.

ਸੱਚ ਦੀ ਤਲਾਸ਼ ਵਾਲੇ ਸਵਾਲਾਂ ਦੇ ਜਵਾਬ

ਸਵਾਲ ਨੰ: 1:- ਸਾਡੇ ਗੁਰੂਆਂ ਦਾ ਇਸ ਸੰਸਾਰ ਤੇ ਆਉਣ ਦਾ ਜਾਂ ਇਉਂ ਕਹਿ ਲਓ ਕਿ ਸਰੀਰਕ ਤੌਰ ਤੇ ਦਸ ਜਾਮੇ ਧਾਰਨ ਦਾ ਅਸਲ ਮਕਸਦ ਕੀ ਸੀ? ਕੀ ਉਹ ਸਿੱਖਾਂ ਤੋਂ ਭਗਤੀ ਕਰਵਾ ਕੇ ਉਹਨਾ ਨੂੰ ਕਿਸੇ ਸੱਚਖੰਡ ਅਥਵਾ ਕਿਸੇ ਕਲਿਪਤ ਸਵਰਗ ਵਿੱਚ ਭੇਜਣਾ ਚਾਹੁੰਦੇ ਸਨ? ਉਹਨਾ ਦਾ ਜਨਮ ਮਰਨ ਕੱਟਣਾ ਚਾਹੁੰਦੇ ਸਨ? ਮਾਨਸਿਕ ਤੌਰ ਤੇ ਧਾਰਮਿਕ ਆਗੂਆਂ ਦੀ ਗੁਲਾਮੀ ਤੋਂ ਛੁਟਕਾਰਾ ਦਿਵਾਉਣਾ ਚਾਹੁੰਦੇ ਸਨ? ਕਿਸੇ ਰਾਜ-ਭਾਗ ਦੀ ਸਿਰਜਣਾ ਕਰਨਾ ਚਾਹੁੰਦੇ ਸਨ? ਚੰਗਾ ਇਨਸਾਨ ਬਣਾ ਕੇ ਚੰਗੇ ਸਮਾਜ ਦੀ ਸਿਰਜਣਾ ਕਰਨਾ ਚਾਹੁੰਦੇ ਸਨ? ਜਾਂ ਹੋਰ ਕੁੱਝ ਕਰਨਾ ਚਾਹੁੰਦੇ ਸਨ ਜਿਹੜਾ ਕਿ ਤੁਹਾਡੇ ਮੁਤਾਬਕ ਇਸ ਸਵਾਲ ਵਿੱਚ ਮੈਂ ਨਹੀਂ ਦੱਸ ਸਕਿਆ?
ਉੱਤਰ ਨੰ: ੧: - ਉਹ ਮਰਦ ਅੰਗਮੜੇ ਇਨਕਲਾਬੀ ਪੁਰਖ ਸਨ। ਅਸਲ ਮਕਸਦ ਤਾਂ ਉਨਹਾਂ ਦਾ ਇਨਸਾਨ ਅੰਦਰੋਂ ਮਰ ਚੁੱਕੀ ਇਨਸਾਨੀਅਤ ਨੂੰ ਜਗਾਉਣਾ, ਧਰਮ ਦੇ ਨਾਮ ਤੇ ਕਲਪਤ ਸਵਰਗਾ ਦੇ ਲਾਲਚ ਅਤੇ ਨਰਕਾਂ ਦੇ ਡਰ ਦੇ ਨਾਮ ਹੋ ਰਹੀ ਤੇ ਹੋ ਰਹੀ ਲੁੱਟ ਘਸੁੱਟ ਤੋਂ ਆਮ ਭੋਲੀ ਭਾਲੀ ਲੋਕਾਈ ਨੂੰ ਬਚਾਕੇ, ਦੰਭੀ ਮਾਨਸਿਕਤਾ ਦੇ ਧਾਰਮਿਕ ਲੋਕਾਂ ਤੋਂ ਮਾਨਵਤਾ ਦਾ ਖਹਿੜਾ ਛੁਡਾਉਣਾ ਸੀ। ਸਿਖਾਂ ਤੋਂ ਭਗਤੀ ਤੋਂ ਭਾਵ ਭਗਤੀ/ਇਨਕਲਾਬੀ ਵੀਚਾਰਧਾਰਾ ਨੂੰ ਸੁਰਜੀਤ ਰੱਖਣਾ ਅਤੇ ਚੰਗਾ ਸਮਾਜ ਸਿਰਜਕੇ ਬਗੈਰ ਰੰਗ ਨਸਲ ਜਾਤਿ ਪਾਤ ਲਿੰਗ ਭੇਦ ਦੇ ਇਸਾਨੀਅਤ ਦੀਆਂ ਕਦਰਾ ਕੀਮਤਾਂ ਨੂੰ ਪਰਫੁੱਲਤ ਕਰਨਾ ਸੀ ਅਤੇ ਹੈ।
ਸਵਾਲ ਨੰ: 2:- ਜੇ ਕਰ ਗੁਰੂਆਂ ਦਾ ਮੁੱਖ ਮਨੋਰਥ ਰਾਜ-ਭਾਗ ਕਾਇਮ ਕਰਨਾ ਸੀ ਤਾਂ ਛੇਵੇਂ ਪਾਤਸ਼ਾਹ ਨੇ ਚਾਰ ਅਤੇ ਦਸਵੇਂ ਪਾਤਸ਼ਾਹ ਨੇ ਤਕਰੀਬਨ 14 ਜੰਗਾਂ ਲੜੀਆਂ। ਇਹ ਸਾਰੀਆਂ ਜੰਗਾਂ ਵਿੱਚ ਜਾਂ ਤਾਂ ਜਿੱਤ ਪ੍ਰਾਪਤ ਕੀਤੀ ਅਤੇ ਜਾਂ ਫਿਰ ਬਿਨਾ ਜਿੱਤ ਹਾਰ ਦੇ ਸਮਾਪਤ ਹੋਈਆਂ। ਤਾਂ ਫਿਰ ਗੁਰੂਆਂ ਨੇ ਆਪਣਾ ਰਾਜ ਭਾਗ ਕਿਉਂ ਕਾਇਮ ਨਹੀਂ ਕੀਤਾ?
ਉੱਤਰ ਨੰ: ੨:- ਉਨ੍ਹਾਂ ਵਲੋਂ ਜੰਗਾ ਕਿਸੇ ਰਾਜ ਭਾਗ ਦੇ ਵਿਰੁੱਧ ਆਪਣਾ ਰਾਜ ਕਾਇਮ ਕਰਨ ਦੇ ਮਨੌਰਥ ਲਈ ਨਹੀਂ ਬਲਕਿ ਜੁਲਮੀ ਹਾਕਮਾ, ਅਖੌਤੀ ਧਾਰਮਿਕਾ ਦੇ ਜੁਲਮ, ਅਤਿਆਚਾਰ, ਅਨਿਆਏ, ਸਮਾਜਿਕ ਨਾ ਬਰਾਬਰਤਾ ਦੇ ਵਿਰੁੱਧ ਵਿੱਚ ਸਨ। ਕਈ ਜੰਗਾ ਜਿੱਤਣ ਤੋਂ ਬਾਅਦ ਵੀ ਉਨ੍ਹਾਂ ਨੇ ਕੋਈ ਰਾਜ ਭਾਗ ਦੀਆਂ ਹੱਦਾਂ ਨਹੀਂ ਬਣਾਈਆ। ਉਨ੍ਹਾਂ ਦੀ ਲਿਖਤ ਤਾਂ ਦੰਭੀ ਫਰੇਬੀ ਲਾਲਚੀ ਕਿਸਮ ਦੇ ਲੋਕਾਂ ਵਲੋਂ ਬਣਾਈਆਂ ਹੋਈਆਂ ਹੱਦਾਂ ਬੰਨੇ ਤੋੜਦੀ ਹੈ।

ਸਵਾਲ ਨੰ: 3:- ਕੀ ਬੰਦਾ ਸਿੰਘ ਬਹਾਦਰ ਨੂੰ ਦਸਵੇਂ ਗੁਰੂ ਨੇ ਆਪ ਰਾਜ ਭਾਗ ਕਾਇਮ ਕਰਨ ਲਈ ਭੇਜਿਆ ਸੀ? ਸਾਹਿਬ ਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਜਾਂ ਸਜ਼ਾ ਦੇਣ ਲਈ ਭੇਜਿਆ ਸੀ? ਇਹ ਸਾਰਾ ਕੁੱਝ ਗੁਰੂ ਜੀ ਆਪ ਜਾਂ ਉਹਨਾ ਨਾਲ ਰਹਿੰਦੇ ਪਹਿਲੇ ਸਿੱਖ ਕਿਉਂ ਨਹੀਂ ਕਰ ਸਕੇ? ਕੀ ਬੰਦਾ ਸਿੰਘ ਬਹਾਦਰ ਦੀ ਸਾਰਿਆਂ ਨਾਲੋਂ ਭਗਤੀ ਜ਼ਿਆਦਾ ਸੀ ਤਾਂ ਕਰਕੇ? ਪੜ੍ਹਨ ਨੂੰ ਤਾਂ ਇਹ ਵੀ ਮਿਲਦਾ ਹੈ ਕਿ ਬੰਦਾ ਬਹਾਦਰ ਨੂੰ ਤਾਂ ਪੰਜਾਬੀ ਵੀ ਪੜ੍ਹਨੀ ਲਿਖਣੀ ਨਹੀਂ ਆਉਂਦੀ ਸੀ। ਇਹਨਾ ਵਿਚੋਂ ਕਿਹੜੀ ਗੱਲ ਠੀਕ ਹੈ ਜਾਂ ਕੋਈ ਵੀ ਠੀਕ ਨਹੀਂ?
ਉੱਤਰ ਨੰ ੩: - ਬਦਲਾ ਜਾ ਸਜਾ, ਸਜਾ, ਜਾ ਰਾਜ, ਇਹ ਗੱਲਾਂ ਨਾਨਕ ਸਰੂਪ, ਉਨ੍ਹਾਂ ਮਹਾਨ ਸਖਸੀਅਤਾਂ ਦੇ ਕਿਰਦਾਰ ਤੇ ਖਰੀਆ ਨਹੀਂ ਉੱਤਰਦੀਆਂ ਨਾ ਕਦੀ ਉਹ ਕਿਸੇ ਤੇ ਚੜ੍ਹਾਈ ਕਰਕੇ ਗਏ ਅਤੇ ਨਾ ਹੀ ਕਿਸੇ ਤੇ ਚੜਾਈ ਕਰਨ ਲਈ ਉਨ੍ਹਾਂ ਦੀ ਬੰਦਾ ਸਿੰਘ ਜੀ ਨੂੰ ਕੋਈ ਅਜਿਹੀ ਪ੍ਰਰੇਣਾ ਹੀ ਉਨ੍ਹਾਂ ਵਲੋਂ ਹੋ ਸਕਦੀ ਹੈ। ਬਾਕੀ ਸਿਖ ਨੂੰ ਖੁਦ ਨੂੰ ਗਿਆਨ ਗੁਰੂ ਦੀ ਰੋਸਨੀ ਵਿੱਚ ਫੈਸਲਾ ਲੈਣ ਦੇ ਹੱਕ ਵਜੋ ਇਮਤਿਹਾਨ ਵੀ ਹੋ ਸਕਦਾ ਹੈ। ਅੱਗੇ ਆਪ ਦਾ ਸਵਾਲ ਹੈ ਕਿ ਇਹ ਸਾਰਾ ਕੰਮ ਗੁਰੂ ਜੀ ਆਪ ਜਾ ਪਹਿਲੇ ਸਿਖ ਕਿਉਂ ਨਹੀਂ ਕਰ ਸਕੇ? ਇਹ ਸਵਾਲ ਤਾਂ ਬਣਦਾ ਹੈ ਜੇਕਰ ਉਹ ਕਿਸੇ ਦੇ ਮੋਢੇ ਤੇ ਰੱਖਕੇ ਚਲਾਉਣ ਦੇ ਆਦੀ ਹੁੰਦੇ। ਭਗਤੀ ਜਿਆਦੀ ਜਾ ਥੋੜੀ, ਮਿਣ ਮਿਣ ਜਾ ਬਾਗੂ ਬਾਗੂ ਕਿਸੇ ਦੀ ਜਿਆਦਾ ਜਾ ਥੋੜੀ ਜਰੂਰ ਹੋ ਸਕਦੀ ਹੈ। ਸੱਚ ਨੂੰ ਸਮਰਪਤ ਭਗਤੀ ਕਿਸੇ ਵਾਧ ਘਾਟ ਦੇ ਪੈਮਾਨੇ ਦੀ ਮੁਥਾਜ ਨਹੀਂ ਹੁੰਦੀ, ਬਾਕੀ ਸਮੇਂ ਦੇ ਹਲਾਤਾ ਨੂੰ ਮੁਖ ਰਖਕੇ ਪੰਜਾਬ ਅੰਦਰ ਸਿਖਾਂ ਦੇ ਵਿੱਚ ਇਨਕਲਾਬੀ ਜਜਬੇ ਨੂੰ ਬਰਕਰਾਰ ਰੱਖਣ ਦੇ ਮਨੋਰਥ ਨਾਲ ਤਾਂ ਭੇਜਿਆ ਹੋ ਸਕਦਾ ਹੈ, ਬਾਕੀ ਬੰਦਾ ਸਿੰਘ ਜੀ ਨੂੰ ਪੰਜਾਬੀ ਆਉਣੀ ਜਾ ਨਾ ਆਉਣੀ ਇਹ ਗਲ ਇਹ ਨਹੀਂ ਸਾਬਤ ਕਰ ਸਕਦੀ ਕਿ ਗਿਆਨ ਸਿਰਫ ਪੰਜਾਬੀ ਵਿੱਚ ਹੀ ਸਮਝਿਆ ਜਾ ਸਮਝਾਇਆ ਜਾ ਲਇਆ ਜਾ ਸਕਦਾ ਜਾਂ ਦਿੱਤਾ ਜਾ ਸਕਦਾ ਹੈ। ਬਾਕੀ ਦਾਸ ਇਤਹਾਸ ਦਾ ਵਿਦਿਆਰਥੀ ਨਹੀਂ ਅਖੌਤੀ ਇਤਹਾਸਕਾਰਾ ਅਤੇ ਅਖੌਤੀ ਬ੍ਰਹਮਗਿਆਨੀਆ ਨੇ ਇਤਹਾਸ ਵਿੱਚ ਬਹੁਤ ਘਪਲੇ ਕੀਤੇ ਹਨ ਅਤੇ ਅਜੇ ਵੀ ਕਰ ਰਹੇ ਹਨ ਹਰ ਰੋਜ ਨਵੇ ਗਪੌੜੇ ਨਵੀਆਂ ਨਵੀਆਂ ਤੋਹਮਤਾਂ ਇਤਹਾਸ ਦੇ ਉੱਚੇ ਸੁੱਚੇ ਪਾਤਰਾ ਬਾਰੇ ਵੀ ਸੁਣਨ ਨੂੰ ਮਿਲਦੀਆਂ ਰਹਿੰਦੀਆ ਹਨ। ਦੰਭੀ ਕਿਸਮ ਦੇ ਲਿਖਾਰੀਆਂ ਵਲੋਂ ਲਿਖੀਆਂ ਹੋਈਆਂ ਲਿਖਤਾਂ ਤਾਂ ਕਿਸੇ ਨੂੰ ਵੀ ਨਹੀਂ ਬਖਸਦੀਆਂ।
ਸਵਾਲ ਨੰ: 4:- ਇਹ ਆਮ ਕਿਹਾ ਜਾਂਦਾ ਹੈ ਕਿ ਗੁਰੂ ਜੀ ਨੇ ਸੰਤ ਸਿਪਾਹੀ ਬਣਾਏ। ਸਿੱਖਾਂ ਦੇ ਭਗਤੀ ਅਤੇ ਸ਼ਕਤੀ, ਧਰਮ ਤੇ ਰਾਜਨੀਤੀ ਇਕੱਠੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਧਰਮ ਸਿਰ ਦੀ ਪੱਗ ਹੈ ਅਤੇ ਰਾਜਨੀਤੀ ਪੈਰ ਦੀ ਜੁੱਤੀ। ਭਾਵ ਇਹ ਕਿ ਧਰਮ ਦੀ ਮਹੱਤਤਾ ਨੂੰ ਸਭ ਤੋਂ ਪਹਿਲ ਵਿੱਚ ਰੱਖਣਾ ਹੈ। ਕੀ ਸ਼੍ਰੋਮਣੀ ਅਕਾਲੀ ਦਲ ਬਾਦਲ ਸਮੇਤ ਬਾਕੀ ਦੇ ਦਰਜਨਾ ਕੁ ਅਕਾਲੀ ਦਲ ਐਸਾ ਕਰਦੇ ਹਨ? ਕੀ ਉਹ ਰਾਜਨੀਤੀ ਨੂੰ ਧਰਮ ਅਨੁਸਾਰ ਚਲਾਉਂਦੇ ਹਨ ਜਾਂ ਧਰਮ ਨੂੰ ਰਾਜਨੀਤੀ ਅਨੁਸਾਰ? ਕੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਅਧੀਨ ਹਨ ਜਾਂ ਸ਼੍ਰੋਮਣੀ ਕਮੇਟੀ ਬਾਦਲ ਅਕਾਲੀ ਦਲ ਅਧੀਨ ਹੈ? ਜੇ ਕਰ ਧਰਮ ਸਿਰਮੌਰ ਹੈ ਤਾਂ ਗੁਰਚਰਨ ਸਿੰਘ ਟੌਹੜਾ ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 25 ਸਾਲ ਤੋਂ ਵੀ ਵੱਧ ਪ੍ਰਧਾਨ ਰਿਹਾ ਸੀ ਉਹ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਦੀ ਮਰਨ ਤੱਕ ਕਿਉਂ ਲਾਲਸਾ ਰੱਖਦਾ ਰਿਹਾ? ਇੱਕ ਰਾਜਨੀਤਕ ਬੰਦਾ ਇਤਨੇ ਸਾਲ ਧਾਰਮਿਕ ਮੁਖੀ ਦੀ ਕੁਰਸੀ ਤੇ ਕਿਉਂ ਚਿੰਬੜਿਆ ਰਿਹਾ? ਕੀ ਇਸ ਵਿੱਚ ਸਿੱਖਾਂ ਦੀ ਨਿਲਾਇਕੀ ਹੈ ਜਾਂ ਕੁੱਝ ਹੋਰ?
