ਆਸਾ ਕੀ ਵਾਰ
(ਕਿਸ਼ਤ ਨੰ: 11)
ਪਉੜੀ ਦਸਵੀਂ ਅਤੇ ਸਲੋਕ
ਸਲੋਕੁ ਮਃ ੧।।
ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ।।
ਕੂੜੁ ਮੰਡਪ ਕੂੜੁ ਮਾੜੀ ਕੂੜੁ ਬੈਸਣਹਾਰੁ।।
ਕੂੜੁ ਸੁਇਨਾ ਕੂੜੁ ਰੁਪਾ ਕੂੜੁ ਪੈਨੑਣਹਾਰੁ।।
ਕੂੜੁ ਕਾਇਆ ਕੂੜੁ ਕਪੜੁ ਕੂੜੁ ਰੂਪੁ ਅਪਾਰੁ।।
ਕੂੜੁ ਮੀਆ ਕੂੜੁ ਬੀਬੀ ਖਪਿ ਹੋਏ ਖਾਰੁ।।
ਕੂੜਿ ਕੂੜੈ ਨੇਹੁ ਲਗਾ ਵਿਸਰਿਆ ਕਰਤਾਰੁ।।
ਕਿਸੁ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ।।
ਕੂੜੁ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰੁ।।
ਨਾਨਕੁ ਵਖਾਣੈ ਬੇਨਤੀ ਤੁਧੁ ਬਾਝੁ ਕੂੜੋ ਕੂੜੁ।। ੧।।
ਪਦ ਅਰਥ:-
ਕੂੜੁ
– ਕੂੜ, ਝੂਠ, ਝੂਠੀ, ਛਲ, ਛਲਿਆ ਹੋਇਆ, ਲੁੱਟ, ਲੁੱਟਿਆ ਹੋਇਆ, ਅਗਿਆਨਤਾ। ਰਾਜਾ –
ਰਾਜਾ। ਪਰਜਾ – ਲੋਕਾਈ। ਕੂੜੁ ਪਰਜਾ – ਪਰਜਾ ਛਲੀ/ਲੁੱਟੀ ਜਾ ਰਹੀ ਹੈ। ਸਭੁ
ਸੰਸਾਰ – ਸਮੁੱਚਾ ਸੰਸਾਰ। ਕੂੜੁ ਮੰਡਪ – ਕੂੜ ਦੇ ਸਮਿਆਨੇ, ਛਤਰ। ਮਾੜੀ –
ਝੂਠ ਦੇ ਮਹਿਲ। ਕੂੜੁ ਬੈਸਣਹਾਰੁ – ਰਹਿਣ ਵਾਲੇ ਵੀ ਝੂਠ ਬੋਲਦੇ ਹਨ। ਕੂੜੁ ਸੋਇਨਾ –
ਲੁੱਟਿਆ ਹੋਇਆ ਸੋਨਾ। ਕੂੜੁ ਰੁਪਾ – ਲੁੱਟਿਆ ਹੋਇਆ ਚਾਂਦੀ ਦਾ ਮਾਲ। ਕੂੜੁ
ਪੈਨੑਣਹਾਰੁ – ਪਹਿਨਣਵਾਲਾ ਲੁਟੇਰਾ। ਕੂੜੁ ਕਾਇਆ – ਅਜਿਹੀ ਝੂਠੀ (ਇਖਲਾਖ ਤੋਂ
ਸੱਖਣੀ) ਕਾਇਆ। ਕੂੜੁ ਕਪੜੁ – ਛਲ ਰੂਪ ਕਪੜ। ਕੂੜੁ ਰੂਪੁ ਅਪਾਰੁ – ਇਸ ਤਰ੍ਹਾਂ
