ਸਿੱਖਾਂ ਗੋਚਰੇ ਕਰਨ ਵਾਲੇ ਕੰਮ
ਜਰਨੈਲ ਸਿੰਘ
ਸਿੱਖਾਂ ਗੋਚਰੇ ਕੁੱਝ ਕਰਨ ਵਾਲੇ
ਜ਼ਰੁਰੀ ਕੰਮ ਨੇ ਜੋ ਅਗਰ ਹੋਰ ਨਜ਼ਰਅੰਦਾਜ਼ ਕੀਤੇ ਗਏ ਤਾਂ ਬਹੁਤ ਨੁਕਸਾਨ ਹੋ ਸਕਦਾ ਹੈ। ਇਹਨਾਂ ਦਾ
ਸਬੰਧ ਸਿੱਖਾਂ ਅਤੇ ਸਿੱਖੀ ਦੀ ਜ਼ਿੰਦਗੀ ਨਾਲ ਹੈ। ਇਹ ਕੰਮ ਕੁੱਝ ਸਵਾਲਾਂ ਦਾ ਸਥਾਈ ਅਤੇ ਢੁਕਮਾ ਹੱਲ
ਲੱਭਣਾ ਹੈ।
ਸਿੱਖ ਦੀ ਜ਼ਿੰਦਗੀ
ਸਿੱਖ ਜ਼ਿੰਦਗੀ ਵਿੱਚ ਇੱਕ ਖਾਸ ਰੂਪ ਵਿੱਚ
ਵਿਚਰਦਾ ਹੈ ਜਿਸ ਨੂੰ ਸਾਬਤ ਸੂਰਤ ਅਤੇ ਪੰਜ ਕਕਾਰ ਕਰਕੇ ਜਾਣਿਆ ਜਾਂਦਾ ਹੈ। ਸਾਬਤ ਸੂਰਤ ਸਿੱਖ ਦੀ
ਪਹਿਚਾਣ ਹੈ। ਇਹ ਪਹਿਚਾਣ ਸਿੱਖ ਲਈ ਖਾਸ ਕਰਕੇ ਵਿਦੇਸ਼ਾਂ ਵਿੱਚ ਅਕਸਰ ਸਮੱਸਿਆ ਦਾ ਕਾਰਨ ਵੀ ਬਣੀ
ਹੋਈ ਹੈ। ਜਿਸ ਕਰਕੇ ਸਿੱਖ ਨੂੰ ਸਮੇ ਦੀ ਸਰਕਾਰ ਜਾਂ ਅਵਾਮ ਨਾਲ ਕਨੂੰਨੀ ਜਦੋਜਹਿਦ ਵੀ ਕਰਨੀ ਪੈ
ਰਹੀ ਹੈ। ਇਹ ਆਮ ਦੇਖਿਆ ਜਾ ਰਿਹਾ ਹੈ ਕਿ ਇਹ ਲੜਾਈ ਸਿੱਖ ਆਪਣੇ ਆਪ ਇਕੱਲਾ ਨੰਗੇ ਧੜ ਹੀ ਲੜ ਰਿਹਾ
ਹੈ। ਸਿੱਖਾਂ ਦੀ ਕੋਈ ਕੇਂਦਰੀ ਸੰਸਥਾ ਜਾਂ ਭਾਰਤ ਸਰਕਾਰ ਉਹਨਾਂ ਦੀ ਕੋਈ ਕਾਰਗਰ ਮਦਦ ਨਹੀਂ ਕਰਦੇ।
ਹਾਂ ਆਪਣੇ ਮੁਫਾਦ ਲਈ ਸਿਆਸੀ ਬਿਆਨਬਾਜ਼ੀ ਜ਼ਰੂਰ ਕਰਦੇ ਨੇ। ਸਾਬਤ ਸੂਰਤ ਰਹਿਣਾ ਅਤੇ ਪੰਜ ਕਕਾਰੀ
ਹੋਣਾ ਸਿੱਖ ਦਾ ਧਾਰਮਿਕ ਹੱਕ ਅਤੇ ਗੁਰਮਤਿ ਅਨਕੂਲ ਵੀ ਹੈ। ਸਿੱਖ ਨੂੰ ਆਪਣਾ ਇਹ ਹੱਕ ਮਾਨਣ ਵਿੱਚ
ਕਈ ਮੁਸ਼ਕਲਾਂ ਆ ਰਹੀਆਂ ਹਨ। ਸਾਬਤ ਸੂਰਤ ਦੀ ਇਸ ਸਮੱਸਿਆ ਵੱਲ਼ ਤਾਂ ਅਕਸਰ ਪੜ੍ਹਦੇ ਸੁਣਦੇ ਹਾਂ ਪਰ
ਇੱਕ ਹੋਰ ਵੀ ਸਮੱਸਿਆਂ ਹੈ ਜਿਸ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਗਿਆ। ਇਹ ਹੈ ਸਾਬਤ ਸੂਰਤ ਦੀ
ਭੇਖ ਵਜੋਂ ਵਰਤੋਂ। ਇਹ ਭੇਖ ਆਪਣੇ ਵੀ ਕਰਦੇ ਨੇ ਅਤੇ ਬੇਗਾਨੇ ਵੀ ਕਰਦੇ ਨੇ। ਸਿੱਖ ਲਈ ਇਸ ਦਾ ਹੱਲ
ਲੱਭਣਾ ਜ਼ਰੂਰੀ ਹੈ।
ਭੇਖ
ਸਿੱਖ ਦੇ ਸਾਬਤ ਸੂਰਤ ਪਹਿਰਾਵੇ ਨੂੰ ਭੇਖ ਬਣਾਉਣਾ ਬਹੁਤ ਅਸਾਨ ਹੈ। ਬਹੁਤ ਲੋਕ ਅਕਸਰ ਇਹ ਕਰਦੇ ਫੜੇ
ਵੀ ਗਏ ਨੇ। ਇਸ ਦਾ ਇੱਕ ਵੱਡਾ ਕਾਰਨ ਸਿੱਖੀ ਸਿਧਾਂਤ ਪ੍ਰਤੀ ਘੋਰ ਅਣਗਹਿਲੀ ਹੈ। ਅਸੀਂ ਸਾਬਤ ਸੂਰਤ
ਨੂੰ ਹੀ ਵਧੀਆ ਸਿੱਖ ਹੋਣ ਦਾ ਪ੍ਰਮਾਣ ਮੰਨੀ ਬੈਠੇ ਹਾਂ। ਇੱਕ ਸਾਬਤ ਸੂਰਤ ਬੰਦਾ ਜੋ ਅਗਰ ਚੋਰ
ਉਚੱਕਾ ਵੀ ਹੋਵੇ ਇੱਕ ਘੋਨ ਮੌਨ ਪਰ ਹੱਕ ਦੀ ਕਮਾਈ ਖਾਣ ਵਾਲੇ ਬੰਦੇ ਨਾਲੋ ਵਧੀਆਂ “ਸਿੱਖ” ਗਿਣਿਆ
ਜਾਂਦਾ ਹੈ। ਜਦ ਕਿ ਸਿੱਖੀ ਸਿਧਾਂਤ ਅਨੁਸਾਰ ਹੱਕ ਦੀ ਕਮਾਈ ਕਰਨ ਵਾਲਾ ਗੁਰਮਤ ਦੇ ਜ਼ਿਆਦਾ ਨਜ਼ਦੀਕ
ਮੰਨਿਆਂ ਜਾਣਾ ਚਾਹੀਦਾ ਹੈ। ਸਾਬਤ ਸੂਰਤ ਹੋਣ ਦੇ ਅਦੇਸ਼ ਪਿੱਛੇ ਕਰਤਾਰ ਦੀ ਰਜ਼ਾ ਵਿੱਚ ਰਹਿਣਾ ਹੈ।
ਜੋ ਬੰਦਾ ਹੱਕ ਦੀ ਕਮਾਈ ਨਹੀ ਕਰਦਾ ਜਾਂ ਕਿਸੇ ਦਾ ਹੱਕ ਮਾਰਦਾ ਹੈ ਉਹ ਤਾਂ ਕਰਤਾਰ ਦੇ ਹੁਕਮ ਦੀ
