.

ੴਸਤਿਗੁਰਪ੍ਰਸਾਦਿ।।

ਖਾਲਸਾ ਪੰਥ ਬਨਾਮ ਡੇਰਾਵਾਦ

(ਭਾਗ ਉਨੀਵਾਂ)

ਗੁਰਦੁਆਰੇ ਅਤੇ ਡੇਰੇ ਵਿੱਚ ਫਰਕ

ਡੇਰਾ:

ਭਾਈ ਕਾਹਨ ਸਿੰਘ ਨਾਭਾ ਜੀ ਮਹਾਨ ਕੋਸ਼ ਵਿੱਚ ਡੇਰਾ ਦਾ ਅਰਥ ਇੰਝ ਕਰਦੇ ਹਨ:

ਡੇਰਾ: ਸੰਗਯਾ- ਠਹਿਰਣ ਦਾ ਅਸਥਾਨ, ੨. ਤੰਬੂ. ਖੇਮਾ.

ਇਸ ਤਰ੍ਹਾਂ ਡੇਰਾ ਇੱਕ ਤਰ੍ਹਾਂ ਨਾਲ ਕਿਸੇ ਵਿਅਕਤੀ ਦੇ ਨਿਜੀ ਤੌਰ `ਤੇ ਰਹਿਣ ਦਾ ਸਥਾਨ ਹੈ। ਜਿਸ ਵੇਲੇ ਕੋਈ ਵਿਅਕਤੀ ਆਪਣੇ ਆਪ ਨੂੰ ਧਾਰਮਿਕ ਸਖਸ਼ੀਅਤ ਦੇ ਤੌਰ `ਤੇ ਸਥਾਪਤ ਕਰਨਾ ਚਾਹੁੰਦਾ ਹੈ ਤਾਂ ਉਹ ਸੰਗਤ ਨੂੰ ਗੁੰਮਰਾਹ ਕਰਨ ਲਈ ਆਪਣੇ ਨਿਜੀ ਸਥਾਨ `ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਉਸ ਨੂੰ ਧਾਰਮਿਕ ਸਥਾਨ ਦੇ ਤੌਰ `ਤੇ ਪ੍ਰਚਲਤ ਕਰ ਦੇਂਦਾ ਹੈ।

ਜਿਨਾਂ ਚਿਰ ਐਸੇ ਵਿਅਕਤੀ ਆਪ ਇੱਕ ਗੁਰੂ ਦੇ ਤੌਰ `ਤੇ ਪ੍ਰਵਾਨਤ ਨਹੀਂ ਹੋ ਜਾਂਦੇ, ਉਤਨਾ ਚਿਰ ਉਹ ਆਪਣੇ ਡੇਰੇ `ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੀ ਰਖਦੇ ਹਨ। ਸਾਡੇ ਕੋਲ ਨਕਲੀ ਨਿਰੰਕਾਰੀਆਂ, ਰਾਧਾ-ਸੁਆਮੀ (ਬਿਆਸੇ ਵਾਲਿਆਂ), ਸੱਚਾ ਸੌਦਾ ਡੇਰਾ ਅਤੇ ਭਨਿਆਰੇ ਵਾਲੇ ਆਦਿ ਸਮੇਤ ਐਸੇ ਬਹੁਤ ਸਾਰੇ ਪ੍ਰਮਾਣ ਹਨ, ਜਿਥੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਸੀ ਪਰ ਉਨ੍ਹਾਂ ਦੀਆਂ ਆਪਣੀਆਂ ਗੱਦੀਆਂ ਸਥਾਪਤ ਹੋ ਜਾਣ ਤੋਂ ਬਾਅਦ ਉਥੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੁੱਕ ਦਿੱਤੇ ਗਏ। ਬਹੁਤੇ ਡੇਰੇਦਾਰ ਸਮੇਂ ਸਮੇਂ ਤੇ, ਅੰਦਰੋ ਅੰਦਰੀ ਇਹ ਸਮੀਖਿਆ ਕਰਦੇ ਰਹਿੰਦੇ ਹਨ ਕਿ ਉਨ੍ਹਾਂ ਦਾ ਹਿੱਤ ਗੁਰੂ ਗ੍ਰੰਥ ਸਾਹਿਬ ਨੂੰ ਰੱਖਣ ਵਿੱਚ ਹੈ ਕਿ ਆਪਣੀ ਗੱਦੀ ਲਗਾ ਕੇ ਬੈਠਣ ਵਿਚ?

ਡੇਰੇ ਦੀ ਸਾਰੀ ਜਾਇਦਾਦ ਡੇਰੇਦਾਰ ਦੀ ਨਿਜੀ ਹੁੰਦੀ ਹੈ ਅਤੇ ਉਥੇ ਦਾ ਸਾਰਾ ਪ੍ਰਬੰਧ ਅਤੇ ਖਰਚਾ ਉਸ ਦੀ ਮਰਜ਼ੀ ਮੁਤਾਬਕ ਹੀ ਚਲਦਾ ਹੈ। ਡੇਰੇ ਵਿੱਚ ਸੰਗਤ ਵਲੋਂ ਭੇਟ ਕੀਤੀ ਗਈ ਮਾਇਆ ਅਤੇ ਹੋਰ ਸਾਜੋ ਸਮਾਨ ਵੀ ਡੇਰੇਦਾਰ ਦਾ ਨਿਜੀ ਹੁੰਦਾ ਹੈ। ਉਸ ਨੂੰ ਆਪਣੀ ਮਰਜ਼ੀ ਅਨੁਸਾਰ ਹੀ ਖਰਚਦੇ ਅਤੇ ਵਰਤਦੇ ਹਨ। ਬੇਸ਼ਕ ਉਸੇ ਨਾਲ ਹੀ ਡੇਰੇ ਦਾ ਕਾਰ ਵਿਹਾਰ ਵੀ ਚਲਾਉਂਦੇ ਹਨ। ਅੱਜ ਕੱਲ ਕਈ ਜਗ੍ਹਾਂ `ਤੇ ਵਿਖਾਵੇ ਦੇ ਤੌਰ `ਤੇ ਕੁੱਝ ਟਰੱਸਟ ਜਾਂ ਕਮੇਟੀਆਂ ਵੀ ਬਣਾ ਲਈਆਂ ਜਾਂਦੀਆਂ ਹਨ ਪਰ ਇਹ ਸਿਰਫ ਵਿਖਾਵੇ ਦੀਆਂ ਹੀ ਹੁੰਦੀਆਂ ਹਨ, ਅਸਲ ਤਾਕਤ ਸਾਰੀ ਡੇਰੇਦਾਰ ਕੋਲ ਹੀ ਹੁੰਦੀ ਹੈ।

ਇਸ ਤਰ੍ਹਾਂ ਡੇਰਾ ਇੱਕ ਨਿਜੀ ਸਥਾਨ ਹੈ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੰਗਤ ਨੂੰ ਖਿਚਣ ਲਈ, ਇੱਕ ਕਾਰੋਬਾਰੀ ਲੋੜ ਦੇ ਤੌਰ `ਤੇ ਕੀਤਾ ਜਾਂਦਾ ਹੈ।

ਡੇਰੇ ਜਾਣਾ:

ਕਹਿਣ ਨੂੰ ਤਾਂ ਸੰਗਤਾਂ ਉਥੇ ਆਪਣੀ ਸ਼ਰਧਾ ਅਨੁਸਾਰ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੱਥਾ ਟੇਕਦੀਆਂ ਹਨ, ਪਰ ਬਹੁਤੀਆਂ ਸੰਗਤਾਂ ਉਥੇ ਉਸ ਡੇਰੇਦਾਰ, ਜਿਸ ਨੂੰ ਆਮ ਤੌਰ `ਤੇ ਸੰਤ, ਮਹੰਤ, ਮਹਾਪੁਰਖ, ਬ੍ਰਹਮਗਿਆਨੀ ਆਦਿ ਦੇ ਲਕਬਾਂ ਨਾਲ ਪ੍ਰਚਾਰਿਆ ਜਾਂਦਾ ਹੈ, ਦੇ ਦਰਸ਼ਨ ਕਰਨ ਅਤੇ ਉਸ ਕੋਲੋਂ ਕੁੱਝ ਬਖਸ਼ਿਸ਼ਾਂ ਪ੍ਰਾਪਤ ਕਰਨ ਲਈ ਜਾਂਦੀਆਂ ਹਨ। ਇਹ ਡੇਰੇਦਾਰ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਆਪਣੇ ਗੱਦੇ ਲਾ ਕੇ ਬੈਠਦੇ ਹਨ, ਅਤੇ ਸੰਗਤਾਂ ਕੋਲੋਂ ਮੱਥੇ ਵੀ ਟਿਕਵਾਉਂਦੇ ਹਨ। ਹੁਣ ਜਿਵੇਂ ਜਿਵੇਂ ਸੰਗਤਾਂ ਵਿੱਚ ਕੁੱਝ ਚੇਤਨਤਾ ਆ ਰਹੀ ਹੈ, ਕੁੱਝ ਡੇਰੇਦਾਰ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਸਥਾਨ `ਤੇ ਆਪਣੀ ਗੱਦੀ ਲਾਉਣ ਦੀ ਥਾਂ `ਤੇ ਅਲੱਗ ਕਮਰੇ ਵਿੱਚ ਆਪਣੀਆਂ ਗੱਦੀਆਂ ਲਾ ਲੈਂਦੇ ਹਨ ਅਤੇ ਸੰਗਤਾਂ ਉਥੇ ਹੀ ਉਨ੍ਹਾਂ ਨੂੰ ਮੱਥਾ ਟੇਕਣ ਅਤੇ ਉਨ੍ਹਾਂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨ ਜਾਂਦੀਆਂ ਹਨ।

