ਸੰਪਾਦਕ ਸਿੱਖ ਮਾਰਗ ਦੇ ਸਵਾਲਾਂ ਬਾਰੇ ਤੱਤ ਗੁਰਮਤਿ ਪਰਿਵਾਰ ਦਾ ਪੱਖ
ਸਵਾਲ ਨੰ: 1:- ਸਾਡੇ ਗੁਰੂਆਂ ਦਾ ਇਸ ਸੰਸਾਰ ਤੇ ਆਉਣ ਦਾ ਜਾਂ ਇਉਂ ਕਹਿ ਲਓ
ਕਿ ਸਰੀਰਕ ਤੌਰ ਤੇ ਦਸ ਜਾਮੇ ਧਾਰਨ ਦਾ ਅਸਲ ਮਕਸਦ ਕੀ ਸੀ? ਕੀ ਉਹ ਸਿੱਖਾਂ ਤੋਂ ਭਗਤੀ ਕਰਵਾ ਕੇ
ਉਹਨਾ ਨੂੰ ਕਿਸੇ ਸੱਚਖੰਡ ਅਥਵਾ ਕਿਸੇ ਕਲਿਪਤ ਸਵਰਗ ਵਿੱਚ ਭੇਜਣਾ ਚਾਹੁੰਦੇ ਸਨ? ਉਹਨਾ ਦਾ ਜਨਮ ਮਰਨ
ਕੱਟਣਾ ਚਾਹੁੰਦੇ ਸਨ? ਮਾਨਸਿਕ ਤੌਰ ਤੇ ਧਾਰਮਿਕ ਆਗੂਆਂ ਦੀ ਗੁਲਾਮੀ ਤੋਂ ਛੁਟਕਾਰਾ ਦਿਵਾਉਣਾ
ਚਾਹੁੰਦੇ ਸਨ? ਕਿਸੇ ਰਾਜ-ਭਾਗ ਦੀ ਸਿਰਜਣਾ ਕਰਨਾ ਚਾਹੁੰਦੇ ਸਨ? ਚੰਗਾ ਇਨਸਾਨ ਬਣਾ ਕੇ ਚੰਗੇ ਸਮਾਜ
ਦੀ ਸਿਰਜਣਾ ਕਰਨਾ ਚਾਹੁੰਦੇ ਸਨ? ਜਾਂ ਹੋਰ ਕੁੱਝ ਕਰਨਾ ਚਾਹੁੰਦੇ ਸਨ ਜਿਹੜਾ ਕਿ ਤੁਹਾਡੇ ਮੁਤਾਬਕ
ਇਸ ਸਵਾਲ ਵਿੱਚ ਮੈਂ ਨਹੀਂ ਦੱਸ ਸਕਿਆ?
ਜਵਾਬ : ਸਾਨੂੰ ਸਾਰਿਆਂ ਨੂੰ ਇਸ ਸੱਚ ਤੱਕ ਪਹੁੰਚਣ ਵਿਚ ਬਹੁਤ ਸਮਾਂ ਲਗੇਗਾ
ਕਿ ਨਾਨਕ ਸਰੂਪਾਂ ਸਮੇਤ ਕਿਸੇ ਵੀ ਸ਼ਖਸੀਅਤ ਨੂੰ ਪ੍ਰਮਾਤਮਾ ਨੇ ਸਪੈਸ਼ਲ ਦੁਨੀਆ ਤੇ ਨਹੀਂ ਭੇਜਿਆ ਸੀ।
ਇਹ ਸਪੈਸ਼ਲ ਦੁਨੀਆ ਤੇ ਜਾਮੇ ਜਾਂ ਅਵਤਾਰ ਧਾਰ ਕੇ ਆਉਣ ਵਾਲੀ ਸੋਚ ਹੀ ਪੁਜਾਰੀ ਦੀ ਫੈਲਾਈ ਹੋਈ ਹੈ,
ਜਿਸ ਨੂੰ ਕਈਂ ਖੁਦਾ ਦਾ ਪੁੱਤਰ, ਕਈਂ ਖੁਦਾ ਦਾ ਸੰਦੇਸ਼ਵਾਹਕ ਕਹਿ ਕੇ ਲੋਕਾਂ ਨੂੰ ਗੁੰਮਰਾਹ ਕਰਦੇ
ਹਨ। ਦੁਨੀਆਂ ਵਿਚ ਹਰ ਇੰਸਾਨ ਪ੍ਰਭੂ ਦੇ ਬਣਾਏ ਅਟੱਲ ਕੁਦਰਤੀ ਨਿਯਮਾਂ (ਹੁਕਮਾਂ) ਹੇਠ ਹੀ ਆਉਂਦਾ
ਹੈ, ਨਾ ਕਿ ਖਾਸ ਭੇਜਿਆ ਜਾਂਦਾ ਹੈ। ਸ਼ਰਧਾ ਹੇਠ ਆਮ ਇੰਸਾਨਾਂ ਸਮੇਤ ਵਿਦਵਾਨਾਂ ਦੇ ਮਨ ਵਿਚ ਵੀ ਐਸੇ
ਭਰਮ ਇਸ ਸੂਖਮ ਹੱਦ ਤੱਕ ਘਰ ਕਰ ਚੁੱਕੇ ਹਨ ਜਿਨ੍ਹਾਂ ਦਾ ਆਸਾਨੀ ਨਾਲ ਜਾਣਾ ਸੰਭਵ ਨਹੀਂ
ਲਗਦਾ।‘ਸ਼ਰੀਰਕ ਗੁਰੂ’ ਦੇ ਪੁਜਾਰੀਵਾਦੀ ਭਰਮ ਨੂੰ ਨਕਾਰ ਕੇ ਇਕੋ ਇਕ ਅਕਾਲ ਦੇ ਗਿਆਨ ਸਰੂਪ ‘ਗੁਰੂ’
ਨਾਲ ਮਨੁੱਖਤਾ ਨੂੰ ਜੋੜਨ ਵਾਲੇ ਲਾਸਾਣੀ ਬਾਬਾ ਨਾਨਕ ਦੇ ਨਾਂ ਨਾਲ ਵੀ ਜਦੋਂ ਬਹੁਤ ਜਾਗਰੂਕ ਮੰਨੇ
ਜਾਂਦੇ ਗੁਰਮਤਿ ਦੇ ਵਿਦਵਾਨ ਵੀ ‘ਗੁਰੂ’ ਵਿਸ਼ੇਸ਼ਨ ਜੋੜਦੇ ਹਨ ਤਾਂ ਇਸ ਸ਼ਰਧਾ ਭਰਮ ਦੀ ਗਹਿਰਾਈ ਦਾ
ਅੰਦਾਜ਼ਾ ਆਸਾਣੀ ਨਾਲ ਲਾਇਆ ਜਾ ਸਕਦਾ ਹੈ।
ਹਾਂ, ਇਹ ਸੱਚ ਹੈ ਕਿ ਇੰਸਾਨਾਂ ਵਿਚੋਂ ਹੀ ਕੁਝ ਇੰਸਾਨ ਹਰ ਖੇਤਰ ਵਿਚ
ਜੀਨਿਅਸ ਨਿਕਲ ਆਉਂਦੇ ਹਨ ਜੋ ਉਸ ਸਮੇਂ ਵਿਚ ਯੁਗਪੁਰਸ਼ ਬਣ ਜਾਂਦੇ ਹਨ। ਅਧਿਆਤਮ ਦੇ ਖੇਤਰ ਵਿਚ ਐਸੇ
ਹੀ ਲਿਜੰਡ ਮਹਾਤਮਾ ਬੁੱਧ ਜੀ, ਬਾਬਾ ਨਾਨਕ ਜੀ, ਭਗਤ ਕਬੀਰ ਜੀ ਆਦਿ ਹੋਏ ਹਨ, ਕੋਈ ਸਪੈਸ਼ਲ ਭੇਜੇ
ਨਹੀਂ ਸਨ।
ਬਾਬਾ ਨਾਨਕ ਦਾ ਮਿਸ਼ਨ ਹੀ ਧਰਮ ਦੇ ਨਾਂ ਤੇ ਪੁਜਾਰੀ-ਹਾਕਮ ਗਠਜੋੜ ਵਲੋਂ
ਫੈਲਾ ਦਿਤੇ ਗਏ ਸਾਹ-ਘੋਟੂ ਧੁੰਧਲਕੇ ਦਾ ਪਰਦਾਫਾਸ਼ ਕਰ ਕੇ, ਲੋਕਾਂ ਨੂੰ ਸਰਬਪੱਖੀ ਭਲਾਈ ਲਈ ਇਕੋ ਇਕ
ਮਾਨਵੀ ਧਰਮ ਦਾ ਅਹਿਸਾਸ ਕਰਾਉਣਾ ਸੀ। ਜਿਸ ਮਿਸ਼ਨ ਦਾ ਬੇੜਾ ਗਰਕ ਉਨ੍ਹਾਂ ਦੀ ਪੈਰੋਕਾਰ ਕਹਾਉਣ ਵਾਲੀ
ਸਿੱਖ ਕੌਮ ਨੇ ਹੀ ਕਰ ਦਿਤਾ ਅਤੇ ਇਕ ਹੋਰ ਪੁਜਾਰੀ ਫਿਰਕੇ ਦਾ ਰੂਪ ਧਾਰਨ ਕਰ ਲਿਆ।
ਸਵਾਲ ਨੰ: 2:- ਜੇ ਕਰ ਗੁਰੂਆਂ ਦਾ ਮੁੱਖ ਮਨੋਰਥ ਰਾਜ-ਭਾਗ ਕਾਇਮ ਕਰਨਾ ਸੀ
ਤਾਂ ਛੇਵੇਂ ਪਾਤਸ਼ਾਹ ਨੇ ਚਾਰ ਅਤੇ ਦਸਵੇਂ ਪਾਤਸ਼ਾਹ ਨੇ ਤਕਰੀਬਨ 14 ਜੰਗਾਂ ਲੜੀਆਂ। ਇਹ ਸਾਰੀਆਂ
ਜੰਗਾਂ ਵਿੱਚ ਜਾਂ ਤਾਂ ਜਿੱਤ ਪ੍ਰਾਪਤ ਕੀਤੀ ਅਤੇ ਜਾਂ ਫਿਰ ਬਿਨਾ ਜਿੱਤ ਹਾਰ ਦੇ ਸਮਾਪਤ ਹੋਈਆਂ।
ਤਾਂ ਫਿਰ ਗੁਰੂਆਂ ਨੇ ਆਪਣਾ ਰਾਜ ਭਾਗ ਕਿਉਂ ਕਾਇਮ ਨਹੀਂ ਕੀਤਾ?
