.

ਗੁਰਬਾਣੀ ਤੇ ਇਤਿਹਾਸਕ ਪਰਿਪੇਖ ਵਿੱਚ ‘ਰੰਘਰੇਟੇ, ਗੁਰੂ ਕੇ ਬੇਟੇ’

ਗੁਰਬਾਣੀ ਤੇ ਗੁਰਇਤਿਹਾਸ ਦੀ ਰੌਸ਼ਨੀ ਵਿੱਚ ਵੈਸੇ ਤਾਂ ਹਰੇਕ ‘ਗੁਰਸਿੱਖ’ ਗੁਰੂ ਕਾ ਬੇਟਾ ਹੈ। ਕਿਉਂਕਿ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਸਮੂਹ ਗੁਰਸਿੱਖਾਂ ਨੂੰ ਗੁਰੂ ਨਾਨਕ ਸਾਹਿਬ ਦੇ ‘ਗੁਰਸਿੱਖ ਪੁੱਤਰੋ’ ਕਹਿ ਕੇ ਸੰਬੋਧਨ ਕੀਤਾ ਹੈ। ਜਿਵੇਂ ਗੁਰਵਾਕ ਹੈ "ਜਨ ਨਾਨਕ ਕੇ ‘ਗੁਰਸਿਖ ਪੁਤਹਹੁ’ ਹਰਿ ਜਪਿਅਹੁ ਹਰਿ ਨਿਸਤਾਰਿਆ॥" {ਗੁ. ਗ੍ਰੰ. -ਪੰ. 312} ਪਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਉਪਰੰਤ ਦਿੱਲੀ ਦਾ ਇੱਕ ਗੁਰਸਿੱਖ ਭਾਈ ਜੈਤਾ ਉਨ੍ਹਾਂ ਦਾ ਲਹੂ-ਲੁਹਾਨ ਪਾਵਨ ਸੀਸ ਲੈ ਕੇ ਸ੍ਰੀ ਕੀਰਤਪੁਰ ਸਾਹਿਬ ਪਹੁੰਚਾ ਤਾਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਜੀ ਮਹਾਰਾਜ ਨੇ ਭਾਈ ਜੀ ਨੂੰ ਗਲ਼ੇ ਲਗਾਇਆ ਤੇ ਪ੍ਰੰਪਰਾਗਤ ਇਤਿਹਾਸ ਮੁਤਾਬਿਕ ਵਿਸ਼ੇਸ਼ ਨਿਵਾਜ਼ਿਸ਼ ਭਰਿਆ ਬਚਨ ਕੀਤਾ ‘ਰੰਘਰੇਟਾ, ਗਰੂ ਕਾ ਬੇਟਾ’।

ਮਹਾਨਕੋਸ਼ ਮੁਤਾਬਕ ਰੰਘਰੇਟਾ ਲਫ਼ਜ਼ ‘ਰੰਘੜੇਟਾ’ ਦਾ ਵਿਗੜਿਆ ਹੋਇਆ ਰੂਪ ਹੈ ਅਤੇ ਇਸ ਦਾ ਅਰਥ ਹੈ – ਰੰਘੜ ਦਾ ਬੇਟਾ। ਗੁਰੂ ਕਾਲ ਵੇਲੇ ‘ਰੰਘੜ’ ਭਾਵੇਂ ਉਨ੍ਹਾਂ ਰਾਜਪੂਤਾਂ ਨੂੰ ਕਿਹਾ ਜਾਂਦਾ ਸੀ, ਜਿਹੜੇ ਇਸਲਾਮ ਮਤ ਧਾਰਨ ਕਰ ਲੈਂਦੇ ਸਨ। ਜਿਵੇਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਬੇਅਦਬੀ ਕਰਨ ਵਾਲਾ ਮੰਡਿਆਲਾ ਨਿਵਾਸੀ ਸ੍ਰੀ ਅੰਮ੍ਰਿਤਸਰ ਪਰਗਣੇ ਦਾ ਚੌਧਰੀ ‘ਮੱਸਾ ਰੰਘੜ’। ਪ੍ਰੰਤੂ ਜਦੋਂ ਤੋਂ ਖ਼ਾਲਸੇ ਦੇ ਸੁਆਮੀ ਦਸਵੇਂ ਪਾਤਸ਼ਾਹ ਨੇ ਪਿਆਰ ਤੇ ਸਤਿਕਾਰ ਸਹਿਤ ਭਾਈ ਜੈਤਾ ਜੀ ਨੂੰ ‘ਰੰਘਰੇਟਾ, ਗੁਰੂ ਕਾ ਬੇਟਾ’ ਕਹਿ ਕੇ ਨਿਵਾਜਿਆ; ਤਦੋਂ ਤੋਂ ਗੁਰੂ ਕੇ ਸੂਝਵਾਨ ਸਿੱਖ ਸੇਵਕਾਂ ਨੇ ਉਨ੍ਹਾਂ ਸਾਰੇ ਗੁਰਸਿੱਖ ਭਰਾਵਾਂ ਦੀ ਵਿਸ਼ੇਸ਼ ਪਹਿਚਾਣ ਕਰਵਾਉਣ ਦੀ ਮਜ਼ਬੂਰੀ ਵੱਸੋਂ ‘ਰੰਘਰੇਟੇ’ ਨਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ, ਜਿਨ੍ਹਾਂ ਨੂੰ ਮੰਨੂਵਾਦੀ ਦ੍ਰਿਸ਼ਟੀਕੋਨ ਤੋਂ ਸ਼ੂਦਰਾਂ ਵਿੱਚੋਂ ਵੀ ਅਤਿ ਨੀਚ ਮੰਨ ਕੇ ਬਹੁਤ ਹੀ ਘ੍ਰਿਣਤ ਦ੍ਰਿਸ਼ਟੀ ਨਾਲ ਦੇਖਿਆ ਜਾਂਦਾ ਸੀ। ਜਿਵੇਂ ਰੰਘੜ, ਚੂਹੜੇ, ਚਮਾਰ ਤੇ ਚੰਡਾਲ। ਕਿਉਂਕਿ ਉਨਾਂ ਲਈ ਗੁਰੂ ਦ੍ਰਿਸ਼ਟੀ ਵਿੱਚ ‘ਰੰਘਰੇਟਾ’ ਲਫ਼ਜ਼ ਦੇ ਅਰਥ ‘ਰੰਘੜ ਦਾ ਬੇਟਾ’ ਨਾ ਰਹੇ, ਸਗੋਂ ਗੁਰੂ ਦੇ ਗੂੜ੍ਹੇ ਪਿਆਰ ਵਿੱਚ ਰੰਗਿਆ ‘ਗੁਰੂ ਕਾ ਬੇਟਾ’ ਹੋ ਗਏ। ਬੇਟੇ ਵੀ ਉਹ, ਜੋ ਗੁਰੂ ਦੀ ਦਇਆਲਤਾ ਦੇ ਪਾਤਰ ਬਣਦਿਆਂ ਰੱਬੀ-ਰੰਗ ਵਿੱਚ ਰੰਗੀਜ ਕੇ ਨਿਹਾਲ ਹੋ ਗਏ। ਜਿਨ੍ਹਾਂ ਪ੍ਰਤੀ ਅਰਸ਼ੀ ਅਰਸ਼ਾਦ ਹੈ:

ਗੁਰਿ ਰੰਗੇ, ਸੇ ਭਏ ਨਿਹਾਲ॥ ਕਹੁ ਨਾਨਕ! ਗੁਰ ਭਏ ਹੈ ਦਇਆਲ॥ {ਗੁ. ਗ੍ਰੰ. -ਪੰ. 194}

ਗੁਰੂ ਕੇ ਸਿੱਖ ਚੰਗੀ ਤਰ੍ਹਾਂ ਸਮਝ ਗਏ ਸਨ ਕਿ ਭਾਈ ਜੈਤਾ ਜੀ ਨੂੰ ਸਤਿਗੁਰੂ ਜੀ ਨੇ ਜੋ ਵਿਸ਼ੇਸ਼ ਪਿਆਰ ਤੇ ਸਤਿਕਾਰ ਬਖ਼ਸ਼ਿਆ ਹੈ, ਉਸ ਪਿੱਛੇ ਕੇਵਲ ਭਾਈ ਜੀ ਦੀ ਸ਼ਹੀਦ ਪਿਤਾ ਗੁਰੂ ਦੇ ਸੀਸ ਨੂੰ ਜਾਨ `ਤੇ ਖੇਲ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਾਣ ਦੀ ਦਲੇਰੀ ਤੇ ਕੁਰਬਾਨੀ ਹੀ ਨਹੀਂ। ਸਗੋਂ ਵਿਸ਼ੇਸ਼ ਕਾਰਣ ਹੈ ਗੁਰੂ ਨਾਨਕ ਪਾਤਸ਼ਾਹ ਦਾ ਉਹ ਦੁਨੀਆਂ ਤੋਂ ਵਿਲੱਖਣ ਗ਼ਰੀਬ-ਨਿਵਾਜ਼ੀ ਰੱਬੀ-ਦ੍ਰਿਸ਼ਟੀਕੋਨ ਹੈ; ਜਿਸ ਅਧੀਨ ਉਨ੍ਹਾਂ ਨੇ ਪਿੰਡ ਦੇ ਮਿਰਾਸੀ ਮਰਦਾਨੇ ਨੂੰ ਰਬਾਬੀ ਭਾਈ ਬਣਾਇਆ ਅਤੇ ਫਿਰ "ਨੀਚਾ ਅੰਦਰਿ ਨੀਚ ਜਾਤਿ, ਨੀਚੀ ਹੂ ਅਤਿ ਨੀਚੁ॥ ਨਾਨਕੁ ਤਿਨ ਕੈ ਸੰਗਿ ਸਾਥਿ, ਵਡਿਆ ਸਿਉ ਕਿਆ ਰੀਸ॥ ਜਿਥੈ ਨੀਚ ਸਮਾਲੀਅਨਿ, ਤਿਥੈ ਨਦਰਿ ਤੇਰੀ ਬਖਸੀਸ॥" – {ਗੁ. ਗ੍ਰੰ. -ਪੰ. 15} ਦਾ ਦੈਵੀ ਐਲਾਨ ਕੀਤਾ ਸੀ। ਇਹੀ ਕਾਰਣ ਹੈ, ਜਿਸ ਕਰਕੇ ਬਿਪਰਵਾਦ ਦੇ ਲਿਤਾੜੇ (ਦਲਿਤ) ਨੀਵੀਆਂ ਜਾਤੀਆਂ ਦੇ ਲੋਕ (ਜੱਟ ਨਾਈ, ਛੀਂਬੇ ਅਤੇ ਲੁਹਾਰ, ਤਰਖਾਣ ਤੇ ਘੁਮਿਆਰ ਚੂਹੜੇ, ਚਮਾਰ, ਚੰਡਾਲ ਆਦਿਕ) ਵਧੇਰੇ ਗਿਣਤੀ ਵਿੱਚ ਗੁਰਸਿੱਖ ਬਣੇ ਅਤੇ ਉਨ੍ਹਾਂ ਨੇ ਆਪਣੇ ਆਪ ਨੂੰ ਗੁਰੂ ਤੋਂ ਘੋਲ ਘੁਮਾਇਆ।

