.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਲੰਗਰੁ ਚਲੈ ਗੁਰ ਸਬਦਿ

ਭਾਗ ਦੂਜਾ

ਵਿਚਾਰ ਚਰਚਾ-- ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣਾ ਜੀ ਨੂੰ ਆਪਣੀ ਸਾਰੀ ਜ਼ਿੰਮੇਵਾਰੀ ਸੌਂਪ ਦਿੱਤੀ। ਜੱਥੇਬੰਦਕ ਢਾਂਚਾ ਖੜਾ ਕਰਨ ਦਾ ਸਾਰਾ ਢੰਗ ਤਰੀਕਾ ਸਮਝਾ ਦਿੱਤਾ। ਭਾਈ ਲਹਿਣਾ ਜੀ ਨੂੰ ਇਸ ਪ੍ਰਪੱਕਤਾ ਲਈ ਸੱਤ ਸਾਲ ਦਾ ਸਮਾਂ ਲੱਗਾ। ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਦੀ ਧੁੰਮ ਸਦਕਾ ਭਾਈ ਲਹਿਣਾ ਦੀ ਵਡਿਆਈ ਦੀ ਵੀ ਧੁੰਮ ਸਾਰੇ ਫੈਲ ਗਈ ਕਿਉਂ ਕਿ ਜੋਤ ਤੇ ਜੁਗਤੀ ਭਾਵ ਢੰਗ-ਤਰੀਕਾ ਗੁਰੂ ਨਾਨਕ ਸਾਹਿਬ ਜੀ ਵਾਲਾ ਸੀ—

ਲਹਣੇ ਦੀ ਫੇਰਾਈਐ, ਨਾਨਕਾ ਦੋਹੀ ਖਟੀਐ।।

ਜੋਤਿ ਓਹਾ, ਜੁਗਤਿ ਸਾਇ, ਸਹਿ ਕਾਇਆ ਫੇਰਿ ਪਲਟੀਐ।।

"ਨਾਨਕਾ ਦੋਹੀ ਖਟੀਐ" ਗੁਰੂ ਨਾਨਕ ਸਾਹਿਬ ਦੀ ਦੁਹਾਈ ਦੀ ਬਰਕਤ ਨਾਲ ਭਾਈ ਲਹਿਣਾ ਜੀ "ਲਹਣੇ ਦੀ ਫੇਰਾਈਐ" ਦੀ ਵੀ ਧੁੰਮ ਸੰਸਾਰ ਵਿੱਚ ਫੈਲ ਗਈ। ਜਿਹੜੀ ਜੋਤ ਗੁਰੂ ਨਾਨਕ ਸਾਹਿਬ ਜੀ ਵਿੱਚ ਸੀ ਉਹੋ ਜੋਤ ਭਾਈ ਲਹਿਣਾ ਜੀ ਵਿੱਚ ਆ ਗਈ। ਭਾਵ ਜਿਹੜਾ ਜੀਵਨ ਢੰਗ ਗੁਰੂ ਨਾਨਕ ਸਾਹਿਬ ਜੀ ਵਿੱਚ ਸੀ ਉਹ ਢੰਗ ਤਰੀਕਾ ਭਾਈ ਲਹਿਣਾ ਜੀ ਨੇ ਅਪਨਾ ਲਿਆ ਹੋਇਆ ਸੀ। ਕੇਵਲ ਸਰੀਰ ਹੀ ਵਟਾਇਆ ਸੀ ਜੋਤ ਭਾਵ ਰੱਬੀ ਗੁਣਾਂ ਵਾਲਾ ਸਿਧਾਂਤਕ ਪੱਖ ਜੋ ਗੁਰੂ ਨਾਨਕ ਜੀ ਨੇ ਜੋ ਉਲੀਕਿਆ ਹੋਇਆ ਸੀ ਉਹੋ ਹੀ ਭਾਈ ਲਹਿਣਾ ਜੀ ਦੇ ਜੀਵਨ ਵਿਚੋਂ ਦੇਖਿਆ ਜਾ ਸਕਦਾ ਹੈ। ਹੁਕਮ ਮੰਨਣਾ, ਸੇਵਾ ਭਾਵਨਾ, ਖੋਜੀ ਬਿਰਤੀ, ਦੂਰ ਅੰਦੇਸ਼ੀ, ਕੌਮ ਦੀ ਉਸਾਰੀ, ਆਪਸੀ ਮਿਲਵਰਤਣ, ਭਾਈਚਾਰਕ ਸਾਂਝ ਦੀ ਗੰਢਾਂ ਨੂੰ ਪੀਡਾ ਕਰਨਾ, ਵਿਦਿਆ ਦੇ ਪਰਚਾਰ-ਪਾਸਾਰ ਨੂੰ ਵਿਉਂਤ ਬੰਦੀ ਨਾਲ ਚਲਾਉਣਾ, ਨੌਜਵਾਨ ਪੀੜ੍ਹੀ ਦੀ ਸੰਭਾਲ਼ ਕਰਨ ਲਈ ਮੱਲ ਅਖਾੜਿਆਂ ਨੂੰ ਹੋਂਦ ਵਿੱਚ ਲਿਆਉਣਾ ਅਤੇ ਸਮਾਜਕ-ਧਾਰਮਕ ਖੇਤਰ ਵਿੱਚ ਇਕਸਾਰਤਾ ਨਾਲ ਕੰਮ ਕਰਨ ਵਾਲੀ ਜੁਗਤੀ ਨੂੰ ਸਮਝਿਆ। ਇਨ੍ਹਾਂ ਗੁਣਾਂ ਦੀ ਭਰਪੂਰਤਾ ਨਾਲ ਭਾਈ ਲਹਿਣਾ ਜੀ ਨੇ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲ਼ਿਆ।

ਸਬਦਿ ਮਰੈ ਸੋ ਮੁਆ ਜਾਪੈ।। ਕਾਲੁ ਨ ਚਾਪੈ ਦੁਖੁ ਨ ਸੰਤਾਪੈ।।

ਜੋਤੀ ਵਿਚਿ ਮਿਲਿ ਜੋਤਿ ਸਮਾਣੀ ਸੁਣਿ ਮਨ ਸਚਿ ਸਮਾਵਣਿਆ।। ੧।।

ਮਾਝ ਮਹਲਾ ੩ ਪੰਨਾ ੧੧੨

ਅੱਖਰੀਂ ਅਰਥ-—ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜ ਕੇ (ਆਪਾ-ਭਾਵ ਵਲੋਂ) ਮਰਦਾ ਹੈ, ਉਹ (ਆਪਾ-ਭਾਵ ਵਲੋਂ) ਮਰਿਆ ਹੋਇਆ ਮਨੁੱਖ (ਜਗਤ ਵਿਚ) ਆਦਰ-ਮਾਣ ਪਾਂਦਾ ਹੈ, ਉਸ ਨੂੰ ਆਤਮਕ ਮੌਤ (ਆਪਣੇ ਪੰਜੇ ਵਿਚ) ਫਸਾ ਨਹੀਂ ਸਕਦੀ, ਉਸ ਨੂੰ ਕੋਈ ਦੁੱਖ-ਕਲੇਸ਼ ਦੁਖੀ ਨਹੀਂ ਕਰ ਸਕਦਾ। ਪ੍ਰਭੂ ਦੀ ਜੋਤਿ ਵਿੱਚ ਮਿਲ ਕੇ ਉਸ ਦੀ ਸੁਰਤਿ ਪ੍ਰਭੂ ਵਿੱਚ ਹੀ ਲੀਨ ਰਹਿੰਦੀ ਹੈ। ਤੇ, ਹੇ ਮਨ! ਉਹ ਮਨੁੱਖ (ਪ੍ਰਭੂ ਦੀ ਸਿਫ਼ਤਿ-ਸਾਲਾਹ) ਸੁਣ ਕੇ ਸਦਾ-ਥਿਰ ਪਰਮਾਤਮਾ ਵਿੱਚ ਸਮਾਇਆ ਰਹਿੰਦਾ ਹੈ।

