ਖਾਲਸਾ ਪੰਥ ਬਨਾਮ ਡੇਰਾਵਾਦ
(ਭਾਗ ਪੱਚੀਵਾਂ)
ਡੇਰਿਆਂ ਦੀਆਂ ਕਿਸਮਾਂ
(ਭੁਲੇਖਾ ਪਾਊ ਗੁਰੂਡੰਮ)
ਮੈਂ ਇਸ ਨੂੰ ਭੁਲੇਖਾ ਪਾਊ ਗੁਰੂ ਡੰਮ ਦਾ ਨਾਂਅ ਇਸ ਵਾਸਤੇ ਦਿੱਤਾ ਹੈ,
ਕਿਉਂਕਿ ਇਹ ਸਿੱਖਾਂ ਵਿੱਚ ਆਪਣੇ ਸਿੱਖ ਕੌਮ ਦਾ ਹੀ ਇੱਕ ਅੰਗ ਹੋਣ, ਬਲਕਿ ਸਿੱਖੀ ਦੇ ਵੱਡੇ
ਅਲੰਬਰਦਾਰ ਅਤੇ ਪ੍ਰਚਾਰਕ ਹੋਣ ਦਾ ਭੁਲੇਖਾ ਪਾਉਂਦੇ ਹਨ। ਆਪਣੇ ਇਸ ਕੰਮ ਵਿੱਚ ਇਹ ਬਹੁਤ ਹੱਦ ਤੱਕ
ਕਾਮਯਾਬ ਵੀ ਹਨ। ਕਿਉਂਕਿ ਇਹ ਆਪਣੇ ਡੇਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਹਨ ਅਤੇ
ਗੁਰੂ ਗ੍ਰੰਥ ਸਾਹਿਬ ਦੇ ਪੂਜਾ ਰੂਪੀ ਸਤਿਕਾਰ ਦਾ ਵੱਡਾ ਅਡੰਬਰ ਰਚਦੇ ਹਨ, ਗੁਰਮਤਿ ਸਿਧਾਂਤਾਂ ਤੋਂ
ਅਨਜਾਣ ਸਿੱਖ ਇਸੇ ਨੂੰ ਗੁਰੂ ਗ੍ਰੰਥ ਸਾਹਿਬ ਦਾ ਪੂਰਨ ਸਤਿਕਾਰ ਸਮਝ ਲੈਂਦੇ ਹਨ ਅਤੇ ਸਿੱਖੀ ਦੇ
ਭੁਲੇਖੇ ਵਿੱਚ ਹੀ ਇਨ੍ਹਾਂ ਡੇਰਿਆਂ ਵੱਲ ਖਿਚੇ ਜਾਂਦੇ ਹਨ। ਹਾਲਾਂਕਿ ਇਨ੍ਹਾਂ ਡੇਰਿਆਂ ਵਿੱਚ ਬਹੁਤੇ
ਕਰਮ ਬ੍ਰਾਹਮਣੀ ਮਰਿਯਾਦਾ ਅਨੁਸਾਰ ਕੀਤੇ ਜਾ ਰਹੇ ਹਨ, ਪਰ ਉਨ੍ਹਾਂ ਉਤੇ ਸਿੱਖੀ ਦਾ ਰੰਗ ਚਾੜ੍ਹਨ ਦੀ
ਕੋਸ਼ਿਸ਼ ਕੀਤੀ ਜਾਂਦੀ ਹੈ। ਗੁਰਬਾਣੀ ਦੀ ਸਨਾਤਨੀ ਵਿਆਖਿਆ ਕਰਕੇ ਗੁਰਮਤਿ ਅਤੇ ਬ੍ਰਾਹਮਣਵਾਦ ਨੂੰ
ਰੱਲਗੱਡ ਕੀਤਾ ਜਾਂਦਾ ਹੈ। ਇਸ ਤਰ੍ਹਾਂ ਆਰ. ਐਸ. ਐਸ. ਦੇ ਸਿੱਖੀ ਦੇ ਭਗਵਾਕਰਨ ਦਾ ਵੱਡਾ ਏਜੰਡਾ ਇਹ
ਸਹਿਜ ਬਣਾ ਰਹੇ ਹਨ। ਬਾਕੀ ਸਾਰੇ ਕਰਮ ਉਹੀ ਕੀਤੇ ਜਾ ਰਹੇ ਹਨ, ਜੋ ਪੂਰਨ ਗੁਰੂਡੰਮ ਵਾਲੇ ਡੇਰਿਆਂ
ਵਿੱਚ ਹੁੰਦੇ ਹਨ। ਉਸੇ ਤਰ੍ਹਾਂ ਡੇਰੇਦਾਰ ਆਪਣੇ ਚਰਨਾਂ `ਤੇ ਮੱਥੇ ਟਿਕਾਉਂਦੇ ਹਨ, ਉਸੇ ਤਰ੍ਹਾਂ
ਭੋਲੇ ਭਾਲੇ ਲੋਕਾਂ ਦਾ ਮਾਨਸਿਕ, ਆਰਥਿਕ, ਸਮਾਜਿਕ ਅਤੇ ਸਰੀਰਕ ਸੋਸ਼ਣ ਕੀਤਾ ਜਾਂਦਾ ਹੈ।
ਇਸ ਸ਼੍ਰੇਣੀ ਵਿੱਚ ਤਿੰਨ ਤਰ੍ਹਾਂ ਦੇ ਡੇਰੇ ਆਉਂਦੇ ਹਨ:
1-ਸੰਪਰਦਾਈ ਡੇਰੇ
2- ਮੌਜੂਦਾ ਦੌਰ ਦਾ ਸੰਤਵਾਦ ਅਤੇ ਕਾਰ ਸੇਵਾ ਵਾਲੇ ਡੇਰੇ
3- ਫੁਟਕਲ ਡੇਰੇ
ਜੇ ਇੱਕ ਇੱਕ ਡੇਰੇ ਦੇ ਪਿਛੋਕੜ ਅਤੇ ਉਥੇ ਹੋ ਰਹੇ (ਕੁ) ਕਰਮਾਂ ਬਾਰੇ
ਵਿਸਤਾਰ ਨਾਲ ਲਿਖਣਾ ਹੋਵੇ, ਤਾਂ ਜਿਵੇਂ ਅੱਜ ਪੰਜਾਬ ਦੇ ਪਿੰਡ ਪਿੰਡ, ਸ਼ਹਿਰ ਸ਼ਹਿਰ ਵਿੱਚ ਡੇਰਿਆਂ
ਦਾ ਜਾਲ ਵਿਛਿਆ ਪਿਆ ਹੈ, ਘੱਟੋ ਘੱਟ ਅੱਠ ਦੱਸ ਭਾਗਾਂ ਵਾਲੀ ਵੱਡੀ ਕਿਤਾਬ ਲਿਖਣੀ ਪਵੇਗੀ।
*ਇਸ
ਕਿਤਾਬ ਦਾ ਮਕਸਦ ਨਾ ਤਾਂ ਕਿਸੇ ਦਾ ਪ੍ਰਚਾਰ ਕਰਨਾ ਹੈ, ਅਤੇ ਨਾ ਬਦਖੋਈ। ਬਲਕਿ ਕੌਮ ਨੂੰ ਇਨ੍ਹਾਂ
ਡੇਰਿਆਂ ਉਤੇ ਸਿੱਖ ਸਿਧਾਂਤਾਂ ਦੇ ਹੋ ਰਹੇ ਘਾਣ, ਅਤੇ ਸਿੱਖ ਕੋੰਮ ਅਤੇ ਮਨੁੱਖੀ ਸਮਾਜ `ਤੇ ਪੈ ਰਹੇ
ਇਸ ਦੇ ਮਾਰੂ ਪ੍ਰਭਾਵ ਬਾਰੇ ਜਾਗ੍ਰਿਤ ਕਰਨਾ ਹੈ। ਤਾਂਕਿ ਆਮ ਸਿੱਖ ਸੰਗਤ ਸੁਚੇਤ ਹੋ ਸਕੇ ਅਤੇ ਕੌਮ
ਭਵਿੱਖ ਵਾਸਤੇ ਕੋਈ ਉਸਾਰੂ ਪ੍ਰੋਗਰਾਮ ਉਲੀਕ ਸਕੇ। ਇਸ ਲਈ ਇਨ੍ਹਾਂ ਬਾਰੇ ਮੈਂ ਕੇਵਲ ਮੁੱਢਲੀ
ਜਾਣਕਾਰੀ ਦੇਣ ਤੱਕ ਸੀਮਤ ਰਹਾਂਗਾ।
*
(ਭਾਈ ਸੁਖਵਿੰਦਰ ਸਿੰਘ
ਸਭਰਾ ਲਿਖਤ: ਸੰਤਾਂ ਦੇ ਕੌਤਕ ਭਾਗ ੧ ਤੋਂ ੭, ਇਸ ਵਿਸ਼ੇ ਤੇ ਇੱਕ ਵਧੀਆ ਪੜ੍ਹਨ ਯੋਗ ਸਮੱਗਰੀ ਹੈ)
ਡੇਰਾਵਾਦ ਦਾ ਪਿਛੋਕੜ- ਸੰਪਰਦਾਈ ਡੇਰੇ
- ਉਦਾਸੀ:
ਭਾਈ ਕਾਨ੍ਹ ਸਿੰਘ ਨਾਭਾ ਜੀ ਮਹਾਨ ਕੋਸ਼ ਦੇ ਪੰਨਾ ੯ `ਤੇ ਉਦਾਸੀ ਦਾ ਅਰਥ
ਲਿਖਦੇ ਹਨ: ਉਦਾਸੀਨਤਾ, ਸੰਗਯਾ-ਉਪਰਾਮਤਾ, ਵਿਰਕੁਤਾ। ੨. ਨਿਰਾਸਤਾ।
ਇਸ ਤੋਂ ਸਪੱਸ਼ਟ ਹੈ ਕਿ ਉਦਾਸੀ ਲਫਜ਼ ਉਦਾਸ ਤੋਂ ਬਣਿਆ ਹੈ, ਜਿਸ ਦਾ ਭਾਵ ਹੈ
ਘਰ-ਬਾਰ ਤਿਆਗ ਕੇ ਦੁਨਿਆਵੀ ਸੁੱਖਾਂ ਤੋਂ ਵਿਰਕਤ ਰਹਿਣਾ। ਕਿਉਂਕਿ ਬਿਪਰਵਾਦੀ ਸਮਾਜ ਵਿੱਚ ਗ੍ਰਿਹਸਤ
ਅਤੇ ਗ੍ਰਿਹਸਤ ਦੇ ਸੁੱਖ ਤਿਆਗ ਕੇ ਜੰਗਲਾਂ, ਪਹਾੜਾਂ ਆਦਿ ਵਿੱਚ ਚਲੇ ਜਾਣਾ ਅਤੇ ਉਥੇ ਜਾ ਕੇ ਤੱਪ
ਸਾਧਨੇ ਇੱਕ ਵੱਡਾ ਧਾਰਮਿਕ ਕਰਮ ਸਮਝਿਆ ਜਾਂਦਾ ਹੈ, ਇਸ ਵਾਸਤੇ ਉਦਾਸੀ ਵਿਚਾਰਧਾਰਾ ਭਾਰਤ ਦੀ ਧਰਤੀ
`ਤੇ ਪੁਰਾਤਨ ਸਮੇਂ ਤੋਂ ਚਲੀ ਆਉਂਦੀ ਹੈ। ਇਸੇ ਵਿਚਾਰਧਾਰਾ ਅਧੀਨ ਗੁਰੂ ਨਾਨਕ ਪਾਤਿਸ਼ਾਹ ਦੀਆਂ
