.

ਆਸਾ ਕੀ ਵਾਰ

(ਕਿਸ਼ਤ ਨੰ: 12)

ਪਉੜੀ ਗਿਆਰਵੀਂ ਅਤੇ ਸਲੋਕ

ਸਲੋਕ ਮਹਲਾ।। ੧।।

ਸਚਿ ਕਾਲੁ ਕੂੜੁ ਵਰਤਿਆ ਕਲਿ ਕਾਲਖ ਬੇਤਾਲ।।

ਬੀਉ ਬੀਜਿ ਪਤਿ ਲੈ ਗਏ ਅਬ ਕਿਉ ਉਗਵੈ ਦਾਲਿ।।

ਜੇ ਇਕੁ ਹੋਇ ਤ ਉਗਵੈ ਰੁਤੀ ਹੂ ਰੁਤਿ ਹੋਇ।।

ਨਾਨਕ ਪਾਹੈ ਬਾਹਰਾ ਕੋਰੈ ਰੰਗੁ ਨ ਸੋਇ।।

ਭੈ ਵਿਚਿ ਖੁੰਬਿ ਚੜਾਈਐ ਸਰਮੁ ਪਾਹੁ ਤਨਿ ਹੋਇ।।

ਨਾਨਕ ਭਗਤੀ ਜੇ ਰਪੈ ਕੂੜੇ ਸੋਇ ਨ ਕੋਇ।। ੧।।

ਪਦ ਅਰਥ:- ਸਚਿ ਕਾਲੁ – ਸੱਚ ਦਾ ਕਾਲ ਪਿਆ ਹੋਇਆ ਹੈ, ਸੱਚ ਤੋਂ ਖੁੰਝ ਚੁੱਕੇ ਲੋਕ। ਕੂੜੁ ਵਰਤਿਆ – ਧਰਮ ਦੇ ਨਾਮ `ਤੇ, ਹੇਰਾ ਫੇਰੀ, ਲੁੱਟ-ਖਸੁੱਟ, ਦਾ ਵਰਤਾਰਾ/ਪਸਾਰਾ ਵਰਤ ਰਿਹਾ ਹੈ। ਕਲਿ ਕਾਲਖ – ਅਗਿਆਨਤਾ ਦੀ ਕਾਲਖ। ਬੇਤਾਲ – ਖੁੰਝਿਆ ਹੋਇਆ, ਖੁੰਝ ਜਾਣਾ, ਜਿਵੇਂ ਤਾਲ ਤੋਂ ਖੁੰਝ ਜਾਣਾ, ਤਾਲ ਤੋਂ ਬੇਤਾਲ ਹੋ ਜਾਣਾ। ਬੀਉ ਬੀਜਿ – ਬੀਜ ਬੀਜਿਆ। ਪਤਿ ਲੈ ਗਏ – ਉਹ ਆਪਣੀ ਪਤਿ ਲੈ ਗਏ ਭਾਵ ਆਪਣਾ ਜੀਵਨ ਸਫਲਾ ਕਰ ਗਏ। ਅਬ – ਹੁਣ। ਕਿਉ – ਕਿਵੇਂ। ਉਗਵੈ – ਉਗ ਰਹੀ ਹੈ। ਰੁਤੀ ਹੂ ਰੁਤਿ ਹੋਇ – ਰੁੱਤ ਵੀ ਢੁਕਵੀਂ ਹੋਵੇ। ਨਾਨਕ ਪਾਹੈ ਬਾਹਰਾ – ਨਾਨਕ ਆਖਦਾ ਹੈ ਜੋ ਅਗਿਆਨਤਾ ਦੀ ਪਾਣ ਤੋਂ ਬਾਹਰ ਹੈ। ਕੋਰੈ ਰੰਗ – ਗਿਆਨ ਤੋਂ ਸੱਖਣੀ ਅਗਿਆਨਤਾ ਦੇ ਰੰਗ। ਨ ਸੋਇ – ਨਹੀਂ ਸੌਂਦੇ। ਭੈ ਵਿਚਿ – ਜੋ ਅਗਿਆਨਤਾ ਕਾਰਨ ਭੈਅ ਵਿੱਚ ਹਨ। ਖੁੰਭਿ ਚੜਾਈਐ – ਗਿਆਨ ਦੀ ਖੁੰਭ ਚੜ੍ਹਾਈਏ ਤਾਂ। ਸਰਮੁ ਪਾਹੁ – ਸ਼ਰਮਸਾਰ ਕਰਨ ਵਾਲੀ ਅਗਿਆਨਤਾ ਦੀ ਪਾਣ। ਤਨਿ – ਮਨੁੱਖ। ਹੋਇ – ਹੋ ਜਾਂਦੀ ਹੈ। ਭਗਤੀ – ਇਨਕਲਾਬੀ ਲਹਿਰ ਵਿਚਾਰਧਾਰਾ। ਜੇ – ਜਿਹੜੇ। ਰਪੈ – ਰੰਗੇ ਜਾਂਦੇ ਹਨ। ਕੂੜੇ – ਰੂੜ੍ਹੀਵਾਦੀ ਅਗਿਆਨਤਾ ਦੀ ਵਿਚਾਰਧਾਰਾ। ਸੋਇ ਨ ਕੋਇ – ਕਿਸੇ ਕਿਸਮ ਦੀ ਅਗਿਆਨਤਾ ਦੀ ਨੀਂਦ ਵਿੱਚ ਨਹੀਂ ਸੌਂਦੇ।

