.

…ਸਾਬਤ ਸੂਰਤਿ ਦਸਤਾਰ ਸਿਰਾ॥

(ਨੋਟ:- (੧.) …ਸਾਬਤ ਸੂਰਤਿ ਦਸਤਾਰ ਸਿਰਾ॥ , ਗੁਰੂ ਅਰਜਨ ਦੇਵ ਜੀ ਦੇ ਰਾਗੁ ਮਾਰੂ ਵਿੱਚ ਲਿਖੇ ਇੱਕ ਸੋਲਹੇ ਵਿੱਚੋਂ ਲਿਆ ਗਿਆ ਇੱਕ ਤੁਕਾਂਸ਼ ਹੈ। ਵਿਚਾਰ ਅਧੀਨ ਇਹ ਸੋਲਹਾ ਫ਼ਾਰਸੀ-ਅਰਬੀ ਦੇ ਲਫ਼ਜ਼ਾਂ ਨਾਲ ਭਰਪੂਰ ਹੈ। ਦਾਸ ਦੀ ਕੋਸ਼ਿਸ਼ ਹੋਵੇਗੀ ਕਿ ਸਰਲ ਤੋਂ ਸਰਲ ਢੰਗ ਨਾਲ ਇਸ ਦੀ ਵਿਆਖਿਆ ਕੀਤੀ ਜਾਵੇ। ਪਾਠਕਾਂ ਦੀ ਸੇਵਾ ਵਿੱਚ ਨਮਰ ਬੇਨਤੀ ਹੈ ਕਿ ਇਸ ਸੋਲਹੇ ਨੂੰ ਸਮਝਣ ਵਾਸਤੇ ਸਬਰ, ਸ਼ਾਂਤੀ, ਦ੍ਰਿੜਤਾ, ਬਿਬੇਕ ਤੇ ਲਗਨ ਤੋਂ ਕੰਮ ਲੈਣ। ਜੇ ਇੱਕ ਵਾਰ ਇਸ ਗੁਰੁ-ਸਬਦ ਦੀ ਸਮਝ ਆ ਗਈ ਤਾਂ, ਪਾਠਕਾਂ ਦੇ, ਧਰਮ ਦੇ ਲੋਭੀ, ਕਪਟੀ ਤੇ ਮੱਕਾਰ ਪੁਜਾਰੀਆਂ, ਪ੍ਰਚਾਰਕਾਂ ਤੇ ਪਥਪ੍ਰਦਰਸ਼ਕਾਂ ਦੁਆਰਾ ਪਾਏ ਗਏ, ਕਈ ਭਰਮ-ਭੁਲੇਖੇ ਦੂਰ ਹੋ ਜਾਣਗੇ ਅਤੇ ਉਨ੍ਹਾਂ ਦੀ ਗੁਰਮਤਿ ਪ੍ਰਤੀ ਸੱਚ ਦੀ ਤਲਾਸ਼ ਦੀ ਭਟਕਣਾ ਵੀ ਕਿਸੇ ਹੱਦ ਤਕ ਖ਼ਤਮ ਹੋ ਜਾਵੇ ਗੀ!

(2.) ਇਹ ਸੋਲਹਾ ਇਸਲਾਮ ਮਤਿ/ਮਜ਼੍ਹਬ ਦੇ ਮਜ਼੍ਹਬੀ/ਦੀਨਦਾਰ/ਧਰਮੀ ਅਖਵਾਉਂਦੇ ਇੱਜ਼ਤਦਾਰ ਰਾਹਬਰਾਂ/ਪਥਪ੍ਰਦਰਸ਼ਕਾਂ (ਮੁੱਲਾਂ, ਮਉਲਾਣਾ, ਮੌਲਵੀ, ਹਾਜੀ ਤੇ ਕਾਜ਼ੀ ਆਦਿ) ਨੂੰ ਸੰਬੋਧਿਤ ਹੋ ਕੇ ਲਿਖਿਆ ਗਿਆ ਹੈ; ਪਰੰਤੂ, ਇਸ ਵਿੱਚ ਦਿੱਤੀ ਗਈ ਨੈਤਿਕ ਸਲਾਹ ਤੇ ਆਤਮ-ਗਿਆਨ ਹਰ ਉਸ ਬੰਦੇ ਵਾਸਤੇ ਵੀ ਹੈ ਜੋ ਆਪਣੇ ਮਜ਼੍ਹਬੀ/ਦੀਨਦਾਰ ਅਥਵਾ ਧਰਮੀ ਹੋਣ ਦਾ ਭਰਮ ਪਾਲੀ ਬੈਠਾ ਹੈ!

(3.) ਇਸ ਲਿਖਤ ਦਾ ਸਿਰਲੇਖ, "ਸਾਬਤ ਸੂਰਤਿ ਦਸਤਾਰ ਸਿਰਾ॥" ਰੱਖਣ ਦਾ ਕਾਰਣ, ਸੋਲਹੇ ਦੇ ਅਰਥ-ਭਾਵ ਸਮਝਣ ਤੋਂ ਬਾਅਦ ਆਪਣੇ ਆਪ ਸਪਸ਼ਟ ਹੋ ਜਾਵੇਗਾ!

(4.) ਸੋਲਹਾ: ਸੋਲਾਂ ਪਦਾਂ ਵਾਲੇ ਸ਼ਬਦ/ਛੰਦ ਨੂੰ ਸੋਲਹਾ ਕਿਹਾ ਜਾਂਦਾ ਹੈ। ਪਰੰਤੂ ਗੁਰਬਾਣੀ ਵਿੱਚ ਸੋਲਹੇ ਦੇ ਪਦਾਂ ਦੀ ਗਿਣਤੀ ਸੋਲਾਂ ਤੋਂ ਘੱਟ-ਵੱਧ ਵੀ ਹੈ। ਵਿਚਾਰ ਅਧੀਨ ਸੋਲਹੇ ਵਿੱਚ ੧੫ ਬੰਦ ਹਨ।)

ਧਰਮ ਦਾ ਧੰਦਾ ਕਰਨ ਵਾਲੇ ਪੁਜਾਰੀ, ਪ੍ਰਚਾਰਕ ਤੇ ਪਥਪ੍ਰਦਰਸ਼ਕ ਆਪਣੇ ਆਪ ਨੂੰ ਸ੍ਰੇਸ਼ਠ ਸਿੱਧ ਕਰਨ ਅਤੇ ਆਪਣੇ ਫ਼ਿਰਕੇ ਦੇ ਲੋਕਾਂ ਵਿੱਚ ਮਾਨ-ਸਨਮਾਨ ਪ੍ਰਾਪਤ ਕਰਨ ਹਿਤ ਇੱਕ ਨਿਵੇਕਲੀ ਦਿੱਖ (appearance) ਨਿਰਧਾਰਤ ਕਰਦੇ ਤੇ ਉਸ ਦਿੱਖ ਅਰਥਾਤ ਸੂਰਤ ਵਿਸ਼ੇਸ਼ ਨੂੰ ਕੱਟੜਤਾ ਨਾਲ ਅਪਣਾਉਂਦੇ ਸਨ/ਹਨ। ਇਸ ਬਣਾਵਟੀ ਤੇ ਛਲ-ਪੂਰਨ ਦਿੱਖ, ਅਤੇ ਇਸ ਭਰਮਾਊ ਦਿੱਖ ਨੂੰ ਹੋਰ ਉਘਾੜਨ ਵਾਲੀ ਆਪੂੰ ਬਣਾਈ ਕਰਮਕਾਂਡੀ ਰਹਿਤ ਨੂੰ, ਕਿਸੇ ਨਾ ਕਿਸੇ ਲੰਗੜੇ ਤਰਕ ਨਾਲ, ਇਸ਼ਟ-ਦੇਵ, ਪੈਗ਼ੰਬਰ ਜਾਂ ਗੁਰੂ-ਪੀਰ ਦਾ ਦੈਵੀ ਹੁਕਮ ਦੱਸ ਕੇ ਉਸ ਬਾਹਰੀ ਦਿੱਖ ਅਤੇ ਦੁਨਿਆਵੀ ਰਹਿਤ ਸਦਕਾ ਆਪਣੇ ਆਪ ਨੂੰ ਇਸ਼ਟ ਦੇਵ ਦੇ ਪ੍ਰਤੀਨਿਧੀ/ਨੁਮਾਇੰਦੇ/ਵਜ਼ੀਰ ਹੋਣ ਦਾ ਦਾਅਵਾ ਵੀ ਕਰਦੇ ਸਨ/ਹਨ। ਇਸ ਤਰ੍ਹਾਂ, ਮਜ਼੍ਹਬ/ਧਰਮ ਦੇ ਆਪੂੰ ਬਣੇ ਠੇਕੇਦਾਰ ਆਪਣੀ ਬਣਾਵਟੀ, ਭਰਮਾਊ ਤੇ ਲੁਭਾਉਣੀ ਦਿੱਖ ਅਤੇ ਸੰਸਾਰਕ ਰਹਿਤ ਨਾਲ ਆਪਣੇ ਭੱਦੇ ਸਰੀਰ, ਗੁਣ-ਹੀਣ ਕੋਝੀ ਸੀਰਤ ਤੇ ਕਪਟੀ ਕਿਰਦਾਰ ਨੂੰ ਕੱਜ ਕੇ ਭੋਲੇ-ਭਾਲੇ ਲੋਕਾਂ ਦੇ ਸਾਧਾਰਨ ਜੀਵਨ ਉੱਤੇ ਹਾਵੀ ਹੋ ਬੈਠਦੇ ਸਨ/ਹਨ। ਵੱਖ ਵੱਖ ਧਰਮਾਂ ਦੇ ਪਥ-ਪ੍ਰਦਰਸ਼ਕਾਂ ਦੀ ਨਿਆਰੀ ਤੇ ਵਿਸ਼ੇਸ਼ ਸੂਰਤ ਦਾ ਸੰਖੇਪ ਵਰਣਨ:- ਬ੍ਰਾਹਮਣਾਂ ਦੀ ਦਿੱਖ: ਮੁੰਨਿਆ ਸਿਰ, ਸ਼ਿਖਾ/ਬੋਦੀ ਜਾਂ ਜਟਾਧਾਰੀ, ਮੱਥੇ ਤਿਲਕ/ਟਿੱਕਾ, ਗਲਿ ਮਾਲਾ, ਹੱਥਿ ਸਿਮਰਨੀ, ਪਿੰਡੇ ਜਨੇਊ, ਤੇੜ ਤੀਹਰੇ ਲੜ ਵਾਲੀ ਭਗਵੇਂ ਰੰਗ ਦੀ ਧੋਤੀ……; ਜੈਨੀਆਂ ਦੇ ਤੀਰਥਾਂਕਰ ਅਥਵਾ ਪਥ-ਪ੍ਰਦਰਸ਼ਕ ਦੀ ਸੂਰਤ: ਨਾਂਗੇ (ਦਿਗੰਬਰੀ) ਜਾਂ ਸਫ਼ੈਦ ਕਪੜਿਆਂ ਵਾਲੇ (ਸ਼ਵੇਤਾਂਬਰੀ), ਹੱਥਾਂ ਨਾਲ ਖੁੱਤੇ ਵਾਲ, ਮੂੰਹ `ਤੇ ਚਿੱਟਾ ਕੱਜਣ, ਹਥਿ ਸੂਤੀ ਝਾੜੂ……; ਜੋਗੀ: ਸਿਰ ਘੋਨ-ਮੋਨ, ਕੰਨੀਂ ਮੁੰਦਰਾਂ, ਪਿੰਡੇ ਭਸਮ (ਸੁਆਹ), ਸਰੀਰ `ਤੇ ਗੇਰੂਏ ਰੰਗ ਦਾ ਕੱਜਣ, ਹਥਿ ਕਾਸਾ ਸੋਟਾ, ਏਕਾਂਤ ਵਾਸ, ਬ੍ਰਹਮਚਾਰੀ ਜੀਵਨ……; ਅਤੇ, ਇਸਲਾਮ ਮਤਿ ਦੇ ਰਾਹਨੁਮਾ (ਮੌਲਵੀ ਆਦਿ) ਦੀ ਸੂਰਤ: ਆਪਣੇ ਢੰਗ ਨਾਲ ਕੱਟੇ ਜਾਂ ਰੱਖੇ ਵਾਲ, ਸਿਰ ਉੱਤੇ ਵਿਸ਼ੇਸ਼ ਰੰਗ/ਢੰਗ ਦੀ ਟੋਪੀ ਜਾਂ ਦਸਤਾਰ/ਪੱਗੜੀ, ਇੱਕ ਹੱਥ ਵਿੱਚ ਇੱਕ ਸੌ ਇੱਕ ਮਣਕਿਆਂ ਵਾਲੀ ਮਾਲਾ, ਦੂਜੇ ਹੱਥਿ ਖ਼ਾਸ ਕਿਸਮ ਦਾ ਸੋਟਾ……। ਇਸ ਤਰ੍ਹਾਂ, ਹਰ ਧਰਮ ਦੇ ਪੁਜਾਰੀ ਤੇ ਰਾਹਬਰ ਆਪਣੀ ਮਖੌਟੇਦਾਰ, ਭਰਮਾਊ ਤੇ ‘ਪ੍ਰਭਾਵਸ਼ਾਲੀ’ ਸੂਰਤ ਦੇ ਜਾਦੂ ਅਤੇ ਗੁੰਝਲਦਾਰ ਮਰਯਾਦਾ ਤੇ ਕਰਮਕਾਂਡੀ ਸੰਸਾਰਕ ਰਹਿਤ ਦੇ ਫੰਧੇ ਵਿੱਚ ਫਸਾ ਕੇ ਰੱਬ ਦੀ ਭੋਲੀ-ਭਾਲੀ ਜਨਤਾ ਦਾ ਸਰਬਪਖੀ ਸ਼ੋਸ਼ਣ ਕਰਦੇ ਸਨ/ਹਨ। ਮਾਨਵਵਾਦੀ ਬਾਣੀਕਾਰਾਂ ਕੋਲੋਂ ਸੰਪਰਦਾਈ ਧਰਮਾਂ ਦੇ ਪੁਜਾਰੀਆਂ ਤੇ ਆਗੂਆਂ ਹੱਥੋਂ ਰੱਬ ਦੇ ਬੰਦਿਆਂ ਦਾ ਹੁੰਦਾ ਇਹ ਸ਼ੋਸ਼ਣ ਬਰਦਾਸ਼ਤ ਨਹੀਂ ਹੋਇਆ ਤੇ ਉਨ੍ਹਾਂ ਨੇ ਹਰ ਧਰਮ/ਫ਼ਿਰਕੇ ਦੇ ਕਥਿਤ ਰਾਹਬਰਾਂ ਤੇ ਠੇਕੇਦਾਰਾਂ ਨੂੰ ਠੱਗੀ ਦਾ ਅਮਾਨਵੀ ਤੇ ਅਧਾਰਮਿਕ ਰਾਹ ਤਿਆਗ ਕੇ ਹਰਿਨਾਮ ਦਾ ਸਿਮਰਨ ਕਰਨ ਅਤੇ ਦੈਵੀ, ਨੈਤਿਕ ਤੇ ਮਾਨਵਵਾਦੀ ਗੁਣ ਅਪਣਾਉਣ ਲਈ ਪ੍ਰੇਰਿਆ; ਨਾਲ ਹੀ ਉਨ੍ਹਾਂ ਨੇ ਇਨ੍ਹਾਂ ਭੇਖੀ, ਦੰਭੀ ਤੇ ਕਪਟੀ ਪਥ-ਪ੍ਰਦਰਸ਼ਕਾਂ ਦੇ ਮਗਰ ਲੱਗੀ ਅੰਧਵਿਸ਼ਵਾਸੀ ਮਨੁੱਖਤਾ ਨੂੰ ਇਨ੍ਹਾਂ ਵਿਸ਼ਵਾਸਘਾਤੀ ਠੱਗਾਂ ਤੋਂ ਸਾਵਧਾਨ ਰਹਿਣ ਦੀ ਚੇਤਾਵਨੀ ਵੀ ਦਿੱਤੀ। ਵਿਚਾਰ ਅਧੀਨ ਸੋਲਹਾ ਇਸਲਾਮ ਮਜ਼੍ਹਬ ਦੇ ਰਾਹਬਰਾਂ/ਆਗੂਆਂ ਨੂੰ ਸੰਬੋਧਿਤ ਹੋ ਕੇ ਲਿਖਿਆ ਗਿਆ ਹੈ। ਗੁਰੂ ਅਰਜਨ ਦੇਵ ਜੀ ਫ਼ਰਮਾਉਂਦੇ ਹਨ:

ਮਾਰੂ ਸੋਲਹੇ ਮ: ੫॥

ਅਲਹ ਅਗਮ ਖੁਦਾਈ ਬੰਦੇ॥ ਛੋਡਿ ਖਿਆਲ ਦੁਨੀਆ ਕੇ ਧੰਧੇ॥

ਹੋਇ ਪੈ ਖਾਕ ਫਕੀਰ ਮੁਸਾਫਰੁ ਇਹੁ ਦਰਵੇਸੁ ਕਬੂਲੁ ਦਰਾ॥ ੧॥

ਸ਼ਬਦ ਅਰਥ:- ਅਲਾਹ: ਖ਼ੁਦਾ ਦਾ ਨਾਮ, ਸਤਿਨਾਮ। ਅਗਮ: ਗਮ: ਜਾਣਾ; ਅਗਮ: ਜੋ ਨਾ ਜਾਵੇ; ਹੱਕ, ਸੱਚ, ਸਦੀਵੀ, ਕਾਇਮ ਦਾਇਮ; ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥ ਖੁਦਾਈ: ਖ਼ੁਦਾ ਦਾ, ਰੱਬ ਦਾ। ਬੰਦੇ: ਗ਼ੁਲਾਮ, ਦਾਸ, ਹੁਕਮ ਵਿੱਚ ਰਹਿਣ ਵਾਲਾ, ਉਪਾਸ਼ਕ ਇਹ ਸੋਲਹਾ ਇਸਲਾਮ ਵਿੱਚ ਖ਼ੁਦਾ ਦੇ ਬੰਦੇ ਕਹੇ/ਸਮਝੇ ਜਾਂਦੇ ਮੁੱਲਾਂ, ਮੌਲਾਣਾ, ਮੌਲਵੀ, ਮੁਰਸ਼ਦ, ਕਾਜ਼ੀ ਤੇ ਹਾਦੀ ਆਦਿਕ ਨੂੰ ਸੰਬੋਧਿਤ ਹੋ ਕੇ ਲਿਖਿਆ ਗਿਆ ਹੈ; ਸੋ, ਸਪਸ਼ਟ ਹੈ ਕਿ ਇਸ ਸੋਲਹੇ ਵਿੱਚ "ਖੁਦਾਈ ਬੰਦੇ" ਸ਼ਬਦ-ਜੁੱਟ ਇਨ੍ਹਾਂ ਵਾਸਤੇ ਹੀ ਹੈ! । ਖਿਆਲ: ਤਸੱਵਰ ਕੀਤਾ ਗਿਆ, ਮਿਥਿਆ ਫ਼ੁਰਨਾ, ਕਲਪਿਤ ਸੰਕਲਪ। ਧੰਧੇ: ਧੰਦਾ/ਧੰਧਾ: ਧਨ ਦੌਲਤ ਪ੍ਰਾਪਤ ਕਰਨ ਵਾਸਤੇ ਕੀਤਾ ਗਿਆ ਕੰਮ। ਪੈ ਖਾਕ: ਪੈ: ਪੈਰ; ਖਾਕ: ਮਿੱਟੀ, ਧੂੜ; ਪੈਰਾਂ ਦੀ ਧੂੜ ਹੋਣਾ: ਫ਼ਰਮਾਬਰਦਾਰ ਹੋਣਾ, ਆਗਿਆਕਾਰੀ/ਹੁਕਮ-ਬਰਦਾਰ ਬਣ ਕੇ ਰਹਿਣਾ ਫਕੀਰ: ਦਰਵੇਸ਼, ਮਫ਼ਲਸ, ਮੁਹਤਾਜ, ਰੱਬ ਦੇ ਦਰ ਦਾ ਗਦਾਗਰ (ਭੀਖ ਮੰਗਣ ਵਾਲਾ), ਮੰਗਤਾ। ਮੁਸਾਫਰੁ: ਸਾਲਿਕ (ਰੱਬ ਦੇ ਰਾਹ ਚੱਲਣ ਵਾਲੇ) ਲੋਗ, ਦੀਨ ਹੱਕ ਕਾ ਤਾਲਿਬ (ਹੱਕ/ਸੱਚ ਦੀ ਤਲਾਸ਼ ਕਰਨ ਵਾਲਾ) ਮੁਰੀਦ, ਸਿੱਖ, (ਇਸ ਜਗਤ ਵਿੱਚ) ਪਰਦੇਸੀ। ਦਰਵੇਸੁ: ਫ਼ਾ: ਦਰਵੇਜ਼: ਦਰਵਾਜ਼ੇ `ਤੇ ਚੰਮੜਨ ਵਾਲਾ, ਮੰਗਤਾ, ਸਵਾਲੀ। ਕਬੂਲ: ਅ: ਕੁਬੂਲ਼: ਪ੍ਰਵਾਣ ਹੋਣਾ, ਸਵੀਕਾਰਿਆ ਜਾਣਾ। ਦਰਾ: ਫ਼ਾ: ਦਰਹ: ਦਰਗਾਹ, ਦਰਬਾਰ ਦਾ ਦਰ/ਦਰਵਾਜ਼ਾ; ਅ: ਦੁਰੱਅ: ਮੁਸਲਮਾਨ ਸੂਫ਼ੀ ਫ਼ਕੀਰਾਂ ਦਾ ਉੱਨ ਵਗ਼ੈਰਾ ਦਾ ਬਣਿਆ ਇੱਕ ਖ਼ਾਸ ਕਿਸਮ ਦਾ ਲਿਬਾਸ, ਵੇਸ।

ਭਾਵ ਅਰਥ:- ਹੇ "ਕਾਇਮੁ ਦਾਇਮੁ" ਸਦ-ਸਥਿਰ ਤੇ ਅਨੰਤ ਅਸੀਮ ਅਲਾਹ ਦੇ (ਕਹੇ/ਸਮਝੇ ਜਾਂਦੇ) ਬੰਦੇ! ਮਜ਼੍ਹਬ/ਧਰਮ ਨੂੰ ਧਨ ਪ੍ਰਾਪਤੀ ਦਾ ਧੰਦਾ ਬਣਾਉਣ ਦਾ ਮਿਥਿਆ ਤੇ ਝੂਠਾ ਸੰਕਲਪ ਛੱਡ ਦੇ। ਆਪਣੇ ਆਪ ਨੂੰ ਇਸ ਜੀਵਨ ਵਿੱਚ ਪਰਦੇਸੀ ਸਮਝ ਕੇ, ਰੱਬ ਦੇ ਸੱਚੇ ਪੀਰਾਂ-ਫ਼ਕੀਰਾਂ (ਗੁਰੂਆਂ) ਦਾ ਆਗਿਆਕਾਰੀ/ਫ਼ਰਮਾਬਰਦਾਰ ਮੁਰੀਦ (ਸਿੱਖ) ਬਣ ਕੇ ਰਹੁ। ਇਹੋ ਜਿਹਾ ਮੁਸਾਫ਼ਿਰ (ਰੱਬ ਦੇ ਰਾਹ ਦਾ ਰਾਹੀ) ਹੀ ਰੱਬ ਦੀ ਦਰਗਹ ਵਿੱਚ ਕਬੂਲ ਹੁੰਦਾ ਹੈ। ੧।

ਸਚੁ ਨਿਵਾਜ ਯਕੀਨ ਮੁਸਲਾ॥ ਮਨਸਾ ਮਾਰਿ ਨਿਵਾਰਿਹੁ ਆਸਾ॥

ਦੇਹ ਮਸੀਤਿ ਮਨੁ ਮਉਲਾਣਾ ਕਲਮ ਖੁਦਾਈ ਪਾਕੁ ਖਰਾ॥ ੨॥

ਸ਼ਬਦ ਅਰਥ: ਸਚੁ: ਕਾਇਮ ਦਾਇਮ ਅਲਾਹ ਦਾ ਨਾਮ, ਸਤਿਨਾਮ, ਸਦ-ਸਥਿਰ ਪ੍ਰਭੂ ਦਾ ਨਾਮ, ਹੱਕ। ਨਿਵਾਜ: ਫ਼ਾ: ਨਮਾਜ਼: ਸਲਾਤ, ਅਰਜ਼, ਅਰਦਾਸ, ਬੇਨਤੀ, ਪ੍ਰਾਰਥਨਾ। ਕੁਰਾਨ ਵਿੱਚ ਨਮਾਜ਼ ਦਾ ਜ਼ਿਕਰ ਨਹੀਂ ਹੈ ਪਰੰਤੂ, ਹਜ਼ਰਤ ਮੁਹੰਮਦ ਦੇ ਸਮੇਂ ਤੋਂ ਬਾਅਦ ਵਿੱਚ ਲਿਖੀ ਗਈ "ਹਦੀਸ" (ਮੁਸਲਮਾਨਾਂ ਦੀ ਮਜ਼੍ਹਬੀ ਮਰਯਾਦਾ ਤੇ ਰਹਿਤ ਦੇ ਨਿਯਮਾਂ ਦੀ ਕਿਤਾਬ) ਵਿੱਚ ਇਸ ਦਾ ਜ਼ਿਕਰ ਹੈ। ਨਮਾਜ਼ ਇਸਲਾਮ ਦਾ ਦੂਜਾ ਵੱਡਾ ਉਸੂਲ ਹੈ। ਯਕੀਨ: ਮੰਨਨ, ਅਟੁੱਟ ਸ਼੍ਰੱਧਾ, ਭਰੋਸਾ, ਬਿਨਾਂ ਕਿਸੇ ਸ਼ੱਕ ਦੇ ਵਿਸ਼ਵਾਸ। ਮੁਸਲਾ: ਅ: ਮੁਸਲਾ, ਨਮਾਜ਼ ਪੜ੍ਹਨ ਵਾਸਤੇ ਵਿਛਾਇਆ ਜਾਂਦਾ ਕਪੜਾ, ਚਟਾਈ ਆਦਿ; ਨਮਾਜ਼ ਪੜ੍ਹਨ ਦੀ ਜਗ੍ਹਾ, ਈਦ ਗਾਹ। ਮਨਸਾ: ਮਨ ਦੀ ਇੱਛਾ, ਮਨੋਕਾਮਨਾ। ਨਿਵਾਰਹੁ: ਨਿਵਾਰਣ: ਮੁਕਤੀ, ਛੁਟਕਾਰਾ; ਨਿਵਾਰਹੁ: ਛੁਟਕਾਰਾ ਪਾਓ, ਮੁਕਤ ਹੋਵੋ। ਆਸਾ: ਅ: ਅਸਾ: ਲਾਠੀ/ਚੋਬ/ਡੰਡਾ ਜੋ ਮੌਲਵੀ ਤੇ ਕਾਜ਼ੀ ਆਦਿ ਦੇ ਉੱਚੇ ਮਜ਼੍ਹਬੀ ਰੁਤਬੇ ਦੀ ਨਿਸ਼ਾਨੀ ਸਮਝਿਆ ਜਾਂਦਾ ਸੀ। ਦੇਹ: ਸ਼ਰੀਰ, ਤਨ। ਮਸੀਤਿ: ਅ: ਮਸਜਿਦ: ਸਜਦਾ ਕਰਨ ਦੀ ਥਾਂ, ਇਬਾਦਤ-ਗਾਹ। ਮਉਲਾਣਾ: ਅ: ਮਉਲਾ: ਨਿਜਾਤ (ਮੁਕਤੀ) ਦਿਵਾਉਣ ਵਾਲਾ। ਕਲਮ: ਅ: ਕਲਮਾ ਦਾ ਸੰਖੇਪ; ਕਲਮਾ: ਇਸਲਾਮ ਦਾ ਮੂਲ ਮੰਤ੍ਰ; "ਲਾ ਇਲਾਹ ਇੱਲਲਾਹ ਮੁਹੰਮਦ ਰਸੂਲ ਅੱਲਾਹ!" ਅਰਥਾਤ ਇੱਕ ਅਲਾਹ ਹੀ ਬੰਦਗੀ (ਪੂਜਾ-ਭਗਤੀ) ਕਰਨ ਦੇ ਯੋਗ ਹੈ; ਮੁਹੰਮਦ ਅਲਾਹ ਦਾ ਭੇਜਿਆ ਪੈਗ਼ੰਬਰ ਹੈ"। ਖੁਦਾਈ: ਖ਼ੁਦਾ/ਰੱਬ ਦਾ। ਪਾਕੁ: ਪਵਿੱਤਰ, ਵਿਕਾਰ-ਮੁਕਤ। ਖਰਾ: ਖੋਟ-ਰਹਿਤ, ਖ਼ਾਲਿਸ, ਸ਼ੁੱਧ, ਕਪਟ ਰਹਿਤ। ਕਲਮ ਖੁਦਾਈ ਪਾਕੁੁ ਖਰਾ: ਵਿਕਾਰ-ਮੁਕਤ, ਖੋਟ ਰਹਿਤ ਪਾਕ-ਪਵਿੱਤਰ ਰਹਿਣੀ ਹੀ ਖ਼ੁਦਾਈ ਕਲਮਾ ਹੈ।

ਭਾਵ ਅਰਥ:- ਹੇ ਖ਼ੁਦਾ ਦੇ (ਕਹੇ ਜਾਂਦੇ) ਬੰਦੇ! ਸਦ ਸਥਿਰ, ਸਦਾ ਸੱਚ ਪ੍ਰਭੂ ਦੇ ਨਾਮ ਸਿਮਰਨ ਨੂੰ ਆਪਣੀ ਨਮਾਜ਼ (ਅਰਦਾਸ, ਪ੍ਰਾਰਥਨਾ) ਬਣਾ। ਆਪਣੇ ਸਰੀਰ/ਮਨ ਦੀ ਮਸੀਤ ਵਿੱਚ, ਰੱਬ ਉੱਤੇ ਯਕੀਨ (ਦ੍ਰਿੜ ਵਿਸ਼ਵਾਸ/ਸ਼੍ਰੱਧਾ/ਭਰੋਸਾ, ਮਨਨ) ਰੂਪੀ ਮੁਸੱਲੇ ਉੱਤੇ ਬੈਠ ਕੇ (ਨਾਮ-ਸਿਮਰਨ ਦੀ) ਇਹ ਨਮਾਜ਼ ਪੜ੍ਹਿਆ ਕਰ। ਖ਼ੁਦਾ ਦੇ (ਕਥਿਤ) ਬੰਦੇ! ਵਿਕਾਰ-ਮੁਕਤ, ਖੋਟ ਰਹਿਤ ਪਾਕ-ਪਵਿੱਤਰ ਰਹਿਣੀ ਹੀ ਖ਼ੁਦਾਈ ਕਲਮਾ ਹੈ।। ੨।