ਕਮਾਲ ਦੀ ਗੱਲ ਇਹ ਹੈ ਕਿ ਜੇ ਗ਼ਰੀਬ-ਨਿਵਾਜ਼ ਸਤਿਗੁਰਾਂ ਨੇ ਕਥਿਤ ਸ਼ੂਦਰ ਭਗਤਾਂ ਨੂੰ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਆਪਣੇ ਬਰਾਬਰ ਰੂਹਾਨੀ ਸਿੰਘਾਸਣ `ਤੇ ਵਿਰਾਜਮਾਨ ਕਰਕੇ "ਨੀਚਹ ਊਚੁ ਕਰੇ ਮੇਰਾ ਗੋਬਿੰਦ" ਦਾ ਰੱਬੀ-ਸੱਚ ਪ੍ਰਕਾਸ਼ਮਾਨ ਕੀਤਾ। ਅਤੇ ਫਿਰ ਗੁਰੂ ਦੇ ਸਾਜੇ-ਨਿਵਾਜੇ ਖ਼ਾਲਸਾ ਪੰਥ ਨੇ ਉਨ੍ਹਾਂ ਦੇ ਭਾਈਚਾਰਿਆਂ ਦੇ ਅਠਾਰਵੀਂ ਸਦੀ ਵਿੱਚਲੇ ਸੂਰਬੀਰਾਂ ਅਤੇ ਅਜੋਕੇ ਆਗੂਆਂ ਨੂੰ ਸੱਤਾਧਾਰੀ ਸਿੰਘਾਸਣਾਂ `ਤੇ ਬੈਠਾਅ ਕੇ ਵਿਸ਼ੇਸ਼ ਸਰਦਾਰੀਆਂ ਬਖਸ਼ੀਆਂ। ਕਿਉਂਕਿ ਗੁਰਇਤਿਹਾਸ ਮੁਤਾਬਿਕ ਖ਼ਾਲਸੇ ਦੇ ਸੁਆਮੀ ਨੇ ਇਹ ਦ੍ਰਿੜ ਸਕੰਲਪ ਲਿਆ ਸੀ ਕਿ "ਜਿਨ ਕੀ ਜਾਤ ਵਰਣ ਕੁਲ ਮਾਹੀਂ। ਸਰਦਾਰੀ ਨਹਿਂ ਭਈ ਕਦਾਹੀਂ। ਇਨਹੀਂ ਕੋ ਸਰਦਾਰ ਬਨਾਵਊਂ। ਤਬੈ ਗੋਬਿੰਦ ਸਿੰਘ ਨਾਮ ਕਹਾਵਊਂ।" - {ਪੰਥ ਪ੍ਰਕਾਸ਼-ਗਿ. ਗਿਆਨ ਸਿੰਘ} ਤਾਂ ਅਜਿਹੇ ਗ਼ਰੀਬ ਸਿੱਖੜਿਆਂ ਨੇ ਵੀ ਭਗਤ ਰਵਿਦਾਸ ਜੀ ਨਾਲ ਆਤਮਕ-ਸਾਂਝ ਪਾ ਕੇ "ਐਸੀ, ਲਾਲ! ਤੁਝ ਬਿਨੁ ਕਉਨੁ ਕਰੈ॥ ਗਰੀਬ ਨਿਵਾਜੁ ਗੁਸਈਆ ਮੇਰਾ, ਮਾਥੈ ਛਤ੍ਰੁ ਧਰੈ॥" - {ਗੁ. ਗ੍ਰੰ. -ਪੰ. 1106} ਦਾ ਇਲਾਹੀ-ਗੀਤ ਗਾਉਂਦਿਆਂ ਗੁਰੂ ਤੇ ਪੰਥ ਤੋਂ ਆਪਣੀਆਂ ਜਿੰਦੜੀਆਂ ਅਤੇ ਪਰਵਾਰਾਂ ਨੂੰ ਘੋਲ ਘੁਮਾਇਆ।

ਕਿਉਂਕਿ, ਜੇ ਦਸਵੇਂ ਪਾਤਸ਼ਾਹ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਨ 1699 ਦੀ ਵੈਸਾਖੀ ਨੂੰ ਸਿੱਖੀ ਸਿਦਕ ਤੇ ਕੁਰਬਾਨੀ ਦੇ ਜਜ਼ਬੇ ਦੀ ਪਰਖ ਕਰਨ ਲਈ ਲਹੂ-ਲਿਬੜੀ ਤਲਵਾਰ ਹਿਲਾਦਿਆਂ ਸਿਰਾਂ ਦੀ ਮੰਗ ਕੀਤੀ ਤਾਂ ਉਸ ਵੇਲੇ ਜਿਹੜੇ ਪੰਜ ਸਿੱਖ ਨਿੱਤਰੇ ਅਤੇ ਜਿਨ੍ਹਾਂ ਨੂੰ ਆਪਣੇ ਬਿੰਦੀ ਪੁਤਰਾਂ (ਸਾਹਿਬਜ਼ਾਦਿਆਂ) ਤੋਂ ਉੱਚਾ ‘ਪੰਜ ਪਿਆਰਿਆਂ’ ਦਾ ਸਦੀਵੀ ਰੁਤਬਾ ਬਖਸ਼ਿਆ। ਉਨ੍ਹਾਂ ਵਿੱਚ ਲਹੌਰ ਦੇ ਭਾਈ ਦਇਆ ਸਿੰਘ (ਖ਼ਤਰੀ) ਤੋਂ ਇਲਾਵਾ ਬਾਕੀ ਦੇ ਚਾਰ ਸਨ ਭਾਈ ਧਰਮ ਸਿੰਘ, ਹਿੰਮਤ ਸਿੰਘ, ਮੁਹਕਮ ਸਿੰਘ ਤੇ ਭਾਈ ਸਾਹਿਬ ਸਿੰਘ। ਇਹ ਚਾਰੇ ਮਰਜੀਵੜੇ ਤਰਤੀਬ ਵਾਰ ਕਥਿਤ ਨੀਵੀਂ ਜਾਤ ਦੇ ਜੱਟ, ਝੀਊਰ, ਛੀਂਬਾ ਤੇ ਨਾਈ।

ਜੇ ਰੰਘਰੇਟਾ ਜਥੇਦਾਰ ਭਾਈ ਜੀਵਨ ਸਿੰਘ (ਭਾਈ ਜੈਤਾ ਜੀ) ਸੰਨ 1705 ਵਿੱਚ ਚਮਕੌਰ ਦੀ ਜੰਗ ਵੇਲੇ ਵਿੱਚ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਨਾਲ ਮਿਲ ਕੇ ਜ਼ਾਲਮ ਮੁਗਲਾਂ ਤੇ ਪਹਾੜੀ ਹਿੰਦੂ ਰਾਜਿਆਂ ਦੀ ਧੱਕਸ਼ਾਹੀ ਵਿਰੁਧ ਲੜਦਿਆਂ ਸਰਸਾ ਨਦੀ ਦੇ ਕੰਢੇ ਸ਼ਹੀਦੀ ਪ੍ਰਾਪਤ ਕਰਦਾ ਹੈ। ਜਾਂ ਸੰਨ 1706 ਵਿੱਚ ਜੇ ਸਾਬੋ ਕੀ ਤਲਵੰਡੀ (ਤਖ਼ਤ ਸ੍ਰੀ ਦਮਦਮਾ ਸਾਹਿਬ) ਵਿਖੇ ਬਹਾਦਰੀ ਦੀਆਂ ਫੜਾਂ ਮਾਰਨ ਵਾਲੇ ਜੱਟ ਚੌਧਰੀ ਡੱਲੇ ਤੇ ਉਸ ਦੇ ਸਿਪਾਹੀਆਂ ਦੀ ਪਰਖ ਕਰਨ ਲਈ ਦਸਮੇਸ਼ ਗੁਰੂ ਜੀ ਨੇ ਜਦੋਂ ਨਵੀਂ ਬੰਦੂਕ ਦੀ ਮਾਰ ਪਰਖਣ ਦਾ ਸਵਾਂਗ ਰਚਿਆ; ਤਾਂ ਉਨ੍ਹਾਂ ਵੱਲੋਂ ਅਣਿਆਈ ਮੌਤੇ ਮਰਨ ਤੋਂ ਇਨਕਾਰ ਕਰਦਿਆਂ ਪਿੱਛੇ ਹੱਟਣ ਉਪਰੰਤ, ਗੁਰੂ ਜੀ ਦੀ ਅਵਾਜ਼ ਸੁਣ ਕੇ ਬੰਦੂਕ ਦਾ ਨਿਸ਼ਾਨਾ ਬਣਨ ਲਈ ਰੰਘਰੇਟੇ ਪਿਉ ਪੁਤਰ ਭਾਈ ਬੀਰ ਸਿੰਘ ਤੇ ਧੀਰ ਸਿੰਘ ਆਣ ਖੜੇ ਹੁੰਦੇ ਹਨ। ਤਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸੰਨ 1710 ਵਿੱਚ ਸਰਹਿੰਦ ਫ਼ਤਹ ਕਰਨ ਉਪਰੰਤ ਜਦੋਂ ਖ਼ਾਲਸਈ ਰਾਜ ਸਥਾਪਤ ਕੀਤਾ ਤਾਂ ਵਧੇਰੇ ਸਰਦਾਰੀਆਂ ਵੀ ਇਨ੍ਹਾਂ ਗ਼ਰੀਬ ਸਿੰਘਾਂ ਨੂੰ ਹੀ ਬਖ਼ਸ਼ੀਆਂ ਅਤੇ ਜ਼ਿਮੀਦਾਰਾ ਸਿਸਟਮ ਖ਼ਤਮ ਕਰਕੇ ਮਜ਼ਦੂਰਾਂ ਵਰਗੇ ਹਲ਼ਵਾਹਕ ਜੱਟਾਂ ਨੂੰ ਜ਼ਮੀਨਾਂ ਦੇ ਮਾਲਕ ਵੀ ਬਣਾਇਆ।

