.

ਆਸਾ ਕੀ ਵਾਰ

(ਕਿਸ਼ਤ ਨੰ: 9)

ਪਉੜੀ ਅੱਠਵੀਂ ਅਤੇ ਸਲੋਕ

ਸਲੋਕ ਮਃ ੧।।

ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ।।

ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂਹ।।

ਅੰਡਜ ਜੇਰਜ ਉਤਭੁਜਾਂ ਖਾਣੀ ਸੇਤਜਾਂਹ।।

ਸੋ ਮਿਤਿ ਜਾਣੈ ਨਾਨਕਾ ਸਰਾਂ ਮੇਰਾਂ ਜੰਤਾਹ।।

ਨਾਨਕ ਜੰਤ ਉਪਾਇ ਕੈ ਸੰਮਾਲੇ ਸਭਨਾਹ।।

ਜਿਨਿ ਕਰਤੈ ਕਰਣਾ ਕੀਆ ਚਿੰਤਾ ਭਿ ਕਰਣੀ ਤਾਹ।।

ਸੋ ਕਰਤਾ ਚਿੰਤਾ ਕਰੇ ਜਿਨਿ ਉਪਾਇਆ ਜਗੁ।।

ਤਿਸੁ ਜੋਹਾਰੀ ਸੁਅਸਤਿ ਤਿਸੁ ਤਿਸੁ ਦੀਬਾਣੁ ਅਭਗੁ।।

ਨਾਨਕ ਸਚੇ ਨਾਮ ਬਿਨੁ ਕਿਆ ਟਿਕਾ ਕਿਆ ਤਗੁ।। ੧।।

ਪਦ ਅਰਥ:- ਪੁਰਖਾਂ – ਮਨੁੱਖ। ਬਿਰਖਾਂ – ਰੁੱਖ, ਦਰਖਤ। ਤੀਰਥਾਂ – ਤੀਰਥਾਂ ਉੱਤੇ। ਤਟਾਂ – ਕੰਢਿਆਂ। ਮੇਘਾਂ – ਬੱਦਲ ਮੇਘ ਦਾ ਬਹੁ ਵਚਨ ਮੇਘਾਂ। ਖੇਤਾਂਹ – ਖੇਤਾਂ ਵਿੱਚ। ਦੀਪੁ – ਉਹ ਧਰਤੀ ਜਿਸ ਦੇ ਦੋ ਪਾਸਿਆਂ ਵਲ ਪਾਣੀ ਹੋਵੇ, ਦੀਪੁ ਦਾ ਬਹੁ ਵਚਨ। ਦੀਪਾਂ ਲੋਆਂ – ਲੋਕ, ਲੋਅ ਦਾ ਬਹੁ ਵਚਨ ਲੋਆਂ। ਮੰਡਲ – ਚੱਕਰ, ਚੰਦ, ਸੂਰਜ, ਧਰਤੀ ਆਦਿਕ ਕੁੱਝ ਗ੍ਰਹਿਆਂ ਦਾ ਇੱਕ ਇਕੱਠ ਜਾਂ ਚੱਕਰ। ਖੰਡਾਂ - ਧਰਤੀ ਦੇ ਟੁਕੜਿਆਂ ਦੇ ਹਿੱਸੇ। ਵਰਭੰਡਾਂਹ – ਸਮੁੱਚੇ ਬ੍ਰਹਿਮੰਡ ਵਿੱਚ। ਅੰਡਜ ਜੇਰਜ – ਅੰਡਜ ਅਤੇ ਜੇਰ ਤੋਂ ਪੈਦਾ ਹੋਣ ਵਾਲੇ ਜੀਵ। ਉਤਭੁਜ – ਧਰਤੀ ਉੱਪਰ ਉੱਗਣ ਵਾਲੀ ਬਨਸਪਤੀ। ਖਾਣੀ – ਉਤਪਤੀ ਦੀ ਥਾਂ ਸ੍ਰਿਸ਼ਟੀ ਦੀ ਉੱਤਪਤੀ ਦੇ ਚਾਰ ਤਰੀਕੇ ਮੰਨੇ ਗਏ ਹਨ-ਅੰਡਜ, ਜੇਰਜ, ਉਤਭੁਜ ਅਤੇ ਸੇਤਜ। ਸੇਤਜਾਂਹ – ਪਸੀਨੇ, ਮੌਸਮ ਆਦਿ ਦੀ ਤਬਦੀਲੀ ਹੋਣ ਨਾਲ ਪੈਦਾ ਹੋਣ ਵਾਲੇ ਜੀਵ। ਸੋ – ਉਹ ਪ੍ਰਭੂ। ਮਿਤਿ – ਅੰਦਾਜਾ, ਮੁਰਆਦਾ। ਸਰਾਂ ਮੇਰਾਂ – ਸਮੁੰਦਰਾਂ ਪਹਾੜਾਂ। ਜੰਤਾਹ – ਸਾਰੇ ਜੀਵਾਂ। ਨਾਨਕ ਜੰਤ ਉਪਾਇ ਕੈ – ਨਾਨਕ ਆਖਦਾ ਹੈ ਜੀਵਾਂ ਨੂੰ ਪੈਦਾ ਕਰ ਕੇ। ਸੰਮਾਲੇ ਸਭਨਾਹ – ਉਨਾਂ ਸਭਨਾਂ ਦੇ ਪਲਣ। ਜਿਨਿ ਕਰਤੈ – ਜਿਸ ਕਰਤੇ ਨੇ। ਕਰਣੀ – ਸ੍ਰਿਸ਼ਟੀ। ਤਾਹ – ਉਸ ਕਰਤਾਰ ਨੇ। ਜੋਹਾਰੀ – ਜਿਸ ਅੱਗੇ ਝੁਕਣਾ, ਝੁਕਦੇ, ਪ੍ਰਣਾਮ ਕਰਦਾ, ਕਰਦੇ ਹਨ, ਮੈਂ ਸਦਕੇ ਜਾਂਦਾ ਹਾਂ। ਸੁਅਸਤਿ – ਸਦਾ ਅਟੱਲ ਹੈ, ਸਦੀਵੀ ਹੈ। ਤਿਸੁ ਦੀਬਾਣੁ – ਉਸ ਪ੍ਰਭੂ ਦਾ ਦਰਬਾਰ। ਅਭਗੁ – ਨਾ ਨਾਸ ਹੋਣ ਵਾਲਾ, ਸਦੀਵੀ। ਨਾਨਕ ਸਚੇ ਨਾਮ ਬਿਨੁ – ਨਾਨਕ ਆਖਦਾ ਹੈ ਨਿਰੋਲ ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਤੋਂ ਬਿਨਾਂ। ਕਿਆ – ਕਿਉਂ, ਕੀ ਲੋੜ ਹੈ? ਕਿਆ ਟਿਕਾ ਕਿਆ ਤਗੁ – ਟਿਕੇ ਅਤੇ ਤੱਗ ਵਾਲੇ ਨੂੰ (ਚਿੰਤਾ) ਦੀ ਲੋੜ ਕਿਉਂ?