ਉਤਰ ਨੰ: ੪: - ਇਨਕਲਾਬੀ ਪੁਰਸ਼, ਭਾਈ ਤਾਂ ਬਣਾਏ ਸਨ ਜਿਨ੍ਹਾਂ ਵਿੱਚੋ ਭਰੱਪਣ ਦੀ ਝਲਕ ਡੁਲ ਡੁਲ ਪੈਂਦੀ ਸੀ, ਭਾਈ ਸੀ ਮਰਦਾਨਾ ਜੀ, ਜਿਸਨੇ ਸਾਰੀ ਜਿੰਦਗੀ ਸਾਥ ਨਿਭਾਇਆ, ਭਾਈ ਸੀ ਮਤੀਦਾਸ ਜੀ, ਸਤੀਦਾਸ ਜੀ, ਦਿਆਲਾ ਜੀ, ਹੋਰ ਵੀ ਅਨੇਕਾਂ ਸਨ ਜਿਨ੍ਹਾਂ ਨੇ ਆਪਣੇ ਤਨ ਦੇ ਠੀਕਰੇ ਵੀ ਜੁਲਮ ਦੇ ਸਿਰ ਭੰਨਕੇ ਆਪਣਾ ਸਾਥ ਨਿਭਇਆ। ਜੋ ਮੋਟੇ ਢਿੱਡਾਂ ਵਾਲੇ ਅਖੌਤੀ ਸੰਤ ਬਿਪਰ ਦਾ ਸਾਥ ਨਿਭਾ ਰਹੇ ਹਨ ਇਹੋ ਜਿਹਾ ਕੋਈ ਨਹੀਂ ਸੀ ਬਣਾਇਆ ਅਤੇ ਜੋ ਆਪਣੇ ਭਰਾਂਵਾਂ, ਬਜੁਰਗਾ ਦੇ, ਅਖੌਤੀ ਸਿਪਾਹੀ ਬਣੇ ਡਾਂਗਾਂ ਨਾਲ ਹੱਡ ਭੰਨ ਰਹੇ ਹਨ, ਇਸ ਤਰ੍ਹਾਂ ਦੇ ਆਪਣਿਆ ਦੇ ਹੀ ਹੱਡ ਭੱਨਣ ਵਾਲੇ ਸਿਪਾਹੀ, ਕਿਤੇ ਕੋਈ ਗੁਰੂ ਕਾਲ ਅੰਦਰ ਨਜਰ ਨਹੀਂ ਆਉਦਾ, ਭਾਈ ਜਰੂਰ ਨਜਰ ਆਉਦਾ ਜੋ ਫਟੜ ਹੋਇ ਦੁਸਮਣ ਨੂੰ ਪਾਣੀ ਪਿਲਾਉਣ ਦੇ ਨਾਲ ਨਾਲ ਜਖਮਾਂ ਤੇ ਮਲਮ ਪੱਟੀ ਕਰਦਾ ਹੋਇਆ ਵੀ ਭਾਈ ਹੈ ਅਤੇ ਮੈਦਾਨੇ ਜੰਗ ਅੰਦਰ ਸਿਪਾਹੀ ਵੀ ਹੈ। ਅੱਗੇ ਆਪ ਜੀ ਦਾ ਸਵਾਲ ਹੈ ਕਿ ਧਰਮ ਅਤੇ ਰਾਜਨੀਤੀ ਇਕੱਠੇ ਹਨ ਇਹ ਵੀ ਕਿਹਾ ਜਾਂਦਾ ਹੈ ਕਿ ਧਰਮ ਸਿਰ ਦੀ ਪੱਗ ਹੈ ਅਤੇ ਰਾਜਨੀਤੀ ਪੈਰ ਦੀ ਜੁੱਤੀ? ਇਹ ਗੱਲ ਤਾਂ ਬਿਲਕੁਲ ਠੀਕ ਹੈ ਕਿ ਧਰਮ ਸਿਰ ਦੀ ਪੱਗ ਹੈ ਅਤੇ ਰਜਨੀਤੀ ਪੈਰਾਂ ਦੀ ਜੁੱਤੀ। ਪਰ ਜੇਕਰ ਥੋੜਾ ਜਿਹਾ ਵੀਚਾਰਕੇ ਵੇਖੀਏ ਤਾਂ ਸਿਰ ਦੀ ਪੱਗ ਅਤੇ ਪੈਰ ਦੀ ਜੁੱਤੀ ਕਦੇ ਇਕੱਠੇ ਜੋੜਕੇ ਨਹੀਂ ਰੱਖੇ ਜਾ ਸਕਦੇ ਹਨ। ਸਿਰ ਦੇ ਤਾਜ ਨੂੰ ਪੈਰਾਂ ਦੀ ਜੁੱਤੀ ਨਾਲ ਜੋੜਨ ਕਾਰਨ ਸਿਖਾਂ ਦੀ ਖਿਦੋ ਬਣੀ ਪਈ ਹੈ, ਉਹ ਵੀ ਗਿਆਨ ਰੂਪੀ ਖੂਡੀ ਤੋਂ ਸੱਖਣੀ, ਰਾਜਨੀਤੀ ਦੇ ਠੁੱਡੇ ਸਹਾਰਦੀ ਹੋਈ ਖਿਦੋ ਦੀਆਂ ਲੀਰਾਂ ਵਾਂਗ ਖਿਲਰੀ ਨਜਰ ਆਉਦੀ ਹੈ। ਗੁਰਮਤਿ ਅਨੁਸਾਰ ਸਿਰ ਨੂੰ ਗੁਰ ਗਿਆਨ ਨਾਲ ਜੋੜਕੇ ਪੈਰਾਂ ਤੇ ਗਿਆਨ ਦੇ ਧਿਆਨ ਨਾਲ ਚਲਕੇ ਰਾਜਨੀਤੀ ਦੇ ਗਹਿਰੇ ਖਾਰੇ ਸਮੁੰਦਰ ਵਿੱਚ ਡੁੱਬਣ ਤੋਂ ਬਚਿਆ ਅਤੇ ਕੌਮ ਨੂੰ ਬਚਾਇਆ ਤਾਂ ਜਾ ਸਕਦਾ ਹੈ, ਪਰ ਸਿਰ ਨੂੰ ਗਿਆਨ ਨਾਲ ਜੋੜੇ ਬਿਨਾ, ਪੈਰਾਂ ਤੇ ਗਿਆਨ ਦੇ ਧਿਆਨ ਨਾਲ ਨਾ ਚਲਕੇ ਰਜਨੀਤੀ ਦੇ ਗਹਿਰੇ ਖਾਰੇ ਸਮੁੰਦਰ ਵਿੱਚ ਡੋਬਿਆ ਹੀ ਜਾ ਸਕਦਾ ਹੈ, ਨਤੀਜਾ ਆਪ ਦੇ ਸਾਹਮਣੇ ਹੈ। ਬਾਕੀ ਜੋ ਆਪ ਦਾ ਸਵਾਲ ਹੈ ਕਿ ਕੀ ਸ੍ਰੋਮਣੀ ਅਕਾਲੀ ਦਲ ਬਾਦਲ ਧਰਮ ਨੂੰ ਪਹਿਲਾਂ ਰੱਖਦੇ ਹਨ? ਕੀ ਉਹ ਸਮੇਤ ਬਾਕੀ ਦੇ ਦਰਜਨਾ ਕੁ ਅਕਾਲੀ ਐਸਾ ਕਰਦੇ ਹਨ? ਸੱਚ/ਧਰਮ ਨੂੰ ਛੱਡਕੇ ਕੂੜ ਫਰੇਬ ਠੱਗੀ ਮਕਾਰੀ ਝੂਠ ਨਿੰਦਾ ਬੇਈਮਾਨੀ ਇਨ੍ਹਾਂ ਦਾ ਧਰਮ ਹੈ ਜਿਸਨੂੰ ਮੂਹਰੇ ਰੱਖਕੇ ਇਹ ਬਾਖੂਬੀ ਨਿਭਾ ਰਹੇ ਹਨ, ਸੱਚ/ਧਰਮ ਨਾਲ ਇਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ।