ਅਰਥ:- (ਉੱਪਰਲੇ ਸਲੋਕ ਨਾਲ ਲੜੀ ਜੋੜਨੀ ਹੈ) ਇਸ ਤਰ੍ਹਾਂ (ਅਖੌਤੀ ਧਰਮੀ) ਅਗਿਆਨੀ ਲੋਕਾਂ ਦੀ ਸੱਚ ਤੋਂ ਉਲਟ ਪਾਸੇ ਲੈ ਜਾਣ ਵਾਲੀ ਵਿਚਾਰਧਾਰਾ ਅਪਣਾ ਲੈਣ ਵਾਲੇ:- ਅਗਿਆਨਤਾ ਦੇ ਹਨੇਰੇ ਵਿੱਚ ਤਾਲ ਤੋਂ ਖੁੰਝ ਚੁੱਕੇ (ਮਨੁੱਖਾਂ) ਅੰਦਰੋਂ ਸੱਚ ਉਡ ਚੁੱਕਾ ਹੈ, ਜਿਨ੍ਹਾਂ ਅੰਦਰੋਂ ਸੱਚ ਉੱਡ ਚੁੱਕਾ ਹੈ, ਉਹ ਗਿਆਨ ਤੋਂ ਸੱਖਣੇ ਹੁਣ ਆਪ ਅੱਗੇ ਦਾਲ (ਦੁਬਿਧਾ ਦਾ) ਬੀਜ ਰਹੇ ਹਨ, ਉਨ੍ਹਾਂ ਦੀ (ਦੁਬਿਧਾ ਰੂਪੀ) ਦਾਲ ਅਗਿਆਨਤਾ ਕਿਵੇਂ ਉਗ ਰਹੀ ਹੈ ਭਾਵ ਵੱਧ ਫੁੱਲ ਰਹੀ ਹੈ। ਜਿਨ੍ਹਾਂ ਨੇ ਬੀਜ ਬੀਜਿਆ ਭਾਵ ਗਿਆਨ ਦਾ ਬੀਜ ਬੋਇਆ, ਉਹ ਆਪਣੀ ਪਤਿ ਲੈ ਗਏ ਭਾਵ ਆਪਣਾ ਜੀਵਨ ਸਫਲਾ ਕਰ ਗਏ, ਉਨ੍ਹਾਂ ਨੇ ਅਗਿਆਨਤਾ ਨਹੀਂ ਫੈਲਾਈ। ਕੁਦਰਤ ਦੇ ਨੇਮ ਅਨੁਸਾਰ ਬੀਜ ਇੱਕ ਹੋਏ ਭਾਵ ਸਾਬਤ ਹੋਏ ਅਤੇ ਰੁੱਤ ਵੀ ਚੰਗੀ ਹੋਵੇ ਤਾਂ ਉਗਦਾ ਹੈ, ਪਰ ਅਗਿਆਨੀਆ ਦੀ ਬੀਜੀ (ਦੁਬਿਧਾ ਰੂਪੀ) ਦਾਲ ਵਧ ਫੁੱਲ ਰਹੀ ਹੈ। ਭਾਵ ਮਨੁੱਖੀ ਸਮਾਜ ਅੰਦਰ ਕੁਦਰਤ ਦੇ ਨੇਮ ਵਿਰੁੱਧ ਵਰਾਤਾਰਾ ਵਰਤ ਰਿਹਾ ਹੈ। (ਦੁਬਿਧਾ ਨੂੰ ਫੈਲਾਇਆ ਜਾ ਰਿਹਾ ਹੈ, ਸੱਚ ਨੂੰ ਦਬਾਇਆ ਜਾ ਰਿਹਾ ਹੈ)। ਨਾਨਕ ਆਖਦਾ ਹੈ, ਜਿਹੜੇ ਅਗਿਆਨਤਾ ਦੀ ਪਾਣ ਦੀ ਰੰਗਤ ਤੋਂ ਬਾਹਰੇ ਹਨ, ਉਹ ਕੋਰੀ/ਗਿਆਨ ਤੋਂ ਸੱਖਣੀ, ਅਗਿਆਨਤਾ ਦੀ ਨੀਂਦ ਦੇ ਰੰਗ ਵਿੱਚ ਨਹੀਂ ਸੌਂਦੇ ਅਤੇ ਜੇਕਰ ਕੋਈ ਅਗਿਆਨਤਾ ਦੇ ਭੈਅ ਵਿੱਚ ਹੈ, ਤਾਂ ਉਸ ਨੂੰ ਗਿਆਨ ਦੀ ਖੁੰਭ ਚੜ੍ਹਾਈਏ ਤਾਂ ਉਸ ਤਨ/ਮਨੁੱਖ ਦੀ ਵੀ ਅਗਿਆਨਤਾ ਦੀ ਸ਼ਰਮਸਾਰ ਕਰਨ ਵਾਲੀ ਪਾਣ ਖਤਮ ਹੋ ਸਕਦੀ ਹੈ। ਇਸ ਤਰ੍ਹਾਂ ਜਿਹੜੇ ਗਿਆਨ ਦੀ ਭਗਤੀ/ਇਨਕਲਾਬੀ ਲਹਿਰ ਦੇ ਰੰਗ ਵਿੱਚ ਰੰਗੇ ਜਾਂਦੇ ਹਨ, ਉਹ ਕਿਸੇ ਕਿਸਮ ਦੀ ਰੂੜ੍ਹੀਵਾਦੀ ਵਿਚਾਰਧਾਰਾ ਦੀ ਅਗਿਆਨਤਾ ਦੀ ਨੀਂਦ ਨਹੀਂ ਸੌਂਦੇ, ਨਹੀਂ ਅਪਣਾਉਂਦੇ।