ਸਰਾ ਸਰੀਅਤਿ ਲੇ ਕੰਮਾਵਹੁ॥ ਤਰੀਕਤਿ ਤਰਕ ਖੋਜਿ ਟੋਲਾਵਹੁ॥

ਮਾਰਫਤਿ ਮਨੁ ਮਾਰਹੁ ਅਬਦਾਲਾ॥ ਮਿਲਹੁ ਹਕੀਕਤਿ ਜਿਤੁ ਫਿਰਿ ਨ ਮਰਾ॥ ੩॥

ਸੋਲਹੇ ਦੇ ਇਸ ਤੀਸਰੇ ਬੰਦ ਵਿੱਚ ਗੁਰੂ ਅਰਜਨ ਦੇਵ ਜੀ ਮੁਸਲਮਾਨਾਂ ਵਿੱਚ ਮੰਨੀਆਂ ਜਾਂਦੀਆਂ ਉਨ੍ਹਾਂ ਚਾਰ ਅਵਸਥਾਵਾਂ/ਪੜਾਵਾਂ/ਮੰਜ਼ਿਲਾਂ ਦਾ ਉੱਲੇਖ ਕਰਦੇ ਹਨ, ਜਿਨ੍ਹਾਂ ਰਾਹੀਂ ਲੰਘ ਕੇ ਰੱਬ ਦੇ ਰਾਹ ਦੇ ਰਾਹੀ ਨੇ ਆਪਣੀ ਮੰਜ਼ਿਲ-ਏ-ਮਕਸੂਦ ਤਕ ਪਹੁੰਚਣਾ ਹੈ। ਇਹ ਪੜਾਅ ਹਨ: ੧. ਸ਼ਰਅ/ਸ਼ਰੀਯਤ; ੨. ਤਰੀਕਤ; ੩. ਮਾਰਫ਼ਤ; ਅਤੇ, ੪. ਹਕੀਕਤ। ਬਾਣੀ "ਜਪੁ" ਵਿੱਚ ਗੁਰੂ ਨਾਨਕ ਦੇਵ ਜੀ ਦੁਆਰਾ ਆਤਮਿਕ-ਵਿਕਾਸ ਦੇ ਨਿਰਧਾਰਤ ਕੀਤੇ ਗਏ ਪੰਜ ਖੰਡ (ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਤੇ ਸਚ ਖੰਡ) ਮੁਸਲਮਾਨਾਂ ਵਿੱਚ ਪ੍ਰਵਾਣਿਤ ਉਪਰੋਕਤ ਚਾਰ ਪੜਾਵਾਂ ਨਾਲ ਮਿਲਦੇ ਜੁਲਦੇ ਹਨ। ਪਰੰਤੂ, ਦੋਨਾਂ ਵਿੱਚ ਵੱਡਾ ਫ਼ਰਕ ਇਹ ਹੈ ਕਿ ਜਿੱਥੇ ਚਾਰ ਪੜਾਵਾਂ ਵਾਲਾ ਸਫ਼ਰ, ਕਿਸੇ ਹੱਦ ਤਕ, ਦੁਨਿਆਵੀ ਸਫ਼ਰ ਹੈ ਅਤੇ ਇਸ ਵਿੱਚ ਭੇਖ, ਧਾਰਮਿਕ ਚਿੰਨ੍ਹਾਂ ਤੇ ਕਰਮਕਾਂਡਾਂ ਦੀ ਪ੍ਰਧਾਨਤਾ ਹੈ, ਉੱਥੇ ਗੁਰੂ ਨਾਨਕ ਦੇਵ ਜੀ ਦੁਆਰਾ ਦਰਸਾਇਆ ਪੰਜ ਖੰਡੀ ਸਫ਼ਰ ਨਿਰੋਲ ਆਤਮ-ਵਿਕਾਸ ਦਾ ਸਫ਼ਰ ਹੈ, ਅਤੇ ਇਸ ਸਫ਼ਰ ਵਿੱਚ ਪਦਾਰਥਕਤਾ, ਕਰਮਕਾਂਡਾਂ ਤੇ ਧਰਮ-ਕਰਮਾਂ ਦੀ ਬਜਾਏ ਸਿਰਫ਼ ਨਾਮ-ਸਿਮਰਨ ਅਤੇ ਨੈਤਿਕ ਤੇ ਅਧਿਆਤਮਿਕ ਗੁਣਾਂ ਦੀ ਭੂਮਿਕਾ ਹੈ।

ਸ਼ਬਦ ਅਰਥ: ਸਰਾ: ਅ: ਸ਼ਰਅ: ਸ਼ਰੀਯਤ, ਰਾਹਿ ਰਾਸਤ, ਸੀਧਾ ਰਸਤਾ, ਖ਼ੁਦਾ ਤਕ ਪਹੁੰਚਨੇ ਕਾ ਰਸਤਾ, ਰਹਿਤ। ਸਰੀਅਤਿ: ਅ: ਸ਼ਰੀਯਤ: ਖ਼ੁਦਾ ਤਕ ਪਹੁੰਚਨੇ ਕਾ ਰਸਤਾ, ਮਾਰਗ, ਖ਼ੁਦਾ ਕਾ ਬਣਾਇਆ ਹੂਆ ਵੁਹ ਰਸਤਾ ਜੋ ਪੈਗ਼ੰਬਰੋਂ ਕੇ ਜ਼ਰੀਏ ਇਨਸਾਨੋਂ ਕੋ ਮਾਅਲੂਮ ਹੋ! ; ਮਜ਼੍ਹਬੀ ਹੁਕਮ, ਰਹਿਤ। ਸ਼ਰੀਯਤ ਅਰਥਾਤ ਮੁਸਲਮਾਨੀ ਰਹਿਤ ਦੇ ਪੰਜ ਮੁੱਖ ਉਸੂਲ/ਨਿਯਮ ਹਨ: ੧. ਕਲਮਾ, ੨. ਨਮਾਜ਼, ੩. ਜ਼ਕਾਤ, (ਲਾਜ਼ਮੀ ਟੈਕਸ, ਕਰ, ਦੰਡ), ੪. ਰੋਜ਼ਾ (ਵ੍ਰਤ), (ਕੁਰਾਨ ਦੇ ਹੁਕਮ ਅਤੇ ਮੁਸਲਮਾਨਾਂ ਦੇ ਯਕੀਨ ਅਨੁਸਾਰ ਰੋਜ਼ੇ ਰੱਖਣ ਨਾਲ ਬੰਦੇ ਦੇ ਗੁਨਾਹ ਧੋਤੇ ਜਾਂਦੇ ਹਨ!) ਅਤੇ, ੫. ਹਜ (ਕਾਬੇ ਦੀ ਯਾਤ੍ਰਾ; ਹੱਜ ਕਰਨ ਦੀ ਵੀ ਇੱਕ ਵਿਸ਼ੇਸ਼ ਕਰਮਕਾਂਡੀ ਜੁਗਤਿ ਹੈ; ਹਾਜੀ ਵਾਸਤੇ ਇਸ ਦੁਨਿਆਵੀ ਰਹਿਤ ਨੂੰ ਅਪਣਾਉਣਾ ਲਾਜ਼ਮੀ ਹੈ!)। ਮੁਸਲਮਾਨਾ ਸਿਫਤਿ ਸਰੀਅਤਿ ਪੜਿ ਪੜਿ ਕਰਹਿ ਬੀਚਾਰੁ॥ ਬੰਦੇ ਸੇ ਜਿ ਪਵਹਿ ਵਿਚਿ ਬੰਦੀ ਵੇਖਣ ਕਉ ਦੀਦਾਰੁ॥ …ਸਲੋਕ ਮ: ੧। ਗੁ: ਅਰਜਨ ਦੇਵ ਜੀ ਇਸ ਸ਼ਬਦ ਵਿੱਚ, ਮੁਸਲਮਾਨਾਂ ਵਿੱਚ ਪ੍ਰਵਾਣਿਤ ਤੇ ਪ੍ਰਚੱਲਿਤ, ਇਸ ਰਹਿਤ ਨੂੰ ਦਲੀਲਮਈ ਢੰਗ ਨਾਲ ਨਕਾਰਦੇ ਹਨ। ਕੰਮਾਵਹੁ: ਅਮਲ ਵਿੱਚ ਲਿਆਵੋ। ਤਰੀਕਤਿ: ਅ: ਰਾਹ, ਰਸਤਾ, ਬਾਤਨ ਕੀ ਸਫ਼ਾਈ। ਤਰਕ: ਬਿਬੇਕ-ਬਿਚਾਰ, ਦਲੀਲ, ਯੁਕਤੀ। ਖੋਜਿ: ਲੱਭ ਕੇ, ਢੂੰਡ ਕੇ। ਟੋਲਾਵਹੁ: ਢੂੰਡੋ, ਲੱਭੋ। ਮਾਰਫਤਿ: ਅ: ਉਰਫ਼: ਪਹਿਚਾਨ, ਗਿਆਨ, ਖ਼ੁਦਾ-ਸ਼ਨਾਸ, ਗਿਆਨ ਦੀ ਅਵਸਥਾ। ਮਨ ਮਾਰੋ: ਮਨ ਮਾਰਨਾ: ਮਨ ਦੀਆਂ ਸੰਸਾਰਕ ਇੱਛਾਵਾਂ ਨੂੰ ਕਾਬੂ ਵਿੱਚ ਰੱਖਣਾ। ਅਬਦਾਲਾ: ਅ: ਅਬਦਾਲ: ਬਦਲ ਦਾ ਬਹੁਵਚਨ, ਪੀਰ/ਮੁਰਸ਼ਦ ਦੀ ਮੌਤ ਤੋਂ ਬਾਅਦ ਉਸ ਦਾ ਬਦਲ, ਜਾਨਸ਼ੀਨ, ਗੱਦੀ ਨਸ਼ੀਨ, ਕਾਇਮ ਮੁਕਾਮ, ਉਤਰਾਧਿਕਾਰੀ, ਧਰਮ/ਮਜ਼੍ਹਬ ਦਾ ਮੁਖੀਆ ਬਣਨ ਦਾ ਇੱਛਕ; ਮੁਰੀਦ, ਚੇਲਾ, ਕਲੰਦਰ। ਹਕੀਕਤਿ: ਹੱਕ/ਸੱਚ ਦੀ ਸ਼ਨਾਖ਼ਤ/ਪਹਿਚਾਨ, ਸਚ ਖੰਡ ਵਾਲੀ ਅਵਸਥਾ, ਪਰਮ ਪਦ। ਜਿਤੁ ਫਿਰਿ ਨ ਮਰਾ: ਮਨ ਨੂੰ ਮਾਰ ਕੇ ਸੱਚ ਖੰਡ ਵਾਲੀ ਅਵਸਥਾ ਹਾਸਿਲ ਕਰ ਲੈਣ ਉਪਰੰਤ ਮਨੁੱਖ ਦੁਬਾਰਾ ਆਤਮਿਕ ਮੌਤ ਨਹੀਂ ਮਰਦਾ।

ਭਾਵ ਅਰਥ: ਐ ਰੱਬ ਦੇ (ਕਹੇ ਜਾਂਦੇ) ਬੰਦੇ! ਨਾਮ-ਸਿਮਰਨ ਦੀ ਕਮਾਈ ਕਰਿਆ ਕਰ, ਇਹੋ ਹੈ ਰੱਬ ਤਕ ਪਹੁੰਚਣ ਦਾ ਸਿੱਧਾ ਤੇ ਸਹੀ ਰਸਤਾ (ਸ਼ਰੀਯਤ, ਸੱਚੀ ਰਹਿਤ)। ਰੱਬ ਦੀ ਭਾਲ ਵਿੱਚ ਦਿਖਾਵੇ ਦੇ ਦੁਨਿਆਵੀ ਤਿਆਗ ਦੀ ਬਜਾਏ ਆਪਾ ਭਾਵ (ਹਉਮੈਂ-ਹੰਕਾਰ) ਛੱਡ ਕੇ ਰੱਬ ਨੂੰ, ਬਿਬੇਕ ਤੇ ਗਿਆਨ ਨਾਲ, ਆਪਣੇ ਹਿਰਦੇ-ਘਰ ਵਿੱਚ ਹੀ ਤਲਾਸ਼, ਇਹ ਹੈ ਸਾਰਥਕ ਤਰੀਕਤ। ੩। ਦੀਨ-ਧਰਮ ਦੇ ਰਹਨੁਮਾ/ਪਥਪ੍ਰਦਰਸ਼ਕ ਬਣਨ ਦੇ ਇੱਛੁਕ ਐ ਅਬਦਾਲ! ਮਨ ਦੀਆਂ ਦੁਨਿਆਵੀ ਖ਼ਾਹਿਸ਼ਾਂ ਨੂੰ ਮਾਰ; ਇਹ ਹੈ ਅਸਲੀ ਮਾਰਫ਼ਤ (ਗਿਆਨ ਅਵਸਥਾ)। ਇਸ ਤਰ੍ਹਾਂ, ਨਾਮ-ਸਿਮਰਨ, ਬਿਬੇਕ ਤੇ ਆਤਮ-ਗਿਆਨ ਨਾਲ ਮਨ ਨੂੰ ਮਾਰ ਕੇ ਹਕੀਕਤ (ਉੱਚਤਮ ਆਤਮਿਕ ਅਵਸਥਾ) ਵਾਲਾ ਦਰਜਾ ਹਸਿਲ ਕਰੋ। ਮਨ ਨੂੰ ਮਾਰ ਕੇ ਹਕੀਕਤ ਅਰਥਾਤ ਸੱਚ ਖੰਡ ਵਾਲੀ ਅਵਸਥਾ ਹਾਸਿਲ ਕਰ ਲੈਣ ਉਪਰੰਤ ਮਨੁੱਖ ਦੁਬਾਰਾ ਆਤਮਿਕ ਮੌਤ ਨਹੀਂ ਮਰਦਾ। ੩।

