.

(ਸੰਪਾਦਕੀ ਨੋਟ:- ਸ: ਗੁਰਇੰਦਰ ਸਿੰਘ ਪਾਲ ਦਾ ਇਹ ਲੇਖ ਤਿੰਨ ਕਿਸ਼ਤਾਂ ਵਿੱਚ ਛਪੇਗਾ। ਤੀਸਰੀ ਕਿਸ਼ਤ ਛਪਣ ਤੋਂ ਬਾਅਦ ਪਾਠਕ/ਲੇਖਕ ਆਪਣੇ ਵਿਚਾਰ ਦੇ ਸਕਦੇ ਹਨ ਜਾਂ ਸਵਾਲ ਜਵਾਬ ਕਰ ਸਕਦੇ ਹਨ। ਧਰਮ ਨਾਲ ਸੰਬੰਧਿਤ ਕਈ ਮੁੱਦੇ ਐਸੇ ਹੁੰਦੇ ਹਨ ਜਿਹੜੇ ਕਿ ਸਚਾਈ ਦੀ ਥਾਂ ਤੇ ਭਾਵਨਾਵਾਂ ਨਾਲ ਜ਼ਿਆਦਾ ਜੁੜੇ ਹੋਏ ਹੁੰਦੇ ਹਨ। ਸਿੱਖਾਂ ਦੀ ਰਹਿਤ ਮਰਯਾਦਾ ਵੀ ਉਹਨਾ ਵਿਚੋਂ ਇੱਕ ਹੈ। ਦੁਨੀਆ ਦੀ ਹਰ ਇੱਕ ਚੀਜ਼ ਮਰਯਾਦਾ ਭਾਵ ਕਿ ਕਿਸੇ ਨਿਯਮ ਵਿੱਚ ਚਲਦੀ ਹੈ। ਜੇ ਇਹ ਨਿਯਮ ਨਾ ਰਹੇ ਤਾਂ ਉਹ ਠੀਕ ਨਹੀਂ ਚੱਲ ਸਕਦੀ। ਇੱਕ ਛੋਟੀ ਜਿਹੀ ਮਸ਼ੀਨ ਤੋਂ ਲੈ ਕੇ ਵੱਡੀਆਂ ਮਸ਼ੀਨਾ, ਕਾਰਾਂ, ਟਰੱਕ, ਜਹਾਜ ਆਦਿਕ ਦੇ ਸਾਰੇ ਪੁਰਜ਼ੇ ਛੋਟੇ ਤੋਂ ਵੱਡੇ ਤੱਕ ਕਿਸੇ ਨਿਯਮ ਅਧੀਨ ਕੰਮ ਕਰਦੇ ਹਨ। ਜੇ ਕਰ ਇਹ ਨਿਯਮ ਟੁੱਟ ਜਾਵੇ ਤਾਂ ਖਰਾਬੀ ਪੈਦਾ ਹੋ ਜਾਂਦੀ ਹੈ ਅਤੇ ਇਹ ਮਸ਼ੀਨਾ ਠੀਕ ਤਰ੍ਹਾ ਕੰਮ ਨਹੀਂ ਕਰ ਸਕਦੀਆਂ। ਸਮਾਜ ਠੀਕ ਤਰ੍ਹਾਂ ਚਲਦਾ ਰਹੇ ਉਸ ਲਈ ਵੀ ਕੁੱਝ ਨਿਯਮ ਤੈਹ ਕੀਤੇ ਜਾਂਦੇ ਹਨ। ਹਰ ਇੱਕ ਨਾਗਰਿਕ ਦਾ ਫਰਜ਼ ਹੁੰਦਾ ਹੈ ਕਿ ਉਹ ਇਹਨਾ ਨਿਯਮਾ ਦੀ ਪਾਲਣਾ ਕਰੇ। ਧਰਮ ਦਾ ਸੰਬੰਧ ਅੰਤਰ ਆਤਮੇ ਨਾਲ ਹੁੰਦਾ ਹੈ। ਕੀ ਉਸ ਲਈ ਵੀ ਕੋਈ ਨਿਯਮ ਤੈਹ ਕੀਤੇ ਜਾ ਸਕਦੇ ਹਨ? ਇਹਨਾ ਗੱਲਾਂ ਬਾਰੇ ਵਿਚਾਰ ਚਰਚਾ ਇਸ ਲੇਖ ਵਿੱਚ ਕੀਤੀ ਗਈ ਹੈ)

ਰਹਿਤ ਮਰਿਆਦਾ(ਕਿਸ਼ਤ ਪਹਿਲੀ)