ਡੇਰਿਆਂ `ਤੇ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਦੇਣ ਦੀ ਬਜਾਏ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੇ ਨਾਂ `ਤੇ ਸਤਿਗੁਰੂ ਦੀ ਪੂਜਾ ਕਰਾਈ ਜਾਂਦੀ ਹੈ। ਤਕਰੀਬਨ ਸਾਰੇ ਡੇਰਿਆਂ ਵਿੱਚ ਹਿੰਦੂ ਮੰਦਰਾਂ ਦੀ ਤਰਜ਼ `ਤੇ ਆਰਤੀਆਂ ਕੀਤੀਆਂ ਜਾਂਦੀਆਂ ਹਨ, ਅਤੇ ਟੱਲੀਆਂ ਖੜਕਾਈਆਂ ਜਾਂਦੀਆਂ ਹਨ। ਭਾਵੇਂ ਉਥੇ ਕੁੱਝ ਸ਼ਬਦ ਗੁਰਬਾਣੀ ਦੇ ਹੀ ਪੜ੍ਹੇ ਜਾਂਦੇ ਹਨ ਪਰ ਜਿਸ ਕਰਮ ਤੋਂ ਸਤਿਗੁਰੂ ਨੇ ਸਾਨੂੰ ਮੋੜਿਆ ਹੈ, ਗੁਰਬਾਣੀ ਪੜ੍ਹਦੇ ਉਹੀ ਕਰਮ ਕਰ ਕੇ, ਗੁਰਬਾਣੀ ਦਾ ਅਤੇ ਅਮੋਲਕ ਗੁਰਮਤਿ ਸਿਧਾਂਤਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ।

ਗੁਰੂ ਨਾਨਕ ਸਾਹਿਬ ਉੜੀਸਾ ਵਿੱਚ ਪੁਰੀ ਦੇ ਸਥਾਨ `ਤੇ ਹਿੰਦੂ ਕੌਮ ਦੇ ਇੱਕ ਵੱਡੇ ਮੰਦਰ ਜਗਨਨਾਥ ਵਿਖੇ ਗਏ ਅਤੇ ਉਥੇ ਦੇ ਪੁਜਾਰੀਆਂ ਨੂੰ ਗਿਆਨ ਚਰਚਾ ਵਾਸਤੇ ਸੱਦਾ ਦਿੱਤਾ। ਪੁਜਾਰੀ ਕਹਿਣ ਲੱਗੇ ਕਿ ਇਸ ਵੇਲੇ ਸਾਡਾ ਆਰਤੀ ਦਾ ਸਮਾਂ ਹੈ, ਪਹਿਲਾਂ ਅਸੀਂ ਆਰਤੀ ਕਰਾਂਗੇ। ਉਨ੍ਹਾਂ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਕਿ ਕੀ ਤੁਸੀਂ ਆਰਤੀ ਵਿੱਚ ਸ਼ਾਮਲ ਹੋਵੋਗੇ? ਗੁਰੂ ਨਾਨਕ ਸਾਹਿਬ ਨੇ ਪੁੱਛਿਆ ਕਿ ਤੁਸੀਂ ਕਿਸ ਦੀ ਆਰਤੀ ਕਰਨ ਲੱਗੇ ਹੋ? ਪੰਡਿਤਾਂ ਜੁਆਬ ਦਿੱਤਾ ਕਿ ਜਗਨਨਾਥ ਦੀ। ਸਤਿਗੁਰੂ ਨੇ ਫੁਰਮਾਇਆ ਕਿ ‘ਜਗਨਨਾਥ` ਜੋ ਸਾਰੇ ਜਗਤ ਦਾ ਨਾਥ ਹੈ, ਉਸ ਦੀ ਆਰਤੀ ਹੋਵੇ ਤੇ ਨਾਨਕ ਸ਼ਾਮਿਲ ਨਾ ਹੋਵੇ, ਇਹ ਕਿਵੇਂ ਹੋ ਸਕਦਾ ਹੈ? ਮੈਂ ਜ਼ਰੂਰ ਸ਼ਾਮਲ ਹੋਵਾਂਗਾ।

ਪੰਡਿਤਾਂ ਨੇ ਇੱਕ ਥਾਲੀ ਵਿੱਚ ਕੁੱਝ ਦੀਵੇ ਬਾਲੇ, ਉਸ ਵਿੱਚ ਨਾਲ ਕੁੱਝ ਫੁਲ ਰਖੇ, ਧੂਫ ਬਾਲੀ, ਵੱਡਾ ਮੰਦਰ ਹੋਣ ਕਾਰਨ ਵਿੱਚ ਕੁੱਝ ਮੋਤੀ ਆਦਿ ਸਜਾਏ ਅਤੇ ਕੁੱਝ ਮੰਤਰ ਆਦਿ ਪੜ੍ਹਦੇ ਹੋਏ ਉਸ ਥਾਲ ਨੂੰ ਮੂਰਤੀਆਂ ਅੱਗੇ ਘੁਮਾਉਣਾ ਸ਼ੁਰੂ ਕੀਤਾ। ਕੁੱਝ ਪੰਡਤ ਮੂਰਤੀਆਂ ਦੇ ਪਿੱਛੇ ਖਲੋ ਕੇ ਉਨ੍ਹਾਂ ਉੱਤੇ ਚੌਰ ਕਰਨ ਲੱਗੇ। ਗੁਰੂ ਨਾਨਕ ਸਾਹਿਬ ਕੁੱਝ ਸਮੇਂ ਵਿੱਚ ਹੀ ਉਥੋਂ ਬਾਹਰ ਚਲੇ ਗਏ।

ਜਦੋਂ ਪੰਡਿਤਾਂ ਨੇ ਆਰਤੀ ਕਰ ਲਈ ਤਾਂ ਬਾਹਰ ਆਕੇ ਗੁਰੂ ਨਾਨਕ ਸਾਹਿਬ ਨੂੰ ਪੁੱਛਣ ਲੱਗੇ ਕਿ ਨਾਨਕ ਜੀ! ਤੁਸੀਂ ਤਾਂ ਕਹਿੰਦੇ ਸੀ ਕਿ ਮੈਂ ਆਰਤੀ ਵਿੱਚ ਸ਼ਾਮਲ ਹੋਵਾਂਗਾ ਪਰ ਤੁਸੀਂ ਤਾਂ ਆਰਤੀ ਸ਼ੁਰੂ ਹੁੰਦੇ ਹੀ ਬਾਹਰ ਆ ਗਏ?

ਗੁਰੂ ਨਾਨਕ ਸਾਹਿਬ ਨੇ ਫੁਰਮਾਇਆ ਕਿ ਹੇ ਪੰਡਿਤੋ ਤੁਸੀਂ ਕਹਿੰਦੇ ਸੀ ਕਿ ਅਸੀਂ ਜਗਨਨਾਥ ਦੀ ਆਰਤੀ ਕਰਾਂਗੇ, ਕੀ ਜਗਤ ਦੇ ਨਾਥ ਦੀ ਆਰਤੀ ਇੰਝ ਕੀਤੀ ਜਾਂਦੀ ਹੈ?