ਉਲੰਘਣਾ ਕਰ ਮਨਮੁਖਤਾ ਦੇ ਰਾਹ ਤੁਰ ਰਿਹਾ ਹੈ। ਪਰ ਅਕਸਰ ਇਹ ਦੇਖਣ ਨੰ ਮਿਲਦਾ ਹੈ ਕਿ ਅਗਰ ਕੋਈ
ਸਾਬਤ ਸੂਰਤ ਨਹੀਂ ਹੈ ਅਸੀਂ ਉਸ ਨੂੰ ਸਿੱਖ ਨਹੀਂ ਮੰਨਦੇ ਪਰ ਅਗਰ ਕੋਈ ਸਾਬਤ ਸੂਰਤ ਹੈ ਅਤੇ ਦਾੜਾ
ਪ੍ਰਕਾਸ਼ ਕੀਤਾ ਹੈ ਤਾਂ ਅਸੀ ਉਸ ਨੂੰ ਝੱਟ ਦੇਣੀ ਗੁਰਮੁਖ ਹੋਣ ਦਾ ਖਿਤਾਬ ਦੇ ਦੇਂਦੇ ਹਾਂ। ਅਸੀਂ ਇਹ
ਬਿਲਕੁਲ ਨਹੀਂ ਬਿਚਾਰਦੇ ਕੇ ਉਸ ਸ਼ਖਸ਼ ਦਾ ਕਿਰਦਾਰ ਕਿਹੋ ਜਿਹਾ ਹੈ। ਬਹੁਤ ਵਾਰ ਇਹ ਪਾਇਆ ਜਾਂਦਾ ਹੈ
ਕਿ ਇਹੋ ਜਿਹੇ ਬੰਦੇ ਘਿਣਾਉਣੇ ਕਿਰਦਾਰ ਦੇ ਮਾਲਕ ਹਨ। ਸਿੱਖਾਂ ਦੀ ਇਸ ਕਮਜ਼ੋਰੀ ਦਾ ਲਾਭ ਉਠਾਉਂਦਿਆਂ
ਕਈ ਬੰਦੇ ਸਾਬਤ ਸੂਰਤ ਬਣਦੇ ਹੀ ਇਸ ਕਰਕੇ ਨੇ ਤਾਂ ਜੋ ਉਹ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾ
ਸਕਣ। ਅਜਿਹੇ ਬੰਦਿਆਂ ਦੀ ਹੋਂਦ ਦੀ ਭਰਮਾਰ ਦਾ ਸਭ ਤੋਂ ਵੱਧ ਨੁਕਸਾਨ ਸਿੱਖ ਬੱਚਿਆ ਲਈ ਸਾਬਤ ਸੂਰਤ
ਵਿੱਚ ਕੋਈ ਵੀ ਰੋਲ ਮਾਡਲ ਨ ਰਹਿਣਾ ਹੈ। ਇਹਨਾਂ ਬੰਦਿਆਂ ਨੇ ਸਾਬਤ ਸੂਰਤ ਨੂੰ ਦਾਗੀ ਬਣਾ ਦਿੱਤਾ
ਹੈ। ਇਸ ਅਣਹੋਂਦ ਕਾਰਨ ਸਿੱਖ ਬੱਚਿਆਂ ਦੀ ਹਾਲਤ ਮੇਲੇ `ਚ ਗੁਆਚੇ ਬਾਲ ਦੀ ਤਰ੍ਹਾਂ ਹੈ। ਉਹਨਾਂ ਨੂੰ
ਪਤਾ ਨਹੀਂ ਲਗ ਰਿਹਾ ਉਹ ਕਿਧਰ ਨੂੰ ਜਾਣ।
ਕਈ ਵਾਰ ਗੁਰਦਵਾਰਿਆਂ ਵਿੱਚ ਬਾਣੇ ਦੇ ਮੁਕਾਬਲੇ ਵੀ ਕਰਾਏ ਜਾਂਦੇ ਨੇ ਜਿਨ੍ਹਾਂ ਵਿੱਚ ਚਿੱਤਰਕਾਰਾਂ
ਦੀਆਂ ਪ੍ਰਚੱਲਤ ਕਾਲਪਨਿਕ ਤਸਵ੍ਰੀਰਾਂ ਵਰਗੇ ਕੱਪੜੇ ਪਾ ਕੇ ਸ਼ਮੂਲੀਅਤ ਕੀਤੀ ਜਾਂਦੀ ਹੈ। ਪਹਿਰਾਵਾ
ਸੱਭਿਆਚਾਰ ਦੀ ਨਿਸ਼ਾਨੀ ਹੈ ਜੋ ਸਮੇ ਦੇ ਨਾਲ ਬਚਲਦਾ ਵੀ ਰਹਿੰਦਾ ਹੈ। ਇਸ ਨੂੰ ਧਰਮ ਨਾਲ ਜੋੜਨਾ
ਸਿਆਣਪ ਨਹੀਂ ਹੈ। ਗੁਰੂ ਸਾਹਿਬ ਦੇ ਵੇਲੇ ਦਾ ਪਹਿਰਾਵਾਂ ਪੰਜਾਬ ਵਿੱਚੋਂ ਹੁਣ ਲਗਭਗ ਗਾਇਬ ਹੋ ਚੁਕਾ
ਹੈ। ਅਜ ਕਲ ਇੱਕ ਹੋਰ ਰੁਝਾਨ ਵੀ ਦੇਖਣ ਨੂੰ ਮਿਲਦਾ ਹੈ। ਜਿੰਨੇ ਵੀ ਪਾਠੀ ਜਾਂ ਰਾਗੀ ਸਿੰਘ ਨੇ
ਉਹ ਆਪਣਾ ਪਹਿਰਾਵਾ ਵੱਖਰਾ ਰੱਖਦੇ ਨੇ। ਸਿੱਖਾਂ ਦੇ ਮਨਾਂ ਵਿੱਚ ਇਹ ਗੱਲ ਘਰ ਕਰ ਗਈ ਹੈ ਕਿ ਇਹਨਾਂ
ਦਾ ਪਹਿਰਾਵਾ ਵੱਖਰਾ ਹੁੰਦਾ ਹੈ ਅਤੇ ਇਹ ਆਮ ਸਿੱਖ ਨਾਲੋਂ ਵੱਖਰੇ ਨੇ। ਇਸ ਨਾਲ ਪੁਜਾਰੀਵਾਦ ਪੈਦਾ
ਹੋ ਰਿਹਾ ਹੈ। ਸਿੱਖਾਂ ਨੂੰ ਸ਼ਾਇਦ ਇਹ ਬੜਾ ਓਪਰਾ ਲਗੇ ਅਗਰ ਕੋਈ ਪੈਂਟ ਕਮੀਜ਼ ਪਾਉਣ ਵਾਲਾ ਜਾਂ ਆਮ
ਸਿੱਖ ਦੇ ਪਹਿਰਾਵੇ ਵਾਲਾ ਆਦਮੀ ਜਾਂ ਔਰਤ ਗੁਰਦਾਵਾਰੇ ਵਿੱਚ ਗ੍ਰੰਥੀ ਸਿੰਘ ਦੀ ਸੇਵਾ ਕਰੇ। ਇਸੇ
ਪੁਜਾਰੀਵਾਦ ਦਾ ਭਿਅੰਕਰ ਰੂਪ ਡੇਰਾਵਾਦ ਹੈ ਜਿਸਦਾ ਜਨਮ ਭੇਖ ਵਿਚੋਂ ਹੀ ਹੁੰਦਾ ਹੈ। ਵੱਖ ਵੱਖ
ਡੇਰੇ ਆਪਣਾ ਪਹਿਰਾਵਾ ਖਾਸ ਰੱਖਦੇ ਨੇ। ਇਹ ਤਾਂ ਬਿਲਕੁਲ ਇਵੇਂ ਹੈ ਜਿਵੇੱ ਬਜ਼ਾਰ ਵਿੱਚ ਹਰ ਕੰਪਨੀ
ਆਪਣੇ ਆਪਣੇ ਮਾਲ ਦੀ ਇੱਕ ਅਲਹਿਦਾ ਪਹਿਚਾਣ ਬਣਾਉਣ ਲਈ ਹਰ ਹੀਲਾ ਵਰਤਦੀ ਹੈ। ਸਿੱਖ ਸਿਰਫ ਬਾਹਰੀ
ਭੇਖ ਦੇਖ ਕੇ ਇਹਨਾਂ ਦੇ ਜਾਲ ਵਿੱਚ ਫਸ ਇਹਨਾਂ ਦਾ ਮਾਲ ਖਰੀਦ ਰਿਹਾ ਹੈ। ਅਗਰ ਸਾਬਤ ਸੂਰਤ ਨੂੰ ਸਹੀ
ਅਰਥਾਂ ਵਿੱਚ ਸਮਝਿਆ ਅਤੇ ਪਰਚਾਰਿਆ ਜਾਂਦਾ ਤਾਂ ਸਿੱਖੀ ਵਿੱਚ ਡੇਰਾਵਾਦ ਘੁਸਪੈਠ ਨਹੀਂ ਸੀ ਕਰ
ਸਕਦਾ। ਜਦੋਂ ਸਿੱਖ ਸਿਧਾਂਤ ਨਾਲੋਂ ਟੁੱਟ ਕੇ ਸੂਰਤ ਪਿਛੇ ਤੁਰ ਪਏ ਉਦੋਂ ਹੀ ਡੇਰਾਵਾਦ ਸਿੱਖੀ ਦੇ
ਵਿਹੜੇ ਵੜਿਆ। ਇਤਿਹਾਸ ਇਸ ਗਲ ਦਾ ਗਵਾਹ ਹੈ।
ਸਾਬਤ ਸੂਰਤ ਸਾਰੀ ਦੁਨੀਆ ਨੂੰ ਇੱਕ ਕਰਨ ਦੀ ਤਰਕੀਬ ਹੈ ਨ ਕਿ ਅਲਿਹਦਾ ਲੱਗਣ ਦੀ। ਅਗਰ ਸਾਰੇ ਧਰਮਾਂ
ਵਾਲੇ ਰੱਬ ਦੀ ਰਜ਼ਾ ਵਿੱਚ ਰਹਿੰਦਿਆਂ ਸਾਬਤ ਸੂਰਤ ਨੂੰ ਨ ਭੰਨਣ ਤਾਂ ਸਾਰੀ ਮਨੁਖਤਾ ਇਕੋ ਜਿਹੀ ਲਗੇ।
ਸਾਰੀ ਮਾਨਵਤਾ ਨੂੰ ਇੱਕ ਕਰਨ ਦਾ ਇਹ ਵਾਹਦ ਇੱਕੋ ਇੱਕ ਕੁਦਰਤੀ ਤਰੀਕਾ ਹੈ। ਸਾਬਤ ਸੂਰਤ ਦੇ ਇਸ
ਪਹਿਲੂ ਨੁੰ ਅਪਨਾਉਣ ਅਤੇ ਪ੍ਰਚਾਰਨ ਦੀ ਵਜਾਏ ਸਿੱਖ ਇਸ ਨੂੰ ਨਿਰਾਲਾ ਲੱਗਣ ਲਈ ਹੀ ਵਰਤ ਰਹੇ ਨੇ।
ਉਹ ਇਸ ਤੇ ਮਾਣ ਵੀ ਕਰਦੇ ਨੇ ਕੇ ਗੁਰੁ ਸਾਹਿਬ ਨੇ ਸਾਨੂੰ ਨਿਰਾਲੇ ਬਣਇਆ। ਇਹ ਗੱਲ ਗੁਰਮਤ ਦੇ
ਅਨਕੂਲ ਨਹੀਂ ਹੈ। ਅਗਰ ਸਾਬਤ ਸੂਰਤ ਨੂੰ ਸਾਬਤ ਸੂਰਤ ਹੀ ਰਹਿਣ ਦਿੱਤਾ ਜਾਂਦਾ ਅਤੇ ਕੋਈ ਨਿਰਾਲਾ
ਪਹਿਰਾਵਾ ਨਾ ਬਣਾਇਆ ਜਾਂਦਾ ਤਾਂ ਇਸ ਦਾ ਭੇਖ ਬਣਾਉਣਾ ਬਹੁਤ ਮੁਸ਼ਕਲ ਸੀ।
ਕੀ ਕਰਨਾ ਚਾਹੀਦਾ
• ਸਾਬਤ ਸੂਰਤ ਨੂੰ ਸਿੱਖਾਂ ਦਾ ਨਿਰਾਲਾ ਭੇਸ
ਦੱਸਣ ਦੀ ਵਜਾਏ ਰੱਬ ਦੀ ਰਜ਼ਾ ਵਿੱਚ ਰਹਿਣਾ ਦੱਸਣਾ ਚਾਹੀਦਾ ਹੈ।
• ਸਿੱਖਾਂ ਨੂੰ ਇਹ ਗੱਲ ਦੁਨੀਆਂ ਨੂੰ ਉਚੀ ਸੁਰ ਵਿੱਚ ਦੱਸਣੀ ਚਾਹੀਦੀ ਹੈ ਕਿ ਹਰ ਸਾਬਤ ਸੂਰਤ ਸ਼ਖਸ਼
ਸਿੱਖ ਨਹੀਂ ਹੁੰਦਾ। ਸਿੱਖ ਹੋਣ ਲਈ ਸਿੱਖੀ ਸਿਧਾਂਤ ਪਹਿਲਾਂ ਆਉਂਦਾ ਹੈ। ਸਾਬਤ ਸੂਰਤ ਹੋਣਾ ਬਾਅਦ
ਵਿੱਚ।
• ਇਹ ਗੱਲ ਵੀ ਸਾਫ ਕਰ ਦੇਣੀ ਚਾਹੀਦੀ ਹੈ ਕਿ ਕੋਈ ਵੀ ਪਹਿਰਾਵਾ ਸਿੱਖ ਪਹਿਰਾਵਾ ਨਹੀਂ ਹੈ।
• ਇਸ ਦੀ ਸ਼ੁਰੂਆਤ ਸਿੱਖਾਂ ਨੂੰ ਆਪਣੇ ਗੁਰੁਦਵਾਰਿਆਂ ਤੋਂ ਕਰਨੀ ਚਾਹੀਦੀ ਹੈ। ਗੁਰੁਦਵਾਰਿਆਂ ਵਿੱਚ
ਕਿਸੇ ਵੀ ਵਿਅਕਤੀ ਦੇ ਸਨਮਾਨ ਸਮੇ ੳਸ ਦੇ ਪਹਿਰਾਵੇ ਨੂੰ ਵੇਖਣ ਦੀ ਵਜਾਏ ਉਸ ਦੇ ਕਿਰਦਾਰ ਨੂੰ
ਵੇਖਿਆ ਜਾਣਾ ਚਾਹੀਦਾ ਹੈ।
• ਸਿੱਖਾਂ ਵਿੱਚ ਇੱਕ ਰੁਝਾਨ ਇਹ ਵੀ ਹੈ ਕਿ ਅਗਰ ਗੁਰੂਦਵਾਰੇ ਵਿੱਚ ਸਾਬਤ ਸੂਰਤ “ਸਿੱਖ” ਵਲੋਂ ਕੋਈ
ਮਾੜੀ ਜਾਂ ਗਲਤ ਹਰਕਤ ਹੁੰਦੀ ਹੈ ਤਾਂ ਉਸ ਨੁੰ ਗੁਰੂ ਘਰ ਦੀ ਬਦਨਾਮੀ ਕਾਰਨ ਛੁਪਾਇਆਂ ਜਾਂਦਾ ਹੈ।
ਇਹ ਰੁਝਾਨ ਬੰਦ ਹੋਣਾ ਚਾਹੀਦਾ ਹੈ ਕਿਉਂਕਿ ਇਸ ਕਰਕੇ ਇਹੋ ਜਿਹੇ ਬੰਦਿਆਂ ਦਾ ਹੌਂਸਲਾ ਵਧਦਾ ਜਾਂਦਾ
ਹੈ।
• ਗੁਰਦਵਾਰਿਆ ਵਿੱਚ ਹਰ ਉਸ ਚੰਗੇ ਕੰਮ ਦੀ ਵਡਿਆਈ ਹੋਣੀ ਚਾਹੀਦੀ ਹੈ ਜੋ ਗੁਰਮਤ ਅਨੁਕੂਲ ਹੈ। ਹਰ
ਉਸ ਕੰਮ ਦੀ ਨਿੰਦਾ ਹੋਣੀ ਚਾਹੀਦੀ ਹੈ ਜੋ ਗੁਰਮਤ ਦੇ ਉਲਟ ਹੈ। ਇਸ ਵਿੱਚ ਇਹ ਭੇਦ ਭਾਵ ਨਹੀਂ ਹੋਣਾ
ਚਾਹੀਦਾ ਕਿ ਕੰਮ ਕਿਸ ਨੇ ਕੀਤਾ ਅਤੇ ਕਿਥੇ ਕੀਤਾ।
ਕ੍ਰਿਪਾਨ
ਗੁਰੂ ਸਾਹਿਬ ਨੇ ਸਿੱਖ ਨੂੰ ਸ਼ਾਸਤਰਧਾਰੀ ਹੋਣ
ਦੀ ਸਿੱਖਿਆ ਦਿੱਤੀ। ਇਸੇ ਕਰਕੇ ਕ੍ਰਿਪਾਨ ਪੰਜਾਂ ਕਕਾਰਾਂ ਵਿੱਚ ਸ਼ਾਮਲ ਹੈ। ਪਰ ਕ੍ਰਿਪਾਨ ਪਹਿਨਣ
ਨਾਲ ਕਾਫੀ ਮੁਸ਼ਕਲਾ ਪੈਦਾ ਹੋ ਰਹੀਆਂ ਹਨ। ਗੁਰੂ ਸਾਹਿਬ ਵੇਲੇ ਇਹ ਮੁਸ਼ਕਲਾਂ ਮੌਜੂਦ ਨਹੀਂ ਸਨ। ਸਮੇ
ਦੇ ਬਦਲਾਅ ਨਾਲ ਸਰਕਾਰਾਂ ਦੀ ਕਾਰਗੁਜਾਰੀ ਬਦਲ ਗਈ ਹੈ। ਗੁਰੂ ਸਾਹਿਬ ਵੇਲੇ ਸਰਕਾਰਾਂ ਦਾ ਢਾਂਚਾ
ਵੱਖਰਾ ਸੀ। ਅਮੀਰ ਲੋਕ ਆਪਣੇ ਨਿਜੀ ਸ਼ਾਸ਼ਤ੍ਰਧਾਰੀ ਦਲ ਵੀ ਆਮ ਰੱਖਦੇ ਸਨ। ਇਸ ਲਈ ਆਮ ਬੰਦੇ ਲਈ
ਸ਼ਾਸਤ੍ਰ ਧਾਰਨ ਕਰਨਾ ਕੋਈ ਇਤਰਾਜ਼ ਯੋਗ ਗੱਲ ਨਹੀਂ ਸੀ। ਸਰਕਾਰਾਂ ਵਲੋਂ ਅੱਜ ਦੀ ਤਰ੍ਹਾਂ ਲੋਕਾਂ ਦੀ
ਸਹਾਇਤਾ ਲਈ ਪੁਲੀਸ ਨਹੀ ਰੱਖੀ ਜਾਂਦੀ ਸੀ। ਲੋਕ ਆਪਣੀ ਹਿਫਾਜਤ ਆਪ ਕਰਦੇ ਸਨ। ਨ ਹੀ ਗੁਰੂ ਸਾਹਿਬ
ਵੇਲੇ ਅੱਜ ਕਲ ਦੀ ਤਰ੍ਹਾਂ ਹਵਾਈ ਜ਼ਹਾਜ ਆਦਿਕ ਹੁੰਦੇ ਸਨ ਜਿਨ੍ਹਾਂ ਵਿੱਚ ਹਥਿਆਰ ਲੈਕੇ ਬੈਠਣ ਦੀ
ਇਜ਼ਾਜ਼ਤ ਦੇਣਾ ਕਿਸੇ ਸੂਰਤ ਵਿੱਚ ਵੀ ਜ਼ਾਇਜ਼ ਨਹੀਂ ਹੈ। ਇਸ ਸਮੇ ਦੇ ਅਦਲ ਬਦਲ ਦੁਰਾਨ ਕਿਸੇ ਵੀ ਸਿੱਖ
ਸੰਸਥਾ ਵਲੋਂ ਕ੍ਰਿਪਾਨ ਸਬੰਧੀ ਇਸ ਨੂੰ ਸਮੇ ਦੇ ਹਾਣ ਦਾ ਬਣਾਈ ਰੱਖਣ ਲਈ ਕੋਈ ਕਾਰਵਾਈ ਨਹੀਂ ਕੀਤੀ
ਗਈ। ਇਸ ਦੇ ਭਿਆਨਕ ਨਤੀਜ਼ੇ ਨਿਕਲੇ ਹਨ।
• ਜ਼ਿਆਦਾਤਰ ਸਿੱਖ ਕ੍ਰਿਪਾਨ ਪਹਿਨਣਾ ਛੱਡ ਚੁੱਕੇ ਨੇ। ਪਹਿਨਣ ਵਲਿਆਂ ਵਿਚੋਂ ਵੀ ਬਹੁਤੇ ਇਸ ਨੂੰ
ਲੁਕਵੇਂ ਢੰਗ ਨਾਲ ਪਹਿਨਦੇ ਹਨ।
• ਕ੍ਰਿਪਾਨ ਸ਼ਾਸਤ੍ਰ ਨ ਹੋ ਕੇ ਮਹਿਜ਼ ਇੱਕ ਧਾਰਮਕ ਚਿੰਨ ਬਣ ਕੇ ਰਹਿ ਗਈ ਹੈ। ਜਿਸ ਮੰਤਵ ਲਈ ਗੁਰੂ
ਸਾਹਿਬ ਨੇ ਇਸ ਦਾ ਹੁਕਮ ਕੀਤਾ ਸੀ ਉਹ ਮੰਤਵ ਅਤੇ ੳਸਦੀ ਪੂਰਤੀ ਭੁੱਲ ਭਲਾ ਦਿੱਤੀ ਗਈ ਹੈ। ਇਸ ਕਰਕੇ
ਜਦੋਂ ਕਈ ਲੋਕ ਇਸ ਦੀੰ ਜਨੇਉ ਨਾਲ ਤੁਲਨਾ ਕਰਦੇ ਨੇ ਤਾਂ ਉਹ ਇਸ ਗਿਰਾਵਟ ਵਲ ਹੀ ਇਸ਼ਾਰਾ ਕਰ ਰਹੇ
ਹੁੰਦੇ ਨੇ। ਗੁੱਸੇ ਹੋਣ ਦੀ ਵਜਾਏ ਸਾਨੂੰ ਇਸ ਗਿਰਾਵਟ ਦਾ ਕੋਈ ਇਲਾਜ਼ ਕਰਨਾ ਚਾਹੀਦਾ ਹੈ।
• ਜੋ ਵੀ ਸਿੱਖ ਇਸ ਨੂੰ ਪਹਿਨਦਾ ਹੈ ਉਹ ਅਕਸਰ ਮੌਕੇ ਦੀ ਹਕੂਮਤ ਅਤੇ ਅਧਿਕਾਰੀਆਂ ਨਾਲ ਆਪਣੇ ਹੱਕ
ਲਈ ਉਲਝਦਾ ਅਤੇ ਲੜਦਾ ਰਹਿੰਦਾ ਹੈ ਜਿਸਦੇ ਕਈ ਵਾਰ ਅਣਸੁਖਾਵੇਂ ਨਤੀਜ਼ੇ ਵੀ ਨਿਕਲਦੇ ਨੇ।
• ਸ਼ਾਸਤ੍ਰਧਾਰੀ ਹੋਣ ਦਾ ਮਤਲਬ ਵੀ ਸਿਰਫ ਸ਼ਾਸ਼ਤ੍ਰ ਪਹਿਨਣਾ ਹੀ ਬਣ ਚੁੱਕਾ ਹੈ। ਸਾਸਤ੍ਰ ਚਲਾਉਣਾ
ਆਉਣਾ ਅਤੇ ਖਾੜਕੂ ਸੋਚ ਜੋ ਜ਼ੁਲਮ ਅਤੇ ਬੇਇਨਸਾਫੀ ਵਿਰੁੱਧ ਡੱਟਦੀ ਹੈ ਗਾਇਬ ਹੋ ਚੁੱਕੀ ਹੈ। ਪੰਜ