ਮਃ ੧।।

ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ।।

ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ।।

ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ।।

ਗਿਆਨੀ ਨਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰੁ।।

ਊਚੇ ਕੂਕਹਿ ਵਾਦਾ ਗਾਵਹਿ ਜੋਧਾ ਕਾ ਵੀਚਾਰੁ।।

ਮੂਰਖ ਪੰਡਿਤ ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰੁ।।

ਧਰਮੀ ਧਰਮੁ ਕਰਹਿ ਗਾਵਾਵਹਿ ਮੰਗਹਿ ਮੋਖ ਦੁਆਰੁ।।

ਜਤੀ ਸਦਾਵਹਿ ਜੁਗਤਿ ਨ ਜਾਣਹਿ ਛਡਿ ਬਹਹਿ ਘਰ ਬਾਰੁ।।

ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ।।

ਪਤਿ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਲਿਆ ਜਾਪੈ।। ੨।।

ਨੋਟ:- ਬਿਪਰਵਾਦੀ ਵਿਚਾਰਧਾਰਾ ਅਨੁਸਾਰ ਰਾਜਾ ਰੱਬ ਹੈ, ਬ੍ਰਾਹਮਣ ਉਸ ਦਾ ਵਜ਼ੀਰ ਹੈ ਇਹ ਰਲ ਕੇ ਪਰਜਾ ਨੂੰ ਲੁੱਟਦੇ, ਕੁੱਟਦੇ ਅਤੇ ਵਰਣਵਾਦ ਵਿੱਚ ਵੰਡਦੇ ਹਨ। ਅਫਸੋਸ ਇਹ ਹੀ ਬਿਪਰਵਾਦੀ ਵਿਚਾਰਧਾਰਾ ਸਿੱਖ ਸਮਾਜ ਅੰਦਰ ਅੱਜ ਦੇਖੀ ਜਾ ਸਕਦੀ ਹੈ।

