ੲ) ਨਿਰਮਲੇ:
ਇਨ੍ਹਾਂ ਦੀ ਸ਼ੁਰੂਆਤ ਬਾਰੇ ਕਿਹਾ ਜਾਂਦਾ ਹੈ, ਕਿ ਪਾਉਂਟਾ ਸਾਹਿਬ ਵਿਖੇ
ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਆਪਨੇ ਦਰਬਾਰੀ ਪੰਡਿਤ ਰਘੂਨਾਥ ਨੂੰ ਆਖਿਆ ਕਿ ਸਿੱਖਾਂ ਨੂੰ
ਸੰਸਕ੍ਰਿਤ ਪੜਾਓ, ਪਰ ਪੰਡਿਤ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਸੰਸਕ੍ਰਿਤ ਦੇਵਤਿਆਂ ਦੀ ਭਾਸ਼ਾ
ਹੈ, ਸਿੱਖਾਂ ਵਿੱਚ ਕਿਉਂਕਿ ਛੋਟੀ ਜ਼ਾਤ ਦੇ ਸਿੱਖ ਵੀ ਹਨ, ਇਸ ਵਾਸਤੇ ਇਹ ਸਿੱਖਾਂ ਨੂੰ ਨਹੀਂ
ਪੜ੍ਹਾਈ ਜਾ ਸਕਦੀ। ਇਸ `ਤੇ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਆਪਣੇ ਪੰਜ ਸਿੱਖਾਂ ਨੂੰ ਸਾਧੂਆਂ ਦੇ
ਭੇਖ ਵਿੱਚ ਬਨਾਰਸ ਸੰਸਕ੍ਰਿਤ ਪੜ੍ਹਨ ਵਾਸਤੇ ਭੇਜਿਆ। ਵਾਪਸੀ `ਤੇ ਉਨ੍ਹਾਂ ਦੀ ਡਿਊਟੀ ਅਨਪੜ੍ਹ
ਲੋਕਾਂ ਨੂੰ ਸੰਸਕ੍ਰਿਤ ਪੜ੍ਹਾਉਣ ਦੀ ਲਾਈ, ਤਾਕਿ ਉਨ੍ਹਾਂ ਵਿੱਚ ਗੁਰਮਤਿ ਦਾ ਪ੍ਰਚਾਰ ਕੀਤਾ ਜਾ
ਸਕੇ।
ਇਹ ਕਹਾਣੀ ਸੱਚ ਦੀ ਕਸਵੱਟੀ `ਤੇ ਕਿਸੇ ਤਰ੍ਹਾਂ ਵੀ ਖਰੀ ਨਹੀਂ ਉਤਰਦੀ, ਇਸੇ
ਲਈ ਹਜਮ ਨਹੀਂ ਹੁੰਦੀ। ਪਹਿਲਾਂ ਤਾਂ ਸੰਨ ੧੬੮੮ ਵਿੱਚ ਜਿਨ੍ਹਾਂ ਪੰਜ ਸਿੱਖਾਂ ਨੂੰ ਪਾਉਂਟਾ ਸਾਹਿਬ
ਤੋਂ ਭੇਜਿਆ ਦਸਿਆ ਜਾਂਦਾ ਹੈ, ਉਨ੍ਹਾਂ ਦੇ ਨਾਂ ਗੰਡਾ ਸਿੰਘ, ਕਰਮ ਸਿੰਘ, ਸੇਨਾ ਸਿੰਘ, ਵੀਰ ਸਿੰਘ
ਅਤੇ ਰਾਮ ਸਿੰਘ ਦੱਸੇ ਜਾਂਦੇ ਹਨ, ਜਦਕਿ ਨਾਂ ਨਾਲ ਸਿੰਘ ਲਿਖਣ ਦੀ ਮਰਿਯਾਦਾ ੧੬੯੯ ਵਿੱਚ ਅਨੰਦਪੁਰ
ਸਾਹਿਬ ਵਿੱਚ ਖੰਡੇ-ਬਾਟੇ ਦੀ ਪਾਹੁਲ ਛਕਾਉਣ ਤੋਂ ਬਾਅਦ ਸ਼ੁਰੂ ਹੋਈ। ਚਲੋ ਜੇ ਮੰਨ ਲਿਆ ਜਾਵੇ ਕਿ
ਉਨ੍ਹਾਂ ਦੇ ਨਾਵਾਂ ਨਾਲ ਸਿੰਘ ਸ਼ਬਦ ਬਾਅਦ ਵਿੱਚ ਜੁੜ ਗਿਆ ਹੋਵੇਗਾ (ਹਾਲਾਂਕਿ ਕਿਧਰੇ ਵੀ ਐਸਾ ਕੋਈ
ਪ੍ਰਮਾਣ ਨਹੀਂ ਮਿਲਦਾ ਕਿ ਇਨ੍ਹਾਂ ਨੇ ਕਦੇ ਖੰਡੇ ਬਾਟੇ ਦੀ ਪਾਹੁਲ ਛਕੀ), ਤਾਂ ਗੁਰੂ ਪਾਤਿਸ਼ਾਹ ਦੇ
ਦਰਬਾਰ ਵਿੱਚ ਦਰਬਾਰੀ ਪੰਡਿਤ ਦਾ ਹੋਣਾ ਵੀ ਬੇਤੁਕਾ ਹੈ, ਵਿਸ਼ੇਸ਼ ਕਰਕੇ ਜਦ ਉਹ ਜ਼ਾਤ-ਪਾਤ, ਊਸ-ਨੀਚ
