ਅਨੇਕਾਂ ਭਰੋਸੇ ਯੋਗ ਹਿੰਦੂ, ਸਿੱਖ,
ਮੁਸਲਮਾਨ ਤੇ ਇਸਾਈ ਲਿਖਾਰੀਆਂ ਦੀਆਂ ਲਿਖਤਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ
ਨੇ ਅਕਾਲ ਚਲਾਣੇ ਤੋਂ ਪਹਿਲੇ ਕਿਸੇ ਆਪਣੇ ਸਬੰਧੀ ਜਾਂ ਸਿੱਖ ਨੂੰ ਗੁਰਗੱਦੀ ਨਹੀਂ ਸੌਂਪੀ ਤੇ ਅੰਤਮ
ਸਮੇਂ ਅਪਣੇ ਸਿੱਖਾਂ ਨੂੰ ਹੁਕਮ ਦਿਤਾ ਸੀ ਕਿ ਮੇਰੇ ਮਗਰੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ
ਗੁਰੂ ਸਮਝੋ।
ਭਾਈ ਨੰਦ ਲ਼ਾਲ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪਿਅਰੇ ਤੇ
ਨਜ਼ਦੀਕੀ ਸੇਵਕ ਸਨ ਅਤੇ ਜੋ ਪ੍ਰੋਫੈਸਰ ਗੰਡਾ ਸਿੰਘ ਜੀ ਦੀ ਖੋਜ ਅਨੁਸਾਰ ਗੁਰੂ ਜੀ ਦੇ ਸੱਚ ਖੰਡ
ਸਿਧਾਰਣ ਸਮੇਂ ਨੰਦੇੜ ਉਨ੍ਹਾਂ ਦੇ ਪਾਸ ਸਨ ਨੇ ਆਪਣੇ ਰਹਿਤਨਾਮੇ ਵਿੱਚ ਲਿਖਿਆ ਹੈ ਕਿ ਅੰਤਮ ਸਮੇਂ
ਗੁਰੂ ਜੀ ਨੇ ਸਿੱਖਾਂ ਨੂੰ ਫਰਮਾਇਆ:-
`ਮੇਰਾ ਰੂਪ ਗ੍ਰੰਥ ਜੀ ਜਾਨ।। ਇਸ ਮੇਂ ਭੇਦ ਨਹੀਂ ਕਿਛ ਮਾਨ।। `
ਗਿਆਨੀ ਗਰਜਾ ਸਿੰਘ ਜੀ ਦੀ ਖੋਜ ਅਨਸਾਰ ਜੀਂਦ (ਹਰਿਆਣਾ) ਦੇ ਤਾਲਾਂਦਾ
ਪਰਗਨਾ ਦੇ ਭੱਟ ਨਰਬਦ ਸਿੰਘ ਨੇ ਜੋ ਗੁਰੂ ਜੀ ਦੇ ਕੋਲ ਨੰਦੇੜ ਰਹਿੰਦਾ ਸੀ ਨੇ ਆਪਣੀ ਵੱਹੀ ਵਿੱਚ
ਅਖੀਂ ਦੇਖਿਆ ਹਾਲ ਇਸ ਤਰ੍ਹਾਂ ਲਿਖਿਆ ਹੈ:-
ਗੁਰੂ ਗੋਬਿੰਦ ਸਿੰਘ ਮਹਲਾ ਦਸਵਾਂ ਬੇਟਾ ਗੁਰੂ ਤੇਗ ਬਹਾਦਰ ਕਾ ਪੋਤਾ ਗੁਰੂ
ਹਰਗੋਬਿੰਦ ਕਾ ਪੜਪੋਤਾ ਗੁਰੂ ਅਰਜਨ ਜੀ ਕਾ ਬੰਸ ਗੁਰੂ ਰਾਮਦਾਸ ਜੀ ਕੀ ਸੂਰਜਬੰਸੀ ਗੋਸਲ ਗੋਤਰਾ
ਸੋਢੀ ਖਤਰੀ ਬਾਸੀ ਅਨੰਦਪੁਰ ਪਰਗਨਾ ਕਹਲੋਰ ਮੁਕਾਮ ਨੰਦੇੜ ਤਟ ਗੋਦਾਵਰੀ ਦੇਸ ਦਖ਼ਨ ਸਮਤ ਸਤਰਾਂ ਸੋ
ਪੈਸੰਠ ਕਾਰਤਕ ਮਾਸ ਕੀ ਚੌਥ ਸ਼ੁਕਲਾ ਪੱਖ ਬੁਧਵਾਰ ਕੇ ਦਿਨ ਭਾਈ ਦਇਆ ਸਿੰਘ ਸੇ ਬਚਨ ਕੀਆ`ਸ੍ਰੀ ਗੁਰੂ
