.

ਖਾਲਸਾ ਪੰਥ ਬਨਾਮ ਡੇਰਾਵਾਦ

(ਭਾਗ ਛੱਬੀਵਾਂ)

ਡੇਰਿਆਂ ਦੀਆਂ ਕਿਸਮਾਂ

(ਭੁਲੇਖਾ ਪਾਊ ਗੁਰੂਡੰਮ)

ਗੁਰੂ ਨਾਨਕ ਪਾਤਿਸ਼ਾਹ ਦੀ ਅੰਸ-ਬੰਸ? ਬੇਦੀ ਬਾਬੇ:

ਜਿਵੇਂ ਉਪਰ ਲਿਖਿਆ ਗਿਆ ਹੈ, ਗੁਰਬਾਣੀ ਦੀ ਪੰਕਤੀ, "ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨੑ ਮੁਰਟੀਐ।। " ਇਸ ਗੱਲ ਦੀ ਵੀ ਪ੍ਰੋੜਤਾ ਕਰਦੀ ਹੈ ਕਿ ਗੁਰੂ ਨਾਨਕ ਪਾਤਿਸ਼ਾਹ ਦੇ ਦੂਸਰੇ ਪੁੱਤਰ ਬਾਬਾ ਲਖਮੀ ਦਾਸ ਵੀ ਨਾ ਤਾਂ ਪਿਤਾ ਦੇ ਆਗਿਆਕਾਰੀ ਸਨ, ਅਤੇ ਨਾ ਹੀ ਉਨ੍ਹਾਂ ਨੇ ਗੁਰੂ ਨਾਨਕ ਪਾਤਿਸ਼ਾਹ ਦੇ ਜੀਵਨ ਫਲਸਫੇ (ਸਿੱਖੀ) ਨੂੰ ਅਪਣਾਇਆ। ਬਾਬਾ ਲਖਮੀ ਦਾਸ ਦੇ ਬਾਰੇ ਇੱਕ ਕਹਾਣੀ ਬਣੀ ਹੋਈ ਹੈ, ਕਿ ਇਹ ਸ਼ਿਕਾਰ ਖੇਡਦੇ ਸਨ, ਅਤੇ ਇਨ੍ਹਾਂ ਦੇ ਵੱਡੇ ਭਰਾ ਬਾਬਾ ਸਿਰੀਚੰਦ ਡੇਰਾ ਬਾਬਾ ਨਾਨਕ ਦੇ ਜੰਗਲਾਂ ਵਿੱਚ ਤੱਪ ਕਰਦੇ ਸਨ। ਉਨ੍ਹਾਂ ਜੰਗਲਾਂ ਵਿੱਚ ਕਈ ਖਤਰਨਾਕ ਜਾਨਵਰ ਸਨ, ਜਿਨ੍ਹਾਂ ਕਾਰਨ ਬਾਬਾ ਸਿਰੀਚੰਦ ਦੀ ਭਗਤੀ ਵਿੱਚ ਵਿਘਨ ਪੈਂਦਾ ਸੀ, ਨਾਲੇ ਕਈ ਵਾਰੀ ਇਹ ਜਾਨਵਰ ਲੋਕਾਂ ਦੀਆਂ ਫਸਲਾਂ ਆਦਿ ਉਜਾੜ ਜਾਂਦੇ ਸਨ। ਇੱਕ ਵਾਰੀ ਬਾਬਾ ਸਿਰੀਚੰਦ ਨੇ ਲਖਮੀ ਦਾਸ ਨੂੰ ਆਖਿਆ, ਕਿ ਤੂੰ ਲੋਕਾਂ ਦੀ ਭਲਾਈ ਵਾਸਤੇ ਇਨ੍ਹਾਂ ਜਾਨਵਰਾਂ ਨੂੰ ਮਾਰ ਦੇ, ਹਿੰਦੂ ਧਰਮ ਸ਼ਾਸਤਰ ਵੀ ਲੋਕਾਂ ਦੀ ਭਲਾਈ ਲਈ ਐਸਾ ਕਰਨ ਦੀ ਇਜਾਜ਼ਤ ਦੇਂਦੇ ਹਨ। ਇਨ੍ਹਾਂ ਨੇ ਜਦ ਉਨ੍ਹਾਂ ਜਾਨਵਰਾਂ ਨੂੰ ਮਾਰਿਆ, ਨਾਲ ਕਈ ਛੋਟੀ ਉਮਰ ਦੇ ਜਾਨਵਰਾਂ ਨੂੰ ਵੀ ਮਾਰ ਦਿੱਤਾ। ਇਨ੍ਹਾਂ ਦੇ ਭਰਾ ਬਾਬਾ ਸਿਰੀ ਚੰਦ ਨੇ ਇਨ੍ਹਾਂ ਨੂੰ ਆਖਿਆ ਕਿ ਇਨ੍ਹਾਂ ਛੋਟੀ ਉਮਰ ਦੇ ਜਾਨਵਰਾਂ ਨੂੰ ਮਾਰ ਕੇ ਤੂੰ ਵੱਡਾ ਪਾਪ ਕੀਤਾ ਹੈ, ਤੈਨੂੰ ਅਕਾਲ-ਪੁਰਖ ਦੀ ਦਰਗਾਹ ਵਿੱਚ ਆਪਣੇ ਇਨ੍ਹਾਂ ਕਰਮਾਂ ਦਾ ਲੇਖਾ ਦੇਣਾ ਪਵੇਗਾ। ਇਸ `ਤੇ ਇਹ ਗੁੱਸੇ ਵਿੱਚ ਆ ਗਏ ਅਤੇ ਆਪਣੀ ਪਤਨੀ ਧਨਵੰਤੀ ਅਤੇ ਛੋਟੇ ਜਿਹੇ ਪੁੱਤਰ ਧਰਮ ਚੰਦ ਨੂੰ ਨਾਲ ਲੈ ਕੇ, ਘੋੜੇ `ਤੇ ਚੜ੍ਹ ਕੇ ਪਰਿਵਾਰ ਸਮੇਤ, ਉਸੇ ਵੇਲੇ ਲੇਖਾ ਦੇਣ ਲਈ ਸੱਚਖੰਡ ਨੂੰ ਤੁਰ ਪਏ। (ਪਿਤਾ ਗੁਰੂ ਨਾਨਕ ਸਾਹਿਬ ਨੇ ਤਾਂ ਆਮ ਮਨੁੱਖ ਵਾਂਗੂ ਅਕਾਲ-ਪੁਰਖ ਵਲੋਂ ਬਖਸ਼ੇ ਸੁਆਸ ਪੂਰੇ ਕਰ ਕੇ ਅਕਾਲ ਪਇਆਣਾ ਕੀਤਾ ਪਰ ਪੁੱਤਰ ਘੋੜੇ `ਤੇ ਚੜ੍ਹ ਕੇ ਸੱਚਖੰਡ ਵੱਲ ਤੁਰ ਪਿਆ?) ਜਦੋਂ ਇਹ ਅਕਾਸ਼ ਵਿੱਚ ਉੱਡੇ ਜਾ ਰਹੇ ਸਨ ਤਾਂ ਬਾਬਾ ਸਿਰੀ ਚੰਦ ਨੇ ਕਿਹਾ ਕਿ ਪੁੱਤਰ ਦਾ ਤਾਂ ਕੋਈ ਕਸੂਰ ਨਹੀਂ, ਉਸ ਨੂੰ ਕਿਉਂ ਨਾਲ ਲਿਜਾ ਰਹੇ ਹੋ? ਨਾਲੇ ਜੇ ਪੁੱਤਰ ਨੂੰ ਵੀ ਨਾਲ ਲੈ ਗਏ ਤਾਂ ਅੱਗੋਂ ਪਿਤਾ ਗੁਰੂ ਨਾਨਕ ਸਾਹਿਬ ਦੀ ਬੰਸ ਕਿਵੇਂ ਚਲੇਗੀ? (ਬਾਬਾ ਸਿਰੀਚੰਦ ਨੂੰ ਗੁਰੂ ਨਾਨਕ ਪਾਤਿਸ਼ਾਹ ਦੇ ਅਮੋਲਕ ਸਿਧਾਂਤ ਪ੍ਰਚਾਰਨ ਦੀ ਚਿੰਤਾ ਤਾਂ ਨਹੀਂ ਸੀ, ਪਰ ਜਿਸ ਨੇ ਆਪ ਵਿਆਹ ਨਹੀਂ ਕਰਾਇਆ, ਉਸ ਨੂੰ ਇਹ ਚਿੰਤਾ ਵਧੇਰੇ ਸੀ ਕਿ ਪਿਤਾ ਗੁਰੂ ਨਾਨਕ ਸਾਹਿਬ ਦੀ ਬੰਸ ਕਿਵੇਂ ਚਲੇਗੀ?) ਉਨ੍ਹਾਂ ਨੇ ਜਾਦੂਈ ਤਰੀਕੇ ਨਾਲ ਬਾਂਹ ਲੰਬੀ ਕਰਕੇ ਅਕਾਸ਼ ਵਿੱਚ ਉੱਡੇ ਜਾਂਦੇ ਲਖਮੀ ਦਾਸ ਦੀ ਪਤਨੀ ਤੋਂ ਪੁੱਤਰ ਧਰਮ ਚੰਦ ਖੋਹ ਲਿਆ। (ਕਸੂਰ ਤਾਂ ਪਤਨੀ ਧਨਵੰਤੀ ਦਾ ਵੀ ਕੋਈ ਨਹੀਂ ਸੀ, ਇਸ ਲਈ ਉਸ ਨੂੰ ਵੀ ਰੋਕ ਲੈਣਾ ਚਾਹੀਦਾ ਸੀ) ਬਾਲਕ ਕਿਉਂ ਕਿ ਛੋਟਾ ਜਿਹਾ ਸੀ, ਉਸ ਨੂੰ ਮਾਂ ਦੇ ਦੁੱਧ ਦੀ ਲੋੜ ਸੀ, ਬਾਬਾ ਸਿਰੀਚੰਦ ਨੇ ਆਪਣੇ ਪੈਰ ਦੇ ਅੰਗੂਠੇ ਵਿਚੋਂ ਦੁੱਧ ਚੁੰਘਾ ਕੇ ਉਸ ਨੂੰ ਪਾਲਿਆ।