ਕੁਰਾਣੁ ਕਤੇਬ ਦਿਲ ਮਾਹਿ ਕਮਾਹੀ॥ ਦਸ ਅਉਰਾਤ ਰਖਹੁ ਬਦ ਰਾਹੀ॥

ਪੰਚ ਮਰਦ ਸਿਦਕਿ ਲੇ ਬਾਧਹੁ ਖੈਰਿ ਸਬੂਰੀ ਕਬੂਲ ਪਰਾ॥ ੪॥

ਸ਼ਬਦ ਅਰਥ: ਕੁਰਾਣ: ਕਿਤਾਬ, ਪੁਸਤਕ, ਗ੍ਰੰਥ; ਜਿਵੇਂ ਗੁਰਮਤਿ/ਗੁਰਬਾਣੀ ਦੀ ਪੁਸਤਕ ਨੂੰ "ਪੋਥੀ", "ਗ੍ਰੰਥ" ਜਾਂ ਸਤਿਕਾਰ ਨਾਲ "ਗੁਰੂ ਗ੍ਰੰਥ" ਕਿਹਾ ਜਾਂਦਾ ਹੈ ਤਿਵੇਂ, ਇਸਲਾਮ ਦੀ ਕਿਤਾਬ ਨੂੰ "ਕੁਰਾਨ" ਜਾਂ ਅਦਬ ਨਾਲ "ਕੁਰਾਨ ਸ਼ਰੀਫ਼" ਜਾਂ "ਕੁਰਾਨ ਮਜੀਦ" ਕਹਿੰਦੇ ਹਨ; ਕੁਰਾਨ ਨੂੰ, ਸੱਚ ਤੇ ਝੂਠ ਵਿੱਚ ਫ਼ਰਕ ਕਰਨ ਵਾਲਾ, ਫ਼ੁਕਰਾਨ ਵੀ ਕਿਹਾ ਜਾਂਦਾ ਹੈ। (ਹਰ ਫਿਰਕੇ ਦੇ ਲੋਕ ਆਪਣੇ ਧਰਮ-ਗ੍ਰੰਥ ਵਾਸਤੇ ਇਹੋ ਵਿਚਾਰ ਰੱਖਦੇ ਹਨ!)। ਕਤੇਬ: ਅ: ਕਿਤਾਬ, ਪੁਸਤਕ; ਸਾਮੀ ਮਜ਼੍ਹਬਾਂ ਦੀਆਂ ਕਿਤਾਬਾਂ: ਜ਼ੱਬੂਰ, ਤੌਰੇਤ, ਇੰਜੀਲ (Bible) ਅਤੇ ਕੁਰਾਨ। ਦਿਲ ਮਾਹਿ ਕਮਾਹੀ: (ਨਾਮ-ਸਿਮਰਨ ਦੇ ਦਿਖਾਵੇ ਦੇ ਆਡੰਬਰਾਂ ਦੀ ਬਜਾਇ) ਮਨ ਵਿੱਚ ਹੀ ਸੱਚਾ ਨਾਮ-ਸਿਮਰਨ ਕਰੋ। ਅਉਰਾਤ: ਔਰਤ ਦਾ ਬਹੁਵਚਨ; ਔਰਤ: ਅ: ਆਦਮੀ ਕੇ ਜਿਸਮ ਕਾ ਵੁਹ ਹਿੱਸਾ ਜਿਸ ਕਾ ਦਿਖਾਣਾ/ਦੇਖਣਾ ਸ਼ਰਮਨਾਕ ਹੈ; ਵੁਹ ਚੀਜ਼ ਜਿਸ ਕੇ ਦੇਖਣੇ ਔਰ ਦਿਖਾਣੇ ਸੇ ਸ਼ਰਮ ਆਏ; (ਨੋਟ:- ਔਰਤ ਪਦ ਦੇ ਇਨ੍ਹਾਂ ਅਰਥਾਂ ਤੋਂ ਸਪਸ਼ਟ ਹੈ ਕਿ ਇਸਤ੍ਰੀਆਂ ਦੇ ਬੁਰਕਾ ਪਾਉਣ ਅਤੇ ਘੁੰਡ ਕੱਢਣ ਦੇ ਰਿਵਾਜ ਦਾ ਕੀ ਕਾਰਣ ਹੈ! ! !); ਮਰਦ ਦੀ ਮਾਦਾ, ਇਸਤ੍ਰੀ। ਦਸ ਅਉਰਾਤ: ਦੱਸ ਇੰਦ੍ਰੀਆਂ, ਪੰਜ ਗਿਆਨ ਇੰਦ੍ਰੀਆਂ: ਅੱਖਾਂ, ਕੰਨ, ਨੱਕ, ਜੀਭ ਤੇ ਤਵਚਾ (ਚੰਮੜੀ); ਅਤੇ ਪੰਜ ਕਰਮ ਇੰਦ੍ਰੀਆਂ: ਹੱਥ, ਪੈਰ, ਮੂੰਹ ਤੇ ਦੋ ਗੁਪਤ ਅੰਗ। ਰਖਹੁ ਬਦ ਰਾਹੀ: ਬੁਰੇ ਰਾਹ ਪੈਣ ਤੋਂ ਰੋਕ ਕੇ ਰੱਖੋ। ਪੰਚ ਮਰਦ: ਪੰਜ ਮੂਲ ਵਿਕਾਰ: ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ। ਸਿਦਕਿ: ਅ: ਸੱਚ, ਸੱਚਾਈ, ਨੇਕੀ। ਖੈਰਿ: ਨੇਕੀ, ਨੇਕ ਕੰਮ, ਭਲਾਈ, ਪਰਉਪਕਾਰ। ਸਬੂਰੀ: ਅ: ਸਬਰ-ਸੰਤੋਖ, ਤਹੱਮਲ, ਬਰਦਾਸ਼ਤ, ਖਿਮਾ ਤੇ ਸਹਿਣਸ਼ੀਲਤਾ। ਕਬੂਲ ਪਰਾ: (ਰੱਬ ਦੀ ਦਰਗਾਹ ਵਿੱਚ) ਮਾਨਤਾ ਮਿਲਦੀ ਹੈ, ਪ੍ਰਵਾਣ ਹੋਈਦਾ ਹੈ।

ਭਾਵ ਅਰਥ: (ਹੇ ਰੱਬ ਦੇ ਬੰਦੇ!) ਹੱਕ ਅਰਥਾਤ ਸਤਿਨਾਮ ਦੇ ਸਿਮਰਨ ਦੀ ਹਿਰਦੇ ਘਰ ਵਿੱਚ ਕੀਤੀ ਕਮਾਈ ਕੁਰਾਣ ਤੇ ਹੋਰ ਮਜ਼੍ਹਬੀ ਕਿਤਾਬਾਂ ਦੇ ਕਿਤਾਬੀ ਗਿਆਨ ਤੋਂ ਬਿਹਤਰ ਹੈ। (ਰੱਬ ਦੇ ਦਰਬਾਰ ਵਿੱਚ ਸ਼ਰਮਸਾਰ ਕਰਨ ਵਾਲੀਆਂ) ਦੱਸੇ ਇੰਦ੍ਰੀਆਂ ਨੂੰ ਬੁਰੇ ਰਾਹ ਜਾਣ ਤੋਂ ਰੋਕ ਕੇ ਰੱਖ। ਅਤੇ, ਇਨ੍ਹਾਂ ਇੰਦ੍ਰੀਆਂ (ਔਰਤਾਂ) ਨੂੰ (ਬੁਰੇ ਰਾਹ `ਤੇ ਪਾਉਣ ਵਾਲੇ) ਪੰਜ ਬੇਸ਼ਰਮ ਤੇ ਢੀਠ ਮਰਦਾਂ (ਵਿਕਾਰਾਂ) ਨੂੰ ਸੱਚ ਆਚਾਰ ਦੇ ਬਲ ਨਾਲ ਬੰਨ੍ਹ ਕੇ ਰੱਖ। ਨੇਕੀ, ਪਰਉਪਕਾਰਤਾ, ਸਬਰ-ਸੰਤੋਖ, ਖਿਮਾ ਤੇ ਸਹਿਨਸ਼ੀਲਤਾ ਦੇ ਸਦਗੁਣਾਂ ਸਦਕਾ ਤੂੰ ਰੱਬ ਦੀ ਦਰਗਾਹ ਵਿੱਚ ਪ੍ਰਵਾਣ (ਕਬੂਲ) ਹੋ ਜਾਵੇਂਗਾ। ੪।

ਮਕਾ ਮਿਹਰ ਰੋਜਾ ਪੈ ਖਾਕਾ॥ ਭਿਸਤੁ ਪੀਰ ਲਫਜ ਕਮਾਇ ਅੰਦਾਜਾ॥

ਹੂਰ ਨੂਰ ਮੁਸਕੁ ਖੁਦਾਇਆ ਬੰਦਗੀ ਅਕਹ ਆਲਾ ਹੁਜਰਾ॥ ੫॥

ਸ਼ਬਦ ਅਰਥ: ਮਕਾ: ਅਰਬ ਦੇਸ ਦਾ ਸ਼ਹਿਰ ਜੋ ਹਜ਼ਰਤ ਮੁਹੰਮਦ ਦਾ ਜਨਮ ਸਥਾਨ ਹੈ। ਮਿਹਰ: ਫ਼ਾ: ਪਿਆਰ-ਮੁਹੱਬਤ, ਉਲਫ਼ਤ। ਰੋਜਾ: ਫ਼ਾ: ਰੋਜ਼ਹ: ਸ਼ਰਈ ਤੌਰ `ਤੇ ਸਾਰਾ ਦਿਨ ਭੁੱਖਾ-ਪਿਆਸਾ ਰਹਿਣਾ, ਵਰਤ; ਇੱਕ ਵਿਸ਼ਵਾਸ ਅਨੁਸਾਰ ਰੋਜ਼ੇ/ਵਰਤ ਰੱਖਣ ਨਾਲ ਬੰਦੇ ਦੇ ਗੁਨਾਹ/ਪਾਪ ਧੋਤੇ ਜਾਂਦੇ ਹਨ! ਪੈ ਖਾਕਾ: ਪੈ: ਪੈਰ; ਖ਼ਾਕ: ਧੂੜ; ਪੈਰਾਂ ਦੀ ਧੂੜ ਹੋਣਾ: ਫ਼ਰਮਾਬਰਦਾਰ ਹੋਣਾ, ਆਗਿਆਕਾਰੀ/ਹੁਕਮ-ਬਰਦਾਰ ਦਾਸ ਬਣ ਕੇ ਰਹਿਣਾਭਿਸਤ: ਫ਼ਾ: ਬਹਿਸ਼ਤ: ਜੱਨਤ, ਸੁਰਗ, ਫ਼ਰਦੋਸ। ਪੀਰ: ਫ਼ਾ: ਗੁਰੂ, ਮੁਰਸ਼ਦ, ਹਾਦੀ, ਰਾਹਨੁਮਾ, ਸ਼ਰਈਆਂ ਦਾ ਉਸਤਾਦ। ਲਫਜ: ਅ: ਸ਼ਬਦ, ਬੋਲ, ਬਾਤ ਜੋ ਆਦਮੀ ਕੇ ਮੂੰਹ ਸੇ ਨਿਕਲੇ। ਪੀਰ ਲਫਜ: ਗੁਰਸਬਦੁ, ਗੁਰੁ-ਉਪਦੇਸ਼, ਗੁਰ-ਹੁਕਮ। ਅੰਦਾਜਾ: ਮਰਤਬਾ, ਰੁਤਬਾ, ਉੱਚੀ ਆਤਮਿਕ ਅਵਸਥਾ। ਹੂਰ: ਅ: ਗੋਰੇ ਰੰਗ ਤੇ ਕਾਲੀਆਂ ਅੱਖਾਂ ਵਾਲੀ ਸੁੰਦਰ ਕੁਆਰੀ ਔਰਤ; (ਅਜਿਹੀਆਂ ਔਰਤਾਂ ਬਹਿਸ਼ਤ ਵਿੱਚ ਹੀ ਮਿਲਦੀਆਂ ਹਨ!)। ਨੂਰ: ਅ: ਸੂਰਜ, ਪ੍ਰਕਾਸ਼, ਰੱਬੀ-ਰੌਸ਼ਨੀ, ਗਿਆਨ ਦਾ ਚਾਨਣ। ਮੁਸਕੁ: ਫ਼ਾ: ਮੁਸ਼ਕ: ਖ਼ੁਸ਼ਬੂ, ਸੁਗੰਧੀ, ਕਸਤੂਰੀ। ਬੰਦਗੀ: ਫ਼ਾ: ਇਬਾਦਤ, ਸੇਵਾ-ਭਗਤੀ, ਦਾਸਤਾ। ਅਕਹ: ਪ੍ਰਭੂ, ਜਿਸ ਦੇ ਗੁਣ ਕਹੇ ਨਹੀਂ ਜਾ ਸਕਦੇ; ਅਕਥ। ਆਲਾ: ਅਲਹ/ਖ਼ੁਦਾ, ਇਲਾ ਦਾ ਬਹੁਵਚਨ, ਇਲਾ: ਨੇਕੀ, ਨਿਅਮਤ। ਹੁਜਰਾ: ਅ: ਘਰ, ਕਮਰਾ, ਕੋਠੜੀ, ਭੋਰਾ।

ਭਾਵ ਅਰਥ:- ਇਸ਼ਕ ਹਕੀਕੀ (ਪ੍ਰਭੂ-ਪ੍ਰੇਮ, ਪ੍ਰੇਮਾ-ਭਗਤੀ) ਨੂੰ ਮੱਕਾ ਸਮਝ ਕੇ ਗਿਆਨ-ਗੁਰੂ ਦਾ ਆਗਿਆਕਾਰੀ ਬਣੇ ਰਹਿਣ ਨੂੰ ਹੀ ਰੋਜ਼ਾ (ਵ੍ਰਤ) ਸਮਝ। ਗੁਰ-ਉਪਦੇਸ਼ ਅਨੁਸਾਰ ਕਰਮ ਕਮਾ ਕੇ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰਨਾ ਹੀ ਅਸਲੀ ਬਹਿਸ਼ਤ/ਸਵਰਗ ਹੈ। ਰੱਬ ਦੀ ਬੰਦਗੀ ਨੂੰ ਹੀ (ਖ਼ਿਆਲੀ ਸਵਰਗ ਵਿੱਚ ਮਿਲਨ ਵਾਲੀਆਂ) ਸੁੰਦਰ ਕੰਵਾਰੀਆਂ ਇਸਤ੍ਰੀਆਂ, ਰੱਬੀ ਰੌਸ਼ਨੀ (ਗਿਆਨ) ਅਤੇ ਬਾਗ਼-ਏ-ਬਹਿਸ਼ਤ ਦੀਆਂ ਮਨ/ਆਤਮਾ ਨੂੰ ਪ੍ਰਸੰਨ ਕਰਨ ਵਾਲੀਆਂ ਸੁਗੰਧੀਆਂ ਸਮਝ। ਅਤੇ, ਅਕਥ ਅਕਾਲ ਪੁਰਖ ਦੀ ਬੰਦਗੀ/ਇਬਾਦਤ/ਸਿਮਰਨ ਨੂੰ ਹੀ ਰੱਬ ਦਾ ਦਰ/ਘਰ ਸਮਝ। ੫।

ਸਚੁ ਕਮਾਵੈ ਸੋਈ ਕਾਜੀ॥ ਜੋ ਦਿਲੁ ਸੋਧੈ ਸੋਈ ਹਾਜੀ

ਸੋ ਮੁਲਾ ਮਲਊਨ ਨਿਵਾਰੈ ਸੋ ਦਰਵੇਸੁ ਜਿਸੁ ਸਿਫਤਿ ਧਰਾ॥ ੬॥

ਸ਼ਬਦ ਅਰਥ:- ਸਚੁ ਕਮਾਵੈ: ਸਤਿਨਾਮ ਦੇ ਸਿਮਰਨ ਦੀ ਕਮਾਈ। ਕਾਜੀ: ਅ: ਕਜ਼ਾ=ਨਿਆਂ, ਇਨਸਾਫ਼; ਕਾਜ਼ੀ: ਇਨਸਾਫ਼ ਕਰਨ ਵਾਲਾ, ਨਿਆਂਕਾਰ, ਮੁਕੱਦਮਾ ਕਾ ਫ਼ੈਸਲਾ ਕਰਨੇ ਵਾਲਾ, ਜੱਜ, ਹੁਕਮ ਕਰਨੇ ਵਾਲਾ। ਸੋਧੈ: ਸ਼ੁੱਧ/ਪਵਿਤ੍ਰ ਕਰੇ, (ਪਾਪਾਂ ਦੀ) ਮੈਲ ਧੋਵੇ। ਹਾਜੀ: ਅ: ਕਾਬੇ ਦਾ ਹੱਜ (ਯਾਤ੍ਰਾ) ਕਰਨ ਵਾਲਾ। ਹੱਜ: ਅ: ਨਿਸ਼ਚਤ ਸਮੇਂ, ਨਿਰਧਾਰਤ ਤਰੀਕੇ ਨਾਲ ਕਾਅਬੇ ਦੀ ਪਰਿਕਰਮਾ ਕਰਨਾ। ਮੁਲਾ: ਅ: ਮਲਯ=ਪੂਰਣ ਵਿਦਵਾਨ, ਆਲਮ, ਆਤਮ-ਗਿਆਨੀ। ਮਲਊਨ: ਅ: ਲਾਅਨਤ ਦਾ ਬਹੁਵਚਨ; ਫਿਟਕਾਰਿਆ/ਦੁਰਕਾਰਿਆ ਹੋਇਆ; (ਖ਼ੁਦਾ ਵੱਲੋਂ) ਫਿਟਕਾਰੇ ਤੇ ਧੱਤਕਾਰੇ ਹੋਏ ਸ਼ੈਤਾਨ ਵਾਲਾ ਨੀਚ ਸੁਭਾਉ। ਨਿਵਾਰੈ: ਛੁਟਕਾਰਾ ਪਾਉਂਦਾ/ਦਿਵਾਉਂਦਾ ਹੈ, ਮੁਕਤ ਕਰਦਾ ਹੈ। ਦਰਵੇਸੁ: ਫ਼ਾ: ਦਰਵੇਜ਼: ਦਰਵਾਜ਼ੇ `ਤੇ ਚੰਮੜਨ ਵਾਲਾ, ਮੰਗਤਾ, ਸਵਾਲੀ। ਸਿਫਤਿ: ਅਲਾਹ ਦੇ ਦੈਵੀ ਗੁਣ। ਧਰਾ: ਓਟ-ਆਸਰਾ।