ਵਿੱਚ ਵਿਸ਼ਵਾਸ ਰਖਦਾ ਹੋਵੇ। ਗੁਰੂ ਨਾਨਕ ਪਾਤਿਸ਼ਾਹ ਨੇ ਤਾਂ ਸਿੱਖ ਕੌਮ ਦਾ ਬ੍ਰਾਹਮਣ ਨਾਲੋਂ
ਤੋੜ-ਵਿਛੋੜਾ, ਆਪਣੀ ਨੌਂ ਸਾਲ ਦੀ ਉਮਰ ਵਿੱਚ ਹੀ ਜਨੇਊ ਪਾਉਣ ਤੋਂ ਇਨਕਾਰ ਕਰਕੇ ਕਰ ਦਿੱਤਾ ਸੀ।
ਗੁਰਬਾਣੀ ਦਾ ਫੁਰਮਾਨ ਵੀ ਹੈ:
"ਹਮਰਾ ਝਗਰਾ ਰਹਾ ਨ ਕੋਊ।। ਪੰਡਿਤ ਮੁਲਾਂ ਛਾਡੇ ਦੋਊ।। ੧।। " (ਭੈਰਉ,
ਭਗਤ ਕਬੀਰ ਜੀ, ਪੰਨਾ ੧੧੫੮)
ਫੇਰ ਜੇ ਇਸ ਨੂੰ ਵੀ ਅੱਖੋਂ ਪਰੋਖੇ ਕਰ ਦਿੱਤਾ ਜਾਵੇ ਤਾਂ ਗੁਰੂ ਪਾਤਿਸ਼ਾਹ
ਦਾ ਦਰਬਾਰੀ ਪੰਡਿਤ, ਜੋ ਹਰ ਸਮੇਂ ਸਿੱਖਾਂ ਵਿੱਚ ਹੀ ਵਿਚਰਦਾ ਹੋਵੇਗਾ, ਗੁਰੂ ਸਾਹਿਬ ਨੂੰ ਇਨਕਾਰ
ਕਰਨ ਦੀ ਜੁਰਅਤ ਕਿਵੇਂ ਕਰ ਸਕਦਾ ਹੈ? ਅਗਲਾ ਸੁਆਲ ਇਹ ਉਠਦਾ ਹੈ ਕਿ, ਕੀ ਗੁਰੂ ਗੋਬਿੰਦ ਸਿੰਘ
ਪਾਤਿਸ਼ਾਹ ਵਰਗੀ ਅਗੰਮੀ ਸ਼ਖਸ਼ੀਅਤ ਆਪਣੇ ਸਿੱਖਾਂ ਨੂੰ ਇੰਝ ਝੂਠਾ ਭੇਖ ਬਣਾ ਕੇ ਕਿਧਰੇ ਭੇਜਣਗੇ?
ਇਨ੍ਹਾਂ ਸਾਰੀਆਂ ਗੱਲਾਂ ਵਿੱਚ ਸਭ ਤੋਂ ਵਧੇਰੇ ਮਹੱਤਵਪੂਰਨ ਗੱਲ ਹੈ ਕਿ ਸਾਰੇ ਗੁਰੂ ਸਾਹਿਬਾਨ ਨੇ
ਗੁਰਬਾਣੀ ਉਸ ਸਮੇਂ ਦੀ ਸਭ ਤੋਂ ਪ੍ਰਚਲਤ ਭਾਸ਼ਾ ਪੰਜਾਬੀ ਵਿੱਚ ਉਚਾਰਨ ਅਤੇ ਅੰਕਿਤ ਕੀਤੀ ਤਾਂ ਕਿ
ਇਲਾਹੀ ਗੁਰਮਤਿ ਗਿਆਨ ਆਮ ਲੋਕਾਂ ਤੱਕ ਪਹੁੰਚਾਇਆ ਜਾ ਸਕੇ। ਇਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਦਾ
ਸੰਪਾਦਨ ਕਰਨ ਲੱਗਿਆਂ, ਭਗਤ ਸਾਹਿਬਾਨ ਦੀ ਬਾਣੀ, ਜੋ ਉਨ੍ਹਾਂ ਦੇ ਇਲਾਕੇ ਦੀ ਭਾਸ਼ਾ ਵਿੱਚ ਸੀ, ਉਸ
ਨੂੰ ਵੀ ਗੁਰਮੁਖੀ ਲਿੱਪੀ ਵਿੱਚ ਹੀ ਦਰਜ ਕੀਤਾ, ਤਾਂ ਫਿਰ ਗੁਰਮਤਿ ਦਾ ਪ੍ਰਚਾਰ ਕਰਨ ਲਈ ਸੰਸਕ੍ਰਿਤ
ਪੜ੍ਹਨ ਦੀ ਲੋੜ ਕਿਥੋਂ ਪੈ ਗਈ? ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਗੁਰਮਤਿ ਦਾ ਪ੍ਰਚਾਰ ਕਰਾਉਣਾ
ਚਾਹੁੰਦੇ ਸਨ ਕਿ ਬਿਪਰਵਾਦ ਦਾ? ਨਾਲੇ ਸੰਸਕ੍ਰਿਤ ਸਿੱਖਾਂ ਵਾਸਤੇ ਏਡੀ ਓਪਰੀ ਵੀ ਨਹੀਂ ਸੀ, ਕਿਉਂਕਿ
ਗੁਰੂ ਨਾਨਕ ਪਾਤਿਸ਼ਾਹ ਅਤੇ ਗੁਰੂ ਅਰਜਨ ਸਾਹਿਬ ਨੇ ਕਾਫੀ ਬਾਣੀ ਸਹਸਕ੍ਰਿਤੀ ਵਿੱਚ ਉਚਾਰਨ ਕੀਤੀ ਹੈ,
