ਆਸਾ ਕੀ ਵਾਰ
(ਕਿਸ਼ਤ ਨੰ: 15)
ਪਉੜੀ ਚੌਦਵੀਂ ਅਤੇ ਸਲੋਕ
ਸਲੋਕੁ ਮਃ ੧।।
ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ।।
ਓਇ ਜਿ ਆਵਹਿ ਆਸ ਕਰਿ ਜਾਹਿ ਨਿਰਾਸੇ ਕਿਤੁ।।
ਫਲ ਫਿਕੇ ਫੁਲ ਬਕਬਕੇ ਕੰਮਿ ਨ ਆਵਹਿ ਪਤ।।
ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ।।
ਸਭੁ ਕੋ ਨਿਵੈ ਆਪ ਕਉ ਪਰ ਕਉ ਨਿਵੈ ਨ ਕੋਇ।।
ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ।।
ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ।।
ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ।। ੧।।
ਪਦ ਅਰਥ:- ਸਿੰਮਲ ਰੁਖੁ – ਸਿੰਮਲ ਦਾ ਰੁਖ। ਸਰਾਇਰਾ –
ਸਿੱਧਾ। ਅਤਿ ਦੀਰਘ – ਅਤਿ ਦਾ ਉੱਚਾ, ਭਾਵ ਬਹੁਤ ਉੱਚਾ। ਅਤਿ ਮੁਚੁ – ਅਤਿ ਦਾ
ਮੋਟਾ, ਬਹੁਤ ਮੋਟਾ। ਓਇ ਜਿ ਆਵਹਿ ਆਸ ਕਰਿ – ਉਹ (ਪੰਛੀ) ਜਿਹੜੇ ਆਸ ਕਰ ਕੇ ਆਉਂਦੇ ਹਨ।
ਜਾਇ ਨਿਰਾਸੇ ਕਿਤੁ – ਕਿਸ ਕਰ ਕੇ ਨਿਰਾਸ ਹੋ ਕੇ ਜਾਂਦੇ ਹਨ। ਫਲ ਫਿਕੇ ਫੁਲ ਬਕਬਕੇ –
ਫਲ ਅਤੇ ਫੁੱਲ ਬਕਬਕੇ/ਬੇਸੁਆਦੇ ਹੁੰਦੇ ਹਨ। ਕੰਮਿ ਨ ਆਵਹਿ ਪਤ – ਅਤੇ ਪੱਤੇ ਵੀ ਕਿਸੇ
ਕੰਮ ਨਹੀਂ ਆਉਂਦੇ। ਮਿਠਤੁ ਨੀਵੀ ਨਾਨਕਾ – ਨਾਨਕਾ ਨਿਮਰਤਾ ਵਿੱਚ ਹੀ ਮਿਠਾਸ ਹੈ। ਗੁਣ
ਚੰਗਿਆਈਆ ਤਤੁ – ਚੰਗੇ ਗੁਣਾਂ ਨੂੰ ਵਿੱਚ ਅਪਣਾਉਣ ਦਾ ਸਾਰ। ਸਭੁ ਕੋ ਨਿਵੈ ਆਪ ਕਉ –