ਪਦ ਅਰਥ:- ਲਬੁ – ਲਾਲਚ। ਪਾਪੁ – ਬੁਰਿਆਈ। ਦੁਇ – ਦੋਵੇਂ। ਰਾਜਾ – ਰਾਜਾ। ਮਹਤਾ – ਵਜ਼ੀਰ। ਕੂੜੁ – ਝੂਠ, ਅਗਿਆਨਤਾ। ਹੋਆ – ਹੋਇਆ। ਸਿਕਦਾਰੁ – ਸਿੱਕਾ ਚਲਾਉਣ ਵਾਲਾ, ਹਕੂਮਤ ਕਰਨ ਵਾਲਾ। ਕਾਮੁ – ਫਾ: ਪ੍ਰਯੋਜਨ, ਮਨੋਰਥ। ਸਦਿ – ਫਾ: ਰੋਕ, ਆੜ। ਪੁਛੀਐ – ਪੁੱਛਿਆ ਜਾਣਾ, ਪੁੱਛ ਪੜਤਾਲ ਹੋਣੀ ਹੈ। ਨੇਬੁ – ਵਰਣਵਾਦ, ਜਾਤ ਪਾਤ (cast system) ਆਧਾਰਤ, ਰੋਮਨ ਪੰਜਾਬੀ ਡਿਕਸ਼ਨਰੀ। (cast system)ਬਹਿ ਬਹਿ – ਬੈਠਣਾ, ਹੇਠਾਂ, ਹੇਠ, ਅਧੀਨ। ਕਰੇ ਬੀਚਾਰੁ – ਵਿਚਾਰ ਪ੍ਰਚਲਿਤ ਕਰਦੇ ਹਨ। ਅੰਧੀ ਰਯਤਿ – ਅਗਿਆਨਤਾ ਦੇ ਹਨੇਰੇ ਵਿੱਚ ਲੋਕਾਈ। ਗਿਆਨ ਵਿਹੂਣੀ – ਗਿਆਨ ਤੋਂ ਸੱਖਣੀ। ਭਾਹਿ ਭਰੇ – ਚੱਟੀ ਭਰ ਰਹੀ ਹੈ। ਮੁਰਦਾਰੁ – ਬਿਨ੍ਹਾਂ ਪ੍ਰਾਣਾਂ ਦੇ ਦੇਹਾਂ, ਇੱਥੇ ਇਸ ਤੋਂ ਭਾਵ ਇਹ ਹੈ ਕਿ ਗਿਆਨ ਤੋਂ ਸੱਖਣੀਆਂ ਲੋਥਾਂ, ਰਾਜੇ ਅਵਤਾਰਵਾਦੀ ਜੋ ਆਪਣੇ ਆਪ ਨੂੰ ਰੱਬ ਅਖਵਾਉਂਦੇ ਹਨ। ਗਿਆਨੀ ਨਚਹਿ – ਅਗਿਆਨੀ ਜੋ ਆਪਣੇ ਆਪ ਨੂੰ ਗਿਆਨੀ ਸਮਝਦੇ ਹਨ ਉਹ ਨੱਚਦੇ ਹਨ। ਵਾਜੇ ਵਾਵਹਿ – ਵਾਜੇ ਵਜਾਉਂਦੇ ਹਨ ਭਾਵ ਪ੍ਰਚਾਰ ਕਰਨਾ। ਕਰਹਿ ਸੀਗਾਰੁ – ਲੇਪਾ ਪੋਚੀ ਕਰਦੇ ਹਨ, ਲੇਪਾ ਪੋਚੀ ਕਰਨੀ ਹੁੰਦਾ ਬੁਰਿਆਈਆਂ ਨੂੰ ਲੁਕੋਣਾ ਜਿਵੇਂ ਸਰੀਰ ਦੀ ਲੇਪਾ ਪੋਚੀ ਕਰ ਕੇ ਸ਼ਿੰਗਾਰਨਾ, ਅਸਲੀਅਤ ਨੂੰ ਲੁਕੋਣਾ। ਉਚੇ ਕੂਕਹਿ – ਉਚੀ-ਉਚੀ ਕੂਕਦੇ ਹਨ। ਵਾਦਾ ਗਾਵਹਿ – ਬੇਦਲੀਲਾ ਗਾਉਣਾ, ਬੇਦਲੀਲਾ ਪ੍ਰਚਾਰ ਕਰਦੇ ਹਨ। ਜੋਧਾ ਕਾ – ਜੋਧਿਆਂ ਦਾ ਜੋਧਾ। ਵੀਚਾਰੁ – ਵਿਚਾਰ ਕੇ, ਸਮਝ ਕੇ। ਮੂਰਖ ਪੰਡਿਤ – ਅਗਿਆਨੀ ਜੋ ਆਪਣੇ ਆਪ ਨੂੰ ਪੰਡਿਤ/ਗਿਆਨੀ ਸਮਝਦੇ ਹਨ। ਹਿਕਮਤਿ ਹੁਜਤਿ – ਬੇਤੁਕੀਆਂ ਦਲੀਲਾਂ ਦੇਣੀਆਂ। ਸੰਜੈ – ਮਾਇਆ, ਅਗਿਆਨਤਾ। ਕਰਹਿ – ਕਰਦੇ ਹਨ। ਪਿਆਰੁ – ਜੁੜਨਾ, ਜੋੜਨਾ। ਧਰਮੀ ਧਰਮੁ ਕਰਹਿ – ਜਿਹੜੇ ਆਪਣੇ ਆਪ ਨੂੰ ਧਰਮੀ ਸਮਝ ਕੇ ਧਰਮ ਕਰਮ ਕਰਦੇ ਹਨ। ਗਾਵਾਵਹਿ – ਆਪਾ ਗਵਾ ਜਾਂਦੇ ਹਨ। ਮੰਗਹਿ ਮੋਖ ਦੁਆਰੁ – ਇਨ੍ਹਾਂ ਤੋਂ ਮੁਕਤੀ ਦੇ ਦਰ ਦੀ ਮੰਗ ਕਰਦੇ ਹਨ। ਜਤੀ ਸਦਾਵਹਿ – ਆਪਣੇ ਆਪ ਨੂੰ ਜਤੀ ਸਦਾਉਂਦੇ ਹਨ। ਜੁਗਤਿ ਨ ਜਾਣਹਿ – ਅਸਲੀਅਤ ਨੂੰ ਜਾਣਦੇ ਨਹੀਂ। ਛਡਿ ਬਹੈ ਘਰ ਬਾਰੁ – ਘਰ ਬਾਹਰ ਛੱਡ ਬਹਿੰਦੇ ਹਨ। ਸਭੁ ਕੋ ਪੂਰਾ ਆਪੇ ਹੋਵੈ – ਇਸ ਤਰ੍ਹਾਂ ਦੇ (ਅਖੌਤੀ ਅਵਤਾਰਵਾਦੀ) ਹਰ ਕੋਈ ਲੋਕ ਆਪਣੇ ਆਪ ਨੂੰ ਪੂਰਾ ਸਮਝਦੇ ਹਨ, ਘੱਟ ਕੋਈ ਵੀ ਨਹੀਂ ਅਖਵਾਉਂਦਾ। ਸਭੁ – ਸਾਰੇ, ਹਰ ਕੋਈ। ਪਰਵਾਣਾ – ਗਯਾਤਾ, ਵਿਦਵਾਨ, ਵਿਦਵਤਾ। ਪਤਿ – ਹੁਕਮ ਕਰਨਾ, ਸੁਆਮੀ। ਤੋਲਿਆ – ਤੋਲਣਾ, ਤੋਲਿਆ, ਪਰਖਣਾ, ਪਰਖਿਆ। ਜਾਪੈ – ਜਾਪੇ, ਜਾਪਦਾ ਹੈ, ਪਤਾ ਚਲਦਾ ਹੈ।

ਅਰਥ:- ਬਿਪਰਵਾਦੀ ਵਿਚਾਰਧਾਰਾ ਅਨੁਸਾਰ ਰਾਜਾ ਰੱਬ ਅਤੇ ਬ੍ਰਾਹਮਣ ਵਜ਼ੀਰ ਹੈ:- ਰਾਜਾ (ਅਖੌਤੀ ਰੱਬ) ਅਤੇ (ਬ੍ਰਾਹਮਣ) ਵਜ਼ੀਰ ਦੋਵੇ ਬੁਰਿਆਈ ਅਤੇ ਲਾਲਚ ਅਧੀਨ ਹਨ, ਰਾਜੇ ਨੇ ਆਪਣੇ ਰੱਬ ਹੋਣ ਅਤੇ ਵਜ਼ੀਰ/ਬ੍ਰਾਹਮਣ ਨੇ, ਰਾਜੇ (ਅਵਤਾਰਵਾਦ ਦੇ ਰੱਬ) ਹੋਣ ਦਾ, ਕੂੜ ਦਾ ਸਿੱਕਾ ਚਲਾਇਆ ਹੋਇਆ ਹੈ ਅਤੇ ਬੈਠੇ ਆਪਣੇ ਮਨੋਰਥ ਦੀ ਆੜ ਹੇਠ ਮਾਨਵਤਾ ਵਿੱਚ ਇਹ ਵਿਚਾਰ ਪ੍ਰਚਲਿਤ ਕਰਦੇ ਹਨ ਕਿ (ਰੱਬ ਦੇ ਦਰ) ਤੇ ਜਾਤ-ਪਾਤ (cast system) ਆਧਾਰਤ ਪੁੱਛਿਆ ਜਾਣਾ ਭਾਵ ਪੁਛ ਪੜਤਾਲ ਹੋਣੀ ਹੈ ਅਤੇ ਇਨ੍ਹਾਂ ਦੀਆਂ ਅਜਿਹੀਆਂ ਗੱਲਾਂ ਨਾਲ ਗਿਆਨ ਤੋਂ ਸੱਖਣੀ ਲੋਕਾਈ ਅਗਿਆਨਤਾ ਦੇ ਹਨੇਰੇ ਵਿੱਚ ਗਿਆਨ ਤੋਂ ਸੱਖਣੀਆਂ (ਅਵਤਾਰਵਾਦੀ) ਲੋਥਾਂ ਦੀ ਚੱਟੀ ਭਰ ਰਹੀ ਹੈ। ਇਸ ਅਗਿਆਨਤਾ ਦੇ ਹਨੇਰੇ ਵਿੱਚ ਆਪਣੇ ਆਪ ਨੂੰ ਗਿਆਨੀ ਅਖਵਾਉਣ ਵਾਲੇ ਇਨ੍ਹਾਂ (ਅਵਤਾਰਵਾਦੀਆਂ) ਦੀਆਂ (ਬੁਰਿਆਈਆਂ) ਨੂੰ ਸ਼ਿੰਗਾਰ ਕਿ ਲੇਪਾ ਪੋਚੀ ਕਰ ਕੇ (ਇਨ੍ਹਾਂ ਦੇ ਬਲਾਤਕਾਰਾਂ ਨੂੰ ਬਾਲ ਲੀਲਾ ਦਰਸਾ ਕੇ) ਇਨ੍ਹਾਂ ਦੀ ਅਸਲੀਅਤ ਉੱਪਰ ਪੜਦਾ ਪਾ ਕੇ, ਇਨ੍ਹਾਂ ਦੇ ਵਾਜੇ ਵਜਾਉਂਦੇ ਭਾਵ ਇਨ੍ਹਾਂ ਦੇ (ਰੱਬ ਹੋਣ ਦਾ) ਪ੍ਰਚਾਰ ਕਰਦੇ ਹਨ।

ਇਸ ਤਰ੍ਹਾਂ ਜਿਹੜੇ ਅਗਿਆਨੀ, ਆਪਣੇ ਆਪ ਨੂੰ ਪੰਡਿਤ/ਗਿਆਨੀ ਸਮਝਦੇ ਹਨ, ਉਹ ਇਨ੍ਹਾਂ (ਅਗਿਆਨੀਆਂ) ਨੂੰ ਜੋਧਿਆਂ ਦਾ ਜੋਧਾ, ਬਹਾਦਰ ਸਮਝ ਕੇ, ਉੱਚੀ-ਉੱਚੀ, ਕੂਕ-ਕੂਕ ਕੇ ਗਾਉੇਂਦੇ ਭਾਵ ਪ੍ਰਚਾਰਦੇ ਹਨ ਅਤੇ ਇਨ੍ਹਾਂ ਦੀ ਬਹਾਦਰੀ ਦੀਆਂ ਬੇਤੁਕੀਆਂ ਦਲੀਲਾਂ ਦੇ ਕਰ ਕੇ (ਮਾਨਵਤਾ) ਨੂੰ ਇਨ੍ਹਾਂ ਨਾਲ ਜੋੜਦੇ ਹਨ ਅਤੇ ਜਿਹੜੇ ਇਨ੍ਹਾਂ ਨਾਲ ਜੁੜਦੇ ਹਨ, ਉਹ ਵੀ ਇਨ੍ਹਾਂ ਨੂੰ ਧਰਮੀ ਸਮਝ ਕੇ ਇਨ੍ਹਾਂ ਦੀਆਂ ਬੇਤੁਕੀਆਂ ਕਹਾਣੀਆਂ ਨੂੰ ਧਰਮ ਸਮਝ ਕੇ, ਇਨ੍ਹਾਂ ਤੋਂ ਮੁਕਤੀ ਮੰਗਦੇ ਆਪਾ ਲੁਟਾ ਕੇ, ਇਨ੍ਹਾਂ ਦੇ ਪਿੱਛੇ ਲੱਗ ਕੇ ਆਪਣਾ ਘਰ ਬਾਰ ਛੱਡ ਬੈਠਦੇ ਹਨ ਅਤੇ ਅਸਲੀਅਤ ਨੂੰ ਨਾ ਜਾਣਦੇ ਹੋਏ ਆਪਣੇ ਆਪ ਨੂੰ ਜਤੀ ਅਖਵਾਉਂਦੇ ਹਨ। ਹੇ ਭਾਈ! ਨਾਨਕ ਆਖਦਾ ਹੈ ਇਨ੍ਹਾਂ (ਅਖੌਤੀ ਰਾਜੇ ਅਵਤਾਰਵਾਦੀ ਰੱਬਾਂ) ਦੀ ਹਕੂਮਤ/ਸੁਆਮੀ ਪੁਣੇ ਅਤੇ ਵਿਦਵਤਾ ਪਿੱਛੇ ਝਾਤ ਮਾਰੀਏ ਤਾਂ ਗਿਆਨ ਦੀ ਕਸਵੱਟੀ `ਤੇ ਤੋਲਿਆਂ/ਪਰਖਿਆਂ, ਇਹ ਪਤਾ ਚਲਦਾ ਹੈ ਇਹ (ਅਖੌਤੀ ਅਵਤਾਰਵਾਦੀ ਰਾਜੇ) ਸਭ ਆਪਣੇ ਆਪ ਨੂੰ ਪੂਰਾ ਭਾਵ (ਰੱਬ) ਸਮਝਦੇ ਸਨ/ਹਨ ਕੋਈ ਵੀ ਆਪਣੇ ਆਪ ਨੂੰ ਘੱਟ ਨਹੀਂ ਸੀ ਅਖਵਾਉਂਦਾ। (ਆਪਣੇ ਆਪ ਨੂੰ ਇੱਕ ਦੁਜੇ ਤੋਂ ਵੱਧ ਕੇ ਪੂਰੇ ਹੀ ਦੱਸਦੇ ਹਨ)।

