. |
|
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥
ਆਮ ਤੌਰ ਤੇ ਦਿਨ ਦੇ ਸੂਰਜ ਨਿਕਲਨ ਤੋਂ ਦੋ ਢਾਈ ਘੰਟੇ ਪਹਿਲਾਂ ਦੇ ਸਮੇ ਜਾਂ
ਵੇਲੇ ਨੂੰ ਅੰਮ੍ਰਿਤ ਵੇਲਾ ਮੰਨਿਆ ਜਾਂਦਾ ਹੈ। ਇਸ ਵੇਲੇ ਦੀ ਵਿਸ਼ੇਸ਼ਤਾ ਇਹ ਮੰਨੀ ਜਾਂਦੀ ਹੈ ਕਿ ਉਸ
ਸਮੇ ਆਵਾਜਾਈ ਤੇ ਸ਼ੋਰ ਸ਼ਰਾਬਾ ਘੱਟ ਹੋਣ ਕਾਰਨ ਵਾਤਾਵਰਨ ਬੜਾ ਟਿਕਾਉ ਵਾਲਾ ਹੁੰਦਾ ਹੈ ਅਤੇ ਨੀਂਦ
ਦੁਆਰਾ ਸਰੀਰ ਦਾ ਥਕੇਵਾਂ ਲਹਿ ਜਾਣ ਕਾਰਨ ਮਨ ਅਤੇ ਤਨ ਦੋਨੋ ਹੀ ਤਾਜ਼ਕੀ ਮਹਿਸੂਸ ਕਰਦੇ ਹਨ। ਬਾਹਰਲੀ
ਅਸ਼ਾਂਤੀ ਘਟਣ ਨਾਲ ਮਨ ਦੀ ਇਕਾਗਰਤਾ ਜਲਦੀ ਹੋ ਜਾਂਦੀ ਹੈ। ਇਹ ਵੇਲਾ ਜਾਂ ਸਮਾ ਸੂਰਜ ਤੇ ਅਧਾਰਿਤ ਹੈ
ਪਰ ਜਿਸ ਜਗਾ ਤੇ ਕਈ ਮਹੀਨੇ ਸੂਰਜ ਚੜ੍ਹਦਾ ਹੀ ਨਹੀ ਉਥੇ ਅੰਮ੍ਰਿਤ ਵੇਲੇ ਦੀ ਨਾ ਕੋਈ ਪਹਿਚਾਨ ਹੈ
ਤੇ ਨਾ ਹੀ ਕੋਈ ਮਹੱਤਾ ਰਹਿ ਜਾਂਦੀ ਹੈ। ਅੰਮ੍ਰਿਤ (ਆਬੇ ਹਯਾਤ ਜਾਂ ਸੋਮ ਰਸ) ਇੱਕ ਓਸ ਤਰਲ ਵਸਤੂ
ਨੂੰ ਮੰਨਿਆ ਜਾਂਦਾ ਹੈ ਜਿਸ ਦੇ ਪੀਣ ਨਾਲ ਮਨੁੱਖ ਅਮਰ (ਮੌਤ ਰਹਿਤ) ਹੋ ਜਾਵੇ ਪਰ ਹਰ ਕੋਈ ਜਾਣਦਾ
ਹੈ ਕਿ ਇਹ ਇੱਕ ਮਿੱਥ ਜਾਂ ਕਲਪਣਾ ਹੀ ਹੈ ਜਿਸ ਦੀ ਕੋਈ ਅਸਲੀਅਤ ਨਹੀ। ਗੁਰਬਾਣੀ ਵਿੱਚ ਅੰਮ੍ਰਿਤ
ਹਰੀ ਦੇ ਨਾਮ ਲਈ ਵਰਤਿਆ ਗਿਆ ਹੈ ਕਿਉਂਕਿ ਇਹ ਆਤਮਿਕ ਜੀਵਨ ਦਾ ਅਧਾਰ, ਸੋਮਾ ਜਾਂ ਸੂਰਜ ਹੈ ਇਸ ਲਈ
ਇਸ ਨੂੰ ਸੰਸਾਰਕ ਸਮੇ ਲਈ ਨਹੀ ਵਰਤਿਆ ਜਾ ਸਕਦਾ ਕਿਉਂਕਿ ਸੰਸਾਰਕ ਸਮੇ ਦਾ ਆਧਾਰ ਜਾਂ ਸੂਰਜ ਅਲੱਗ
ਹੈ। ਕੋਈ ਵੀ ਸੰਸਾਰਕ ਵੇਲਾ ਆਪੇ ਵਿੱਚ ਨਾ ਚੰਗਾ ਹੁੰਦਾ ਹੈ ਤੇ ਨਾ ਮਾੜਾ, ਸਮਾ ਸਭਨਾਂ ਲਈ ਇੱਕ
ਸਾਰ (ਇਕੋ ਜਿਹਾ) ਹੁੰਦਾ ਹੈ। ਜਿਥੇ ਕੋਈ ਮਿਥਿਆ ਵੇਲਾ ਇੱਕ ਲਈ ਖੁਛਹਾਲ, ਸੁਖਦਾਈ ਜਾਂ ਅੰਮ੍ਰਿਤ
ਮਈ ਹੋ ਸਕਦਾ ਹੈ, ਉਥੇ ਉਹੀ ਵੇਲਾ ਕਿਸੇ ਦੂਜੇ ਲਈ ਗਮਗੀਨ, ਦੁਖਦਾਈ ਜਾਂ ਬਿਖ-ਮਈ ਵੀ ਹੋ ਸਕਦਾ ਹੈ।
ਇਕੋ ਸਮੇ ਕਿਸੇ ਦੀ ਜਿੱਤ ਤੇ ਕਿਸੇ ਦੀ ਹਾਰ ਹੋ ਜਾਂਦੀ ਹੈ। ਇਸ ਲਈ ਸਮੇ ਦੀ ਆਪੇ ਵਿੱਚ ਕੋਈ ਮਹੱਤਾ
ਨਹੀ ਬਲਿਕੇ ਮਨ ਦੀ ਅਵਸਥਾ ਨੂੰ ਸਹਜ ਵਿੱਚ ਲਿਆਉਣ ਲਈ ਕੀਤੇ ਕਰਮ ਦੀ ਮਹੱਤਾ ਹੈ। ਕਿਤੇ ਇਹ ਪੜ੍ਹਨ
ਸੁਣਨ ਨੂੰ ਨਹੀ ਮਿਲਿਆ ਕਿ ਕੇਵਲ ਅੰਮ੍ਰਿਤ ਵੇਲੇ ਉਠਣ ਨਾਲ ਹੀ ਕਿਸੇ ਦਾ ਪਾਰ ਉਤਾਰਾ ਹੋ ਗਿਆ
ਹੋਵੇ। ਦੁਐਤ ਵਿੱਚ ਸਿਰਜੇ ਸੰਸਾਰ ਵਿੱਚ ਅਗਰ ਦਿਨ ਦਾ ਕੋਈ ਖਾਸ ਸਮਾ ਖੁਛਹਾਲ, ਸੁਖਦਾਈ ਜਾਂ