ਕਕਾਰੀ ਸਿੱਖਾਂ ਦਾ ਜ਼ੋਰ ਜੁਲਮ ਦੇਖ ਕੇ ਚੁੱਪ ਵੱਟਣੀ ਜਾਂ ਜ਼ਾਲਮ ਧਿਰ ਨਾਲ ਖੜਨਾ ਇੱਕ ਆਮ ਗੱਲ ਹੋ
ਗਈ ਹੈ। ਹਾਲਤ ਇੱਥੋਂ ਤਕ ਗਿਰ ਚੁੱਕੀ ਹੈ ਕਿ ਹੁਣ ਕੋਈ ਇਹ ਉਮੀਦ ਘੱਟ ਹੀ ਕਰਦਾ ਹੈ ਕਿ ਸਾਬਤ ਸੂਰਤ
ਸਿੱਖ ਸੱਚ ਨਾਲ ਖੜੇਗਾ। ਉਸ ਕੋਲੋਂ ਵੀ ਬਾਕੀ ਭੀੜ ਦੀ ਤਰ੍ਹਾਂ ਆਪਣੀ ਲਾਭ ਹਾਨੀ ਦੇ ਹਿਸਾਬ ਨਾਲ
ਸੱਚ ਨੂੰ ਨਜ਼ਰ ਅੰਦਾਜ਼ ਕਰਨ ਦੀ ਉਮੀਦ ਕੀਤੀ ਜਾਂਦੀ ਹੈ।
• ਕੁਝ ਦਿਨ ਪਹਿਲਾਂ ਸਰਸੇ ਵਾਲੇ ਸਾਧ ਨੂੰ ਬਲਾਤਕਾਰ ਦਾ ਦੋਸ਼ੀ ਪਾਇਆ ਗਿਆ। ਉਸ ਨੂੰ ਕੀਤੇ ਕੁਕਰਮਾਂ
ਦੀ ਸਜ਼ਾ ਦੁਆਉਣ ਲਈ ਸੀ ਬੀ ਆਈ ਦੇ ਕੁੱਝ ਅਫਸਰਾਂ ਨੇ ਬੇਤਹਾਸ਼ਾਂ ਸਰਕਾਰੀ ਸਿਆਸੀ ਦਬਾਅ ਦੇ ਬਾਵਜੂਦ
ਸੱਚ ਅਤੇ ਨਿਆਂ ਦਾ ਪੱਲਾ ਫੜੀ ਰੱਖਿਆ। ਇਸ ਮਾਮਲੇ ਵਿੱਚ ਉਹਨਾਂ ਦੇ ਕਿਰਦਾਰ ਦੇ ਮੁਕਾਬਲੇ ਅਕਾਲ
ਤਖਤ ਅਤੇ ਹੋਰ ਤਖਤਾਂ ਦੇ ਜਥੇਦਾਰਾਂ ਦਾ ਅਤੇ ਸਿਖਾਂ ਦੀ ਸਿਆਸੀ ਲੀਡਰਸ਼ਿਪ ਦਾ ਕਿਰਦਾਰ ਦੇਖਣ ਨਾਲ
ਜਲਦ ਹੀ ਇਹ ਅਹਿਸਾਸ ਹੋ ਜਾਂਦਾ ਹੈ ਕਿ ਅਜਿਹੇ ਸਿੱਖਾਂ ਨੇ ਕਿਰਪਾਨ ਸਿਰਫ ਦਿਖਾਵੇ ਲਈ ਪਹਿਨ ਰੱਖੀ
ਹੈ। ਤਿੰਨ ਫੁਟੀ ਕਿਰਪਾਨ ਪਹਿਨ ਕੇ ਅਗਰ ਸੱਚ ਇਨਸਾਫ ਨਾਲ ਨਹੀਂ ਖੜਨਾ ਤਾਂ ਇਹ ਕ੍ਰਿਪਾਨ ਗੁਰੂ
ਦੁਆਰਾ ਬਖਸ਼ੀ ਨਹੀਂ ਹੋ ਸਕਦੀ। ਬੈਸੇ ਕ੍ਰਿਪਾਨ ਪਹਿਨਣ ਨੂੰ ਤਾਂ ਕੋਈ ਵੀ ਪਹਿਨ ਸਕਦਾ ਪਰ ਗੁਰੂ
ਦੁਆਰਾ ਬਖਸ਼ੀ ਕ੍ਰਿਪਾਨ ਪਹਿਨਣ ਤੋਂ ਪਹਿਲਾਂ ਲੋੜੀਂਦਾ ਕਿਰਦਾਰ ਲਾਜ਼ਮੀ ਹੈ।
• ਕ੍ਰਿਪਾਨ ਵਾਰੇ ਇੱਕ ਆਮ ਧਾਰਨਾ ਇਹ ਵੀ ਹੈ ਕਿ ਇਸ ਨੂੰ ਸਿੱਖ ਨੇ ਕਦੇ ਵੀ ਸਰੀਰ ਨਾਲੋਂ ਜੁਦਾ
ਨਹੀ ਕਰਨਾ। ਇਸ ਧਾਰਨਾ ਦੇ ਅੱਖਰੀ ਅਰਥ ਕਰਕੇ ਕਈ ਵਲ ਵਲੇਵੇਂ ਪਾ ਇਸ ਧਾਰਨਾ ਦੀ ਪੂਰਤੀ ਕੀਤੀ
ਜਾਂਦੀ ਹੈ। ਮਸਲਨ ਕੰਙੇ ਉਪਰ ਕ੍ਰਿਪਾਨ ਦਾ ਚਿੰਨ ਬਣਾ ਕੇ ਵੀ ਇਹ ਕੰਮ ਸਾਰ ਲਿਆ ਜਾਂਦਾ ਹੈ। ਜੇ ਇਹ
ਮਜ਼ਾਕ ਨਹੀ ਤਾਂ ਮਜ਼ਾਕ ਹੋਰ ਕਿਸ ਨੂੰ ਕਹਾਂਗੇ।
ਕੀ ਕਰਨਾ ਚਾਹੀਦਾ
ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਹੁਣ
ਸਮਾ ਗੁਰੂ ਸਾਹਿਬ ਦੇ ਕਾਰਜ ਕਾਲ ਵਾਲਾ ਨਹੀਂ ਹੈ। ਨ ਤਾਂ ਸਰਕਾਰਾਂ ਉਹੋ ਜਿਹੀਆਂ ਹਨ ਅਤੇ ਨ ਹੀ
ਕਨੂੰਨ। ਕ੍ਰਿਪਾਨ ਤਾਂ ਮਹਿਜ਼ ਇੱਕ ਸਾਧਨ ਸੀ। ਇਸ ਦੇ ਪਿਛੇ ਜੋ ਸੋਚ ਹੈ ਉਸ ਤੇ ਪਹਿਰਾ ਦੇਣ ਦੀ ਲੋੜ
ਹੈ। ਇਹ ਸੋਚ ਹੈ ਸੱਚ ਲਈ ਖੜਨਾ ਅਤੇ ਲੜਨਾ। ਸਮੇ ਦੇ ਬਦਲਣ ਨਾਲ ਰ੍ਰਿਪਾਨ ਸਬੰਧੀ ਇੱਕ ਨੀਤੀ ਬਣਨੀ
ਚਾਹੀਦੀ ਹੈ ਜਿਸ ਵਿੱਚ ਹੇਠਾਂ ਦਿੱਤੇ ਮੁੱਦੇ ਵਿਚਾਰਨੇ ਚਾਹੀਦੇ ਨੇ।
• ਕ੍ਰਿਪਾਨ ਧਾਰਨ ਕਰਨ ਦੀ ਕੀ ਉਮਰ ਹੋਣੀ ਚਾਹੀਦੀ ਹੈ।
• ਕ੍ਰਿਪਾਨ ਧਾਰਨ ਕਰਨ ਤੋਂ ਪਹਿਲਾਂ ਇਸ ਦੀ ਵਰਤੋਂ ਦੀ ਸਿਖਲਾਈ ਜਰੂਰੀ ਹੋਣੀ ਚਾਹੀਦੀ ਹੈ। ਨਹੀਂ