ਮਃ ੧।।

ਵਦੀ ਸੁ ਵਜਗਿ ਨਾਨਕਾ ਸਚਾ ਵੇਖੈ ਸੋਇ।।

ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ।।

ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ।।

ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ।। ੩।।

ਪਦ ਅਰਥ:- ਵਦੀ – ਬੁਰਿਆਈ, ਬੁਰਿਆਈਆਂ। ਸੁ – ਉਹ। ਵਜਗਿ – ਜਗਤ ਪ੍ਰਸਿੱਧ। ਸਚਾ – ਸੱਚ, ਸੱਚਾ। ਵੇਖੈ – ਵੇਖਣਾ ਸਾਬਤ ਕਰਨਾ, ਜਿੰਨਾਂ ਚਿਰ ਵੇਖਿਆ ਨਾ ਜਾਵੇ ਸਾਬਤ ਨਹੀਂ ਹੋ ਸਕਦਾ ਹੈ। ਸੋਇ – ਉਹ, ਉਹੀ। ਸਭਨੀ – ਸਮੂਹ। ਛਾਲਾ – ਛਾਲਾਂ ਮਾਰਨੀਆਂ, ਜ਼ੋਰ ਅਜ਼ਮਾਈ ਕਰਨੀ। ਕਰਤਾ – ਕਰਤਾਰ। ਕਰੇ – ਕਰਨਾ, ਕਰਦਾ ਹੈ। ਸੁ – ਉਹ। ਹੋਇ – ਹੁੰਦਾ। ਅਗੈ ਜਾਤਿ – ਅੱਗੇ ਭਾਵ ਮਰਨ ਤੋਂ ਬਾਅਦ ਜਾਤ। ਨਾ ਜੋਰਿ ਹੈ – ਕਿਸੇ ਦਾ ਕੋਈ ਜ਼ੋਰ ਨਹੀਂ ਹੈ। ਜੀਉ – ਜੀਵ। ਨਵੇ – to be born again (ਰੋਮਨ ਪੰਜਾਬੀ ਇੰਗਲਿਸ਼ ਡਿਕਸ਼ਨਰੀ ਭਾਈ ਮਾਯਾ ਸਿੰਘ)। ਇਸ ਪੰਗਤੀ ਵਿੱਚ ਨ ਅੱਖਰ ਨਾਂਹ ਵਾਚਕ ਹੈ ਅਰਥ ਕਰਨ ਵੇਲੇ ਇਸ ਨਾਂਹ ਵਾਚਕ ਸ਼ਬਦ ਨੇ ਜੀਉ ਨਵੇ ਨਾਲ ਵੀ ਜੁੜਨਾ ਹੈ। ਜਿਨ – ਜਿਨ੍ਹਾਂ, ਇਨ੍ਹਾਂ। ਪਤਿ ਪਵੈ – ਪ੍ਰਵਾਨ ਚੜ੍ਹ ਪੈਂਦੇ ਹਨ। ਚੰਗੇ ਸੇਈ ਕੇਇ – ਉਹ ਹੀ ਸਾਰੇ ਚੰਗੇ ਹਨ।

