.

ਗੁਰਬਾਣੀ ਵਿੱਚ ਦਾਨ ਦਾ ਸੰਕਲਪ

Sawan Singh Principal (Retired) 10561 Brier Lane, Santa Ana 92705, California . 714 544 3031 [email protected]

ਦਾਨ ਦਾ ਭਾਵ ਕਿਸੇ ਨੂੰ ਦਿੱਤੀ ਹੋਈ ਵਸਤੂ ਜਾਂ ਧਨ ਹੈ ਜਿਸ ਲਈ ਲੈਣ ਵਾਲੇ ਦਾ ਕੋਈ ਕਾਨੂੰਨੀ ਹੱਕ ਤਾਂ ਨਹੀਂ ਹੁੰਦਾ, ਪਰ ਨੈਤਕਤਾ ਦੇ ਅਧਾਰ ਤੇ ਕਿਸੇ ਲੋੜਵੰਦ ਵਿਅਕਤੀ ਜਾਂ ਸੰਸਥਾ ਨੂੰ ਦਿੱਤੀ ਜਾਂਦੀ ਹੈ ਤਾਂ ਜੋ ਉਹ ਵਸਤੂ ਜਾਂ ਧਨ ਕਿਸੇ ਚੰਗੇ ਕਾਰਜ ਲਈ ਵਰਤਿਆ ਜਾਵੇ। ਹਰ ਧਰਮ ਵਿੱਚ ਦਾਨ ਦੇਣ ਦੀ ਭਾਵਨਾ ਨੂੰ ਵਡਿਆਇਆ ਗਿਆ ਹੈ, ਪਰ ਗੁਰਬਾਣੀ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਦਾਨ ਦੇਣ ਤੇ ਬਹੁਤ ਜ਼ੋਰ ਦਿੱਤਾ ਗਿਆ ਹੈ। ਗੁਰੂ ਨਾਨਕ ਦੇਵ ਜੀ ਨੇ ਵੀ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ ਤੇ ਲੰਗਰ ਚਲਾ ਕੇ ਦਾਨ ਦੇਣ ਦੀ ਮਿਸਾਲ ਪੈਦਾ ਕੀਤੀ ਸੀ। ਦਾਨ ਕੇਵਲ ਮਾਲੀ ਹੀ ਨਹੀਂ ਸਗੋਂ ਜਿਸਮਾਨੀ ਜਾਂ ਦਿਮਾਗੀ ਸਹਾਇਤਾ ਵੀ ਹੋ ਸਕਦੀ ਹੈ। ਗੁਰਬਾਣੀ ਅਨੁਸਾਰ ਦਾਨ ਦੇਣਾ ਇੱਕ ਰੱਬੀ ਗੁਣ ਤੇ ਨੇਕ ਕੰਮ ਹੈ। ਵਾਹਿਗੁਰੂ ਆਪ ਹਰ ਕਿਸੇ ਨੂੰ ਮੰਗਣ ਤੋਂ ਬਿਨਾਂ ਹਮੇਸ਼ਾ ਦਾਨ ਦਿੰਦਾ ਹੈ:

ਅਣਮੰਗਿਆ ਦਾਨੁ ਦੇਵਸੀ ਵਡਾ ਅਗਮ ਅਪਾਰੁ।। ਗੁਰੂ ਨਾਨਕ ਦੇਵ ਜੀ (ਪੰਨਾ ੯੩੪)

ਭਾਵ: ਮੰਗਣ ਤੋਂ ਬਿਨਾਂ ਹੀ ਵਾਗਿਗੁਰੂ ਹਰੇਕ ਜੀਵ ਨੂੰ ਦਾਨ ਦੇਂਦਾ ਹੈ, ਉਹ ਸਭ ਤੋਂ ਵਡਾ, ਅਗੰਮ ਤੇ ਬੇਅੰਤ ਹੈ।

