
ਯਮੁਨਾ ਲਿੰਕ ਨਹਿਰ ਬਨਾਉਣ ਲਈ ਦਸਤਖਤ ਕਰ ਕੇ ਦੇ ਦਿੱਤੇ। ਅੱਜ ਇਸੇ ਮੁਹਾਦੇ ਦੇ ਅਧਾਰ `ਤੇ
ਅਦਾਲਤਾਂ ਸਤਲੁਝ ਯਮਨਾ ਲਿੰਕ ਨਹਿਰ ਦੇ ਬਨਾਉਣ ਵਾਸਤੇ ਫੈਸਲੇ ਦੇ ਰਹੀਆਂ ਹਨ। ਕੌਮ ਭਾਵੇਂ ਲੁੱਟੀ
ਪੁੱਟੀ ਗਈ ਅਤੇ ਅਥਾਹ ਬਰਬਾਦੀ ਹੋਈ। ਪਰ ਅਕਾਲੀਆਂ ਨੂੰ ਰਾਜਸੱਤਾ ਦੇ ਝੂਟੇ ਮਿਲ ਗਏ।
ਇਤਿਹਾਸ ਗੁਆਹ ਹੈ ਕਿ ਜਦੋਂ ਵੀ ਕੋਈ ਰਾਜਨੀਤਕ ਲਹਿਰ ਚਲਦੀ ਹੈ ਤਾਂ ਸਮਝੌਤੇ
ਸਮੇਂ ਉਸ ਲਹਿਰ ਨਾਲ ਸਬੰਧਤ ਸਭ ਰਾਜਨੀਤਕ ਕੈਦੀ ਪਹਿਲਾਂ ਰਿਹਾ ਕਰ ਦਿੱਤੇ ਜਾਂਦੇ ਹਨ, ਸਭ ਪਿਛਲੇ
ਕੇਸ ਵਾਪਸ ਲੈ ਲਏ ਜਾਂਦੇ ਹਨ ਅਤੇ ਉਨ੍ਹਾਂ ਨੂੰ ਜੋ ਕੌਮੀ ਮਾਣ-ਸਨਮਾਨ ਮਿਲਦਾ ਹੈ ਸੋ ਅਲੱਗ। ਸਭ
ਤੋਂ ਵੱਡਾ ਜ਼ੁਲਮ ਜੋ ਇਸ ਸਮਝੌਤੇ ਵਿੱਚ ਢਾਹਿਆ ਗਿਆ, ਉਹ ਇਹ ਸੀ ਕਿ ਜੇਲਾਂ ਵਿੱਚ ਬੰਦੀ ਜਾਂ ਭਗੌੜੇ
ਹੋਏ ਉਹ ਗੁਰਸਿੱਖ ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਇਨ੍ਹਾਂ ਨੂੰ ਇਹ ਰਾਜਸੱਤਾ ਪ੍ਰਾਪਤ ਹੋ ਰਹੀ
ਸੀ, ਨੂੰ ਬਿਲਕੁਲ ਵਿਸਾਰ ਦਿੱਤਾ ਗਿਆ। ਬਾਅਦ ਵਿੱਚ ਇਸ ਸਮਝੌਤੇ ਅਧੀਨ ਮੁਖ ਮੰਤਰੀ ਬਣੇ ਸੁਰਜੀਤ
ਸਿੰਘ ਬਰਨਾਲੇ ਨੇ ਇੱਕ ਪੁਨਰ ਵਿਚਾਰ ਕਮੇਟੀ ਬਣਾ ਕੇ ਕੁੱਝ ਇੱਕ ਜੋ ਬਿਲਕੁਲ ਹੀ ਬੇਗੁਨਾਹੇ ਫੜੇ
ਹੋਏ ਸਨ, ਨੂੰ ਰਿਹਾਅ ਕੀਤਾ ਪਰ ਕਈ ਅਜ ੩੨ ਸਾਲ ਬੀਤ ਜਾਣ ਤੇ ਵੀ ਇਸ ਦਾ ਸੰਤਾਪ ਭੋਗ ਰਹੇ ਹਨ।
ਕੁਝ ਦਿਨ ਪਹਿਲੇ ਹੀ ਇਸ ਲਹਿਰ ਦੌਰਾਨ ਇੱਕ ਹਵਾਈ ਜਹਾਜ ਨੂੰ ਅਗਵਾ ਕਰਨ
ਵਾਲੇ ਦਲ ਖਾਲਸਾ ਜਥੇਬੰਦੀ ਦੇ ਕੁੱਝ ਆਗੂ ਅਤੇ ਕਾਰਕੁੰਨ, ਜੋ ਪਹਿਲਾਂ ਹੀ ਪਾਕਿਸਤਾਨ ਦੀ ਜੇਲ੍ਹ
ਵਿੱਚ ਉਮਰ ਕੈਦ ਦੀ ਪੂਰੀ ਸਜ਼ਾ ਭੁਗਤ ਚੁੱਕੇ ਹਨ, ਦੇ ਕੇਸ ਮੁੜ ਖੋਲ੍ਹ ਕੇ, ਉਨ੍ਹਾਂ `ਤੇ ਮੁੜ
ਸਰਕਾਰੀ ਦਹਿਸ਼ਤ ਗਰਦੀ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਇਹ ਵੀ ਸੱਚ ਹੈ ਕਿ ਉਨ੍ਹਾਂ ਨੇ ਇਹ ਹਵਾਈ