ਪ੍ਰਚਾਰ ਫੇਰੀਆਂ ਨੂੰ ਵੀ ਉਦਾਸੀਆਂ ਕਿਹਾ ਗਿਆ। ਆਮ ਤੌਰ `ਤੇ ਜੋ ਲੋਕ ਉਦਾਸੀ ਧਾਰਨ ਕਰਦੇ, ਉਹ
ਜੋਗੀਆਂ ਵਿੱਚ ਜਾ ਰਲਦੇ ਅਤੇ ਜੋਗੀ ਕਹਾਉਂਦੇ। ਇਸ ਦਾ ਸੰਕੇਤ ਗੁਰੂ ਨਾਨਕ ਸਾਹਿਬ ਨੇ ਜਪੁ ਬਾਣੀ ਦੀ
ਸਤਾਰਵੀਂ ਪਉੜੀ ਵਿੱਚ ਦਿੱਤਾ ਹੈ:
"ਅਸੰਖ ਜੋਗ ਮਨਿ ਰਹਹਿ ਉਦਾਸ।। "
ਜੋਗ ਦੇ ਸਾਧਨ ਕਰਨ ਵਾਲੇ ਬੇਅੰਤ ਮਨੁੱਖ ਆਪਣੇ ਮਨ ਵਿੱਚ (ਮਾਇਆ ਵਲੋ)
ਉਪਰਾਮ ਰਹਿੰਦੇ ਹਨ।
ਇਸੇ ਗੱਲ ਦੀ ਪ੍ਰੋੜਤਾ ਮਾਝ ਕੀ ਵਾਰ ਦੀ ਪੰਜਵੀਂ ਪਉੜੀ ਕਰਦੀ ਹੈ:
"ਇਕ ਕੰਦ ਮੂਲੁ ਚੁਣਿ ਖਾਹਿ ਵਣ ਖੰਡਿ ਵਾਸਾ।। ਇਕਿ ਭਗਵਾ ਵੇਸੁ ਕਰਿ
ਫਿਰਹਿ ਜੋਗੀ ਸੰਨਿਆਸਾ।।
ਅੰਦਰਿ ਤ੍ਰਿਸਨਾ ਬਹੁਤੁ ਛਾਦਨ ਭੋਜਨ ਕੀ ਆਸਾ।। ਬਿਰਥਾ ਜਨਮੁ ਗਵਾਇ ਨ
ਗਿਰਹੀ ਨ ਉਦਾਸਾ।। "
{ਮਾਝ ਕੀ ਵਾਰ ਮਹਲਾ ੧, ਪੰਨਾ ੧੪੦}
ਕਈ ਬੰਦੇ ਮੂਲੀ ਆਦਿਕ ਪੁਟ ਕੇ ਖਾਂਦੇ ਹਨ (ਮੂਲੀ ਆਦਿਕ ਖਾ ਕੇ ਗੁਜ਼ਾਰਾ
ਕਰਦੇ ਹਨ) ਤੇ ਜੰਗਲ ਦੇ ਗੋਸ਼ੇ ਵਿੱਚ ਜਾ ਰਹਿੰਦੇ ਹਨ। ਕਈ ਲੋਕ ਭਗਵੇ ਕੱਪੜੇ ਪਾ ਕੇ ਜੋਗੀ ਤੇ
ਸੰਨਿਆਸੀ ਬਣ ਕੇ ਫਿਰਦੇ ਹਨ (ਪਰ ਉਹਨਾਂ ਦੇ) ਮਨ ਵਿੱਚ ਬਹੁਤ ਲਾਲਚ ਹੁੰਦਾ ਹੈ, ਕੱਪੜੇ ਤੇ ਭੋਜਨ
ਦੀ ਲਾਲਸਾ ਟਿਕੀ ਰਹਿੰਦੀ ਹੈ (ਇਸ ਤਰ੍ਹਾਂ) ਅਜਾਈਂ ਮਨੁੱਖਾ ਜਨਮ ਗਵਾ ਕੇ ਨਾਹ ਉਹ ਗ੍ਰਿਹਸਤੀ
ਰਹਿੰਦੇ ਹਨ ਤੇ ਨਾਹ ਹੀ ਫ਼ਕੀਰ। (ਉਹਨਾਂ ਦੇ ਅੰਦਰ) ਤ੍ਰਿਗੁਣੀ (ਮਾਇਆ ਦੀ) ਲਾਲਸਾ ਹੋਣ ਦੇ ਕਾਰਨ
ਆਤਮਕ ਮੌਤ ਉਹਨਾਂ ਦੇ ਸਿਰ ਤੋਂ ਟਲਦੀ ਨਹੀਂ ਹੈ।
ਗੁਰਮਤਿ ਨੇ ਇਸ ਉਦਾਸੀ ਵਿਚਾਰਧਾਰਾ ਨੂੰ ਧਰਮ ਦੇ ਅੰਗ ਵਜੋਂ ਪ੍ਰਵਾਨ ਨਹੀਂ
ਕੀਤਾ, ਇਹ ਗੱਲ ਗੁਰਬਾਣੀ ਦੇ ਉਪਰੋਕਤ ਪ੍ਰਮਾਣ ਤੋਂ ਸਪੱਸ਼ਟ ਹੈ। ਇਸ ਦੇ ਹੋਰ ਵੀ ਕਈ ਪ੍ਰਮਾਣ ਗੁਰੂ
ਗ੍ਰੰਥ ਸਾਹਿਬ ਦੀ ਪਾਵਨ ਬਾਣੀ ਤੋਂ ਮਿਲਦੇ ਹਨ:
"ਮਨਮੁਖੁ ਮੋਹਿ ਵਿਆਪਿਆ ਬੈਰਾਗੁ ਉਦਾਸੀ ਨ ਹੋਇ।। ਸਬਦੁ ਨ ਚੀਨੈ ਸਦਾ
ਦੁਖੁ ਹਰਿ ਦਰਗਹਿ ਪਤਿ ਖੋਇ।। "
{ਸ੍ਰੀ ਰਾਗੁ ਮਹਲਾ ੩, ਪੰਨਾ
੨੯}
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿੱਚ ਫਸਿਆ ਰਹਿੰਦਾ
ਹੈ (ਉਸ ਦੇ ਅੰਦਰ) ਨਾਹ ਪਰਮਾਤਮਾ ਦੀ ਲਗਨ ਪੈਦਾ ਹੁੰਦੀ ਹੈ ਨਾਹ ਮਾਇਆ ਵਲੋਂ ਉਪਰਾਮਤਾ। ਉਹ ਮਨੁੱਖ
ਗੁਰੂ ਦੇ ਸ਼ਬਦ ਨੂੰ ਨਹੀਂ ਵਿਚਾਰਦਾ, (ਇਸ ਵਾਸਤੇ ਉਸ ਨੂੰ) ਸਦਾ ਦੁੱਖ (ਘੇਰੀ ਰੱਖਦਾ) ਹੈ,
ਪਰਮਾਤਮਾ ਦੀ ਦਰਗਾਹ ਵਿੱਚ ਭੀ ਉਹ ਆਪਣੀ ਇੱਜ਼ਤ ਗਵਾ ਲੈਂਦਾ ਹੈ।
ਗੁਰਬਾਣੀ ਅਨੁਸਾਰ ਗ੍ਰਿਹਸਤ ਦੇ ਫਰਜ਼ ਨਿਭਾਉਂਦੇ ਹੋਏ, ਮਾਇਆ ਵਲੋਂ ਨਿਰਲੇਪ
ਰਹਿਣ ਨੂੰ ਸੱਚਾ ਧਰਮ ਦਾ ਮਾਰਗ ਦਸਿਆ ਹੈ। ਉਪਰ ਆਈ ਮਾਝ ਕੀ ਵਾਰ ਦੀ ਪੰਜਵੀਂ ਪਉੜੀ ਦੇ ਅੰਤਲੇ ਭਾਗ
ਵਿੱਚ ਹੀ ਸ਼ਤਿਗੁਰੂ ਸਪੱਸ਼ਟ ਸਮਝਾਉਂਦੇ ਹਨ:
"ਗੁਰਮਤੀ ਕਾਲੁ ਨ ਆਵੈ ਨੇੜੈ ਜਾ ਹੋਵੈ ਦਾਸਨਿ ਦਾਸਾ।। ਸਚਾ ਸਬਦੁ ਸਚੁ
ਮਨਿ ਘਰ ਹੀ ਮਾਹਿ ਉਦਾਸਾ।।
ਨਾਨਕ ਸਤਿਗੁਰੁ ਸੇਵਨਿ ਆਪਣਾ ਸੇ ਆਸਾ ਤੇ ਨਿਰਾਸਾ।। ੫।। " {ਮਾਝ ਕੀ
ਵਾਰ ਮਹਲਾ ੧, ਪੰਨਾ ੧੪੦}
ਜਦੋਂ ਮਨੁੱਖ (ਪ੍ਰਭੂ ਦੇ) ਸੇਵਕਾਂ ਦਾ ਸੇਵਕ ਬਣ ਜਾਂਦਾ ਹੈ, ਤਾਂ ਸਤਿਗੁਰੂ
ਦੀ ਸਿੱਖਿਆ `ਤੇ ਤੁਰ ਕੇ ਆਤਮਕ ਮੌਤ ਉਸਦੇ ਨੇੜੇ ਨਹੀਂ ਆਉਂਦੀ। ਗੁਰੂ ਦਾ ਸੱਚਾ ਸਬਦ ਤੇ ਪ੍ਰਭੂ
(ਉਸ ਦੇ) ਮਨ ਵਿੱਚ ਹੋਣ ਕਰਕੇ ਉਹ ਗ੍ਰਿਹਸਤ ਵਿੱਚ ਰਹਿੰਦਾ ਹੋਇਆ ਹੀ ਤਿਆਗੀ ਹੈ।
ਹੇ ਨਾਨਕ! ਜੋ ਮਨੁੱਖ ਆਪਣੇ ਗੁਰੂ ਦੇ ਹੁਕਮ ਵਿੱਚ ਤੁਰਦੇ ਹਨ, ਉਹ (ਦੁਨੀਆ
ਦੀਆਂ) ਲਾਲਸਾ ਤੋਂ ਉਪਰਾਮ ਹੋ ਜਾਂਦੇ ਹਨ।
ਸਿੱਖ ਧਰਮ ਗ੍ਰਿਹਸਤ ਦਾ ਧਰਮ ਹੈ, ਇਥੇ ਆਪਣੇ ਗ੍ਰਿਹਸਤ ਦਾ ਫਰਜ਼ ਪਾਲਦੇ ਅਤੇ
ਅਕਾਲ-ਪੁਰਖ ਵਲੋਂ ਬਖਸ਼ੇ ਹੋਏ ਦੁਨਿਆਵੀ ਸੁੱਖ ਮਾਣਦੇ ਹੋਏ, ਜੀਵਨ ਮੁਕਤਿ ਹੋਣ ਦਾ ਵਿਧਾਨ ਹੈ।
ਸਤਿਗੁਰੂ ਦੇ ਪਾਵਨ ਬਚਨ ਹਨ:
"ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ।। ਹਸੰਦਿਆ ਖੇਲੰਦਿਆ
ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ।। ੨।। "
{ਮਃ ੫, ਪੰਨਾ ੫੨੨}
ਹੇ ਨਾਨਕ
!