ਭਾਵ ਅਰਥ: ਹੇ ਖ਼ੁਦਾ ਦੇ (ਸਮਝੇ ਜਾਂਦੇ) ਬੰਦੇ! ਸਤਿਨਾਮ ਦਾ ਸਿਮਰਨ ਕਰਨ ਵਾਲਾ ਹੀ ਸੱਚਾ ਨਿਆਂਕਾਰ (ਕਾਜ਼ੀ) ਹੋ ਸਕਦਾ ਹੈ। ਅਤੇ, ਰੱਬ ਦੀ ਬੰਦਗੀ ਨਾਲ ਮਨ ਨੂੰ ਸ਼ੁੱਧ ਕਰਨ ਵਾਲਾ ਹੀ ਸੱਚਾ ਹਾਜੀ ਹੈ। ਉਹ ਹੀ ਸੱਚਾ ਆਤਮ-ਗਿਆਨੀ (ਆਲਮ) ਹੈ ਜੋ ਸ਼ੈਤਾਨ ਵਾਲੇ ਫਿਟਕਾਰ-ਯੋਗ ਸੁਭਾਉ ਤੋਂ ਮੁਕਤੀ ਪਾਉਂਦਾ ਹੈ। ਰੱਬ ਦਾ ਸੱਚਾ ਭਗਤ ਓਹੀ ਹੈ ਜਿਸ ਨੇ ਖ਼ੁਦਾ ਦੀ ਸਿਫ਼ਤ-ਸਾਲਾਹ (ਗੁਣ-ਗਾਇਣ, ਨਾਮ-ਸਿਮਰਣ) ਨੂੰ ਹੀ ਆਪਣੀ ਜ਼ਿੰਦਗੀ ਦਾ ਓਟ-ਆਸਰਾ ਬਣਾਇਆ ਹੈ। ੬।

ਸਭੇ ਵਖਤ ਸਭੇ ਕਰਿ ਵੇਲਾ॥ ਖਾਲਕੁ ਯਾਦਿ ਦਿਲੇ ਮਹਿ ਮਉਲਾ॥

ਤਸਬੀ ਯਾਦਿ ਕਰਹੁ ਦਸ ਮਰਦਨੁ ਸੁੰਨਤਿ ਸੀਲੁ ਬੰਧਾਨਿ ਬਰਾ॥ ੭॥

ਸ਼ਬਦ ਅਰਥ:- ਸਭੇ ਵਖਤ ਸਭੇ ਕਰਿ ਵੇਲਾ: ਹਰ ਵਕਤ, ਹਰ ਸਮੇਂ, ਨਿਰੰਤਰ। ਖਾਲਕੁ: ਅ: ਖ਼ਾਲਿਕ: ਖ਼ਲਕਤ ਨੂੰ ਪੈਦਾ ਕਰਨ ਵਾਲਾ, ਸਿਰਜਨਹਾਰ। ਮਉਲਾ: ਅ: ਮੌਲਾ: ਮਦਦਗਾਰ, ਆਜ਼ਾਦ ਕਰਨ ਵਾਲਾ, ਮੁਕਤੀ-ਦਾਤਾ, ਰਫ਼ੀਕ, ਖ਼ੁਦਾਵੰਦ। ਤਸਬੀ: ਅ: "ਸੁਬਹਾਨ ਅੱਲਾ" ਅਰਥਾਤ "ਅੱਲ੍ਹਾ ਪਾਕ ਹੈ" ਕਹਿਣਾ; ਸੁਬਹਾਨ: ਪਾਕ, ਪਵਿੱਤਰਦਸ: ਦਸ ਇੰਦ੍ਰੀਆਂ। ਮਰਦਨੁ: ਮਾਰਨਾ, ਮਸਲਨਾ, ਕਾਬੂ ਵਿੱਚ ਰੱਖਣਾ। ਸੁੰਨਤਿ: ਅ: ਮਰਜਾਦਾ, ਰਹਿਤ, ਹਜ਼ਰਤ ਮੁਹੰਮਦ ਦੁਆਰਾ ਚਲਾਈ ਗਈ ਰੀਤੀ; ਗੁਰਬਾਣੀ ਵਿੱਚ, ਬਾਣੀ ਦੇ ਸਾਹਿਤਕ ਸਲੀਕੇ ਨੂੰ ਧਿਆਨ ਵਿੱਚ ਰੱਖਦਿਆਂ, ਖ਼ਤਨਹ (ਮਰਦ ਦੇ ਗੁਪਤ ਅੰਗ ਦਾ ਉਪਰਲਾ ਮਾਸ ਕੱਟਣ ਦੀ ਰੀਤਿ) ਨੂੰ ਵੀ ਸੁੰਨਤ ਕਿਹਾ ਗਿਆ ਹੈ: ਸਕਤਿ ਸਨੇਹੁ ਕਰਿ ਸੁੰਨਤਿ ਕਰੀਐ ਮੈ ਨ ਬਦਉਗੋ ਭਾਈ॥ ਜਉ ਰੇ ਖੁਦਾਇ ਮੋਹਿ ਤੁਰਕੁ ਕਰੈਗਾ ਆਪਨ ਹੀ ਕਟਿ ਜਾਈ॥ ੨॥ ਸੁੰਨਤਿ ਕੀਏ ਤੁਰਕੁ ਜੇ ਹੋਇਗਾ ਅਉਰਤਿ ਕਾ ਕਿਆ ਕਰੀਐ॥ ਅਰਧ ਸਰੀਰੀ ਨਾਰਿ ਨ ਛੋਡੈ ਤਾ ਤੇ ਹਿੰਦੂ ਹੀ ਰਹੀਐ॥ ੩॥ ਆਸਾ ਕਬੀਰ ਜੀਸੀਲੁ ਬੰਧਾਨਿ: ਸਚ ਆਚਾਰ ਧਾਰਨ ਦਾ ਨੇਮ, ਕਾਮ ਨੂੰ ਵੱਸ ਵਿੱਚ ਰੱਖਣਾ ਦਾ ਬੰਧਨ। ਬਰਾ: ਉੱਤਮ, ਸ੍ਰੇਸ਼ਠ।

ਭਾਵ ਅਰਥ:- ਮੁਕਤੀ-ਦਾਤੇ ਸਿਰਜਨਹਾਰ ਨੂੰ ਹਿਰਦੇ ਵਿੱਚ ਹੀ ਹਰ ਵਕਤ ਹਰ ਸਮੇਂ ਯਾਦ ਕਰਦੇ ਰਹਿਣਾ ਚਾਹੀਦਾ ਹੈ। (ਰੱਬ ਦੀ ਬੰਦਗੀ ਲਈ ਕੋਈ ਖ਼ਾਸ ਵਕਤ ਨਿਰਧਾਰਤ ਕਰਨਾ ਗ਼ਲਤ ਹੈ!)। (ਮੂੰਹ ਨਾਲ "ਸੁਬਹਾਨ ਅੱਲਾ, ਸੁਬਹਾਨ ਅੱਲਾ" ਦੀ ਦਿਖਾਵੇ ਦੀ ਰਟ ਲਾਉਣ ਦੀ ਬਜਾਏ ਰੱਬ ਦੀ ਨਿਰੰਤਰ ਯਾਦ (ਸਿਮਰਨ) ਨੂੰ ਹੀ ਤਸਬੀ ਸਮਝ। (ਨੋਟ:- ‘ਸਿੱਖ’ ਵੀ ਹਰਿਨਾਮ ਦੇ ਸੱਚੇ ਸਿਮਰਨ ਦੀ ਬਜਾਏ "ਵਾਹ ਗੁਰੁ ਵਾਹ ਗੁਰ" ਦੀ ਰਟ ਲਾਉਂਦੇ ਦੇਖੀਂਦੇ/ਸੁਣੀਂਦੇ ਹਨ!)। ਦੱਸ ਇੰਦ੍ਰੀਆਂ ਨੂੰ ਕਾਬੂ ਵਿੱਚ ਰੱਖਣਾ ਅਤੇ ਕਾਮ ਨੂੰ ਵੱਸ ਵਿੱਚ ਰੱਖਦਿਆਂ ਸਦਾਚਾਰ ਧਾਰਨ ਕਰਨ ਦਾ ਨੇਮ ਹੀ ਸੱਚੀ ਸੁੰਨਤ ਹੈ। ੭।

ਦਿਲ ਮਹਿ ਜਾਨਹੁ ਸਭ ਫਿਲਹਾਲਾ॥ ਖਿਲਖਾਨਾ ਬਿਰਾਦਰ ਹਮੂ ਜੰਜਾਲਾ॥

ਮੀਰ ਮਲਕ ਉਮਰੇ ਫਾਨਾਇਆ ਏਕ ਮੁਕਾਮ ਖੁਦਾਇ ਦਰਾ॥ ੮॥

ਸ਼ਬਦ ਅਰਥ:- ਫਿਲਹਾਲਾ: ਅ: ਫ਼ੇ ਅਲਹਾਲ: ਹੁਣ ਹੈ ਪਰ ਹਮੇਸ਼ਾ ਰਹਿਣ ਵਾਲਾ ਨਹੀਂ, ਹੁਣ ਦਾ ਹੁਣ, ਆਰਜ਼ੀ, ਨਾਸ਼ਮਾਨ। ਖਿਲਖਾਨਾ: ਅ: ਖ਼ੈਲ: ਲੋਗ+ਖ਼ਾਨਾ: ਘਰ; ਘਰ ਦੇ ਲੋਕ, ਸਕੇ ਸਨਬੰਧੀ। ਬਿਰਾਦਰ: ਭਰਾ, ਭਾਈਬੰਦ। ਹਮੂ: ਅ: ਪਤੀ ਅਤੇ ਪਤਨੀ ਦੇ ਆਪਸੀ ਰਿਸ਼ਤੇਦਾਰ, ਸਨਬੰਧੀ। ਜੰਜਾਲਾ: ਜਨ-ਫੰਧਾ। ਮੀਰ: ਅ: ਅਮੀਰ ਦਾ ਸੰਖੇਪ, ਮਾਲਦਾਰ, ਹਾਕਿਮ, ਬਾਦਸ਼ਾਹ, ਸਰਦਾਰ। ਮਲਕ: ਅ: ਮਲਿਕ, ਬਾਦਸ਼ਾਹ, ਰਾਜਾ। ਉਮਰੇ: ਅ: ਅਮੀਰ ਦਾ ਬਹੁਵਚਨ। ਫਾਨਾਇਆ: ਅ: ਫ਼ਨਾਹ: ਨਸ਼ਟ, ਨਾਸ਼ਮਾਨ, ਨੇਸਤੋ ਨਾਬੂਦ ਹੋਣਾ, ਮਿਟ ਜਾਣਾ। ਏਕ: ਇੱਕ ਅਲਹ, ਇੱਕ ਅਕਾਲ ਪੁਰਖ। ਮੁਕਾਮ: ਕਾਇਮ ਦਾਇਮ, ਸਦੀਵੀ, ਸਦ ਸਥਿਰ। ਖੁਦਾਇ ਦਰਾ: ਖ਼ੁਦਾ ਦਾ ਦਰ/ਦਰਬਾਰ।

ਭਾਵ ਅਰਥ: ਹੇ ਖ਼ੁਦਾ ਦੇ ਬੰਦੇ! ਮਨ ਵਿੱਚ ਇਹ ਸੱਚ ਸਮਝ ਲਵੋ ਕਿ ਦ੍ਰਿਸ਼ਟਮਾਨ ਪਦਾਰਥਕ ਜਗਤ ਨਾਸ਼ਮਾਨ ਹੈ। ਅਤੇ ਪੇਕਿਆਂ ਜਾਂ ਸਹੁਰਿਆਂ ਵੱਲੋਂ ਸਾਰੇ ਰਿਸ਼ਤੇਦਾਰ, ਭਾਈਬੰਦ ਅਤੇ ਘਰ ਦੇ ਹੋਰ ਲੋਕ ਸੱਭ ਦੁਨਿਆਵੀ ਫੰਧੇ ਹਨ। ਮਾਲਦਾਰ ਅਮੀਰ ਲੋਕ ਤੇ ਰਾਜੇ ਮਹਾਰਾਜੇ ਆਦਿ ਸੱਭ ਨਾਸ਼ਮਾਨ ਹਨ; ਸਿਰਫ਼ ਇੱਕ ਅਕਾਲ ਪੁਰਖ ਤੇ ਉਸ ਦਾ ਦਰਬਾਰ ਹੀ ਸਦੀਵੀ ਹੈ। ੮।

ਅਵਲਿ ਸਿਫਤਿ ਦੂਜੀ ਸਾਬੂਰੀ॥ ਤੀਜੀ ਹਲੀਮੀ ਚਉਥੈ ਖੈਰੀ॥

ਪੰਜਵੈ ਪੰਜੇ ਇਕਤੁ ਮੁਕਾਮੈ ਏਹਿ ਪੰਜਿ ਵਖਤ ਤੇਰੇ ਅਪਰਪਰਾ॥ ੯॥

ਇਸਲਾਮੀ ਰਹਿਤ ਅਨੁਸਾਰ, ਮੁਸਲਮਾਨ ਦਿਨ ਵਿੱਚ ਪੰਜ ਵਾਰ ਨਮਾਜ਼ ਪੜ੍ਹਦੇ (ਅਰਦਾਸ/ਪ੍ਰਾਰਥਨਾ ਕਰਦੇ) ਹਨ। ਗੁਰੂ ਅਰਜਨ ਦੇਵ ਜੀ ਸੋਲਹੇ ਦੇ ਇਸ ਬੰਦ ਵਿੱਚ ਇਹ ਦੱਸਦੇ ਹਨ ਕਿ ਨਮਾਜ਼/ਅਰਦਾਸ ਕਿਸ ਅੱਗੇ ਕਰਨੀ ਹੈ ਤੇ ਹਰ ਨਮਾਜ਼ ਵਿੱਚ ਨਮਾਜ਼ੀ ਨੇ ਕੀ ਮੰਗਣਾ ਹੈ?