ਹਰ ਕੋਈ ਸਾਰਿਆਂ ਨੂੰ ਆਪਣੇ ਅੱਗੇ ਝੁਕਾਉਣਾ ਚਾਹੁੰਦਾ ਹੈ। ਪਰ ਕਉ ਨਿਵੈ ਨ ਕੋਇ – ਕਿਸੇ
ਹੋਰ ਅੱਗੇ ਕੋਈ ਨਾ ਝੁਕੇ। ਧਰਿ ਤਾਰਾਜੂ ਤੋਲੀਐ – ਜੇਕਰ ਤੱਕੜੀ ਵਿੱਚ ਰੱਖ ਕੇ ਤੋਲਿਆ
ਜਾਵੇ। ਨਿਵੈ ਸੁ ਗਉਰਾ ਹੋਇ – ਵਜ਼ਨਦਾਰ ਪੱਲੜਾ ਨੀਵਾਂ ਹੁੰਦਾ ਹੈ। ਗਉਰਾ –
ਵਜ਼ਨਦਾਰ। ਅਪਰਾਧੀ ਦੂਣਾ ਨਿਵੈ – ਅਪਰਾਧੀ/ਪਾਖੰਡੀ। ਦੂਣਾ ਨਿਵੈ – ਦੂਣਾ
ਨਿਵਦਾ/ਝੁਕਦਾ ਹੈ। ਜੋ ਹੰਤਾ ਮਿਰਗਾਹਿ – ਜਿਵੇਂ ਸ਼ਿਕਾਰੀ ਹਿਰਨ ਦੇ ਅੱਗੇ।
ਅਰਥ:- ਹੇ ਭਾਈ! ਬੇਸ਼ੱਕ ਸਿੰਮਲ ਦਾ ਰੁੱਖ ਵੀ ਬਹੁਤ ਮੋਟਾ, ਸਿੱਧਾ ਅਤੇ
ਉੱਚਾ ਹੁੰਦਾ ਹੈ (ਪਰ) ਉਹ (ਪੰਛੀ) ਜਿਹੜੇ (ਫਲ ਖਾਣ ਦੀ ਆਸ ਨਾਲ ਉਸ ਕੋਲ) ਆਉਂਦੇ ਹਨ, ਉਹ ਨਿਰਾਸ਼
ਹੋ ਕੇ ਕਿਉਂ ਜਾਂਦੇ ਹਨ ਕਿਉਂਕਿ ਸਿੰਮਲ ਦੇ ਰੁੱਖ ਦੇ ਫਲ ਫਿੱਕੇ ਤੇ ਫੁੱਲ ਬੇਸੁਆਦੇ ਹਨ, ਪੱਤੇ ਵੀ
ਕਿਸੇ ਕੰਮ ਨਹੀਂ ਆਉਂਦੇ। ਨਾਨਕ ਆਖਦਾ ਹੈ ਅਸਲ ਵਿੱਚ ਚੰਗੇ ਗੁਣਾਂ ਨੂੰ ਜੀਵਨ ਵਿੱਚ ਅਪਣਾਉਣ ਦਾ
ਸਾਰ/ਨਤੀਜਾ ਇਹ ਹੈ (ਹਉਮੈ ਨੂੰ ਮਾਰ ਕੇ) ਨੀਵੇਂ ਹੋਣ ਵਿੱਚ ਹੀ ਮਿਠਾਸ ਹੈ। ਆਮ ਤੌਰ `ਤੇ ਹਰੇਕ
ਜੀਵ ਆਪਣੇ ਸੁਆਰਥ ਲਈ ਹੀ ਲਿਫਦਾ ਹੈ ਕਿਸੇ ਦੂਸਰੇ ਦੀ ਖਾਤਰ ਨਹੀਂ। ਮਿਸਾਲ ਵਜੋਂ ਜੇਕਰ ਤੱਕੜੀ ਧਰ
ਕੇ ਤੋਲਿਆ ਜਾਏ ਤਾਂ ਨਿਵਣ ਵਾਲਾ ਪੱਲੜਾ ਹੀ ਵਜ਼ਨਦਾਰ ਹੁੰਦਾ ਹੈ। (ਇਸੇ ਤਰ੍ਹਾਂ ਜਿਹੜੇ ਆਪਣੇ
ਆਪ ਨੂੰ ਉੱਚੇ ਅਖਵਾਉਂਦੇ ਹਨ ਉਹ ਅਕਲ ਪੱਖੋਂ ਹੌਲ਼ੇ ਲੋਕ ਹਨ ਪਰ ਉਨ੍ਹਾਂ ਅੱਗੇ ਝੁਕਣ ਵਾਲੇ ਲੋਕ ਹੀ
ਉਨ੍ਹਾਂ ਨੂੰ ਉੱਚੇ ਬਣਾਉਂਦੇ ਹਨ)। ਜਿਹੜੇ ਅਪਰਾਧੀ/ਪਾਖੰਡੀ ਲੋਕ ਹਨ ਉਹ ਦੂਣੇ ਨਿਵਦੇ ਹਨ,
ਜਿਵੇਂ ਹਿਰਨ ਦੇ ਅੱਗੇ ਸ਼ਿਕਾਰੀ। (ਭਾਵ ਜਿਵੇਂ ਸ਼ਿਕਾਰੀ ਦੇ ਹਿਰਨ ਅੱਗੇ ਝੁਕਣ ਨਾਲ ਹਿਰਨ ਵੱਡਾ
ਨਹੀਂ ਹੋ ਜਾਂਦਾ ਇਸੇ ਤਰ੍ਹਾਂ ਕਿਸੇ ਅਵਤਾਰਵਾਦੀ ਦੇ ਅੱਗੇ ਝੁਕਣ ਨਾਲ ਉਹ ਵੱਡਾ ਨਹੀਂ ਹੋ ਜਾਂਦਾ)।
ਇਸ ਕਰ ਕੇ (ਐਸੇ ਦੰਭੀ ਲੋਕ ਜਿਹੜੇ) ਅੰਦਰੋਂ ਖੋਟੇ ਹਨ, ਉਨ੍ਹਾਂ ਅੱਗੇ ਸੀਸ ਨਿਵਾਉਣ ਦਾ ਵੀ
ਕੋਈ ਅਰਥ ਨਹੀਂ। ਇਸ ਕਰ ਕੇ ਅਜਿਹੇ ਸਿੰਮਲ ਦੇ ਵਾਂਗ ਅਖੌਤੀ ਉੱਚੇ ਮੋਟੇ ਢਿੱਡਾਂ ਵਾਲਿਆਂ ਲੋਕਾਂ
ਕੋਲ ਵੀ ਉਨ੍ਹਾਂ ਕੋਲ ਜਾਣ ਵਾਲਿਆਂ ਨੂੰ ਦੇਣ ਲਈ ਕੱਖ ਨਹੀਂ।
ਮਃ ੧।।
ਪੜਿ ਪੁਸਤਕ ਸੰਧਿਆ ਬਾਦੰ।।
ਸਿਲ ਪੂਜਸਿ ਬਗੁਲ ਸਮਾਧੰ।।
ਮੁਖਿ ਝੂਠ ਬਿਭੂਖਣ ਸਾਰੰ।।
ਤ੍ਰੈਪਾਲ ਤਿਹਾਲ ਬਿਚਾਰੰ।।
ਗਲਿ ਮਾਲਾ ਤਿਲਕੁ ਲਿਲਾਟੰ।।
ਦੁਇ ਧੋਤੀ ਬਸਤ੍ਰ ਕਪਾਟੰ।।
ਜੇ ਜਾਣਸਿ ਬ੍ਰਹਮੰ ਕਰਮੰ।।
ਸਭਿ ਫੋਕਟ ਨਿਸਚਉ ਕਰਮੰ।।
ਕਹੁ ਨਾਨਕ ਨਿਹਚਉ ਧਿਆਵੈ।।
ਵਿਣੁ ਸਤਿਗੁਰ ਵਾਟ ਨ ਪਾਵੈ।। ੨।।
ਪਦ ਅਰਥ:- ਪੜਿ ਪੁਸਤਕ – (ਵੇਦ ਸ਼ਾਸਤਰ ਆਦਿਕ) ਪੁਸਤਕਾਂ।
ਸੰਧਿਆ – ਸੂਰਜ ਦੇ ਨਿਕਲਣ ਅਤੇ ਅਰ ਛਿਪਣ ਦੇ ਸਮੇਂ ਧਰਮ ਸ਼ਾਸਤਰ ਦੇ ਅਨੁਸਾਰ ਪ੍ਰਾਣਾਯਾਮ ਜਪ
ਆਦਿ ਕਰਮ (ਮ: ਕੋਸ਼)। ਬਾਦੰ – ਚਰਚਾ, ਵਾਦ ਵਿਵਾਦ ਕਰਦਾ ਹੈ। ਸਿਲ – ਪੱਥਰ, ਪੱਥਰ
ਦੀ ਮੂਰਤੀ। ਬਗੁਲ ਸਮਾਧੰ – ਬਗਲੇ ਵਾਂਗ ਸਮਾਧੀ ਲਾਉਂਦਾ ਹੈ। ਮੁਖਿ ਝੂਠ – ਮੂੰਹ
ਤੋਂ ਝੂਠ ਬੋਲਣਾ। ਬਿਭੂਖਣ – ਗਹਿਣੇ, ਗਹਿਣੇ ਪਾਉਣੇ ਭਾਵ ਸੰਵਾਰਨਾ, ਲੇਪਾ ਪੋਚੀ ਕਰਨਾ।
ਸਾਰੰ – ਸੰਵਾਰਨਾ। ਤ੍ਰੈਪਾਲ ਤਿਹਾਲ ਬਿਚਾਰੰ – ਗਾਇਤ੍ਰੀ ਮੰਤਰ ਨੂੰ ਤਿੰਨ ਵੇਲੇ
ਵਿਚਾਰਦਾ, ਪੜ੍ਹਦਾ ਹੈ। ਗਲਿ ਮਾਲਾ – ਗਲ਼ ਮਾਲਾ ਪਾਉਂਦਾ ਹੈ। ਤਿਲਕੁ ਲਿਲਾਟੰ –
ਮੱਥੇ ਤਿਲਕ, ਟਿੱਕਾ। ਦੁਇ ਧੋਤੀ – ਦੋ ਧੋਤੀਆਂ ਰੱਖਦਾ ਹੈ। ਬਸਤ੍ਰ – ਕੱਪੜਾ।
ਕਪਾਟੰ – ਸਿਰ ਉੱਤੇ। ਜੇ – ਜਿਸ ਨੂੰ। ਜਾਣਸਿ – ਜਾਣ ਕੇ। ਬ੍ਰਹਮੰ ਕਰਮੰ –
ਬ੍ਰਹਮ ਦੇ ਕਰਮ। ਸਭਿ ਫੋਕਟ – ਸਾਰੇ ਫੋਕਟ। ਨਿਸਚਉ – ਦਿਲੋਂ। ਕਰਮੰ –
ਕਰਮ। ਕਹੁ ਨਾਨਕ – ਨਾਨਕ ਆਖਦਾ ਹੈ। ਨਿਸਚਉ ਧਿਆਵੈ – ਦਿਲੋਂ ਧਿਆਉਂਦਾ ਹੈ।
ਵਿਣ ਸਤਿਗੁਰ – ਸਦੀਵੀ ਸਥਿਰ ਰਹਿਣ ਵਾਲੇ ਦੀ ਬਖਸ਼ਿਸ਼, ਗਿਆਨ ਦਾ ਪਾਤਰ ਬਣਨ ਤੋਂ ਬਗੈਰ।
ਵਾਟ – ਦੂਰ, ਦੂਰੀ, ਵਿੱਥ, ਜਿਵੇਂ ਉਹ ਇਥੋਂ ਕਿੰਨੀ ਵਾਟ ਹੈ ਭਾਵ ਕਿੰਨਾ ਦੂਰ ਹੈ। ਨ –
ਨਹੀਂ। ਪਾਵੈ – ਪਾ ਸਕਦਾ।
ਅਰਥ:- ਹੇ ਭਾਈ! (ਬਿਪਰ, ਵੇਦ ਆਦਿਕ) ਪੁਸਤਕਾਂ ਸੰਧਿਆ ਵੇਲੇ ਭਾਵ
ਸੁਭਾ ਸ਼ਾਮ ਪੜ੍ਹਦਾ ਅਤੇ ਚਰਚਾ ਕਰਦਾ ਹੈ, ਬਗਲੇ ਵਾਂਗ ਸਮਾਧੀ ਲਗਾ ਕੇ ਪੱਥਰ ਪੂਜਦਾ ਹੈ ਅਤੇ ਆਪਣੇ
ਮੂੰਹ ਤੋਂ ਬੋਲੇ ਹੋਏ ਝੂਠ ਨੂੰ, ਲਫਜ਼ਾਂ ਦੇ ਗਹਿਣਿਆਂ ਨਾਲ ਸੰਵਾਰਦਾ ਹੈ। ਹਰ ਰੋਜ਼ ਤਿੰਨ ਵੇਲੇ
ਗਾਇਤ੍ਰੀ ਮੰਤਰ ਨੂੰ ਵਿਚਾਰਦਾ ਹੈ, ਗਲ਼ ਵਿੱਚ ਮਾਲਾ ਅਤੇ ਮੱਥੇ ਤੇ ਤਿਲਕ, ਟਿੱਕਾ ਲਾਉਂਦਾ ਹੈ, ਦੋ
ਧੋਤੀਆਂ ਰੱਖਦਾ ਹੈ ਅਤੇ ਕੱਪੜਾ ਸਿਰ ਉੱਤੇ ਲੈਂਦਾ ਹੈ। ਜੋ ਇਸ (ਪਾਖੰਡ ਨੂੰ) ਦਿਲੋਂ ਬ੍ਰਹਮ ਦਾ
ਕਰਮ ਜਾਣ ਕੇ ਕਰਦਾ ਹੈ ਇਹ ਸਭ ਮੂਲੋਂ ਹੀ ਫੋਕਟ ਹੈ। ਨਾਨਕ ਆਖਦਾ ਹੈ ਜਿਹੜਾ (ਫੋਕਟ ਭਾਵ ਬੇਹੂਦਾ
ਗੱਲਾਂ ਨੂੰ ਧਰਮ ਦਾ ਕਰਮ ਸਮਝ ਕੇ) ਧਿਆਉਂਦਾ/
practice
ਕਰਦਾ ਹੈ, ਉਹ ਸਦੀਵੀ ਸਥਿਰ ਰਹਿਣ ਵਾਲੇ ਦੀ ਬਖਸ਼ਿਸ਼ ਗਿਆਨ ਦਾ ਪਾਤਰ ਬਣਨ ਤੋਂ ਬਗੈਰ (ਫੋਕਟ) ਕਰਮ
ਤੋਂ ਦੂਰੀ ਨਹੀਂ ਬਣਾ ਸਕਦਾ ਭਾਵ ਦੂਰ ਨਹੀਂ ਹੋ ਸਕਦਾ।
ਪਉੜੀ।।
ਕਪੜੁ ਰੂਪੁ ਸੁਹਾਵਣਾ ਛਡਿ ਦੁਨੀਆ ਅੰਦਰਿ ਜਾਵਣਾ।।
ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ।।
ਹੁਕਮ ਕੀਏ ਮਨਿ ਭਾਵਦੇ ਰਾਹਿ ਭੀੜੈ ਅਗੈ ਜਾਵਣਾ।।
ਨੰਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ।।
ਕਰਿ ਅਉਗਣ ਪਛੋਤਾਵਣਾ।। ੧੪।।
ਪਦ ਅਰਥ:-
ਕਪੜੁ
ਰੂਪੁ ਸੁਹਾਵਣਾ – ਸਰੀਰ ਰੂਪ ਸੋਹਣਾ ਕੱਪੜ। ਛਡਿ ਦੁਨੀਆ ਅੰਦਰਿ ਜਾਵਣਾ – ਇਹ ਸਾਰਾ
ਕੁੱਝ ਦੁਨੀਆ ਦੇ ਅੰਦਰ ਹੀ ਛੱਡ ਜਾਣਾ ਹੈ। ਹੁਕਮਿ ਕੀਏ ਮਨਿ ਭਾਵਦੇ – ਆਪਣੇ ਮਨ ਭਾਉਂਦੇ
ਹੁਕਮ ਭਾਵ ਮਨ ਮਾਨੀਆ ਕਰਦਾ ਹੈ। ਰਾਹਿ ਭੀੜੇ ਅਗੈ ਜਾਵਣਾ – ਕਿ ਜਿਸ ਰਸਤੇ (ਮਰਨ ਤੋਂ
ਬਾਅਦ) ਅੱਗੇ ਜਾਣਾ ਹੈ ਉਹ ਰਸਤਾ ਬੜਾ ਭੀੜਾ ਹੈ। ਨੰਗਾ ਦੋਜਕਿ ਚਾਲਿਆ – (ਆਖਦੇ ਹਨ ਕਿ)
ਨੰਗਾ ਕਰ ਕੇ ਦੋਜਕਿ ਦੇ ਰਸਤੇ ਤੋਰਿਆ ਜਾਣਾ ਹੈ। ਤਾ ਦਿਸੈ – ਉਹ ਦ੍ਰਿਸ਼। ਖਰਾ –
ਬਹੁਤ। ਡਰਾਵਣਾ – ਡਰਾਉਣਾ। ਕਰਿ ਅਉਗਣ – ਜੋ ਆਪ ਅਉਗਣ ਕਰਦਾ ਹੈ, ਗੁੰਮਰਾਹ ਕੁਨ
ਪ੍ਰਚਾਰ ਕਰਦਾ। ਪਛੋਤਾਵਣਾ – ਪਛਤਾਵਣਾ ਚਾਹੀਦਾ ਹੈ।
ਅਰਥ:- ਇਹ ਸਰੀਰ ਰੂਪ ਸੋਹਣਾ ਜੋ ਕੱਪੜ ਹੈ ਇਹ ਸੰਸਾਰ ਅੰਦਰ ਹੀ ਛੱਡ
ਜਾਣਾ ਹੈ (ਭਾਵ ਇਹ ਸਦੀਵੀ ਨਹੀਂ
(temprary)
ਹੈ)। (ਇੱਥੇ ਸੰਸਾਰ ਵਿੱਚੋਂ ਹੀ ਮਿਲਿਆ ਹੈ) ਅਤੇ ਸੰਸਾਰ
ਵਿੱਚ ਹੀ ਛੱਡ ਜਾਣਾ ਹੈ ਅਤੇ ਜੋ ਮਨੁੱਖ ਨੇ ਚੰਗਾ ਮੰਦਾ ਕੀਤਾ ਹੈ ਉਹ ਆਪਣੇ ਕੀਤੇ ਚੰਗੇ ਮੰਦੇ ਦਾ
ਆਪ ਹੀ ਜ਼ਿੰਮੇਵਾਰ ਹੈ।
ਜਿਹੜਾ (ਬਿਪਰ) ਆਪ ਮਨ ਮਾਨੀਆ ਕਰਦਾ ਹੈ ਅਤੇ ਹੋਰਨਾਂ ਲਈ ਬਹੁਤ ਡਰਾਉਣਾ
ਦ੍ਰਿਸ ਪੇਸ਼ ਕਰਦਾ ਹੈ ਕਿ ਜਿਸ ਰਸਤੇ (ਮਨੁੱਖ ਨੇ ਮਰਨ ਤੋਂ ਬਾਅਦ) ਜਾਣਾ ਹੈ ਉਹ ਬੜਾ ਭੀੜਾ ਹੈ ਅਤੇ
ਨੰਗਾ ਕਰ ਕੇ ਦੋਜਕਿ ਦੇ ਰਸਤੇ ਤੇ ਤੋਰਿਆ ਜਾਣਾ ਹੈ। ਉਸ ਨੂੰ ਇਸ ਆਪਣੇ ਕੀਤੇ ਹੋਏ ਅਉਗਣਾਂ ਭਾਵ
ਬੋਲੇ ਹੋਏ ਝੂਠ ਤੇ ਆਪ ਹੀ ਪਸ਼ਚਾਤਾਪ ਕਰਨਾ ਚਾਹੀਦਾ ਹੈ। (ਜਿਹੜਾ ਲੋਕਾਂ ਨੂੰ ਦੋਜਕ ਅਤੇ ਭੀੜੇ
ਰਸਤੇ ਦੇ ਡਰਾਵੇ ਦਿੰਦਾ ਹੈ)।
ਨੋਟ:- ਸਰੀਰ ਤਾਂ ਇੱਥੇ ਹੀ ਰਹਿ ਜਾਣਾ ਹੈ, ਇਹ ਸਭ ਮਾਨਵਤਾ ਨੂੰ
ਨਾਨਕ ਪਾਤਸ਼ਾਹ ਕਹਿੰਦੇ ਲੁੱਟਣ ਲਈ ਸਭ ਡਰਾਵੇ ਹਨ ਅਤੇ ਅਜਿਹੇ ਡਰਾਵੇ ਦੇ ਕਰ ਕੇ ਕਰਮਕਾਂਡੀ ਮਾਨਵਤਾ
ਦਾ ਸੋਸ਼ਣ ਕਰਦੇ ਹਨ।
ਬਲਦੇਵ ਸਿੰਘ ਟੌਰਾਂਟੋ।