ਜੇ ਸਤਿਗੁਰੂ ਮਿਲ ਪਏ ਤਾਂ ਜੀਊਣ ਦੀ ਠੀਕ ਜਾਚ ਆ ਜਾਂਦੀ ਤੇ ਹੱਸਦਿਆਂ ਖੇਡਦਿਆਂ ਖਾਂਦਿਆਂ
ਪਹਿਨਦਿਆਂ (ਭਾਵ, ਦੁਨੀਆ ਦੇ ਸਾਰੇ ਕੰਮ ਕਾਰ ਕਰਦਿਆਂ) ਮਾਇਆ ਵਿੱਚ ਵਰਤਿਆਂ ਹੀ ਕਾਮਾਦਿਕ ਵਿਕਾਰਾਂ
ਤੋਂ ਬਚੇ ਰਹੀਦਾ ਹੈ। ੨।
ਉਦਾਸੀ ਸੰਪਰਦਾ ਗੁਰੂ ਨਾਨਕ ਪਾਤਿਸ਼ਾਹ ਦੇ ਵੱਡੇ ਪੁੱਤਰ ਬਾਬਾ ਸਿਰੀਚੰਦ ਜੀ
ਤੋਂ ਚਲੀ ਦੱਸੀ ਜਾਂਦੀ ਹੈ। ਇਸ ਦਾ ਕਾਰਨ ਇਹ ਹੈ ਕਿ ਬੇਸ਼ਕ ਉਦਾਸੀ ਵਿਚਾਰਧਾਰਾ ਪੁਰਾਤਨ ਸਮੇਂ ਤੋਂ
ਚਲੀ ਆਉਂਦੀ ਸੀ, ਪਰ ਇੱਕ ਅਲੱਗ ਸੰਪਰਦਾ ਦਾ ਰੂਪ ਇਸਨੇ ਬਾਬਾ ਸਿਰੀਚੰਦ ਜੀ ਦੇ ਪੈਰੋਕਾਰਾਂ ਤੋਂ ਹੀ
ਧਾਰਨ ਕੀਤਾ ਹੈ।
ਸਤਿਗੁਰੂ ਦੇ ਜੀਵਨ ਕਾਲ ਵਿੱਚ ਉਨ੍ਹਾਂ ਦੇ ਦੋਨੋਂ ਪੁੱਤਰ ‘ਬਾਬਾ ਸਿਰੀਚੰਦ`
ਅਤੇ ‘ਬਾਬਾ ਲਖਮੀ ਦਾਸ` ਆਗਿਆਕਾਰੀ ਸਾਬਤ ਨਹੀਂ ਹੋਏ। ਇਸ ਗੱਲ ਦੀ ਪ੍ਰੋੜਤਾ ਗੁਰੂ ਗ੍ਰੰਥ ਸਾਹਿਬ
ਵਿਚੋਂ ਵੀ ਮਿਲਦੀ ਹੈ:
"ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨੑ ਮੁਰਟੀਐ।। ਦਿਲਿ ਖੋਟੈ ਆਕੀ
ਫਿਰਨਿੑ ਬੰਨਿੑ ਭਾਰੁ ਉਚਾਇਨਿੑ ਛਟੀਐ।। "
{ਰਾਮਕਲੀ ਕੀ ਵਾਰ ਰਾਇ ਬਲਵੰਡ ਤਥਾ ਸਤੈ ਡੂਮਿ ਆਖੀ, ਪੰਨਾ ੯੬੭}
(ਗੁਰੂ ਨਾਨਕ ਪਾਤਿਸ਼ਾਹ ਦੇ) ਪੁਤ੍ਰਾਂ ਨੇ ਬਚਨ ਨ ਮੰਨਿਆ, ਉਹ ਗੁਰੂ ਵਲ
ਪਿੱਠ ਦੇ ਕੇ ਹੀ (ਹੁਕਮ) ਮੋੜਦੇ ਰਹੇ। ਇਹ ਲੋਕ ਖੋਟਾ ਦਿਲ ਹੋਣ ਦੇ ਕਾਰਨ (ਗੁਰੂ ਵੱਲੋਂ) ਆਕੀ ਹੋਏ
ਫਿਰਦੇ ਹਨ, ਇਸ ਲਈ (ਦੁਨੀਆ ਦੇ ਧੰਧਿਆਂ ਦੀ) ਛੱਟ ਦਾ ਭਾਰ ਬੰਨ੍ਹ ਕੇ ਚੁੱਕੀ ਰੱਖਦੇ ਹਨ।
ਇਥੇ ਭਾਈ ਬਲਵੰਡ ਜੀ ਵਲੋਂ ਵਰਤੇ ਸ਼ਬਦ, ‘ਦਿਲਿ ਖੋਟੈ ਆਕੀ ਫਿਰਨਿੑ ਬੰਨਿੑ
ਭਾਰੁ ਉਚਾਇਨਿੑ ਛਟੀਐ` ਨੂੰ ਵਿਸ਼ੇਸ਼ ਤੌਰ `ਤੇ ਸਮਝਣ ਦੀ ਲੋੜ ਹੈ। ਜਿਥੇ ‘ਆਕੀ ਫਿਰਨਿ` ਦੇ ਸ਼ਬਦ ਇਹ
ਸਪੱਸ਼ਟ ਕਰਦੇ ਹਨ ਕਿ ਗੁਰੂ ਨਾਨਕ ਸਾਹਿਬ ਦੇ ਪੁੱਤਰ ਆਪਣੇ ਗੁਰੂ ਪਿਤਾ ਦੀ ਵਿਚਾਰਧਾਰਾ ਤੋਂ ਬਾਗੀ
ਹੋ ਗਏ ਸਨ, ਉਥੇ ਜਿਵੇਂ ਦਾਣਿਆਂ ਨੂੰ ਛੱਜ ਵਿੱਚ ਛੱਟ ਕੇ ਜੋ ਬੇਲੋੜਾ ਗੰਦ ਉਸ ਵਿਚੋਂ ਨਿਕਲਦਾ ਹੈ,
ਉਸ ਨੂੰ ਛੱਟ ਕਿਹਾ ਜਾਂਦਾ ਹੈ ਅਤੇ ਉਸ ਬੇਕਾਰ ਛੱਟ ਨੂੰ ਗੰਦ ਵਿੱਚ ਹੀ ਸੁੱਟ ਦਿੱਤਾ ਜਾਂਦਾ ਹੈ।
ਇਥੇ ਇਹ ਬਚਨ ਸਪੱਸ਼ਟ ਕਰਦੇ ਹਨ ਕਿ ਜੋ ਵਿਚਾਰਧਾਰਾ ਗੁਰੂ ਨਾਨਕ ਸਾਹਿਬ ਨੇ ਗੰਦ ਸਮਝ ਕੇ ਧਰਮ ਦੇ
ਖੇਤਰ `ਚੋਂ ਬਾਹਰ ਸੁੱਟ ਦਿੱਤੀ ਸੀ, ਉਸ ਗੁਰੂ ਨਾਨਕ ਸਾਹਿਬ ਵਲੋਂ ਨਕਾਰੀ ਗਈ ਵਿਚਾਰਧਾਰਾ ਦੀ ਪੰਡ
ਬੰਨ੍ਹ ਕੇ ਬਾਬਾ ਸਿਰੀਚੰਦ ਅਤੇ ਲਖਮੀਦਾਸ ਨੇ ਆਪਣੇ ਸਿਰ `ਤੇ ਚੁੱਕ ਲਈ। ਭਾਵ ਗੁਰੂ ਨਾਨਕ ਪਾਤਿਸ਼ਾਹ
ਦੀ ਸਰਬ ਕਲਿਆਣਕਾਰੀ, ਨਰੋਈ ਗੁਰਮਤਿ ਵਿਚਾਰਧਾਰਾ ਨੂੰ ਅਪਨਾਉਣ ਦੀ ਬਜਾਏ, ਉਹੀ ਕਰਮਕਾਂਡੀ
ਬਿਪਰਵਾਦੀ ਵਿਚਾਰਧਾਰਾ ਨੂੰ ਅਪਨਾ ਲਿਆ।
ਜਦੋਂ ਗੁਰੂ ਨਾਨਕ ਪਾਤਿਸ਼ਾਹ ਨੇ ਭਾਈ ਲਹਿਣਾ ਜੀ ਨੂੰ ਗੁਰਗੱਦੀ ਦੀ
ਜ਼ਿਮੇਂਵਾਰੀ ਸੌਂਪ ਕੇ ਗੁਰੂ ਅੰਗਦ ਸਾਹਿਬ ਬਣਾ ਦਿੱਤਾ, ਉਸ ਵੇਲੇ ਵੀ ਸਿਰੀਚੰਦ ਨੇ ਇਤਰਾਜ਼ ਕੀਤਾ
ਅਤੇ ਪਰਿਵਾਰ ਇਕੱਠਾ ਕਰ ਲਿਆ ਕਿ ਗੁਰਗੱਦੀ `ਤੇ ਮੇਰਾ ਹੱਕ ਬਣਦਾ ਹੈ, ਪਿਤਾ ਜੀ ਨੇ ਮੇਰੇ ਨਾਲ
ਵਧੀਕੀ ਕੀਤੀ ਹੈ। ਪਰ ਸਤਿਗੁਰੂ ਨੇ ਸੱਭ ਦੇ ਸਾਹਮਣੇ ਇਹ ਸਪੱਸ਼ਟ ਕਰ ਦਿੱਤਾ ਕਿ ਇਹ ਕੋਈ ਪਦਾਰਥਵਾਦੀ
ਜਾਇਦਾਦ ਨਹੀਂ ਹੈ ਜਿਸ `ਤੇ ਪਿਤਾ ਪੁਰਖੀ ਹੱਕ ਹੋਵੇ। ਇਹ ਅਧਿਆਤਮਕ ਕਮਾਈ ਹੈ, ਸਿਰੀਚੰਦ ਕਿਸੇ
ਤਰ੍ਹਾਂ ਵੀ ਇਸ ਗੁਰਗੱਦੀ ਦੇ ਕਾਬਲ ਨਹੀਂ ਹੈ ਅਤੇ ਕੇਵਲ ਗੁਰੂ ਅੰਗਦ ਸਾਹਿਬ ਹੀ ਇਸ ਦੇ ਯੋਗ ਹਨ।
ਆਮ ਤੌਰ `ਤੇ ਮੰਨਿਆਂ ਜਾਂਦਾ ਹੈ ਕਿ ਇਸੇ ਦੇ ਰੋਸ ਵੱਜੋਂ ਸਿਰੀਚੰਦ ਨੇ ਆਪਣੀ ਅਲੱਗ ਉਦਾਸੀ ਸੰਪਰਦਾ
ਚਲਾ ਲਈ, ਹਾਲਾਂਕਿ ਇਤਿਹਾਸਕ ਪ੍ਰਮਾਣ ਇਹ ਦਸਦੇ ਹਨ ਕਿ ਇਹ ਸੰਪਰਦਾ ਸਤਾਰਵੀਂ ਸਦੀ ਦੇ ਸ਼ੁਰੂ ਵਿੱਚ
ਹੋਂਦ ਵਿੱਚ ਆਈ। ਜਿਸ ਦਾ ਅਸਲ ਭਾਵ ਇਹ ਹੈ ਕਿ ਇਹ ਸੰਪਰਦਾ ਕੁੱਝ ਸੁਆਰਥੀ ਲੋਕਾਂ ਵੱਲੋਂ ਉਨ੍ਹਾਂ
ਦੇ ਨਾਂਅ `ਤੇ ਬਾਅਦ ਵਿੱਚ ਚਲਾਈ ਗਈ।
ਸਿੱਖ ਸਿਧਾਂਤਾਂ ਦੇ ਉਲਟ, ਇਹ ਲੋਕ ਬਹੁਤੇ ਤੌਰ `ਤੇ ਵਾਲਾਂ ਦੀਆਂ ਜਟਾਂ
ਬਣਾ ਕੇ ਜਾਂ ਸਿਰ ਮੁਨਾ ਕੇ ਰਖਦੇ ਹਨ। ਇਹ ਪੂਰੀ ਤਰ੍ਹਾਂ ਬ੍ਰਾਹਮਣੀ ਰੰਗ ਵਿੱਚ ਰੰਗੇ ਹੋਏ ਹਨ।
ਬਹੁਤੇ ਕੇਵਲ ਲੱਕ ਦੁਆਲੇ ਇੱਕ ਕੱਪੜਾ ਲਪੇਟ ਕੇ, ਪਿੰਡੇ `ਤੇ ਸੁਆਹ ਮਲਦੇ ਹਨ। ਗੁਰੂ ਗ੍ਰੰਥ ਸਾਹਿਬ
ਦਾ ਸਤਿਕਾਰ ਕਰਨ ਦਾ ਵਿਖਾਵਾ ਕਰਦੇ ਹਨ, ਪਰ ਉਸ ਦੇ ਇਲਾਹੀ ਗਿਆਨ ਨੂੰ ਅਪਨਾਉਣ, ਉਸ ਅਨੁਸਾਰ ਜੀਵਨ
ਢਾਲਣ ਦੀ ਬਜਾਏ, ਹਿੰਦੂ ਧਰਮ ਦੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਵਾਂਗ ਗੁਰੂ ਗ੍ਰੰਥ ਸਾਹਿਬ ਦੀ ਵੀ
ਪੂਜਾ ਕਰਦੇ ਹਨ। ਬ੍ਰਾਹਮਣੀ ਮਤਿ ਅਨੁਸਾਰ ਹੀ, ਬਾਬਾ ਸਿਰੀਚੰਦ ਨੂੰ ਪ੍ਰਮਾਤਮਾ ਦਾ ਅਵਤਾਰ ਦਸਦੇ
ਹਨ। ਗੁਰਮਤਿ ਸਿਧਾਂਤਾਂ ਦੇ ਬਿਲਕੁਲ ਉਲਟ, ਇੱਕ ਪਾਸੇ ਗੁਰੂ ਨਾਨਕ ਪਾਤਿਸ਼ਾਹ ਅਤੇ ਬਾਬਾ ਸਿਰੀਚੰਦ
ਦੀਆਂ ਮੂਰਤੀਆਂ ਬਣਾ ਕੇ ਪੂਜਦੇ ਹਨ, ਨਾਲ ਹੀ ਬ੍ਰਾਹਮਣੀ ਦੇਵੀ ਦੇਵਤਿਆਂ ਸ਼ਿਵ, ਵਿਸ਼ਨੂ, ਸੂਰਜ,
ਦੁਰਗਾ ਅਤੇ ਗਣੇਸ਼ ਦੀ ਪੂਜਾ ਕਰਦੇ ਹਨ। ਜਦਕਿ ਗੁਰਬਾਣੀ ਵਿੱਚ ਇਨ੍ਹਾਂ ਦੇਵੀ ਦੇਵਤਿਆਂ ਨੂੰ ਕੋਈ
ਮਹਤੱਤਾ ਨਹੀਂ ਦਿੱਤੀ ਗਈ। ਪਾਵਨ ਗੁਰਬਾਣੀ ਦੇ ਫੁਰਮਾਨ ਹਨ:
"ਭਰਮੇ ਸੁਰਿ ਨਰ ਦੇਵੀ ਦੇਵਾ।। ਭਰਮੇ ਸਿਧ ਸਾਧਿਕ ਬ੍ਰਹਮੇਵਾ।। {ਗਉੜੀ
ਬਾਵਨ ਅਖਰੀ ਮਹਲਾ ੫, ਪੰਨਾ ੨੫੮}
(ਇਸ ਮਾਇਆ ਦੇ ਚੋਜ-ਤਮਾਸ਼ਿਆਂ ਦੀ ਖ਼ਾਤਰ) ਸੁਰਗੀ ਜੀਵ, ਮਨੁੱਖ, ਦੇਵੀ
ਦੇਵਤੇ ਖ਼ੁਆਰ ਹੁੰਦੇ (ਸੁਣੀਦੇ ਰਹੇ) ਵੱਡੇ ਵੱਡੇ ਸਾਧਨਾਂ ਵਿੱਚ ਪੁੱਗੇ ਹੋਏ ਜੋਗੀ, ਸਾਧਨ ਕਰਨ
ਵਾਲੇ ਜੋਗੀ, ਬ੍ਰਹਮਾ ਵਰਗੇ ਭੀ (ਇਹਨਾਂ ਪਿਛੇ) ਭਟਕਦੇ (ਸੁਣੀਦੇ) ਰਹੇ।
"ਮਹਿਮਾ ਨ ਜਾਨਹਿ ਬੇਦ।। ਬ੍ਰਹਮੇ ਨਹੀ ਜਾਨਹਿ ਭੇਦ।।
ਅਵਤਾਰ ਨ ਜਾਨਹਿ ਅੰਤੁ।। ਪਰਮੇਸਰੁ ਪਾਰਬ੍ਰਹਮ ਬੇਅੰਤੁ।। " {ਰਾਮਕਲੀ
ਮਹਲਾ ੫, ਪੰਨਾ ੮੯੪}
ਹੇ ਭਾਈ
!