ਜਹਾਜ ਨਿਰੋਲ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਗ੍ਰਿਫਤਾਰੀ ਵਿਰੁਧ ਰੋਸ ਪ੍ਰਗਟ ਕਰਨ ਲਈ ਅਗਵਾ
ਕੀਤਾ ਸੀ। ਇਸ ਵਿੱਚ ਕਿਸੇ ਯਾਤ੍ਰੀ ਨੂੰ ਜਾਨੀ ਨੁਕਸਾਨ ਦੀ ਗੱਲ ਤਾਂ ਦੂਰ, ਕਿਸੇ ਨੂੰ ਝਰੀਟ ਵੀ
ਨਹੀਂ ਸੀ ਲੱਗੀ। ਬਿਲਕੁਲ ਇਸੇ ਤਰ੍ਹਾਂ ਇੰਦਰਾ ਗਾਂਧੀ ਦੀ ਗ੍ਰਿਫਤਾਰੀ ਵਿਰੁਧ ਰੋਸ ਪ੍ਰਗਟ ਕਰਨ ਲਈ
ਹਵਾਈ ਜਹਾਜ ਅਗਵਾ ਕਰਨ ਵਾਲੇ ਪਾਂਡੇ ਭਰਾਵਾਂ ਨੂੰ ਉਨ੍ਹਾਂ ਦੀ ਪਾਰਟੀ ਨੇ ਐਮ. ਐਲ. ਏ. ਦੀਆਂ
ਟਿਕਟਾਂ ਦੇ ਕੇ ਜਿਤਾਇਆ ਸੀ। ਜੇ ਇਹ ਸਮਝੌਤਾ ਕਿਸੇ ਸਿਧਾਂਤ ਅਤੇ ਅਣਖ ਨਾਲ ਕੀਤਾ ਗਿਆ ਹੁੰਦਾ ਤਾਂ
ਅਜਿਹੇ ਸਭ ਕੇਸ ਪਹਿਲਾਂ ਹੀ ਮੁੱਕ ਗਏ ਹੁੰਦੇ, ਪਰ ਇਥੇ ਤਾਂ ਸਭ ਕੌਮੀ ਹਿੱਤ ਅਤੇ ਸਿਧਾਂਤ ਵਿਸਾਰ
ਕੇ ਕੇਵਲ ਰਾਜਸੱਤਾ ਦੇ ਝੂਟੇ ਲੈਣ ਦੀ ਕਾਹਲ ਸੀ।
ਇਹ ਝੂਟੇ ਹਰਚੰਦ ਸਿੰਘ ਲੌਂਗੋਵਾਲ ਤਾਂ ਬਹੁਤੇ ਨਾ ਝੂਲ ਸਕਿਆ ਇੱਕ ਸਿੰਘ ਨੇ
ਅਗਸਤ ੧੯੮੫ ਵਿੱਚ ਇਸ ਮੁਹਾਦੇ ਤੋਂ ਤਕਰੀਬਨ ਇੱਕ ਮਹੀਨੇ ਅੰਦਰ ਹੀ ਉਸ ਨੂੰ ਉਸ ਦੇ ਕਰਮਾ ਦੀ ਸਜ਼ਾ
ਦੇ ਦਿੱਤੀ। ਪਰ ਮਰਨ ਤੋਂ ਪਹਿਲਾਂ ਇਹ ਅਖੌਤੀ ਸੰਤ, ਮਹਾਪੁਰਖ ਕੌਮ ਦੇ ਵਾਸਤੇ ਉਹ ਕੰਡੇ ਬੀਜ ਗਿਆ,
ਜਿਹੜੇ ਪਤਾ ਨਹੀਂ ਕਿਨਾਂ ਚਿਰ ਕੌਮ ਦੇ ਸੀਨੇ ਵਿੱਚ ਰੜਕਦੇ ਰਹਿਣਗੇ।
ਇਹ ਹੈ ਸਿੱਖ ਕੌਮ ਅੰਦਰ ਰਾਜਨੀਤਕ ਦਖਲਅੰਦਾਜ਼ੀ, ਰਾਜਨੀਤਕ ਪ੍ਰਭਾਵ ਅਤੇ
ਸਿੱਖ ਰਾਜਨੀਤੀ ਨੂੰ ਇਨ੍ਹਾਂ ਅਖੌਤੀ ਸੰਤ ਮਹਾਪੁਰਖਾਂ ਦੀ ਮਹਾਨ ਦੇਣ, ਕਿ ਇਹ ਕਿਵੇਂ ਸਮੇਂ ਦੇ
ਰਾਜਨੀਤਕਾਂ ਦੇ ਹੱਥ ਠੋਕੇ ਬਣ ਕੇ ਕੌਮ ਦੀ ਬਰਬਾਦੀ ਕਰਦੇ ਹਨ।
(ਦਾਸ ਦੀ ਨਵੀਂ ਕਿਤਾਬ "ਖਾਲਸਾ ਪੰਥ ਬਨਾਮ ਡੇਰਾਵਾਦ" ਛਪਾਈ ਵਿੱਚ ਹੈ ਜੀ)
ਰਾਜਿੰਦਰ ਸਿੰਘ
(ਮੁੱਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ)
email: [email protected]