.

ਖਾਲਸਾ ਪੰਥ ਬਨਾਮ ਡੇਰਾਵਾਦ
(ਭਾਗ ਤੇਈਵਾਂ)
ਡੇਰਿਆਂ ਦੀਆਂ ਕਿਸਮਾਂ
(ਪੂਰਨ ਗੁਰੂਡੰਮ)


ਕੂਕਾਂ ਮਾਰਦੇ ਕੂਕੇ, ਅਖੌਤੀ ਨਾਮਧਾਰੀਏ/ਕੂਕਾ ਗੁਰੂਡੰਮ੍ਹ

ਨਾਮਧਾਰੀਏ ਭਾਈ ਰਾਮ ਸਿੰਘ ਨੂੰ ਸਤਿਗੁਰੂ, ਦਸਮੇਸ਼ ਪਿਤਾ ਦਾ ਅਵਤਾਰ ਅਤੇ ਸਿੱਖਾਂ ਦਾ ਬਾਰ੍ਹਵਾਂ ਗੁਰੂ ਦੱਸਦੇ ਹਨ। ਭਾਵੇਂ ਭਾਈ ਰਾਮ ਸਿੰਘ ਆਪਣੇ ਜੀਵਨ ਕਾਲ ਵਿਚ, ਧੜੱਲੇ ਨਾਲ ਆਪਣੇ `ਸਤਿਗੁਰੂ` ਹੋਣ ਦੇ ਦਾਅਵੇ ਨੂੰ ਰੱਦ ਕਰਦੇ ਰਹੇ। ਉਨ੍ਹਾਂ ਦੀਆਂ ਦੇਸ਼ ਤੋਂ ਜਲਾਵਤਨੀ ਸਮੇਂ ਲਿਖੀਆਂ ਚਿੱਠੀਆਂ ਤੋਂ ਵੀ ਇਹੀ ਸਪੱਸ਼ਟ ਹੁੰਦਾ ਹੈ, ਪਰ ਉਨ੍ਹਾਂ ਦੇ ਸਹਿਯੋਗੀ ਬਣਕੇ ਵਿਚਰਨ ਵਾਲੇ ਪੰਥ ਦੋਖੀਆਂ ਨੇ ਝੂਠੀਆਂ ਤੇ ਕਾਲਪਨਿਕ ਕਹਾਣੀਆਂ ਰਾਹੀਂ ਉਨ੍ਹਾਂ ਨੂੰ ਦਸ਼ਮੇਸ਼ ਪਿਤਾ ਦੀ ਗੱਦੀ ਦੇ ਵਾਰਿਸ ਦੱਸਣਾ ਜਾਰੀ ਰੱਖਿਆ।
ਇਨ੍ਹਾਂ ਅਨੁਸਾਰ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਨਹੀਂ ਦਿੱਤੀ ਅਤੇ ਬਾਲਕ ਸਿੰਘ ਨਾਂਅ ਦੇ ਵਿਅਕਤੀ ਨੂੰ ਗਿਆਰਵਾਂ ਗੁਰੂ ਥਾਪਿਆ। ਬਹੁਤੇ ਇਤਿਹਸਕਾਰ ਬਾਲਕ ਸਿੰਘ ਦਾ ਜਨਮ ੧੭੯੯ ਦਾ ਅਤੇ ਮੌਤ ੧੮੬੨ ਦੀ ਮੰਨਦੇ ਹਨ। ਇਸ ਵਿੱਚ ਕੋਈ ਸ਼ੱਕ ਹੀ ਨਹੀਂ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ੧੭੦੮ ਵਿੱਚ ਅਕਾਲ ਪਇਆਣਾ ਕਰ ਗਏ ਸਨ, ਇਸ ਤਰ੍ਹਾਂ ਇਹ ਸਪੱਸ਼ਟ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਆਪਣੇ ਜੀਵਨ ਕਾਲ ਵਿਚ, ਬਾਲਕ ਸਿੰਘ ਨਾਲ ਮਿਲਾਪ ਹੋਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ, ਬਲਕਿ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੇ ਸਰੀਰ ਤਿਆਗਣ ਅਤੇ ਬਾਲਕ ਸਿੰਘ ਦੇ ਜਨਮ ਵਿੱਚ ਹੀ ੯੧ ਸਾਲ ਦਾ ਵੱਡਾ ਫਰਕ ਹੈ। ਜੋ ਉਸ ਸਮੇਂ ਅਜੇ ਜਨਮਿਆਂ ਹੀ ਨਹੀਂ ਸੀ, ਉਸ ਨੂੰ ਗੁਰਗੁੱਦੀ ਦੇਣ ਦੀ ਗੱਲ ਤਾਂ ਇੱਕ ਮਜ਼ਾਕ ਤੋਂ ਵੱਧ ਹੋਰ ਕੁੱਝ ਨਹੀਂ ਜਾਪਦੀ। ਉੱਘੇ ਸਿੱਖ ਇਤਿਹਾਸਕਾਰ ਡਾ. ਗੋਪਾਲ ਸਿੰਘ ਨੇ ਆਪਣੀ ਪੁਸਤਕ ਹਿਸਟਰੀ ਆਫ ਦਾ ਸਿੱਖਜ਼ ਵਿੱਚ ਅਤੇ ਹੋਰ ਕਈ ਵਿਦਵਾਨਾਂ ਨੇ ਲਿਖਿਆ ਹੈ ਕਿ ਬਾਲਕ ਸਿੰਘ ਦਾ ਗੁਰੂ ਇੱਕ ਉਦਾਸੀ ਗੈਰ ਸਿੱਖ ਜਵਾਹਰ ਮੱਲ ਸੀ।
ਇਹ ਆਪਣੀ ਕਹਾਣੀ ਨੂੰ ਸੱਚਾ ਬਣਾਉਣ ਲਈ ਆਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਨਵੰਬਰ ੧੭੦੮ ਵਿੱਚ ਅਕਾਲ ਪਇਆਣਾ ਨਹੀਂ ਕੀਤਾ ਬਲਕਿ ਉਹ ਕਿਤੇ ਅਲੋਪ ਹੋ ਗਏ ਸਨ। ਇਸ ਤਰ੍ਹਾਂ ਇਹ ੭ ਨਵੰਬਰ ੧੭੦੮ ਨੂੰ ਸਤਿਗੁਰੂ ਦਾ ਅਲੋਪ ਦਿਵਸ ਦਸਦੇ ਹਨ। ਇਨ੍ਹਾਂ ਅਨੁਸਾਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਕਾਲ ਪਇਆਣਾ ਸੰਨ ੧੮੧੨ ਵਿੱਚ (ਅਸਲ ਤੋਂ ੧੦੪ ਸਾਲ ਬਾਅਦ) ਕੀਤਾ, ਜਿਸ ਅਨੁਸਾਰ ਉਸ ਸਮੇਂ ਉਨ੍ਹਾਂ ਦੀ ਉਮਰ, ਇੱਕ ਸੌ ਛਿਆਲੀ (੧੪੬) ਵਰ੍ਹਿਆਂ ਦੀ ਬਣਦੀ ਹੈ। ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਜਿਹੀ ਅਗੰਮੀ ਸ਼ਖਸ਼ੀਅਤ ਵਾਸਤੇ ਇਹ ਸੋਚਣਾ ਵੀ ਕਿ ਉਹ ਸੌ ਸਾਲ ਤੋਂ ਵਧੇਰੇ ਸਮਾਂ ਅਲੋਪ ਹੋ ਕੇ, ਲੁਕ ਕੇ ਜੀਵਨ ਬਤੀਤ ਕਰਦੇ ਰਹੇ, ਉਨ੍ਹਾਂ ਦਾ ਘੋਰ ਅਪਮਾਨ ਕਰਨਾ ਹੈ। ਇਸ ਲੰਬੀ ਉਮਰ ਬਾਅਦ ਵੀ, ਉਹ ਬਾਲਕ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨਾਲ ਜ਼ਬਰਦਸਤੀ ਮਿਲਾਉਣ ਲਈ, ਉਸ ਦਾ ਜਨਮ ਵੀ ੧੭੯੯ ਦੀ ਬਜਾਏ ਮਾਰਚ ੧੭੮੪ ਦਾ ਦਸਦੇ ਹਨ। ਇਨ੍ਹਾਂ ਅਨੁਸਾਰ ਇਸ ਬਾਲਕ ਸਿੰਘ ਨੇ ਰਾਮ ਸਿੰਘ ਨੂੰ ਗੁਰਗੱਦੀ ਦਿੱਤੀ, ਹਾਲਾਂਕਿ ਇਹ ਇੱਕ ਵੱਡਾ ਝੂਠ ਹੈ। ਇਤਿਹਾਸਕ ਤੱਥਾਂ ਅਨੁਸਾਰ ਬਾਲਕ ਸਿੰਘ ਇੱਕ ਪ੍ਰਚਾਰਕ ਜ਼ਰੂਰ ਸੀ, ਪਰ ਉਸ ਨੇ ਆਪਣੀ ਕੋਈ ਸੰਪਰਦਾ ਨਹੀਂ ਸੀ ਚਲਾਈ, ਇਸ ਲਈ ਉਸ ਦਾ ਕਿਸੇ ਨੂੰ ਗੱਦੀ ਦੇਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ। ਇਹ ਬਿਲਕੁਲ ਸਹੀ ਹੈ ਕਿ ਰਾਮ ਸਿੰਘ ਇਸ ਦੇ ਪ੍ਰਚਾਰ ਤੋਂ ਪ੍ਰਭਾਵਿਤ ਸੀ ਅਤੇ ਉਸ ਦਾ ਸਤਿਕਾਰ ਕਰਦਾ ਸੀ।
ਉਂਝ ਨਾਮਧਾਰੀ ਇਹ ਮੰਨਦੇ ਹਨ ਕਿ ਨਾਮਧਾਰੀ ਸੰਪਰਦਾ, ਰਾਮ ਸਿੰਘ ਨੇ ੧੮੫੮ ਵਿੱਚ ਚਲਾਈ। ਉਨ੍ਹਾਂ ਦੀ ਆਪਣੀ ਵੈਬਸਾਈਟ
“Namdhari.org” ਵਿੱਚ ਲਿਖਿਆ ਹੈ ਕਿ ਨਾਮਧਾਰੀ ਸੰਪਰਦਾ ਦੀ ਸ਼ੁਰੂਆਤ ਰਾਮ ਸਿੰਘ ਨੇ ੧੨ ਅਪ੍ਰੈਲ ੧੮੫੮ ਨੂੰ ਭੈਣੀ ਦੇ ਸਥਾਨ `ਤੇ ਕੀਤੀ। ਇਨ੍ਹਾਂ ਦੇ ਆਪਾ ਵਿਰੋਧੀ ਬਿਆਨ ਹੀ ਆਪਣੇ ਆਪ ਵਿੱਚ ਇੱਕ ਵੱਡਾ ਪ੍ਰਮਾਣ ਹਨ ਕਿ ਇਸ ਤੋਂ ਪਹਿਲੇ ਦੇ ਦਸੇ ਜਾਂਦੇ ਸਾਰੇ ਇਤਿਹਾਸ ਝੂਠੇ ਹਨ ਅਤੇ ਕੇਵਲ ਆਪਣੀ ਮਹੱਤਤਾ ਅਤੇ ਸਾਰਥਿਕਤਾ ਬਨਾਉਣ ਲਈ ਘੜੇ ਗਏ ਹਨ। ਕਿਸੇ ਪੂਰੀ ਕੌਮ ਦੇ ਗੁਰੂ ਵਲੋਂ ਆਪਣੀ ਅਲੱਗ ਸੰਪਰਦਾ ਚਲਾਉਣਾ ਵੀ ਹਾਸੋਹੀਣਾ ਹੈ, ਕਿਉਂਕਿ ਜੇ ਉਹ ਗੁਰੂ ਨਾਨਕ ਸਾਹਿਬ ਦੀ ਗੱਦੀ ਦਾ ੧੨ਵਾਂ ਵਾਰਸ ਸੀ ਤਾਂ ਫਿਰ ਤਾਂ ਉਹ ਸਾਰੀ ਕੌਮ ਦਾ ਹੀ ਗੁਰੂ ਸੀ। ਉਸ ਨੂੰ ਅਲੱਗ ਸੰਪਰਦਾ ਚਲਾਉਣ ਦੀ ਲੋੜ ਕਿਉਂ ਪਈ? ਇਤਿਹਾਸਕ ਤੱਥਾਂ ਅਨੁਸਾਰ ਵੀ ੧੯੩੦ ਤੱਕ ਇਤਿਹਾਸ ਵਿੱਚ ਜਿਥੇ ਵੀ ਰਾਮ ਸਿੰਘ ਜਾਂ ਅਗੋਂ ਉਸ ਦੇ ਪੈਰੋਕਾਰਾਂ ਦੀ ਗੱਲ ਆਉਂਦੀ ਹੈ, ਇਨ੍ਹਾਂ ਨੂੰ ਕੂਕੇ ਕਹਿ ਕੇ ਹੀ ਸੰਬੋਧਨ ਕੀਤਾ ਜਾਂਦਾ ਹੈ। ੧੯੨੦ ਵਿੱਚ ਇਨ੍ਹਾਂ ਆਪਣਾ ਇੱਕ ਹਫਤਾਵਾਰ ਅਖਬਾਰ ਕੱਢਿਆ, ਉਸ ਦਾ ਨਾਂਅ ਸਤਿਯੁਗ ਰੱਖਿਆ ਅਤੇ ੧੯੨੨ ਵਿੱਚ ਕੱਢੇ ਰੋਜ਼ਾਨਾ ਅਖਬਾਰ ਦਾ ਨਾਂਅ ਕੂਕਾ ਰੱਖਿਆ। (ਨਾਮਧਾਰੀ ਅਜੇ ਵੀ ਨਹੀਂ ਰੱਖਿਆ)। ੧੯੩੦ ਦੇ ਕਰੀਬ ਨਾਮਧਾਰੀ ਕੂਕਿਆਂ ਨੂੰ ਨਿਧਾਨ ਸਿੰਹੁ ਆਲਮ, ਇੰਦਰ ਸਿੰਹੁ ਚਕਰਵਰਤੀ ਤੇ ਤਰਨ ਸਿੰਹੁ ਵਹਿਮੀ ਵਰਗੇ ਛਾਤਰ ਬੰਦੇ ਮਿਲ ਗਏ, ਜਿਨ੍ਹਾਂ ਨੇ ਮਨੋਕਲਪਿਤ ਕਿੱਸੇ ਲਿੱਖੇ ਕਿ ਦਸ਼ਮੇਸ਼ ਪਿਤਾ ਨੇ ਭਾਈ ਬਾਲਕ ਸਿੰਘ ਨੂੰ ਅਤੇ ਭਾਈ ਬਾਲਕ ਸਿੰਘ ਨੇ ਭਾਈ ਰਾਮ ਸਿੰਘ ਨੂੰ ਗੁਰਗੱਦੀ ਦਿੱਤੀ ਹੈ। ਇਨ੍ਹਾਂ ਦੀਆਂ ਝੂਠੀਆਂ ਤੇ ਥੋਥੀਆਂ ਕਹਾਣੀਆਂ ਦਾ ਸਿੱਖ ਵਿਦਵਾਨਾਂ ਤੇ ਆਗੂਆਂ ਨੇ ਠੋਕਵਾਂ ਅਤੇ ਯੁਕਤੀ ਪੂਰਵਕ ਉਤਰ ਦਿੱਤਾ ਪਰ ਅੰਨ੍ਹੀ ਸ਼ਰਧਾ ਤੇ ਅਗਿਆਨਤਾ ਕਾਰਨ ਕੁੱਝ ਭੋਲੇ ਭਾਲੇ, ਅੰਧਵਿਸ਼ਵਾਸੀ ਸਿੱਖ ਇਨ੍ਹਾਂ ਦੇ ਜਾਲ ਵਿੱਚ ਫਸ ਗਏ।
ਇਨ੍ਹਾਂ ਅਨੁਸਾਰ ਭਾਈ ਰਾਮ ਸਿੰਘ ਦੀ ਮੌਤ ਨਹੀਂ ਹੋਈ, ਉਹ ਘੋੜੇ `ਤੇ ਚੱੜ ਕੇ ਗਏ ਸਨ, ਅਜੇ ਜਿਉਂਦੇ ਹਨ ਅਤੇ ਉਹ ਭੀੜਾ ਸਮੇਂ ਵਾਪਸ ਆਉਣਗੇ। ਹਾਲਾਂਕਿ ਸਰਕਾਰੀ ਰਿਕਾਰਡ ਰਾਮ ਸਿੰਘ ਦੀ ਮੌਤ ੨੯ ਨਵੰਬਰ ੧੮੮੫ ਨੂੰ ਹੋਣ ਦੀ ਪੁਸ਼ਟੀ ਕਰਦੇ ਹਨ। ਇਸ ਲਈ ਪਹਿਲਾਂ ਇਹ ਰਾਮ ਸਿੰਘ ਤੋਂ ਅਗੋਂ ਦੀਆਂ ਗੱਦੀਆਂ ਅਸਲ ਗੁਰੂ ਦੀ ਗੈਰ ਹਾਜ਼ਰੀ ਵਿੱਚ ਕੰਮ ਚਲਾਊ