ਜਵਾਬ: ਬਾਬਾ ਨਾਨਕ ਦਾ ਵਿਸ਼ਾਲ ਮਿਸ਼ਨ ਮਨੁੱਖੀ ਭਾਈਚਾਰੇ ਨੂੰ ਸਰਬਪੱਖੀ
ਗੁਲਾਮੀ ਦੀ ਪਹਿਚਾਨ ਕਰਾ ਕੇ ਇਸ ਤੋਂ ਆਜ਼ਾਦੀ ਲਈ ਸੰਘਰਸ਼ ਕਰਦੇ, ਇਕੋ ਇਕ ਮਾਨਵੀ ਭਾਈਚਾਰੇ ਦੀ
ਸਥਾਪਨਾ ਲਈ ਪ੍ਰੇਰਣਾ ਸੀ। ਇਸ ਮਿਸ਼ਨ ਵਿਚ ਜ਼ਾਲਮ ਹਾਕਮਾਂ ਦਾ ਖਾਤਮਾ ਕਰਕੇ, ਚੰਗੇ ਸਰਬਪੱਖੀ
ਇਮਾਨਦਾਰ ਰਾਜਸੱਤਾ ਦੀ ਸਥਾਪਨਾ ਕਰਨਾ ਵੀ ਇਕ ਹਿੱਸਾ ਹੋ ਸਕਦਾ ਹੈ। ਅਸੀਂ ਕਿਸੇ ਗੱਲ ਦੇ ਇਕ ਪੱਖ
ਨੂੰ ਲੈ ਕੇ ਹੀ ਬਹੁਤ ਉਲਾਰੂ ਹੋ ਜਾਂਦੇ ਹਾਂ ਤੇ ਉਸਦਾ ਹੋਰ ਪੱਖਾਂ ਤੋਂ ਵਿਸ਼ਲੇਸ਼ਨ ਹੀ ਨਹੀਂ ਕਰਦੇ।
ਇਸੇ ਪ੍ਰਵਿਰਤੀ ਹੇਠ ਕੁਝ ਜਾਗਰੂਕ ਕਹਾਂਉਂਦੇ ਵਿਦਵਾਨ ਪਿੱਛਲੇ ਸਮੇਂ ਵਿਚ ਬਾਬਾ ਬੰਦਾ ਸਿੰਘ
ਬਹਾਦੁਰ ਨੂੰ ਵੀ ਗਲਤ ਸਾਬਿਤ ਕਰਨ ਵਿਚ ਲਗੇ ਹੋਏ ਹਨ ਕਿ ਉਸਨੇ ਰਾਜਭਾਗ ਦੇ ਚੱਕਰਾਂ ਵਿਚ ਪੈ ਕੇ
ਗੁਰਮਤਿ ਅਤੇ ਨਾਨਕ ਸਰੂਪਾਂ ਤੋਂ ਉਲਟ ਕੰਮ ਕੀਤਾ। ਇਹ ਨਿਰਾ ਮਨੋਕਲਪਿਤ ਇਲਜ਼ਾਮ ਹੈ ਜਿਸਦਾ ਆਧਾਰ
ਇਤਿਹਾਸ ਵਿਚ ਸਾਜਿਸ਼, ਅਨਗਹਿਲੀ ਜਾਂ ਸ਼ਰਧਾ ਹੇਠ ਵਾੜ ਦਿਤੇ ਗਏ ਕੁਝ ਅੰਸ਼ ਰਹੇ, ਜਿਸ ਨੂੰ ਇਹ
ਵਿਦਵਾਨ ਸੱਚ ਮੰਨ ਕੇ ਪੇਸ਼ ਕਰਦੇ ਹਨ। ਗੁਰਮਤਿ ਇਹ ਕਿਧਰੇ ਨਹੀਂ ਕਹਿੰਦੀ ਕਿ ਜਾਲਮ ਸ਼ਾਸ਼ਕ ਦਾ ਰਾਜ
ਖਤਮ ਕਰਕੇ ਲੋਕ ਭਲਾਈ ਵਾਲਾ ਰਾਜ ਸਥਾਪਿਤ ਕਰਨਾ ਗਲਤ ਹੈ। ਹਾਂ, ਇਹ ਜ਼ਰੂਰ ਹੈ ਕਿ ਐਸਾ ਰਾਜ ਸਥਾਪਿਤ
ਕਰਨ ਵਿਚ ਜੇ ਅਸੀਂ ਕਾਮਯਾਬ ਹੋ ਜਾਂਦੇ ਹਾਂ ਤਾਂ ਸਾਡੀ ਨਿਯਤ ਖਰਾਬ ਨਹੀਂ ਹੋਣੀ ਚਾਹੀਦੀ। ਸਾਡੇ
ਰਾਜ ਵਿਚੋਂ ਲੋਕ-ਭਲਾਈ (ਮਾਨਵਤਾ) ਦਾ ਪੱਖ ਨਹੀਂ ਜਾਣਾ ਚਾਹੀਦਾ ਅਤੇ ਅੱਯਾਸ਼ੀ ਜੈਸੀਆਂ ਮਨਮਤਾਂ
ਨਹੀਂ ਆਉਣੀਆਂ ਚਾਹੀਦੀਆਂ। ਇਤਿਹਾਸ ਇਸ ਦਾ ਗਵਾਹ ਹੈ ਕਿ ਬੰਦਾ ਸਿੰਘ ਬਹਾਦੁਰ ਵਲੋਂ ਸਥਾਪਤ ਕੀਤੇ
ਰਾਜ ਦੌਰਾਣ ਪੇਸ਼ ਕੀਤੇ ਲੋਕ ਭਲਾਈ ਦੇ ਅੰਸ਼ ਦੀ ਮਿਸਾਲ ਕੁਲ ਦੁਨੀਆਂ ਦੇ ਇਤਿਹਾਸ ਵਿਚ ਅਦੁੱਤੀ ਸੀ।
ਇਸ ਥੋੜ ਚਿਰੇ ਸ਼ਾਸ਼ਨ ਦੌਰਾਣ ਅੱਯਾਸ਼ੀ ਆਦਿ ਅਲਾਮਤਾਂ ਉਸ ਦੇ ਨੇੜੇ ਨਹੀਂ ਆ ਸਕੀਆਂ। ਉਸ ਦੀ ਦ੍ਰਿੜਤਾ
ਪੂਰਣ ਸ਼ਹੀਦੀ ਦੀ ਹਕੀਕਤਾ ਤਾਂ ਉਸ ਦੇ ਗੁਰਮਤਿ ਤੇ ਪਹਿਰਾ ਦੇਣ ਦੇ ਅਕੀਦੇ ਨੂੰ ਹੋਰ ਮਜ਼ਬੂਤੀ ਨਾਲ
ਸਥਾਪਿਤ ਕਰਦੀ ਹੈ। ਬੇਸ਼ਕ ਉਸ ਨਾਲ ਬਦਲੇ ਦੀ ਭਾਵਨਾ ਹੇਠ ਕਾਰਵਾਈ ਕਰਨ ਅਤੇ ਕੁਝ ਹੋਰ ਇਲਜ਼ਾਮ ਤਰਾਸ਼ੀ
ਸ਼ਰਧਾ ਅਤੇ ਸਾਜਿਸ਼ ਕੀਤੀ ਗਈ, ਜੋ ਉਸ ਦੇ ਪ੍ਰਮਾਨਿਕ ਜੀਵਨ ਤੱਥਾਂ ਦੇ ਆਧਾਰ ਤੇ ਸਹੀ ਨਹੀਂ ਜਾਪਦੀ।
ਸਵਾਲ ਨੰ: 3:- ਕੀ ਬੰਦਾ ਸਿੰਘ ਬਹਾਦਰ ਨੂੰ ਦਸਵੇਂ ਗੁਰੂ ਨੇ ਆਪ ਰਾਜ ਭਾਗ
ਕਾਇਮ ਕਰਨ ਲਈ ਭੇਜਿਆ ਸੀ? ਸਾਹਿਬ ਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਜਾਂ ਸਜ਼ਾ ਦੇਣ ਲਈ ਭੇਜਿਆ
ਸੀ? ਇਹ ਸਾਰਾ ਕੁੱਝ ਗੁਰੂ ਜੀ ਆਪ ਜਾਂ ਉਹਨਾ ਨਾਲ ਰਹਿੰਦੇ ਪਹਿਲੇ ਸਿੱਖ ਕਿਉਂ ਨਹੀਂ ਕਰ ਸਕੇ? ਕੀ
ਬੰਦਾ ਸਿੰਘ ਬਹਾਦਰ ਦੀ ਸਾਰਿਆਂ ਨਾਲੋਂ ਭਗਤੀ ਜ਼ਿਆਦਾ ਸੀ ਤਾਂ ਕਰਕੇ? ਪੜ੍ਹਨ ਨੂੰ ਤਾਂ ਇਹ ਵੀ
ਮਿਲਦਾ ਹੈ ਕਿ ਬੰਦਾ ਬਹਾਦਰ ਨੂੰ ਤਾਂ ਪੰਜਾਬੀ ਵੀ ਪੜ੍ਹਨੀ ਲਿਖਣੀ ਨਹੀਂ ਆਉਂਦੀ ਸੀ। ਇਹਨਾ ਵਿਚੋਂ
ਕਿਹੜੀ ਗੱਲ ਠੀਕ ਹੈ ਜਾਂ ਕੋਈ ਵੀ ਠੀਕ ਨਹੀਂ?
ਜਵਾਬ : ਬੰਦਾ ਸਿੰਘ ਬਹਾਦੁਰ ਨੂੰ ਦਸ਼ਮੇਸ਼ ਜੀ ਨੇ ਭੇਜਿਆ ਜਾਂ ਉਹ ਆਪ ਇਸ
ਮਿਸ਼ਨ ਤੇ ਆਇਆ ਇਸ ਨਾਲ ਬਹੁਤਾ ਫਰਕ ਨਹੀਂ ਪੈਂਦਾ। ਹਾਂ, ਇਤਨਾ ਜ਼ਰੂਰ ਹੈ ਕਿ ਉਸ ਦਾ ਮਕਸਦ
ਸਾਹਿਬਜ਼ਾਦਿਆਂ ਜਾਂ ਕਿਸੇ ਹੋਰ ਦਾ ਬਦਲਾ ਲੈਣਾ ਬਿਲਕੁਲ ਨਹੀਂ ਸੀ। ਗੁਰਮਤਿ ਬਦਲਾ ਲੈਣ ਦੀ ਸੋਚ ਨੂੰ
ਸਹੀ ਨਹੀਂ ਮੰਨਦੀ। ਇਸ ਦੀ ਮਿਸਾਲ ਛੇਵੇਂ ਅਤੇ ਦਸਵੇਂ ਪਾਤਸ਼ਾਹ ਆਪ ਹੀ ਸਥਾਪਿਤ ਕਰ ਗਏ ਹਨ। ਸੋ ਇਹ
ਤੱਥ ਤਾਂ ਸ਼ਰਧਾ ਅਤੇ ਸਾਜਿਸ਼ ਨੇ ਇਤਿਹਾਸ ਦਾ ਹਿੱਸਾ ਬਣਾਏ ਹਨ ਕਿ ਉਸ ਨੂੰ ਦਸ਼ਮੇਸ਼ ਪਾਤਸ਼ਾਹ ਨੇ ਬਦਲਾ
ਲੈਣ ਦੇ ਮਕਸਦ ਨਾਲ ਭੇਜਿਆ ਸੀ। ਇਹ ਸੋਚ ਵੀ ਬੇਮਾਨੀ ਲਗਦੀ ਹੈ ਕਿ ਜੇ ਨਾਨਕ ਸਰੂਪਾਂ ਨੇ ਰਾਜ ਭਾਗ
ਸਥਾਪਿਤ ਨਹੀਂ ਕੀਤਾ ਤਾਂ ਕਿਸੇ ਹੋਰ ਦਾ ਸਥਾਪਿਤ ਕਰਨਾ ਵੀ ਗਲਤ ਹੈ। ਰਾਜਭਾਗ ਸਥਾਪਿਤ ਕਰਨ ਲਈ
ਸਾਧਨ, ਰਾਜਸੀ ਹਾਲਾਤ ਤੇ ਹੋਰ ਕੋਈ ਆਯਾਮ ਜ਼ਰੂਰੀ ਹੁੰਦੇ ਹਨ। ਜੋ ਹਰ ਵੇਲੇ ਸੰਭਵ ਨਹੀਂ ਹੋ
ਪਾਉਂਦੇ। ਬਾਬਾ ਨਾਨਕ ਜਾਂ ਹੋਰ ਨਾਨਕ ਸਰੂਪਾਂ ਦੇ ਹਰ ਪੱਖੋਂ ਸਰਬ-ਸ਼ਕਤੀਮਾਨ ਹੋਣ ਦਾ ਭਰਮ ਸ਼ਰਧਾ
ਤਾਂ ਹੋ ਸਕਦਾ ਹੈ, ਜੋ ਝੁਰਲੂ ਫੇਰਦੇ ਹੀ ਦੁਨੀਆਂ ਵਿਚ ਉਥਲ-ਪੁਥਲ ਮਚਾ ਸਕਦੇ ਹੋਣ, ਪਰ ਇਹ ਜ਼ਮੀਨੀ
ਹਕੀਕਤ ਨਹੀਂ ਸੀ। ਜ਼ਮੀਨੀ ਹਕੀਕਤ ਇਹੀ ਸੀ ਕਿ ਲਾਸਾਣੀ ਫਲਸਫੇ ਅਤੇ ਮਿਸ਼ਨ ਦੇ ਧਾਰਨੀ ਯੁਗਪੁਰਸ਼ ਹੋਣ
ਦੇ ਬਾਵਜੂਦ, ਉਹ ਮਾਨਵੀ ਸੀਮਾਵਾਂ ਦੇ ਅੰਤਰਗਤ ਸਨ।
ਸੋ ਜ਼ਾਲਮ ਅਤੇ ਅਨਿਆਏ ਵਿਰੁਧ ਜੰਗ ਕਰਕੇ ਮਾਨਵੀ ਸਿਆਸਤ ਦੀ ਕਾਇਮੀ ਵੀ
ਗੁਰਮਤਿ ਹੀ ਹੈ, ਜਿਸ ਲਈ ਰਾਜਭਾਗ ਸਥਾਪਿਤ ਕਰਨਾ ਗਲਤ ਨਹੀਂ। ਹਾਂ, ਰਾਜਭਾਗ ਦਾ ਮਕਸਦ ਬਦਲਾ ਲੈਣਾ
ਜਾਂ ਅੱਯਾਸ਼ੀ ਭੋਗਣਾ ਗੁਰਮਤਿ ਇਨਕਲਾਬ ਦਾ ਹਿੱਸਾ ਨਹੀਂ। ਬਾਬਾ ਬੰਦਾ ਸਿੰਘ ਬਹਾਦੁਰ ਅਤੇ ਮਹਾਰਾਜਾ
ਰਣਜੀਤ ਸਿੰਘ ਦੇ ਸਥਾਪਿਤ ਕੀਤੇ ਰਾਜ ਵਿਚੋਂ ਇਹ ਫਰਕ ਭਲੀ-ਭਾਂਤ ਸਮਝਿਆ ਜਾ ਸਕਦਾ ਹੈ।
ਸਵਾਲ ਨੰ: 4:- ਇਹ ਆਮ ਕਿਹਾ ਜਾਂਦਾ ਹੈ ਕਿ ਗੁਰੂ ਜੀ ਨੇ ਸੰਤ ਸਿਪਾਹੀ