ਬਾਕੀ ਸਾਰੇ ਕਾਸੇ ਦਾ ਜਵਾਬ ਗੁਰਬਾਣੀ ਅਨੁਸਾਰ ਤਾਂ ਇਹ ਹੈ: - ਰਾਜੁ ਮਾਲੁ ਝੂਠੀ ਸਭਿ ਮਾਇਆ॥ ਲੋਭੀ ਨਰ ਰਹੇ ਲਿਪਟਾਇ॥ ਇਸ ਗੁਰਬਾਣੀ ਦੇ ਫੁਰਮਾਣ ਅਨੁਸਾਰ ਲੋਭੀ ਝੂਠੇ ਮਕਾਰੀ ਮਨੁੱਖ ਇਸ ਨਾਲ ਚਿੰਬੜੇ ਹਨ।

ਸਵਾਲ ਨੰ: 5:- ਸ਼੍ਰੋਮਣੀ ਅਕਾਲੀ ਦਲ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮਿਲ ਕੇ ਪੰਜਾਬ ਦੀਆਂ ਕੁੱਝ ਹੱਕੀ ਮੰਗਾਂ ਬਾਰੇ ਜਿਹਨਾ ਵਿੱਚ ਕੁੱਝ ਧਾਰਮਿਕ ਮੰਗਾਂ ਵੀ ਸ਼ਾਮਲ ਹੁੰਦੀਆਂ ਹਨ, ਗੁਰਦੁਆਰਿਆਂ ਵਿਚੋਂ ਮੋਰਚੇ ਲਾਉਂਦੇ ਰਹੇ ਹਨ। ਇਹ ਬਹੁਤੇ ਸਾਂਤਮਈ ਹੀ ਹੁੰਦੇ ਸਨ, ਸਿਵਾਏ ਧਰਮ ਯੁੱਧ ਮੋਰਚੇ ਦੇ, ਜੋ ਕਿ ਪਹਿਲਾਂ ਸਾਂਤਮਈ ਹੀ ਸੀ ਅਤੇ ਬਾਅਦ ਵਿੱਚ ਬਹੁਤਾ ਕਰਕੇ ਹਿੰਸਕ ਮਈ ਹੋ ਗਿਆ ਸੀ। ਸਾਂਤਮਈ ਨੂੰ ਹਿੰਸਾ ਵਿੱਚ ਬਦਲਣ ਦਾ ਬਹੁਤਾ ਜਿੰਮੇਵਾਰ ਕੌਣ ਸੀ? ਭਿੰਡਰਾਂਵਾਲਾ ਸਾਧ, ਕੇਂਦਰ ਸਰਕਾਰ, ਅਕਾਲੀ ਦਲ ਵਾਲੇ, ਸਰਕਾਰੀ ਏਜੰਸੀਆਂ ਜਾਂ ਕੋਈ ਹੋਰ?
ਉੱਤਰ ੫ : - ਮੇਰੀ ਸਮਝ ਮੁਤਾਬਕ ਇਥੇ ਕਿਸੇ ਵੀ ਇੱਕ ਧਿਰ ਨੂੰ ਦੋਸੀ ਠਹਰਾਉਣ ਨਾਲ ਦੂਸਰੀਆਂ ਧਿਰਾਂ ਨੂੰ ਕਲੀਨ ਚਿੱਟ ਦੇਣਾ ਹੋਵੇਗਾ। ਦੂਸਰਾ ਇਸ ਮੋਰਚੇ ਨੂੰ ਧਰਮ ਜੁਧ ਦਾ ਨਾਅ ਦੇਣਾ ਹੀ ਕਾਲੀਆ ਦੀ ਨਿਖਿੱਧ ਸੋਚ ਦਾ ਪ੍ਰਤੀਕ ਸੀ, ਜੋ ਆ ਬੈਲ ਮੁਝੇ ਮਾਰ ਦਾ ਕਾਰਣ ਬਣਿਆ। ਜਦੋਂ ਨਿਖਿੱਧ ਸੋਚ ਕੋਈ ਉਸਾਰੂ ਨਤੀਜਾ ਨਾ ਸਾਹਮਣੇ ਲਿਆਉਦੀ ਨਜਰ ਆਈ ਅਤੇ ਗੇਂਦ ਹੱਥੋ ਨਿਕਲਦੀ ਦਿੱਸੀ ਤਾਂ ਆ ਬੈਲ ਉਸੇ ਮਾਰ, ਅਤੇ ਆਪ ਬਾਹਰ ਵਿੱਚ ਤਬਦੀਲ ਹੋ ਗਈ। ਮੇਨ ਮੁਦਾ ਤਾਂ ਨਹਿਰ ਦੇ, ਪਾਣੀ ਦਾ ਸੀ ਜੋ ਸਮੁੱਚੇ ਪੰਜਾਬ ਦੇ ਪੰਜਾਬੀਆ ਦਾ ਸੀ। ਧਰਮ ਜੁਧ ਬਣਾਉਣ ਕਾਰਨ ਹੀ ਹਿੰਸਕ ਹੋਇਆ ਜੋ ਸਮੁੱਚੇ ਪੰਜਾਬੀਆਂ ਨੂੰ ਇਕਜੁਟ ਨਾ ਕਰ ਸਕਣ ਦੇ ਕਾਰਨ ਦੇ ਨਤੀਜੇ ਵਜੋ ਸਾਹਮਣੇ ਹੈ।

ਸਵਾਲ ਨੰ: 6:- ਇਹ ਆਮ ਕਿਹਾ ਜਾਂਦਾ ਹੈ ਕਿ ਭਿੰਡਰਾਂਵਾਲੇ ਨੇ ਅਕਾਲ ਤਖਤ ਜਾਂ ਹਰਿਮੰਦਰ ਸਾਹਿਬ ਦੀ ਰਾਖੀ ਲਈ ਕੁਰਬਾਨੀ ਦਿੱਤੀ ਅਤੇ ਅਕਾਲੀ ਲੀਡਰ ਬਾਹਾਂ ਖੜੀਆਂ ਕਰਕੇ ਫੌਜ ਅੱਗੇ ਸਮਰਪਣ ਕਰ ਗਏ। ਕੀ ਤੁਸੀਂ ਦੱਸ ਸਕਦੇ ਹੋ ਕਿ ਭਿੰਡਰਾਂਵਾਲੇ ਨੇ ਕਿਹੜੀ ਚੀਜ ਦੀ ਰਾਖੀ ਕੀਤੀ ਹੈ ਅਤੇ ਜੇ ਕਰ ਉਹ ਰਾਖੀ ਨਾ ਕਰਦਾ ਤਾਂ ਸਰਕਾਰ ਨੇ ਢਾਹ ਦੇਣੀ ਸੀ ਜਾਂ ਲੁੱਟ ਕੇ ਲੈ ਜਾਣੀ ਸੀ ਅਤੇ ਉਸ ਨੇ ਉਸ ਚੀਜ ਨੂੰ ਬਚਾ ਲਿਆ ਸੀ? ਕੀ ਗੁਰਦੁਆਰਿਆਂ ਵਿੱਚ ਲੁਕ ਕੇ ਹਥਿਆਰਬੰਦ ਲੜਾਈ ਲੜਨੀ ਠੀਕ ਸੀ? ਜੇ ਠੀਕ ਸੀ ਤਾਂ ਹੋਏ ਨੁਕਸਾਨ ਦਾ ਜਿੰਮੇਵਾਰ ਕੌਣ ਹੈ? ਜੇ ਕਰ ਸਰਕਾਰ ਨੇ ਬਹਾਨਾ ਬਣਾ ਕੇ ਸਿੱਖਾਂ ਨੂੰ ਕੁੱਟਿਆ, ਲੁੱਟਿਆ ਤੇ ਜ਼ਲੀਲ ਕੀਤਾ ਤਾਂ ਸਰਕਾਰ ਨੂੰ ਬਹਾਨਾ ਦੇਣ ਵਿੱਚ ਤੁਸੀਂ ਸਾਰੇ ਸ਼ਾਮਲ ਨਹੀਂ ਸੀ?