“ਸਿੱਖ ਰਹਿਤ ਮਰਯਾਦਾ” ਦਾ ਮੁੱਦਾ ਇੱਕ ਅਜਿਹਾ ਨਾਮੁਰਾਦ ਮੁੱਦਾ ਹੈ ਜੋ ਸ਼ੁਰੂ ਤੋਂ ਹੀ ਗੁਰਬਾਣੀ-ਗ੍ਰੰਥ ਨਾਲ ਨਾਤਾ ਰੱਖਣ ਵਾਲੇ ਲੋਕਾਂ ਦੇ ਹਲਕ ਦੀ ਹੱਡੀ ਬਣਿਆ ਹੋਇਆ ਹੈ। ਇਸ ਵਿਵਾਦੀ ਮੁੱਦੇ ਨੂੰ ਲੈ ਕੇ ਆਪਣੇ ਆਪ ਨੂੰ ਸਿੱਖ ਕਹਿਣ/ਕਹਾਉਣ ਵਾਲੇ ਲੋਕ ਮੂਲ ਰੂਪ ਵਿੱਚ ਚਾਰ ਧੜਿਆਂ ਵਿੱਚ ਵੰਡੇ ਹੋਏ ਹਨ। ਪਹਿਲਾ, ‘ਗੁਰਮਤਿ ਦਾ ਪਾਠ ਪੜ੍ਹਾਉਣ ਵਾਲੇ’ ਪੁਜਾਰੀਆਂ ਤੇ ਗੁਰੂਦਵਾਰਿਆਂ ਦੇ ਪ੍ਰਬੰਧਕਾਂ ਦਾ ਉਹ ਧੜਾ ਹੈ ਜੋ ਇਸ ਰਹਿਤ ਮਰਯਾਦਾ ਨੂੰ “ਗੁਰਮਤਿ-ਅਨੁਸਾਰੀ”, “ਪੰਥ-ਪ੍ਰਵਾਣਿਤ” ਅਤੇ “ਸ੍ਰੀ ਅਕਾਲ ਤਖ਼ਤ ਸਾਹਿਬ ਜੀ” ਤੋਂ ਜਾਰੀ ਕੀਤੀ ਗਈ “ਗੁਰੁ-ਮਰਯਾਦਾ” ਕਹਿ ਕੇ, ਇਸ ਨੂੰ ਗੁਰੂ (ਗ੍ਰੰਥ) ਦੇ ਸਿੱਖਾਂ-ਸੇਵਕਾਂ ਦੇ ਜੀਵਨ ਉੱਤੇ ਜ਼ਬਰਦਸਤੀ ਥੋਪਣ ਲਈ ਬਾ-ਜ਼ਿੱਦ ਹੈ। ਬਹੁਗਿਣਤੀ ਸਿੱਖ ਇਸ ਧੜੇ ਨਾਲ ਸਹਿਮਤ ਹਨ, ਅਤੇ ਉਹ ਇਸ ਰਹਿਤ ਮਰਿਆਦਾ ਨੂੰ ਸਮਰਪਿਤ ਹੋਣ ਦਾ ਦਾਅਵਾ ਵੀ ਕਰਦੇ ਹਨ। ਦੂਜਾ ਧੜਾ ਉਹ ਹੈ ਜੋ ਇਸ ਰਹਿਤ ਮਰਿਆਦਾ ਵਿੱਚ ਕੁੱਝ ਤਰੁੱਟੀਆਂ ਦੱਸ ਕੇ ਇਸ ਵਿੱਚ ਸੋਧ ਕਰਨੀ ਚਾਹੁੰਦਾ ਹੈ। ਤੀਜਾ ਟੋਲਾ ਉਨ੍ਹਾਂ ਸ਼ਾਤਰ ਤੇ ਮੌਕਾ ਪਰਸਤ ਭੇਖਧਾਰੀ ਪਾਖੰਡੀ ਚੁੰਚ-ਗਿਆਨੀਆਂ ਦਾ ਹੈ ਜੋ ਪੌਣ-ਕੁੱਕੜ (weather-cock) ਵਾਂਙ ਸਵਾਰਥ ਦੇ ਲੰਮੇ ਉੱਚੇ ਤੇ ਸੁਰੱਖਿਅਤ ਬਾਂਸ ਉੱਤੇ ਬੈਠੇ ਹਵਾ ਅਨੁਸਾਰ ਆਪਣਾ ਰੁਖ਼ ਬਦਲਦੇ ਰਹਿੰਦੇ ਹਨ; ਅਤੇ, ਇਨ੍ਹਾਂ ਪੌਣ-ਕੁੱਕੜਾਂ ਦੇ ਮਗਰ ਲੱਗੀਆਂ ਪੂਛਾਂ ਵੀ ਏਧਰੋਂ ਓਧਰ ਤੇ ਓਧਰੋਂ ਏਧਰ ਭੁਆਂਟਣੀਆਂ ਹੀ ਖਾਈ ਜਾਂਦੀਆਂ ਹਨ। ਚੌਥੀ ਟੋਲੀ ਗੁਰੂ (ਗ੍ਰੰਥ) ਦੇ ਉਨ੍ਹਾਂ ਮੁੱਠੀ ਭਰ ਸਿੱਖਾਂ-ਸੇਵਕਾਂ ਦੀ ਹੈ ਜੋ ਇਸ ਰਹਿਤ ਮਰਯਾਦਾ ਨੂੰ ਮੂਲੋਂ ਹੀ ਰੱਦ ਕਰਦੇ ਹਨ। ਇਸ ਛੋਟੀ ਜਿਹੀ ਮੰਡਲੀ ਵਿੱਚ ਸਿੱਖਾਂ ਦੀ ਗਿਣਤੀ ਆਟੇ ਵਿੱਚ ਲੂਣ ਦੇ ਬਰਾਬਰ ਵੀ ਨਹੀਂ ਹੈ। ਬਹੁਤੇ ਲੋਕ ਇਨ੍ਹਾਂ ਦਾ ਪੱਖ ਸੁਣਨ ਲਈ ਵੀ ਤਿਆਰ ਨਹੀਂ ਹਨ! ਆਓ! ਰਹਿਤ ਮਰਿਆਦਾ ਦੇ ਇਸ ਗੁੰਝਲਦਾਰ, ਗੰਭੀਰ ਅਤੇ ਵਿਵਾਦੀ ਮਸਲੇ ਉੱਤੇ ਗੁਰਬਾਣੀ-ਗਿਆਨ ਦੀ ਦੈਵੀ ਰੌਸ਼ਨੀ ਵਿੱਚ ਬਿਬੇਕ-ਪੂਰਨ ਨਿਰਪੱਖ ਵਿਚਾਰ ਕਰੀਏ!

ਰਹਿਤ ਮਰਯਾਦਾ ਦੇ ਅਹਿਮ ਵਿਸ਼ੇ ਉੱਤੇ, ਗੁਰਬਾਣੀ ਦੇ ਆਧਾਰ `ਤੇ, ਸੁਵਿਸਤਾਰ ਵਿਚਾਰ ਕਰਨ ਤੋਂ ਪਹਿਲਾਂ, ਇਨ੍ਹਾਂ ਦੋਹਾਂ ਪਦਾਂ (ਰਹਿਤ ਅਤੇ ਮਰਯਾਦਾ) ਦੇ ਸ਼ਾਬਦਿਕ ਅਰਥ ਜਾਣ ਲੈਣਾ ਜ਼ਰੂਰੀ ਹੈ:

ਰਹਤ ਜਾਂ ਰਹਿਤ: ਰਹਿਣ-ਬਹਿਣ, ਧਾਰਨਾ, ਅਮਲ।

ਰਹਣੀ ਜਾਂ ਰਹਿਣੀ: ਰਹਿਣੀ-ਬਹਿਣੀ, ਧਾਰਨਾ, ਅਮਲ, ਰਹਿਤ-ਬਹਿਤ।

ਜੁਗਤਿ: ਜੀਵਨ ਗੁਜ਼ਾਰਨ ਦੇ ਤੌਰ-ਤਰੀਕੇ, ਢੰਗ। ਰੀਤਿ: ਵਿਧੀ, ਤੌਰ-ਤਰੀਕਾ, ਰਿਵਾਜ, ਦਸਤੂਰ।

ਸੰਜਮ, ਚਾਲੀ, ਚਾਲ, ਢਾਲ, ਚਲਣ, ਚੱਜ-ਆਚਾਰ ਆਦਿ: ਇਨ੍ਹਾਂ ਸਾਰੇ ਪਦਾਂ ਦਾ ਅਰਥ ਵੀ: ਰਹਿਤ, ਰਹਿਣੀ ਤੇ ਜੁਗਤਿ ਆਦਿ ਵਾਲਾ ਹੀ ਹੈ।

ਪਧਤਿ: ਪਗ-ਚਿੰਨ੍ਹ, ਨਕਸ਼-ਏ-ਕਦਮ, ਰਾਹ, ਮਾਰਗ; ਰਸਮੋ-ਰਿਵਾਜ, ਰੀਤੀ, ਰਸਮ, ਤਰੀਕਾ, ਢੰਗ। ਕਰਮਕਾਂਡਾਂ ਦੇ ਸੰਸਕਾਰਾਂ ਤੇ ਨਿਯਮਾਂ ਦੀ ਪਾਬੰਦੀ।