ਬਣਾਏ। ਸਿੱਖਾਂ ਦੇ ਭਗਤੀ ਅਤੇ ਸ਼ਕਤੀ, ਧਰਮ ਤੇ ਰਾਜਨੀਤੀ ਇਕੱਠੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ
ਧਰਮ ਸਿਰ ਦੀ ਪੱਗ ਹੈ ਅਤੇ ਰਾਜਨੀਤੀ ਪੈਰ ਦੀ ਜੁੱਤੀ। ਭਾਵ ਇਹ ਕਿ ਧਰਮ ਦੀ ਮਹੱਤਤਾ ਨੂੰ ਸਭ ਤੋਂ
ਪਹਿਲ ਵਿੱਚ ਰੱਖਣਾ ਹੈ। ਕੀ ਸ਼੍ਰੋਮਣੀ ਅਕਾਲੀ ਦਲ ਬਾਦਲ ਸਮੇਤ ਬਾਕੀ ਦੇ ਦਰਜਨਾ ਕੁ ਅਕਾਲੀ ਦਲ ਐਸਾ
ਕਰਦੇ ਹਨ? ਕੀ ਉਹ ਰਾਜਨੀਤੀ ਨੂੰ ਧਰਮ ਅਨੁਸਾਰ ਚਲਾਉਂਦੇ ਹਨ ਜਾਂ ਧਰਮ ਨੂੰ ਰਾਜਨੀਤੀ ਅਨੁਸਾਰ? ਕੀ
ਅਕਾਲੀ ਦਲ ਸ਼੍ਰੋਮਣੀ ਕਮੇਟੀ ਅਧੀਨ ਹਨ ਜਾਂ ਸ਼੍ਰੋਮਣੀ ਕਮੇਟੀ ਬਾਦਲ ਅਕਾਲੀ ਦਲ ਅਧੀਨ ਹੈ? ਜੇ ਕਰ
ਧਰਮ ਸਿਰਮੌਰ ਹੈ ਤਾਂ ਗੁਰਚਰਨ ਸਿੰਘ ਟੌਹੜਾ ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ
25 ਸਾਲ ਤੋਂ ਵੀ ਵੱਧ ਪ੍ਰਧਾਨ ਰਿਹਾ ਸੀ ਉਹ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਦੀ ਮਰਨ ਤੱਕ ਕਿਉਂ
ਲਾਲਸਾ ਰੱਖਦਾ ਰਿਹਾ? ਇੱਕ ਰਾਜਨੀਤਕ ਬੰਦਾ ਇਤਨੇ ਸਾਲ ਧਾਰਮਿਕ ਮੁਖੀ ਦੀ ਕੁਰਸੀ ਤੇ ਕਿਉਂ ਚਿੰਬੜਿਆ
ਰਿਹਾ? ਕੀ ਇਸ ਵਿੱਚ ਸਿੱਖਾਂ ਦੀ ਨਿਲਾਇਕੀ ਹੈ ਜਾਂ ਕੁੱਝ ਹੋਰ?
ਜਵਾਬ : ਪ੍ਰਚਲਿਤ ਭਗਤੀ ਦਾ ਸੰਕਲਪ ਤਾਂ ਮੁਲੋਂ ਹੀ ਗੁਰਮਤਿ ਦੇ ਉਲਟ ਹੈ।
ਗੁਰਮਤਿ ਅਨੁਸਾਰ ਅਸਲ ਭਗਤੀ ਤਾਂ ਹੈ ਹੀ ਕੁਦਰਤ ਦੇ ਵਿਗਾਸ ਨੂੰ ਸਮਝਦਿਆਂ ਮਾਨਦਿਆਂ ਸਰਬਪੱਖੀ
ਮਨੁੱਖੀ ਭਲਾਈ ਲਈ ਇਮਾਨਦਾਰੀ ਨਾਲ ਯਤਨਸ਼ੀਲ ਰਹਿਣਾ। ਬੇਈਮਾਨ ਅਤੇ ਜਾਲਿਮ ਰਾਜਸੀ ਸੱਤਾ ਤੋਂ ਆਜ਼ਾਦ
ਕਰਵਾ ਕੇ ਸਵੱਛ ਅਤੇ ਇਮਾਨਦਾਰਾਣਾ ਰਾਜਨੀਤੀ ਦੀ ਸਥਾਪਨਾ ਵੀ ਇਸ ਇਨਕਲਾਬ ਦਾ ਇਕ ਹਿੱਸਾ ਬੇਸ਼ਕ ਹੋ
ਸਕਦਾ ਹੈ। ਬਾਕੀ ਅਕਾਲੀ ਦਲ, ਟੋਹੜਾ, ਸ਼੍ਰੋਮਣੀ ਕਮੇਟੀ ਆਦਿ ਤਾਂ ਬਹੁਤ ਬਾਅਦ ਦੀ ਗੱਲ ਹੈ, ਜੋ
ਮਨੁੱਖੀ ਕਮਜ਼ੋਰੀਆਂ ਅਤੇ ਸਵਾਰਥਾਂ ਹੇਠ ਸਥਾਪਿਤ ਨਾਪਾਕ ਹਾਕਮ-ਪੁਜਾਰੀ ਗਠਜੋੜ ਦੀਆਂ ਮਿਸਾਲਾਂ ਹਨ
ਜਿਸਨੇ ਧਰਮ ਦੇ ਨਾਮ ਤੇ ਲੋਕਾਂ ਦਾ ਸਰਬਪੱਖੀ ਸ਼ੋਸ਼ਨ ਕੀਤਾ ਹੈ। ਸਿੱਖ ਸਮਾਜ ਤਾਂ ਗੁਰਮਤਿ ਇਨਕਲਾਬ
ਦੇ ਮੂਲ ਮਿਸ਼ਨ ਤੋਂ ਬਹੁਤ ਪਹਿਲਾਂ ਹੀ ਭਟਕ ਚੁੱਕਾ ਹੈ।
ਸਵਾਲ ਨੰ: 5:- ਸ਼੍ਰੋਮਣੀ ਅਕਾਲੀ ਦਲ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਨਾਲ ਮਿਲ ਕੇ ਪੰਜਾਬ ਦੀਆਂ ਕੁੱਝ ਹੱਕੀ ਮੰਗਾਂ ਬਾਰੇ ਜਿਹਨਾ ਵਿੱਚ ਕੁੱਝ ਧਾਰਮਿਕ ਮੰਗਾਂ ਵੀ
ਸ਼ਾਮਲ ਹੁੰਦੀਆਂ ਹਨ, ਗੁਰਦੁਆਰਿਆਂ ਵਿਚੋਂ ਮੋਰਚੇ ਲਾਉਂਦੇ ਰਹੇ ਹਨ। ਇਹ ਬਹੁਤੇ ਸਾਂਤਮਈ ਹੀ ਹੁੰਦੇ
ਸਨ, ਸਿਵਾਏ ਧਰਮ ਯੁੱਧ ਮੋਰਚੇ ਦੇ, ਜੋ ਕਿ ਪਹਿਲਾਂ ਸਾਂਤਮਈ ਹੀ ਸੀ ਅਤੇ ਬਾਅਦ ਵਿੱਚ ਬਹੁਤਾ ਕਰਕੇ
ਹਿੰਸਕ ਮਈ ਹੋ ਗਿਆ ਸੀ। ਸਾਂਤਮਈ ਨੂੰ ਹਿੰਸਾ ਵਿੱਚ ਬਦਲਣ ਦਾ ਬਹੁਤਾ ਜਿੰਮੇਵਾਰ ਕੌਣ ਸੀ?
ਭਿੰਡਰਾਂਵਾਲਾ ਸਾਧ, ਕੇਂਦਰ ਸਰਕਾਰ, ਅਕਾਲੀ ਦਲ ਵਾਲੇ, ਸਰਕਾਰੀ ਏਜੰਸੀਆਂ ਜਾਂ ਕੋਈ ਹੋਰ?
ਜਵਾਬ : ਜ਼ੁਲਮ ਜਾਂ ਅਨਿਆਇ ਕਿਸੇ ਦੇਸ਼ ਪ੍ਰਤੀ ਹੋਵੇ, ਕਿਸੇ ਖਿੱਤੇ ਪ੍ਰਤੀ
ਜਾਂ ਕਿਸੇ ਮਨੁੱਖ ਪ੍ਰਤੀ ਉਸ ਵਿਰੁਧ ਅਵਾਜ਼ ਉਠਾਉਣਾ ਅਤੇ ਸੰਘਰਸ਼ ਕਰਨਾ ਗੁਰਮਤਿ ਇਨਕਲਾਬ ਦਾ ਹਿੱਸਾ
ਹੈ, ਗਲਤ ਨਹੀਂ। ਬੇਸ਼ਕ ਪੰਜਾਬ ਨਾਲ ਭਾਰਤੀ ਹਕੂਮਤ ਵਲੋਂ ਅਨਿਆਇ ਕੀਤਾ ਜਾਂਦਾ ਰਿਹਾ ਹੈ। ਇਸ ਅਨਆਇ
ਖਿਲਾਫ ਅਵਾਜ਼ ਅਤੇ ਸੰਘਰਸ਼ ਗਲਤ ਨਹੀਂ ਕਿਹਾ ਜਾ ਸਕਦਾ। ਹਾਂ, ਇਸਦੇ ਧਾਰਮਿਕ ਕਹੇ ਜਾਂਦੇ ਪੱਖ ਨਾਲ
ਜੁੜੀਆਂ ਕੁੱਝ ਮੰਗਾਂ ਫਿਰਕਾਪ੍ਰਸਤੀ ਦਾ ਵਿਖਾਵਾ ਵੀ ਸਨ। ਇਹ ਸੰਘਰਸ਼ ਸ਼ਾਂਤਮਈ ਹੋਵੇ ਜਾਂ ਹਿੰਸਕ ਇਸ
ਦਾ ਫੈਸਲਾ ਬਹੁਤੀ ਵਾਰ ਹਾਲਾਤ ਅਤੇ ਨੇਤਾਵਾਂ ਦੀ ਮਾਨਸਿਕਤਾ ਹੀ ਕਰਦੀ ਹੈ। ਬੇਸ਼ਕ ਹਿੰਸਕ ਸੰਘਰਸ਼
ਟਾਲਿਆ ਹੀ ਜਾਣਾ ਚਾਹੀਦਾ ਹੈ ਕਿਉਂਕਿ ਉਸ ਵਿਚ ਮਨੁੱਖਤਾ ਦਾ ਘਾਣ ਵੱਡੀ ਪੱਧਰ ਤੇ ਹੁੰਦਾ ਹੈ। ਪਰ
ਹਿੰਸਕ ਸੰਘਰਸ਼ ਦੀ ਪ੍ਰਸੰਗਕਿਤਾ ਨੂੰ ਕੁਝ ਨਾਜ਼ੁਕ ਹਾਲਾਤਾਂ ਵਿਚੋਂ ਮੂਲੋਂ ਨਕਾਰਿਆਂ ਵੀ ਨਹੀਂ ਜਾ
ਸਕਦਾ। ਪੰਜਾਬ ਨਾਲ ਸੰਬੰਧਤ ਸੰਘਰਸ਼ ਦੇ ਹਿੰਸਕ ਹੋ ਜਾਣ ਦੇ ਕਾਰਨ ਬਹੁੱਧਿਰੀ ਸਨ ਜਿਨ੍ਹਾਂ ਨੂੰ
ਕਿਸੇ ਇਕ ਤੇ ਥੋਪਿਆ ਨਹੀਂ ਜਾ ਸਕਦਾ। ਇਤਨਾ ਸਪਸ਼ਟ ਹੈ ਕਿ ਇਸ ਵਿਚ ਕੇਂਦਰ ਅਤੇ ਅਕਾਲੀ ਦਲਾਂ ਦੀ
ਭੂਮਿਕਾ ਬਹੁਤੀ ਕਰਕੇ ਇਮਾਨਦਾਰਾਨਾ ਨਹੀਂ ਸੀ।
ਸਵਾਲ ਨੰ: 6:- ਇਹ ਆਮ ਕਿਹਾ ਜਾਂਦਾ ਹੈ ਕਿ ਭਿੰਡਰਾਂਵਾਲੇ ਨੇ ਅਕਾਲ ਤਖਤ
ਜਾਂ ਹਰਿਮੰਦਰ ਸਾਹਿਬ ਦੀ ਰਾਖੀ ਲਈ ਕੁਰਬਾਨੀ ਦਿੱਤੀ ਅਤੇ ਅਕਾਲੀ ਲੀਡਰ ਬਾਹਾਂ ਖੜੀਆਂ ਕਰਕੇ ਫੌਜ
ਅੱਗੇ ਸਮਰਪਣ ਕਰ ਗਏ। ਕੀ ਤੁਸੀਂ ਦੱਸ ਸਕਦੇ ਹੋ ਕਿ ਭਿੰਡਰਾਂਵਾਲੇ ਨੇ ਕਿਹੜੀ ਚੀਜ ਦੀ ਰਾਖੀ ਕੀਤੀ
ਹੈ ਅਤੇ ਜੇ ਕਰ ਉਹ ਰਾਖੀ ਨਾ ਕਰਦਾ ਤਾਂ ਸਰਕਾਰ ਨੇ ਢਾਹ ਦੇਣੀ ਸੀ ਜਾਂ ਲੁੱਟ ਕੇ ਲੈ ਜਾਣੀ ਸੀ ਅਤੇ
ਉਸ ਨੇ ਉਸ ਚੀਜ ਨੂੰ ਬਚਾ ਲਿਆ ਸੀ? ਕੀ ਗੁਰਦੁਆਰਿਆਂ ਵਿੱਚ ਲੁਕ ਕੇ ਹਥਿਆਰਬੰਦ ਲੜਾਈ ਲੜਨੀ ਠੀਕ
ਸੀ? ਜੇ ਠੀਕ ਸੀ ਤਾਂ ਹੋਏ ਨੁਕਸਾਨ ਦਾ ਜਿੰਮੇਵਾਰ ਕੌਣ ਹੈ? ਜੇ ਕਰ ਸਰਕਾਰ ਨੇ ਬਹਾਨਾ ਬਣਾ ਕੇ
ਸਿੱਖਾਂ ਨੂੰ ਕੁੱਟਿਆ, ਲੁੱਟਿਆ ਤੇ ਜ਼ਲੀਲ ਕੀਤਾ ਤਾਂ ਸਰਕਾਰ ਨੂੰ ਬਹਾਨਾ ਦੇਣ ਵਿੱਚ ਤੁਸੀਂ ਸਾਰੇ
ਸ਼ਾਮਲ ਨਹੀਂ ਸੀ?