(proxy) ਗੁਰੂ ਵਾਲੀਆਂ ਗੱਦੀਆਂ ਦਸਦੇ ਸਨ, ਪਰ ਹੁਣ ਕੁੱਝ ਸਮੇਂ ਤੋਂ ਇਨ੍ਹਾਂ ਇਹ ਗੱਲ ਪ੍ਰਚਾਰਨੀ ਬੰਦ ਕਰ ਦਿੱਤੀ ਹੈ ਅਤੇ ਚੌਦਵੇਂ, ਪੰਦਰਵੇਂ ਗੁਰੂ ਐਲਾਨਣੇ ਸ਼ੁਰੂ ਕਰ ਦਿੱਤੇ ਹਨ। ਸ਼ਾਇਦ ਉਨ੍ਹਾਂ ਇਹ ਮਹਿਸੂਸ ਕਰ ਲਿਆ ਹੈ ਕਿ ਇਹ ਆਪਣੇ ਇਸ ਕੂੜ ਨੂੰ ਹੋਰ ਬਹੁਤੀ ਦੇਰ ਚਲਾ ਨਹੀਂ ਸਕਣਗੇ। ਭਾਈ ਰਾਮ ਸਿੰਘ ਨੇ ਆਪਣੇ ਜੀਵਨ ਕਾਲ ਵਿੱਚ ਦੇਸ਼ ਦੀ ਅਜ਼ਾਦੀ ਵਾਸਤੇ ਕਈ ਕੁਰਬਾਨੀਆਂ ਕੀਤੀਆਂ ਅਤੇ ਕਈ ਸਮਾਜਿਕ ਭਲਾਈ ਦੇ ਕੰਮ ਕੀਤੇ, ਜਿਵੇਂ ਕਿ ਸਿੱਖ ਕੌਮ ਵਿਚੋਂ ਜ਼ਾਤ-ਪਾਤ ਦੇ ਕੋਹੜ ਨੂੰ ਖ਼ਤਮ ਕਰਨਾ, ਵਿਧਵਾ ਵਿਆਹ ਨੂੰ ਉਤਸਾਹਤ ਕਰਨਾ ਅਤੇ ਕੌਮ ਵਿਚੋਂ ਨਸ਼ਿਆਂ ਦੇ ਰੋਗ ਦਾ ਨਾਸ ਕਰਨਾ। ਇਸ ਕਾਰਨ ਪੂਰੀ ਕੌਮ ਨੂੰ ਉਨ੍ਹਾਂ `ਤੇ ਮਾਣ ਹੋਣਾ ਚਾਹੀਦਾ ਸੀ ਪਰ ਉਨ੍ਹਾਂ ਦੇ ਪੈਰੋਕਾਰਾਂ ਨੇ ਆਪਣੇ ਸੁਆਰਥ ਵਾਸਤੇ, ਉਨ੍ਹਾਂ ਦੀ ਸ਼ਖਸ਼ੀਅਤ ਨੂੰ ਆਪਣੇ ਛੋਟੇ ਜਿਹੇ ਫਿਰਕੇ ਤੱਕ ਸੀਮਿਤ ਕਰ ਦਿੱਤਾ ਹੈ।
ਅਸਲੀਅਤ ਇਹ ਹੈ ਕਿ ੧੯੨੦ ਵਿੱਚ ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲੀ ਤਾਂ ਅੰਗ੍ਰੇਜ਼ ਸਰਕਾਰ ਮਹੰਤਾਂ ਦੇ ਨਾਲ ਸੀ। ਸਿੱਖਾਂ ਕੋਲੋਂ ਹੀ ਇਸ ਗੁਰਦੁਆਰਾ ਸੁਧਾਰ ਲਹਿਰ ਦਾ ਵਿਰੋਧ ਕਰਾਉਣ ਲਈ ਅੰਗ੍ਰੇਜ਼ ਸਰਕਾਰ ਨੇ ਭਾਈ ਰਾਮ ਸਿੰਘ ਦੇ ਭਤੀਜੇ ਪ੍ਰਤਾਪ ਸਿੰਘ ਨੂੰ ਖਰੀਦ ਲਿਆ। ਉਨ੍ਹਾਂ ਹੀ ਰਾਮ ਸਿੰਘ ਨੂੰ ਬਾਰ੍ਹਵਾਂ ਅਤੇ ਇਸ ਨੂੰ ਤੇਰ੍ਹਵਾਂ ਗੁਰੂ ਬਣਾ ਕੇ ਪ੍ਰਚਾਰਿਆ। ਵਿਚਲੇ ਸਮੇਂ ਦਾ ਖੱਪਾ ਪੂਰਾ ਕਰਨ ਲਈ ਬਾਕੀ ਕਹਾਣੀਆਂ ਤਿਆਰ ਕਰ ਲਈਆਂ ਗਈਆਂ। ਇਸ ਤਰ੍ਹਾਂ ਅੰਗਰੇਜ਼ਾਂ ਨਾਲ ਰਲ ਕੇ ਪ੍ਰਤਾਪ ਸਿੰਘ ਨੇ ਰਾਮ ਸਿੰਘ ਵਲੋਂ ਦੇਸ਼ ਦੀ ਅਜ਼ਾਦੀ ਲਈ ਕੀਤੀਆਂ ਕੁਰਬਾਨੀਆਂ ਉਤੇ ਵੀ ਪੋਚਾ ਫੇਰ ਦਿੱਤਾ। ਜਿਨਾ ਚਿਰ ਅੰਗ੍ਰੇਜ਼ ਸਰਕਾਰ ਰਹੀ, ਇਹ ਉਨ੍ਹਾਂ ਦੇ ਝੌਲੀ ਚੁਕ ਰਹੇ ਅਤੇ ਸੰਨ ੧੯੪੭ ਤੋਂ ਬਾਅਦ ਕਾਂਗਰਸ ਦੀ ਝੋਲੀ ਵਿੱਚ ਪੈ ਗਏ। ੧੯੫੯ ਵਿੱਚ ਪ੍ਰਤਾਪ ਸਿੰਘ ਦੀ ਮੌਤ ਤੋਂ ਬਾਅਦ ਜਗਜੀਤ ਸਿੰਘ ਅਤੇ ਉਸ ਦੇ ਭਰਾ ਬੀਰ ਸਿੰਘ ਵਿੱਚ ਡੇਰੇ ਦੀ ਗੱਦੀ ਵਾਸਤੇ ਝਗੜਾ ਪੈ ਗਿਆ। ਪਰ ਇਸ ਵਿੱਚ ਜਗਜੀਤ ਸਿੰਘ ਦਾ ਪਲੜਾ ਭਾਰੀ ਰਿਹਾ ਅਤੇ ਉਹ ਭੈਣੀ ਵਾਲੇ ਡੇਰੇ `ਤੇ ਕਾਬਜ਼ ਹੋਣ ਵਿੱਚ ਕਾਮਯਾਬ ਹੋ ਗਿਆ ਅਤੇ ਡੇਰੇ ਦਾ ਮੁੱਖੀ (ਇਨ੍ਹਾਂ ਅਨੁਸਾਰ ਚੌਦ੍ਹਵਾਂ ਗੁਰੂ) ਬਣਿਆ। ਬੀਰ ਸਿੰਘ ਨੇ ਹਰਿਆਣਾ ਦੇ ਸਰਸਾ ਵਿਚਲੀ ੨੦੦ ਏਕੜ ਜ਼ਮੀਨ `ਤੇ ਕਬਜ਼ਾ ਕਰ ਲਿਆ ਅਤੇ ਉਥੇ ਬਰਾਬਰ ਡੇਰਾ ਸ਼ੁਰੂ ਕਰ ਦਿੱਤਾ। ਬੀਰ ਸਿੰਘ ਦੀ ੨੦੦੮ ਵਿੱਚ ਮੌਤ ਹੋ ਗਈ।
੨੦੧੨ ਵਿੱਚ ਜਗਜੀਤ ਸਿੰਘ ਦੀ ਮੌਤ `ਤੇ ਡੇਰੇ ਦੇ ਅਗਲੇ ਮੁੱਖੀ ਵਾਸਤੇ ਫਿਰ ਝਗੜਾ ਪੈ ਗਿਆ। ਜਗਜੀਤ ਸਿੰਘ ਦੀ ਆਪਣੀ ਕੋਈ ਸੰਤਾਨ ਨਹੀਂ ਸੀ ਇਸ ਲਈ ਉਸ ਦੇ ਭਤੀਜੇ ਦਲੀਪ ਸਿੰਘ ਤੇ ਉਦੈ ਸਿੰਘ (ਬੀਰ ਸਿੰਘ ਦੇ ਪੁੱਤਰ) ਦੋਵੇਂ ਗੱਦੀ ਦੇ ਦਾਅਵੇਦਾਰ ਸਨ। ਜਗਜੀਤ ਸਿੰਘ ਦੀ ਪਤਨੀ ਚੰਦ ਕੌਰ ਨੇ ਉਦੈ ਸਿੰਘ ਦੇ ਹੱਕ ਵਿੱਚ ਫੈਸਲਾ ਦਿੱਤਾ ਅਤੇ ਉਹ ਭੈਣੀ ਦੀ ਗੱਦੀ `ਤੇ ਕਾਬਜ਼ ਹੋਇਆ। ਉਧਰ ਦਲੀਪ ਸਿੰਘ ਨੇ ਵੀ ਬਰਾਬਰ ਆਪਣੇ ਆਪ ਨੂੰ ਗੁਰੂ ਐਲਾਨ ਦਿੱਤਾ ਅਤੇ ਇਨ੍ਹਾਂ ਦੇ ਆਪਸੀ ਝਗੜੇ ਵਿੱਚ ਹੁਣ ਤੱਕ ਹੋਰਾਂ ਤੋਂ ਇਲਾਵਾ ਜਗਜੀਤ ਸਿੰਘ ਦੀ ਪਤਨੀ ਚੰਦ ਕੌਰ (੮੫ ਸਾਲ) ਦਾ ਕਤਲ ਹੋ ਚੁੱਕਾ ਹੈ।
