.

ਪੁਜਾਰੀ, ਸਾਇੰਸ ਅਤੇ ਗੁਰ ਨਾਨਕ

ਗੁਰ ਨਾਨਕ ਸਾਹਿਬ ਦੇ ਜੀਵਨ ਕਾਲ ਦੌਰਾਨ ਸੰਨ 1531 ਨੂੰ ਪੁਲਾੜ ਵਿੱਚ ਇੱਕ ਅਲੋਕਾਰੀ ਘਟਨਾ ਵਾਪਰੀ। ਅਕਾਸ਼ ਵਿੱਚ ਇੱਕ ਅਜੀਬੋ ਅਜੀਬ ਤਾਰਾ ਚੜਿਆ ਜਿਸ ਨੂੰ ਧੂਮਕੇਤ, ਪੂਛਲ ਤਾਰਾ ਜਾਂ ਬੋਦੀ ਵਾਲੇ ਤਾਰਾ ਕਹਿ ਕੇ ਜਾਣਿਆਂ ਜਾਂਦਾ ਸੀ/ਹੈ। ਹੁਣ ਅਸੀੰ ਸਭ ਜਾਣਦੇ ਹਾਂ ਕਿ ਇਹ ਤਾਰਾ ਹੈਲੀ ਦੇ ਧੂਮਕੇਤੂ (Halley’s Comet) ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਨਾਂ ਇਸ ਦੀ ਖੋਜ਼ ਕਰਨ ਵਾਲੇ ਅੰਗਰੇਜ ਖਗੋਲ ਵਿਗਿਆਨੀ ਐਡਮੰਡ ਹੈਲੀ ਦੇ ਨਾਂ ਤੇ ਪਿਆ ਹੈ। ਇਸ ਅਲੋਕਾਰੀ ਘਟਨਾ ਉਤੇ ਗੁਰ ਨਾਨਕ ਸਾਹਿਬ ਨੇ ਤੁਖਾਰੀ ਰਾਗ ਵਿੱਚ ਇੱਕ ਸ਼ਬਦ ਉਚਾਰਿਆ ਹੈ। ਧੂਮਕੇਤੂ ਨੂੰ ਪੁਜਾਰੀ, ਵਿਗਿਆਨ ਅਤੇ ਗੁਰ ਨਾਨਕ ਸਾਹਿਬ ਕਿਸ ਨਜ਼ਰੀਏ ਨਾਲ ਵੇਖਦੇ ਨੇ ਆਪਣੇ ਆਪ ਵਿੱਚ ਬੜੀ ਹੀ ਸੁਆਦਲੀ ਤੁਲਨਾ ਹੈ। ਇਸ ਲੇਖ ਵਿੱਚ ਇਸ ਤੁਲਨਾ ਦੀ ਕੋਸ਼ਿਸ਼ ਕੀਤੀ ਗਈ ਹੈ।

ਪੁਜਾਰੀ ਅਤੇ ਪੂਛਲ ਤਾਰੇ

ਪੂਛਲ ਤਾਰੇ (comets) ਗਿਣਤੀ ਵਿੱਚ ਅਨੇਕਾਂ ਹਨ। ਖਗੋਲ ਵਿਗਿਆਨੀ ਆਏ ਦਿਨ ਇਹਨਾਂ ਵਾਰੇ ਨਵੀਂ ਖੋਜ਼ ਕਰ ਰਹੇ ਹਨ। ਪਰ ਪੁਜਾਰੀ ਦੀ ਇੱਕ ਖਾਸੀਅਤ ਇਹ ਹੈ ਕਿ ਉਹ ਹਰ ਚੀਜ਼ ਵਾਰੇ ਮੁਕੰਮਲ ਗਿਆਨ ਹੋਣ ਦਾ ਦਾਅਵਾ ਕਰਦਾ ਹੈ। ਦੂਸਰੇ ਉਸ ਨੇ ਹਰ ਉਹ ਗਲ ਕਰਨੀ ਅਤੇ ਮਨਾਉਣੀ ਹੈ ਜਿਸ ਵਿੱਚ ਉਸ ਨੂੰ ਆਪ ਲਾਭ ਹੋਵੇ। ਪੂਛਲ ਤਾਰਿਆਂ ਵਾਰੇ ਵੀ ਪੁਜਾਰੀ ਨੇ ਕਈ ਮਿਥਹਾਸਿਕ ਕਹਾਣੀਆਂ ਸਿਰਜ ਕੇ ਆਪਣੇ ਗਿਆਨਵਾਨ ਹੋਣ ਦਾ ਦਾਅਵਾ ਕੀਤਾ ਹੈ। ਕਿਉਂਕਿ ਪੂਛਲ ਤਾਰੇ ਕਦੀ ਕਦਾਂਈ ਚੜਦੇ ਨੇ ਇਸ ਲਈ ਇਹਨਾਂ ਨੂੰ ਅਕਸਰ ਰੱਬ ਵਲੋਂ ਕਿਸੇ ਮਾੜੀ ਘਟਨਾ ਦੇ ਸੂਚਕ ਵਜੋ ਪ੍ਰਚਾਰਿਆ ਗਿਆ ਹੈ। ਇੰਗਲੈਂਡ ਦੇ ਸੰਸਾਰ ਪ੍ਰਸਿੱਧ ਕਵੀ ਅਤੇ ਨਾਟਕਕਾਰ ਸ਼ੇਕਸਪੀਅਰ ਨੇ ਵੀ ਇਸ ਤਰ੍ਹਾਂ ਦਾ ਵਿਸ਼ਵਾਸ਼ ਹੋਣ ਦੀ ਗਵਾਹੀ ਭਰਦਿਆਂ ਆਪਣੇ ਨਾਟਕ ਜੂਲੀਅਸ ਸੀਜ਼ਰ ਵਿੱਚ ਲਿਖਿਆ ਹੈ, "When beggars die there are no comets seen; The heavens themselves blaze forth the death of princes." ਪੂਛਲ ਤਾਰਿਆਂ ਨੁੰ ਦੇਵਤਿਆਂ ਵਲੋਂ ਗੁੱਸੇ ਵਿੱਚ ਛੱਡੇ ਅੱਗ ਦੇ ਗੋਲੇ ਵੀ ਕਿਹਾ ਗਿਆ ਹੈ। ਅਰਬ ਅਤੇ ਇਸਲਾਮ ਦੀ ਦੁਨੀਆਂ ਵਿੱਚ ਇਹਨਾਂ ਨੂੰ ਸ਼ੈਤਾਨ ਜੋ ਧਰਤੀ ਦੇ ਨੇੜੇ ਆਉਣ ਦੀ ਕੋਸ਼ਿਸ ਕਰਦਾ ਹੈ ਨੂੰ ਭਜਾਉਣ ਲਈ ਛੱਡੇ ਅੱਗ ਦੇ ਗੋਲੇ ਕਿਹਾ ਗਿਆ ਹੈ। ਇਹ ਵੀ ਕਿਹਾ ਗਿਆ ਹੈ ਕਿ ਧਰਤੀ ਤੇ ਪਾਣੀ ਇਹਨਾਂ ਪੂਛਲ ਤਾਰਿਆਂ ਤੋਂ ਆਇਆ ਹੈ। ਸੰਨ 1456 ਵਿੱਚ ਹੈਲੀ ਕੋਮਟ ਚੜਿਆ ਸੀ। ਇਤਫਾਕ ਨਾਲ ੳਸੇ ਸਾਲ ਜਦ ਤੁਰਕਾਂ ਨੇ ਰੋਮਨ ਰਾਜ ਦੀ ਰਾਜਧਾਨੀ ਕੋਨਸਟੈਂਟਨਪਲੀ ਤੇ ਹਮਲਾ ਕੀਤਾ ਤਾਂ ਪੋਪ ਨੇ ਸਾਰੇ ਈਸਾਈਆਂ ਨੂੰ ਅਰਦਾਸ ਕਰਨ ਲਈ ਕਿਹਾ ਤਾਂ ਜੋ ਰੱਬ ਦਾ ਗੁੱਸਾ ਈਸਾਈਆਂ ਤੋਂ ਟਲਕੇ ਤੁਰਕਾਂ ਤੇ ਜਾ ਪਏ। ਪਰ ਹੋਇਆ ਇਸ ਦੇ ਉਲਟ ਅਤੇ ਕੋਨਸਟੈਨਟਨਪਲੀ ਅਜਕਲ ਤੁਰਕੀ ਦਾ ਮਸ਼ਹੂਰ ਸ਼ਹਿਰ ਇਸਤਨਬੂਲ ਕਰਕੇ ਜਾਣਿਆਂ ਜਾਂਦਾ ਹੈ। ਈਸਾਈ ਮੱਤ ਦੇ ਦੋਨੌਂ ਧੜੇ ਕੈਥਲਿਕ ਅਤੇ ਪ੍ਰੋਟੈਸਟੈਂਟ ਪੂਛਲ ਤਾਰਿਆਂ ਨੂੰ ਕਿਸੇ ਆਫਤ ਦਾ ਸੂਚਕ ਮੰਨਦੇ ਹਨ। ਮਾਰਟਿਨ ਲੂਥਰ ਨੇ ਇੱਕ ਵਾਰ ਕਿਹਾ ਸੀ "The heathen write that the comet may arise from natural causes, but God creates not one that does not fortoken a sure calamity." (1)