ਜੋ ਭਾਵੇਂ ਨਿਰੋਲ ਸੰਸਕ੍ਰਿਤ ਤਾਂ ਨਹੀਂ ਪਰ ਇਸਦੇ ਕਾਫੀ ਨੇੜੇ ਹੈ। ਇੱਕ ਗੱਲ ਤਾਂ ਪੱਕੀ ਹੈ ਕਿ
ਸੰਸਕ੍ਰਿਤ ਦੇ ਗਿਆਨ ਤੋਂ ਬਿਨਾਂ ਸਹਸਕ੍ਰਿਤੀ ਵਿੱਚ ਬਾਣੀ ਉਚਾਰਨ ਨਹੀਂ ਸੀ ਕੀਤੀ ਜਾ ਸਕਦੀ। ਇੱਕ
ਹੋਰ ਗੱਲ ਬਹੁਤ ਹੈਰਾਨ ਕਰਨ ਵਾਲੀ ਹੈ ਕਿ ਕਹਿਣ ਨੂੰ ਤਾਂ ਇਨ੍ਹਾਂ ਦੀ ਸ਼ੁਰੂਆਤ ਗੁਰੂ ਗੋਬਿੰਦ ਸਿੰਘ
ਪਾਤਿਸ਼ਾਹ ਨਾਲ ਜੋੜੀ ਜਾਂਦੀ ਹੈ ਪਰ ੧੯ਵੀਂ ਸਦੀ ਤੋਂ ਪਹਿਲਾਂ ਕਿਸੇ ਸਿੱਖ ਸਾਹਿਤ ਵਿੱਚ ਇਨ੍ਹਾਂ ਦਾ
ਕੋਈ ਜ਼ਿਕਰ ਨਹੀਂ ਮਿਲਦਾ।
ਜੇ ਭਾਰਤ ਦੇ ਧਾਰਮਿਕ ਇਤਿਹਾਸ ਵਿੱਚ ਝਾਤੀ ਮਾਰੀ ਜਾਵੇ ਤਾਂ ਸਾਰੀ ਗੱਲ ਸਮਝ
ਆ ਜਾਂਦੀ ਹੈ। ਜੈਨ ਮੱਤ ਅਤੇ ਬੁੱਧ ਮੱਤ ਭਾਰਤ ਵਿੱਚ ਅਜ਼ਾਦ ਧਰਮਾਂ ਦੇ ਤੌਰ `ਤੇ ਵਿਕਸਤ ਹੋਏ।
ਇਨ੍ਹਾਂ ਦੀ ਵਿਚਾਰਧਾਰਾ, ਫਲਸਫਾ, ਸਿਧਾਂਤ, ਸਭ ਹਿੰਦੂ ਮੱਤ ਨਾਲੋਂ ਅੱਡਰੇ ਸਨ, ਬਲਕਿ ਜੇ ਇਹ ਕਿਹਾ
ਜਾਵੇ ਕਿ ਹਿੰਦੂ ਧਰਮ ਦੇ ਅੰਧਵਿਸ਼ਵਾਸ, ਹੱਠਧਰਮੀ ਅਤੇ ਮਨੁੱਖੀ ਨਾਬਰਾਬਰੀ ਖਿਲਾਫ ਇਨਕਲਾਬ ਸਨ ਤਾਂ
ਇਹ ਵੀ ਕੋਈ ਅਤਿਕਥਨੀ ਨਹੀਂ ਹੋਵੇਗੀ। ਜੈਨੀਆਂ ਦੇ ਚੌਵੀ ਤੀਰਥੰਕਰ ਹੋਏ, ਉਹ ਸਾਰੇ ਖੱਤਰੀ ਸਨ।
ਜਿਵੇਂ ਸਿੱਖ ਧਰਮ ਵਿੱਚ ਗੁਰੂ ਨਾਨਕ ਪਾਤਿਸ਼ਾਹ ਦੇ ਦਸਾਂ ਜਾਮਿਆਂ ਤੋਂ ਬਾਅਦ ਦੇਹ ਧਾਰੀ ਗੁਰੂ ਦਾ
ਸਿਲਸਿਲਾ ਖਤਮ ਕਰ ਦਿੱਤਾ ਗਿਆ, ਚੌਵੀਵੇਂ ਤੀਰਥੰਕਰ ਮਹਾਵੀਰ ਤੋਂ ਬਾਅਦ ਤੀਰਥੰਕਰ ਦਾ ਸਿਲਸਿਲਾ ਬੰਦ
ਹੋ ਗਿਆ। ਮਹਾਵੀਰ ਦੇ ਜੋ ਯਾਰਾਂ ਗੰਧਰਵ ਚੇਲੇ ਸਨ, ਉਹ ਸਾਰੇ ਬ੍ਰਾਹਮਣ ਸਨ। ਉਨ੍ਹਾਂ ਬ੍ਰਾਹਮਣਾਂ
ਨੇ ਐਸਾ ਸਾਹਿਤ ਰੱਚਿਆ ਕਿ ਸਾਰੇ ਜੈਨ ਮੱਤ ਨੂੰ ਬ੍ਰਾਹਮਣੀ ਰੰਗ ਵਿੱਚ ਰੰਗ ਦਿੱਤਾ, ਨਤੀਜਾ ਇਹ
ਨਿਕਲਿਆ ਕਿ ਅੱਜ ਜੈਨ ਮੱਤ ਹਿੰਦੂ ਧਰਮ ਦਾ ਇੱਕ ਛੋਟਾ ਜਿਹਾ ਅੰਗ ਬਣ ਕੇ ਰਹਿ ਗਿਆ ਹੈ।
ਮਹਾਤਮਾ ਬੁੱਧ ਨੇ ਵਾਕਿਆ ਹੀ ਭਾਰਤ ਵਿਚ, ਧਰਮ ਦੀ ਦੁਨੀਆਂ ਵਿਚ, ਇੱਕ ਨਵਾਂ
ਇਨਕਲਾਬ ਖੜਾ ਕਰ ਦਿੱਤਾ ਸੀ, ਲੇਕਿਨ ਉਸ ਦੀ ਮੌਤ ਤੋਂ ਬਾਅਦ, ਉਸ ਦੇ ਬਾਰਾਂ ਬ੍ਰਾਹਮਣ ਚੇਲਿਆਂ ਅਤੇ
ਅੱਗੋਂ ਉਨ੍ਹਾਂ ਦੇ ਪੈਰੋਕਾਰਾਂ ਨੇ ਐਸੇ ਧਾਰਮਿਕ ਗ੍ਰੰਥ ਲਿਖੇ ਕਿ ਸਾਰਾ ਕੁੱਝ ਬੋਧੀ ਅਤੇ