ਮਰਜਾਦ/ਮਰਯਾ: ਸੰ: ਨਿਸ਼ਾਨ-ਦੇਹੀ, ਹੱਦਬੰਦੀ, ਵਾੜ-ਵਲਗਨ, ਹੱਦ-ਬੰਨਾਂ, ਹੱਦ ਦੀ ਲਕੀਰ, ਸੀਮਾ-ਰੇਖਾ, ਸਰਹੱਦ, ਚਿੰਨ੍ਹ, ਅਲਾਮਤ, ਨਿਸ਼ਾਨੀ…। ਮਰਯਾਦਾ/ਮਰਜਾਦਾ: ਸੀਮਾ, ਹੱਦ, ਪਾਣੀ ਦੇ ਵਹਿਣ ਦਾ ਕਿਨਾਰਾ, ਸੀਮਾ-ਬੱਧ ਖੇਤ੍ਰ, ਅਤੇ ਸੀਮਿਤ ਖੇਤ੍ਰ ਵਿੱਚ ਨਿਰਧਾਰਤ ਤੇ ਪ੍ਰਚੱਲਿਤ ਨਿਯਮ, ਕਰਮਕਾਂਡਾਂ ਤੇ ਸੰਸਕਾਰਾਂ ਆਦਿ ਦੀ ਪਾਬੰਦੀ।

“ਸਿੱਖ ਰਹਿਤ ਮਰਯਾਦਾ” ਦਾ ਸੱਚ ਸਮਝਣ ਲਈ ਸਾਨੂੰ ਇਹ ਤੱਥ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਮਰਯਾਦਾ ਜਾਂ ਮਰਜਾਦਾ ਪਦ ਦੀ ਵਰਤੋਂ ਗੁਰਬਾਣੀ ਵਿੱਚ ਨਹੀਂ ਕੀਤੀ ਗਈ! ਅਤੇ “ਮਰਜਾਦੁ” ਸ਼ਬਦ ਵੀ ਸਾਰੀ ਬਾਣੀ ਵਿੱਚ ਸਿਰਫ਼ ਤਿੰਨ-ਚਾਰ ਵਾਰ ਹੀ ਆਇਆ ਹੈ! ਦੋ ਥਾਂਵਾਂ `ਤੇ ਤਾਂ ਇਸ ਪਦ ਨਾਲ “ਨ” ਅਗੇਤਰ ਲੱਗਿਆ ਹੋਇਆ ਹੈ!

ਮਰਜਾਦੁ ਆਇਆ ਕਲਿ ਭੀਤਰਿ ਬਾਹੁੜਿ ਜਾਸੀ ਨਾਗਾ॥ ਸਿਰੀ ਰਾਗੁ ਮ: ੧ ਮਰਜਾਦੁ ਆਇਆ ਕਲਿ ਭੀਤਰਿ ਨਾਂਗੋ ਬੰਧਿ ਚਲਾਇਆ॥ ਵਡਹੰਸ ਮ: ੧

ਭਾਵ ਅਰਥ: ਮਨੁੱਖ ਜਦ ਇਸ ਸੰਸਾਰ ਵਿੱਚ ਆਉਂਦਾ ਹੈ, ਉਸ ਵੇਲੇ ਉਹ ਕਿਸੇ ਵੀ ਸੰਸਾਰਕ ਮਰਯਾਦਾ ਦਾ ਮੁਥਾਜ ਨਹੀਂ ਹੁੰਦਾ, ਅਤੇ ਜਦੋਂ ਉਹ ਇੱਥੋਂ ਜਾਂਦਾ ਹੈ, ਉਦੋਂ ਵੀ ਉਹ ਮਰਯਾਦਾ-ਮੁਕਤ ਹੋ ਕੇ ਜਾਂਦਾ ਹੈ।

ਸਪਸ਼ਟ ਹੈ ਕਿ ਮਰਯਾਦਾਵਾਂ ਦੇ ਨਾਮੁਰਾਦ ਤੇ ਮਨਹੂਸ ਸੰਗਲ ਮਨੁੱਖ ਆਪਣੇ ਗਲ ਵਿੱਚ ਆਪ ਹੀ ਪਾਉਂਦਾ ਹੈ!

ਸਭ ਤੇ ਊਚ ਊਚ ਤੇ ਊਚੋ ਅੰਤੁ ਨਹੀ ਮਰਜਾਦ॥ ਸਾਰਗ ਮ: ੫

ਭਾਵ ਅਰਥ: ਸਰਬ ਉੱਚ ਪਰਮਾਤਮਾ ਦਾ ਕੋਈ ਹੱਦ-ਬੰਨਾ ਨਹੀਂ ਅਰਥਾਤ ਉਹ ਬੇਅੰਤ ਤੇ ਸੀਮਾ-ਰਹਿਤ ਹੈ।

ਜਿਸ ਸਿਰਜਨਹਾਰ ਦਾ ਕੋਈ ਹੱਦ-ਬੰਨਾ ਨਹੀਂ, ਉਸ ਨੂੰ ਅਤੇ ਉਸ ਦੀ ਸਿਰਜੀ ਸਾਰੇ ਜਗਤ ਵਿੱਚ ਪਸਰੀ ਮਨੁੱਖਤਾ ਨੂੰ ਧਰਮ ਦੇ ਹੱਦ-ਬੰਨਿਆਂ ਵਿੱਚ ਬੰਨ੍ਹਣਾ ਕਿਧਰ ਦੀ ਧਾਰਮਿਕਤਾ ਤੇ ਸਿਆਣਪ ਹੈ?

ਸੰਸਕ੍ਰਿਤ-ਹਿੰਦੀ ਸ਼ਬਦ-ਕੋਸ਼ ਅਤੇ ਭਾਈ ਕਾਨ੍ਹ ਸਿੰਘ ਜੀ ਨਾਭਾ ਅਨੁਸਾਰ: ਸਮਾਜ ਅਥਵਾ ਰਾਜ ਵੱਲੋਂ ਥਾਪਿਆ ਨਿਯਮ। ਜਾਂ, ਜੋ ਦੇਸ ਅਥਵਾ ਸਮਾਜ ਦੀ ਹੱਦ-ਬੰਦੀ ਕਰੇ, ਉਹ ਮਰਯਾਦਾ ਹੈ।

ਾਠਕਾਂ ਵਾਸਤੇ ਇਹ ਨੁਕਤਾ ਬੜੇ ਧਿਆਨ ਨਾਲ ਨੋਟ ਕਰਨ ਵਾਲਾ ਹੈ ਕਿ, ਮਰਯਾਦਾ ਦੀ ਉਪਰੋਕਤ ਪਰਿਭਾਸ਼ਾ ਵਿੱਚ ਧਰਮ ਜਾਂ ਅਧਿਆਤਮਿਕਤਾ ਦਾ ਕੋਈ ਜ਼ਿਕਰ ਨਹੀਂ ਹੈ! ਸਪਸ਼ਟ ਹੈ ਕਿ ਮਰਯਾਦਾ ਸੰਸਾਰਕ ਸੰਕਲਪ ਹੈ, ਧਾਰਮਿਕ ਨਹੀਂ! ਸੋ, ਧਰਮ ਦੀ ਹੱਦ-ਬੰਦੀ ਕਰਨਾ ਮੂਲੋਂ ਹੀ ਗ਼ਲਤ ਹੈ!

ਰਹਿਤ ਅਤੇ ਮਰਿਆਦਾ ਦੇ ਅਰਥਾਂ ਨੂੰ ਵੀ ਜੇ ਧਿਆਨ ਨਾਲ ਸਮਝੀਏ-ਵਿਚਾਰੀਏ ਤਾਂ ਇਹ ਭੇਦ ਵੀ ਭਲੀਭਾਂਤ ਸਪਸ਼ਟ ਹੋ ਜਾਂਦਾ ਹੈ ਕਿ ਇਨ੍ਹਾਂ ਦੋਹਾਂ ਪਦਾਂ (ਰਹਿਤ ਅਤੇ ਮਰਯਾਦਾ) ਦੇ ਅਰਥ ਅਲੱਗ ਅਲੱਗ ਹਨ। ਇਨ੍ਹਾਂ ਦੋਹਾਂ ਪਦਾਂ ਦਾ ਸ਼ਬਦ-ਜੁੱਟ (ਰਹਿਤ ਮਰਯਾਦਾ) ਵੀ ਨਹੀਂ ਜਚਦਾ! ਸਾਡੀ ਜਾਣਕਾਰੀ ਅਨੁਸਾਰ, ਸਾਰੀ ਗੁਰਬਾਣੀ ਵਿੱਚ ਮਰਯਾਦਾ ਜਾਂ ਮਰਜਾਦਾ ਪਦ ਨਹੀਂ ਹੈ! ਇਨ੍ਹਾਂ ਦੋਵਾਂ ਪਦਾਂ, ਰਹਿਤ ਅਤੇ ਮਰਯਾਦਾ, ਦਾ ਜੁੱਟ ਵੀ ਬਾਣੀ ਵਿੱਚ ਕਿਤੇ ਵੀ ਨਜ਼ਰ ਨਹੀਂ ਆਉਂਦਾ! ਇਹ ਸ਼ਬਦ-ਜੁੱਟ ਕਿਸ ਨੇ, ਕਿਉਂ ਤੇ ਕਦੋਂ ਘੜਿਆ ਅਤੇ ਕਦੋਂ ਪ੍ਰਚੱਲਿਤ ਕੀਤਾ? ਇਸ ਸਵਾਲ ਦਾ ਸਹੀ ਜਵਾਬ ਤਾਂ “ਸਿੱਖ ਰਹਿਤ ਮਰਯਾਦਾ” ਬਣਾਉਣ ਵਾਲੇ ‘ਵਿਦਵਾਨ’, ਇਸ ਰਹਿਤ ਮਰਯਾਦਾ ਦੀ ਪ੍ਰਕਾਸ਼ਕ “ਧਰਮ ਪ੍ਰਚਾਰ ਕਮੇਟੀ” ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ‘ਗੁਣੀ-ਗਿਆਨੀ’ ਹੀ ਦੇ ਸਕਦੇ ਹਨ!

ਸੰਸਾਰਕ ਮਰਯਾਦਾਵਾਂ ਦਾ ਸੰਬੰਧ ਇਸ ਧਰਤੀ, ਪਦਾਰਥਕ ਜਗਤ ਅਤੇ ਇਸ ਜਗਤ ਵਿੱਚ ਵਿਚਰਦੀ ਰੰਗ-ਬਰੰਗੀ ਮਨੁੱਖਤਾ ਦੇ ਸੰਸਾਰਕ ਜੀਵਨ ਨਾਲ ਹੈ। ਇਸ ਲਈ, ਮਰਯਾਦਾ ਸਿਰਫ਼ ਸੰਸਾਰਕ ਹੀ ਹੁੰਦੀ ਹੈ, ਧਾਰਮਿਕ ਜਾਂ ਅਧਿਆਤਮਿਕ ਨਹੀਂਸੰਸਾਰਕ ਮਰਯਾਦਾ ਦੇ ਘੇਰੇ ਵਿੱਚ ਪ੍ਰਸ਼ਾਸਨਿਕ, ਸਮਾਜਿਕ ਤੇ ਸੱਭਿਅਚਾਰਕ ਮਰਯਾਦਾਵਾਂ ਆਉਂਦੀਆਂ ਹਨ। ਇਨ੍ਹਾਂ ਮਰਿਆਦਾਵਾਂ ਦਾ ਕਾਰਜ-ਖੇਤ੍ਰ ਦ੍ਰਿਸ਼ਟਮਾਨ ਸੰਸਾਰ ਹੋਣ ਕਰਕੇ, ਇਹ ਮਰਯਾਦਾਵਾਂ ਬਾਹਰਮੁਖੀ ਹਨ। ਸੰਸਾਰ ਦੀ ਹਰ ਮਰਿਆਦਾ (ਹੱਦ-ਬੱਧ ਖੇਤ੍ਰ, ਵਲਗਣ) ਵਿੱਚ ਰਹਿਤ ਅਥਵਾ ਰਹਿਣੀ-ਬਹਿਣੀ ਵੱਖਰੀ ਵੱਖਰੀ ਹੁੰਦੀ ਹੈ! ਇਸ ਹੱਦ-ਬੱਧ ਰਹਿਤ-ਬਹਿਤ ਦਾ ਸੰਬੰਧ ਸਾਰੀ ਮਨੁੱਖਤਾ ਨਾਲ ਨਹੀਂ ਸਗੋਂ ਧਰਤੀ ਦੇ ਕਿਸੇ ਇੱਕ ਸੀਮਾ-ਬੱਧ ਖਿੱਤੇ ਅਤੇ ਉਸ ਖਿੱਤੇ ਵਿੱਚ ਵੱਸਦੇ ਲੋਕਾਂ ਨਾਲ ਹੀ ਹੁੰਦਾ ਹੈ। ਸੋ, ਸੰਸਾਰਕ ਮਰਯਾਦਾ ਦਾ ਧਰਮ ਨਾਲ ਕੋਈ ਨਾਤਾ ਨਹੀਂ ਹੁੰਦਾ ਤੇ ਨਾ ਹੀ ਹੋਣਾ ਚਾਹੀਦਾ ਹੈ!