ਪ੍ਰਭੂ ਕੇਡਾ ਵੱਡਾ ਹੈ—ਇਹ ਗੱਲ (ਚਾਰੇ) ਵੇਦ (ਭੀ) ਨਹੀਂ ਜਾਣਦੇ ।
ਅਨੇਕਾਂ ਬ੍ਰਹਮਾ ਭੀ (ਉਸ ਦੇ) ਦਿਲ ਦੀ ਗੱਲ ਨਹੀਂ ਜਾਣਦੇ ।
ਸਾਰੇ ਅਵਤਾਰ ਭੀ ਉਸ (ਪਰਮਾਤਮਾ ਦੇ ਗੁਣਾਂ) ਦਾ ਅੰਤ ਨਹੀਂ ਜਾਣਦੇ ।
ਹੇ ਭਾਈ !
ਪਾਰਬ੍ਰਹਮ ਪਰਮੇਸਰ ਬੇਅੰਤ ਹੈ ।
"
ਸੰਕਰਾ ਨਹੀ
ਜਾਨਹਿ ਭੇਵ।। ਖੋਜਤ ਹਾਰੇ ਦੇਵ।।
ਦੇਵੀਆ ਨਹੀ ਜਾਨੈ ਮਰਮ।। ਸਭ ਊਪਰਿ ਅਲਖ ਪਾਰਬ੍ਰਹਮ।। ੨।। " {ਰਾਮਕਲੀ
ਮਹਲਾ ੫, ਪੰਨਾ ੮੯੪}
(ਹੇ ਭਾਈ
!)
ਅਨੇਕਾਂ ਸ਼ਿਵ ਜੀ ਪਰਮਾਤਮਾ ਦੇ ਦਿਲ ਦੀ ਗੱਲ ਨਹੀਂ ਜਾਣਦੇ, ਅਨੇਕਾਂ ਦੇਵਤੇ ਉਸ ਦੀ ਖੋਜ ਕਰਦੇ ਕਰਦੇ
ਥੱਕ ਗਏ ।
ਦੇਵੀਆਂ ਵਿਚੋਂ ਭੀ ਕੋਈ ਉਸ ਪ੍ਰਭੂ ਦਾ ਭੇਦ ਨਹੀਂ ਜਾਣਦੀ ।
ਹੇ ਭਾਈ !
ਪਰਮਾਤਮਾ ਸਭਨਾਂ ਤੋਂ ਵੱਡਾ ਹੈ, ਉਸ ਦੇ ਸਹੀ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ ।
ਇਸੇ ਤਰ੍ਹਾਂ ਸਿੱਖ ਸਿਧਾਂਤਾਂ ਵਿੱਚ ਮੂਰਤੀ ਪੁਜਾ ਦਾ ਪੂਰਨ ਖੰਡਨ ਕੀਤਾ
ਗਿਆ ਹੈ। ਗੁਰਬਾਣੀ ਦਾ ਪਾਵਨ ਉਪਦੇਸ਼ ਹੈ:
"ਜੋ ਪਾਥਰ ਕਉ ਕਹਤੇ ਦੇਵ।। ਤਾ ਕੀ ਬਿਰਥਾ ਹੋਵੈ ਸੇਵ।।
ਜੋ ਪਾਥਰ ਕੀ ਪਾਂਈ ਪਾਇ।। ਤਿਸ ਕੀ ਘਾਲ ਅਜਾਂਈ ਜਾਇ।। ੧।। " {ਮਹਲਾ
੫, ਪੰਨਾ ੧੧੬੦}
ਜੋ ਮਨੁੱਖ ਪੱਥਰ (ਦੀ ਮੂਰਤੀ) ਨੂੰ ਰੱਬ ਆਖਦੇ ਹਨ, ਉਹਨਾਂ ਦੀ ਕੀਤੀ ਸੇਵਾ
ਵਿਅਰਥ ਜਾਂਦੀ ਹੈ
।
ਜੋ ਮਨੁੱਖ ਪੱਥਰ (ਦੀ ਮੂਰਤੀ) ਦੇ ਪੈਰੀਂ ਪੈਂਦੇ ਹਨ, ਉਹਨਾਂ ਦੀ ਮਿਹਨਤ ਅਜਾਈਂ ਚਲੀ ਜਾਂਦੀ ਹੈ ।
"
ਕਬੀਰ ਪਾਹਨੁ
ਪਰਮੇਸੁਰੁ ਕੀਆ ਪੂਜੈ ਸਭੁ ਸੰਸਾਰੁ।। ਇਸ ਭਰਵਾਸੇ ਜੋ ਰਹੇ ਬੂਡੇ ਕਾਲੀ ਧਾਰ।। {ਪੰਨਾ ੧੩੭੧}
ਹੇ ਕਬੀਰ! (ਪੰਡਿਤਾਂ ਦੇ ਪਿੱਛੇ ਲੱਗਾ ਹੋਇਆ ਇਹ) ਸਾਰਾ ਜਗਤ ਪੱਥਰ (ਦੀ
ਮੂਰਤੀ) ਨੂੰ ਪਰਮੇਸਰ ਮਿਥ ਰਿਹਾ ਹੈ ਤੇ ਇਸ ਦੀ ਪੂਜਾ ਕਰ ਰਿਹਾ ਹੈ। ਜਿਨ੍ਹਾਂ ਮਨੁੱਖਾਂ ਨੂੰ ਇਹ
ਖ਼ਿਆਲ ਬਣਿਆ ਹੋਇਆ ਹੈ ਕਿ ਪੱਥਰ ਨੂੰ ਪੂਜ ਕੇ ਉਹ ਪਰਮਾਤਮਾ ਦੀ ਭਗਤੀ ਕਰ ਰਹੇ ਹਨ ਉਹ ਡੂੰਘੇ
ਪਾਣੀਆਂ ਵਿੱਚ ਡੁੱਬੇ ਸਮਝੋ (ਜਿਥੋਂ ਉਹਨਾਂ ਦਾ ਕੋਈ ਥਹੁ-ਪਤਾ ਹੀ ਨਹੀਂ ਲੱਗਣਾ)।
ਗੁਰੂ ਨਾਨਕ ਸਾਹਿਬ ਦੀਆਂ ਮੂਰਤੀਆਂ ਇਹ ਕੇਵਲ ਸਿੱਖਾਂ ਨੂੰ ਭੁਲੇਖਾ ਪਾਉਣ
ਅਤੇ ਸਿੱਖ ਕੌਮ ਵਿੱਚ ਘੁਸਪੈਠ ਕਰਨ ਲਈ ਵਰਤਦੇ ਹਨ। ਗੁਰਬਾਣੀ ਦੀ ਸਨਾਤਨੀ ਵਿਆਖਿਆ ਕਰਕੇ ਇਸ ਨੂੰ
ਵੀ ਬ੍ਰਾਹਮਣੀ ਰੰਗਤ ਦੇਣ ਦੀ ਕੋਸ਼ਿਸ਼ ਕਰਦੇ ਹਨ। ਅਠਾਰਵੀਂ ਸਦੀ ਦੇ ਅੰਤ ਅਤੇ ਉਨੀਵੀਂ ਸਦੀ ਦੇ ਸ਼ੁਰੂ
ਵਿਚ, ਇਨ੍ਹਾਂ ਦੇ ਇੱਕ ਵਿਦਵਾਨ ਅਨੰਦ ਘਾਨ ਨੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕੀਤਾ, ਜੋ ਪੂਰੀ
ਤਰ੍ਹਾਂ ਹਿੰਦੂ ਵੈਦਿਕ ਗ੍ਰੰਥਾਂ `ਤੇ ਅਧਾਰਤ ਹੈ, ਇਸ ਵਿੱਚ ਗੁਰਬਾਣੀ ਦਾ ਪੂਰੀ ਤਰ੍ਹਾਂ
ਬ੍ਰਾਹਮਣੀਕਰਣ ਕੀਤਾ ਗਿਆ ਹੈ।
ਇਸ ਗੱਲ ਦੇ ਇਤਿਹਾਸਕ ਪ੍ਰਮਾਣ ਹਨ ਕਿ ਬਾਬਾ ਸਿਰੀਚੰਦ, ਗੁਰੂ ਰਾਮਦਾਸ
ਪਾਤਿਸ਼ਾਹ ਅੱਗੇ ਮੱਥਾ ਟੇਕ ਗਏ ਸਨ ਅਤੇ ਮੰਨ ਗਏ ਸਨ ਕਿ ਗੁਰਗੱਦੀ ਦੇ ਸਹੀ ਵਾਰਿਸ ਤੁਸੀਂ ਹੀ ਹੋ।
ਕੇਸਰ ਸਿੰਘ ਛਿੱਬਰ ਅਨੁਸਾਰ, ਉਨ੍ਹਾਂ ਨੇ ਗੁਰੂ ਰਾਮਦਾਸ ਪਾਤਿਸ਼ਾਹ ਦੇ ਅਕਾਲ ਪਇਆਣਾ ਕਰਨ `ਤੇ ਦੋ
ਪੱਗਾਂ ਭੇਜੀਆਂ, ਇੱਕ ਵੱਡੇ ਪੁੱਤਰ ਦੇ ਤੌਰ `ਤੇ ਪ੍ਰਿਥੀ ਚੰਦ ਜੀ ਵਾਸਤੇ ਅਤੇ ਦੂਸਰੀ ਗੁਰੂ ਨਾਨਕ
ਪਾਤਿਸ਼ਾਹ ਦੀ ਗੁਰਗੱਦੀ ਦੇ ਵਾਰਿਸ ਵਜੋਂ ਮਾਨਤਾ ਦੇਣ ਲਈ ਗੁਰੂ ਅਰਜਨ ਸਾਹਿਬ ਵਾਸਤੇ, ਪਰ ਉਨ੍ਹਾਂ
ਦੇ ਪੈਰੋਕਾਰਾਂ ਨੇ ਆਪਣੇ ਸੁਆਰਥਾਂ ਲਈ ਉਦਾਸੀ ਸੰਪਰਦਾ ਕਾਇਮ ਰੱਖੀ ਜਾਂ ਇਹ ਕਹਿਣਾ ਵਧੇਰੇ ਯੋਗ
ਹੋਵੇਗਾ ਕਿ ਅੱਗੋਂ ਆਪਣੀਆਂ ਗੱਦੀਆਂ ਚਲਾਉਣ ਲਈ ਉਦਾਸੀ ਸੰਪਰਦਾ ਬਣਾ ਲਈ। ਇਹ ਆਪਣੇ ਡੇਰਿਆਂ ਨੂੰ
ਅਖਾੜਾ ਜਾਂ ਧੂਣਾ ਕਹਿੰਦੇ ਹਨ, ਅੰਮ੍ਰਿਤਸਰ ਵਿੱਚ ਬ੍ਰਹਮਬੂਟਾ ਅਖਾੜਾ ਇਨ੍ਹਾਂ ਦੇ ਪ੍ਰਮੁਖ
ਅਖਾੜਿਆਂ ਵਿਚੋਂ ਇੱਕ ਹੈ। ਅਠਾਰਵੀਂ ਸਦੀ ਵਿੱਚ ਹੀ ਇਨ੍ਹਾਂ ਦੇ ਬਾਰ੍ਹਾਂ ਫਿਰਕੇ ਬਣ ਚੁੱਕੇ ਸਨ।