ਸਾਹਿਬੁ ਮੇਰਾ ਮਿਹਰਵਾਨੁ।। ਜੀਅ ਸਗਲ ਕਉ ਦੇਇ ਦਾਨੁ।। ਗੁਰੂ ਅਰਜਨ ਦੇਵ ਜੀ (ਪੰਨਾ੭੨੪)

ਭਾਵ: ਮੇਰਾ ਮਾਲਕ -ਪ੍ਰਭੂ ਸਦਾ ਦਇਆ ਕਰਨ ਵਾਲਾ ਹੈ। ਉਹ ਸਾਰੇ ਜੀਵਾਂ ਨੂੰ ਹਰ ਕਿਸਮ ਦਾ ਦਾਨ ਦੇਂਦਾ ਹੈ।

ਗੁਰਬਾਣੀ ਅਨੁਸਾਰ ਅਸੀਂ ਸਾਰੇ ਜੀਵ ਇੱਕ ਪਿਤਾ ਦੀ ਔਲਾਦ ਹਾਂ ਸੋ ਜਿਥੋਂ ਤਕ ਹੋ ਸਕੇ ਸਾਨੂੰ ਲੋੜਵੰਦ ਨੂੰ ਆਪਣੀ ਕਮਾਈ ਵਿਚੋਂ ਦਾਨ ਦੇ ਕੇ ਉਸ ਨੂੰ ਉਸ ਦੇ ਪੈਰਾਂ ਤੇ ਖੜੇ ਹੋਣ ਦੇ ਯੋਗ ਬਣਾਉਣਾ ਚਾਹੀਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਹਰੇਕ ਨੂੰ ਆਪਣੀ ਕਮਾਈ ਵਿਚੋਂ ਦਸਵੰਧ ਕਢਣ ਦਾ ਆਦੇੇਸ਼ ਦਿੱਤਾ ਹੈ। ਗੁਰਬਾਣੀ ਵਿੱਚ ਦਾਨ ਦੇਣ ਦਾ ਵਿਸ਼ੇਸ਼ ਉਲੇਖ ਹੈ। ਗੁਰੂ ਨਾਨਕ ਦੇਵ ਜੀ ਨੇ ਲਿਖਿਆ ਹੈ:

ਖਤ੍ਰੀ ਸੋ ਜੁ ਕਰਮਾ ਕਾ ਸੂਰੁ।। ਪੁੰਨ ਦਾਨ ਕਾ ਕਰੈ ਸਰੀਰੁ।। (ਪੰਨਾ ੧੪੧੧)

ਭਾਵ: ਉਹ ਮਨੁੱਖ ਹੀ ਖਤਰੀ ਹੈ ਜੋ ਨੇਕ ਕੰਮ ਕਰਨ ਵਾਲਾ ਸੂਰਮਾ ਬਣਦਾ ਹੈ ਅਤੇ ਜੋ ਅਪਣੇ ਸਰੀਰ ਨੂੰ ਦਾਨ ਦੇਣ ਦਾ ਵਸੀਲਾ ਬਣਾਂਦਾ ਹੈ।

ਬ੍ਰਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤੁ ਦਾਨੁ।। (ਪੰਨਾ ੧੨੪੦)

ਭਾਵ: ਬ੍ਰਹਮਣ ਲਈ ਆਤਮਕ ਜੀਵਨ ਦੀ ਸੁੱਚ ਲਈ ਚੁਲੀ ਭਰਨ ਦਾ ਭਾਵ ਸੰਤੋਖ ਕਰਨਾ ਹੈ ਅਤੇ ਗ੍ਰਿਹਸਤੀ ਲਈ ਸਚੱਾਂਈ ਤੇ ਦਾਨ ਕਰਨਾ ਹੀ ਚੁੱਲੀ ਭਰਨਾ ਹੈ।

ਦਸਮੀ ਨਾਮੁ ਦਾਨੁ ਇਸਨਾਨੁ।। ਪੰਨਾ੮੪੦)