ਇਹੀ ਕਾਰਣ ਸੀ ਕਿ ਜਦੋਂ ਜੁਲਾਈ ਸੰਨ 1734 ਵਿੱਚ ਦੂਰ-ਦ੍ਰਿਸ਼ਟ ਜਥੇਦਾਰ ਨਵਾਬ ਕਪੂਰ ਸਿੰਘ ਨੇ ਵੱਖ ਵੱਖ ਜਥਿਆਂ ਵਿੱਚ ਖਿੰਡੀ-ਪੁੰਡੀ ਸਰਬੱਤ ਖ਼ਾਲਸਾ ਫ਼ੌਜ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ `ਤੇ ਇਕੱਠਾ ਕਰਕੇ ‘ਬੁੱਢਾ ਦਲ’ ਤੇ ‘ਤਰਣਾ ਦਲ’ (40 ਸਾਲ ਤੋਂ ਘਟ ਉਮਰ ਦੇ ਨੌਜਵਾਨਾਂ ਦਾ ਜਥਾ) ਦੇ ਰੂਪ ਵਿੱਚ ਦੋ ਹਿੱਸਿਆਂ ਵਿਖੇ ਵੰਡਿਆ। ਗੁਰਦੁਆਰਿਆਂ ਦੀ ਸੇਵਾ-ਸੰਭਾਲ ਤੇ ਗੁਰਮਤ ਪ੍ਰਚਾਰ ਦਾ ਬੁੱਢਾ ਦਲ ਨੇ ਸੰਭਾਲਿਆ ਤੇ ਸ੍ਰ. ਜੱਸਾ ਸਿੰਘ ਆਹਲੂਵਾਲੀਏ ਦੀ ਕਮਾਂਡ ਹੇਠ ਕੌਮੀ ਸੁਰਖਿਆ ਦੀ ਜ਼ਿੰਮੇਵਾਰੀ ਤਰਣਾ ਦਲ ਨੂੰ ਸੌਂਪੀ। ਕੁੱਝ ਰੰਘਰੇਟੇ ਮੁਖੀਆਂ ਦੀ ਇੱਛਾ ਦਾ ਸਤਿਕਾਰ ਕਰਦਿਆਂ ਅਤੇ ਸਮੇਂ ਹਲਾਤਾਂ ਨੂੰ ਸਮਝਦਿਆਂ ਉਨ੍ਹਾਂ ਨੇ ਵਖਰੇਵਾਂ ਨਾ ਚਹੁੰਦਿਆਂ ਵੀ ਤਰਣਾ ਦਲ ਦੇ ਪੰਜ ਜਥਿਆਂ ਵਿੱਚ ਇੱਕ ਵਿਸ਼ੇਸ਼ ਜਥਾ ਇਨ੍ਹਾਂ ਦਾ ਵੀ ਕਾਇਮ ਕਰ ਦਿੱਤਾ। ਤਾਂ ਕਿ ਹਰ ਹਾਲਤ ਵਿੱਚ ਇਹ ਪੰਥ ਦਾ ਅੰਗ ਬਣੇ ਰਹਿਣ ਅਤੇ ਇਨ੍ਹਾਂ ਅੰਦਰ ਬਰਾਬਰੀ ਦਾ ਅਹਿਸਾਸ ਕਾਇਮ ਰਹਿ ਸਕੇ। ਇਸ ਜਥੇ ਦੇ ਮੁਖੀ ਸਰਦਾਰ ਸਨ ਰੰਘਰੇਟਾ ਭਾਈ ਬੀਰ ਸਿੰਘ, ਮਦਨ ਸਿੰਘ, ਜਿਊਣ ਸਿੰਘ ਤੇ ਅਮਰ ਸਿੰਘ।

ਪ੍ਰਤੀਤ ਹੁੰਦਾ ਹੈ ਜਥੇਦਾਰ ਨਵਾਬ ਕਪੂਰ ਸਿੰਘ ਜੀ ਨੂੰ ਛੇਤੀ ਹੀ ਅਹਿਸਾਸ ਹੋ ਗਿਆ ਸੀ ਕਿ ਤਰੁਣਾਦਲ ਦੇ ਵੱਡ ਅਕਾਰੀ ਜਥੇ ਬਨਾਉਣਾ, ਉਨ੍ਹਾਂ ਦੇ ਚਾਰ ਚਾਰ ਤੇ ਪੰਜ ਪੰਜ ਮੁਖੀ ਸਰਦਾਰ ਨੀਯਤ ਕਰਨੇ ਅਤੇ ਮਜ਼ਹਬੀ ਸਿੱਖਾਂ ਦਾ ਵੱਖਰਾ ਜਥਾ ਕਾਇਮ ਕਰਨਾ ਸਿਧਾਂਤਕ ਤੇ ਰਣਨੀਤਕ ਗ਼ਲਤੀਆਂ ਹਨ। ਪਰ, ਫਿਰ ਵੀ ਖ਼ਾਲਸਾ ਫ਼ੌਜਾਂ ਨੂੰ ਜਥੇਬੰਦ ਕਰਨ ਦਾ ਪਹਿਲਾ ਤਜ਼ਰਬਾ ਅਤੇ ਰਾਜਨੀਤਕ ਹਲਾਤਾਂ ਨੂੰ ਸਾਹਮਣੇ ਰਖਦਿਆਂ ਇਸ ਪੱਖੋਂ ਕੋਈ ਤਬਦੀਲੀ ਕਰਨ ਵਿੱਚ ਉਨ੍ਹਾਂ ਨੇ ਲਗਭਗ ਦਸ ਸਾਲ ਦੇ ਲੰਮੇ ਸਮੇਂ ਦੀ ਉਡੀਕ ਕੀਤੀ। ਜਥੇਬੰਦਕ ਦ੍ਰਿਸ਼ਟੀਕੋਨ ਤੋਂ ਸਿਧਾਂਤਕ ਗ਼ਲਤੀ ਇਹ ਸੀ ਕਿ ਅਜਿਹਾ ਵਖਰੇਵਾਂ "ਫਕੜ ਜਾਤੀ ਫਕੜੁ ਨਾਉ॥" {ਗੁ. ਗ੍ਰੰ. -ਪੰ. 83} ਅਤੇ "ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ॥" {ਗੁ. ਗ੍ਰੰ. -ਪੰ. 1127} ਵਰਗੇ ਤਾੜਣਾ ਭਰੇ ਗੁਰਵਾਕਾਂ ਦੀ ਉਲੰਘਣਾ ਹੈ। ਅਤੇ ਦੂਜੇ, ਖ਼ਾਲਸੇ ਦੇ ਸੁਆਮੀ ਦਸਵੇਂ ਪਾਤਸ਼ਾਹ ਵੱਲੋਂ ਇੱਕ ਬਾਟੇ ਚੋਂ ਅੰਮ੍ਰਿਤ ਛਕਾਉਣ ਦੇ ਮਨੋਰਥ ਪੱਖੋਂ ਵੀ ਵਿਪਰੀਤ ਹੈ। ਕਿਉਂਕਿ, ਗੁਰਦੇਵ ਜੀ ਦਾ ਇੱਕੋ-ਇੱਕ ਟੀਚਾ ਸੀ ਕਿ ਸਿੱਖ ਸਮਾਜ ਵਿੱਚੋਂ ਊਚ-ਨੀਚ ਤੇ ਸੁੱਚ-ਭਿੱਟ ਆਦਿਕ ਦੇ ਨਫ਼ਰਤਮਈ ਵਿਤਕਰੇ ਦੂਰ ਹੋਣ ਤੇ ਉਹ ਸਾਰੇ ਮਾਂ-ਜਾਏ ਭਰਾਵਾਂ ਵਾਂਗ ਇੱਕ ਦੂਜੇ ਨਾਲ ਮਿਲ ਕੇ ਰਹਿਣ। ਪਰ, ਮਜ਼ਬੀਆਂ ਦਾ ਵੱਖਰਾ ਜਥਾ ਬਣਾ ਕੇ ਅਸੀਂ ਆਪ ਹੀ ਅੰਧਿਆਂ ਵਾਂਗ ਉਸ ਬ੍ਰਾਹਮਣੀ ਖੱਡ ਵਿੱਚ ਡਿੱਗ ਪਏ ਹਾਂ, ਜਿਥੋਂ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਦਸ ਜਾਮਿਆਂ ਵਿੱਚ 239 ਸਾਲ ਕੇ ਕੱਢਿਆ ਸੀ।

ਭਾਵੇਂ ਕਿ ਸੰਨ 1940 ਤਕ ਦੇ ਇਤਿਹਾਸ ਵਿੱਚ ਅਜਿਹੀ ਕੋਈ ਉਦਾਹਰਣ ਨਹੀਂ ਮਿਲਦੀ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕੇ ਕਿ ਕੌਮੀ ਸਘੰਰਸ਼ ਵਿੱਚ ਕੁੱਦੇ ਹੋਏ ਸਿੰਘਾਂ ਵਿੱਚੋਂ ਕਿਸੇ ਕੋਈ ਬਿਰਾਦਰੀਵਾਦ ਦੇ ਵਖਰੇਵੇਂ ਵਾਲਾ ਫੁੱਟ ਪਾਊ ਵਿਹਾਰ ਕੀਤਾ ਹੋਵੇ। ਕਿਉਂਕਿ, ਜੇ ਸੰਨ 1739 ਵਿੱਚ ਸਿੱਖ ਕੌਮ ਦੀ ਅਜ਼ਾਦ ਹਸਤੀ ਦਰਸਾਉਣ ਦੀ ਲੋੜ ਪਈ ਤਾਂ ਨੂਰਦੀਂ ਸਰਾਂ ਕੋਲ ਭੜਾਣਾ ਨਿਵਾਸੀ ਭਾਈ ਬੋਤਾ ਸਿੰਘ (ਸੰਧੂ ਜੱਟ) ਦੇ ਨਾਲ ਦੂਜਾ ਸਾਥੀ ਸੀ ਰੰਗਰੇਟਾ ਭਾਈ ਗਰਜਾ ਸਿੰਘ, ਜਿਨ੍ਹਾਂ ਮਿਲ ਕੇ ਸ਼ਾਹੀ ਮਾਮਲਾ ਉਗਰਾਇਆ ਅਤੇ ਫਿਰ ਮੁਗਲੀਆ ਹਕੂਮਤ ਵੱਲੋਂ ਗ੍ਰਿਫ਼ਤਾਰ ਕਰਨ ਆਏ ਫ਼ੌਜੀ ਦਸਤੇ ਨਾਲ ਪਿੱਠਾਂ ਜੋੜ ਲੜੇ ਅਤੇ ਇਕੱਠਿਆਂ ਹੀ ਸ਼ਹੀਦੀ ਪ੍ਰਾਪਤ ਕੀਤੀ। ਇਸੇ ਤਰ੍ਹਾਂ ਜੇ ਸੰਨ 1740 ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਬੇਅਦਬੀ ਕਰਨ ਵਾਲੇ ਮੱਸੇ ਰੰਘੜ ਨੂੰ ਸੋਧਣ ਦਾ ਮੌਕਾ ਬਣਿਆ ਤਾਂ ਭਾਈ ਮਹਿਤਾਬ ਮੀਰਾਂ ਕੋਟ (ਭੰਗੂ ਜੱਟ) ਦਾ ਸਾਥੀ ਬਣਿਆ ਕੰਬੋਕੀ ਮਾੜੀ ਪਿੰਡ ਦਾ ਭਾਈ ਸੁੱਖਾ ਸਿੰਘ (ਕਲਸੀ ਤਰਖਾਣ)।