ਜਵਾਬ : ਪੰਜਾਬ ਖਿੱਤੇ ਦੀਆਂ ਮੰਗਾਂ ਦੇ ਸੰਘਰਸ਼ ਦਾ ਫਿਰਕੂ ਅਤੇ ਹਿੰਸਕ ਰੂਪ
ਧਾਰਨ ਕਰ ਲੈਣਾ ਅਫਸੋਸਜਨਕ ਹਕੀਕਤ ਹੈ। ਤਾਕਤਵਰ ਸਰਕਾਰ ਦੀ ਬੇਈਮਾਨੀ ਕਰਕੇ ਇਹ ਮਸਲਾ ਹੋਰ ਵੀ
ਪੇਚੀਦਾ ਹੋ ਗਇਆ, ਜਿਸਨੇ ਮਨੁੱਖਤਾ ਦਾ ਬਹੁਤ ਵੱਡੀ ਪੱਧਰ ਤੇ ਘਾਣ ਕਰਵਾਇਆ। ਇਥੇ ਹਥਿਆਰਬੰਦ ਲੜਾਈ
ਦੀ ਪ੍ਰਸੰਗਿਤਾ ਦੇ ਸਵਾਲ ਉਠਦਾ ਹੈ ਪਰ ਬਿਲਕੁਲ ਸਾਹਸੱਤਹੀਣ ਹੋ ਕੇ ਅਣਖ ਗੁਆਇੰਦਿਆਂ ਜ਼ੁਲਮ ਅੱਗੇ
ਗੋਡੇ ਟੇਕ ਦੇਣੇ ਵੀ ਗੁਰਮਤਿ ਨਹੀਂ। ਬਾਕੀ ਦਰਬਾਰ ਸਾਹਿਬ ਕੰਪਲੈਕਸ ਵਿਚ ਮੋਰਚਾਬੰਦੀ ਕਰਕੇ ਸਰਕਾਰ
ਨੂੰ ਕਾਰਵਾਈ ਕਰਨ ਦਾ ਬਹਾਨਾ ਦੇਣਾ ਰਣਨੀਤਕ ਕਮਜ਼ੋਰੀ ਅਤੇ ਸਰਕਾਰ ਦੇ ਘੜੇ ਚੱਕਰਵਿਉਹ ਦਾ ਹਿੱਸਾ ਵੀ
ਹੋ ਸਕਦਾ ਹੈ।
ਸਵਾਲ ਨੰ: 7:- ਕਥਿਤ ਦਮਦਮੀ ਟਕਸਾਲ ਵਾਲੇ ਕਹਿੰਦੇ ਹਨ ਕਿ ਇਹ ਦਸਵੇਂ ਗੁਰੂ
ਦੀ ਚਲਾਈ ਹੋਈ ਹੈ। ਭਿੰਡਰਾਂਵਾਲਾ ਸਾਧ ਵੀ ਕਹਿੰਦਾ ਹੁੰਦਾ ਸੀ ਕਿ ਮੈਂ ਚੌਦਵੇਂ ਥਾਂ ਤੇ ਹਾਂ। ਕੀ
ਤੁਸੀਂ ਸਾਰੇ ਸਹਿਮਤ ਹੋ ਕਿ ਇਹ ਦਸਵੇਂ ਗੁਰੂ ਦੀ ਚਲਾਈ ਹੋਈ ਹੈ? ਜੇ ਸਹਿਮਤ ਹੋ ਤਾਂ ਕੀ ਤੁਸੀਂ
ਦੱਸ ਸਕਦੇ ਹੋ ਕਿ ਇਹਨਾ ਦੀਆਂ ਕਿਤਾਬਾਂ ਵਿੱਚ ਜੋ ਲਿਖਿਆ ਹੈ ਉਹ ਸਾਰਾ ਕੁੱਝ ਗੁਰੂ ਜੀ ਹੀ ਇਹਨਾ
ਨੂੰ ਦੱਸ ਕਿ ਗਏ ਸਨ? ਜਿਵੇਂ ਕਿ ਕਛਿਹਰਾ ਹਨੂੰਮਾਨ ਤੋਂ ਲਿਆ, ਪੰਜ ਪਿਆਰੇ ਪਿਛਲੇ ਜਨਮ ਵਿੱਚ
ਭਗਤਾਂ ਦਾ ਅਵਤਾਰ ਸਨ, ਭੱਟ ਪਿਛਲੇ ਜਨਮ ਦੇ ਸਰਾਪੇ ਹੋਏ ਸਨ, ਦਸਮ ਗ੍ਰੰਥ ਦੇ ਪਾਠ/ਅਖੰਡਪਾਠ ਅਤੇ
ਹੋਰ ਜੋ ਕੁੱਝ ਵੀ ਕਰਮਕਾਂਡ ਅਤੇ ਸੈਂਕੜੇ ਝੂਠ ਹਨ ਉਹ ਸਾਰਾ ਕੁੱਝ ਦਸਵੇਂ ਪਾਤਸ਼ਾਹ ਜੀ ਹੀ ਇਹਨਾ
ਨੂੰ ਦੱਸ ਕੇ ਗਏ ਸਨ?
ਜਵਾਬ : ਇਸ ਵਿਚ ਕੋਈ ਸ਼ੱਕ ਨਹੀਂ ਕਿ ਦਮਦਮੀ ਟਕਸਾਲ ਸਮੇਤ ਸਿੱਖ ਸਮਾਜ ਦੀਆਂ
ਲਗਭਗ ਸਾਰੀਆਂ ਮੌਜੂਦਾ ਸੰਸਥਾਵਾਂ ਗੁਰਮਤਿ ਦੇ ਮੂਲ਼ ਮਿਸ਼ਨ ਤੋਂ ਭਟਕੀਆਂ ਹੋਈਆਂ ਹਨ। ਇਹ ਖੁੱਲੇ ਜਾਂ
ਸੂਖਮ ਰੂਪ ਵਿਚ ਪੁਜਾਰੀਵਾਦ ਹੀ ਫੈਲਾ ਰਹੀਆਂ ਹਨ। ਇਸ ਵਿਚ ਦਰਬਾਰ ਸਾਹਿਬ ਕੰਪਲੈਕਸ ਤੋਂ ਲੈ ਕੇ
ਮਿਸ਼ਨਰੀ ਕਾਲਜ ਵੀ ਸ਼ਾਮਿਲ ਹਨ। ਜਿਹੜੇ ਥੋੜੇ ਬਹੁਤ ਪ੍ਰਚਾਰਕ ਸੱਚ ਨੂੰ ਸੂਖਮ ਰੂਪ ਤੱਕ ਸਮਝਦੇ ਵੀ
ਹਨ, ਉਹ ਵੀ ‘ਸਟੇਜਾਂ ਖੁੱਸ ਜਾਣ ਦੇ ਡਰ ਤੋਂ’ ਬਹਾਨੇਬਾਜ਼ੀ ਕਰਦੇ ਪੂਰਨ ਸੱਚ ਦਾ ਪ੍ਰਚਾਰ ਕਰਨ ਤੋਂ
ਕੰਨੀ ਕਤਰਾ ਜਾਂਦੇ ਹਨ। ਦਮਦਮੀ ਟਕਸਾਲ ਸਮੇਤ ਹੋਰ ਸੰਪਰਦਾਵਾਂ ਦੀ ਵਿਚਾਰਧਾਰਾ ਅਤੇ ਪ੍ਰਚਾਰ ਤਾਂ
ਹੈ ਹੀ ਨਿਰਾ ਪੁਜਾਰੀਵਾਦ । ਉਨ੍ਹਾਂ ਦੇ ਇਸ ਤਰਾਂ ਦੇ ਕੀਤੇ ਜਾਂਦੇ ਦਾਅਵੇ ਖੋਖਲੇ ਅਤੇ ਝੂਠ ਹਨ,
ਹਕੀਕਤ ਨਹੀਂ।
ਸੋ ਦਮਦਮੀ ਟਕਸਾਲ ਦੀ ਐਸੀ ਪੁਜਾਰੀਵਾਦੀ ਸਾਮੱਗਰੀ ਅਤੇ ਪ੍ਰਚਾਰ ਦੇ ਮਾਹੌਲ
ਵਿਚ ਤਿਆਰ ਹੋਣ ਕਰਕੇ ਜਰਨੈਲ ਸਿੰਘ ਭਿੰਡਰਾਵਾਲੇ ਤੋਂ ਇਹ ਆਸ ਕਰਨਾ ਕਿ ਉਹ ਨਿਰੋਲ ਗੁਰਮਤਿ ਦਾ
ਧਾਰਨੀ ਸੀ, ਗਲਤ ਹੈ। ਵਿਚਾਰਧਾਰਕ ਤੌਰ ਤੇ ਉਹ ਵੀ ਉਸੀ ‘ਪੁਜਾਰੀਵਾਦੀ ਗੁਰਮਤਿ’ ਦਾ ਸ਼ਿਕਾਰ ਸਨ,
ਜਿਸ ਨੂੰ ਧਾਰਨ ਕਰਕੇ ਬਹੁਤੇ ਸਿੱਖ ‘ਧਰਮੀ’ ਹੋਣ ਦਾ ਭਰਮ ਪਾਲੀ ਬੈਠੇ ਹਨ, ਮਿਸ਼ਨਰੀ ਕਾਲਜ ਵੀ ਪੂਰੀ
ਤਰਾਂ ਇਸ ਦਾ ਅਪਵਾਦ ਨਹੀਂ। ਉਨ੍ਹਾਂ ਨੇ ਉਸੇ ਵਿਚਾਰਧਾਰਾ ਦਾ ਪ੍ਰਚਾਰ ‘ਸਿੱਖੀ’ ਦੇ ਤੌਰ ਤੇ ਕੀਤਾ
ਜਿਸ ਨੂੰ ਦੋ ਸਦੀਆਂ ਤੋਂ ਵੱਧ ਸਮੇਂ ਤੋਂ ‘ਸਿੱਖੀ’ ਸਮਝਿਆ ਜਾ ਰਿਹਾ ਹੈ।
ਦੂਜੀ ਤਰਫ ਭਾਰਤੀ ਸਰਕਾਰ ਦੇ ਪੰਜਾਬ ਖਿੱਤੇ ਅਤੇ ਸਿੱਖ ਫਿਰਕੇ ਪ੍ਰਤੀ
ਅਨਿਆਇ ਅਤੇ ਜ਼ੁਲਮ ਖਿਲਾਫ ਚਲ ਰਹੀਆਂ ਸੰਘਰਸ਼ ਦੀਆਂ ਵੱਖ ਵੱਖ ਧਾਰਾਵਾਂ ਦੀ ਇਕ ਧਾਰਾ ਵਜੋਂ ਉਸ ਦੇ