ਗੁਰਬਾਣੀ-ਅਧਿਐਨ ਤੋਂ ਇਹ ਵੀ ਭਲੀਭਾਂਤ ਸਪਸ਼ਟ ਹੁੰਦਾ ਹੈ ਕਿ ਮਾਨਵਵਾਦੀ ਬਾਣੀਕਾਰਾਂ ਨੇ ਮਨੁੱਖਾ ਸਮਾਜ ਦੇ ਧਾਰਮਿਕ ਖੇਤ੍ਰ ਵਿੱਚ ਪੁਜਾਰੀਆਂ ਦੁਆਰਾ ਪਾਈਆਂ ਹੋਈਆਂ ਵੰਡ ਦੀਆਂ ਲਕੀਰਾਂ (ਮਰਯਾਦਾਵਾਂ) ਨੂੰ ਤਰਕ ਨਾਲ ਮੂਲੋਂ ਹੀ ਨਕਾਰਿਆ ਹੈ। ਇਸੇ ਲਈ ਤੱਤਗਿਆਨੀ ਬਾਣੀਕਾਰਾਂ ਨੂੰ ਸਿੱਧਾਂਤਕ ਬੋਲੀ ਵਿੱਚ ਮਰਯਾਦਾ-ਭੇਦਕ ਅਰਥਾਤ ਪੁਜਾਰੀਆਂ ਦੁਆਰਾ ਮਾਨਵਤਾ ਵਿੱਚ ਧਰਮ ਦੇ ਨਾਮ `ਤੇ ਪਾਈਆਂ ਗਈਆਂ ਵੰਡ ਦੀਆਂ ਅਮਾਨਵੀ ਲਕੀਰਾਂ ਤੇ ਨਿਸ਼ਾਨੀਆਂ ਨੂੰ ਨਸ਼ਟ ਕਰਨ ਵਾਲਾ ਕਿਹਾ ਜਾਂਦਾ ਹੈ। ਸੋ, ਧਰਮ ਉੱਤੇ ਭਾਰੂ ਸੰਸਾਰਕ ਮਰਯਾਦਾਵਾਂ (ਹੱਦ-ਬੰਨਿਆਂ) ਨੂੰ ਬਿਬੇਕ ਤੇ ਗਿਆਨ ਨਾਲ ਨਕਾਰਨ ਵਾਲੇ ਮਹਾਂਪੁਰਖਾਂ ਦੇ ਬਖ਼ਸ਼ੇ ਹੋਏ ਗੁਰਮਤਿ ਦੇ ਪਵਿੱਤਰ, ਵਿਆਪਕ ਤੇ ਮਾਨਵਵਾਦੀ ਫ਼ਲਸਫ਼ੇ ਨੂੰ ਮਰਯਾਦਾ ਦੀਆਂ ਕੰਡਿਆਲੀਆਂ ਵਾੜਾਂ-ਵਲਗਣਾਂ ਨਾਲ ਮਰਯਾਦਾ-ਬੱਧ ਕਰਨਾ ਗੁਰਮਤਿ ਦੇ ਸੂਖਮ ਸਿੱਧਾਂਤਾਂ ਦੀ ਬੇਅਦਬੀ, ਗੁਰੂਆਂ ਨਾਲ ਗ਼ੱਦਾਰੀ ਤੇ ਗੁਰਮਤਿ ਦੇ ਸੱਚੇ ਸ਼੍ਰੱਧਾਲੂਆਂ ਨਾਲ ਸਰਾਸਰ ਧੋਖਾ ਹੈ!

ਮਰਯਾਦਾ ਦੇ ਮੁੱਦੇ ਨਾਲ ਸੰਬੰਧਿਤ ਇੱਕ ਹੋਰ ਤੱਥ ਵੀ ਵਿਚਾਰਨ-ਯੋਗ ਹੈ, ਉਹ ਇਹ ਕਿ, ਸਾਰੀ ਗੁਰਬਾਣੀ ਵਿੱਚ ਇੱਕ ਵੀ ਤੁਕ ਅਜਿਹੀ ਨਹੀਂ ਮਿਲਦੀ ਜਿਸ ਤੋਂ ਗੁਰਮਤਿ ਦੇ ਪਵਿੱਤਰ ਤੇ ਵਿਸ਼ਾਲ ਵਿਹੜੇ ਦੁਆਲੇ ਮਰਯਾਦਾ ਦੀ ਕਿਸੇ ਵਾੜ-ਵਲਗਣ ਜਾਂ ਦੀਵਾਰ ਖੜੀ ਕਰਨ ਦਾ ਸੰਕੇਤ ਮਿਲਦਾ ਹੋਵੇ!

ਸੋ, ਗੁਰਮਤਿ ਅਨੁਸਾਰ, ਧਾਰਮਿਕ ਮਰਯਾਦਾ ਦੀ ਕੋਈ ਤੁਕ ਹੀ ਨਹੀਂ ਬਣਦੀ! ਗੁਰਮਤਿ ਦੇ ਸਾਧਾਰਨ ਤੇ ਵਿਆਪਕ (universal) ਧਰਮ ਨੂੰ ਨਿਗੁਣੀ ਮਰਯਾਦਾ ਦੀ ਬਿਖਮ ਤੇ ਕੰਡਿਆਲੀ ਵਲਗਣ ਵਿੱਚ ਵਲ ਕੇ ਇਸ ਨੂੰ ਅਤਿਅੰਤ ਸੰਕੁਚਿਤ ਤੇ ਸੰਕੀਰਨ ਧਰਮ ਬਣਾ ਦੇਣਾ, ਗੁਰਸਿੱਖੀ ਨਹੀਂ ਹੈ ਸਗੋਂ ਘੋਰ ਮੂੜ੍ਹਤਾ, ਮਹਾਂ ਮਨਮਤਿ ਤੇ ਬਜਰ ਪਾਪ ਹੈ!