ਗ੍ਰੰਥ ਸਾਹਿਬ ਲੈ ਆਓ` ਗੁਰੂ ਜੀ ਨੇ ਪਾਂਚ ਪੈਸੇ ਨਾਰੀਅਲ ਅਗੇ ਭੇਟਾ ਰਖ ਮੱਥਾ ਟੇਕਾ ਸਰਬਤ ਸੰਗਤ
ਸੇ ਕਹਾ ਮੇਰਾ ਹੁਕਮ ਹੈ ਮੇਰੀ ਜਗ੍ਹਾ ਸ੍ਰੀ ਗੁਰੂ ਗ੍ਰੰਥ ਜੀ ਕੋ ਜਾਨਨਾ ਜੋ ਸਿੱਖ ਜਾਨੇਗਾ ਤਿਸ ਕੀ
ਘਾਲ ਥਾਇ ਪਏਗੀ ਗੁਰੂ ਤਿਸ ਕੀ ਬਹੁੜੀ ਕਰੇਗਾ ਸਤ ਕਰ ਮਾਨਨਾ।।
ਭੱਟਾਂ ਦੇ ਗੁਰੂ ਸਾਹਿਬਾਨ ਨਾਲ ਪੁਰਾਣੇ ਸਬੰਧ ਸਨ ਤੇ ਭੱਟ ਵਹੀਆਂ ਸਿਖ
ਇਤਹਾਸ ਦਾ ਇੱਕ ਭਰੋਸੇ ਯੋਗ ਵਸੀਲਾ ਹਨ। ਇਹ ਵਹੀ ਹੁਣ ਤਕ ਭੱਟ ਨਰਬਦ ਸਿੰਘ ਦੇ ਖਾਨਦਾਨ ਦੇ ਕੋਲ
ਹੈ।
ਮਾਤਾ ਸੁੰਦਰੀ ਜੀ ਸੁਪਤਨੀ ਗੁਰੂ ਗੋਬਿੰਦ ਸਿੰਘ ਜੀ ਵਲ਼ੋਂ ਭਾਈ ਚੇਤ ਸਿੰਘ
ਵਾਸੀ ਪਿੰਡ ਰੂਪਾ ਜ਼ਿਲਾ ਬਠਿੰਡਾ ਦੇ ਵਡੇਰਿਆਂ ਨੂੰ ਲਿਖੇ ਇੱਕ ਪੱਤਰ ਵਿੱਚ ਜੋ ਹਾਲੇ ਵੀ ਦੇਖਿਆ ਜਾ
ਸਕਦਾ ਹੈ ਮਾਤਾ ਜੀ ਨੇ ਲਿਖਿਆ ਸੀ:-
ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਸੋਂਪੀ
ਹੈ ਤੇ ਕਿਸੇ ਹੋਰ ਨੂੂੰ ਗੁਰੂ ਨਹੀਂ ਮਨਣਾ।
ਅਕਸਰ ਅਰਦਾਸ ਦੇ ਮਗਰੋਂ ਬੋਲਿਆ ਜਾਂਦਾ ਹੈ:-
ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ।।
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।।
ਇਹ ਲਫ਼ਜ਼ ਭਾਈ ਪ੍ਰਹਲਾਦ ਸਿੰਘ ਜੀ ਦੇ ਰਹਿਤਨਾਮੇ ਵਿਚੋਂ ਲਏ ਗਏ ਹਨ।
ਭਾਈ ਸਾਹਿਬ ਆਪ ਗੁਰੂ ਜੀ ਦੇ ਅਕਾਲ ਚਲਾਣੇ ਸਮੇਂ ਨੰਦੇੜ ਵਿੱਚ ਨਹੀਂ ਸਨ ਤੇ ਉਨ੍ਹਾਂ ਨੇ ਨੰਦੇੜ
ਤੋਂ ਆਈਆਂ ਸੰਗਤਾਂ ਤੋਂ ਸੁਣ ਕੇ ਲਿਖੇ ਸਨ। ਭਾਵ ਇਹ ਕਿ ਇਹ ਵਿਚਾਰ ਗੁਰੂ ਜੀ ਦੇ ਹੀ ਹਨ।
ਸੈਨਾਪਤ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਭਰੋਸੇਯੋਗ ਦਰਬਾਰੀ ਸਨ ਨੇ
ਗੁਰੂ ਜੀ ਦੇ ਚਲਾਣੇ ਤੋਂ ਕੇਵਲ ਤਿੰਨ ਸਾਲ ਪਿਛੋਂ ੧੭੧੧ ਵਿੱਚ ‘ਸ੍ਰੀ ਗੁਰ ਸੋਭਾ` ਵਿੱਚ ਲਿਖਿਆ
ਹੈ:-