ਅਰਥ:- ਹੇ ਭਾਈ! ਬਿਪਰ ਆਖਦਾ ਹੈ:- ਕਿ ਨਾਨਕਾ ਮਨੁੱਖ, ਰੁੱਖ, ਤੀਰਥ, ਤਟ (ਭਾਵ, ਨਦੀਆਂ, ਬੱਦਲ, ਖੇਤ, ਦੀਪ ਲੋਅ, ਮੰਡਲ, ਖੰਡ ਬ੍ਰਹਿਮੰਡ, ਮੇਰ ਆਦਿਕ ਪਰਬਤ, ਚਾਰੇ ਖਾਣੀਆਂ (ਅੰਡਜ, ਜੇਰਜ, ਸੇਤਜ) ਦੇ ਜੀਵ ਜੰਤ ਸਰਾਂ ਮੇਰਾਂ ਇਹਨਾਂ ਸਭਨਾਂ ਦੀ ਗਿਣਤੀ (ਇਨ੍ਹਾਂ ਬਿਪਰਾਂ ਦਾ ਅਵਤਾਰਵਾਦੀ ਅਖੌਤੀ) ਪ੍ਰਭੂ ਜਾਣਦਾ ਹੈ ਅਤੇ ਉਹ ਆਪ ਹੀ ਸਾਰਿਆਂ ਜੀਵਾਂ ਨੂੰ ਪੈਦਾ ਕਰ ਕੇ ਉਨ੍ਹਾਂ ਸਾਰਿਆਂ ਦੀ ਦੇਖ ਭਾਲ ਕਰ ਰਿਹਾ ਹੈ। ਉਸ ਨੇ ਹੀ ਜਗਤ ਪੈਦਾ ਕੀਤਾ ਹੈ ਅਤੇ ਚਿੰਤਾ ਵੀ ਉਸ ਨੇ ਹੀ ਕਰਨੀ ਹੈ, ਭਾਵ ਨਾਨਕ ਤੈਨੂੰ ਜੀਵਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ। ਨਾਨਕ ਆਖਦਾ ਹੈ ਜੇਕਰ ਨਾਨਕ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਤਾਂ ਸੱਚ ਨੂੰ ਜੀਵਨ ਵਿੱਚ ਅਪਣਾਉਣ ਤੋਂ ਬਗੈਰ ਟਿੱਕੇ ਅਤੇ ਤੱਗ ਵਾਲੇ ਨੂੰ ਆਪਣੇ (ਅਖੌਤੀ ਸ਼ੁੱਧ ਹੋਣ) ਅਤੇ ਹੋਰਨਾਂ ਨੂੰ ਜਾਤ-ਪਾਤ ਦੇ ਬੰਧਨਾਂ ਵਿੱਚ ਬੰਨਣ ਦੀ ਲੋੜ ਕਿਉਂ ਹੈ?