ਛਲ ਦੇ ਬੇਅੰਤ ਰੂਪ ਹਨ। ਕੂੜੁ ਮੀਆ – ਲੁੱਟ ਦੀ ਮਾਇਆ ਦਾ ਮਾਲਕ। ਕੂੜੁ ਬੀਬੀ –
ਮਾਇਆ ਰੂਪ ਬੀਬੀ ਦੇ ਛਲ ਅੰਦਰ। ਖਪਿ – ਖਪ ਜਾਣਾ। ਖਾਰੁ – ਸੁਆਹ ਹੋ ਜਾਣਾ।
ਖਪਿ ਹੋਏ ਖਾਰੁ – ਆਪ ਇਖਲਾਖੀ ਤੌਰ `ਤੇ ਖਪਿ/ਖਤਮ ਹੋ ਜਾਣਾ। ਕੂੜਿ – ਲੁੱਟੇ ਹੋਏ
(ਪਦਾਰਥ) ਨਾਲ। ਕੂੜੈ – ਲੁੱਟਣ ਵਾਲਾ (ਮਨੁੱਖ)। ਨੇਹੁ ਲਗਾ – ਸੰਬੰਧ ਜੁਿੜਆ ਹੈ।
ਵਿਸਰਿਆ ਕਰਤਾਰੁ – ਰੱਬ ਭੁੱਲਿਆ ਹੋਇਆ ਹੈ। ਕਿਸੁ ਨਾਲ ਕੀਚੈ ਦੋਸਤੀ – (ਕੂੜ/ਲੁੱਟ
ਦਾ ਲੁੱਟਿਆ ਹੋਇਆ ਮਾਲ) ਕੀ ਕਦੇ ਕਿਸੇ ਨਾਲ ਦੋਸਤੀ ਕਰਦਾ ਹੈ? (ਕਿਸੇ ਨਾਲ ਵੀ ਨਹੀਂ)। ਸਭੁ
ਜਗੁ ਚਲਣਹਾਰੁ – ਕਿਉਂਕਿ ਸਭ ਜਗਤ ਤਾਂ ਚਲਣਹਾਰ, ਚਲਾਏਮਾਨ ਭਾਵ ਨਾ ਰਹਿਣ ਵਾਲਾ ਹੈ। (ਲੁੱਟਣ
ਵਾਲੇ ਚਲੇ ਜਾਂਦੇ ਹਨ, ਲੁੱਟਿਆ ਹੋਇਆ ਮਾਲ ਸਭ ਇੱਥੇ ਹੀ ਰਹਿ ਜਾਂਦਾ ਹੈ)। ਕੂੜੁ ਮਿਠਾ –
ਲੁੱਟ ਦਾ ਮਾਲ ਮਿੱਠਾ। ਕੂੜੁ ਮਾਖਿਉ – ਕੂੜ/ਲੁੱਟ ਦਾ ਮਾਲ ਸ਼ਹਿਦ ਨਾਲੋਂ ਵੀ ਮਿੱਠਾ।
ਕੂੜੁ ਡੋਬੇ ਪੂਰੁ – ਕੂੜੁ, (ਲੁੱਟ ਦਾ ਮਾਲ ਗੈਰ ਇਖਲਾਖੀ ਢੰਗ ਨਾਲ ਕਮਾਇਆ ਹੋਇਆ ਧਨ ਪਦਾਰਥ)
ਪੂਰਾਂ ਦੇ ਪੂਰ ਡੋਬ ਦਿੰਦਾ ਹੈ। ਨਾਨਕੁ ਵਖਾਣੈ ਬੇਨਤੀ – (ਓੁਏ ਲੁੱਟ ਹੋਣ ਵਾਲਿਉ) ਨਾਨਕ
ਬੇਨਤੀ ਕਰਦਾ ਹੈ। ਤੁਧੁ ਬਾਝੁ – ਤੁਹਾਡੇ (ਜਾਗਣ) ਤੋਂ ਬਗੈਰ। ਕੂੜੋ ਕੂੜੁ – ਕੂੜ
ਤੋਂ ਅੱਗੇ ਕੂੜ। ਭਾਵ ਲੁੱਟ-ਖਸੁੱਟ ਦਾ ਵਰਤਾਰਾ ਵਰਤਦਾ ਹੀ ਰਹੇਗਾ।
ਅਰਥ:- ਹੇ ਭਾਈ! ਸੰਸਾਰ ਅੰਦਰ ਰਾਜਾ, ਪਰਜਾ/ਲੋਕਾਈ ਨਾਲ ਛਲ ਕਰ ਰਿਹਾ