ਇਸ ਵੇਲੇ ਇਨ੍ਹਾਂ ਦੇ ਦੇਸ਼ ਭਰ ਵਿੱਚ ਸੈਂਕੜੇ ਡੇਰੇ ਹਨ। ਇਨ੍ਹਾਂ ਵਿਚੋਂ ਕਈ ਫਿਰਕੇ ਨੰਗੇ ਰਹਿੰਦੇ
ਹਨ, ਇਨ੍ਹਾਂ ਨੂੰ ਨਾਂਗੇ ਕਿਹਾ ਜਾਂਦਾ ਹੈ। ਆਮ ਤੌਰ `ਤੇ ਇਹ ਭੰਗ, ਅਫੀਮ ਅਤੇ ਚਰਸ ਦਾ ਨਸ਼ਾ ਕਰਦੇ
ਹਨ। ਇਨ੍ਹਾਂ ਉਤਰ ਭਾਰਤ ਤੋਂ ਬਾਹਰਲੇ ਬਹੁਤੇ ਗੁਰਦੁਆਰੇ, ਜਿੱਥੇ ਗੁਰੂ ਨਾਨਕ ਪਾਤਿਸ਼ਾਹ ਆਪਣੇ
ਪ੍ਰਚਾਰ ਦੌਰਿਆਂ ਸਮੇਂ ਗਏ ਸਨ, ਵਿੱਚ ਬਾਬਾ ਸਿਰੀਚੰਦ ਦੀਆਂ ਮੂਰਤੀਆਂ ਸਥਾਪਤ ਕਰ ਦਿਤੀਆਂ ਹਨ ਅਤੇ
ਇਸ ਤਰ੍ਹਾਂ ਇਨ੍ਹਾਂ ਗੁਰਦੁਆਰਿਆਂ ਦੀਆਂ ਜਾਇਦਾਦਾਂ ਉਪਰ ਕਬਜ਼ੇ ਕਰ ਲਏ ਹਨ। ਇਸ ਮਕਸਦ ਲਈ ਇਹ ਕੂੜ
ਪ੍ਰਚਾਰ ਕਰਦੇ ਹਨ ਕਿ ਜਦੋਂ ਗੁਰੂ ਨਾਨਕ ਪਾਤਿਸ਼ਾਹ ਉਥੇ ਆਏ ਤਾਂ ਉਨ੍ਹਾਂ ਨਾਲ ਬਾਬਾ ਸਿਰੀਚੰਦ ਵੀ
ਸਨ। ਦੁਨੀਆਂ ਵਿੱਚ ਕੋਈ ਵੀ ਐਸਾ ਇਤਿਹਾਸਕ ਪ੍ਰਮਾਣ ਨਹੀਂ ਹੈ ਜੋ ਉਨ੍ਹਾਂ ਦੇ ਇਸ ਕੂੜ ਦੀ ਪ੍ਰੋੜਤਾ
ਕਰਦਾ ਹੋਵੇ। ਇਹ ਪਹਿਲਾਂ ਚਿੱਟੇ ਕਪੜੇ ਪਹਿਨਦੇ ਸਨ ਪਰ ਬਾਅਦ ਵਿੱਚ ਬ੍ਰਾਹਮਣੀ ਪ੍ਰਭਾਵ ਅਧੀਨ ਭਗਵੇ
ਕਪੜੇ ਪਾਉਣ ਲੱਗ ਪਏ। ਪਹਿਲਾਂ ਇਹ ਵਿਆਹ ਨਹੀਂ ਸਨ ਕਰਾਉਂਦੇ, ਹੁਣ ਬਹੁਤੇ ਵਿਆਹ ਕਰਾਉਣ ਲੱਗ ਪਏ
ਹਨ। ਜਿਨ੍ਹਾਂ ਵਿਆਹ ਕਰਾ ਲਿਆ, ਉਨ੍ਹਾਂ ਆਪਣੇ ਅਖਾੜਿਆਂ ਨੂੰ ਹੀ ਆਪਣੇ ਘਰ ਬਣਾ ਲਿਆ ਹੈ। ਉਨ੍ਹਾਂ
ਦੇ ਬੱਚੇ ਹੁਣ ਆਮ ਤੌਰ `ਤੇ ਅਗੋਂ ਗੱਦੀਦਾਰ ਬਣਦੇ ਹਨ। ਜੇ ਤੱਤਸਾਰ ਵਿੱਚ ਕਿਹਾ ਜਾਵੇ ਤਾਂ ਇਨ੍ਹਾਂ
ਦਾ ਕੋਈ ਇੱਕ ਸਿਧਾਂਤ ਨਹੀਂ, ਹਰ ਡੇਰੇ, ਹਰ ਅਖਾੜੇ ਦੇ ਆਪਣੇ ਸਿਧਾਂਤ ਅਤੇ ਆਪਣੀ ਮਰਿਯਾਦਾ ਹੈ।
ਕੇਵਲ ਇਕੋ ਗੱਲ ਸਾਂਝੀ ਹੈ ਕਿ ਬਾਬਾ ਸਿਰੀ ਚੰਦ ਦਾ ਨਾਂ ਵਰਤ ਕੇ ਆਪਣੇ ਆਪ ਨੂੰ ਭੋਲੇ-ਭਾਲੇ
ਸਿੱਖਾਂ ਵਿੱਚ ਸਤਿਕਾਰ-ਯੋਗ ਸਾਬਤ ਕਰਨਾ ਅਤੇ ਉਨ੍ਹਾਂ ਦਾ ਮਾਨਸਿਕ ਅਤੇ ਆਰਥਕ ਸੋਸ਼ਨ ਕਰਨਾ।
ਸਿੱਖ ਕੌਮ ਵਿੱਚ ਭੁਲੇਖੇ ਪਾਕੇ, ਆਪਣੀ ਘੁਸਪੈਠ ਨੂੰ ਜਾਇਜ਼ ਠਹਿਰਾਉਣ ਲਈ,
ਇਨ੍ਹਾਂ ਇੱਕ ਹੋਰ ਕਹਾਣੀ ਪ੍ਰਚੱਲਤ ਕੀਤੀ ਹੋਈ ਹੈ ਕਿ ਇਨ੍ਹਾਂ ਦੀ ਸੰਪਰਦਾ ਨੂੰ ਅੱਗੇ ਚਲਾਉਣ ਲਈ
ਗੁਰੂ ਹਰਗੋਬਿੰਦ ਸਾਹਿਬ ਨੇ ਆਪ ਆਪਣੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਬਾਬਾ ਸਿਰੀ ਚੰਦ ਨੂੰ
ਸੌਂਪ ਦਿੱਤਾ ਸੀ। ਆਓ ਇਸ ਗੱਲ ਦੀ ਇਤਿਹਾਸਕ ਸਾਰਥਕਤਾ ਵੀ ਪਰਖ ਲਈਏ। ਭਾਈ ਕਾਨ੍ਹ ਸਿੰਘ ਨਾਭਾ
ਲਿਖਤ, ਮਹਾਨ ਕੋਸ਼ ਪਿਛਲੀ ਸਦੀ ਦਾ ਸਭ ਤੋਂ ਪ੍ਰਮਾਣੀਕ ਗ੍ਰੰਥ ਮੰਨਿਆਂ ਜਾਂਦਾ ਹੈ। ਇਸ ਦੇ ਪੰਨਾ
੨੫੧ `ਤੇ ਭਾਈ ਸਾਹਿਬ ਨੇ ਬਾਬਾ ਸਿਰੀ ਚੰਦ ਜੀ ਦੀ ਮੌਤ ੧੫ ਅਸੂ ਸੰਮਤ ੧੬੬੯ (੧੬੧੨ ਈ.) ਨੂੰ ਚੰਬੇ
ਦੀਆਂ ਪਹਾੜੀਆਂ ਵਿੱਚ ਰਾਵੀ ਦਰਿਆ ਦੇ ਕਿਨਾਰੇ ਹੋਈ ਲਿੱਖੀ ਹੈ ਅਤੇ ਬਾਬਾ ਗੁਰਦਿੱਤਾ ਜੀ ਦਾ ਜਨਮ
ਕੱਤਕ ਸੁਦੀ ੧੫ ਸੰਮਤ ੧੬੭੦ (੧੬੧੩ ਈ.) ਨੂੰ ਪਿੰਡ ਡਰੌਲੀ ਜ਼ਿਲਾ ਫਿਰੋਜ਼ਪੁਰ ਵਿੱਚ ਹੋਇਆ (ਮਹਾਨ
ਕੋਸ਼, ਪੰਨਾ ੪੧੬)। ਤਵਾਰੀਖ ਗੁਰੂ ਖਾਲਸਾ ਦਾ ਲੇਖਕ ਗਿਆਨੀ ਗਿਆਨ ਸਿੰਘ ਬਾਬਾ ਗੁਰਦਿੱਤਾ ਜੀ ਦਾ
ਜਨਮ ੮ ਕੱਤਕ ਸੰਮਤ ੧੬੭੦ ਬਿਕਰਮੀ ਨੂੰ ਹੋਇਆ ਲਿਖਦਾ ਹੈ, ਜੋ ਕਿ ਭਾਈ ਕਾਨ੍ਹ ਸਿੰਘ ਨਾਭਾ ਜੀ ਵਲੋਂ
ਮਹਾਨ ਕੋਸ਼ ਵਿੱਚ ਦਿੱਤੀ ਥਿਤਿ ਅਨੁਸਾਰ ਹੀ ਬਣਦਾ ਹੈ। ਇਸ ਤੋਂ ਸਪੱਸ਼ਟ ਹੈ ਕਿ ਬਾਬਾ ਗੁਰਦਿੱਤਾ ਜੀ
ਦਾ ਜਨਮ ਬਾਬਾ ਸਿਰੀ ਚੰਦ ਦੇ ਦਿਹਾਂਤ ਤੋਂ ੧੩ ਮਹੀਨੇ ਬਾਅਦ ਹੋਇਆ। ਜੋ ਉਸ ਵੇਲੇ ਜਨਮਿਆਂ ਹੀ ਨਹੀਂ
ਸੀ, ਬਲਕਿ ਅਜੇ ਮਾਂ ਦੀ ਕੁੱਖ ਵਿੱਚ ਹੀ ਨਹੀਂ ਸੀ ਆਇਆ, ਉਸ ਨੂੰ ਕਿਸੇ ਨੂੰ ਸੌਂਪਣਾ ਜਾਂ ਉਸ ਦਾ
ਗੱਦੀ ਦਾ ਵਾਰਸ ਬਣਨਾ, ਕਿਸੇ ਤਰ੍ਹਾਂ ਵੀ ਸੰਭਵ ਨਹੀਂ, ਹਾਲਾਂਕਿ ਇਨ੍ਹਾਂ ਦੇ ਇਸ ਕੂੜ ਪ੍ਰਚਾਰ ਤੋਂ
ਕੌਮ ਦੇ ਬੜੇ ਉਘੇ ਵਿਦਵਾਨ ਵੀ ਭੁਲੇਖਾ ਖਾ ਗਏ ਹਨ। ਇਥੋਂ ਤੱਕ ਕਿ ਭਾਈ ਕਾਨ੍ਹ ਸਿੰਘ ਨਾਭਾ ਜੀ, ਜੋ
ਮਹਾਨ ਕੋਸ਼ ਵਿੱਚ ਬਾਬਾ ਸਿਰੀਚੰਦ ਜੀ ਦੇ ਅਕਾਲ ਚਲਾਣੇ ਅਤੇ ਬਾਬਾ ਗੁਰਦਿੱਤਾ ਜੀ ਦੇ ਜਨਮ ਦੀਆਂ ਇਹ
ਤਾਰੀਖਾਂ ਦੇਂਦੇ ਹਨ, ਉਹ ਵੀ ਲਿਖਦੇ ਹਨ, "ਗੁਰੂ ਨਾਨਕ ਸਾਹਿਬ ਦੇ ਧਰਮ ਦਾ ਪ੍ਰਚਾਰ ਦੇਸ
ਦੇਸਾਂਤਰਾਂ ਵਿੱਚ ਕਰਨ ਲਈ ਆਪ ਜੀ (ਬਾਬਾ ਸਿਰੀਚੰਦ ਜੀ) ਨੇ ਬਾਬਾ ਗੁਰਦਿੱਤਾ ਜੀ ਨੂੰ ਚੇਲਾ
ਕੀਤਾ"। ਪਰ ਇਥੇ ਇੱਕ ਗੱਲ ਖਾਸ ਧਿਆਨ ਦੇਣ ਵਾਲੀ ਹੈ ਕਿ ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ਇਹ ਲਿਖਿਆ
ਹੈ ਕਿ "ਗੁਰੂ ਨਾਨਕ ਸਾਹਿਬ ਜੀ ਦੇ ਧਰਮ ਦਾ ਪ੍ਰਚਾਰ ਕਰਨ ਲਈ" ਨਾਕਿ ਬਾਬਾ ਸਿਰੀਚੰਦ ਜੀ ਦੇ ਉਦਾਸੀ
ਪੰਥ ਦਾ ਪ੍ਰਚਾਰ ਕਰਨ ਲਈ। ਜਿਥੋਂ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਬਾਬਾ ਸਿਰੀਚੰਦ ਜੀ ਨੇ ਆਪਣੇ
ਜੀਵਨ ਕਾਲ ਵਿੱਚ ਹੀ ਆਪਣੀ ਉਦਾਸੀ ਵਿਚਾਰਧਾਰਾ ਤਿਆਗ ਕੇ ਗੁਰੂ ਨਾਨਕ ਪਿਤਾ ਦੀ ਸਿੱਖੀ ਨੂੰ ਪ੍ਰਵਾਨ
ਕਰ ਲਿਆ ਸੀ।
ਇਨ੍ਹਾਂ ਦੇ ਆਪਣੇ ਘੜੇ ਇਤਿਹਾਸਾਂ ਵਿੱਚ ਬਾਬਾ ਸਿਰੀਚੰਦ ਜੀ ਦੀ ਮੌਤ ਮਾਘ
ਸੁਦੀ ੧, ੧੬੮੫ ਬਿਕਰਮੀ (੧੬੨੯ਈ.) ਲਿਖੀ ਹੈ। ਇਸ ਦੇ ਹੱਕ ਵਿੱਚ ਇੱਕ ਭੱਟ ਵਹੀ ਦਾ ਹਵਾਲਾ ਵੀ
ਦਿੱਤਾ ਜਾਂਦਾ ਹੈ। ਇਸਦੇ ਹਿਸਾਬ ਨਾਲ ਬਾਬਾ ਸਿਰੀ ਚੰਦ ਜੀ ਦੀ ਕੁੱਲ ਉਮਰ ੧੪੯ ਸਾਲ ਬਣਦੀ ਹੈ।
ਜਾਪਦਾ ਹੈ ਕਿ ਇਹ ਤਾਰੀਖ ਬਾਬਾ ਗੁਰਦਿੱਤਾ ਜੀ ਵਾਲੀ ਕਹਾਣੀ ਨੂੰ ਸੱਚਾ ਸਾਬਤ ਕਰਨ ਲਈ ਘੜੀ ਗਈ ਹੈ,
ਤਾਂਕਿ ਉਨ੍ਹਾਂ ਦੇ ਮਿਲਾਪ ਨੂੰ ਸੱਚਾ ਸਾਬਤ ਕੀਤਾ ਜਾ ਸਕੇ।
ਜੇ ਭਾਈ ਕਾਨ੍ਹ ਸਿੰਘ ਨਾਭਾ ਜੀ ਵਲੋਂ ਮਹਾਨਕੋਸ਼ ਵਿੱਚ ਦਿੱਤੀਆਂ ਤਾਰੀਖਾਂ
ਨੂੰ ਪਾਸੇ ਵੀ ਰੱਖ ਦਿੱਤਾ ਜਾਵੇ ਅਤੇ ਇਸ ਤਾਰੀਖ ਅਤੇ ਕਹਾਣੀ ਨੂੰ ਸੱਚ ਮੰਨ ਲਿਆ ਜਾਵੇ ਤਾਂ ਗਿਆਨੀ
ਗਿਆਨ ਸਿੰਘ ਤਵਾਰੀਖ ਗੁਰੂ ਖਾਲਸਾ (ਪਾ: ਛੇਵੀਂ) ਦੇ ਪੰਨਾ ੭੦ ਤੇ, ਬਾਬਾ ਸਿਰੀ ਚੰਦ ਜੀ ਵਲੋਂ
ਬਾਬਾ ਗੁਰਦਿੱਤਾ ਜੀ ਦੀ ਮੰਗ ਕਰਨ ਅਤੇ ਗੁਰੂ ਹਰਿਗੋਬਿੰਦ ਸਾਹਿਬ ਵਲੋਂ ਹਾਂ ਕਰਨ `ਤੇ ਲਿਖਦੇ ਹਨ,
"ਆਪਣੀ ਸੇਲੀ ਟੋਪੀ ਗੁਰਦਿੱਤੇ ਜੀ ਨੂੰ ਪਹਿਨਾ ਕੇ ਆਖਿਆ, ‘ਗੁਰੂ ਨਾਨਕ ਜੀ ਦੀ ਦੌਲਤ ਦੋਵੇਂ
ਪ੍ਰਕਾਰ ਦੀ ਮੀਰੀ ਅਤੇ ਪੀਰੀ ਤਾਂ ਪਹਿਲੇ ਹੀ ਤੁਹਾਡੇ ਘਰ ਗਈ ਹੋਈ ਹੈ। ਇੱਕ ਫ਼ਕੀਰੀ ਮੇਰੇ ਪਾਸ ਸੀ।
ਸੋ ਸਮੁੰਦ੍ਰ ਵਿੱਚ ਨਦੀਆਂ ਦੇ ਪੈਣ ਵਾਂਗੂੰ ਏਹ ਭੀ ਤੁਹਾਡੇ ਘਰ ਜਾ ਰਹੀ ਹੈ। ` " ਇਸ ਤੋਂ ਬਿਲਕੁਲ
ਸਪੱਸ਼ਟ ਹੁੰਦਾ ਹੈ ਕਿ ਬਾਬਾ ਸਿਰੀ ਚੰਦ ਜੀ ਨੇ ਆਪਣੀ ਸੰਪਰਦਾ ਖ਼ਤਮ ਕਰ ਕੇ ਗੁਰੂ ਨਾਨਕ ਸਾਹਿਬ ਦੀ
ਸਿੱਖੀ ਵਿੱਚ ਮਿਲਾ ਦਿੱਤੀ ਸੀ, ਇਸ ਲਈ ਉਨ੍ਹਾਂ ਦੇ ਨਾਂ `ਤੇ ਕਿਸੇ ਸੰਪਰਦਾ ਦੇ ਚਲਣ ਦਾ ਸੁਆਲ ਹੀ
ਪੈਦਾ ਨਹੀਂ ਹੁੰਦਾ।
ਬਾਬਾ ਸਿਰੀਚੰਦ ਜੀ ਆਪ ਗ੍ਰਿਹਸਤੀ ਨਹੀਂ ਸਨ, ਉਨ੍ਹਾਂ ਤੋਂ ਬਾਅਦ ਵੀ ਕਾਫੀ
ਸਮੇ ਤਕ ਉਨ੍ਹਾਂ ਦੇ ਨਾਂ `ਤੇ ਚਲ ਰਹੇ ਉਦਾਸੀ ਪੰਥ ਵਿੱਚ ਗ੍ਰਿਹਸਤ ਤਿਆਗ ਕੇ ਵਿਰੱਕਤ ਰਹਿਣ ਦਾ
ਨੇਮ ਹੀ ਚਲਦਾ ਰਿਹਾ। ਹੁਣ ਪਿਛਲੇ ਕੁੱਝ ਸਮੇਂ ਤੋਂ ਹੀ ਇਨ੍ਹਾਂ ਦੇ ਕੁੱਝ ਪੈਰੋਕਾਰਾਂ ਨੇ ਵਿਆਹ
ਕਰਾਉਣੇ ਅਤੇ ਗ੍ਰਿਹਸਤ ਵਸਾਉਣੇ ਸ਼ੁਰੂ ਕੀਤੇ ਹਨ, ਹਾਲਾਂਕਿ ਬਹੁਤੇ ਅਜੇ ਵੀ ਵਿਰੱਕਤ ਰਹਿੰਦੇ ਹਨ।
ਫਿਰ ਗੁਰੂ ਹਰਿਗੋਬਿੰਦ ਸਾਹਿਬ ਜੀ ਬਾਬਾ ਗੁਰਦਿੱਤਾ ਜੀ ਨੂੰ ਬਾਬਾ ਸਿਰੀਚੰਦ ਜੀ ਦੇ ਹਵਾਲੇ,
ਉਨ੍ਹਾਂ ਦਾ ਪੰਥ ਚਲਾਉਣ ਲਈ ਕਿਵੇਂ ਕਰ ਸਕਦੇ ਹਨ, ਕਿਉਂਕਿ ਉਹ ਤਾਂ ਗ੍ਰਿਹਸਤੀ ਸਨ, ਉਹ ਉਦਾਸੀ
ਕਿਵੇਂ ਹੋ ਸਕਦੇ ਹਨ? ਇਤਨਾ ਹੀ ਨਹੀਂ ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਹਰਿਰਾਏ ਸਾਹਿਬ ਜੀ ਗੁਰੂ
ਨਾਨਕ ਪਾਤਿਸ਼ਾਹ ਦੀ ਗੁਰਗੱਦੀ ਦੇ ਸਤਵੇਂ ਵਾਰਸ ਅਤੇ ਸਤਵੇਂ ਨਾਨਕ ਬਣੇ, ਨਾਕਿ ਕਿਸੇ ਉਦਾਸੀ ਪੰਥ
ਦੇ।
ਵੈਸੇ ਵੀ ਕੀ ਇਹ ਗੱਲ ਮੰਨਣ ਵਾਲੀ ਹੈ ਕਿ ਸਤਿਗੁਰੂ ਆਪ ਗੁਰੂ ਨਾਨਕ
ਪਾਤਿਸ਼ਾਹ ਦੇ ਨਿਰਮਲ ਪੰਥ, ਜਿਸਦੀ ਉਹ ਆਪ ਉਸ ਸਮੇਂ ਅਗਵਾਈ ਕਰ ਰਹੇ ਸਨ, ਦੇ ਮੁਕਾਬਲੇ `ਤੇ ਕਿਸੇ
ਹੋਰ ਪੰਥ ਨੂੰ ਚਲਾਉਣ ਲਈ ਆਪਣੇ ਪੁੱਤਰ ਨੂੰ ਭੇਜਣਗੇ?