ਬ੍ਰਹਮਗਿਆਨੀ ਬਾਣੀਕਾਰ ਸਮੁੱਚੇ ਵਿਸ਼ਵ ਦੀਆਂ ਸਾਰੀਆਂ ਚੇਤਨ ਤੇ ਜੜ ਹੋਂਦਾਂ ਵਾਸਤੇ, ਸਿਰਜਨਹਾਰ ਪ੍ਰਭੂ ਦੁਆਰਾ ਨਿਰਧਾਰਤ, ਇੱਕ ਦੈਵੀ ਮਰਯਾਦਾ ਦਾ ਜ਼ਿਕਰ ਵੀ ਕਰਦੇ ਹਨ। ਇਸ ਅਰਸ਼ੀ ਮਰਿਆਦਾ ਨੂੰ ਬ੍ਰਹਮੰਡੀ ਮਰਯਾਦਾ ਦਾ ਨਾਮ ਵੀ ਦਿੱਤਾ ਜਾਂਦਾ ਹੈ। ਹੁਕਮ, ਕੁਦਰਤ, ਭੈ, ਭਾਣਾ ਅਤੇ ਰਜ਼ਾ ਆਦਿ ਗੁਰਬਾਣੀ ਦੇ ਕੁੱਝ ਇੱਕ ਅਜਿਹੇ ਸ਼ਬਦ ਹਨ ਜੋ ਇਸ ਗ਼ੈਬੀ ਮਰਯਾਦਾ ਵੱਲ ਸੰਕੇਤ ਕਰਦੇ ਹਨ! ਜੇ ਗਹੁ ਨਾਲ ਵਿਚਾਰੀਏ ਤਾਂ ਸਾਰੇ ਜੀਵਾਂ (ਪਸ਼ੂ, ਪੰਛੀ ਤੇ ਜਲ-ਜੀਵ ਆਦਿ) ਦਾ ਆਵਣ-ਜੀਵਨ-ਜਾਵਣ ਅਰਥਾਤ ਜਨਮ-ਜੀਵਨ-ਮੌਤ ਕੁਦਰਤਿ ਦੀ ਇਸ ਮਰਯਾਦਾ ਦੇ ਬੰਧਨ ਵਿੱਚ ਬੰਨ੍ਹਿਆ ਹੋਇਆ ਹੈ। ਸ੍ਰਿਸ਼ਟੀ ਦੀਆਂ ਸਾਰੀਆਂ ਚਲ ਅਚਲ ਹੋਂਦਾਂ ਬ੍ਰਹਮੰਡੀ ਮਰਿਆਦਾ ਦੀਆਂ ਮੁਥਾਜ ਹਨ। ਇਸ ਵਿੱਚ ਵੀ ਕੋਈ ਸੰਦੇਹ ਨਹੀਂ ਕਿ, ਜੇ ਹੁਕਮ, ਕੁਦਰਤ ਤੇ ਭੈ-ਭਾਣੇ ਦੀ ਇਹ ਬ੍ਰਹਮੰਡੀ ਮਰਯਾਦਾ ਨਾ ਹੁੰਦੀ ਤਾਂ ਆਕਾਸ਼-ਪਾਤਾਲ ਦੀਆਂ ਅਣਗਿਣਤ ਸਥੂਲ ਹੋਂਦਾਂ (ਸੂਰਜ, ਸਿਆਰੇ, ਤਾਰੇ ਤੇ ਤਾਰਾ-ਮੰਡਲ (galaxies) ਆਦਿ) ਆਪਸ ਵਿੱਚ ਟਕਰਾ ਟਕਰਾ ਕੇ ਹੀ ਕਦੋਂ ਦੀਆਂ ਭਸਮ ਹੋ ਗਈਆਂ ਹੁੰਦੀਆਂ! ਬ੍ਰਹਮੰਡੀ ਮਰਯਾਦਾ ਵੱਲ ਸੰਕੇਤ ਕਰਦੀਆਂ ਗੁਰਬਾਣੀ ਦੀਆਂ ਕੁੱਝ ਤੁਕਾਂ:

ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥

ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ॥

ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥ …

ਹੁਕਮੀ ਹੁਕਮੁ ਚਲਾਏ ਰਾਹੁ॥ ਨਾਨਕ ਵਿਗਸੈ ਵੇਪਰਵਾਹੁ॥ ਜਪੁ

ਹੁਕਮੇ ਆਇਆ ਹੁਕਮਿ ਸਮਾਇਆ॥ ਹੁਕਮੇ ਦੀਸੈ ਜਗਤੁ ਉਪਾਇਆ॥

ਹੁਕਮੇ ਸੁਰਗੁ ਮਛੁ ਪਇਆਲਾ ਹੁਕਮੇ ਕਲਾ ਰਹਾਇਦਾ॥ ੧੦॥

ਹੁਕਮੇ ਧਰਤੀ ਧਉਲ ਸਿਰਿ ਭਾਰੰ॥ ਹੁਕਮੇ ਪਉਣ ਪਾਣੀ ਗੈਣਾਰੰ॥ ਹੁਕਮੇ ਸਿਵ ਸਕਤੀ ਘਰਿ ਵਾਸਾ ਹੁਕਮੇ ਖੇਲ ਖੇਲਾਇਦਾ॥ ੧੧॥ ਹੁਕਮੇ ਆਡਾਣੇ ਆਗਾਸੀ॥ ਹੁਕਮੇ ਜਲ ਥਲ ਤ੍ਰਿਭਵਣ ਵਾਸੀ॥ ਹੁਕਮੇ ਸਾਸੁ ਗਿਰਾਸ ਸਦਾ ਫੁਨਿ ਹੁਕਮੇ ਦੇਖਿ ਦਿਖਾਇਦਾ॥ ੧੨॥ ਮਾਰੂ ਸੋਲਹੇ ਮ: ੧

ਹੁਕਮੇ ਹੋਆ ਹੁਕਮੇ ਵਰਤਾਰਾ॥ ਭੈਰਉ ਮ: ੩

ਹੁਕਮੇ ਜਗਿ ਮਹਿ ਆਇਆ ਚਲਣੁ ਹੁਕਮਿ ਸੰਜੋਗਿ ਜੀਉ॥ ਸੂਹੀ ਅ: ਮ: ੫ ਹੁਕਮੇ ਜੰਮਣੁ ਹੁਕਮੇ ਮਰਣਾ॥ ਸਲੋਕ ਮ: ੫