ਪੰਡਿਤਾਂ ਨੇ ਪੁਛਿਆ ਕਿ ਨਾਨਕ ਜੀ! ਤੁਹਾਡੇ ਖਿਆਲ ਨਾਲ ਜਗਨਨਾਥ ਦੀ ਆਰਤੀ ਹੋਰ ਕਿਵੇਂ ਉਤਾਰੀ ਜਾਂਦੀ ਹੈ? ਗੁਰੂ ਨਾਨਕ ਸਾਹਿਬ ਨੇ ਉਥੇ ਇਹ ਸ਼ਬਦ ਉਚਾਰਨ ਕੀਤਾ:

"ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ।।

ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਣਰਾਇ ਫੂਲੰਤ ਜੋਤੀ।। ੧।।

ਕੈਸੀ ਆਰਤੀ ਹੋਇ ਭਵਖੰਡਨਾ ਤੇਰੀ ਆਰਤੀ।।

ਅਨਹਤਾ ਸਬਦ ਵਾਜੰਤ ਭੇਰੀ।। ੧।। ਰਹਾਉ।।

ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋਹੀ।।

ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਣੁ ਸਹਸ ਤਵ ਗੰਧ ਇਵ ਚਲਤ ਮੋਹੀ।। ੨।।

ਸਭ ਮਹਿ ਜੋਤਿ ਜੋਤਿ ਹੈ ਸੋਇ।। ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ।।

ਗੁਰ ਸਾਖੀ ਜੋਤਿ ਪਰਗਟੁ ਹੋਇ।। ਜੋ ਤਿਸੁ ਭਾਵੈ ਸੁ ਆਰਤੀ ਹੋਇ।। ੩।।

ਹਰਿ ਚਰਣ ਕਮਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹਿ ਆਹੀ ਪਿਆਸਾ।।

ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਮਿ ਵਾਸਾ।। ੪।। "

{ਧਨਾਸਰੀ ਮਹਲਾ ੧ ਆਰਤੀ, ਪੰਨਾ ੬੬੩}

ਸਾਰਾ ਆਕਾਸ਼ (ਮਾਨੋ) ਥਾਲ ਹੈ, ਸੂਰਜ ਤੇ ਚੰਦ (ਇਸ ਥਾਲ ਵਿਚ) ਦੀਵੇ ਬਣੇ ਹੋਏ ਹਨ, ਤਾਰਿਆਂ ਦੇ ਸਮੂਹ, (ਥਾਲ ਵਿਚ) ਮੋਤੀ ਰੱਖੇ ਹੋਏ ਹਨ। ਮਲਯ ਪਰਬਤ ਵਲੋਂ ਆਉਣ ਵਾਲੀ ਹਵਾ, ਮਾਨੋ, ਧੂਪ (ਧੁਖ ਰਿਹਾ) ਹੈ, ਹਵਾ ਚੌਰ ਕਰ ਰਹੀ ਹੈ, ਸਾਰੀ ਬਣਸਪਤੀ ਜੋਤਿ-ਰੂਪ (ਪ੍ਰਭੂ ਦੀ ਆਰਤੀ) ਲਈ ਫੁੱਲ ਦੇ ਰਹੀ ਹੈ। ੧।

ਹੇ ਜੀਵਾਂ ਦੇ ਜਨਮ ਮਰਨ ਨਾਸ ਕਰਨ ਵਾਲੇ ! (ਕੁਦਰਤਿ ਵਿਚ) ਤੇਰੀ ਕੈਸੀ ਸੁੰਦਰ ਆਰਤੀ ਹੋ ਰਹੀ ਹੈ ! (ਸਭ ਜੀਵਾਂ ਵਿੱਚ ਰੁਮਕ ਰਹੀ) ਇੱਕ-ਰਸ ਜੀਵਨ-ਰੌ, ਮਾਨੋ, ਤੇਰੀ ਆਰਤੀ ਵਾਸਤੇ ਨਗਾਰੇ ਵੱਜ ਰਹੇ ਹਨ। ੧। ਰਹਾਉ।

(ਸਭ ਜੀਵਾਂ ਵਿੱਚ ਵਿਆਪਕ ਹੋਣ ਕਰ ਕੇ) ਹਜ਼ਾਰਾਂ ਤੇਰੀਆਂ ਅੱਖਾਂ ਹਨ (ਪਰ, ਨਿਰਾਕਾਰ ਹੋਣ ਕਰ ਕੇ, ਹੇ ਪ੍ਰਭੂ !) ਤੇਰੀਆਂ ਕੋਈ ਅੱਖਾਂ ਨਹੀਂ। ਹਜ਼ਾਰਾਂ ਤੇਰੀਆਂ ਸ਼ਕਲਾਂ ਹਨ, ਪਰ ਤੇਰੀ ਕੋਈ ਭੀ ਸ਼ਕਲ ਨਹੀਂ ਹੈ। ਹਜ਼ਾਰਾਂ ਤੇਰੇ ਸੋਹਣੇ ਪੈਰ ਹਨ, ਪਰ (ਨਿਰਾਕਾਰ ਹੋਣ ਕਰ ਕੇ) ਤੇਰਾ ਇੱਕ ਭੀ ਪੈਰ ਨਹੀਂ। ਹਜ਼ਾਰਾਂ ਤੇਰੇ ਨੱਕ ਹਨ, ਪਰ ਤੂੰ ਨੱਕ ਤੋਂ ਬਿਣਾ ਹੀ ਹੈਂ। ਤੇਰੇ ਅਜੇਹੇ ਕੌਤਕਾਂ ਨੇ ਮੈਨੂੰ ਹੈਰਾਨ ਕੀਤਾ ਹੋਇਆ ਹੈ। ੨।

ਸਾਰੇ ਜੀਵਾਂ ਵਿੱਚ ਇਕੋ ਉਹੀ ਪਰਮਾਤਮਾ ਦੀ ਜੋਤਿ ਵਰਤ ਰਹੀ ਹੈ। ਉਸ ਜੋਤਿ ਦੇ ਪਰਕਾਸ਼ ਨਾਲ ਸਾਰੇ ਜੀਵਾਂ ਵਿੱਚ ਚਾਨਣ (ਸੂਝ-ਬੂਝ) ਹੈ। ਪਰ ਇਸ ਜੋਤਿ ਦਾ ਗਿਆਨ ਗੁਰੂ ਦੀ ਸਿੱਖਿਆ ਨਾਲ ਹੀ ਹੁੰਦਾ ਹੈ (ਗੁਰੂ ਦੀ ਰਾਹੀਂ ਇਹ ਸਮਝ ਪੈਂਦੀ ਹੈ ਕਿ ਹਰੇਕ ਦੇ ਅੰਦਰ ਪਰਮਾਤਮਾ ਦੀ ਜੋਤਿ ਹੈ)। (ਇਸ ਸਰਬ-ਵਿਆਪਕ ਜੋਤਿ ਦੀ) ਆਰਤੀ ਇਹ ਹੈ ਕਿ ਜੋ ਕੁੱਝ ਉਸ ਦੀ ਰਜ਼ਾ ਵਿੱਚ ਹੋ ਰਿਹਾ ਹੈ ਉਹ ਜੀਵ ਨੂੰ ਚੰਗਾ ਲੱਗੇ (ਪ੍ਰਭੂ ਦੀ ਰਜ਼ਾ ਵਿੱਚ ਤੁਰਨਾ ਪ੍ਰਭੂ ਦੀ ਆਰਤੀ ਕਰਨੀ ਹੈ)। ੩।

ਹੇ ਹਰੀ ! ਤੇਰੇ ਚਰਨ-ਰੂਪ ਕੌਲ ਫੁੱਲਾਂ ਦੇ ਰਸ ਲਈ ਮੇਰਾ ਮਨ ਲਲਚਾਂਦਾ ਹੈ, ਹਰ ਰੋਜ਼ ਮੈਨੂੰ ਇਸੇ ਰਸ ਦੀ ਪਿਆਸ ਲੱਗੀ ਹੋਈ ਹੈ। ਮੈਨੂੰ ਨਾਨਕ ਪਪੀਹੇ ਨੂੰ ਆਪਣੀ ਮੇਹਰ ਦਾ ਜਲ ਦੇਹ, ਜਿਸ (ਦੀ ਬਰਕਤਿ) ਨਾਲ ਮੈਂ ਤੇਰੇ ਨਾਮ ਵਿੱਚ ਟਿਕਿਆ ਰਹਾਂ।

ਗੁਰੂ ਨਾਨਕ ਸਾਹਿਬ ਨੇ ਸਮਝਾਇਆ ਕਿ ਵੇਖੋ! ਕੁਦਰਤ ਦੇ ਇਸ ਅਚੰਭਤ ਕਰ ਦੇਣ ਵਾਲੇ ਖੇਲ ਵਿਚ, ਸਾਰਾ ਬ੍ਰਹਮੰਡ ਉਸ ਅਕਾਲ ਪੁਰਖ ਦੀ ਹਰ ਵੇਲੇ ਆਰਤੀ ਕਰ ਰਿਹਾ ਹੈ। ਕਿਸੇ ਥਾਲੀਆਂ ਵਿੱਚ ਦੀਵੇ ਬਾਲ ਕੇ ਉਸ ਜਗਤ ਦੇ ਨਾਥ ਅਕਾਲ ਪੁਰਖ ਦੀ ਆਰਤੀ ਨਹੀਂ ਕੀਤੀ ਜਾ ਸਕਦੀ। ਅਸੀਂ ਤਾਂ ਬਸ ਕੁਦਰਤ ਵਲੋਂ ਹਰ ਵੇਲੇ ਹੋ ਰਹੀ ਆਰਤੀ ਵਿੱਚ ਸ਼ਾਮਲ ਰਹੀਏ। ਭਾਵ ਕੁਦਰਤ ਦੀ ਹਰ ਸ਼ੈਅ ਵਿੱਚ ਪ੍ਰਮੇਸ਼ਰ ਨੂੰ ਮਹਿਸੂਸ ਕਰੀਏ, ਹਰ ਵੇਲੇ ਅਕਾਲ ਪੁਰਖ ਦੇ ਪਿਆਰ ਵਿੱਚ ਰੰਗੇ ਰਹੀਏ।