ਰੋਲ ਨੂੰ ਮੂਲੋਂ ਨਕਾਰਿਆ ਨਹੀਂ ਜਾ ਸਕਦਾ। ਬੇਸ਼ਕ ਉਸ ਦੇ ਸੰਘਰਸ਼ ਦੇ ਤਰੀਕੇ ਨਾਲ ਅਸਹਿਮਤ ਹੋਇਆ ਜਾ
ਸਕਦਾ ਹੈ, ਪਰ ਇਹ ਵੀ ਕਹਿਣਾ ਸੱਚ ਨਹੀ ਕਿ ਉਸ ਦੇ ਸੰਘਰਸ਼ ਵਿਚ ਈਮਾਨਦਾਰੀ , ਨੇਕ-ਨੀਅਤੀ ਅਤੇ
ਦਲੇਰੀ ਨਹੀਂ ਸੀ। ਇਤਿਹਾਸ ਦੀਆਂ ਘਟਨਾਵਾਂ ਨੂੰ ਬਿਲਕੁਲ ਉਲਾਰੂ ਇਕਪਾਸੜ ਢੰਗ ਨਾਲ ਨਾਂਹ-ਪੱਖੀ
ਵੇਖਣਾ ਵੀ ਸਹੀ ਵਿਸ਼ਲੇਸ਼ਨ ਨਹੀਂ ਹੁੰਦਾ।
ਜੇ ਉਹ ਲਾਦੇਣ ਆਦਿ ਵਾਂਗ, ਮੌਤ ਤੋਂ ਡਰਦਿਆ ਬਾਕੀ ਸਾਥੀਆਂ ਨੂੰ ਜੁਝਦੇ ਛੱਡ
ਕੇ ਜਾਣ ਬਚਾ ਕੇ ਭੱਜ ਜਾਂਦੇ ਤਾਂ ਇਹ ਇਲਜ਼ਾਮ ਲਾਇਆ ਜਾ ਸਕਦਾ ਸੀ, ਪਰ ਉਸ ਦਾ ਮੌਤ ਸਾਹਮਣੇ ਵੇਖ ਕੇ
ਵੀ ਦਲੇਰੀ ਨਾਲ ਜੁਝਣਾ ਉਸ ਦੀ ਨੀਯਤ ਅਤੇ ਇਮਾਨਦਾਰੀ ਦਰਸਾਉਂਦਾ ਹੈ, ਜਿਸ ਨੂੰ ਅਣਗੌਲਿਆਂ ਨਹੀਂ
ਕੀਤਾ ਜਾ ਸਕਦਾ। ਨੇਕਨੀਯਤ ਨਾਲ ਜ਼ੁਲਮ ਖਿਲਾਫ ਸੰਘਰਸ਼ ਕਰਨ ਵਾਲਾ ਯੋਧਾ ਕਿਸੇ ਵੀ ਫਿਰਕੇ ਦਾ ਹੋਵੇ
ਉਸ ਦਾ ਜ਼ਾਇਜ ਸਨਮਾਨ ਤਾਂ ਕਰਨਾ ਬਣਦਾ ਹੀ ਹੈ। ਬਾਕੀ ਦਰਬਾਰ ਸਾਹਿਬ ਕੰਪਲੈਕਸ ਵਿਚ ਬਲਾਤਕਾਰ,
ਲਾਸ਼ਾਂ ਆਦਿ ਦੇ ਇਲਜ਼ਾਮ ਸਰਕਾਰੀ ਏਜੰਸੀਆਂ ਵਲੋਂ ਇਕ ਨੀਤੀ ਹੇਠ ਕੀਤਾ ਪ੍ਰਾਪੇਗੰਡਾ ਹੀ ਹੁੰਦਾ ਹੈ,
ਇਹ ਹਕੀਕਤ ਅਸੀਂ ਸਭ ਜਾਣਦੇ ਹਾਂ।
ਸਾਡਾ ਵਿਰੋਧ ਵੀ ਗੁਰਮਤਿ ਦੀ ਸੇਧ ਵਿਚ ਹੋਣਾ ਚਾਹੀਦਾ ਹੈ, ਆਮ ਫਿਰਕੂ
ਲੋਕਾਂ ਵਾਂਗੂ ਨਫਰਤ ਦੀ ਪ੍ਰਵਿਰਤੀ ਵਾਲਾ ਨਹੀਂ। ਜਿਥੇ ਸਿੱਖ ਫਿਰਕੇ ਦਾ ਬਹੁੱਤਾ ਹਿੱਸਾ
ਭਿੰਡਰਾਵਾਲੇ ਨੂੰ ‘ਅੰਨ੍ਹੇ ਸਮਰਥਨ’ ਹੇਠ ‘ਨਿਰੋਲ ਗੁਰਮਤਿ ਦਾ ਧਾਰਨੀ ਅਤੇ ਸਦੀਆਂ ਦਾ ਸਭ ਤੋਂ
ਮਹਾਨ ਸਿੱਖ’ ਮੰਨੀ ਜਾ ਰਿਹਾ ਹੈ, ਦੂਜੇ ਪਾਸੇ ਸਾਡਾ ਕੁਝ ਜਾਗਰੂਕ ਤਬਕਾ ਉਸਦਾ ‘ਅੰਨ੍ਹਾ ਵਿਰੋਧ’
ਕਰਕੇ ਗੁੰਮਰਾਹ ਹੋਇਆ ਲਗਦਾ ਹੈ।
ਸਵਾਲ ਨੰ 8:- ਕੀ ਕਥਿਤ ਦਮਦਮੀ ਟਕਸਾਲ ਵਾਕਿਆ ਹੀ ਦਸਮੇਂ ਗੁਰੂ ਦੀ ਚਲਾਈ
ਹੋਈ ਹੈ ਜਾਂ ਕਿ ਹੋਰ ਡੇਰਿਆਂ ਵਾਂਗ ਇਹ ਵੀ ਇੱਕ ਡੇਰਾ ਹੈ? ਜੇ ਕਰ ਗੁਰੂ ਨੇ ਚਲਾਈ ਹੈ ਜਿਵੇਂ ਕਿ
ਇਹ ਕਹਿੰਦੇ ਹਨ ਅਤੇ ਆਪਣੀ ਡੇਰਾ ਗੱਦੀ ਅਗਾਂਹ ਚਲਾਉਂਦੇ ਹਨ। ਜਰਨੈਲ ਸਿੰਘ ਆਪਣੇ ਆਪ ਨੂੰ ਚੌਦਵਾਂ
ਮੁਖੀ ਕਹਾਉਂਦਾ ਸੀ। ਇਹਨਾ ਸਾਧਾਂ ਦੀਆਂ ਬਰਸੀਆਂ ਵੀ ਮਨਾਈਆਂ ਜਾਂਦੀਆਂ ਹਨ ਜਿਵੇਂ ਕਿ ਹੁਣੇ ਕੁੱਝ
ਦਿਨ ਪਹਿਲਾਂ ਕਰਤਾਰ ਸਿੰਘ ਦੀ ਮਨਾਈ ਹੈ ਕਿ ਉਹ ਤੇਰਵੇਂ ਥਾਂ ਤੇ ਮੁਖੀ ਸੀ। ਤਾਂ ਫਿਰ ਕੀ ਜਿਹੜਾ
ਇਹ ਨਿਰਾ ਝੂਠ ਪਰਚਾਰਦੇ ਹਨ ਉਹ ਸਾਰਾ ਕੁੱਝ ਇਹਨਾ ਨੂੰ ਦਸਵੇਂ ਪਾਤਸ਼ਾਹ ਹੀ ਦੱਸ ਕੇ ਗਏ ਸਨ, ਜਿਹੜਾ
ਕਿ ਇਹ ਸੀਨਾ-ਬਸੀਨਾ ਦੀ ਗੱਲ ਕਰਦੇ ਹਨ? ਹੋਰ ਸੈਂਕੜੇ ਝੂਠਾਂ ਵਿੱਚ ਇੱਕ ਵੱਡਾ ਝੂਠ ਗੁਰਬਾਣੀ ਪਾਠ
ਦਰਸ਼ਨ ਵਿੱਚ ਇਹ ਵੀ ਲਿਖਿਆ ਹੈ ਕਿ ਸੁਖਮਨੀ ਸਾਹਿਬ ਦੇ ਚੌਵੀ ਹਜਾਰ ਅੱਖਰ ਹਨ ਅਤੇ ਚੌਬੀ ਘੰਟਿਆਂ
ਵਿੱਚ ਬੰਦਾ 24000 ਹੀ ਸਾਹ ਲੈਂਦਾ ਹੈ। ਕੀ ਇਹ 100% ਝੂਠ ਨਹੀਂ ਹੈ? ਅੱਖਰਾਂ ਦੀ ਗਿਣਤੀ ਤਾਂ
ਕੰਪਿਊਟਰ ਤੇ ਹਰ ਕੋਈ ਕਰਕੇ ਆਪ ਹੀ ਦੇਖ ਸਕਦਾ ਹੈ। ਇਸ ਬਾਰੇ ਇੱਥੇ ‘ਸਿੱਖ ਮਾਰਗ’ ਤੇ ਲੇਖ ਵੀ ਛਪੇ
ਹੋਏ ਹਨ। ਸਾਹ ਲੈਣ ਦੀ ਕਿਰਿਆ ਵੀ ਹਰ ਇੱਕ ਦੀ ਵੱਖ-ਵੱਖ ਹੁੰਦੀ ਹੈ ਅਤੇ ਇਹ ਕੰਮ ਕਰਨ ਤੇ ਵੀ
ਨਿਰਭਰ ਕਰਦੀ ਹੈ। ਤੁਸੀਂ ਕੋਈ ਭਾਰਾ ਕੰਮ ਕਰਕੇ ਦੇਖੋ ਜਾਂ ਦੌੜ ਲਾਕੇ ਦੇਖੋ ਤਾਂ ਤੁਹਾਡੀ ਸਾਹ ਦੀ
ਕਿਰਿਆ ਤੇਜ ਹੋ ਜਾਵੇਗੀ। ਜੇ ਕਰ ਗੁਰੂ ਜੀ ਅਜਿਹਾ ਝੂਠ ਦੱਸ ਕੇ ਗਏ ਹਨ ਤਾਂ ਦੱਸੋ ਕਿ ਅਜਿਹੇ ਗੁਰੂ
ਨੂੰ ਕਿਉਂ ਮੰਨੀਏ? ਜੇ ਕਰ ਹੋਰ ਡੇਰਿਆਂ ਵਾਂਗ ਇਹ ਵੀ ਇੱਕ ਕਰਮਕਾਂਡੀ ਮਨਮਤੀ ਡੇਰਾ ਹੈ ਤਾਂ ਤੁਸੀਂ
ਇਸ ਨੂੰ ਬਾਕੀ ਡੇਰਿਆਂ ਵਿੱਚ ਕਿਉਂ ਨਹੀਂ ਗਿਣਦੇ?