ਮਿਥਿਹਾਸ ਰਚਣ ਵਿੱਚ ਬਿਪਰ ਪੁਜਾਰੀ ਦਾ ਕੋਈ ਸਾਨੀ ਨਹੀਂ। ਧੂਮਕੇਤੂ ਵਾਰੇ ਉਸ ਦੀਆਂ ਅਨੇਕਾ ਕਹਾਣੀਆਂ ਪ੍ਰਚਲਤ ਹਨ। ਇੱਕ ਕਹਾਣੀ ਇਸ ਤਰ੍ਹਾਂ ਹੈ। ਸੈਂਹਿਕੇਯ ਨਾਮ ਦੇ ਦੈਂਤ ਨੇ ਭੇਸ ਬਦਲਕੇ ਦੇਵਤਿਆਂ ਵਿੱਚ ਬੈਠ ਅੰਮ੍ਰਿਤ ਪੀ ਲਿਆ। ਪਰ ਸੂਰਜ ਅਤੇ ਚੰਦ ਨੇ ਪਹਿਚਾਣ ਲਿਆ ਅਤੇ ਵਿਸ਼ਨੂੰ ਨੂੰ ਖ਼ਬਰ ਕਰ ਦਿੱਤੀ ਜਿਸ ਨੇ ਗੁੱਸੇ ਵਿੱਚ ਆ ਇਸ ਦਾ ਸਿਰ ਅਤੇ ਦੋ ਬਾਹਵਾਂ ਕੱਟ ਦਿੱਤੀਆਂ। ਪਰ ਕਿਉਂਕਿ ਇਹ ਅੰਮ੍ਰਿਤ ਪੀ ਚੁਕਾ ਸੀ ਇਸ ਲਈ ਅਮਰ ਹੋ ਗਿਆ। ਇਸ ਕਰਕੇ ਇਹ ਮਰਿਆ ਨਹੀਂ ਪਰ ਇਸ ਦੇ ਦੋ ਭਾਗ ਬਣ ਗਏ। ਵਿਸ਼ਨੂੰ ਨੇ ਦੋਹਾਂ ਭਾਗਾਂ ਨੂੰ ਤਾਰਾ ਮੰਡਲ ਵਿੱਚ ਟਿਕਾ ਦਿੱਤਾ। ਇਸ ਦੇ ਉਪਰਲੇ ਭਾਗ ਨੂੰ ਰਾਹੂ ਕਰਕੇ ਜਾਣਿਆ ਜਾਂਦਾ ਹੈ ਅਤੇ ਹੇਠਲੇ ਭਾਗ ਨੁੰ ਕੇਤੂ ਕਰਕੇ ਜਾਣਿਆਂ ਜਾਂਦਾ ਹੈ। ਹੁਣ ਆਪਣਾ ਬਦਲਾ ਲੈਣ ਲਈ ਰਾਹੂ ਸੂਰਜ ਅਤੇ ਚੰਦ ਨੂੰ ਕਦੇ ਕਦੇ ਨਿਗਲ ਲੈਂਦਾ ਹੈ ਜਿਸ ਕਾਰਨ ਸੂਰਜ ਅਤੇ ਚੰਦ ਨੂੰ ਗ੍ਰਹਿਣ ਲਗਦਾ ਹੈ। (2) ਇੱਕ ਹੋਰ ਕਹਾਣੀ ਮੁਤਾਬਿਕ ਵਿਸ਼ਨੂੰ ਨੇ ਦੋ ਦੈਂਤਾਂ ਦੇ ਸਿਰ ਕੱਟੇ ਸਨ ਅਤੇ ਦੋਨੌ ਦੇ ਸਿਰ ਅਮਰ ਹੋ ਕੇ ਰਾਹੂ ਕੇਤੂ ਬਣ ਗਏ। ਧੂਮਕੇਤੂ ਨੂੰ ਗਣੇਸ਼ ਨਾਲ ਵੀ ਜੋੜਿਆ ਜਾਂਦਾ ਹੈ। ਭਾਰਗਵ ਪੁਰਾਣ ਅਨੁਸਾਰ ਇੱਕ ਰਾਕਸ਼ ਧੂਆਂਸੁਰ ਰਸਾਇਣਕ ਯੁੱਧ ਦਾ ਮਾਹਰ ਸੀ ਜਿਸ ਨੇ ਜ਼ਹਿਰੀਲੀ ਗੈਸ ਛੱਡੀ ਤਾਂ ਗਣੇਸ਼ ਨੇ ਉਹ ਸਾਰੀ ਨਿਗਲ ਕੇ ਵਾਪਸ ਇਸੇ ਰਾਕਸ਼ ਵਲ ਛੱਡ ਤੀ ਜਿਸ ਕਾਰਨ ਉਹ ਮਰ ਗਿਆ। ਹਿੰਦੂ ਧਰਮ ਵਿੱਚ ਪੂਛਲ ਤਾਰੇ ਨੂੰ ਦੋਨੋਂ ਚੰਗਾ ਅਤੇ ਮਾੜਾ ਸ਼ਗਨ ਮੰਨਿਆ ਗਿਆ ਹੈ। ਬਿਪਰ ਪੁਜਾਰੀ ਅਨੁਸਾਰ ਰਾਹੂ ਦੇ ਰੱਥ ਦਾ ਰੰਗ ਕਾਲਾ ਹੈ ਅਤੇ ਕਾਲੇ ਰੰਗ ਦੇ ਅੱਠ ਘੋੜੇ ਜੋ ਰੇਂਘਦੇ ਹਨ ਇਸ ਰੱਥ ਨਾਲ ਪੱਕੇ ਤੌਰ ਤੇ ਜੁੜੇ ਹੋਏ ਨੇ। ਕੇਤੂ ਦੇ ਰੱਥ ਦੇ ਅੱਠ ਘੋੜੇ ਗੂੜੇ ਲਾਲ ਰੰਗ ਦੇ ਹਵਾ ਦੀ ਤਰ੍ਹਾ ਤੇਜ ਹਨ। ਰਾਹੂ ਕੇਤੂ ਦਾ ਜ਼ਿਕਰ ਜੋਤਿਸ਼ ਵਿਦਿਆ ਵਿੱਚ ਵੀ ਆਮ ਮਿਲਦਾ ਹੈ। ਇਨ੍ਹਾਂ ਦੇ ਮਾੜੇ ਅਸਰ ਦਾ ਉਪਾਅ ਕਰਦੇ ਕਰਾਉਂਦੇ ਬਹੁਤ ਲੋਕ ਲੁਟੇ ਜਾਂਦੇ ਹਨ। ਜੋਤਸ਼ੀ ਦੇ ਹੱਥ ਵਿੱਚ ਇਹ ਬਹੁਤ ਵੱਢਾ ਹਥਿਆਰ ਹਨ। ਪੁਜਾਰੀ ਦਾ ਦਾਅਵਾ ਹੀ ਕਿ ਉਹ ਸਭ ਕੁੱਝ ਜਾਣਦਾ ਹੈ ਅਤੇ ਉਸ ਮੁਤਾਬਿਕ ਪੂਛਲ ਤਾਰਾ:

  • ਕਿਸੇ ਮਾੜੀ ਘਟਨਾ ਦਾ ਸੂਚਕ ਹੈ। ਰਾਜੇ ਦੀ ਮੌਤ ਹੋ ਸਕਦੀ ਹੈ ਜਾਂ ਕੋਈ ਹੋਰ ਆਫਤ ਪੈ ਸਕਦੀ ਹੈ।
  • ਇਸ ਦੌਰਾਨ ਕੋਈ ਵੀ ਸ਼ੁਭ ਕਾਰਜ ਵਿਆਹ ਸ਼ਾਦੀ ਆਦਿ ਨਹੀਂ ਕਰਨੇ ਚਾਹੀਦੇ। ਘਰ ਨਹੀ ਉਸਾਰਨੇ ਚਾਹੀਦੇ।
  • ਇਸ ਦੇ ਅਸਰ ਕਾਰਨ ਔਰਤ ਬਾਂਝ ਹੋ ਸਕਦੀ ਹੈ।
  • ਪੁਜਾਰੀ ਕੋਲ ਇਸ ਦੇ ਮਾੜੇ ਅਸਰ ਨੂੰ ਰੋਕਣ ਦੇ ਉਪਾਅ ਵੀ ਮੌਜੂਦ ਹਨ।

ਵਿਗਿਆਨ ਅਤੇ ਪੂਛਲ ਤਾਰੇ

ਕਾਦਰ ਦੀ ਕੁਦਰਤ ਨੇ ਹਮੇਸ਼ਾਂ ਮਨੁੱਖ ਦੀ ਕਲਪਨਾ ਅਤੇ ਸੋਚ ਨੂੰ ਟੁੰਬਿਆ ਹੈ। ਇਸ ਨੂੰ ਸਮਝਣ ਘੋਖਣ ਦੀ ਚੇਸਟਾ ਮਨੁੱਖ ਅੰਦਰ ਸ਼ੁਰੂ ਤੋਂ ਹੀ ਕਾਇਮ ਰਹੀ ਹੈ ਅਤੇ ਅੱਜ ਵੀ ਜਾਰੀ ਹੈ। ਇਸੇ ਚੇਸ਼ਟਾ ਵਿੱਚੋਂ ਹਰ ਤਰ੍ਹਾਂ ਦੇ ਗਿਆਨ ਵਿਗਿਆਨ ਦੀ ਉਪਜ ਹੋਈ। ਗਗਨ `ਚ ਟਿਮਟਿਮਾਉਂਦੇ ਤਾਰਿਆਂ ਨੂੰ ਵੇਖ ਕਵੀਆਂ ਨੇ ਢੇਰ ਸਾਰੀ ਕਵਿਤਾ ਰਚੀ ਤੇ ਰਚ ਰਹੇ ਨੇ। ਕਦੀ ਕਦਾਈਂ ਆਮ ਤਾਰਿਆਂ ਨਾਲੋ ਹਟਵਾਂ ਤਾਰਾ ਵੀ ਅਸਮਾਨ ਵਿੱਚ ਨਜ਼ਰ ਆਉਂਦਾ ਜਿਸ ਨੂੰ ਦੇਖ ਕੇ ਮਨੁੱਖ ਦੀ ਸੋਚ ਨੂੰ ਹਲੂਣਾ ਜਿਹਾ ਲਗਦਾ। ਪਹਿਲਿਆਂ ਵਕਤਾਂ ਵਿੱਚ ਪੁਜਾਰੀ ਹੀ ਸਭ ਤੋਂ ਸਿਆਣਾ ਗਿਣਿਆ ਜਾਂਦਾ ਸੀ ਜਾਂ ਇਸ ਤਰ੍ਹਾਂ ਕਹਿ ਲੋਵੋ ਕਿ ਉਸ ਨੇ ਆਪਣੇ ਆਪ ਨੂੰ ਹੀ ਸਿਆਣਾ ਥਾਿਪਆ ਹੋਇਆ ਸੀ। ਇਹਨਾਂ ਅਨੋਖੇ ਤਾਰਿਆਂ ਵਾਰੇ ਜੋ ਉਸ ਨੇ ਕਿਹਾ ੳਹੁ ਪ੍ਰਚਲਤ ਤਾਂ ਹੋ ਗਿਆ ਪਰ ਮਨੁੱਖੀ ਸੋਚ ਦੀ ਸੰਤੁਸ਼ਟੀ ਨਹੀਂ ਹੋਈ। ਇਸ ਕਰਕੇ ਇਹਨਾਂ ਪੂਛਲ ਤਾਰਿਆਂ ਨੂੰ ਸਮਝਣ ਦੀ ਚੇਸ਼ਟਾ ਜ਼ਾਰੀ ਰਹੀ। ਕੁੱਝ ਸੂਰਮੇ ਮਰਦਾਂ ਦੇ ਗਲੇ ਪੁਜਾਰੀ ਦੀ ਗੱਲ ਜਦੋਂ ਨਾ ਉੱਤਰੀ ਤਾਂ ਉਹ ਆਪਣੀ ਖੋਜ਼ ਵਿੱਚ ਲਗੇ ਰਹੇ। ਜਿਸ ਦੀ ਬਦੌਲਤ ਅੱਜ ਵਿਗਿਆਨ ਨੇ ਇਹਨਾਂ ਪੂਛਲ ਤਾਰਿਆਂ ਵਾਰੇ ਕਾਫੀ ਜਾਣਕਾਰੀ ਹਾਸਲ ਕਰ ਲਈ ਜਿਸ ਮੁਤਾਬਿਕ ਪੁਜਾਰੀ ਦੀਆਂ ਸਭ ਗੱਲਾਂ ਝੁਠੀਆਂ ਸਾਬਤ ਹੋ ਗਈਆਂ। ਜਦੋਂ ਨਿਊਟਨ ਦੇ ਗਰੂਤਾ ਦੇ ਅਸੂਲ਼ ਪੁਲਾੜ ਵਿੱਚ ਲਾ ਕੇ ਦੇਖੇ ਤਾਂ ਬਹੁਤ ਸਾਰੀਆਂ ਘੁੰਡੀਆਂ ਆਪਣੇ ਆਪ ਖੁਲਣ ਲਗ ਪਈਆਂ। ਪੁਜਾਰੀ ਦੇ ਪਾਜ ਉਘੜਣ ਲਗ ਪਏ। ਇਹ ਖੋਜ ਅੱਜ ਵੀ ਨਿਰੰਤਰ ਜਾਰੀ ਹੈ। ਕੁੱਝ ਇੱਕ ਪੂਛਲ ਤਾਰਿਆਂ ਦੇ ਉੱਪਰ ਜਾਂ ਪਾਸ ਤਾਂ ਵਿਗਿਆਂਨ ਸ਼ਾਇਦ ਰਾਕਟ ਵੀ ਭੇਜ ਚੁੱਕਿਆ ਹੈ। ਵਿਗਿਆਨ ਨੇ ਆਪਣੀ ਜਗਿਆਸਾ ਦੀ ਪੂਰਤੀ ਲਈ ਬਿਬੇਕ ਬੁੱਧ ਇਸਤੇਮਾਲ ਕੀਤੀ। ਵੱਖਰੇ ਵੱਖਰੇ ਦੇਸ਼ਾਂ ਦੇ ਖਗੋਲ ਵਿਗਿਆਨੀ ਪੂਛਲ ਤਾਰਿਆਂ ਦਾ ਜਦੋਂ ਵੀ ਜਿਸ ਨੂੰ ਵੀ ਨਜ਼ਰ ਆਉਂਦੇ ਰਿਕਾਰਡ ਦਰਜ਼ ਕਰਨ ਲਗ ਪਏ। ਜਿਸ ਤੌਂ ਇਹ ਸਮਝ ਲਗੀ ਕਿ ਕਈ ਪੂਛਲ ਤਾਰੇ ਵਾਰ ਵਾਰ ਉਹੀ ਨਜ਼ਰ ਆਉਂਦੇ ਹਨ। ਹੈਲ਼ੀ ਪੂਛਲ ਤਾਰਾ ਵੀ ਇਹਨਾਂ ਵਿਚੋਂ ਇੱਕ ਹੈ। ਇਸ ਦੀ ਖੋਜ਼ ਅੰਗਰੇਜ ਖਗੋਲ ਵਿਗਿਆਨੀ ਐਡਮੰਡ ਹੈਲੀ ਨੇ ਕੀਤੀ ਅਤੇ ਦੱਸਿਆ ਕਿ ਇਹ ਤਾਰਾ ਕੋਈ 75 ਕੁ ਸਾਲ ਬਾਅਦ ਧਰਤੀ ਤੋਂ ਨਜ਼ਰ ਆਉਂਦਾ ਹੈ। ਹੈਲੀ ਨੇ ਇਹ ਤਾਰਾ 1682 ਵਿੱਚ ਦੇਖਿਆ ਅਤੇ ਦੱਸਿਆ ਕਿ ਇਹ ਉਹੀ ਤਾਰਾ ਹੇ ਜੋ 1531 ਅਤੇ 1607 ਵਿੱਚ ਆਇਆਂ ਸੀ ਅਤੇ ਹੁਣ ਵਾਪਸ 1758 ਵਿੱਚ ਆਏਗਾ। ਉਸ ਦੀ ਭਵਿਖਬਾਣੀ ਸੱਚ ਸਾਬਤ ਹੋਈ ਬੇਸ਼ੱਕ ਉਹ ਆਪ ਉਸ ਵਕਤ ਇਸ ਦੁਨੀਆਂ ਤੋਂ ਜਾ ਚੁੱਕਾ ਸੀ। ਹੁਣ ਇਹ ਵਾਪਸ 2061 ਵਿੱਚ ਆਏਗਾ।