ਅਕਾਲ ਚਲਾਣੇ ਤੋਂ ਕੇਵਲ ਇੱਕ ਦਿਨ ਪਹਿਲੇ ਸਿਖਾਂ ਦੇ ਪੁਛਣ ਤੇ ਗੁਰੂ ਜੀ ਨੇ
ਕਿਹਾ ਸੀ ਕਿ ਧੁਰ ਦੀ ਬਾਣੀ ਹੀ ਹਮਾਰਾ ਸਤਗੁਰੂ ਹੈ।
ਸੰਸਕਿਰਤ ਮਹਾਂਵਿਦਿਆਲਾ, ਬਨਾਰਸ ਵਲੋਂ ਪ੍ਰਕਾਸ਼ਤ ਦੇਵਰਾਜ ਸ਼ਰਮਾ ਦੀ ਇੱਕ
ਪੁਰਾਣੀ ਹਥਲਿਖਤ ਜੋ ਹੁਣੇ ਹੁਣੇ ਛਾਪੀ ਗਈ ਹੈ ਵਿੱਚ ਇਹ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ
ਜੀ ਨੇ ਅੰਤਮ ਸਮੇਂ ਕਿਹਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਅਗਲੇ ਗੁਰੂ ਹੋਣਗੇ।
੧੮ਵੀਂ ਸਦੀ ਦੇ ਪਿਛਲੇ ਅੱਧ ਵਿੱਚ ਵੀ ਕਈ ਪੰਜਾਬੀ ਲੇਖਕਾਂ ਜਿਵੇਂ ਭਾਈ ਕੌਰ
ਸਿੰਘ ਕਰਤਾ ਗੁਰ ਬਿਲਾਸ ਪਾਤਸ਼ਾਹੀ ੧੦ (੧੮੫੧), ਭਾਈ ਕੇਸਰ ਸਿੰਘ ਛਿਬਰ ਕਰਤਾ ਬੰਸਾਵਲੀ ਨਾਮਾ
(੧੭੬੯) ਅਤੇ ਭਾਈ ਸਰੂਪ ਦਾਸ ਭੱਲਾ ਕਰਤਾ ਸਾਖੀਆਂ ਪਾਤਸ਼ਾਹੀ ਦਸ ਨੇ ਵੀ ਅਪਣੀ ਰਚਨਾਵਾਂ ਵਿੱਚ ਇਹ
ਲਿਖਿਆ ਹੈ ਕਿ ਗੁਰੁ ਗੋਬਿੰਦ ਸਿੰਘ ਜੀ ਅੰਤਮ ਸਮੇਂ ਅਪਣੇ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ
ਦੇ ਲੜ ਲਾ ਗਏ ਸੀ।
ਮਹੰਮਦ ਅਲੀ ਖਾਨ ਅਨਸਾਰੀ ਨੇ ਵੀ ਆਪਣੀ ਪੁਸਤਕ ਤਾਰੀਖੈ ਮੁਜ਼ਫਰੀ ਜੋ
੧੮੧੦ ਵਿੱਚ ਲਿਖੀ ਗਈ ਸੀ ਦੇ ਪੰਨਾ ੧੫੨ ਤੇ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਤੋਂ ਬਾਦ ਸ੍ਰੀ
ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਮੰਨਿਆ ਜਾਂਦਾ ਸੀ।
ਬੂਟੇ ਸ਼ਾਹ ਨੇ ਆਪਣੀ ਕਿਤਾਬ` ਤਾਰੀਖੇ ਪੰਜਾਬ` (੧੮੪੮) ਜੋ ਪੰਜਾਬ
ਯੁਨੀਵਰਸਿਟੀ, ਲਾਹੌਰ ਵਿੱਚ ਮੌਜੂਦ ਹੈ ਦੇ ਪੰਨੇ ੨੦੬ ਤੇ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ
ਦਾ ਆਖਰੀ ਹੁਕਮ ਇਹ ਸੀ ਕਿ ਮੇਰੇ ਪਿਛੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਿਆ ਜਾਵੇ ਤੇ