ਬ੍ਰਾਹਮਣੀ ਵਿਚਾਰਧਾਰਾ ਦਾ ਮਿਲਗੋਭਾ ਬਣ ਗਿਆ। ਅਸ਼ੋਕ ਸਮਰਾਟ ਦੇ ਬੁੱਧ ਧਰਮ ਧਾਰਨ ਕਰਨ ਤੋਂ ਬਾਅਦ
ਤਾਂ ਭਾਰਤ ਦੇਸ਼ ਤਕਰੀਬਨ ਬੁੱਧ ਧਰਮ ਦਾ ਅਨੁਯਾਯੀ ਬਣ ਗਿਆ ਸੀ। ਉਸ ਦੇ ਅਣਥਕ ਉਪਰਾਲਿਆਂ ਸਦਕਾ ਬੁੱਧ
ਮੱਤ ਦੁਨੀਆਂ ਦੇ ਹੋਰ ਕਈ ਦੇਸ਼ਾਂ ਵਿੱਚ ਫੈਲ ਗਿਆ। ਪਰ ਬ੍ਰਾਹਮਣੀ ਸਾਜਿਸ਼ਾਂ ਦੇ ਕਾਰਨ ਭਾਰਤ ਵਿੱਚ
ਇਸ ਦਾ ਤਕਰੀਬਨ ਭੋਗ ਹੀ ਪੈ ਗਿਆ ਹੈ। ਜੋ ਕੁੱਝ ਬਚੇ ਹਨ, ਤਕਰੀਬਨ ਬ੍ਰਾਹਮਣੀ ਵਿਚਾਰਧਾਰਾ ਅਤੇ
ਕਰਮਕਾਂਡਾਂ ਵਿੱਚ ਹੀ ਗਲਤਾਨ, ਕੇਵਲ ਨਾਂ ਦੇ ਹੀ ਬੋਧੀ ਹਨ। ਇਹ ਬ੍ਰਾਹਮਣੀ ਪ੍ਰਭਾਵ ਇਤਨਾ ਜ਼ਬਰਦਸਤ
ਅਤੇ ਖਤਰਨਾਕ ਹੈ, ਕਿ ਇਸ ਨੇ ਦੁਸਰੇ ਮੁਲਕਾਂ ਵਿੱਚ ਵੀ ਬੁੱਧ ਧਰਮ ਨੂੰ ਬ੍ਰਾਹਮਣੀ ਰੰਗਤ ਚਾੜ੍ਹ
ਦਿੱਤੀ ਹੈ, ਕਿਉਂਕਿ ਬਾਹਰਲੇ ਮੁਲਕਾਂ ਵਿੱਚ ਵੀ ਜੋ ਬੋਧੀ ਸਾਹਿਤ ਪਹੁੰਚਿਆ ਹੈ, ਉਹ ਭਾਰਤ ਵਿੱਚ
ਤਿਆਰ ਹੋਏ ਸਾਹਿਤ `ਤੇ ਅਧਾਰਿਤ ਸੀ। ਇਥੇ ਇੱਕ ਹੋਰ ਗੱਲ ਦਸਣੀ ਯੋਗ ਜਾਪਦੀ ਹੈ ਕਿ ਮਹਾਤਮਾ ਬੁੱਧ
ਨੇ ਵੀ ਆਪਣੇ ਧਰਮ ਦਾ ਪ੍ਰਚਾਰ, ਉਸ ਸਮੇਂ, ਉਸ ਇਲਾਕੇ ਦੀ ਪ੍ਰਚਲਤ ‘ਪਾਲੀ` ਭਾਸ਼ਾ ਵਿੱਚ ਕੀਤਾ ਸੀ
ਨਾ ਕਿ ਸੰਸਕ੍ਰਿਤ ਵਿਚ। ਇਹ ਨਿਰਮਲੇ ਵੀ ਬੜੀ ਵਿਉਂਤਬੰਦੀ ਨਾਲ, ਸਿੱਖੀ ਰੂਪ ਵਿੱਚ ਭੇਜੇ ਹੋਏ
ਬ੍ਰਾਹਮਣ ਹਨ, ਜਿਨ੍ਹਾਂ ਬੜੇ ਤਰੀਕੇ ਨਾਲ ਸਿੱਖੀ ਨੂੰ ਬ੍ਰਾਹਮਣੀ ਰੰਗਤ ਚਾੜ੍ਹ ਦਿੱਤੀ ਹੈ। ਇਸ
ਵਿੱਚ ਕੋਈ ਸ਼ੱਕ ਨਹੀਂ ਕਿ ਇਨ੍ਹਾਂ ਵਿੱਚ ਉਘੇ ਵਿਦਵਾਨ ਹੋਏ ਹਨ ਅਤੇ ਅੱਜ ਵੀ ਹਨ, ਪਰ ਇਨ੍ਹਾਂ ਦੀ
ਇਹ ਸਾਰੀ ਵਿਦਵਤਾ ਵੈਦਿਕ ਧਰਮ ਵੇਦਾਂਤ ਦੀ ਹੈ। ਇਸੇ ਅਨੁਸਾਰ ਇਹ ਗੁਰਬਾਣੀ ਦੀ ਸਨਾਤਨੀ ਵਿਆਖਿਆ
ਕਰਕੇ ਸਿੱਖ ਕੌਮ ਨੂੰ ਬ੍ਰਾਹਮਣੀ ਰੰਗ ਵਿੱਚ ਰੰਗਣ ਵਿੱਚ ਵੱਡਾ ਰੋਲ ਨਿਭਾਉਂਦੇ ਆਏ ਹਨ। ਇਹ ਗੱਲ ਵੀ
ਸੁਭਾਵਕ ਹੈ ਕਿ ਜਦ ਇਨ੍ਹਾਂ ਨੂੰ ਸਥਾਪਤ ਹੀ ਸਿੱਖ ਸਿਧਾਂਤਾਂ ਵਿੱਚ ਰੋਲਾ ਘਚੋਲਾ ਪਾਉਣ ਲਈ ਕੀਤਾ
ਗਿਆ ਸੀ ਤਾਂ ਇਸ ਕੰਮ ਲਈ ਉਘੇ ਵਿਦਵਾਨ ਹੀ ਘੁਸੇੜੇ ਜਾਣਗੇ। ਆਪਣੀ ਇਸ ਬ੍ਰਾਹਮਣੀ ਸੋਚ `ਤੇ