ਵਿਗਿਆਨ ਮੁਤਾਬਿਕ ਜਦੋਂ ਅਰਬਾਂ ਖਰਬਾਂ ਸਾਲ ਪਹਿਲਾਂ ਸਾਡਾ ਇਹ ਸੂਰਜੀ ਮੰਡਲ ਹੋਂਦ ਵਿੱਚ ਆਇਆ ਪੂਛਲ ਤਾਰੇ ਉਸ ਵੇਲੇ ਦੀ ਰਹਿੰਦ ਖੂੰਦ ਹੈ ਜੋ ਪੱਥਰ, ਧੂੜ ਅਤੇ ਜੰਮੀਆਂ ਹੋਈਆ ਗੈਸਾਂ ਦੇ ਬਣੇ ਹੋਏ ਹਨ। ਗਰੂਤਾ ਵੱਸ ਘੁੰਮਦੇ ਜਦੋ ਇਹ ਸੂਰਜ ਦੇ ਨੇੜੇ ਆਉਂਦੇ ਹਨ ਤਾਂ ਤਪਸ਼ ਨਾਲ ਜੰਮੀਆਂ ਹੋਈਆਂ ਗੈਸਾਂ ਇਸ ਦੀ ਪੂਛ ਬਣ ਜਾਂਦੀਆਂ ਹਨ ਜਿਸ ਦੀ ਲੰਬਾਈ ਲੱਖਾਂ ਮੀਲ ਹੂਦੀ ਹੈ। ਕਈ ਵਾਰ ਨੰਗੀ ਅੱਖ ਨਾਲ ਇਹ ਪੂਛ ਨਜ਼ਰ ਵੀ ਨਹੀਂ ਆਉਂਦੀ। ਇਸੇ ਤਰ੍ਹਾਂ ਦੇ ਕੁੱਝ ਹੋਰ ਛੋਟੇ ਤਾਰੇ (Asteroids) ਹਨ ਜੋ ਪੱਥਰ ਅਤੇ ਧਾਤ ਦੇ ਬਣੇ ਹੋਏ ਹਨ। ਇਹ ਵੀ ਉਸੇ ਰਹਿੰਦ ਖੂੰਦ ਤੋਂ ਬਣੇ ਹਨ। ਕਈ ਵਾਰ ਅਸੀ ਅਕਾਸ਼ ਵਿੱਚ ਇੱਕ ਡਿਗਦੀ ਹੋਈ ਅੱਗ ਦੀ ਲੀਕ ਜਿਹੀ ਦੇਖਦੇ ਹਾਂ ਇਸ ਨੂੰ ਉਲਕਾਪਾਤ (Meteor) ਕਹਿੰਦੇ ਨੇ ਜੋ ਜਿਵੇ ਹੀ ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੁੰਦੀ ਹੈ ਸੜ ਕੇ ਸੁਆਹ ਹੋ ਜਾਂਦੀ ਹੈ।

ਗੁਰ ਨਾਨਕ ਸਾਹਿਬ ਅਤੇ ਪੂਛਲ ਤਾਰਾ

ਗੁਰ ਨਾਨਕ ਸਾਹਿਬ ਨੇ ਜਿਸ ਪੂਛਲ ਤਾਰੇ ਨੂੰ 1531 ਵਿੱਚ ਦੇਖਿਆ ਸੀ ਉਹ ਅੱਜ ਕਲ ਹੈਲੀ ਦੇ ਪੂਛਲ ਤਾਰੇ ਵਜੋਂ ਜਾਣਿਆਂ ਜਾਂਦਾ ਹੈ। ਇਸ ਨੂੰ ਵੇਖ ਜੋ ਸ਼ਬਦ ਉਹਨਾਂ ਉਚਾਰਿਆ ਉਹ ਇਸ ਤਰ੍ਹਾਂ ਹੈ।