ਪ੍ਰੰਤੂ ਦੂਰਦ੍ਰਿਸ਼ਟ ਜਥੇਦਾਰ ਨਵਾਬ ਕਪੂਰ ਸਿੰਘ ਹੁਰਾਂ ਨੇ ਫਿਰ ਵੀ ਉਪਰੋਕਤ ਕਿਸਮ ਦੀਆਂ ਜਥੇਬੰਦਕ ਗ਼ਲਤੀਆਂ ਸੁਧਾਰਨ ਲਈ 14 ਅਗਸਤ 1745 ਨੂੰ ਦਿਵਾਲੀ ਦੇ ਦਿਹਾੜੇ ਸਰਬੱਤ ਖ਼ਾਲਸੇ ਦਾ ਇਕੱਠ ਬੁਲਾਇਆ। ਗੁਰਮਤੇ ਮੁਤਾਬਿਕ ਤਰਣਾ ਦਲ ਦੇ 5 ਜਥਿਆਂ ਨੂੰ ਅੱਗੇ ਸੌ ਸੌ ਸਿੰਘਾਂ ਦੇ 65 ਜਥਿਆਂ ਵਿੱਚ ਵੰਡ ਦਿੱਤਾ। ਇੱਕ ਜਥੇ ਦਾ ਇੱਕ ਹੀ ਸਰਦਾਰ ਨਿਯੁਕਤ ਕੀਤਾ, ਤਾਂ ਕਿ ਜਥੇਦਾਰ ਸਰਦਾਰੀ ਦੀ ਹਉਂ ਕਾਰਣ ਆਪਸ ਵਿੱਚ ਨਾ ਉਲਝਣ। ਪ੍ਰੰਤੂ ਇਹ ਜਥੇ ਪਹਿਲਾਂ ਵਾਂਗ ਕਿਸੇ ਧੜੇ, ਬਿਰਾਦਰੀ ਜਾਂ ਇਲਾਕੇ ਦੀ ਬਿਨਾਅ `ਤੇ ਨਹੀਂ ਸਨ ਵੰਡੇ ਗਏ। ਜਥਿਆਂ ਦੇ ਸਰਦਾਰਾਂ ਵੱਜੋਂ ਜਿਹੜੇ ‘ਰੰਘਰੇਟੇ’ ਸਿੰਘਾਂ ਨੂੰ ਮਾਣ ਮਿਲਿਆ, ਉਹ ਸਨ ਸ੍ਰ. ਜੀਊਣ ਸਿੰਘ, ਮਦਨ ਸਿੰਘ ਤੇ ਬੀਰੂ ਸਿੰਘ, ਜਿਸ ਦਾ ਉਪਨਾਮ ਹੁਣ ‘ਬੰਗਸ਼ੀ’ ਲਿਖਿਆ ਜਾ ਰਿਹਾ ਹੈ, ਜੋ ਇਤਿਹਾਸਕ ਦ੍ਰਿਸ਼ਟੀਕੋਨ ਤੋਂ ਅਧਾਰਹੀਣ ਹੈ। ‘ਤਰਖਾਣ’ ਸਿੰਘ ਸਨ ਭਾਈ ਜੱਸਾ ਸਿੰਘ ਈਚੋਗਿੱਲੀਆ (ਰਾਮਗੜੀਆ) ਤੇ ਭਾਈ ਸੁੱਖਾ ਸਿੰਘ ਕੰਬੋਕੀ ਮਾੜੀ ਅਤੇ ‘ਕੰਬੋਅ’ ਸਨ ਸ਼ਹੀਦ ਭਾਈ ਮਨੀ ਸਿੰਘ ਦੇ ਭਤੀਜੇ ਭਾਈ ਅਘੜ ਸਿੰਘ। ਕਿਉਂਕਿ ਉਹ ਜਾਣਦੇ ਸਨ ਕਿ ਗੁਰਬਾਣੀ ਦੇ ਦ੍ਰਿਸ਼ਟੀਕੋਨ ਤੋਂ ਕਿਸੇ ਵੀ ਗੁਰਸਿੱਖ ਦੇ ਨਾਂ ਨਾਲ ਵਿਸ਼ੇਸ਼ ਤੌਰ’ ਤੇ ਰੰਘਰੇਟਾ, ਮਜ਼ਹਬੀ, ਰਵਿਦਾਸੀਆ ਤੇ ਰਾਮਦਾਸੀਆ ਆਦਿਕ ਜਾਤ-ਗੋਤ ਬੋਲਣੀ ਤੇ ਲਿਖਣੀ ਗ਼ਲਤ ਹੈ।

ਇਸ ਲਈ ਜਥੇਦਾਰ ਸਾਹਿਬ ਨੇ 29 ਮਾਰਚ ਸੰਨ 1748 ਨੂੰ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਏ ਸਰਬੱਤ ਖ਼ਾਲਸਾ ਇਕੱਠ ਬੁਲਾਇਆ। ਇਸ ਵਿੱਚ ਉਪਰੋਕਤ 65 ਜਥਿਆਂ ਨੂੰ ਗਿਆਰਾਂ ਮਿਸਲਾਂ ਵਿੱਚ ਵੰਡਣ ਦਾ ਗੁਰਮਤਾ ਹੋਇਆ। ਇਹ ਵੀ ਨਿਰਣਾ ਲਿਆ ਗਿਆ ਕਿ ਕੋਈ ਵੀ ਸਿੱਖ ਦਲ-ਖ਼ਾਲਸਾ ਦੀ ਕਿਸੇ ਵੀ ਜਥੇਬੰਦੀ ਵਿੱਚ ਸ਼ਾਮਲ ਹੋ ਸਕਦਾ ਹੈ। ਮਕਸਦ ਇੱਕੋ ਸੀ ਕਿ ਖ਼ਾਲਸਾ ਫ਼ੌਜਾਂ ਕਿਸੇ ਪ੍ਰਕਾਰ ਦਾ ਕੋਈ ਜਾਤੀ ਜਾਂ ਬਿਰਾਦਰੀਵਾਦ ਦਾ ਵਖਰੇਵਾਂ ਤੇ ਵਿਤਕਰਾ ਨਾ ਖੜਾ ਹੋਵੇ ਅਤੇ ਸਾਰੇ ਭਰਾਵਾਂ ਵਾਂਗ ਮਿਲ ਕੇ ਰਹਿਣ। ਇਹੀ ਕਾਰਣ ਸੀ ਕਿ 11 ਮਿਸਲਾਂ ਦੇ ਨਾਂ ਅਤੇ ਜੋ ਉਨ੍ਹਾਂ ਦੇ ਮੁਖੀ ਸਰਦਾਰ ਸਨ, ਉਨ੍ਹਾਂ ਦੀ ਵੱਖਰੀ ਪਹਿਚਾਣ ਲਈ ਜਾਤਾਂ-ਗੋਤ ਦੀ ਥਾਂ ਸ਼ਖ਼ਸੀ ਨਾਂਵਾਂ, ਸੁਭਾਵਾਂ, ਸਥਾਨਾਂ, ਇਲਾਕਿਆਂ ਅਤੇ ਵਧੇਰੇ ਕਰਕੇ ਪਿੰਡਾਂ ਦੇ ਨਾਮ ਜੋੜੇ ਗਏ। ਜਿਵੇਂ ਮਿਸਲ ਆਹਲੂਵਾਲੀਆ, ਜਥੇਦਾਰ ਸ੍ਰ. ਜੱਸਾ ਸਿੰਘ ਆਹਲੂਵਾਲੀਆ (ਪਿੰਡ ਆਹਲੂ, ਜ਼ਿਲਾ ਕਪੂਰਥਲਾ); ਮਿਸਲ ਸੁੱਕ੍ਰਚੱਕੀਆ (ਪਿੰਡ ਸੁੱਕ੍ਰਚੱਕ, ਜ਼ਿਲਾ ਗੁਜ਼ਰਾਂਵਾਲਾ; ਮੁਖੀ ਜਥੇਦਾਰ ਸ੍ਰ. ਚੜ੍ਹਤ ਸਿੰਘ); ਮਿਸਲ ਰਾਮਗੜੀਆ (ਕਿਲਾ ਰਾਮਗੜ੍ਹ, ਅੰਮ੍ਰਿਤਸਰ; ਮੁਖੀ ਨੰਦ ਸਿੰਘ ਸਾਂਙਣਾ)।

