ਸਭਨਾਂ ਜੀਆਂ ਕਾ ਇਕੁ ਦਾਤਾ-੧
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮਾਇਆ ਦੇ ਪ੍ਰਭਾਵ ਤੋਂ ਪਰੇ ਅਕਾਲ ਪੁਰਖ ਅਪਣੇ ਆਪ ਤੋਂ ਹੈ ਸੈਭੰ ਹੈ ਕਿਉਂਕਿ ਨਾ ਹੀ ਉਸਨੂੰ ਕਿਸੇ
ਨੇ ਸਥਾਪਿਤ ਕੀਤਾ ਹੈ ਤੇ ਨਾ ਹੀ ਕਿਸੇ ਨੇ ਰਚਿਆ ਹੈ।(ਵਿਸਥਾਰ ਲਈ ਪੜੋ ਲੇਖ ਸੈਭੰ) ਸਾਨੂੰ ਉਸ
ਗੁਣਾਂ ਦੇ ਅਮੁੱਕ ਭੰਡਾਰ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਕਿਉਂਕਿ ਉਸ ਨੂੰ ਸਿਮਰੇ ਤੇ ਹੀ ਸਭ
ਇਜ਼ਤ ਮਾਣ ਮਿਲਣਾ ਹੈ।ਸਾਨੂੰ ਉਸ ਪ੍ਰਤੀ ਮਨ ਵਿਚ ਅਥਾਹ ਪਿਆਰ ਰੱਖ ਕੇ ਉਸ ਦੀ ਸਿਫਤ ਸਲਾਹ ਬਾਰੇ
ਗਾਉਣਾ ਤੇ ਸੁਨਣਾ ਚਾਹੀਦਾ ਹੈ।ਰੱਬ ਦਾ ਨਾਮ ਅਤੇ ਗਿਆਨ ਗੁਰੂ ਰਾਹੀਂ ਪ੍ਰਾਪਤ ਹੁੰਦਾ ਹੈ ਤੇ ਗੁਰੂ
ਰਾਹੀਂ ਹੀ ਇਹ ਸਮਝ ਆਉਂਦੀ ਹੈ ਕਿ ਪ੍ਰਮਾਤਮਾ ਹਰ ਥਾਂ ਹਾਜ਼ਰ ਨਾਜ਼ਰ ਹੈ, ਸਰਵ ਵਿਆਪਕ ਹੈ।ਗੁਰੂ ਹੀ
ਸਾਡੇ ਲਈ ਗੋਰਖ ਤੇ ਬ੍ਰਹਮਾ ਹੈ ਤੇ ਗੁਰੂ ਹੀ ਸਾਡੇ ਲਈ ਮਾਈ ਪਾਰਬਤੀ ਹੈ। ਸਾਡੇ ਲਈ ਗੁਰੂ ਹੀ ਸਭ
ਕੁਝ ਹੈ। ਪ੍ਰਮਾਤਮਾ ਦੀ ਤੇ ਉਸ ਦੇ ਹੁਕਮ ਦੀ ਵਿਸ਼ਾਲਤਾ ਏਨੀ ਹੈ ਕਿ ਜੇ ਮੈਂ ਸਮਝ ਵੀ ਲਵਾਂ ਤਾਂ ਵੀ
ਬਿਆਨ ਨਹੀਂ ਕਰ ਸਕਦਾ।ਹੇ ਸਤਿਗੁਰ! ਮੇਰੀ ਤੇਰੇ ਅੱਗੇ ਅਰਦਾਸ ਹੈ ਕਿ ਮੈਨੂੰ ਇਹ ਸਮਝ ਦੇਹ ਕਿ
ਮੈਨੂੰ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਇਕ ਅਕਾਲ ਪੁਰਖ ਕਦੇ ਵੀ ਨਾ ਵਿਸਰੇ ਤੇ ਸਭ ਨੂੰ ਉਸੇ