ਹੈ, ਪਰਜਾ ਛਲੀ/ ਲੁੱਟੀ ਜਾ ਰਹੀ ਹੈ, ਲੁੱਟ ਦੇ ਨਾਲ ਮਹਿਲ ਮਾੜੀਆਂ ਉਸਰ ਰਹੇ ਹਨ ਅਤੇ ਮਹਿਲ
ਮਾੜੀਆਂ ਅੰਦਰ ਰਹਿਣ ਵਾਲਿਆਂ (ਲੁਟੇਰਿਆਂ) ਦੇ ਸਿਰ ਛਤਰ ਝੁਲਦੇ ਹਨ। ਲੁੱਟੇ ਹੋਏ ਸੋਨੇ ਅਤੇ ਚਾਂਦੀ
ਦੇ, ਲੁੱਟਣ ਵਾਲੇ (ਗਹਿਣੇ) ਪਹਿਨਦੇ ਹਨ ਅਤੇ ਕੂੜ ਦੇ ਬੇਅੰਤ ਤਰੀਕਿਆਂ ਨਾਲ ਲੁੱਟ ਕਰਨ ਵਾਲਾ ਆਪਣੀ
ਕਾਇਆ ਨੂੰ ਛਲ ਰੂਪ (ਲੁੱਟੇ ਹੋਏ ਪਦਾਰਥਾਂ) ਦੇ ਛਲ ਰੂਪ ਕੱਪੜੇ ਨਾਲ (ਢੱਕਦਾ) ਹੈ (ਪਰ) ਅਜਿਹੀ
ਲੁੱਟ ਦੀ ਮਾਇਆ ਦਾ ਮਾਲਕ ਆਪ (ਇਖਲਾਖੀ) ਤੌਰ `ਤੇ ਖਤਮ ਹੋ ਜਾਂਦਾ ਹੈ। ਇਸ ਤਰ੍ਹਾਂ ਕੂੜ/ਲੁੱਟੇ
ਹੋਏ ਪਦਾਰਥ ਨਾਲ ਕੂੜੇ/ਲੁੱਟਣ ਵਾਲੇ (ਮਨੁੱਖ) ਦਾ ਨੇਹੁ/ਸੰਬੰਧ ਜੁੜਿਆ ਹੋਇਆ ਹੈ ਅਤੇ ਉਸ ਨੂੰ ਰੱਬ
ਭੁੱਲਿਆ ਹੋਇਆ ਹੈ। ਜਿਵੇਂ ਜਗਤ ਚਲਾਏਮਾਨ ਹੈ (ਅਜਿਹੀ ਲੁੱਟ ਕਰਨ ਵਾਲੇ ਲੋਕ ਵੀ) ਚਲਾਏਮਾਨ ਹੋਣ ਕਰ
ਕੇ ਚਲੇ ਜਾਂਦੇ ਹਨ (ਪਰ) ਛਲ ਕਰ ਕੇ ਲੁੱਟੇ ਹੋਏ ਮਾਲ ਨੇ ਕਦੇ ਕਿਸੇ ਨਾਲ ਦੋਸਤੀ ਭਾਵ ਸੰਬੰਧ ਨਹੀਂ
ਨਿਭਾਇਆ ਲੁੱਟ ਦਾ ਮਾਲ ਕਦੇ ਕਿਸੇ ਦੇ ਨਾਲ ਸੰਬੰਧ ਨਹੀਂ ਨਿਭਾਉਂਦਾ (ਪਰ) ਫਿਰ ਵੀ ਅਜਿਹੇ ਲੋਕ
ਲੁੱਟ ਦੇ ਮਾਲ ਨੂੰ ਸ਼ਹਿਦ ਨਾਲੋਂ ਮਿੱਠਾ ਜਾਣਦੇ ਹਨ, ਜਿਸ ਨਾਲ ਇਸ (ਗੈਰ ਇਖਲਾਖੀ ਵਤੀਰੇ ਵਿੱਚ)
ਪੂਰਾਂ ਦੇ ਪੂਰ ਡੁੱਬ ਕੇ ਖਤਮ ਹੋ ਰਹੇ ਅਤੇ ਜਾਂਦੇ ਹਨ। ਨਾਨਕ ਬੇਨਤੀ ਕਰਦਾ ਹੈ (ਓੁਏ ਲੁੱਟ ਹੋਣ
ਵਾਲਿਓ) ਤੁਹਾਡੇ (ਜਾਗਣ) ਤੋਂ ਬਾਝੋਂ/ਬਗੈਰ ਕੂੜ ਤੋਂ ਅੱਗੇ ਕੂੜ ਭਾਵ ਲੁੱਟ-ਖਸੁੱਟ ਦਾ ਵਰਤਾਰਾ