ਮੇਰੇ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਫਰਕ ਨਾ ਸਮਝਿਆ ਜਾਵੇ।
ਸਯੱਦ ਮੁਹੰਮਦ ਲਤੀਫ ਨੇ ਆਪਣੀ ਪ੍ਰਸਿਧ ਕਿਤਾਬ ਹਿਸਟਰੀ ਆਫ ਦੀ ਪੰਜਾਬ
(੧੮੯੧) ਵਿੱਚ ਵੀ ਪੰਨੇ ੨੬੯ ਤੇ ਇਸ ਗੱਲ ਦੀ ਤਸਦੀਕ ਕੀਤੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ
ਅਕਾਲ ਚਲਾਣੇ ਤੋਂ ਪਹਿਲੇ ਸਿੱਖਾਂ ਦੇ ਪੁਛਣ ਤੇ ਕਿਹਾ ਕਿ ਮੇਰੇ ਪਿਛੋਂ ਸ੍ਰੀ ਗੁਰੂ ਗ੍ਰੰਥ ਸਾਹਿਬ
ਹੀ ਤੁਹਾਡਾ ਗੁਰੂ ਹੈ ਤੇ ਉਨ੍ਹਾਂ ਨੂੰ ਤਾੜਨਾ ਕੀਤੀ ਕਿ ਪਖੰਡੀਆਂ ਤੋਂ ਸਾਵਧਾਨ ਰਹਿਣ।
ਪ੍ਰਸਿਧ ਇਸਹਾਸਕਾਰ ਕਨਿਘੰਮ ਨੇ ਆਪਣੀ ਕਿਤਾਬ` ਹਿਸਟਰੀ ਆਪ ਦੀ
ਸਿਖਸ (੧੮੪੯) ਦੇ ਪੰਨੇ ੮੮ ਤੇ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਅਕਾਲ ਚਲਾਣੇ ਸਮੇਂ ਸਿੱਖਾਂ
ਦੇ ਪੁਛਣ ਤੇ ਕਿਹਾ ਕਿ ਜੇ ਮੈਨੂੰ ਮਿਲਣਾ ਹੋਵੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੋ।
ਐਮ. ਏ. ਮੈਕਾਲਿਫ ਜਿਸ ਨੇ ਭਾਈ ਕਾਹਨ ਸਿੰਘ ਨਾਭਾ ਵਰਗੇ ਪ੍ਰਸਿਧ
ਸਿੱਖਾਂ ਦੀ ਸਹਾਇਤਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਵਿੱਚ ਸ਼ੁੱਧ ਉਲਥਾ ਵੀ ਕੀਤਾ ਹੈ
ਆਪਣੀ ਪੁਸਤਕ ‘ਦੀ ਸਿੱਖ ਰਿਲੀਜਨ` ਜੋ ੧੦੦ ਸਾਲ ਪਹਿਲੇ ਪਹਿਲੀ ਵਾਰ ਇੰਗਲੈਂਡ ਵਿੱਚ ਛਪੀ ਸੀ, ਦੇ
ਪੰਜਵੇਂ ਭਾਗ ਦੇ ਪੰਨਾ ੨੪੪ ਤੇ ਲਿਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਅੰਤਮ ਸਮੇਂ ਸਿੱਖਾਂ
ਨੂੰ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਹੀ ਆਪਣਾ ਗੁਰੂ ਸਮਝੋ।
ਮਸ਼ਹੂਰ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਨੇ ‘ਗੁਰਮਤ ਮਾਰਤੰਡ ‘ਭਾਗ