ਪਹਿਰਾ ਦੇਂਦੇ ਹੋਏ, ਇਹ ਗੁਰੂ ਗ੍ਰੰਥ ਸਾਹਿਬ ਨੂੰ ਪੰਜਵੇਂ ਵੇਦ ਦੇ ਤੌਰ `ਤੇ ਪ੍ਰਚਾਰਨ ਦਾ ਘੋਰ
ਪਾਪ ਕਰਦੇ ਹਨ। ਗਿਆਨੀ ਗਿਆਨ ਸਿੰਘ ਅਤੇ ਭਾਈ ਸੰਤੋਖ ਸਿੰਘ ਵੀ ਇਨ੍ਹਾਂ ਵਿਚੋਂ ਹੀ ਸਨ, ਜਿਨ੍ਹਾਂ
ਆਪਣੀਆਂ ਲਿਖਤਾਂ ਪੰਥ ਪ੍ਰਕਾਸ਼, ਤਵਾਰੀਖ ਗੁਰੂ ਖਾਲਸਾ ਅਤੇ ਸੂਰਜ ਪ੍ਰਕਾਸ਼ ਰਾਹੀਂ, ਸਿੱਖ ਸਿਧਾਂਤਾਂ
ਅਤੇ ਸਿੱਖ ਇਤਿਹਾਸ ਨੂੰ ਪੂਰੇ ਬ੍ਰਾਹਮਣੀ ਰੰਗ ਵਿੱਚ ਰੰਗ ਦਿੱਤਾ। ਭਾਈ ਵੀਰ ਸਿੰਘ ਵੀ ਇਨ੍ਹਾਂ ਦੀ
ਸੋਚ ਦੇ ਹੀ ਪੈਰੋਕਾਰ ਸਨ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੇ ਨਾਂ `ਤੇ ਅਖੌਤੀ
‘ਹੇਮਕੁੰਟ` ਨਾਂ ਦਾ ਜਾਅਲੀ, ਗੈਰ ਸਿਧਾਂਤਕ ਤੀਰਥ ਬਣਵਾਇਆ, ਤਾਂਕਿ ਸਿੱਖਾਂ ਨੂੰ ਗੁਰਬਾਣੀ ਨਾਲੋਂ
ਤੋੜ ਕੇ ਕਰਮਕਾਂਡਾਂ ਵਲ ਮੋੜਿਆ ਜਾ ਸਕੇ। ਅੱਜ ਸਿੱਖ ਕੌਮ ਨੂੰ ਇਹ ਹੇਮਕੁੰਟ, ਇੱਕ ਵੱਡੇ ਰੋਗ ਦੀ
ਤਰ੍ਹਾਂ ਚੰਬੜ ਗਿਆ ਹੈ। ਹਰ ਸਾਲ ਕੌਮ ਦਾ ਕਰੋੜਾਂ ਰੁਪਿਆ ਇਸ ਤੀਰਥ ਯਾਤਰਾ ਵਿੱਚ ਬਰਬਾਦ ਹੋ ਰਿਹਾ
ਹੈ। ਜਿਨ੍ਹਾਂ ਨੇ ਸਾਰੀ ਜ਼ਿੰਦਗੀ ਵਿੱਚ ਜਪੁ ਬਾਣੀ ਦੀ ਪਹਿਲੀ ਪੌੜੀ ਦੇ ਅਰਥ ਸਮਝਣ ਦੀ ਕੋਸ਼ਿਸ਼ ਨਹੀਂ
ਕੀਤੀ, ਉਹ ਬੜੇ ਮਾਣ ਨਾਲ ਗਿਣਤੀਆਂ ਗਿਣ ਕੇ ਕਹਿੰਦੇ ਹਨ, "ਇਤਨੇ ਸਾਲ ਹੋ ਗਏ ਹਨ, ਮੈਨੂੰ ਹਰ ਸਾਲ
ਹੇਮਕੁੰਟ ਸਾਹਿਬ ਜਾਂਦਿਆਂ"।
ਇਨ੍ਹਾਂ ਦੇ ਪ੍ਰਮੁੱਖ ਡੇਰੇ ਕਣਖਲ ਹਰਿਦੁਆਰ ਨੇੜੇ, ਪੱਕੀ ਸੰਗਤ ਅਲਾਹਾਬਾਦ
ਨੇੜੇ ਅਤੇ ਚੇਤਨ ਮੱਠ ਤੇ ਛੋਟੀ ਸੰਗਤ ਗਇਆ ਆਦਿ, ਹਿੰਦੂ ਧਾਰਮਿਕ ਤੀਰਥਾਂ ਆਦਿ ਵਿੱਚ ਹਨ। ਆਖਿਆ
ਜਾਂਦਾ ਹੈ ਕਿ ਜਦੋਂ ੧੭੦੫ ਵਿੱਚ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੂੰ ਪਰਿਵਾਰ ਅਤੇ ਸਿੱਖਾਂ ਸਮੇਤ
ਅਨੰਦਪੁਰ ਸਾਹਿਬ ਛੱਡਣਾ ਪਿਆ, ਤਾਂ ਉਸ ਸਮੇਂ ਇਹ ਇਨ੍ਹਾਂ ਸਥਾਨਾਂ `ਤੇ ਜਾ ਵੱਸੇ। ਬਲਿਹਾਰ ਜਾਈਏ
ਐਸੇ ਵਿਦਵਾਨ ਸਿੱਖਾਂ ਦੇ, ਜੋ ਔਖੇ ਸਮੇਂ ਵਿੱਚ ਗੁਰੂ ਪਾਤਿਸ਼ਾਹ ਦਾ ਸਾਥ ਛੱਡ ਕੇ ਹਿੰਦੂ ਤੀਰਥਾਂ