ਵਰਤਦਾ ਹੀ ਰਹੇਗਾ। ਭਾਵ ਦੁਨੀਆਂ ਦੇ ਲੋਕੋ ਜਾਗੋ ਲੁੱਟ ਹੋਣ ਤੋਂ ਬਚੋ।
ਮਃ ੧।।
ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ।।
ਕੂੜ ਕੀ ਮਲੁ ਉਤਰੈ ਤਨੁ ਕਰੇ ਹਛਾ ਧੋਇ।।
ਸਚੁ ਤਾ ਪਰੁ ਜਾਣੀਐ ਜਾ ਸਚਿ ਧਰੇ ਪਿਆਰੁ।।
ਨਾਉ ਸੁਣਿ ਮਨੁ ਰਹਸੀਐ ਤਾ ਪਾਏ ਮੋਖ ਦੁਆਰੁ।।
ਸਚੁ ਤਾ ਪਰੁ ਜਾਣੀਐ ਜਾ ਜੁਗਤਿ ਜਾਣੈ ਜੀਉ।।
ਧਰਤਿ ਕਾਇਆ ਸਾਧਿ ਕੈ ਵਿਚਿ ਦੇਇ ਕਰਤਾ ਬੀਉ।।
ਸਚੁ ਤਾ ਪਰੁ ਜਾਣੀਐ ਜਾ ਸਿਖ ਸਚੀ ਲੇਇ।।
ਦਇਆ ਜਾਣੈ ਜੀਅ ਕੀ ਕਿਛੁ ਪੁੰਨੁ ਦਾਨੁ ਕਰੇਇ।।
ਸਚੁ ਤਾਂ ਪਰੁ ਜਾਣੀਐ ਜਾ ਆਤਮ ਤੀਰਥਿ ਕਰੇ ਨਿਵਾਸੁ।।
ਸਤਿਗੁਰੂ ਨੋ ਪੁਛਿ ਕੈ ਬਹਿ ਰਹੈ ਕਰੇ ਨਿਵਾਸੁ।।
ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ।।
ਨਾਨਕੁ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ।। ੨।।
ਪਦ ਅਰਥ:- ਸਚੁ – ਸੱਚ। ਤਾਪਰੁ – ਤਾਂ ਹੀ, ਤਦੋਂ/ਜਦੋ
ਹੀ। ਜਾਣੀਐ – ਜਾਣਿਆ ਜਾ ਸਕਦਾ ਹੈ। ਜਾ ਰਿਦੈ ਸਚਾ ਹੋਇ – ਜੇਕਰ ਹਿਰਦੇ ਅੰਦਰ
ਸੱਚ ਜਾਨਣ ਦੀ ਚਾਹਤ ਹੋਵੇ। ਕੂੜ ਕੀ ਮਲ ਉਤਰੈ – ਕੂੜ ਦੀ ਮੈਲ ਉਤਰੇ। ਤਨੁ ਕਰੇ ਹਛਾ
ਧੋਇ – ਤਨ ਕਰ ਕੇ ਵੀ ਸ਼ੁਧ ਹੋਏ ਨੂੰ ਚੰਗੀ ਤਰ੍ਹਾਂ ਧੋਵੇ। ਸਚੁ ਤਾ ਪਰੁ ਜਾਣੀਐ –
ਸੱਚ ਤਦੋਂ ਹੀ ਜਾਣਿਆ ਜਾ ਸਕਦਾ ਹੈ। ਜਾ ਸਚਿ ਧਰੇ ਪਿਆਰੁ – ਜੇਕਰ ਸੱਚ ਨਾਲ ਆਪਣਾ ਨਾਤਾ
ਜੋੜੇ। ਨਾਉ ਸੁਣਿ ਮਨੁ ਰਹਸੀਐ – ਸੱਚ ਸੁਣ ਕੇ ਸੱਚ ਟਿਕ ਕੇ। ਰਹਸੀਐ – ਰਹਿ ਕੇ,
ਟਿਕ ਕੇ। ਤਾ ਪਾਏ ਮੋਖ ਦੁਆਰ – ਤਾਂ ਮੋਖ ਦੁਆਰ ਭਾਵ ਗਿਆਨ ਦੇ ਦਰ ਦੀ ਪ੍ਰਾਪਤੀ ਹੈ।
ਜਾ ਜੁਗਤਿ ਜਾਣੈ ਜੀਉ – ਜਦੋਂ ਜੀਵਨ ਦੀ ਅਸਲ ਜੁਗਤ, ਮਨੋਰਥ ਜਾਣਦਾ ਹੈ। ਧਰਤਿ ਕਾਇਆ ਸਾਧਿ
ਕੈ – ਆਪਣੀ ਕਾਇਆ ਰੂਪ ਧਰਤੀ ਨੂੰ ਸਾਧ ਭਾਵ ਆਪਣੇ ਜੀਵਨ ਵਿੱਚ ਸੁਧਾਰ ਕਰ ਕੇ। ਵਿਚਿ ਦੇਇ
ਕਰਤਾ ਬੀਉ – ਵਿੱਚ ਐਸਾ ਬੀਜ ਬੀਉ ਜਿਸ ਨਾਲ ਅੰਦਰ ਸੱਚ ਉਤਪਨ ਹੋ ਸਕੇ। ਜਾ ਸਿਖ ਸਚੀ ਲੇਇ
– ਜਦੋਂ ਸੱਚੀ ਸਿਖਿਆ, ਗਿਆਨ ਨੂੰ ਗ੍ਰਹਿਣ ਕਰਦਾ ਹੈ। ਦਇਆ ਜਾਣੈ ਜੀਅ ਕੀ – (ਜੀਵਾਂ
ਨੂੰ ਲੁੱਟਣ ਦੀ ਥਾਂ) ਜੀਵਾਂ `ਤੇ ਦਇਆ ਤਰਸ ਕਰਦਾ ਹੈ। ਕਿਛੁ ਪੁੰਨੁ ਦਾਨੁ ਕਰੇਇ – ਆਪਣੇ
ਕੋਲੋਂ ਕੁਛ ਪੁੰਨ ਦਾਨ ਭਾਵ ਲੋੜਵੰਦਾਂ ਦੀ ਮੱਦਦ ਕਰਦਾ ਹੈ। ਸਤਿਗੁਰੂ ਨੋ ਪੁਛਿ ਕੈ –
ਸਦੀਵੀ ਸਥਿਰ ਰਹਿਣ ਵਾਲੇ ਤੋਂ ਮੰਗ ਕਰਦਾ ਹੈ ਕਿ। ਬਹਿ ਰਹੈ – ਟਿਕਿਆ ਰਹਿ। ਕਰੇ –
ਕਰ ਕੇ। ਨਿਵਾਸੁ – ਅਸਥਾਨ। ਸਚੁ ਸਭਨਾ ਹੋਇ ਦਾਰੂ – ਸੱਚ ਹੀ ਸਭਨਾਂ ਲਈ
ਦਾਰੂ ਹੈ। ਪਾਪ ਕਢੈ ਧੋਇ – ਪਾਪ/ਬੁਰਿਆਈ ਨੂੰ ਜੀਵਨ ਵਿੱਚ ਸਾਫ ਕਰ ਕੇ ਜੀਵਨ ਵਿੱਚੋਂ
ਬਾਹਰ ਕੱਢਿਆ ਜਾ ਸਕਦਾ ਹੈ। ਨਾਨਕੁ – ਨਾਨਕ ਦੀ। ਨਾਨਕੁ ਵਖਾਣੈ ਬੇਨਤੀ – ਨਾਨਕ
ਦੀ ਤਰ੍ਹਾਂ ਆਖਿਆ। ਜਿਨ ਸਚੁ ਪਲੈ ਹੋਇ – ਜਿਨ੍ਹਾਂ ਨੇ ਸੱਚ ਪੱਲੇ ਬੰਨ੍ਹਿਆ ਹੋਇਆ ਭਾਵ
ਅਪਣਾਇਆ ਹੋਇਆ ਹੈ।
ਅਰਥ:- ਹੇ ਭਾਈ! ਤਨ ਦੀ ਗੰਦੀ ਮੈਲ ਤਾਂ ਉਤਰਦੀ ਹੈ ਜੇਕਰ ਤਨ ਨੂੰ