ਉੱਤਰ ਨੰ: ੬: - ਪਹਿਲੀ ਗੱਲ ਤਾਂ ਇਹ ਹੈ ਕਿ ਇਹ ਲੜਾਈ ਗੁਰਦਵਾਰੇ ਅੰਦਰ ਪਹੁੰਚੀ ਕਿਵੇਂ ਇਸਦੀ ਰੂਪ ਰੇਖਾ ਕਿਥੇ ਅਤੇ ਕਿਵੇਂ ਤਿਆਰ ਹੋਈ ਮੁਦਾ ਕੀ ਸੀ ਅਤੇ ਬਣਾਇਆ ਕੀ ਗਿਆ। ਲੜਾਈ ਗੁਰਦਵਾਰੇ ਦੇ ਅੰਦਰ ਲੁਕ ਕੇ ਲੜਨੀ ਹੈ ਜਾ ਬਾਹਰ, ਅੰਦਰ ਲੜਨੀ ਠੀਕ ਸੀ ਜਾ ਬਾਹਰ, ਕੀ ਇਸ ਮੁਦੇ ਨੂੰ ਘੋਖਣ ਵਾਸਤੇ ਅੱਜ ਤੱਕ ਕੋਈ ਕਿਸੇ ਇਮਾਨਦਾਰ ਨਿਰਪੱਖ ਢਾਚੇ ਦਾ ਕੋਈ ਸੰਗਠਨ ਹੋਇਆ, ਜਿਹੜਾ ਸੰਗਠਨ ਇਨ੍ਹਾਂ ਸਾਰੀਆ ਗੱਲਾਂ ਦੀ ਘੋਖ ਪੜਤਾਲ ਕਰਕੇ ਇਕੱਲੀ ਸਿਖ ਕੌਮ ਦੇ ਹੀ ਨਹੀਂ ਸਗੋਂ ਸਮੁੱਚੇ ਪੰਜਾਬੀਆਂ ਅਤੇ ਸਮੁੱਚੀ ਦੁਨੀਆਂ ਦੇ ਲੋਕਾਂ ਸਾਹਮਣੇ ਰੱਖਦਾ ਕਿ ਬਾਂਹਵਾਂ ਖੜੀਆ ਕਿਨ੍ਹਾਂ ਨੇ ਕੀਤੀਆ ਅਤੇ ਰਾਖੀ ਕਿਸ ਨੇ ਕੀਤੀ, ਕਿਸ ਚੀਜ ਦੀ ਰਾਖੀ ਕੀਤੀ, ਲੁੱਟ ਅਤੇ ਕੁੱਟ ਕਿਵੇਂ ਅਤੇ ਕਿਉਂ ਹੋਈ, ਲੁੱਟ ਅਤੇ ਕੁੱਟ ਤੋਂ ਬਚਿਆ ਕਿਵੇਂ ਸਕਦਾ ਸੀ ਇਹ ਗੱਲਾਂ ਉੱਚ ਪੱਧਰੀ ਨਿਰਪੱਖ ਘੋਖ ਦੀ ਮੰਗ ਕਰਦੀਆਂ ਹਨ। ਜਿਨ੍ਹਾਂ ਨੇ ਕੋਈ ਨਿਰਪੱਖ ਸੰਗਠਨ ਢਾਚਾ ਖੜਾ ਕਰਨਾ ਸੀ, ਨਿਰਪੱਖ ਜਾਂਚ ਦੇ ਸਾਹਮਣੇ ਉਨ੍ਹਾਂ ਦਾ ਆਪਣਾ ਢਿਡ ਨੰਗਾ ਹੋਣਾ ਸੀ ਜਿਸ ਦੇ ਡਰੋ ਅਜਿਹਾ ਕੁੱਝ ਨਹੀਂ ਕੀਤਾ ਗਿਆ। ਜਿਨ੍ਹਾਂ ਚਿਰ ਕੋਈ ਨਿਰਪੱਖ ਜਾਂਚ ਨਹੀਂ ਹੁੰਦੀ ਉਨ੍ਹਾਂ ਚਿਰ ਇਹ ਸਵਾਲ, ਸਵਾਲ ਹੀ ਰਹਿਣਗੇ। ਇਸ ਤਰ੍ਹਾਂ ਦੀ ਜਾਂਚ ਦੀ ਆਸ ਅਜੇ ਕੋਈ ਨੇੜਲੇ ਭਵਿੱਖ ਵਿੱਚ ਵੀ ਨਜਰ ਨਹੀਂ ਆਉਂਦੀ ਜਿਸ ਕਾਰਣ ਆਪਣੇ ਆਪਣੇ ਪ੍ਰਤੀ ਕਰਮ ਹੀ ਉਤਪਨ ਹੁੰਦੇ ਹੀ ਰਹਿਣਗੇ।
ਹਾਂ ਲੜਾਈ ਜਿਥੇ ਲੜਨੀ ਚਾਹੀਦੀ ਸੀ ਉਥੇ ਨਹੀਂ ਲੜੀ ਗਈ ਜਿਥੋਂ ਇਹ ਨਹਿਰ ਨਿਕਲਣੀ ਸੀ ਜੇਕਰ ਉਥੇ ਲੜੀ ਜਾਂਦੀ, ਏਨੇ ਹੀ ਸਿਰ ਉੱੇਥੇ ਲਗਦੇ ਤਾਂ ਨਤੀਜੇ ਕੁੱਝ ਹੋਰ ਹੋ ਸਕਦੇ ਸਨ। ਘੇਰਕੇ ਗੁਰਦਵਾਰੇ ਲਿਆਕੇ ਲੜਨ ਦੇ ਕਾਰਨ ਸਿਆਣੇ ਸਿਰਾਂ ਵਾਲੇ ਸੁਹਿਰਦ ਲੋਕ ਆਪ ਸੋਚ ਕਿ ਲੱਭਣ ਕਿ ਗੁਰਦਵਾਰਾ ਲੜਾਈ ਦਾ ਅਖਾੜਾ ਕਿਉਂ ਬਣਿਆ।

ਸਵਾਲ ਨੰ: 7:- ਕਥਿਤ ਦਮਦਮੀ ਟਕਸਾਲ ਵਾਲੇ ਕਹਿੰਦੇ ਹਨ ਕਿ ਇਹ ਦਸਵੇਂ ਗੁਰੂ ਦੀ ਚਲਾਈ ਹੋਈ ਹੈ। ਭਿੰਡਰਾਂਵਾਲਾ ਸਾਧ ਵੀ ਕਹਿੰਦਾ ਹੁੰਦਾ ਸੀ ਕਿ ਮੈਂ ਚੌਦਵੇਂ ਥਾਂ ਤੇ ਹਾਂ। ਕੀ ਤੁਸੀਂ ਸਾਰੇ ਸਹਿਮਤ ਹੋ ਕਿ ਇਹ ਦਸਵੇਂ ਗੁਰੂ ਦੀ ਚਲਾਈ ਹੋਈ ਹੈ? ਜੇ ਸਹਿਮਤ ਹੋ ਤਾਂ ਕੀ ਤੁਸੀਂ ਦੱਸ ਸਕਦੇ ਹੋ ਕਿ ਇਹਨਾ ਦੀਆਂ ਕਿਤਾਬਾਂ ਵਿੱਚ ਜੋ ਲਿਖਿਆ ਹੈ ਉਹ ਸਾਰਾ ਕੁੱਝ ਗੁਰੂ ਜੀ ਹੀ ਇਹਨਾ ਨੂੰ ਦੱਸ ਕਿ ਗਏ ਸਨ? ਜਿਵੇਂ ਕਿ ਕਛਿਹਰਾ ਹਨੂੰਮਾਨ ਤੋਂ ਲਿਆ, ਪੰਜ ਪਿਆਰੇ ਪਿਛਲੇ ਜਨਮ ਵਿੱਚ ਭਗਤਾਂ ਦਾ ਅਵਤਾਰ ਸਨ, ਭੱਟ ਪਿਛਲੇ ਜਨਮ ਦੇ ਸਰਾਪੇ ਹੋਏ ਸਨ, ਦਸਮ ਗ੍ਰੰਥ ਦੇ ਪਾਠ/ਅਖੰਡਪਾਠ ਅਤੇ ਹੋਰ ਜੋ ਕੁੱਝ ਵੀ ਕਰਮਕਾਂਡ ਅਤੇ ਸੈਂਕੜੇ ਝੂਠ ਹਨ ਉਹ ਸਾਰਾ ਕੁੱਝ ਦਸਵੇਂ ਪਾਤਸ਼ਾਹ ਜੀ ਹੀ ਇਹਨਾ ਨੂੰ ਦੱਸ ਕੇ ਗਏ ਸਨ?