`ਤੇ ਜਾ ਲੁਕੇ। ਇਨ੍ਹਾਂ ਦੇ ਇਨ੍ਹਾਂ ਡੇਰਿਆਂ ਤੋਂ ਹੀ ਇਨ੍ਹਾਂ ਦੇ ਬ੍ਰਾਹਮਣੀ ਪਿਛੋਕੜ ਦਾ ਸਪੱਸ਼ਟ
ਪਤਾ ਲਗਦਾ ਹੈ, ਉਂਝ ਵੀ ਇਹ ਹਿੰਦੂ ਤੀਰਥਾਂ `ਤੇ ਹੋਣ ਵਾਲੇ ਸਾਰੇ ਬ੍ਰਾਹਮਣੀ ਧਾਰਮਿਕ ਇਕੱਠਾਂ
ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਵਿਦਵਾਨ ਹੋਣ ਕਾਰਨ ਸਿੱਖ ਸਿਧਾਂਤਾਂ ਵਿੱਚ ਸਭ ਤੋਂ ਵੱਧ
ਰੋਲ ਘਚੋਲਾ ਪਾਉਣ ਦੀ ਕੋਸ਼ਿਸ਼ ਇਨ੍ਹਾਂ ਕੀਤੀ ਹੈ, ਜਿਸ ਵਿੱਚ ਇਹ ਬਹੁਤ ਹੱਦ ਤੱਕ ਕਾਮਯਾਬ ਵੀ ਰਹੇ
ਹਨ। ਇਹ ਤਾਂ ਸਿੱਖ ਕੌਮ ਦੀ ਖੁਸ਼ਕਿਸਮਤੀ ਹੈ ਕਿ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜਿਹਾ ਰਹਿਬਰ ਹੈ,
ਜਿਸ ਤੋਂ ਅਗਵਾਈ ਲੈਕੇ ਸਾਰੇ ਭਰਮਾਂ ਦਾ ਨਿਖੇੜਾ ਹੋ ਜਾਂਦਾ ਹੈ।
ਉਦਾਸੀਆਂ ਦੀ ਤਰ੍ਹਾਂ ਹੀ ਇਨ੍ਹਾਂ ਵਿੱਚ ਵੀ ਕੇਸਾਧਾਰੀ ਅਤੇ ਘੋਨੇ ਦੋਨੋ
ਤਰ੍ਹਾਂ ਦੇ ਹੁੰਦੇ ਹਨ। ਆਮ ਤੌਰ `ਤੇ ਪਹਿਲਾਂ ਇਹ ਨਾ ਹੀ ਖੰਡੇ ਬਾਟੇ ਦੀ ਪਾਹੁਲ ਛੱਕਦੇ ਸਨ ਅਤੇ
ਨਾ ਹੀ ਪੰਜ ਕਕਾਰਾਂ ਦੀ ਰਹਿਤ ਰਖਦੇ ਸਨ, ਸੋ ਆਪਣੇ ਆਪ ਨੂੰ ਸਿੱਖੀ ਸਿਧਾਂਤਾਂ ਦੇ ਪ੍ਰਚਾਰਕ ਦਸਣ
ਵਾਲੇ, ਸਿੱਖ ਸਿਧਾਂਤਾਂ ਅਨੁਸਾਰ ਤਾਂ ਇਹ ਆਪ ਹੀ ਸਿੱਖ ਅਖਵਾਉਣ ਦੇ ਅਧਿਕਾਰੀ ਨਹੀਂ ਸਨ। ਹੁਣ ਬਦਲੇ
ਹਾਲਾਤ ਵਿੱਚ ਆਪਣੇ ਆਪ ਨੂੰ ਸਿੱਖ ਕੌਮ ਵਿੱਚ ਪ੍ਰਵਾਨ ਕਰਾਉਣ ਲਈ ਕਈ ਪਾਹੁਲ ਛਕਣ ਲੱਗ ਪਏ ਹਨ।
ਉਦਾਸੀਆਂ ਅਤੇ ਬੇਦੀਆਂ ਦੀ ਤਰ੍ਹਾਂ ਇਨ੍ਹਾਂ ਨੂੰ ਸਭ ਤੋਂ ਜ਼ਿਆਦਾ ਮਾਨਤਾ ਸਿੱਖ ਰਿਆਸਤਾਂ ਸਮੇਂ,
ਸਿੱਖ ਰਜਵਾੜਿਆਂ ਵਲੋਂ ਮਿਲੀ। ਇਸ ਨਾਲ ਹੀ ਇਨ੍ਹਾਂ ਨੇ ੧੮੬੨ ਵਿੱਚ ਪਟਿਆਲੇ ਵਿੱਚ ਧਰਮ ਧੁਜਾ ਨਾਂ
ਦਾ ਆਪਣਾ ਪਹਿਲਾ ਅਖਾੜਾ ਸਥਾਪਤ ਕੀਤਾ। ਉਦਾਸੀਆਂ ਦੇ ਨਾਲ ਇਹ ਵੀ ਕਾਫੀ ਇਤਿਹਾਸਕ ਗੁਰਦੁਆਰਿਆਂ `ਤੇ
ਕਾਬਜ਼ ਰਹੇ, ਜਿਸ ਕਾਰਨ ਬਹੁਤ ਗੁਰਦੁਆਰਿਆਂ ਦੀ ਮਰਿਯਾਦਾ `ਤੇ ਇਨ੍ਹਾਂ ਦੋਹਾਂ ਦਾ ਪ੍ਰਭਾਵ ਅੱਜ ਵੀ
ਨਜ਼ਰ ਆਉਂਦਾ ਹੈ। ਗੁਰਮਤਿ ਸਿਧਾਤਾਂ ਤੋ ਅਨਜਾਣ ਭੋਲੇ-ਭਾਲੇ ਸਿੱਖ ਤਾਂ ਇਨ੍ਹਾਂ ਦਾ ਸ਼ਿਕਾਰ ਬਣਦੇ ਹੀ