ਇਹ ਅਤੇ ਐਸੀਆਂ ਹੋਰ ਕਈ ਕਰਾਮਾਤੀ ਕਹਾਣੀਆਂ ਬਾਬਾ ਸਿਰੀਚੰਦ ਅਤੇ ਲਖਮੀ ਦਾਸ ਦੀਆਂ ਕਰਾਮਾਤਾਂ ਵਿਖਾ ਕੇ, ਉਨ੍ਹਾਂ ਦੀ ਵਡਿਆਈ ਬਣਾਉਣ ਵਾਸਤੇ ਘੜੀਆਂ ਗਈਆਂ ਜਾਪਦੀਆਂ ਹਨ। ਅੱਜ ਉਸ ਪੁੱਤਰ ਧਰਮ ਚੰਦ ਦੀਆ ਅਗਲੀਆਂ ਪੁਸ਼ਤਾਂ ਦੱਸ ਕੇ ਆਪਣੇ ਆਪ ਨੂੰ ਗੁਰੂ ਨਾਨਕ ਪਾਤਿਸ਼ਾਹ ਦੀ ਅੰਸ ਬੰਸ ਕਹਿਕੇ, ਬੇਦੀਆਂ ਦੇ ਨਾਂ `ਤੇ ਕਈ ਸੰਤ ਬਾਬੇ ਬਣੀ ਬੈਠੇ ਹਨ ਅਤੇ ਭੋਲੇ ਭਾਲੇ ਸਿੱਖਾਂ ਨੂੰ ਭੁਲੇਖੇ ਪਾਉਣ ਦੀ ਕੋਸ਼ਿਸ਼ ਕਰਦੇ ਹਨ। ਗੁਰੂ ਨਾਨਕ ਪਾਤਿਸ਼ਾਹ ਨੇ ਜਾਂ ਹੋਰ ਕਿਸੇ ਗੁਰੂ ਸਹਿਬਾਨ ਨੇ ਆਪ ਆਪਣੇ ਜੀਵਨ ਕਾਲ ਵਿੱਚ ਕੋਈ ਕਰਾਮਾਤ ਨਹੀਂ ਵਿਖਾਈ, ਇਹ ਕਹਾਣੀ ਸਤਿਗੁਰੂ ਦੇ ਆਪਣੇ ਸਥਾਪਤ ਕੀਤੇ ਗੁਰਮਤਿ ਸਿਧਾਂਤਾਂ ਦੇ ਉਲਟ ਹੈ। ਗੁਰਬਾਣੀ ਦਾ ਫੁਰਮਾਣ ਹੈ:

"ਬਿਣੁ ਨਾਵੈ ਪੈਨਣੁ ਖਾਣੁ ਸਭੁ ਬਾਦਿ ਹੈ ਧਿਗੁ ਸਿਧੀ ਧਿਗੁ ਕਰਮਾਤਿ।।

ਸਾ ਸਿਧਿ ਸਾ ਕਰਮਾਤਿ ਹੈ ਅਚਿੰਤੁ ਕਰੇ ਜਿਸੁ ਦਾਤਿ।।

ਨਾਨਕ ਗੁਰਮੁਖਿ ਹਰਿ ਨਾਮੁ ਮਨਿ ਵਸੈ ਏਹਾ ਸਿਧਿ ਏਹਾ ਕਰਮਾਤਿ।। ੨।। " {ਰਾਗੁ ਸੋਰਠਿ ਵਾਰ ਮਹਲੇ ੪ ਕੀ, ਪੰਨਾ ੬੫੦}

ਨਾਮ ਤੋਂ ਬਿਣਾ ਖਾਣਾ ਤੇ ਪਹਿਨਣਾ ਸਭ ਵਿਅਰਥ ਹੈ, (ਜੇ ਨਾਮ ਨਹੀਂ ਤਾਂ) ਉਹ ਸਿੱਧੀ ਤੇ ਕਰਾਮਾਤਿ ਫਿਟਕਾਰ-ਜੋਗ ਹੈ; ਇਹੀ (ਉਸ ਦੀ) ਸਿੱਧੀ ਹੈ ਤੇ ਇਹੀ ਕਰਾਮਾਤ ਹੈ ਕਿ ਚਿੰਤਾ ਤੋਂ ਰਹਿਤ ਹਰੀ ਉਸ ਨੂੰ (ਨਾਮ ਦੀ) ਦਾਤਿ ਬਖ਼ਸ਼ੇ; ਹੇ ਨਾਨਕ ! "ਗੁਰੂ ਦੇ ਸਨਮੁਖ ਹੋ ਕੇ ਹਰੀ ਦਾ ਨਾਮ ਮਨ ਵਿੱਚ ਵੱਸਦਾ ਹੈ" —ਇਹੀ ਸਿੱਧੀ ਤੇ ਕਰਾਮਾਤ ਹੁੰਦੀ ਹੈ। ੨।