ਅੰਮ੍ਰਿਤ ਮਈ ਹੈ ਤਾਂ ਅਵੱਸ਼ਕ ਦਿਨ ਦਾ ਕੋਈ ਖਾਸ ਸਮਾ ਗਮਗੀਨ, ਦੁਖਦਾਈ ਜਾਂ ਬਿਖ ਮਈ ਵੀ ਜ਼ਰੂਰ
ਹੋਵੇਗਾ ਪਰ ਐਸਾ ਹੈ ਨਹੀ ਕਿਉਂਕਿ ਸੰਸਾਰੀ ਅੰਮ੍ਰਿਤ ਵੇਲੇ ਦੀ ਚਰਚਾ ਜਾਂ ਵਡਿਆਈ ਕਰਦੇ ਤਾਂ ਬਹੁਤ
ਸੁਣੇ ਹਨ ਪਰ ਬਿੱਖ ਵੇਲੇ ਦੀ ਚਰਚਾ ਸੁਣਨ ਵਿੱਚ ਨਹੀ ਆਈ। ਅਸਲ ਵਿੱਚ ਇਹ ਸਮੇ ਦੀ ਬੇਲੋੜੀ ਵੰਡ
ਮਨੁੱਖ ਨੇ ਹੀ ਪਾਈ ਹੈ ਰੱਬ ਨੇ ਨਹੀ। ਉਸ ਨੇ ਤਾਂ ਸਮੇ ਨੂੰ ਸਭਨਾਂ ਲਈ ਇੱਕ ਸਾਰ ਹੀ ਬਣਾਇਆ ਹੈ ਪਰ
ਮਨੁੱਖ ਨੇ ਆਪਣੀ ਮਨਮਤ ਅਨੁਸਾਰ ਵੰਡ ਪਾਈ ਹੈ। ਸੋ ਇੱਕ ਸਾਰ ਸਮੇ ਨੂੰ ਚੰਗਾ ਮਾੜਾ ਮੰਨਣ ਵਾਲੀ
ਮਨੁੱਖ ਦੇ ਆਪਣੇ ਮਨ ਦੀ ਅਵਸਥਾ ਹੀ ਹੈ। ਦੁੱਖ ਸੁੱਖ ਮਨੁੱਖ ਦੇ ਮਨ ਅੰਦਰ ਹੀ ਹਨ, ਕਿਤੇ ਬਾਹਰ
ਨਹੀ। ਹਕੀਕਤ ਤਾਂ ਇਹ ਹੈ ਕਿ ਅਗਿਆਨਤਾ ਕਾਰਨ ਮੋਹ ਮਾਇਆ ਦੀ ਨੀਂਦ ਵਿੱਚ ਸੁੱਤਾ ਸਭ ਸੰਸਾਰ ਹੀ
ਦੁਖੀ ਹੈ, ਜਿਸੁ ਮਾਨੁਖ ਪਹਿ
ਕਰਉ ਬੇਨਤੀ ਸੋ ਅਪਨੈ ਦੁਖਿ ਭਰਿਆ ॥ ਪਾਰਬ੍ਰਹਮੁ ਜਿਨਿ ਰਿਦੈ ਅਰਾਧਿਆ ਤਿਨਿ ਭਉ ਸਾਗਰੁ ਤਰਿਆ ॥ 497
ਇਸ ਲਈ ਅਗਰ ਅਗਿਆਨਤਾ ਹੀ ਮਨੁੱਖ ਦੇ ਦੁਖੀ ਮਨ ਦਾ ਕਾਰਨ ਹੈ ਤਾਂ ਅਵੱਸ਼
ਗੁਰਗਿਆਨ ਦੇ ਸੂਰਜ ਦਾ ਪ੍ਰਕਾਸ਼ ਮਨ ਨੂੰ ਸੁਖਦਾਈ ਬਣਾ ਦੇਵੇਗਾ। ਜਿਵੇਂ ਸਰੀਰ ਦੀ ਪਰਫੁਲਿਤਾ ਲਈ
ਬਾਹਰਲੇ ਸੂਰਜ ਦਾ ਪ੍ਰਕਾਸ਼ ਜ਼ਰੂਰੀ ਹੈ ਤਿਵੇਂ ਆਤਮਿਕ (ਮਨ ਦੀ) ਪਰਫੁਲਿਤਾ ਲਈ ਗਿਆਨ ਦਾ ਪ੍ਰਕਾਸ਼
ਜ਼ਰੂਰੀ ਹੈ। ਇਸ ਲਈ ਆਤਮਿਕ ਤੌਰ ਤੇ ਗੁਰਗਿਆਨ ਦੇ ਸੂਰਜ ਬਿਨਾ ਮਨੁੱਖ ਦੀ ਜ਼ਿੰਦਗੀ ਨੂੰ ਅਨੰਦਿਤ ਤੇ
ਸੁਖਦਾਈ ਨਹੀ ਬਣਾਇਆ ਜਾ ਸਕਦਾ ਤੇ ਇਹੀ ਕਾਰਨ ਹੈ ਕਿ ਗੁਰਬਾਣੀ ਮਨੁੱਖ ਦੇ ਮਨ (ਰਾਜੇ ਸੁਲਤਾਨ) ਦੀ
ਹੀ ਸੁਧਾਈ ਲਈ ਹੈ। ਸਰਬ ਸੁਖਾ
ਸੁਖੁ ਸਾਚਾ ਏਹੁ ॥ ਗੁਰ ਉਪਦੇਸੁ ਮਨੈ ਮਹਿ ਲੇਹੁ ॥
177 ਸਤਿਗੁਰ ਦਾ ਉਪਦੇਸ਼ ਹੀ ਸਾਰੇ ਸੁਖਾਂ ਤੋਂ ਸ੍ਰੇਸ਼ਟ
ਸੁੱਖ ਹੈ। ਗੁਰਬਾਣੀ ਫੁਰਮਾਨ ਹੈ:
ਅੰਮ੍ਰਿਤੁ ਹਰਿ ਕਾ ਨਾਮੁ ਹੈ ਜਿਤੁ
ਪੀਤੈ ਤਿਖ ਜਾਇ ॥ ਨਾਨਕ ਗੁਰਮੁਖਿ ਜਿਨ੍ਹ੍ਹ ਪੀਆ ਤਿਨ੍ਹ੍ਹ ਬਹੁੜਿ ਨ ਲਾਗੀ ਆਇ ॥ 1283
ਅਗਰ ਹਰੀ ਦਾ ਨਾਮ (ਹੁਕਮ) ਹੀ ਅੰਮ੍ਰਿਤ (ਆਤਮਿਕ ਤੇ ਅਨੰਦਿਕ ਜੀਵਨ ਦੇਣ
ਵਾਲਾ) ਹੈ ਤਾਂ ਜਦੋਂ ਵੀ ਕੋਈ ਇਸ ਅੰਮ੍ਰਿਤ ਨਾਲ ਜੁੜੇਗਾ ਉਹੀ ਉਸ ਲਈ (ਆਤਮਿਕ) ਅੰਮ੍ਰਿਤ ਵੇਲਾ ਬਣ
ਜਾਵੇਗਾ। ਵੇਲੇ ਨੂੰ ਅੰਮ੍ਰਿਤ ਵੇਲਾ ਬਨਾਉਣ ਵਾਲਾ ਹਰੀ ਦਾ ਨਾਮ ਹੀ ਹੈ। ਸੰਸਾਰੀ ਪੱਖ ਨੂੰ ਆਤਮਿਕ
ਪੱਖ ਨਾਲ ਰਲਗੱਡ ਕਰਨ ਨਾਲ ਵੀ ਉਲਝਣ ਪੈਦਾ ਹੋ ਜਾਂਦੀ ਹੈ ਜਿਵੇਂ ਸੰਸਾਰੀ ਅੰਮ੍ਰਿਤ ਵੇਲਾ ਬਾਹਰਲੇ
ਸੂਰਜ ਤੇ ਅਧਾਰਿਤ ਹੈ ਪਰ ਆਤਮਿਕ ਅੰਮ੍ਰਿਤ ਵੇਲਾ ਸਚ (ਗੁਰਗਿਆਨ) ਦੇ ਸੂਰਜ ਤੇ ਅਧਾਰਿਤ ਹੈ। ਦੋਨਾਂ
ਦੇ ਸੂਰਜ ਵਖਰੇ ਹਨ। ਦੁਨਿਆਵੀ ਅੰਮ੍ਰਿਤ ਵੇਲਾ ਬਾਹਰਲੇ ਸੂਰਜ ਚੜਨ ਤੋਂ ਪਹਿਲਾਂ ਹੈ ਪਰ ਅਧਿਆਤਮਿਕ
ਅੰਮ੍ਰਿਤ ਵੇਲਾ ਸਚ (ਗੁਰਗਿਆਨ) ਦਾ ਸੂਰਜ ਚੜ੍ਹਨ ਨਾਲ ਹੈ। ਇਹਨਾਂ ਦੁਨਿਆਵੀ ਤੇ ਅਧਿਆਤਮਿਕ ਪੱਖਾਂ
ਨੂੰ ਰਲਗਡ ਨਹੀ ਕੀਤਾ ਜਾ ਸਕਦਾ। ਜਿਵੇਂ ਦੁਨਿਆਵੀ ਪਾਣੀ ਮਨ ਦੀ ਮੈਲ ਧੋਣ ਦੇ ਸਮਰੱਥ ਨਹੀ ਤਿਵੇਂ
ਦੁਨਿਆਵੀ ਸੂਰਜ ਮਨ ਅੰਦਰ (ਗਿਆਨ ਦਾ) ਪ੍ਰਕਾਸ਼ ਕਰਨ ਦੇ ਸਮਰੱਥ ਨਹੀ ਇਸ ਲਈ ਦੁਨਿਆਵੀ ਅੰਮ੍ਰਿਤ
ਵੇਲੇ ਦਾ ਆਤਮਿਕ ਅੰਮ੍ਰਿਤ ਵੇਲੇ ਨਾਲ ਕੋਈ ਸੰਬੰਧ ਨਹੀ ਹੋ ਸਕਦਾ। ਗੁਰਬਾਣੀ ਸਪਸ਼ਟ ਕਰਦੀ ਹੈ:
ਸਾ ਵੇਲਾ ਕਹੁ ਕਉਣੁ ਹੈ ਜਿਤੁ
ਪ੍ਰਭ ਕਉ ਪਾਈ ॥ 709 ਉਹ ਕਿਹੜਾ ਵੇਲਾ ਹੈ ਜਦੋਂ
ਪ੍ਰਭੂ (ਅਨੰਦ ਦੇ ਸੋਮੇ ਅੰਮ੍ਰਿਤ) ਨੂੰ ਪਾਇਆ ਜਾ ਸਕੇ? ਇਥੇ ਬਾਹਰਲੇ ਸੂਰਜ ਨਾਲ ਸੰਬੰਧਿਤ
ਅੰਮ੍ਰਿਤ ਵੇਲੇ ਦੀ ਮਹੱਤਾ ਨਹੀ ਦਰਸਾਈ ਪਰ ਅੰਦਰੂਨੀ ਆਤਮਿਕ ਅੰਮ੍ਰਿਤ ਵੇਲੇ ਦਾ ਜ਼ਿਕਰ ਜ਼ਰੂਰ ਹੋਇਆ
ਹੈ। ਸੋ ਮੂਰਤੁ ਭਲਾ ਸੰਜੋਗੁ
ਹੈ ਜਿਤੁ ਮਿਲੈ ਗੁਸਾਈ ॥ (709) ਉਹੀ ਵੇਲਾ
ਭਾਗਾਂ ਵਾਲਾ (ਅੰਮ੍ਰਿਤ ਮਈ) ਹੈ ਜਦੋਂ ਧਰਤੀ ਦਾ ਸਾਈਂ ਮਿਲ ਪੈਂਦਾ ਹੈ। ਭਾਵ, ਧਰਤੀ ਦੇ ਸਾਈਂ (ਸਚ
ਦੇ ਸੂਰਜ ਚੜ੍ਹਨ) ਨਾਲ ਹੀ ਵੇਲਾ ਭਾਗਾਂ ਵਾਲਾ (ਅੰਮ੍ਰਿਤ ਵੇਲਾ) ਬਣਿਆ ਹੈ, ਉਸ ਤੋਂ ਪਹਿਲਾਂ ਵੇਲਾ
ਅੰਮ੍ਰਿਤ ਮਈ ਨਹੀ ਸੀ। ਮਹੱਤਾ ਗੁਸਾਈਂ ਦੇ ਮਿਲਣ ਦੀ ਹੈ, ਸਮੇ ਦੀ ਨਹੀ। ਸਾਈਂ ਦੇ ਮਿਲਾਪ ਬਿਨਾ
ਸਮਾ ਭਾਗਾਂ ਵਾਲਾ ਨਹੀ ਹੋ ਸਕਦਾ। ਕਿਉਂਕਿ ਗੁਰਬਾਣੀ, (ਗੁਰਸ਼ਬਦ) ਹੀ ਅੰਮ੍ਰਿਤ ਹੈ:
ਗੁਰ ਕਾ ਸਬਦੁ ਅੰਮ੍ਰਿਤੁ ਹੈ ਸਭ ਤ੍ਰਿਸਨਾ ਭੁਖ ਗਵਾਏ ॥ ਹਰਿ ਰਸੁ ਪੀ
ਸੰਤੋਖੁ ਹੋਆ ਸਚੁ ਵਸਿਆ ਮਨਿ ਆਏ ॥ 850 ਇਸ ਲਈ
ਗੁਰਗਿਆਨ (ਗੁਰਸ਼ਬਦ) ਦੇ ਅੰਦਰ ਵਸਣ ਨਾਲ ਹੀ ਆਤਮਿਕ ਅੰਮ੍ਰਿਤ ਵੇਲਾ ਹੈ ਜਿਸ ਦਾ ਬਾਹਰੀ ਸਮੇ ਨਾਲ
ਕੋਈ ਸੰਬੰਧ ਨਹੀ। ਅਗਰ ਗੁਰਬਾਣੀ ਅੰਮ੍ਰਿਤ ਹੈ ਤਾਂ ਅਵੱਸ਼ਕ ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਧਾਰਨ
ਕਰਨ ਵਾਲਾ ਅੰਮ੍ਰਿਤਧਾਰੀ (ਗੁਰਮੁਖ) ਹੋਵੇਗਾ ਇਸ ਲਈ ਆਤਮਿਕ ਅੰਮ੍ਰਿਤ ਵੇਲਾ ਵੀ ਅੰਮ੍ਰਿਤਧਾਰੀ
(ਗੁਰਮੁਖ) ਲਈ ਹੀ ਹੋ ਸਕਦਾ ਹੈ। ਗੁਰਬਾਣੀ ਅਨੁਸਾਰ, ਖੰਡੇ ਦੀ ਪਾਹੁਲ (ਇਕ ਤਰਲ ਵਸਤੂ) ਅੰਮ੍ਰਿਤ
ਨਹੀ ਹੋ ਸਕਦੀ ਕਿਉਂਕਿ ਗੁਰਬਾਣੀ ਦਾ ਹੀ ਕਥਨ ਹੈ ਕਿ:
ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ
ਮਾਹਿ ॥ ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ ॥ ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ
ਪਰਸਾਦਿ ॥ ਤਿਨ੍ਹ੍ਹੀ ਪੀਤਾ ਰੰਗ ਸਿਉ ਜਿਨ੍ਹ੍ਹ ਕਉ ਲਿਖਿਆ ਆਦਿ ॥ 1238
ਨਾਮ (ਗੁਰਬਾਣੀ) ਬਿਨਾ ਕੋਈ ਦੂਜਾ ਅੰਮ੍ਰਿਤ ਹੋ ਹੀ ਨਹੀ ਸਕਦਾ। ਕੀਰਤਨੀਆਂ, ਕਥਾਕਾਰਾਂ ਤੇ
ਪ੍ਰਚਾਰਕਾਂ ਕੋਲੋਂ ਸੰਸਾਰੀ ਅੰਮ੍ਰਿਤ ਵੇਲੇ ਜਾਂ ਅੰਮ੍ਰਿਤਧਾਰੀ ਦੀ ਵਿਸ਼ੇਸ਼ਤਾ ਆਮ ਸੁਣੀ ਜਾ ਸਕਦੀ
ਹੈ ਪਰ ਆਤਮਿਕ ਅੰਮ੍ਰਿਤ ਵੇਲੇ ਜਾਂ ਅੰਮ੍ਰਿਤਧਾਰੀ ਦੀ ਗਲ ਕੋਈ ਵਿਰਲਾ ਹੀ ਕਰਦਾ ਹੈ। ਗੁਰ ਉਪਦੇਸ਼
ਹੈ ਕਿ: ਅੰਮ੍ਰਿਤ ਵੇਲਾ ਸਚੁ
ਨਾਉ ਵਡਿਆਈ ਵੀਚਾਰੁ ॥ ਸਚੇ ਨਾਮ ਦੀ ਵਡਿਆਈ
ਵੀਚਾਰ ਹੀ ਅੰਮ੍ਰਿਤ ਵੇਲਾ ਹੈ, ਨਾਮ ਦੀ ਵਡਿਆਈ ਵੀਚਾਰ ਹੀ ਵੇਲੇ ਨੂੰ ਅੰਮ੍ਰਿਤ ਵੇਲਾ ਬਣਾਉਂਦੀ
ਹੈ, ਸਚੇ ਨਾਮ ਦੀ ਵਡਿਆਈ ਵੀਚਾਰ ਤੋਂ ਬਿਨਾ ਵੇਲਾ ਅੰਮ੍ਰਿਤ ਮਈ ਨਹੀ ਹੋ ਸਕਦਾ। ਆਤਮਿਕ ਅੰਮ੍ਰਿਤ
ਵੇਲੇ ਦਾ ਸੰਬੰਧ ਘੜੀ ਦੇ ਵਕਤ ਨਾਲ ਨਹੀ, ਗਿਆਨ ਦੇ ਸੂਰਜ ਚੜਨ ਨਾਲ ਹੈ ਜੋ ਕਦੇ ਵੀ ਹੋ ਸਕਦਾ ਹੈ।
ਸਵੇਰੇ, ਦੁਪਹਿਰੇ, ਛਾਮ ਨੂੰ ਜਾਂ ਰਾਤ ਵੇਲੇ ਜਦੋਂ ਵੀ ਸਚੇ ਨਾਮ ਦੀ ਵਡਿਆਈ ਵੀਚਾਰ ਹੋਵੇ, ਗਿਆਨ
ਦਾ ਸੂਰਜ ਉਦੇ ਹੋਵੇ, ਉਦੋਂ ਹੀ (ਅਧਿਆਤਮਿਕ) ਅੰਮ੍ਰਿਤ ਵੇਲਾ ਹੈ। ਇਸ ਲਈ ਆਤਮਿਕ ਅੰਮ੍ਰਿਤ ਵੇਲੇ
ਦੀ ਉਡੀਕ ਨਹੀ ਕਰਨੀ ਪੈਂਦੀ, ਕਿਉਂਕਿ ਗੁਰਗਿਆਨ ਦੇ ਸੂਰਜ ਚੜ੍ਹਨ ਸਾਰ ਹੀ (ਵਰਤਮਾਨ) ਵੇਲਾ
ਅੰਮ੍ਰਿਤ ਹੋ ਜਾਂਦਾ ਹੈ।
(1)
ਸਾ ਵੇਲਾ ਪਰਵਾਣੁ ਜਿਤੁ ਸਤਿਗੁਰੁ ਭੇਟਿਆ ॥ ਹੋਆ ਸਾਧੂ ਸੰਗੁ ਫਿਰਿ ਦੂਖ ਨ ਤੇਟਿਆ ॥ 520
ਗੁਰਮਤ ਅਨੁਸਾਰ ਵੇਲਾ ਉਹੀ ਪ੍ਰਵਾਣ ਹੁੰਦਾ ਹੈ, ਭਾਵ ਵੇਲਾ ਉਦੋਂ ਹੀ ਅੰਮ੍ਰਿਤ ਵੇਲਾ ਬਣਦਾ ਹੈ
ਜਦੋਂ ਸਤਿਗੁਰ ਦੀ ਸੰਗਤ ਹੁੰਦੀ ਹੈ। ਮਹੱਤਾ ਸਤਿਗੁਰ (ਗੁਰਬਾਣੀ) ਦੀ ਸੰਗਤ ਦੀ ਹੈ, ਜਿਸ ਨੇ ਦੁਖਾਂ
ਤੋਂ ਬਚਾਉਣਾ ਹੈ, ਸਮੇ ਦੀ ਨਹੀ।
(2)
ਧੰਨੁ ਸੁ ਵੇਲਾ ਘੜੀ ਧੰਨੁ ਧਨੁ ਮੂਰਤੁ ਪਲੁ ਸਾਰੁ ॥ ਧੰਨੁ ਸੁ ਦਿਨਸੁ ਸੰਜੋਗੜਾ ਜਿਤੁ ਡਿਠਾ ਗੁਰ
ਦਰਸਾਰੁ ॥ 958 ਗੁਰੂ ਦੇ ਦਰਸ਼ਨਾਂ ਨਾਲ ਹੀ ਉਹ
ਵੇਲਾ, ਉਹ ਘੜੀ, ਉਹ ਮਹੂਰਤ, ਉਹ ਪਲ, ਉਹ ਦਿਨ ਤੇ ਉਹ ਸੋਹਣਾ ਸੰਜੋਗ ਅੰਮ੍ਰਿਤ ਰੂਪੀ ਬਣਦੇ ਹਨ।
ਵਡਿਆਈ ਗੁਰੂ ਦੇ ਦਰਸ਼ਨਾਂ (ਗੁਰਬਾਣੀ) ਦੀ ਹੈ, ਵੇਲੇ ਦੀ ਨਹੀ।
(3)
ਦਿਨੁ ਰੈਣਿ ਸਭ ਸੁਹਾਵਣੇ ਪਿਆਰੇ ਜਿਤੁ ਜਪੀਐ ਹਰਿ ਨਾਉ ॥ 431
ਨਾਮ (ਹੁਕਮ, ਗੁਰਬਾਣੀ)) ਦੇ ਲੜ ਲਗਣ ਨਾਲ ਹੀ ਦਿਨ ਰਾਤ ਸੁਹਾਵਣੇ ਭਾਵ ਅੰਮ੍ਰਿਤ ਮਈ ਬਣਦੇ ਹਨ।
ਸਤਿਗੁਰੂ ਨੂੰ ਭੇਟਣ ਨਾਲ, ਉਸ ਦੀ ਸੰਗਤ ਨਾਲ, ਸ਼ਬਦ ਵੀਚਾਰ ਨਾਲ ਤੇ ਨਾਮ (ਹੁਕਮ) ਨਾਲ ਜੁੜ ਕੇ ਹੀ
ਅੰਮ੍ਰਿਤ ਵੇਲਾ ਨਸੀਬ ਹੋ ਸਕਦਾ ਹੈ। ਜੀਵਨ ਦੀ ਦੌੜ ਵਿੱਚ ਜਦੋਂ ਵੀ ਮਨੁੱਖ ਗੁਰਗਿਆਨ ਦੇ ਸੂਰਜ
ਚੜ੍ਹਨ ਨਾਲ ਅਗਿਆਨਤਾ ਦੀ ਨੀਂਦ ਵਿਚੋਂ ਜਾਗਦਾ ਹੈ ਉਹੀ ਉਸ ਦੇ ਜੀਵਨ ਦਾ ਅੰਮ੍ਰਿਤ ਵੇਲਾ ਹੈ।
ਬਾਹਰੀ ਸੂਰਜ ਚੜ੍ਹਨ ਨਾਲ ਉਸ ਦਾ ਕੋਈ ਵਾਸਤਾ ਨਹੀ। ਗੁਰਬਾਣੀ ਫੁਰਮਾਨ ਹੈ:
ਝਾਲਾਘੇ ਉਠਿ ਨਾਮੁ ਜਪਿ ਨਿਸਿ ਬਾਸੁਰ
ਆਰਾਧਿ ॥ ਕਾਰ੍ਹਾ ਤੁਝੈ ਨ ਬਿਆਪਈ ਨਾਨਕ ਮਿਟੈ ਉਪਾਧਿ ॥ 255
ਅਗਰ ਪ੍ਰਭੂ ਨੂੰ ਰਾਤ ਦਿਨ (ਨਿਸਿ ਬਾਸੁਰ) ਆਰਾਧਣਾ ਹੈ ਤਾਂ (ਬਾਹਰੀ) ਅੰਮ੍ਰਿਤ ਵੇਲੇ ਦੀ ਵਿਸ਼ੇਸ਼ਤਾ
ਕੀ ਹੋਈ? ਪਰ ਜ਼ਿੰਦਗੀ ਵਿੱਚ ਜਦੋਂ ਵੀ ਨਾਮ (ਹੁਕਮ) ਨਾਲ ਜੁੜਨਾ ਆਰੰਭ ਹੋਇਆ, ਗਿਆਨ ਦਾ ਸੂਰਜ ਉਦੇ
ਹੋਇਆ, ਉਹੀ ਆਤਮਿਕ ਅੰਮ੍ਰਿਤ ਵੇਲਾ (ਝਾਲਾਘੇ ਵੇਲਾ) ਹੋਵੇਗਾ, ਬਾਹਰੋਂ ਭਾਵੇਂ ਸਵੇਰ, ਦੁਪਹਿਰ,
ਛਾਮ ਜਾਂ ਰਾਤ ਹੀ ਕਿਉਂ ਨਾ ਹੋਵੇ। ਨਿਸਿ ਬਾਸੁਰ, ਖਿਨ ਖਿਨ, ਪਲ ਪਲ ਹੁਕਮ ਰਜਾਈਂ ਚਲਣ ਵਾਲੇ
(ਗੁਰਮੁਖ) ਲਈ ਤਾਂ ਸਦਾ (ਹਰ ਪਲ) ਅੰਮ੍ਰਿਤ ਵੇਲਾ ਹੈ ਪਰ ਆਪਣੇ ਭਾਣੇ ਚਲਣ ਵਾਲੇ (ਮਨਮੁਖ) ਲਈ ਕਦੇ
ਆਤਮਿਕ ਅੰਮ੍ਰਿਤ ਵੇਲਾ ਨਹੀ ਹੋ ਸਕਦਾ।
ਵੇਲਾ ਵਖਤ ਸਭਿ ਸੁਹਾਇਆ ॥ ਜਿਤੁ ਸਚਾ ਮੇਰੇ ਮਨਿ ਭਾਇਆ ॥
115 ਉਹ ਸਾਰੇ ਵੇਲੇ ਜਾਂ ਵਕਤ ਸੋਹਣੇ (ਅੰਮ੍ਰਿਤ ਮਈ) ਹਨ ਜਦੋਂ ਪ੍ਰਭੂ ਪਿਆਰਾ ਮਨ ਵੱਸ ਜਾਵੇ।
ਕਸਵੱਟੀ ਪਿਆਰੇ ਪ੍ਰਭੂ ਦੇ ਮਨ ਵਸਣ ਦੀ ਹੈ, ਆਤਮਿਕ ਗਿਆਨ ਦਾ ਸੂਰਜ ਚੜ੍ਹਨ ਦੀ ਹੈ, ਦਿਨ ਦੇ ਕਿਸੇ
ਮਿਥੇ ਪਹਿਰ ਦੀ ਨਹੀ। ਹਰਿ
ਧਨੁ ਅੰਮ੍ਰਿਤ ਵੇਲੈ ਵਤੈ ਕਾ ਬੀਜਿਆ ਭਗਤ ਖਾਇ ਖਰਚਿ ਰਹੇ ਨਿਖੁਟੈ ਨਾਹੀ ॥ 734
ਭਗਤ ਇਹ ਹੁਕਮ ਰਜਾਈਂ ਚਲਣ (ਨਾਮ ਜਪਣ) ਦੇ ਜਾਂ ਸੱਚੇ ਨਾਮ
ਦੀ ਵਡਿਆਈ ਦੇ ਧਨ ਦਾ ਜੀਵਨ ਵਿੱਚ ਹਰ ਪਲ ਤੇ ਨਿਸ ਬਾਸੁਰ ਵਣਜ ਕਰਦੇ ਰਹਿੰਦੇ ਹਨ, ਜੋ ਖਰਚ ਕਰਦਿਆਂ
ਵੀ ਕਦੇ ਨਹੀ ਨਿਖੁਟਦਾ। ਇਹ ਨਿਖੁੱਟ ਇਸ ਲਈ ਹੈ ਕਿਉਂਕਿ ਇਸ ਦਾ ਖੱਟਣਾ ਵੀ ਨਿਸ ਬਾਸੁਰ (ਰਾਤ ਦਿਨ)
ਹੈ, ਇਸ ਲਈ ਇਸ ਦੇ ਘਟਣ ਦੀ ਕੋਈ ਗੁੰਜਾਇਸ਼ ਨਹੀ।
ਸਰੀਰਕ ਨੀਂਦ ਦਾ ਸੰਬੰਧ ਸਰੀਰ ਨਾਲ ਹੈ ਜੋ ਸਰੀਰ ਦੀ ਤੰਦਰੁਸਤੀ ਲਈ ਅਤਿ
ਜ਼ਰੂਰੀ ਹੈ ਇਸ ਲਈ ਗੁਰਬਾਣੀ ਨੂੰ ਕੁਦਰਤੀ ਸਰੀਰਕ ਨੀਂਦ ਦੀ ਕੋਈ ਸਮੱਸਿਆ ਨਹੀ, ਕਿਸ ਵੇਲੇ ਤੇ
ਕਿੰਨੇ ਸਮੇ ਲਈ ਕੋਈ ਸੌਂਦਾ ਜਾਂ ਜਾਗਦਾ ਹੈ, ਇਸ ਦੀ ਕੋਈ ਸਮੱਸਿਆ ਨਹੀ, ਪਰ ਗੁਰਬਾਣੀ ਮਨ ਨੂੰ,
ਅਗਿਆਨਤਾ ਕਾਰਨ, ਮੋਹ ਮਾਇਆ ਦੀ ਨੀਂਦ ਤੋਂ ਜਗਾਉਣਾ ਚਹੁੰਦੀ ਹੈ ਕਿਉਂਕਿ ਅਗਰ ਮਨੁੱਖ ਜੀਵਨ ਦੀ ਦੌੜ
ਵਿੱਚ ਅਗਿਆਨਤਾ ਦੀ ਨੀਂਦ ਸੁੱਤਾ ਰਿਹਾ ਤਾਂ ਉਸ ਦਾ ਆਤਮਿਕ ਅੰਮ੍ਰਿਤ ਵੇਲਾ ਕਦੇ ਨਹੀ ਹੋਵੇਗਾ।
ਜਦੋਂ ਆਤਮਿਕ ਸੂਰਜ ਹੀ ਨਹੀ ਚੜ੍ਹਿਆ ਤਾਂ ਅੰਮ੍ਰਿਤ ਵੇਲੇ ਦਾ ਤਾਂ ਸਵਾਲ ਹੀ ਨਹੀ ਉਠਦਾ ਅਤੇ ਜੀਵਨ
ਵਿਅਰਥ ਹੀ ਚਲਾ ਜਾਵੇਗਾ:
ਜਾਗਤੁ ਸੋਇਆ ਜਨਮੁ ਗਵਾਇਆ ॥ ਮਾਲੁ ਧਨੁ ਜੋਰਿਆ ਭਇਆ ਪਰਾਇਆ ॥ 792
ਮਨੁੱਖ ਸਰੀਰਕ ਤੌਰ ਤੇ ਜਾਗਦਾ ਹੋਇਆ ਵੀ ਆਤਮਿਕ ਤੌਰ ਤੇ (ਮੋਹ ਮਾਇਆ ਦੀ ਨੀਂਦ ਵਿੱਚ) ਸੁੱਤਾ ਹੋਇਆ
ਹੈ। ਇਸ ਲਈ ਬਾਣੀ ਸੂਚਤ ਕਰਦੀ ਹੈ ਕਿ ਅਗਰ ਗਾਫਲ ਹੋ ਕੇ ਸਾਰਾ ਜੀਵਨ ਅਗਿਆਨਤਾ ਦੀ ਨੀਂਦ ਵਿੱਚ
ਸੁੱਤਾ ਰਿਹਾ ਤਾਂ ਤੇਰੇ ਲਈ ਆਤਮਿਕ ਅੰਮ੍ਰਿਤ ਵੇਲਾ ਕਦੇ ਨਹੀ ਹੋਣਾ। ਗੁਰਬਾਣੀ ਟੁੰਬ ਕੇ ਮਨੁੱਖ
ਨੂੰ ਮੋਹ ਮਾਇਆ ਦੀ ਨੀਂਦ ਵਿਚੋਂ ਜਗਾਉਂਦੀ ਹੈ:
ਜਾਗੁ ਸਲੋਨੜੀਏ ਬੋਲੈ ਗੁਰਬਾਣੀ ਰਾਮ ॥
ਜਿਨਿ ਸੁਣਿ ਮੰਨਿਅੜੀ ਅਕਥ ਕਹਾਣੀ ਰਾਮ ॥ 844
ਕਿਉਂਕਿ ਇਸ ਅਗਿਆਨਤਾ ਦੀ ਨੀਂਦ ਵਿਚੋਂ ਜਾਗੇ ਬਿਨਾ ਆਤਮਿਕ ਅੰਮ੍ਰਿਤ ਵੇਲਾ ਕਦੇ ਨਹੀ ਹੋਣਾ ਭਾਵੇਂ
ਸੰਸਾਰੀ ਅੰਮ੍ਰਿਤ ਵੇਲਾ ਲੱਖ ਵਾਰੀ ਹੋਈ ਜਾਵੇ:
ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ॥ ਏਤੇ ਚਾਨਣ ਹੋਦਿਆਂ ਗੁਰ ਬਿਨੁ
ਘੋਰ ਅੰਧਾਰ ॥ 463 ਹਜ਼ਾਰਾਂ ਸੰਸਾਰੀ ਸੂਰਜਾਂ ਦੇ
ਹੁੰਦਿਆਂ ਵੀ, ਗੁਰਗਿਆਨ (ਆਤਮਿਕ ਸੂਰਜ) ਬਿਨਾ, ਮਨ ਅੰਦਰ (ਅਗਿਆਨਤਾ ਦਾ) ਘੁੱਪ ਹਨੇਰਾ ਹੀ ਰਹੇਗਾ
ਤੇ ਕਦੇ ਅੰਮ੍ਰਿਤ ਵੇਲਾ ਨਹੀ ਹੋਵੇਗਾ। ਮੂੰਹ ਹਨੇਰੇ ਉਠ ਕੇ ਕਿਸੇ ਇੱਕ ਸ਼ਬਦ ਨੂੰ ਜਾਪ ਬਣਾ ਕੇ ਰਟਣ
ਦੇ ਵਿਅਰਥ ਕਰਮ ਕਾਂਡ ਨਾਲ ਨਾ ਗੁਰਗਿਆਨ ਦਾ ਸੂਰਜ ਚੜ੍ਹ ਸਕਦਾ ਹੈ ਤੇ ਨਾ ਹੀ ਅੰਮ੍ਰਿਤ ਵੇਲਾ ਹੋ
ਸਕਦਾ ਹੈ ਕਿਉਂਕਿ ਅਧਿਆਤਮਿਕ ਅੰਮ੍ਰਿਤ ਵੇਲੇ ਦਾ ਸੰਬੰਧ (ਅੰਦਰੂਨੀ ਸੂਰਜ) ਗੁਰਸ਼ਬਦ ਵੀਚਾਰ ਨਾਲ
ਹੈ। ਵੇਖਣ ਵਿੱਚ ਆਇਆ ਹੈ ਕਿ ਪਹੁ ਫੁਟਾਲੇ ਉਠਕੇ, ਇਸ਼ਨਾਨ ਪਾਣੀ ਕਰਕੇ ਅਖੌਤੀ ਨਾਮ ਜਪਣ ਵਾਲਿਆਂ
ਨੂੰ ਪੁਛਣਾ ਨਹੀ ਪੈਂਦਾ ਕਿ ਤੜਕੇ ਕਦੋਂ ਉਠਦੇ ਹੋ, ਉਹ ਬਿਨਾ ਪੁਛੇ ਆਪ ਹੀ ਦੱਸਣ ਲਈ ਕ੍ਹਾਲੇ
ਹੁੰਦੇ ਹਨ। ਦਰਗਹ ਨਾਮੁ
ਹਦੂਰਿ ਗੁਰਮੁਖਿ ਜਾਣਸੀ ॥ ਵੇਲਾ ਸਚੁ ਪਰਵਾਣੁ ਸਬਦੁ ਪਛਾਣਸੀ ॥ 422
ਨਾਮ (ਹੁਕਮ) ਨਾਲ ਜੁੜਨਾ ਹੀ ਪ੍ਰਵਾਨ (ਸਫਲ) ਹੈ ਇਸ ਲਈ
ਵੇਲਾ ਉਹੀ ਪ੍ਰਵਾਨ, ਸਫਲ ਤੇ ਅੰਮ੍ਰਿਤ ਮਈ ਹੈ ਜਦੋਂ ਗੁਰਸ਼ਬਦ ਨਾਲ ਸਾਂਝ ਪੈ ਜਾਵੇ। ਗੁਰੂ ਨਾਲ
ਸਾਂਝ ਪੈਣ ਤੋਂ ਬਿਨਾ, ਗਿਆਨ ਦਾ ਸੂਰਜ ਚੜ੍ਹਨ ਤੋਂ ਬਿਨਾ, ਅੰਮ੍ਰਿਤ ਵੇਲਾ ਨਹੀ ਹੋ ਸਕਦਾ।
ਸਾਧ ਜਨਾ ਕੈ ਸੰਗਿ ਬਸਤ ਸੁਖ ਸਹਜ ਬਿਸ੍ਰਾਮ ॥ ਸਾਈ ਘੜੀ ਸੁਲਖਣੀ ਸਿਮਰਤ
ਹਰਿ ਨਾਮ ॥ ਗੁਰੂ ਦੀ ਸੰਗਤ ਨਾਲ ਹੀ ਮਨ ਦੀ
ਅਡੋਲਤਾ, ਸ਼ਾਂਤੀ, ਅਨੰਦ ਤੇ ਸਹਜ ਪ੍ਰਾਪਤ ਹੁੰਦੇ ਹਨ, ਹਰੀ ਦੇ ਨਾਮ (ਹੁਕਮ, ਗੁਰਬਾਣੀ)) ਨਾਲ ਸਾਂਝ
ਪਾਉਣ ਵਾਲੀ ਘੜੀ ਹੀ ਭਾਗਾਂ ਵਾਲੀ ਹੈ, ਭਾਵ ਉਹ ਘੜੀ ਹੀ ਅੰਮ੍ਰਿਤ ਵੇਲਾ ਹੈ। ਘੜੀ ਨੂੰ ਭਾਗਾਂ
ਵਾਲੀ ਨਾਮ (ਹੁਕਮ) ਨੇ ਹੀ ਬਣਾਇਆ ਹੈ ਸੋ ਸਪਸ਼ਟ ਹੈ ਕਿ (ਦੁਨਿਆਵੀ) ਅੰਮ੍ਰਿਤ ਵੇਲੇ ਜਾਗਣ ਦੀ ਆਪਣੇ
ਆਪ ਵਿੱਚ ਕੋਈ ਆਤਮਿਕ ਵਿਸ਼ੇਸ਼ਤਾ ਨਹੀ, ਵਿਸ਼ੇਸ਼ਤਾ ਗਿਆਨ ਦਾ (ਆਤਮਿਕ) ਸੂਰਜ ਚੜ੍ਹਨ ਦੀ ਹੈ।
ਗੁਰਪ੍ਰਮਾਣ ਸਪਸ਼ਟ ਕਰਦੇ ਹਨ ਕਿ ਬਾਹਰੀ ਸੂਰਜ ਨਾਲ ਸੰਬੰਧਤ (ਸ਼ਾਂਤ ਵਾਤਾਵਰਨ ਵਾਲਾ ਮਿਥਿਆ)
ਅੰਮ੍ਰਿਤ ਵੇਲਾ ਗੁਰੂ ਨਾਲ ਸਾਂਝ ਪਾਉਣ ਲਈ ਸਹਾਇਕ ਤਾਂ ਹੋ ਸਕਦਾ ਹੈ ਪਰ ਗੁਰਬਾਣੀ ਪਰਵਾਨਿਤ ਆਤਮਿਕ
ਅੰਮ੍ਰਿਤ ਵੇਲਾ ਨਹੀ ਹੋ ਸਕਦਾ।
ਸਭੇ ਵਖਤ ਸਭੇ ਕਰਿ ਵੇਲਾ ॥ ਖਾਲਕੁ
ਯਾਦਿ ਦਿਲੈ ਮਹਿ ਮਉਲਾ ॥ 1083 ਅਗਰ ਮਉਲਾ ਜਾਂ
ਖਾਲਕ ਨੂੰ ਸਭੇ ਵਖਤ ਜਾਂ ਹਰ ਵੇਲੇ ਦਿਲ ਵਿੱਚ ਯਾਦ ਕਰਨਾ ਹੈ ਤਾਂ ਸੰਸਾਰੀ ਅੰਮ੍ਰਿਤ ਵੇਲੇ ਨਾਲ
ਉਹਦਾ ਕੀ ਸੰਬੰਧ? ਉਹਦਾ ਸੰਬੰਧ "ਖਾਲਕੁ ਯਾਦਿ ਦਿਲੈ ਮਹਿ ਮਉਲਾ" ਮਉਲਾ ਦੀ ਯਾਦ, ਜੋ ਕਿਸੇ ਵੀ
ਵੇਲੇ ਨੂੰ ਅੰਮ੍ਰਿਤ ਬਣਾਉਂਦੀ ਹੈ, ਨਾਲ ਹੀ ਹੋਵੇਗਾ। ਅਗਰ ਕਿਸੇ ਮਿਥੇ ਦੁਨਿਆਵੀ ਸਮੇ ਦੀ ਹੀ ਉਡੀਕ
ਕਰਦੇ ਰਹੇ ਤਾਂ ਗੁਰਬਾਣੀ ਦਾ ਫੁਰਮਾਨ ਹੈ ਕਿ:
ਜੇ ਵੇਲਾ ਵਖਤੁ ਵੀਚਾਰੀਐ ਤਾ ਕਿਤੁ
ਵੇਲਾ ਭਗਤਿ ਹੋਇ ॥ ਅਨਦਿਨੁ ਨਾਮੇ ਰਤਿਆ ਸਚੇ ਸਚੀ ਸੋਇ ॥ 35
ਰਾਤ ਦਿਨ ਪ੍ਰਭੂ ਦੇ ਹੁਕਮ ਰਜਾਈਂ ਚੱਲਣ ਨਾਲ ਸੰਸਾਰੀ
(ਅੰਮ੍ਰਿਤ) ਵੇਲੇ ਦੀ ਕੋਈ ਮਹੱਤਾ ਨਹੀ ਰਹਿ ਜਾਂਦੀ। ਮਨੁੱਖ ਦੀ ਜ਼ਿੰਦਗੀ ਹੀ ਉਹ ਵੇਲਾ ਹੈ ਜਿਸ ਨੂੰ
ਉਹ ਚਾਹੇ ਤਾਂ ਅੰਮ੍ਰਿਤ ਵੇਲਾ ਬਣਾ ਸਕਦਾ ਹੈ ਜਾਂ ਚਾਹੇ ਤਾਂ ਉਸ ਨੂੰ ਬਿੱਖ ਵੇਲਾ ਬਣਾ ਸਕਦਾ ਹੈ।।
ਸੁਣਿ ਮਨ ਮਿਤ੍ਰ ਪਿਆਰਿਆ
ਮਿਲੁ ਵੇਲਾ ਹੈ ਏਹ ॥ ਜਬ ਲਗੁ ਜੋਬਨਿ ਸਾਸੁ ਹੈ ਤਬ ਲਗੁ ਇਹੁ ਤਨੁ ਦੇਹ ॥ 20
ਦੁੱਖ ਸੁੱਖ ਵਿਚੋਂ ਵਿਚਰਦਿਆਂ ਵੀ ਗੁਰਬਾਣੀ ਗੁਰਮੁਖ ਦੇ
ਜੀਵਨ ਨੂੰ ਅੰਮ੍ਰਿਤ ਵੇਲਾ (ਅਨੰਦਿਤ) ਬਣਾ ਦੇਵੇਗੀ ਪਰ ਦੂਜੇ ਪਾਸੇ ਦੁਨਿਆਵੀ ਸੁੱਖਾਂ ਦੀਆਂ ਅਨੇਕ
ਸਹੂਲਤਾਂ ਹੁੰਦਿਆਂ ਵੀ ਮਨਮੁੱਖ ਦਾ ਜੀਵਨ ਬਿੱਖ (ਦੁਖੀ) ਵੇਲਾ ਹੀ ਬਣਿਆ ਰਹੇਗਾ।
ਸੋ, ਸਪਸ਼ਟ ਹੈ ਕਿ, ਮਨੁੱਖਾ ਜ਼ਿੰਦਗੀ ਵਿੱਚ,
ਅੰਮ੍ਰਿਤ ਵੇਲੇ ਦਾ ਸਿਧਾਂਤ ਕੋਈ ਮਿਥਿਆ ਬਾਹਰੀ ਸਮਾਂ ਨਹੀ ਬਲਿਕੇ ਗੁਰਗਿਆਨ (ਦਾ ਸੂਰਜ) ਹੈ
ਭਈ
ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ ਅਵਰਿ ਕਾਜ ਤੇਰੈ ਕਿਤੈ ਨ ਕਾਮ ॥
ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥ 12 ਕਰਤੇ ਦੀ
ਯਾਦ ਹੀ ਜੀਵਨ ਵਿੱਚ ਆਤਮਿਕ ਅੰਮ੍ਰਿਤ ਵੇਲਾ, ਜਾਂ ਮਿਲਨ ਕੀ ਬਰੀਆ (ਮੌਕਾ, ਸਮਾਂ) ਹੈ।
ਭਲੋ ਸਮੋ ਸਿਮਰਨ ਕੀ ਬਰੀਆ ॥ ਸਿਮਰਤ
ਨਾਮੁ ਭੈ ਪਾਰਿ ਉਤਰੀਆ ॥ 190 ਗੁਰਬਾਣੀ ਅਨੁਸਾਰ
ਚਲਣਾ ਹੀ ਜੀਵਨ ਦਾ ਆਤਮਿਕ ਅੰਮ੍ਰਿਤ ਵੇਲਾ ਹੈ, ਜਦੋਂ ਮਨੁੱਖ ਨਿਡਰ ਹੋ ਕੇ ਆਪਣੇ ਜੀਵਨ ਨੂੰ ਸੁਖੀ,
ਸ਼ਾਂਤ ਤੇ ਅਨੰਦਿਤ ਬਣਾ ਸਕਦਾ ਹੈ।
ਦਰਸ਼ਨ ਸਿੰਘ,
ਵੁਲਵਰਹੈਂਪਟਨ, ਯੂ. ਕੇ.
|
. |