ਭਾਵ: ਦਸਵੀਂ ਥਿਤ ਤੇ ਨਾਮ ਜਪੋ, ਦਾਨ ਕਰੋ ਤੇ ਇਸ਼ਨਾਨ ਕਰੋ।

ਹਰਿ ਕੈ ਅਰਥਿ ਖਰਚਿ ਨਹ ਸਾਕਹਿ ਜਮਕਾਲੁ ਸਹਹਿ ਸਿਰਿ ਪੀੜਾ।। ਗੁਰੂ ਰਾਮ ਦਾਸ ਜੀ (ਪੰਨਾ੬੯੮)

ਭਾਵ: ਜੋ ਰੱਬ ਦੇ ਨਾਂ ਤੇ ਦਾਨ ਨਹੀਂ ਕਰ ਸਕਦੇ ਉਹ ਆਪਣੇ ਸਿਰ ਉਤੇ ਮੋਤ ਦੇ ਫਰਿਸ਼ਤੇ ਦੀਆਂ ਸੱਟਾਂ ਦਾ ਦੁਖ ਸਹਾਰਦੇ ਹਨ।

ਭਗਤ ਪਰਮਾ ਨੰਦ ਜੀ ਨੇ ਤਾਂ ਧਾਰਮਕ ਪੁਸਤਕਾਂ ਸੁਣਨ ਨਾਲੋਂ ਭਗਤੀ ਤੇ ਦਾਨ ਕਰਨ ਨੂੰ ਚੰਗਾ ਸਮਝਿਆ ਹੈ:

ਤੈ ਨਰ ਕਿਆ ਪੁਰਾਨੁ ਸੁਨਿ ਕੀਨਾ।। ਅਨਪਾਵਨੀ ਭਗਤਿ ਨਹੀ ਉਪਜੀ ਭੂਖੈ ਦਾਨੁ ਨ ਦੀਨਾ।। ਭਗਤ ਪਰਮਾ ਨੰਦ ਜੀ (ਪੰਨਾ੧੨੫੩)

ਭਾਵ: ਹੇ ਭਾਈ! ਪੁਰਾਣ ਆਦਿਕ ਧਰਮ ਪੁਸਤਕਾਂ ਸੁਣ ਕੇ ਤੂੰ ਕੀ ਖਟਿਆ? ਤੇਰੇ ਅੰਦਰ ਨਾਂਹ ਤਾਂ ਪ੍ਰਭੂ ਦੀ ਅਟੱਲ ਭਗਤੀ ਪੈਦਾ ਹੋਈ ਤੇ ਨਾਂਹ ਹੀ ਤੂੰ ਕਿਸੇ ਭੁੱਖੇ ਨੂੰ ਦਾਨ ਦਿੱਤਾ।

ਗੁਰਬਾਣੀ ਅਨੁਸਾਰ ਦਾਨ ਦੇਣ ਦੇ ਕਈ ਲਾਭ ਹਨ। ਦਾਨੀ ਪੁਰਸ਼ ਸੰਤੋਖੀ ਹੁੰਦਾ ਹੈ। ਦਾਨ ਭਰਾਤਰੀ ਭਾਵ ਪੈਦਾ ਕਰਦਾ ਹੈ ਤੇ ਅਮੀਰ ਗਰੀਬ ਦੇ ਫਰਕ ਨੂੰ ਘਟ ਕਰਦਾ ਹੈ। ਦਾਨ ਕਰਨ ਨਾਲ ਅਸੀਂ ਰੱਬ ਦੇ ਨੇੜੇ ਹੋ ਜਾਂਦੇ ਹਾਂ ਤੇ ਸਾਨੂੰ ਜੀਵਨ ਜਾਚ ਆ ਜਾਂਦੀ ਹੈ। ਅਸਾਡਾ ਜੀਵਨ ਲੋਕ ਪਰਲੋਕ ਵਿੱਚ ਸਫਲ ਹੋ ਜਾਂਦਾ ਹੈ ਤੇ ਅਸੀਂ ਸੁਖੀ ਜੀਵਨ ਬਿਤੀਤ ਕਰਦੇ ਹਾਂ। ਗੁਰੂ ਨਾਨਕ ਦੇਵ ਜੀ ਨੇ ਲਿਖਿਆ ਹੈ:

ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ।। (ਪੰਨਾ ੪੭੨)

ਭਾਵ: ਅਗਾਂਹ ਤਾਂ ਮਨੁੱਖ ਨੂੰ ਉਹੀ ਕੁੱਝ ਮਿਲਦਾ ਹੈ ਜੋ ਉਹ ਖੱਟਦਾ ਹੈ, ਕਮਾਂਦਾ ਹੈ, ਤੇ ਹੱਥੀਂ ਦੇਂਦਾ ਹੈ।

ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ ਵੀਚਾਰਿ।। (ਪੰਨਾ ੪੬੬)

ਭਾਵ: ਦਾਨੀ ਮਨੁੱਖਾਂ ਦੇ ਮਨ ਵਿੱਚ ਖੁਸ਼ੀ ਪੈਦਾ ਹੁੰਦੀ ਹੈ ਜਦੋਂ ਉਹ ਕਿਸੇ ਲੋੜਵੰਦ ਨੂੰ ਕੁੱਝ ਦੇਣ ਦੀ ਵਿਚਾਰ ਕਰਦੇ ਹਨ।

ਘਾਲਿ ਖਾਇ ਕਿਛੁ ਹਥਹੁ ਦੇਇ।। ਨਾਨਕ ਰਾਹੁ ਪਛਾਣਹਿ ਸੇਇ।। (ਪੰਨਾ ੧੨੪੫)

ਭਾਵ: ਜਿਹੜਾ ਮਨੁੱਖ ਮਿਹਨਤ ਨਾਲ ਕਮਾ ਕੇ ਆਪ ਖਾਂਦਾ ਹੈ ਤੇ ਉਸ ਕਮਾਈ ਵਿਚੋਂ ਕੁੱਝ ਹੋਰਨਾਂ ਨੂੰ ਭੀ ਦੇਂਦਾ ਹੈ ਉਹ ਮਨੁੱਖ ਹੀ ਜ਼ਿੰਦਗੀ ਦਾ ਸਹੀ ਰਸਤਾ ਪਛਾਣਦਾ ਹੈ।

ਹਰਿ ਅਰਥਿ ਜੋ ਖਰਚਦੇ ਦੇਂਦੇ ਸੁਖੁ ਪਾਇਆ।। (ਪੰਨਾ੧੨੪੬)

ਭਾਵ: ਜੋ ਰੱਬ ਦੇ ਲੇਖੇ ਖਰਚਦੇ ਹਨ ਤੇ ਲੋੜਵੰਦਾਂ ਨੂੰ ਦੇਂਦੇ ਹਨ ਉਹਨਾਂ ਨੂੰ ਸੁਖ ਮਿਲਦਾ ਹੈ।

ਪੁੰਨ ਦਾਨ ਕਾ ਕਰੇ ਸਰੀਰੁ।। ਸੋ ਗਿਰਹੀ ਗੰਗਾ ਕਾ ਨੀਰੁ।। (ਪੰਨਾ ੯੫੨)

ਭਾਵ: ਜੋ ਆਪਣਾ ਸਰੀਰ ਭੀ ਪੁੰਨ ਦਾਨ ਵਾਲਾ ਹੀ ਬਣਾ ਲੈਂਦਾ ਹੈ (ਜਿਸ ਦੇ ਸਰੀਰ ਵਿੱਚ ਲੋਕਾਂ ਨੂੰ ਦਾਨ ਦੇਣ ਦਾ ਸੁਭਾਵ ਰਚ-ਮਿਚ ਜਾਂਦਾ ਹੈ) ਉਹ ਗੰਗਾ ਜਲ ਵਰਗਾ ਪਵਿਤ੍ਰ ਹੋ ਜਾਂਦਾ ਹੈ।