ਸਵੱਸ਼ ਕਰਨ ਲਈ ਕੋਈ ਚੰਗੀ ਤਰ੍ਹਾਂ ਧੋਵੇ। ਇਸੇ ਤਰ੍ਹਾਂ ਸੱਚ ਤਾਂ ਜਾਣਿਆ ਜਾ ਸਕਦਾ ਹੈ ਜੇਕਰ
(ਅਗਿਆਨਤਾ ਨੂੰ ਗਿਆਨ ਨਾਲ ਧੋ ਕੇ) ਅੰਦਰੋਂ ਸੱਚਾ ਹੋਵੇ, ਹਿਰਦੇ ਤੋਂ ਸੱਚਾ ਤਾਂ ਹੋਇਆ ਜਾ ਸਕਦਾ
ਹੈ, ਜੇਕਰ ਸੱਚ ਧਰੇ ਪਿਆਰ ਭਾਵ ਸੱਚ ਨਾਲ ਆਪਣਾ ਨਾਤਾ ਜੋੜੇ। ਇਸ ਤਰ੍ਹਾਂ ਸੱਚ ਨਾਲ ਨਾਤਾ ਜੋੜ ਕੇ
ਮਨ ਕਰ ਕੇ ਸੱਚ ਉੱਪਰ ਟਿਕਾਈਏ ਤਾਂ ਮੋਖ ਦੁਆਰ ਭਾਵ ਕੂੜ ਕੀ ਮਲ/ਰੂੜੀਵਾਦੀ ਵਿਚਾਰਧਾਰਾ ਤੋਂ ਮੁਕਤਿ
ਹੋਣ ਲਈ ਗਿਆਨ ਦੇ ਦਰ ਦੀ ਪ੍ਰਾਪਤੀ ਹੈ। ਜੀਵ ਰੂੜ੍ਹੀਵਾਦੀ ਵਿਚਾਰਧਾਰਾ ਤੋਂ ਮੁਕਤਿ ਹੋਵੇ ਤਾਂ
ਜੀਵਨ ਦੀ ਅਸਲ ਜੁਗਤਿ ਜਾਣ ਸਕਦਾ ਹੈ। ਜਦੋਂ ਜੀਵਨ ਦੀ ਅਸਲ ਜੁਗਤ ਜਾਣਦਾ ਹੈ ਤਾਂ ਆਪਣੀ ਕਾਇਆ ਰੂਪ
ਧਰਤ ਨੂੰ ਸਾਧ ਕੇ ਹਿਰਦੇ ਅੰਦਰ ਗਿਆਨ ਦਾ ਬੀਜ, ਬੀਜ ਦੇਣ ਨਾਲ ਸੱਚ ਉਤਪੰਨ ਹੁੰਦਾ ਹੈ। ਜਦੋਂ ਅੰਦਰ
ਸੱਚ ਉਤਪੰਨ ਹੁੰਦਾ ਹੈ ਤਾਂ ਸੱਚੀ ਸਿੱਖਿਆ ਨੂੰ ਮਨੁੱਖ ਸੱਚ ਜਾਣ ਕੇ ਗ੍ਰਹਿਣ ਕਰਦਾ ਹੈ। ਜਦੋਂ
ਸੱਚੀ ਸਿੱਖਿਆ ਗ੍ਰਹਿਣ ਕਰਦਾ ਹੈ ਤਾਂ ਫਿਰ (ਲੋੜਵੰਦ) ਜੀਵਾਂ ਦੀ ਪੁੰਨ ਦਾਨ ਕਰੇ ਭਾਵ ਮੱਦਦ ਕਰਦਾ
ਹੈ। (ਭਾਵ ਸੱਚੀ ਸਿੱਖਿਆ ਨਾਲ ਜੀਵਨ ਵਿੱਚ ਤਬਦੀਲੀ ਆਉਂਦੀ ਹੈ, ਜੀਵਾਂ ਨੂੰ ਲੁੱਟਣ ਦੀ ਥਾਂ
ਉਨ੍ਹਾਂ ਦਾ ਮੱਦਦਗਾਰ ਬਣਦਾ ਹੈ)।
ਇਸ ਤਰ੍ਹਾਂ ਜਿਹੜਾ ਸੱਚੀ ਸਿੱਖਿਆ ਗ੍ਰਹਿਣ ਕਰਦਾ ਹੈ, ਉਹ ਸਤਿਗੁਰੂ/ਸਦੀਵੀ
ਸਥਿਰ ਰਹਿਣ ਵਾਲੇ ਤੋਂ ਇਹ ਮੰਗ ਕਰਦਾ ਹੈ ਕਿ ਉਹ ਗਿਆਨ ਦੇ ਅਸਥਾਨ `ਤੇ ਟਿਕਿਆ ਰਹਿ ਕਰ ਕੇ ਡੋਲੇ