ਹੁਕਮੇ ਉਪਜੈ ਹੁਕਮਿ ਸਮਾਵੈ॥ ਗਉੜੀ ਸੁਖਮਨੀ ਮ: ੫

ਕੁਦਰਤਿ ਪਾਤਾਲੀ ਅਕਾਸੀ ਕੁਦਰਤਿ ਸਰਬ ਆਕਾਰੁ॥ ……

ਕੁਦਰਤਿ ਪਉਣੁ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ॥

ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ॥

ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ॥ ਸਲੋਕ ਮ: ੧

ਭੈ ਵਿਚਿ ਪਵਣੁ ਵਹੈ ਸਦਵਾਉ॥ ਭੈ ਵਿਚਿ ਚਲਹਿ ਲਖ ਦਰੀਆਉ॥

ਭੈ ਵਿਚਿ ਅਗਨਿ ਕਢੈ ਵੇਗਾਰਿ॥ ਭੈ ਵਿਚਿ ਧਰਤੀ ਦਬੀ ਭਾਰਿ॥ …

ਭੈ ਵਿਚਿ ਸੂਰਜੁ ਭੈ ਵਿਚਿ ਚੰਦੁ॥ ਕੋਹ ਕਰੋੜੀ ਚਲਤ ਨ ਅੰਤੁ॥ ……ਸਲੋਕ ਮ: ੧

ਭੈ ਵਿਚਿ ਸਭੁ ਆਕਾਰੁ ਹੈ ਨਿਰਭਉ ਹਰਿ ਜੀਉ ਸੋਇ॥ … ਸਲੋਕ ਮ: ੩

ਵਿਸ਼ਵ ਦੀ ਇਹ ਵਿਸਮਾਦਜਨਕ ਬ੍ਰਹਮੰਡੀ ਮਰਿਆਦਾ ਮਿੱਟੀ ਦੇ ਪੁਤਲੇ ਮਨੁੱਖ ਦੀ ਅਕਲ, ਸੋਚ, ਸਮਝ ਤੇ ਕਲਪਣਾ ਦੀ ਪਹੁੰਚ ਤੋਂ ਪਰ੍ਹਾਂ ਦਾ ਕੁਦਰਤੀ ਵਰਤਾਰਾ ਹੈ! ਇਸ ਅਰਸ਼ੀ ਮਰਯਾਦਾ ਬਾਰੇ ਵਿਚਾਰ ਕਰਨੀ ਮਿੱਟੀ ਦੇ ਪੁਤਲੇ ਮਨੁੱਖ ਵਾਸਤੇ ਸੰਭਵ ਨਹੀਂ ਹੈ! ਮਨੁੱਖ ਦੀ ਇਸ ਅਸਮਰੱਥਾ ਨੂੰ ਬੇ-ਝਿਜਕ ਸਵੀਕਾਰ ਕਰਦੇ ਹੋਏ, ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ:

ਕੁਦਰਤਿ ਕਵਣ ਕਹਾ ਵੀਚਾਰੁ॥ ਵਾਰਿਆ ਨ ਜਾਵਾ ਏਕ ਵਾਰ॥

ਜੋ ਤੁਧੁ ਭਾਵੈ ਸਾਈ ਭਲੀ ਕਾਰ॥ ਤੂ ਸਦਾ ਸਲਾਮਤਿ ਨਿਰੰਕਾਰ॥ ਜਪੁ

ਆਓ! ਹੁਣ ਰਹਿਤ ਪਦ ਬਾਰੇ ਵਿਚਾਰ ਕਰੀਏ: ਇਸ ਸੱਚ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਮਾਨਵ ਜੀਵਨ ਨੂੰ ਸਾਵਾਂ, ਸੰਤੁਲਿਤ ਤੇ ਸੁਖੀ ਬਣਾਉਣ ਵਾਸਤੇ ਜੀਵਨ ਦੇ ਹਰ ਖੇਤ੍ਰ ਵਿੱਚ ਵਿਸ਼ੇਸ਼ ਵਿਧੀ-ਵਿਧਾਨ, ਨਿਯਮ, ਸੰਜਮ ਤੇ ਜ਼ਾਬਤੇ ਦਾ ਹੋਣਾ ਜ਼ਰੂਰੀ ਹੈ। ਇਸ ਤੋਂ ਵੀ ਵਧੇਰੇ ਲਾਜ਼ਮੀ ਹੈ, ਨਿਰਧਾਰਤ ਨਿਯਮਾਂ ਦੀ ਸੁਹਿਰਦਤਾ ਨਾਲ ਸੱਚੀ ਪਾਲਣਾ ਕਰਨਾ! ਇਤਿਹਾਸ ਸਾਖੀ ਹੈ ਕਿ ਜਿੱਥੇ ਕਿਤੇ ਵੀ ਨਿਰਧਾਰਤ ਨਿਯਮਾਂ ਤੇ ਜ਼ਾਬਤੇ ਦਾ ਪਾਲਣ ਨਹੀਂ ਹੁੰਦਾ, ਉੱਥੇ ਅਰਾਜਕਤਾ, ਘੜਮੱਸ ਤੇ ਖਲਬਲੀ ਮਚੀ ਰਹਿੰਦੀ ਹੈ; ਜਿਸ ਕਾਰਣ ਲੋਕਾਂ ਦਾ ਜੀਵਨ ਵੀ ਨਰਕ ਬਣ ਜਾਂਦਾ ਹੈ। ਸੋ, ਮਨੁੱਖਾ ਸਮਾਜ ਦੇ ਹਰ ਖੇਤ੍ਰ (ਪ੍ਰਸ਼ਾਸਨਿਕ, ਸਮਾਜਕ, ਸਭਿਆਚਾਰਕ ਤੇ ਧਾਰਮਿਕ) ਵਿੱਚ ਸੁਚੱਜੀ ਤੇ ਮਾਨਵਵਾਦੀ ਰਹਿਤ ਦਾ ਹੋਣਾ ਬਹੁਤ ਜ਼ਰੂਰੀ ਹੈ। ਹਥਲੇ ਲੇਖ ਵਿੱਚ ਅਸੀਂ ਸਿਰਫ਼ ਧਾਰਮਿਕ ਰਹਿਤ ਦੇ ਵਿਸ਼ੇ ਉੱਤੇ ਹੀ ਵਿਚਾਰ ਕਰਾਂਗੇ।

