. |
|
ਭਲਾਂ ਕੌਣ ਜਿੱਤੇਗਾ ?
ਅੱਜ ਕਲ ਸ਼ੋਸ਼ਲ ਮੀਡੀਆ ਤੇ ਗੁਰਮਤਿ
ਸਿਧਾਂਤਾਂ ਤੋਂ ਕੋਰੇ ਅਤੇ ਅੰਨੀ ਸ਼ਰਧਾ ਵਾਲੇ ਲਿਖਾਰੀਆਂ ਦੀਆਂ ਘੜੀਆਂ ਗਈਆਂ ਸਾਖੀਆਂ ਦੇ ਆਧਾਰ ਤੇ
ਗੁਰੂ ਜੀ ਵਲੋਂ ਕੀਤੇ ਗਏ ਫੈਸਲੇ ਜਾਂ ਲਏ ਗਏ ਇਮਤਿਹਾਨਾ ਸਮੇ, ਗੁਰੂ ਜੀ ਨਾਲ ਹੋਏ ਵਿਸ਼ਵਾਸ਼ ਘਾਤ
ਜਾਂ ਅਸਫਲ ਹੋਏ ਗੁਰੂ ਪੁੱਤਰਾਂ ਅਤੇ ਹੋਰਾਂ ਦੇ ਵਿਵਹਾਰ ਅਨੁਸਾਰ ਗੁਰੂ ਜੀ ਦੀ ਦੂਰ ਦ੍ਰਿਸ਼ਟੀ ਦੀ
ਗਲਤੀ ਜਾਂ ਸਾਖੀਆਂ ਦਾ ਹੀ ਗਲਤ ਹੋਣ ਦਾ ਬਾਜਾਰ ਗਰਮ ਹੈ ਜਿਨਾ ਦਾ ਆਧਾਰ ਗੁਰੂ ਜੀ ਦਾ ਵਿਸ਼ਵਾਸ ਅਤੇ
ਅਗਲੇ ਵਲੋਂ ਕਰਿਆ ਗਿਆ ਵਿਸ਼ਵਾਸ ਘਾਤ ਬਣਾਇਆ ਜਾ ਰਿਹਾ ਹੈ ।
ਕੁਝ ਹਵਾਲੇ-
-ਗੁਰੂ ਹਰ ਰਾਹੇ ਸਾਹਿਬ ਵਲੋਂ ਰਾਮ ਰਾਏ ਨੂੰ ਵਿਸ਼ਵਾਸ਼ ਕਰਕੇ ਬਾਦਸ਼ਾਹ ਦੇ ਦਰਬਾਰ ਸਪੱਸ਼ਟੀਕਰਣ ਲਈ
ਭੇਜਣਾ ਅਤੇ ਉਸਦਾ ਕਮਜੋਰ ਮਾਨਸਿਕਤਾ ਵਾਲਾ ਸਾਬਤ ਹੋਣਾ।
-ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪੈਂਦੇ ਖਾਨ ਨੂੰ ਵਿਸ਼ਵਾਸ਼ ਨਾਲ ਪਾਲਣਾ ਅਤੇ ਉਸਦਾ ਗੁਰੂ ਖਿਲਾਫ ਹੀ
ਜੰਗ ਕਰਨਾ।
-ਗੁਰੂ ਗੋਬਿੰਦ ਸਿੰਘ ਜੀ ਦਾ ਨੰਦੇੜ ਵਿਖੇ ਦੋ ਪਠਾਣਾਂ ਤੇ ਵਿਸ਼ਵਾਸ ਕਰ ਨਜਦੀਕ ਰੱਖਣਾ ਅਤੇ ਉਹਨਾ
ਵੱਲੋਂ ਗੁਰੂ ਜੀ ਤੇ ਹੀ ਮੌਕਾ ਤਾੜਕੇ ਹਮਲਾ ਕਰਨਾ।
-ਪ੍ਰਿਥੀ ਚੰਦ ਤੇ ਵਿਸ਼ਵਾਸ ਕਰਨਾ
-ਤੀਜੇ ਗੁਰੂ ਜੀ ਵਲੋਂ ਬਣਾਏ ਪਰਚਾਰਕਾਂ/ਮਸੰਦਾਂ ਦੇ ਵਿਸ਼ਵਾਸਘਾਤ ਕਾਰਣ ਦਸਵੇਂ ਗੁਰੂ ਜੀ ਵਲੋਂ ਇਸ
ਪ੍ਰਥਾ ਨੂੰ ਖਤਮ ਕਰਨਾ।
-ਆਨੰਦਪੁਰ ਦੀ ਜੰਗ ਦੌਰਾਨ ਦੁਸ਼ਮਣਾ ਵਲੋਂ ਲਿਆਂਦੇ ਹਾਥੀ ਨਾਲ ਮੁਕਾਬਲੇ ਲਈ ਗੁਰੂ ਜੀ ਦਾ ਦਿਨੀ ਚੰਦ
ਨੂੰ ਆਖਣਾ ਪਰ ਉਸਦਾ ਵਿਸ਼ਵਾਸਘਾਤ ਕਰਕੇ ਕੰਧ ਟੱਪ ਕੇ ਭੱਜ ਜਾਣਾ ,ਬਾਅਦ ਵਿੱਚ ਬਚਿੱਤਰ ਸਿੰਘ ਵੱਲੋਂ
ਹਾਥੀ ਨਾਲ ਮੁਕਾਬਲਾ ਕਰਨਾ।
ਇਸ ਤਰਾਂ ਦੀਆਂ ਗੁਰੂ ਨਾਲ ਵਿਸ਼ਵਾਸ ਘਾਤ ਜਾਂ ਇਮਤਿਹਾਨਾ ਵਾਲੀਆਂ ਅਨੇਕਾਂ ਹੋਰ ਕਹਾਣੀਆਂ ਹਨ ।
ਹੁਣ ਵਿਚਾਰਨਾ ਪੈਣਾ ਹੈ ਕਿ ਅਜਿਹੀਆਂ ਕਹਾਣੀਆਂ ਦੇ ਆਧਾਰ ਤੇ ਕਰੀ ਜਾ ਰਹੀ ਵਿਚਾਰਧਾਰਕ ਜੰਗ
ਚੋਂ ਕੌਣ ਜਿੱਤੇਗਾ ?
ਜਿਸਦਾ ਸਪੱਸ਼ਟ ਜਵਾਬ ਹੈ ਕਹਾਣੀ ਜਿੱਤੇਗੀ ਅਤੇ ਅਸੀਂ ਇਸ ਤੇ ਸੱਚੀ ਹੋਣ ਦੀ ਮੋਹਰ ਲਾਵਾਂਗੇ ।
ਇਹ ਸਭ ਜਾਣਦੇ ਹਨ ਕਿ ਗੁਰੂ ਸਿੱਖਾਂ ਦੇ ਇਮਤਿਹਾਨ ਲੈਂਦੇ ਰਹੇ ਹਨ । ਗੁਰੂ ਤੋਂ ਅਸੀਂ ਗਲਤੀ ਦੀ
ਤਵੱਕੋਂ ਕਰ ਹੀ ਨਹੀਂ ਸਕਦੇ । ਫਿਰ ਬਣਾਈਆਂ ਗਈਆਂ/ਘੜੀਆਂ ਗਈਆਂ ਸਾਖੀਆਂ ਵਿੱਚ ਗੁਰੂ ਨਾਲ ਵਿਸ਼ਵਾਸ
ਘਾਤ ਹੁੰਦਾ ਹੈ ਜਿਸਤੋਂ ਕੁਝ ਲੋਕ ਗੁਰੂ ਦੀ ਦੂਰ ਦ੍ਰਿਸ਼ਟਤਾ ਤੇ ਕਿੰਤੂ ਕਰਦੇ ਹਨ । ਸੋ ਦੋਹਾਂ ਹੀ
ਹਾਲਤਾਂ ਵਿੱਚ ਕਹਾਣੀ ਜਿੱਤਦੀ ਹੈ ਸਿਧਾਂਤ ਹਾਰਦਾ ਹੈ । ਸਵਾਲ ਤਾਂ ਇਹ ਹੋਣਾ ਚਾਹੀਦਾ ਸੀ ਕਿ ਕੀ
ਇਹ ਸਾਖੀਆਂ ਸਹੀ ਹਨ ਜਾਂ ਇਹਨਾਂ ਸਾਖੀਆਂ ਨੂੰ ਕਿਹੜੇ ਕਿਹੜੇ ਦ੍ਰਿਸ਼ਟੀਕੋਣਾਂ ਨਾਲ ਦੇਖਿਆ ਜਾਣਾ
ਚਾਹੀਦਾ ਹੈ ?
ਕੱਲ ਨੂੰ ਅਜਿਹੀਆਂ ਹੋਰ ਸਾਖੀਆਂ ਵੀ ਮੈਦਾਨ ਵਿੱਚ ਆ ਸਕਦੀਆਂ ਹਨ ।
ਗੁਰਮੀਤ ਸਿੰਘ ਬਰਸਾਲ
|
. |