ਆਰਤੀ ਨਾਲ ਹੀ ਸਬੰਧਤ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਅੰਦਰ ਭਗਤ ਰਵਿਦਾਸ ਜੀ ਦਾ ਵੀ ਹੈ। ਇਸ ਸ਼ਬਦ ਵਿੱਚ ਭਗਤ ਰਵਿਦਾਸ ਜੀ ਨੇ ਵੀ ਇਹੀ ਫੁਰਮਾਇਆ ਹੈ ਕਿ ਮੇਰੇ ਵਾਸਤੇ ਅਕਾਲ ਪੁਰਖ ਦਾ ਨਾਮ ਹੀ ਸਭ ਪੂਜਾ ਅਤੇ ਆਰਤੀ ਵਗੈਰਾ ਹੈ। ਮੈਨੂੰ ਕਿਸੇ ਹੋਰ ਆਰਤੀ ਜਾਂ ਪੂਜਾ ਦੀ ਕੋਈ ਲੋੜ ਨਹੀਂ। ਪਾਵਨ ਸ਼ਬਦ ਹੈ:

"ਨਾਮੁ ਤੇਰੋ ਆਰਤੀ ਮਜਨੁ ਮੁਰਾਰੇ।। ਹਰਿ ਕੇ ਨਾਮ ਬਿਣੁ ਝੂਠੇ ਸਗਲ ਪਾਸਾਰੇ।। ੧।। ਰਹਾਉ।।

ਨਾਮੁ ਤੇਰੋ ਆਸਨੋ ਨਾਮੁ ਤੇਰੋ ਉਰਸਾ ਨਾਮੁ ਤੇਰਾ ਕੇਸਰੋ ਲੇ ਛਿਟਕਾਰੇ।।

ਨਾਮੁ ਤੇਰਾ ਅੰਭੁਲਾ ਨਾਮੁ ਤੇਰੋ ਚੰਦਨੋ ਘਸਿ ਜਪੇ ਨਾਮੁ ਲੇ ਤੁਝਹਿ ਕਉ ਚਾਰੇ।। ੧।।

ਨਾਮੁ ਤੇਰਾ ਦੀਵਾ ਨਾਮੁ ਤੇਰੋ ਬਾਤੀ ਨਾਮੁ ਤੇਰੋ ਤੇਲੁ ਲੇ ਮਾਹਿ ਪਸਾਰੇ।।

ਨਾਮ ਤੇਰੇ ਕੀ ਜੋਤਿ ਲਗਾਈ ਭਇਓ ਉਜਿਆਰੋ ਭਵਨ ਸਗਲਾਰੇ।। ੨।।

ਨਾਮੁ ਤੇਰੋ ਤਾਗਾ ਨਾਮੁ ਫੂਲ ਮਾਲਾ ਭਾਰ ਅਠਾਰਹ ਸਗਲ ਜੂਠਾਰੇ।।

ਤੇਰੋ ਕੀਆ ਤੁਝਹਿ ਕਿਆ ਅਰਪਉ ਨਾਮੁ ਤੇਰਾ ਤੁਹੀ ਚਵਰ ਢੋਲਾਰੇ।। ੩।।

ਦਸ ਅਠਾ ਅਠਸਠੇ ਚਾਰੇ ਖਾਣੀ ਇਹੈ ਵਰਤਣਿ ਹੈ ਸਗਲ ਸੰਸਾਰੇ।।

ਕਹੈ ਰਵਿਦਾਸੁ ਨਾਮੁ ਤੇਰੋ ਆਰਤੀ ਸਤਿ ਨਾਮੁ ਹੈ ਹਰਿ ਭੋਗ ਤੁਹਾਰੇ।। ੪।। "

{ਰਵਿਦਾਸੁ ਜੀ, ਪੰਨਾ ੬੯੪}

ਹੇ ਪ੍ਰਭੂ ! (ਅੰਞਾਣ ਲੋਕ ਮੂਰਤੀਆਂ ਦੀ ਆਰਤੀ ਕਰਦੇ ਹਨ, ਪਰ ਮੇਰੇ ਲਈ) ਤੇਰਾ ਨਾਮ (ਤੇਰੀ) ਆਰਤੀ ਹੈ, ਤੇ ਤੀਰਥਾਂ ਦਾ ਇਸ਼ਨਾਨ ਹੈ। (ਹੇ ਭਾਈ !) ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਹੋਰ ਸਾਰੇ ਅਡੰਬਰ ਕੂੜੇ ਹਨ। ੧। ਰਹਾਉ।

ਤੇਰਾ ਨਾਮ (ਮੇਰੇ ਲਈ ਪੰਡਿਤ ਵਾਲਾ) ਆਸਨ ਹੈ (ਜਿਸ ਉੱਤੇ ਬੈਠ ਕੇ ਉਹ ਮੂਰਤੀ ਦੀ ਪੂਜਾ ਕਰਦਾ ਹੈ), ਤੇਰਾ ਨਾਮ ਹੀ (ਚੰਦਨ ਘਸਾਉਣ ਲਈ) ਸਿਲ ਹੈ, (ਮੂਰਤੀ ਪੂਜਣ ਵਾਲਾ ਮਨੁੱਖ ਸਿਰ ਉੱਤੇ ਕੇਸਰ ਘੋਲ ਕੇ ਮੂਰਤੀ ਉੱਤੇ) ਕੇਸਰ ਛਿੜਕਦਾ ਹੈ, ਪਰ ਮੇਰੇ ਲਈ ਤੇਰਾ ਨਾਮ ਹੀ ਕੇਸਰ ਹੈ। ਹੇ ਮੁਰਾਰਿ ! ਤੇਰਾ ਨਾਮ ਹੀ ਪਾਣੀ ਹੈ, ਨਾਮ ਹੀ ਚੰਦਨ ਹੈ, (ਇਸ ਨਾਮ-ਚੰਦਨ ਨੂੰ ਨਾਮ-ਪਾਣੀ ਨਾਲ) ਘਸਾ ਕੇ, ਤੇਰੇ ਨਾਮ ਦਾ ਸਿਮਰਨ-ਰੂਪ ਚੰਦਨ ਹੀ ਮੈਂ ਤੇਰੇ ਉੱਤੇ ਲਾਉਂਦਾ ਹਾਂ। ੧।

ਹੇ ਪ੍ਰਭੂ ! ਤੇਰਾ ਨਾਮ ਦੀਵਾ ਹੈ, ਨਾਮ ਹੀ (ਦੀਵੇ ਦੀ) ਵੱਟੀ ਹੈ, ਨਾਮ ਹੀ ਤੇਲ ਹੈ, ਜੋ ਲੈ ਕੇ ਮੈਂ (ਨਾਮ-ਦੀਵੇ ਵਿਚ) ਪਾਇਆ ਹੈ; ਮੈਂ ਤੇਰੇ ਨਾਮ ਦੀ ਹੀ ਜੋਤਿ ਜਗਾਈ ਹੈ (ਜਿਸ ਦੀ ਬਰਕਤਿ ਨਾਲ) ਸਾਰੇ ਭਵਨਾਂ ਵਿੱਚ ਚਾਨਣ ਹੋ ਗਿਆ ਹੈ। ੨।

ਤੇਰਾ ਨਾਮ ਮੈਂ ਧਾਗਾ ਬਣਾਇਆ ਹੈ, ਨਾਮ ਨੂੰ ਹੀ ਮੈਂ ਫੁੱਲ ਤੇ ਫੁੱਲਾਂ ਦੀ ਮਾਲਾ ਬਣਾਇਆ ਹੈ, ਹੋਰ ਸਾਰੀ ਬਣਸਪਤੀ (ਜਿਸ ਤੋਂ ਲੋਕ ਫੁੱਲ ਲੈ ਕੇ ਮੂਰਤੀਆਂ ਅੱਗੇ ਭੇਟ ਧਰਦੇ ਹਨ; ਤੇਰੇ ਨਾਮ ਦੇ ਟਾਕਰੇ ਤੇ) ਜੂਠੀ ਹੈ। (ਇਹ ਸਾਰੀ ਕੁਦਰਤ ਤਾਂ ਤੇਰੀ ਬਣਾਈ ਹੋਈ ਹੈ) ਤੇਰੀ ਪੈਦਾ ਕੀਤੀ ਹੋਈ ਵਿਚੋਂ ਮੈਂ ਤੇਰੇ ਅੱਗੇ ਕੀਹ ਰੱਖਾਂ ? (ਸੋ,) ਮੈਂ ਤੇਰਾ ਨਾਮ-ਰੂਪ ਚੌਰ ਹੀ ਤੇਰੇ ਉਤੇ ਝਲਾਉਂਦਾ ਹਾਂ। ੩।