ਉੱਤਰ ਨੰ: ੭: - ਇਕੱਲੇ ਦਮਦਮੀ ਟਕਸਾਲ ਵਾਲੇ ਹੀ ਨਹੀਂ ਕਹਿੰਦੇ ਹੋਰ ਵੀ ਕਈ ਡੇਰੇ ਵਾਲੇ ਇਸ ਤਰ੍ਹਾਂ ਦੇ ਦਾਵੇ ਕਰਦੇ ਹਨ ਪਰ ਜੇਕਰ ਗੁਰਮਤਿ ਸਿਧਾਂਤ ਦੇ ਨਜਰੀਏ ਤੋਂ ਝਾਤ ਮਾਰੀਏ ਗੁਰੂ ਗ੍ਰੰਥ ਸਾਹਿਬ ਆਪਣੇ ਆਪ ਵਿੱਚ ਹੀ ਹਰੇਕ ਸਿਖ ਲਈ ਟਕਸਾਲ ਹੈ ਜਿਸ ਦੇ ਲੜ ਦਸਵੇ ਨਾਨਕ ਨੇ ਆਪ ਸਿਖਾਂ ਨੂੰ ਲਾਇਆ ਸੀ ਅਤੇ ਹੈ। ਅੱਗੇ ਜਿਹੜਾ ਆਪ ਨੇ ਕਤਾਬਾਂ ਦਾ ਹਵਾਲਾ ਦਿੱਤਾ ਉੱਥੋ ਆਪਣੇ ਆਪ ਹੀ ਤੁਹਾਡੇ ਸਵਾਲ ਦਾ ਜਵਾਬ ਮਿਲਦਾ ਹੈ ਕਿ ਇਹ ਕਿਸ ਨੇ ਚਲਾਈ ਹੈ। ਬਾਕੀ ਬਾਣੀ ਅਨਸਾਰ ਤਾਂ ਹਨੂੰਮਾਨ ਨੂੰ ਆਪ ਨੂੰ ਤਾਂ ਕੱਛੀ ਵੀ ਸਾਰੀ ਜਿੰਦਗੀ ਪ੍ਰਾਪਤ ਨਹੀਂ ਹੋਈ, ਇਹ ਗੱਲ ਵੀ ਹਨੂੰਮਾਨ ਤੋਂ ਅੱਗੇ ਸੀਨਾਂ ਬਸੀਨਾਂ ਹਨੂੰਮਾਨ ਦਾ ਨੰਗੇਜ ਕੱਜਣ ਲਈ ਹੀ ਆਈ ਲੱਗਦੀ ਹੈ।
ਸਵਾਲ ਨੰ 8:- ਕੀ ਕਥਿਤ ਦਮਦਮੀ ਟਕਸਾਲ ਵਾਕਿਆ ਹੀ ਦਸਮੇਂ ਗੁਰੂ ਦੀ ਚਲਾਈ ਹੋਈ ਹੈ ਜਾਂ ਕਿ ਹੋਰ ਡੇਰਿਆਂ ਵਾਂਗ ਇਹ ਵੀ ਇੱਕ ਡੇਰਾ ਹੈ? ਜੇ ਕਰ ਗੁਰੂ ਨੇ ਚਲਾਈ ਹੈ ਜਿਵੇਂ ਕਿ ਇਹ ਕਹਿੰਦੇ ਹਨ ਅਤੇ ਆਪਣੀ ਡੇਰਾ ਗੱਦੀ ਅਗਾਂਹ ਚਲਾਉਂਦੇ ਹਨ। ਜਰਨੈਲ ਸਿੰਘ ਆਪਣੇ ਆਪ ਨੂੰ ਚੌਦਵਾਂ ਮੁਖੀ ਕਹਾਉਂਦਾ ਸੀ। ਇਹਨਾ ਸਾਧਾਂ ਦੀਆਂ ਬਰਸੀਆਂ ਵੀ ਮਨਾਈਆਂ ਜਾਂਦੀਆਂ ਹਨ ਜਿਵੇਂ ਕਿ ਹੁਣੇ ਕੁੱਝ ਦਿਨ ਪਹਿਲਾਂ ਕਰਤਾਰ ਸਿੰਘ ਦੀ ਮਨਾਈ ਹੈ ਕਿ ਉਹ ਤੇਰਵੇਂ ਥਾਂ ਤੇ ਮੁਖੀ ਸੀ। ਤਾਂ ਫਿਰ ਕੀ ਜਿਹੜਾ ਇਹ ਨਿਰਾ ਝੂਠ ਪਰਚਾਰਦੇ ਹਨ ਉਹ ਸਾਰਾ ਕੁੱਝ ਇਹਨਾ ਨੂੰ ਦਸਵੇਂ ਪਾਤਸ਼ਾਹ ਹੀ ਦੱਸ ਕੇ ਗਏ ਸਨ, ਜਿਹੜਾ ਕਿ ਇਹ ਸੀਨਾ-ਬਸੀਨਾ ਦੀ ਗੱਲ ਕਰਦੇ ਹਨ? ਹੋਰ ਸੈਂਕੜੇ ਝੂਠਾਂ ਵਿੱਚ ਇੱਕ ਵੱਡਾ ਝੂਠ ਗੁਰਬਾਣੀ ਪਾਠ ਦਰਸ਼ਨ ਵਿੱਚ ਇਹ ਵੀ ਲਿਖਿਆ ਹੈ ਕਿ ਸੁਖਮਨੀ ਸਾਹਿਬ ਦੇ ਚੌਵੀ ਹਜਾਰ ਅੱਖਰ ਹਨ ਅਤੇ ਚੌਬੀ ਘੰਟਿਆਂ ਵਿੱਚ ਬੰਦਾ 24000 ਹੀ ਸਾਹ ਲੈਂਦਾ ਹੈ। ਕੀ ਇਹ 100% ਝੂਠ ਨਹੀਂ ਹੈ? ਅੱਖਰਾਂ ਦੀ ਗਿਣਤੀ ਤਾਂ ਕੰਪਿਊਟਰ ਤੇ ਹਰ ਕੋਈ ਕਰਕੇ ਆਪ ਹੀ ਦੇਖ ਸਕਦਾ ਹੈ। ਇਸ ਬਾਰੇ ਇੱਥੇ ‘ਸਿੱਖ ਮਾਰਗ’ ਤੇ ਲੇਖ ਵੀ ਛਪੇ ਹੋਏ ਹਨ। ਸਾਹ ਲੈਣ ਦੀ ਕਿਰਿਆ ਵੀ ਹਰ ਇੱਕ ਦੀ ਵੱਖ-ਵੱਖ ਹੁੰਦੀ ਹੈ ਅਤੇ ਇਹ ਕੰਮ ਕਰਨ ਤੇ ਵੀ ਨਿਰਭਰ ਕਰਦੀ ਹੈ। ਤੁਸੀਂ ਕੋਈ ਭਾਰਾ ਕੰਮ ਕਰਕੇ ਦੇਖੋ ਜਾਂ ਦੌੜ ਲਾਕੇ ਦੇਖੋ ਤਾਂ ਤੁਹਾਡੀ ਸਾਹ ਦੀ ਕਿਰਿਆ ਤੇਜ ਹੋ ਜਾਵੇਗੀ। ਜੇ ਕਰ ਗੁਰੂ ਜੀ ਅਜਿਹਾ ਝੂਠ ਦੱਸ ਕੇ ਗਏ ਹਨ ਤਾਂ ਦੱਸੋ ਕਿ ਅਜਿਹੇ ਗੁਰੂ ਨੂੰ ਕਿਉਂ ਮੰਨੀਏ? ਜੇ ਕਰ ਹੋਰ ਡੇਰਿਆਂ ਵਾਂਗ ਇਹ ਵੀ ਇੱਕ ਕਰਮਕਾਂਡੀ ਮਨਮਤੀ ਡੇਰਾ ਹੈ ਤਾਂ ਤੁਸੀਂ ਇਸ ਨੂੰ ਬਾਕੀ ਡੇਰਿਆਂ ਵਿੱਚ ਕਿਉਂ ਨਹੀਂ ਗਿਣਦੇ?
