.

ਆਸਾ ਕੀ ਵਾਰ

(ਕਿਸ਼ਤ ਨੰ: 17)

ਪਉੜੀ ਸੋਲਵੀਂ ਅਤੇ ਸਲੋਕ

ਸਲੋਕ ਮਃ ੧।।

ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨ ਜਾਈ।।

ਧੋਤੀ ਟਿਕਾ ਤੈ ਜਪਮਾਲੀ ਧਾਨੁ ਮਲੇਛਾਂ ਖਾਈ।।

ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ।।

ਛੋਡੀਲੇ ਪਾਖੰਡਾ।।

ਨਾਮਿ ਲਇਐ ਜਾਹਿ ਤਰੰਦਾ।। ੧।।

ਪਦ ਅਰਥ:- ਗਊ – ਗਾਂ। ਬਿਰਾਹਮਣ – ਬ੍ਰਾਹਮਣ। ਕਉ – ਨੂੰ। ਕਰੁ – ਟੈਕਸ। ਲਾਵਹੁ – ਲਾਉਂਦਾ ਹੈ। ਗੋਬਰਿ – ਗੋਹਾ। ਤਰਣੁ ਨ ਜਾਈ – ਗੋਹੇ ਨਾਲ ਤਰਿਆ ਨਹੀਂ ਜਾ ਸਕਦਾ। ਧੋਤੀ ਟਿਕਾ ਤੈ ਜਪਮਾਲੀ - ਮੱਥੇ `ਤੇ ਟਿਕਾ ਤੇੜ ਧੋਤੀ ਅਤੇ ਗਲ਼ ਵਿੱਚ ਮਾਲਾ ਪਹਿਨਦਾ ਹੈ। ਧਾਨੁ ਮਲੇਛਾਂ ਖਾਈ – ਜਿਨ੍ਹਾਂ ਨੂੰ ਮਲੇਛ ਆਖਦਾ ਹੈ ਪਦਾਰਥ ਉਨ੍ਹਾਂ ਤੋਂ ਲੈ ਕੇ ਖਾਂਦਾ ਹੈ। ਅੰਤਰਿ ਪੂਜਾ – ਅੰਦਰ ਵੜ ਕੇ ਪੂਜਾ ਕਰਦਾ ਹੈ। ਪੜਹਿ ਕਤੇਬਾ – ਕਤੇਬਾ ਪੜ੍ਹਦਾ ਹੈ। ਸੰਜਮੁ – ਸੰਜਮ ਨਾਲ। ਤੁਰਕਾ – ਤੁਰਕ ਲੋਕ ਜਿਨ੍ਹਾਂ ਨੂੰ ਮਲੇਛ ਆਖਦਾ ਹੈ। ਭਾਈ – ਹੇ ਭਾਈ। ਛੋਡੀਲੇ ਪਾਖੰਡਾ – ਇਹ ਪਾਖੰਡ ਕਰਨਾ ਛੱਡਦੇ। ਨਾਮਿ ਲਇਆ – ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਨਾਲ। ਜਾਹਿ ਤਰੰਦਾ – ਤਰਿਆ ਜਾ ਸਕਦਾ।

ਅਰਥ:- ਜਿਸ ਬ੍ਰਾਹਮਣ ਨੂੰ ਗਊ ਰੱਖਣ `ਤੇ (ਜਿਨ੍ਹਾਂ ਨੂੰ ਮਲੇਛ ਕਹਿੰਦਾ ਹੈ ਉਨ੍ਹਾਂ ਵੱਲੋਂ) ਟੈਕਸ ਲਾਇਆ ਜਾਂਦਾ ਹੈ, ਉਸ ਗਾਂ ਦੇ ਗੋਹੇ ਨਾਲ (ਚੌਂਕੇ ਵਿੱਚ ਪੌਚਾ ਫੇਰਨ ਨਾਲ ਅਗਿਆਨਤਾ ਦਾ ਸਮੁੰਦਰ ਨਹੀਂ) ਤਰਿਆ ਨਹੀਂ ਜਾ ਸਕਦਾ। ਹੇ ਭਾਈ! ਉਦਾਂ ਇਹ ਧੋਤੀ ਟਿੱਕਾ ਅਤੇ ਮਾਲਾ ਪਾਉਂਦਾ ਹੈ ਅਤੇ (ਜਿਨ੍ਹਾਂ ਨੂੰ ਮਲੇਛ) ਆਖਦਾ ਹੈ ਧਾਨ/ਪਦਾਰਥ ਉਨ੍ਹਾਂ ਤੋਂ ਲੈ ਕੇ ਖਾਂਦਾ ਹੈ। (ਜਿਨ੍ਹਾਂ ਨੂੰ ਮਲੇਛ ਆਖਦਾ ਹੈ ਉਨ੍ਹਾਂ ਤੋਂ ਡਰਦਾ) ਅੰਦਰ ਵੜ ਕੇ (ਚੋਰੀ-ਚੋਰੀ) ਪੂਜਾ ਕਰਦਾ ਹੈ ਅਤੇ ਤੁਰਕਾ ਦੇ ਸਾਹਮਣੇ ਬੜੇ ਸੰਜਮ ਨਾਲ ਕੁਰਾਨ ਆਦਿਕ ਪੜ੍ਹਦਾ ਹੈ। ਇਸ ਪਾਖੰਡ ਨੂੰ ਛੱਡ ਕੇ, ਸੱਚ ਨੂੰ ਜੀਵਨ ਵਿੱਚ ਅਪਣਾਉਣ ਨਾਲ ਹੀ ਤਰਿਆ (ਝੂਠ ਤੋਂ ਉੱਪਰ ਉਠਿਆ) ਜਾ ਸਕਦਾ ਹੈ।

ਨੋਟ:- ਬ੍ਰਾਹਮਣ ਨੂੰ ਗਊ ਰੱਖਣ `ਤੇ ਹੀ ਟੈਕਸ ਇਹ ਲਾਇਆ ਜਾਂਦਾ ਸੀ ਕਿ ਦੁੱਧ ਜਿਨ੍ਹਾਂ ਨੂੰ ਮਲੇਛ ਕਹਿੰਦਾ ਹੈ ਉਹ ਲੈ ਜਾਂਦੇ ਸੀ ਅਤੇ ਗੋਬਰ ਇਸ ਦੇ ਹਿੱਸੇ ਆਉਂਦਾ ਸੀ।

ਮਃ ੧।।

ਮਾਣਸ ਖਾਣੇ ਕਰਹਿ ਨਿਵਾਜ।।

ਛੁਰੀ ਵਗਾਇਨਿ ਤਿਨ ਗਲਿ ਤਾਗ।।

ਤਿਨ ਘਰਿ ਬ੍ਰਹਮਣ ਪੂਰਹਿ ਨਾਦ।।

ਉਨਾੑ ਭਿ ਆਵਹਿ ਓਈ ਸਾਦ।।

ਕੂੜੀ ਰਾਸਿ ਕੂੜਾ ਵਾਪਾਰੁ।।

ਕੂੜੁ ਬੋਲਿ ਕਰਹਿ ਆਹਾਰੁ।।

ਸਰਮ ਧਰਮ ਕਾ ਡੇਰਾ ਦੂਰਿ।।

ਨਾਨਕ ਕੂੜੁ ਰਹਿਆ ਭਰਪੂਰਿ।।

ਮਥੈ ਟਿਕਾ ਤੇੜਿ ਧੋਤੀ ਕਖਾਈ।।

ਹਥਿ ਛੁਰੀ ਜਗਤ ਕਾਸਾਈ।।

ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ।।

ਮਲੇਛ ਧਾਨੁ ਲੇ ਪੂਜਹਿ ਪੁਰਾਣੁ।।

ਅਭਾਖਿਆ ਕਾ ਕੁਠਾ ਬਕਰਾ ਖਾਣਾ।।

ਚਉਕੇ ਉਪਰਿ ਕਿਸੈ ਨ ਜਾਣਾ।।

ਦੇ ਕੈ ਚਉਕਾ ਕਢੀ ਕਾਰ।।

ਉਪਰਿ ਆਇ ਬੈਠੇ ਕੂੜਿਆਰ।।

ਮਤੁ ਭਿਟੈ ਵੇ ਮਤੁ ਭਿਟੈ।। ਇਹੁ ਅੰਨੁ ਅਸਾਡਾ ਫਿਟੈ।।

ਤਨਿ ਫਿਟੈ ਫੇੜ ਕਰੇਨਿ।।

ਮਨਿ ਜੂਠੈ ਚੁਲੀ ਭਰੇਨਿ।।

ਕਹੁ ਨਾਨਕ ਸਚੁ ਧਿਆਈਐ।।

ਸੁਚਿ ਹੋਵੈ ਤਾ ਸਚੁ ਪਾਈਐ।। ੨।। ਮਃ ੧।।

ਪਦ ਅਰਥ:- ਨਿਵਾਜ – ਕ੍ਰਿਪਾ ਕਰਨ ਵਾਲਾ। ਮਾਣਸ ਖਾਣੇ ਕਰਹਿ ਨਿਵਾਜ – ਮਾਨਵਤਾ ਤੇ ਕ੍ਰਿਪਾ ਕਰਨ ਦੇ ਨਾਂਅ `ਤੇ ਮਾਨਵਤਾ ਨੂੰ ਲੁੱਟ ਕੇ ਜੋ ਖਾ ਜਾਣ ਵਾਲੇ ਹਨ। ਛੁਰੀ ਵਗਾਇਨ ਤਿਨ ਗਲਿ ਤਾਗ – ਐਸੇ ਲੁੱਟ ਦੀ ਛੁਰੀ ਚਲਾਉਣ ਵਾਲਿਆਂ ਦੇ ਗਲ਼ਾਂ ਵਿੱਚ ਜਨੇਊ ਪਾਏ ਹੋਏ ਹਨ। ਤਿਨ – ਉਨ੍ਹਾਂ, ਤਿਨ੍ਹਾਂ, ਜਿਨ੍ਹਾਂ, ਇਨ੍ਹਾਂ। ਤਿਨ ਘਰਿ – ਉਨ੍ਹਾਂ ਜਿਨ੍ਹਾਂ ਦੇ ਘਰ। ਬ੍ਰਹਮਣ ਪੂਰਹਿ ਨਾਦ – ਬ੍ਰਾਹਮਣ ਜਾ ਕੇ ਸੰਖ ਵਜਾਉਂਦਾ ਹੈ। ਸਾਦ - ਪ੍ਰਸੰਨਤਾ। ਉਨਾੑ ਭਿ ਆਵਹਿ ਓਈ ਸਾਦ – (ਜਿਨ੍ਹਾਂ ਦੇ ਘਰ ਜਾ ਕੇ ਬ੍ਰਾਹਮਣ ਸੰਖ ਵਜਾਉਂਦਾ ਹੈ) ਉਨ੍ਹਾਂ ਨੂੰ ਵੀ ਉਹੀ ਹੀ ਸੁਆਦ ਪਿਆ ਹੋਇਆ ਹੈ। ਕੂੜੀ ਰਾਸਿ – ਕੂੜ/ਝੂਠ ਦੀ ਪੂੰਜੀ ਹੀ ਇਨ੍ਹਾਂ ਦੇ ਪੱਲੇ ਹੈ। ਕੂੜਾ ਵਾਪਾਰੁ – ਕੂੜ ਦਾ ਹੀ ਵਪਾਰ ਕਰਦੇ ਹਨ। ਕੂੜੁ ਬੋਲਿ ਕਰਹਿ ਆਹਾਰੁ – ਕੂੜ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰ ਕੇ ਆਹਾਰ ਕਰਦੇ ਭਾਵ (ਲੁੱਟ ਕੇ) ਖਾਂਦੇ ਹਨ। ਡੇਰਾ – ਵਾਸਾ। ਸਰਮ ਧਰਮ ਕਾ ਡੇਰਾ ਦੂਰਿ – ਸਰਮ ਧਰਮ ਦਾ ਵਾਸਾ ਇਨ੍ਹਾਂ ਦੇ ਕਿਤੇ ਨੇੜੇ ਤੇੜੇ ਵੀ ਨਹੀਂ ਇਨ੍ਹਾਂ ਤੋਂ ਬਹੁਤ ਦੂਰ ਹੈ। ਨਾਨਕ ਕੂੜ ਰਹਿਆ ਭਰਪੂਰਿ – ਇਸ ਤਰ੍ਹਾਂ ਧਰਮ ਦੇ ਨਾਂਅ ਦੇ ਪੂਰਨ ਤੋਰ `ਤੇ (ਚਾਰੋ ਪਾਸੇ) ਕੂੜ ਵਰਤ ਰਿਹਾ ਹੈ। ਮਥੇ ਟਿਕਾ – ਮੱਥੇ `ਤੇ ਟਿੱਕਾ ਲਗਾਉਂਦੇ ਹਨ। ਤੇੜਿ ਧੋਤੀ ਕਖਾਈ – ਤੇੜ ਗੇਰੂ ਰੰਗ ਦੀ ਧੋਤੀ ਪਹਿਨਦੇ ਹਨ। ਹਥਿ ਛੁਰੀ ਜਗਤ ਕਸਾਈ – ਹੱਥ ਵਿੱਚ ਇਨ੍ਹਾਂ ਦੇ ਅਗਿਆਨਤਾ ਦੀ ਛੁਰੀ ਹੈ ਜਿਸ ਨਾਲ ਜੀਵਾਂ ਨੂੰ ਕੋਂਹਦੇ ਭਾਵ ਲੁੱਟਦੇ ਹਨ। ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ – ਨੀਲੇ ਰੰਗ ਦੇ ਕੱਪੜੇ ਪਾ ਕੇ (ਤੁਰਕ ਹਾਕਮਾਂ ਦੇ ਦਰ) `ਤੇ ਪ੍ਰਵਾਨ ਹੁੰਦੇ ਹਨ। ਮਲੇਛ ਧਾਨੁ ਲੇ – ਜਿਨ੍ਹਾਂ ਨੂੰ ਮਲੇਛ ਕਹਿੰਦਾ ਹੈ ਉਹਨਾਂ ਪਾਸੋਂ ਧਾਨ ਲੈ ਕਰ ਕੇ। ਪੂਜਹਿ ਪੁਰਾਣੁ – ਉੇਸੇ ਧਾਨ ਨਾਲ ਪੁਰਾਣਾਂ ਦੀ ਪੂਜਾ ਕਰਦਾ ਹੈ। ਅਭਾਖਿਆ ਕਾ ਕੁਠਾ ਬਕਰਾ ਖਾਣਾ – ਜਿਨ੍ਹਾਂ ਨੂੰ ਮਲੇਛ ਆਖਦਾ ਹੈ ਉਨ੍ਹਾਂ ਦਾ ਕਲਮਾ ਪੜ੍ਹ ਕੇ ਬਣਾਇਆ ਕੁੱਠਾ ਬੱਕਰਾ ਖਾਂਦੇ ਹਨ। ਚਉਕੇ ਅੰਦਰ ਕਿਸੇ ਨ ਜਾਣਾ – ਚੌਂਕੇ ਦੇ ਅੰਦਰ ਕਿਸੇ ਹੋਰ ਦੇ ਜਾਣ `ਤੇ ਪਾਬੰਦੀ ਲਾਉਂਦਾ ਹੈ। ਦੇ ਕੈ ਚਉਕਾ ਕਢੀ ਕਾਰ – ਚੌਂਕੇ ਦੇ ਘੇਰੇ ਲਕੀਰ ਖਿੱਚ ਲੈਂਦਾ ਹੈ (ਤਾਂ ਜੋ ਕਿ ਹੋਰ ਕੋਈ ਦਾਖਲ ਹੋ ਕੇ ਚੌਂਕਾ ਭਿੱਟ ਨਾ ਦੇਵੇ)। ਉਪਰਿ ਆਇ ਬੈਠੇ ਕੂੜਿਆਰ – ਜੋ ਆਪ ਹੀ ਝੂਠੇ/ਭ੍ਰਿਸ਼ਟ ਹਨ ਉਹ ਉਪਰ ਆਣ ਬੈਠਦੇ ਹਨ। ਮਤੁ ਭਿਟੈ – ਹੋਰਨਾਂ ਨੂੰ ਭਿੱਟੇ ਜਾਣ ਦੇ (ਡਰੋਂ ਚੌਂਕੇ ਅੰਦਰ ਜਾਣ ਤੋਂ) ਵਿਵਰਜਿਤ ਕਰਦੇ ਹਨ। ਮਤੁ – ਮਤਾਂ, ਵਿਵਰਜਤ ਕਰਨਾ। ਵੇ ਮਤੁ ਭਿਟੇ – ਮਤਾਂ ਕਿਤੇ ਭਿੱਟਿਆ ਨਾ ਜਾਏ। ਇਹੁ ਅੰਨੁ ਆਸਾਡਾ ਫਿਟੈ – ਇਹ ਸਾਡਾ ਅੰਨ ਕਿਤੇ ਅਪਵਿੱਤਰ/ਖਰਾਬ ਨਾ ਹੋ ਜਾਵੇ। ਤਨਿ ਫਿਟੈ ਫੇੜ ਕਰੇਨਿ – ਇਨ੍ਹਾਂ ਦੇ ਆਪਣੇ ਤਨ ਅਪਵਿੱਤਰ ਹਨ ਭੈੜੇ ਕੰਮ ਆਪ ਕਰਦੇ ਹਨ। ਮਨਿ ਜੂਠੇ – ਇਹ ਆਪ ਮਨੋ ਜੂਠੇ ਹਨ। ਚੁਲੀ ਭਰੇਨਿ – (ਝੂਠ) ਚੂਲੀਆਂ ਕਰਦੇ ਹਨ। ਕਹੁ ਨਾਨਕ – ਨਾਨਕ ਆਖਦਾ ਹੈ। ਸਚੁ ਧਿਆਈਐ – ਸਚੁ ਨੂੰ ਜੀਵਨ ਵਿੱਚ ਅਭਿਆਸ/(practice) ਕਰੀਏ। ਸੁਚਿ ਹੋਵੈ – ਅੰਦਰੋਂ ਨਿਰਮਲ ਹੋਵੇ। ਤਾ ਸਚੁ ਪਾਈਐ – ਤਾਂ ਹੀ ਸੱਚ ਪ੍ਰਾਪਤ ਕੀਤਾ ਜਾਣਿਆ ਜਾ ਸਕਦਾ ਹੈ।

ਅਰਥ:- ਹੇ ਭਾਈ! ਜਿਹੜੇ ਅਖੌਤੀ ਬ੍ਰਾਹਮਣ ਗਲ਼ ਵਿੱਚ ਜਨੇਊ ਪਾ ਕੇ ਲੋਕਾਂ `ਤੇ (ਲੁੱਟ ਦੀ) ਛੁਰੀ ਚਲਾਉਂਦੇ ਹਨ, ਇਹ ਮਾਨਵਤਾ ਤੇ (ਅਖੌਤੀ) ਬਖਸ਼ਿਸ਼ ਕਰਨ ਦੇ ਨਾਂਅ `ਤੇ ਮਾਨਵਤਾ ਨੂੰ ਲੁੱਟ ਕੇ ਖਾ ਜਾਣ ਵਾਲੇ ਹਨ। ਉਨ੍ਹਾਂ ਜਿਨ੍ਹਾਂ ਦੇ ਘਰ ਜਾ ਕੇ ਇਹ (ਅਖੌਤੀ) ਬ੍ਰਾਹਮਣ ਸੰਖ ਵਜਾਉਂਦਾ ਹੈ, ਦਰਅਸਲ ਉਨ੍ਹਾਂ ਨੂੰ ਵੀ ਉੇਹ ਹੀ ਸੁਆਦ ਭਾਵ (ਲੁੱਟ ਕਰਵਾਉਣ ਦਾ ਭੁੱਸ) ਪਿਆ ਹੋਇਆ ਹੈ। ਕੂੜ/ਝੂਠ ਦੀ ਪੂੰਜੀ ਹੀ ਇਨ੍ਹਾਂ ਦੇ ਪੱਲੇ ਹੈ ਅਤੇ ਕੂੜ/ਝੂਠ ਦਾ ਹੀ ਵਪਾਰ ਕਰਦੇ ਹਨ ਅਤੇ ਕੂੜ/ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰ ਕੇ ਆਹਾਰ ਕਰਦੇ ਭਾਵ ਲੁੱਟ ਕੇ ਖਾਂਦੇ ਹਨ। ਸ਼ਰਮ ਅਤੇ ਧਰਮ ਦਾ ਵਾਸਾ ਇਨ੍ਹਾਂ ਤੋਂ ਦੂਰ ਹੈ ਭਾਵ ਸੱਚ ਇਨ੍ਹਾਂ ਦੇ ਕਿਤੇ ਨੇੜੇ ਤੇੜੇ ਵੀ ਨਹੀਂ। ਨਾਨਕ ਆਖਦਾ ਹੈ, ਇਸ ਤਰ੍ਹਾਂ ਪੂਰਨ ਤੌਰ `ਤੇ (ਚਾਰੇ ਪਾਸੇ) ਕੂੜ ਵਰਤ ਰਿਹਾ ਹੈ। ਮੱਥੇ `ਤੇ ਟਿੱਕਾ ਤੇੜ ਇਨ੍ਹਾਂ ਦੇ ਗੇਰੂਏ ਰੰਗ ਦੀ ਧੋਤੀ ਹੈ, ਹੱਥ ਇਨ੍ਹਾਂ ਦੇ ਲੁੱਟ ਲਈ ਅਗਿਆਨਤਾ ਰੂਪੀ ਛੁਰੀ ਹੈ, ਜਿਸ ਨਾਲ ਜੀਵਾਂ ਨੂੰ ਕੋਂਹਦੇ ਭਾਵ ਲੁੱਟਦੇ ਹਨ। ਜਦੋਂ (ਤੁਰਕ ਹਾਕਮਾਂ ਦੇ ਦਰ ਜਾਂਦੇ ਹਨ ਉਦੋਂ ਧੋਤੀ ਟਿੱਕਾ ਲਾਹ ਕੇ) ਨੀਲੇ ਬਸਤਰ ਪਹਿਨ ਕੇ ਜਾਂਦੇ ਹਨ, ਤਾਂ ਜੋ ਕਿ ਉਨ੍ਹਾਂ ਦੇ ਦਰ `ਤੇ ਪ੍ਰਵਾਨ ਹੋ ਸਕਣ। ਉਦਾਂ ਉਨ੍ਹਾਂ ਨੂੰ ਮਲੇਛ ਸੱਦਦੇ ਹਨ, ਪਰ ਮਲੇਛਾਂ ਤੋਂ ਧਾਨ ਲੈ ਕਰ ਕੇ ਪੁਰਾਣਾਂ ਅਨੁਸਾਰ ਪੂਜਾ ਕਰਦੇ ਹਨ। ਜਿਨ੍ਹਾਂ ਨੂੰ ਮਲੇਛ ਸੱਦਦੇ ਹਨ ਉਨ੍ਹਾਂ ਦਾ (ਕਲਮਾ ਪੜ੍ਹ ਕੇ ਬਣਾਇਆ) ਕੁੱਠਾ ਬੱਕਰਾ ਖਾਂਦੇ ਹਨ, ਜਿਸ ਚੌਂਕੇ ਅੰਦਰ ਉਹ ਬੱਕਰਾ ਰਿੰਨਦੇ ਹਨ, ਉਸ ਦੇ ਘੇਰੇ ਲਕੀਰ ਖਿੱਚ ਕੇ ਕਿਸੇ ਹੋਰ ਦੇ ਚੌਂਕੇ ਅੰਦਰ ਜਾਣ `ਤੇ (ਭਿੱਟ ਦੇ ਡਰੋਂ) ਪਾਬੰਦੀ ਲਗਾਉਂਦੇ ਹਨ। ਜਿਹੜੇ ਲੋਕ ਆਪ ਭ੍ਰਿਸ਼ਟ ਹਨ, ਉਹ ਆਪ ਚੌਂਕੇ ਉੱਪਰ ਆਣ ਬੈਠਦੇ ਹਨ ਅਤੇ ਹੋਰਨਾਂ ਨੂੰ (ਚੌਂਕੇ ਅੰਦਰ ਆਉਣੋ) ਵਿਵਰਜਤ ਕਰਦੇ ਹਨ ਕਿ ਮਤਾਂ ਇਹ ਸਾਡਾ ਅੰਨ ਭਿੱਟਿਆ ਨਾ ਜਾਏ, ਅੰਨ ਕਿਤੇ ਅਪਵਿੱਤਰ/ਖਰਾਬ ਨਾ ਹੋ ਜਾਏ। ਇਨ੍ਹਾਂ ਦੇ ਆਪਣੇ ਤਨ ਅਪਵਿੱਤਰ ਹਨ (ਕਿਉਂਕਿ) ਭੈੜੇ ਕਰਮ ਆਪ ਕਰਦੇ ਹਨ, ਆਪ ਮਨੋ ਜੂਠੇ ਹਨ ਅਤੇ ਝੂਠ ਦੀਆਂ ਚੂਲੀਆਂ/ਕਰੂਲੀਆਂ ਕਰਦੇ ਭਾਵ ਵਾਰ-ਵਾਰ ਝੂਠ ਬੋਲਦੇ ਹਨ। ਹੇ ਭਾਈ! ਨਾਨਕ ਆਖਦਾ ਹੈ ਸੱਚ ਨੂੰ ਹੀ ਜੀਵਨ ਵਿੱਚ ਧਿਆਉਣ ਭਾਵ (practice) ਕਰਨ ਦੇ ਨਾਲ ਹੀ ਜੀਵਨ ਵਿੱਚ ਸੁੱਚਮਤਾ ਆਉਂਦੀ ਹੈ ਅਤੇ ਤਾਂ ਹੀ ਸੱਚ ਨੂੰ ਪਾਇਆ ਭਾਵ ਜਾਣਿਆ ਜਾ ਸਕਦਾ ਹੈ।