ਪਹਿਲਾ ਪੰਨਾ ੪੧੫ ਤੇ ਲਿਖਿਆ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਗ੍ਰੰਥ ਸਾਹਿਬ ਨੂੰ
ਗੁਰਗੱਦੀ ਸੌਂਪੀ ਉਸ ਤੋਂ ਬਾਦ ਹੀ ਇਸ ਨੂੰ ‘ਸ੍ਰੀ ਗੁਰੂ ਗ੍ਰੰਥ ਸਾਹਿਬ` ਕਿਹਾ ਜਾਣ ਲਗਾ।
ਬੜੇ ਦੁਖ ਦੀ ਗਲ ਹੈ ਕਿ ਇਤਨੇ ਸਬੂਤਾਂ ਦੇ ਹੋਂਦਿਆਂ ਵੀ ਕਈ ਸਿੱਖ ਆਪਣੇ
ਆਪਣੇ ਵਖਰੇ ਗੁਰੂ ਬਣਾਈ ਫਿਰਦੇ ਹਨ ਤੇ ਕਈ ਡੇਰਿਆਂ ਦੇ ਚੇਲੇ ਆਪਣੇ ਦੇਹਧਾਰੀ ਗੁਰੂਆਂ ਨੂੰ ਸ੍ਰੀ
ਗੁਰੂ ਗ੍ਰੰਥ ਸਾਹਿਬ ਨਾਲੋਂ ਵੀ ਵੱਧ ਮਹਾਨਤਾ ਦਿੰਦੇ ਹਨ। ਕਈ ਵੇਰੀ ਇੱਕ ਦੇਹਧਾਰੀ ਗੁਰੂ ਦੇ ਅਕਾਲ
ਚਲਾਣੇ ਤੋਂ ਬਾਦ ਗੱਦੀ ਲਈ ਕਤਲ ਤੇ ਖੂਨ ਵੀ ਹੋ ਜਾਂਦੇ ਹਨ। ਜੇਕਰ ਕੋਈ ਨਵਾਂ ਗੁਰੂ ਸਮਾਜ ਵਿਰੋਧੀ
ਹੋਵੇ ਤਾਂ ਚੇਲਿਆਂ ਨੂੰ ਪਛਤਾਣਾ ਵੀ ਪੈਂਦਾ ਹੈ। ਆਓ ਅਰਦਾਸ ਕਰੀਏ ਕਿ ਵਾਹਿਗੁਰੂ ਇਨ੍ਹਾਂ ਨੂੰ
ਸੁਮਤ ਦੇਵੇ ਤੇ ਗੁਰੂ ਗਰੰਥ ਸਾਹਿਬ ਦੇ ਲੜ ਲਾਏ।
ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲਿਆਂ ਨੂੰ ਵੀ ਆਪਣੇ ਅੰਦਰ ਝਾਤੀ
ਮਾਰਨੀ ਚਾਹੀਦੀ ਹੈ। ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦਾ ਅਰਥ ਕੇਵਲ ਗੁਰੂ ਗ੍ਰੰਥ ਸਾਹਿਬ ਅਗੇ
ਮੱਥਾ ਟੇਕਣਾ, ਚੜ੍ਹਾਵਾ ਚੜ੍ਹਾਉਣਾ ਤੇ ਅਖੰਡ ਪਾਠ ਕਰਾਉਣਾ ਹੀ ਨਹੀਂ ਹੈ। ਗੁਰੂ ਦਾ ਅਰਥ
ਹੈ`ਅੰਧੇਰਾ ਦੂਰ ਕਰਣ ਵਾਲਾ`। ਕੀ ਅਸੀਂ ਗੁਰੂ ਗ੍ਰੰਥ ਸਾਹਬ ਦੀ ਸਿਖਿਆਵਾਂ ਤੇ ਚਲ ਕੇ ਆਪਣਾ ਜੀਵਨ
ਸੁਧਾਰ ਰਹੇ ਹਾਂ? ਕਈ ਕਹਿੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਔਖੀ ਹੈ ਤੇ ਸਮਝ ਨਹੀਂ
ਆਉਂਦੀ। ਬੇਸ਼ਕ ਕੁੱਝ ਬਾਣੀ ਆਮ ਆਦਮੀ ਦੀ ਸਮਝ ਤੋਂ ਪਰੇ ਹੈ ਪਰ ਉਸ ਨੂੰ ਸਮਝਣ ਦੇ ਵੀ ਕਈ ਢੰਗ