ਸ਼ਬਦ ਅਰਥ:- ਅਵਲਿ: ਪਹਿਲੀ (ਨਮਾਜ਼)। ਸਿਫਤਿ: ਤਅਰੀਫ਼, ਗੁਣ, ਉਸਤਤਿ, ਸਿਫ਼ਤ-ਸਾਲਾਹ। ਸਾਬੂਰੀ: ਅ: ਸਬਰ-ਸੰਤੋਖ, ਤਹੱਮਲ, ਬਰਦਾਸ਼ਤ, ਖਿਮਾ ਤੇ ਸਹਿਣਸ਼ੀਲਤਾ। ਹਲੀਮੀ: ਅ: ਨਮਰਤਾ, ਮਿੱਠਤ, ਖਿਮਾ ਤੇ ਸਹਿਣਸ਼ੀਲਤਾ। ਖੈਰੀ: ਅ: ਖ਼ੈਰ: ਭਲਾਈ, ਨੇਕੀ, ਪਰਉਪਕਾਰਤਾ। ਪੰਜੇ: ਪੰਜੇ ਵਿਕਾਰ (ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ)। ਇਕਤੁ: ਸਿਰਫ਼। ਮੁਕਾਮੈ: ਸਦਾ ਸੱਚ, ਸਥਿਰ, ਸਦੀਵੀ। ਅਪਰਪਰਾ: ਸਹਾਇਕ, ਮਦਦਗਾਰ।

ਭਾਵ ਅਰਥ:- ਮੁਸਲਮਾਨਾਂ ਦੁਆਰਾ ਕੀਤੀ ਜਾਂਦੀ ਪੰਜ ਵਕਤ ਦੀ ਮਰਯਾਦਿਤ ਤੇ ਰਿਵਾਜੀ ਨਮਾਜ਼ (ਅਰਦਾਸ) ਦੇ ਬਦਲ ਵਜੋਂ ਸੱਚੀ ਸਾਰਥਕ ਅਰਦਾਸ ਨੂੰ ਪਰਿਭਾਸ਼ਿਤ ਕਰਦੇ ਹੋਏ ਗੁਰੂ ਜੀ ਫ਼ਰਮਾਉਂਦੇ ਹਨ: ਪਹਿਲੀ ਨਮਾਜ਼, ਸਿਫ਼ਤ-ਸਾਲਾਹ ਅਰਥਾਤ ਨਾਮ ਸਿਮਰਣ ਦੀ ਲਿਵ ਲਈ; ਦੂਜੀ, ਸਬਰ-ਸੰਤੋਖ, ਖਿਮਾ ਤੇ ਸਹਿਣਸ਼ੀਲਤਾ ਦੇ ਗੁਣ ਧਾਰਨ ਕਰਨ ਦੀ ਆਤਮ-ਸ਼ਕਤੀ ਵਾਸਤੇ; ਤੀਜੀ, ਮਿੱਠਤ ਤੇ ਨਮਰਤਾ; ਚੌਥੀ, ਭਲਾਈ ਤੇ ਪਰਉਪਕਾਰਤਾ ਦੇ ਦੈਵੀ ਗੁਣਾਂ ਦੀ ਪ੍ਰਾਪਤੀ ਵਾਸਤੇ; ਅਤੇ ਪੰਜਵੀਂ, ਪੰਜਾਂ ਵਿਕਾਰਾਂ ਨੂੰ ਬੰਨ੍ਹ ਕੇ ਕਾਬੂ ਵਿੱਚ ਰੱਖਣ ਦੀ ਸਮਰੱਥਾ ਵਾਸਤੇ। ਐ ਖ਼ੁਦਾ ਦੇ ਬੰਦੇ! ਸਿਰਫ਼ ਇਹ ਪੰਜੇ ਨਮਾਜ਼ਾਂ ਹੀ (ਰੱਬ ਦੇ ਦਰਬਾਰ ਵਿੱਚ) ਤੇਰੀਆਂ ਸਹਾਈ ਹੋ ਸਕਦੀਆਂ ਹਨ। ੯।

ਸਗਲੀ ਜਾਨਿ ਕਰਹੁ ਮਉਦੀਫਾ॥ ਬਦ ਅਮਲ ਛੋਡਿ ਕਰਹੁ ਹਥਿ ਕੂਜਾ॥

ਖੁਦਾਇ ਏਕੁ ਬੁਝਿ ਦੇਵਹੁ ਬਾਂਗਾਂ ਬੁਰਗੂ ਬਰਖੁਰਦਾਰ ਖਰਾ॥ ੧੦॥

ਸ਼ਬਦ ਅਰਥ:- ਸਗਲੀ ਜਾਨਿ: ਸਾਰੀ ਜ਼ਿੰਦਗੀ, ਸਾਰਾ ਜੀਵਨ, ਹਮੇਸ਼ਾ। ਮਉਦੀਫਾ: ਅ: ਮੁਦਾਅਫ਼ਤ: ਹਟਾਉਣਾ, ਦਫ਼ਾ ਕਰਨਾ, ਆਪਣੇ ਆਪ ਨੂੰ ਵਿਕਾਰਾਂ, ਬਦ ਕਰਮਾਂ ਤੋਂ ਬਚਾ ਕੇ ਰੱਖਣਾ। ਬਦ: ਬੁਰੇ। ਅਮਲ: ਅ: ਕੰਮ, ਕਰਮ, ਆਚਰਣ। ਕੂਜਾ: ਫ਼ਾ: ਕੂਜ਼ਹ: ਫ਼ਕੀਰਾਂ ਦੇ ਹੱਥਿ ਫੜਿਆ ਦਸਤੇ ਵਾਲਾ ਬਰਤਨ, ਕਰਮੰਡਲ, ਡੋਲੂ। ਬਾਂਗਾਂ: ਫ਼ਾ: ਕੂਕ-ਪੁਕਾਰ, ਫ਼ਰਯਾਦ, ਆਵਾਜ਼। ਬੁਰਗੂ: ਫ਼ਾ: ਬੁਰਗ਼ੂ: ਪਸ਼ੂ ਦੇ ਖੋਖਲੇ ਸਿੰਙ ਦਾ ਬਣਿਆ ਸਾਜ਼ ਜੋ ਮੁੱਲਾਂ ਤੇ ਫ਼ਕੀਰ ਆਦਿ (ਰੱਬ ਨੂੰ ਜਗਾੳੇਣ ਲਈ) ਵਜਾਉਂਦੇ ਹਨ, ਤੁਰੀ। ਬਰਖੁਰਦਾਰ: ਫ਼ਾ: (ਰੱਬ ਦੀ ਮਿਹਰ ਦਾ) ਫ਼ਲ ਖਾਣ ਵਾਲਾ, ਪੁੱਤਰ। ਖਰਾ: ਸ਼ੁੱਧ, ਖੋਟ-ਰਹਿਤ।

ਭਾਵ ਅਰਥ: ਐ ਰੱਬ ਦੇ ਬੰਦੇ! ਸਾਰਾ ਜੀਵਨ ਆਪਣੇ ਆਪ ਨੂੰ ਵਿਕਾਰਾਂ ਤੇ ਬਦ ਕੰਮਾਂ ਤੋਂ ਦੂਰ ਰੱਖ। ਬੁਰੇ ਕਰਮਾਂ ਦੇ ਤਿਆਗ ਨੂੰ ਹੀ (ਫ਼ਕੀਰੀ ਦਾ ਚਿੰਨ੍ਹ) ਕੂਜ਼ਹ (ਕਰਮੰਡਲ) ਬਣਾਵੋ। ਉੱਚੀ ਆਵਾਜ਼ ਵਿੱਚ ਕੂਕ-ਪੁਕਾਰ ਕਰਨ ਤੇ ਤੁਰੀਆਂ ਵਜਾਉਣ ਦੀ ਬਜਾਏ ਇੱਕ ਅਦੁੱਤੀ ਅੱਲਾ ਦਾ ਗਿਆਨ ਹਾਸਿਲ ਕਰ। ਤਾਂ ਹੀ ਤੂੰ ਅਲਹ ਦੀ ਬਖ਼ਸ਼ਿਸ਼ ਦਾ ਫਲ ਖਾਣ ਦਾ ਸੱਚਾ ਹੱਕਦਾਰ ਬਣੇਗਾ। ੧੦।

ਹਕੁ ਹਲਾਲੁ ਬਖੋਰਹੁ ਖਾਣਾ॥ ਦਿਲ ਦਰੀਆਉ ਧੋਵਹੁ ਮੈਲਾਣਾ॥

ਪੀਰੁ ਪਛਾਣੈ ਭਿਸਤੀ ਸੋਈ ਅਜਰਾਈਲੁ ਨ ਦੋਜ ਠਰਾ॥ ੧੧॥

ਸ਼ਬਦ ਅਰਥ:- ਹਕੁ: ਅ: ਸਹੀ, ਸੱਚਾ, ਜਾਇਜ਼। ਹਲਾਲੁ: ਅ: ਹੱਕ ਦੀ ਜਾਇਜ਼ ਕਮਾਈ, ਕਿਰਤ-ਕਮਾਈਬਖੋਰਹੁ: ਖਾਓ। ਦਿਲ ਦਰੀਆਉ: ਉਦਾਰਤਾ ਵਾਲਾ ਸੁਭਾਉ, ਫ਼ਰਾਖ਼ ਦਿਲ, ਉਦਾਰ ਚਿਤ। ਮੈਲਾਣਾ: ਮੈਲਾ, ਮਲੀਨ। ਪੀਰੁ: ਗੁਰੂ, ਮੁਰਸ਼ਦ। ਭਿਸਤੀ: ਬਹਿਸ਼ਤ/ਜੱਨਤ/ਸਵਰਗ ਵਿੱਚ ਰਹਿਣ ਵਾਲਾ। ਅਜਰਾਈਲ: ਮੌਤ ਦਾ ਫ਼ਰਿਸ਼ਤਾ। ਦੋਜ: ਦੋਜ਼ਖ਼, ਨਰਕ। ਠਰਾ: ਠਹਿਰਾਵੇ ਗਾ, ਪਾਵੇ ਗਾ।

ਭਾਵ ਅਰਥ:- ਐ ਖ਼ੁਦਾ ਦੇ (ਕਹੇ ਜਾਂਦੇ) ਬੰਦੇ! ਹੱਥੀਂ ਕੀਤੀ ਕਿਰਤ ਦੀ ਕਮਾਈ ਖਾਣਾ ਹੀ ਹਲਾਲ ਹੈ। ਉਦਾਰਤਾ ਵਾਲਾ ਸੁਭਾਉ ਬਣਾ ਅਤੇ, ਬਿਨਾਂ ਕਿਸੇ ਭੇਦ-ਭਾਵ ਦੇ, ਆਪਣੀ ਕਿਰਤ-ਕਮਾਈ ਵਿੱਚੋਂ ਲੋੜਵੰਦਾਂ ਦੀ ਨਿਸ਼ਕਾਮ ਸਹਾਇਤਾ ਕਰਕੇ ਆਪਣੇ ਮਲੀਨ ਮਨ ਨੂੰ ਨਿਰਮੈਲ ਕਰ। ਜਿਹੜਾ ਮੁਰੀਦ (ਚੇਲਾ, ਸਿੱਖ) ਆਪਣੇ ਗੁਰੂ-ਮੁਰਸ਼ਦ ਦੀ ਸਿੱਖਿਆ ਦੀ ਕਦਰ ਕਰਦਾ ਹੈ, ਉਹ ਸਵਰਗ ਦਾ ਹੱਕਦਾਰ ਬਣ ਜਾਂਦਾ ਹੈ; ਅਤੇ, ਮੌਤ ਦਾ ਫ਼ਰਿਸ਼ਤਾ ਉਸ ਨੂੰ ਨਰਕ ਵਿੱਚ ਨਹੀਂ ਸੁੱਟ ਸਕਦਾ। ੧੧।