ਗੁਰਬਾਣੀ ਅਸਾਨੂੰ ਇਹ ਚਿਤਾਵਨੀ ਦਿੰਦੀ ਹੈ ਕਿ ਦਾਨ ਕਰ ਕੇ ਅਸਾਨੂੰ ਹੰਕਾਰ ਨਹੀ ਂਕਰਨਾ ਚਾਹੀਦਾ ਤੇ ਨਾ ਹੀ ਦਿਖਾਵਾ ਕਰਨਾ ਚਾਹੀਦਾ ਹੈ। ਗੁਪਤ ਦਾਨ ਕਰਨਾ ਚੰਗਾ ਹੈ ਕਿਉਂਕਿ ਇਸ ਨਾਲ ਦਾਨ ਲੈਣ ਵਾਲੇ ਦੇ ਮਨ ਵਿੱਚ ਹੀਣਤਾ ਭਾਵ ਪੈਦਾ ਨਹੀਂ ਹੁੰਦਾ ਅਤੇ ਦਾਨੀ ਪੁਰਸ਼ ਵੀ ਲੋਕਾਂ ਦੀ ਵਾਹ ਵਾਹ ਤੋਂ ਬਚ ਜਾਂਦਾ ਹੈ ਜੋ ਉਸ ਦੇ ਮਨ ਵਿੱਚ ਹੰਕਾਰ ਤੇ ਆਕੜ ਪੈਦਾ ਕਰਦੀ ਹੈ। ਸਿਆਣੇ ਕਹਿੰਦੇ ਹਨ ਕਿ ਸੱਜੇ ਹੱਥ ਨਾਲ ਦਾਨ ਕਰਨਾ ਹੋਵੇ ਤਾਂ ਖੱਬੇ ਹੱਥ ਨੂੰ ਵੀ ਪਤਾ ਨਹੀਂ ਲੱਗਣਾ ਚਾਹੀਦਾ। ਦਾਨੀ ਨੂੰ ਨਿਮਰ ਰਹਿਣਾ ਚਾਹੀਦਾ ਹੈ ਕਿਉਂਕਿ ਉਸ ਨੇ ਜੋ ਕੁੱਝ ਵੀ ਦਾਨ ਵਿੱਚ ਦਿੱਤਾ ਹੈ ਉਹ ਉਸ ਨੂੰ ਵਾਹਿਗੁਰੂ ਨੇ ਦਿੱਤਾ ਸੀ। ਗੁਰਬਾਣੀ ਵਿੱਚ ਲਿਖਿਆ ਹੈ:

ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ।।

ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸਨਾਨੁ।। ਗੁਰੂ ਤੇਗ ਬਹਾਦਰ ਜੀ (ਪੰਨਾ੧੪੨੮)

ਭਾਵ: ਮਨੁੱਖ ਤੀਰਥ-ਇਸ਼ਨਾਨ ਕਰ ਕੇ, ਵਰਤ ਰੱਖ ਕੇ ਤੇ ਦਾਨ ਕਰ ਕੇ ਆਪਣੇ ਮਨ ਵਿੱਚ ਅਹੰਕਾਰ ਕਰਦਾ ਹੈ, ਪਰ ਉਸ ਦੇ ਇਹ ਸਾਰੇ ਕਰਮ ਇਉਂ ਵਿਅਰਥ ਹਨ ਜਿਵੇਂ ਹਾਥੀ ਦਾ ਇਸ਼ਨਾਨ। (ਹਾਥੀ ਨ੍ਹਾ ਕੇ ਆਪਣੇ ਉੱਤੇ ਮਿੱਟੀ ਪਾ ਲੈਂਦਾ ਹੈ।)

ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ।।

ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ।। ਭਗਤ ਕਬੀਰ ਜੀ (ਪੰਨਾ੧੩੭੫)