ਪਉੜੀ।।

ਚਿਤੈ ਅੰਦਰਿ ਸਭੁ ਕੋ ਵੇਖਿ ਨਦਰੀ ਹੇਠਿ ਚਲਾਇਦਾ।।

ਆਪੇ ਦੇ ਵਡਿਆਈਆ ਆਪੇ ਹੀ ਕਰਮ ਕਰਾਇਦਾ।।

ਵਡਹੁ ਵਡਾ ਵਡ ਮੇਦਨੀ ਸਿਰੇ ਸਿਰਿ ਧੰਧੈ ਲਾਇਦਾ।।

ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ।।

ਦਰਿ ਮੰਗਨਿ ਭਿਖ ਨ ਪਾਇਦਾ।। ੧੬।।

ਪਦ ਅਰਥ:- ਚਿਤੈ ਅੰਦਰਿ – ਚਿਤ ਵਿੱਚ ਰੱਖਦਾ ਹਾਂ। ਸਭੁ ਕੋ ਵੇਖਿ – ਸਾਰਿਆਂ ਨੂੰ ਵੇਖਦਾ ਹਾਂ। ਨਦਰੀ ਹੇਠਿ ਚਲਾਇਦਾ – ਆਪਣੀ ਨਜ਼ਰ ਭਾਵ ਬਖਸ਼ਿਸ ਦੇ ਹੇਠ ਹੀ ਚਲਾਉਂਦਾ ਹਾਂ। ਆਪੇ ਦੇ ਵਡਿਆਈਆ – (ਇਸ ਤਰ੍ਹਾਂ ਬਿਪਰ ਅਵਤਾਰਵਾਦੀ ਰੱਬ) ਆਪਣੇ ਆਪ ਨੂੰ ਆਪ ਹੀ ਵਡਿਆਈਆਂ ਦਿੰਦਾ ਹੈ। ਆਪੇ ਹੀ ਕਰਮ ਕਰਾਇਦਾ -ਆਪੇ ਹੀ ਹੋਰਨਾਂ ਦੇ ਕਰਮ ਬਣਾਉਂਦਾ/ਘੜਦਾ/ ਬਣਾਉਂਦਾ ਹੈ। ਵਡਹੁ ਵਡਾ – ਵੱਡੇ ਤੋਂ ਵੱਡਾ। ਮੇਦਨੀ – ਪ੍ਰਿਥਵੀ। ਵਡ ਮੇਦਨੀ – ਪ੍ਰਿਥਵੀ ਦਾ ਵੱਡੇ ਤੋਂ ਵੱਡਾ। ਸਿਰੇ – ਸਿਰਜੇ ਹਨ। ਸਿਰਿ – ਸਿਰਜ ਕੇ। ਧੰਧੈ ਲਾਇਦਾ – ਧੰਧੇ ਲਾਉਂਦਾ ਹੈ, ਲਾਇਆ ਹੈ। ਨਦਰਿ ਉਪਠੀ ਜੇ ਕਰੇ – ਜੇ ਉਨ੍ਹਾਂ ਤੋਂ ਨਜ਼ਰ/ਬਖਸ਼ਿਸ ਫੇਰ ਲਵੇ ਤਾਂ। ਸੁਲਤਾਨਾ ਘਾਹੁ ਕਰਾਇਦਾ – ਤਾਂ ਸਲਤਾਨਾ ਨੂੰ ਕੱਖੋਂ ਹੌਲਿਆਂ ਕਰ ਦਿੰਦਾ ਹੈ।

ਅਰਥ:- (ਅਖੌਤੀ) ਬਿਪਰ (ਦਾ ਅਵਤਰਵਾਦੀ ਰੱਬ) ਆਪਣੇ ਆਪ ਨੂੰ ਆਪ ਹੀ ਵਡਿਆਈਆਂ ਦਿੰਦਾ ਹੈ ਕਿ ਉਹ ਆਪੇ ਹੀ ਹੋਰਨਾਂ ਦੇ ਕਰਮ ਬਣਾਉਂਦਾ ਹੈ। ਇਹ ਪ੍ਰਚਾਰਦਾ ਹੈ ਕਿ ਸਾਰਿਆਂ ਨੂੰ ਹੀ ਮੈਂ ਆਪਣੇ ਚਿੱਤ ਵਿੱਚ ਰੱਖਦਾ ਹਾਂ ਅਤੇ ਆਪਣੀ ਨਜ਼ਰ ਭਾਵ ਬਖਸ਼ਿਸ ਦੇ ਹੇਠ ਚਲਾਉਂਦਾ ਹਾਂ। ਜਿੰਨੇ ਵੀ ਵੱਡੇ ਤੋਂ ਵੀ ਵੱਡੇ ਪ੍ਰਿਥਵੀ ਦੇ ਰਾਜੇ ਹਨ ਉਹ ਸਾਰੇ ਉਸ ਨੇ ਹੀ ਸਿਰਜੇ ਹਨ ਅਤੇ ਸਿਰਜ ਕੇ ਸਾਰਿਆਂ ਨੂੰ ਧੰਦੇ ਲਾਇਆ ਹੈ। ਜਿਹੜੇ (ਰਾਜੇ ਬਿਪਰ ਵਰਗੇ ਨੂੰ ਉਨ੍ਹਾਂ ਦੇ) ਦਰ ਮੰਗਣ ਗਏ ਨੂੰ ਭਿਖਿਆ ਨਾ ਪਾਉਣ, ਉਨ੍ਹਾਂ ਨੂੰ ਆਖਦਾ ਹੈ ਜੇ ਉਹ, ਉਨ੍ਹਾਂ ਤੋਂ ਆਪਣੀ ਨਦਰਿ ਫੇਰ ਲਵੇ ਤਾਂ ਉਨ੍ਹਾਂ ਨੂੰ ਕੱਖੋਂ ਹੋਲਿਆਂ ਕਰ ਦਿੰਦਾ ਹੈ, ਸਕਦਾ ਹੈ।

ਨੋਟ:- ਇਸ ਤਰ੍ਹਾਂ ਦੇ ਡਰਾਵੇ ਦੇ ਕਰ ਕੇ ਬਿਪਰ ਲੋਕਾਂ ਨੂੰ ਡਰਾਵੇ ਦੇ ਕਰ ਕੇ ਲੁੱਟਦਾ ਅਤੇ ਕੁੱਟਦਾ ਹੈ।

ਬਲਦੇਵ ਸਿੰਘ ਟੌਰਾਂਟੋ।




.