ਇਥੇ ਨੋਟ ਕਰਨ ਵਾਲਾ ਨੁਕਤਾ ਹੈ ਕਿ ਕਿਲਾ ਰਾਮਗੜ੍ਹ ਦਾ ਪ੍ਰਬੰਧਕੀ ਜਥੇਦਾਰ ਸ੍ਰ. ਜੱਸਾ ਸਿੰਘ ਈਚੋਗਿਲੀਆ (ਤਰਖਾਣ) ਸੀ ਅਤੇ ਉਸ ਦਾ ਸਹਾਇਕ ਜਥੇਦਾਰ ਸੀ ਨੰਦ ਸਿੰਘ ਸਾਂਙਣਾ। ਪਰ ਜਦੋਂ ਰਾਮਗੜ੍ਹੀਆ ਮਿਸਲ ਦੀ ਸਥਾਪਨਾ ਕੀਤੀ ਤਾਂ ਮੁਖੀ ਜਥੇਦਾਰ ਨੰਦ ਸਿੰਘ ਸਾਂਙਣਾ ਨੂੰ ਥਾਪਿਆ। ਕਿਉਂਕਿ ਕਿਸੇ ਕਾਰਣ ਸ੍ਰ ਜੱਸਾ ਸਿੰਘ ਨੇ ਆਪਣੇ ਇੱਕ ਭਰਾ ਤਾਰਾ ਸਿੰਘ ਨੂੰ ਛੱਡ ਕੇ ਬਾਕੀ ਦੇ ਚਾਰ ਭਰਾਵਾਂ ਤੇ ਹੋਰ ਜਥੇ ਸਮੇਤ ਕੁੱਝ ਸਮੇਂ ਲਈ ਜਲੰਧਰ ਦੇ ਨਾਇਬ ਸੂਬੇਦਾਰ ਅਦੀਨਾ ਬੇਗ ਦੀ ਫ਼ੌਜ ਵਿੱਚ ਨੌਕਰੀ ਪ੍ਰਵਾਨ ਕਰ ਲਈ। ਭਾਵੇਂ ਕਿ ਕੁੱਝ ਮਹੀਨਿਆਂ ਪਿਛੋਂ ਹੀ ਆਪਣੇ ਸਿੱਖ ਭਰਾਵਾਂ ਨੂੰ ਰਾਮਗੜ੍ਹੀ ਵਿੱਚ ਘਿਰਿਆਂ ਵੇਖ ਕੇ ਉਨ੍ਹਾਂ ਦੀ ਸਹਾਇਤਾ ਲਈ ਆਣ ਖੜਾ ਹੋਇਆ ਤੇ ਪੰਥ ਨੇ ਵੀ ਉਸ ਨੂੰ ਬਖ਼ਸ਼ਦਿਆਂ ਦੇਰ ਨਾ ਲਾਈ। ਪਰ, ਫਿਰ ਵੀ ਉਸ ਨੂੰ ਨੰਦ ਸਿੰਘ ਦਾ ਸਹਾਇਕ ਜਥੇਦਾਰ ਬਣ ਕੇ ਹੀ ਮਿਸਲ ਵਿੱਚ ਸ਼ਾਮਲ ਹੋਣਾ ਪਿਆ। ਇਹ ਵੱਖਰੀ ਗੱਲ ਹੈ ਕਿ ਸ੍ਰ. ਨੰਦ ਸਿੰਘ ਸਾਂਙਣੇ ਦੀ ਸ਼ਹਾਦਤ ਉਪਰੰਤ ਉਹ ਆਪਣੀ ਸੂਰਬੀਰਤਾ ਤੇ ਸਿਆਣਪ ਸਦਕਾ ਰਾਮਗੜ੍ਹੀਆ ਮਿਸਲ ਦੇ ਮੁਖੀ ਸਰਦਾਰ ਵਜੋਂ ਪ੍ਰਸਿੱਧ ਹੋ ਗਿਆ। ਕਿਉਂਕਿ ਉਸ ਨੇ ਪੰਥ ਨੂੰ ਸਪਸ਼ਟ ਕਰ ਦਿੱਤਾ ਸੀ ਕਿ ਉਹ ਤੁਰਕਾਂ ਨਾਲ ਮਿਲਿਆ ਸੀ, ਕੇਵਲ ਉਨ੍ਹਾਂ ਦੇ ਰਣਨੀਤਕ ਭੇਦ ਲੈਣ ਲਈ। ਇਹੀ ਕਾਰਣ ਹੈ ਕਿ ਲੁਹਾਰ ਤੇ ਤਰਖਾਣ ਪਿਛੋਕੜ ਵਾਲੇ ਸਿੱਖ ਭਾਈਚਾਰੇ ਦੇ ਲੋਕ ਆਪਣੇ ਆਪ ਨੂੰ ਰਾਮਗੜ੍ਹੀਏ ਅਖਵਾਉਣ ਵਿੱਚ ਮਾਣ ਮਹਿਸੂਸ ਕਰਦੇ ਹਨ। ਸਪਸ਼ਟ ਹੈ ਰਾਮਗੜ੍ਹੀਆ ਕੋਈ ਗੋਤ ਨਹੀਂ, ਸਗੋਂ ਰਾਮਗੜ੍ਹੀ (ਰਾਮਰੌਣੀ) ਨਾਲ ਸਬੰਧਤ ਸਥਾਨਕ ਨਾਂ ਹੈ।

ਇਸ ਪ੍ਰਕਾਰ ਪਛੜੀਆਂ ਸ਼੍ਰੇਣੀਆਂ ਦੇ ਪਿਛੋਕੜ ਵਾਲੇ ਜਥੇਦਾਰ ਬੀਰੂ ਸਿੰਘ ਨੂੰ ਛੱਡ ਕੇ ਬਾਕੀ ਸਾਰੇ ਰੰਘਰੇਟੇ ਗੁਰਸਿੱਖਾਂ ਨੇ ਸਰਬਤ ਖ਼ਾਲਸੇ ਦੇ ਉਪਰੋਕਤ ਫੈਸਲੇ ਅੱਗੇ ਸਿਰ ਝੁਕਾਇਆ। ਵਧੇਰੇ ਰੰਘਰੇਟੇ ਵੀਰ ਨਿਸ਼ਨਾ-ਵਾਲੀਆ ਮਿਸਲ ਵਿੱਚ ਸਮਿਲਤ ਹੋ ਗਏ। ਕਿਉਂਕਿ ਉਸ ਸਮਝ ਗਏ ਸਨ ਕਿ ਇਹ ਸਿੱਖੀ ਵਿੱਚੋਂ ਊਚ-ਨੀਚ ਤੇ ਜਾਤ-ਪਾਤ ਦੀ ਬਿਪਰਵਾਦੀ ਬੀਮਾਰੀ ਨੂੰ ਖ਼ਤਮ ਕਰਨ ਲਈ ਗੁਰਮਤ ਦੀ ਰੌਸ਼ਨੀ ਵਿੱਚ ਲਿਆ ਗਿਆ ਉੱਤਮ ਨਿਰਣਾ ਹੈ। ਇਸ ਵਿੱਚ ਹੀ ਸਾਡੀ ਭਲਾਈ ਹੈ। ਕਿਉਂਕਿ ਗੁਰਬਾਣੀ ਦਾ ਆਦੇਸ਼ ਵੀ ਹੈ "ਗੁਰਸਿਖ ਮੀਤ! ਚਲਹੁ ਗੁਰ ਚਾਲੀ॥ ਜੋ ਗੁਰੁ ਕਹੈ, ਸੋਈ ਭਲ ਮਾਨਹੁ; ਹਰਿ ਹਰਿ ਕਥਾ ਨਿਰਾਲੀ॥ {ਗੁ. ਗ੍ਰੰ. -ਪੰ. 667} ਪਰ ਨੇ ਬੀਰੂ ਸਿੰਘ ਨੇ ਫਿਰ ਵੀ ਆਪਣੀ ਬਿਰਾਦਰੀ ਦੇ ਸਿੰਘਾਂ ਦਾ ਜਥਾ ਵੱਖਰੇ ਰੂਪ ਵਿੱਚ ਕਾਇਮ ਰੱਖਿਆ। ਭਾਈ ਰਤਨ ਸਿੰਘ ਭੰਗੂ ਦੇ ‘ਪ੍ਰਾਚੀਨ ਪੰਥ ਪ੍ਰਕਾਸ਼’ ਦੇ ਅੰਤਲੇ ਅਧਿਆਇ ਵਿੱਚ ਬੀਰੂ ਸਿੰਘ ਬਾਰੇ ਜਾਣਕਾਰੀ ਦਿੰਦਿਆਂ ਸਪਸ਼ਟ ਲਿਖਿਆ ਹੈ ਕਿ ਉਹ ਹੈ ਤਾਂ ਸੀ ਰੰਗਰੇਟਾ, ਪਰ ਲੋਕ (ਗੈਰ-ਸਿੱਖ) ਉਸ ਨੂੰ `ਚੂਹੜਾ’ ਕਹਿੰਦੇ ਸਨ। ਉਹ ਵਖਰੇ ਨਿਸ਼ਾਨ ਤੇ ਨਗਾਰੇ ਸਹਿਤ 1300 ਘੋੜ ਸਵਾਰ ਸਿੰਘਾਂ ਦਾ ਜਥੇਦਾਰ ਸੀ। ਭਾਈ ਵੀਰ ਸਿੰਘ ਸਾਹਿਤ ਸਦਨ ਦਿੱਲੀ ਵੱਲੋਂ ਪ੍ਰਕਾਸ਼ਤ ਸੰਨ 1993 ਦੀ ਨਵੀਂ ਐਡੀਸ਼ਨ ਦੀ ਲਿਖਤ ਹੈ:-