ਵੋਟਾਂ ਦੀ ਭੁਖ ਕਾਰਨ, ਬਾਦਲ ਨੇ ਇਨ੍ਹਾਂ ਨੂੰ ਆਪਣੇ ਨਾਲ ਜੋੜਨ ਦੀ ਬਹੁਤ ਕੋਸ਼ਿਸ਼ ਕੀਤੀ, ਉਸ ਦੀ ਕੀਮਤ ਵਜੋਂ ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਸਤਿਗੁਰੂ ਰਾਮ ਸਿੰਘ ਚੇਅਰ ਸਥਾਪਤ ਕਰ ਦਿੱਤੀ, ਲੁਧਿਆਣੇ ਵਿਖੇ ਸੈਂਟਰਲ ਜੇਲ ਦੀ ਸਾਰੀ ਅਰਬਾਂ ਰੁਪਏ ਦੀ ਜਗ੍ਹਾ ਇਹ ਝੂਠ ਬੋਲ ਕੇ ਦੇ ਦਿੱਤੀ ਕਿ ਇਥੇ ਨਾਮਧਾਰੀ ਫਾਂਸੀ ਲੱਗੇ ਸਨ, ਜਦਕਿ ਸਚਾਈ ਇਹ ਹੈ ਕਿ ਜੇਲ ਦੇ ਰਿਕਾਰਡ ਮੁਤਾਬਕ ੮੮ ਗੁਰਸਿੱਖਾਂ ਨੂੰ ਫਾਂਸੀ ਲੱਗੀ ਸੀ, ਜਿਨ੍ਹਾਂ ਵਿੱਚ ਸਿਰਫ ਦੋ ਨਾਮਧਾਰੀ ਸਨ। ਬਾਦਲ ਸਰਕਾਰ ਨੇ ਇਨ੍ਹਾਂ ਨੂੰ ਹੋਰ ਵੀ ਕਈ ਲਾਭ ਦਿੱਤੇ, ਭੈਣੀ ਜਾ ਕੇ ਇਨ੍ਹਾਂ ਦੇ ਅਖੌਤੀ ਗੁਰੂ ਅੱਗੇ ਮੱਥੇ ਵੀ ਟੇਕੇ, ਪਰ ਇਨ੍ਹਾਂ ਦੇ ਵੋਟ ਹਾਸਲ ਨਹੀਂ ਕਰ ਸਕਿਆ, ਹਾਂ ਇਸ ਖੇਡ ਵਿੱਚ ਉਸ ਨੇ ਸਿੱਖ ਕੌਮ ਅਤੇ ਸਿੱਖ ਸਿਧਾਂਤਾਂ ਦਾ ਭਰਪੂਰ ਘਾਣ ਕੀਤਾ ਹੈ।
ਕੂਕਾ ਗੁਰੂਡੰਮ੍ਹੀਏ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਅਰਦਾਸ ਵੀ ਕਰਦੇ ਹਨ, ਗੁਰਬਾਣੀ ਦਾ ਨਿਤਨੇਮ ਤੇ ਕੀਰਤਨ ਵੀ ਕਰਦੇ ਹਨ, ਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਦੀ ਬਜਾਇ ਦੇਹਧਾਰੀ ਮਨੁੱਖ ਨੂੰ `ਗੁਰੂ` ਮੰਨਦੇ ਹਨ। ਕੀਰਤਨ ਅਤੇ ਸਿਮਰਨ ਦੇ ਨਾਂਅ `ਤੇ ਉਚੀ ਉਚੀ ਕੂਕਾਂ ਮਾਰਦੇ ਹਨ, ਇਨ੍ਹਾਂ ਨੂੰ ਕੂਕੇ ਆਖਣ ਦਾ ਵੀ ਇਹੀ ਕਾਰਨ ਹੈ। ਇਹ ਕੜਾਹ-ਪ੍ਰਸ਼ਾਦਿ ਕਿਰਪਾਨ-ਭੇਟ ਨਹੀਂ ਕਰਦੇ, ਸ਼ਸਤਰਾਂ ਦੇ ਤਿਆਗੀ ਹਨ। ਉੱਨ ਦੀ ਮਾਲਾ ਤੇ ਗੜਵੇ ਦੇ ਧਾਰਨੀ ਹਨ। ਬ੍ਰਾਹਮਣੀ ਸੋਚ ਦੇ ਧਾਰਨੀ ਕੂਕੇ ਗਊ ਮਾਤਾ ਦੀ ਰੱਖਿਆ ਲਈ ਜੂਝਦੇ ਰਹਿੰਦੇ ਹਨ। ਇੱਕ ਪਾਸੇ ਗੁਰਬਾਣੀ ਵੀ ਪੜ੍ਹਦੇ ਹਨ ਅਤੇ ਨਾਲ ਹੀ ਬ੍ਰਾਹਮਣੀ ਤਰਜ਼ `ਤੇ ਹਵਨ ਯੱਗ ਆਦਿ ਵੀ ਕਰਦੇ ਹਨ। ਕੂਕਿਆਂ ਦੇ ਬਣਾਏ ਨਕਲੀ ਗੁਰੂ ਅਤੇ ਕੂਕਿਆਂ ਦੀ ਸ਼ਕਲ-ਸੂਰਤ ਤੋਂ ਭੋਲੇ-ਭਾਲੇ ਸਿੱਖਾਂ ਨੂੰ ਇਨ੍ਹਾਂ ਦੇ ਸਿੱਖ ਹੋਣ ਦਾ ਭੁਲੇਖਾ ਪੈ ਜਾਂਦਾ ਹੈ। ਸਿੱਖਾਂ ਦੀ ਸ਼ਕਤੀ ਨੂੰ ਕਮਜ਼ੋਰ ਕਰਨ ਲਈ ਹਿੰਦੁਸਤਾਨ ਦੀ ਹਰ ਸਰਕਾਰ ਇਨ੍ਹਾਂ ਦੀ ਪਿੱਠ ਠੋਕਦੀ ਹੈ। ਕੂਕਿਆਂ ਦੀਆਂ ਅਨੇਕਾਂ ਕਿਤਾਬਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਹੋਣ ਦਾ ਖੰਡਨ ਕੀਤਾ ਗਿਆ ਹੈ ਤੇ ਦੇਹਧਾਰੀ ਮਨੁੱਖ ਦੇ `ਗੁਰੂ` ਹੋਣ ਦੀ ਵਕਾਲਤ ਕੀਤੀ ਗਈ ਹੈ। ਇਨ੍ਹਾਂ ਦੀ ਪੁਸਤਕ ‘ਪੁਰਖ ਗੁਰੂ` ਦੇ ਪੰਨਾ: ੭ `ਤੇ ਲਿਖਿਆ ਹੈ, ਕਿ ਇੱਕ ਵਿਅਕਤੀ ਹੀ ਗੁਰੂ ਹੋ ਸਕਦਾ ਹੈ, ਗ੍ਰੰਥ ਗੁਰੂ ਨਹੀਂ ਹੈ। ਇਸੇ ਪੁਸਤਕ ਦੇ ਪੰਨਾ ੧੨੯ `ਤੇ ਲਿਖਿਆ ਹੈ ਕਿ ਦਸ਼ਮੇਸ਼ ਜੀ ਨੇ ਕਦੀਂ ਵੀ ਗੁਰਗੱਦੀ ਗ੍ਰੰਥ ਸਾਹਿਬ ਨੂੰ ਨਹੀਂ ਦਿੱਤੀ।
ਭਾਵੇਂ ਇਹ ਸਿੱਖ ਕੌਮ ਦਾ ਇੱਕ ਅੰਗ ਹੋਣ ਦਾ ਦਾਅਵਾ ਕਰਦੇ ਹਨ ਅਤੇ ਕਈ ਸਿੱਖ ਵੀ ਐਸੇ ਹੀ ਭਰਮ ਵਿੱਚ ਹਨ, ਪਰ ਇਨ੍ਹਾਂ ਦੇ ਆਗੂਆਂ ਦੀ ਸੌੜੀ ਅਤੇ ਸੁਆਰਥੀ ਸੋਚ ਕਾਰਨ, ਇਹ ਸਦਾ ਹੀ ਸਮੇਂ ਦੀ ਸਰਕਾਰ ਦੇ ਝੋਲੀ ਚੁੱਕ ਬਣਕੇ, ਪੰਥ ਵਿਰੋਧੀ ਕਿਰਦਾਰ ਹੀ ਨਿਭਾਉਂਦੇ ਰਹੇ ਹਨ।

(ਦਾਸ ਦੀ ਨਵੀਂ ਕਿਤਾਬ “ਖਾਲਸਾ ਪੰਥ ਬਨਾਮ ਡੇਰਾਵਾਦ” ਛਪਾਈ ਵਿੱਚ ਹੈ ਜੀ)

ਰਾਜਿੰਦਰ ਸਿੰਘ
(ਮੁੱਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ)
email: [email protected]




.