ਤਾਂ ਇਹ ਬਚਾਅ ਦਾ ਸਾਧਨ ਹੋਣ ਦੀ ਬਜਾਏ ਮੌਤ ਦਾ ਕਾਰਨ ਬਣ ਸਕਦੀ ਹੈ। ਅਜਿਹਾ ਕਈ ਵਾਰ ਹੋ ਚੁੱਕਾ
ਹੈ।
• ਸਿਖਲਾਈ ਲਈ ਜਿੰਮੇਵਾਰੀ ਕੌਣ ਲਏਗਾ।
• ਸਕੂਲ ਜਾਂਦੇ ਬੱਚਿਆਂ ਨੂੰ ਕ੍ਰਿਪਾਨ ਪਾਉਣੀ ਚਾਹੀਦੀ ਹੈ ਜਾਂ ਨਹੀਂ।
• ਹਵਾਈ ਸਫਰ ਕਰਨ ਵੇਲੇ ਜਾਂ ਕਿਸੇ ਹੋਰ ਜਨਤਕ ਜਗਾਹ ਤੇ ਜਾਣ ਵੇਲੇ ਸਿੱਖ ਨੂੰ ਕੀ ਕਰਨਾ ਚਾਹੀਦਾ
ਹੈ।
• ਖੇਡ ਦੇ ਮੈਦਾਨ ਵਿੱਚ ਉੱਤਰਨ ਵੇਲੇ ਸਿੱਖ ਨੁੰ ਕੀ ਕਰਨਾ ਚਾਹੀਦਾ ਹੈ।
ਅਗਰ ਅਜਿਹੀ ਕੋਈ ਨੀਤੀ ਬਣਦੀ ਹੈ ਤਾਂ ਦੁਨੀਆਂ ਨੂੰ ਇਹ ਸਮਝਣ ਸਮਝਾਉਣ ਵਿੱਚ ਬਹੁਤ ਅਸਾਨੀ ਹੋਵੇਗੀ
ਕਿ ਸਿੱਖ ਕ੍ਰਿਪਾਨ ਕਿਉਂ ਪਹਿਨਦੇ ਨੇ। ਦਿੱਤੀ ਜਾਦੀ ਸਿਖਲਾਈ ਵਿੱਚ ਕਿਪਾਨ ਦੀ ਦੁਰਵਰਤੋਂ ਪ੍ਰਤੀ
ਸਖਤ ਤਾੜਨਾ ਵੀ ਹੋਣੀ ਚਾਹੀਦੀ ਹੈ। ਸਿਖਲਾਈ ਵਾਲੀ ਸੰਸਥਾ ਅਤੇ ਸਿੱਖ ਰਲ ਕੇ ਅਗਰ ਆਪਣੀ ਚੰਗੀ ਭੱਲ
ਬਣਾਉਣ ਵਿੱਚ ਕਾਮਯਾਬ ਹੁੰਦੇ ਨੇ ਤਾਂ ਇਸ ਸੰਸਥਾ ਵਲੋ ਦਿੱਤੀ ਗਈ ਸਨਦ ਸਿੱਖਾਂ ਦੀ ਜ਼ਿੰਦਗੀ ਬਹੁਤ
ਸੁਖਾਲੀ ਕਰ ਸਕਦੀ ਹੈ।
ਸਿੱਖੀ ਦੀ ਜਿੰਦਗੀ
ਸਿੱਖੀ ਅਜਕਲ ਚੁੱਪ ਹੈ। ਜੇ ਕਦੇ ਬੋਲਦੀ ਵੀ
ਹੈ ਤਾਂ ਜਵਾਬ ਵਿੱਚ ਬੋਲਦੀ ਹੈ। ਬੋਲ ਬੁਲਾਰਾ ਬਹੁਤ ਹੈ ਪਰ ਸਿੱਖੀ ਚੁੱਪ ਹੈ। ਇਹ ਬੋਲ ਬੁਲਾਰਾ
ਸਿੱਖੀ ਨੂੰ ਧੁੰਦਲਾ ਕਰ ਰਿਹਾ ਹੈ। ਸਿੱਖੀ ਆਪਣੀ ਗੱਲ ਨਹੀਂ ਸੁਣਾਉਂਦੀ। ਇਸ ਕਰਕੇ ਦੁਨੀਆਂ ਨੂੰ
ਪਤਾ ਹੀ ਨਹੀ ਲਗ ਰਿਹਾ ਕਿ ਸਿੱਖੀ ਕੀ ਹੈ। ਸਿੱਖੀ ਕਦੇ ਵੀ ਕਿਸੇ ਵੀ ਸਿਆਸੀ, ਸਮਾਜਿਕ, ਵਿਗਿਆਨਿਕ
ਜਾਂ ਸੱਭਿਆਚਾਰਿਕ ਮਸਲੇ ਤੇ ਨਹੀ ਬੋਲੀ। ਸਿੱਖੀ ਕੋਲ ਬੋਲਣ ਲਈ ਬਹੁਤ ਕੁੱਝ ਹੈ ਪਰ ਚੁੱਪ ਹੈ। ਗੁਰੂ
ਸਾਹਿਬ ਨੇ ਸਿੱਖੀ ਨੂੰ ਬੋਲਣ ਦੀ ਜਾਚ ਹੀ ਨਹੀਂ ਬਲਕਿ ਬੋਲਣ ਦੀ ਦਲੇਰੀ ਵੀ ਦਿੱਤੀ। ਫਿਰ ਵੀ ਸਿੱਖੀ
ਚੁੱਪ ਹੈ। ਪਰ ਸਿਆਸਤ ਬੋਲਦੀ ਹੈ। ਸਮਾਜ ਬੋਲਦਾ ਹੈ। ਸਭਿਆਚਾਰ ਬੋਲਦਾ ਹੈ। ਇਹਨਾਂ ਬੋਲਾਂ ਵਿੱਚ
ਸਵਾਲ ਨੇ ਜੋ ਜਵਾਬ ਮੰਗਦੇ ਨੇ। ਬਿਨਾ ਬੋਲੇ ਸਿਰਫ ਅਕਾਲ ੁਪਰਖ ਸੁਣਦਾ ਹੈ। ਦੁਨੀਆ ਚੁੱਪ ਦੀ ਭਾਸ਼ਾ
ਨਹੀਂ ਜਾਣਦੀ। ਦੁਨੀਆ ਤਾਂ ਬੋਲਾਂ ਨੂੰ ਵੀ ਵਿਗਾੜ ਕੇ ਆਪਣੇ ਮਤਲਬ ਦੇ ਅਰਥ ਕੱਢਣ ਦੀ ਕੋਸ਼ਿਸ਼ ਵਿੱਚ
ਰਹਿੰਦੀ ਹੈ। ਚੁੱਪ ਦੇ ਅਰਥ ਤਾਂ ਜੋ ਮਰਜ਼ੀ ਕਰ ਲਏ ਜਾਣ।
ਗੁਰੂ ਸਾਹਿਬ ਵੇਲੇ ਸਿੱਖੀ ਦੇ ਵਧਣ ਫੁਲਣ ਦਾ ਇੱਕ ਕਾਰਨ ਉਹਨਾ ਦਾ ਲੋਕਾਂ ਨਾਲ ਨਿਰੰਤਰ ਸੰਵਾਦ ਸੀ।
ਲੋਕਾਂ ਦੇ ਮਸਲੇ ਸੁਣਦੇ ਸਨ ਉਹਨਾਂ ਦੇ ਗੁਰਮਤ ਅਨੁਸਾਰ ਹੱਲ ਕਰਦੇ ਸਨ। ਆਮ ਲੋਕ ਜੋ ਸਵਾਲ ਕਰਦੇ ਸਨ
ਉਹਨਾਂ ਵਾਰੇ ਗੁਰੂ ਸਾਹਿਬ ਨੇ ਕਈ ਸ਼ਬਦ ਵੀ ਰਚੇ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹਨ। ਗੁਰੂ
ਨਾਨਕ ਸਾਹਿਬ ਨੇ ਤਾਂ ਆਪ ਲੱਖਾਂ ਮੀਲ ਪੈਂਡਾ ਚਲ ਕੇ ਇਹ ਸੰਵਾਦ ਕਰਨ ਦੀ ਪਹਿਲ ਕੀਤੀ। ਉਹ ਆਪਣੇ
