ਲਾਲਚ ਸਾਨੂੰ ਸੁਆਰਥੀ ਬਣਾਂਦਾ ਹੈ ਤੇ ਸਾਡੇ ਜੀਵਨ ਨੂੰ
ਗੰਧਲਾ ਕਰ ਦਿੰਦਾ ਹੈ ਜਿਵੇਂ ਬੂਰ ਨਿਰਮਲ ਜਲ ਨੂੰ ਗੰਦਾ ਕਰਦਾ ਹੈ। ਗੁਰਬਾਣੀ ਦੀ ਸਿੱਖਿਆ ਤੇ ਅਮਲ
ਕਰਨ ਵਾਲੇ ਗੁਰਸਿੱਖ ਸਰਬੱਤ ਦੇ ਭਲੇ ਦੀ ਖਾਤਰ ਕਈ ਦੇਸ਼ਾਂ ਵਿੱਚ ਜਾ ਕੇ ਜਾਤਪਾਤ ਦਾ ਖਿਆਲ ਨ ਕਰ ਕੇ
ਲੋੜਵੰਦਾਂ ਦੀ ਨਿਸ਼ਕਾਮ ਸੇਵਾ ਕਰ ਰਹੇ ਹਨ। ਨਿਸ਼ਕਾਮ ਸੇਵਾ ਕਰਨ ਨਾਲ ਲੋਕ ਪਰਲੋਕ ਵਿੱਚ ਸੁਖ ਮਿਲਦਾ
ਹੈ:
ਵਿਚਿ ਦੁਨੀਆ ਸੇਵ ਕਮਾਈਐ।। ਤਾ ਦਰਗਹ ਬੈਸਣੁ (ਬੈਠਣਾ) ਪਾਈਐ।। ਪੰਨਾ੨੬
ਖਾਵਹਿ ਖਰਚਹਿ ਰਲਿ ਮਿਲਿ ਭਾਈ।। ਤੋਟਿ ਨ ਆਵੈ ਵਧਦੋ ਜਾਈ।। ਪੰਨਾ ੧੮੬
ਲਬੁ (ਲੋਭ) ਵਿਣਾਹੇ (ਨਾਸ ਕਰਦਾ ਹੈ) ਮਾਣਸਾ ਜਿਉ ਪਾਣੀ ਬੂਰੁ।। ਪੰਨਾ ੯੬੭
ਲਬੁ ਲੋਭੁ ਤਜਿ (ਛੋੜ) ਹੋਹੁ ਨਿਚਿੰਦਾ (ਨਿਸਚਿੰਤ)।। ਪੰਨਾ ੧੦੪੧
ਸਰਬੱਤ ਦਾ ਭਲਾ ਕਰਨ ਲਈ ਇਹ ਜ਼ਰੂਰੀ ਹੈ ਕਿ ਅਸੀਂ ਕਿਸੇ ਦਾ ਬੁਰਾ ਨਾ
ਚਿਤਵੀਏ ਅਤੇ ਦੂਜਿਆਂ ਨਾਲ ਪ੍ਰੇਮ ਨਾਲ ਰਹੀਏ। ਗੁਰਬਾਣੀ ਵੀ ਕਿਸੇ ਦਾ ਬੁਰਾ ਸੋਚਣ ਤੋਂ
ਵਰਜਦੀ ਹੈ ਤਾਂ ਜੋ ਸਾਰਾ ਸਮਾਜ ਵਿਕਸਤ ਹੋ ਸਕੇ। ਕਿਸੇ ਦਾ ਬੁਰਾ ਸੋਚਣ ਤੇ ਉਸ ਨਾਲ ਦੁਸ਼ਮਣੀ
ਪਾਲਣ ਨਾਲ ਸਾਡਾ ਆਪਣਾ ਮਨ ਅਸ਼ਾਂਤ ਰਹਿੰਦਾ ਹੈ:
ਪਰ ਕਾ ਬੁਰਾ ਨ ਰਾਖਹੁ ਚੀਤ।। ਤੁਮ ਕਉ ਦੁਖੁ ਨਹੀ ਭਾਈ ਮੀਤ।। ਪੰਨਾ ੩੮੬
ਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੇ ਬੈਰਾਈ।। ਪੰਨਾ ੬੭੧
ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ।। ਪੰਨਾ ੬੭੧ਣ
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ।। ਪੰਨਾ੧੨੯੯
ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ।।
ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ।। ਪੰਨਾ ੧੩੮੧
ਸਰਬੱਤ ਦੇ ਭਲੇ ਲਈ ਊਚ-ਨੀਚ ਜ਼ਾਤ ਜਾਂ ਨਸਲ ਦੇ ਆਧਾਰ ਤੇ ਕਿਸੇ ਨਾਲ ਘਿਰਣਾ
ਕਰਨਾ ਗੁਰਮਤ ਦੇ ਵਿਰੁਧ ਹੈ। ਗੁਰਬਾਣੀ ਅਨੁਸਾਰ ਊਚ-ਨੀਚ ਦੇ ਆਧਾਰ ਤੇ ਕਿਸੇ ਨਾਲ ਵਿਤਕਰਾ ਨਹੀਂ
ਕਰਨਾ ਚਾਹੀਦਾ। ਗੁਰਬਾਣੀ ਵਿੱਚ ਉੱਚੀ ਜ਼ਾਤ ਦੇ ਕਾਰਨ ਮਾਣ ਕਰਨ ਨੂੰ ਘਟੀਆ ਕਰਮ ਗਿਣਿਆ ਗਿਆ ਹੈ।
ਗੁਰੂ ਨਾਨਕ ਦੇਵ ਜੀ ਉੱਚੀ ਕੁਲ ਵਿਚੋਂ ਸਨ, ਪਰ ਆਪਣੀ ਬਾਣੀ ਵਿੱਚ ਉਹਨਾਂ ਆਪਣੇ ਆਪ ਨੂੰ
ਨੀਵਾਂ ਲਿਖਿਆ ਹੈ ਤੇ ਉੱਚੀ ਜਾਤ ਦੇ ਲੋਕਾਂ ਨਾਲੋਂ ਨੀਵੀਂ ਜਾਤ ਦੇ ਲੋਕਾਂ ਨੂੰ ਚੰਗਾ ਸਮਝਿਆ
ਹੈ। ਗੁਰਬਾਣੀ ਦਾ ਉਪਦੇਸ਼ ਸਾਰੀ ਜਾਤਾਂ ਲਈ ਹੈ। ਗੁਰਬਾਣੀ ਵਿੱਚ ਸਪੱਸ਼ਟ ਰੂਪ ਵਿੱਚ ਲਿਖਿਆ
ਹੋਇਆ ਹੈ ਕਿ ਊਚ ਨੀਚ ਦੇ ਫਰਕ ਨੂੰ ਮਿਟਾ ਦੇਣਾ ਚਾਹੀਦਾ ਹੈ। ਹੇਠ ਲਿਖਿਆਂ ਤੁਕਾਂ ਦਸਦੀਆ ਹਨ ਕਿ
ਗੁਰਬਾਣੀ ਬਰਾਬਰਤਾ ਦਾ ਉਪਦੇਸ਼ ਦੇਂਦੀ ਹੈ:
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ।। ਨਾਨਕੁ ਤਿਨ ਕੈ ਸੰਗਿ ਸਾਥਿ
ਵਡਿਆ ਸਿਉ ਕਿਆ ਰੀਸ।। ਪੰਨਾ੧੫
ਜਾਤੀ ਦੈ ਕਿਆ ਹਥਿ ਸਚੁ ਪਰਖੀਐ।। ਪੰਨਾ ੧੪੨
ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ (ਜਾਤਾਂ) ਕਉ ਸਾਝਾ।। ਪੰਨਾ
੭੪੭
ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ।। ਪੰਨਾ ੧੩੩੦
ਗੁਰਬਾਣੀ ਇਸਤਰੀ ਪੁਰਸ਼ ਵਿੱਚ ਵਿਤਕਰੇ ਤੋਂ ਵੀ ਹੋੜਦੀ ਹੈ। ਗੁਰੂ ਨਾਨਕ
ਦੇਵ ਜੀ ਨੇ ਲਿਖਿਆ ਹੈ ਕਿ ਇਸਤਰੀ ਹੀ ਪੁਰਸ਼ ਦੀ ਜਨਨੀ ਹੈ। ਗੁਰੂ ਗਰੰਥ ਸਾਹਿਬ ਵਿੱਚ ਇਸਤਰੀ ਦੀ
ਮਹਾਨਤਾ ਬਾਰੇ ਬਹੁਤ ਕੁੱਝ ਲਿਖਿਆ ਹੋਇਆ ਹੈ। ਹੋਰ ਕਿਸੇ ਧਾਰਮਕ ਗਰੰਥ ਨੇ ਇਸਤਰੀ ਦੇ ਹੱਕ ਵਿੱਚ