ਭਾਵ: ਕਬੀਰ ਜੀ ਲਿਖਦੇ ਹਨ -ਹੇ ਪ੍ਰਭੂ! ਜੋ ਕੁੱਝ ਮੇਰੇ ਪਾਸ ਹੈ ਇਸ ਵਿੱਚ ਕੋਈ ਚੀਜ਼ ਐਸੀ ਨਹੀਂ ਜਿਸ ਨੂੰ ਮੈਂ ਆਪਣੀ ਆਖ ਸਕਾਂ। ਜੋ ਕੁੱਝ ਮੇਰੇ ਕੋਲ ਹੈ ਸਭ ਤੇਰਾ ਦਿੱਤਾ ਹੋਇਆ ਹੈ। ਤੇਰਾ ਦਿੱਤਾ ਹੋਇਆ ਹੀ ਮੈਂ ਤੇਰੀ ਭੇਟ ਕਰਦਾ ਹਾਂ, ਇਸ ਵਿੱਚ ਮੇਰੇ ਪਲਿਓਂ ਕੁੱਝ ਨਹੀਂ ਜਾਂਦਾ।

ਗੁਰਬਾਣੀ ਅਸਾਨੂੰ ਇਹ ਸਿੱਖਿਆ ਦੇਂਦੀ ਹੈ ਕਿ ਦਾਨ ਦੇਣਾ ਨਾਮ ਜਪਣ ਦੀ ਬਰਾਬਰੀ ਨਹੀਂ ਕਰ ਸਕਦਾ ਤੇ ਨਾ ਹੀ ਕੇਵਲ ਦਾਨ ਦੇਣ ਨਾਲ ਵਾਹਿਗੁਰੂ ਨੂੰ ਵਸ ਵਿੱਚ ਕੀਤਾ ਜਾ ਸਕਦਾ ਹੈ। ਦਾਨ ਦੇਣ ਲਈ ਰੱਬ ਅਗੇ ਸ਼ਰਤਾਂ ਰਖਣੀਆਂ ਠੀਕ ਨਹੀਂ ਹੈ। ਦਾਨ ਆਪਣੀ ਖੁਸ਼ੀ ਨਾਲ ਕਰਨਾ ਚਾਹੀਦਾ ਹੈ:

ਨਾ ਤੂ ਆਵਹਿ ਵਸਿ ਬਹੁਤਾ ਦਾਨੁ ਦੇ।। ਸਭੁ ਕੋ ਤੇਰੈ ਵਸਿ ਅਗਮ ਅਗੋਚਰਾ।। ਗੁਰੂ ਨਾਨਕ ਦੇਵ ਜੀ (ਪੰਨਾ੯੬੨)

ਭਾਵ: ਹੇ ਪ੍ਰਭੂ! ਬਹੁਤਾ ਦਾਨ ਦੇਣ ਨਾਲ ਤੂੰ ਕਿਸੇ ਜੀਵ ਦੇ ਵਸ ਵਿੱਚ ਨਹੀਂ ਆਉਂਦਾ। ਹੇ ਅਪੁਹੰਚ ਤੇ ਅਗੋਚਰ ਪ੍ਰਭੂ ਹਰੇਕ ਜੀਵ ਤੇਰੇ ਅਧੀਨ ਹੈ।

ਅਸੁਮੇਧ ਜਗੁ ਕੀਜੈ ਸੋਨਾ ਗਰਭ ਦਾਨੁ ਦੀਜੈ ਰਾਮ ਨਾਮ ਸਰਿ ਤਊ ਨ ਪੂਜੈ।। ਭਗਤ ਨਾਮ ਦੇਵ ਜੀ (ਪੰਨਾ੯੭੩)

ਭਾਵ: ਜੇ ਕੋਈ ਮਨੁੱਖ ਅਸਮੇਧ ਜੱਗ ਕਰੇ ਜਾਂ ਸੋਨਾ ਗੁਪਤ ਦਾਨ ਕਰੇ; ਤਾਂ ਵੀ ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ।