ਮਃ ੧।।

ਲਖ ਨੇਕੀਆ ਚੰਗਿਆਈਆ ਲਖ ਪੁੰਨਾ ਪਰਵਾਣੁ।।

ਲਖ ਤਪ ਉਪਰਿ ਤੀਰਥਾਂ ਸਹਜ ਜੋਗ ਬੇਬਾਣ।।

ਲਖ ਸੂਰਤਣ ਸੰਗਰਾਮ ਰਣ ਮਹਿ ਛੁਟਹਿ ਪਰਾਣ।।

ਲਖ ਸੁਰਤੀ ਲਖ ਗਿਆਨ ਧਿਆਨ ਪੜੀਅਹਿ ਪਾਠ ਪੁਰਾਣ।।

ਜਿਨਿ ਕਰਤੈ ਕਰਣਾ ਕੀਆ ਲਿਖਿਆ ਆਵਣ ਜਾਣੁ।।

ਨਾਨਕ ਮਤੀ ਮਿਥਿਆ ਕਰਮੁ ਸਚਾ ਨੀਸਾਣੁ।। ੨।।

ਪਦ ਅਰਥ:- ਲਖ ਨੇਕੀਆ ਚੰਗਿਆਈਆ – ਲੱਖਾਂ ਨੇਕੀਆਂ ਚੰਗਿਆਈਆਂ। ਲਖ ਪੁੰਨਾ ਪਰਵਾਣੁ – ਜੋ ਲੱਖਾਂ ਲੋਕਾਂ ਦੀ ਨਜ਼ਰਾਂ ਵਿੱਚ ਪਰਵਾਣੁ ਭਾਵ ਚੰਗੇ ਪ੍ਰਤੀਤ ਹੋਣ। ਲਖ ਤਪ – ਲੱਖਾਂ ਤਪ ਕੀਤੇ ਜਾਣ। ਉਪਰਿ ਤੀਰਥਾਂ – ਤੀਰਥਾਂ ਉਪਰ ਜਾ ਕਰ ਕੇ। ਸਹਜ ਜੋਗ – ਜੋਗ ਸਾਧਨ। ਬੇਬਾਣ – ਜੰਗਲ। ਸੂਰਤਣ – ਸੂਰਮਤਾ। ਸੰਗਰਾਮ – ਯੁੱਧ, ਲੜਾਈ। ਰਣਿ ਮਹਿ – ਮੈਦਾਨ ਵਿੱਚ। ਛੁਟਹਿ ਪਰਾਣ – ਪ੍ਰਾਣ ਛੁਟ ਜਾਣ, ਜਾਨ ਦੇ ਦਿੱਤੀ ਜਾਏ। ਲਖ ਸੁਰਤੀ – ਲੱਖਾਂ ਤਰੀਕਿਆ ਨਾਲ ਸੁਰਤ ਜੋੜ ਕੇ। ਗਿਆਨ ਧਿਆਨ – ਗਿਆਨ ਵਿੱਚ ਸੁਰਤ ਜੋੜੀ ਜਾਵੇ। ਪੜੀਅਹਿ ਪਾਠ ਪੁਰਾਣ – ਪੁਰਾਣਾਂ ਦੇ ਪਾਠ ਪੜ੍ਹੇ ਜਾਣ। ਜਿਨਿ ਕਰਤੈ ਕਰਣਾ ਕੀਆ – ਜਿਸ ਕਰਤੇ ਨੇ ਸਮੁੱਚਾ ਬ੍ਰਹਿਮੰਡ ਰਚਿਆ ਹੈ। ਲਿਖਿਆ ਆਵਣ ਜਾਣੁ – ਜੰਮ ਕੇ ਮਰ ਜਾਣ, ਆ ਕੇ ਚਲੇ ਜਾਣ, ਵਾਲੇ ਨੂੰ ਜਾਣ ਲਿਆ ਹੈ। ਨਾਨਕ ਮਤੀ ਮਿਥਿਆ – ਨਾਨਕ ਆਖਦਾ ਹੈ ਵੱਖਰੇ-ਵੱਖਰੇ ਮੱਤਾਂ ਨੇ ਮਿਥੇ ਹੋਏ ਨੂੰ ਹੀ। ਕਰਮੁ ਸਚਾ ਨੀਸਾਣੁ – ਸੱਚਾ ਧਰਮ ਕਰਮ ਜਾਣ ਲਿਆ ਹੈ।

ਅਰਥ:- ਹੇ ਭਾਈ! ਨਾਨਕ ਆਖਦਾ ਹੈ ਜਿਸ ਕਰਤੇ ਨੇ ਸਮੁੱਚਾ ਬ੍ਰਹਿਮੰਡ ਰਚਿਆ ਹੈ ਉਸ ਨੂੰ ਛੱਡ ਕੇ ਜਿਨ੍ਹਾਂ ਮੱਤਾਂ ਨੇ ਆਵਣ ਜਾਣ/ਜੰਮ ਕੇ ਮਰ ਜਾਣ ਵਾਲਿਆਂ ਮਿਥਿਆ (ਹੋਇਆਂ ਅਵਤਾਰਵਾਦੀਆਂ ਨੂੰ ਰੱਬ ਜਾਣ ਲਿਆ) ਹੈ, ਉਹ ਬੇਸ਼ੱਕ ਲੋਕਾਂ ਦੀਆਂ ਨਜ਼ਰਾਂ ਵਿੱਚ ਪ੍ਰਵਾਨ/ਚੰਗੇ ਪ੍ਰਤੀਤ ਹੋਣ ਲਈ ਲੱਖਾਂ ਨੇਕੀਆਂ ਚੰਗਿਆਈਆਂ (ਵਿਖਾਵੇ ਦੇ ਤੌਰ `ਤੇ ਧਰਮ ਦੇ ਨਾਂਅ `ਤੇ) ਪੁੰਨ ਕਰਨ ਜਾਂ ਤੀਰਥਾਂ ਉੱਤੇ ਜਾ ਕੇ ਲੱਖਾਂ ਤਪ ਸਾਧਣ, ਜੰਗਲਾਂ ਵਿੱਚ ਜਾ ਕੇ (ਸੁੰਨ-ਸਮਾਧ) ਵਿੱਚ ਜੋਗ ਸਾਧਨ ਕਰਨ, ਅਤੇ ਲੜਾਈ ਦੇ ਮੈਦਾਨ ਵਿੱਚ ਜਾਨ ਦੇ ਦੇਣ, ਲੱਖਾਂ (ਤਰੀਕਿਆਂ ਦੇ ਨਾਲ) ਸੁਰਤ ਜੋੜ ਕੇ ਲੱਖਾਂ ਵਾਰ ਪੁਰਾਣਾਂ ਨੂੰੰ ਪੜ੍ਹ-ਪੜ੍ਹ ਕੇ ਪਾਠ ਕਰਨ, ਇਨ੍ਹਾਂ ਦਾ ਕੋਈ ਅਰਥ ਨਹੀਂ ਕਿਉਂਕਿ ਉਨ੍ਹਾਂ ਨੇ ਮਿਥੇ ਹੋਏ (ਝੂਠ) ਨੂੰ ਸੱਚਾ ਧਰਮ ਕਰਮ/ਧਰਮ ਦਾ ਕੰਮ ਜਾਣ ਲਿਆ ਹੈ।

ਇਸ ਦੇ ਉਲਟ ਜਿਨ੍ਹਾਂ ਨੇ ਸੱਚ ਨੂੰ ਜੀਵਨ ਵਿੱਚ ਅਪਣਾਇਆ ਉਨ੍ਹਾਂ ਨੇ ਇੱਕ ਸੱਚ ਨੂੰ ਹੀ ਸੱਚ ਜਾਣਿਆ ਅਤੇ ਸੱਚ ਨੂੰ ਹੀ ਅੱਗੇ ਪ੍ਰਚਾਰਿਆ।