ਹੁਤ ਰੰਘਰੇਟੋ, ਚੂਹੜੋ ਕਹਿਂ, ਬੀਰੂ ਸਿੰਘ ਜਵਾਨ।

ਸੰਗ ਤੇਰਾਂ ਸੌ ਘੋੜਾ ਚੜ੍ਹੈ, ਹੁਤ ਨਗਾਰੋ ਜੁਦੋ ਨਿਸ਼ਾਨ। 42. {ਪੰ. 469}

ਅਸਲ ਵਿੱਚ ਉਸ ਦੀ ਅਜਿਹੀ ਵਖਵਾਦੀ ਤੇ ਬਿਪਰਵਾਦੀ ਸੋਚ ਨੂੰ ਮੁੱਖ ਰੱਖ ਕੇ ਹੀ ਉਸ ਨੂੰ ਕਿਸੇ ਮਿਸਲ ਦੀ ਸਰਦਾਰੀ ਨਹੀਂ ਸੀ ਬਖਸ਼ੀ ਗਈ। ਕਿਉਂਕ ਦਲ ਖ਼ਾਲਸਾ ਦੀ ਸਥਾਪਨਾ ਵੇਲੇ ਤੋਂ ਹੀ ਬੀਰੂ ਸਿੰਘ ਸਮੇਂ ਸਮੇਂ ਆਪਣੀ ਵਖਰੇਵੇਂ ਵਾਲੀ ਸੋਚ ਦਾ ਪ੍ਰਗਟਾਵਾ ਕਰਦਾ ਆ ਰਿਹਾ ਸੀ। ਪਰ ਇਸ ਦੇ ਬਾਵਜੂਦ ਵੀ ਪੰਥ ਉਸ ਨੂੰ ਨਫ਼ਰਤ ਨਾਲ ਨਹੀਂ ਸੀ ਵੇਖਦਾ ਤੇ ਹਰ ਵੇਲੇ ਉਸ ਦਾ ਸਤਿਕਾਰ ਕਰਦਾ ਸੀ। ਕਿਉਂਕਿ, ਸਾਂਝੀਆਂ ਮੁਹਿਮਾਂ ਵਿੱਚ ਦੁਸ਼ਮਣ ਵਿਰੁਧ ਲੜਣ ਲਈ ਜਿਵੇਂ ਬਾਕੀ ਦੇ ਮਿਸਲਦਾਰ ਸਰਦਾਰ ਧੜੇਬੰਦਕ ਵੈਰ ਵਿਰੋਧ ਭੁਲਾ ਕੇ ਇਕੱਠੇ ਹੋ ਜਾਂਦੇ ਸਨ। ਤਿਵੇਂ ਹੀ ਜਾਤੀ ਵਖਰੇਵੇਂ ਦੇ ਬਾਵਜੂਦ ਵੀ ਲੜਾਈ ਵੇਲੇ ਉਹ ਸਭ ਤੋਂ ਮੂਹਰੇ ਖੜਾ ਹੁੰਦਾ ਸੀ ਤੇ ਪੰਥ ਵੀ ਉਸ ਦੀ ਅਜਿਹੀ ਬਹਾਦਰੀ ਦੀ ਕਦਰ ਕਰਦਾ ਸੀ।

ਇਤਿਹਾਸ ਗਵਾਹ ਹੈ ਕਿ ਉਹ ਕਿਸੇ ਵੇਲੇ ਉਹ ਤੁਰਕਾਂ ਦੇ ਭਰਮਾਊ ਜਾਲ਼ ਵਿੱਚ ਫਸ ਕੇ ਉਨ੍ਹਾ ਨਾਲ ਵੀ ਜਾ ਮਿਲਿਆ ਸੀ ਅਤੇ ਸੈਨਾ ਵਿੱਚ ਨੌਕਰੀ ਵੀ ਕਬੂਲ ਕਰ ਲਈ। ਭਾਵੇਂ ਕਿ ਜੱਸਾ ਸਿੰਘ ਰਾਮਗੜੀਏ ਵਾਂਗ ਛੇਤੀ ਹੀ ਪੰਥ ਨਾਲ ਆ ਮਿਲਿਆ ਸੀ। ਪ੍ਰਚੀਨ ਪੰਥ ਪ੍ਰਕਾਸ਼ ਵਿੱਚ ਜ਼ਿਕਰ ਹੈ ਕਿ "ਏਕ ਸਮੇਂ ਬੀਰੂ ਸਿੰਘ ਭੀ, ਜਾਇ ਰਲਯੋ ਤੁਰਕਨ ਕੇ ਨਾਲ। ਤੇਰਾਂ ਸੌ ਘੋੜ ਉਨੈਂ, ਰਖਯੋ ਚਾਕਰ ਤਤਕਾਲ। {ਪੰ. 469} ਪਰ ਐਸਾ ਹੋਣ ਦੇ ਬਾਵਜੂਦ ਵੀ ਪੰਥ ਨੇ ਸਤਿਕਾਰ ਦੇਣਾ ਨਹੀਂ ਸੀ ਛੱਡਿਆ। ਕੋਈ ਵਿਤਕਰਾ ਨਹੀਂ ਸੀ ਕੀਤਾ। ਲਿਖਿਆ ਹੈ ਕਿ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਖ਼ਾਲਸਾ ਪੰਥ ਨੇ ਬਾਬਾ ਆਲਾ ਸਿੰਘ ਪਟਿਆਲਾ ਦੀ ਕਿਸੇ ਭੁੱਲ ਨੂੰ ਬਖ਼ਸ਼ਦਿਆਂ ਆਪਣੇ ਨਾਲ ਮਿਲਾਇਆ ਤਾਂ ਉਸ ਨੇ ਪ੍ਰਸੰਨ ਹੋ ਕੇ ਗੁਰਸਿੱਖਾਂ ਦੀ ਖ਼ੁਸ਼ੀ ਲੈਣ ਲਈ ਬਹੁਤ ਸਾਰੇ ਵਧੀਆ ਘੋੜੇ ਵੰਡੇ। ਉਸ ਵੇਲੇ ਸ੍ਰ. ਜੱਸਾ ਸਿੰਘ ਆਹਲੂਵਾਲੀਏ ਵਰਗੇ ਮੁੱਖੀ ਜਥੇਦਾਰ ਨੂੰ ਛੱਡ ਕੇ ਸਭ ਤੋਂ ਪਹਿਲਾ ਘੋੜਾ ਜਥੇਦਾਰ ਬੀਰੂ ਸਿੰਘ ਰੰਘਰੇਟੇ ਦੇ ਹੱਥ ਫੜਾਇਆ ਅਤੇ ਫਿਰ ਪਿੱਛੋਂ ਲੋੜ ਅਨੁਸਾਰ ਬਾਕੀ ਪੰਥਕ ਆਗੂਆਂ ਨੂੰ ਵਰਤਾਏ ਗਏ। ਇਹ ਸਤਿਕਾਰ ਬਿਲਕੁਲ ਓਵੇਂ ਦਾ ਹੀ, ਜਿਵੇਂ ਗੁਰੂ ਦਰਬਾਰ ਵਿੱਚ ਸੰਗਤ ਨੂੰ ਕੜਾਹ ਪ੍ਰਸ਼ਾਦ ਵਰਤਾਉਣ ਵੇਲੇ ਪੰਜ ਪਿਆਰਿਆਂ ਦਾ ਛਾਂਦਾ ਪਹਿਲਾਂ ਕੱਢਿਆ ਤੇ ਵਰਤਾਇਆ ਜਾਂਦਾ ਹੈ:

ਪਹਿਲੋਂ ਘੋੜੋ ਉਸੈ ਫੜਵਾਯੋ। ਪਾਛੈ ਔਰ ਸੁ ਪੰਥ ਬਰਤਾਯੋ।

ਸੋ ਜੰਗ ਦੌੜ ਮਧ ਮੂਹਰੇ ਰਹੇ। ਉਸ ਯਾਦ ਪੰਥ ਕਰ ਪਹਿਲੋਂ ਦਏ। {ਪੰ. 469}

ਐਸਾ ਵੀ ਨਹੀਂ ਕਿ ਸਰਬਤ ਖ਼ਾਲਸੇ ਦੇ ਫੈਸਲੇ ਅਧੀਨ ਪੰਥ ਨੇ ਕੇਵਲ ਬੀਰ ਸਿੰਘ ਰੰਘਰੇਟੇ ਦੇ ਮਜ਼ਹਬੀ ਜਥੇ ਨੂੰ ਹੀ ਸਿੱਖ ਮਿਸਲ ਵਜੋਂ ਮਾਨਤਾ ਨਹੀਂ ਸੀ ਦਿੱਤੀ। ਸਗੋਂ ਫ਼ੂਲ ਖ਼ਾਨਦਾਨ ਦੇ ਸਿੱਧੂ ਜੱਟ ਪਟਿਆਲਾ ਪਤੀ ਰਾਜਾ ਸ੍ਰ. ਆਲਾ ਸਿੰਘ ਨੂੰ ਵੀ 12ਵੀਂ ਮਿਸਲ ਵਜੋਂ ਪ੍ਰਵਾਨਗੀ ਨਹੀਂ ਸੀ ਮਿਲੀ। ਕਿਉਂਕਿ, ਉਹ ਤੇ ਉਸ ਦੇ ਵਾਰਸ ਆਪਣੀ ਰਿਆਸਤ ਨੂੰ ਬਚਾਉਣ ਲਈ ਉਨ੍ਹਾਂ ਮੁਗਲਾਂ ਤੇ ਅਹਿਮਦ ਸ਼ਾਹ ਦੁੱਰਾਨੀ (ਤੇ ਪਿੱਛੋਂ ਅੰਗਰੇਜ਼ਾਂ) ਵਰਗੇ ਦੁਸ਼ਮਣਾਂ ਨਾਲ ਵੀ ਮਿਲਵਰਤਣ ਰੱਖਦੇ ਰਹੇ, ਜਿਹੜੇ ਸਿੱਖਾਂ ਦੀ ਜਾਨ ਦੇ ਵੈਰੀ ਬਣ ਰਹੇ। ਭਾਵੇਂ ਕਿ ਕਦੇ ਕਦਾਈਂ ਇਹ ਲੋੜ ਅਨੁਸਾਰ ਸਿੱਖਾਂ ਦੀ ਵੀ ਸਹਾਇਤਾ ਕਰ ਦਿੰਦੇ ਸਨ। ਇਹ ਵੱਖਰੀ ਗੱਲ ਹੈ ਕਿ ਜਿਵੇਂ ਹੁਣ ਜਥੇਦਾਰ ਬੀਰ ਸਿੰਘ ਰੰਘਰੇਟੇ ਦੇ ਵਾਰਸ ਅਖਵਾਉਣ ਵਾਲੇ ‘ਦਸ਼ਮੇਸ਼ ਤਰਨਾ ਦਲ’ ਨਾਂ ਦੇ ਨਿਹੰਗ ਜਥੇਦਾਰ ਆਪਣੇ ਆਪ ਨੂੰ ਖ਼ਾਲਸੇ ਦੀ 13ਵੀਂ ਮਿਸਲ ਦੇ ਵਾਰਸ ਸਦਾ ਰਹੇ ਹਨ। ਤਿਵੇਂ ਹੀ ਫ਼ੂਲਕੀਆ ਖ਼ਾਨਦਾਨ ਦੇ ਪਟਿਆਲਾ ਪਤੀ ਸ੍ਰ. ਆਲਾ ਸਿੰਘ ਦੇ ਵਾਰਸ ਵੀ ਆਪਣੇ ਆਪ ਨੂੰ ਖ਼ਾਲਸੇ ਦੀ 12ਵੀਂ ਫ਼ੂਲਕੀਆ ਮਿਸਲ ਵਜੋਂ ਪ੍ਰਗਟਾ ਰਹੇ ਹਨ।