ਨਾ, ਇਸ ਤਰ੍ਹਾਂ ਜਦੋਂ ਕੋਈ ਸੱਚ ਜਾਣਦਾ ਹੈ ਅਤੇ ਜਾਣ ਕੇ ਬੁਰਿਆਈ ਤੋਂ ਬਚਾ ਲੈਣ ਵਾਲਾ ਸੱਚ, ਗਿਆਨ
ਅੰਦਰ ਟਿਕਾਉਂਦਾ ਹੈ ਤਾਂ ਉਸ ਨੇ ਨੇ ਵੀ ਨਾਨਕ ਦੀ ਤਰ੍ਹਾਂ ਇਹ ਹੀ ਆਖਿਆ ਕਿ ਸੱਚ/ਗਿਆਨ ਹੀ ਸਭਨਾਂ
ਲਈ ਬੁਰਿਆਈ ਨੂੰ ਖਤਮ ਕਰਨ ਲਈ ਦਾਰੂ ਹੈ।
ਪਉੜੀ।।
ਦਾਨੁ ਮਹਿੰਡਾ ਤਲੀ ਖਾਕੁ ਜੇ ਮਿਲੈ ਤ ਮਸਤਕਿ ਲਾਈਐ।।
ਕੂੜਾ ਲਾਲਚੁ ਛਡੀਐ ਹੋਇ ਇੱਕ ਮਨਿ ਅਲਖੁ ਧਿਆਈਐ।।
ਫਲੁ ਤੇਵੇਹੋ ਪਾਈਐ ਜੇਵੇਹੀ ਕਾਰ ਕਮਾਈਐ।।
ਜੇ ਹੋਵੈ ਪੂਰਬਿ ਲਿਖਿਆ ਤਾ ਧੂੜਿ ਤਿਨਾੑ ਦੀ ਪਾਈਐ।।
ਮਤਿ ਥੋੜੀ ਸੇਵ ਗਵਾਈਐ।। ੧੦।।
ਪਦ ਅਰਥ:- ਦਾਨੁ – ਦਾਨ ਦੇਣਾ, ਮਹਿਸੂਲ, ਟੈਕਸ। ਮਹਿੰਡਾ – ਮੇਰਾ,
ਆਪਣਾ, ਆਪ। ਤਲੀ ਖਾਕੁ – ਤਲੀਆਂ ਦੀ ਖਾਕ। ਜੇ – ਜੇਕਰ। ਮਿਲੈ ਤ – ਮਿਲਣ
`ਤੇ। ਮਸਤਕਿ ਲਾਈਐ – ਮੱਥੇ ਉੱਤੇ ਲਾਈਏ। ਕੂੜਾ ਲਾਲਚੁ ਛਡੀਐ – ਕੂੜਾ ਲਾਲਚ ਛੱਡ
ਕੇ। ਹੋਇ ਇੱਕ ਮਨਿ – ਇੱਕ ਮਨ ਹੋ ਕਰ ਕੇ। ਅਲਖੁ ਧਿਆਈਐ – (ਇਨ੍ਹਾਂ ਨੂੰ) ਹੀ
ਅਲਖ ਜਾਣ ਕੇ ਧਿਆਈਏ। ਫਲੁ ਤੇਵੇਹੋ ਪਾਈਐ – ਫਲ ਉਸ ਤਰ੍ਹਾਂ ਦਾ ਹੀ ਪ੍ਰਾਪਤ ਹੁੰਦਾ ਹੈ।
ਜੇਵੇਹੀ – ਜਿਸ ਤਰ੍ਹਾਂ ਦੀ ਭਾਵਨਾ ਰੱਖ ਕੇ। ਕਾਰ ਕਮਾਈਐ – ਇਨ੍ਹਾਂ ਦੀ ਸੇਵਾ
ਕਰੀਏ। ਪੂਰਬਿ – ਉੱਗਣਾ ਹੈ, ਭਾਵ ਜਨਮ ਤੋਂ ਹੀ। ਜੇ ਹੋਵੈ ਪੂਰਬਿ – ਜੇਕਰ ਜਨਮ
ਤੋਂ ਹੀ ਲਿਖਿਆ ਹੋਵੇ। ਤਾ ਧੂੜਿ ਤਿਨਾੑ ਦੀ ਪਾਈਐ – ਤਾਂ ਹੀ ਉਨ੍ਹਾਂ ਦੀ ਧੂੜ ਪ੍ਰਾਪਤ
ਹੁੰਦੀ ਹੈ। ਮਤਿ ਥੋੜੀ – ਹੋਛੀ ਮਤ। ਸੇਵ ਗਵਾਈਐ – ਜਿਨ੍ਹਾਂ ਦੀ ਸੇਵਾ (ਮਾਨਵਤਾ)