ਜਿਵੇਂ ਉਪਰ ਲਿਖਿਆ ਗਿਆ ਹੈ ਬਾਬਾ ਸਿਰੀ ਚੰਦ, ਗੁਰੂ ਰਾਮਦਾਸ ਜੀ ਅੱਗੇ
ਮੱਥਾ ਟੇਕ ਕੇ ਇਹ ਪ੍ਰਵਾਨ ਕਰ ਗਏ ਸਨ ਕਿ ਗੁਰਗੱਦੀ ਦੇ ਅਸਲੀ ਵਾਰਸ ਸਤਿਗੁਰੂ ਹੀ ਹਨ। ਜਾਪਦਾ ਹੈ
ਸਿਰੀਚੰਦ ਜੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਕੁੱਝ ਚੇਲਿਆਂ ਨੇ ਜਦੋਂ ਆਪਣੀਆਂ ਗੱਦੀਆਂ ਚਲਾ ਲਈਆਂ,
ਤਾਂ ਬਾਬਾ ਗੁਰਦਿੱਤਾ ਜੀ ਉਨ੍ਹਾਂ ਦੇ ਪੈਰੋਕਾਰਾਂ ਨੂੰ ਸਿੱਖੀ ਮੁੱਖ ਧਾਰਾ ਵਿੱਚ ਵਾਪਸ ਲਿਅਉਣ ਲਈ
ਉਨ੍ਹਾਂ ਵਿੱਚ ਪ੍ਰਚਾਰ ਕਰਦੇ ਰਹੇ, ਜਾਪਦਾ ਹੈ ਕਿ ਇਸੇ ਤੋਂ ਇਹ ਵੱਡਾ ਭੁਲੇਖਾ ਖੜ੍ਹਾ ਹੋ ਗਿਆ।
ਅਠਾਰਵੀਂ ਸਦੀ ਵਿੱਚ ਜੰਗਾਂ ਜੁੱਧਾਂ ਕਾਰਨ ਸਿੱਖ ਜਦੋਂ ਜੰਗਲਾਂ ਵਿੱਚ
ਰਹਿੰਦੇ ਸਨ ਅਤੇ ਗੁਰਧਾਮਾਂ ਦੀ ਸੇਵਾ ਸੰਭਾਲ ਕਰਨ ਵਾਲਾ ਕੋਈ ਨਹੀਂ ਸੀ, ਇਨ੍ਹਾਂ ਨੂੰ ਸਿੱਖ ਕੌਮ
ਵਿੱਚ ਘੁਸਪੈਠ ਕਰਨ ਦਾ ਵਧੀਆ ਮੌਕਾ ਮਿਲ ਗਿਆ। ਇਨ੍ਹਾਂ ਨੇ ਗੁਰਦੁਆਰਿਆਂ ਦੀ ਸੇਵਾ-ਸੰਭਾਲ ਦੇ ਨਾਂ
`ਤੇ ਗੁਰਦੁਆਰਿਆਂ `ਤੇ ਕਬਜ਼ਾ ਕਰ ਲਿਆ। ਇਨ੍ਹਾਂ ਨੇ ਗੁਰਦੁਆਰਿਆਂ ਵਿੱਚ ਕਰਮਕਾਂਡੀ ਰੀਤਾਂ ਚਲਾਈਆਂ
ਅਤੇ ਸਿੱਖੀ ਸਿਧਾਂਤਾਂ ਦਾ ਰੱਜ ਕੇ ਘਾਣ ਕੀਤਾ। ਗੁਰਦੁਆਰਿਆਂ `ਤੇ ਕਾਬਜ਼ ਹੋਣ ਅਤੇ ਉਥੋਂ ਦੀ ਚੜ੍ਹਤ
ਦੇ ਮਾਇਆ ਦੇ ਖੁੱਲੇ ਗੱਫੇ ਆਉਣ ਨਾਲ, ਇਨ੍ਹਾਂ ਦੇ ਜੀਵਨ ਪੱਧਰ ਵਿੱਚ ਇਤਨਾ ਨਿਘਾਰ ਆਇਆ ਕਿ ਇਨ੍ਹਾਂ
ਗੁਰਦੁਆਰਿਆਂ ਵਿੱਚ ਨਾ ਬਿਆਨੇ ਜਾ ਸਕਣ ਵਾਲੇ ਪਾਪ ਕਰਮ ਕੀਤੇ, ਜਿਸ ਨਾਲ ਸਿੱਖ ਕੌਮ ਅੰਦਰ ਭਾਰੀ
ਰੋਹ ਜਾਗ ਪਿਆ, ਅਤੇ ਗੁਰਦੁਆਰਾ ਸੁਧਾਰ ਲਹਿਰ ਚੱਲੀ। ਇਨ੍ਹਾਂ ਕੋਲੋਂ ਗੁਰਦੁਆਰਿਆਂ ਨੂੰ ਅਜ਼ਾਦ
ਕਰਾਉਣ ਲਈ ਸਿੱਖ ਕੌਮ ਨੂੰ ਵੱਡੀਆਂ ਕੁਰਬਾਨੀਆਂ ਕਰਨੀਆਂ ਪਈਆਂ। ਇਨ੍ਹਾਂ ਦੀ ਸੰਪਰਦਾ ਦੇ ਹੀ ਇੱਕ
ਮਹੰਤ ਨਰੈਣ ਦਾਸ, ਜਿਸਨੂੰ ਆਮ ਤੌਰ `ਤੇ ਸਿੱਖ ਕੌਮ ਵਿੱਚ ਮਹੰਤ ਨਰੈਣੂ ਕਹਿ ਕੇ ਯਾਦ ਕੀਤਾ ਜਾਂਦਾ
ਹੈ, ਨੇ ਅੰਗ੍ਰੇਜ਼ ਸਰਕਾਰ ਦੀ ਸ਼ਹਿ `ਤੇ ਨਨਕਾਣਾ ਸਾਹਿਬ ਵਿਖੇ, ਆਪਣੇ ਹਥਿਆਰ ਬੰਦ ਗੁੰਡਿਆਂ ਕੋਲੋਂ
ਸੈਂਕੜੇ ਸਿੱਖਾਂ ਦਾ ਕਤਲ ਕਰਾਇਆ। ਸ਼ਾਂਤਮਈ ਸਿੱਖਾਂ ਨੂੰ ਜੰਡਾਂ ਨਾਲ ਬੰਨ ਕੇ ਕੁੱਟਿਆ ਅਤੇ ਸਾੜਿਆ
ਗਿਆ, ਅਕਹਿ ਅਤੇ ਅਸਹਿ ਜ਼ੁਲਮ ਕੀਤੇ ਗਏ। ਬਾਕੀ ਗੁਰਦੁਆਰਿਆਂ ਵਿੱਚ ਵੀ ਸਿੱਖਾਂ ਨੂੰ ਲਾਸਾਨੀ
ਕੁਰਬਾਨੀਆਂ ਕਰਨੀਆਂ ਪਈਆਂ। ਜਿਥੇ ਸਿੱਖ ਅਬਾਦੀ ਘੱਟ ਹੈ, ਉਥੇ ਕਈ ਇਤਿਹਾਸਕ ਸਿੱਖ ਗੁਰਦੁਆਰਿਆਂ
`ਤੇ ਇਹ ਅੱਜ ਵੀ ਕਾਬਜ਼ ਹਨ। ਪੰਜਾਬ ਤੋਂ ਬਾਹਰ ਦੂਰ-ਦੁਰਾਡੇ ਦੇ ਗੁਰਦੁਆਰਿਆਂ ਦੀ ਗੁਰੂ ਨਾਨਕ
ਸਾਹਿਬ ਦੇ ਨਾਂ `ਤੇ ਖੜੀ ਕਰੋੜਾਂ ਰੁਪਏ ਦੀ ਜਾਇਦਾਦ `ਤੇ ਇਨ੍ਹਾਂ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ।
ਉੜੀਸਾ ਵਿੱਚ ਪੁਰੀ ਦੇ ਸਥਾਨ`ਤੇ, (ਜਿਸ ਨਗਰ ਵਿੱਚ ਗੁਰੂ ਨਾਨਕ ਸਾਹਿਬ ਨੇ
ਵਿਖਾਵੇ ਦੀਆਂ ਆਰਤੀਆਂ ਨੂੰ ਰੱਦ ਕਰਦੇ ਹੋਏ ਸੱਚੀ ਆਰਤੀ ਦਾ ਪਾਵਨ ਸ਼ਬਦ ਉਚਾਰਨ ਕੀਤਾ ਹੈ) ਇੱਕ
ਇਤਿਹਾਸਕ ਗੁਰਦੁਆਰੇ ਜਿਸ ਵਿਚਲੇ ਇੱਕ ਖੂਹ ਬਾਰੇ ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਜਦੋਂ
ਪੁਰੀ ਗਏ ਤਾਂ ਉਨ੍ਹਾਂ ਉਥੇ ਉਸ ਖੂਹ `ਤੇ ਇਸ਼ਨਾਨ ਕੀਤਾ ਸੀ, ਵਿੱਚ ਗੁਰੂ ਗ੍ਰੰਥ ਸਾਹਿਬ ਦੇ ਨਾਲ
ਬਾਬਾ ਸਿਰੀਚੰਦ ਜੀ ਦਾ ਬੁੱਤ ਲਗਾਇਆ ਹੋਇਆ ਹੈ। ਉਥੇ ਦੇ ਪੁਜਾਰੀ ਕੇਸਾਂ ਤੋਂ ਬਗੈਰ, ਗੱਲਾਂ ਵਿੱਚ
ਜਨੇਊ ਪਾਏ ਹੋਏ, ਪੂਰੇ ਬ੍ਰਾਹਮਣੀ ਰੂਪ ਵਿੱਚ ਸਾਰੇ ਬ੍ਰਾਹਮਣੀ ਕਰਮਕਾਂਡ ਕਰਦੇ ਹਨ। ਉਨ੍ਹਾਂ ਦੀ
ਗੁਰੂ ਗ੍ਰੰਥ ਸਾਹਿਬ ਨਾਲ ਕਿਤਨੀ ਕੁ ਸਾਂਝ ਹੈ, ਇਸ ਗੱਲ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾ ਸਕਦੇ ਹਾਂ
ਕਿ ਉਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆਪ ਨਹੀਂ ਕਰ ਸਕਦੇ ਨਾ ਹੀ ਗੁਰਣਾਣੀ ਪੜ੍ਹ ਸਕਦੇ ਹਨ। ਇਸ
ਕੰਮ ਵਾਸਤੇ ਉਨ੍ਹਾਂ ਇੱਕ ਸਿੱਖ ਗ੍ਰੰਥੀ ਰਖਿਆ ਹੋਇਆ ਹੈ ਜੋ ਸਵੇਰੇ ਆ ਕੇ ਪ੍ਰਕਾਸ਼ ਅਤੇ ਸ਼ਾਮ ਨੂੰ
ਸੁਖ ਆਸਨ ਕਰ ਜਾਂਦਾ ਹੈ। ਕੇਵਲ ਉਦਾਸੀ ਦੇ ਨਾਂ `ਤੇ ਗੁਰਦੁਆਰੇ ਦੀ ਜਾਇਦਾਦ `ਤੇ ਕਬਜ਼ਾ ਕਰ ਕੇ
ਬੈਠੇ ਹਨ। ਬਿਲਕੁਲ ਇਹੋ ਜਿਹੇ ਹੋਰ ਕਈ ਨਜ਼ਾਰੇ ਉਸ ਇਲਾਕੇ ਵਿੱਚ ਦਾਸ ਆਪ ਵੇਖ ਕੇ ਆਇਆ ਹੈ।