ਇਤਨੇ ਜ਼ੋਰ ਨਾਲ ਆਵਾਜ਼ ਨਹੀਂ ਉਠਾਈ। ਗੁਰਬਾਣੀ ਵਿੱਚ ਸਤੀ ਵਰਗੇ ਰਿਵਾਜਾਂ ਦੀ ਵੀ ਨਿਖੇਧੀ ਕੀਤੀ ਗਈ
ਹੈ ਕਿਉਂਕਿ ਇਹ ਰਿਵਾਜ ਇਸਤਰੀ ਨੂੰ ਮਰਦ ਦੇ ਬਰਾਬਰ ਨਹੀਂ ਸਮਝਦਾ। ਗੁਰੂ ਅਮਰ ਦਾਸ ਜੀ ਨੇ ਇਸਤਰੀਆਂ
ਦੀਆਂ ਕਈ ਹੋਰ ਊਣਤਾਈਆਂ ਦੂਰ ਕਰਨ ਲਈ ਵੀ ਜਤਨ ਕੀਤੇ:
ਭੰਡੁ (ਇਸਤਰੀ) ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ।। ਸੋ ਕਿਉ ਮੰਦਾ
ਆਖੀਐ ਜਿਤੁ ਜੰਮਹਿ ਰਾਜਾਨ।।
ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ।। ਨਾਨਕ ਭੰਡੈ ਬਾਹਰਾ ਏਕੋ ਸਚਾ
ਸੋਇ।। ਪੰਨਾ੪੭੩
ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿੑ।।
ਨਾਨਕ ਸਤੀਆ ਜਾਣੀਅਨਿੑ ਜਿ ਬਿਰਹੇ ਚੋਟ ਮਰੰਨਿੑ।। ਪੰਨਾ੭੮੭
ਸਰਬੱਤ ਦੇ ਭਲੇ ਲਈ ਉੱਚੇ ਆਚਰਣ ਦੀ ਲੋੜ ਹੈ, ਨਹੀਂ ਤਾਂ ਆਚਰਣਹੀਣ
ਮਨੁੱਖ ਆਪਣੇ ਸੁਆਰਥ ਲਈ ਜ਼ੁਲਮ ਕਰਦੇ ਹਨ। ਗੁਰਬਾਣੀ ਸੱਚੇ ਸੁੱਚੇ ਜੀਵਨ ਤੇ ਜ਼ੋਰ ਦੇਂਦੀ ਹੈ ਤੇ
ਪਰਾਏ ਹੱਕ ਨੂੰ ਹਰਾਮ ਸਮਝਦੀ ਹੈ। ਗੁਰਬਾਣੀ ਵਿੱਚ ਵਿਸ਼ਵਾਸ਼ ਰਖਣ ਵਾਲਾ ਉੱਚੇ ਆਚਰਣ ਵਾਲਾ
ਹੁੰਦਾ ਹੈ। ਉਹ ਕਿਸੇ ਤੇ ਜ਼ੁਲਮ ਨਹੀਂ ਕਰਦਾ ਤੇ ਸੱਚ ਬੋਲਦਾ ਹੈ:
ਸਚਹੁ ਓਰੈ (ਘਟੀਆ) ਸਭੁ ਕੋ ਉਪਰਿ ਸਚੁ ਆਚਾਰੁ।। ਪੰਨਾ ੬੨
ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ।। ਪੰਨਾ ੧੪੧
ਲੋਕ ਭਲਾਈ ਦੇ ਕੰਮ ਕਰਨ ਲਈ ਧੀਰਜ ਤੇ ਨਿਮਰਤਾ ਦੀ ਬਹੁਤ ਲੋੜ ਹੈ।
ਸਮਾਜ ਸੇਵਕ ਨੂੰ ਕਦੇ ਵੀ ਕੌੜੇ ਬੋਲ ਨਹੀਂ ਬੋਲਣੇ ਚਾਹੀਦੇ। ਗੁਰਬਾਣੀ ਵਿੱਚ ਇਹਨਾਂ ਗੁਣਾਂ ਦਾ
ਪਰਚਾਰ ਕੀਤਾ ਗਿਆ ਹੈ ਤੇ ਇਹਨਾਂ ਨੂੰ ਅਪਨਾਉਣ ਤੇ ਜ਼ੋਰ ਦਿੱਤਾ ਗਿਆ ਹੈ। ਗੁਰਬਾਣੀ ਅਨੁਸਾਰ ਫਿਕਾ
ਬੋਲਣ ਨਾਲ ਸਾਡਾ ਤਨ ਮਨ ਫਿਕਾ ਹੁੰਦਾ ਹੈ ਤੇ ਸੁਣਨ ਵਾਲੇ ਦੇ ਦਿਲ ਨੂੰ ਚੋਟ ਲਗਦੀ ਹੈ:
ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ।। ਫਿਕੋ ਫਿਕਾ ਸਦੀਐ ਫਿਕੇ ਫਿਕੀ
ਸੋਇ।। ਪੰਨਾ੪੭੩
ਆਪੁ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨੁ।। ਪੰਨਾ ੪੭੪
ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨਾੑ ਨ ਮਾਰੇ ਘੁੰਮਿ।।
ਆਪਨੜੈ ਘਰਿ ਜਾਈਐ ਪੈਰ ਤਿਨਾੑ ਦੇ ਚੁੰਮਿ।। ਪੰਨਾ ੧੩੭੮
ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ।। ਹਿਆਉ ਨ ਕੈਹੀ ਠਾਹਿ ਮਾਣਕ ਸਭ
ਅਮੋਲਵੇ।। ਪੰਨਾ੧੩੮੪
ਇਸ ਦਾ ਭਾਵ ਇਹ ਨਹੀਂ ਕਿ ਅਸੀਂ ਸਰਬੱਤ ਦੇ ਭਲੇ ਲਈ ਆਪਣਾ ਸਵੈਮਾਣ ਗਵਾ
ਲਈਏ। ਗੁਰੂ ਤੇਗ਼ ਬਗਾਦਰ ਜੀ ਨੇ ਠੀਕ ਕਿਹਾ ਹੈ ਕਿ ਸਾਨੂੰ ਨਾ ਕਿਸੇ ਨੂੰ ਡਰਾਉਣਾ ਚਾਹੀਦਾ ਹੈ ਤੇ
ਨਾ ਹੀ ਕਿਸੇ ਤੋਂ ਡਰਨਾ ਚਾਹੀਦਾ ਹੈ:
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ।। ਕਹੁ ਨਾਨਕ ਸੁਨਿ ਰੇ ਮਨਾ
ਗਿਆਨੀ ਤਾਹਿ ਬਖਾਨਿ।। ਪੰਨਾ ੧੪੨੭
ਪਰ ਇਸ ਸੰਸਾਰ ਵਿੱਚ ਬਹੁਤ ਥੋੜੇ ਜੀਵ ਇਹੋ ਜਿਹੇ ਹਨ ਜੋ ਗੁਰਬਾਣੀ ਨੂੰ
ਵਿਚਾਰਦੇ ਹਨ ਤੇ ਸਰਬੱਤ ਦੇ ਭਲੇ ਲਈ ਉਦਮ ਕਰਦੇ ਹਨ। ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ
ੳਤੇ ਆਪਣੀਆਂ ਕੁਲਾਂ ਨੂੰ ਵੀ ਪਾਰ ਲੰਘਾ ਲੈਂਦੇ ਹਨ। ਜਗਤ ਵਿੱਚ ਅਜਿਹੇ ਬੰਦਿਆਂ ਦਾ ਆਉਣਾ ਲਾਹੇਵੰਦ
ਹੈ:
ਐਸੇ ਜਨ ਵਿਰਲੇ ਸੰਸਾਰੇ।। ਗੁਰ ਸਬਦੁ ਵੀਚਾਰਹਿ ਰਹਹਿ ਨਿਰਾਰੇ (ਨਿਰਲੇਪ)।।
ਆਪਿ ਤਰਹਿ ਸੰਗਤਿ ਕੁਲ ਤਾਰਹਿ ਤਿਨ ਸਫਲ ਜਨਮੁ ਜਗਿ ਆਇਆ।। ਪੰਨਾ ੧੦੩੯