ਵੇਲੇ ਦੇ ਹਰ ਵਿਦਵਾਨ ਨੂੰ ਮਿਲੇ ਚਾਹੇ ਉਹ ਪੰਡਤ ਸੀ, ਜੋਗੀ ਸੀ ਜਾਂ ਮੁਸਲਮਾਨ ਸੀ। ਬਾਅਦ ਵਿੱਚ ਵੀ
ਦੂਰੋਂ ਦੂਰੋਂ ਵਿਦਵਾਨ ਲੋਕ ਆ ਕੇ ਗੁਰੂ ਸਹਿਬਾਨ ਨਾਲ ਬਹਿਸ ਮੁਬਾਹਿਸਾ ਕਰਦੇ ਰਹਿੰਦੇ ਸਨ। ਇਸ
ਤਰ੍ਹਾਂ ਦੀਆ ਕਈ ਮਿਸਾਲਾਂ ਇਤਿਹਾਸ ਵਿੱਚ ਮਿਲਦੀਆਂ ਹਨ। ਗੁਰੂ ਸਾਹਿਬ ਨੇ ਦਲੀਲ ਨਾਲ ਗਲ ਕੀਤੀ ਜਿਸ
ਨੂੰ ਸੁਣ ਸਭ ਨਿਰੁੱਤਰ ਹੋ ਗਏ। ਸਿੱਖੀ ਦੀ ਗਲ ਸੁਣ ਦੁਨੀਆਂ ਆਪ ਮੁਹਾਰੇ ਸਿੱਖੀ ਵਲ ਉਮੜ ਪਈ। ਹੁਣ
ਸਿੱਖੀ ਦਲੀਲ ਨਾਲ ਗਲ ਕਰਨਾ ਭੁੱਲ ਗਈ ਹੈ। ਇਸ ਕਰਕੇ ਇਸ ਦੀ ਗੱਲ ਕੋਈ ਨਹੀ ਸੁਣਦਾ। ਸਿੱਖ ਵੀ ਨਹੀਂ
ਸੁਣਦਾ।
ਦੁਨੀਆਂ ਦੀ ਤਾਂ ਗੱਲ ਪਾਸੇ ਰਹੀ ਪੰਜਾਬ ਵਿੱਚ
ਨਿੱਤ ਦਲਿਤ ਤੇ ਗਰੀਬਾਂ ਨਾਲ ਹੁੰਦੇ ਧੱਕੇ ਅਖਬਾਰਾਂ ਦੀਆਂ ਸੁਰਖੀਆਂ ਬਣਦੇ ਨੇ ਪਰ ਸਿੱਖੀ ਕਦੀ
ਨਹੀਂ ਬੋਲੀ। ਕਿਸਾਨ ਖੁਦਕਸ਼ੀਆਂ ਕਰ ਰਹੇ ਨੇ ਪਰ ਸਿੱਖੀ ਚੁੱਪ ਹੈ। ਸਿੱਖੀ ਨੂੰ ਜੀਉਂਦੇ ਰਹਿਣ ਲਈ
ਬੋਲਣਾ ਚਾਹੀਦਾ ਹਰ ਉਸ ਵੇਲੇ
• ਜਦੋਂ ਵੀ ਕਿਤੇ ਵੀ ਬੇਇਨਸਾਫੀ ਜਾਂ ਧੱਕਾ ਹੁੰਦਾ ਹੈ।
• ਜਦੋਂ ਵੀ ਕੋਈ ਸਮਾਜਿਕ ਜਾਂ ਸਭਿਆਚਾਰਿਕ ਮਸਲਾ ਉਠਦਾ ਹੈ
• ਜਦੋਂ ਵੀ ਕੋਈ ਨਵੀ ਵਿਗਿਆਨਿਕ ਖੋਜ ਸਾਹਮਣੇ ਆਉਂਦੀ ਹੈ।
• ਜਦੋਂ ਵੀ ਸਿਆਸਤ ਰਾਹੋਂ ਭਟਕਦੀ ਹੈ।
• ਜਦ ਕਦੇ ਵੀ ਕੁਦਰਤ ਦਾ ਕਹਿਰ ਵਰਤਦਾ ਹੈ।
ਅੱਜ ਦੇ ਹਾਲਾਤ ਇਹ ਹਨ ਕਿ ਸਿੱਖੀ ਲੋਕਾਈ ਤੋਂ ਇਹ ਆਸ ਕਰਦੀ ਹੈ ਕਿ ਗੁਰਦਵਾਰੇ ਆ ਕੇ ਲੋਕ ਆਪ ਉਸ
ਦੀ ਗੱਲ ਸੁਣਨ। ਪਰ ਲੋਕਾਂ ਨਾਲ ਗੱਲ ਕਰਨ ਲਈ ਸਿੱਖੀ ਨੂੰ ਸਮਾਜ਼ ਵਿੱਚ ਆਪ ਕਾਰਜਸ਼ੀਲ ਰਹਿਣਾ ਪੈਣਾ
ਹੈ। ਕਾਰਜਸ਼ੀਲ ਹੋਣ ਦਾ ਮਤਲਬ ਸਿਆਸੀ ਚੋਣਾਂ ਲੜਨਾ ਜਾਂ ਜਿੱਤਣਾ ਨਹੀਂ ਪਰ ਸਮਾਜ ਨੂੰ ਹਰ ਦਰਪੇਸ਼
ਮਸਲੇ ਦਾ ਮੁਹਰੇ ਹੋ ਕੇ ਹਲ ਲੱਭਣਾ ਹੈ। ਸਿੱਖਾਂ ਵਿੱਚ ਇੱਕ ਗੱਲ ਆਮ ਪ੍ਰਚਲਤ ਹੈ ਕਿ ਅਕਾਲ ਤਖਤ
ਅਤੇ ਦਰਬਾਰ ਸਾਹਿਬ ਸ਼ਕਤੀ ਅਤੇ ਭਗਤੀ ਦਾ ਪ੍ਰਤੀਕ ਨੇ। ਇਹ ਦੋਨੋਂ ਅੱਡ ਅੱਡ ਨੇ ਪਰ ਅਕਾਲ ਤਖਤ ਨੇ
ਹਮੇਸ਼ਾਂ ਦਰਬਾਰ ਸਾਹਿਬ ਤੋਂ ਸੇਧ ਲੈ ਕੇ ਚਲਣਾ ਹੈ। ਇਸ ਦਾ ਆਮ ਤੌਰ ਤੇ ਇਹ ਅਰਥ ਕੱਢਿਆ ਜਾਂਦਾ ਏ
ਕਿ ਧਰਮ ਸਿਆਸਤ ਦੀ ਅਗਵਾਈ ਕਰੇ ਫਿਰ ਸਭ ਠੀਕ ਹੋਵੇਗਾ। ਇਹ ਧਾਰਨਾ ਗਲਤ ਹੈ। ਬੀਜੇਪੀ ਸਰਕਾਰ ਧਰਮ
ਤੋਂ ਅਗਵਾਈ ਲੈ ਕੇ ਚੱਲ ਰਹੀ ਹੈ। ਨਤੀਜ਼ੇ ਸਭ ਦੇ ਸਾਹਮਣੇ ਨੇ। ਸਿਰਸੇ ਵਾਲਾ ਸਾਧ ਧਰਮੀ ਬੰਦਾ
ਗਿਣਿਆ ਜਾਂਦਾ ਸੀ/ਹੈ ਉਸ ਨੇ ਜੋ ਸਿਆਸਤ ਖੇਡੀ ਸਭ ਦੇ ਸਾਹਮਣੇ ਹੈ। ਬੰਦਾ ਚਾਹੇ ਸਿਆਸੀ ਹੈ ਚਾਹੇ
ਧਾਰਮਿਕ ਅਗਰ ਉਸ ਵਿੱਚ ਹਉਮੇ ਹੈ ਤਾਂ ਉਸ ਤੋਂ ਕੋਈ ਚੰਗੇ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਬੀਜੇਪੀ
ਸਰਕਾਰ ਦੀ ਧਾਰਮਿਕ ਅਗਵਾਈ ਇਸ ਹਉਮੇ ਨਾਲ ਨੱਕੋ ਨੱਕ ਭਰੀ ਪਈ ਹੈ ਕਿ ਉਹਨਾ ਦੀ ਧਾਰਮਿਕ ਵਿਰਾਸਤ
ਇੰਨ੍ਹੀ ਅਮੀਰ ਹੈ ਕਿ ਵਿਗਿਆਨ ਜੋ ਹੁਣ ਕਰ ਰਿਹਾ ਹੈ ਹਿੰਦੂ ਕਈ ਸਦੀਆਂ ਪਹਿਲਾਂ ਕਰਦੇ ਸਨ। ਇਸ
ਹਉਮੇ ਦੇ ਨਸ਼ੇ ਵਿੱਚ ਹੀ ਉਹਨਾਂ ਨੂੰ ਗਊ ਪਵਿਤਰ ਲਗਦੀ ਹੈ। ਉਹ ਬਿਬੇਕ ਬੁੱਧ ਗੁਆ ਚੁੱਕੇ ਨੇ ਜੋ
ਉਹਨਾਂ ਨੂੰ ਸਮਝਾ ਸਕੇ ਕਿ ਗਊ ਵੀ ਬਾਕੀ ਜਾਨਵਰਾਂ ਦੀ ਤਰ੍ਹਾਂ ਇੱਕ ਜਾਨਵਰ ਹੈ। ਜਿਸ ਆਗੂ ਵਿੱਚ
ਬਿਬੇਕ ਬੁੱਧ ਹੈ ਉਹ ਜਨਤਾ ਨੂੰ ਸਹੀ ਅਗਵਾਈ ਦਿੰਦਾ ਹੈ ਚਾਹੇ ਉਹ “ਧਰਮੀ” ਹੈ ਜਾਂ ਨਹੀਂ। ਜਿਹੜੀ
ਜਨਤਾ ਵਿੱਚ ਬਿਬੇਕ ਬੁੱਧ ਹੈ ਉਹ ਹਮੇਸ਼ਾਂ ਆਪਣਾ ਆਗੂ ਅਕਲ ਨਾਲ ਚੁਣਦੀ ਹੈ। ਦੁਨੀਆਂ ਦਾ ਇਤਿਹਾਸ ਇਸ
ਗੱਲ ਦਾ ਗਵਾਹ ਹੈ।
ਸਿੱਖੀ ਬੋਲੇ ਕਿਵੇਂ। ਸਿੱਖੀ ਨੂੰ ਇੱਕ ਸੰਸਥਾ ਦੀ ਲੋੜ ਹੈ ਜੋ ਦੁਨੀਆਂ ਨਾਲ ਸੰਵਾਦ ਪੈਦਾ ਕਰੇ।
ਇੱਕਾ ਦੁੱਕਾ ਅਵਾਜ਼ਾਂ ਆ ਰਹੀਆਂ ਹਨ ਪਰ ਉਹ ਰੌਲੇ ਗੌਲੇ ਵਿੱਚ ਗੁਆਚ ਕੇ ਰਹਿ ਜਾਂਦੀਆਂ ਹਨ। ਇਹੀ
ਅਵਾਜ਼ਾਂ ਇੱਕ ਸੰਸਥਾਂ ਬਣ ਜਾਣ ਜੋ ਦੁਨੀਆਂ ਲਈ ਸਿੱਖੀ ਦਾ ਮੁਹਾਂਦਰਾ ਹੋਵੇ। ਸਿੱਖੀ ਦੀ ਆਵਾਜ ਨੂੰ
ਦਬਾਉਣ ਲਈ ਅਤੇ ਵਿਗਾੜਨ ਲਈ ਡੇਰਾਵਾਦ ਪੂਰੇ ਜੋਸ਼ ਨਾਲ ਕਾਰਜਸ਼ੀਲ ਹੈ। ਕਿਉਂਕਿ ਸਿੱਖੀ ਉਸਦੀ ਮੌਤ
ਹੈ। ਸਿੱਖੀ ਵਿੱਚ ਹੋਰ ਵੀ ਕਈ ਮਸਲੇ ਹਨ ਜੋ ਮੁੱਦਤਾਂ ਤੋਂ ਸੁਲਝਾਏ ਨਹੀਂ ਜਾ ਸਕੇ। ਜਦੋਂ ਤੱਕ
ਸਿੱਖੀ ਚੁੱਪ ਹੈ ਇਹ ਸੁਲਝਾਏ ਨਹੀਂ ਜਾ ਸਕਣਗੇ। ਡੇਰਾਵਾਦ ਉਹ ਤੋਤਾ ਹੈ ਜਿਸ ਵਿੱਚ ਇਹਨਾਂ ਮਸਲਿਆਂ
ਦੀ ਜਾਨ ਹੈ। ਰਾਗ ਮਾਲਾ ਦਾ ਮਸਲਾ, ਦਸਮ ਗ੍ਰੰਥ ਦਾ ਮਸਲਾ, ਰਹਿਤ ਮਰਿਆਦਾ ਦਾ ਮਸਲਾ, ਮੂਲ ਮੰਤਰ ਦਾ
ਮਸਲਾ ਅਤੇ ਕਈ ਹੋਰ ਮਸਲੇ। ਬਿਬੇਕ ਨਾਲ ਵਿਚਾਰ ਕੀਤਿਆਂ ਇਹਨਾਂ ਸਭਨਾ ਦਾ ਹੱਲ ਬਹੁਤ ਸਪਸ਼ਟ ਅਤੇ
ਅਸਾਨ ਹੈ ਪਰ ਇਹ ਉਹਨੀ ਦੇਰ ਤੱਕ ਹਲ ਨਹੀਂ ਹੋਣੇ ਜਿੰਨੀ ਦੇਰ ਤੋਤੇ ਦੀ ਜਾਨ ਸਲਾਮਤ ਹੈ। ਇਹ ਕੋਈ
ਆਸਾਨ ਕੰਮ ਵੀ ਨਹੀ ਹੈ। ਪਰ ਕਰਨਾ ਵੀ ਪੈਣਾ ਹੈ।
ਸਿੱਖੀ ਨੂੰ ਬੋਲਣ ਲਈ ਪੰਜਾਬੀ ਦੀ ਕੈਦ ਵਿਚੋਂ ਵੀ ਨਿਕਲਣਾ ਪੈਣਾ ਹੈ। ਪੰਜਾਬੀ ਬੋਲੀ ਅਤੇ ਪੰਜਾਬੀ
ਪਹਿਰਾਵੇ ਨੂੰ ਗੁਰੁ ਸਹਿਬਾਨ ਵਲੋਂ ਅਪਨਾਉਣਾ ਮਹਿਜ਼ ਇੱਕ ਇਤਫਾਕ ਸੀ। ਉਹਨਾਂ ਦੇ ਸੱਚ ਨੂੰ ਇਸ ਕੈਦ
ਵਿੱਚ ਨਹੀਂ ਬੰਦ ਕੀਤਾ ਜਾ ਸਕਦਾ ਕਿਉਂਕਿ ਇਹ ਸੱਚ ਸਰਬ ਸਾਂਝਾ ਹੈ। ਸਿੱਖ ਬਣਨ ਲਈ ਪੰਜਾਬੀ ਹੋਣਾ
ਬਿਲਕੁਲ ਵੀ ਜ਼ਰੂਰੀ ਨਹੀ ਹੈ। ਗੁਰੁ ਸਾਹਿਬ ਨੇ ਇਹ ਸ਼ਰਤ ਨਹੀਂ ਸੀ ਰੱਖੀ।
ਅਗਰ ਸਿੱਖੀ ਚੁੱਪ ਰਹੀ। ਸੱਚ ਨੇ ਫਿਰ ਵੀ ਜਾਗਦੇ ਰਹਿਣਾ ਏ। ਕਿਉਕਿ ਸੱਚ ਸਦੀਵੀ ਹੈ। ਪਰ ਸਿੱਖ ਦੀ
ਗਿਣਤੀ ਉਹਨਾਂ ਵਿੱਚ ਨਹੀਂ ਹੋਏਗੀ ਜੋ ਸੱਚ ਨਾਲ ਖੜੇ ਹਨ।