ਸੰਸਾਰ ਦੀ ਨਿੱਤ ਦੀ ਕਾਰ ਤਾਂ ਇਹ ਹੈ ਕਿ (ਤੇਰਾ ਨਾਮ ਭੁਲਾ ਕੇ) ਅਠਾਰਾਂ ਪੁਰਾਣਾਂ ਦੀਆਂ ਕਹਾਣੀਆਂ ਵਿੱਚ ਪਰਚੇ ਹੋਏ ਹਨ, ਅਠਾਹਠ ਤੀਰਥਾਂ ਦੇ ਇਸ਼ਨਾਨ ਨੂੰ ਹੀ ਪੁੰਨ-ਕਰਮ ਸਮਝ ਬੈਠੇ ਹਨ, ਤੇ, ਇਸ ਤਰ੍ਹਾਂ ਚਾਰ ਖਾਣੀਆਂ ਦੀਆਂ ਜੂਨਾਂ ਵਿੱਚ ਭਟਕ ਰਹੇ ਹਨ। ਰਵਿਦਾਸ ਆਖਦਾ ਹੈ—ਹੇ ਪ੍ਰਭੂ ! ਤੇਰਾ ਨਾਮ ਹੀ (ਮੇਰੇ ਲਈ) ਤੇਰੀ ਆਰਤੀ ਹੈ ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਦਾ ਹੀ ਭੋਗ ਮੈਂ ਤੈਨੂੰ ਲਾਉਂਦਾ ਹਾਂ। ੪। ੩।

ਅੱਜ ਡੇਰਿਆਂ `ਤੇ ਗੁਰਬਾਣੀ ਦੇ ਇਹੀ ਸ਼ਬਦ ਗਾਇਣ ਕਰਦੇ ਹੋਏ, ਉਹੀ ਬ੍ਰਾਹਮਣ ਵਾਂਗ ਥਾਲੀਆਂ ਵਿੱਚ ਦੀਵੇ ਆਦਿ ਬਾਲ ਕੇ ਗੁਰੂ ਗ੍ਰੰਥ ਸਾਹਿਬ ਦੀਆਂ ਆਰਤੀਆਂ ਕੀਤੀਆਂ ਜਾ ਰਹੀਆਂ ਹਨ। ਜਿਵੇਂ ਗੁਰੂ ਨਾਨਕ ਸਾਹਿਬ ਦਾ ਮੂੰਹ ਚਿੜ੍ਹਾਇਆ ਜਾ ਰਿਹਾ ਹੋਵੇ ਕਿ ਗੁਰੂ ਨਾਨਕ ਸਾਹਿਬ ਅਸੀਂ ਸ਼ਬਦ ਤੁਹਾਡੇ ਗੁਰਬਾਣੀ ਦੇ ਲੈ ਲੈਂਦੇ ਹਾਂ ਪਰ ਅਸੀਂ ਕਰਮ ਬ੍ਰਾਹਮਣ ਦੇ ਦੱਸੇ ਅਨੁਸਾਰ ਹੀ ਕਰਨੇ ਹਨ। ਤੁਹਾਡੀ ਸਿੱਖਿਆ ਨਹੀਂ ਲੈਣੀ। ਹੋਰ ਤਾਂ ਹੋਰ ਗੁਰਬਾਣੀ ਦਾ ਅਪਮਾਨ ਕਰਦੇ ਹੋਏ, ਸਤਿਗੁਰੂ ਦੇ ਇਨ੍ਹਾਂ ਸ਼ਬਦਾਂ ਨਾਲ ਕੁੱਝ ਗੈਰ ਸਿਧਾਂਤਕ ਅਤੇ ਕੱਚੀਆਂ ਰਚਨਾਵਾਂ ਵੀ ਜੋੜ ਲਈਆਂ ਜਾਂਦੀਆਂ ਹਨ।

ਅੱਜ ਅਸੀਂ ਆਪਣੇ ਗੁਰਦੁਆਰਿਆਂ ਵਲ ਝਾਤੀ ਮਾਰ ਕੇ ਵੇਖੀਏ, ਜਿਵੇਂ ਹਿੰਦੂ ਮੰਦਰਾਂ ਦੀ ਤਰਜ਼ `ਤੇ, ਪੂਜਾ ਦੇ ਸਥਾਨ ਬਣ ਗਏ ਹਨ, ਇਹ ਇਨ੍ਹਾਂ ਡੇਰਿਆਂ ਵਲੋਂ ਕੀਤੇ ਜਾ ਰਹੇ, ਇਨ੍ਹਾਂ ਕਰਮਕਾਂਡਾਂ ਦਾ ਹੀ ਪ੍ਰਭਾਵ ਹੈ। ਆਮ ਭੋਲੀਆਂ-ਭਾਲੀਆਂ ਸੰਗਤਾਂ ਸਮਝਦੀਆਂ ਹਨ ਕਿ ਜਦ ਇਤਨੇ ਮਹਾਨ ਮਹਾਪੁਰਖਾਂ ਦੇ ਡੇਰੇ `ਤੇ ਹੋ ਰਿਹਾ ਹੈ ਤਾਂ ਸਾਇਦ ਇਹ ਗੁਰਮਤਿ ਅਨੁਸਾਰੀ ਹੀ ਹੈ।

ਇਹ ਡੇਰੇ ਪੰਥਕ ਮਰਯਾਦਾ ਨੂੰ ਨਹੀਂ ਮੰਨਦੇ ਅਤੇ ਹਰ ਡੇਰੇ ਦੀ ਆਪਣੀ ਮਰਯਾਦਾ ਹੁੰਦੀ ਹੈ, ਜਾਂ ਇੰਝ ਕਹਿ ਲਵੋ ਕਿ ਜੋ ਉਸ ਡੇਰੇ ਦਾ ਡੇਰੇਦਾਰ ਚਾਹੁੰਦਾ ਹੈ, ਉਹੀ ਮਰਯਾਦਾ ਬਣ ਜਾਂਦੀ ਹੈ।

ਡੇਰਿਆਂ ਦੇ ਪ੍ਰਚਾਰ ਦਾ ਆਧਾਰ ਗੁਰਬਾਣੀ ਨਹੀਂ ਸਗੋਂ ਉਨ੍ਹਾਂ ਦੇ ਪਹਿਲੇ ਮਹਾਪੁਰਖਾਂ ਦੀਆਂ ਸੱਚੀਆਂ ਝੂਠੀਆਂ ਕਰਾਮਾਤੀ ਕਹਾਣੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਇਹ ਸਾਖੀਆਂ ਦਾ ਨਾਂ ਦੇ ਦੇਂਦੇ ਹਨ। ਜੇ ਗੁਰਬਾਣੀ ਵਰਤੀ ਵੀ ਜਾਂਦੀ ਹੈ ਤਾਂ ਉਸ ਦੀ ਵਿਆਖਿਆ ਕੁੱਝ ਉਥਾਨਕਾ ਆਦਿ ਜੋੜ ਕੇ ਆਪਣੇ ਵਿਚਾਰਾਂ ਅਨੁਸਾਰ ਮਨ ਮਰਜੀ ਦੀ ਕਰ ਲਈ ਜਾਂਦੀ ਹੈ, ਜੋ ਅਕਸਰ ਸਨਾਤਨੀ ਵਿਚਾਰਧਾਰਾ ਅਨੁਸਾਰ ਹੁੰਦੀ ਹੈ। ਗੁਰਬਾਣੀ ਕੇਵਲ ਮੰਤਰ ਦੇ ਤੌਰ `ਤੇ ਪੜ੍ਹੀ ਜਾਂਦੀ ਹੈ ਅਤੇ ਗੁਰਮਤਿ ਦਾ ਪ੍ਰਚਾਰ ਕਰਨ ਦੀ ਬਜਾਏ ਅਖੰਡ ਪਾਠ, ਇਕੌਤਰੀਆਂ ਅਤੇ ਸੰਪਟ-ਪਾਠ ਆਦਿ `ਤੇ ਹੀ ਜ਼ੋਰ ਦਿੱਤਾ ਜਾਂਦਾ ਹੈ। ਕੀਰਤਨ ਗੁਰਬਾਣੀ ਦਾ ਕਰਨ ਦੀ ਬਜਾਏ ਆਪਣੀਆਂ ਕੱਚੀਆਂ ਧਾਰਨਾ ਬਣਾ ਕੇ ਕੀਰਤਨ ਦੇ ਨਾਂ `ਤੇ ਗੀਤ ਗਾਏ ਜਾਂਦੇ ਹਨ। ਸੰਗਤਾਂ ਨੂੰ ਕੀਰਤਨ ਦਾ ਪ੍ਰਭਾਵ ਦੇਣ ਲਈ ਵਿੱਚ ਕਈ ਪੰਕਤੀਆਂ ਗੁਰਬਾਣੀ ਦੀਆਂ ਜੋੜ ਲਈਆਂ ਜਾਂਦੀਆਂ ਹਨ।