ਤਾਰਾ ਚੜਿਆ ਲੰਮਾ ਕਿਉ ਨਦਰਿ ਨਿਹਾਲਿਆ ਰਾਮ॥ ਸੇਵਕ ਪੂਰ ਕਰੰਮਾ ਸਤਿਗੁਰਿ ਸਬਦਿ ਦਿਖਾਲਿਆ ਰਾਮ॥ ਗੁਰ ਸਬਦਿ ਦਿਖਾਲਿਆ ਸਚੁ ਸਮਾਲਿਆ ਅਹਿਨਿਸ ਦੇਖਿ ਬਚਿਾਰਿਆ॥ ਧਾਵਤ ਪੰਚ ਰਹੇ ਘਰੁ ਜਾਣਿਆ ਕਾਮੁ ਕ੍ਰੋਧੁ ਬਿਖੁ ਮਾਰਿਆ॥ ਅੰਤਰਿ ਜੋਤਿ ਭਈ ਗੁਰ ਸਾਖੀ ਚੀਨੇ ਰਾਮ ਕਰੰਮਾ॥ ਨਾਨਕ ਹਉਮੈ ਮਾਰਿ ਪਤੀਣੈ ਤਾਰਾ ਚੜਿਆ ਲੰਮਾ॥ 1॥ ਗੁਰਮੁਖਿ ਜਾਗਿ ਰਹੇ ਚੂਕੀ ਅਭਿਮਾਨੀ ਰਾਮ॥ ਅਨਦਿਨੁ ਭੋਰੁ ਭਇਆ ਸਾਚਿ ਸਮਾਨੀ ਰਾਮ॥ ਸਾਚਿ ਸਮਾਨੀ ਗੁਰਮੁਖਿ ਮਨਿ ਭਾਨੀ ਗੁਰਮੁਖਿ ਸਾਬਤੁ ਜਾਗੇ॥ ਸਾਚੁ ਨਾਮੁ ਅੰਮ੍ਰਿਤ ਗੁਰਿ ਦੀਆਂ ਹਰਿ ਚਰਨੀ ਲਿਵ ਲਾਗੇ॥ ਪ੍ਰਗਟੀ ਜੋਤਿ ਜੋਤਿ ਹਹਿ ਜਾਤਾ ਮਨਮੁਖਿ ਭਰਮਿ ਭਲਾਣੀ॥ ਨਾਨਕ ਭੋਰੁ ਭਇਆ ਮਨੁ ਮਾਨਿਆ ਜਾਗਤ ਰੈਣਿ ਵਿਹਾਣੀ॥ 2॥ ਅਉਗਣ ਵੀਸਰਿਆਂ ਗੁਣੀ ਘਰੁ ਕੀਆ ਰਾਮ॥ ਏਕੋ ਰਵਿ ਰਹਿਆ ਅਵਰੁ ਰ ਬੀਆ ਰਾਮ॥ ਰਵਿ ਰਹਿਆਂ ਸੋਈ ਅਵਰੁ ਨ ਕੋਈ ਮਨ ਹੀ ਤੇ ਮਨੁ ਮਾਨਿਆ॥ ਜਿਨਿ ਜਲ ਥਲ ਤ੍ਰਿਭਵਣ ਘਟੁ ਘਟੁ ਥਾਪਿਆ ਸੋ ਪ੍ਰਭੁ ਗੁਰਮੁਖਿ ਜਾਨਿਆ॥ ਕਰਣ ਕਾਰਣ ਸਮਰਥ ਅਪਾਰਾ ਤ੍ਰਿਬਿਧਿ ਮੇਟਿ ਸਮਾਈ॥ ਨਾਨਕ ਅਵਗੁਣ ਗੁਣਹ ਸਮਾਣੇ ਐਸੀ ਗੁਰਮਤਿ ਪਾਈ॥ 3॥ ਆਵਣ ਜਾਣ ਰਹੇ ਚੂਕਾ ਭੋਲਾ ਰਾਮ॥ ਹਉਮੈ ਮਾਰਿ ਮਿਲੇ ਸਾਚਾ ਚੋਲਾ ਰਾਮ॥ ਹਉਮੈ ਗੁਰਿ ਖੋਈ ਪਰਗਟੁ ਹੋਈ ਚੁਕੇ ਸੋਗ ਸੰਤਾਪੈ॥ ਜੋਤੀ ਅੰਦਰਿ ਜੋਤਿ ਸਮਾਣੀ ਆਪੁ ਪਛਾਤਾ ਆਪੈ॥ ਪੇਈਅੜੈ ਘਰਿ ਸਬਦਿ ਪਤੀਣੀ ਸਾਹੁਰੜੇ ਪਿਰ ਭਾਣੀ॥ ਨਾਨਕ ਸਤਿਗੁਰਿ ਮੇਲਿ ਮਿਲਾਈ ਚੁਕੀ ਕਾਣਿ ਲੋਕਾਣੀ॥ 4॥ 3॥ ਪਂਨਾ 1110-1111

ਪ੍ਰੋ ਸਾਹਿਬ ਸਿੰਘ ਨੇ ਇਸ ਸ਼ਬਦ ਦੇ ਅਰਥ ਕਰਦਿਆਂ ਇਥੇ ਬੋਦੀ ਵਾਲੇ ਤਾਰੇ ਨੂੰ ਸਰਬ ਵਿਆਪਿਕ ਰੱਬੀ ਜੋਤ ਦਾ ਪ੍ਰਤੀਕ ਦੱਸਿਆ ਹੈ। ਪੂਰੇ ਸ਼ਬਦ ਦੇ ਅਰਥ ਉਹਨਾਂ ਇਸ ਤਰ੍ਹਾ ਕੀਤੇ ਨੇ। (3)

ਅਰਥ:-ਹੇ ਭਾਈ! ਵਿਆਪਕ-ਸਰੂਪ ਪਰਮਾਤਮਾ (ਸਾਰੇ ਜਗਤ ਵਿੱਚ ਆਪਣਾ) ਪਰਕਾਸ਼ ਕਰ ਰਿਹਾ ਹੈ। ਪਰ ਉਸ ਨੂੰ ਅੱਖਾਂ ਨਾਲ ਵੇਖਿਆ ਕਿਵੇਂ ਜਾਏ?

ਹੇ ਭਾਈ! ਗੁਰੂ ਨੇ ਆਪਣੇ ਸ਼ਬਦ ਦੀ ਰਾਹੀਂ (ਜਿਸ ਨੂੰ) ਦਰਸਨ ਕਰਾ ਦਿੱਤਾ, ਉਸ ਸੇਵਕ ਦੇ ਪੂਰੇ ਭਾਗ ਜਾਗ ਪਏ। ਜਿਸ ਮਨੁੱਖ ਨੂੰ ਗੁਰੂ ਦੇ ਸ਼ਬਦ ਨੇ (ਸਰਬ-ਵਿਆਪਕ ਪਰਮਾਤਮਾ) ਵਿਖਾਲ ਦਿੱਤਾ, ਉਹ ਸਦਾ-ਥਿਰ ਹਰਿ-ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ। ਉਸ ਦਾ ਦਰਸਨ ਕਰ ਕੇ ਉਹ ਮਨੁੱਖ ਦਿਨ ਰਾਤ ਉਸ ਦੇ ਗੁਣਾਂ ਨੂੰ ਆਪਣੇ ਚਿੱਤ ਵਿੱਚ ਵਸਾਂਦਾ ਹੈ। ਉਹ ਮਨੁੱਖ (ਆਪਣੇ ਅਸਲ) ਘਰ ਨੂੰ ਜਾਣ ਲੈਂਦਾ ਹੈ, ਉਸ ਦੇ ਪੰਜੇ ਗਿਆਨ-ਇੰਦ੍ਰੇ (ਵਿਕਾਰਾਂ ਵਲ) ਭਟਕਣ ਤੋਂ ਹਟ ਜਾਂਦੇ ਹਨ, ਉਹ ਮਨੁੱਖ ਆਤਮਕ ਮੌਤ ਲਿਆਉਣ ਵਾਲੇ ਕਾਮ ਨੂੰ ਕ੍ਰੋਧ ਨੂੰ ਮਾਰ ਮੁਕਾਂਦਾ ਹੈ।

ਹੇ ਭਾਈ! ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਉਸ ਮਨੁੱਖ ਦੇ ਅੰਦਰ ਰੱਬੀ ਜੋਤਿ ਪਰਗਟ ਹੋ ਜਾਂਦੀ ਹੈ (ਜੋ ਕੁੱਝ ਜਗਤ ਵਿੱਚ ਹੋ ਰਿਹਾ ਹੈ, ਉਸ ਨੂੰ) ਉਹ ਪਰਮਾਤਮਾ ਦੇ ਕੌਤਕ (ਜਾਣ ਕੇ) ਵੇਖਦਾ ਹੈ।

ਹੇ ਨਾਨਕ! (ਜਿਨ੍ਹਾਂ ਮਨੁੱਖਾਂ ਦੇ ਅੰਦਰ) ਸਰਬ-ਵਿਆਪਕ ਪ੍ਰਭੂ ਦੀ ਜੋਤਿ ਜਗ ਪੈਂਦੀ ਹੈ, ਉਹ (ਆਪਣੇ ਅੰਦਰੋਂ) ਹਉਮੈ ਨੂੰ ਮਾਰ ਕੇ (ਪਰਮਾਤਮਾ ਦੇ ਚਰਨਾਂ ਵਿਚ) ਸਦਾ ਟਿਕੇ ਰਹਿੰਦੇ ਹਨ। 1.

ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਮਾਇਆ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦੇ ਹਨ, (ਉਹਨਾਂ ਦੇ ਅੰਦਰੋਂ) ਅਹੰਕਾਰ ਵਾਲੀ ਦਸ਼ਾ ਮੁੱਕ ਜਾਂਦੀ ਹੈ। (ਉਹਨਾਂ ਦੇ ਅੰਦਰ) ਹਰ ਵੇਲੇ ਆਤਮਕ ਜੀਵਨ ਦੀ ਸੂਝ ਦਾ ਚਾਨਣ ਹੋਇਆ ਰਹਿੰਦਾ ਹੈ, (ਉਹਨਾਂ ਦੀ ਸੁਰਤਿ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿੱਚ ਟਿਕੀ ਰਹਿੰਦੀ ਹੈ।

ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੀ ਸੁਰਤਿ ਸਦਾ-ਥਿਰ ਪ੍ਰਭੂ ਵਿੱਚ ਲੀਨ ਰਹਿੰਦੀ ਹੈ, (ਉਹਨਾਂ ਨੂੰ ਇਹ ਦਸ਼ਾ ਆਪਣੇ) ਮਨ ਵਿੱਚ ਪਿਆਰੀ ਲੱਗਦੀ ਹੈ। ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸਦਾ ਹੀ ਸੁਚੇਤ ਰਹਿੰਦੇ ਹਨ। ਗੁਰੂ ਨੇ ਉਹਨਾਂ ਨੂੰ ਆਤਮਕ ਜੀਵਨ ਦੇਣ ਵਾਲਾ ਸਦਾ-ਥਿਰ ਹਰਿ-ਨਾਮ ਬਖ਼ਸ਼ਿਆ ਹੁੰਦਾ ਹੈ, ਉਹਨਾਂ ਦੀ ਲਿਵ ਪਰਮਾਤਮਾ ਦੇ ਚਰਨਾਂ ਵਿੱਚ ਲੱਗੀ ਰਹਿੰਦੀ ਹੈ।

ਹੇ ਭਾਈ! ਗੁਰਮੁਖਾਂ ਦੇ ਅੰਦਰ ਪਰਮਾਤਮਾ ਦੀ ਜੋਤਿ ਦਾ ਚਾਨਣ ਹੋ ਜਾਂਦਾ ਹੈ, ਉਹ ਹਰੇਕ ਜੀਵ ਵਿੱਚ ਉਸੇ ਰੱਬੀ ਜੋਤਿ ਨੂੰ ਵੱਸਦੀ ਸਮਝਦੇ ਹਨ। ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਭਟਕਣਾ ਦੇ ਕਾਰਨ ਕੁਰਾਹੇ ਪਈ ਰਹਿੰਦੀ ਹੈ। ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਅੰਦਰ ਆਤਮਕ ਜੀਵਨ ਦੀ ਸੂਝ ਦਾ ਚਾਨਣ ਹੋਇਆ ਰਹਿੰਦਾ ਹੈ, ਉਹਨਾਂ ਦਾ ਮਨ (ਉਸ ਚਾਨਣ ਵਿਚ) ਪਰਚਿਆ ਰਹਿੰਦਾ ਹੈ। (ਮਾਇਆ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦਿਆਂ ਹੀ ਉਹਨਾਂ ਦੀ ਜੀਵਨ-ਰਾਤ ਬੀਤਦੀ ਹੈ। 2.

ਹੇ ਭਾਈ! (ਜਿਸ ਮਨੁੱਖ ਦੇ ਹਿਰਦੇ-ਆਕਾਸ਼ ਵਿੱਚ ‘ਤਾਰਾ ਚੜਿਆ ਲੰਮਾ’, ਉਸ ਦੇ ਅੰਦਰੋਂ) ਸਾਰੇ ਔਗੁਣ ਮੁੱਕ ਜਾਂਦੇ ਹਨ, (ਉਸ ਦੇ ਅੰਦਰ) ਗੁਣ ਆਪਣਾ ਟਿਕਾਣਾ ਆ ਬਣਾਂਦੇ ਹਨ। ਉਸ ਮਨੁੱਖ ਨੂੰ ਇੱਕ ਪਰਮਾਤਮਾ ਹੀ ਹਰ ਥਾਂ ਮੌਜੂਦ ਦਿੱਸਦਾ ਹੈ, ਉਸ ਤੋਂ ਬਿਨਾ ਕੋਈ ਹੋਰ ਦੂਜਾ ਨਹੀਂ ਦਿੱਸਦਾ।

ਹੇ ਭਾਈ! (ਜਿਸ ਮਨੁੱਖ ਦੇ ਅੰਦਰ ‘ਤਾਰਾ ਚੜਿਆ ਲੰਮਾ’, ਉਸ ਨੂੰ) ਹਰ ਥਾਂ ਇੱਕ ਪਰਮਾਤਮਾ ਹੀ ਵੱਸਦਾ ਦਿੱਸਦਾ ਹੈ, ਉਸ ਤੋਂ ਬਿਨਾ ਕੋਈ ਹੋਰ ਉਸ ਨੂੰ ਨਹੀਂ ਦਿੱਸਦਾ, ਉਸ ਮਨੁੱਖ ਦਾ ਮਨ ਅੰਤਰ-ਆਤਮੇ (ਹਰਿ-ਨਾਮ ਵਿਚ) ਪਰਚਿਆ ਰਹਿੰਦਾ ਹੈ। ਜਿਸ (ਪਰਮਾਤਮਾ) ਨੇ ਜਲ ਥਲ ਤਿੰਨੇ ਭਵਨ ਹਰੇਕ ਸਰੀਰ ਬਣਾਇਆ ਹੈ, ਉਹ ਮਨੁੱਖ ਉਸ ਪਰਮਾਤਮਾ ਨਾਲ ਗੁਰੂ ਦੀ ਰਾਹੀਂ ਡੂੰਘੀ ਸਾਂਝ ਬਣਾਈ ਰੱਖਦਾ ਹੈ।

ਹੇ ਨਾਨਕ! (ਜਿਸ ਮਨੁੱਖ ਦੇ ਹਿਰਦੇ-ਆਕਾਸ਼ ਵਿੱਚ ‘ਤਾਰਾ ਚੜਿਆ ਲੰਮਾ’, ਉਹ ਆਪਣੇ ਅੰਦਰੋਂ) ਤ੍ਰਿਗੁਣੀ ਮਾਇਆ ਦਾ ਪ੍ਰਭਾਵ ਮਿਟਾ ਕੇ ਉਸ ਪਰਮਾਤਮਾ ਵਿੱਚ ਸਮਾਇਆ ਰਹਿੰਦਾ ਹੈ ਜੋ ਸਾਰੇ ਜਗਤ ਦਾ ਮੂਲ ਹੈ ਜੋ ਸਾਰੀਆਂ ਤਾਕਤਾਂ ਦਾ ਮਾਲਕ ਹੈ ਅਤੇ ਜੋ ਬੇਅੰਤ ਹੈ। ਹੇ ਨਾਨਕ! ਗੁਰੂ ਪਾਸੋਂ ਉਹ ਮਨੁੱਖ ਅਜਿਹੀ ਮਤਿ ਹਾਸਲ ਕਰ ਲੈਂਦਾ ਹੈ ਕਿ ਉਸ ਦੇ ਸਾਰੇ ਔਗੁਣ ਗੁਣਾਂ ਵਿੱਚ ਸਮਾ ਜਾਂਦੇ ਹਨ। 3.

ਹੇ ਭਾਈ! (ਜਿਨ੍ਹਾਂ ਦੇ ਹਿਰਦੇ-ਆਕਾਸ਼ ਵਿੱਚ ‘ਤਾਰਾ ਚੜਿਆ ਲੰਮਾ’, ਉਹਨਾਂ ਦੇ) ਜਨਮ ਮਰਨ ਦੇ ਗੇੜ ਮੁੱਕ ਗਏ, ਉਹਨਾਂ ਦੀ ਕੋਝੀ ਜੀਵਨ-ਚਾਲ ਖ਼ਤਮ ਹੋ ਗਈ। ਉਹ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ (ਪ੍ਰਭੂ-ਚਰਨਾਂ ਵਿਚ) ਜੁੜ ਗਏ, ਉਹਨਾਂ ਦਾ ਸਰੀਰ (ਵਿਕਾਰਾਂ ਦੇ ਹੱਲਿਆਂ ਦੇ ਟਾਕਰੇ ਤੇ) ਅਡੋਲ ਹੋ ਗਿਆ।