ਇਨ੍ਹਾਂ ਦੇ ਸੁਆਰਥ ਸਾਂਝੇ ਹੋਣ ਕਾਰਨ, ਉਦਾਸੀ ਅਤੇ ਬੇਦੀ ਬਾਬੇ ਨਾਲ ਨਾਲ ਚਲਦੇ ਰਹੇ। ਬੇਦੀਆਂ ਦੇ ਪ੍ਰਮੁਖ ਡੇਰੇ ਊਨਾਂ ਵਿੱਖੇ ਅਜ ਵੀ ਬਾਬਾ ਸਿਰੀਚੰਦ ਦੀ ਫੋਟੋ (ਪੇਂਟਿੰਗ) ਲੱਗੀ ਹੋਈ ਹੈ। ਇਨ੍ਹਾਂ ਵਲੋਂ ਇਹ ਪ੍ਰਚਾਰਿਆ ਜਾਂਦਾ ਹੈ ਕਿ ਗੁਰੂ ਨਾਨਕ ਪਾਤਿਸ਼ਾਹ ਨੇ ਕੇਵਲ ਗੁਰੂ ਅੰਗਦ ਪਾਤਿਸ਼ਾਹ ਨੂੰ ਹੀ ਗੁਰਗੱਦੀ ਨਹੀਂ ਸੀ ਦਿੱਤੀ, ਬਲਕਿ ਤਿੰਨ ਗੱਦੀਆਂ ਦਿੱਤੀਆਂ ਸਨ, ਬਾਬਾ ਸਿਰੀ ਚੰਦ ਨੂੰ ਸਾਧੂ ਰੂਪ ਉਦਾਸੀ ਦੀ, ਬਾਬਾ ਲਖਮੀ ਦਾਸ ਨੂੰ ਸੇਲੀ ਟੋਪੀ ਦੇ ਕੇ ਗ੍ਰਿਹਸਤੀ ਦੀ ਅਤੇ ਗੁਰੂ ਅੰਗਦ ਪਾਤਿਸ਼ਾਹ ਨੂੰ ਸਿੱਖ ਸੰਗਤ ਦੀ। ਇਹ ਕਹਾਣੀਆਂ ਸਿੱਖ ਕੌਮ ਵਿੱਚ ਵੱਡੇ ਭੁਲੇਖੇ ਪਾਕੇ, ਕੇਵਲ ਆਪਣੀਆਂ ਗੱਦੀਆਂ ਨੂੰ ਮਾਨਤਾ ਦਿਵਾਉਣ ਲਈ ਘੜੀਆਂ ਗਈਆਂ ਹਨ। ਉਪਰ ਸਪੱਸ਼ਟ ਕੀਤਾ ਜਾ ਚੁੱਕਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਪਰਿਵਾਰ ਅਤੇ ਸੰਗਤ ਵਿੱਚ ਇਹ ਸਾਫ ਕਰ ਦਿੱਤਾ ਸੀ ਕਿ ਗੁਰਗੱਦੀ ਦੇ ਹੱਕਦਾਰ ਕੇਵਲ ਅਤੇ ਕੇਵਲ ਗੁਰੂ ਅੰਗਦ ਸਾਹਿਬ ਹੀ ਸਨ ਅਤੇ ਉਨ੍ਹਾਂ ਨੂੰ ਹੀ ਦੂਜੇ ਨਾਨਕ ਥਾਪਿਆ। ਜਦੋਂ ਇਨ੍ਹਾਂ ਵੇਖਿਆ ਕਿ ਖਾਲਸੇ ਦੀ ਸਾਜਣਾ ਤੋਂ ਬਾਅਦ ਬਹੁਤੇ ਸਿੱਖ ਖਾਲਸਾ ਪੰਥ ਨਾਲ ਜੁੜ ਗਏ ਹਨ ਅਤੇ ਜਿਨ੍ਹਾਂ ਖੰਡੇ ਦੀ ਪਾਹੁਲ ਨਹੀਂ ਛੱਕੀ ਉਨ੍ਹਾਂ ਨੂੰ ਧਾਰਮਿਕ ਤੌਰ `ਤੇ ਬਹੁਤੀ ਮਾਨਤਾ ਨਹੀਂ ਦੇਂਦੇ, ਇਨ੍ਹਾਂ ਬੇਦੀਆਂ ਦੇ ਇੱਕ ਵਡੇਰੇ ਜੀਤ ਸਿੰਘ ਨੇ ਅਠ੍ਹਾਂਰਵੀਂ ਸਦੀ ਦੇ ਮੱਧ ਤੋਂ ਬਾਅਦ ਖੰਡੇ ਬਾਟੇ ਦੀ ਪਾਹੁਲ ਛੱਕ ਕੇ ਆਪਣੇ ਨਾਂ ਨਾਲ ਸਿੰਘ ਸ਼ਬਦ ਜੋੜਿਆ। ਇਸੇ ਦਾ ਪੁੱਤਰ ਸਾਹਿਬ ਸਿੰਘ ਬੇਦੀ ਸੀ। ਦੁਨੀਆਂ ਦੇ ਇਤਿਹਾਸ ਵਿੱਚ ਰਜਵਾੜਿਆਂ ਅਤੇ ਧਾਰਮਿਕ ਪੁਜਾਰੀਆਂ ਦਾ ਸਦਾ ਗੱਠਜੋੜ ਰਿਹਾ ਹੈ। ਇਸ ਨਾਲ ਰਜਵਾੜਿਆਂ `ਤੇ ਧਾਰਮਿਕ ਪ੍ਰਵਿਰਤੀ ਦਾ ਹੋਣ ਅਤੇ ਧਰਮ ਦਾ ਸਤਿਕਾਰ ਕਰਨ ਦੀ ਮੋਹਰ ਲੱਗ ਜਾਂਦੀ ਹੈ ਅਤੇ ਪੁਜਾਰੀ ਸ਼੍ਰੇਣੀ ਨੂੰ ਧਾਰਮਿਕ ਆਗੂ ਦੇ ਤੌਰ `ਤੇ ਮਾਨਤਾ ਮਿਲ ਜਾਂਦੀ ਹੈ। ਇਸ ਤਰ੍ਹਾਂ ਮੁੱਢ ਤੋਂ ਹੀ ਇਹ ਰੱਲ ਕੇ ਹੀ ਭੋਲੀ-ਭਾਲੀ ਜਨਤਾ ਦਾ ਸੋਸ਼ਣ ਕਰਦੇ ਰਹੇ ਹਨ। ਉਸ ਸਮੇਂ ਦੇ ਸਿੱਖ ਰਜਵਾੜੇ ਸਾਹਿਬ ਸਿੰਘ ਬੇਦੀ ਦਾ ਬਹੁਤ ਸਤਿਕਾਰ ਕਰਦੇ ਸਨ। ਇਨ੍ਹਾਂ ਵਿਚੋਂ ਹੀ ਇੱਕ ਰਾਜਾ ਉਮੇਧ ਸਿੰਘ ਨੇ ਇਸ ਨੂੰ ਊਨੇ ਵਿੱਚ ਵੱਡੀ ਜਗੀਰ ਦਿੱਤੀ। ਇਥੇ ਊਨੇ ਵਿੱਚ ਹੀ ਹੁਣ ਇਨ੍ਹਾਂ ਦਾ ਸਭ ਤੋਂ ਵੱਡਾ ਡੇਰਾ ਹੈ। ਕਿਹਾ ਜਾਂਦਾ ਹੈ ਕਿ ੧੮੦੧ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਆਪ ਨੂੰ ਮਹਾਰਾਜ ਐਲਾਨਿਆ ਤਾਂ ਉਸ ਵੇਲੇ ਮਹਾਰਾਜੇ ਨੂੰ ਗੱਦੀ ਦਾ ਤਿਲਕ ਦੇਣ ਵਾਲੇ ਬਹੁਤੇ ਬ੍ਰਾਹਮਣ ਹੀ ਸਨ, ਪਰ ਉਨ੍ਹਾਂ ਬ੍ਰਾਹਮਣਾ ਦੀ ਅਗਵਾਈ ਇਸ ਸਾਹਿਬ ਸਿੰਘ ਬੇਦੀ ਨੇ ਕੀਤੀ। ਜਿਸ ਦੇ ਬਦਲੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਊਨਾਂ ਦੇ ੭੮ ਪਿੰਡਾਂ ਦੀ ਜਗੀਰ ਇਸ ਨੂੰ ਦਿੱਤੀ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਿੱਚ ਤਾਂ ਸਾਹਿਬ ਸਿੰਘ ਬੇਦੀ ਨੇ ਆਪਣੇ ਆਪ ਨੂੰ ਗੁਰੂ ਦੇ ਤੌਰ `ਤੇ ਹੀ ਸਥਾਪਤ ਕਰ ਲਿਆ ਸੀ। ਇਹ ਮਹਾਰਾਜਾ ਰਣਜੀਤ ਸਿੰਘ ਉਤੇ ਸਾਹਿਬ ਸਿੰਘ ਬੇਦੀ ਦੇ ਵਧੇਰੇ ਪ੍ਰਭਾਵ ਦਾ ਹੀ ਨਤੀਜਾ ਸੀ ਕਿ ਉਸ ਦੇ ਰਾਜ ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ `ਤੇ ਸੋਨਾ ਚੜ੍ਹਾਉਣ ਵਰਗੇ, ਸਿੱਖ ਕੌਮ ਨਾਲ ਸਬੰਧਤ ਵਿਖਾਵੇ ਦੇ ਅਤੇ ਪਦਾਰਥਵਾਦੀ ਕੰਮ ਵਧੇਰੇ ਹੋਏ ਪਰ ਗੁਰਮਤਿ ਸਿਧਾਂਤਾਂ ਨੂੰ ਭਾਰੀ ਨੁਕਸਾਨ ਪੁੱਜਿਆ। ਕਹਿਣ ਨੂੰ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਸਿੱਖਾਂ ਦੀ ਗਿਣਤੀ ਵਿੱਚ ਵੱਡਾ ਵਾਧਾ ਹੋਇਆ ਪਰ ਅਸਲ ਵਿੱਚ ਸਿੱਖੀ ਵਿੱਚ ਸ਼ਾਮਲ ਹੋਣ ਵਾਲੇ ਬਹੁਤੇ ਸੁਆਰਥੀ ਲੋਕ ਹੀ ਸਨ, ਜਿਹੜੇ ਰਾਜ ਸਤਾ ਦਾ ਲਾਹਾ ਲੈਣਾ ਚਾਹੁੰਦੇ ਸਨ। ਇਸ ਨਾਲ ਭਾਰੀ ਸਿਧਾਂਤਕ ਖੋਰਾ ਲੱਗਾ। ਇਹ ਸੁਆਰਥੀ ਲੋਕ ਖਾਲਸਾ ਰਾਜ ਦਾ ਅੰਤ ਹੁੰਦਿਆਂ ਹੀ ਪਾਸਾ ਪਲਟ ਗਏ ਅਤੇ ਵਾਪਸ ਉਸੇ ਖਾਈ ਵਿੱਚ ਜਾ ਡਿੱਗੇ, ਜਿੱਥੋਂ ਆਏ ਸਨ।

ਜਿਨਾਂ ਚਿਰ ਪੰਜਾਬ ਵਿੱਚ ਖ਼ਾਲਸਾ ਰਾਜ ਰਿਹਾ, ਇਹ ਬੇਦੀ ਬਾਬੇ ਸਰਕਾਰੀ ਸਨਮਾਨ ਤੇ ਜਗੀਰਾਂ ਹਾਸਲ ਕਰਦੇ ਰਹੇ। ਜਿਉਂ ਹੀ ਖਾਲਸਾ ਰਾਜ ਖਤਮ ਹੋਇਆ ਅਤੇ ਅੰਗਰੇਜ਼ ਪੰਜਾਬ `ਤੇ ਕਾਬਜ਼ ਹੋ ਗਏ ਇਹ ਅੰਗਰੇਜ਼ੀ ਸਰਕਾਰ ਦੇ ਵਫਾਦਾਰ ਬਣ ਗਏ ਅਤੇ ਉਨ੍ਹਾਂ ਤੋਂ ਖਿਲਤਾਂ ਅਤੇ ਜਗੀਰਾਂ ਹਾਸਲ ਕਰਦੇ ਰਹੇ।

ਸਾਹਿਬ ਸਿੰਘ ਬੇਦੀ ਤੋਂ ਬਾਅਦ ਇਸ ਦੇ ਪੁੱਤਰਾਂ ਬਿਸ਼ਨ ਸਿੰਘ ਅਤੇ ਬਿਕਰਮ ਸਿੰਘ ਵਿੱਚ ਗੱਦੀ ਦਾ ਝਗੜਾ ਚੱਲ ਪਿਆ। ਇਹ ਝਗੜਾ ਇਤਨਾ ਵਧਿਆ ਕਿ ਬਿਕਰਮ ਸਿੰਘ ਨੇ ਆਪਣੇ ਭਤੀਜੇ ਅੱਤਰ ਸਿੰਘ ਦਾ ਕਤਲ ਕਰ ਦਿੱਤਾ। ਅਤਰ ਸਿੰਘ ਦਾ ਪੁੱਤਰ ਖੇਮ ਸਿੰਘ ਬੇਦੀ ਆਪਣੀ ਜਾਨ ਬਚਾਉਣ ਲਈ ਰਾਵਲਪਿੰਡੀ ਜ਼ਿਲੇ ਦੇ ਕਲਰ ਵਿੱਖੇ ਚਲਾ ਗਿਆ ਪਰ ਵਧੇਰੇ ਗੁਰੂਡੰਮ ਇਸੇ ਦਾ ਚਲਿਆ। ਉਨ੍ਹੀਵੀਂ ਸਦੀ ਦੇ ਆਖਰੀ ਦਹਾਕਿਆਂ ਵਿੱਚ ਸਿੰਘ ਸਭਾ ਲਹਿਰ ਚੱਲੀ ਤਾਂ ਖੇਮ ਸਿੰਘ ਬੇਦੀ ਵੀ ਮੋਹਰੀ ਬਣ ਕੇ ਉਸ ਵਿੱਚ ਸ਼ਾਮਲ ਹੋ ਗਿਆ। ਹਾਲਾਂਕਿ ਸਿੰਘ ਸਭਾ ਲਹਿਰ ਸਿੱਖੀ ਅਤੇ ਗੁਰਮਤਿ ਸਿਧਾਂਤਾਂ ਦੀ ਸੁਰਜੀਤੀ ਵਾਸਤੇ ਹੋਂਦ ਵਿੱਚ ਆਈ ਸੀ ਪਰ ਇਸ ਨੇ ਲਹਿਰ ਦੇ ਵਿੱਚ ਵੜ ਕੇ ਵੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੱਦੀ ਲਗਾਉਣ ਅਤੇ ਸਿੱਖ ਹਿੰਦੂ ਸਿਧਾਤਾਂ ਦਾ ਮਿਲਗੋਭਾ ਕਰਨ ਦਾ ਕੰਮ ਜਾਰੀ ਰਖਿਆ। ਪ੍ਰੋ. ਗੁਰਮੁਖ ਸਿੰਘ ਨੇ ਇਸ ਦੇ ਗੁਰਮਤਿ ਵਿਰੋਧੀ ਕਰਮਾਂ ਦਾ ਭਰਪੂਰ ਵਿਰੋਧ ਕੀਤਾ, ਇਸੇ ਕਾਰਨ ਹੀ ਸਿੰਘ ਸਭਾ ਲਹਿਰ ਵਿੱਚ ਅੰਦਰੂਨੀ ਟੱਕਰਾ ਸ਼ੁਰੂ ਹੋ ਗਿਆ, ਅਤੇ ਅੰਮ੍ਰਿਤਸਰ ਅਤੇ ਲਾਹੌਰ ਦੀਆਂ ਸਿੰਘ ਸਭਾਵਾਂ ਅਤੇ ਖਾਲਸਾ ਦੀਵਾਨ ਅਲੱਗ ਅਲੱਗ ਹੋ ਗਏ। ਇਸੇ ਖੇਮ ਸਿੰਘ ਬੇਦੀ ਨੇ ਸਿੱਖ ਪੁਜਾਰੀਆਂ `ਤੇ ਆਪਣਾ ਪ੍ਰਭਾਵ ਵਰਤ ਕੇ ਲਹਿਰ ਦੇ ਮੋਹਰੀ ਪ੍ਰੋ. ਗੁਰਮੁਖ ਸਿੰਘ ਨੂੰ ਪੰਥ ਵਿਚੋਂ ਛਿਕਵਾ ਦਿੱਤਾ ਪਰ ਪ੍ਰੋ. ਗੁਰਮੁਖ ਸਿੰਘ ਤੇ ਅਤੇ ਸਿੱਖ ਸੰਗਤਾਂ `ਤੇ ਇਸ ਦਾ ਕੋਈ ਪ੍ਰਭਾਵ ਨਹੀਂ ਪਿਆ ਅਤੇ ਪ੍ਰੋ. ਗੁਰਮੁਖ ਸਿੰਘ ਦਾ ਸਤਿਕਾਰ ਸਿੱਖ ਕੌਮ ਵਿੱਚ ਸਗੋਂ ਵਧ ਗਿਆ। ਸਿੰਘ ਸਭਾ ਲਹਿਰ ਸਮੇਂ ਸਿੱਖਾਂ ਨੂੰ ਹਿੰਦੂ ਧਰਮ ਦੇ ਗਲਬੇ ਵਿੱਚ ਹੀ ਗਲਤਾਨ ਕਰਨ ਲਈ, ਖੇਮ ਸਿੰਘ ਬੇਦੀ ਨੇ ‘ਹਮ ਹਿੰਦੂ ਹੈ` ਵਰਗੀ ਗੈਰ ਸਿਧਾਂਤਕ ਅਤੇ ਪੰਥ ਮਾਰੂ ਕਿਤਾਬ ਲਿਖਵਾਈ, ਜਿਸ ਦੇ ਜੁਆਬ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਨੇ, ‘ਹਮ ਹਿੰਦੂ ਨਹੀਂ` ਕਿਤਾਬ ਲਿੱਖ ਕੇ ਢੁਕਵਾਂ ਜੁਆਬ ਦਿੱਤਾ। ਗੁਰਦੁਆਰਾ ਸੁਧਾਰ ਲਹਿਰ ਨੇ ਇਸ ਗੁਰੂਡੰਮ ਨੂੰ ਕਾਫੀ ਠੱਲ ਪਾਈ। ਖੇਮ ਸਿੰਘ ਬੇਦੀ ਨੂੰ ਅੰਗਰੇਜ਼ ਸਰਕਾਰ ਦੀ ਵਫਾਦਾਰੀ ਬਦਲੇ ੧੮੭੯ ਵਿੱਚ ਸੀ. ਆਈ. ਈ. (C.I.E.: Companion of the Indian Empire) ਦੀ ਉਪਾਧੀ ਦਿੱਤੀ ਗਈ ਅਤੇ ੧੮੯੮ ਵਿੱਚ ਕੇ. ਸੀ. ਆਈ. ਈ. ਦੀ ਉਪਾਧੀ ਦਿੱਤੀ ਗਈ। ਅੱਜ ਥਾਂ-ਥਾਂ `ਤੇ ਇਨ੍ਹਾਂ ਦੀਆਂ ਗੱਦੀਆਂ ਕਾਇਮ ਹਨ।

ਸਿਧਾਂਤਕ ਪੱਖੋਂ ਉਦਾਸੀਆਂ ਅਤੇ ਬੇਦੀਆਂ ਵਿੱਚ ਮੁਢਲਾ ਫਰਕ ਇਹ ਹੈ ਕਿ ਉਦਾਸੀ ਵਿਰੱਕਤ ਰਹਿੰਦੇ ਹਨ ਅਤੇ ਬੇਦੀ ਗ੍ਰਿਹਸਤ ਜੀਵਨ ਬਤੀਤ ਕਰਦੇ ਅਤੇ ਪ੍ਰਚਾਰਦੇ ਹਨ। ਬੇਸ਼ਕ ਇਹ ਉਦਾਸੀਆਂ ਵਾਂਗ ਧੂਣੇ ਆਦਿ ਨਹੀਂ ਬਾਲਦੇ ਪਰ ਪ੍ਰਚਾਰ ਸਾਰਾ ਸਨਾਤਨੀ ਵਿਚਾਰਧਾਰਾ ਅਨੁਸਾਰ ਹੀ ਕਰਦੇ ਹਨ। ਗੁਰਬਾਣੀ ਦੀ ਵਿਆਖਿਆ ਵੀ ਸਨਾਤਨੀ ਵਿਚਾਧਾਰਾ ਅਨੁਸਾਰ ਕਰਦੇ ਹਨ।

ਇਸ ਤਰ੍ਹਾਂ ਸਿੱਖ ਕੌਮ ਵਿੱਚ ਸੰਪਰਦਾਈ ਡੇਰਾਵਾਦ ਦੀ ਸ਼ੁਰੂਆਤ ਇਨ੍ਹਾਂ ਉਦਾਸੀਆਂ ਅਤੇ ਬੇਦੀ ਬਾਬਿਆਂ ਨੇ ਕੀਤੀ। ਉਦਾਸੀਆਂ ਨੂੰ ਬਾਬਾ ਸਿਰੀਚੰਦ ਦੇ ਗੁਰੂ ਨਾਨਕ ਪਾਤਿਸ਼ਾਹ ਦਾ ਸਪੁੱਤਰ ਹੋਣ ਦੇ ਨਾਂ `ਤੇ ਅਤੇ ਬੇਦੀਆਂ ਨੂੰ ਗੁਰੂ ਨਾਨਕ ਪਾਤਿਸ਼ਾਹ ਦੀ ਅੰਸ-ਬੰਸ ਦੇ ਨਾਂ `ਤੇ ਭੋਲੇ-ਭਾਲੇ ਭਾਵੁਕ ਕਿਸਮ ਦੇ ਸਿੱਖਾਂ ਵਲੋਂ ਬਹੁਤ ਮਾਨਤਾ ਅਤੇ ਸਤਿਕਾਰ ਮਿਲਦਾ ਰਿਹਾ ਹੈ, ਪਰ ਸੁਆਲ ਤਾਂ ਇਹ ਹੈ ਕਿ ਜਦ ਇਨ੍ਹਾਂ ਪੁੱਤਰਾਂ ਨੇ ਗੁਰੂ ਨਾਨਕ ਪਾਤਿਸ਼ਾਹ ਦੇ ਗੁਰਮਤਿ ਫਲਸਫੇ ਨੂੰ ਹੀ ਨਹੀਂ ਅਪਣਾਇਆਂ ਅਤੇ ਸਤਿਗੁਰੂ ਨੇ ਇਨ੍ਹਾਂ ਨੂੰ ਸਿੱਖੀ ਤੋਂ ਹੀ ਬੇਦਖਲ ਕਰ ਦਿੱਤਾ ਤਾਂ ਅੰਸ ਬੰਸ ਦੀ ਗੱਲ ਹੀ ਕਿੱਥੇ ਰਹਿ ਗਈ?