ਡੇਰੇ ਨਿਸ਼ਾਨ ਸਾਹਿਬ ਨਹੀਂ ਲਗਾਉਂਦੇ ਅਤੇ ਨਗਾਰੇ ਵੀ ਨਹੀਂ ਰਖਦੇ। ਕਈ ਡੇਰਿਆਂ ਵਿੱਚ ਲੰਗਰ ਵੀ ਨਹੀਂ ਤਿਆਰ ਹੁੰਦਾ ਅਤੇ ਬਾਹਰੋਂ ਸੰਗਤਾਂ ਤੋਂ ਇਕੱਤਰ ਕਰ ਕੇ ਹੀ ਛਕਿਆ ਛਕਾਇਆ ਜਾਂਦਾ ਹੈ।

ਬਹੁਤੇ ਗੁਰਦੁਆਰਿਆਂ ਦੇ ਗ੍ਰੰਥੀ ਅਤੇ ਪ੍ਰਚਾਰਕ ਬਾਬਿਆਂ ਦੇ ਡੇਰਿਆਂ ਤੋਂ ਟਰੇਨਿੰਗ ਲੈਕੇ ਆਏ ਹਨ ਜਿਥੇ ਪਹਿਲਾਂ ਹੀ ਬ੍ਰਾਹਮਣੀ ਕਰਮਕਾਂਡਾਂ ਦਾ ਬੋਲਬਾਲਾ ਹੈ। ਉਸੇ ਅਨੁਸਾਰ ਹੀ ਉਹ ਗੁਰਦੁਆਰਿਆਂ ਵਿੱਚ ਕਮਰਕਾਂਡ ਕਰਾ ਰਹੇ ਹਨ। ਹਾਂ! ਇੱਕ ਫਰਕ ਜ਼ਰੂਰ ਹੈ ਬ੍ਰਾਹਮਣੀ ਕਰਮਕਾਂਡ ਤਿਆਗ ਕੇ, ਐਨ ਉਸੇ ਅਨੁਸਾਰ ਇਨ੍ਹਾਂ ਨਵੇਂ ਸਿੱਖੀ ਕਰਮਕਾਂਡ ਤਿਆਰ ਕਰ ਲਏ ਹਨ, ਜਿਨ੍ਹਾਂ ਨੂੰ ਗੁਰਮਤਿ ਕਹਿਕੇ ਪ੍ਰਚਾਰਿਆ ਜਾ ਰਿਹਾ ਹੈ। ਇਸ ਤਰ੍ਹਾਂ ਬਹੁਤ ਸਾਰੇ ਗੁਰਦੁਆਰੇ ਵੀ ਡੇਰਿਆਂ ਦੇ ਪ੍ਰਭਾਵ ਅਧੀਨ ਆ ਗਏ ਹਨ।

ਡੇਰੇ ਦੀ ਇਮਾਰਤ:

ਸੰਗਤਾਂ ਨੂੰ ਡੇਰੇ ਦੇ ਗੁਰਦੁਆਰਾ ਹੋਣ ਦਾ ਭੁਲੇਖਾ ਪਾਉਣ ਲਈ ਆਮ ਤੌਰ `ਤੇ ਡੇਰੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਲਈ ਅਤੇ ਸੁਖ ਆਸਨ ਕਰਨ ਲਈ ਉਹੋ ਜਿਹਾ ਹੀ ਹਾਲ ਕਮਰਾ ਅਤੇ ਨਾਲ ਛੋਟਾ ਕਮਰਾ ਬਣਾਇਆ ਜਾਂਦਾ ਹੈ, ਜਿਹੋ ਜਿਹਾ ਗੁਰਦੁਆਰੇ ਦਾ ਹੁੰਦਾ ਹੈ। ਇਸ ਕਮਰੇ ਵਿੱਚ ਜ਼ਾਹਿਰਾ ਜ਼ਹੂਰ ਸਤਿਗੁਰੂ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣ ਦੇ ਬਾਵਜੂਦ ਕਈ ਗੁਰੂ ਸਾਹਿਬਾਨ ਦੇ ਨਾਂ `ਤੇ ਮਨੋਕਲਪਿਤ ਫੋਟੋਆਂ ਆਦਿ ਲਗਾਈਆਂ ਜਾਂਦੀਆਂ ਹਨ। ਹਾਲਾਂਕਿ ਸਿੱਖ ਧਰਮ ਵਿੱਚ ਮੂਰਤੀ ਪੂਜਾ ਬਿਲਕੁਲ ਵਿਵਰਜਿਤ ਹੈ ਅਤੇ ਇਹ ਫੋਟੋਆਂ ਨੂੰ ਪੂਜਣਾ ਜਾਂ ਸਤਿਕਾਰ ਦੇਣਾ, ਮੂਰਤੀ ਪੂਜਾ ਦਾ ਹੀ ਬਦਲਿਆ ਹੋਇਆ ਰੂਪ ਹੈ। ਇਤਨਾ ਹੀ ਨਹੀਂ ਉਥੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵਾਲੇ ਸਥਾਨ `ਤੇ ਹੀ, ਆਪਣੇ ਡੇਰੇ ਦੇ ਪੁਰਾਤਨ ਡੇਰੇਦਾਰਾਂ (ਅਖੌਤੀ ਮਹਾਪੁਰਖਾਂ) ਦੀਆਂ ਫੋਟੋਆਂ ਵੀ ਲਗਾ ਦਿੱਤੀਆਂ ਜਾਂਦੀਆਂ ਹਨ। ਕਈ ਡੇਰਿਆਂ ਵਿੱਚ ਡੇਰੇਦਾਰ ਆਪ ਵੀ ਉਥੇ ਆਪਣੀ ਗੱਦੀ ਲਗਾ ਕੇ ਬੈਠਦੇ ਹਨ। ਪਰ ਜਿਵੇਂ ਉਪਰ ਦੱਸਿਆ ਗਿਆ ਹੈ ਕੌਮ ਵਿੱਚ ਕੁੱਝ ਚੇਤਨਤਾ ਆਉਣ ਨਾਲ ਹੁਣ ਬਹੁਤੇ ਡੇਰਿਆ ਵਿੱਚ ਉੱਥੋਂ ਗੱਦੀਆਂ ਹਟਾ ਲਈਆਂ ਗਈਆਂ ਹਨ। ਐਸੇ ਡੇਰਿਆਂ ਵਿੱਚ ਇਨ੍ਹਾਂ ਅਖੌਤੀ ਮਹਾਪੁਰਖਾਂ ਦੇ ਗੱਦੀ ਲਗਾਉਣ ਲਈ ਇੱਕ ਅਲੱਗ ਕਮਰਾ ਤਿਆਰ ਕੀਤਾ ਜਾਂਦਾ ਹੈ। ਉਥੇ ਇਹ ਆਪਣਾ ਦਰਬਾਰ ਲਗਾ ਕੇ ਬੈਠਦੇ ਹਨ। ਗੁਰੂ ਗ੍ਰੰਥ ਸਾਹਿਬ ਦੇ ਸਾਮ੍ਹਣੇ ਤਾਂ ਲੋਕੀ ਬਸ ਮੱਥਾ ਟੇਕ ਕੇ ਆ ਜਾਂਦੇ ਹਨ ਪਰ ਇਸ ਕਮਰੇ ਵਿੱਚ ਇਨ੍ਹਾਂ ਦੇ ਅੱਗੇ ਮੱਥੇ ਟੇਕਦੇ ਹਨ ਅਤੇ ਉਥੇ ਬੈਠ ਕੇ ਉਨ੍ਹਾਂ ਦੇ ਪ੍ਰਵਚਨ ਸੁਣਦੇ ਅਤੇ ਝੋਲੀਆਂ ਫੈਲਾ ਕੇ ਅਸੀਸਾਂ ਅਤੇ ਦਾਤਾਂ ਮੰਗਦੇ ਹਨ। ਲੋਕਾਂ ਨੂੰ ਤੰਤ੍ਰ (ਤਬੀਤ, ਧਾਗੇ, ਅੰਮ੍ਰਿਤ ਦੇ ਨਾਂ `ਤੇ ਮੰਤਰਿਆ ਹੋਇਆ ਜਲ ਆਦਿ) ਆਦਿ ਦੇਣ ਦਾ, ਅਤੇ ਸ਼ਬਦ ਦੇ ਨਾਂ ਮੰਤਰ ਆਦਿ ਦੇਣ ਦਾ, ਭਾਵ ਡੇਰੇ ਦਾ ਸਭ ਕਾਰੋਬਾਰੀ ਧੰਦਾ ਇਥੋਂ ਹੀ ਚਲਦਾ ਹੈ।