ਕਾਇਆ ਕਿਰਦਾਰ ਅਉਰਤ ਯਕੀਨਾ॥ ਰੰਗ ਤਮਾਸੇ ਮਾਣਿ ਹਕੀਨਾ॥

ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ॥ ੧੨॥

ਸ਼ਬਦ ਅਰਥ: ਕਾਇਆ: ਤਨ, ਜਿਸਮ, ਸਰੀਰ, ਦੇਹ। ਕਿਰਦਾਰ: ਫ਼ਾ: ਅਮਲ, ਕੰਮ, ਇਖ਼ਲਾਕ, ਸੱਚਾ ਨੇਕ ਆਚਾਰਣ, ਸੁਭਾਉ। ਯਕੀਨਾ: ਦ੍ਰਿੜ ਨਿਸ਼ਚਾ, ਭਰੋਸਾ, ਬਿਨਾਂ ਕਿਸੇ ਸ਼ੱਕ ਦੇ ਪੱਕਾ ਵਿਸ਼ਵਾਸ। ਰੰਗ: ਖ਼ੁਸ਼ੀ, ਆਨੰਦ। ਤਮਾਸੇ: ਫ਼ਾ: ਤਮਾਸ਼ਾ: ਅ: ਤਮਾਸ਼ੀ: ਉਹ ਸ਼ੈਅ, ਦ੍ਰਿਸ਼ ਜਾਂ ਨਜ਼ਾਰਾ ਜਿਸ ਨੂੰ ਸ਼ੌਕ ਜਾਂ ਹੈਰਾਨੀ ਨਾਲ ਦੇਖਿਆ ਜਾਵੇ। ਰੰਗ ਤਮਾਸੇ: ਖ਼ੁਸ਼ੀ ਦੇਣ ਵਾਲੇ ਮਨੋਰੰਜਕ ਤੇ ਰੋਚਕ ਦ੍ਰਿਸ਼/ਨਜ਼ਾਰੇ। ਹਕੀਨਾ: ਅ: ਹੁਕਨ: ਰੋਕਿਆ ਹੋਇਆ, ਸੰਜਮ; ਮਨ ਇੰਦ੍ਰੀਆਂ ਨੂੰ ਸੰਜਮ ਵਿੱਚ ਰੱਖ ਕੇ। ਪਾਕ: ਫ਼ਾ: ਸਾਫ਼, ਸ਼ੁੱਧ, ਪਵਿਤ੍ਰ। ਨਾਪਾਕ: ਮੈਲਾ, ਅਸ਼ੁੱਧ, ਅਪਵਿੱਤਰ। ਹਦੂਰਿ: ਅ: ਹਜ਼ੂਰ: ਹਾਜ਼ਿਰ ਹੋਣਾ, ਸਨਮੁਖ ਹੋਣਾ, ਸਾਹਮਨੇ ਆਉਣਾ। ਹਦੀਸਾ: ਅ: ਨਵੀਂ ਬਾਤ; ਇਸਲਾਮ ਦੇ ਰਾਹਬਰਾਂ ਅਨੁਸਾਰ, ਉਹ ਕਿਤਾਬ ਜਿਸ ਵਿੱਚ ਹਜ਼ਰਤ ਮੁਹੰਮਦ ਵੱਲੋਂ ਨਿਰਧਾਰਤ ਮਜ਼੍ਹਬ ਦੀ ਮਰਯਾਦਾ ਤੇ ਮਜ਼੍ਹਬੀ ਜੀਵਨ ਦੇ ਨਿਯਮਾਂ, ਸੰਸਾਰਕ ਸੰਸਕਾਰਾਂ ਅਤੇ ਧਰਮ-ਕਰਮਾਂ ਅਥਵਾ ਰਹਿਤ ਦਾ ਜ਼ਿਕਰ ਹੈ। ਸਾਬਤ: ਅ: ਸੱਚਾ, ਖ਼ਾਲਿਸ, ਸਥਿਰ, ਮਜ਼ਬੂਤ, ਪੱਕਾ, ਦ੍ਰਿੜ, ਨਾ ਥਿੜਕਣ ਵਾਲਾ। ਸੂਰਤ: ਅ: سُورت: ਵਡਿਆਈ, ਵੱਡਾਪਣ, ਉੱਚਾ ਰੁਤਬਾ, ਕਾਬਲ, ਸਨਮਾਨ। {ਨੋਟ:- ਅਰਬੀ ਭਾਸ਼ਾ ਵਿੱਚ ਸੂਰਤ ਪਦ ਦੇ ਦੋ ਰੂਪ ਹਨ: ਇਕ, سُورت ਤੇ ਦੂਜਾ, صُورت; ਪਹਿਲਾ س (ਸੀਨ) ਹਰਫ਼/ਅੱਖਰ ਨਾਲ ਹੈ ਤੇ ਦੂਜਾ ص (ਸੁਆਦ) ਅੱਖਰ ਨਾਲ। ਪਹਿਲੇ ਦਾ ਮਅਨਾ ਉਪਰ ਲਿਖਿਆ ਹੈ; ਅਤੇ ਦੂਜੇ ਦਾ ਅਰਥ ਹੈ: ਸ਼ਕਲ! ਇਸ ਸੋਲਹੇ ਦੇ ਵਿਸ਼ੇ-ਵਸਤੂ (subject-matter) ਅਨੁਸਾਰ ਅਤੇ ਬੰਦ ਨੰ: ੧੨ ਦੇ ਪ੍ਰਸੰਗ ਵਿੱਚ, ਪਹਿਲਾ "ਸੂਰਤ" ਹੀ ਢੁਕਦਾ ਹੈ, ਦੂਜਾ ਬਿਲਕੁਲ ਨਹੀਂ! ਅਰਬੀ ਦਾ ਹੀ ਇੱਕ ਹੋਰ ਲਫ਼ਜ਼ ਹੈ, ਸੀਰਤ سيِرت ਇਸ ਲਫ਼ਜ਼ ਦੇ ਅਰਥ ਹਨ: ਆਦਤ, ਖ਼ਸਲਤ, ਸੁਭਾਉ।} ਸੋ, ਸਾਬਤ ਸੂਰਤਿ ਦੇ ਅਰਥ ਹੋਏ: ਸੱਚੇ, ਖ਼ਾਲਸ, ਪਰਮਾਰਥੀ ਤੇ ਸਦਗੁਣੀ ਸੁਭਾਉ ਅਤੇ ਸਨਮਾਨ-ਯੋਗ ਉੱਚੇ ਰੁਤਬੇ ਵਾਲਾ। ਸਾਬਤ ਸੂਰਤ ਦਾ ਇੱਕ ਸਮਾਨਾਰਥੀ ਲਫ਼ਜ਼ ਹੈ: ਖ਼ਲੂਸਿ ਨੀਯਤ خلُوصِ نِیّت ਅਰਥਾਤ ਖੋਟ-ਰਹਿਤ ਪਾਕ-ਪਵਿਤ੍ਰ ਨੀਯਤ, ਨੇਕ ਇਰਾਦਾ/ਸੰਕਲਪ, ਸਚਿਆਰ ਸੁਭਾਅਦਸਤਾਰ: ਫ਼ਾ: ਪਗੜੀ; ਪੱਗੜੀ ਸੰਸਾਰਕ ਸੋਭਾ, ਦੁਨਿਆਵੀ ਇੱਜ਼ਤ ਤੇ ਸਮਾਜਿਕ ਸਨਮਾਨ ਦਾ ਚਿੰਨ੍ਹ/ਪ੍ਰਤੀਕ ਸਮਝਿਆ ਜਾਂਦਾ ਸੀ/ਹੈ; ਫਰੀਦਾ ਮੈ ਭੋਲਾਵਾ ਪਗ ਦਾ ਮਤੁ ਮੈਲੀ ਹੋਇ ਜਾਇ॥ ਗਹਿਲਾ ਰੂਹੁ ਨ ਜਾਣਈ ਸਿਰੁ ਭੀ ਮਿਟੀ ਖਾਇ॥ ਸਲੋਕ ਫਰੀਦ ਜੀ। (ਨੋਟ:- ਜਦੋਂ ਕਿਸੇ ਫ਼ਿਰਕੇ ਦੇ ਧਰਮ ਦਾ ਰਾਹਬਰ/ਰਾਹਨੁਮਾ ਮਰ ਜਾਂਦਾ ਸੀ/ਹੈ ਤਾਂ ਉਸ ਦੀ ਜਗ੍ਹਾ ਗੱਦੀ ਉੱਤੇ ਬੈਠਣ ਵਾਲੇ ਗੱਦੀ ਨਸ਼ੀਨ ਲਈ ਪਗੜੀ ਜਾਂ ਦਸਤਾਰ-ਬੰਦੀ ਦੀ ਰਸਮ ਕੀਤੀ ਜਾਂਦੀ ਸੀ/ਹੈ। ਇਹ ਸੰਸਾਰਕ ਰੀਤੀ ‘ਤਖ਼ਤਾਂ’ ਦੇ ‘ਜਥੇਦਾਰਾਂ’ ਵਿੱਚ ਵੀ ਪ੍ਰਚੱਲਿਤ ਹੈ!) ਦਸਤਾਰ ਸਿਰਾ: ਬਜ਼ੁਰਗੀ/ਵਡਿਆਈ ਅਥਵਾ ਸੱਚੇ ਸਨਮਾਨ ਦੇ ਯੋਗ, ਧਰਮ/ਮਜ਼੍ਹਬ ਦੇ ਰਾਹਬਰ/ਪਥਪ੍ਰਦਰਸ਼ਕ ਦੀ ਉੱਚੀ ਪਦਵੀ ਦੇ ਲਾਇਕ।

ਸੋ, ਗੁਰਮਤਿ ਅਨੁਸਾਰ, ਨੈਤਿਕ ਤੇ ਦੈਵੀ ਗੁਣਾਂ ਵਾਲੀ ਪਾਕ-ਪਵਿੱਤਰ ਤੇ ਨੇਕ ਸੁਭਾਉ ਵਾਲੀ ਨੇਕ ਸ਼ਖ਼ਸੀਯਤ ਨੂੰ ਹੀ ਸਾਬਤ ਸੂਰਤ ਕਿਹਾ ਜਾਂਦਾ ਹੈ; ਅਤੇ ਅਜਿਹੀ ਗੁਣ-ਪੂਰਣ ਸੂਰਤ ਵਾਲਾ ਇਨਸਾਨ ਹੀ ਮਜ਼੍ਹਬ ਦੇ ਰਾਹ ਦੇ ਰਾਹਨੁਮਾ/ਪਥਪ੍ਰਦਰਸ਼ਕ ਦੇ ਉੱਚੇ ਰੁਤਬੇ ਤੇ ਸੱਚੇ ਸਨਮਾਨ ਦਾ ਹੱਕਦਾਰ ਹੈ ਅਰਥਾਤ "ਦਸਤਾਰ ਸਿਰਾ" ਅਖਵਾਉਣ ਦੇ ਯੋਗ ਹੈ। (ਭੇਖਾਂ ਤੇ ਚਿੰਨ੍ਹਾਂ ਨਾਲ ਸ਼ਿੰਗਾਰੀ ਭੱਦੀ, ਭ੍ਰਸ਼ਟ, ਦੰਭੀ ਤੇ ਛਲਪੂਰਣ ਸੂਰਤ ਵਾਲਾ ਬਹਰੂਪੀਆ "ਸਾਬਤ ਸੂਰਤ" ਨਹੀਂ ਹੈ; ਅਤੇ ਅਜਿਹੇ ਮਖੌਟੇਧਾਰੀ ਬਹਰੂਪੀਏ ਨੂੰ "ਦਸਤਾਰ ਸਿਰਾ" (ਸਨਮਾਨ-ਯੋਗ ਸਮਝਣਾ/ਕਹਿਣਾ) ਬਜਰ ਭੁੱਲ ਹੈ!)

ਭਾਵ ਅਰਥ: ਐ ਖ਼ੁਦਾ ਦੇ ਬੰਦੇ! ਮਨ ਇੰਦ੍ਰੀਆਂ ਨੂੰ ਕਾਬੂ ਵਿੱਚ ਰੱਖ ਕੇ ਜਗਤ ਦੇ ਮਨੋਰੰਜਕ ਤੇ ਰੋਚਕ ਨਜ਼ਾਰਿਆਂ (ਜਗਤ-ਤਮਾਸ਼ਿਆਂ) ਨੂੰ ਮਾਣ। (ਸਦਗੁਣਾਂ ਤੇ ਸੰਜਮ ਨਾਲ) ਮੈਲੇ ਮਨ ਨੂੰ ਨਿਰਮੈਲ ਤੇ ਪਵਿੱਤਰ ਕਰ ਕੇ ਰੱਬ ਦੇ ਸਨਮੁਖ ਹੋਣਾ ਹੀ ਸੱਚੀ ਰਹਿਤ (ਹਦੀਸ) ਹੈ। ਪਰਮਾਰਥੀ ਤੇ ਸਦਗੁਣੀ ਸੁਭਾਉ ਸਦਕਾ ਪ੍ਰਭੂ ਦੇ ਸਨਮੁਖ ਹੋਇਆ ਮਨੁੱਖ ਹੀ ਮਜ਼੍ਹਬ ਦੇ ਰਾਹਬਰ/ਪਥਪ੍ਰਦਰਸ਼ਕ ਦੇ ਉੱਚੇ ਤੇ ਸਨਮਾਮਯੋਗ ਰੁਤਬੇ ਅਤੇ ਮਜ਼੍ਹਬ ਦੇ ਰਾਹਬਰ ਦੇ ਉੱਚੇ ਉਹਦੇ ਦਾ ਸੱਚਾ ਹੱਕਦਾਰ ਹੈ! ! ! ! !

ਮੁਸਲਮਾਣੁ ਮੋਮ ਦਿਲਿ ਹੋਵੈ॥ ਅੰਤਰ ਕੀ ਮਲੁ ਦਿਲ ਤੇ ਧੋਵੈ॥

ਦੁਨੀਆ ਰੰਗ ਨ ਆਵੈ ਨੇੜੈ ਜਿਉ ਕੁਸਮ ਪਾਟੁ ਘਿਉ ਪਾਕੁ ਹਰਾ॥ ੧੩॥

ਸ਼ਬਦ ਅਰਥ: ਮੋਮ ਦਿਲਿ: ਨਰਮ ਦਿਲ ਵਾਲਾ, ਦਯਾਵਾਨ, ਰਹਿਮ ਦਿਲ, ਤਰਸਵਾਨ। ਅੰਤਰ ਕੀ: ਅੰਦਰ ਦੀ, ਹਿਰਦੇ ਦੀ, ਮਨ ਦੀ। ਮਲੁ: ਮੈਲ, ਖੋਟ। ਦੁਨੀਆ ਰੰਗ: ਦੁਨਿਆਵੀ ਖ਼ੁਸ਼ੀ। ਨ ਆਵੈ ਨੇੜੈ: ਨੇੜੇ ਨਹੀਂ ਲੱਗਣ ਦਿੰਦਾ। ਜਿਉ: ਜਿਵੇਂ, ਜੈਸੇ। ਕੁਸਮ: ਫੁੱਲ। ਪਾਟੁ: ਪੱਟ, ਰੇਸ਼ਮ। ਪਾਕੁ: ਨਿਰਮੈਲ, ਪਾਪ ਰਹਿਤ, ਪਵਿੱਤਰ, ਸਾਫ਼। ਹਰਾ: ਅ: ਹੁਰਾ: ਲਿਆਕਤ, ਯੋਗਤਾ, ਬੁੱਧੀਮਤਾ, ਗਿਆਨ; ਹਰਨ ਦੀ ਖੱਲ, ਚਮੜੀ।

ਭਾਵ ਅਰਥ:- ਮੁਸਲਮਾਨ ਉਹ ਹੈ ਜੋ ਰਹਿਮ ਦਿਲ ਹੈ, ਅਤੇ, (ਅੱਲਾ ਦੀ ਇਬਾਦਤ/ਨਾਮਸਿਮਰਨ ਨਾਲ) ਆਪਣੇ ਅੰਦਰ ਦੀ ਖੋਟ ਤੇ ਦਿਲ ਉੱਤੋਂ (ਵਿਕਾਰਾਂ ਦੀ) ਮੈਲ ਧੋ ਦਿੰਦਾ ਹੈ। ਮਨ ਨੂੰ ਮੈਲਾ ਕਰਨ ਵਾਲੀਆਂ ਦੁਨੀਆ ਦੀਆਂ ਇੰਦ੍ਰੀਆਤਮਿਕ ਖ਼ੁਸ਼ੀਆਂ ਦਾ ਬੁਰਾ ਪ੍ਰਭਾਵ ਆਪਣੇ ਮਨ ਉੱਤੇ ਨਹੀਂ ਪੈਣ ਦਿੰਦਾ ਜਿਵੇਂ, ਫੁੱਲ, ਰੇਸ਼ਮ, ਘਿਉ ਤੇ ਆਤਮ-ਗਿਆਨ (ਜਾਂ ਹਰਨ ਦੀ ਖੱਲ) ਨੂੰ ਦੁਨਿਆਵੀ ਦਾਗ਼ ਨਹੀਂ ਲਗਦਾ। ੧੩।

ਜਾ ਕਉ ਮਿਹਰ ਮਿਹਰ ਮਿਹਰਵਾਨਾ॥ ਸੋਈ ਮਰਦੁ ਮਰਦੁ ਮਰਦਾਨਾ॥

ਸੋਈ ਸੇਖੁ ਮਸਾਇਕੁ ਹਾਜੀ ਸੋ ਬੰਦਾ ਜਿਸੁ ਨਜਰਿ ਨਰਾ॥ ੧੪॥

ਸ਼ਬਦ ਅਰਥ: ਮਿਹਰ: ਬਖ਼ਸ਼ਿਸ਼, ਕ੍ਰਿਪਾ, ਪਿਆਰ-ਮੁਹੱਬਤ। ਮਿਹਰਵਾਨਾ: ਮਿਹਰ ਕਰਨ ਵਾਲਾ, ਕਿਰਪਾਲੂ, ਬਖ਼ਸ਼ਨਹਾਰ। ਮਰਦੁ: ਦਿਲੇਰ ਆਦਮੀ। ਮਰਦਾਨਾ: ਇੰਦ੍ਰੀਆਂ ਨੂੰ ਮਸਲ ਕੇ ਅਰਥਾਤ ਕਾਬੂ ਕਰਕੇ ਵਿਕਾਰਾਂ ਨਾਲ ਝੂਜਣ ਵਾਲਾ ਦਿਲੇਰ ਆਦਮੀ। ਸੇਖੁ: ਅ: ਸ਼ੈਖ਼: ਪੀਰ, ਮੁਰਸ਼ਦ, ਉਸਤਾਦ, ਗੁਰੂ, ਗਿਆਨੀ। ਮਸਾਇਕੁ: ਸ਼ੈਖ਼ ਦਾ ਬਹੁਵਚਨ। ਹਾਜੀ: ਹੱਜ ਕਰਨੇ ਵਾਲਾ। ਬੰਦਾ: ਗ਼ੁਲਾਮ, (ਰੱਬ ਦੇ) ਹੁਕਮ ਵਿੱਚ ਰਹਿਣ ਵਾਲਾ, ਦਾਸ, ਸੇਵਕ, ਉਪਾਸ਼ਕ। ਨਜਰਿ: ਨਜ਼ਰ, ਨਿਗਾਹ, ਨਜ਼ਰ, ਦ੍ਰਿਸ਼ਟੀ। ਨਰਾ: ਨਾਰਾਇਣ ਦੀ, ਰੱਬ ਦੀ। ਨਜਰਿ ਨਰਾ: ਨਾਰਾਇਣ/ਰੱਬ ਦੀ ਨਿਗਾਹਿ ਕਰਮ, ਕ੍ਰਿਪਾ ਦ੍ਰਿਸ਼ਟੀ, ਨਜ਼ਰਿ ਇਨਾਯਤ।

ਭਾਵ ਅਰਥ:- ਜਿਸ ਮਨੁੱਖ ਉੱਤੇ ਬਖ਼ਸ਼ਨਹਾਰ ਖ਼ੁਦਾ ਦੀ ਕਿਰਪਾ-ਦ੍ਰਿਸ਼ਟੀ ਹੁੰਦੀ ਹੈ, ਉਹ ਮਰਦ (ਵਿਕਾਰਾਂ ਨਾਲ ਝੂਜਣ ਤੇ ਮਨ ਇੰਦ੍ਰੀਆਂ ਨੂੰ ਮਸਲਨ ਵਾਲਾ) ਦਿਲੇਰ ਮਰਦ ਬਣ ਜਾਂਦਾ ਹੈ। ਅਤੇ, (ਜਿਸ ਮਰਦ ਨੇ ਮਨ ਨੂੰ ਕੁਰਾਹੇ ਪਾਉਣ ਵਾਲੀਆਂ ਇੰਦ੍ਰੀਆਂ ਤੇ ਵਿਕਾਰੀ ਰੁਚੀਆਂ ਨੂੰ ਵੱਸ ਵਿੱਚ ਕਰ ਲਿਆ) ਉਹ ਹੀ ਸੱਚਾ ਸ਼ੇਖ਼ ਹਾਜੀ ਹੈ। ਉਹ ਹੀ ਸੱਚਾ "ਖੁਦਾਈ ਬੰਦਾ" ਹੈ ਜਿਸ ਉਪਰ ਖ਼ੁਦਾ (ਨਾਰਾਇਣ) ਦੀ ਕ੍ਰਿਪਾ-ਦ੍ਰਿਸ਼ਟੀ ਹੋਵੇ। ੧੪।

ਕੁਦਰਤਿ ਕਾਦਰ ਕਰਣ ਕਰੀਮਾ॥ ਸਿਫਤਿ ਮੁਹਬਤਿ ਅਥਾਹ ਰਹੀਮਾ॥

ਹਕੁ ਹੁਕਮੁ ਸਚੁ ਖੁਦਾਇਆ ਬੁਝਿ ਨਾਨਕ ਬੰਦਿ ਖਲਾਸ ਤਰਾ॥ ੧੫॥ ਮਾਰੂ ਸੋਲਹੇ ਮ: ੫

ਸ਼ਬਦ ਅਰਥ: ਕੁਦਰਤਿ: ਸ਼ਕਤੀ, ਸਮਰਥਾ, ਤਵੰਗਰੀ, ਤਾਕਤ। ਕਾਦਰ: ਅ: ਕਾਦਿਰ: ਸ਼ਕਤੀ ਦਾ ਮਾਲਿਕ, ਸਰਬ ਸ਼ਕਤੀਮਾਨ (Omnipotent)ਕਰਣ: ਅ: ਵਾਹਿਦ, ਲਾਸਾਨੀ, ਅਦੁੱਤੀ। ਕਰੀਮਾ: ਕਰਮ/ਬਖ਼ਸ਼ਿਸ਼ ਕਰਨ ਵਾਲਾ, ਕਿਰਪਾਲੂ, ਦਯਾਲੂ। ਸਿਫਤਿ: ਗੁਣ, ਉਸਤਤਿ। ਮੁਹਬਤਿ: ਇਸ਼ਕ, ਪਿਆਰ, ਇਸ਼ਕ ਹਕੀਕੀ, ਪ੍ਰਭੂ-ਪ੍ਰੇਮ। ਅਥਾਹ: ਜਿਸ ਦੀ ਡੂੰਘਾਈ (ਥਾਹ) ਨਾ ਜਾਣੀ ਜਾ ਸਕੇ। ਰਹੀਮਾ: ਅ: ਰਹਿਮ: ਦਯਾ, ਬਖ਼ਸ਼ਿਸ਼, ਮਿਹਰਬਾਨੀ ਕਰਨਾ; ਰਹੀਮ: ਦਯਾਵਾਨ, ਕਿਰਪਾਲੂ। ਹਕ: ਅ: ਸੱਚ, ਸਦਾ ਸਥਿਰ, ਅਲਹ ਦਾ ਸਿਫ਼ਾਤੀ ਨਾਮ। ਹੁਕਮੁ: ਅ: ਫ਼ਰਮਾਨ, ਆਗਿਆ। ਹਕੁ ਹੁਕਮੁ: ਸੱਚਾ ਹੁਕਮ, ਰੱਬ ਦਾ ਹੁਕਮ, ਰੱਬੀ ਫ਼ਰਮਾਨ। ਖੁਦਾਇਆ: ਖ਼ੁਦਾ ਦਾ। ਬੁਝਿ: ਗਿਆਨ ਹੋਣਾ, ਸੂਝ ਹੋਣੀ, ਜਾਣਨਾ। ਬੰਦਿ ਖਲਾਸ: ਬੰਦਿ: ਬੰਧਨ/ਕੈਦ; ਖਲਾਸ: ਮੁਕਤੀ, ਛੁਟਕਾਰਾ; ਬੰਧਨ ਤੋਂ ਛੁਟਕਾਰਾ। ਤਰਾ: ਫ਼ਾ: ਤੁਰਾ: ਤੁਝੇ, ਤੈਨੂੰ, ਤੇਰੇ ਵਾਸਤੇ।

ਭਾਵ ਅਰਥ:- ਨਾਨਕ ਕਥਨ ਕਰਦਾ ਹੈ ਕਿ, ਐ ਖ਼ੁਦਾਈ ਬੰਦੇ! ਸਿਰਜਨਹਾਰ ਦੀ ਦੈਵੀ ਸ਼ਕਤੀ, ਇੱਕ ਅਦੁੱਤੀ ਬਖ਼ਸ਼ਨਹਾਰ ਦੀ ਮਿਹਰ, ਅਥਾਹ ਤੇ ਕ੍ਰਿਪਾਲੂ ਪ੍ਰਭੂ ਦੇ ਪ੍ਰੇਮ, ਸਿਫ਼ਤ-ਸਾਲਾਹ (ਗੁਣ-ਗਾਇਣ, ਨਾਮ-ਸਿਮਰਨ) ਦੀ ਬਰਕਤ ਅਤੇ ਸੱਚੇ ਖ਼ੁਦਾ ਦੇ ਸੱਚੇ ਹੁਕਮ ਦੀ ਸਮਝ ਦੀ ਪ੍ਰਾਪਤੀ ਨਾਲ ਹੀ ਤੇਰੀ ਸੰਸਾਰਕਤਾ ਤੋਂ ਬੰਦ ਖ਼ਲਾਸੀ ਹੋ ਸਕਦੀ ਹੈ। ੧੫।

ਗੁਰੂ ਅਰਜਨ ਦੇਵ ਜੀ ਦੇ ਰਚੇ ਉਕਤ ਸੋਲਹੇ ਦੀ ਬਿਬੇਕ-ਬਿਚਾਰ ਵਿੱਚੋਂ ਉਭਰ ਕੇ ਆਏ ਕੁੱਝ ਤੱਤ:

ਸੋਲਹੇ ਵਿੱਚ, ਇਸਲਾਮ ਮਤਿ ਦੇ ਰਾਹਬਰਾਂ ਦੁਆਰਾ ਇਸਲਾਮ ਦੇ ਪੈਰੋਕਾਰਾਂ (ਮੁਸਲਮਾਨਾਂ) ਵਾਸਤੇ ਨਿਰਧਾਰਤ ਕੀਤੀ ਗਈ ਮਰਯਾਦਾ ਅਤੇ ਰਹਿਤ ਨਾਲ, ਯੁਕਤੀ-ਯੁਕਤ ਢੰਗ ਨਾਲ, ਅਸਹਿਮਤੀ ਪ੍ਰਗਟ ਕੀਤੀ ਗਈ ਹੈ; ਭਰਮਾਊ ਤੇ ਬਣਾਵਟੀ ਦਿੱਖ ਬਣਾਉਣ ਵਾਸਤੇ ਨਿਰਧਾਰਤ ਕੀਤੇ ਗਏ ਭੇਖਾਂ ਤੇ ਚਿੰਨ੍ਹਾਂ ਦਾ ਦਲੀਲਮਈ ਖੰਡਨ ਹੈ; ਅਤੇ, ਸੰਸਾਰਕ ਸੰਸਕਾਰਾਂ, ਕਰਮਕਾਂਡਾਂ, ਦਿਖਾਵੇ ਦੇ ਧਰਮ-ਕਰਮਾਂ ਦੀ ਨਿਰਾਰਥਕਤਾ ਦਾ ਸੰਕੇਤਮਈ ਉੱਲੇਖ ਹੈ।

ਰੱਬ ਦੇ ਰਾਹ ਦੇ ਰਾਹੀ ਵਾਸਤੇ ਸੱਚੀ ਸਾਰਥਕ "ਆਤਮ ਕੀ ਰਹਿਤ" ਦਾ ਵਿਸਤ੍ਰਿਤ ਵਖਿਆਨ, ਇਸ ਰੂਹਾਨੀ ਰਹਿਤ ਦੀ ਸਾਰਥਕਤਾ ਦਾ ਉੱਲੇਖ ਅਤੇ ਸਮਰਥਨ ਹੈ।

ਇਸਲਾਮ ਦੀ ਹਦੀਸ ਵਾਂਙ, "ਸਿੱਖ ਰਹਿਤ ਮਰਯਾਦਾ" ਵਿੱਚ ਵੀ "ਆਤਮ ਕੀ ਰਹਿਤ" ਦਾ ਭੋਰ ਵੀ ਨਜ਼ਰ ਨਹੀਂ ਆਉਂਦਾ! ਅਤੇ, ਇਸਲਾਮੀ ਫ਼ਿਰਕੇ ਦੀ ਮਰਯਾਦਾ ਤੇ ਰਹਿਤ (ਹਦੀਸ), ਅਤੇ "ਸਿੱਖ ਰਹਿਤ ਮਰਯਾਦਾ" ਦੇ ਅੰਸ਼ਾਂ ਵਿੱਚ ਕੋਈ ਖ਼ਾਸ ਅੰਤਰ ਦਿਖਾਈ ਨਹੀਂ ਦਿੰਦਾ! ਇਸ ਸ਼ਬਦ ਵਿੱਚ ਗੁਰੂ ਅਰਜਨ ਦੇਵ ਜੀ ਦੁਆਰਾ ਦਰਸਾਈ ਗਈ ਸੱਚੀ ਸਿੱਧਾਂਤਕ ਰਹਿਤ ਦੇ ਮਾਪਦੰਡ ਨਾਲ ਮਾਪਿਆਂ, "ਸਿੱਖ ਰਹਿਤ ਮਰਯਾਦਾ" ਵੀ, ਇਸਲਾਮੀ ਮਰਯਾਦਾ ਤੇ ਰਹਿਤ ਵਾਂਙ ਹੀ ਰੱਦ ਹੁੰਦੀ ਹੈ! ਤਾਂ ਫਿਰ, ਕਿਸ ਤਰਕ ਨਾਲ, "ਸਿੱਖ ਰਹਿਤ ਮਰਯਾਦਾ" ਨੂੰ "ਗੁਰੁ ਮਰਯਾਦਾ" ਘੋਸ਼ਿਤ ਕੀਤਾ ਜਾਂਦਾ ਹੈ?

ਸੋਲਹੇ ਵਿੱਚ ਪ੍ਰਗਟਾਏ ਸਿੱਧਾਂਤਕ ਵਿਚਾਰਾਂ ਦੀ ਕਸੌਟੀ ਉੱਤੇ ਨਿਰਪੱਖਤਾ ਨਾਲ ਪਰਖਿਆਂ, ਇਸਲਾਮ ਮਤਿ ਦੇ ਕਹੇ ਜਾਂਦੇ ਰਾਹਬਰਾਂ ਤੇ ਗੁਰਮਤਿ ਦੇ ਕਥਿਤ ਪਥ-ਪ੍ਰਦਰਸ਼ਕਾਂ ਦੇ ਕਿਰਦਾਰ ਵਿੱਚ ਕੋਈ ਵਿਸ਼ੇਸ ਅੰਤਰ ਨਜ਼ਰ ਨਹੀਂ ਆਉਂਦਾ।

ਉਕਤ ਸੋਲਹੇ ਦੀ ਵਿਚਾਰ ਤੋਂ ਇੱਕ ਹੋਰ ਕੋਝਾ ਸੱਚ, ਨਿਰਸੰਦੇਹ, ਸਾਬਤ ਹੁੰਦਾ ਹੈ ਕਿ, ਧਰਮ ਦੇ ਠੇਕੇਦਾਰ ਤੇ ਪਥ-ਪ੍ਰਦਰਸ਼ਕ, ਆਪਣੇ ਸਵਾਰਥ ਦੀ ਖ਼ਾਤਿਰ, ਗੁਰਬਾਣੀ ਦੇ ਭਾਵਪੂਰਨ, ਸਿੱਧਾਂਤਿਕ ਤੇ ਪਵਿੱਤਰ ਪਦਾਂ/ਲਫ਼ਜ਼ਾਂ ਦੇ ਗ਼ਲਤ ਅਰਥ ਅਤੇ ਅਯੋਗ ਵਰਤੋਂ ਕਰਕੇ ਸਭ ਪਾਸੇ ਅਗਿਆਨਤਾ ਦਾ ਅੰਧੇਰਾ ਫੈਲਾ ਰਹੇ ਹਨ; ਅਤੇ; ਇਸ ਅਗਿਆਨ-ਅੰਧੇਰੇ ਦੀ ਆੜ ਵਿੱਚ, ਧਰਮ ਦੇ ਚਤਰ ਤੇ ਫ਼ਰੇਬੀ ਪਥਪ੍ਰਦਰਸ਼ਕ ਰੱਬ ਦੀ ਭੋਲੀ-ਭਾਲੀ ਜਨਤਾ ਦਾ ਸਰਬਪਖੀ ਸ਼ੋਸ਼ਣ ਨਿਰਲੱਜ ਹੋ ਕੇ ਕਰ ਰਹੇ ਹਨ!

ਇਕ ਹੋਰ ਅਹਿਮ ਸਵਾਲ: ਤੱਤਗਿਆਨੀ ਬਾਣੀਕਾਰਾਂ ਦੁਆਰਾ ਉਪਰ ਵਿਚਾਰੇ ਸੋਲਹੇ ਤੇ ਗੁਰਬਾਣੀ ਦੇ ਕਈ ਹੋਰ ਗੁਰੁ-ਸ਼ਬਦਾਂ ਵਿੱਚ ਸੁਝਾਈ ਤੇ ਪ੍ਰਚਾਰੀ ਗਈ ਸੱਚੀ ਰਹਿਤ ਦੇ ਹੁੰਦਿਆਂ "ਸਿੱਖ ਰਹਿਤ ਮਰਯਾਦਾ" ਬਣਾਉਣ ਦੀ ਕੀ ਲੋੜ ਸੀ/ਹੈ?

ਗੁਰਇੰਦਰ ਸਿੰਘ ਪਾਲ

ਅਕਤੂਬਰ 1, 2017.




.