ਗੁਰੂ ਨਾਨਕ ਸਾਹਿਬ ਜੀ ਵਾਲੀ ਜੋਤਿ ਤੇ ਜੁਗਤੀ ਨੂੰ ਭਾਈ ਲਹਿਣਾ ਨੇ ਅੱਗੇ ਤੋਰਿਆ। ਜੋਤਿ ਦੇ ਮਹਾਨ ਕੋਸ਼ ਵਿੱਚ ਅਰਥ ਇਸ ਪ੍ਰਕਾਰ ਆਏ ਹਨ—ਪਰਮਾਤਮਾ ਰੂਪੀ ਜੋਤੀ, ਨੂਰ, ਭਾਵ ਪ੍ਰਮਾਤਮਾ। "ਏਕਾ ਮਾਟੀ ਏਕਾ ਜੋਤਿ" ਪੰਨਾ ੧੧੮, ੨ ਆਤਮਾ ਰੂਪੀ ਜੋਤਿ "ਜੋਤੀ ਜੋਤਿ ਮਿਲਾਈਐ ਸੁਰਤੀ ਸੁਰਤਿ ਸੰਜੋਗੁ" ਪੰਨਾ ੨੧, ੩. ਆਤਮਕ ਰੋਸ਼ਨੀ, ਰੂਹਾਨੀ ਪ੍ਰਕਾਸ਼, ਅੰਤਰਿ ਜੋਤਿ ਪ੍ਰਗਾਸੀਆ ਏਕਸੁ ਸਿਉ ਲਿਵ ਲਾਇ" ਪੰਨਾ ੪੬ ਅਤੇ "ਜੋਤਿ ਭਈ ਜੋਤੀ ਮਾਹਿ ਸਮਾਨਾ" (ਪ੍ਰਕਾਸ਼ ਹੋ ਗਿਆ) ਪੰਨਾ ੨੨੧--

ਜੁਗਤਿ ਦੇ ਅਰਥ ਇਸ ਪ੍ਰਕਾਰ ਆਏ ਹਨ—ਰਹਿਣੀ, ਢੰਗ, ਜੀਵਨ ਜਾਚ—" ਸੁਣਿਐ ਜੋਗ ਜੁਗਤਿ ਤਨਿ ਭੇਦ" ੨. ਵਿਉਂਤ, ਢੰਗ, ਤਰੀਕਾ। ੩. ਪ੍ਰਬੰਧ, ੪ ਯੋਗਤਾ, ਸਮਰੱਥਾ, ੫ ਸੰਸਾਰਕ ਕਾਮਯਾਬੀ ਆਦਿ ਅਰਥਾਂ ਵਿੱਚ ਜੁਗਤਿ ਦੇ ਭਾਵ ਆਏ ਹਨ। ਮੋਟੇ ਤੋਰ `ਤੇ ਕਿਹਾ ਜਾ ਸਕਦਾ ਹੈ ਕਿ ਭਾਰਤ ਵਿੱਚ ਬਹੁ-ਰੱਬ ਪੂਜਾ ਜਾਂ ਬਹੁਦੇਵ ਤੇ ਬਹੁ ਦੇਵੀ ਪੂਜਾ ਦੀ ਪ੍ਰਥਾ ਚੱਲ ਰਹੀ ਸੀ, ਅਜੇਹੀ ਬਹੁ ਰੂਪੀ ਪੂਜਾ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਰੱਦ ਕਰਕੇ ਇੱਕ ਰੱਬ ਨਾਲ ਜੋੜਨ ਦਾ ਅਦਰਸ਼ ਰੱਖਿਆ। ਗ੍ਰਹਿਸਤ ਛੱਡ ਕੇ ਭਜਣ ਦੀ ਲੋੜ ਨਹੀਂ ਸਗੋਂ ਗ੍ਰਹਿਸਤ ਦੀਆਂ ਜ਼ਿੰਮੇਵਾਰੀਆਂ ਨੂੰ ਸਮਝ ਕੇ ਸੰਸਾਰ ਵਿੱਚ ਖੁਸ਼ਹਾਲੀ ਭਰਨ ਦਾ ਯਤਨ ਕਰਨਾ ਚਾਹੀਦਾ ਹੈ। ਰਾਜਿਆਂ, ਧਾਰਮਕ ਆਗੂਆਂ, ਸਮਾਜਕ ਜੱਥੇਬੰਦੀਆਂ, ਨਿਆਂ ਪਾਲਕਾ, ਮਨੁੱਖੀ ਅਧਿਕਾਰਾਂ ਦੀ ਬਰਾਬਰਤਾ, ਜਾਤ ਪ੍ਰਥਾ ਦਾ ਖਾਤਮਾ ਕਰਨਾ ਆਦਕ ਬਹੁਤ ਵਡੇ ਇਨਕਲਾਬ ਨੂੰ ਲਿਆਂਦਾ ਜਿਸ ਦੀ ਬੁਨਿਆਦ ਇੱਕ ਪਰਮਾਤਮਾ `ਤੇ ਰੱਖਦਿਆਂ ਰੂਹਾਨੀਅਤ ਦਾ ਨਵਾਂ ਫਲਸਫਾ ਦਿੱਤਾ। ਇਸ ਸਾਰੀ ਵਿਚਾਰਧਾਰਾ ਨੂੰ ਭਾਈ ਲਹਿਣਾ ਜੀ ਨੇ ਸਮਝ ਕੇ ਅਗਾਂਹ ਬਹੁਤ ਵੱਡੀ ਲਹਿਰ ਪੈਦਾ ਕੀਤੀ। ਗੁਰੂ ਨਾਨਕ ਸਾਹਿਬ ਜੀ ਦੀ ਜੁਗਤੀ ਅਨੁਸਾਰ ਵਿਦਿਆਕ ਪੱਖ ਤੇ ਜਵਾਨੀ ਸੰਭਾਲਣ ਲਈ ਮੱਲ ਅਖਾੜਿਆਂ ਨੂੰ ਹੋਂਦ ਵਿੱਚ ਲਿਆਉਣ ਦਾ ਯਤਨ ਕੀਤਾ। ਵਿਦਿਆ `ਤੇ ਬ੍ਰਹਾਮਣੀ ਜਮਾਤ ਦੇ ਏਕਾ ਅਧਿਕਾਰ ਨੂੰ ਸਦਾ ਲਈ ਖਤਮ ਕਰ ਦਿੱਤਾ। ਗੁਰੂ ਨਾਨਕ ਸਾਹਿਬ ਜੀ ਦੀ ਕਰਤਾਰਪੁਰ ਵਿਖੇ ਸਾਕਾਰ ਕੀਤੀ ਹੋਈ ਰੂਪ-ਰੇਖਾ ਨੂੰ ਭਾਈ ਲਹਿਣਾ ਜੀ ਨੇ ਖਡੂਰ ਸਾਹਿਬ ਆਣ ਕੇ ਵੱਡੀ ਪੱਧਰ `ਤੇ ਵਿਸਥਾਰ ਕੀਤਾ।

ਜਿਸ ਤਰ੍ਹਾਂ ਕੋਈ ਦੁਕਾਨਦਾਰ ਆਪਣੀ ਦੁਕਾਨ ਵਿੱਚ ਸੌਦਾ ਵੇਚਦਾ ਹੈ ਪਰ ਦੁਕਾਨਦਾਰ ਦਾ ਪੁੱਤਰ ਪਿਤਾ ਵਾਲੀ ਦੁਕਾਨ ਦਾ ਸੌਦਾ ਛੱਡ ਕੇ ਆਪਣੀ ਮਰਜ਼ੀ ਨਾਲ ਸੌਦਾ ਵੇਚਣਾ ਜਾਂ ਸੌਦਾ ਮਹਿੰਗਾ ਕਰਕੇ ਵੇਚਣਾ ਸ਼ੂਰੂ ਕਰ ਦੇਵੇ ਤਾਂ ਲੋਕ ਫੱਟ ਕਹਿ ਦੇਂਦੇ ਹਨ ਕਿ ਇਸ ਦੇ ਪਿਤਾ ਜੀ ਤਾਂ ਏਦਾਂ ਨਹੀਂ ਕਰਦੇ ਸਨ। ਗੁਰੂ ਨਾਨਕ ਸਾਹਿਬ ਜੀ ਨੇ ਸੱਚ ਦੀ ਦੁਕਾਨ ਵਿੱਚ ਸਤ-ਸੰਤੋਖ, ਹਲੀਮੀ, ਦਇਆ, ਧਰਮ, ਧੀਰਜ, ਸੇਵਾ, ਪਿਆਰ, ਖਿਮਾ, ਇਮਾਨਦਾਰੀ, ਕਿਰਤੀ ਹੋਣ ਆਦ ਦਾ ਸੌਦਾ ਸੰਸਾਰ ਨੂੰ ਵੇਚਿਆ। ਇਸ ਸਾਰੇ ਸੌਦੇ ਦਾ ਸਮੁੱਚਾ ਨਾਂ ‘ਨਾਮ` ਰਖਿਆ ਹੈ। ਇਹ ਸੌਦਾ ਪ੍ਰਾਪਤ ਕਰਨ ਲਈ ਮਨੁੱਖ ਨੂੰ ਪਹਿਲਾਂ ਆਪਣਾ ਮਨ ਵੇਚਣਾ ਪੈਣਾ ਹੈ ਫਿਰ ਇਹ ਵਸਤੂਆਂ ਪ੍ਰਾਪਤ ਹੋਣਗੀਆਂ।

ਝੁਲੈ ਸੁ ਛਤੁ ਨਿਰੰਜਨੀ, ਮਲਿ ਤਖਤੁ ਬੈਠਾ ਗੁਰ ਹਟੀਐ।।

ਕਰਹਿ ਜਿ ਗੁਰ ਫੁਰਮਾਇਆ, ਸਿਲ ਜੋਗੁ ਅਲੂਣੀ ਚਟੀਐ।।

ਭਾਈ ਲਹਿਣਾ ਜੀ ਦੇ ਸਿਰ ਤੇ ਰੱਬੀ ਗੁਣਾਂ ਦਾ ਛੱਤਰ ਝੁਲ ਰਿਹਾ ਹੈ। ਭਾਵ ਜਿਹੜੇ ਪਹਿਲੇ ਵਿਚਾਰ ਸਨ ਉਹ ਸਾਰੇ ਖਤਮ ਹੋ ਗਏ ਹਨ ਤੇ ਹੁਣ ਕੇਵਲ ਗੁਰੂ ਨਾਨਕ ਸਾਹਿਬ ਜੀ ਵਾਲੀ ਸਾਰੀ ਮਤ ਪ੍ਰਗਟ ਹੋ ਗਈ ‘ਝੁਲੈ ਸੁ ਛਤੁ ਨਿਰੰਜਨੀ`, - ਗੁਰੂ ਨਾਨਕ ਸਾਹਿਬ ਜੀ ਦੀ ਸੱਚ ਰੂਪੀ ਹੱਟੀ ਮਲ ਕੇ ਬੈਠ ਗਏ ਹਨ- ‘ਮਲਿ ਤਖਤੁ ਬੈਠਾ ਗੁਰ ਹਟੀਐ` ਗੁਰੂ ਨਾਨਕ ਸਾਹਿਬ ਜੀ ਨੇ ਜੋ ਕਿਹਾ ਉਸ ਨੂੰ ਸੁਣਿਆ ਹੀ ਨਹੀਂ ਹੈ ਸਗੋਂ ਜੀਵਨ ਵਿੱਚ ਮੰਨਿਆ ਤੇ ਕਮਾਇਆ ਹੈ- ‘ਕਰਹਿ ਜਿ ਗੁਰ ਫੁਰਮਾਇਆ`, ਹੁਕਮ ਮੰਨਣਾ, ਸਮੇਂ ਦੀ ਪਾਬੰਦੀ ਵਿੱਚ ਰਹਿਣਾ, ਹਰ ਵੇਲੇ ਚੰਗਿਆਈਆਂ ਨੂੰ ਇਕੱਠੇ ਕਰਦੇ ਰਹਿਣਾ ਤੇ ਬੁਰਿਆਈਆਂ ਵਲੋਂ ਕਿਨਾਰਾ ਕਰਦੇ ਰਹਿਣਾ-- ਇੱਕ ਅਲੂਣੀ ਸਿਲ਼ ਚੱਟਣ ਦੇ ਬਰਾਬਰ ਹੈ- ‘ਸਿਲ ਜੋਗੁ ਅਲੂਣੀ ਚਟੀਐ` ਕਿਉਂਕਿ ਇਸ ਵਿਚੋਂ ਆਪਣਾ ਸੁੱਖ ਖਤਮ ਹੁੰਦਾ ਹੈ ਦੁਨੀਆਂ ਦੇ ਸੁੱਖ ਦੀ ਗੱਲ ਜਨਮ ਲੈਂਦੀ ਹੈ। ਹੁਕਮ ਮੰਨਣ ਦੀ ਕਰੜੀ ਘਾਲ ਨੂੰ ਅਲੂਣੀ ਸਿਲ਼ ਚਟਣਾ ਆਖਿਆ ਹੈ। ਇਸ ਅਲੂਣੀ ਸਿਲ਼ ਭਾਵ ਘਾਲ ਕਮਾਈ ਵਿਚੋਂ ਮਨੁੱਖਤਾ ਦੀ ਮੁੱਢਲ਼ੀ ਅਜ਼ਾਦੀ ਤੇ ਖ਼ੁਦਮੁਖਤਿਆਰੀ ਦੇ ਅਹਿਸਾਸ ਦਾ ਜਨਮ ਹੁੰਦਾ ਹੈ।

ਭਾਈ ਲਹਿਣਾ ਜੀ ਅਕਾਲਪੁਰਖ ਦੀ ਬਖਸ਼ੀ ਨਾਮ ਦੀ ਦਾਤ ਜਿੱਥੇ ਆਪ ਵਰਤ ਰਹੇ ਹਨ ਓੱਥੇ ਹੋਰਨਾ ਨੂੰ ਵੀ ਇਹ ਦਾਤ ਵੰਡ ਰਹੇ ਹਨ—

ਲੰਗਰੁ ਚਲੈ ਗੁਰ ਸਬਦਿ, ਹਰਿ ਤੋਟਿ ਨ ਆਵੀ ਖਟੀਐ।।

ਖਰਚੇ ਦਿਤਿ ਖਸੰਮ ਦੀ, ਆਪ ਖਹਦੀ ਖੈਰਿ ਦਬਟੀਐ।।

ਲੰਗਰ-- ਆਟਾ, ਲੂਣ, ਦਾਲ ਤੇ ਘਿਓ ਆਦ ਦੁਆਰਾ ਤਿਆਰ ਕੀਤਾ ਜਾਂਦਾ ਹੈ। ਜੇ ਇਹ ਵਸਤਾਂ ਰਸੋਈ ਵਿੱਚ ਹੋਣਗੀਆਂ ਤਾਂ ਲੰਗਰ ਤਿਆਰ ਕੀਤਾ ਜਾ ਸਕਦਾ ਹੈ, ਫਿਰ ਇਸ ਲੰਗਰ ਨੂੰ ਛੱਕ ਕੇ ਮਨੁੱਖ ਸਰੀਰਕ ਭੁੱਖ ਮਿਟਾ ਲੈਂਦਾ ਹੈ। ਏਸੇ ਤਰ੍ਹਾਂ ਸ਼ਬਦ ਦਾ ਲੰਗਰ ਸਾਡੀ ਆਤਮਕ ਭੁੱਖ ਦੂਰ ਕਰਦਾ ਹੈ— ‘ਲੰਗਰੁ ਚਲੈ ਗੁਰ ਸਬਦਿ`, ਜਿੱਥੇ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦਾਂ ਦਾ ਲੰਗਰ ਵੰਡ ਰਹੇ ਹਨ ਓੱਥੇ ਉਹਨਾਂ ਭਗਤਾਂ ਦੀ ਬਾਣੀ ਦਾ ਸੱਚਾ ਸੌਦਾ ਵੀ ਵੰਡ ਰਹੇ ਹਨ ਜਿੰਨ੍ਹਾਂ ਭਗਤਾਂ ਨੂੰ ਬ੍ਰਾਹਮਣ ਸ਼ੂਦਰ ਆਖਦਾ ਹੁੰਦਾ ਸੀ। ਸ਼ਬਦ ਦੇ ਲੰਗਰ ਦੀ ਇੱਕ ਬੜੀ ਵੱਡੀ ਬਰਕਤ ਹੈ ਕਿ ਇਸ ਨੂੰ ਜਿੰਨ੍ਹਾਂ ਵੰਡੋਗੇ ਓਨ੍ਹਾ ਹੀ ਹੋਰ ਵੱਧਦਾ ਜਾਂਦਾ ਹੈ— ‘ਹਰਿ ਤੋਟਿ ਨ ਆਵੀ ਖਟੀਐ`।।

ਏਸੇ ਪ੍ਰਥਾਏ ਗੁਰੂ ਅਰਜਨ ਪਾਤਸ਼ਾਹ ਜੀ ਫਰਮਾਉਂਦੇ--

ਖਾਵਹਿ ਖਰਚਹਿ ਰਲਿ ਮਿਲਿ ਭਾਈ।।

ਤੋਟਿ ਨ ਆਵੈ ਵਧਦੋ ਜਾਈ।।

ਗਉੜੀ ਗੁਆਰੇਰੀ ਮਹਲਾ ੫

ਦੈਵੀ ਗੁਣਾਂ ਦੀ ਜਿਹੜੀ ਰਾਸ ਗੁਰੂ ਨਾਨਕ ਸਾਹਿਬ ਜੀ ਨੇ ਪਾਈ ਸੀ ਉਸ ਵਿੱਚ ਭਾਈ ਲਹਿਣਾ ਜੀ ਵੀ ਆਪਣਾ ਪੂਰਾ ਯੋਗਦਾਨ ਪਾ ਰਹੇ ਹਨ— ‘ਆਪ ਖਹਦੀ ਖੈਰਿ ਦਬਟੀਐ` ਭਾਈ ਲਹਿਣਾ ਜੀ ਦੀ ਕਮਾਈ ਵਿੱਚ ਵੀ ਕੋਈ ਘਾਟਾ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਨੇ ਸੱਚ ਦੀ ਦੁਕਾਨ ਵਿਚਲੇ ਸੌਦਾ ਦੀ ਵਿਆਖਿਆ ਸੋਰਠਿ ਰਾਗ ਵਿੱਚ ਕੀਤੀ ਹੈ—

ਹਾਣੁ ਹਟੁ ਕਰਿ ਆਰਜਾ ਸਚੁ ਨਾਮੁ ਕਰਿ ਵਥੁ।।

ਸੁਰਤਿ ਸੋਚ ਕਰਿ ਭਾਂਡਸਾਲ ਤਿਸੁ ਵਿਚਿ ਤਿਸ ਨੋ ਰਖੁ।।

ਸੋਰਠਿ ਮਹਲਾ ੧ ਪੰਨਾ ੫੯੫

ਸ਼ਬਦ ਦੇ ਲੰਗਰ ਦਾ ਭਾਵ ਗੁਰੂ ਅੰਗਦ ਪਾਤਸ਼ਾਹ ਜੀ ਨੇ ਵਿਦਿਆ ਦੇ ਪਹਿਲੂ ਨੂੰ ਉਭਾਰਿਆ ਕਿਉਂਕਿ ਭਾਰਤ ਵਿੱਚ ਵਿਦਿਆ `ਤੇ ਕੇਵਲ ਬ੍ਰਾਹਮਣ ਦਾ ਹੀ ਏਕੀ ਅਧਿਕਾਰ ਸੀ। ਦੈਵੀ ਗੁਣਾਂ ਦੀ ਪੜ੍ਹਾਈ ਦੇ ਨਾਲ ਨਾਲ ਸੰਸਾਰ ਦੀ ਵਿਦਿਆ ਦੇਣ ਦਾ ਉਚੇਚਾ ਪ੍ਰਬੰਧ ਕੀਤਾ। ਜਵਾਨੀਆਂ ਦੀ ਸੰਭਾਲ਼ ਕਰਨ ਲਈ ਮੱਲ ਅਖਾੜਿਆਂ ਨੂੰ ਹੋਂਦ ਵਿੱਚ ਲਿਆਂਦਾ। ਸ਼ਬਦ ਦੇ ਲੰਗਰ ਦੁਆਰਾ ਜਿੱਥੇ ਆਤਮਕ ਗੁਣਾਂ ਦੀ ਦ੍ਰਿੜਤਾ ਕਰਾਈ ਹੈ ਓੱਥੇ ਇੱਕ ਚੰਗੇ ਸਮਾਜ, ਰਾਜਨੀਤਕਿ ਢਾਂਚਾ, ਧਾਰਮਕ ਸ਼੍ਰੇਣੀ ਦੀ ਉਸਾਰੀ ਕੀਤੀ ਹੈ- ਇਸ ਸਾਰੇ ਦਾ ਆਸ਼ਾ ਸੱਚ ਦੇ ਅਧਾਰਤ ਹੈ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਕਿ ਏਸੇ ਸੱਚ ਨੂੰ ‘ਨਾਮ` ਦੇ ਨਾਂ ਨਾਲ ਯਾਦ ਕੀਤਾ ਹੈ।

ਵਣਜੁ ਕਰਹੁ ਵਣਜਾਰਿਹੋ ਵਖਰੁ ਲੇਹੁ ਸਮਾਲਿ॥

ਤੈਸੀ ਵਸਤੁ ਵਿਸਾਹੀਐ ਜੈਸੀ ਨਿਬਹੈ ਨਾਲਿ।।

ਅਗੈ ਸਾਹੁ ਸੁਜਾਣੁ ਹੈ ਲੈਸੀ ਵਸਤੁ ਸਮਾਲਿ।। ੧।।

ਭਾਈ ਰੇ, ਰਾਮੁ ਕਹਹੁ ਚਿਤੁ ਲਾਇ।।

ਹਰਿ ਜਸੁ ਵਖਰੁ ਲੈ ਚਲਹੁ ਸਹੁ ਦੇਖੈ ਪਤੀਆਇ।। ੧।। ਰਹਾਉ।।

ਸਿਰੀ ਰਾਗੁ ਮਹਲਾ ੧ ਪੰਨਾ ੨੨

ਅਰਥ-—ਹੇ (ਰਾਮ ਨਾਮ ਦਾ) ਵਣਜ ਕਰਨ ਆਏ ਜੀਵੋ! (ਨਾਮ ਦਾ) ਵਪਾਰ ਕਰੋ, ਨਾਮ-ਸੌਦਾ ਸੰਭਾਲ ਲਵੋ। ਉਹੋ ਜਿਹਾ ਸੌਦਾ ਹੀ ਖ਼ਰੀਦਣਾ ਚਾਹੀਦਾ ਹੈ, ਜੇਹੜਾ ਸਦਾ ਲਈ ਸਾਥ ਨਿਬਾਹੇ। ਪਰਲੋਕ ਵਿੱਚ ਬੈਠਾ ਸ਼ਾਹ ਸਿਆਣਾ ਹੈ ਉਹ (ਸਾਡੇ ਖ਼ਰੀਦੇ ਹੋਏ) ਸੌਦੇ ਨੂੰ ਪੂਰੀ ਪਰਖ ਕਰ ਕੇ ਕਬੂਲ ਕਰੇਗਾ। ੧।

ਹੇ ਭਾਈ ! ਚਿੱਤ ਲਾ ਕੇ (ਪ੍ਰੇਮ ਨਾਲ) ਪਰਮਾਤਮਾ ਦਾ ਨਾਮ ਜਪੋ। (ਇਥੋਂ ਆਪਣੇ ਨਾਲ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਸੌਦਾ ਲੈ ਕੇ ਤੁਰੋ, ਖਸਮ-ਪ੍ਰਭੂ ਖ਼ੁਸ਼ ਹੋ ਕੇ ਵੇਖੇਗਾ।

ਗੁਰੂ ਅੰਗਦ ਪਾਤਸ਼ਾਹ ਦੇ ਦਰਬਾਰ ਵਿੱਚ ਇੱਕ ਅਕਾਲ ਪੁਰਖ ਦੀ ਸਿਫਤ ਸਲਾਹ ਹੋ ਰਹੀ ਹੈ—ਰੂਹਾਨੀਅਤ ਵਾਲਾ ਨੂਰ ਝੜ੍ਹ ਰਿਹਾ ਹੈ--

ਹੋਵੈ ਸਿਫਤਿ ਖਸੰਮ ਦੀ, ਨੂਰੁ ਅਰਸਹੁ ਕੁਰਸਹੁ ਝਟੀਐ।।

ਤੁਧੁ ਡਿਠੇ ਸਚੇ ਪਾਤਿਸਾਹ, ਮਲੁ ਜਨਮ ਜਨਮ ਦੀ ਕਟੀਐ।।

ਗੁਰੂ ਨਾਨਕ ਸਾਹਿਬ ਜੀ ਨੇ ਹੱਕ ਕਮਾਈ ਨੂੰ ਪਹਿਲ ਦਿੱਤੀ ਹੈ—ਜਿਸ ਕਿਸ ਨੂੰ ਉਪਦੇਸ਼ ਦਿੱਤਾ ਹੈ ਉਸ ਦੀ ਭਾਸ਼ਾ ਵਿੱਚ ਸਮਝਾਇਆ ਹੈ—ਮਿਸਾਲ ਦੇ ਤੌਰ `ਤੇ ਜੇ ਪੰਡਤ ਨਾਲ ਗੱਲ ਕੀਤੀ ਹੈ ਤਾਂ ਉਸ ਦੀ ਬੋਲੀ ਵਿੱਚ ਦੱਸਿਆ ਹੈ ਕਿ ਭਲਿਆ ਧਰਮ ਦੇ ਨਾਂ `ਤੇ ਕਰਮ-ਕਾਂਡ ਕਰਨ ਦੀ ਬਜਾਏ ਆਪਣੇ ਹਿਰਦੇ ਵਿੱਚ ਸੰਤੋਖ ਵਰਗੇ ਦੈਵੀ ਗੁਣਾਂ ਨੂੰ ਧਾਰਨ ਕਰਨ ਦਾ ਅਭਿਆਸ ਕਰ- ‘ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ`। ਜੇ ਜੋਗੀ ਨਾਲ ਗੱਲ ਕੀਤੀ ਹੈ ਤਾਂ ਉਨ੍ਹਾਂ ਨੂੰ ਸੰਤੋਖ ਦੀਆਂ ਮੁੰਦਰਾਂ ਧਾਰਨ ਕਰਨ ਲਈ ਆਖਿਆ ਹੈ—ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਏਸੇ ਤਰ੍ਹਾਂ ਕਿਰਸਾਨ ਨੂੰ ਅਸਲੀ ਜ਼ਿੰਦਗੀ ਦੀ ਤਰਤੀਬ ਸਮਝਾਉਂਦਿਆਂ ਨਾਮ ਬੀਜ ਤੇ ਸੰਤੋਖ ਦਾ ਸੁਹਾਗਾ ਰੱਖਣ ਦੀ ਤਾਗੀਦ ਕੀਤੀ ਹੈ ਅਜੇਹਾ ਰੱਬੀ ਉਪਦੇਸ਼ ਸੁਣਨਾ ਤੇ ਉਸ ਨੂੰ ਧਾਰਨ ਕਰਨਾ— ‘ਹੋਵੈ ਸਿਫਤਿ ਖਸੰਮ ਦੀ` ਖਸਮ ਦੀ ਸਿਫਤੋ ਸਲਾਹ ਹੈ। ਦੈਵੀ ਗੁਣਾਂ ਦਾ ਨੂਰ ਝੜ ਰਿਹਾ ਹੈ— ‘ਨੂਰੁ ਅਰਸਹੁ ਕੁਰਸਹੁ ਝਟੀਐ`।।

‘ਹੋਵੈ ਸਿਫਤਿ ਖਸੰਮ ਦੀ` ਦਾ ਭਾਵ ਅਰਥ ਧਰਮ ਨੂੰ ਜੱਫਾ ਮਾਰਨਾ ਨਹੀਂ ਹੈ ਸਗੋਂ ਧਰਮ ਅਨੁਸਾਰੀ ਹੋ ਕੇ ਤੁਰਨਾ ਹੈ ਜਿਸ ਵਿਚੋਂ ਸਮੁੱਚੀ ਮਨੁੱਖਤਾ ਨੂੰ ਇਨਸਾਨੀਅਤ ਦਾ ਦਰਜਾ ਦੇਣਾ, ਸ਼ੁਧ ਰਾਜਨੀਤੀ, ਆਰਥਿਕਤਾ ਦਾ ਬਰਾਬਰ ਵਿਕਾਸ ਹੋਣਾ, ਸਿਹਤ ਸਹੂਲਤਾਂ ਤੇ ਵਿਦਿਆ ਦੇਣ ਦਾ ਪ੍ਰਬੰਧ ਕਰਨਾ ਕੁਦਰਤੀ ਰੱਬੀ ਸਿਫਤ ਸਲਾਹ ਹੈ। ਅਜੇਹੀ ਅਵਸਥਾ ਵਿੱਚ ਚੋਰੀ, ਜਾਰੀ, ਈਰਖਾ, ਆਪਸੀ ਨਫਰਤ, ਆਲਸ, ਲੋਭ-ਲਾਲਚ, ਅੰਹਕਾਰ, ਕ੍ਰੋਧ ਵਰਗੀਆਂ ਆਤਮਕ ਬਿਮਾਰੀਆਂ ਤੋਂ ਛੁਟਕਾਰਾ ਪਉਣਾ ਹੈ।

ਅਗਲੀ ਤੁਕ ਵਿੱਚ ਭਾਈ ਸਤਾ ਜੀ ਫਰਮਾਉਂਦੇ ਹਨ ਕਿ ਹੇ! ਗੁਰੂ ਅੰਗਦ ਪਾਤਸ਼ਾਹ ਜੀ ਤੁਹਾਨੂੰ ਦੇਖਣ ਨਾਲ ਸਾਡੇ ਜਨਮਾਂ ਜਨਮਾਂ ਦੇ ਦੁੱਖ ਕੱਟ ਜਾਂਦੇ ਹਨ— ‘ਤੁਧੁ ਡਿਠੇ ਸਚੇ ਪਾਤਿਸਾਹ, ਮਲੁ ਜਨਮ ਜਨਮ ਦੀ ਕਟੀਐ`।। ਏੱਥੇ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਕੀ ਨਿਰਾ ਦੇਖਣ ਨਾਲ ਸਾਨੂੰ ਕੋਈ ਲਾਭ ਹੋ ਸਕਦਾ ਹੈ? ਇਸ ਵਿਚਾਰ ਨੂੰ ਸਮਝਣ ਲਈ ਗੁਰਬਾਣੀ ਦੇ ਇੱਕ ਵਾਕ ਨੂੰ ਧਿਆਨ ਵਿੱਚ ਲਿਆਉਣ ਦੀ ਲੋੜ ਹੈ—

ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ।।

ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ।।

ਹਉਮੈ ਮੈਲੁ ਨ ਚੁਕਈ ਨਾਮਿ ਨ ਲਗੈ ਪਿਆਰੁ।।

ਸਲੋਕੁ ਮਃ ੩ ਪੰਨਾ ੫੯੪

ਅਰਥ -—ਜਿਤਨਾ ਇਹ ਸਾਰਾ ਸੰਸਾਰ ਹੈ (ਇਸ ਵਿਚ) ਹਰੇਕ ਜੀਵ ਸਤਿਗੁਰੂ ਦੇ ਦਰਸਨ ਕਰਦਾ ਹੈ (ਪਰ) ਨਿਰਾ ਦਰਸ਼ਨ ਕੀਤਿਆਂ ਮੁਕਤੀ ਨਹੀਂ ਮਿਲਦੀ, ਜਦ ਤਾਈਂ ਜੀਵ ਸਤਿਗੁਰੂ ਦੇ ਸ਼ਬਦ ਵਿੱਚ ਵਿਚਾਰ ਨਹੀਂ ਕਰਦਾ, (ਕਿਉਂਕਿ ਵਿਚਾਰ ਕਰਨ ਤੋਂ ਬਿਨਾ) ਅਹੰਕਾਰ (-ਰੂਪ ਮਨ ਦੀ) ਮੈਲ ਨਹੀਂ ਉਤਰਦੀ ਤੇ ਨਾਮ ਵਿੱਚ ਪਿਆਰ ਨਹੀਂ ਬਣਦਾ।

ਸਮੁੱਚੀਆਂ ਦੋ ਤੁਕਾਂ ਖਸਮ ਦੀ ਸਿਫਤੋ ਸਲਾਹ, ਨੂਰ, ਗੁਰੂ ਸਾਹਿਬ ਜੀ ਨੂੰ ਦੇਖਣਾ ਤੇ ਜਨਮਾਂ ਜਨਮਾਂ ਦੀ ਮੈਲ ਕੱਟਣ ਦੀ ਵਿਆਖਿਆ ਨੂੰ ਕਬੀਰ ਸਾਹਿਬ ਜੀ ਦੇ ਇਸ ਵਾਕ ਦੁਆਰਾ ਸਮਝਿਆ ਜਾ ਸਕਦਾ ਹੈ—

ਕਬੀਰਾ ਜਹਾ ਗਿਆਨੁ ਤਹ ਧਰਮੁ ਹੈ, ਜਹਾ ਝੂਠੁ ਤਹ ਪਾਪੁ।।

ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ।। ੧੫੫।।

ਸਲੋਕ ਕਬੀਰ ਜੀ ਕੇ ਪੰਨਾ ੧੩੭੨

ਅਰਥ-— ਹੇ ਕਬੀਰ! ਜਨਮ-ਮਨੋਰਥ ਦੇ ਪੂਰਾ ਕਰਨ ਦੀ ਫ਼ਰਜ਼-ਸ਼ਿਨਾਸੀ ਸਿਰਫ਼ ਉਥੇ ਹੋ ਸਕਦੀ ਹੈ ਜਿਥੇ ਇਹ ਸਮਝ ਹੋਵੇ ਕਿ ਹੀਰਾ-ਜਨਮ ਕਾਹਦੇ ਲਈ ਮਿਲਿਆ ਹੈ। ਪਰ ਜਿਸ ਮਨੁੱਖ ਦੇ ਅੰਦਰ ਝੂਠ ਅਤੇ ਲੋਭ (ਦਾ ਜ਼ੋਰ) ਹੋਵੇ, ਉਥੇ (ਧਰਮ ਦੇ ਥਾਂ) ਪਾਪ ਅਤੇ ਆਤਮਕ ਮੌਤ ਹੀ ਹੋ ਸਕਦੇ ਹਨ (ਉਹ ਜੀਵਨ ‘ਕਉਡੀ ਬਦਲੈ` ਹੀ ਜਾਣਾ ਹੋਇਆ)। ਪਰਮਾਤਮਾ ਦਾ ਨਿਵਾਸ ਸਿਰਫ਼ ਉਸ ਹਿਰਦੇ ਵਿੱਚ ਹੁੰਦਾ ਹੈ ਜਿਥੇ ਸ਼ਾਂਤੀ ਹੈ।

ਭਾਰਤੀ ਸਭਿਆਚਾਰ ਜਾਤਾਂ ਵਿੱਚ ਵੰਡਿਆ ਹੋਇਆ ਸੀ। ਉੱਚੀਆਂ ਜਾਤਾਂ ਵਾਲੇ ਨੀਵੀਆਂ ਜਾਤਾਂ ਵਾਲਿਆਂ ਨੂੰ ਹੁਕਮ ਹੀ ਕਰਦੇ ਸਨ ਪਰ ਨੀਵੀਆਂ ਜਾਤਾਂ ਵਾਲਿਆਂ ਦੀ ਕੋਈ ਸੁਣਾਈ ਨਹੀਂ ਹੁੰਦੀ ਸੀ। ਹੁਕਮ ਮੰਨਣ ਦਾ ਭਾਵ ਅਰਥ ਬਰਾਬਰ ਦੇ ਹੱਕਾਂ ਦੀ ਨਿਯਮਾਵਲੀ ਵਿੱਚ ਚਲਣਾ ਹੈ—ਜਿਸ ਨੇ ਹੁਕਮ ਦੇ ਨੁਕਤੇ ਨੂੰ ਸਮਝ ਲਿਆ ਉਹ ਤਰੱਕੀ ਕਰ ਜਾਂਦਾ ਹੈ। ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਸੁਣਦੇ ਜ਼ਰੂਰ ਹਾਂ ਪਰ ਮੰਨਣ ਲਈ ਤਿਆਰ ਨਹੀਂ ਹੁੰਦੇ। ਗੁਰੂ ਨਾਨਕ ਸਾਹਿਬ ਨੇ ਦੇਖ ਲਿਆ ਸੀ ਕਿ ਜਿਹੜਾ ਨਿਯਮਾਵਲੀ ਦੇ ਤਹਿਤ ਚੱਲੇਗਾ ਉਹ ਹੀ ਕੌਮ ਦੀ ਅਗਵਾਈ ਕਰ ਸਕਦਾ ਹੈ।

ਸਚੁ ਜਿ ਗੁਰਿ ਫੁਰਮਾਇਆ, ਕਿਉ ਏਦੂ ਬੋਲਹੁ ਹਟੀਐ।।

ਪੁਤ੍ਰੀ ਕਉਲੁ ਨ ਪਾਲਿਓ, ਕਰਿ ਪੀਰਹੁ ਕੰਨੑ ਮੁਰਟੀਐ।।

ਗੁਰੂ ਨਾਨਕ ਸਾਹਿਬ ਜੀ ਦੀ ਜੋਤ-ਜੁਗਤੀ ਨੂੰ ਉਹਨਾਂ ਦਿਆਂ ਪੁੱਤਰਾਂ ਨੇ ਨਹੀਂ ਸਮਝਿਆ ਪਰ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਹਰ ਹੁਕਮ ਨੂੰ ਸਿਰ ਮੱਥੇ ਮੰਨ ਕੇ ਉਹਨਾਂ ਅਨੁਸਾਰੀ ਹੋ ਕੇ ਚੱਲੇ ਸਨ। ਵਰਤਮਾਨ ਸਮੇਂ ਵਿੱਚ ਵੀ ਸਥਿੱਤੀ ਕੁੱਝ ਏਦਾਂ ਹੀ ਬਣੀ ਹੋਈ ਹੀ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਤਾਂ ਜ਼ਰੂਰ ਹਾਂ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਮੰਨਣ ਲਈ ਤਿਆਰ ਨਹੀਂ ਹਾਂ। ਜਿਹੜਿਆਂ ਕਰਮ-ਕਾਂਡਾਂ ਤੋਂ ਗੁਰੂ ਸਾਹਿਬ ਜੀ ਸਾਨੂੰ ਹਟਾਕੇ ਗਏ ਸਨ ਉਹ ਸਾਰੇ ਕਰਮ ਸਾਡੇ ਜੀਵਨ ਵਿਚੋਂ ਦੇਖੇ ਜਾ ਸਕਦੇ ਹਨ। ਗੁਰੂ ਸਾਹਿਬ ਜੀ ਫਰਮਾਉਂਦੇ ਹਨ—

ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ।।

ਖਸਮੈ ਭਾਵੈ ਸੋ ਕਰੇ ਮਨਹੁ ਚਿੰਦਿਆ ਸੋ ਫਲੁ ਪਾਇਸੀ।।

ਤਾ ਦਰਗਹ ਪੈਧਾ ਜਾਇਸੀ।। ੧੫।।

ਪਉੜੀ ਪੰਨਾ ੪੭੧

ਭਾਈ ਸੱਤਾ ਫਰਮਾਉਂਦੇ ਹਨ ਕਿ ਦਿੱਲ ਵਿੱਚ ਖੋਟ ਰੱਖਣ ਵਾਲੇ ਲੋਕ ਦੁਨੀਆਂ ਦੇ ਬੇ ਫ਼ਜ਼ੂਲ ਧੰਦਿਆਂ ਨੂੰ ਆਪੇ ਸਿਰ `ਤੇ ਚੁੱਕੀ ਫਿਰਦੇ ਹਨ। ਹੁਕਮ ਮੰਨਣ ਵਾਲੇ ਨੂੰ ਰਜ਼ਾ ਪਿਆਰੀ ਲਗਦੀ ਹੈ-

ਦਿਲਿ ਖੋਟੈ ਆਕੀ ਫਿਰਨਿੑ, ਬੰਨਿੑ ਭਾਰੁ ਉਚਾਇਨਿੑ ਛਟੀਐ।।

ਜਿਨਿ ਆਖੀ ਸੋਈ ਕਰੇ, ਜਿਨਿ ਕੀਤੀ ਤਿਨੈ ਥਟੀਐ।।

ਕਉਣੁ ਹਾਰੇ, ਕਿਨਿ ਉਵਟੀਐ।। ੨।।

ਰੱਬ ਜੀ ਦਾ ਹੁਕਮ ਇਕਸਾਰ ਚਲਦਾ ਹੈ ਪਰ ਇਸ ਵਿੱਚ ਕਰਮ ਸਾਡਾ ਹੁੰਦਾ ਹੈ। ਅਸੀਂ ਕਰਮ ਕਰਨ ਵਿੱਚ ਅਜ਼ਾਦ ਹੁੰਦੇ ਹਾਂ ਪਰ ਫਲ਼ ਵਿੱਚ ਅਜ਼ਾਦ ਨਹੀਂ ਹੁੰਦੇ। ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਜੀ ਦੀ ਆਗਿਆ ਅਨੁਸਾਰ ਜਿੱਥੇ ਧਾਰਮਿਕ ਗ੍ਰੰਥਾਂ ਦਾ ਅਧਿਐਨ ਕੀਤਾ ਓੱਥੇ ਗੁਰੂ ਨਾਨਕ ਸਾਹਿਬ ਜੀ ਦੇ ਡੂੰਘੇ ਫਲਸਫੇ ਨੂੰ ਸਮਝਿਆ ਨਾਲ ਹੁਕਮ ਵਿੱਚ ਚਲਦਿਆਂ ਹਰੇਕ ਸੇਵਾ ਵਿੱਚ ਹੱਥ ਵਟਾਇਆ।

ਦੁਨੀਆਂ ਦਾ ਉਹ ਖੇਤਰ ਹੀ ਤਰੱਕੀ ਕਰ ਸਕਦਾ ਹੈ ਜਿੱਥੇ ਕਿਸੇ ਨਿਯਮਾਵਲ਼ੀ ਤਹਿਤ ਚਲਿਆ ਜਾਏ। ਸਲਾਮ ਜੁਆਬ ਕਰਨ ਵਾਲਾ ਵਿਆਕਤੀ ਕਿਸੇ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ।

ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ।।

ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ।। ੨।।

ਸਲੋਕ ਮ: ੨ ਪੰਨਾ ੪੭੪

ਅੱਖਰੀਂ ਅਰਥ--ਜੋ ਮਨੁੱਖ ਆਪਣੇ ਮਾਲਕ ਪ੍ਰਭੂ ਦੇ ਹੁਕਮ ਅੱਗੇ ਕਦੇ ਤਾਂ) ਸਿਰ ਨਿਵਾਂਦਾ ਹੈ, ਅਤੇ ਕਦੇ (ਉਸ ਦੇ ਕੀਤੇ ਉੱਤੇ) ਇਤਰਾਜ਼ ਕਰਦਾ ਹੈ, ਉਹ (ਮਾਲਕ ਦੀ ਰਜ਼ਾ ਦੇ ਰਾਹ ਉੱਤੇ ਤੁਰਨ ਤੋਂ) ਉੱਕਾ ਹੀ ਖੁੰਝਿਆ ਜਾ ਰਿਹਾ ਹੈ। ਹੇ ਨਾਨਕ! ਸਿਰ ਨਿਵਾਣਾ ਅਤੇ ਇਤਰਾਜ਼ ਕਰਨਾ—ਦੋਵੇਂ ਹੀ ਝੂਠੇ ਹਨ, ਇਹਨਾਂ ਦੋਹਾਂ ਵਿਚੋਂ ਕੋਈ ਗੱਲ ਭੀ (ਮਾਲਕ ਦੇ ਦਰ ਤੇ) ਕਬੂਲ ਨਹੀਂ ਹੁੰਦੀ। ੨।

ਤੱਤਸਾਰ-- ਜੋ ਢੰਗ ਤਰੀਕਾ ਗੁਰੂ ਨਾਨਕ ਸਾਹਿਬ ਜੀ ਨੇ ਚਲਾਇਆ ਸੀ ਉਹ ਹੀ ਢੰਗ ਤਰੀਕਾ ਭਾਈ ਲਹਿਣਾ ਜੀ ਨੇ ਅਪਨਾਇਆ ਲਿਆ।

ਆਪਣੇ ਮਨ ਵਿਚੋਂ ਪੁਰਾਣੇ ਖ਼ਿਆਲਾਂ ਨੂੰ ਬਾਹਰ ਦਾ ਰਸਤਾ ਦਿਖਾਉਂਦਿਆਂ ਹੋਇਆਂ ਭਾਈ ਲਹਿਣਾ ਜੀ ਨੇ ਆਤਮਕ ਬੁਲੰਦੀਆਂ ਨੂੰ ਛੋਹਿਆ।

ਆਪਣੇ ਅੰਦਰਲੇ ਬਾਹਲੇ ਜੀਵਨ ਨੂੰ ਗੁਰੂ ਨਾਨਕ ਸਾਹਿਬ ਜੀ ਅਨੁਸਾਰ ਢਾਲਣਾ ਅਲੂਣੀ ਸਿਲ਼ ਚੱਟਣ ਦੇ ਬਰਾਬਰ ਹੈ। ਭਾਵ ਬਿਖਮ ਤੇ ਔਖੀ ਘਾਲ ਹੈ ਜਿਹੜੀ ਭਾਈ ਲਹਿਣਾ ਜੀ ਨੇ ਸਮਝੀ ਤੇ ਨਿਭਾਈ।

ਸ਼ਬਦ-ਲੰਗਰ ਦਾ ਭਾਵ ਅਰਥ ਵਿਦਿਆ, ਸੇਵਾ, ਸੱਚੀ ਰਾਜਨੀਤੀ, ਕੁਰਬਾਨੀ ਵਾਲੇ ਧਾਰਮਕ ਆਗੂ, ਇਖ਼ਲਾਕ ਵਾਲੇ ਨਿਆਂਸ਼ੀਲ਼ ਅਧਿਕਾਰੀ, ਸਮਾਜ ਦੀ ਆਰਥਕ ਅਵਸਥਾ ਦਾ ਵਿਕਾਸ, ਸਮਾਜ ਭਲਾਈ ਦੀਆਂ ਬੁਲੰਦੀਆਂ, ਮਨੁੱਖੀ ਭਾਈਚਾਰਕ ਸਾਂਝ, ਕਿਰਸਾਨੀ ਤੇ ਕਿਰਤੀਆਂ ਦੀ ਸੰਭਾਲ਼, ਅੰਤਰਰਾਸ਼ਟਰੀ ਪੱਧਰ `ਤੇ ਵਪਾਰ ਤੇ ਪਰਜਾ ਨੂੰ ਗਿਆਨਵਾਨ ਕਰਨਾ ਸ਼ਬਦ ਦਾ ਸਾਕਾਰ ਰੂਪ ਹੈ।

ਖਸਮ ਦੀ ਸਿਫਤ ਸਾਨੂੰ ਮਨੱਖਾਂ ਤੋਂ ਦੇਵਤੇ ਬਣਾਉਂਦੀ ਹੈ ਜੋ ਦੈਵੀ ਗੁਣਾਂ ਨਾਲ ਭਰਪੂਰ ਹੁੰਦੇ ਹਨ—

ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ।।

ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ।। ੧।।

ਸਲੋਕੁ ਮ: ੧ ਪੰਨਾ ੪੬੨

ਅਰਥ—ਮੈਂ ਆਪਣੇ ਗੁਰੂ ਤੋਂ (ਇਕ) ਦਿਨ ਵਿੱਚ ਸੌ ਵਾਰੀ ਸਦਕੇ ਹੁੰਦਾ ਹਾਂ, ਜਿਸ (ਗੁਰੂ) ਨੇ ਮਨੁੱਖਾਂ ਤੋਂ ਦੇਵਤੇ ਬਣਾ ਦਿੱਤੇ ਤੇ ਬਣਾਉਂਦਿਆਂ (ਰਤਾ) ਚਿਰ ਨਾਹ ਲੱਗਾ। ੧।

ਰੱਬੀ ਗੁਣਾਂ ਨਾਲ ਜਨਮਾਂ ਦੀ ਮੈਲ ਕਟੀ ਜਾਂਦੀ ਹੈ ਭਾਵ ਵਰਤਮਾਨ ਜੀਵਨ ਵਿੱਚ ਸੋਝੀ ਜਨਮ ਲੈਂਦੀ ਹੈ।

ਹੁਕਮ ਵਿੱਚ ਤੁਰਨ ਵਾਲਾ ਹੀ ਮੰਜ਼ਿਲ `ਤੇ ਪਹੁੰਚਦਾ ਹੈ।

ਨਿਯਮਾਵਲੀ ਨੂੰ ਤੋੜਨ ਵਾਲਾ ਕਿਸੇ ਕਿਨਾਰੇ ਨਹੀਂ ਪਹੁੰਚ ਸਕਦਾ। ਆਪਣੀ ਮਤ ਪਿੱਛੇ ਤੁਰਨ ਵਾਲਾ ਸਦਾ ਖੁਆਰ ਹੁੰਦਾ ਹੈ।

ਦਿੱਲ ਵਿੱਚ ਖੋਟ ਰੱਖਣ ਵਾਲਾ ਸਮਾਜ ਤੇ ਆਪਣੇ ਆਪ ਲਈ ਸਮੱਸਿਆਵਾਂ ਪੈਦਾ ਕਰਦਾ ਹੈ। ਅਜੇਹਾ ਮਨੁੱਖ ਸਦਾ ਮਾਨਸਕ ਬੋਝ ਹੀ ਚੁੱਕੀ ਰੱਖਦਾ ਹੈ।

ਹੁਕਮ ਵਿੱਚ ਚਲਣ ਵਾਲਾ ਸਮਰੱਥ ਬਣਦਾ ਹੈ—

ਏਹ ਕਿਨੇਹੀ ਚਾਕਰੀ ਜਿਤੁ ਭਉ ਖਸਮ ਨ ਜਾਇ।।

ਨਾਨਕ ਸੇਵਕੁ ਕਾਢੀਐ ਜਿ ਸੇਤੀ ਖਸਮ ਸਮਾਇ।। ੨।।

ਸਲੋਕ ਮ: ੨ ਪੰਨਾ ੪੭੫

ਭਾਈ ਲਹਿਣਾ ਜੀ ਨੇ ਖਡੂਰ ਸਾਹਿਬ ਆ ਕੇ ਵਿਦਿਆ ਤੇ ਮੱਲ਼ ਅਖਾੜਿਆਂ ਨੂੰ ਪਹਿਲ ਦੇ ਕੇ ਸਰੀਰਕ ਤੇ ਆਤਮਕ ਲੰਗਰ ਚਲਾ ਦਿੱਤਾ।

ਏੱਥੇ ਇੱਕ ਨੁਕਤਾ ਧਿਆਨ ਮੰਗਦਾ ਹੈ—ਗੁਰੂ ਨਾਨਕ ਸਾਹਿਬ ਜੀ ਆਮ ਮੱਤਾਂ ਦੀ ਤਰਜ਼ `ਤੇ ਕੋਈ ਵੱਖਰਾ ਮੱਤ ਚਲਾਉਣ ਨਹੀਂ ਆਏ ਸਨ। ੳਨ੍ਹਾਂ ਨੂੰ ਪ੍ਰਮੇਸ਼ਰ ਵਲੋਂ ਇੱਕ ਨਿਵੇਕਲਾ, ਨਿਰਮਲ, ਨਿਰਾਲਾ, ਸਾਰੀ ਮਨੁੱਖਤਾ ਦੇ ਮਾਨਵੀ ਹੱਕਾਂ ਦੀ ਰਾਖੀ ਦਾ ਜਾਮਨ, ਮਨੁੱਖਤਾ ਦੀ ਹਰ ਪੱਖ ਤੋਂ ਬਰਾਬਰਤਾ `ਤੇ ਅਧਾਰਤ, ਇਨਸਾਫ਼ ਅਤੇ ਸਰਬੱਤ ਦੇ ਭਲੇ ਦਾ ਮਾਰਗ ਦਰਸ਼ਨ ਕਰਦਾ ਹੋਇਆ ਇੱਕ ਵਿਸ਼ਵ-ਵਿਆਪਕ, ਸਦੀਵਕਾਲੀ, ਵਿਸ਼ਾਲ ਪ੍ਰੋਗਰਾਮ ਪ੍ਰਾਪਤ ਹੋਇਆ ਸੀ, ਜਿਸ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਵਿੱਚ ਅੰਕਤ ਹੈ।

ਲੰਗਰੁ ਚਲੈ ਗੁਰ ਸਬਦਿ, ਹਰਿ ਤੋਟਿ ਨ ਆਵੀ ਖਟੀਐ।।




.