ਨੂੰ ਕੁਰਾਹੇ ਪਾਉਂਦੀ ਹੈ। ਸੇਵ – ਸੇਵਾ। ਗਵਾਈਐ – ਗਵਾ ਲੈਣਾ, ਕੁਰਾਹੇ ਪਾਉਣਾ।
ਅਰਥ:- ਹੇ ਭਾਈ! ਜਿਹੜੇ ਆਪ (ਕਿਰਤੀਆਂ) ਦੇ ਦਿੱਤੇ ਦਾਨ `ਤੇ ਪਲਦੇ
ਹਨ, ਉਹ (ਅਖੌਤੀ ਸੰਤ) ਆਪ ਹੀ ਅੱਗੇ ਇਹ ਪ੍ਰਚਾਰਦੇ ਹਨ ਕਿ (ਉਨ੍ਹਾਂ ਵਰਗਿਆਂ ਅਖੌਤੀ ਸੰਤਾਂ) ਦੀਆਂ
ਤਲੀਆਂ ਦੀ ਖਾਕ ਮਿਲੇ ਤਾਂ ਮਸਤਕਿ ਉੱਪਰ ਲਾਉਣੀ ਚਾਹੀਦੀ ਹੈ ਅਤੇ ਕੂੜਾ ਲਾਲਚ ਛੱਡ ਕੇ ਇਨ੍ਹਾਂ
(ਅਖੌਤੀ ਸੰਤਾਂ) ਨੂੰ ਹੀ ਇੱਕ ਮਨ ਹੋ ਕਰ ਕੇ ਅਲਖੁ ਜਾਣ ਕੇ ਧਿਆਉਣਾ ਚਾਹੀਦਾ ਹੈ) ਅਤੇ ਜਿਸ
ਤਰ੍ਹਾਂ ਦੇ ਫਲ ਦੀ ਭਾਵਨਾ ਰੱਖ ਕੇ ਇਨ੍ਹਾਂ ਦੀ ਕਾਰ/ਸੇਵਾ ਕਰੀਏ, ਉਸੇ ਤਰ੍ਹਾਂ ਦਾ ਹੀ ਫਲ ਪ੍ਰਾਪਤ
ਹੁੰਦਾ ਹੈ ਅਤੇ ਨਾਲ ਹੀ ਇਹ ਪ੍ਰਚਾਰਦੇ ਹਨ ਕਿ ਉਨ੍ਹਾਂ ਦੇ (ਆਪਣੇ ਵਰਗਿਆ ਅਖੌਤੀ ਸੰਤਾਂ) ਦੀ ਧੂੜ
ਤਾਂ ਮਿਲਦੀ ਹੈ, ਜੇਕਰ ਜਨਮ ਤੋਂ ਹੀ (ਕਰਮਾਂ) ਵਿੱਚ ਲਿਖਿਆ ਹੋਵੇ। ਇਨ੍ਹਾਂ ਦੀ ਇਹ ਗੱਲ ਥੋੜ੍ਹੀ
ਮਤਿ ਵਾਲਿਆਂ ਭਾਵ ਅਣਜਾਣ ਮਨੁੱਖਾਂ ਨੂੰ ਕੁਰਾਹੇ ਪਾਉਂਦੀ ਸੱਚ ਤੋਂ ਉੱਲਟ ਪਾਸੇ ਵਲ ਲੈ ਕੇ ਜਾਂਦੀ
ਹੈ।
ਨੋਟ:- ਸਿੱਖ ਸਮਾਜ ਅੰਦਰ ਇਹ ਸਾਰਾ ਕੁੱਝ ਵਾਪਰ ਰਿਹਾ ਹੈ ਅਖੌਤੀ ਸੰਤ ਆਪ ਹੀ ਇੱਕ ਦੂਸਰੇ
ਦੀ ਵਡਿਆਈ ਕਰਦੇ ਇਹ ਆਮ ਹੀ ਆਖਦੇ ਸੁਣੇ ਜਾਂਦੇ ਹਨ ਕਿ ਸੰਤਾਂ ਦੇ ਪੈਰਾਂ ਦੀ ਖਾਕ ਮਿਲੇ ਤਾਂ ਮੱਥੇ
ਨੂੰ ਲਾਉਣੀ ਚਾਹੀਦੀ ਹੈ। ਹੋਰ ਤਾਂ ਹੋਰ ਅੱਜ ਕਲ ਇਨ੍ਹਾਂ ਲੋਟੂਆ ਦੀ ਯੂਨੀਅਨ ਵੀ ਬਣੀ ਹੈ।
ਬਲਦੇਵ ਸਿੰਘ ਟੌਰਾਂਟੋ।