ਉੱਤਰ ੮: - ਸਵਾਲ ਨੰ: ੮ ਸਵਾਲ ਨੰ: ੭ ਦਾ ਹੀ ਦੁਹਰਾ ਹੈ ਇਥੇ ਇੱਕ ਵਾਰ ਫਿਰ ਦੁਹਰਾਉਦਾ ਹਾਂ ਕਿ ਗੁਰੂ ਗ੍ਰੰਥ ਸਾਹਿਬ ਹੀ ਆਪਣੇ ਆਪ ਵਿੱਚ ਇਕੋ ਇੱਕ ਸੰਮਪੂਰਨ ਟਕਸਾਲ ਹੈ ਜੋ ਖਰੇ ਸਿੱਕੇ ਸਮਾਜ ਵਿੱਚ ਚਲਣ ਵਾਲੇ ਘੜਨ ਦੇ ਸਮਰਥ ਹੈ। ਬਾਕੀ ਇਹ ਗਿਣਤੀਆਂ ਮਿਣਤੀਆਂ ਦਾ ਗੁਰਮਤਿ ਸਿਧਾਂਤ ਨਾਲ ਕੋਈ ਸਬੰਧ ਨਹੀਂ ਜੋ ਇਨ੍ਹਾਂ ਪੁਸਤਕਾ ਵਿੱਚ ਲਿਖਿਆ ਹੋਇਆ ਹੈ। ਬਾਕੀ ਡੇਰੇ ਸਾਰੇ ਡੇਰੇ ਹੀ ਹਨ। ਡੇਰੇ ਕਿਸੇ ਵਿੱਚ ਵੀ ਕੋਈ ਗੁਰਮਤਿ ਦੀ ਸਿਖਿਆ ਨਹੀਂ ਮਿਲਦੀ। ਜੇਕਰ ਇਨ੍ਹਾਂ ਨੂੰ ਪੁਛਿਆ ਜਾਏ ਕਿ ਅੱਜ ਕੱਲ ਤਾਂ ਅੱਖਰਾਂ ਦੀ ਗਿਣਤੀ ਕੰਪਪਿਊਟਰ ਨਾਲ ਕਰ ਲਈ ਜਾਂਦੀ ਹੈ ੨੪੦੦੦ ਨਹੀਂ ਬਣਦੀ ਤਾਂ ਕਹਿੰਦੇ ਇਹ ਗਿਣਤੀ ਕੰਮਪਿਊਟਰ ਨਹੀਂ ਦੱਸ ਸਕਦਾ ਜੋ ਮਹਾਪੁਰਖਾਂ ਨੇ ਕੀਤੀ ਹੈ, ਮਹਾਪੁਰਖਾਂ ਦਾ ਤਾਂ ਭਾਈ ਸੱਤੀ ਵੀਂਹ ਸੋ ਹੁੰਦਾ।
ਸਵਾਲ ਨੰ: 9:- ਅਕਾਲ ਤਖ਼ਤ ਦੇ ਅੱਖਰੀ ਅਰਥ ਤਾਂ ਇਹੀ ਬਣਦੇ ਹਨ ਕਿ ਕਾਲ ਤੋਂ ਰਹਿਤ ਅਕਾਲ ਪੁਰਖ ਦਾ ਸਿੰਘਾਸਣ। ਕੀ ਅਕਾਲ ਪੁਰਖ ਇੱਥੇ ਆਪ ਆ ਕੇ ਬੈਠਦਾ ਹੈ? ਕੀ ਉਹ ਸਾਰੇ ਸੰਸਾਰ ਦੀ ਕਾਰ ਇੱਥੋਂ ਹੀ ਚਲਾਉਂਦਾ ਹੈ? ਇਸ ਦੇ ਬਣਨ ਤੋਂ ਪਹਿਲਾਂ ਉਹ ਕਿਥੇ ਬੈਠਦਾ ਸੀ? ਕੀ ਗੁਰਬਾਣੀ ਅਨੁਸਾਰ ਅਕਾਲ ਪੁਰਖ ਦੀ ਕੋਈ ਇੱਕ ਜਗਾਹ/ਥਾਂ ਨਿਸ਼ਚਿਤ ਕੀਤੀ ਜਾ ਸਕਦੀ ਹੈ? ਕਈ ਇਹ ਵੀ ਕਹਿੰਦੇ ਹਨ ਕਿ ਅਕਾਲ ਪੁਰਖ ਦਾ ਸਿਧਾਂਤ ਇੱਥੋਂ ਲਾਗੂ ਹੋਣਾ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਹੁਣ ਤੱਕ ਅਕਾਲ ਪੁਰਖ ਦਾ ਕਿਹੜਾ ਸਿਧਾਂਤ ਇੱਥੋਂ ਲਾਗੂ ਕੀਤਾ ਹੈ? ਕਈ ਇਹ ਵੀ ਕਹਿੰਦੇ ਹਨ ਕਿ ਅਕਾਲ ਤਖ਼ਤ ਗੁਲਾਮ ਹੈ। ਇਸ ਦਾ ਮਤਲਬ ਤਾਂ ਇਹ ਵੀ ਹੋਇਆ ਕਿ ਅਕਾਲ ਪੁਰਖ ਆਪ ਵੀ ਕਿਸੇ ਦਾ ਗੁਲਾਮ ਹੈ। ਕੀ ਉਹ ਅਕਾਲ ਪੁਰਖ ਪਿਉ ਪੁੱਤ ਬਾਦਲਾਂ ਦੀ ਜੇਬ ਵਿੱਚ ਗੁਲਾਮ ਬਣੀ ਬੈਠਾ ਹੈ? ਜਾਂ ਫਿਰ ਤੁਸੀਂ ਇੱਥੇ ਬੈਠੇ ਬੰਦਿਆਂ/ਪੁਜਾਰੀਆਂ ਅਥਵਾ ਅਖੌਤੀ ਜਥੇਦਾਰਾਂ ਨੂੰ ਰੱਬ ਬਣਾ ਕੇ ਪੇਸ਼ ਕਰਨਾ ਚਾਹੁੰਦੇ ਹੋ? ਇਸ ਦਾ ਜਵਾਬ ਦੇਣ ਲਈ ਤੁਸੀਂ ਡਾ: ਦਿਲਗੀਰ ਦੀ ਇੱਕ ਵੀਡੀਓ ਤੋਂ ਸਹਾਇਤਾ ਲੈ ਸਕਦੇ ਹੋ ਜਿਸਦਾ ਲਿੰਕ ਇਹ ਹੈ:
ਉੱਤਰ ਨੰ: ੯: - ਪਹਿਲੀ ਗੱਲ ਤਾਂ ਇਹ ਹੈ ਗੁਰਮਤਿ ਸਿਧਾਂਤ ਅਨੁਸਾਰ ਅਕਾਲ ਸਰਬਵਿਆਪਕ ਹੈ, ਸਮੁੱਚੇ ਬ੍ਰਹਮੰਡ ਦੀ ਕਾਰ ਉਸਦੀ ਸਰਬਵਿਆਪਕਤਾ ਦੇ ਨਿਯਮ ਅਨੁਸਾਰ ਚਲਦੀ ਹੈ। ਕਿਸੇ ਇੱਕ ਥਾਂ ਦੇ ਨਾਲ ਉਸਨੂੰ ਜੋੜਨਾ ਉਸਦੀ ਸਰਬਵਿਆਪਕਤਾ ਤੇ ਸਵਾਲੀਆਂ ਚਿੰਨ ਖੜਾ ਕਰਨਾ ਹੈ। ਦੂਸਰੀ ਇਹ ਗੱਲ ਕਹਿਣੀ ਕਿ ਅਕਾਲ ਤਖਤ ਗੁਲਾਮ ਹੈ, ਇਹ ਗੱਲ ਇਹ ਸਾਬਤ ਕਰਦੀ ਹੈ ਕਿ ਇਹ ਗੱਲ ਕਹਿਣ ਵਾਲਿਆ ਲਈ ਗੁਰਬਚਨ ਸਿੰਘ ਤਖਤ ਹੈ ਅਤੇ ਬਾਦਲ ਕਹਿਣ ਵਾਲਿਆ ਲਈ ਅਕਾਲ ਹੈ, ਬਾਦਲ ਦਾ ਈ ਹੁਕਮ ਉਥੋ ਲਾਗੂ ਹੁੰਦਾ ਹੈ। ਇਹ ਹੀ ਸਾਬਤ ਹੁੰਦਾ ਅਤੇ ਹੋਇਆ ਅੱਜ ਤੱਕ। ਗੁਰਮਤਿ ਅਨਸਾਰੀ ਅਜੂਨੀ ਅਕਾਲ ਦਾ ਤਖਤ ਕਿਸੇ ਲੱਲੀ ਛੱਲੀ ਦਾ ਗੁਲਾਮ ਨਹੀ ਹੋ ਸਕਦਾ।
https://www.youtube.com/watch?v=bZUcUIA_76E

