.

ਆਸਾ ਕੀ ਵਾਰ

(ਕਿਸ਼ਤ ਨੰ: 16)

ਪਉੜੀ ਪੰਦਰਵੀਂ ਅਤੇ ਸਲੋਕ

ਸਲੋਕੁ ਮਃ ੧।।

ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ।।

ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ।।

ਨਾ ਏਹੁ ਤੁਟੈ ਨਾ ਮਲੁ ਲਗੈ ਨਾ ਏਹੁ ਜਲੈ ਨ ਜਾਇ।।

ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ।।

ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ।।

ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ।।

ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ।। ੧।।

ਪਦ ਅਰਥ:- ਦਇਆ ਕਪਾਹ – ਦਇਆ ਰੂਪ ਕਪਾਹ। ਸੰਤੋਖੁ ਸੂਤੁ - ਸੰਤੋਖ ਰੂਪ ਸੂਤ। ਜਤੁ ਗੰਢੀ – ਜਿਸ ਵਿੱਚ ਜਤ ਗੰਢਾਂ ਹੋਣ। ਸਤੁ ਵਟੁ – ਆਚਰਨ ਰੂਪੀ ਵਟ ਹੋਵੇ। ਏਹੁ ਜਨੇਊ ਜੀਅ ਕਾ – ਇਸ ਜੀਅ ਦਾ ਇਹ ਜਨੇਊ ਹੈ। ਹਈ ਤ ਪਾਡੇ ਘਤੁ – ਜੇਕਰ ਇਸ ਤਰ੍ਹਾਂ ਦਾ ਹੈ ਤਾਂ ਪਾਡੇ ਮੇਰੇ ਗਲ਼ ਪਾ ਦੇ। ਨਾ ਏਹੁ ਤੁਟੈ – ਨਾ ਹੀ ਇਸ ਤਰ੍ਹਾਂ ਦਾ (ਜਨੇਊ) ਤੁਟੈ, ਤੁਟਦਾ ਹੈ। ਨ ਮਲੁ ਲਗੈ – ਨਾ ਇਸ ਤਰ੍ਹਾਂ ਦੇ (ਜਨੇਊ) ਨੂੰ ਮੈਲ ਲੱਗਦੀ ਹੈ। ਨਾ ਏਹੁ ਜਲੈ ਨ ਜਾਇ – ਨਾ ਹੀ ਅਜਿਹਾ (ਜਨੇਊ) ਜਲਦਾ ਹੈ ਨਾ ਹੀ ਗਵਾਚਦਾ ਹੈ। ਧੰਨੁ ਸੁ ਮਾਣਸ ਨਾਨਕਾ – ਨਾਨਕ ਆਖਦਾ ਉਹ ਮਨੁੱਖ ਧੰਨ ਹਨ ਜਿਹੜੇ ਅਜਿਹਾ ਜਨੇਊ ਪਾ ਕੇ ਚਲਦੇ ਭਾਵ ਵਿਚਰਦੇ) ਹਨ। ਚਉਕੜਿ ਮੁਲਿ ਅਣਾਇਆ – ਚਾਰ ਕੌਡੀਆਂ ਦਾ ਮੰਗਵਾਇਆ। ਬਹਿ ਚਉਕੈ ਪਾਇ - ਆਪਣੇ (ਜਜਮਾਨ) ਦੇ ਚਉਕੈ ਬਹਿ ਕੇ ਉਸ ਦੇ ਗਲ਼ ਪਾ ਕੇ। ਸਿਖਾ ਕੰਨਿ ਚੜਾਈਆ – ਕੰਨ ਵਿੱਚ ਇਹ ਸਿੱਖਿਆ ਦਿੱਤੀ ਜਾਂਦੀ ਹੈ ਕਿ। ਗੁਰੁ ਬ੍ਰਹਮਣ ਥੀਆ – ਅੱਜ ਤੋਂ ਤੇਰਾ ਗੁਰੂ ਬ੍ਰਾਹਮਣ ਹੋ ਗਿਆ। ਓਹੁ ਮੂਆ – ਜਦੋਂ ਉਹ ਮਰਦਾ ਹੈ। ਓਹੁ ਝੜਿ ਪਇਆ – ਉਹ ਪਾਇਆ ਹੋਇਆ ਜਨੇਊ (ਸਸਕਾਰ ਉਪਰੰਤ) ਝੜ ਜਾਂਦਾ। ਵੇਤਗਾ ਗਇਆ – ਫਿਰ ਤਾਂ ਉਹ ਬਗੈਰ ਤਗ ਤੋਂ ਹੀ ਗਿਆ।