ਪਉੜੀ।।

ਸਚਾ ਸਾਹਿਬੁ ਏਕੁ ਤੂੰ ਜਿਨਿ ਸਚੋ ਸਚੁ ਵਰਤਾਇਆ।।

ਜਿਸੁ ਤੂੰ ਦੇਹਿ ਤਿਸੁ ਮਿਲੈ ਸਚੁ ਤਾ ਤਿਨੀੑ ਸਚੁ ਕਮਾਇਆ।।

ਸਤਿਗੁਰਿ ਮਿਲਿਐ ਸਚੁ ਪਾਇਆ ਜਿਨੑ ਕੈ ਹਿਰਦੈ ਸਚੁ ਵਸਾਇਆ।।

ਮੂਰਖ ਸਚੁ ਨ ਜਾਣਨੀੑ ਮਨਮੁਖੀ ਜਨਮੁ ਗਵਾਇਆ।।

ਵਿਚਿ ਦੁਨੀਆ ਕਾਹੇ ਆਇਆ।। ੮।।

ਪਦ ਅਰਥ:- ਸਚਾ ਸਾਹਿਬ ਏਕੁ ਤੂੰ – ਸੱਚਾ ਸਾਹਿਬ ਇਕੁ ਤੁੰ ਹੀ ਹੈ। ਜਿਨਿ ਸਚੋ ਸਚੁ ਵਰਤਾਇਆ – ਜਿਨ੍ਹਾਂ ਨੇ ਸੱਚ ਨੂੰ ਆਪ ਆਪਣੇ ਅੰਦਰ ਵਸਾਇਆ ਉਨ੍ਹਾਂ ਨੇ ਇਸ ਸੱਚ ਨੂੰ ਅੱਗੇ ਵਰਤਾਇਆ, ਵੰਡਿਆ ਭਾਵ ਪ੍ਰਚਾਰਿਆ। ਜਿਸੁ ਤੂੰ ਦੇਹਿ – ਜਿਸ ਨੂੰ ਤੇਰੀ ਦੇਹਿ/ਦੇਣ/ਬਖਸ਼ਿਸ਼। ਜਿਸੁ ਤੂੰ ਦੇਹਿ ਤਿਸੁ ਮਿਲੈ ਸਚ – ਉਨ੍ਹਾਂ ਜਿਨ੍ਹਾਂ ਨੂੰ ਤੇਰੀ ਬਖਸ਼ਿਸ਼ ਸੱਚ ਗਿਆਨ ਪ੍ਰਾਪਤ ਹੋਇਆ। ਤਾ ਤਿਨੀੑ ਸਚੁ ਕਮਾਇਆ – ਤਾਂ ਉਨ੍ਹਾਂ ਨੇ ਸੱਚ ਹੀ ਆਪਣੇ ਜੀਵਨ ਵਿੱਚ ਕਮਾਇਆ। ਸਤਿਗੁਰਿ – ਸਦੀਵੀ ਸਥਿਰ ਰਹਿਣ ਵਾਲੇ ਦੀ ਬਖਸ਼ਿਸ਼ ਗਿਆਨ। ਸਤਿਗੁਰਿ ਮਿਲਿਐ ਸਚੁ ਪਾਇਆ – ਉਨ੍ਹਾਂ ਨੇ ਸਦੀਵੀ ਸਥਿਰ ਰਹਿਣ ਵਾਲੇ ਦੀ ਬਖਸ਼ਿਸ਼ ਗਿਆਨ ਪ੍ਰਾਪਤ ਕੀਤਾ। ਜਿਨੑ ਕੈ ਹਿਰਦੈ ਸਚੁ ਵਸਾਇਆ – ਜਿਨ੍ਹਾਂ ਨੇ ਸੱਚ ਨੂੰ ਆਪਣੇ ਹਿਰਦੇ ਅੰਦਰ ਵਸਾਇਆ। ਮੂਰਖ ਸਚੁ ਨ ਜਾਣਨੀੑ – ਮੂਰਖ ਲੋਕ ਜੋ ਸੱਚ ਜਾਨਣਾ ਹੀ ਨਹੀਂ ਚਾਹੁੰਦੇ। ਮਨਮੁਖੀ ਜਨਮੁ ਗਵਾਇਆ – ਉਨ੍ਹਾਂ ਨੇ ਮਨਮੁਖੀ/ਦੇਹਧਾਰੀ ਅਵਤਾਰਵਾਦੀਆਂ ਨੂੰ ਰੱਬ ਜਾਣ ਕੇ ਉਨ੍ਹਾਂ ਦੇ ਪਿੱਛੇ ਲੱਗ ਕੇ ਆਪਣਾ ਜੀਵਨ ਗਵਾਇਆ ਭਾਵ ਬਰਬਾਦ ਕਰ ਲਿਆ। ਵਿਚਿ ਦੁਨੀਆ ਕਾਹੇ ਆਇਆ – ਉਨ੍ਹਾਂ ਦਾ ਸੰਸਾਰ ਵਿੱਚ ਆਉਣਾ ਵਿਅਰਥ ਹੈ ਭਾਵ ਸੰਸਾਰ ਵਿੱਚ ਜੇਹੇ ਆਏ ਤੇਹੇ ਨ ਆਏ। ਕਿਉਂਕਿ ਉਹ ਆਪ ਮਨੁੱਖ ਹੋਣ ਦੇ ਬਾਵਜੂਦ ਮਨਮੁਖ/ਮਨੁੱਖ ਨੂੰ ਹੀ ਰੱਬ ਮੰਨਦੇ ਰਹੇ ਅਤੇ ਮੰਨਦੇ ਹਨ।