ਇਸ ਤੋਂ ਇਲਾਵਾ ਇੱਕ ਹੋਰ ਵਿਸ਼ੇਸ਼ ਕਮਰਾ ਬਣਾਇਆ ਜਾਂਦਾ ਹੈ, ਜਿਥੇ ਆਮ ਆਦਮੀ ਨੂੰ ਜਾਣ ਦੀ ਇਜਾਜ਼ਤ ਨਹੀਂ ਹੁੰਦੀ। ਆਮ ਤੌਰ `ਤੇ ਇਸ ਕਮਰੇ ਵਿੱਚ ਇਹ ਆਪਣਾ ਨਿਵਾਸ ਕਰਦੇ ਹਨ। ਬਹੁਤੀ ਜਗ੍ਹਾਂ ਇਹ ਕਮਰੇ ਜ਼ਮੀਨ ਦੇ ਹੇਠਾਂ ਬਣਾਏ ਜਾਂਦੇ ਹਨ, ਜਿਵੇਂ ਅੱਜਕਲ ਵਡੇ ਸ਼ਹਿਰਾਂ ਦੇ ਨਵੀਨ ਘਰਾਂ ਵਿੱਚ ਵੀ ਇੱਕ ਮੰਜ਼ਲ ਧਰਤੀ ਪੁਟ ਕੇ ਥੱਲੇ ਬਣਾਈ ਜਾਂਦੀ ਹੈ। ਡੇਰਿਆਂ ਦੀ ਭਾਸ਼ਾ ਵਿੱਚ ਇਸ ਕਮਰੇ ਨੂੰ ਭੋਰਾ ਜਾਂ ਸ਼ਰਧਾ ਨਾਲ ਭੋਰਾ ਸਾਬ੍ਹ ਕਿਹਾ ਜਾਂਦਾ ਹੈ। ਬਹੁਤੇ ਇਸ ਨੂੰ ਮਹਾਪੁਰਖਾਂ ਦਾ ਤੱਪ ਅਸਥਾਨ ਜਾਂ ਸੱਚਖੰਡ ਕਹਿੰਦੇ ਹਨ। ਜਿਸ ਗੁਫਾਵਾਂ (ਭੋਰਿਆਂ) ਵਿੱਚ ਤੱਪ ਸਾਧਨ ਦੀ ਵਿਚਾਰਧਾਰਾ ਨੂੰ ਸਤਿਗੁਰੂ ਪੂਰਨ ਰੂਪ ਵਿੱਚ ਰੱਦ ਕੀਤਾ ਹੈ, ਇਹ ਭੋਰੇ ਆਪਣੇ ਡੇਰਿਆਂ ਵਿੱਚ ਬਣਵਾ ਕੇ ਇਹ ਉਨ੍ਹਾਂ ਨੂੰ ਸੱਚਖੰਡ ਦੱਸ ਰਹੇ ਹਨ। ਭੋਰਿਆਂ ਜਾਂ ਗੁਫਾਵਾਂ ਵਿੱਚ ਵੜ ਕੇ ਤਪ ਸਾਧਨ ਬਾਰੇ ਗੁਰਬਾਣੀ ਦੇ ਪਾਵਨ ਫੁਰਮਾਨ ਹਨ:

"ਜੈਸਾ ਘਰਿ ਬਾਹਰਿ ਸੋ ਤੈਸਾ।। ਬੈਸਿ ਗੁਫਾ ਮਹਿ ਆਖਉ ਕੈਸਾ।।

ਸਾਗਰਿ ਡੂਗਰਿ ਨਿਰਭਉ ਐਸਾ।। " {ਗਉੜੀ ਗੁਆਰੇਰੀ ਮਹਲਾ ੧, ਪੰਨਾ ੨੨੧}

(ਜੇ ਮਨ-ਹਾਥੀ ਦੇ ਸਿਰ `ਤੇ ਗੁਰੂ-ਕੁੰਡਾ ਨਹੀਂ ਹੈ ਤਾਂ) ਜਿਹੋ ਜਿਹਾ (ਅਮੋੜ) ਇਹ ਗ੍ਰਿਹਸਤ ਵਿੱਚ (ਰਹਿੰਦਿਆਂ) ਹੈ, ਉਹੋ ਜਿਹਾ (ਅਮੋੜ) ਇਹ ਬਾਹਰ (ਜੰਗਲਾਂ ਵਿੱਚ ਰਹਿੰਦਿਆਂ) ਹੁੰਦਾ ਹੈ। ਪਹਾੜ ਦੀ ਗੁਫ਼ਾ ਵਿੱਚ ਭੀ ਬੈਠ ਕੇ ਮੈਂ ਕੀਹ ਆਖਾਂ ਕਿ ਕਿਹੋ ਜਿਹਾ ਬਣ ਗਿਆ ਹੈ ? (ਗੁਫ਼ਾ ਵਿੱਚ ਟਿਕੇ ਰਿਹਾਂ ਭੀ ਇਹ ਮਨ ਅਮੋੜ ਹੀ ਰਹਿੰਦਾ ਹੈ)। ਸਮੁੰਦਰ ਵਿੱਚ ਵੜੇ (ਤੀਰਥਾਂ ਵਿੱਚ ਚੁੱਭੀ ਲਾਏ, ਚਾਹੇ) ਪਹਾੜ (ਦੀ ਗੁਫ਼ਾ) ਵਿੱਚ ਬੈਠੇ, ਇਹ ਇਕੋ ਜਿਹਾ ਨਿਡਰ ਰਹਿੰਦਾ ਹੈ।

"ਜਟਾ ਭਸਮ ਲੇਪਨ ਕੀਆ ਕਹਾ ਗੁਫਾ ਮਹਿ ਬਾਸੁ।।

ਮਨੁ ਜੀਤੇ ਜਗੁ ਜੀਤਿਆ ਜਾਂ ਤੇ ਬਿਖਿਆ ਤੇ ਹੋਇ ਉਦਾਸੁ।। " {ਰਾਗ ਮਾਰੂ ਬਾਣੀ ਕਬੀਰ ਜੀਉ ਕੀ, ਪੰਨਾ ੧੧੦੩}

ਜੇ ਤੁਸਾਂ ਜਟਾ (ਧਾਰ ਕੇ ਉਹਨਾਂ) ਨੂੰ ਸੁਆਹ ਲਿੰਬ ਲਈ, ਜਾਂ ਕਿਸੇ ਗੁਫ਼ਾ ਵਿੱਚ ਜਾ ਡੇਰਾ ਲਾਇਆ, ਤਾਂ ਭੀ ਕੀਹ ਹੋਇਆ ? (ਮਾਇਆ ਦਾ ਮੋਹ ਇਸ ਤਰ੍ਹਾਂ ਖ਼ਲਾਸੀ ਨਹੀਂ ਕਰਦਾ)। ਜਿਨ੍ਹਾਂ ਨੇ ਆਪਣੇ ਮਨ ਨੂੰ ਜਿੱਤ ਲਿਆ ਹੈ ਉਹਨਾਂ (ਮਾਨੋ) ਸਾਰੇ ਜਗਤ ਨੂੰ ਜਿੱਤ ਲਿਆ, ਕਿਉਂਕਿ ਮਨ ਜਿੱਤਣ ਨਾਲ ਹੀ ਮਾਇਆ ਤੋਂ ਉਪਰਾਮ ਹੋਈਦਾ ਹੈ ।