ਜਵਾਬ : ਦਮਦਮੀ ਟਕਸਾਲ ਸਮੇਤ ਸਿੱਖ ਫਿਰਕੇ ਵਿਚਲੀਆਂ ਜ਼ਿਆਦਾਤਰ ਸੰਸਥਾਵਾਂ
ਅਤੇ ਡੇਰਿਆਂ ਦੇ ਦਾਅਵੇ, ਪ੍ਰਚਾਰ, ਮਾਨਤਾਵਾਂ ਆਦਿ ਗੁਰਮਤਿ ਤੋਂ ਉਲਟ ਪੁਜਾਰੀਵਾਦੀ ਖਿਲਾਰ ਮਾਤਰ
ਹੀ ਹੈ, ਜੋ ਆਮ ਸਿੱਖਾਂ ਵਿਚ ਬਹੁਤ ਸੁੱਖਮ ਹੱਦ ਤੱਕ ਪਸਰ ਚੁੱਕਿਆ ਹੈ, ਜਿਸਦਾ ਸੁਧਾਰ ਪੂਰੀ ਤਰਾਂ
ਸੰਭਵ ਨਹੀਂ ਲਗਦਾ। ਦਮਦਮੀ ਟਕਸਾਲ ਵੀ ਸੰਪਰਦਾਈ ਡੇਰੇ ਵਾਂਗੂ ਪੁਜਾਰੀਪਨ ਹੀ ਖਿਲਾਰ ਰਹੀਂ।
ਸਵਾਲ ਨੰ: 9:- ਅਕਾਲ ਤਖ਼ਤ ਦੇ ਅੱਖਰੀ ਅਰਥ ਤਾਂ ਇਹੀ ਬਣਦੇ ਹਨ ਕਿ ਕਾਲ ਤੋਂ
ਰਹਿਤ ਅਕਾਲ ਪੁਰਖ ਦਾ ਸਿੰਘਾਸਣ। ਕੀ ਅਕਾਲ ਪੁਰਖ ਇੱਥੇ ਆਪ ਆ ਕੇ ਬੈਠਦਾ ਹੈ? ਕੀ ਉਹ ਸਾਰੇ ਸੰਸਾਰ
ਦੀ ਕਾਰ ਇੱਥੋਂ ਹੀ ਚਲਾਉਂਦਾ ਹੈ? ਇਸ ਦੇ ਬਣਨ ਤੋਂ ਪਹਿਲਾਂ ਉਹ ਕਿਥੇ ਬੈਠਦਾ ਸੀ? ਕੀ ਗੁਰਬਾਣੀ
ਅਨੁਸਾਰ ਅਕਾਲ ਪੁਰਖ ਦੀ ਕੋਈ ਇੱਕ ਜਗਾਹ/ਥਾਂ ਨਿਸ਼ਚਿਤ ਕੀਤੀ ਜਾ ਸਕਦੀ ਹੈ? ਕਈ ਇਹ ਵੀ ਕਹਿੰਦੇ ਹਨ
ਕਿ ਅਕਾਲ ਪੁਰਖ ਦਾ ਸਿਧਾਂਤ ਇੱਥੋਂ ਲਾਗੂ ਹੋਣਾ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਹੁਣ ਤੱਕ ਅਕਾਲ
ਪੁਰਖ ਦਾ ਕਿਹੜਾ ਸਿਧਾਂਤ ਇੱਥੋਂ ਲਾਗੂ ਕੀਤਾ ਹੈ? ਕਈ ਇਹ ਵੀ ਕਹਿੰਦੇ ਹਨ ਕਿ ਅਕਾਲ ਤਖ਼ਤ ਗੁਲਾਮ
ਹੈ। ਇਸ ਦਾ ਮਤਲਬ ਤਾਂ ਇਹ ਵੀ ਹੋਇਆ ਕਿ ਅਕਾਲ ਪੁਰਖ ਆਪ ਵੀ ਕਿਸੇ ਦਾ ਗੁਲਾਮ ਹੈ। ਕੀ ਉਹ ਅਕਾਲ
ਪੁਰਖ ਪਿਉ ਪੁੱਤ ਬਾਦਲਾਂ ਦੀ ਜੇਬ ਵਿੱਚ ਗੁਲਾਮ ਬਣੀ ਬੈਠਾ ਹੈ? ਜਾਂ ਫਿਰ ਤੁਸੀਂ ਇੱਥੇ ਬੈਠੇ
ਬੰਦਿਆਂ/ਪੁਜਾਰੀਆਂ ਅਥਵਾ ਅਖੌਤੀ ਜਥੇਦਾਰਾਂ ਨੂੰ ਰੱਬ ਬਣਾ ਕੇ ਪੇਸ਼ ਕਰਨਾ ਚਾਹੁੰਦੇ ਹੋ?
ਜਵਾਬ : ਇਕ ਨੀਤੀ ਹੇਠ ਛੇਵੇਂ ਪਾਤਸ਼ਾਹ ਜੀ ਨੇ ਕਿਸੇ ਤਖਤ ਦੀ ਵਕਤੀ ਵਰਤੋਂ
ਕੀਤੀ ਹੋ ਸਕਦੀ ਹੈ। ਇਸ ਵਿਚ ਕੁੱਝ ਵੀ ਗਲਤ ਨਹੀਂ ਹੈ। ਪਰ ਸਮੇਂ ਦੇ ਗੇੜ ਨਾਲ ਇਸ ਨੇ ਜਿਸ ਤਰਾਂ
ਪੁਜਾਰੀਵਾਦੀ ਵਿਵਸਥਾ ਦਾ ਰੂਪ ਧਾਰਨ ਕਰ ਲਿਆ ਹੈ ਉਹ ਤਾਂ ਗੁਰਮਤਿ ਦਾ ਘਾਣ ਕਰਨ ਵਾਲਾ ਰੋਲ ਹੀ
ਨਿਭਾਅ ਰਿਹਾ ਹੈ। ਜਦੋਂ ਵੱਡੀ ਅਫਸੋਸਜਨਕ ਸੱਚਾਈ ਇਹੀ ਹੈ ਕਿ ਗੁਰਮਤਿ ਇਨਕਲਾਬ ਦਾ ਸਿੱਖ ਫਿਰਕੇ ਦਾ
ਰੂਪ ਧਾਰਨ ਕਰ ਜਾਣਾ ਹੀ ਇਸ ਤੋਂ ਪਿੱਠ ਕਰ ਲੈਣਾ ਹੈ ਤਾਂ ਇਸ ਦੀਆਂ ਸੰਸਥਾਵਾਂ ਵਿਚ ਵਿਗਾੜ ਕੋਈ
ਵੱਡਾ ਅਸਚਰਜ ਨਹੀਂ ਹੈ।
ਸਵਾਲ ਨੰ: 10:- ਸਿੱਖ ਧਰਮ ਨੂੰ ਮੰਨਣ ਵਾਲਿਆਂ ਵਿੱਚ ਕੇਸਾਂ ਦੀ ਬਹੁਤ
ਮਹੱਤਤਾ ਦੱਸੀ ਜਾਂਦੀ ਹੈ। ਇਹ ਸਿੱਖਾਂ ਦੀਆਂ ਮਿੱਥੀਆਂ ਰਹਿਤਾਂ ਅਤੇ ਕੁਰਹਿਤਾਂ ਦੋਹਾਂ ਵਿੱਚ ਹੀ
ਆਉਂਦੇ ਹਨ। ਗੁਰਬਾਣੀ ਵਿੱਚ ਵੀ ਕੇਸਾਂ ਬਾਰੇ ਕਈ ਸ਼ਬਦ ਮਿਲਦੇ ਹਨ। ਜਿਵੇਂ ਕਿ: ਕੇਸ ਸੰਗਿ ਦਾਸ ਪਗ
ਝਾਰਉ ਇਹੈ ਮਨੋਰਥ ਮੋਰ।। ਪੰ. ੫੦੦
ਮੇਰੇ ਰਾਮ ਹਰਿ ਜਨ ਕੈ ਹਉ ਬਲਿ ਜਾਈ।। ਕੇਸਾ ਕਾ ਕਰਿ ਚਵਰੁ ਢੁਲਾਵਾ ਚਰਣ
ਧੂੜਿ ਮੁਖਿ ਲਾਈ।। ਪੰ. ੭੪੯
ਕੇਸਾ ਕਾ ਕਰਿ ਬੀਜਨਾ ਸੰਤ ਚਉਰੁ ਢੁਲਾਵਉ।। ਸੀਸੁ ਨਿਹਾਰਉ ਚਰਣ ਤਲਿ ਧੂਰਿ
ਮੁਖਿ ਲਾਵਉ।। ਪੰ. ੭੪੫
ਪਰ ਗੁਰਬਾਣੀ ਪਾਠ ਦਰਪਣ ਵਿੱਚ ਲਿਖਿਆ ਹੈ ਕਿ ਜੇ ਕਰ ਕਿਸੇ ਕਾਰਣ ਸਿੱਖ
ਨਰਕਾਂ ਵਿੱਚ ਵੀ ਪੈ ਜਾਵੇ ਤਾਂ ਸਤਿਗੁਰੂ ਜੀ ਕੇਸਾਂ ਦੀ ਨਿਸ਼ਾਨੀ ਦੇਖ ਕੇ ਕੱਢ ਲੈਂਦੇ ਹਨ। ਹੁਣ
ਤੁਸੀਂ ਦੱਸੋ ਕਿ ਕੇਸ ਤੁਸੀਂ ਨਰਕਾਂ ਦੇ ਡਰ ਕਾਰਨ ਰੱਖੇ ਹਨ? ਕੀ ਤੁਸੀਂ ਦੱਸ ਸਕਦੇ ਹੋ ਕਿ ਨਰਕ
ਕਿਥੇ ਹੈ? ਕੀ ਗੁਰਬਾਣੀ ਨਰਕਾਂ ਸੁਰਗਾਂ ਨੂੰ ਮੰਨਦੀ ਹੈ? ਇਸ ਤਰ੍ਹਾਂ ਦੀਆਂ ਸਾਰੀਆਂ ਹੀ ਗੱਲਾਂ
ਕਥਿਤ ਦਮਦਮੀ ਟਕਸਾਲ ਦੇ ਵੱਡੇ ਬ੍ਰਹਮਗਿਆਨੀ ਸੰਤ ਗੁਰਬਚਨ ਸਿੰਘ ਦੀਆਂ ਲਿਖੀਆਂ ਹੋਈਆਂ ਹਨ। ਜਰਨੈਲ
ਸਿੰਘ ਭਿਡਰਾਂਵਾਲਾ ਵੀ ਸਾਰੀ ਸਿੱਖਿਆ ਇਸ ਗੁਰਬਚਨ ਸਿੰਘ ਤੋਂ ਹੀ ਲੈ ਕੇ ਆਇਆ ਸੀ। ਉਸ ਦੇ ਵੀ ਉਹੀ
ਵਿਚਾਰ ਸਨ ਜੋ ਇਸ ਕਿਤਾਬ ਵਿੱਚ ਲਿਖੇ ਹੋਏ ਹਨ ਅਤੇ ਜੋ ਗੁਰਬਚਨ ਸਿੰਘ ਨੇ ਕਿਹਾ ਉਹੀ ਕੁੱਝ ਉਹ
ਕਹਿੰਦਾ ਸੀ। ਇਸ ਦੀ ਮਿਸਾਲ ਤੁਹਾਨੂੰ ਮਰਦਾਨੇ ਦੇ ਬਰਾਂਡੀ ਪੀਣ ਕਾਰਨ ਮਰਾਸੀਆਂ/ਡੂਮਾਂ ਦੇ ਘਰੇ
ਜੰਮਣ ਵਾਲੀ ਸਾਖੀ ਤੋਂ ਮਿਲ ਸਕਦੀ ਹੈ। ਇਹ ਔਡੀਓ ਤੁਸੀਂ ਹੇਠਾਂ ਐਰੋ ਤੇ ਕਲਿਕ ਕਰਕੇ ਸੁਣ ਸਕਦੇ
ਹੋ:
ਜਵਾਬ : ਪਹਿਲੀ ਗੱਲ ਦਾ ‘ਸਿੱਖ ਧਰਮ’ ਨਹੀਂ ਫਿਰਕਾ ਹੈ, ਜਿਸ ਮੂਲ ਸੱਚਾਈ
ਨੂੰ ਅਸੀਂ ਜਦੋਂ ਤੱਕ ਸਮਝ ਨਹੀਂ ਪਾਵਾਂਗੇ ਉਦੋਂ ਤੱਕ ਗੁਰਮਤਿ ਦੇ ਮੂਲ ਤੱਕ ਨਹੀਂ ਪਹੁੰਚ