ਉਪਲਭਤ ਹਨ। ਬਹੁਤੀ ਬਾਣੀ ਸਰਲ ਹੈ ਜੋ ਹਰ ਇੱਕ ਸਮਝ ਸਕਦਾ ਹੈ ਜਿਵੇਂ:- ਕਾਮੁ ਕ੍ਰੋਧੁ ਕਾਇਆ ਕਉ
ਗਾਲੈ।। ਜਿਉਂ ਕੰਚਨ ਸੋਹਾਗਾ ਢਾਲੈ।। ਪੰਨਾ ੯੩੨
ਕਾਹੇ ਰੇ ਬਨ ਖੋਜਨ ਜਾਈ।। ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ।।
ਪੰਨਾ ੬੮੪
ਸਭ ਮਹਿ ਜੋਤਿ ਜੋਤਿ ਹੈ ਸੋਇ।। ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ।।
ਪੰਨਾ ੧੩
ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ।। ਪੰਨਾ ੬੨
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ।। ਪੰਨਾ
੩੦੫
ਘਾਲਿ ਖਾਇ ਕਿਛੁ ਹਥਹੁ ਦੇਇ।। ਨਾਨਕ ਰਾਹੁ ਪਛਾਣਹਿ ਸੇਇ।। ਪੰਨਾ ੧੨੪੫
ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ।।
ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ।। ਪੰਨਾ ੪੭੩
ਪਰ ਘਰਿ ਚੀਤੁ ਮਨਮੁਖਿ ਡੋਲਾਇ।। ਪੰਨਾ ੨੨੬
ਅਸੰਖ ਨਿੰਦਕ ਸਿਰਿ ਕਰਹਿ ਭਾਰੁ।। ਪੰਨਾ ੪
ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ।। ਪੰਨਾ੧੩੭੨
ਇਹ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੇਵਲ ਟੂਕ ਮਾਤਰ ਹੀ ਦਰਸ਼ਨ ਹਨ।
ਅਨੇਕਾਂ ਉਦਾਹਰਣਾਂ ਦਿਤੀਆਂ ਜਾ ਸਕਦੀਆਂ ਹਨ। ਸ਼ਰਧਾਲੂ ਸੱਜਣ ਇਸ ਅਨੰਤ ਗੁਣਾਂ ਦੇ ਭੰਡਾਰ ਤੋਂ
ਅਗਵਾਈ ਲੈਕੇ ਜਿੱਥੇ ਆਪਣਾ ਜੀਵਨ ਸਫਲ ਕਰ ਸਕਦੇ ਹਨ ਉਥੇ ਅਨੇਕਾਂ ਦੇ ਜਲਦੇ ਜੀਵਨ ਵਿੱਚ ਵੀ ਠੰਡ
ਲਿਆ ਸਕਦੇ ਹਨ।
ਮੰਨੈ ਪਾਵਹਿ ਮੋਖੁ ਦੁਆਰੁ।। ਮੰਨੈ ਪਰਵਾਰੈ ਸਾਧਾਰੁ।। ਪੰਨਾ ੩
ਮੰਨੈ ਤਰੈ ਤਾਰੇ ਗੁਰੁ ਸਿਖ।। ਮੰਨੈ ਨਾਨਕ ਭਵਹਿ ਨ ਭਿਖ।।
ਲੋੜ ਹੈ ਕਿ ਅਸੀਂ ਗੁਰਬਾਣੀ ਨੂੰ ਪੜ੍ਹੀਏ, ਸੁਣੀਏ, ਸਮਝੀਏ, ਵਿਚਾਰੀਏ ਤੇ