ਗੁਰੂ ਨਾਨਕ ਪਾਤਿਸ਼ਾਹ ਨੇ ਗੁਰੂ ਅੰਗਦ ਪਾਤਿਸ਼ਾਹ ਨੂੰ ਗੁਰਗੱਦੀ ਦੇ ਕੇ ਇਹ ਸਪਸ਼ਟ ਕਰ ਦਿੱਤਾ ਕਿ ਸਤਿਗੁਰੂ ਦੇ ਅੰਸ-ਬੰਸ ਤਾਂ ਉਹ ਹਨ, ਜੋ ਉਨ੍ਹਾਂ ਦੇ ਸਿਧਾਂਤਾਂ ਨੂੰ ਅਪਣਾਉਂਦੇ ਹਨ। ਅੱਜ ਵੀ ਜੇ ਕੋਈ ਨਿਰੋਲ ਗੁਰਮਤਿ ਸਿਧਾਂਤਾਂ ਨੂੰ ਅਪਣਾ ਕੇ, ਆਪਣੀਆਂ ਅਲੱਗ ਮਰਿਯਾਦਾ ਤਿਆਗ ਕੇ, ਇੱਕ ਗੁਰਸਿੱਖ ਦੇ ਤੌਰ `ਤੇ ਖਾਲਸਾ ਪੰਥ ਦਾ ਅੰਗ ਬਣ ਕੇ ਚਲਨਾ ਚਾਹੇ ਤਾਂ ਉਸਨੂੰ ਇੱਕ ਗੁਰਸਿੱਖ ਦੇ ਤੌਰ `ਤੇ ਪ੍ਰਵਾਨ ਕਰ ਲੈਣਾ ਚੰਗੀ ਗੱਲ ਹੈ, ਪਰ ਕਿਸੇ ਵਿਅਕਤੀ ਨੂੰ ਗੁਰੂ ਨਾਨਕ ਪਾਤਿਸ਼ਾਹ ਦੀ ਅੰਸ-ਬੰਸ ਸਮਝ ਕੇ ਗੁਰੂ ਜਾਂ ਸੰਤ ਮਹੰਤ ਆਦਿ ਦਾ ਵਿਸ਼ੇਸ਼ ਸਤਿਕਾਰ ਦੇ ਕੇ ਦੇਹਧਾਰੀ ਗੁਰੂਡੰਮ ਨੂੰ ਪ੍ਰਫੁਲਤ ਕਰਨਾ, ਮੂਲੋਂ ਗੈਰ ਸਿਧਾਂਤਕ ਹੈ ਅਤੇ ਪੰਥ ਲਈ ਘਾਤਕ ਹੈ। ਇੱਕ ਕਮਾਲ ਇਨ੍ਹਾਂ ਦੋਹਾਂ ਨੇ ਕੀਤੀ ਹੈ, ਕਿ ਆਪੂ ਬਣਾਏ ਝੂਠੇ ਇਤਿਹਾਸ ਅਤੇ ਕਰਾਮਾਤਾਂ ਦੀਆਂ ਝੂਠੀਆਂ ਫੋਟੋਆਂ ਬਣਾ ਕੇ, ਉਨ੍ਹਾਂ ਨੂੰ ਲੱਖਾਂ ਦੀ ਗਿਣਤੀ ਵਿੱਚ ਛਪਾ ਕੇ ਘਰ ਘਰ ਪਹੁੰਚਾ ਦਿੱਤਾ ਹੈ, ਜਿਸ ਨਾਲ ਕਈ ਭੋਲੇ-ਭਾਲੇ ਲੋਕਾਂ ਨੂੰ ਪੂਰਾ ਝੂਠ ਵੀ ਸੱਚ ਜਾਪਣ ਲੱਗ ਪੈਂਦਾ ਹੈ। ਬਿਲਕੁਲ ਉਂਝ, ਜਿਵੇਂ ਹਿੰਦੂਆਂ ਨੇ ਆਪਣੇ ਫਰਜ਼ੀ ਦੇਵੀ ਦੇਵਤਿਆਂ ਨੂੰ ਫੋਟੋਆਂ, ਮੂਰਤੀਆਂ ਅਤੇ ਫਿਲਮਾਂ ਰਾਹੀਂ ਦੁਨੀਆਂ ਵਿੱਚ ਪ੍ਰਵਾਨ ਕਰਾ ਲਿਆ ਹੈ। ਅਨਜਾਣ ਸਿੱਖ ਫੋਟੋਆਂ ਤੋਂ ਹੀ ਭੁਲੇਖੇ ਖਾਈ ਜਾ ਰਹੇ ਹਨ। ਇਨ੍ਹਾਂ ਲੋਕਾਂ ਨੂੰ ਬਹੁਤੀ ਮਾਨਤਾ ਜਾਂ ਤਾਂ ਭੋਲੇ ਭਾਲੇ, ਗੁਰਮਤਿ ਸਿਧਾਤਾਂ ਤੋਂ ਅਨਜਾਣ ਸਿੱਖ ਦੇਂਦੇ ਆਏ ਹਨ ਅਤੇ ਜਾਂ ਆਪਣੇ ਰਾਜਨੀਤਿਕ ਸੁਆਰਥਾਂ ਲਈ ਸਿਆਸੀ ਆਗੂ ਦੇਂਦੇ ਆਏ ਹਨ ਅਤੇ ਅੱਜ ਵੀ ਦੇਂਦੇ ਹਨ। ਜੇ ਸਿੱਖੀ ਦੇ ਨਿਰਮਲ ਸਰੂਪ ਨੂੰ ਬਚਾ ਕੇ ਰਖਣਾ ਹੈ ਤਾਂ ਐਸੇ ਲੋਕਾਂ ਦੀਆਂ ਗੱਦੀ-ਦਾਰੀਆਂ ਨੂੰ ਪੂਰਨ ਰੂਪ ਵਿੱਚ ਰੱਦ ਕਰਨਾ ਜ਼ਰੂਰੀ ਹੈ।

(ਦਾਸ ਦੀ ਨਵੀਂ ਕਿਤਾਬ "ਖਾਲਸਾ ਪੰਥ ਬਨਾਮ ਡੇਰਾਵਾਦ" ਛਪਾਈ ਵਿੱਚ ਹੈ ਜੀ)

ਰਾਜਿੰਦਰ ਸਿੰਘ

(ਮੁੱਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ)

email: [email protected]




.