ਦੇ ਦੇ ਮੰਗਹਿ ਸਹਸਾ ਗੂਣਾ ਸੋਭ ਕਰੇ ਸੰਸਾਰੁ।। ਗੁਰੂ ਨਾਨਕ ਦੇਵ ਜੀ (ਪੰਨਾ ੪੬੬)

ਭਾਵ: ਕਈ ਮਨੁੱਖ ਦਾਨ ਕਰ ਕੇ ਮਨ ਵਿੱਚ ਰੱਬ ਕੋਲੋਂ ਉਸ ਤੋਂ ਹਜ਼ਾਰਾਂ ਗੁਣਾਂ ਵਧੀਕ ਮੰਗਦੇ ਹਨ ਅਤੇ ਚਾਹੁੰਦੇ ਹਨ ਕਿ ਲੋਕ ਉਹਨਾਂ ਦੀ ਵਡਿਆਈ ਕਰਨ।

ਬਧਾ ਚਟੀ ਜੋ ਭਰੇ ਨਾ ਗੁਣੁ ਨਾ ਉਪਕਾਰੁ।।

ਸੇਤੀ ਖੁਸੀ ਸਵਾਰੀਐ ਨਾਨਕ ਕਾਰਜੁ ਸਾਰੁ।। ਗੁਰੂ ਅੰਗਦ ਦੇਵ ਜੀ (ਪੰਨਾ ੭੮੭)

ਭਾਵ: ਜੇ ਮਨੁੱਖ ਕੋਈ ਕੰਮ ਬਧਾ-ਰੁੱਧਾ ਕਰੇ ਤਾਂ ਉਸ ਦਾ ਲਾਭ ਨਾਹ ਉਸ ਨੂੰ ਤੇ ਨਾਹ ਕਿਸੇ ਹੋਰ ਨੂੰ ਹੁੰਦਾ ਹੈ। ਹੇ ਨਾਨਕ! ਉਹੀ ਕੰਮ ਸਿਰੇ ਚੜ੍ਹਿਆ ਜਾਣੋ ਜੋ ਖੁਸ਼ੀ ਨਾਲ ਕੀਤਾ ਜਾਵੇ।

ਗੁਰਬਾਣੀ ਅਨੁਸਾਰ ਵਿਹਲੜ ਤੇ ਢੋਂਗੀ ਸਾਧੂਆਂ ਨੂੰ ਜੋ ਸੰਨਿਆਸੀ ਬਣੇ ਫਿਰਦੇ ਹਨ ਦਾਨ ਜਾਂ ਭੋਜਨ ਨਹੀਂ ਦੇਣਾ ਚਾਹੀਦਾ। ਉਹ ਕੋਈ ਕੰਮ ਨਹੀਂ ਕਰਦੇ ਤੇ ਵਿਹਲੀਆਂ ਖਾ ਖਾ ਕੇ ਪੇਟ ਵਧਾਈ ਜਾਂਦੇ ਹਨ। ਮਰੇ ਹੋਏ ਪਿਤਰਾਂ ਲਈ ਦਾਨ ਕਰਨ ਦਾ ਵੀ ਕੋਈ ਲਾਭ ਨਹੀਂ:

ਅਭਿਆਗਤ ਏਹਿ ਨ ਆਖੀਅਨਿ ਜਿ ਪਰ ਘਰਿ ਭੋਜਨੁ ਕਰੇਨਿ।।

ਉਦਰੈ ਕਾਰਣਿ ਆਪਣੇ ਬਹਲੇ ਭੇਖਿ ਕਰੇਨਿ।। ਗੁਰੂ ਅਮਰ ਦਾਸ ਜੀ (ਪੰਨਾ ੯੪੯)

ਭਾਵ: ਜੋ ਮਨੁੱਖ ਪਰਾਏ ਘਰ ਰੋਟੀ ਖਾਂਦੇ ਹਨ ਤੇ ਆਪਣਾ ਪੇਟ ਭਰਨ ਦੀ ਖਾਤਰ ਕਈ ਭੇਖ ਕਰਦੇ ਹਨ, ਉਹਨਾਂ ਨੂੰ ਸੰਨਿਆਸੀ ਨਹੀਂ ਸਮਝਣਾ ਚਾਹੀਦਾ।

ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ।।

ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ।। ਭਗਤ ਕਬੀਰ ਜੀ (ਪੰਨਾ ੩੩੨)

ਭਾਵ: ਲੋਕ ਜੀਉਂਦੇ ਮਾਪਿਆਂ ਦੀ ਇੱਜ਼ਤ ਨਹੀਂ ਕਰਦੇ, ਪਰ ਮਰੇ ਹੋਏ ਪਿਤਰਾਂ ਨਮਿਤ ਦਾਨ ਕਰਦੇ ਤੇ ਪੰਡਤਾਂ ਨੂੰ ਭੋਜਨ ਖੁਆਂਦੇ ਹਨ। ਵਿਚਾਰੇ ਵਡੇ ਵਡੇਰਿਆਂ ਨੂੰ ਕੁੱਝ ਨਹੀਂ ਮਿਲਦਾ, ਭੋਜਨ ਤਾਂ ਕਾਂ ਕੁੱਤੇ ਹੀ ਖਾ ਜਾਂਦੇ ਹਨ।

ਗੁਰਬਾਣੀ ਅਨੁਸਾਰ ਕਿਸੇ ਲੋੜਵੰਦ ਨੂੰ ਦਾਨ ਦੇਣ ਲਗਿਆਂ ਉਸ ਦੇ ਧਰਮ ਜਾਂ ਜਾਤ ਦਾ ਵਿਚਾਰ ਨਹੀਂ ਕਰਨਾ ਚਾਹੀਦਾ। ਅਸੀਂ ਸਾਰੇ ਇੱਕ ਵਾਹਿਗੁਰੂ ਦੀ ਸੰਤਾਨ ਹਾਂ। ਸਜਣ ਅਤੇ ਦੁਸ਼ਮਣ ਦਾ ਖਿਆਲ ਕੀਤੇ ਬਿਨਾਂ ਜਿਥੋਂ ਤਕ ਹੋ ਸਕੇ ਹਰ ਲੋੜਵੰਦ ਦੀ ਸਹਾਇਤਾ ਕਰਨੀ ਚਾਹੀਦੀ ਹੈ। ਇਸ ਸੰਬੰਧੀ ਗੁਰੂ ਅਰਜਨ ਦੇਵ ਜੀ ਇੱਕ ਰੁੱਖ ਦੀ ਉਦਾਹਰਣ ਦੇ ਕੇ ਫਰਮਾਂਉਦੇ ਹਨ:

ਸਸਤ੍ਰਿ ਤੀਖਣਿ ਕਾਟਿ ਡਾਰਿੳ ਮਨਿ ਨ ਕੀਨੋ ਰੋਸੁ।।

ਕਾਜੁ ਉਆ ਕੋ ਲੇ ਸਵਾਰਿਓ ਤਿਲੁ ਨ ਦੀਨੋ ਦੋਸੁ।। ਪੰਨਾ ੧੦੧੮

ਭਾਵ: ਇੱਕ ਮਨੁੱਖ ਨੇ ਇੱਕ ਰੁੱਖ ਨੂੰ ਤੇਜ਼ ਹਥਿਆਰ ਨਾਲ ਕੱਟ ਸੁੱਟਿਆ ਪਰ ਰੁੱਖ ਨੇ ਆਪਣੇ ਮਨ ਵਿੱਚ ਉਸ ਬੰਦੇ ਤੇ ਗੁੱਸਾ ਨਹੀਂ ਕੀਤਾ, ਸਗੋਂ ਉਸ ਮਨੁੱਖ ਦਾ ਕੰਮ ਸਵਾਰ ਦਿੱਤਾ ਅਤੇ ਉਸ ਨੂੰ ਰਤਾ ਭਰ ਵੀ ਕੋਈ ਦੋਸ਼ ਨਹੀਂ ਦਿੱਤਾ।




.