ਉਸ ਤੇ ਅਮਲ ਕਰੀਏ। ਗੁਰੂ ਅਮਰ ਦਾਸ ਜੀ ਨੇ ਲਿਖਿਆ ਹੈ:- ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ
ਕਰੇ ਵੀਚਾਰੁ।। ਪੰਨਾ ੫੯੪। ਗੁਰੂ ਨਾਨਕ ਦੇਵ ਜੀ ਨੇ ਵੀ ਰਾਗ ਰਾਮ ਕਲੀ ਵਿੱਚ ਬਾਣੀ ਵਿਚਾਰਣ
ਤੇ ਜ਼ੋਰ ਦਿੱਤਾ ਹੈ:- ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ।। ਪੰਨਾ ੯੩੫। ਜੋ
ਬਾਣੀ ਨੂੰ ਨਹੀਂ ਵਿਚਾਰਦੇ ਉਨ੍ਹਾਂ ਨੂੰ ਗੁਰੂ ਜੀ ਮੂਰਖ ਕਹਿੰਦੇ ਹਨ:- ਮੂਰਖੁ ਸਬਦੁ ਨ ਚੀਨਈ
ਸੂਝ ਬੂਝ ਨਹ ਕਾਇ।। ਪੰਨਾ ੯੩੮। ਗ੍ਰੰਥ ਸਾਹਿਬ ਤਾਂ ਇੱਕ ਚਾਨਣ ਮੁਨਾਰਾ ਹੈ ਜੋ ਕਿ ਸਾਰੀ
ਮਨੁੱਖਤਾ ਨੂੰ ਰੋਸ਼ਨੀ ਦੇ ਰਿਹਾ ਹੈ। ਗੁਰੂ ਗ੍ਰੰਥ ਦੀ ਬਾਣੀ ਤੇ ਅਮਲ ਕੀਤਿਆਂ ਵਰਣ-ਵੰਡ, ਛੂਤ,
ਊਚ-ਨੀਚ, ਜਾਤਪਾਤ, ਟੂਣਿਆਂ-ਪਰਛਾਵਿਆਂ ਦੇ ਫੋਕਟ ਵਹਿਮਾਂ-ਭਰਮਾਂ ਤੇ ਨਸ਼ਿਆਂ ਦੀ ਲਾਹਨਤ ਦਾ ਨਾਸ ਹੋ
ਸਕਦਾ ਹੈ ਤੇ ਸੱਚਾ ਭਰਾਤਰੀ ਭਾਵ ਜਨਮ ਲੈ ਸਕਦਾ ਹੈ। ਗੁਰਬਾਣੀ ਤਾਂ ਸਾਰੇ ਸੰਸਾਰ ਨੂੰ ਸਿੱਧਾ ਰਾਹ
ਦਿਖਾਉਂਦੀ ਹੈ।
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅਮ੍ਰਿਤੁ ਸਾਰੇ।। ਪੰਨਾ ੯੮੨
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ।।
ਗੁਰੂ ਅਮਰ ਦਾਸ ਜੀ ਨੇ ਫਰਮਾਇਆ ਹੈ ਕਿ ਗੁਰਬਾਣੀ ਆਪ ਹੀ ਅਕਾਲਪੁਰਖ ਹੈ ਤੇ
ਇਸ ਦੇ ਬਰਾਬਰ ਹੋਰ ਕੋਈ ਨਹੀਂ: ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ।।
ਪੰਨਾ ੫੧੫
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਇਕੋ ਇੱਕ ਅਤੇ ਸਦੀਵੀ ਗੁਰੂ ਅਤੇ ਅਕਾਲ
ਪੁਰਖ ਦਾ ਨਿਜ ਦਾ ਪ੍ਰਗਟਾਵਾ ਹਨ। ਇਸ ਬਾਰੇ ਕਿਸੇ ਤੌਖਲੇ ਵਿੱਚ ਰਹਿਣ ਦੀ ਲੋੜ ਨਹੀਂ।