ਇਸ ਵਿੱਚ ਵੀ ਕੁੱਝ ਗੁਰੂ ਸਾਹਿਬਾਨ ਦੀਆਂ ਮਨੋਕਲਪਿਤ ਫੋਟੋਆਂ ਅਤੇ ਆਪਣੇ ਪਹਿਲੇ ਡੇਰੇਦਾਰਾਂ (ਅਖੌਤੀ ਮਹਾਪੁਰਖਾਂ) ਦੀਆਂ ਫੋਟੋ ਆਦਿ ਲਗਾਈਆਂ ਜਾਂਦੀਆਂ ਹਨ। ਜਿਨਾਂ ਚਿਰ ਇਹ ਅਖੌਤੀ ਮਹਾਪੁਰਖ ਆਪਣੇ ਇਸ ਤੱਪ-ਸਥਾਨ ਜਾਂ ਸੱਚਖੰਡ ਦਾ ਆਪ ਦਰਵਾਜ਼ਾ ਨਹੀਂ ਖੋਲਦੇ, ਕਿਸੇ ਨੂੰ ਇਸ ਦੇ ਨੇੜੇ ਜਾਣ ਦੀ ਆਗਿਆ ਨਹੀਂ ਹੁੰਦੀ। ਇਹ ਭਾਵੇਂ ਅੰਦਰ ਦੇਰ ਤੱਕ ਅਰਾਮ ਫੁਰਮਾ ਰਹੇ ਹੋਣ, ਭੋਲੇ ਸ਼ਰਧਾਲੂ ਇਹ ਸਮਝਦੇ ਹਨ ਕਿ ਮਹਾਪੁਰਖ ਭਗਤੀ ਕਰ ਰਹੇ ਹਨ। ਕਿਸੇ ਵਿਸ਼ੇਸ਼ ਵਿਅਕਤੀ ਨੂੰ ਪ੍ਰਭਾਵਤ ਕਰਨਾ ਹੋਵੇ ਤਾਂ ਵਿਸ਼ੇਸ਼ ਤੌਰ `ਤੇ ਉਸ ਨੂੰ ਉਥੇ ਜਾਣ ਦਾ ਮਾਣ ਦਿੱਤਾ ਜਾਂਦਾ ਹੈ। ਬਹੁਤਿਆਂ ਨੇ ਇਨ੍ਹਾਂ ਕਮਰਿਆਂ ਵਿੱਚ ਲੁਕਾ ਕੇ ਏ. ਸੀ. ਆਦਿ ਲਗਵਾਏ ਹੁੰਦੇ ਹਨ, ਜਿਸ ਨਾਲ ਆਮ ਆਦਮੀ ਬਹੁਤ ਪ੍ਰਭਾਵਤ ਹੁੰਦੇ ਹਨ ਕਿ ਇਥੇ ਦਾ ਠੰਡਾ ਮਾਹੌਲ ਮਹਾਪੁਰਖਾਂ ਦੇ ਤੱਪ ਦਾ ਪ੍ਰਤਾਪ ਹੈ। ਬਹੁਤੇ ਡੇਰਿਆ ਵਿੱਚ ਇਹ ਸੱਚਖੰਡ ਆਖੇ ਜਾਣ ਵਾਲੇ ਕਮਰਿਆਂ ਵਿੱਚ ਅਕਸਰ ਬੱਚੀਆਂ ਦਾ ਸਰੀਰਕ ਸੋਸ਼ਣ ਹੁੰਦਾ ਹੈ। ਆਮ ਤੌਰ `ਤੇ ਇਨ੍ਹਾਂ ਬੱਚੀਆਂ ਨੂੰ ਕਦੇ ਨਾਮ ਦੇਣ ਦੇ ਨਾਂ `ਤੇ, ਕਦੇ ਪੁੱਤਰ ਦੀ ਦਾਤ ਦੇਣ ਦੇ ਨਾਂ `ਤੇ ਜਾਂ ਕਦੇ ਕਿਸੇ ਹੋਰ ਬਹਾਨੇ ਉਥੇ ਬੁਲਾਇਆ ਜਾਂਦਾ ਹੈ। ਇਕਸਾਰਤਾ ਬਣਾ ਕੇ ਰਖਣ ਲਈ ਕਦੇ ਕਿਸੇ ਮਰਦ ਨੂੰ ਵੀ ਬੁਲਾ ਲਿਆ ਜਾਂਦਾ ਹੈ ਕਿ ਕਿਸੇ ਨੂੰ ਸ਼ੱਕ ਨਾ ਹੋਵੇ। ਮਹਾਪੁਰਖ ਜੀ ਐਯਾਸ਼ੀ ਕਰ ਰਹੇ ਹੁੰਦੇ ਹਨ ਜਾਂ ਅਰਾਮ ਫੁਰਮਾ ਰਹੇ ਹੁੰਦੇ ਹਨ ਅਤੇ ਭੋਲੇ ਲੋਕ ਸਮਝਦੇ ਹਨ ਕਿ ਅੰਦਰ ਤੱਪ ਕਰ ਰਹੇ ਹਨ। ਜਦੋਂ ਕੋਈ ਡੇਰੇਦਾਰ ਮਰ ਜਾਂਦਾ ਹੈ ਤਾਂ ਉਸ ਦੇ ਸੱਚਖੰਡ ਜਾਂ ਤੱਪ ਅਸਥਾਨ ਨੂੰ ਨੁਮਾਇਸ਼ ਲਈ ਤਿਆਰ ਕਰ ਲਿਆ ਜਾਂਦਾ ਹੈ, ਉਸ ਦੇ ਕੋਈ ਬਸਤਰ, ਬਰਤਨ, ਹੋਰ ਵਰਤਣ ਦੀਆਂ ਚੀਜ਼ਾਂ ਅਤੇ ਜੁੱਤੀਆਂ ਆਦਿ ਉਥੇ ਬੜੇ ਸਜਾ ਕੇ ਰੱਖ ਦਿੱਤੇ ਜਾਂਦੇ ਹਨ। ਭੋਲੇ-ਭਾਲੇ ਸ਼ਰਧਾਲੂ ਉਥੇ ਵੱਡੀਆਂ ਭੇਟਾਵਾਂ ਰੱਖ ਕੇ ਉਨ੍ਹਾਂ ਵਸਤੂਆਂ ਨੂੰ ਮੱਥੇ ਟੇਕਦੇ ਹਨ। ਉਸ ਅਸਥਾਨ ਪ੍ਰਤੀ ਸੰਗਤਾਂ ਵਿੱਚ ਵੱਡਾ ਸਤਿਕਾਰ ਹੁੰਦਾ ਹੈ ਕਿ ਵੱਡੇ ਮਹਾਪੁਰਖਾਂ ਦਾ ਤੱਪ-ਅਸਥਾਨ ਸਚਖੰਡ ਹੈ। ਨਵਾਂ ਡੇਰੇਦਾਰ ਆਪਣੇ ਲਈ ਨਵਾਂ ਤਪ-ਅਸਥਾਨ ਤਿਆਰ ਕਰਵਾ ਲੈਂਦਾ ਹੈ।

ਬਾਕੀ ਇਮਾਰਤ ਗੁਰਦੁਆਰੇ ਵਰਗੀ ਹੁੰਦੀ ਹੈ, ਪਰ ਕਿਸੇ ਡੇਰੇ ਵਿੱਚ ਲਾਇਬਰੇਰੀ ਨਹੀਂ ਮਿਲੇਗੀ। ਹਾਂ ਆਪਣੇ ਵੱਡੇ ਮਹਾਪੁਰਖਾਂ ਦੀਆਂ ਕਿਤਾਬਾਂ ਆਪਣੇ ਡੇਰੇ ਦਾ ਛਪਿਆ ਸਾਹਿਤ ਅਤੇ ਬਾਬਿਆਂ ਦੀਆਂ ਫੋਟੋਆਂ ਵੇਚਣ ਵਾਸਤੇ ਸਟਾਲ ਜ਼ਰੂਰ ਮਿਲ ਜਾਣਗੇ। ਅਜ ਕਈੇ ਅਖੌਤੀ ਬਾਬੇ ਸਕੂਲ, ਕਾਲਜ ਅਤੇ ਹਸਪਤਾਲ ਵੀ ਬਣਾ ਰਹੇ ਹਨ, ਪਰ ਇਹ ਸਮਾਜ ਸੇਵਾ ਦੇ ਨਾਂ `ਤੇ ਇੱਕ ਵੱਡਾ ਧੰਦਾ ਬਣ ਗਿਆ ਹੈ। ਜਿਸ ਵਿੱਚ ਸੰਸਥਾ ਬਨਾਉਣ ਲਈ ਮਾਇਆ ਸੰਗਤ ਕੋਲੋਂ ਇਕੱਤਰ ਕੀਤੀ ਜਾਂਦੀ ਹੈ, ਅਤੇ ਉਸ ਦੀ ਕਮਾਈ ਡੇਰੇ ਨੂੰ ਆਉਂਦੀ ਹੈ। ਇਥੋਂ ਤੱਕ ਕਿ ਬਹੁਤੀ ਸਾਰੀ ਮਾਇਆ ਸੰਗਤ ਕੋਲੋਂ ਸੰਸਥਾ ਚਲਾਉਣ ਦੇ ਨਾਂ `ਤੇ ਵੀ ਇਕੱਤਰ ਹੁੰਦੀ ਰਹਿੰਦੀ ਹੈ।

(ਦਾਸ ਦੀ ਨਵੀਂ ਕਿਤਾਬ "ਖਾਲਸਾ ਪੰਥ ਬਨਾਮ ਡੇਰਾਵਾਦ" ਛਪਾਈ ਵਿੱਚ ਹੈ ਜੀ)

ਰਾਜਿੰਦਰ ਸਿੰਘ

(ਮੁੱਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ)

email: [email protected]




.