ਇਕ ਦੀ ਰਚਨਾ ਸਮਝ ਕੇ ਇਕ ਨਜ਼ਰ ਵੇਖਾਂ।
ਥਾਪਿਆ ਨ ਜਾਇ ਕੀਤਾ ਨ ਹੋਇ ॥ ਆਪੇ ਆਪਿ ਨਿਰੰਜਨੁ ਸੋਇ ॥ ਜਿਨਿ ਸੇਵਿਆ
ਤਿਨਿ ਪਾਇਆ ਮਾਨੁ ॥ ਨਾਨਕ ਗਾਵੀਐ ਗੁਣੀ ਨਿਧਾਨੁ ॥ ਗਾਵੀਐ ਸੁਣੀਐ ਮਨਿ ਰਖੀਐ ਭਾਉ ॥ ਦੁਖੁ ਪਰਹਰਿ
ਸੁਖੁ ਘਰਿ ਲੈ ਜਾਇ ॥ ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ ॥ ਗੁਰੁ ਈਸਰੁ ਗੁਰੁ
ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥ ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ ॥ ਗੁਰਾ ਇਕ ਦੇਹਿ
ਬੁਝਾਈ ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥ ੫ ॥ (ਜਪੁਜੀ, ਮ: ੧, ਪੰਨਾ ੨)
ਅਸੀਂ ਮੂਰਤੀਆਂ ਦੀ ਸਥਾਪਨਾ ਕਰਦੇ ਹਾਂ ਜੋ ਬੁਤਘਾੜੇ ਕਲਾਕਾਰਾਂ ਦੀਆਂ ਬਣਾਈਆਂ ਹੁੰਦੀਆਂ ਹਨ ਜੋ
ਵੱਖ ਵੱਖ ਪਦਾਰਥਾਂ ਨਾਲ ਇਨ੍ਹਾਂ ਮੂਰਤੀਆਂ ਨੂੰ ਬਣਾਉਂਦਾ ਹੈ ਪਰ ਪਰਮਾਤਮਾ ਤਾਂ ਨਾ ਕਿਸੇ ਦਾ
ਬਣਾਇਆ ਹੋਇਆ ਹੈ ਤੇ ਨਾ ਹੀ ਇਸ ਨੂੰ ਕਿਸੇ ਨੇ ਥਾਪਿਆ ਹੈ ।ਇਹ ਤਾਂ ਨਿਰਅੰਜਨ ਹੈ ਭਾਵ ਵਸਤੂ-ਜਗਤ
ਤੋਂ ਬਾਹਰ ਹੈ ਮਾਇਆ ਤੋਂ ਰਹਿਤ ਹੈ । ਮਾਇਆ ਤਾਂ ਪ੍ਰਮਾਤਮਾ ਦੀ ਰਚੀ ਹੋਈ ਹੈ ਸੋ ਮਾਇਆ ਤੋਂ ਰਚੀ
ਹੋਈ ਕੋਈ ਮੂਰਤ ਭਲਾ ਪ੍ਰਮਾਤਮਾ ਦਾ ਰੂਪ ਕਿਵੇਂ ਹੋ ਸਕਦੀ ਹੈ ? ਪਰਮਾਤਮਾ ਤਾਂ ਮਾਇਆ ਦੇ ਤਿੰਨ
ਗੁਣਾਂ ਰਜ, ਤਮ ਤੇ ਸਤ ਤੋਂ ਰਹਿਤ ਸ਼ੁਧ ਸਰੂਪ ਹੈ॥ ਉਹ ਸੈਭੰ ਹੈ ਜਿਸਦੀ ਵਿਆਖਿਆ ਪਹਿਲਾਂ ਕੀਤੀ ਜਾ