ਅੱਜ ਵੀ ਇਹ ਸਿੱਖ ਕੌਮ ਵਿੱਚ ਘੁਸਪੈਠ ਦਾ ਕੋਈ ਨਾ ਕੋਈ ਰਾਹ ਲੱਭਦੇ ਰਹਿੰਦੇ
ਹਨ। ਬਦਲੇ ਹਾਲਾਤ ਵੇਖ ਕੇ ਬਹੁਤ ਸਾਰਿਆਂ ਨੇ ਕੇਸ ਰਖਣੇ ਸ਼ੁਰੂ ਕਰ ਦਿੱਤੇ ਹਨ ਅਤੇ ਇੱਕ ਆਮ ਸਿੱਖ
ਦੀ ਦਿੱਖ ਵਾਲਾ ਪਹਿਰਾਵਾ ਅਪਣਾ ਲਿਆ ਹੈ, ਤਾਂਕਿ ਸਿੱਖ ਕੌਮ ਵਿੱਚ ਮਾਨਤਾ ਪ੍ਰਾਪਤ ਕਰਨ ਵਿੱਚ
ਬਹੁਤੀ ਔਕੜ ਨਾ ਆਵੇ। ਅੱਜ ਸਿੱਖ ਕੌਮ ਵਿੱਚ ਸਥਾਪਤ ਬਹੁਤ ਸਾਰੇ ਡੇਰੇ ਇਨ੍ਹਾਂ ਦੇ ਪਿਛੋਕੜ ਵਾਲੇ
ਹਨ। ਇਨ੍ਹਾਂ ਵਿਚੋਂ ਇੱਕ ਪ੍ਰਮੁਖ ਗੋਬਿੰਦ ਸੱਦਨ ਦਿੱਲੀ ਹੈ। ਇਸ ਦੇ ਸਥਾਪਕ ਵਿਰਸਾ ਸਿੰਘ ਬਾਰੇ
ਕਹਾਣੀ ਪ੍ਰਚਲਤ ਕੀਤੀ ਗਈ ਹੈ ਕਿ ਇਸ ਦੇ ਬਹੁਤ ਤਪੱਸਿਆ ਕਰਨ `ਤੇ ਬਾਬਾ ਸਿਰੀਚੰਦ ਨੇ ਆਪ ਇਸ ਨੂੰ
ਦਰਸ਼ਨ ਦਿੱਤੇ, ਅਤੇ ਧਰਮ ਦਾ ਮਾਰਗ ਦੱਸਿਆ। ਇਸ ਡੇਰੇ `ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ
ਕੀਤਾ ਹੋਇਆ ਹੈ ਅਤੇ ਨਾਲ ਹੀ ਉੱਥੇ ਹਰ ਵੇਲੇ ਹਵਨ ਹੁੰਦੇ ਰਹਿੰਦੇ ਹਨ। ਇਥੋਂ ਤੱਕ ਕੇ ਉਥੇ ਕੁੱਝ
ਆਪੇ ਜੋੜੀਆਂ ਹੋਈਆਂ ਕੱਚੀਆਂ ਤੁੱਕਾ ਨਾਲ ਤਿਆਰ ਕੀਤੀ ਹੋਈ, ਬਾਬਾ ਸਿਰੀਚੰਦ ਜੀ ਦੀ ਆਰਤੀ ਵੀ
ਹੁੰਦੀ ਹੈ ਅਤੇ ਉਸ ਨੂੰ ਆਰਤਾ ਕਿਹਾ ਜਾਂਦਾ ਹੈ। ਵਿਰਸਾ ਸਿੰਘ ਹਿੰਦੂਤੱਵੀ ਤਾਕਤਾਂ ਦਾ ਏਜੰਟ ਬਣ
ਕੇ ਸਾਰੀ ਜ਼ਿੰਦਗੀ ਸਿੱਖੀ ਨੂੰ ਹਿੰਦੂ ਧਰਮ ਦਾ ਅੰਗ ਬਣਾਉਣ ਦੀ ਕੋਸ਼ਿਸ਼ ਵਿੱਚ ਹੀ ਲੱਗਾ ਰਿਹਾ। ਇਸ
ਦੇ ਡੇਰੇ `ਤੇ ਹਿੰਦੂਤਵੀ ਆਗੂਆਂ ਦਾ ਆਉਣਾ ਅਤੇ ਇਸ ਨਾਲ ਲੰਮੀਆਂ ਲੰਮੀਆਂ ਗੁਪਤ ਮੀਟਿੰਗਾਂ ਕਰਨਾ
ਇੱਕ ਆਮ ਜਿਹੀ ਗੱਲ ਸੀ। ਇਨ੍ਹਾਂ ਹਿੰਦੂਤਵੀ ਸ਼ਕਤੀਆਂ ਦੇ ਇਸ਼ਾਰੇ `ਤੇ ਹੀ ਇਸ ਨੇ ਬਚਿੱਤਰ ਨਾਟਕ
(ਅਖੌਤੀ ਦਸਮ ਗ੍ਰੰਥ) ਦਾ ਬਹੁਤ ਪ੍ਰਚਾਰ ਕੀਤਾ। ਹਜ਼ਾਰਾਂ ਦੀ ਗਿਣਤੀ ਵਿੱਚ ਬਚਿੱਤਰ ਨਾਟਕ ਛਾਪ ਕੇ
ਮੁਫਤ ਵੰਡੇ ਗਏ, ਤਾ ਕਿ ਉਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਚਾਰ ਕਰ ਕੇ ਗੁਰੂ ਗ੍ਰੰਥ
ਸਾਹਿਬ ਦੀ ਮਹੱਤਤਾ ਨੂੰ ਘਟਾਇਆ ਜਾ ਸਕੇ ਅਤੇ ਸਿੱਖ ਕੌਮ ਵਿੱਚ ਵੱਡੀ ਦੁਬਿਧਾ ਖੜੀ ਕੀਤੀ ਜਾ ਸਕੇ।
ਵਿਰਸਾ ਸਿੰਘ ਤਾਂ ਭਾਵੇਂ ਆਪਣੀ ਉਮਰ ਭੋਗ ਕੇ ਜਾ ਚੁੱਕਾ ਹੈ ਪਰ ਆਪਣੇ ਡੇਰਿਆਂ ਦੇ ਰੂਪ ਵਿੱਚ ਜੋ
ਪਾਪ ਦਾ ਬੀਜ ਉਹ ਬੀਜ ਗਿਆ ਹੈ, ਉਸ ਦਾ ਸੰਤਾਪ ਸਿੱਖ ਕੌਮ ਨੂੰ ਪਤਾ ਨਹੀਂ ਕਿਤਨੀ ਦੇਰ ਭੋਗਣਾ
ਪਵੇਗਾ? ਇਨ੍ਹਾਂ ਨੂੰ ਵੱਡੀ ਸਫਲਤਾ ਉਸ ਵੇਲੇ ਮਿਲਦੀ ਹੈ, ਜਦੋਂ ਸਿਆਸੀ ਆਗੂ ਆਪਣੇ ਸਿਆਸੀ ਹਿਤਾਂ
ਵਾਸਤੇ ਇਨ੍ਹਾਂ ਨੂੰ ਮਾਨਤਾ ਦੇਂਦੇ, ਵਿਸ਼ੇਸ਼ ਸਤਿਕਾਰ ਦੇਂਦੇ ਅਤੇ ਇਨ੍ਹਾਂ ਦੇ ਡੇਰਿਆਂ `ਤੇ ਜਾਂਦੇ
ਹਨ। ਇਨ੍ਹਾਂ ਦਾ ਸਿਆਸੀ ਪ੍ਰਭਾਵ ਇਤਨਾ ਵੱਧ ਗਿਆ ਹੈ ਕਿ ਪਹਿਲਾਂ ਸਤੰਬਰ, ੨੦੧੦ ਵਿੱਚ ਤੇ ਫੇਰ ੬
ਸਤੰਬਰ ੨੦੧੧ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਅਕਾਲੀ-ਭਾਜਪਾ ਸਰਕਾਰ ਨੇ ਬਾਬਾ ਸਿਰੀਚੰਦ ਦੇ ਜਨਮ ਦਿਨ
ਦੀ ਸਰਕਾਰੀ ਛੁੱਟੀ ਕੀਤੀ, ਜੋ ਹੁਣ ਅੱਗੋਂ ਨੇਮ ਨਾਲ ਕੀਤੀ ਜਾ ਰਹੀ ਹੈ। ਇਸ ਮੌਕੇ `ਤੇ ਕਈ ਡੇਰਿਆਂ
`ਤੇ ਕਈ ਥਾਈਂ ਬਾਬਾ ਸਿਰੀਚੰਦ ਦਾ ਜਨਮ ਦਿਨ ਮਨਾਇਆ ਜਾਂਦਾ ਹੈ। ਜਿਥੇ ਉਘੇ ਅਕਾਲੀ ਆਗੂਆਂ, ਹੋਰ
ਤਾਂ ਹੋਰ ਤਖਤਾਂ ਦੇ ਅਖੌਤੀ ਜਥੇਦਾਰ ਜਾ ਕੇ ਭਾਸ਼ਨ ਦੇਂਦੇ ਹਨ ਕਿ ਸਾਨੂੰ ਬਾਬਾ ਸਿਰੀਚੰਦ ਦੇ ਦੱਸੇ
ਸਿਧਾਂਤਾਂ ਅਤੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ, ਜਦਕਿ ਇਹ ਗੁਰੂ ਨਾਨਕ ਪਾਤਿਸ਼ਾਹ ਦੁਆਰਾ ਦ੍ਰਿੜ
ਕਰਾਏ ਗੁਰਮਤਿ ਸਿਧਾਂਤਾਂ ਤੋਂ ਬਿਲਕੁਲ ਉਲਟ ਹਨ। ਬਾਬਾ ਸਿਰੀਚੰਦ ਜੀ ਦੇ ਨਾਂ `ਤੇ ਚਲ ਰਹੇ,
ਉਦਾਸੀਆਂ ਦੇ ਸਿਧਾਂਤਾਂ ਨੂੰ ਅਪਨਾਉਣ ਦਾ ਅਰਥ ਹੈ, ਗੁਰੂ ਨਾਨਕ ਪਾਤਿਸ਼ਾਹ ਦੇ ਅਨਮੋਲ ਸਿਧਾਂਤਾਂ
ਨੂੰ ਪਿੱਠ ਦੇਣਾ। ਸਿੱਖ ਸੰਗਤ ਨੂੰ ਵਿਸ਼ੇਸ਼ ਸੁਚੇਤ ਹੋਣ ਦੀ ਲੋੜ ਹੈ। ਇਨ੍ਹਾਂ ਦੇ ਡੇਰਿਆਂ `ਤੇ
ਜਾਣਾ ਅਤੇ ਇਨ੍ਹਾਂ ਨੂੰ ਮਾਨਤਾ ਦੇਣੀ, ਖਾਲਸਾ ਪੰਥ ਨੂੰ ਢਾਹ ਲਾਉਣਾ ਹੈ।
(ਦਾਸ ਦੀ ਨਵੀਂ ਕਿਤਾਬ "ਖਾਲਸਾ ਪੰਥ ਬਨਾਮ ਡੇਰਾਵਾਦ" ਛਪਾਈ ਵਿੱਚ ਹੈ ਜੀ)
ਰਾਜਿੰਦਰ ਸਿੰਘ
(ਮੁੱਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ)
email: [email protected]