ਹੇ ਭਾਈ! ਗੁਰੂ ਨੇ ਜਿਸ ਜੀਵ-ਇਸਤ੍ਰੀ ਦੀ ਹਉਮੈ ਦੂਰ ਕਰ ਦਿੱਤੀ, ਉਹ (ਲੋਕ ਪਰਲੋਕ ਵਿਚ) ਸੋਭਾ ਵਾਲੀ ਹੋ ਗਈ, ਉਸ ਦੇ ਸਾਰੇ ਗ਼ਮ ਸਾਰੇ ਦੁੱਖ-ਕਲੇਸ਼ ਮੁੱਕ ਗਏ। ਉਸ ਦੀ ਜਿੰਦ ਪਰਮਾਤਮਾ ਦੀ ਜੋਤਿ ਵਿੱਚ ਮਿਲੀ ਰਹਿੰਦੀ ਹੈ, ਉਹ ਆਪਣੇ ਆਤਮਕ ਜੀਵਨ ਦੀ ਸਦਾ ਪੜਤਾਲ ਕਰਦੀ ਰਹਿੰਦੀ ਹੈ।

ਹੇ ਭਾਈ! ਜਿਹੜੀ ਜੀਵ-ਇਸਤ੍ਰੀ ਇਸ ਲੋਕ ਵਿੱਚ ਗੁਰੂ ਦੇ ਸ਼ਬਦ ਵਿੱਚ ਪਰਚੀ ਰਹਿੰਦੀ ਹੈ, ਉਹ ਪਰਲੋਕ ਵਿੱਚ (ਜਾ ਕੇ) ਪ੍ਰਭੂ-ਪਤੀ ਨੂੰ ਭਾ ਜਾਂਦੀ ਹੈ। ਹੇ ਨਾਨਕ! ਜਿਸ ਜੀਵ-ਇਸਤ੍ਰੀ ਨੂੰ ਗੁਰੂ ਨੇ (ਆਪਣੇ ਸ਼ਬਦ ਵਿਚ) ਜੋੜ ਕੇ ਪ੍ਰਭੂ ਨਾਲ ਮਿਲਾ ਦਿੱਤਾ, ਉਸ ਨੂੰ ਦੁਨੀਆ ਦੀ ਮੁਥਾਜੀ ਨਹੀਂ ਰਹਿ ਜਾਂਦੀ। 4. 3.

ਸੋ ਸਮਸ਼ਟ ਹੈ ਕਿ ਗੁਰ ਨਾਨਕ ਸਾਹਿਬ ਪੂਛਲ ਤਾਰੇ ਨੂੰ ਕਿਸੇ ਵੀ ਮਾੜੀ ਘਟਨਾ ਦਾ ਸੂਚਕ ਨਹੀਂ ਮੰਨ ਰਹੇ ਬਲਕਿ ਉਹ ਇਸ ਵਿੱਚ ਵੀ ਕਰਤਾਰ ਦੀ ਹੋਂਦ ਮਹਿਸੂਸ ਕਰ ਰਹੇ ਹਨ। ਇੱਕ ਹੋਰ ਗੱਲ ਜੋ ਇਥੇ ਸਾਡਾ ਧਿਆਨ ਮੰਗਦੀ ਹੈ ਉਹ ਹੈ ਇਹਨਾਂ ਤਾਰਿਆਂ ਨੂੰ ਦੇਖਣ ਸਮਝਣ ਦਾ ਢੰਗ। ਗੁਰੁ ਨਾਨਕ ਸਾਹਿਬ ਅਨੁਸਾਰ ਅਸੀਂ ਗੁਰੁ ਜਾਣੀ ਗਿਆਨ ਰਾਹੀਂ ਇਸ ਨੂੰ ਪਛਾਣ ਸਕਦੇ ਹਾਂ। ਜਦੋਂ ਗੁਰੁ ਦੀ ਸਿਖਿਆ ਮਨ ਚ ਉਘੜਦੀ ਹੈ ਤਾਂ ਕਰਤਾਰ ਦੇ ਕ੍ਰਿਸ਼ਮੇ ਦੀ ਸੋਝੀ ਪੈਂਦੀ ਹੈ। ਜਦੋਂ ਆਪਣੇ ਅੰਦਰੋਂ ਕਾਮ ਕ੍ਰੋਧ ਆਦਿ ਨੂੰ ਕਾਬੂ ਕਰ ਲਈਏ ਤਾਂ ਬਿਬੇਕ ਬੁਧ ਨਾਲ ਇਸ ਨੂੰ ਦੇਖ ਵਿਚਾਰ ਕੇ ਪਤਾ ਚਲਦਾ ਹੈ ਕਿ ਇਹ ਸਭ "ਰਾਮ ਕਰੰਮਾ" ਹੈ। ਇਹ ਕੋਈ ਦੈਂਤ ਨਹੀ, ਕੋਈ ਰਾਹੂ ਕੇਤੂ ਨਹੀਂ ਜੋ ਤਹਾਨੂੰ ਪਰੇਸ਼ਾਨ ਕਰ ਰਿਹਾ ਹੈ। ਅਗਰ ਇਹ ਰਾਮ ਦਾ ਕੰਮ ਹੈ ਤਾਂ ਇਹ ਮਾੜਾ ਹੋ ਹੀ ਨਹੀਂ ਸਕਦਾ। ਕਾਬਲੇ ਗੌਰ ਗੱਲ ਇਹ ਵੀ ਹੈ ਕਿ ਇਸ ਸ਼ਬਦ ਵਿੱਚ ਹਉਮੇ ਨੂੰ ਦੂਰ ਕਰਨ ਤੇ ਜ਼ੋਰ ਹੈ। ਜਦੋ ਤਕ ਹਉਮੇ ਹੈ ਉਦੋਂ ਤਕ ਕਰਤਾਰ ਦੇ ਹੁਕਮ ਦੀ ਸੋਝੀ ਨਹੀਂ ਪੈਂਦੀ। ਇਹ ਗਲ ਗੁਰ ਨਾਨਕ ਸਾਿਹਬ ਨੇ ਸਾਨੂੰ "ਜਪੁ" ਬਾਣੀ ਵਿੱਚ ਹੀ ਸਮਝਾ ਦਿੱਤੀ ਸੀ। "ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੇ ਨ ਕੋਇ॥" ਸਾਰੇ ਬ੍ਰਹਿਮੰਡ ਵਿੱਚ ਸਾਰੇ ਆਕਾਰ ਇਸੇ ਹੁਕਮ ਤਹਿਤ ਸਿਰਜੇ ਤੇ ਢਾਹੇ ਜਾ ਰਹੇ ਹਨ। ਪੂਛਲ ਤਾਰਾ ਵੀ ਇਸੇ ਹੁਕਮ ਤਹਿਤ ਹੋਂਦ ਵਿੱਚ ਆਇਆ ਹੈ। "ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥" ਪੰਨਾ 1

ਤੁਲਨਾ

  • ਪੁਜਾਰੀ ਇਸ ਤਾਰੇ ਵਾਰੇ ਕੋਈ ਜਾਣਕਾਰੀ ਨ ਹੁੰਦਿਆਂ ਹੋਇਆਂ ਵੀ ਪੂਰੀ ਜਾਣਕਾਰੀ ਦਾ ਦਾਅਵਾ ਕਰਦਾ ਹੈ। ਵਿਗਿਆਨ ਇੰਨਾਂ ਕੁੱਝ ਜਾਨਣ ਬਾਅਦ ਵੀ ਇਹ ਦਾਅਵਾ ਨਹੀ ਕਰਦਾ ਕਿ ਸਭ ਕੁੱਝ ਜਾਣ ਲਿਆ ਹੈ। ਇਸੇ ਕਰਕੇ ਖੋਜ਼ ਜਾਰੀ ਹੈ। ਗੁਰ ਨਾਨਕ ਸਾਹਿਬ ਵੀ ਇਹ ਪੈਰ ਪੈਰ ਤੇ ਕਹਿੰਦੇ ਹਨ ਕਿ ਕਰਤਾਰ ਦੀ ਰਚਨਾ ਦਾ ਪੂਰਾ ਭੇਤ ਕਿਸੇ ਨਹੀ ਪਾਇਆ।
  • ਪੁਜਾਰੀ ਆਪਣੀ ਸੱਚੀ ਝੂਠੀ ਜਾਣਕਾਰੀ ਨੂੰ ਆਪਣੇ ਲਾਭ ਹਿੱਤ ਵਰਤਦਾ ਹੈ। ਵਿਗਿਆਨ ਅਤੇ ਗੁਰ ਨਾਨਕ ਸਾਹਿਬ ਸਾਰੀ ਜਾਣਕਾਰੀ ਲੋਕ ਹਿੱਤ ਲਈ ਵਰਤ ਰਹੇ ਹਨ।
  • ਪੁਜਾਰੀ ਦੀ ਜਾਣਕਾਰੀ ਦਾ ਸੋਮਾ ਮਿਥਿਹਾਸਿਕ ਕਹਾਣੀਆਂ ਹਨ। ਵਿਗਿਆਨ ਅਤੇ ਗੁਰ ਨਾਨਕ ਸਾਹਿਬ ਦੀ ਜਾਣਕਾਰੀ ਦਾ ਸੋਮਾ ਬਿਬੇਕ ਬੁੱਧ ਹੈ।
  • ਬੀਤੇ ਵਿੱਚ ਕੁੱਝ ਮਾੜੀਆ ਘਟਨਾਵਾਂ ਇਤਫਾਕਨ ਬੋਦੀ ਵਾਲੇ ਤਾਰੇ ਸਮੇ ਵਾਪਰੀਆਂ। ਪੁਜਾਰੀ ਨੇ ਇਨ੍ਹਾਂ ਘਟਨਾਵਾਂ ਨੂੰ ਆਪਣੇ ਹਿੱਤ ਲਈ ਇੱਕ ਮਿੱਥ ਸਿਰਜਣ ਲਈ ਵਰਤਿਆ। ਵਿਗਿਆਨ ਅਤੇ ਗੁਰ ਨਾਨਕ ਸਾਹਿਬ ਇਨ੍ਹਾਂ ਘਟਨਾਵਾਂ ਨੂੰ ਬੋਦੀ ਵਾਲੇ ਤਾਰੇ ਨਾਲ ਨਹੀਂ ਜੋੜਦੇ।
  • ਪੁਜਾਰੀ ਦਾ ਇਹ ਦਾਅਵਾ ਹੈ ਕਿ ਉਸ ਕੋਲ ਬੋਦੀ ਵਾਲੇ ਤਾਰੇ ਦੇ ਚੰਗੇ ਮੰਦੇ ਅਸਰ ਦਾ ਇਲਾਜ਼ ਹੈ ਅਤੇ ਉਹ ਇਸ ਨੂੰ ਆਪਣੀ ਮਰਜ਼ੀ ਅਨੁਸਾਰ ਮੋੜ ਸਕਦਾ ਹੈ। ਵਿਗਿਆਨ ਅਤੇ ਗੁਰ ਨਾਨਕ ਸਾਹਿਬ ਅਜਿਹਾ ਕੋਈ ਦਾਅਵਾ ਨਹੀਂ ਕਰਦੇ। ਹਾਂ ਵਿਗਿਆਨ ਬੋਦੀ ਵਾਲੇ ਤਾਰੇ ਦੇ ਮੁੜ ਆਉਣ ਦੀ ਭਵਿਖ ਬਾਣੀ ਜਰੂਰ ਕਰਦਾ ਹੈ ਜੋ ਹਮੇਸ਼ਾਂ ਸੱਚ ਸਾਬਤ ਹੋਈ ਹੈ।

ਸਿੱਟਾ

ਉਪਰਲੀ ਵਿਚਾਰ ਤੋਂ ਸਪਸ਼ਟ ਹੈ ਕਿ ਗੁਰ ਨਾਨਕ ਸਾਹਿਬ ਦੇ ਵਿਚਾਰ ਪੁਜਾਰੀ ਦੇ ਉਲਟ ਜਾਂਦੇ ਹਨ ਪਰ ਵਿਗਿਆਨ ਨਾਲ ਮੇਲ ਖਾਂਦੇ ਹਨ। ਪਰ ਇੱਕ ਫਰਕ ਵੀ ਨਜ਼ਰ ਆਉਂਦਾ ਹੈ। ਜਦੋਂ ਗੁਰ ਨਾਨਕ ਸਾਹਿਬ ਕਰਤੇ ਦੀ ਅਸੀਮਤਾ ਦਾ ਅਹਿਸਾਸ ਕਰਦੇ ਨੇ ਤਾਂ ਆਪ ਮੁਹਾਰੇ ਕਹਿ ਉਠਦੇ ਨੇ। "ਮੇਰੇ ਲਾਲ ਜੀਉ ਤੇਰਾ ਅੰਤੁ ਨਾ ਜਾਣਾ॥ ਤੂੰ ਜਲਿ ਥਲਿ ਮਹਿਅਲਿ ਭਰਿਪੁਰਿ ਲੀਣਾ ਤੂੰ ਆਪੇ ਸਰਬ ਸਮਾਣਾ॥" ਪੰਨਾ 731. ਵਿਗਿਆਨੀ ਇਹ ਤਾਂ ਮੰਨਦੇ ਨੇ ਕਿ ਉਹ ਅੰਤ ਨਹੀ ਪਾ ਸਕੇ (4) ਪਰ ਉਹ "ਮੇਰੇ ਲਾਲ ਜੀਉ" ਨਹੀਂ ਕਹਿੰਦੇ। ਪਰ ਗੁਰ ਨਾਨਕ ਸਾਹਿਬ ਦੀਆਂ ਕਾਵਿ ਉਡਾਰੀਆਂ ਸਮਝਣ ਵਿੱਚ ਵਿਗਿਆਨ ਬਹੁਤ ਸਹਾਈ ਹੁੰਦਾ ਹੈ। ਆਈਨਸਟਾਈਨ ਇੱਕ ਜਗ੍ਹਾ ਲਿਖਦਾ ਹੈ। "it was experience of mystery-even if mixed with fear-that engendered religion. A knowledge of something we can not penetrate, our perception of the profoundest reason and the most radiant beauty, which only in their most primitive forms are accessible to our minds- it is this knowledge and this emotion that constitute true religiousity. In this sense, and in this sense alone, I am a deeply religious man." (5) ਅਗਰ ਗੁਰ ਨਾਨਕ ਸਾਹਿਬ ਅਤੇ ਆਇਨਸਟਾਈਨ ਸਮਕਾਲੀ ਹੁੰਦੇ ਤਾਂ ਜ਼ਰੂਰ ਆੜੀ ਬਣਦੇ।

ਹਵਾਲੇ

  1. Quoted by Ronald Bruce Meyer in his article Religion and Comets
  2. ਦੇਖੋ ਹਿੰਦੂ ਮਿਥਿਹਾਸ ਕੋਸ਼ ਵਿੱਚ ਇੰਦਰਾਜ਼ ਰਾਹੂ
  3. ਸ੍ਰੀ ਗੁਰੁ ਗ੍ਰੰਥ ਸਾਹਿਬ ਦਰਪਣ, ਪੋਥੀ 8, ਪੰਨਾ 161
  4. ਮਿਸਾਲ ਦੇ ਤੌਰ ਤੇ ਨੀਲ ਟਾਇਸਨ ਆਪਣੀ ਕਿਤਾਬ "Astrophysics for People in a Hurry" ਦੇ ਪੰਨਾ 76 ਤੇ ਲਿਖਦਾ ਹੈ ਕਿ ਪੁਲਾੜ ਵਿੱਚ ਵਿਗਿਆਨੀਆਂ ਨੇ ਜੋ ਗਰੂਤਾ ਸ਼ਕਤੀ ਲੱਭੀ ਹੈ ਉਸ ਦੇ 85% ਦਾ ਕੋਈ ਪਤਾ ਨਹੀਂ ਕਿਥੋਂ ਆ ਰਹੀ ਹੈ।
  5. ਦੇਖੋ ਈਬੁਕ ਅਡੀਸ਼ਨ "Ideas and Opinions" ਦੇ ਲੇਖ "The World As I See It" ਦਾ ਸਫਾ 19

ਜਰਨੈਲ ਸਿੰਘ ਅਸਟ੍ਰੇਲੀਆ




.