ਪਾਵਾਂਗੇ। ਬਾਕੀ ਕੇਸਾਂ ਦੀ ਪ੍ਰੋੜਤਾ ਨਾਨਕ ਸਰੂਪਾਂ ਨੇ ਕਿਸੇ ਵੱਖਰੇ ਫਿਰਕੇ ਦੀ ਸਥਾਪਨਾ ਲਈ ‘ਖਾਸ
ਚਿੰਨ੍ਹ’ ਵਜੋਂ ਨਹੀਂ ਕੀਤੀ ਬਲਕਿ ਕੁਦਰਤ ਅਨੁਸਾਰ ਵੱਧ ਤੋਂ ਵੱਧ ਜੀਵਨ-ਜਾਚ ਦੇ ਇਕ ਪੱਖ ਵਜੋਂ
ਕੀਤੀ। ਚਿੰਨ੍ਹ ਦੇ ਤੌਰ ਤੇ ਕੇਸਾਂ ਦੇ ਭਰਮ ਨੰੂਤਾਂ ਗੁਰਬਾਣੀ ਦਾ ਇਹ ਵਾਕ ਡੰਕੇ ਦੀ ਚੋਟ ਤੇ
ਨਕਾਰਦਾ ਹੈ
ਭਾਵੈ
ਲਾਂਭੇ ਕੇਸ ਕਰੁ ਭਾਵੈ ਘਰਰਿ ਮੁਡਾਇ ॥ (ਪੰਨਾ 1364)
ਹੁਣ ਜਦੋਂ ਸਾਰਾ ਸਿੱਖ ਸਮਾਜ ਹੀ ਕੇਸਾਂ ਨੂੰ ਇਕ ‘ਧਾਰਮਿਕ ਚਿੰਨ੍ਹ’
ਮੰਨਦਿਆਂ ਗੁਰਮਤਿ ਤੋਂ ਮੁੰਹ ਮੋੜੀ ਬੈਠਾ ਹੈ, ਐਸੇ ਹਾਲਾਤ ਵਿਚ ਦਮਦਮੀ ਟਕਸਾਲ ਜਿਹੀਆਂ ਪੁਜਾਰੀ
ਸੰਸਥਾਵਾਂ ਦੀ ਮਾਨਤਾਵਾਂ ਦੇ ਕੂੜ ਦਾ ਪੁਲੰਦਾ ਹੋਣ ਵਿਚ ਕੀ ਸ਼ੱਕ ਰਹਿ ਜਾਂਦਾ ਹੈ।
ਅੰਤਿਕਾ : ਅਸੀਂ ਸੰਪਾਦਕ ਸਿੱਖ ਮਾਰਗ ਸਮੇਤ ਗੁਰਮਤਿ ਨੂੰ ਮੂਲ ਰੂਪ ਵਿਚ
ਸਮਝਣ ਅਤੇ ਅਪਨਾਉਣ ਦੇ ਚਾਹਵਾਨਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਜੇ ਅਸੀਂ
ਸਚਮੁੱਚ ਇਸ ਪ੍ਰਤੀ ਸੁਹਿਰਦ ਹਾਂ ਤਾਂ ਸਾਨੂੰ ਸਭ ਤੋਂ ਪਹਿਲਾਂ ‘ਸਿੱਖ ਫਿਰਕੇ’ ਦੀ ਮਾਨਸਿਕ ਵਲੱਗਣ
ਤੋਂ ਆਜ਼ਾਦ ਹੋ ਕੇ ਸੋਚਣ ਦੀ ਪ੍ਰਵਿਰਤੀ ਪੈਦਾ ਕਰਨੀ ਪਵੇਗੀ। ਸਾਨੂੰ ਗੁਰਮਤਿ ਦੇ ਇਸ ਮੂਲ ਤੱਥ ਨੂੰ
ਗ੍ਰਹਿਣ ਕਰਨ ਦਾ ਮਾਦਾ ਪੈਦਾ ਕਰਨਾ ਪਵੇਗਾ ਕਿ ਹਿੰਦੂ, ਇਸਲਾਮ, ਇਸਾਈ, ਬੁੱਧਮੱਤ, ਜੈਨ, ਸਿੱਖ ਆਦਿ
ਫਿਰਕੇ ਹਨ, ‘ਧਰਮ’ ਨਹੀਂ। ਮੁਹੰਮਦ ਸਾਹਿਬ, ਈਸਾ ਮਸੀਹ, ਮਹਾਤਮਾ ਬੁੱਧ ਜਾਂ ਹੋਰ ਮੰਨੇ ਜਾਂਦੇ
ਪੈਗੰਬਰ ‘ਧਰਮ’ ਨੂੰ ਕਿਸ ਰੂਪ ਵਿਚ ਵੇਖਦੇ ਸਨ, ਇਹ ਕਹਿਣਾ ਸਾਡੇ ਲਈ ਸੰਭਵ ਨਹੀਂ ਕਿਉਂਕਿ ਉਨ੍ਹਾਂ
ਦੀ ਆਪਣੀਆਂ ਕੋਈ ਲਿਖਤਾਂ ਅੱਜ ਉਪਲਬਦ ਨਹੀਂ ਹਨ। ਉਨ੍ਹਾਂ ਦੇ ਨਾਂ ਨਾਲ ਜੋੜ ਕੇ ਪੇਸ਼ ਕੀਤਾ ਜਾਂਦਾ
ਸਾਰਾ ਕੁੱਝ ਉਨ੍ਹਾਂ ਦੇ ਪੈਰੋਕਾਰਾਂ ਦੀਆਂ ਲਿਖਤਾਂ ਵਿਚੋਂ ਮਿਲਦਾ ਹੈ, ਜਿਸ ਵਿਚ ਬਹੁਤ ਹੱਦ ਤੱਕ
ਪੁਜਾਰੀਵਾਦੀ ਅੰਸ਼ ਸ਼ਾਮਿਲ ਕੀਤੇ ਹੋਣ ਦਾ ਅੰਦੇਸ਼ਾ ਮੂਲੋਂ ਗਲਤ ਨਹੀਂ ਹੈ।
ਪਰ ਬਾਬਾ ਨਾਨਕ ਜੀ ਵਰਗੇ ਯੁਗਪੁਰਸ਼ ਦੀ ਆਪਣੀ ਬਾਣੀ ਸਾਡੇ ਕੌਲ ਮੌਜੂਦ ਹੈ,
ਜੋ ਡੰਕੇ ਦੀ ਚੋਟ ਤੇ ਇਸ ਫਿਰਕਾਪ੍ਰਸਤੀ ਨੂੰ ਨਕਾਰਦੇ ਹੋਏ, ਇਕੋ ਇਕ ਮਾਨਵੀ ਧਰਮ ਦੀ ਪ੍ਰੋੜਤਾ
ਕਰਦੀ ਹੈ। ਬੇਸ਼ਕ ਮੌਜੂਦਾ ਸਿੱਖ ਸਮਾਜ (ਫਿਰਕਾ) ਵੀ ਉਨ੍ਹਾਂ ਦੀ ਮੂਲ਼ ਸੋਚ ਤੋਂ ਉਲਟ ਹੈ।
ਪੁਜਾਰੀਵਾਦੀ ਤਾਕਤਾਂ ਨੇ ਸਮੇਂ ਦੇ ਗੇੜ ਨਾਲ ਉਨ੍ਹਾਂ ਦੀ ਮੂਲ ਵਿਚਾਰਧਾਰਾ ਨੂੰ ਵਿਵਹਾਰਿਕ ਤੌਰ ਤੇ
ਸਮਾਜ ਵਿਚੋਂ ਬਾਹਰ ਕੱਢ ਕੇ ‘ਵਿਸ਼ਾਲ ਗੁਰਮਤਿ ਇਨਕਲਾਬ’ ਨੂੰ ‘ਸੌੜੇ ਸਿੱਖ ਫਿਰਕੇ’ ਦੇ ਰੂਪ ਵਿਚ
ਸਥਾਪਿਤ ਕਰਨ ਦਾ ਭਾਣਾ ਵਰਤਾ ਦਿਤਾ ਹੈ।
ਸੋ ਬਾਬਾ ਨਾਨਕ ਦੇ ਸੱਚ ਤੋਂ ਕਾਇਲ ਸੱਚੇ ਪੈਰੋਕਾਰਾਂ ਲਈ ਸਭ ਤੋਂ ਜ਼ਰੂਰੀ
ਮਸਲਾ ਇਹ ਬਣ ਜਾਂਦਾ ਹੈ ਕਿ ਸਮੁੱਚੇ ਮਨੁੱਖੀ ਭਾਈਚਾਰੇ ਦੇ ਭਲੇ ਲਈ ‘ਗੁਰਮਤਿ ਇਨਕਲਾਬ’ ਦੇ ਉਸ
ਸਰਬ-ਭਲਾਈ ਦੇ ਮਿਸ਼ਨ ਨੂੰ ਉਸ ਦੇ ਮੂਲ ਰੂਪ ਵਿਚ ਪਹਿਚਾਣ ਕੇ, ਗੁਰਮਤਿ ਦੇ ਤੱਤ ਨੂੰ ਪੂਰੀ ਤਰਾਂ
ਅਲੋਪ ਹੋਣ ਤੋਂ ਬਚਾਉਣ ਦੇ ਇਮਾਨਦਾਰਾਨਾ ਯਤਨ ਕਰਨਾ। ਇਸ ਮਾਰਗ ਦੇ ਪਾਂਧੀ ਲਈ ਸ਼ਰਧਾ ਜਾਂ ਸੂਖਮ
ਫਿਰਕਾਪ੍ਰਸਤੀ ਪੈਦਾ ਹੋਏ ਹੇਠ ਦਿਮਾਗ ਦੇ ਜਾਲੇ ਸਾਫ ਕਰਨੇ ਬਹੁਤ ਜ਼ਰੂਰੀ ਹਨ। ਉਸ ਨੂੰ ਸਾਹਮਣੇ
ਆਉਂਦੇ ਕਿਸੇ ਵੀ ਸਵਾਲ/ਕਿੰਤੂ ਤੇ ਵਿਸ਼ਲੇਸ਼ਨ ਦਾ ਮਾਦਾ ਹੋਣਾ ਚਾਹੀਦਾ ਹੈ ਨਾ ਕਿ ਕਿਸੇ ਮਾਨਤਾ ਦੇ
ਟੁੱਟਣ ਤੇ ਦੁੱਖ ਜਾਂ ਨਫਰਤ।
ਇਹ ਅਵਸਥਾ ਤਾਂ ਹੀ ਸੰਭਵ ਹੈ ਜੇ ਅਸੀਂ ਐਲਾਣੀਆਂ ਤੌਰ ਫਿਰਕਾਪ੍ਰਸਤੀ ਤੋਂ
ਕਿਨਾਰਾ ਕਰਕੇ ਆਜ਼ਾਦ ਸੋਚ ਨਾਲ ਵਿਸ਼ਲੇਸ਼ਨ ਦੀ ਹਿੰਮਤ ਜੁਟਾ ਸਕਾਂਗੇ। ਕਿਸੇ ਫਿਰਕੇ ਦੇ ਘੇਰੇ ਵਿਚ
ਰਹਿੰਦਿਆਂ ਐਸਾ ਕਰ ਪਾਉਣਾ ਪੂਰੀ ਤਰਾਂ ਸੰਭਵ ਨਹੀਂ ਲਗਦਾ। ਗੁਰਮਤਿ ਇਨਕਲਾਬ ਨੂੰ ਇਸ ਦੇ ਮੂਲ ਰੂਪ
ਵਿਚ ਸਾਹਮਣੇ ਲਿਆਉਣ ਦੀ ਮੰਸ਼ਾ ਨਾਲ ਹੀ ‘ਤੱਤ ਗੁਰਮਤਿ ਪਰਿਵਾਰ’ ਨਾਮਕ ਮੰਚ ਦੀ ਸਥਾਪਤੀ 2008 ਵਿਚ
ਕੀਤੀ ਗਈ ਸੀ। ਪਰ ਸਮੇਂ ਨਾਲ ਫਿਰਕੂ ਜਾਲੇ ਵਿਚ ਫਸ ਬੈਠੇ ਕੁਝ ਸੱਜਣ, ਨਵੀਂ ਗੱਲ ਸਾਹਮਣੇ ਆਉਣ ਤੇ
ਪਰਿਵਾਰ ਤੋਂ ਕਿਨਾਰਾ ਕਰ ਜਾਂਦੇ, ਕੁਝ ਨਵੇਂ ਸੱਜਣ ਸੱਚ ਸਮਝ ਕੇ ਨਾਲ ਜੁੜ ਜਾਂਦੇ। ਇਸੇ ਨਿਸ਼ਕਾਮ