ਅਰਥ:- ਜਿਨ੍ਹਾਂ ਨੇ ਸਦੀਵੀ ਸਥਿਰ ਰਹਿਣ ਵਾਲੇ ਸਤਿਗੁਰ ਦੀ ਬਖਸ਼ਿਸ਼ ਗਿਆਨ ਨੂੰ ਪ੍ਰਾਪਤ ਕੀਤਾ ਉਨ੍ਹਾਂ ਨੇ ਉਸ ਸੱਚ ਨੂੰ ਆਪਣੇ ਹਿਰਦੇ ਅੰਦਰ ਵਸਾਇਆ। ਜਿਨ੍ਹਾਂ ਸੱਚ ਨੂੰ ਆਪਣੇ ਅੰਦਰ ਵਸਾਇਆ ਉਨ੍ਹਾਂ ਨੇ ਹੀ ਇਸ ਸੱਚ (ਗਿਆਨ) ਨੂੰ ਅੱਗੇ ਵਰਤਾਇਆ, ਵੰਡਿਆ ਭਾਵ ਪ੍ਰਚਾਰਿਆ, ਕਿ ਹੇ ਹਰੀ! ਸੱਚਾ ਸਾਹਿਬ ਇੱਕ ਤੂੰ ਹੀ ਹੈ। ਜਿਨ੍ਹਾਂ ਨੂੰ ਅੱਗੇ (ਪ੍ਰਚਾਰਨ ਨਾਲ) ਇਹ ਬਖਸ਼ਿਸ਼ ਸੱਚ (ਗਿਆਨ) ਪ੍ਰਪਾਤ ਹੋਇਆ, ਤਾਂ ਉਨ੍ਹਾਂ ਨੇ ਵੀ ਸੱਚ ਨੂੰ ਹੀ ਆਪਣੇ ਜੀਵਨ ਵਿੱਚ ਕਮਾਇਆ। (ਪਰ) ਜਿਹੜੇ ਮੂਰਖ ਲੋਕ ਸੱਚ ਨੂੰ ਜਾਨਣਾ ਹੀ ਨਹੀਂ ਚਾਹੁੰਦੇ, ਉਨ੍ਹਾਂ ਨੇ ਮਨਮੁਖਾਂ/ਦੇਹਧਾਰੀ/ਅਵਤਾਰਵਾਦੀਆਂ ਦੇ ਪਿੱਛੇ ਲੱਗ ਕੇ ਆਪਣਾ ਜੀਵਨ ਬਰਬਾਦ ਕਰ ਲਿਆ ਅਤੇ ਕਰੀ ਜਾਂਦੇ ਹਨ। ਅਜਿਹੇ ਲੋਕਾਂ ਦਾ ਸੰਸਾਰ `ਤੇ ਆਉਣਾ ਵਿਅਰਥ ਹੈ ਭਾਵ ਸੰਸਾਰ ਵਿੱਚ ਜੇਹੇ ਆਏ ਤੇਹੇ ਨਾ ਆਏ।

ਨੋਟ:- ਕਿਉਂਕਿ ਅਜਿਹੇ ਮਨੁੱਖ ਆਪ ਮਨੁੱਖ ਹੋਣ ਦੇ ਬਾਵਜੂਦ ਕਿਸੇ ਹੋਰ ਮਨਮੁਖ ਮਨੁੱਖ ਨੂੰ ਹੀ ਰੱਬ ਮੰਨ ਲੈਂਦੇ ਹਨ ਅਤੇ ਉਨ੍ਹਾਂ ਨੂੰ ਆਪਾ ਲੁਟਾ ਕੇ ਆਪਣਾ ਜੀਵਨ ਬਰਬਾਦ ਕਰ ਜਾਂਦੇ ਹਨ।

ਬਲਦੇਵ ਸਿੰਘ ਟੌਰਾਂਟੋ।




.