ਧਾਰਮਿਕ ਰਹਿਤ ਮੂਲ ਰੂਪ ਵਿੱਚ ਦੋ ਪ੍ਰਕਾਰ ਦੀ ਕਹੀ ਜਾ ਸਕਦੀ ਹੈ: ਇਕ, ਸੰਸਾਰਕ ਤੇ ਦੂਜੀ, ਅਧਿਆਤਮਿਕਧਰਮ ਦੀ ਸੰਸਾਰਕ ਰਹਿਤ ਤੇ ਅਧਿਆਤਮਿਕ ਰਹਿਤ ਦੋ ਅਲੱਗ ਅਲੱਗ ਧਾਰਨਾਵਾਂ ਹਨ। ਸੰਸਾਰ ਦੇ ਸੰਕੀਰਣ, ਸੰਕੁਚਿਤ ਤੇ ਸੰਪਰਦਾਈ ਧਰਮਾਂ ਦੇ ਦਵੈਤਵਾਦੀ ਪੁਜਾਰੀਆਂ ਦੁਆਰਾ ਬਣਾਈ ਗਈ ਰਹਿਤ ਨੂੰ ਧਰਮ ਦੀ ਸੰਸਾਰਕ ਰਹਿਤ ਕਿਹਾ ਜਾਂਦਾ ਹੈ। ਅਜਿਹੀ ਸੰਪਰਦਾਈ ਧਾਰਮਿਕ ਰਹਿਤ ਦਾ ਆਧਾਰ ਮਾਇਆ, ਕਰਮਕਾਂਡ, ਕਰਮਕਾਂਡੀ ਸੰਸਕਾਰ, ਭੇਖ, ਚਿੰਨ੍ਹ ਤੇ ਲੋਕਾਚਾਰ ਆਦਿ ਹੈ। ਸੰਸਾਰਕਤਾ ਉੱਤੇ ਆਧਾਰਤ ਅਜਿਹੀ ਸੰਪਰਦਾਈ ਰਹਿਤ ਨੂੰ ਮਰਯਾਦਾ-ਬੱਧ ਰਹਿਤ ਕਹਿਣਾ ਗ਼ਲਤ ਨਹੀਂ ਹੈ! ਧਰਮ ਦੀ ਸੰਸਾਰਕ ਰਹਤ ਦਾ ਸੰਬੰਧ ਦੈਵੀ ਤੇ ਨੈਤਿਕ ਗੁਣਾਂ ਨਾਲ ਉੱਕਾ ਹੀ ਨਹੀਂ ਹੁੰਦਾ! ਇਸ ਦਿਖਾਵੇ ਦੀ ਲੋਕਾਚਾਰੀ ਰਹਿਤ ਦਾ ਨਾਤਾ ਭੇਖਾਂ, ਚਿੰਨ੍ਹਾਂ, ਰੰਗਾਂ, ਕਮਕਾਂਡਾਂ ਤੇ ਧਾਰਮਿਕ ਸੰਸਕਾਰਾਂ ਆਦਿ ਨਾਲ ਹੋਣ ਕਰਕੇ, ਇਸ ਦਾ ਵਰਤਾਰਾ ਬਾਹਰਮੁਖੀ ਹੁੰਦਾ ਹੈ; ਅਤੇ, ਵਰਤਾਰਾ ਬਾਹਰਮੁਖੀ ਹੋਣ ਕਰਕੇ, ਧਰਮ ਦੀ ਦੁਨਿਆਵੀ ਰਹਿਤ ਦਾ ਮਨ/ਆਤਮਾ ਨਾਲ ਵੀ ਕੋਈ ਲੈਣਾ-ਦੇਣਾ ਨਹੀਂ ਹੁੰਦਾ। ਅਜਿਹੀ ਰਹਿਤ ਦਾ ਕਾਰਜ ਖੇਤਰ ਸੀਮਿਤ, ਸੰਕੁਚਿਤ, ਖੇਤ੍ਰੀ ਅਤੇ ਸੰਪਰਦਾਈ ਹੁੰਦਾ ਹੈ। ਸਾਰੀ ਮਨੁੱਖਤਾ ਨਾਲ ਇਸ ਦਾ ਦੂਰ ਦਾ ਵੀ ਕੋਈ ਨਾਤਾ ਨਹੀਂ।

ਇਹ ਇੱਕ ਪ੍ਰਮਾਣਿਤ ਸੱਚ ਹੈ ਕਿ ਸੰਸਾਰਕ ਧਰਮਾਂ ਦੀਆਂ ਮਰਯਾਦਾਵਾਂ ਅਤੇ ਇਨ੍ਹਾਂ ਦੀ ਵਲਗਣ ਵਿੱਚ ਪ੍ਰਚੱਲਿਤ ਕੀਤੀਆਂ ਦਿਖਾਵੇ ਦੀਆਂ ਕਰਮਕਾਂਡੀ ਰਹਿਤਾਂ ਨੂੰ ਸਮਰਪਿਤ ਲੋਕਾਂ ਦਾ ਰੱਬ ਨਾਲ ਨਾਤਾ ਨਾਮ ਮਾਤ੍ਰ ਹੀ ਹੁੰਦਾ ਹੈ!

ਮਨੁੱਖਾ ਜੀਵਨ ਦੇ ਇਸ ਵਿਆਪਕ ਸੱਚ ਨੂੰ ਮੁੱਖ ਰੱਖਦਿਆਂ ਗੁਰੂ ਨਾਨਕ ਦੇਵ ਜੀ ਦ੍ਰਿੜਤਾ ਨਾਲ ਕਥਨ ਕਰਦੇ ਹਨ:

ਜਾਲਉ ਐਸੀ ਰੀਤਿ ਜਿਤੁ ਮੈ ਪਿਆਰਾ ਵੀਸਰੈ॥ ਨਾਨਕ ਸਾਈ ਭਲੀ ਪਰੀਤਿ ਜਿਤੁ ਸਾਹਿਬ ਸੇਤੀ ਪਤਿ ਰਹੈ॥ ਸਲੋਕ ਮ: ੧

ਜਿਵੇਂ ਕਿ ਉਪਰ ਦੱਸਿਆ ਜਾ ਚੁੱਕਿਆ ਹੈ, ਸੰਸਾਰਕ ਧਰਮਾਂ ਦੀਆਂ ਮਰਯਾਦਾਵਾਂ ਅਤੇ ਇਨ੍ਹਾਂ ਦੀ ਦਮ-ਘੁੱਟਵੀਂ ਵਲਗਣ ਵਿੱਚ ਪ੍ਰਚੱਲਿਤ ਰਹਿਤਾਂ ਦਾ ਆਧਾਰ ਮਾਇਆ, ਅੰਧਵਿਸ਼ਵਾਸ, ਕਰਮਕਾਂਡ, ਕਰਮਕਾਂਡੀ ਸੰਸਕਾਰ, ਭੇਖ ਤੇ ਸੀਮਾ-ਬੱਧਤਾ ਹੈ! ਪਰੰਤੂ, ਗੁਰਬਾਣੀ ਅੰਧਵਿਸ਼ਵਾਸ, ਮਾਇਆ, ਕਰਮਕਾਂਡਾਂ, ਸੰਸਾਰਕ ਸੰਸਕਾਰਾਂ, ਭੇਖਾਂ, ਚਿੰਨ੍ਹਾਂ, ਰੰਗਾਂ ਤੇ ਮਨੁੱਖਤਾ ਵਿੱਚ ਵੰਡੀਆਂ ਪਾਉਣ ਵਾਲੀਆਂ ਵਾੜਾਂ-ਵਲਗਣਾਂ ਤੇ ਅਮਾਨਵੀ ਰਹਿਤਾਂ ਨੂੰ ਮੂਲੋਂ ਹੀ ਰੱਦ ਕਰਦੀ ਹੈ! ਸੋ, ਗੁਰਮਤਿ ਦੇ ਵਿਸ਼ਾਲ, ਵਿਆਪਕ (universal) ਤੇ ਪਵਿੱਤਰ ਵਿਹੜੇ ਵਿੱਚ ਕਿਸੇ ਵੀ ਮੜੀ ਮਰਯਾਦਾ ਤੇ ਕਰਮਕਾਂਡੀ ਦੁਨਿਆਵੀ ਰਹਿਤ ਨੂੰ ਘਸੋੜਨਾ ਸੁਧੀ ਮਨਮਤਿ ਹੈ! ! ---ਚਲਦਾ

ਗੁਰਇੰਦਰ ਸਿੰਘ ਪਾਲ

ਅਗਸਤ 27, 2017.




.