ਚੁਕੀ ਹੈ।
ਪਰਮਾਤਮਾ ਦੀ ਸੇਵਾ:
ਜਿਨ੍ਹਾਂ ਲੋਕਾਂ ਨੇ ਉਸ ਦੀ ਸੇਵਾ ਕੀਤੀ, ਉਨ੍ਹਾਂ ਸਭ ਲੋਕਾਂ ਵਿਚ ਇਜ਼ਤ ਮਾਣ ਪਾਇਆ ਹੈ:
ਜਿਨਿ ਸੇਵਿਆ ਤਿਨਿ ਪਾਇਆ ਮਾਨੁ॥
ਪਰ ਜੇ ਪਰਮਾਤਮਾ ਜ਼ਾਹਿਰਾ ਨਹੀਂ, ਮਾਇਆ ਰੂਪ ਨਹੀਂ ਮੂਰਤੀ ਸਵਰੂਪ ਨਹੀਂ ਤਾਂ ਉਸ ਦੀ ਸੇਵਾ ਕਿਵੇਂ
ਕਰੀਏ ? ਗੁਰੂ ਜੀ ਫੁਰਮਾਉਂਦੇ ਹਨ ਕਿ ਉਸ ਦੀ ਸੇਵਾ ਉਸ ਦਾ ਨਾਮ ਜਪਣਾ ਹੈ:
ਜਨੁ ਰਾਤਾ ਹਰਿ ਨਾਮ ਕੀ ਸੇਵਾ॥ ਨਾਨਕ ਪੂਜੈ ਹਰਿ ਹਰਿ ਦੇਵਾ॥ (ਸੁਖਮਨੀ, ਪੰਨਾ ੨੬੫)
ਉਸ ਦੀ ਸੇਵਾ ਉਸ ਦੇ ਹੁਕਮ ਰਜ਼ਾ ਵਿਚ ਚਲਣਾ ਹੈ:
ਗੋਬਿੰਦ ਕੀ ਐਸੀ ਕਾਰ ਕਮਾਇ॥
ਜੋ ਕਿਛੁ ਕਰੇ ਸੁ ਸਤਿ ਕਰਿ ਮਾਨਹੁ ਗੁਰਮੁਖਿ ਨਾਮਿ ਰਹਹੁ ਲਿਵ ਲਾਇ॥(ਸਾਰੰਗ ਮ: ੪, ਪੰਨਾ ੧੧੯੯)
ਜਿਸ ਠਾਕੁਰ ਸਿਉ ਨਹੀ ਚਾਰਾ॥ ਤਾ ਕਉ ਕੀਜੈ ਸਦ ਨਮਸਕਾਰਾ॥
ਜਿਸੁ ਜਨ ਅਪਨਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨਿ ਪਾਇਆ॥ ( ਸੁਖਮਨੀ, ਪੰਨਾ ੨੬੮)
ਆਪੇ ਕਰੇ ਕਰਾਏ ਕਰਤਾ ਕਿਸਨੋ ਆਖਿ ਸੁਣਾਈਐ॥
ਦੁਖ ਸੁਖ ਤੇਰੇ ਭਾਣੈ ਹੋਵੈ ਕਿਸ ਥੈ ਜਾਇ ਰੂਆਈਐ॥
ਹੁਕਮੀ ਹੁਕਮਿ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ॥ ( ਆਸਾ ਮ:੧, ਪੰਨਾ ੪੧੮)
ਉਪਰੋਕਤ ਸੇਵਾ ਹੈ ਮਨ ਦੀ। ਤਨ ਰਾਹੀਂ ਸੇਵਾ ਕਿਵੇਂ ਕੀਤੀ ਜਾਵੇ ? ਤਨ ਦੀ ਸੇਵਾ ਸਤਿਸੰਗਤ ਦੀ ਸੇਵਾ
ਹੈ, ਸੰਤਾਂ ਦੀ ਸੇਵਾ ਹੈ। ਸੰਤ ਦੀ ਸੇਵਾ ਤੇ ਸੰਗਤ ਦੀ ਸੇਵਾ ਵਾਹਿਗੁਰੂ ਦੀ ਸੇਵਾ ਹੈ:
ਸੰਤ ਹੇਤਿ ਪ੍ਰਭਿ ਤ੍ਰਿਭਵਣ ਧਾਰੇ॥ (ਗਉੜੀ ਮ: ੧, ਪੰਨਾ ੨੨੪)
ਜਿਸ ਨੂੰ ਪ੍ਰਮਾਤਮਾ ਨੇ ਅਪਣਾ ਹੁਕਮ ਮਨਾਇਆ, ਜੋ ਹੁਕਮ ਰਜ਼ਾ ਵਿਚ ਆ ਗਿਆ ਉਸ ਨੂੰ ਸਭ ਕੁਝ ਤੇ
ਸਾਰੀਆਂ ਬਖਸ਼ਿਸ਼ਾਂ ਮਿਲ ਗਈਆਂ।ਬਖਸ਼ਿਸ਼ਾਂ ਵਿਚ ਜੇ ਮਾਇਆ ਇਕੱਠੀ ਹੋਵੇ ਉਹ ਗਰੀਬਾਂ ਨੂੰ ਵੰਡੇ:
ਘਾਲਿ ਖਾਇ ਕਿਛੁ ਹਥੋਂ ਦੇਹਿ॥ ਨਾਨਕ ਰਾਹੁ ਪਛਾਣਹਿ ਸੇਇ॥ (ਸਾਰੰਗ ਵਾਰ ਮ: ੪, ਪੰਨਾ ੧੨੪੫)
ਪਰ ਹੋਵੇ ਸਿਰਫ ਵਾਹਿਗੁਰੂ ਦੇ ਨਮਿਤ, ਕੋਈ ਇਛਾ ਰੱਖਕੇ ਨਾ ਕੋਈ ਦਾਨ ਪੁੰਨ ਕੀਤਾ ਜਾਵੇ।ਸਰਬਤ ਦਾ
ਭਲਾ ਮੰਗੇ, ਸੇਵਾ ਕਰੇ ਦਾਨ ਦੇਵੇ। ਸੱਚੇ ਮਾਰਗ ਚੱਲੇ ਤਾਂ ਸਾਰਾ ਜਹਾਨ ਉਸਤਤਿ ਕਰਦਾ ਹੈ:
ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ॥ (ਬਾਰਹ ਮਾਹਾ, ਮ:੫, ਪੰਨਾ ੧੩੬)
ਜਿਨ੍ਹਾਂ ਮਨ, ਤਨ ਤੇ ਧਨ ਕਰਕੇ ਸੇਵਿਆ ਉਨ੍ਹਾਂ ਲੋਕਾਂ ਨੇ ਲੋਕ ਪ੍ਰਲੋਕ ਵਿਚ ਮਾਣ ਪਾਇਆ ਹੈ, ਇਸ
ਲਈ ਗੁਣਾਂ ਦੇ ਨਿਧਾਨ ਪ੍ਰਮਾਮਾ ਦੇ ਗੁਣ ਹਮੇਸ਼ਾਂ ਗਾਉਣੇ ਚਾਹੀਦੇ ਹਨ। ਉਹ ਗੁਣਾਂ ਦਾ ਖਜ਼ਾਨਾ ਹੈ,
ਜੇ ਉਸ ਦੇ ਗੁਣ ਗਾਵਾਂਗੇ ਤਾਂ ਗਾਂਦਿਆ ਸਾਡੇ ਮਨ ਵੀ ਉਨ੍ਹਾਂ ਗੁਣਾਂ ਦੇ ਧਾਰਨੀ ਹੋਣਗੇ ਤੇ ਸਾਡੇ
ਅੰਦਰ ਵਸੀ ਮਾਇਆ ਮੋਹ ਦੀ ਮੈਲ ਉਤਰ ਜਾਵੇਗੀ ਤੇ ਹਉਮੈਂ ਦੀ ਜ਼ਹਿਰ ਖਤਮ ਹੋ ਜਾਵੇਗੀ।
ਗੁਨ ਗਾਵਤ ਤੇਰੀ ਉਤਰਸ ਮੈਲੁ॥ ਬਿਨਸਿ ਜਾਇ ਹਉਮੈ ਬਿਖੁ ਫੈਲੁ॥ (ਸੁਖਖਮਨੀ, ਪੰਨਾ ੨੮੯)
ਸਾਰੀ ਗੁਰਬਾਣੀ ਸਿਫਤ ਸਲਾਹ ਤੇ ਕੀਰਤਨ ਤੇ ਗੁਣ ਗਾਣ ਬਾਰੇ ਸਮਝਾਉਂਦੀ ਹੈ:
ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ॥ (ਸੂਹੀ ਮ: ੪, ਪੰਨਾ ੭੩੪)
ਜੇ ਗੱਲਾਂ ਵੀ ਕਰਨੀਆ ਹਨ ਤਾਂ ਸਿਰਜਣਹਾਰ ਦੀਆਂ ਹੀ ਕਰੋ।
ਗਲੀ ਗਲਾ ਸਿਰਜਣਹਾਰ॥ (ਆਸਾ ਮ: ੧, ਪੰਨਾ ੩੫੧)
ਸਿਰਫ ਗਾਈਏ ਹੀ ਨਹੀਂ ਬਲਕਿ ‘ਗਾਵੀਐ ਸੁਣੀਐ ਮਨਿ ਰਖੀਐ ਭਾਉ॥’ ਰਸਨਾ ਨਾਲ ਗਾਈਏ, ਕੰਨਾਂ ਨਾਮ
ਸੁਣੀਏ ਤੇ ਗਾਉਂਦੇ ਸੁਣਦੇ ਪ੍ਰਮਾਤਮਾ ਪ੍ਰਤੀ ਮਨ ਵਿਚ ਅਥਾਹ ਪ੍ਰੇਮ ਰੱਖੀਏ।ਪ੍ਰੇਮ ਨਾਲ ਪ੍ਰਮਾਤਮਾ
ਦੇ ਗੁਣ ਗਾਵੋ ਤੇ ਸੁਣੋ।
ਗਾਵੀਐ ਸੁਣੀਐ ਮਨਿ ਰਖੀਐ ਭਾਉ॥
ਜੇ ਕੋਈ ਗਾਉਂਦਾ ਹੈ ਤਾਂ ਉਸ ਨੂੰ ਪ੍ਰੇਮ ਨਾਲ ਸੁਣੀਏ ਤੇ ਸ਼ਬਦ ਰਾਹੀਂ ਪ੍ਰਮਾਤਮਾ ਨਾਲ ਜੁੜੀਏ । ਉਸ
ਨਾਲ ਪ੍ਰੇਮ ਭਾਵ ਨਾਲ ਧਿਆਨ ਜੋੜੀਏ ਜਿਸ ਦੇ ਫਲਸਰੂਪ ਸਾਰੇ ਦੁੱਖ ਦੂਰ ਹੋ ਜਾਣਗੇ, ਦੁਖਾਂ ਦਾ ਨਾਸ
ਹੋ ਜਾਵੇਗਾ ਤੇ ਸੁੱਖਾਂ ਦਾ ਘਰ (ਨਿਜ ਘਰ) ਮਿਲ ਜਾਵੇਗਾ।ਜਿਉਂ ਜਿਉਂ ਗੁਰਬਾਣੀ ਦਾ ਪਾਠ ਕਰਾਂਗੇ
ਤਿਉਂ ਤਿਉਂ ਦੁੱਖ ਦੂਰ ਹੁੰਦੇ ਜਾਣਗੇ ਤੇ ਸੁੱਖਾਂ ਦਾ ਘਰ ਮਿਲਦਾ ਜਾਵੇਗਾ।
ਦੁਖ ਪਰਹਰਿ ਸੁਖੁ ਘਰਿ ਲੈ ਜਾਇ॥
ਇਹ ਸੰਸਾਰਕ ਸੁੱਖ ਤਾਂ ਦੁੱਖਾਂ ਨਾਲ ਮਿਲੇ ਹੋਏ ਹਨ:
ਹਰਖੰ ਤ ਸੋਗੰ ਭੋਗੰ ਤ ਰੋਗੰ (ਸਲੋਕ ਸਹਸਕ੍ਰਿਤੀ ਮ: ੫, ਪੰਨਾ ੧੩੫੫)
ਸੁੱਖਾਂ ਦਾ ਘਰ ਕਿਹੜਾ ਹੈ? ਨਿਰੋਲ ਸੁੱਖਾਂ ਦਾ ਭੰਡਾਰ ਤਾਂ ਪਰਮ ਪੁਰਖ ਪ੍ਰਮਾਤਮਾ ਹੈ, ਜਿਥੇ ਦੁੱਖ
ਨਹੀਂ ਅਨੰਦ ਹੀ ਅਨੰਦ ਹੈ:
ਅਨਦ ਮੰਗਲ ਸੁਖ ਪਾਏ॥ (ਸੋਰਠ ੫, ਪੰਨਾ ੬੨੧)
ਕੋਈ ਬ੍ਰਹਮਾ, ਕੋਈ ਵਿਸ਼ਨੂ ਤੇ ਕੋਈ ਸ਼ਿਵ ਜੀ ਦੀ ਤੇ ਕੋਈ ਦੇਵੀਆਂ ਪਾਰਬਤੀ ਸਰਸਵਤੀ ਆਦਿ ਦੀ ਪੂਜਾ
ਕਰਦਾ ਹੈ ਪਰ ਜੋ ਫਲ ਪਰਮਾਤਮਾ ਨਾਲ ਸੁਮੇਲ ਦਾ ਗੁਰੂ ਦੀ ਸੇਵਾ ਸਦਕਾ ਮਿਲਦਾ ਹੈ ਉਹ ਹੋਰ ਕਿਤੋਂ
ਨਹੀਂ ਮਿਲਦਾ:
ਗੁਰਮੁਖਿ ਨਾਦੰ ਗੁਰਮਖਿ ਵੇਦੰ ਗੁਰਮਖਿ ਰਹਿਆ ਸਮਾਈ॥
ਹਿੰਦੂ ਮਿਥਿਹਾਸ ਅਨੁਸਾਰ ਬ੍ਰਹਮਾ ਨੂੰ ਉਤਪਤੀ ਕਰਨ ਵਾਲਾ, ਵਿਸ਼ਨੂੰ ਪਾਲਣਾ ਕਰਨ ਵਾਲਾ ਸ਼ਿਵ ਸ਼ੰਹਾਰ
ਕਰਨ ਵਾਲਾ ਤੇ ਪਾਰਬਤੀ ਵਰ ਦੇਣ ਵਾਲੀ ਹੈ। ਸਿੱਖ ਦੇ ਹਿਰਦੇ ਵਿਚ ਬ੍ਰਹਮਾ ਵਾਂਗ ਦੈਵੀ ਗੁਣਾਂ ਦੀ
ਉਤਪਤੀ ਆਪ ਗੁਰੂ ਕਰਦੇ ਹਨ।
ਸਤਿਗੁਰ ਗੁਰ ਕੀ ਕਰੈ ਪ੍ਰਤਿਪਾਲ॥ ਸੇਵਕ ਕਉ ਗੁਰ ਸਦਾ ਦਇਆਲ॥ (ਗਉੜੀ ੫, ਪੰਨਾ ੨੮੬)
ਇਸ ਹਿਸਾਬ ਨਾਲ ਗੁਰੂ ਜੋ ਪ੍ਰਤਿਪਾਲਕ ਹੈ ਵਿਸ਼ਨੂ (ਗੋਰਖ) ਸਮਾਨ ਹੈ। ਜਿਤਨੀਆਂ ਬਦੀਆਂ, ਖੋਟ
ਸੰਸਕਾਰ ਤੇ ਵਿਕਾਰ ਹਨ ਸਭ ਗੁਰੂ ਦੀ ਸੰਗਤ ਨਾਲ ਨਾਸ਼ ਹੋ ਜਾਂਦੇ ਹਨ ਇਸ ਤਰ੍ਹਾਂ ਗੁਰੂ ਹੀ ਸ਼ਿਵ
ਹੋਇਆ।
ਇਛਾ ਪੂਰਕ ਸਰਬ ਸੁਖ ਦਾਤਾ ਜਾਕੈ ਵਸਿ ਹੈ ਕਾਮ ਧੇਨਾ॥ (ਧਨਾਸਰੀ ੫, ਪੰਨਾ ੬੬੯)
ਗੁਰੂ ਹਮੇਸ਼ਾਂ ਹੀ ਸਿਖਾਂ ਨੂੰ ਵਰ ਬਖਸ਼ਦੇ ਹਨ ਪਾਰਬਤੀ ਵਾਂਗਰਾਂ । ਗੁਰੂ ਦੇ ਮੁਖ ਵਿਚ ਹੀ ਯੋਗ ਤੇ
ਜਿਤਨੀ ਯੋਗ ਵਿਦਿਆ ਹੈ ਉਹ ਵੀ ਗੁਰੂ ਦੀ ਰਸਨਾ ਵਿਖੇ ਹੈ, ਫਿਰ ਜਿਤਨੇ ਵੇਦਾਂ ਦੀ ਵਿਦਿਆ ਹੈ ਓਹ ਵੀ
ਓਥੇ ਹੀ ਹੈ ਤੇ ਵਾਹਿਗੁਰੂ ਆਪ ਉਨ੍ਹਾਂ ਦੀ ਰਸਨਾ ਵਿਚ ਸਮਾ ਰਿਹਾ ਹੈ:
ਸਭਿ ਨਾਦ ਬੇਦ ਗੁਰਬਾਣੀ॥ ਮਨੁ ਰਾਤਾ ਸਾਰਿਗ ਪਾਣੀ॥ (ਰਾਮਕਲੀ ਮ: ੧, ਪੰਨਾ ੮੭੯)
ਪ੍ਰਮਾਤਮਾ ਨਾਦ ਵਿਦਿਆ ਦੇ ਮਾਲਕ ਹਨ ਤੇ ਸਤਿਗੁਰ ਹੀ ਸ਼ਿਵ ਹੈ, ਗੋਰਖ (ਵਿਸ਼ਨੂ), ਬ੍ਰਹਮਾ, ਪਾਰਬਤੀ
ਮਾਈ ਇਹ ਸਭ ਗੁਰੂ ਹੀ ਹੈ, ਗੁਰੂ ਕੀ ਮਹਿਮਾ ਕੌਣ ਜਾਣੇ:
ਗੁਰ ਕੀ ਮਹਿਮਾ ਬੇਦ ਨ ਜਾਣਹਿ॥ ਤੁਛ ਮਾਤ ਸੁਣਿ ਸੁਣਿ ਵਖਾਣਹਿ॥ (ਮਾਰੂ ਸੋਲਹੇ, ਮ: ੫, ਪੰਨਾ
੧੦੭੮)
ਗੁਰੂ ਦੀ ਮਹਿਮਾ ਕੋਈ ਨਹੀਂ ਜਾਣਦਾ, ਇਸ ਲਈ ‘ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨੁ ਨ ਜਾਈ॥’ ਜੇ
ਮੈਂ ਜਾਣਾ ਤਾਂ ਕੀ ਆਖਾਂ ਕੀ ਨਾ ਆਖਾਂ॥ ਪ੍ਰਮਾਤਮਾ ਦੀ ਮਹਿਮਾ ਕਥਨ ਵਿਚ ਆ ਹੀ ਨਹੀਂ ਸਕਦੀ।
ਇਸ ਲਈ ਗੁਰੂ ਦੀ ਸ਼ਰਨ ਵਿਚ ਆ ਕੇ ਬੇਨਤੀ ਕਰੀਏ: ‘ਗੁਰਾ ਇਕ ਦੇਹਿ ਬੁਝਾਈ॥’ਹੇ ਸਤਿਗੁਰੂ ਮੈਨੂੰ ਇਹ
ਗਿਆਨ ਦਿਉ, ਇਕ ਸੂਝ ਇਕ ਬੂਝ ਦਿਉ: ‘ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰੁ ਨ ਜਾਈ॥’ ਇਕੋ ਇਕ
ਦਾਤਾ ਹੈ ਜਿਸ ਨੇ ਸਾਰੇ ਜੀ ਰਚੇ ਹਨ ਤੇ ਸੰਭਾਲਦਾ ਹੈ ਉਹ ਦਾਤਾ ਮੈਨੂੰ ਕਦੇ ਨਾ ਭੁਲੇ ਤੇ ਨਾ ਦੂਜੇ
ਕੋਲ ਜਾਣਾ ਪਵੇ:
ਹਰਿ ਇਕੋ ਦਾਤਾ ਸੇਵੀਐ ਹਰਿ ਇਕੁ ਧਿਆਈਐ॥ ਹਰਿ ਇਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ।
ਜੇ ਦੂਜੇ ਪਾਸਹੁ ਮੰਗੀਐ ਤਾਂ ਲਾਜ ਮਰਾਈਐ॥ (ਵਾਰ ਵਡਹੰਸ ਮ: ੪, ਪੰਨਾ ੫੯੦)