ਸਵਾਲ ਨੰ: 10:- ਸਿੱਖ ਧਰਮ ਨੂੰ ਮੰਨਣ ਵਾਲਿਆਂ ਵਿੱਚ ਕੇਸਾਂ ਦੀ ਬਹੁਤ ਮਹੱਤਤਾ ਦੱਸੀ ਜਾਂਦੀ ਹੈ। ਇਹ ਸਿੱਖਾਂ ਦੀਆਂ ਮਿੱਥੀਆਂ ਰਹਿਤਾਂ ਅਤੇ ਕੁਰਹਿਤਾਂ ਦੋਹਾਂ ਵਿੱਚ ਹੀ ਆਉਂਦੇ ਹਨ। ਗੁਰਬਾਣੀ ਵਿੱਚ ਵੀ ਕੇਸਾਂ ਬਾਰੇ ਕਈ ਸ਼ਬਦ ਮਿਲਦੇ ਹਨ। ਜਿਵੇਂ ਕਿ: ਕੇਸ ਸੰਗਿ ਦਾਸ ਪਗ ਝਾਰਉ ਇਹੈ ਮਨੋਰਥ ਮੋਰ।। ਪੰ. ੫੦੦
ਮੇਰੇ ਰਾਮ ਹਰਿ ਜਨ ਕੈ ਹਉ ਬਲਿ ਜਾਈ।। ਕੇਸਾ ਕਾ ਕਰਿ ਚਵਰੁ ਢੁਲਾਵਾ ਚਰਣ ਧੂੜਿ ਮੁਖਿ ਲਾਈ।। ਪੰ. ੭੪੯
ਕੇਸਾ ਕਾ ਕਰਿ ਬੀਜਨਾ ਸੰਤ ਚਉਰੁ ਢੁਲਾਵਉ।। ਸੀਸੁ ਨਿਹਾਰਉ ਚਰਣ ਤਲਿ ਧੂਰਿ ਮੁਖਿ ਲਾਵਉ।। ਪੰ. ੭੪੫

ਪਰ ਗੁਰਬਾਣੀ ਪਾਠ ਦਰਪਣ ਵਿੱਚ ਲਿਖਿਆ ਹੈ ਕਿ ਜੇ ਕਰ ਕਿਸੇ ਕਾਰਣ ਸਿੱਖ ਨਰਕਾਂ ਵਿੱਚ ਵੀ ਪੈ ਜਾਵੇ ਤਾਂ ਸਤਿਗੁਰੂ ਜੀ ਕੇਸਾਂ ਦੀ ਨਿਸ਼ਾਨੀ ਦੇਖ ਕੇ ਕੱਢ ਲੈਂਦੇ ਹਨ। ਹੁਣ ਤੁਸੀਂ ਦੱਸੋ ਕਿ ਕੇਸ ਤੁਸੀਂ ਨਰਕਾਂ ਦੇ ਡਰ ਕਾਰਨ ਰੱਖੇ ਹਨ? ਕੀ ਤੁਸੀਂ ਦੱਸ ਸਕਦੇ ਹੋ ਕਿ ਨਰਕ ਕਿਥੇ ਹੈ? ਕੀ ਗੁਰਬਾਣੀ ਨਰਕਾਂ ਸੁਰਗਾਂ ਨੂੰ ਮੰਨਦੀ ਹੈ? ਇਸ ਤਰ੍ਹਾਂ ਦੀਆਂ ਸਾਰੀਆਂ ਹੀ ਗੱਲਾਂ ਕਥਿਤ ਦਮਦਮੀ ਟਕਸਾਲ ਦੇ ਵੱਡੇ ਬ੍ਰਹਮਗਿਆਨੀ ਸੰਤ ਗੁਰਬਚਨ ਸਿੰਘ ਦੀਆਂ ਲਿਖੀਆਂ ਹੋਈਆਂ ਹਨ। ਜਰਨੈਲ ਸਿੰਘ ਭਿਡਰਾਂਵਾਲਾ ਵੀ ਸਾਰੀ ਸਿੱਖਿਆ ਇਸ ਗੁਰਬਚਨ ਸਿੰਘ ਤੋਂ ਹੀ ਲੈ ਕੇ ਆਇਆ ਸੀ। ਉਸ ਦੇ ਵੀ ਉਹੀ ਵਿਚਾਰ ਸਨ ਜੋ ਇਸ ਕਿਤਾਬ ਵਿੱਚ ਲਿਖੇ ਹੋਏ ਹਨ ਅਤੇ ਜੋ ਗੁਰਬਚਨ ਸਿੰਘ ਨੇ ਕਿਹਾ ਉਹੀ ਕੁੱਝ ਉਹ ਕਹਿੰਦਾ ਸੀ। ਇਸ ਦੀ ਮਿਸਾਲ ਤੁਹਾਨੂੰ ਮਰਦਾਨੇ ਦੇ ਬਰਾਂਡੀ ਪੀਣ ਕਾਰਨ ਮਰਾਸੀਆਂ/ਡੂਮਾਂ ਦੇ ਘਰੇ ਜੰਮਣ ਵਾਲੀ ਸਾਖੀ ਤੋਂ ਮਿਲ ਸਕਦੀ ਹੈ। ਇਹ ਔਡੀਓ ਤੁਸੀਂ ਹੇਠਾਂ ਐਰੋ ਤੇ ਕਲਿਕ ਕਰਕੇ ਸੁਣ ਸਕਦੇ ਹੋ:
ਉੱਤਰ ਨੰ: ੧੦: - ਪਹਿਲੀ ਗੱਲ ਇਹ ਕਿ ਕੇਸ ਕਰਤੇ ਦੀ ਕੁਦਰਤਿ ਦੀ ਅਦੁੱਤੀ ਦਾਤ ਹਨ। ਮਿਥੀਆਂ ਰਹਿਤਾ ਕੁਰਹਿਤਾਂ ਨੂੰ ਪਾਸੇ ਕਰਕੇ ਵੀ ਜੇ ਵੇਖੀਏ ਤਾਂ ਗੁਰਮਤਿ ਸਿਧਾਂਤ ਅਨੁਸਾਰ ਕੇਸ ਸਾਬਤ ਸੂਰਤ ਦਾ ਪ੍ਰਤੀਕ ਹਨ। ਇਨ੍ਹਾਂ ਦੀ ਕਹਾਣੀ ਇਹ ਸਾਬਤ ਕਰਦੀ ਹੈ ਕਿ ਕੇਸ ਰੱਖਣ ਵਾਲਾ ਜਿੰਨੀਆਂ ਮਰਜੀ ਕੁਰਹਿਤਾਂ ਕਰੇ ਅਖੀਰ ਉਸਨੂੰ ਗੁਰੂ ਜੀ ਨੇ ਨਰਕ ਵਿੱਚੋ ਬਾਹਰ ਕੱਢ ਹੀ ਲੈਣਾ ਹੈ। ਬਾਕੀ ਗੁਰਬਾਣੀ ਕਿਸੇ ਨਰਕ ਸਵਰਗ ਨੂੰ ਨਹੀ ਮੰਨਦੀ “ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ॥” ਗੁਰਮਤਿ ਅਨੁਸਾਰ ਕੋਈ ਨਰਕ ਸਵਰਗ ਨਹੀਂ ਅਤੇ ਬਾਕੀ ਵੀ ਸਾਰੀਆਂ ਨਿਰਅਧਾਰਤ ਕਹਾਣੀਆਂ ਸੀਨਾਂ ਬਸੀਨਾਂ ਦੀ ਉੱਪਜ ਹਨ, ਗੁਰਮਤਿ ਸਿਧਾਂਤ ਦਾ ਇਨ੍ਹਾਂ ਨਾਲ ਦੂਰ ਦਾ ਵੀ ਵਾਸਤਾ ਨਹੀਂ। ਸੋ ਬੇਨਤੀ ਹੈ ਹਰੇਕ ਨਾਨਕ ਨਾਮ ਲੇਵਾ ਸਿਖਾਂ ਨੂੰ ਗੁਰਮਤਿ ਸਿਧਾਂਤ ਨੂੰ ਸਮਝਕੇ ਸੱਚ ਨੂੰ ਆਪਣੇ ਜੀਵਣ ਦਾ ਅਧਾਰ ਬਣਾਉਣਾ ਚਾਹੀਦਾ ਹੈ।
ਬਲਦੇਵ ਸਿੰਘ ਟੋਰਾਂਟੋ


(ਨੋਟ:- ਇਹ ਲਿਖਤ ‘ਸਿੱਖ ਮਾਰਗ’ ਦੇ ਸੰਪਾਦਕ ਵਲੋਂ ਉਠਾਏ ਕੁੱਝ ਸਵਾਲਾ ਨਾਲ ਸੰਬੰਧਿਤ ਹੈ ਇਸ ਲਈ ਇਸ ਦਾ ਲਿੰਕ ਉਸ ਲੇਖ ਨਾਲ ਜੋੜ ਰਹੇ ਹਾਂ ਅਤੇ ਜੇ ਕਰ ਕੋਈ ਇਸ ਤੇ ਟਿੱਪਣੀ ਕਰਨਾ ਚਾਹੁੰਦਾ ਹੈ ਤਾਂ ਉਥੇ ਕਰ ਸਕਦਾ ਹੈ)

http://www.sikhmarg.com/2017/0827-sach-de-tlash.html




.