ਹਨ, ਪੁਰਾਤਨ ਸਿੱਖ ਰਜਵਾੜੇ, ਲੋਕਾਂ ਨੂੰ ਆਪਣੇ ਧਰਮੀਂ ਅਤੇ ਪੰਥ ਹਿਤੂ ਹੋਣ ਦਾ ਭੁਲੇਖਾ ਪਾਉਣ ਲਈ,
ਇਨ੍ਹਾਂ ਨੂੰ ਵਿਸ਼ੇਸ਼ ਸਤਿਕਾਰ ਦੇਂਦੇ ਰਹੇ। ਵੋਟ ਰਾਜਨੀਤੀ ਦੇ ਭੁੱਖੇ ਸਿੱਖ ਆਗੂ ਅੱਜ ਵੀ ਇਨ੍ਹਾਂ
ਨੂੰ ਮਾਨਤਾ ਦੇਂਦੇ ਹਨ, ਜਿਸ ਨਾਲ ਕੌਮ ਵਿੱਚ ਵੱਡੇ ਭੁਲੇਖੇ ਖੜੇ ਹੁੰਦੇ ਹਨ। ਅੱਜ ਇਨ੍ਹਾਂ ਦੀ
ਸੰਪਰਦਾ ਦੇ ਕਈ ਬਾਬੇ ਸਿੱਖ ਕੌਮ ਵਿੱਚ ਬਹੁਤ ਸਰਗਰਮ ਹਨ। `ਚੋਰ ਤੇ ਗੰਢ-ਕਪ ਭਰਾ ਭਰਾ` ਦੇ ਸਿਧਾਂਤ
ਅਨੁਸਾਰ, ਉਦਾਸੀਆਂ, ਬੇਦੀ ਬਾਬਿਆਂ ਅਤੇ ਨਿਰਮਲਿਆਂ ਦੀ ਆਪਸ ਵਿੱਚ ਚੰਗੀ ਰਾਸ ਮਿਲਦੀ ਹੈ। ਜੇ
ਸਿੱਖੀ ਨੂੰ ਬ੍ਰਾਹਮਣਵਾਦੀ ਹਮਲੇ ਤੋਂ ਬਚਾਉਣਾ ਹੈ, ਤਾਂ ਇਸ ਤਿਕੜੀ ਅਤੇ ਇਨ੍ਹਾਂ ਦੇ ਪੈਰੋਕਾਰਾਂ
ਤੋਂ ਵਿਸ਼ੇਸ਼ ਚੇਤੰਨ ਰਹਿਣ ਦੀ ਲੋੜ ਹੈ।
ਸ) ਛਿੱਟ-ਪੁੱਟ ਸੰਪਰਦਾਵਾਂ
ਇਨ੍ਹਾਂ ਤੋਂ ਇਲਾਵਾ ਵੀ ਕੁੱਝ ਸੰਪਰਦਾਵਾਂ ਹਨ, ਜੋ ਆਪਣੇ ਆਪ ਨੂੰ ਕਿਸੇ ਨਾ
ਕਿਸੇ ਗੁਰੂ ਪਾਤਿਸ਼ਾਹ ਦੀ ਅੰਸ-ਬੰਸ ਦੱਸ ਕੇ ਆਪਣੀਆਂ ਹੱਟੀਆਂ ਚਲਾਈ ਫਿਰਦੇ ਹਨ। ਇਨ੍ਹਾਂ ਵਿੱਚ
ਬਾਬਾ ਪ੍ਰਿਥੀਚੰਦ ਦੀ ਬੰਸ, ਜਿਨ੍ਹਾਂ ਨੂੰ ਸਿੱਖ ਕੌਮ ਵਿੱਚ ਮੀਣੇ ਕਿਹਾ ਜਾਂਦਾ ਹੈ, ਸੋਢੀ,
ਤ੍ਰੇਹਨ ਅਤੇ ਭੱਲੇ ਆਉਂਦੇ ਹਨ। ਸੋਢੀਆਂ ਦੀਆਂ ਦੋ ਸ਼ਾਖਾ ਹਨ, ਧੀਰਮਲੀਏ ਅਤੇ ਰਾਮਰਾਈਏ। ਮੀਣਿਆ,
ਰਾਮਰਾਈਆਂ ਅਤੇ ਧੀਰਮਲੀਆਂ ਬਾਰੇ ਤਾਂ ਪੰਥ ਦਾ ਸਪੱਸ਼ਟ ਫੈਸਲਾ ਹੈ ਕਿ ਇਨ੍ਹਾਂ ਨਾਲ ਕਿਸੇ ਤਰ੍ਹਾਂ
ਦਾ ਸਬੰਧ ਨਹੀਂ ਰੱਖਣਾ। ਇਨ੍ਹਾਂ ਵਲੋਂ ਕਈਆਂ ਆਪਣੇ ਹੀ ਇਤਿਹਾਸ ਘੜੇ ਹੋਏ ਹਨ ਕਿ ਫਲਾਂ ਸਮੇਂ `ਤੇ
ਪੰਥ ਨਾਲ ਸਮਝੌਤਾ ਹੋ ਗਿਆ ਸੀ, ਜੋ ਸਿਵਾਏ ਕੂੜ ਦੇ ਹੋਰ ਕੁੱਝ ਨਹੀਂ। ਹਾਂ ਇਥੇ ਇੱਕ ਗੱਲ ਸਪੱਸ਼ਟ
ਕਰਨੀ ਜ਼ਰੂਰੀ ਹੈ ਕਿ ਬਾਬਾ ਰਾਮ ਰਾਇ ਨੂੰ ਆਪਣੀ ਭੁੱਲ ਦਾ ਅਹਿਸਾਸ ਹੋ ਗਿਆ ਸੀ, ਅਤੇ ਉਨ੍ਹਾਂ
ਪਾਉਂਟਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਸਹਿਬ ਕੋਲ ਆਪਣੀ ਭੁੱਲ ਬਖਸ਼ਾਉਣ ਵਾਸਤੇ ਬੇਨਤੀ ਵੀ ਕੀਤੀ