ਮਿਸ਼ਨ ਦੇ ਇਕ ਪੜਾਅ ਤੇ ਅਸੀਂ 14 ਅਪ੍ਰੈਲ 2017 ਨੂੰ ‘ਗੁਰਮਤਿ ਇਨਕਲਾਬ ਪੁਰਬ’ ਦੇ ਅਵਸਰ ਤੇ ‘ਸਿੱਖ
ਫਿਰਕਾਪ੍ਰਸਤੀ’ ਦੀ ਵਲੱਗਣ ਤੋਂ ਐਲਾਨੀਆ ਤੌਰ ਤੇ ਆਜ਼ਾਦ ਹੋਣ ਦਾ ਪ੍ਰੋਗਰਾਮ ਉਲੀਕਿਆ। ਇਸ ਪ੍ਰੋਗਰਾਮ
ਨੂੰ ਬਣਾਉਂਦੇ ਸਮੇਂ ਸਾਡੇ ਦਿਮਾਗ ਵਿਚ ਸੀ ਕਿ ‘ਐਲਾਣਨਾਮੇ’ ਵਿਚ ਸਿਰਫ ਅਸੀਂ ਦੋ ਹੀ ਸ਼ਖਸ
ਹੋਵਾਂਗੇ, ਪਰ ਸਾਨੂੰ ਖੁਸ਼ੀ ਹੋਈ ਕਿ ਸਮਾਗਮ ਦੀ ਤਾਰੀਖ ਆਉਂਦੇ ਆਉਂਦੇ ਇਸ ‘ਐਲਾਣਨਾਮੇ’ ਨੂੰ
ਅਪਨਾਉਣ ਲਈ 50 ਤੋਂ ਵੱਧ ਲੋਕ ਤਿਆਰ ਹੋ ਗਏ ਅਤੇ ਕੁਝ ਨੇ ਬਾਅਦ ਵਿਚ ਵੀ ਆਪਣੀ ਸਹਿਮਤੀ ਜਤਾਈ।
ਕਹਿਣ ਦਾ ਮਤਲਬ ਸਰਬ ਭਲਾਈ ਦੇ ਮਿਸ਼ਨ ‘ਗੁਰਮਤਿ ਇਨਕਲਾਬ’ ਨੂੰ ਇਸਦੇ ਮੂਲ ਰੂਪ ਵਿਚ ਸਾਹਮਣੇ ਲਿਆਉਣ
ਦੇ ਚਾਹਵਾਨਾਂ ਦੀ ਬੇਸ਼ਕ ਭੀੜ ਨਹੀਂ ਹੈ, ਪਰ ਇਹ ਬਿਲਕੁਲ ਨਦਾਰਦ ਵੀ ਨਹੀਂ ਹਨ।
ਇਸ ਸਭ ਤੋਂ ਅਹਿਮ ਮਾਰਗ ਦੇ ਪਾਂਧੀ ਬਣਦੇ ਹੋਏ ਸਾਹਮਣੇ ਸਾਨੂੰ ਇਹ ਖਿਆਲ
ਰੱਖਣਾ ਜ਼ਰੂਰੀ ਹੈ ਕਿ ਅਸੀਂ ਕਿਸੇ ਇਕ ਘਟਨਾ ਜਾਂ ਵਰਤਾਰੇ ਨੂੰ ਲੈ ਕੇ ਹੀ ਆਪਣੀ ਸਾਰੀ ਉਰਜਾ ਬਰਬਾਦ
ਨਹੀਂ ਕਰੀ ਜਾਣੀ। ਮਿਸਾਲ ਲਈ ਭਿੰਡਰਾਵਾਲਾ ਠੀਕ ਸੀ ਜਾਂ ਗਲਤ, ਧੂੰਦਾ ਠੀਕ ਹੈ ਜਾਂ ਗਲਤ, ਰਣਜੀਤ
ਸਿੰਘ ਜੀ ਠੀਕ ਸੀ ਜਾਂ ਗਲਤ, ਬਾਬਾ ਬੰਦਾ ਸਿੰਘ ਬਹਾਦੁਰ ਠੀਕ ਸੀ ਜਾਂ ਗਲਤ ਆਦਿ ਬਾਰੇ ਵਿਸ਼ਲੇਸ਼ਨ
ਤਾਂ ਹੋ ਸਕਦਾ ਹੈ ਪਰ ਸਿਰਫ ਕਿਸੇ ਇਕੋ ਮੁੱਦੇ ਨੂੰ ਆਪਣਾ ਸਰਬਕਾਲੀ ਮਿਸ਼ਨ ਬਣਾ ਲੈਣਾ ਬਹੁਤੀ ਚੰਗੀ
ਨੀਤੀ ਨਹੀਂ। ਸ਼ਰਾਧ ਗਲਤ ਹਨ. ਮੁਰਤੀ ਪੂਜਾ ਗਲਤ ਹੈ, ਕਰਮਕਾਂਡ ਗਲਤ ਹਨ ਆਦਿ ਆਦਿ ਪ੍ਰਚਾਰ ਤਾਂ
ਮਿਸ਼ਨਰੀ ਕਾਲਜ 70 ਸਾਲਾਂ ਤੋਂ ਸਮਾਜ ਵਿਚ ਕਰੀ ਜਾ ਰਹੇ ਹਨ। ਹੁਣ ਵੀ ਇਹੀ ਕਰ ਰਹੇ ਹਨ। ਇਸ ਵਿਚ
ਕੁੱਝ ਗਲਤ ਵੀ ਨਹੀਂ ਹੈ। ਪਰ ਜਦੋਂ ਮਸਲਾ ਸਿੱਖ ਸਮਾਜ ਵਿਚ ਘਰ ਕਰ ਚੁੱਕੀ ‘ਸੂਖਮ ਮਨਮੱਤਾਂ’ ਦੇ
ਵਿਸ਼ਲੇਸ਼ਨ ਦਾ ਆਉਂਦਾ ਹੈ ਤਾਂ ਇਨ੍ਹਾਂ ਦੀ ਸੋਚਨੀ ਨੂੰ ‘ਸਟੇਜਾਂ ਦੇ ਮੋਹ, ਪੰਥ ਦੀ ਨਰਾਜ਼ਗੀ’ ਦਾ
ਸੱਪ ਸੁੰਘ ਜਾਂਦਾ ਹੈ। ਸੋ ਉਨ੍ਹਾਂ ਤੋਂ ਇਹ ਆਸ ਕਰਨੀ ਕਿ ‘ਮੂਲ ਨਾਨਕ ਇਨਕਲਾਬ’ ਨੂੰ ਸਾਹਮਣੇ
ਲਿਆਉਣ ਦੇ ਮਾਰਗ ਦੇ ਪਾਂਧੀ ਬਣ ਪਾਉੇਣਗੇ, ਮੂਰਖਤਾ ਤੋਂ ਵੱਧ ਕੁੱਝ ਨਹੀਂ। ਸੋ ਉਨ੍ਹਾਂ ਦੀ ਵੱਡੀਆਂ
ਕਮੀਆਂ ਦਾ ਵਕਤੀ ਵਿਸ਼ਲੇਸ਼ਨ ਕਰਕੇ ਉਨ੍ਹਾਂ ਨੂੰ ਚੇਤਾਇਆ ਜਾਣਾ ਚਾਹੀਦਾ ਹੈ ਪਰ ਸਾਰਾ ਸਮਾਂ ਉਨ੍ਹਾਂ
ਦੀ ਜਾਂ ਸੰਪਦਰਾਵਾਂ ਦੀ ਆਲੋਚਣਾ ਵਿਚ ਹੀ ਗੁਆ ਦੇਣਾ ਵੀ ਬਹੁਤੀ ਸਮਝਦਾਰੀ ਨਹੀਂ। ਉਹ ਜਿਸ ਹੱਦ ਤੱਕ
ਆਮ ਸਮਾਜ ਵਿਚੋਂ ਕਰਮਕਾਂਡ ਆਦਿ ਘੱਟ ਕਰਨ ਲਈ ਪ੍ਰਚਾਰ ਕਰ ਰਹੇ ਹਨ, ਉਨ੍ਹਾਂ ਨੂੰ ਮੁਬਾਰਕ। ਉਸ ਦਾ
ਵੀ ਕੁਝ ਨਾ ਕੁਝ ਫਾਇਦਾ ਸਮਾਜ ਨੂੰ ਹੋ ਹੀ ਰਿਹਾ ਹੈ। ਉਨ੍ਹਾਂ ਦੀ ਵੀ ਇਹ ਜਿੰਮੇਵਾਰੀ ਬਣਦੀ ਹੈ ਕਿ
ਉਹ ‘ਗੁਰਮਤਿ ਇਨਕਲਾਬ’ ਦੇ ਮੂਲ ਰੂਪ ਨੂੰ ਸਾਹਮਣੇ ਲਿਆਉਣ ਦੇ ਸਫਰ ਦੌਰਾਣ ਨਵੇਂ ਉਭਰਦੇ ਤੱਥਾਂ ਦੇ
ਅੰਨ੍ਹਾਂ ਵਿਰੋਧ ਵਿਚ ਖੜੇ ਹੋ ਕੇ ਬਾਬਾ ਨਾਨਕ ਨਾਲ ਧ੍ਰੋਹ ਨਾ ਕਮਾਉਣ (ਜੈਸਾ ਕਿ ਉਹ ਅਕਸਰ ਕਰ
ਜਾਂਦੇ ਹਨ)।ਇਹ ਉਨ੍ਹਾਂ ਦੇ ਬੇਈਮਾਨੀ ਅਤੇ ਮਾਨਸਿਕ ਦੀਵਾਲੀਏਪਨ ਦਾ ਮੁਜਾਹਰਾ ਹੀ ਹੁੰਦਾ ਹੈ।
ਆਸ ਹੈ ਕਿ ਸਮੁੱਚੇ ਮਾਨਵੀ ਭਾਈਚਾਰੇ ਦੀ ਭਲਾਈ ਖਾਤਿਰ ‘ਮੂਲ ਗੁਰਮਤਿ
ਇਨਕਲਾਬ’ ਨੂੰ ਸਾਹਮਣੇ ਲਿਆ ਕੇ ਇਕੋ ਇਕ ਮਾਨਵੀ ਧਰਮ ਦੇ ਇਸ ਸਫਰ ਵਿਚ ਹੋਰ ਵੀ ਮਰਜੀਵੜੇ ਸਾਹਮਣੇ
ਆਉਣਗੇ ਤਾਂ ਕਿ ਵਿਸ਼ਵ ਭਾਈਚਾਰੇ ਵਿਚੋਂ ਉਸ ‘ਫਿਰਕਾਪ੍ਰਸਤੀ’ ਦੇ ਜ਼ਹਿਰ ਨੂੰ ਘੱਟ ਕੀਤਾ ਜਾ ਸਕੇ ਜਿਸ
ਦੀਆਂ ਤਬਾਹਕੁਨ ਮਿਸਾਲਾਂ ਸ਼ੰਕਰਾਚਾਰਿਆ ਤੋਂ ਹੁੰਦੇ ਹੋਏ 1947, 1984, 2002 ਅਤੇ ਮੌਜੂਦਾ ਸਮੇਂ
ਵਿਚ ਗੌਰੀ ਲੰਕੇਸ਼ ਦੇ ਕਤਲ ਅਤੇ ਬਰਮਾ ਵਿਚ ਇਕ ਫਿਰਕੇ ਦੇ ਘਾਣ ਦੇ ਰੂਪ ਵਿਚ ਮਾਨਵਤਾ ਦੇ ਨੂੰ
ਕਲੰਕਿਤ ਕਰ ਰਹੀਆਂ ਹਨ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
10 ਸਿਤੰਬਰ 2017 ਈਸਵੀ
(ਨੋਟ:- ਇਹ ਲਿਖਤ ‘ਸਿੱਖ ਮਾਰਗ’ ਦੇ ਸੰਪਾਦਕ ਵਲੋਂ ਉਠਾਏ ਕੁੱਝ ਸਵਾਲਾ ਨਾਲ ਸੰਬੰਧਿਤ ਹੈ ਇਸ ਲਈ
ਇਸ ਦਾ ਲਿੰਕ ਉਸ ਲੇਖ ਨਾਲ ਜੋੜ ਰਹੇ ਹਾਂ ਅਤੇ ਜੇ ਕਰ ਕੋਈ ਇਸ ਤੇ ਟਿੱਪਣੀ ਕਰਨਾ ਚਾਹੁੰਦਾ ਹੈ ਤਾਂ
ਉਥੇ ਕਰ ਸਕਦਾ ਹੈ)
http://www.sikhmarg.com/2017/0827-sach-de-tlash.html