ਭਾਈ ਕਾਨ੍ਹ ਸਿੰਘ ਨਾਭਾ ਵੀ ਸਾਰੀ ਆਯੂ ਇਨ੍ਹਾਂ ਦੀ ਮਲਾਜ਼ਮਤ ਵਿੱਚ ਦਰਬਾਰੀ ਬਣੇ ਰਹੇ ਅਤੇ ਇਨ੍ਹਾਂ ਦੀ ਸਹਾਇਤਾ ਨਾਲ ਹੀ ਉਨ੍ਹਾਂ ‘ਮਹਾਨ ਕੋਸ਼’ ਤੇ ਹੋਰ ਕੀਮਤੀ ਸਿੱਖ ਸਾਹਿਤ ਦੀ ਵੱਡਮੁਲੀ ਦੇਣ ਦਿੱਤੀ। ਇਹੀ ਕਾਰਣ ਹੈ ਕਿ ਉਨ੍ਹਾਂ ਨੇ ਸਰਬੱਤ ਖ਼ਾਲਸੇ ਦੇ ਗਿਆਰਾਂ ਮਿਸਲੀ ਫੈਸਲੇ ਨੂੰ ਅਣਗੌਲਿਆਂ ਕਰਕੇ ਫ਼ੂਲਕੀਆ ਮਿਸਲ ਨੂੰ ਖ਼ਾਲਸੇ ਦੀ ਬਾਰਵੀਂ ਮਿਸਲ ਵਜੋਂ ਗਿਣਿਆ ਹੈ। ਪ੍ਰੰਤੂ ‘ਸਿੱਖ ਤਵਾਰੀਖ਼’ ਦੇ ਲੇਖਕ ਡਾ. ਦਿਲਗੀਰ ਮੁਤਾਬਿਕ ਇਹ ਇਤਿਹਾਸਕ ਸੱਚ ਨਹੀਂ ਹੈ। ਅਜਿਹੀ ਇਤਿਹਾਸਕ ਸੱਚਾਈ ਦੇ ਬਾਵਜੂਦ ਪੰਥ-ਦਰਦੀ ਉਪਰੋਕਤ ਕਿਸਮ ਦੇ ਦਾਹਵਿਆਂ ਬਾਰੇ ਚੁੱਪ ਹਨ। ਕਿਉਂਕਿ ਸਿਆਣਿਆਂ ਦਾ ਮੰਨਣਾ ਹੈ ਕਿ ਅਜੌਕੀ ਰਾਜਨੀਤਕ ਬਣਤਰ ਤੇ ਪੰਥਕ ਮਹੌਲ ਵਿੱਚ ਇਨ੍ਹਾਂ ਦਾ ਕੋਈ ਕੌਮੀ ਨੁਕਸਾਨ ਨਹੀਂ ਹੈ।

ਪਰ ਚਿੰਤਜਨਕ ਪੱਖ ਇਹ ਹੈ ਕਿ ‘ਪਾੜ੍ਹੋ ਤੇ ਰਾਜ ਕਰੋ’ ਦੀ ਕੁਟਿਲ ਨੀਤੀ ਅਤੇ ਪੰਜਾਬ ਦੀ ਧੜੇਬੰਦਕ ਰਾਜਨੀਤੀ ਤਹਿਤ ਪਿਛਲੇ ਕੁੱਝ ਅਰਸੇ ਤੋਂ ਪੰਥਕ ਸ਼ਕਤੀ ਤੇ ਪ੍ਰਭਾਵ ਨੂੰ ਘਟਾਉਣ ਲਈ ਕਈ ਪ੍ਰਕਾਰ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਜਿਵੇਂ ਹੁਣ ਬਿਲਕੁਲ ਝੂਠਾ, ਗੁੰਮਰਾਹਕੁੰਨ ਤੇ ਭਰਾ ਮਾਰੂ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਪਟਿਆਲਾ ਰਿਆਸਤ ਦੇ ਬਾਨੀ ਰਾਜਾ ਸ੍ਰ. ਆਲਾ ਸਿੰਘ ਅਤੇ ਸ੍ਰ. ਚੜ੍ਹਤ ਸਿੰਘ ਸੁਕਰਚਕੀਏ ਨੇ 2 ਸਤੰਬਰ 1764 ਨੂੰ ਸ੍ਰੀ ਅਕਾਲ ਤਖ਼ਤ ਅੰਮ੍ਰਿਤਸਰ ਵਿਖੇ ਧੋਖੇ ਨਾਲ ਜਥੇਦਾਰ ਬੀਰ ਸਿੰਘ ਬੰਗਸ਼ੀ ਸਮੇਤ 500 ਰੰਘਰੇਟੇ ਸਿੱਖਾਂ ਦਾ ਕਤਲ ਕਰ ਦਿੱਤਾ ਸੀ। ਅਫ਼ਸੋਸ ਇਸ ਗੱਲ ਦਾ ਹੈ ਕਿ ਜੋ ਵਿਅਕਤੀ ਪੰਥਕ ਆਗੂਆਂ ਦੇ ਰੂਪ ਵਿੱਚ ਸਮਾਜਕ, ਧਾਰਮਕ ਤੇ ਰਾਜਨੀਤਕ ਚਉਧਰੀ ਬਣ ਕੇ ਸਿੰਘ ਸਾਹਿਬਾਨਾਂ ਅਤੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਲੈ ਕੇ ਪੰਜਾਬ ਤੇ ਕੇਂਦਰ ਸਰਕਾਰ ਤਕ ਮੰਤਰੀ, ਮੁੱਖ ਮੰਤਰੀ, ਗ੍ਰਹਿ ਮੰਤਰੀ, ਸਪੀਕਰ ਅਤੇ ਰਾਸ਼ਟਰਪਤੀ ਤਕ ਸਰਬ-ਉੱਚ ਪਦਾਂ `ਤੇ ਸ਼ੋਭਨੀਕ ਹੋ ਕੇ ਸਰਦਾਰੀਆਂ ਭੋਗ ਰਹੇ ਹਨ, ਉਨ੍ਹਾਂ ਵਿੱਚੋਂ ਹੀ ਕਈ ਲੋਕ ਪੰਥ ਦੀਆਂ ਜੜ੍ਹਾਂ ਵੱਢਣ ਵਾਲੇ ਹਿੰਦੂਤਵੀ ਕੁਹਾੜੇ ਦਾ ਦਸਤਾ ਬਣ ਰਹੇ ਹਨ। ਆਪਣੀ ਲੀਡਰੀ ਚਮਕਾਉਣ ਲਈ ਝੂਠ ਬੋਲ ਰਹੇ ਹਨ ਕਿ ਪੰਥ ਵਿੱਚ ਮੁੱਢ ਤੋਂ ਹੀ ਦਲਿਤ ਵਰਗਾਂ ਨਾਲ ਧੱਕਾ ਹੁੰਦਾ ਆ ਰਿਹਾ ਹੈ ਅਤੇ ਹੁਣ ਵੀ ਸਾਡੇ ਨਾਲ ਅਨਿਆ ਹੋ ਰਿਹਾ ਹੈ। ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ। ਪਿੰਡਾਂ ਵਿੱਚ ਜੱਟ-ਜ਼ਿਮੀਂਦਾਰ ਮਜ਼ਹਬੀ ਸਿੱਖਾਂ ਨਾਲ ਸਮਾਜਕ ਵਿਤਕਰੇ ਕਰ ਰਹੇ ਹਨ। ਵੇਖੋ ਜੀ ਸਾਨੂੰ ਗੁਰਦੁਆਰਿਆਂ ਤੇ ਲੰਗਰਾਂ ਵਿੱਚ ਬਰਾਬਰੀ ਦਾ ਆਦਰ ਮਾਣ ਨਹੀਂ ਮਿਲਦਾ। ਕਿਸੇ ਕਵੀ ਨੇ ਸੱਚ ਹੀ ਕਿਹਾ ਹੈ ਕਿ ‘ਜਿਨ ਦੀਪੋਂ ਕੋ ਹਮ ਹਵਾ ਸੇ ਬਚਾਤੇ ਹੈਂ। ਵੁਹੀ ਏਕ ਦਿਨ ਹਮਰੇ ਘਰ ਕੋ ਜਲਾਤੇ ਹੈਂ।

ਜਦੋਂ ਕਿ ਸੱਚ ਤਾਂ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰਬਸਾਂਝੇ ਉਪਦੇਸ਼ ਦੇ ਪ੍ਰਭਾਵ ਅਤੇ ਸਮਾਨਤਾ ਵਾਲੇ ਪੰਥਕ ਵਿਹਾਰ ਸਦਕਾ ਦਲਿਤ ਵਰਗ ਨਾਲ ਸਬੰਧਤ ਗੁਰਸਿੱਖ ਤੇ ਮੂਲ-ਨਿਵਾਸੀ ਲੋਕ ਸਭ ਤੋਂ ਵੱਡੀ ਗਿਣਤੀ ਵਿੱਚ ਪੰਜਾਬ ਵਿਖੇ ਹੀ ਵੱਸ ਰਹੇ ਹਨ। ਉਸ ਦਾ ਮੁਖ ਕਾਰਣ ਇਹ ਹੈ ਕਿ ਸਾਰੇ ਭਾਰਤ ਵਿੱਚ ਇੱਕੋ-ਇੱਕ ਐਸਾ ਸੂਬਾ ਹੈ, ਜਿਥੇ ਸਿਧਾਂਤਕ ਤੌਰ `ਤੇ ਦਲਿਤਾਂ ਨੂੰ ਬਿਨਾ ਕਿਸੇ ਵਿਤਕਰੇ ਧਾਰਮਕ, ਸਮਾਜਕ ਤੇ ਰਾਜਨੀਤਕ ਖੇਤਰ ਵਿੱਚ ਸਭ ਤੋਂ ਵੱਧ ਸਮਾਨਤਾ ਸਹਿਤ ਆਦਰ-ਮਾਣ ਮਿਲ ਰਿਹਾ ਹੈ। ਕਿਉਂਕਿ, ਪੰਥ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਜਿਹੇ ਵਿਤਕਰਿਆਂ ਤੋਂ ਰਹਿਤ ਵਰਤਾਰੇ ਅਤੇ ਗੁਰਦੁਆਰਿਆਂ ਵਿੱਚ ਸੇਵਾਦਾਰ ਰੱਖਣ ਲਈ ਨਾਮਧਰੀਕ ਅਛੂਤਾਂ ਤੋਂ ਸਿੰਘ ਸੱਜੇ ਸੱਜਣਾਂ ਦਾ ਖ਼ਾਸ ਖ਼ਿਆਲ ਰੱਖਣ ਦੀਆਂ ਸਮੇਂ ਸਮੇਂ ਅਪੀਲਾਂ ਹੁੰਦੀਆਂ ਆ ਰਹੀਆਂ ਹਨ। ਸਿਧਾਂਤਕ ਦ੍ਰਿਸ਼ਟੀਕੋਨ ਤੋਂ ਸੰਸਾਰ ਭਰ ਵਿੱਚ ਇੱਕ ਵੀ ਅਜਿਹਾ ਗੁਰਦੁਆਰਾ ਸਾਹਿਬ ਵੀ ਨਹੀਂ, ਜਿਥੇ ਸੰਗਤ ਤੇ ਪੰਗਤ ਵਿੱਚ ਕੋਈ ਜਾਤੀ ਵਿਤਕਰਾ ਹੁੰਦਾ ਹੋਵੇ।

