.

ਆਸਾ ਕੀ ਵਾਰ

(ਕਿਸ਼ਤ ਨੰ: 13)

ਪਉੜੀ ਬਾਰਵੀਂ ਅਤੇ ਸਲੋਕ

ਸਲੋਕੁ ਮਃ ੧।।

ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ।।

ਤੂੰ ਕਰਤਾ ਕਰਣਾ ਮੈ ਨਾਹੀ ਜਾ ਹਉ ਕਰੀ ਨ ਹੋਈ।। ੧।।

ਬਲਿਹਾਰੀ ਕੁਦਰਤਿ ਵਸਿਆ।।

ਤੇਰਾ ਅੰਤੁ ਨ ਜਾਈ ਲਖਿਆ।। ੧।। ਰਹਾਉ।।

ਜਾਤਿ ਮਹਿ ਜੋਤਿ ਜੋਤਿ ਮਹਿ ਜਾਤਾ ਅਕਲ ਕਲਾ ਭਰਪੂਰਿ ਰਹਿਆ।।

ਤੂੰ ਸਚਾ ਸਾਹਿਬੁ ਸਿਫਤਿ ਸੁਆਲਿੑਉ ਜਿਨਿ ਕੀਤੀ ਸੋ ਪਾਰਿ ਪਇਆ।।

ਕਹੁ ਨਾਨਕ ਕਰਤੇ ਕੀਆ ਬਾਤਾ ਜੋ ਕਿਛੁ ਕਰਣਾ ਸੁ ਕਰਿ ਰਹਿਆ।। ੨।।

ਪਦ ਅਰਥ:- ਦੁਖੁ – ਦੁੱਖ। ਦਾਰੂ – ਦਵਾ। ਸੁਖੁ – ਦੁੱਖ ਤੋਂ ਨਿਜਾਤ ਪ੍ਰਾਪਤ ਕਰ ਲੈਣਾ। ਰੋਗੁ – ਦੁੱਖ। ਭਇਆ – ਤਬਦੀਲ ਹੋਣਾ, ਬਦਲਣਾ, ਬਦਲ ਜਾਣਾ। ਜਾ – ਜਾਂਦਾ ਹੈ। ਤਾਮੁ – ਤਵੱਕੋਂ/ਆਸ। ਨ ਹੋਈ – ਨਹੀਂ ਕੀਤੀ ਜਾ ਸਕਦੀ। ਤੂੰ ਕਰਤਾ – ਤੂੰ ਹੀ ਕਰਤਾ ਹੈ। ਮੈ ਨਾਹੀ – ਮੈਂ ਨੂੰ ਕੋਈ ਥਾਂ ਨਹੀਂ। ਜਾ – ਜਾਣਿਆ। ਹਉ – ਮੈਂ ਮੈਂ। ਕਰੀ ਨ ਹੋਈ – ਕਰਨ ਨਾਲ ਕੁੱਝ ਨਹੀਂ ਹੁੰਦਾ। ਬਲਿਹਾਰੀ ਕੁਦਰਤਿ ਵਸਿਆ – ਜੋ ਤੇਰੇ ਤੋਂ ਬਲਿਹਾਰ ਜਾਂਦੇ ਹਨ ਤੂੰ ਆਪਣੀ ਕੁਦਰਤ (creation) ਦੇ ਵਿੱਚ ਹੀ ਵਿਆਪਕ ਹੈ। ਅੰਤੁ – ਅਖੀਰ, ਮੁੱਕਦੀ ਗੱਲ ਇਹ ਹੈ ਕਿ। ਨ ਜਾਈ – ਨਹੀਂ ਜਾ ਸਕਦਾ। ਲਖਿਆ – ਤੋਲਿਆ, ਤੁਲਣਾ। ਤੇਰਾ ਅੰਤੁ ਨ ਜਾਈ ਲਖਿਆ – ਅੰਤੁ/ਅਖੀਰ/ਮੁੱਕਦੀ ਗੱਲ ਇਹ ਹੈ ਕਿ ਤੇਰੇ ਨਾਲ ਕਿਸੇ ਨੂੰ ਤੋਲਿਆ ਨਹੀਂ ਜਾ ਸਕਦਾ। ਜਾਤਿ – ਗਯਾਤ ਹੋਇਆ (ਮ: ਕੋਸ਼)। ਗਯਾਤ ਹੋਇਆ ਭਾਵ ਗਿਆਨ ਹੋਇਆ, ਗਿਆਨ ਨੂੰ ਜਾਣਿਆ। ਮਹਿ – ਵਿੱਚ। ਜੋਤਿ – ਜੋਤ। ਜਾਤਾ – ਜਾਣਿਆ, ਮੰਨਿਆ। ਅਕਲ ਕਲਾ ਭਰਿਪੂਰਿ ਰਹਿਆ – ਇੱਕ ਰਸ ਵਿਆਪ ਰਿਹਾ ਹੈ। ਤੂੰ ਸਚਾ – ਤੂੰ ਹੀ ਸੱਚਾ ਹੈ। ਸਾਹਿਬ – ਸਰਵੋਤਮ, ਸ੍ਰੇਸ਼ਟ। ਸਿਫਤਿ ਸੁਆਲਿੑਉ – ਸਿਫ਼ਤ ਸਲਾਹ, ਵਡਿਆਇਆ। ਜਿਨਿ ਕੀਤੀ – ਜਿਨ੍ਹਾਂ ਨੇ ਕੀਤੀ। ਸੋ ਪਾਰਿ ਪਿਆ – ਉਹ ਉੱਪਰ ਉਠ ਗਏ। ਕਹੁ ਨਾਨਕ – ਨਾਨਕ ਆਖਦਾ ਹੈ। ਕਰਤੇ ਕੀਆ ਬਾਤਾ – ਕਰਤੇ ਦੀਆਂ ਹੀ ਵਡਿਆਈਆਂ ਹਨ। ਜੋ ਕਿਛੁ ਕਰਣਾ – ਜੋ ਕੁਛ ਕਰਣਾ ਹੈ। ਸੁ ਕਰਿ ਰਹਿਆ – ਉਹ ਕਰ ਰਿਹਾ ਹੈ।

ਅਰਥ:- ਦੁੱਖ ਦਾ (ਸਹੀ) ਦਾਰੂ ਕਰਨ ਨਾਲ ਰੋਗ/ਦੁੱਖ ਸੁਖ ਵਿੱਚ ਬਦਲ ਜਾਂਦਾ ਹੈ (ਕਿਸੇ ਰੋਗ ਦਾ) ਦਾਰੂ ਕਰਨ ਤੋਂ ਬਗੈਰ ਸੁਖ ਦੀ ਤਾਮ/ਤਵੱਕੋਂ/ਆਸ ਵੀ ਨਹੀਂ ਕੀਤੀ ਜਾ ਸਕਦੀ ਅਤੇ ਇਸੇ ਤਰ੍ਹਾਂ ਜਿਨ੍ਹਾਂ ਨੇ (ਹਉਮੈ ਦੇ ਰੋਗ ਨੂੰ ਸਹੀ ਗਿਆਨ ਦੇ ਦਾਰੂ ਨਾਲ) ਖਤਮ ਕੀਤਾ, ਉਨ੍ਹਾਂ ਲਈ ਮੈਂ ਨੂੰ ਕੋਈ ਥਾਂ ਨਹੀਂ ਭਾਵ (ਉਨ੍ਹਾਂ ਨੇ ਮੈਂ ਮੈਂ ਕਰਨ ਵਾਲੇ ਅਵਤਾਰਵਾਦ ਨੂੰ ਰੱਬ) ਨਹੀਂ ਜਾਣਿਆ ਅਤੇ ਨਾ ਹੀ ਮੈਂ ਮੈਂ ਕਰਨ ਵਾਲਿਆਂ ਦੇ ਕਰਨ ਨਾਲ ਕੁੱਝ ਹੁੰਦਾ ਹੀ ਹੈ, ਕਿਉਂਕਿ ਤੂੰ/ਕਰਤਾ ਹੀ ਕਰਨ ਕਾਰਨ ਸਮਰੱਥ ਹੈ। ਉਹ ਤੇਰੇ ਤੋਂ ਬਲਿਹਾਰ ਜਾਂਦੇ ਹਨ, ਤੂੰ ਆਪ ਹੀ ਆਪਣੀ ਕੁਦਰਤ (creation) ਦੇ ਵਿੱਚ ਵਿਆਪਕ ਹੈ ਅਤੇ ਅੰਤੁ/ਅਖੀਰ/ਮੁੱਕਦੀ ਗੱਲ ਇਹ ਹੈ ਕਿ ਨਾ ਹੀ ਤੈਨੂੰ ਕਿਸੇ ਨਾਲ ਲਖਿਆ, ਤੋਲਿਆ ਜਾ ਸਕਦਾ ਹੈ ਭਾਵ ਤੂੰ ਬੇਮਿਸਾਲ ਹੈ। ਰਹਾਉ।। ਇਸ ਤਰ੍ਹਾਂ ਜਿਨ੍ਹਾਂ ਨੇ ਗਿਆਨ ਨੂੰ ਜਾਣਿਆ ਉਨ੍ਹਾਂ ਨੇ ਉਸ ਨੂੰ ਉਸ ਦੀ ਜੋਤ ਨੂੰ ਕੁਦਰਤ (creation) ਦੇ ਵਿੱਚ ਹੀ ਮੰਨਿਆ ਕਿ ਉਹ ਆਪਣੀ ਕੁਦਰਤ (creation) ਦੇ ਵਿੱਚ ਹੀ ਇੱਕ ਰਸ ਵਿਆਪਕ ਹੈ। ਇਸ ਤਰ੍ਹਾਂ ਜਿਨ੍ਹਾਂ ਨੇ ਤੈਨੂੰ ਸਰਵੋਤਮ ਜਾਣ ਕੇ ਵਡਿਆਇਆ ਉਹ (ਅਵਤਾਰਵਾਦ ਦੇ ਮੈਂ ਰੱਬ ਹੋਣ ਦੇ ਭਰਮ ਤੋਂ) ਪਾਰ ਹੋ ਗਏ ਭਾਵ ਉੱਪਰ ਉਠ ਗਏ। ਹੇ ਭਾਈ! ਨਾਨਕ ਆਖਦਾ ਹੈ ਜੋ ਕੁੱਝ ਕੀਤਾ ਹੈ, ਜਾ ਕਰ ਰਿਹਾ ਹੈ ਸਭ ਕਰਤੇ ਦੀਆਂ ਹੀ ਵਡਿਆਈਆਂ ਹਨ (ਭਾਵ ਕਿਸੇ ਅਖੌਤੀ ਅਵਤਾਰਵਾਦੀ ਰੱਬ ਦੇ ਹੱਥ ਵੱਸ ਕੁੱਝ ਨਹੀਂ)।

ਨੋਟ:- ਇੱਥੇ ਜੋ ਕੁੱਝ ਕੀਤਾ ਹੈ ਜਾਂ ਕਰ ਰਿਹਾ ਹੈ, ਤੋਂ ਇਹ ਭਾਵ ਹੈ ਕਿ ਜੋ ਉਸ ਨੇ ਕੀਤਾ ਭਾਵ ਸ੍ਰਿਸ਼ਟੀ ਰਚੀ ਹੈ ਜਾਂ ਸ੍ਰਿਸ਼ਟੀ ਚੱਲ ਰਹੀ ਹੈ ਉਸ ਦੀ ਰਜ਼ਾ ਹੈ। ਜਿਹੜੇ ਅਵਤਾਰਵਾਦੀ ਅਖੌਤੀ ਰੱਬ ਇਹ ਆਖਦੇ ਹਨ ਕਿ ਸ੍ਰਿਸ਼ਟੀ ਅਸੀਂ ਰਚੀ ਹੈ ਅਸੀਂ ਚਲਾ ਰਹੇ ਹਾਂ ਇਨ੍ਹਾਂ ਦੇ ਹੱਥ ਕੁੱਝ ਨਹੀਂ ਹੈ। ਬਾਕੀ ਜੋ ਸਮਾਜ ਵਿੱਚ ਬੁਰਿਆਈਆਂ ਹੋ ਰਹੀਆਂ ਹਨ ਜੋ ਮਨੁੱਖ ਕਰ ਰਿਹਾ ਹੈ ਇਹ ਮਨੁੱਖ ਦੀ ਆਪਣੀ ਸੋਚਣੀ ਉੱਪਰ ਨਿਰਭਰ ਹੈ ਇਹ ਕਰਤਾ ਨਹੀਂ ਕਰਾ ਰਿਹਾ।

ਮ: ੨।।

ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ।।

ਖਤ੍ਰੀ ਸਬਦੰ ਸੂਰ ਸਬਦੰ ਸੂਦ੍ਰ ਸਬਦੰ ਪਰਾ ਕ੍ਰਿਤਹ।।

ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ ਭੇਉ।।

ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ।। ੩।।

ਪਦ ਅਰਥ:- ਜੋਗ – ਉੱਤਮ। ਸਬਦੰ – ਪੈਗਾਮ, ਸੁਨੇਹਾ (ਮ: ਕੋਸ਼)। ਗਿਆਨ ਸਬਦੰ – ਗਿਆਨ ਦਾ ਸੁਨੇਹਾ। ਬੇਦ – ਵੇਦ। ਬ੍ਰਾਹਮਣਹ – ਬ੍ਰਾਹਮਣਾਂ ਲਈ। ਖਤ੍ਰੀ ਸਬਦੰ – ਖੱਤਰੀ ਲਈ ਸਨੇਹਾ। ਸੂਰ – ਸੂਰਮਤਾਈ। ਸੂਦ੍ਰ – ਬਿਪਰ ਵੱਲੋਂ ਅਖੌਤੀ ਸ਼ੂਦਰਾਂ ਨੂੰ ਦਿੱਤਾ ਤਖੱਲਸ। ਪਰਾ ਕ੍ਰਿਤਹ – ਪਰਾਈ ਕ੍ਰਿਤ ਕਰਨੀ ਇਹ ਪੈਗਾਮ ਹੈ ਭਾਵ ਅਖੌਤੀ ਸ਼ੂਦਰ ਲੋਕਾਂ ਨੇ ਅਖੌਤੀ ਸ਼ੁਧ ਬ੍ਰਹਾਮਣਾਂ ਦਾ ਗੋਹਾ ਕੂੜਾ ਹੈ ਕਰਨਾ ਹੈ। ਸਰਬ ਸਬਦੰ – ਸਮੁੱਚੇ ਸੰਸਾਰ ਲਈ ਇਹ ਸੁਨੇਹਾ ਹੈ ਕਿ। ਏਕ ਸਬਦੰ – ਬਰਾਬਤਾ ਦਾ ਸੁਨੇਹਾ ਹੈ। ਜੇ ਕੋ ਜਾਣੈ ਭੇਉ – ਜੇਕਰ ਕੋਈ (ਪਾਏ ਜਾ ਰਹੇ ਵਰਣਵਾਦ ਦੇ) ਭੰਬਲ ਭੂਸੇ ਨੂੰ ਜਾਣੇ। ਨਾਨਕੁ – ਨਾਨਕ ਨੇ ਨੂੰ ਦਾ ਦੇ ਦੀ। ਤਾ ਕਾ ਦਾਸੁ – ਉਸ ਦਾ ਦਾਸ। ਸੋਈ – ਸਰਬਵਿਆਪਕ। ਨਿਰੰਜਨ – ਬੇਦਾਗ, ਨਿਰਲੇਪ। ਦੇਉ – ਬਖਸ਼ਿਸ਼ ਭਾਵ ਗਿਆਨ ਦੀ ਬਖਸ਼ਿਸ਼ ਨਾਲ।

ਅਰਥ:- ਬੇਦ ਦੇ (ਕਹੇ ਜਾਂਦੇ) ਗਿਆਨ ਦਾ ਪੈਗ਼ਾਮ, ਸੁਨੇਹਾ ਇਹ ਹੈ ਕਿ (ਅਖੌਤੀ) ਬ੍ਰਾਹਮਣ ਹੀ ਸਭ ਤੋਂ ਜੋਗ/ਉੱਤਮ ਹੈ, ਖੱਤਰੀ ਲਈ ਇਹ ਪੈਗ਼ਾਮ ਹੈ ਕਿ ਉਹ ਸੂਰਮਾ ਹੈ ਉਹ (ਅਖੌਤੀ ਸ਼ੁਧ ਬ੍ਰਾਹਮਣ) ਦੀ ਰੱਖਿਆ ਕਰੇ ਅਤੇ (ਅਖੌਤੀ) ਸ਼ੂਦਰ ਲਈ ਬੇਦ ਦਾ ਇਹ ਸੁਨੇਹਾ ਹੈ ਕਿ ਪਰਾਈ ਕ੍ਰਿਤ (ਅਖੌਤੀ ਸ਼ੁਧ ਬ੍ਰਹਾਮਣਾਂ ਦਾ ਗੋਹਾ ਕੂੜਾ) ਕਰੇ। ਹੇ ਭਾਈ! ਜਿਸ ਕਿਸੇ ਨੇ ਬੇਦ ਵੱਲੋਂ ਫੈਲਾਏ ਜਾਂਦੇ ਇਸ (ਜਾਤ ਪਾਤ) ਦੇ ਭਰਮ ਨੂੰ ਜਾਣਿਆ। ਉਹ ਜਨ ਵੀ ਨਾਨਕ ਦੀ ਤਰ੍ਹਾਂ ਉਸ ਸਰਬ ਵਿਆਪਕ ਦਾ ਹੀ ਦਾਸ ਹੈ ਅਤੇ ਉਸ ਨੇ ਗਿਆਨ ਦੀ ਬਖਸ਼ਿਸ਼ ਨਾਲ (ਮਾਨਵਤਾ ਨੂੰ ਵਰਣਵਾਦ) ਦੇ ਭਰਮ ਤੋਂ ਨਿਰੰਜਨ ਭਾਵ ਨਿਰਲੇਪ ਜਾਣਿਆ ਅਤੇ ਉਸ ਦਾ ਵੀ ਸਮੁੱਚੀ ਮਾਨਵਤਾ ਲਈ (ਬਗੈਰ ਵਰਣਵਾਦ ਦੇ ਮਾਨਵਤਾ ਲਈ) ਬਰਾਬਰਤਾ ਦਾ ਹੀ ਸੁਨੇਹਾ ਹੈ।

ਮਃ ੨।।

ਏਕ ਕ੍ਰਿਸਨੰ ਸਰਬ ਦੇਵਾ ਦੇਵ ਦੇਵਾ ਤ ਆਤਮਾ।।

ਆਤਮਾ ਬਾਸੁਦੇਵਸਿ੍ਯ੍ਯ ਜੇ ਕੋ ਜਾਣੈ ਭੇਉ।।

ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ।। ੪।।

ਪਦ ਅਰਥ:- ਕ੍ਰਿਸਨੰ – ਪਾਰਬ੍ਰਹਮ ਕਰਤਾਰ (ਮ: ਕੋਸ਼)। ਏਕ ਕ੍ਰਿਸਨੰ ਸਰਬ ਦੇਵਾ – ਸਮੁੱਚੀ ਮਾਨਵਤਾ ਦਾ ਇੱਕ ਪਾਰਬ੍ਰਹਮ ਕਰਤਾਰ ਹੀ ਦਾਤਾ ਹੈ। ਦੇਵ ਦੇਵਾ – ਦਾਤਾਂ ਦੇਣ ਵਾਲਾ। ਆਤਮਾ – ਸਰੀਰ (ਮ: ਕੋਸ਼), ਭਾਵ ਮਨੁੱਖ। ਆਤਮਾ ਬਾਸੁਦੇਵਸਿ੍ਯ੍ਯ - ਜੇਕਰ ਕੋਈ ਮਨੁੱਖ/ਸਰੀਰ ਆਪਣੇ ਆਪ ਨੂੰ ਬਾਸੁਦੇਵ/ਸਰਬਵਿਆਪਕ। ਜੇ ਕੋ – ਜੇਕਰ। ਜਾਣੈ ਭੇਉ – (ਪਾਇ ਜਾ ਰਹੇ) ਭਰਮ ਵਿੱਚ ਭੁਲਿਆਂ ਹੋਇਆਂ ਨੂੰ ਜਾਣਿਆ। ਨਾਨਕੁ ਤਾ ਕਾ ਦਾਸ ਹੈ – ਉਹ ਵੀ ਨਾਨਕ ਦੀ ਤਰ੍ਹਾਂ ਉਸ (ਸਰਬਵਿਆਪਕ) ਦਾ ਹੀ ਦਾਸ ਹੈ। ਸੋਈ – ਉਹ ਵੀ। ਨਿਰੰਜਨ – ਨਿਰਲੇਪ। ਦੇਉ – ਕਰਤੇ ਦੀ ਬਖਸ਼ਿਸ਼ ਗਿਆਨ ਨਾਲ। ਸੋਈ ਨਿਰੰਜਨ ਦੇਉ – ਉਹ ਵੀ ਸਰਬਵਿਆਪਕ ਦੀ ਬਖਸ਼ਿਸ਼ ਗਿਆਨ ਨਾਲ ਮਾਨਵਤਾ ਨੂੰ (ਵਰਣਵਾਦ) ਦੇ ਭਰਮ ਤੋਂ ਨਿਰਲੇਪ ਜਾਣਦਾ ਹੈ।

ਅਰਥ:- ਹੇ ਭਾਈ! ਸਮੁੱਚੀ ਮਾਨਵਤਾ ਨੂੰ ਮਨੁੱਖਾ ਸਰੀਰ ਦੀ ਦਾਤ ਦੇਣ ਵਾਲਾ ਇੱਕ ਪਾਰਬ੍ਰਹਮ ਕਰਤਾਰ ਕਰਤਾਰ ਹੈ। ਜਿਹੜਾ ਕੋਈ ਮਨੁੱਖ ਆਪਣੇ ਆਪ ਨੂੰ ਸਰਬਵਿਆਪਕ ਸਮਝਣ ਵਾਲੇ ਨੂੰ, ਭਰਮ ਵਿੱਚ ਭੁਲਿਆਂ ਹੋਇਆਂ ਜਾਣੇ, ਉਹ ਆਪਣੇ ਆਪ ਨੂੰ ਨਾਨਕ ਦੀ ਤਰ੍ਹਾਂ ਸਰਬਵਿਆਪਕ ਪਾਰਬ੍ਰਹਮ ਕਰਤਾਰ ਦਾ ਹੀ ਦਾਸ ਸਮਝਦਾ ਹੈ (ਭਾਵ ਉਹ ਕਿਸੇ ਆਪਣੇ ਆਪ ਨੂੰ ਸਰਬਵਿਆਪਕ ਅਖਵਾਉਣ ਵਾਲੇ ਕਿਸੇ ਮਨੁੱਖ ਦੀ ਮੁਥਾਜੀ ਨਹੀਂ ਕਰਦਾ) ਉਹ ਸਰਬਵਿਆਪਕ ਦੀ ਬਖਸ਼ਿਸ਼ ਗਿਆਨ ਨਾਲ ਮਾਨਵਤਾ ਨੂੰ (ਵਰਣਵਾਦ) ਦੇ ਭਰਮ ਤੋਂ ਨਿਰਲੇਪ ਜਾਣਦਾ ਹੈ। (ਭਾਵ ਗਿਆਨ ਨਾਲ ਹੀ ਵਰਣਵਾਦ ਦੇ ਭਰਮ ਤੋਂ ਮੁਕਤ ਹੋਇਆ ਜਾ ਸਕਦਾ ਹੈ)।

ਮਃ ੧।।

ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ।।

ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ।। ੫।।

ਪਦ ਅਰਥ:- ਕੁੰਭ – ਘੜਾ। ਕੁੰਭੇ – ਘੜੇ ਵਿੱਚ। ਬਧਾ – ਬੱਝਾ। ਜਲੁ ਰਹੈ – ਜਲ ਟਿਕਿਆ ਰਹਿ ਸਕਦਾ ਹੈ। ਜਲ ਬਿਨੁ ਕੁੰਭੁ ਨ ਹੋਇ – ਜਲ ਤੋਂ ਬਗੈਰ ਕੁੰਭ/ਘੜਾ ਬਣ ਵੀ ਨਹੀਂ ਸਕਦਾ ਭਾਵ ਘੜੇ ਨੂੰ ਬਣਾਉਣ ਵੇਲੇ ਜਲ ਦੀ ਜ਼ਰੂਰਤ ਹੈ। ਗਿਆਨ ਕਾ ਬਧਾ ਮਨੁ ਰਹੈ – ਇਸੇ ਤਰ੍ਹਾਂ ਗਿਆਨ ਦਾ ਬੱਧਾ ਮਨ ਟਿਕਿਆ ਰਹਿ ਸਕਦਾ ਹੈ। ਗੁਰ ਬਿਨੁ ਗਿਆਨ ਨ ਹੋਇ – ਗੁਰ/ਜੁਗਤਿ ਤੋਂ ਬਗੈਰ ਗਿਆਨ ਨਹੀਂ ਹੋ ਸਕਦਾ।

ਅਰਥ:- ਹੇ ਭਾਈ! ਜਿਵੇਂ ਪਾਣੀ ਬੰਨ੍ਹ ਕੇ/ਇਕੱਠਾ/ਰੱਖਣ ਲਈ ਘੜੇ ਦੀ ਜ਼ਰੂਰਤ ਹੁੰਦੀ ਹੈ ਪਰ ਘੜਾ ਪਾਣੀ ਤੋਂ ਬਗੈਰ ਨਹੀਂ ਬਣਾਇਆ ਜਾ ਸਕਦਾ। ਇਸੇ ਤਰ੍ਹਾਂ ਗਿਆਨ ਨਾਲ ਬੱਧਾ ਮਨ ਹੀ ਟਿਕ ਸਕਦਾ ਅਤੇ ਗਿਆਨ ਰੂਪ ਜੁਗਤਿ ਨੂੰ ਅਪਣਾਉਣ ਤੋਂ ਬਿਨਾਂ (ਮਨੁੱਖ) ਗਿਆਨਵਾਨ ਵੀ ਨਹੀਂ ਬਣ ਸਕਦਾ।

ਪਉੜੀ।।

ਪੜਿਆ ਹੋਵੈ ਗੁਨਹਗਾਰੁ ਤਾ ਓਮੀ ਸਾਧੁ ਨ ਮਾਰੀਐ।।

ਜੇਹਾ ਘਾਲੇ ਘਾਲਣਾ ਤੇਵੇਹੋ ਨਾਉ ਪਚਾਰੀਐ।।

ਐਸੀ ਕਲਾ ਨ ਖੇਡੀਐ ਜਿਤੁ ਦਰਗਹ ਗਇਆ ਹਾਰੀਐ।।

ਪੜਿਆ ਅਤੈ ਓਮੀਆ ਵੀਚਾਰੁ ਅਗੈ ਵੀਚਾਰੀਐ।।

ਮੁਹਿ ਚਲੈ ਸੁ ਅਗੈ ਮਾਰੀਐ।। ੧੨।।

ਪਦ ਅਰਥ:- ਪੜਿਆ ਹੋਵੈ – ਪੜ੍ਹਿਆ ਹੋਵੇ। ਗੁਨਹਗਾਰੁ ਤਾ – ਜੇਕਰ ਪੜ੍ਹਿਆ ਲਿਖਿਆ ਹੋਇਆ ਮਨੁੱਖ ਜੇਕਰ ਗੁਨਾਹ ਭਾਵ ਬੁਰਿਆਈ ਕਰੇ ਤਾਂ। ਓਮੀ – ਅਨਪੜ੍ਹ/ਅਗਿਆਨੀ। ਸਾਧੁ ਨ – ਸੁਧਾਰ ਨਹੀਂ। ਮਾਰੀਐ – ਖਤਮ ਨਹੀਂ ਕੀਤਾ ਜਾ ਸਕਦਾ। ਜੇਹਾ ਘਾਲੇ ਘਾਲਣਾ – ਜਿਸ ਤਰ੍ਹਾਂ ਦੀ ਕੋਈ ਆਪਣੇ ਜੀਵਨ ਵਿੱਚ ਘਾਲਣਾ ਘਾਲਦਾ ਹੈ ਭਾਵ ਜੋ ਕੁੱਝ ਜੀਵਨ ਵਿੱਚ ਕਰਦਾ ਹੈ। ਤੇਵੇਹੋ ਨਾਉ ਪਚਾਰੀਐ – ਉਸ ਤਰ੍ਹਾਂ ਦਾ ਹੀ ਉਸ ਦੇ ਨਾਅ `ਤੇ ਪ੍ਰਚਲਿਤ ਹੋ ਜਾਂਦਾ ਹੈ। ਐਸੀ ਕਲਾ ਨ ਖੇਡੀਐ – ਅਜਿਹੀ ਕਰਤੂਤ ਨਹੀਂ ਕਰਨੀ ਚਾਹੀਦੀ। ਜਿਤੁ ਦਰਗਹ ਗਇਆ ਹਾਰੀਐ – ਜਿਸ ਨਾਲ ਦਰਗਾਹ/ਸਮਾਜ ਵਿੱਚ ਜਾ ਕਰ ਕੇ ਹਾਰਨਾ ਪਵੇ। ਪੜਿਆ – ਗਿਆਨਵਾਨ। ਓਮੀਆ – ਗਿਆਨ ਤੋਂ ਸੱਖਣਾ। ਵੀਚਾਰੁ ਅਗੈ ਵੀਚਾਰੀਐ – ਆਪਣੇ ਜੀਵਨ ਵਿੱਚ ਵਿਚਾਰ ਕੇ ਹੀ ਅੱਗੇ ਹੋਰਨਾਂ ਨਾਲ ਵਿਚਾਰੀਏ ਭਾਵ ਪ੍ਰਚਾਰੀਏ/ਪ੍ਰਚਾਰਨਾ ਚਾਹੀਦਾ ਹੈ। ਮੁਹਿ ਚਲੈ ਸੁ ਅਗੈ ਮਾਰੀਐ – ਮਰਨ ਤੋਂ ਬਾਅਦ ਵੀ ਫਿਟਕਾਰਾਂ ਹੀ ਪੈਂਦੀਆਂ ਹਨ। ਮੁਹਿ – ਮੁਹਰੇ (ਮ: ਕੋਸ਼)। ਚਲੈ – ਚਲ ਕੇ। ਸੁ – ਉਸ ਨੂੰ। ਅਗੈ – ਉਸ ਨੂੰ ਅੱਗੇ। ਮਾਰੀਐ – ਫਿਟਕਾਰਾਂ ਪੈਣੀਆ।

ਅਰਥ:- ਜੇਕਰ (ਮਨੁੱਖ) ਪੜ੍ਹਿਆ ਹੋਣ ਦੇ ਬਾਵਜੂਦ ਆਪ ਗੁਨਾਹ ਬੁਰਿਆਈਆਂ ਕਰੇ ਤਾਂ ਉਹ ਕਿਸੇ ਗਿਆਨ ਤੋਂ ਸੱਖਣੇ ਅਨਪੜ੍ਹ ਦੀ ਅਗਿਆਨਤਾ ਖਤਮ ਕਰ ਕੇ ਉਸ ਦੇ ਜੀਵਨ ਵਿੱਚ ਵੀ ਸੁਧਾਰ ਨਹੀਂ ਲਿਆ ਸਕਦਾ। ਭਾਵ ਪ੍ਰਚਾਰਨ ਵਾਲੇ ਦਾ ਜਿਸ ਤਰ੍ਹਾਂ ਦਾ ਉਸ ਦਾ ਆਪਣਾ ਜੀਵਨ ਹੋਵੇਗਾ, ਉਸ ਤਰ੍ਹਾਂ ਦਾ ਹੀ ਉਸ ਦੇ ਪ੍ਰਚਾਰ ਦਾ ਪ੍ਰਭਾਵ ਹੋਵੇਗਾ ਭਾਵ ਉਸ ਤਰ੍ਹਾਂ ਦਾ ਹੀ ਲੋਕ ਉਸ ਦਾ ਪ੍ਰਭਾਵ ਕਬੂਲਣਗੇ। ਇਸ ਕਰ ਕੇ (ਪ੍ਰਚਾਰਕ ਨੂੰ) ਐਸੀ ਕਲਾ/ਖੇਡ ਨਹੀਂ ਖੇਡਣੀ ਚਾਹੀਦੀ ਜਿਸ ਨਾਲ ਦਰਗਾਹ/ਸਮਾਜ (ਲੋਕਾਂ ਦੀ ਕਚਹਿਰੀ) ਵਿੱਚ ਜਾਕੇ ਉਸ ਨੂੰ ਹਾਰਨਾ ਭਾਵ ਸ਼ਰਮਸਾਰ ਹੋਣਾ ਪਵੇ। ਇਸ ਕਰ ਕੇ ਜਿਹੜਾ ਪੜ੍ਹਿਆ ਭਾਵ ਗਿਆਨੀ ਹੈ, ਉਹ ਪਹਿਲਾਂ, ਆਪ ਵਿਚਾਰੇ ਭਾਵ ਗਿਆਨ ਤੇ ਆਪ ਅਮਲ ਕਰ ਕੇ (ਉਹੋ ਜਿਹਾ ਹੀ) ਅੱਗੇ ਗਿਆਨ ਤੋਂ ਸੱਖਣੇ ਲੋਕਾਂ ਵਿੱਚ ਪ੍ਰਚਾਰੇ, ਨਹੀਂ ਤਾਂ ਉਸ ਨੂੰ ਆਪ ਨੂੰ ਵੀ ਅੱਗੇ ਚੱਲ ਕੇ (ਲੋਕਾਂ ਦੀ ਕਚਹਿਰੀ) ਵਿੱਚ ਫਿਟਕਾਰਾਂ ਹੀ ਪੈਂਦੀਆਂ ਹਨ।

ਬਲਦੇਵ ਸਿੰਘ ਟੌਰਾਂਟੋ।




.