ਅਰਥ:- ਹੇ ਪਾਂਡੇ! ਇਸ ਜੀਅ ਲਈ (ਜੇਕਰ ਤੇਰੇ ਪਾਸ) ਕੋਈ ਅਜਿਹਾ ਜਨੇਊ ਹੈ ਜਿਸ ਦੀ ਕਪਾਹ ਦਇਆ ਰੂਪ ਹੋਵੇ, ਸੰਤੋਖ ਰੂਪ ਜਿਸਦਾ ਸੂਤ ਹੋਵੇ, ਜਿਸ ਵਿੱਚ ਜਤ ਦੀਆਂ ਗੰਢਾਂ ਹੋਣ ਅਤੇ ਉੱਚੇ ਆਚਰਣ ਦਾ ਵਟ ਹੋਵੇ, ਜੇਕਰ ਤੇਰੇ ਪਾਸ ਕੋਈ ਅਜਿਹਾ ਜਨੇਊ ਹੈ ਤਾਂ ਮੇਰੇ ਗਲ਼ੇ ਪਾ ਦੇਹ, ਨਾ ਇਸ ਤਰ੍ਹਾਂ ਦਾ ਜਨੇਊ ਟੁੱਟਦਾ ਹੈ ਨਾ ਐਸੇ ਜਨੇਊ ਨੂੰ ਮੈਲ ਲਗਦੀ ਹੈ, ਨਾ ਹੀ ਜਲਦਾ ਹੈ ਨਾ ਗਵਾਚਦਾ ਹੈ। ਉਹ ਲੋਕ ਸਲਾਹੁਣਯੋਗ ਹਨ ਜਿਹੜੇ ਅਜਿਹਾ ਸੱਚ ਰੂਪ ਜਨੇਊ ਪਾ ਕੇ ਸੰਸਾਰ ਵਿੱਚ ਵਿਚਰਦੇ ਹਨ। ਜਿਹੜਾ ਚਾਰ ਕੌਡੀਆਂ ਦਾ ਮੰਗਵਾਇਆ (ਜਨੇਊ) ਜਜਮਾਨ ਦੇ ਚੌਉਕੇ ਬਹਿ ਕੇ (ਪਾਂਡੇ ਤੇਰੇ ਵੱਲੋਂ) ਉਸ ਦੇ ਗਲ਼ ਪਾ ਕੇ ਕੰਨ ਵਿੱਚ ਇਹ ਸਿੱਖਿਆ ਦਿੱਤੀ ਜਾਂਦੀ ਹੈ ਕਿ ਅੱਜ ਤੋਂ ਤੇਰਾ ਗੁਰੂ ਬ੍ਰਹਾਮਣ ਹੋ ਗਿਆ ਹੈ। ਜਦੋਂ ਧਾਗੇ ਦਾ ਜਨੇਊ ਪਾਉਣ ਵਾਲਾ ਮਰਦਾ ਹੈ ਉਸ ਦਾ ਜਨੇਊ (ਸਸਕਾਰ ਸਮੇਂ ਸੜ ਕੇ) ਝੜ ਜਾਂਦਾ ਹੈ, ਫਿਰ ਉਹ ਤਾਂ ਬਿਨ੍ਹਾਂ ਜੀਨੇਊ ਦੇ ਹੀ ਗਿਆ ਹੈ ਭਾਵ ਪਾਂਡੇ ਤੇਰੇ ਵੱਲੋਂ ਪਾਇਆ ਜਨੇਊ ਉਸ ਦੇ ਨਾਲ ਤਾਂ ਗਿਆ ਨਹੀਂ ਉਹ ਤਾਂ ਵੇਤੱਗਾ ਹੀ ਗਿਆ ਹੈ। ਇਸ ਪਾਖੰਡ ਦਾ ਭਾਈ ਕੋਈ ਫਾਇਦਾ ਨਹੀਂ।

ਮਃ ੧।।

ਲਖ ਚੋਰੀਆ ਲਖ ਜਾਰੀਆ ਲਖ ਕੂੜੀਆ ਲਖ ਗਾਲਿ।।

ਲਖ ਠਗੀਆ ਪਹਿਨਾਮੀਆ ਰਾਤਿ ਦਿਨਸੁ ਜੀਅ ਨਾਲਿ।।

ਤਗੁ ਕਪਾਹਹੁ ਕਤੀਐ ਬਾਮੑਣੁ ਵਟੇ ਆਇ।।

ਕੁਹਿ ਬਕਰਾ ਰਿੰਨਿੑ ਖਾਇਆ ਸਭੁ ਕੋ ਆਖੈ ਪਾਇ।।

ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ।।

ਨਾਨਕ ਤਗੁ ਨ ਤੁਟਈ ਜੇ ਤਗਿ ਹੋਵੈ ਜੋਰੁ।। ੨।।

ਪਦ ਅਰਥ:- ਲਖ ਚੋਰੀਆ – ਲੱਖਾਂ ਚੋਰੀਆਂ, ਠੱਗੀਆਂ। ਲਖ ਜਾਰੀਆ – ਪਰ ਇਸਤ੍ਰੀਆਂ ਗਮਨ ਕਰਦਾ ਹੈ (ਗੁ: ਗ੍ਰੰ: ਦਰਪਣ)। ਲਖ ਕੂੜੀਆ – ਲੱਖਾਂ ਕੂੜੀਆਂ ਗੱਲਾਂ ਕਰਦਾ ਹੈ, ਝੂਠ ਬੋਲਦਾ ਹੈ। ਲਖ ਗਾਲਿ – ਗਾਲ਼੍ਹਾਂ ਕੱਢਦਾ, ਭਾਵ ਬੁਰਾ ਹੈ। ਲਖ ਠੱਗੀਆ – ਲੱਖਾਂ ਠੱਗੀਆਂ ਮਾਰਦਾ ਹੈ। ਪਹਿਨਾਮੀਆ – ਅਮਾਨਤ ਵਿੱਚ ਖਿਆਨਤ ਕਰਨੀ, ਇਸ ਦਾ ਮਤਲਬ ਹੁੰਦਾ ਕਿਸੇ ਵੱਲੋਂ ਦਿੱਤੀ ਹੋਈ ਇਮਾਨਤ ਤੇ ਬੇਈਮਾਨ ਹੋ ਜਾਣਾ ਦੇਣ ਵਾਲੇ ਨੂੰ ਵਾਪਸ ਨਾ ਕਰਨਾ। (ਇੱਥੇ ਜੋ ਬ੍ਰਾਹਮਣ ਇਹ ਕਹਿ ਕੇ ਠੱਗਦਾ ਹੈ ਕਿ ਜੋ ਤੁਸੀਂ ਮੈਨੂੰ ਇੱਥੇ ਜੀਊਂਦੇ ਜੀਅ ਦਾਨ ਦਿਉਗੇ ਉਹ ਤੁਹਾਡਾ ਦਾਨ ਮੇਰੇ ਕੋਲ ਅਮਾਨਤ ਵਜੋਂ ਹੈ ਮਰਨ ਤੋਂ ਬਾਅਦ ਤੁਹਾਨੂੰ ਅੱਗੇ ਮਿਲ ਜਾਵੇਗਾ ਪਰ ਮਰਨ ਤੋਂ ਬਾਅਦ ਕੁਛ ਅੱਗੇ ਕੁੱਝ ਨਹੀਂ ਜਾਂਦਾ ਬ੍ਰਾਹਮਣ ਆਪ ਚਟਮ ਕਰ ਜਾਂਦਾ ਹੈ)। ਰਾਤਿ ਦਿਨਸੁ ਜੀਅ ਨਾਲਿ – ਇਸ ਤਰ੍ਹਾਂ ਜੀਆਂ ਨਾਲ ਦਿਨ ਰਾਤ ਠੱਗੀਆਂ ਮਾਰਦਾ ਹੈ। ਤਗਿ ਕਪਾਹਹੁ ਕਤੀਐ – ਜਨੇਊ ਕਪਾਹ ਤੋਂ ਕੱਤਿਆ ਜਾਂਦਾ ਹੈ। ਬਾਮੑਣੁ ਵਟੇ ਆਇ – ਫਿਰ ਬ੍ਰਾਹਮਣ (ਜਜਮਾਨ) ਦੇ ਘਰ ਆ ਕੇ ਜਨੇਊ ਵੱਟਦਾ ਹੈ। ਕੁਹਿ ਬਕਰਾ ਰਿੰਨਿੑ ਖਾਇਆ – ਬੱਕਰੇ ਨੂੰ ਕੋਹ ਕੇ ਰਿੰਨ ਕੇ ਖਾਇਆ ਜਾਂਦਾ ਹੈ। ਸਭੁ ਕੋ ਆਖੈ ਪਾਇ – ਫਿਰ (ਹੋਰਨਾਂ) ਸਾਰਿਆਂ ਨੂੰ ਵੀ ਜਨੇਊ ਪਾਉਣ ਵਾਸਤੇ ਆਖਿਆ ਜਾਂਦਾ ਹੈ। ਹੋਇ ਪੁਰਾਣਾ ਸੁਟੀਐ – ਜਦੋਂ ਪੁਰਾਣਾ ਹੋ ਜਾਵੇ ਤਾਂ ਸੁਟ ਕੇ। ਭੀ ਫਿਰਿ ਪਾਈਐ ਹੋਰ – ਤਾਂ ਫਿਰ ਹੋਰ ਪਾਇਆ ਜਾਂਦਾ ਹੈ। ਨਾਨਕ ਤਗੁ ਨ ਤੁਟਈ – ਨਾਨਕ ਆਖਦਾ ਹੈ ਫਿਰ ਤੱਗ ਤੁੱਟਦਾ ਨਹੀਂ। ਜੇ ਤਗਿ ਹੋਵੈ ਜੋਰੁ – ਜੇਕਰ ਤੱਗ ਵਿੱਚ ਜਾਨ ਹੋਵੇ ਤਾਂ।

ਅਰਥ:- ਹੋਰਨਾਂ ਨੂੰ ਜਨੇਊ ਪਵਾਉਣ ਵਾਲਾ ਆਪ ਲੱਖਾਂ ਚੋਰੀਆਂ ਕਰਦਾ ਹੈ ਪਰ ਇਸਤ੍ਰੀਆਂ ਗਮਨ ਕਰਦਾ ਹੈ, ਝੂਠ ਬੋਲਦਾ ਭਾਵ ਅਬੇ ਤਬੇ ਬੋਲਦਾ ਹੈ। ਅਮਾਨਤ ਦੇ ਨਾਂਅ ਦੇ ਜੀਵਾਂ ਨਾਲ ਲੱਖਾਂ ਠੱਗੀਆਂ ਮਾਰਦਾ ਹੈ। ਕਪਾਹ ਦੇ ਕੱਤੇ ਹੋਏ ਧਾਂਗੇ ਤੋਂ (ਜਜਮਾਨ) ਦੇ ਘਰ ਜਾ ਕੇ ਇਸ ਵੱਲੋਂ ਜਨੇਊ ਵੱਟ ਕੇ ਪਾਇਆ ਜਾਂਦਾ ਹੈ। (ਕਿਸੇ ਹੋਰ ਵੱਲੋਂ ਕਲਮਾ ਪੜ੍ਹ ਕੇ ਕੋਹ ਕਰ ਕੇ ਬਣਾਇਆ) ਬੱਕਰਾ ਰਿੰਨ ਕੇ ਖਾਇਆ ਜਾਂਦਾ ਹੈ, ਸਾਰਿਆਂ ਨੂੰ (ਜਨੇਊ) ਪਾਉਣ ਵਾਸਤੇ ਆਖਿਆ ਜਾਂਦਾ ਹੈ ਅਤੇ ਨਾਲੇ ਇਹ ਆਖਿਆ ਜਾਂਦਾ ਹੈ ਕਿ ਜਦੋਂ ਪੁਰਾਣਾ ਹੋ ਜਾਏ ਤਾਂ ਸੁੱਟ ਦਈਏ ਅਤੇ ਨਵਾਂ ਹੋਰ ਪਾਈਏ (ਤਾਂ ਜੋ ਕਿ ਬ੍ਰਾਹਮਣ ਜੀ ਦਾ ਜਜਮਾਨ ਜੀ ਦੇ ਘਰ ਵਿੱਚ ਆਉਣਾ ਜਾਣਾ ਬਣਿਆ ਰਹੇ)। ਹੇ ਭਾਈ! ਨਾਨਕ ਨੂੰ ਤਾਂ ਐਸਾ ਜਨੇਊ ਚਾਹੀਦਾ ਜਿਸ ਵਿੱਚ ਜਾਨ ਹੋਵੇ ਜਿਹੜਾ ਕਦੇ ਟੁਟਦਾ ਨਹੀਂ। (ਉਹ ਕਿਹੜਾ ਜਨੇਊ ਹੈ, ਜਿਹੜਾ ਦਇਆ ਰੂਪ ਕਪਾਹ ਦੇ ਵੱਟੇ ਹੋਏ ਸੂਤ ਤੋਂ ਹੋਏ, ਜਿਸ ਵਿੱਚ ਜਤ ਦੀਆਂ ਗੰਢਾਂ ਹੋਣ ਉੱਚੇ ਆਚਰਣ ਦਾ ਵੱਟ ਹੋਵੇ ਜਿਸ ਨੂੰ ਨਾ (ਕਦੇ ਬੁਰਿਆਈਆਂ) ਦੀ ਮੈਲ ਲੱਗੇ ਅਤੇ ਨਾ ਕਦੇ ਟੁੱਟੇ)।

ਨੋਟ:- ਅਮਾਨਤ ਉਹ ਚੀਜ਼ ਹੁੰਦੀ ਹੈ ਜੋ ਇੱਕ ਮਨੁੱਖ ਦੂਸਰੇ ਮਨੁੱਖ `ਤੇ ਭਰੋਸਾ ਕਰ ਕੇ ਉਸ ਕੋਲ ਰੱਖ ਦੇਵੇ ਅਤੇ ਇਮਾਨਦਾਰ ਆਦਮੀ, ਉਹ ਅਮਾਨਤ ਰੱਖੀ ਚੀਜ਼ ਨੂੰ ਇਮਾਨਦਾਰੀ ਨਾਲ ਵਾਪਸ ਕਰ ਦੇਵੇ। ਇੱਥੇ ਅਮਾਨਤ ਵਿੱਚ ਖਿਆਨਤ ਭਾਵ ਬਿਪਰ ਦੀ ਬੇਈਮਾਨੀ ਦਾ ਜ਼ਿਕਰ ਹੈ। ਜਿਹੜੀਆਂ ਚੀਜ਼ਾਂ ਲੋਕਾਂ ਤੋਂ ਲੈਂਦਾ ਹੈ ਉਹ, ਇਹ ਕਹਿ ਕੇ ਲੈਂਦਾ ਹੈ ਇਹ ਤੁਹਾਡੀਆਂ ਦਿੱਤੀਆਂ ਚੀਜ਼ਾਂ ਮੇਰੇ ਕੋਲ ਇਮਾਨਤ ਵਜੋਂ ਹਨ ਤੁਹਾਡੇ ਮਰਨ ਉਪਰੰਤ ਤੁਹਾਨੂੰ ਇਹ ਚੀਜ਼ਾਂ ਅੱਗੇ ਮਿਲ ਜਾਣਗੀਆਂ ਜੋ ਕਿ ਇਹ ਇਕ, ਲੋਕਾਂ ਨਾਲ ਛਲ ਹੈ। ਇਸ ਤਰ੍ਹਾਂ ਬਿਪਰ ਅਮਾਨਤ ਵਿੱਚ ਖਿਆਨਤ ਕਰਦਾ ਹੈ।

ਮਃ ੧।।

ਨਾਇ ਮੰਨਿਐ ਪਤਿ ਊਪਜੈ ਸਾਲਾਹੀ ਸਚੁ ਸੂਤੁ।।

ਦਰਗਹ ਅੰਦਰਿ ਪਾਈਐ ਤਗੁ ਨ ਤੂਟਸਿ ਪੂਤ।। ੩।।

ਪਦ ਅਰਥ:- ਨਾਇ – ਸੱਚ। ਮੰਨਿਐ – ਮੰਨਿਆ। ਪਤਿ – ਭਰੋਸਾ। ਉਪਜੈ – ਉਤਪੰਨ ਹੋਣਾ। ਸਾਲਾਹੀ – ਸਲਾਹੁਣਾ, ਉਸਤਤ ਕਰਨਾ ਭਾਵ ਪ੍ਰਚਾਰ ਕਰਨਾ। ਸੂਤੁ – ਪਵਿੱਤਰ। ਦਰਗਹ – ਸੰਸਾਰ। ਅੰਦਰਿ – ਅੰਦਰ ਵਿੱਚ। ਪਾਈਐ – ਪਾਈਐ, ਪਾਉਣਾ। ਤਗੁ – ਜਨੇਊ। ਨ ਤੂਟਸਿ – ਨਹੀਂ ਟੁੱਟਦਾ। ਪੂਤ – ਪਵਿੱਤਰ।

ਅਰਥ:- ਇਸ (ਕਪਾਹ ਦੇ ਕੱਤੇ ਹੋਏ ਸੂਤਰ ਦਾ ਜਨੇਊ ਪਾ ਕੇ ਰੱਬ ਦੇ ਦਰ `ਤੇ ਸੁਰਖੁਰੂ ਹੋਣ ਦੀ ਆਸ ਰੱਖਣੀ ਵਿਅਰਥ ਹੈ)। ਹੇ ਭਾਈ! ਜਿਨ੍ਹਾਂ ਨੇ ਸੱਚ ਨੂੰ ਮੰਨਿਆ, ਜਿਨ੍ਹਾਂ ਅੰਦਰ ਸੱਚ `ਤੇ ਭਰੋਸਾ ਉਤਪੰਨ ਹੋਇਆ, ਉਹ ਸੱਚ ਨੂੰ ਅੱਗੇ ਸਲਾਹੁੰਦੇ ਭਾਵ ਪ੍ਰਚਾਰਦੇ ਹਨ, ਉਨ੍ਹਾਂ ਲਈ ਸੱਚ ਹੀ ਪਵਿੱਤਰ ਜਨੇਊ। ਇਸ ਕਰ ਕੇ ਅਜਿਹਾ ਸੱਚ ਰੂਪ ਜਨੇਊ ਦਰਗਹ/ਸੰਸਾਰ ਅੰਦਰਿ ਪਾਈਐ, ਪਾਉਣਾ ਚਾਹੀਦਾ ਹੈ, ਜਿਹੜਾ ਟੁੱਟਦਾ ਨਹੀਂ। (ਜਿਸ ਨੂੰ ਮੈਲ ਨਹੀਂ ਲੱਗਦੀ, ਪੁਰਾਣਾ ਨਹੀਂ ਹੁੰਦਾ, ਟੁੱਟਦਾ ਨਹੀਂ)। "ਸਚੁ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨ ਪਾਟੈ।। ੯੫੬।। "

ਨੋਂਟ:- ਗੁਰਮਤਿ ਅਨੁਸਾਰ ਦਰਗਹ ਕੀ ਹੈ ਇਹ ਯਾਦ ਰੱਖਣ ਵਾਲੀ ਗੱਲ ਹੈ, ਜੋ ਪਹਿਲੀ ਪਉੜੀ ਅੰਦਰ ਦਰਸਾਈ ਹੈ "ਦੂਯੀ ਕੁਦਰਤਿ ਸਾਜੀਐ ਕਰਿ ਆਸਣ ਡਿਠੋ ਚਾਉ।। ਪੰਨਾ।। " ਗੁਰਮਤਿ ਅਨੁਸਾਰ ਕਰਤਾ ਆਪਣੀ ਕੁਦਰਤਿ/creation ਦੇ ਵਿੱਚ ਸਮਾਇਆ ਹੋਇਆ ਹੈ ਇਸ ਕਰ ਕੇ ਉਸ ਦੀ ਦਰਗਾਹ ਕਿਤੇ ਸੰਸਾਰ ਤੋਂ ਬਾਹਰ ਵੱਖਰੀ ਨਹੀਂ ਹੈ।

ਮਃ ੧।।

ਤਗੁ ਨ ਇੰਦ੍ਰੀ ਤਗੁ ਨ ਨਾਰੀ।।

ਭਲਕੇ ਥੁਕ ਪਵੈ ਨਿਤ ਦਾੜੀ।।

ਤਗੁ ਨ ਪੈਰੀ ਤਗੁ ਨ ਹਥੀ।।

ਤਗੁ ਨ ਜਿਹਵਾ ਤਗੁ ਨ ਅਖੀ।।

ਵੇਤਗਾ ਆਪੇ ਵਤੈ।।

ਵਟਿ ਧਾਗੇ ਅਵਰਾ ਘਤੈ।।

ਲੈ ਭਾੜਿ ਕਰੇ ਵੀਆਹੁ।।

ਕਢਿ ਕਾਗਲੁ ਦਸੇ ਰਾਹੁ।।

ਸੁਣਿ ਵੇਖਹੁ ਲੋਕਾ ਏਹੁ ਵਿਡਾਣੁ।।

ਮਨਿ ਅੰਧਾ ਨਾਉ ਸੁਜਾਣੁ।। ੪।।

ਪਦ ਅਰਥ:- ਤਗੁ ਨ ਇੰਦ੍ਰੀ – ਹੋਰਨਾਂ ਨੂੰ ਜਨੇਊ ਪਾਉਂਦਾ ਹੈ, ਪਰ ਆਪਣੀ ਇੰਦ੍ਰੀ ਨੂੰ ਕੋਈ (ਗਿਆਨ ਦਾ) ਤਗੁ ਨਹੀਂ। ਤਗੁ ਨ ਨਾਰੀ – ਨਾ ਹੀ ਕੋਈ ਆਪਣੀਆਂ ਨਾੜੀਆਂ ਨੂੰ ਤਗੁ ਹੈ। ਭਲਕੇ – ਆਉਣ ਵਾਲੇ ਕਲ ਭਾਵ ਨਿੱਤ ਦਿਹਾੜੇ। ਭਲਕੇ ਥੁਕ ਪਵੈ ਨਿਤ ਦਾੜੀ – ਨਿਤ ਦਿਹਾੜੇ ਬੇਇੱਜਤ ਹੁੰਦਾ ਹੈ ਭਾਵ ਲਾਹਨਤ ਹੈ ਇਹੋ ਜਿਹੇ ਮਨੁੱਖ ਦੇ ਜੋ ਹੋਰਨਾਂ ਨੂੰ ਜਨੇਊ ਪਾਉਂਦਾ ਹੈ। ਤਗੁ ਨ ਪੈਰੀ – ਇਹਦੇ (ਆਪਣੇ ਪੈਰਾਂ ਨੂੰ) ਕੋਈ ਪੈਰਾ ਨੂੰ ਤਗੁ ਹੈ। ਤਗੁ ਨਾ ਹਥੀ – ਨਾ ਹੀ ਕੋਈ ਇਹਦੇ (ਆਪਣੇ) ਹੱਥ ਨੂੰ ਤਗੁ ਹੈ। ਤਗੁ ਨ ਜਿਹਵਾ – ਨਾ ਹੀ ਕੋਈ ਇਹਦੀ ਆਪਣੀ ਜੀਭ ਨੂੰ ਤਗੁ ਹੈ। ਵਤੈ – ਵਛਾਉਣਾ, ਫੈਲਾਉਣਾ ਭਾਵ ਪ੍ਰਚਾਰ ਕਰਨਾ। ਤਗੁ ਨ ਅਖੀ – ਨਾ ਹੀ ਕੋਈ ਇਨ੍ਹਾਂ ਦੀਆਂ ਆਪਣੀਆਂ ਅੱਖਾਂ ਨੂੰ ਹੀ ਤਗੁ ਹੈ। ਵੇਤਗਾ ਆਪੇ ਵਤੈ – ਆਪ ਵੇਤਗਾ ਹੈ ਭਾਵ ਆਪ (ਗਿਆਨ) ਦੇ ਤਗੁ ਤੋਂ ਸੱਖਣਾ ਹੈ ਅਤੇ ਹੋਰਨਾਂ ਨੂੰ ਧਾਗੇ ਦਾ ਜਨੇਊ ਪਾਉਣ ਲਈ ਪ੍ਰਚਾਰ ਕਰਦਾ ਹੈ। ਵਟਿ ਧਾਗੇ ਅਵਰਾ ਘਤੈ – ਅਤੇ ਧਾਗੇ ਦੇ ਜਨੇਊ ਵੱਟ ਕੇ ਹੋਰਨਾਂ ਦੇ ਗਲ਼ੇ ਪਾਈ ਜਾਂਦਾ ਹੈ। ਲੈ ਭਾੜ ਕਰੇ ਵੀਆਹੁ – ਭਾੜਾ ਲੈ ਕਰ ਕੇ ਵਿਆਹ ਕਰਾਉਂਦਾ ਹੈ। ਕਢਿ ਕਾਗਲੁ ਦਸੇ ਰਾਹੁ – ਪੱਤ੍ਰੀ ਸੋਧ-ਸੋਧ ਕੇ ਲੋਕਾਂ ਨੂੰ ਰਾਹ ਦੱਸਦਾ ਹੈ। ਸੁਣਿ ਵੇਖਹੁ ਲੋਕਾ ਏਹੁ ਵਿਡਾਣੁ – ਹੇ ਲੋਕੋ! ਵੇਖੋ, ਸੁਣੋ ਇਹ ਕੈਸਾ ਅਸਚਰਜ। ਮਨਿ ਅੰਧਾ ਨਾਉ ਸੁਜਾਣੁ – ਜਿਹੜਾ ਆਪ ਅੰਧਾ ਹੈ, ਉਸ ਨੂੰ ਤੁਸੀਂ ਸੁਜਾਖਾ ਸਿਆਣਾ ਜਾਣ ਕੇ ਮੰਨ ਲਿਆ ਹੈ। ਨਾਉ ਸੁਜਾਣੁ – ਸੁਜਾਖਾ/ਸਿਆਣਾ ਜਾਣ ਲਿਆ ਹੈ।

ਅਰਥ:- ਇਸ ਕਰ ਕੇ ਜਿਹੜਾ (ਬਿਪਰ) ਆਪ ਹੋਰਨਾਂ ਨੂੰ ਜਨੇਊ ਪਾਉਂਦਾ ਹੈ, ਉਸ ਦੀਆਂ ਆਪਣੀਆਂ ਨਾੜੀਆਂ ਜਾ ਇੰਦ੍ਰੀ ਨੂੰ ਕੋਈ (ਗਿਆਨ ਦਾ) ਤਗ/ ਨਹੀਂ ਹੈ ਭਾਵ ਆਪ ਪਰ ਇਸਤ੍ਰੀਆਂ ਗਮਨ ਕਰਦਾ ਫਿਰਦਾ ਹੈ। ਨਿੱਤ ਆਪ ਹੋਰਨਾਂ ਤੋਂ ਜਲੀਲ ਹੁੰਦਾ ਹੈ (ਉਸ ਸਮੇਂ ਦੇ ਕਿਸੇ ਹੋਰ ਫਿਰਕੇ ਦੇ ਹਾਕਮ ਲੋਕ ਇਨ੍ਹਾਂ ਦੇ ਮੂੰਹ `ਤੇ ਨਿੱਤ ਥੁੱਕਦੇ ਭਾਵ ਬੇਇੱਜਤ ਕਰਦੇ ਸਨ ਅਤੇ ਇਨ੍ਹਾਂ ਦਾ ਪਾਇਆ ਜਾਂ ਪਵਾਇਆ ਹੋਇਆ ਤਗੁ, ਅਜਿਹਾਂ ਕਰਨ ਤੋਂ ਰੋਕ ਨਹੀਂ ਸਕਿਆ)। ਇਸ ਦੇ ਆਪਣੇ ਹੱਥਾਂ ਜਾਂ ਪੈਰਾ ਨੂੰ ਕੋਈ (ਗਿਆਨ) ਦਾ ਤਗੁ ਨਹੀਂ ਕਿ ਇਹ (ਆਪ ਚੰਗੇ ਪਾਸੇ ਤੁਰ ਕੇ) ਕੋਈ ਆਪ ਵੀ ਚੰਗਾ ਕੰਮ ਕਰ ਸਕੇ। ਨਾ ਹੀ ਕੋਈ ਇਹਨਾਂ ਦੀ ਆਪਣੀ ਜ਼ਬਾਨ ਨੂੰ ਹੀ ਤਗੁ ਹੈ (ਭਾਵ ਜ਼ਬਾਨ `ਤੇ ਵੀ ਕੋਈ ਕੰਟਰੋਲ ਨਹੀਂ ਜਿਵੇਂ ਅੱਜ ਮੌਜੂਦਾ ਸਮੇਂ ਅੰਦਰ ਵੀ ਦੇਖਿਆ ਜਾ ਸਕਦਾ ਹੈ)। ਅਤੇ ਨਾ ਹੀ ਕੋਈ ਇਨ੍ਹਾਂ ਦੀਆਂ ਅੱਖਾਂ ਨੂੰ ਤਗੁ ਹੈ, ਪਰਾਇਆ ਤਨ ਅਤੇ ਪਰਾਇਆ ਧਨ ਤਕਦੇ ਹਨ। ਇਹ ਆਪ (ਗਿਆਨ) ਦੇ ਤਗੁ ਤੋਂ ਸੱਖਣਾ ਹੈ ਅਤੇ ਧਾਗੇ ਦੇ ਜਨੇਊ ਵੱਟ ਕੇ ਹੋਰਨਾਂ ਨੂੰ ਪਵਾਉਂਦਾ ਅਤੇ ਪਾਉਣ ਦਾ ਪ੍ਰਚਾਰ ਕਰਦਾ ਹੈ। ਭਾੜਾ ਲੈ ਕਰ ਕੇ ਜਜਮਾਨਾਂ ਦੇ ਬੱਚਿਆਂ ਦਾ ਵਿਆਹ ਕਰਦਾ ਹੈ, ਪੱਤ੍ਰੀ ਸੋਧ-ਸੋਧ ਕੇ ਲੋਕਾਂ ਨੂੰ ਰਾਹ ਦਰਸਾਉਂਦਾ ਹੈ। ਹੇ ਲੋਕੋ! ਸੁਣੋ ਵੇਖੋ ਕੀ ਇਹ ਅਜੀਬ ਤਮਾਸ਼ਾ ਨਹੀਂ (ਆਪ ਆਪਣੇ ਅੰਦਰ ਝਾਤੀ ਮਾਰੋ) ਜਿਹੜਾ ਆਪ ਅੰਧਾ ਹੈ ਉਸ ਨੂੰ ਤੁਸੀਂ ਸਿਆਣਾ ਜਾਣ ਕੇ ਮੰਨ ਲਿਆ ਹੈ।

ਨੋਂਟ:- ਕਹਿਣ ਤੋਂ ਮੁਰਾਦ ਹੈ ਕਿ ਭਾਈ ਬਿਪਰ ਦੇ ਕੂੜ ਪ੍ਰਚਾਰ ਤੋਂ ਬਚ ਜਾਉ। ਇਸ ਲਈ ਜਿਹੜੇ ਅੱਜ ਸਾਡੇ ਘਰ ਬਿਪਰ ਹਨ ਇਨ੍ਹਾਂ ਨੂੰ ਵੀ ਪਛਾਣੋ।

ਪਉੜੀ।।

ਸਾਹਿਬੁ ਹੋਇ ਦਇਆਲੁ ਕਿਰਪਾ ਕਰੇ ਤਾ ਸਾਈ ਕਾਰ ਕਰਾਇਸੀ।।

ਸੋ ਸੇਵਕੁ ਸੇਵਾ ਕਰੇ ਜਿਸ ਨੋ ਹੁਕਮੁ ਮਨਾਇਸੀ।।

ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ।।

ਖਸਮੈ ਭਾਵੈ ਸੋ ਕਰੇ ਮਨਹੁ ਚਿੰਦਿਆ ਸੋ ਫਲੁ ਪਾਇਸੀ।।

ਤਾ ਦਰਗਹ ਪੈਧਾ ਜਾਇਸੀ।। ੧੫।।

ਪਦ ਅਰਥ:- ਸਾਹਿਬੁ – ਮਾਲਕ। ਹੋਇ ਦਇਆਲ – ਦਇਆਵਾਨ ਹੋ ਕੇ। ਕਿਰਪਾ ਕਰੇ – ਬਖਸ਼ਿਸ਼ ਕਰੇ। ਤਾ ਸਾਈ ਕਾਰ ਕਰਾਇਸੀ – ਉਹ ਕਾਰ ਕਰਨੀ ਚਾਹੀਦੀ ਹੈ ਜਿਹੜੀ ਉਹ ਕਰਾਉਣੀ ਚਾਹੁੰਦਾ ਹੈ। ਸੋ ਸੇਵਕੁ ਸੇਵਾ ਕਰੇ – ਉਸ ਸੇਵਕ ਸੇਵਾ ਦਾ ਹੱਕ ਪ੍ਰਾਪਤ ਕਰਦਾ ਹੈ। ਜਿਸ ਨੋ ਹੁਕਮੁ ਮਨਾਇਸੀ – ਜਿਸ ਨੇ ਉਸ ਦਾ ਹੁਕਮ ਮੰਨ ਲਿਆ ਹੈ। ਹੁਕਮਿ ਮੰਨਿਐ ਹੋਵੈ ਪਰਵਾਣੁ – ਜਿਸ ਨੇ ਹੁਕਮ ਮੰਨ ਲਿਆ ਹੋਵੇ ਉਹ ਹੀ ਪ੍ਰਵਾਨ ਹੁੰਦਾ ਹੈ। ਤਾ ਖਸਮੈ ਕਾ ਮਹਲੁ ਪਾਇਸੀ – ਤਾਂ ਮਾਲਕ ਦਾ ਦਰ ਪ੍ਰਾਪਤ ਹੁੰਦਾ ਹੈ। ਖਸਮੈ ਭਾਵੈ ਸੋ ਕਰੇ – ਜਿਹੜਾ ਉਸ ਦੇ ਮਾਲਕ ਨੂੰ ਭਾਉਂਦਾ ਉਹ ਕਰੇ। ਮਨਹੁ ਚਿੰਦਿਆ ਸੋ ਫਲੁ ਪਾਇਸੀ – ਉਹ ਮਨੋ ਚਿਤਵਿਆ ਫਲ ਪ੍ਰਾਪਤ ਕਰ ਲੈਂਦਾ ਹੈ। ਤਾ ਦਰਗਹ ਪੈਦਾ ਜਾਇਸੀ – ਤਾਂ ਮਾਲਕ ਦੀ ਦਰਗਾਹ/ਮਲਕੀਅਤ ਅੰਦਰ ਪ੍ਰਵਾਨ ਹੁੰਦਾ ਹੈ।

ਅਰਥ:- ਜੇਕਰ ਕੋਈ ਇਹ ਚਾਹੁੰਦਾ ਹੈ ਕਿ ਉਸ ਦਾ ਮਾਲਕ ਉਸ `ਤੇ ਦਇਆਲ ਹੋ ਕੇ ਕ੍ਰਿਪਾ ਕਰੇ ਤਾਂ ਉਸ ਨੂੰ ਉਹ ਕਾਰ ਕਰਨੀ ਚਾਹੀਦੀ ਹੈ, ਜਿਹੜੀ ਉਸ ਦਾ ਮਾਲਕ ਚਾਹੁੰਦਾ ਹੈ। ਜਿਸ ਕਿਸੇ ਨੇ ਮਾਲਕ ਦੇ ਹੁਕਮ ਨੂੰ ਮਨਾਇਸੀ/ਮੰਨ ਲਿਆ, ਉਹ ਹੀ ਸੇਵਕ ਆਪਣੇ ਮਾਲਕ ਦੀ ਸੇਵਾ ਕਰਨ ਦਾ ਹੱਕ ਪ੍ਰਾਪਤ ਕਰਦਾ ਹੈ। ਮਾਲਕ ਦਾ ਹੁਕਮ ਮੰਨਣ ਵਾਲਾ ਹੀ ਮਾਲਕ ਦਾ ਦਰ ਪਾਉਂਦਾ ਭਾਵ ਪ੍ਰਾਪਤ ਕਰਦਾ ਹੈ। ਉਹ, ਉਹ ਕੁੱਝ ਕਰਦਾ ਹੈ ਜਿਹੜਾ ਉਸ ਦੇ ਮਾਲਕ ਨੂੰ ਭਾਉਂਦਾ ਹੈ ਕਿਉਂਕਿ ਉਸ ਨੇ ਮਨੋ ਇਹ ਚਿਤਵਿਆ ਹੋਇਆ ਸੀ ਕਿ ਮਾਲਕ ਦੇ ਦਰ `ਤੇ ਪ੍ਰਵਾਨ ਹੋਣਾ ਹੈ, ਇਸ ਤਰ੍ਹਾਂ ਉਹ ਮਾਲਕ ਦੇ ਦਰ `ਤੇ ਪ੍ਰਵਾਨ ਹੋਣ ਦਾ ਫਲ ਪ੍ਰਾਪਤ ਕਰ ਲੈਂਦਾ ਹੈ। ਇਸ ਤਰ੍ਹਾਂ ਮਾਲਕ ਦੇ ਦਰ `ਤੇ ਪ੍ਰਵਾਨ ਹੋਣ ਵਾਲਾ ਆਪਣੇ ਮਾਲਕ ਦੀ ਦਰਗਾਹ/ਮਲਕੀਅਤ ਅੰਦਰ ਕਬੂਲ ਹੋ ਜਾਂਦਾ ਹੈ।

ਬਲਦੇਵ ਸਿੰਘ ਟੌਰਾਂਟੋ।




.