ਸਿੱਖ ਜਗਤ ਦੇ ਕੇਂਦਰੀ ਧਰਮ ਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਮੇਤ ਸੰਸਾਰ ਭਰ ਦੇ ਗੁਰਦੁਆਰਿਆਂ ਵਿੱਚ ਸਭ ਤੋਂ ਵਧੇਰੇ ਗਿਣਤੀ ਦਲਿਤ ਪ੍ਰਵਾਰਾਂ ਦੇ ਪਿਛੋਕੜ ਵਾਲੇ ਸੇਵਾਦਾਰਾਂ ਦੀ ਹੈ। ਜਿਸ ਵਿੱਚ ਗ੍ਰੰਥੀ, ਕੀਰਤਨੀਏ, ਪ੍ਰਚਾਰਕ, ਲਾਂਗਰੀ ਤੇ ਦਫ਼ਤਰੀ ਮੁਲਾਜ਼ਮ ਵੀ ਸ਼ਾਮਲ ਹਨ। ਗੁਰਮਤ ਸਿਧਾਂਤਾਂ ਤੇ ਪੰਥਕ ਫੈਸਲਿਆਂ ਨੂੰ ਛਿੱਕੇ ਟੰਗ ਕੇ ਜਿਥੇ ਵੀ ਵਿਤਕਰੇਬਾਜ਼ੀ ਹੋ ਰਹੀ ਹੈ, ਅਸਲ ਵਿੱਚ ਉਹ ਵਿਅਕਤੀਗਤ ਡੇਰੇ ਹਨ ਨਿਹੰਗਾਂ ਜਾਂ ਭੇਖੀ ਸਾਧੂਆਂ ਦੇ। ਭਾਵੇਂ ਕਿ ਗੁਰਸਿੱਖ ਸੰਗਤਾਂ ਨੂੰ ਗੁੰਮਰਾਹ ਕਰਕੇ ਸ਼ਰਧਾਲੂਆਂ ਦੀ ਭੀੜ ਵਧਾਉਣ ਲਈ ਉਨ੍ਹਾਂ ਨੂੰ ਗੁਰਦੁਆਰਿਆਂ ਦੇ ਨਾਂ ਦਿੱਤੇ ਹੋਏ ਹਨ। ਸਾਰੇ ਜੱਟ-ਜ਼ਿਮੀਂਦਾਰ ਵੀ ਸਿੱਖ ਨਹੀਂ। ਕਿਉਂਕਿ ਸਿੱਖ ਤਾਂ ਉਹੀ ਮੰਨੇ ਜਾ ਸਕਦੇ ਹਨ, ਜਿਹੜੇ ਗੁਰੂ ਦੀ ਸਿਖਿਆ ਦੇ ਧਾਰਨੀ ਹੋਣ। ਇਸ ਲਈ ਉਨ੍ਹਾਂ ਦੇ ਵਰਤਾਰੇ ਨੂੰ ਪੰਥ ਦੇ ਪੱਲੇ ਪਾ ਕੇ ਕਥਿਤ ਦਲਿਤ ਭਰਾਵਾਂ ਨੂੰ ਭੜਕਾਉਣਾ ਵੱਡੀ ਅਕ੍ਰਿਤਘਣਤਾ ਵਾਲੀ ਗੱਲ ਹੈ। ਇਥੇ ਸਾਨੂੰ ਇਹ ਵੀ ਖ਼ਿਆਲ ਰੱਖਣਾ ਚਾਹੀਦਾ ਹੈ ਕਿ ‘ਰੰਘਰੇਟਾ’ ਲਫ਼ਜ਼ ਵੀ ਪ੍ਰੰਪਰਾਗਤ ਇਤਿਹਾਸ ਦੀ ਸ਼ਬਦਾਵਲੀ ਦਾ ਅੰਗ ਹੈ, ਨਾ ਕਿ ਗੁਰਬਾਣੀ ਦਾ। ਇਸ ਲਈ ਗਰਮਤਿ ਦੀ ਸਿਧਾਂਤਕ ਕਸਵੱਟੀ `ਤੇ ਇਸ ਨੂੰ ਸਹੀ ਸਿੱਧ ਕਰ ਸਕਣਾ ਅਸੰਭਵ ਹੈ। ਸਿੱਖਾਂ ਵਿੱਚ ਮਜ਼ਹਬੀ, ਰਵਿਦਾਸੀਆ ਤੇ ਰਾਮਦਾਸੀਆ ਆਦਿਕ ਸ਼ਬਦਾਵਲੀ ਤਦੋਂ ਤੋਂ ਹੀ ਵਧੇਰੇ ਪ੍ਰਚਲਿਤ ਹੋਈ ਹੈ, ਜਦੋਂ ਤੋਂ ਸ਼੍ਰੋਮਣੀ ਕਮੇਟੀ ਨੇ ਪਛੜੀਆਂ ਸ਼੍ਰੇਣੀ ਨਾਲ ਸਬਧੰਤ ਸਿੱਖਾਂ ਨੂੰ ਹਰੇਕ ਖੇਤਰ ਦੀ ਰੀਜ਼ਰਵੇਸ਼ਨ ਦਾ ਲਾਭ ਦਿਵਾਉਣ ਦੀ ਮਜ਼ਬੂਰੀ ਭਰੀ ਨੀਤੀ ਤਹਿਤ ਮਤੇ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਹਿਯੋਗ ਨਾਲ ਸਘੰਰਸ਼ ਕੀਤਾ ਤੇ ਵਿਧਾਨਕ ਪ੍ਰਵਾਨਗੀ ਦਿਵਾਈ। ਕਿਉਂਕਿ ਰੀਜ਼ਰਵੇਸ਼ਨ ਦੇ ਰਾਜੀਨਤਕ, ਆਰਥਕ ਤੇ ਵਿੱਦਿਅਕ ਲਾਭਾਂ ਕਾਰਨ ਇਨ੍ਹਾਂ ਵਿੱਚੋਂ ਸਿੱਖੀ ਧਾਰਨ ਕਰਨ ਦਾ ਝੁਕਾਅ ਘਟ ਰਿਹਾ ਸੀ।

ਇਸ ਲਈ ਅਜੇ ਵੀ ਸਮਾਂ ਹੈ ਵੀਰੋ! ਸੰਭਲੋ। ਆਪਣੇ ਪੈਰੀਂ ਆਪ ਕੁਹਾੜਾ ਮਾਰਨ ਵਾਲੀ ਭੁੱਲ ਨਾ ਕਰੋ। ਸੁਆਰਥ ਵਿੱਚ ਅੰਧੇ ਹੋਏ ਆਗੂਆਂ ਦਾ ਸਾਥ ਛੱਡੋ। ਕਿਉਂਕਿ ਗੁਰਬਾਣੀ ਦਾ ਨਿਰਣਾ ਹੈ ਕਿ ਇੱਕ ਤਾਂ ਉਹ ਅੰਧਾ ਹੋਣ ਕਰਕੇ ਸਹੀ ਰਾਹ ਦੀ ਪਛਾਣ ਨਹੀਂ ਕਰ ਸਕਦਾ ਅਤੇ ਦੂਜਾ, ਹੋਛੀ-ਮੱਤ ਕਾਰਨ ਕਿਸੇ ਪ੍ਰਕਾਰ ਦੇ ਲੋਭ ਲਾਲਚ ਅਧੀਨ ਉਹ ਆਪ ਤਾਂ ਠੱਗਿਆ ਹੁੰਦਾ ਹੈ, ਸਾਥੀਆਂ ਨੂੰ ਵੀ ਠੱਗਾਅ ਦਿੰਦਾ ਹੈ। "ਅੰਧਾ ਆਗੂ ਜੇ ਥੀਐ, ਕਿਉ ਪਾਧਰੁ ਜਾਣੈ॥ ਆਪਿ ਮੁਸੈ, ਮਤਿ ਹੋਛੀਐ; ਕਿਉ ਰਾਹੁ ਪਛਾਣੈ॥ {ਗੁ. ਗ੍ਰੰ. -ਪੰ. 767} ਯਾਦ ਰੱਖੋ ਕਿਸੇ ਸੂਝਵਾਨ ਸ਼ਾਇਰ ਦੇ ਤਾੜਣਾ ਭਰੇ ਬੋਲ ‘ਗਰ ਡੂਬੇਗੀ ਕਿਸ਼ਤੀ, ਤੋ ਡੂਬੇਂਗੇ ਸਾਰੇ। ਨਾ ਤੁਮਹੀ ਬਚੋਗੇ, ਨਾ ਸਾਥੀ ਤੁਮ੍ਹਾਰੇ।’ ਭੁੱਲ-ਚੁੱਕ ਮੁਆਫ਼। ਵਾਹਗੁਰੂ ਜੀ ਕਾ ਖ਼ਾਲਸਾ। ਵਾਹਗੁਰੂ ਜੀ ਕੀ ਫ਼ਤਹ।

ਗੁਰੂ ਤੇ ਪੰਥ ਦਾ ਦਾਸ: ਜਗਤਾਰ ਸਿੰਘ ਜਾਚਕ, ਨਿਊਯਾਰਕ। ਮਿਤੀ 29 ਅਗਸਤ 2017

ਮੁਬਾਈਲ ਨੰ. 1-516 323 9188




.