.

"ਅਭੁਲੁ ਗੁਰੂ ਕਰਤਾਰੁ"

ਟੀਮ ਰੇਡਿਉ ਵਿਰਸਾ ਬਨਾਮ ਜਾਗਰੂਕ ਕਹਾਂਉਦੀਆਂ ਧਿਰਾਂ

ਕੁਝ ਦਿਨਾਂ ਤੋਂ ਸਿੱਖ ਸਮਾਜ ਵਿਚ ਹਰਨੇਕ ਸਿੰਘ ਨਿਉਜ਼ੀਲੈਂਡ ਅਤੇ ਟੀਮ ਵਲੋਂ ਚਲਾਇਆ ਜਾ ਰਿਹਾ ‘ਰੇਡਿਉ ਵਿਰਸਾ’ ਚਰਚਾ ਵਿਚ ਹੈ। ਵਾਈਰਲ ਹੋ ਰਹੀਆਂ ਖਬਰਾਂ ਅਨੁਸਾਰ ਇਨ੍ਹਾਂ ਨੇ ਆਪਣੇ ਕਿਸੇ ਪ੍ਰੋਗਰਾਮ ਵਿਚ ‘ਨਾਨਕ ਸਰੂਪਾਂ’ ਦੇ ਜੀਵਨ ਦੌਰਾਣ ਕੁਝ ਗਲਤੀਆਂ ਹੋਣ ਦਾ ਜ਼ਿਕਰ ਕੀਤਾ ਅਤੇ ਆਪਣੇ ਅਗਲੇ ਪ੍ਰੋਗਰਾਮਾਂ ਵਿਚ ਆਪਣੀ ਇਸ ਸੋਚ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ। ਹੋਰ ਮਸਲਿਆਂ ਵਾਂਗ ਹੀ ਇਸ ਮਸਲੇ ਦੇ ਸਾਹਮਣੇ ਆਉਂਦੇ ਹੀ ਇਸ ਹਰਕਤ ਦੀ ਆਲੋਚਣਾ/ਨਿੰਦਾ/ਗਾਲਾਂ ਰਾਹੀਂ ਹਾਜ਼ਰੀ ਲਵਾ ਕੇ ਆਪਣੇ ਆਪ ਨੂੰ ਵੱਡਾ ਸਿੱਖ/ਗੁਰੂਵਾਲਾ ਸਾਬਿਤ ਕਰਨ ਵਾਲੇ ਬਿਆਨਾਂ ਦਾ ਵੀ ਜਿਵੇਂ ਹੜ੍ਹ ਹੀ ਆ ਗਿਆ। ਇਨ੍ਹਾਂ ਬਿਆਨਕਾਰਾਂ/ਲੇਖਕਾਂ ਵਿਚ ਪਿੱਛੇ ਰਹਿ ਕੇ ਸੋਸ਼ਲ ਮੀਡੀਆ ਤੇ ਸਰਗਰਮ ਰਹਿਣ ਵਾਲੇ ਲੋਕਾਂ ਤੋਂ ਲੈ ਕੇ ਪ੍ਰੋ. ਦਰਸ਼ਨ ਸਿੰਘ, ਪਰਮਜੀਤ ਸਿੰਘ ਉਤਰਾਖੰਡ, ਸਰਬਜੀਤ ਸਿੰਘ ਧੁੰਦਾ, ਪੰਥਪ੍ਰੀਤ ਸਿੰਘ, ਪ੍ਰਭਦੀਪ ਸਿੰਘ ਟਾਈਗਰ ਜਥਾ ਵਾਲੇ ਸਮੇਤ ਅਨੇਕਾਂ ਸ਼ਖਸੀਅਤਾਂ ਨੇ ਆਪਣਾ ਯੋਗਦਾਨ ਪਾਇਆ। ਇਸੇ ਕੜੀ ਵਿਚ ਜੇ ਜਾਗਰੂਕ ਮੰਨੇ ਜਾਂਦੇ, ਪਰ ਹਰ ਨਵੀਂ ਗੱਲ ਤੇ ਬਦਹਜ਼ਮੀ ਦਾ ਮੁਜ਼ਾਹਿਰਾ ਕਰਦੇ ਜਜ਼ਬਾਤੀ ਉਲਟੀਆਂ ਕਰਨ ਵਾਲੇ ਗੁਰਦੇਵ ਸਿੰਘ ਸੰਧੇਵਾਲਿਆ ਜਿਹੇ ਲੇਖਕ ਵੀਰਾਂ ਦਾ ਜ਼ਿਕਰ ਨਾ ਕੀਤਾ ਜਾਵੇ ਤਾਂ ਉਨ੍ਹਾਂ ਨਾਲ ਬੇ-ਇੰਸਾਫੀ ਹੋਵੇਗੀ।ਇਸ ਵਿਸ਼ੇ ਤੇ ਸਾਹਮਣੇ ਆਉਣ ਵਾਲੇ ਬਹੁਤਾਤ ਬਿਆਨਾਂ/ਲੇਖਾਂ ਵਿਚ ਗੁਰਬਾਣੀ ਪੰਕਤੀ ‘ਅਭੁਲ ਗੁਰੂ ਕਰਤਾਰੁ’ ਦਾ ਹਵਾਲਾ ਦਿਤਾ ਗਿਆ। ਅਸੀਂ ਹਮੇਸ਼ਾਂ ਵਾਂਗ ਇਸ ਮਸਲੇ ਤੇ ਵੀ ਠਰੰਮੇ ਨਾਲ ਵਿਚਾਰ ਕਰਨ ਦਾ ਮਨ ਬਣਾਇਆ ਅਤੇ ਆਪਣੀ ਗੁਰਮਤਿ ਸਮਝ ਅਨੁਸਾਰ ਇਸ ਦਾ ਵਿਸ਼ਲੇਸ਼ਨ ਕਰਨ ਦਾ ਨਿਮਾਣਾ ਜਤਨ ਕਰ ਰਹੇ ਹਾਂ।

ਗੱਲ ਸ਼ੁਰੂ ਕਰਦੇ ਹਾਂ 1469 ਵੇਲੇ ਆਮ ਬੱਚਿਆਂ ਵਾਂਗੂ ਪੈਦਾ ਹੋਏ ਬਾਬਾ ਨਾਨਕ ਜੀ ਦੇ ਜਨਮ ਤੋਂ, ਜਿਸਨੂੰ ਬਾਅਦ ਵਿਚ ਪੁਜਾਰੀਵਾਦੀ ਸਾਖੀਆਂ ਨੇ ਆਲੌਕਿਕ ਘਟਨਾ ਬਣਾਉਣ ਵਿਚ ਕੋਈ ਕਸਰ ਨਾ ਛੱਡੀ ਅਤੇ ਸਾਡੀ ਅੰਨ੍ਹੀ ਸ਼ਰਧਾ ਵਾਲੀ ਗੁਲਾਮ ਮਾਨਸਿਕਤਾ ਨੇ ਉਸ ਆਲੌਕਿਕਤਾ ਨੂੰ ਗ੍ਰਹਿਨ ਕਰਦਿਆਂ, ਬਾਬਾ ਨਾਨਕ ਦੇ ਬਖਸ਼ੇ ਗਿਆਨ ਨਾਲ ਧੋ੍ਰਹ ਕਮਾਉਣ ਵਿਚ ਕੋਈ ਕਸਰ ਨਾ ਛੱਡੀ। ਬੇਸ਼ਕ ਬਾਬਾ ਨਾਨਕ ਜੀ ਦਾ ਜਨਮ ਅਧਿਆਤਮਕ ਪੱਖੋਂ ਇਤਿਹਾਸ ਦੀ ਇਕ ਵੱਡੀ ਘਟਨਾ ਸੀ ਕਿਉਂਕਿ ਕੁਦਰਤੀ ਤੌਰ ਤੇ ਇਸੇ ਘਟਨਾ ਨੇ ਅਦੁੱਤੀ ਗੁਰਮਤਿ ਇਨਕਲਾਬ ਦੀ ਨੀਂਹ ਰੱਖੀ ਜਿਸ ਨੇ ਵਿਚਾਰਧਾਰਕ ਤੌਰ ਤੇ ਧਰਮ ਦੇ ਨਾਮ ਤੇ ਪੁਜਾਰੀਆਂ ਵਲੋਂ ਫੈਲਾਏ ਗਏ ਧੁੰਧਲਕੇ ਨੂੰ ਦੂਰ ਕਰਨਾ ਸੀ। ਪਰ ਸਿਰਫ ਜਨਮ ਨਾਲ ਹੀ ਇਹ ਇਨਕਲਾਬ ਸ਼ੁਰੂ ਹੋ ਗਿਆ ਹੋਵੇਗਾ ਇਹ ਕਹਿਣਾ/ਮੰਨਨਾ ਵੀ ਸ਼ਰਧਾਮਈ ਅਤਿਕਥਨੀ ਹੀ ਹੈ। ਇਸ ਇਨਕਲਾਬ ਦੀ ਸ਼ੁਰੂਆਤ ਬਾਬਾ ਨਾਨਕ ਵਲੋਂ ਅਧਿਆਤਮ ਦੇ ਖੇਤਰ ਵਿਚ ਚਿੰਤਨ ਸ਼ੁਰੂ ਕਰਨ ਨਾਲ ਹੋਈ, ਜਿਸ ਦੀ ਕੋਈ ਮਿਤੀ ਨਿਸ਼ਚਿਤ ਕਰ ਪਾਉਣਾ ਹੁਣ ਸੰਭਵ ਨਹੀਂ ਲਗਦਾ। ਹਾਂ, ਇਸ ਇਨਕਲਾਬ ਦਾ ਪਹਿਲਾ ਸਪਸ਼ਟ ਝਲਕਾਰਾ ਪੁਜਾਰੀ ਜਨੇਊ ਪਹਿਨਣ ਤੋਂ ਇਨਕਾਰ ਕਰਨ ਵਾਲੀ ਘਟਨਾ ਦੇ ਰੂਪ ਵਿਚ ਸਾਹਮਣੇ ਆਇਆ।

ਸਮਾਜ ਵਿਚ ਧਰਮ ਦੇ ਨਾਂ ਤੇ ਚਲ ਰਹੇ ਕੂੜ ਕਬਾੜ ਅਤੇ ਇਸ ਸੰਬੰਧੀ ਪ੍ਰਚਲਿਤ ਮੱਤਾਂ ਦੇ ਗਹਿਨ ਵਿਸ਼ਲੇਸ਼ਨ ਤੋਂ ਬਾਬਾ ਨਾਨਕ ਜੀ ਨੂੰ ਇਹ ਗੱਲ ਸਪਸ਼ਟ ਹੋ ਗਈ ਕਿ ਧਰਮ ਦੇ ਨਾਮ ਤੇ ਸਮਾਜ ਵਿਚ ਪੈਦਾ ਹੋਏ ਬਹੁੱਤੇ ਵਿਗਾੜਾਂ ਦੀ ਮੂਲ ਜੜ ਸ਼ਰਧਾ ਦੇ ਨਾਂ ਹੇਠ ਚਲ ਰਹੀ ਸ਼ਖਸੀਅਤ ਪ੍ਰਸਤੀ ਹੈ। ਇਸੇ ਸ਼ਖਸੀਅਤ ਪ੍ਰਸਤੀ ਨੇ ਮਹਾਤਮਾ ਬੁੱਧ ਦੇ ਇਨਕਲਾਬੀ ਸੰਦੇਸ਼ਾਂ ਨੂੰ ਦਰਕਿਨਾਰ ਕਰਕੇ ਬੁੱਧ ਸਮਾਜ ਨੂੰ ਬੁਤਪ੍ਰਸਤੀ ਦੇ ਮਾਰੂ ਰਾਹ ਤੇ ਤੌਰ ਦਿਤਾ। ਇਸ ਲਈ ਬਾਬਾ ਨਾਨਕ ਜੀ ਨੇ ਇਹ ਠਾਨ ਲਈ ਕਿ ਸਮਾਜ ਨੂੰ ਜੇ ਮਾਰੂ ਸ਼ਰਧਾ ਦੇ ਕਾਰਨ ਪੈਦਾ ਹੋ ਰਹੀ ਸ਼ਖਸੀਅਤ ਪ੍ਰਸਤੀ ਦੇ ਰਾਹ ਤੋਂ ਨਾ ਹਟਾਇਆ ਗਇਆ ਤਾਂ ਇਸ ਦੇ ਫੇਰ ਪੁਜਾਰੀ ਚਰਕਵਿਉਹ ਵਿਚ ਫਸ ਜਾਣ ਦੀ ਪੂਰੀ ਸੰਭਾਵਨਾ ਬਣੀ ਰਹਿਣੀ ਹੈ। ਇਸ ਵਿਸ਼ਲੇਸ਼ਨ ਉਪਰੰਤ ਉਨ੍ਹਾਂ ਨੇ ਡੰਕੇ ਦੀ ਚੋਟ ਤੇ ‘ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥‘ ਦਾ ਨਾਹਰਾ/ਹੋਕਾ ਸਾਹਮਣੇ ਲਿਆਉਂਦਾ। ਜਿਸਦਾ ਸਪਸ਼ਟ ਮਤਲਬ ਸੀ ਕਿ ਤੁਹਾਡਾ ਗੁਰੂ (ਸੇਧ ਲਈ) ਇਕੋ ਇਕ ਅਕਾਲ ਹੀ ਹੈ (ਗਿਆਨ ਸਰੂਪ ਵਿਚ) ਕਿਉਂਕਿ ਬ੍ਰਹਿਮੰਡ ਦੇ ਹਰ ਗਿਆਨ ਦਾ ਮੂਲ ਸ੍ਰੋਤ ਉਹ ਪ੍ਰਭੂ ਆਪ ਹੀ ਹੈ। ਇਸੇ ਤਰਾਂ ਅਕਾਲ ਦੇ ਕਰਤਾ ਸਰੂਪ ਨੂੰ ‘ਕਰਤਾਰ’ ਕਿਹਾ ਗਿਆ ਤਾਂ ਕਿ ਲੋਕਾਈ ਕਿਸੇ ਹੋਰ ਦੇ ਮੂਲ ਕਰਤਾ ਹੋਣ ਦੇ ਭਰਮ ਵਿਚੋਂ ਬਾਹਰ ਨਿਕਲ ਸਕੇ। ਬੇਸ਼ਕ ਗਿਆਨ ਤੁਹਾਡੇ ਤੱਕ ਕਿਸੇ ਵੀ ਸ਼ਖਸੀਅਤ ਰਾਹੀਂ ਪਹੁੰਚੇ ਉਸ ਦਾ ਮੂਲ ਸ੍ਰੋਤ (ਸਤਿਗੁਰੂ) ਉਹ ਅਕਾਲ ਆਪ ਹੀ ਹੈ। ਸੋ ਸੱਚ ਤੇ ਤੁਰਨ ਲਈ ਜ਼ਰੂਰੀ ਹੈ ਕਿ ਅਸੀਂ ਗਿਆਨ ਸਮਝਾਉਣ ਵਾਲੇ ਦੀ ਸ਼ਖਸੀਅਤ ਨਾਲ ਜੁੜ ਕੇ ਸ਼ਰਧਾ ਰਾਹੀਂ ਭਟਕ ਜਾਣ ਤੋਂ ਬੱਚਣ ਲਈ ਇਕੋ ਇਕ ਅਕਾਲ ਨੂੰ ‘ਗੁਰੂ’ ਮੰਨਣਾ ਹੈ। ਇਸ ਮੂਲ ਨੂੰ ਸਪਸ਼ਟ ਕਰਨ ਤੋਂ ਬਾਅਦ ਧਰਮ ਦੇ ਨਾਮ ਤੇ ਫੈਲਾਏ ਧੁੰਧਲਕੇ ਨੂੰ ਦੂਰ ਕਰਨ ਲਈ ਬਾਬਾ ਨਾਨਕ ਜੀ ਅਤੇ ਮਗਰਲੇ ਨਾਨਕ ਸਰੂਪਾਂ ਨੇ ਗੁਰਬਾਣੀ ਰਚਣ/ਇਕੱਤਰ ਕਰਨ ਤੋਂ ਇਲਾਵਾ ਵਿਵਹਾਰਿਕ ਜੀਵਨ ਰਾਹੀਂ ਵੀ ਸੱਚ ਲੋਕਾਈ ਸਾਹਮਣੇ ਰੱਖਿਆ। "ਗੁਰੂ ਇਕ ਹੀ ਹੈ ਅਤੇ ਉਹ ਵੀ ਸਿਰਫ ਅਕਾਲ ਪੁਰਖ ਆਪ ਹੀ" ਦੇ ਮੂਲ ਸੰਦੇਸ਼ ਨੂੰ ਗੁਰਬਾਣੀ ਵਿਚ ਥਾਂ ਥਾਂ ਦ੍ਰਿੜ ਕਰਵਾਇਆ ਗਿਆ ਹੈ ਜਿਸ ਦੀ ਇਕ ਸ਼ਾਨਦਾਰ ਮਿਸਾਲ ਇਹ ਗੁਰਬਾਣੀ ਵਾਕ ਹੈ।

ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ ॥

ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ ॥੧੩॥ (ਪੰਨਾ 758)

ਬਾਬਾ ਨਾਨਕ ਜੀ ਨੇ ਸ਼ਾਇਦ ਇਹ ਸੋਚਿਆ ਵੀ ਨਹੀਂ ਵੀ ਹੋਣਾ ਕਿ ਮੇਰੇ ਚਲੇ ਜਾਣ ਤੋਂ ਬਾਅਦ ਸਮਾਜ ਨੇ ਮੈਨੂੰ ਹੀ ‘ਗੁਰੂ’, ‘ਅਕਾਲ’ ਬਣਾ ਕੇ ਮੇਰੀ ਸ਼ਖਸੀਅਤ ਦੇ ਪੁਜਾਰੀ ਬਣ ਜਾਣਾ ਹੈ ਅਤੇ ਇਸ ਇਨਕਲਾਬ ਨੂੰ ਇਕ ਸੌੜੇ ਫਿਰਕੇ ਦਾ ਰੂਪ ਦੇ ਕੇ ਭਾਣਾ ਵਰਤਾ ਦੇਣਾ ਹੈ।

ਅੱਗੇ ਵੱਧਣ ਤੋਂ ਪਹਿਲਾ ‘ਤੱਤ ਗੁਰਮਤਿ ਪਰਿਵਾਰ’ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਹੈ ਕਿ ਅਸੀਂ ਕਿਸੇ ਵੀ ਮਨੁੱਖ ਵਲੋਂ ਕਿਸੇ ਨੂੰ ਵੀ ਆਪਣਾ ਇਸ਼ਟ/ਗੁਰੁ/ਰੱਬ ਆਦਿ ਮੰਨ ਕੇ ਉਸ ਦੀ ਕਿਸੇ ਵੀ ਤਰੀਕੇ ਪੂਜਾ/ਅਰਚਨਾ ਆਦਿ ਕਰਨ ਦੇ ਮੁੱਢਲੇ ਮਨੁੱਖੀ ਹੱਕ ਦੀ ਪ੍ਰੋੜਤਾ ਕਰਦੇ ਹਾਂ। ਇਸ ਲਈ ਕੋਈ ਬਾਬਾ ਨਾਨਕ ਜਾਂ ਕਿਸੇ ਹੋਰ ਦੇਵੀ ਦੇਵਤਾ ਆਦਿ ਨੂੰ ਰੱਬ ਜਾਂ ਗੁਰੁ ਜਾਂ ਹੋਰ ਕੁਝ ਮੰਨ ਕੇ ਪੂਜਾ ਜਾਂ ਸ਼ਖਸੀਅਤ ਪ੍ਰਸਤੀ ਕਰਦਾ ਹੈ ਤਾਂ ਸਾਨੂੰ ਕੋਈ ਇਤਰਾਜ਼ ਨਹੀਂ। ਇਥੋਂ ਤੱਕ ਕੇ ਕੋਈ ਗੁਰਮੀਤ ਰਾਮ ਰਹੀਮ ਜਾਂ ਕਿਸੇ ਹੋਰ ਬਾਬੇ ਨੂੰ ਜਾਂ ਪ੍ਰੋ. ਦਰਸ਼ਨ ਸਿੰਘ/ਧੁੰਦਾ ਜੀ/ਪੰਥਪ੍ਰੀਤ ਜੀ ਆਦਿ ਸਮੇਤ ਕਿਸੇ ਪ੍ਰਚਾਰਕ ਨੂੰ ਵੀ ਗੁਰੂ/ਰੱਬ ਮੰਨ ਕੇ ਪੂਜਾ ਜਾਂ ਸ਼ਖਸੀਅਤ ਪ੍ਰਸਤੀ ਕਰਦਾ ਹੋਇਆ ਸੱਚ ਪੱਖੋਂ ਮੁੰਹ ਮੋੜ ਲੈਂਦਾ ਹੈ ਤਾਂ ਸਾਨੂੰ ਵੀ ਕੋਈ ਇਤਰਾਜ਼ ਨਹੀਂ। ਬਾਬਾ ਨਾਨਕ ਜੀ ਨੇ ਵੀ ਐਸੇ ਕਿਸੇ ਮਨਮੱਤੀ ਨੂੰ ਧੱਕੇ ਨਾਲ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਉਨ੍ਹਾਂ ਦੀ ਵਿਵਹਾਰਿਕ ਸੇਧ ਵਿਚ ਸਾਡੀ ਵੀ ਕਿਸੇ ਨੂੰ ਐਸੀਆਂ ਮਨਮੱਤਾਂ ਤੋਂ ਜ਼ਬਰਦਸਤੀ ਰੋਕਣ ਦੀ ਕੋਈ ਮੰਸ਼ਾ ਨਹੀਂ ਹੈ। ਹਾਂ, ਬਾਬਾ ਨਾਨਕ ਜੀ ਦੀ ਸੇਧ ਵਿਚ,ਸਮਾਜ ਵਿਚ ਹੋ ਰਹੀਆਂ ਐਸੀਆਂ ਮਨਮੱਤਾਂ ਦਾ ਵਿਸ਼ਲੇਸ਼ਨ ਕਰਕੇ ਆਪਣੀ ਸਮਝ ਅਨੁਸਾਰ ਇਸ ਬਾਰੇ ਲਿਖਤਾਂ/ਵਿਚਾਰਾਂ/ਲੈਕਚਰ ਆਦਿ ਰਾਹੀਂ ਆਲੋਚਣਾ ਕਰਨ ਨੂੰ ਅਸੀਂ ਆਪਣਾ ਮੁੱਢਲਾ ਮਨੁੱਖੀ ਹੱਕ ਸਮਝਦੇ ਹਾਂ। ਕਿਸੇ ਵੀ ਇਮਾਨਦਾਰ ਮਨੁੱਖ ਨੂੰ ਸਾਡੇ ਇਸ ਹੱਕ ਤੇ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ, ਖਾਸਕਰ ਬਾਬਾ ਨਾਨਕ ਦੇ ਪੈਰੋਕਾਰ ਹੋਣ ਦਾ ਦਾਅਵਾ ਕਰਨ ਵਾਲਿਆਂ ਨੂੰ।

ਵਾਪਿਸ ਆਪਣੇ ਮੂਲ ਵਿਸ਼ੇ ਵੱਲ ਪਰਤਦੇ ਹਾਂ। ਸੰਪਾਦਕ ਸਿੱਖ ਮਾਰਗ ਦੇ ਸਵਾਲਾਂ ਦੇ ਜਵਾਬ ਸੰਬੰਧੀ ਆਪਣੇ ਪਿੱਛਲੇ ਲੇਖ ਵਿਚ ਅਸੀਂ ਸਪਸ਼ਟ ਕੀਤਾ ਸੀ ਕਿ ਇਸ ਦੁਨੀਆਂ ਵਿਚ ਜੋ ਵੀ ਜਨਮ ਲੈਂਦਾ ਹੈ ਉਹ ਕੁਦਰਤੀਂ ਨਿਯਮਾਂ ਹੇਠ ਆਮ ਵਾਂਗੂ ਹੀ ਜਨਮ ਲੈਂਦਾ ਹੈ। ਬਾਬਾ ਨਾਨਕ ਜੀ ਸਮੇਤ ਸਾਰੇ ਮਹਾਂਪੁਰਖ ਆਦਿ ਵੀ ਉਸੇ ਤਰਾਂ ਸਮਾਜ ਵਿਚ ਆਏ ਸਨ। ਹਾਂ, ਕੁਝ ਸ਼ਖਸੀਅਤਾਂ ਕਿਸੇ ਖੇਤਰ ਵਿਚ ਜੀਨਿਅਸ ਸਾਬਿਤ ਹੋ ਕੇ ‘ਮੀਲ ਦਾ ਪੱਥਰ’ ਬਣ ਜਾਂਦੀਆਂ ਹਨ। ਰੱਬ ਵਲੋਂ ਕਿਸੇ ਨੂੰ ਆਪਣੇ ਖਾਸ ਦੂਤ ਦੇ ਤੌਰ ਤੇ ਭੇਜਣ ਦੀ ਮਨੌਤ, ਸ਼ਰਧਾ ਰਾਹੀਂ ਮਨੁੱਖੀ ਮਾਨਕਿਸਤਾ ਨੂੰ ਖੁੰਡਾ ਕਰਨ ਦਾ, ਇਕ ਪੁਜਾਰੀ ਹਥਿਆਰ ਹੈ। ਰੱਬ ਦਾ ਪੁੱਤਰ/ਰੱਬ ਦਾ ਦੂਤ/ਅਵਤਾਰ ਆਦਿ ਮਨੌਤਾਂ ਇਸੇ ਹਥਕੰਡੇ ਦੀਆਂ ਕਾਡਾਂ ਹਨ ਜਿਨ੍ਹਾਂ ਦੀ ਬ੍ਰਾਹਮਣੀ ਗ੍ਰੰਥਾਂ ਵਿਚ ਤਾਂ ਭਰਮਾਰ ਹੈ ਹੀ, ਹੋਰਾਂ ਫਿਰਕੇ ਦੀਆਂ ਮਾਨਤਾਵਾਂ ਦਾ ਆਮ ਹਿੱਸਾ ਹਨ। ਸਿੱਖ ਫਿਰਕੇ ਦੀਆਂ ਲਿਖਤਾਂ ਵਿਚ ਵੀ ਐਸੇ ਅੰਸ਼ਾਂ ਦੀ ਕੋਈ ਘਾਟ ਨਹੀਂ। ਨਾਨਕ ਸਰੂਪ ਮਨੁੱਖੀ ਮਾਨਸਿਕਤਾ ਦੀ ਇਸ ਕਮਜ਼ੋਰੀ ਤੋਂ ਬਾਖੂਬੀ ਵਾਕਿਫ ਸਨ ਇਸ ਲਈ ਉਨ੍ਹਾਂ ਦੇ ਗੁਰਬਾਣੀ ਵਿਚ ਆਪਣੇ ਜੀਵਨ ਦੀ ਖਾਸ ਘਟਨਾਵਾਂ ਨੂੰ ਵੀ ਨਾਂਹ ਦੇ ਬਰਾਬਰ ਜਗਾ ਦਿਤੀ ਕਿਉਂਕਿ ਉਹ ਇਸ ਸ੍ਰੌਤ ਨੂੰ ਸਿਧਾਂਤ ਦਾ ਸੋਮਾ ਹੀ ਬਣਾਏ ਰੱਖਣਾ ਚਾਹੁੰਦੇ ਸਨ। ਹੋਰ ਕਿਸੇ ਵੀ ਮੱਤ ਦੇ ਮੁੱਖ ਸੋਮੇ ਵਿਚ ਕਹਾਨੀਆਂ ਦੀ ਹੀ ਭਰਮਾਰ ਆਮ ਦੇਖੀ ਜਾ ਸਕਦੀ ਹੈ, ਪਰ ‘ਸ਼ਬਦ ਗੁਰੁ ਗ੍ਰੰਥ ਸਾਹਿਬ ਜੀ’ ਵਿਚ ਐਸਾ ਨਾਂ ਮਾਤਰ ਹੀ ਹੈ।

ਪਰ ਜਦੋਂ ਅਨੇਕਾਂ ਕਾਰਨਾਂ ਕਰਕੇ ਗੁਰਮਤਿ ਇਨਕਲਾਬ ਦੇ ਪੈਰੋਕਾਰ ਵੀ ਪੁਜਾਰੀ ਗ੍ਰਿਫਤ ਵਿਚ ਫਸ ਗਏ ਤਾਂ ਇਨ੍ਹਾਂ ਨੇ ਗੁਰਮਤਿ ਸਿਧਾਂਤ ਦੇ ਇਸ ਮੂਲ ਸੋਮੇ ਨੂੰ ਸ਼ਰਧਾ ਦੇ ਮਾਰੂ ਪ੍ਰਭਾਵ ਹੇਠ ਰੁਮਾਲਿਆਂ ਵਿਚ ਕੈਦ ਕਰਕੇ ‘ਮੂਰਤੀ’ ਵਾਂਗੂ ਪੂਜਾ /ਅਰਦਾਸਾਂ ਦਾ ਸਾਧਨ ਬਣਾ ਲਿਆ ਅਤੇ ਗੁਰਦੁਆਰੇ ਕਹਾਉਂਦੇ ਸਥਾਨਾਂ ਉਤੇ ਕਹਾਨੀਆਂ ਨਾਲ ਭਰਪੂਰ ‘ਬਚਿਤ੍ਰ ਨਾਟਕ, ਸੂਰਜ ਪ੍ਰਕਾਸ਼ ਆਦਿ’ ਲਿਖਤਾਂ ਦੀਆਂ ਕਥਾ ਵਿਚਾਰ ਸ਼ੁਰੂ ਕਰ ਦਿਤੀ। ਅਬ ਮੈ ਆਪਣੀ ਕਥਾ ਬਖਾਨੋ’ ਦੀ ਤੁੱਕ ਵੇਖ ਕਿ ਵੀ ਸ਼ਰਧਾਂ ਦੀ ਗ੍ਰਿਫਤ ਵਿਚ ਫਸੇ ਸਿੱਖ ਫਿਰਕੇ ਨੂੰ ਇਹ ਸਮਝ ਨਹੀਂ ਪਈ ਕਿ ਪਹਿਲੇ ਨੌ ਨਾਨਕ ਸਰੂਪਾਂ ਤੱਕ ਕਿਸੇ ਨੂੰ ਆਪਣੀ ‘ਕਥਾ ਬਖਾਨ’ ਦੀ ਲੋੜ ਕਿਉਂ ਨਾ ਪਈ? ਦਸ਼ਮੇਸ਼ ਜੀ ਦੇ ਕੁਝ ਸਮੇਂ ਬਾਅਦ ਹੀ ਐਸੀਆਂ ਕਹਾਨੀਆਂ ਭਰਪੂਰ ਲਿਖਤਾਂ ਸਿੱਖ ਸਮਾਜ ਵਿਚ ਕਿਵੇਂ ਪ੍ਰਮੁੱਖ ਹੋਣ ਲਗ ਪਈਆਂ (ਵਿਚਾਰ ਕਰਨ ਪੱਖੋਂ)। ਇਹ ਸ਼ਰਧਾ ਇਤਨੀ ਸੂਖਮ ਅਤੇ ਮਾਰੂ ਤੌਰ ਤੇ ਜਾਗਰੂਕ ਕਹਾਉਂਦੇ ਸੱਜਣਾਂ ਦੇ ਵੀ ਮਨ ਵਿਚ ਘਰ ਕਰ ਚੁੱਕੀ ਹੈ ਕਿ ਉਹ ਬਾਣੀ ਸੋਮੇ ਨੂੰ ‘ਕਿਤਾਬ’ ਲਿਖਣ/ਸ਼ੈਲਫ ਤੇ ਰੱਖਣ ਤੇ ਹੀ ਬਦਹਜ਼ਮੀ ਹੇਠ ਜ਼ਜਬਾਤੀਂ ਉਲਟੀਆਂ ਕਰਦੇ ਆਮ ਵੇਖੇ ਜਾ ਸਕਦੇ ਹਨ। ਪਰ ਭਾਈ ਗੁਰਦਾਸ ਦੇ ਨਾਂ ਨਾਲ ਜੋੜੀ ਜਾਂਦੀਆਂ ਉਨ੍ਹਾਂ ਰਚਨਾਵਾਂ ਨੂੰ ਬਾਣੀ ਦਾ ਦਰਜਾ ਦੇਂਦੇ ਹਨ ਜਿਸ ਵਿਚ ‘ਆਸਾ ਹੱਥ ਕਿਤਾਬ ਕੱਛ’ ਕਹਿੰਦਿਆਂ ਗੁਰਬਾਣੀ ਸੋਮੇ ਨੂੰ ‘ਕਿਤਾਬ’ ਲਿਖਦਿਆਂ, ਉਸਨੂੰ ‘ਕੱਛ’ ਹੇਠ ਲੈ ਕੇ ਤੁਰਨ ਦਾ ਜ਼ਿਕਰ ਬਾਬਾ ਨਾਨਕ ਜੀ ਦੇ ਜੀਵਨ ਘਟਨਾ ਦੇ ਤੌਰ ਤੇ ਦਰਜ ਹੈ। ਜੇ ਤਥਾਕਥਿਤ ਜਾਗਰੂਕਾਂ ਦੀ ਇਹ ਮਾਨਸਿਕ ਹਾਲਤ ਹੈ ਤਾਂ ਆਮ ਸਿੱਖ ਸਮਾਜ ਦੀ ਸਥਿਤੀ ਦਾ ਅੰਦਾਜ਼ਾ ਲਗਾਉਣਾ ਕੋਈ ਮੁਸ਼ਕਿਲ ਨਹੀਂ।

ਇਸ ਮਾਨਸਿਕਤਾ ਦਾ ਜ਼ਿਕਰ ਇਸ ਲਈ ਕੀਤਾ ਤਾਂ ਕਿ ਇਹ ਸਮਝ ਆ ਸਕੇ ਕਿ ਗੁਰਮਤਿ ਸਿਰਫ ਇਹ ਸਮਝ ਲੈਣਾ/ਸਮਝਾ ਲੈਣਾ ਹੀ ਨਹੀਂ ਕਿ ਸ਼ਰਾਧ/ਮੂਰਤੀ ਪੂਜਾ/ਕਰਮਕਾਂਡ ਆਦਿ ਗਲਤ ਹਨ। ਬਲਕਿ ਜਿੰਨੀਆਂ ਪਰਤਾਂ ਪਿੱਛਲੇ 150 ਸਾਲਾਂ ਵਿਚ ਸਿੰਘ ਸਭਾ ਲਹਿਰ/ਮਿਸ਼ਨਰੀ ਲਹਿਰ/ਕਾਲਾ ਅਫਗਾਨਾ ਸਾਹਿਤ ਤੇ ਮੌਜੂਦਾ ਜਾਗਰੂਕ ਲਹਿਰ ਨੇ ਉਤਾਰੀਆਂ ਹਨ, ਇਹ ਸਿਰਫ ਉਪਰਲੀਆਂ ਪਰਤਾਂ ਹਨ। ਅਜੇ ਤਾਂ ਪੁਜਾਰੀਵਾਦ ਦੀਆਂ ਅਨੇਕਾਂ ਹੋਰ ਪਰਤਾਂ ਥੱਲੇ ਮੂਲ਼ ਗੁਰਮਤਿ ਸਿਧਾਂਤ ਦੱਬੇ ਪਏ ਹਨ। ਤੱਤ ਗੁਰਮਤਿ ਵੱਲ ਵਾਪਸੀ ਦੇ ਇਸ ਸਫਰ ਤੇ ਸਭ ਤੋਂ ਵੱਡੀ ਰੁਕਾਵਟ ‘ਸ਼ਰਧਾ’ ਹੈ। ਜਿਥੇ ਵੀ ਕੋਈ ਨਵੀ ਗੱਲ/ਤੱਥ ਸੁਣ ਕੇ ਸਾਡੀ ਸ਼ਰਧਾ ਨੂੰ ਠੇਸ ਪਹੁੰਚੇ ਅਤੇ ਅਸੀਂ ਉਸ ਤੱਥ ਨੂੰ ਵਿਚਾਰਨ ਤੋਂ ਮੁਨਕਰ ਹੋ ਕੇ ਮੌਜੂਦਾ ਦੌਰ ਵਿਚ ‘ਕਾਮਰੇਡ/ਨਾਸਤਿਕ’ (ਬਾਬਾ ਨਾਨਕ ਵੇਲੇ ਭੂਤਨ/ਬੇਤਾਲਾ) ਦੇ ਫਤਵਿਆਂ ਤੇ ਉਤਰ ਆਈਏ ਤਾਂ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਮਾਨਸਿਕ ਤੌਰ ਤੇ ਹਾਲੀਂ ਵੀ, ਕਿਸੇ ਨਾ ਕਿਸੇ ਹੱਦ ਤੱਕ, ਪੁਜਾਰੀਵਾਦ ਦੇ ਗੁਲਾਮ ਹਾਂ। ਪੁਜਾਰੀਵਾਦ ਤੋਂ ਮਾਨਸਿਕ ਤੌਰ ਤੇ ਪੂਰੀ ਤਰਾਂ ਆਜ਼ਾਦ ਹੋਏ ਬਿਨਾ ਅਸੀਂ ਮੂਲ (ਅਸਲ, ਤੱਤ) ਗੁਰਮਤਿ ਤੱਕ ਨਹੀਂ ਪਹੁੰਚ ਸਕਦੇ।ਗੁਰਮਤਿ ਦੇ ਤੱਤ ਤੱਕ ਸਿਰਫ ਇਸ ਲਈ ਪਹੁੰਚਨਾ ਜ਼ਰੂਰੀ ਨਹੀਂ ਕਿ ਇਸ ਦਾ ਸੰਬੰਧ ਸਾਡੀਆਂ ਪਸੰਦੀਦਾ ਸ਼ਖਸੀਅਤਾਂ (ਨਾਨਕ ਸਰੂਪਾਂ) ਨਾਲ ਜੁੜਦਾ ਹੈ ਬਲਕਿ ਇਹ ਇਸ ਲਈ ਜ਼ਰੂਰੀ ਹੈ ਕਿ ਅੱਜ ਤੱਕ ਇਹ ਬਹੁਤੀਆਂ ਮਨੁੱਖੀ ਸਮੱਸiਆਵਾਂ ਦੇ ਹੱਲ ਲਈ ਸੱਭ ਤੋਂ ਵੱਧ ਕਾਬਿਲ ਜਾਪਦੀ ਹੈ। ਇਸ ਨੂੰ ਸਮਝਣ ਅਤੇ ਪ੍ਰਚਾਰਨ ਦਾ ਮੂਲ ਟੀਚਾ ਮਨੁੱਖੀ ਭਲਾਈ (ਮਾਨਵਤਾ) ਹੀ ਹੋਣਾ ਚਾਹੀਦਾ ਹੈ ਨਾ ਕਿ ਆਪਣੇ ਫਿਰਕੇ ਦੇ ਪੈਰੋਕਾਰਾਂ ਦੀ ਸੰਖਿਆ ਵਧਾਉਣ ਦੀ ‘ਚੂਹਾ-ਦੌੜ’।

‘ਤੱਤ ਗੁਰਮਤਿ ਪਰਿਵਾਰ’ ਦੀ ਹੁਣ ਤੱਕ ਦੀ ਗੁਰਮਤਿ ਸਮਝ ਅਨੁਸਾਰ ਇਹ ਤਿੰਨ ਨੁਕਤੇ ਹੀ ਗੂਰਮਤਿ ਦੇ ਮੂਲ ਸਿਧਾਂਤ ਹਨ, ਜੋ ਮਨੁੱਖ ਪੁਰੀ ਤਰਾਂ ਪੁਜਾਰੀਵਾਦ ਦੇ ਚੰਗੁਲ ਤੋਂ ਆਜ਼ਾਦ ਕਰਵਾਉਣ ਲਈ ‘ਗੁਰਮਤਿ ਇਨਕਲਾਬ’ ਦੇ ਥੰਮ ਹਨ।

1. ਰੱਬ ਇਕੋ ਹੀ ਹੈ, ਅਨੰਤ ਹੈ, ਅਕਾਲ ਹੈ। ਉਹੀ ਹਰ ਤਰਾਂ ਦੇ ਸ੍ਰੋਤ ਦਾ ਮੂਲ ਹੈ ਸਮੇਤ ਗਿਆਨ ਦੇ। ਬੇਸ਼ਕ ਗਿਆਨ ਸਮਝਾਉਣ ਵਾਲਾ ਕੋਈ ਵੀ ਹੋਵੇ। ਇਸ ਲਈ ਗੁਰੂ/ਸਤਿਗੁਰੂ/ਗੁਰ ਉਹ ਆਪ ਹੀ ਹੈ। ਹੋਰ ਕਿਸੇ ਸ਼ਖਸੀਅਤ ਦੇ ਨਾਂ ਨਾਲ ਐਸੇ ਵਿਸ਼ੇਸ਼ਨ ਜੋੜ ਕੇ ਅਸੀਂ ਸਿਧਾਂਤ ਤੋਂ ਵੱਖਰੀ ਸ਼ਖਸੀਅਤ ਪ੍ਰਸਤੀ ਦੇ ਰਾਹ ਪੈ ਸਕਦੇ ਹਾਂ, ਜਿਸ ਭਟਕਾਵ ਦੀ ਜੀਵੰਤ ਨਿਸ਼ਾਨੀ ਸਿੱਖ ਸਮਾਜ ਹੈ।

2. ਕਾਦਰ ਨੇ ਕੁਦਰਤ ਨੂੰ ਰਚਿਆ ਅਤੇ ਕੁਦਰਤ ਨੂੰ ਚਲਾਉਣ ਲਈ ਅਟੱਲ ਨਿਯਮਾਂ ਦਾ ਇਕ ਸਥਾਈ ਸਿਸਟਮ ਬਣਾ ਦਿਤਾ। ਇਹੀ ਨਿਯਮ ਗੁਰਮਤਿ ਅਨੁਸਾਰ ਰੱਬੀ ਹੁਕਮ ਹਨ ਅਤੇ ਇਸ ਹੁਕਮ ਦੇ ਅੰਤਰਗਤ ਤੁਰਨਾ ਅਸਲ ਤੇ ਇਕੋ ਇਕ ‘ਧਰਮ’ ਹੈ। ਰੱਬ ਨੇ ਕੋਈ ਖਾਸ ਫਿਰਕਾ ਨਹੀਂ ਬਣਾਇਆ। ‘ਅਕਾਲ ਪੁਰਖ ਕੀ ਫੌਜ’, ‘ਆਰਮੀ ਆਫ ਗੌਡ’ ਸਮੇਤ ਹਿੰਦੂ, ਇਸਲਾਮ, ਈਸਾਈ, ਸਿੱਖ ਆਦਿ ਸਾਰੇ ਫਿਰਕੇ ਪੁਜਾਰੀ ਜਮਾਤ ਦੀ ਉਪਜ ਹਨ, ਰੱਬ ਦੇ ਬਣਾਏ ਨਹੀਂ। ਸੋ ਕਿਸੇ ਵੀ ਫਿਰਕੇ ਦਾ ਹਿੱਸਾ ਬਣ ਕੇ ਮੂਲ ਗੁਰਮਤਿ ਦੀ ਸਮਝ ਤੱਕ ਪਹੁੰਚਣਾ ਸੰਭਵ ਨਹੀਂ। ਮੂਲ ਗੁਰਮਤਿ ਤੱਕ ਇਨ੍ਹਾਂ ਫਿਰਕਿਆਂ ਦੀ ਵਲੱਗਣ ਤੋਂ ਆਜ਼ਾਦ ਹੋ ਕੇ ਹੀ ਪਹੁੰਚਿਆਂ ਜਾ ਸਕਦਾ ਹੈ। ਤੱਤ ਗੁਰਮਤਿ ਪਰਿਵਾਰ ਨੇ 15 ਅਪ੍ਰੈਲ 2017 ਨੂੰ ‘ਗੁਰਮਤਿ ਇਨਕਲਾਬ ਪੁਰਬ’ ਮੌਕੇ ‘ਐਲਾਨ-ਨਾਮੇ’ ਰਾਹੀਂ ਡੰਕੇ ਦੀ ਚੋਟ ਤੇ ਇਸ ਵਲੱਗਣ ਤੋਂ ਆਜ਼ਾਦ ਹੋਣ ਦਾ ਐਲਾਣ ਕਰ ਦਿਤਾ ਸੀ।

3. ਰੱਬ ਨੇ ਕਿਸੇ ਵੀ ਸ਼ਖਸੀਅਤ ਨੂੰ ਖਾਸ ਤੌਰ ਤੇ ਦੁਨੀਆਂ ਵਿਚ ‘ਧਰਮ’ ਦੇ ਪ੍ਰਚਾਰ ਵਾਸਤੇ ਨਹੀਂ ਭੇਜਿਆ। ਸਾਰੇ ਆਮ ਕੁਦਰਤੀਂ ਨਿਯਮਾਂ ਹੇਠ ਹੀ ਇਸ ਸੰਸਾਰ ਵਿਚ ਆਏ ਹਨ। ਸੋ ਕਿਸੇ ਖਾਸ ਸ਼ਖਸੀਅਤ ਨੂੰ ‘ਰੱਬ ਦਾ ਪੁਤਰ / ਸੰਦੇਸ਼ਵਾਹਕ / ਅਵਤਾਰ/ ਰੂਪ ’ ਆਦਿ ਮੰਨਣ ਦੀ ਸੋਚ ਪੁਜਾਰੀ ਵਹਿਮ ਤੋਂ ਵੱਧ ਕੁਝ ਵੀ ਨਹੀਂ। ਐਸੇ ਸ਼ਰਧਾਮਈ ਵਹਿਮ ਹੇਠ ਇਹ ਸਮਝਣਾ ਕੇ ਕੋਈ ਖਾਸ ਸ਼ਖਸੀਅਤ ਸਰਬ ਕਲਾ ਸਮਰੱਥ/ਜਾਣੀ ਜਾਣ/ਅੰਤਰਜਾਮੀ/ਅਭੁੱਲ ਆਦਿ ਹੈ, ਨਿਰਾ ਵਹਿਮ ਹੈ, ਭਰਮ ਹੈ, ਸੱਚ ਨਹੀਂ।

ਜ਼ਮੀਨੀ ਹਕੀਕਤ ਹੈ ਕਿ ਕੁਲ ਜਹਾਨ ਦੇ ਬਾਕੀ ਫਿਰਕਿਆਂ ਵਾਂਗੂ ਸਿੱਖ ਸਮਾਜ (ਫਿਰਕਾ) ਵੀ ਇਨ੍ਹਾਂ ਤਿੰਨ ਮੂਲ ਨੁਕਤਿਆਂ ਤੋਂ ਪੂਰੀ ਤਰਾਂ ਭਟਕਿਆ ਪਇਆ ਹੈ। ਸਭ ਤੋਂ ਨਵੀਨ, ਸਿੱਖ ਫਿਰਕੇ ਨਾਲ ਜੁੜੇ ਜਾਗਰੂਕ ਮੰਨੇ ਜਾਂਦੇ ਲਗਭਗ ਸਾਰੇ ਵਿਦਵਾਨ/ਪ੍ਰਚਾਰਕ ਵੀ ਇਨ੍ਹਾਂ ਮੂਲ ਨੁਕਤਿਆਂ ਦੇ ਨੇੜੇ ਤੇੜੇ ਨਹੀਂ (ਵਿਰਲਿਆਂ ਨੂੰ ਛੱਡ ਕੇ)। ਲਗਭਗ ਸਾਰੇ ਜਾਗਰੂਕ ਮੰਨੇ ਜਾਂਦੇ ਪ੍ਰਚਾਰਕ ਕਰਮਕਾਂਡ/ਵਹਿਮ ਭਰਮ ਦੀਆਂ ਉਪਰਲੀਆਂ ਪਰਤਾਂ ਬਾਰੇ ਗੱਲ ਕਰਕੇ ਹੀ ਸਾਰੀ ਗੁਰਮਤਿ ਸਮਝ ਲੈਣ ਦਾ ਭਰਮ ਪਾਲੀ ਬੈਠੇ ਹਨ। ਮੌਜੂਦਾ ਮਸਲੇ ਵਿਚ ਸਾਹਮਣੇ ਆਏ ਲਗਭਗ ਸਾਰੇ ਐਸੇ ਵਿਦਵਾਨਾਂ/ਪ੍ਰਚਾਰਕਾਂ ਦੇ ਬਿਆਨ ਇਸ ਦੀ ਮਿਸਾਲ ਹਨ ਕਿ ਉਹ ਵੀ ਕਿਸੇ ਨਾ ਕਿਸੇ ਪੱਧਰ ਤੇ ਜਾ ਕੇ ਅੰਨ੍ਹੀ ਸ਼ਰਧਾ ਦੇ ਗੁਲਾਮ ਹੀ ਹਨ। ਉਨ੍ਹਾਂ ਦੇ ਐੇਸੇ ਬਿਆਨ ਪਹਿਲਾਂ ਤੋਂ ਬੀਮਾਰ ਮਾਨਸਿਕਤਾ ਵਾਲੇ ਆਮ ਲੋਕਾਂ ਨੂੰ ਭੜਕਾਉਣ ਲਈ ‘ਅੱਗ ਵਿਚ ਬਾਲਣ’ ਦਾ ਕੰਮ ਹੀ ਕਰ ਰਹੇ ਹਨ ਜੋ (ਜਾਣੇ/ਅੰਜਾਣੇ) ਸ਼ਰੇਆਮ ਤੱਤ ਗੁਰਮਤਿ (ਬਾਬਾ ਨਾਨਕ ਦੀ ਸੇਧ) ਦੇ ਵਿਰੋਧ ਵਿਚ ਖੜੇ ਹੋਣ ਵਾਲੀ ਸਥਿਤੀ ਹੈ।

ਅਭੁਲ ਗੁਰੂ ਕਰਤਾਰ

ਮੌਜੂਦਾ ਵਿਵਾਦ ਦੀ ਜੜ੍ਹ ‘ਅਭੁਲ ਗੁਰੂ ਕਰਤਾਰ’ ਦਾ ਗੁਰਬਾਣੀ ਵਾਕ ਹੈ, ਜਿਸ ਦੀ ਹੁਣ ਤੱਕ ਗਲਤ ਵਿਆਖਿਆ ਇਹ ਕੀਤੀ ਜਾਂਦੀ ਹੈ ਕਿ ‘ਅਕਾਲ ਅਤੇ ਗੁਰੂ’ ਦੋਵੇਂ ‘ਅਭੁੱਲ’ ਹਨ। ਇਸ ਤੁਕ ਨੂੰ ਹਰਨੇਕ ਸਿੰਘ ਦੀ ਆਲੋਚਣਾ/ਨਿੰਦਾ ਕਰਨ ਵਾਲੇ ਲਗਭਗ ਸਾਰੇ ਵਿਦਵਾਨਾਂ/ਪ੍ਰਚਾਰਕਾਂ ਨੇ ਵਰਤਿਆ ਹੈ। ਪਹਿਲਾਂ ਵਿਚਾਰੇ ਅਨੁਸਾਰ ਇਹ ਅਰਥ ਹੀ ਸਾਡੀ ‘ਗੁਰੂ’ ਵਿਸ਼ੇਸ਼ਨ ਬਾਰੇ ਟਪਲਾ ਖਾ ਚੁੱਕੀ ਗਲਤ ਸੋਚ ਦੀ ਉਪਜ ਹਨ। ਇਥੇ ਬੜੇ ਸਰਲ ਅਤੇ ਸਪਸ਼ਟ ਅਰਥ ਹਨ ਇਕੋ ਇਕ ‘ਅਕਾਲ ਗੂਰੂ’ ਹੀ ਅਭੁੱਲ ਹੈ, ਹੋਰ ਕੋਈ ਨਹੀਂ ਸਮੇਤ ਨਾਨਕ ਸਰੂਪਾਂ ਦੇ। ਨਾਨਕ ਸਰੂਪਾਂ ਸਮੇਤ ਕਿਸੇ ਵੀ ਦੇਹਧਾਰੀ ਲਈ ‘ਗੁਰੂ’ ਵਿਸ਼ੇਸ਼ਨ ਦੀ ਗਲਤ ਵਰਤੋਂ ਬਾਰੇ ‘ਤੱਤ ਗੁਰਮਤਿ ਪਰਿਵਾਰ’ ਬਹੁਤ ਪਹਿਲਾਂ ਤੋਂ ਹੀ ਵਿਚਾਰ ਪੇਸ਼ ਕਰਦਾ ਰਿਹਾ ਹੈ, ਜਿਸਦਾ ਕੋਈ ਮਿਆਰੀ ਅਤੇ ਗੁਰਬਾਣੀ ਆਧਾਰਿਤ ਠੋਸ ਜਵਾਬ ਕਿਸੇ ਨੇ ਨਹੀਂ ਦਿਤਾ, ਹਾਂ ਸ਼ਰਧਾ ਹੇਠ ਤੋਹਮਤਾਂ/ਫਤਵੇ ਆਮ ਮਿਲੇ ਹਨ। ਇਥੇ ਉਸੇ ਨੁਕਤੇ ਬਾਰੇ ਜ਼ਿਆਦਾ ਵਿਚਾਰ ਦੁਹਰਾ ਹੀ ਹੋਵੇਗਾ। ਸਿਰਫ ਸਰਸਰੀ ਗੱਲ ਕਰਾਂਗੇ।

ਗੁਰਮਤਿ ਸਮਝ ਦਾ ਮੂਲ ਸ੍ਰੋਤ ‘ਮਹਲਾ 1’ ਦੀ ਬਾਣੀ ਹੈ। ਮਹਲਾ 1 ਦੀ ਬਾਣੀ ਡੰਕੇ ਦੀ ਚੋਟ ਤੇ ‘ਦੇਹਧਾਰੀ ਗੁਰੂ’ ਦੇ ਸਿਧਾਂਤ ਨੂੰ ਨਕਾਰਦੀ ਹੈ। ਹੁਣ ਜੇ ਕੋਈ ਮਗਰਲੇ ਸਰੂਪਾਂ ਜਾਂ ਭੱਟਾਂ ਆਦਿ ਦੀ ਬਾਣੀ ਦੇ ਹਵਾਲੇ ਰਾਹੀਂ ਇਸ ਮੂਲ ਸਿਧਾਂਤ ਨੂੰ ਨਕਾਰਨ ਦਾ ਯਤਨ ਕਰਦਾ ਹੈ ਤਾਂ ਇਸ ਦੇ ਦੋ ਹੀ ਕਾਰਨ ਹੋ ਸਕਦੇ ਹਾਂ

1. ਜਾਂ ਤਾਂ ਉਸਦੀ ਗੁਰਬਾਣੀ ਦੇ ਸਹੀ ਅਰਥਾਂ ਤੱਕ ਪਹੁੰਚ ਨਹੀਂ ਹੈ (ਇਹ ਹਕੀਕਤ ਵੀ ਹੈ ਕਿ ਹੁਣ ਤੱਕ ਗੁਰਬਾਣੀ ਦੇ ਅਰਥ ਬਹੁਤੇ ਸਹੀ ਨਹੀਂ ਕੀਤੇ ਜਾ ਸਕੇ)।

2. ਗੁਰਬਾਣੀ (ਸ਼ਬਦ ਗੁਰੂ ਗ੍ਰੰਥ ਸਾਹਿਬ ਜੀ) ਵਿਚ ਵਿਰੋਧਾਭਾਸ ਹੈ।

ਸਾਡੀ ਹੁਣ ਤੱਕ ਦੀ ਸਮਝ ਅਨੁਸਾਰ ਪਹਿਲਾਂ ਨੁਕਤਾ ਠੀਕ ਹੈ, ਪਰ ਜੇ ਇਹ ਮੰਨ ਵੀ ਲਿਆ ਜਾਵੇ ਕਿ ਗੁਰਬਾਣੀ ਵਿਚ ਵਿਰੋਧਾਭਾਸ ਵਾਲੀ ਕੋਈ ਸਥਿਤੀ ਹੈ ਤਾਂ ਉਸ ਮਾਮਲੇ ਵਿਚ ਵੀ ‘ਮਹਲਾ 1’ ਦੀ ਬਾਣੀ ਹੀ ਕਸੌਟੀ/ਪ੍ਰਮਾਣਿਕ ਮੰਨੀ ਜਾਵੇਗੀ, ਮਗਰਲੀ ਬਾਣੀ ਨਹੀਂ। ਕੀ ਕੋਈ ਇਮਾਨਦਾਰ ਵਿਦਵਾਨ ਇਸ ਗੱਲ ਤੋਂ ਮੁਨਕਰ ਹੋ ਸਕਦਾ ਹੈ ?

ਕਈਂ ਵਿਦਵਾਨ ਬਾਬਾ ਨਾਨਕ ਦੀ ਬਾਣੀ ਵਿਚ ਵੀ ‘ਦੇਹਧਾਰੀ ਗੁਰੂ’ ਦਾ ਸੰਕਲਪ ਮੰਨਦੇ ਹੋਣਗੇ। ਉਨ੍ਹਾਂ ਅਨੁਸਾਰ ਬਾਬਾ ਨਾਨਕ ਨੂੰ ਲੋਕ ਉਨ੍ਹਾਂ ਦੇ ਸਾਹਮਣੇ ‘ਗੁਰੂ’ ਪੁਕਾਰਦੇ ਸਨ ਅਤੇ ਉਹ ਇਸਦਾ ਵਿਰੋਧ ਨਹੀਂ ਕਰਦੇ ਸਨ। ਹੁਣ ਬਾਬਾ ਨਾਨਕ ਜੀ ਦੀ ਬਾਣੀ ਵਿਚ ‘ਗੁਰੂ’ ਬਾਰੇ ਬਹੁਤ ਵੱਡਿਆਈ ਵਾਲੇ ਨੁਕਤੇ ਮਿਲਦੇ ਹਨ ( ਜੋ ਅਸਲ ਵਿਚ ਇਸ ਲਈ ਹਨ ਕਿ ਉਹ ਸਿਰਫ ਅਕਾਲ ਨੂੰ ਹੀ ਗੁਰੂ ਮੰਨਦੇ ਸਨ) ਪਰ ਆਮ ਸਮਝ ਅਨੁਸਾਰ ਤਾਂ ਇਹ ਵਿਰੋਧਾਭਾਸ ਦੀ ਸਥਿਤੀ ਬਣ ਜਾਂਦੀ ਹੈ। ਹੁਣ ਬਾਬਾ ਨਾਨਕ ਜੀ ਆਪਣੇ ਆਪ ਨੂੰ ‘ਗੁਰੂ’ ਕਹਾ ਰਹੇ ਹਨ/ਪ੍ਰਵਾਨ ਕਰ ਰਹੇ ਹਨ। ਦੁਜੀ ਤਰਫ ਆਪਣੀ ਬਾਣੀ ਵਿਚ ਹੀ ‘ਗੁਰੂ’ ਦੀ ਰੱਬ ਵਾਂਗ ਵਡਿਆਈਆਂ ਕਰ ਰਹੇ ਹਨ। ਇਸ ਗਲਤ ਸਮਝ ਅਨੁਸਾਰ ਤਾਂ ਬਾਬਾ ਨਾਨਕ ਜੀ ਤੇ ‘ਆਪਣੇ ਆਪ ਮੀਆਂ ਮੀਠੂ’ ਬਨਣ ਦਾ ਇਲਜ਼ਾਮ ਹੀ ਸਾਬਿਤ ਹੋ ਰਿਹਾ ਹੋਵੇਗਾ। ਜਦਕਿ ਅਸਲ ਸੱਚਾਈ ਇਹ ਹੈ ਕਿ ਬਾਬਾ ਨਾਨਕ ਜੀ ਨੇ ਆਪਣੀ ਬਾਣੀ ਵਿਚ ਡੰਕੇ ਦੀ ਚੋਟ ਤੇ ‘ਦੇਹਧਾਰੀ ਗੁਰੂ’ ਦੇ ਸੰਕਲਪ ਨੂੰ ਨਕਾਰਿਆ ਹੈ ਅਤੇ ਆਪਣੇ ਆਪ ਨੂੰ ਮਨੁੱਖ ਮੰਨਦੇ ਹੋਏ ਦਾਸ, ਢਾਡੀ ਆਦਿ ਕਹਿ ਕੇ ਨਿਰਮਾਣਤਾ ਦੀ ਮਿਸਾਲ ਪੇਸ਼ ਕੀਤੀ। ਪਰ ਸਾਨੂੰ ਕੀ ? ਸਾਡੀ ਗਲਤ ਸਮਝ ਅਗਰ ਨਾਨਕ ਸਰੂਪਾਂ ਦੇ ਜੀਵਨ ਤੇ ਇਲਜ਼ਾਮ ਲਾਉਂਦੀ ਹੈ ਤਾਂ ਲਾਈ ਜਾਵੇ, ਅਸੀਂ ਤਾਂ ਆਪਣੀ ‘ਪੁਜਾਰੀ ਸ਼ਰਧਾ’ ਨੂੰ ਪੁਗਾਉਣਾ ਹੀ ‘ਸਿੱਖੀ’ ਸਮਝੀ ਜਾਣੀ ਹੈ?

‘ਗੁਰੂ ਅਤੇ ਅਕਾਲ’ ਦੇ ‘ਦੋ ਅਭੁੱਲ’ ਦੇ ਸਿਧਾਂਤ ਨੂੰ ਨਕਾਰਦੇ ਹੋਏ ‘ਇਕੋ ਇਕ ਅਕਾਲ ਅਭੁੱਲ’ ਦੇ ਸੱਚ ਨੂੰ ਡੰਕੇ ਦੀ ਚੋਟ ਤੇ ਸਥਾਪਿਤ ਕਰਦੀ ਤੁੱਕ ਵੀ ਗੁਰਬਾਣੀ ਵਿਚ ਮੌਜੂਦ ਹੈ ਪਰ ਸਾਡੀ ਸ਼ਰਧਾ ਉਸ ਵੱਲ ਸਾਡਾ ਧਿਆਨ ਨਹੀਂ ਜਾਉਣ ਦਿੰਦੀ। ਉਹ ਤੁਕ ਹੈ

ਭੁਲਣ ਵਿਚਿ ਕੀਆ ਸਭੁ ਕੋਈ ਕਰਤਾ ਆਪਿ ਨ ਭੁਲੈ ॥ (ਮਹਲਾ 1 ਪੰਨਾ 1344 )

ਕੀ ਇਸ ਤੋਂ ਬਾਅਦ ਵੀ ਕੋਈ ਸ਼ੱਕ ਰਹਿ ਜਾਂਦਾ ਹੈ ਕਿ ‘ਅਭੁਲ ਗੁਰੂ ਕਰਤਾਰ’ ਵੀ ਦੋ ਹਸਤੀਆਂ ਲਈ ਨਹੀਂ, ਇਕੋ ਇਕ ‘ਅਕਾਲ ਗੁਰੂ’ ਹਸਤੀ ਲਈ ਹੈ।

ਭੁਲਣਹਾਰ ਅਤੇ ਭੁਲੜ ਵਿਚਲਾ ਫਰਕ

ਉਪਰੋਕਤ ਵਿਚਾਰ ਤੋਂ ਇਹ ਗੁਰਮਤਿ ਸਿਧਾਂਤ ਤਾਂ ਸਪਸ਼ਟ ਹੋ ਗਿਆ ਕਿ ਇਕ ਰੱਬ ਤੋਂ ਇਲਾਵਾ ਸਭ ਭੁੱਲਣਹਾਰ ਹਨ। ਇਸ ਵਿਚ ਹਰ ਦੇਹਧਾਰੀ ਸ਼ਾਮਿਲ ਹੈ। ਆਪਣੇ ਵਲੋਂ ਬਣਾਏ ਗੁਰੂਆਂ/ਸਤਿਗੁਰੂਆਂ ਆਦਿ ਨੂੰ ‘ਅਭੁੱਲ’ ਮੰਨ ਲੈਣਾ ਸ਼ਰਧਾਮਈ ਵਹਿਮ ਤਾਂ ਹੋ ਸਕਦਾ ਹੈ, ਗੁਰਮਤਿ ਅਨੁਸਾਰ ‘ਅਕੱਟ ਸੱਚਾਈ’ ਨਹੀਂ।

ਹੁਣ ਜਿਹੜਾ ਨੁਕਤਾ ਸਮਝਣ ਵਾਲਾ ਉਹ ਹੈ, ‘ਭੁਲਣਹਾਰ ਅਤੇ ਭੁਲੜ’ ਵਿਚ ਫਰਕ। ਇਹ ਜ਼ਰੂਰੀ ਨਹੀਂ ਕਿ ਜੋ ‘ਭੁਲਣਹਾਰ’ ਹੈ, ਉਹ ਭੁੱਲ ਵੀ ਜ਼ਰੂਰ ਕਰੇ। ਸੋ ਜੇ ਨਾਨਕ ਸਰੂਪ ਕੁਦਰਤ ਦੇ ਅਟੱਲ ਨਿਯਮਾਂ ਅਨੁਸਾਰ ‘ਭੁਲਣਹਾਰ’ ਸਨ ਤਾਂ ਇਹ ਜ਼ਰੂਰੀ ਨਹੀਂ ਕਿ ਉਨ੍ਹਾਂ ਨੇ ਭੁਲਾਂ ਕੀਤੀਆਂ ਵੀ ਹੋਣ।

ਇੰਸਾਨੀ ਸੀਮਾਵਾਂ ਦੀਆਂ ਬੰਦਿਸ਼ਾਂ

ਬੇਸ਼ਕ ਅਸੀਂ ਪੁਜਾਰੀ ਤਾਕਤਾਂ ਵਲੋਂ ਬਹੁਤ ਪੁਰਾਤਨ ਸਮੇਂ ਤੋਂ ਸਾਡੀ ਮਾਨਸਿਕਤਾ ਵਿਚ ਸ਼ਰਧਾ ਦੀ ਆੜ ਹੇਠ ਵਾੜ ਦਿਤੀਆਂ ਗਈਆਂ ਧਾਰਨਾਵਾਂ ਹੇਠ ਆਪਣੇ ਮੰਨੇ ਜਾਂਦੇ ਰਹਿਬਰਾਂ/ਪੀਰਾਂ ਆਦਿ ਨੂੰ ਸਰਬ ਸ਼ਕਤੀ ਸੰਪੰਨ, ਅੰਤਰਯਾਮੀ, ਤੈ੍ਰਕਾਲ ਦਰਸ਼ੀ, ਸਰਬ ਕਲਾ ਸੰਪੂਰਨ ਆਦਿ ਮੰਨੀ ਜਾਈਏ, ਪਰ ਸਾਡੀ ਇਹ ਮਨੌਤ ਜ਼ਮੀਨੀ ਹਕੀਕਤ ਨਹੀਂ ਹੈ। ਜ਼ਮੀਨੀ ਹਕੀਕਤ ਅਤੇ ਕੁਰਦਤੀ ਅਟੱਲ ਸੱਚਾਈ ਇਹ ਹੈ ਕਿ ਹਰ ਦੇਹਧਾਰੀ ਜੀਵ ਦੀਆਂ ਆਪਣੀਆਂ ਸੀਮਾਵਾਂ ਹਨ। ਕੋਈ ਵੀ ਇੰਸਾਨ ਇਨ੍ਹਾਂ ਸੀਮਾਵਾਂ ਦੀਆਂ ਬੰਦਿਸ਼ਾਂ ਤੋਂ ਪੂਰੀ ਤਰਾਂ ਆਜ਼ਾਦ ਨਹੀਂ। ਬ੍ਰਾਹਮਣੀ ਮੱਤ ਸਮੇਤ ਹਰੇਕ ਫਿਰਕੇ ਨੇ ਆਪਣੇ ਮੰਨੇ ਜਾਂਦੇ ਅਵਤਾਰਾਂ/ਰਹਿਬਰਾਂ ਆਦਿ ਨਾਲ ਐਸੀਆਂ ਕਹਾਨੀਆਂ ਜੋੜ ਦਿਤੀਆਂ ਹਨ ਜੋ ਉਨ੍ਹਾਂ ਨੂੰ ਇਨ੍ਹਾਂ ਸੀਮਾਵਾਂ ਤੋਂ ਆਜ਼ਾਦ ਵਿਖਾਉਂਦਿਆਂ ਹਨ, ਪਰ ਇਹ ਕਹਾਨੀਆਂ ਹਨ, ਹਕੀਕਤ ਨਹੀਂ। ਐਸੀਆਂ ਪੁਜਾਰੀ ਕਹਾਨੀਆਂ ਦੇ ਚੰਗੁਲ ਤੋਂ ਬਾਬਾ ਨਾਨਕ ਸਾਡੀ ਮਾਨਸਿਕਤਾ ਨੂੰ ਆਜ਼ਾਦ ਕਰਵਾਉਣਾ ਚਾਹੁੰਦੇ ਸਨ।ਇਕ ਮਿਸਾਲ ਉਨ੍ਹਾਂ ਨਾਲ ਜੋੜੀ ਜਾਂਦੀ ਸਾਖੀ ਵਿਚ ਮਿਲਦੀ ਹੈ ਜਿਸ ਅਨੁਸਾਰ ਉਨ੍ਹਾਂ ਨੇ ਕਿਸੇ ਬਾਬੇ ਦੇ ਤ੍ਰੈ-ਕਾਲ ਦਰਸ਼ੀ ਹੋਣ ਦੇ ਦਾਅਵੇ ਨੂੰ ਇਸ ਹਕੀਕਤ ਨਾਲ ਖੋਖਲਾ ਸਾਬਿਤ ਕਰ ਦਿਤਾ ਕਿ ਉਹ ਆਪਣੀ ਪਿੱਠ ਪਿੱਛੇ ਛੁਪਾਏ ‘ਬਰਤਨ’ (ਗੜਵੇ) ਨੂੰ ਤਾਂ ਜਾਣ ਨਹੀਂ ਸਕਿਆ ਅਤੇ ਪਾਖੰਡ ਦਾਅਵਾ ਕਰਦਾ ਹੈ, ਅੰਤਰਯਾਮੀ ਹੋਣ ਦਾ। ਪਰ ਸਾਡੇ ਵਰਗੇ ਬੇਵਕੂਫਾਂ ਨੇ ਤਾਂ ਉਨ੍ਹਾਂ ਦੇ ਨਾਲ ਹੀ ਅੰਤਰਯਾਮੀ ਆਦਿ ਹੋਣ ਦੀਆਂ ਮਨਮੱਤੀਂ ਕਹਾਨੀਆਂ ਨੂੰ ਸਵੀਕਾਰ ਕਰ ਲਿਆ।

ਇਸੇ ਤਰਾਂ ਇਹ ਮੰਨ ਲੈਣਾ ਕਿ ਨਾਨਕ ਸਰੂਪ ਇਨ੍ਹਾਂ ਇਨਸਾਨੀ ਸੀਮਾਵਾਂ ਤੋਂ ਪੂਰੀ ਤਰਾਂ ਬਾਹਰ ਸਨ, ਹਕੀਕਤ ਨਹੀਂ, ਭਰਮ ਹੈ।

ਭੁੱਲ (ਚੁੱਕ) ਅਤੇ ਗਲਤੀ ਵਿਚ ਫਰਕ

ਧਰਮ ਦੇ ਖੇਤਰ ਵਿਚ ਸਭ ਤੋਂ ਵੱਧ ਮਹੱਤਵ ਵਾਲਾ ਨੁਕਤਾ ‘ਨੀਅਤ’ ਹੈ। ਕਿਸੇ ਵੀ ਕਰਮ ਦੇ ਚੰਗਾ ਜਾਂ ਮੰਦਾ ਹੋਣਾ ਉਸ ਪਿੱਛੇ ਕੰਮ ਕਰ ਰਹੀ ਨੀਅਤ ਹੈ। ਜ਼ਰੂਰੀ ਨਹੀਂ ਕਿ ਹਮੇਸ਼ਾਂ ਸੱਚ ਬੋਲਣ ਵਾਲੇ ਦੀ ਨੀਅਤ ਵੀ ਚੰਗੀ ਹੋਵੇ। ਸੋ ਸਹੀ ਅਤੇ ਗਲਤ ਕਰਮ ਦਾ ਫੈਸਲਾ ‘ਨੀਅਤ’ ਨਾਲ ਹੋਣਾ ਚਾਹੀਦਾ ਹੈ, ਨਾ ਕਿ ਸਿਰਫ ਆਂਕੜਿਆਂ ਜਾਂ ਨਤੀਜੇ ਦੇ ਹਿਸਾਬ ਨਾਲ।

ਭੁੱਲ (ਚੁੱਕ) ਅਤੇ ਗਲਤੀ ਵਿਚ ਇਹੀ ਬਹੁਤ ਮੂਲ ਫਰਕ ਹੈ। ਇੰਸਾਨੀ ਸੀਮਾਵਾਂ ਕਾਰਨ ਸਹੀ ਨੀਅਤ ਨਾਲ ਕੀਤੇ ਕੰਮ ਦੇ ਨਤੀਜੇ ਕਈਂ ਵਾਰ ਗਲਤ ਆ ਸਕਦੇ ਹਨ। ਕੋਈ ਵੀ ਮਨੁੱਖ ਆਪਣੇ ਕਰਮ ਦੇ ਨਤੀਜੇ ਬਾਰੇ ਦੂਰ ਦਰਸ਼ੀ ਹੋਣ ਤੇ ਬਹੁਤ ਸਟੀਕ ਅੰਦਾਜ਼ਾ ਤਾਂ ਲਾ ਸਕਦਾ ਹੈ ਪਰ ਇਹ ਸੰਭਵ ਨਹੀਂ ਕਿ ਉਹ ਭਵਿੱਖ ਨੂੰ ਵਰਤਮਾਨ ਵਿਚ ਹੀ ਪੂਰੀ ਤਰਾਂ ਜਾਣ ਕੇ, ਕਿਸੇ ਕਰਮ ਦੇ ਨਤੀਜੇ ਦਾ ਪੂਰੀ ਤਰਾਂ ਸਹੀ ਪਤਾ ਲਾ ਸਕੇ। ਨੇਕ ਨੀਅਤੀ ਨਾਲ ਵੀ ਕੀਤੇ ਕਿਸੇ ਕੰਮ ਦਾ ਨਤੀਜਾ ਜੇ ਸਹੀ ਨਹੀਂ ਵੀ ਆਉਂਦਾ ਤਾਂ ਇਸ ਨੂੰ ਭੁੱਲ/ਚੁੱਕ ਮੰਨਿਆ ਜਾ ਸਕਦਾ ਹੈ, ਗਲਤੀ ਨਹੀਂ। ਇਹ ਚੂਕ ਇੰਸਾਨੀ ਸੋਚ ਦੀਆਂ ਸੀਮਾਵਾਂ ਕਾਰਨ ਹੋ ਸਕਦੀ ਹੈ, ਕੋਈ ਵੱਡੀ ਗੱਲ ਨਹੀਂ। ਮਿਸਾਲ ਲਈ ਬਾਬਾ ਨਾਨਕ ਜੀ ਮਰਦਾਨਾ ਜੀ ਨਾਲ ਪ੍ਰਚਾਰ ਦੌਰਿਆਂ ਤੇ ਬਹੁਤ ਦੂਰ ਤੱਕ ਗਏ। ਇਸ ਲੰਮੇ ਸਫਰ ਦੌਰਾਣ ਸੰਭਵ ਹੈ, ਕੁੱਝ ਵਾਰ ਐਸਾ ਵੀ ਹੋਇਆ ਹੋਵੇਗਾ ਕਿ ਕਿਸੇ ਰਾਹ ਤੇ ਕੁਝ ਚੱਲਣ ਉਪਰੰਤ ਉਨ੍ਹਾਂ ਨੂੰ ਇਹ ਪਤਾ ਚਲ ਗਿਆ ਹੋਵੇ ਕਿ ਅਸੀਂ ਗਲਤ ਰਸਤੇ ਤੇ ਆ ਗਏ ਹਾਂ ਇਹ ਰਸਤਾ ਤਾਂ ਅੱਗੇ ਬੰਦ ਹੈ ਜਾਂ ਕਿਧਰੇ ਹੋਰ ਜਾਂਦਾ ਹੈ। ਕੀ ਇਸ ਨੂੰ ਗਲਤੀ ਮੰਨਿਆ ਜਾਵੇਗਾ ? ਕਈਂ ਵਾਰ ਉਨ੍ਹਾਂ ਨੂੰ ਕਿਸੇ ਹੋਰ ਕੋਲੋਂ ਵੀ ਰਸਤਾ ਪੁੱਛਣਾ ਪਿਆ ਹੋਵੇਗਾ ਕੀ ਇਸ ਨਾਲ ਕੋਈ ਕਮਜ਼ੋਰੀ ਮੰਨੀ ਜਾਵੇਗੀ ? ਨਹੀਂ, ਬਿਲਕੁਲ ਨਹੀਂ। ਕਿਉਂਕਿ ਇਸ ਪਿੱਛੇ ਨੀਅਤ ਦੀ ਕੋਈ ਖਰਾਬੀ ਨਹੀਂ ਸੀ।

ਦੂਜੇ ਪਾਸੇ ਗਲਤੀ ਉਹ ਹੁੰਦੀ ਹੈ, ਜਦੋਂ ਸਾਨੂੰ ਪਤਾ ਹੋਵੇ ਕਿ ਇਹ ਕੰਮ ਗਲਤ ਹੈ, ਪਰ ਅਸੀਂ ਫੇਰ ਵੀ ਉਸ ਨੂੰ ਕਰੀਏ। ਇਸ ਪਹੁੰਚ ਨੂੰ ਬਦਨੀਅਤੀ ਕਿਹਾ ਜਾ ਸਕਦਾ ਹੈ। ਇਹ ਇੰਸਾਨੀ ਸੀਮਾਵਾਂ ਕਾਰਨ ਨਹੀਂ, ਇਖਲਾਕੀ ਕਮਜ਼ੋਰੀ ਰਾਹੀਂ ਹੁੰਦਾ ਹੈ। ਇਸਦੀ ਮਿਸਾਲ ਸਿੱਖ ਮਿਥਿਹਾਸ ਵਿਚ ਕਈਂ ਥਾਂ ਮਿਲਦੀ ਹੈ। ਨਾਨਕ ਸਰੂਪਾਂ ਨੇ ਆਪ ਐਸੀ ਕੋਈ ਗਲਤੀ ਨਹੀਂ ਕੀਤੀ। ਪਰ ਸਿੱਖ ਸਾਹਿਤ ਵਿਚ ਲੇਖਕਾਂ ਨੇ ਉਨ੍ਹਾਂ ਦੇ ਨਾਂ ਨਾਲ ਐਸੀਆਂ ਕਈ ਗੱਲਾਂ ਜੋੜ ਦਿਤੀਆਂ। ਮਿਸਾਲ ਲਈ ਬਚਿਤ੍ਰ ਨਾਟਕ ਵਿਚਲੀ ਤ੍ਰਿਆ ਚਰਿਤ੍ਰ ਵਿਚਲੀ ਕਈਂ ਸਾਖੀਆਂ ਨੂੰ ਦਸ਼ਮੇਸ਼ ਜੀ ਦੀਆਂ ‘ਆਪ-ਬੀਤੀਆਂ’ ਸਮਝਣਾ। ਪੁਰਾਤਨ ਬਾਲੇ ਵਾਲੀ ਸਾਖੀ ਦੇ ਕਈਂ ਹੱਥ ਲਿਖਤ ਸਰੂਪਾਂ ਵਿਚ ਬਾਬਾ ਨਾਨਕ ਜੀ ਨੂੰ ਆਪਣੇ ਸ਼ਰਧਾਲੂ ਦੀ ਬੇਟੀ ਨਾਲ ਸੰਗ ਕਰਦੇ ਵਿਖਾਉਣ ਵਾਲੀ ਸਾਖੀ (ਹਵਾਲਾ ਕੁਲਬੀਰ ਸਿੰਘ ਕੌੜਾ ਦੀ ਪੁਸਤਕ ‘ਤੇ ਸਿੱਖ ਵੀ ਨਿਗਲਿਆ ਗਿਆ’)। ਦਸ਼ਮੇਸ਼ ਜੀ ਨੂੰ ਅਫੀਮ ਭੰਗ ਆਦਿ ਸੇਵਨ ਵਿਖਾਉਣਾ, ਨਾਨਕ ਸਰੂਪਾਂ ਦਾ ਇਕ ਤੋਂ ਵੱਧ ਵਿਆਹ ਵਿਖਾਉਣਾ ਆਦਿ ਆਦਿ।

ਰੇਡਿਉ ਵਿਰਸਾ ਦਾ ਵਿਵਾਦ

ਨੀਅਤ ਦੇ ਫਰਕ ਕਾਰਨ ਹੁੰਦੀ ‘ਭੁੱਲ/ਚੁੱਕ ਅਤੇ ਗਲਤੀ’ ਦਾ ਫਰਕ ਸਮਝਣ ਤੋਂ ਬਾਅਦ ਹੁਣ ਵਿਸ਼ਲੇਸ਼ਨ ਕਰਦੇ ਹਾਂ ਰੇਡਿਉ ਵਿਰਸਾ ਨਾਲ ਜੁੜੇ ਮੌਜੂਦਾ ਵਿਵਾਦ ਦਾ। ਆਪਣੇ ਕਿਸੇ ਪ੍ਰੋਗਰਾਮ ਵਿਚ ਉਨ੍ਹਾਂ ਨੇ ਕਿਸੇ ਪ੍ਰਸੰਗ ਵਿਚ ਇਹ ਗੱਲ ਕਹੀ ਕਿ ਨਾਨਕ ਸਰੂਪਾਂ ਦੇ ਵਿਵਹਾਰਿਕ ਜੀਵਨ ਵਿਚ ਵੀ ਹੋਈਆਂ ‘ਕੁੱਝ’ ਭੁਲਾਂ/ਗਲਤੀਆਂ ਦਾ ਜ਼ਿਕਰ ਮਿਲਦਾ ਹੈ। ਇਥੇ ਉਨ੍ਹਾਂ ਨੇ ਬੇਸ਼ਕ ‘ਗਲਤੀ’ ਲਫਜ਼ ਵੀ ਵਰਤਿਆ ਹੈ, ਕਿਉਂਕਿ ਉਹ ‘ਗਲਤੀ ਅਤੇ ਭੁੱਲ’ ਵਿਚ ਦੇ ਫਰਕ ਨੂੰ ਸ਼ਾਇਦ ਨਹੀਂ ਸਮਝਦੇ। ਸ਼ਬਦ ਵਿਸ਼ੇਸ਼ ਨਾਲ ਇਤਨਾ ਫਰਕ ਨਹੀਂ ਪੈਂਦਾ, ਫਰਕ ਪੈਂਦਾ ਹੈ ਗੱਲ ਪਿੱਛਲੀ ਨੀਅਤ ਨਾਲ। ਉਨ੍ਹਾਂ ਨੇ ਬਾਅਦ ਦੇ ਪ੍ਰੋਗਰਾਮਾਂ ਵਿਚ ਇਹ ਸਪਸ਼ਟ ਵੀ ਕੀਤਾ ਕਿ ਸਾਡਾ ਮਤਲਬ ਸੀ ਕਿ ਇੰਸਾਨੀ ਸੀਮਾਵਾਂ ਕਾਰਨ ਉਨ੍ਹਾਂ ਦੇ ਲਏ ਕੁੱਝ ਫੈਸਲਿਆਂ ਦੇ ਸਹੀ ਨਤੀਜੇ ਨਾ ਨਿਕਲਣ ਸੰਬੰਧਿਤ ਹੈ, ਨਾ ਕਿ ਉਨ੍ਹਾਂ ਦੀ ਨੀਅਤ ਵਿਚ ਕੋਈ ਖਰਾਬੀ ਨਾਲ ਸੰਬੰਧਿਤ। ਉਨ੍ਹਾਂ ਨੇ ਮਿਸਾਲ ਲਈ ‘ਰਾਮਰਾਇ’ ਵਾਲੇ ਘਟਨਾਕ੍ਰਮ ਦਾ ਹਵਾਲਾ ਦਿਤਾ।ਐਸਟ ਕੁੱਝ ਹੋਰ ਹਵਾਲੇ ਵੀ ਇਤਿਹਾਸ ਵਿਚੋਂ ਮਿਲ ਜਾਂਦੇ ਹਨ। ਮਿਸਾਲ ਲਈ ਪਹਿਲੇ ਕੁਝ ਨਾਨਕ ਸਰੂਪਾਂ ਨੇ ਮੰਜੀ ਪ੍ਰਥਾ, ਮਸੰਦ ਪ੍ਰਥਾ ਸ਼ੁਰੂ ਕੀਤੀ ਪਰ ਸਮੇਂ ਨਾਲ ਜਦ ਇਹ ਸੰਸਥਾਵਾਂ ਭ੍ਰਿਸ਼ਟ ਹੋ ਗਈਆਂ ਤਾਂ ਮਗਰਲੇ ਨਾਨਕ ਸਰੂਪਾਂ ਨੇ ਇਹ ਸੰਸਥਾਵਾਂ ਬੰਦ ਵੀ ਕਰ ਦਿਤੀਆਂ।

ਹੁਣ ਰਾਮਰਾਇ, ਮੰਜੀ/ਮਸੰਦ ਪ੍ਰਥਾ ਦੇ ਫੈਸਲਿਆਂ ਦਾ ਸਮੇਂ ਨਾਲ ਸਹੀ ਨਤੀਜੇ ਨਾ ਦੇਣ ਦੀ ਹਕੀਕਤ ਲਈ ਨਾਨਕ ਸਰੂਪਾਂ ਨੂੰ ਜਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਇਨ੍ਹਾਂ ਫੈਸਲਿਆਂ ਵਿਚ ਉਨ੍ਹਾਂ ਦੀ ਨੀਅਤ ਗਲਤ ਨਹੀਂ ਸੀ। ਹਾਂ, ਇੰਸਾਨੀ ਸੀਮਾਵਾਂ ਕਾਰਨ ਨਤੀਜੇ ਪੂਰੀ ਤਰਾਂ ਉਨ੍ਹਾਂ ਦੀ ਇੱਛਾ ਅਨੁਸਾਰੀ ਨਹੀਂ ਨਿਕਲੇ।

ਤਰਸ ਆਉਂਦਾ ਹੈ, ਉਨ੍ਹਾਂ ਜਾਗਰੂਕ ਮੰਨੇ ਜਾਂਦੇ ਵਿਦਵਾਨਾਂ/ਪ੍ਰਚਾਰਕਾਂ ਦੀ ਸੋਚ ਤੇ ਜੋ ਹਰਨੇਕ ਸਿੰਘ ਅਤੇ ਟੀਮ ਦੇ ਇਸ ਵਿਸ਼ਲੇਸ਼ਨ ਨੂੰ ਨਾਨਕ ਸਰੂਪਾਂ ਨਾਲ ਸਾਜਸ਼ੀ ਲੇਖਕਾਂ ਵਲੋਂ ਜੋੜੀ ਗਈ ਮਨਮੱਤਾਂ ਨਾਲ ਬਰਾਬਰੀ ਕਰ ਰਹੇ ਹਨ। ਇਸ ਵਿਚ ਉਪਰ ਵਰਨਤ ਲਗਭਗ ਸਾਰੇ ਲੇਖਕ/ਪ੍ਰਚਾਰਕ ਸ਼ਾਮਿਲ ਹਨ।

ਕੁੱਝ ਤਲਖ ਸੱਚਾਈਆਂ ਟੀਮ ਹਰਨੇਕ ਸਿੰਘ ਬਾਰੇ

ਇਹ ਗੱਲ ਸੁਨਣ ਵਿਚ ਆਈ ਹੈ ਕਿ ਨਾਨਕ ਸਰੂਪਾਂ ਨਾਲ ਗਲਤੀਆਂ ਵਾਲਾ ਮੌਜੂਦਾ ਵਿਵਾਦ ਉਸ ਸਮੇਂ ਛਿੜਿਆ ਜਦੋਂ ਕਿਸੇ ਨੇ ਹਰਨੇਕ ਸਿੰਘ ਜੀ ਨੂੰ ਇਹ ਸਵਾਲ ਪੁੱਛਿਆ ਕਿ ਸਰਬਜੀਤ ਸਿੰਘ ਧੂੰਦਾ ਦੀ ਪੇਸ਼ੀ ਵੇਲੇ ਤੇ ਉਨ੍ਹਾਂ ਦੇ ਨਾਲ ਖੜੇ ਸੀ, ਅੱਜ-ਕੱਲ੍ਹ ਉਨ੍ਹਾਂ ਦਾ ਵਿਰੋਧ ਕਿਉਂ ਕਰ ਰਹੇ ਹੋ? ਇਸ ਸਵਾਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਬੇਸ਼ਕ ਉਸ ਵੇਲੇ ਸਾਡੇ ਕੋਲੋਂ ਗਲਤੀ ਹੋਈ ਸੀ। ਕੀ ਹੋਇਆ ਇਸ ਤਰਾਂ ਦੀ ਗਲਤੀਆਂ ਤਾਂ ਨਾਨਕ ਸਰੂਪਾਂ ਕੋਲੋਂ ਵੀ ਜੀਵਨ ਵਿਚ ਵੀ ਹੁੰਦੀਆਂ ਰਹੀਆਂ ਹਨ। ਜੇ ਇਹ ਗੱਲ ਸਹੀ ਹੈ ਤਾਂ ਬਹੁਤ ਅਫਸੋਸਜਨਕ, ਕੱਚਘਰੜ ਅਤੇ ਬੇਈਮਾਨੀ ਹੈ। ਧੂੰਦਾ ਜੀ ਦੀ ‘ਪੁਜਾਰੀਆਂ ਸਾਹਮਣੇ ਪੇਸ਼ੀ’ ਦੇ ਘਟਨਾਕ੍ਰਮ ਵਾਲੀ ਆਪਣੀ ਜਾਣ-ਬੁੱਝ ਕੇ ਕੀਤੀ ਗਲਤੀ ਨੂੰ ਨਾਨਕ ਸਰੂਪਾਂ ਦੇ ਨੇਕ-ਨੀਅਤੀ ਨਾਲ ਕੀਤੇ ਫੈਸਲਿਆਂ ਨਾਲ ਜਸਟੀਫਾਈ ਕਰਨਾ ਤਾਂ ਬਹੁਤ ਗਲਤ ਹੈ। ਕਿਉਂਕਿ ਪੁਜਾਰੀਆਂ ਸਾਹਮਣੇ ਘੁੱਟਣੇ ਟਿਕਵਾ ਕੇ ਸਟੇਜਾਂ ਬਚਾ ਲੈਣ ਦੀ ਸ਼ਰਮਨਾਕ ਕਾਰਵਾਈ ਦੀ ਵਿਰੋਧਤਾ ਤਾਂ ਗੁਰਮਤਿ ਸਿਧਾਂਤਾਂ ਅਤੇ ਨਾਨਕ ਸਰੂਪਾਂ ਦੇ ਪ੍ਰਮਾਨਿਕ ਜੀਵਨ ਵਿਵਹਾਰ ਵਿਚੋਂ ਆਮ ਮਿਲਦੀ ਹੈ। ਹੋਰ ਤਾਂ ਹੋਰ ਤੱਤ ਗੁਰਮਤਿ ਪਰਿਵਾਰ ਨੇ ਵੀ ਉਸ ਸਮੇਂ ਉਨ੍ਹਾਂ ਦੀ ਇਸ ਪਹੁੰਚ ਨੂੰ ਦਲੀਲਾਂ ਨਾਲ ਗਲਤ ਸਾਬਿਤ ਕਰਦੇ ਇਸ ਤੋਂ ਪਿਛਾਂਹ ਹਟਣ ਦੀ ਦੁਹਾਈ ਦਿੱਤੀ ਸੀ (ਜਿਸ ਕਾਰਨ ਉਹ ਹੋਰਨਾਂ ਵਾਂਗੂ ਸਾਡੇ ਤੋਂ ਖਫਾ ਹੋ ਗਏ ਸਨ)। ਸੋ ਉਨ੍ਹਾਂ ਦੀ ਉਸ ਜਾਣ-ਬੁਝ ਕੇ ਕੀਤੀ ਗਲਤੀ ਨੂੰ ਨਾਨਕ ਸਰੂਪਾਂ ਦੇ ਕੀਤੇ ਕੁਝ ਫੈਸਲਿਆਂ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਰੇਡਿਉ ਵਿਰਸਾ ਦੇ ਕੁਝ ਪ੍ਰੋਗਰਾਮ ਸੁਣ ਕੇ ਸਾਨੂੰ ਇਹ ਇਲਜ਼ਾਮ ਸਹੀ ਵੀ ਲਗਦਾ ਹੈ ਕਿ ਇਹ ਵਿਵਾਦ ਹਰਨੇਕ ਸਿੰਘ ਜੀ ਨੇ ਆਪਣੀਆਂ ਗਲਤੀਆਂ ਨੂੰ ਜਸਟੀਫਾਈ ਕਰਨ ਲਈ ਹੀ ਛੇੜ ਲਿਆ। ਐਸੀ ਹੀ ਇਕ ਗਲਤ ਪਹੁੰਚ ਕਾਰਨ ਉਹ ਆਪਣੀ ਬਹੁਤ ਹੀ ਹਲਕੇ ਪੱਧਰ ਦੀ ਸ਼ਬਦਾਵਾਲੀ ਜਿਸ ਵਿਚ ਵਿਰੋਧੀਆਂ ਪ੍ਰਤੀ ਗਾਲਾਂ ਦੀ ਭਰਮਾਰ ਵੀ ਹੁੰਦੀ ਹੈ, ਨੂੰ ਸਹੀ ਸਿੱਧ ਕਰਨ ਲਈ ਗੁਰਬਾਣੀ ਵਿਚ ਨਾਨਕ ਸਰੂਪਾਂ ਅਤੇ ਭਗਤਾਂ ਵਲੋਂ ਪੁਜਾਰੀਵਾਦ ਨੂੰ ਰੱਦ ਕਰਨ ਲਈ ਵਰਤੀ ਸਖਤ ਸ਼ਬਦਾਵਲੀ ਨਾਲ ਤੁਲਨਾ ਕਰਦੇ ਹਨ। ਐਸੀ ਤੁਲਣਾ ਕਰਦੇ ਵਕਤ ਉਹ ਭੁੱਲ ਜਾਂਦੇ ਹਨ ਕਿ ਬਾਣੀਕਾਰਾਂ ਨੇ ਆਪਣੇ ਲਈ ਨਿਰਮਾਣਤਾ ਦੀ ਹੱਦ ਤੱਕ ਜਾਂਦਿਆਂ ‘ਰਾਹ ਦਾ ਰੋੜਾ, ਕੁੱਤਾ, ਦਾਸ’ ਆਦਿ ਲਕਬ ਵੀ ਵਰਤੇ ਹਨ। ਸਖਤ ਸ਼ਬਦਾਵਲੀ ਦ੍ਰਿੜਤਾ ਅਤੇ ਕਾਵਿ ਰਸ ਕਾਰਨ ਹੈ ਨਾ ਕਿ ਕਿਸੇ ਨੂੰ ਜਾਣ-ਬੁਝ ਕੇ ਨੀਵਾਂ ਵਿਖਾਉਣਾ ਲਈ, ‘ਹਉਮੈਂ ਵਜੋਂ’। ਸੋ ਹਰਨੇਕ ਸਿੰਘ ਅਤੇ ਟੀਮ ਵਲੋਂ ਆਪਣੀਆਂ ਸੁਭਾਅ ਦੀਆਂ ਕਮਜ਼ੋਰੀਆਂ ਨੂੰ ਨਾਨਕ ਸਰੂਪਾਂ ਦੇ ਜੀਵਨ ਅਤੇ ਬਾਣੀ ਦੇ ਹਵਾਲਿਆਂ ਨਾਲ ਜਸਟੀਫਾਈ ਕਰਨਾ ਮਨਮੁੱਖਤਾਈ ਹੈ, ਗੁਰਮਤਿ ਨਹੀਂ।

ਰੇਡਿਉ ਵਿਰਸਾ ਦੀ ਟੀਮ ਦੀ ਪਹੁੰਚ ਵਿਚ ਕਈਂ ਕਮਜ਼ੋਰੀਆਂ ਸਾਨੂੰ ਲਗਦੀਆਂ ਹਨ। ਜਿਨ੍ਹਾਂ ਦਾ ਵਿਸ਼ਲੇਸ਼ਨ ਕੁੱਝ ਤਾਂ ਅਸੀਂ ਉਪਰ ਕਰ ਆਏ ਹਾਂ, ਅਤੇ ਕੁਝ ਹੇਠਾਂ ਕਰ ਰਹੇ ਹਾਂ। ਹੁਣ ਇਹ ਉਨ੍ਹਾਂ ਤੇ ਨਿਰਭਰ ਕਰਦਾ ਹੈ ਕਿ ਉਨ੍ਹਾਂ ਨੇ ਵੀ ਟੀਮ ‘ਦ ਖਾਲਸਾ, ਟੀਮ ‘ਖਾਲਸਾ ਨਿਉਜ਼’ ਆਦਿ ਵਾਂਗ ਆਪਣੀ ਅਤੇ ਆਪਣੀ ਚਹੇਤੀਆਂ ਸ਼ਖਸੀਅਤਾਂ (ਅਮਰਜੀਤ ਸਿੰਘ ਚੰਦੀ, ਪ੍ਰੋ. ਦਰਸ਼ਨ ਸਿੰਘ, ਸਰਬਜੀਤ ਸਿੰਘ ਧੁੰਦਾ ਆਦਿ) ਦੀ ਉਸਾਰੂ ਆਲੋਚਣਾ ਤੋਂ ਚਿੜ੍ਹ ਕੇ ਨਫਰਤ ਪਾਲ ਲੈਣੀ ਹੈ ਜਾਂ ਸਵੈ-ਪੜਚੋਲ ਰਾਹੀਂ ਸੁਧਾਰ ਕਰਕੇ ਗੁਰਮਤਿ ਪ੍ਰਤੀ ਈਮਾਨਦਾਰਾਨਾ ਲਗਾਵ ਦਾ ਪ੍ਰਗਟਾਵਾ ਕਰਨਾ ਹੈ।

1. ਟੀਮ ਰੇਡਿਉ ਵਿਰਸਾ ਦੀ ਪਹਿਲੀ ਸਭ ਤੋਂ ਵੱਡੀ ਕਮਜ਼ੋਰੀ ਉਨ੍ਹਾਂ ਦਾ ਬੋਲਣ ਦਾ ਲਹਿਜਾ ਹੈ। ਖਾਸਕਰ ਹਰਨੇਕ ਸਿੰਘ ਨਿਉਜ਼ੀਲੈਂਡ ਦੀ। ਇਹ ਗੱਲ ਪੱਲੇ ਬੰਨਣ ਵਾਲੀ ਹੈ ਕਿ ਗੁਰਮਤਿ ਦੇ ਖੇਤਰ ਵਿਚ ਪ੍ਰਚਾਰਕ ਵਜੋਂ ਵਿਚਰਨ ਲਈ ਬੋਲ-ਬਾਣੀ ਦੀ ਮਿਠਾਸ ਅਤੇ ਤਹਿਜ਼ੀਬ ਹੋਣੀ ਬਹੁਤ ਜ਼ਰੂਰੀ ਹੈ। ਸਾਡੀ ਬੋਲ-ਬਾਣੀ ਤੋਂ ਇਹ ਅਹਿਸਾਸ ਨਹੀਂ ਹੋਣਾ ਚਾਹੀਦਾ ਕਿ ਅਸੀਂ ਗੁੱਸੇ, ਹਉਮੈ ਜਾਂ ਈਰਖਾ ਅਧੀਨ ਹਾਂ। ਸਿਰਫ ਅਹਿਸਾਸ ਕਰਾਉਣਾ ਹੀ ਨਹੀਂ, ਸਾਨੂੰ ਤਾਂ ਇਹ ਇਮਾਨਦਾਰਾਨਾ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੀ ਆਲੋਚਣਾ/ਨਿੰਦਾ/ਵਿਰੋਧ ਕਾਰਨ ਗੁੱਸੇ/ਈਰਖਾ ਦਾ ਸ਼ਿਕਾਰ ਨਾ ਹੋਈਏ। ਘੱਟੋ-ਘੱਟ ਇਨ੍ਹਾਂ ਕਮਜ਼ੋਰੀਆਂ ਦਾ ਪ੍ਰਗਟਾਵਾ ਤਾਂ ਖੁੱਲੇਆਮ ਨਹੀਂ ਹੋਣਾ ਚਾਹੀਦਾ।

2. ਆਪਣੀ ਉਪਰੋਕਤ ਕਮਜ਼ੋਰੀਆਂ ਕਾਰਨ ਅਸੀਂ ਕਿਸੇ ਖਾਸ ਸ਼ਖਸੀਅਤ /ਸ਼ਖਸੀਅਤਾਂ ਦੇ ਵਿਰੋਧ ਨੂੰ ਹੀ ਆਪਣਾ ਇਕ ਨੁਕਾਤੀ ਪ੍ਰੋਗਰਾਮ ਬਣਾ ਲੈਂਦੇ ਹਾਂ। ਅਸੀਂ ਰੇਡਿਉ ਵਿਰਸਾ ਬਹੁਤ ਘੱਟ ਸੁਣਿਆ ਹੈ, ਪਰ ਜਿਨ੍ਹਾਂ ਵੀ ਸੁਣਿਆ ਸਾਨੂੰ ਇਹ ਜਾਪਦਾ ਹੈ ਕਿ ਉਨ੍ਹਾਂ ਨੇ ਧੁੰਦਾ ਜੀ ਅਤੇ ਪੰਥ ਪ੍ਰੀਤ ਆਦਿ ਦੇ ਵਿਰੋਧ/ਆਲੋਚਣਾ ਨੂੰ ਹੀ ਇਕ ਨੁਕਾਤੀ ਪ੍ਰੋਗਰਾਮ ਬਣਾ ਰੱਖਿਆ ਹੈ। ਇਨ੍ਹਾਂ ਦੇ ਰੇਡਿਉ ਦਾ ਪ੍ਰੋਗਰਾਮ ਦਾ ਵਿਸ਼ਾ ਕੋਈ ਵੀ ਹੋਵੇ, ਉਨ੍ਹਾਂ ਵਿਚ ਇਨ੍ਹਾਂ ਪ੍ਰਚਾਰਕਾਂ ਦੀ ਆਲੋਚਣਾ ਕਿਸੇ ਨਾ ਕਿਸੇ ਤਰੀਕੇ ਆ ਹੀ ਜਾਂਦੀ ਹੈ। ਮਿਸਾਲ ਲਈ ਅਸੀਂ ਦੇ ਕੋਈ ਸਵਾ ਘੰਟੇ ਦੇ ਪ੍ਰੋਗਰਾਮ ਦੀ ਰਿਕਾਰਡਿੰਗ ਕਿਸੇ ਸੱਜਣ ਨੇ ਸਾਨੂੰ ਸੋਸ਼ਲ ਮੀਡੀਆ ਰਾਹੀਂ ਭੇਜੀ। ਉਸ ਪ੍ਰੋਗਰਾਮ ਦਾ ਨਾਮ ਸੀ ‘ਦਸਮ ਗ੍ਰੰਥ ਦਾ ਸੱਚ’। ਉਸ ਘੰਟੇ ਤੋਂ ਵੱਧ ਦੇ ਸਮੇਂ ਦੇ ਪ੍ਰੋਗਰਾਮ ਵਿਚ ‘ਦਸਮ ਗ੍ਰੰਥ’ ਬਾਰੇ ਇਕ ਵੀ ਗੱਲ ਨਹੀਂ ਹੋਈ ਅਤੇ ਸਾਰਾ ਸਮਾਂ ਸਰਬਜੀਤ ਸਿੰਘ ਧੁੰਦਾ ਅਤੇ ਪੰਥਪ੍ਰੀਥ ਸਿੰਘ ਅਤੇ ਉਨ੍ਹਾਂ ਦੇ ਸਮਰਥਕਾਂ ਦੀ ਆਲੋਚਣਾ ਵਿਚ ਲਾ ਦਿਤਾ। ਐਸਾ ਸੁਣਿਆ ਹੈ, ਅਕਸਰ ਹੀ ਹੁੰਦਾ ਹੈ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਧੂੰਦਾ ਜੀ, ਪੰਥ ਪ੍ਰੀਤ ਸਿਂਘ ਜੀ ਸਮੇਤ ਜ਼ਿਆਦਾਤਰ ਮਿਸ਼ਨਰੀ ਪ੍ਰਚਾਰਕ ਸਟੇਜਾਂ ਦੇ ਬੇਲੋੜੇ ਮੋਹ ਕਾਰਨ ਸਿਧਾਂਤ ਨਾਲ ਸਮਝੌਤਾ ਕਰ ਰਹੇ ਹਨ ਪਰ ਸਿਰਫ ਇਕ ਉਹੀ ਮੁੱਦਾ ਸੰਸਾਰ ਵਿਚ ਨਹੀਂ ਰਹਿ ਗਿਆ ਹੈ। ਇਕ ਵਾਰ ਉਨ੍ਹਾਂ ਦੀ ਆਲੋਚਣਾ ਹੋ ਗਈ ਸਹੀ ਹੈ, ਪਰ ਘੜੀ-ਮੁੜੀ ਉਸੀ ਗੱਲ ਨੂੰ ਚੁੱਕੀ ਜਾਣਾ ਬਹੁਤੀ ਸਿਆਨਪ ਨਹੀਂ। ਬਾਬਾ ਨਾਨਕ ਜੀ ਨੇ ਵੀ ਮੱਕੇ, ਜਗਨਨਾਥ ਆਦਿ ਜਾ ਕੇ ਮਨਮਤਾਂ ਦੀ ਆਲੋਚਣਾ ਕੀਤੀ ਪਰ ਉਹ ਆਪਣੀ ਗੱਲ ਕਹਿ ਕੇ ਅੱਗੇ ਵੱਧ ਗਏ, ਉਸੇ ਗੱਲ ਨੂੰ ਫੜ੍ਹ ਕੇ ਨਹੀਂ ਬਹਿ ਗਏ।

ਦੂਜੀ ਤਰਫ, ਰਣਜੀਤ ਸਿੰਘ ਢੱਢਰੀਆ ਵਾਲੇ ਦੀ ਬੇਲੋੜੀ ਪ੍ਰੋੜਤਾ ਵਾਲੀ ਸੋਚ ਵੀ ਉਨ੍ਹਾਂ ਦੇ 2012 ਦੇ ਧੂੰਦਾ ਜੀ ਕਾਂਡ ਵਾਂਗ ਸ਼ਖਸੀਅਤ ਪ੍ਰਸਤੀ ਵੱਲ ਜਾ ਰਹੀ ਹੈ। ਬੇਸ਼ਕ ਇਸ ਵਿਚ ਕੋਈ ਸ਼ੱਕ ਨਹੀਂ ਕਿ ਰਣਜੀਤ ਸਿੰਘ ਢੱਡਰੀਆ ਵਾਲੇ ਸੰਪਰਦਾਈ/ਡੇਰਾਵਾਦੀ ਮੂਲ ਦੇ ਹੋਣ ਦੇ ਬਾਵਜੂਦ ਵੀ ਜਿਸ ਤਰਾਂ ਸਹੀ ਗੁਰਮਤਿ ਦੇ ਪ੍ਰਚਾਰ ਦੀ ਰਾਹ ਤੇ ਅੱਗੇ ਵੱਧ ਰਹੇ ਹਨ, ਉਹ ਲਾਮਿਸਾਲ ਹੈ। ਪਰ ‘ਤੱਤ ਗੁਰਮਤਿ’ ਬਾਰੇ ਉਨ੍ਹਾਂ ਦੀ ਪਹੁੰਚ ਫਿਲਹਾਲ ਬਹੁੱਤੀ ਸਪਸ਼ਟ ਨਹੀਂ। ਅਖੌਤੀ ਦਸਮ ਗ੍ਰੰਥ ਅਤੇ ਸਿੱਖ ਰਹਿਤ ਮਰਿਯਾਦਾ ਬਾਰੇ ਹਾਲੀਂ ਵੀ ਉਹ ਬੇਲੋੜੀ ‘ਪੰਥ ਪ੍ਰਵਾਨਿਕਤਾ’ ਦੇ ਬੋਝ ਹੇਠ ਜਾਪਦੇ ਹਨ ਅਤੇ ਗੁਰਮਤਿ ਅਨੁਸਾਰ ਦ੍ਰਿੜ ਸਟੈਂਡ ਲੈਣ ਦੀ ਸਥਿਤੀ ਵਿਚ ਨਹੀਂ ਲਗਦੇ। ਉਨ੍ਹਾਂ ਦੀ ਮਜ਼ਬੂਰੀ ਵੀ ਉਹੀ ਸਟੇਜਾਂ ਵਾਲੀ ਹੀ ਲਗਦੀ ਹੈ। ਬਾਕੀ ਜੇ ਦੀਵਾਨਾਂ ਵਿਚਲੀ ਭੀੜ ਹੀ ਕਸਵੱਟੀ ਮੰਨਣੀ ਹੈ ਤਾਂ ਰਾਮ ਰਹੀਮ ਜਿਹੇ ਢੋਂਗੀਆਂ ਦੇ ਦੀਵਾਨਾਂ ਵਿਚਲੀ ਗਿਣਤੀ ਦਾ ਤਾਂ ਕੋਈ ਸਿੱਖ ਪ੍ਰਚਾਰਕ ਮੁਕਾਬਲਾ ਨਹੀਂ ਕਰ ਸਕਦਾ।

3. ਜੇ ਟੀਮ ਰੇਡਿਉ ਵਿਰਸਾ ਪ੍ਰਚਲਿਤ ਜਾਗਰੂਕ ਪ੍ਰਚਾਰਕਾਂ ਦੇ ਪ੍ਰਚਾਰ ਤੋਂ ਅੱਗੇ ਵੱਧ ਕੇ ਮੂਲ ਗੁਰਮਤਿ ਦੀ ਖੋਜ ਵਾਲੇ ਪਾਸੇ ਵੱਧਣ ਦੇ ਇੱਛੁਕ ਹਨ ਤਾਂ ਇਹ ਬਹੁਤ ਵਧੀਆ ਅਤੇ ਸੁਆਗਤ ਯੋਗ ਹੈ। ਪਰ ਉਸ ਖੋਜ ਨੂੰ ਆਪਣੇ ਵਿਹਾਰ ਵਿਚ ਨਾਲ ਨਾਲ ਉਤਾਰੀ ਜਾਣਾ ਵੀ ਬਹੁਤ ਜ਼ਰੂਰੀ ਹੈ। ਮਿਸਾਲ ਲਈ ‘ਦਸਮ ਗ੍ਰੰਥ ਦਾ ਸੱਚ’ ਵਾਲੇ ਉਪਰ ਵਰਣਿਤ ਪ੍ਰੋਗਰਾਮ ਵਿਚ ਉਹ ਇਸ ਸੱਚ ਨੂੰ ਕੁੱਝ ਕੁੱਝ ਸਹੀ ਸਮਝ ਰਹੇ ਹਨ ਕਿ ‘ਦੇਹ ਗੁਰੂ’ ਨਹੀਂ ਹੁੰਦੀ ਪਰ ਉਸੇ ਪ੍ਰੋਗਰਾਮ ਵਿਚ ‘ਗੁਰੂ ਨਾਨਕ’ ਅਤੇ ‘ਗੁਰੂ ਸਾਹਿਬਾਨ’ ਲਕਬ ਆਮ ਵਰਤਦੇ ਰਹੇ। ਬਾਬਾ ਨਾਨਕ ਜੀ ਵੀ ਦੇਹਧਾਰੀ ਸਨ ਅਤੇ ਗੁਰਮਤਿ ਅਨੁਸਾਰ ‘ਗੁਰੂ’ ਇਕ ਵਚਨ (ਅਕਾਲ ਪੁਰਖ) ਹੈ, ਬਹੁਵਚਨ ਨਹੀਂ। ਇਹ ਸਿਰਫ ਸਮਝਾਉਣ ਲਈ ਇਕ ਮਿਸਾਲ ਦਿਤੀ ਹੈ।

ਆਸ ਹੈ ਕਿ ਟੀਮ ਰੇਡਿਉ ਵਿਰਸਾ ਸਾਡੇ ਉਪਰੋਕਤ ਵਿਸ਼ਲੇਸ਼ਨ ਨੂੰ ‘ਹਾਂ-ਪੱਖੀ’ ਲੈ ਕੇ ਸਵੈ-ਪੜਚੋਲ ਕਰੇਗੀ। ਜੇ ਉਹ ਵੀ ਹੋਰਨਾਂ ਵਾਂਗੂ ਸਾਡੇ ਨਾਲ ਖਫਾ ਹੋ ਜਾਂਦੇ ਹਨ ਤਾਂ ਇਸ ਪਹੁੰਚ ਤੇ ਸਾਨੂੰ ਕੋਈ ਬਹੁਤਾ ਅਚੰਭਾ ਨਹੀਂ ਹੋਵੇਗਾ।

ਅੰਤਿਕਾ

ਜਾਗਰੂਕ ਪੰਥ ਦਾ ਹਿੱਸਾ ਮੰਨੇ ਜਾਂਦੇ ਬਹੁਤੇ ਪ੍ਰਚਾਰਕਾਂ ਨੇ ਜਿਸ ਤਰਾਂ ਟੀਮ ਰੇਡਿਉ ਵਿਰਸਾ ਦੀ ਇਸ ਨਵੀਂ ਪਹੁੰਚ ਨੂੰ ਲੈ ਕੇ ਇਕਪਾਸੜ ਆਲੋਚਣਾ/ਨਿੰਦਾ ਕੀਤੀ ਹੈ, ਉਸ ਨੇ ਇਸ ਅਹਿਸਾਸ ਨੂੰ ਵਧਾਇਆ ਹੀ ਹੈ ਕਿ ਅਸੀਂ ਕਿਤਨੇ ਵੀ ਜਾਗਰੂਕ ਹੋਣ ਦਾ ਦੰਮ ਭਰੀਏ, ਸੂਖਮ ਪੱਧਰ ਤੇ ਅਸੀਂ ਹਾਲੀਂ ਵੀ ਉਸੇ ਸ਼ਰਧਾਮਈ ਪੁਜਾਰੀਵਾਦ ਦੇ ਮਾਨਸਿਕ ਗੁਲਾਮ ਹੀ ਹਾਂ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਪ੍ਰੋ. ਦਰਸ਼ਨ ਸਿੰਘ ਜੀ ਤੋਂ ਲੈ ਕੇ ਮਿਸ਼ਨਰੀ ਕਾਲਜਾਂ ਤੱਕ ਦੇ ਪ੍ਰਚਾਰ ਦਾ ਆਮ ਲੋਕਾਂ ਨੂੰ ਕੁੱਝ ਨਾ ਕੁੱਝ ਫਾਇਦਾ ਜ਼ਰੂਰ ਹੋ ਰਿਹਾ ਹੈ। ਕਿਉਂਕਿ ਹਾਲੀਂ ਵੀ ਸਮਾਜ ਦਾ ਬਹੁਤਾ ਹਿੱਸਾ ਕਰਮਕਾਂਡਾਂ ਦਾ ਸ਼ਿਕਾਰ ਹੈ। ਪਰ ਇਹ ਵੀ ਸਮਝਣਾ ਜ਼ਰੂਰੀ ਹੈ ਕਿ ਇਹ ਪ੍ਰਚਾਰ ਸਿਰਫ ਗੁਰਮਤਿ ਇਨਕਲਾਬ ਰੂਪੀ ਦਰਖੱਤ ਦੀਆਂ ਟਾਹਨੀਆਂ ਹੀ ਹਨ। ਇਸ ਇਨਕਲਾਬ ਦੀ ਜੜ੍ਹ ਮਨੁੱਖੀ ਮਾਨਸਿਕਤਾ ਨੂੰ ਸੁੱਖਮ ਪੱਧਰ ਤੱਕ ਛਾਏ ਪੁਜਾਰੀਵਾਦ ਤੋਂ ਮੁਕਤ ਕਰਨਾ ਹੈ। ਸੋ ਜੇ ਅਸੀਂ ਪੰਥ ਪ੍ਰਵਾਨਿਕਤਾ, ਸਟੇਜਾਂ ਦੀ ਕਮੀ ਆਦਿ ਮਜ਼ਬੂਰੀਆਂ ਕਾਰਨ ਉਸ ਸੱਚ ਨੂੰ ਆਪਣਾ ਨਹੀਂ ਸਕਦੇ ਤਾਂ ਘੱਟੋ- ਘੱਟ ਉਨ੍ਹਾਂ ਲੋਕਾਂ ਦੇ ਰਾਹ ਵਿਚ ਰੋੜੇ ਨਾ ਬਣੀਏ, ਜੋ ਉਸ ਪੱਧਰ ਤੱਕ ਖੋਜ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਐਸੀ ਪਹੁੰਚ/ਵਿਰੋਧ ਰਾਹੀਂ ਉਨ੍ਹਾਂ ਨੂੰ ਟਕਸਾਲੀ /ਸੰਪਰਦਾਈਂ ਨਹੀਂ ਬਣ ਜਾਣਾ ਚਾਹੀਦਾ।

ਅੰਤ ਵਿਚ ਜਿਹੜੇ ਵੀ ਗੁਰਮਤਿ ਇਨਕਲਾਬ ਦੇ ਮੂਲ ਤੱਕ ਪਹੁੰਚ ਕੇ ਸਮੁੱਚੀ ਮਨੁੱਖਤਾ ਨੂੰ ਭਲਾਈ ਦੇ ਕਲਾਵੇ ਵਿਚ ਲੈ ਕੇ ਇਕੋ ਇਕ ਰੱਬੀ ਧਰਮ ਨੂੰ ਅਪਨਾਉਣ ਦੇ ਇੱਛੁਕ ਹਨ, ਉਨ੍ਹਾਂ ਨੂੰ ਬੇਲੋੜੀ ਸ਼ਰਧਾ ਅਤੇ ਫਿਰਕੂ ਵਲਗਣਾਂ ਤੋਂ ਆਜ਼ਾਦ ਹੋਣ ਦੀ ਇਮਾਨਦਾਰਾਨਾ ਕੋਸ਼ਿਸ਼ ਕਰਨੀ ਚਾਹੀਦੀ ਹੈ।

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ

23 ਸਿਤੰਬਰ 2017 ਈਸਵੀ




.