ਅਰਥ:- ਹੇ ਭਾਈ! ਨਾਨਕ ਆਖਦਾ ਹੈ, ਉਹ ਜਿਹੜੇ (ਅਵਤਾਰਵਾਦੀ) ਆਪਣੀਆਂ ਬੁਰਿਆਈਆਂ ਕਾਰਨ ਜਗਤ ਪ੍ਰਸਿੱਧ ਹਨ, ਉਨ੍ਹਾਂ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਵਾਲੇ ਸਮੂਹ (ਅਵਤਾਰਵਾਦੀਆਂ) ਨੇ ਬੜੀਆਂ ਛਾਲਾਂ ਮਾਰੀਆਂ ਭਾਵ ਜ਼ੋਰ ਅਜਮਾਈ ਕੀਤੀ ਅਤੇ ਕਰਦੇ ਹਨ, ਪਰ ਹੱਥ ਵੱਸ ਇਨ੍ਹਾਂ ਦੇ ਕੱਖ ਨਹੀਂ, ਪਰ (ਇਨ੍ਹਾਂ ਨੂੰ ਮੰਨਣ ਵਾਲੇ ਇਹ ਆਖਦੇ ਹਨ ਜੋ ਉਨ੍ਹਾਂ ਦਾ (ਅਵਤਾਰਵਾਦੀ) ਕਰਤਾ ਕਰਦਾ ਹੈ ਉਹ ਹੁੰਦਾ ਹੈ। ਅੱਗੇ ਭਾਵ ਮਰਨ ਤੋਂ ਬਾਅਦ ਨਾ ਕਿਸੇ ਨਾਲ ਜਾਤ ਜਾਂਦੀ ਹੈ ਅਤੇ ਨਾ ਹੀ ਇਨ੍ਹਾਂ ਜ਼ੋਰ ਅਜ਼ਮਾਈ ਕਰਨ ਵਾਲਿਆਂ ਦਾ ਅੱਗੇ ਮਰਨ ਤੋਂ ਬਾਅਦ ਜ਼ੋਰ/ਹੁਕਮ ਹੀ ਚਲਦਾ ਹੈ ਅਤੇ ਨਾ ਹੀ ਅੱਗੇ/ਮਰਨ ਤੋਂ ਬਾਅਦ ਜੀਵਾਂ ਦਾ ਦੁਬਾਰਾ ਜਨਮ ਹੀ ਹੁੰਦਾ ਹੈ। (ਭਾਵ ਸਭ ਕੁੱਝ ਇੱਥੇ ਹੀ ਹੈ)। ਪਰ ਇਹ, ਇਹ ਪ੍ਰਚਾਰਦੇ ਹਨ ਕਿ ਜਿਹੜੇ ਇਨ੍ਹਾਂ ਦੇ ਸੁਆਮੀ ਪੁਣੇ ਦੇ ਪ੍ਰਵਾਨ ਚੜ੍ਹ ਪੈਂਦੇ ਹਨ ਉਹ ਹੀ ਸਾਰੇ ਚੰਗੇ, ਭਾਵ ਅਗਲੇ ਜਨਮ ਵਿੱਚ ਅਖੌਤੀ ਪਵਿੱਤਰ ਕੁਲ ਵਿੱਚ ਜਨਮ ਲੈ ਸਕਦੇ ਹਨ। (ਨਾਨਕ ਪਾਤਸ਼ਾਹ ਨੇ ਸਮਝਾਇਆ ਹੈ ਕਿ ਕੋਈ ਦੁਬਾਰਾ ਜਨਮ ਨਹੀਂ ਲੈਂਦਾ ਇਸ ਕਰ ਕੇ ਕਿਸੇ ਅਖੌਤੀ ਸ਼ੁਧ ਦੀ ਮੁਥਾਜੀ ਕਰਨ ਦੀ ਲੋੜ ਨਹੀਂ)।

ਨੋਟ:- ਬਿਪਰਵਾਦੀ ਅਖੌਤੀ ਸ਼ੁਧ, ਅਖੌਤੀ ਸ਼ੂਦਰ ਲੋਕਾਂ ਵਿੱਚ ਇਹ ਪ੍ਰਚਾਰਦੇ ਹਨ ਕਿ ਤੁਸੀਂ ਛੇ ਜਨਮ ਸਾਡਾ ਗੋਹਾ ਕੂੜਾ ਕਰਨਾ ਹੈ ਅਤੇ ਛੇਆਂ ਜਨਮਾਂ ਤੋਂ ਬਾਅਦ ਤੁਸੀਂ ਉੱਚੀ ਕੁਲ ਵਿੱਚ ਜਨਮ ਲੈ ਸਕਦੇ ਹੋ। ਨਾਨਕ ਪਾਤਸ਼ਾਹ ਨੇ ਬਿਪਰਵਾਦੀ ਵਿਚਾਰਧਾਰਾ ਤੋਂ ਪੜਦਾ ਚੁੱਕਿਆ ਹੈ।

ਪਉੜੀ।।

ਧੁਰਿ ਕਰਮੁ ਜਿਨਾ ਕਉ ਤੁਧੁ ਪਾਇਆ ਤਾ ਤਿਨੀ ਖਸਮੁ ਧਿਆਇਆ।।

ਏਨਾ ਜੰਤਾ ਕੈ ਵਸਿ ਕਿਛੁ ਨਾਹੀ ਤੁਧੁ ਵੇਕੀ ਜਗਤੁ ਉਪਾਇਆ।।

ਇਕਨਾ ਨੋ ਤੂੰ ਮੇਲਿ ਲੈਹਿ ਇਕਿ ਆਪਹੁ ਤੁਧੁ ਖੁਆਇਆ।।

ਗੁਰ ਕਿਰਪਾ ਤੇ ਜਾਣਿਆ ਜਿਥੈ ਤੁਧੁ ਆਪੁ ਬੁਝਾਇਆ।।

ਸਹਜੇ ਹੀ ਸਚਿ ਸਮਾਇਆ।। ੧੧।।

ਪਦ ਅਰਥ:- ਧੁਰਿ – ਮੁੱਢ, ਮੂਲ। ਕਰਮੁ – ਗਿਆਨ ਦੀ ਬਖਸ਼ਿਸ਼। ਕਉ – ਨੂੰ, ਨੇ। ਤੁਧੁ – ਤੂੰ, ਤੇਰੀ, ਤੈਨੂੰ, ਤੂੰ ਆਪ। ਪਾਇਆ – ਸੰਬੰਧ ਬਣਾਇਆ। ਤਾ ਤਿਨੀ – ਤਾਂ ਉਨ੍ਹਾਂ ਨੇ। ਖਸਮੁ ਧਿਆਇਆ – ਤੈਨੂੰ ਮਾਲਕ ਜਾਣ ਕੇ ਹਿਰਦੇ ਅੰਦਰ ਵਸਾਇਆ। ਏਨਾ ਜੰਤਾ ਕੈ ਵਸਿ ਕੁੱਝ ਨਾਹੀ – ਇਨ੍ਹਾਂ ਜੀਵਾਂ (ਅਵਤਾਰਵਾਦੀਆਂ) ਦੇ ਵੱਸ ਵਿੱਚ ਕੁੱਝ ਵੀ ਨਹੀਂ। ਤੁਧੁ – ਤੂੰ ਆਪ ਹੀ। ਵੇਕੀ – ਕਈ ਤਰ੍ਹਾਂ ਦੇ। ਜਗਤੁ – ਸੰਸਾਰ। ਉਪਾਇਆ – ਪੈਦਾ ਕੀਤਾ, (create) ਕੀਤਾ ਹੈ। ਇਕਨਾ ਨੋ – ਇਕਨਾਂ ਨੇ, ਇਕਨਾਂ ਨੂੰ। ਤੂੰ – ਤੂੰ, ਤੈਨੂੰ, ਤੇਰੇ। ਮੇਲਿ ਲੈਹਿ – ਤੇਰੇ ਨਾਲ ਮੇਲ ਭਾਵ ਜੋੜ ਲਿਆ ਹੈ। ਇਕਿ – ਇਕਨਾਂ ਨੇ। ਆਪਹੁ ਤੁਧੁ – ਆਪਣੇ ਆਪ ਨੂੰ ਤੂੰ/ਕਰਤਾ। ਖੁਆਇਆ – ਗੁੰਮਰਾਹ ਕੀਤਾ ਹੈ। ਗੁਰ ਕਿਰਪਾ ਤੇ ਜਾਣਿਆ – ਗਿਆਨ ਦੀ ਬਖਸ਼ਿਸ਼ ਦੁਆਰਾ ਜਾਣਿਆ। ਜਿਥੈ – ਜਿਸ ਮਨੁੱਖ ਦੇ ਅੰਦਰ, (ਗੁ: ਗ੍ਰੰ: ਦਰਪਣ)। ਤੁਧੁ – ਤੈਨੂੰ। ਬੁਝਾਇਆ – ਜਾਣ ਲੈਣਾ, ਬੁੱਝ ਲੈਣਾ, ਪਛਾਣ ਲੈਣਾ, ਪਛਾਣ ਲੈਣਾ, ਲਿਆ। ਸਹਜੇ ਹੀ ਸਚਿ – ਅਡੋਲ ਹੀ ਸੱਚ ਵਿੱਚ। ਸਮਾਇਆ – ਲੀਨ ਹੋ ਜਾਣਾ।

ਅਰਥ:- ਹੇ ਕਰਤੇ! ਜਿਨ੍ਹਾਂ ਨੇ ਧੁਰ ਤੇਰੀ ਬਖਸ਼ਿਸ਼ ਗਿਆਨ ਨਾਲ ਸੰਬੰਧ ਬਣਾਇਆ, ਤਾਂ ਉਨ੍ਹਾਂ ਨੇ ਹੀ ਤੈਨੂੰ ਮਾਲਕ ਜਾਣ ਕੇ ਹਿਰਦੇ ਅੰਦਰ ਵਸਾਇਆ। ਇਨ੍ਹਾਂ (ਅਖੌਤੀ ਰੱਬਾਂ) ਜੀਵਾਂ (ਅਵਤਾਰਵਾਦੀਆਂ) ਦੇ ਵੱਸ ਵਿੱਚ ਕੁੱਝ ਵੀ ਨਹੀਂ, ਤੂੰ ਆਪ ਹੀ ਸੰਸਾਰ ਅਤੇ ਕਈ ਤਰ੍ਹਾਂ ਦੇ ਜੀਵ ਜੰਤੂ ਪੈਦਾ ਕੀਤੇ ਹਨ, ਕਿਸੇ (ਅਵਤਾਰਵਾਦੀ) ਨੇ ਨਹੀਂ। ਇਕਨਾਂ ਨੇ ਆਪਣੇ ਆਪ ਨੂੰ ਤੇਰੇ ਨਾਲ ਮੇਲ/ਜੋੜ ਲਿਆ ਹੈ ਅਤੇ ਇਕਨਾਂ ਨੇ ਆਪਣੇ ਆਪ ਨੂੰ ਤੁਧੁ/ਕਰਤਾ/ਰੱਬ ਦਰਸਾ ਕੇ (ਮਾਨਵਤਾ) ਨੂੰ ਗੁੰਮਰਾਹ ਕੀਤਾ ਹੋਇਆ ਹੈ ਅਤੇ ਕਰਦੇ ਹਨ।

ਜਿਸ ਮਨੁੱਖ ਨੇ ਆਪਣੇ ਅੰਦਰੋਂ (ਆਪਣੇ ਆਪੇ, ਮੈਂ ਨੂੰ ਖਤਮ ਕਰ ਕੇ) ਤੂੰ ਨੂੰ ਜਾਣਿਆ ਭਾਵ ਤੇਰੇ ਆਪੇ ਦੀ, ਗਿਆਨ ਦੀ ਬਖਸ਼ਿਸ਼ ਦੁਆਰਾ ਸਮਝ ਪਈ (ਭਾਵ ਆਪਣੀ ਮੈਂ ਨੂੰ ਖਤਮ ਕਰ ਕੇ ਤੂੰ ਨੂੰ ਜਾਣਿਆ) ਉਹ ਅਡੋਲ ਤੇਰੇ ਸੱਚ ਗਿਆਨ ਵਿੱਚ ਹੀ ਲੀਨ ਹੋ ਗਏ ਅਤੇ ਜਾਂਦੇ ਹਨ। (ਭਾਵ ਉਹ ਬਿਪਰਵਾਦ ਦੇ ਅਵਤਾਰਵਾਦੀ ਰੱਬ ਦੇ ਭਰਮ ਦੇ ਚੁੰਗਲ ਵਿੱਚੋਂ ਨਿਕਲ ਜਾਂਦੇ ਹਨ)।

ਬਲਦੇਵ ਸਿੰਘ ਟੌਰਾਂਟੋ।




.