ਸੀ। ਇਸ ਤਰ੍ਹਾਂ ਇਨ੍ਹਾਂ ਦਾ ਡੇਹਰਾਦੂਨ ਸਥਿਤ ਡੇਰਾ ਵੀ ਉਦੋਂ ਹੀ ਬੰਦ ਹੋ ਜਾਣਾ ਚਾਹੀਦਾ ਸੀ, ਅਤੇ
ਸੰਪਰਦਾ ਵੀ ਮੁੱਕ ਜਾਣੀ ਚਾਹੀਦੀ ਸੀ, ਪਰ ਜਦੋਂ ਬਾਬਾ ਰਾਮਰਾਇ ਸਤਿਗੁਰੂ ਨੂੰ ਮਿਲ ਕੇ ਵਾਪਿਸ ਗਏ
ਤਾਂ ਉਨ੍ਹਾਂ ਦੇ ਨੇੜਲੇ ਮੋਹਰੀ ਪੈਰੋਕਾਰ, ਜੋ ਉਨ੍ਹਾਂ ਦੀ ਜਾਇਦਾਦ ਅਤੇ ਗੱਦੀ ਉਤੇ ਤਾਕ ਲਾਈ ਬੈਠੇ
ਸਨ, ਨੇ ਸੋਚਿਆ, ਇੰਝ ਤਾਂ ਸਭ ਕੁੱਝ ਸਾਡੇ ਹੱਥੋਂ ਨਿਕਲ ਜਾਵੇਗਾ। ਉਨ੍ਹਾਂ ਬਾਬਾ ਰਾਮ ਰਾਇ ਨੂੰ
ਬਾਕੀ ਜ਼ਿੰਦਗੀ ਤਕਰੀਬਨ ਬੰਦੀ ਬਣਾਕੇ ਰਖਿਆ, ਅਤੇ ਅੰਦਰ ਹੀ ਮਾਰ ਮੁਕਾਇਆ। ਜੋ ਅੱਜ ਇਸ ਡੇਰੇ `ਤੇ
ਕਾਬਜ਼ ਹਨ, ਉਨ੍ਹਾਂ ਦੀ ਲੜੀ ਵਿਚੋਂ ਹਨ, ਜਿਨ੍ਹਾਂ ਬਾਬਾ ਰਾਮ ਰਾਇ ਦਾ ਜੀਉਂਦੇ ਦਾ ਸਸਕਾਰ ਕਰ
ਦਿੱਤਾ ਸੀ। ਬਾਬਾ ਰਾਮਰਾਇ ਦੇ ਪਰਿਵਾਰ ਨੂੰ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਆਪ ਉਥੋਂ ਬਚਾਕੇ
ਲਿਆਂਦਾ। ਇਨ੍ਹਾਂ ਵਿਚੋਂ ਕਿਸੇ ਵੀ ਡੇਰੇ ਜਾਂ ਸੰਪਰਦਾ ਨਾਲ ਪੰਥ ਦਾ ਨਾ ਕੋਈ ਸਮਝੌਤਾ ਹੈ, ਨਾ ਹੋ
ਸਕਦਾ ਹੈ। ਇਨ੍ਹਾਂ ਸਾਰਿਆਂ ਲਈ ਤਾਂ ਇਕੋ ਗੱਲ ਚੰਗੀ ਹੈ ਕਿ ਆਪਣੀਆਂ ਗੱਦੀਆਂ ਤਿਆਗ ਕੇ ਆਮ ਸਿੱਖ
ਦੀ ਤਰ੍ਹਾਂ ਪੰਥ ਵਿੱਚ ਸਮਾ ਜਾਣ ਅਤੇ ਆਪਣੇ ਭਰਮਜਾਲ ਤਿਆਗ ਕੇ, ਗੁਰੂ ਗ੍ਰੰਥ ਸਾਹਿਬ ਤੋਂ ਅਗਵਾਈ
ਲੈ ਕੇ, ਨਿਰੋਲ ਗੁਰਮਤਿ ਵਿਚਾਰਧਾਰਾ ਅਪਨਾ ਲੈਣ। ਇਸ `ਤੇ ਕਿਸੇ ਨੂੰ ਕੋਈ ਇਤਰਾਜ਼ ਵੀ ਨਹੀਂ
ਹੋਵੇਗਾ, ਖਾਲਸਾ ਪੰਥ ਵੀ ਮਜ਼ਬੂਤ ਹੋਵੇਗਾ ਅਤੇ ਇਨ੍ਹਾਂ ਦਾ ਮਨੁੱਖਾ ਜੀਵਨ ਵੀ ਸਫਲਾ ਹੋ ਜਾਵੇਗਾ।
ਪਰ ਵੱਡੀਆਂ ਵੱਡੀਆਂ ਜਾਇਦਾਦਾਂ ਅਤੇ ਗੱਦੀਆਂ ਦਾ ਲੋਭ ਅਤੇ ਗ਼ਰੂਰ ਇਹ ਕਰਨ ਨਹੀਂ ਦੇਂਦਾ ਕਿਉਂਕਿ
ਬਥੇਰੇ ਭੋਲੇ-ਭਾਲੇ, ਭੁੱਲੜ ਸਿੱਖ ਇਨ੍ਹਾਂ ਕੋਲ ਫਸਦੇ ਹੀ ਰਹਿੰਦੇ ਹਨ।
(ਦਾਸ ਦੀ ਨਵੀਂ ਕਿਤਾਬ "ਖਾਲਸਾ ਪੰਥ ਬਨਾਮ ਡੇਰਾਵਾਦ" ਛੱਪ ਕੇ ਤਿਆਰ ਹੈ
ਜੀ)
ਰਾਜਿੰਦਰ ਸਿੰਘ
(ਮੁੱਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ)