.

ਆਸਾ ਕੀ ਵਾਰ

(ਕਿਸ਼ਤ ਨੰ: 21)

ਪਉੜੀ ਵੀਹਵੀਂ ਅਤੇ ਸਲੋਕ

ਸਲੋਕੁ ਮਃ ੧।।

ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ।।

ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ।।

ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ।।

ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ।। ੧।।

ਪਦ ਅਰਥ:- ਨਾਨਕ ਫਿਕੈ ਬੋਲਿਐ – ਨਾਨਕ ਆਖਦਾ ਹੈ ਫਿੱਕਾ/ਝੂਠ/ਕੂੜ ਬੋਲਣ ਦੇ ਨਾਲ। ਤਨੁ ਮਨੁ ਫਿਕਾ ਹੋਇ – ਤਨ ਅਤੇ ਮਨ ਕਰ ਕੇ ਝੂਠਾ (ਫਿੱਕਾ) ਸਾਬਤ ਹੋ ਜਾਂਦਾ ਹੈ। ਭਾਵ ਤਨੋ ਮਨੋ ਸੱਚ ਉਡ ਜਾਂਦਾ ਹੈ। ਫਿਕੋ ਫਿਕਾ ਸਦੀਐ – ਫਿੱਕੇ ਨੂੰ ਫਿੱਕਾ ਭਾਵ ਝੂਠੇ ਨੂੰ ਝੂਠਾ ਹੀ ਸੱਦਣਾ/ਆਖਣਾ ਚਾਹੀਦਾ ਹੈ। ਫਿਕੇ ਫਿਕੀ ਸੋਇ – ਕਿਉਕਿ ਫਿੱਕੇ/ਝੂਠੇ ਦੀ ਸਮੁੱਚੀ ਵਿਚਾਰਧਾਰਾ ਹੀ ਫਿੱਕੀ/ਝੂਠੀ ਹੈ। ਫਿਕਾ ਦਰਗਹਿ ਸਟੀਐ – ਫਿੱਕਾ (ਝੂਠੇ ਨੂੰ, ਦੁਨੀਆਂ) ਦੀ ਦਰਗਾਹ/ਕਚਹਿਰੀ ਵਿੱਚ ਛੱਟਣਾ/ਚਾਹੀਦਾ ਹੈ ਭਾਵ ਝੂਠੇ ਨੂੰੰ ਸਮਾਜ ਵਿੱਚ ਝੂਠਾ ਹੀ ਕਹਿਣਾ ਚਾਹੀਦਾ ਹੈ। (ਭਾਵ ਜੇਕਰ ਝੂਠੇ ਨੂੰ ਝੂਠਾ ਨਹੀਂ ਕਹੋਗੇ ਤਾਂ ਸਮਾਜ ਨੂੰ ਉਸ ਬਾਰੇ ਕਿਵੇਂ ਪਤਾ ਚੱਲੇਗਾ। ਮੁਹਿ ਥੁਕਾ ਫਿਕੇ ਪਾਇ – ਤਾਂ ਜੋ ਕਿ (ਸਮਾਜ) ਝੂਠੇ ਦੇ ਮੂੰਹ `ਤੇ ਝੂਠੇ ਨੂੰ ਫਿਟਕਾਰਾਂ ਪਾਏ। ਫਿਕਾ ਮੂਰਖੁ ਆਖੀਐ – ਇਸ ਕਰ ਕੇ ਜੋ ਝੂਠਾ ਹੈ ਉਸ ਨੂੰ ਹੀ ਆਖਣਾ ਚਾਹੀਦਾ ਹੈ। ਪਾਣਾ – ਪ੍ਰਾਪਤ ਕਰਨਾ, ਪ੍ਰਾਪਤ ਕਰਨਾ, ਪਾ ਲੈਣਾ, ਪਾ ਸਕੇ। ਪਾਣਾ ਲਹੈ ਸਜਾਏ – ਤਾਂ ਜੋ ਕਿ ਉਹ ਆਪਣੇ ਕੀਤੇ ਦਾ ਫਲ ਪਾ ਸਕੇ (ਤਾਂ ਜੋ ਕਿ ਉਸ ਨੂੰ ਉਸ ਦੇ ਕੀਤੇ ਦਾ ਅਹਿਸਾਸ ਹੋ ਸਕੇ)। ਲਹੈ - ਪਾ ਸਕੇ। ਸਜਾਏ – ਸਜ਼ਾ, ਕੀਤੇ ਦਾ ਫਲ, ਸਜ਼ਾ।

ਅਰਥ:- ਹੇ ਭਾਈ! ਨਾਨਕ ਆਖਦਾ ਹੈ (ਜਨਮ ਦਾਤੀ ਨੂੰ ਮੰਦਾ ਕਹਿ ਕੇ) ਝੂਠ/ਕੂੜ ਬੋਲਣ ਵਾਲਾ ਤਨ ਅਤੇ ਮਨ ਕਰ ਕੇ ਛਿੱਥਾ ਹੋ ਜਾਂਦਾ ਹੈ। ਜਿਸ ਦੀ ਸਮੁੱਚੀ ਵਿਚਾਰਧਾਰਾ ਹੀ ਫਿੱਕੀ ਭਾਵ ਝੂਠੀ ਹੈ, ਉਸ ਨੂੰ ਫਿੱਕਾ/ਝੂਠਾ ਹੀ ਕਹਿਣਾ ਚਾਹੀਦਾ ਹੈ। ਅਜਿਹੇ ਕੂੜ ਬੋਲਣ ਵਾਲੇ ਨੂੰ ਲੋਕਾਂ ਦੀ ਕਚਹਿਰੀ/ਦਰਗਾਹ ਵਿੱਚ ਛੱਟਣਾ ਚਾਹੀਦਾ ਹੈ ਤਾਂ ਜੋ ਕਿ ਲੋਕ ਉਸ ਨੂੰ ਉਸ ਦੇ ਮੂੰਹ `ਤੇ ਫਿਟਕਾਰਾਂ ਪਾਉਣ। ਇਸ ਕਰ ਕੇ ਜਿਹੜਾ ਮੂਰਖ ਝੂਠ ਬੋਲਦਾ ਹੈ, ਉਸ ਨੂੰ ਝੂਠਾ ਹੀ ਕਹਿਣਾ ਚਾਹੀਦਾ ਹੈ, ਤਾਂ ਜੋ ਕਿ ਉਸ ਨੂੰ ਉਸ ਦੇ ਕੀਤੇ (ਗਲਤ ਕੰਮ) ਦੀ ਸਜ਼ਾ ਪ੍ਰਾਪਤ ਹੋ ਸਕੇ ਭਾਵ ਕੀਤੇ ਦਾ ਅਹਿਸਾਸ ਹੋ ਸਕੇ।

ਨੋਟ:- ਝੂਠੇ ਨੂੰ ਉਸ ਦੇ ਮੂੰਹ `ਤੇ ਝੂਠਾ ਕਹਿਣਾ ਚਾਹੀਦਾ ਹੈ। ਉਹ ਕਿਹੜੇ ਝੂਠੇ ਹਨ ਜਿਨ੍ਹਾਂ ਨੂੰ ਝੂਠੇ ਕਹਿਣਾ ਚਾਹੀਦਾ ਹੈ, ਅਗਲੇ ਸਲੋਕ ਅੰਦਰ ਦਰਸਾਇਆ ਹੈ।

ਮਃ ੧।।

ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ।।

ਅਠਸਠਿ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲੁ।।

ਜਿਨੑ ਪਟੁ ਅੰਦਰਿ ਬਾਹਰਿ ਗੁਦੜੁ ਤੇ ਭਲੇ ਸੰਸਾਰਿ।।

ਤਿਨੑ ਨੇਹੁ ਲਗਾ ਰਬ ਸੇਤੀ ਦੇਖਨੑੇ ਵੀਚਾਰਿ।।

ਰੰਗਿ ਹਸਹਿ ਰੰਗਿ ਰੋਵਹਿ ਚੁਪ ਭੀ ਕਰਿ ਜਾਹਿ।।

ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹ।।

ਦਰਿ ਵਾਟ ਉਪਰਿ ਖਰਚੁ ਮੰਗਾ ਜਬੈ ਦੇਇ ਤ ਖਾਹਿ।।

ਦੀਬਾਨੁ ਏਕੋ ਕਲਮ ਏਕਾ ਹਮਾ ਤੁਮਾੑ ਮੇਲੁ।।

ਦਰਿ ਲਏ ਲੇਖਾ ਪੀੜਿ ਛੁਟੈ ਨਾਨਕਾ ਜਿਉ ਤੇਲੁ।। ੨।।

ਪਦ ਅਰਥ:- ਅੰਦਰਹੁ ਝੂਠੇ – ਧੁਰ ਅੰਦਰੋਂ ਝੂਠੇ ਹਨ। ਪੈਜ ਬਾਹਰਿ – ਬਾਹਰ ਇੱਜਤ, ਸਤਿਕਾਰ। ਦੁਨੀਆ ਅੰਦਰਿ ਫੈਲੁ – ਲੋਕਾਂ ਵਿੱਚ ਵਿਖਾਵੇ ਦੀ। ਅਠਸਠਿ ਤੀਰਥ ਜੇ ਨਾਵਹਿ – (ਅਖੌਤੀ) ਅਠਾਹਠ ਤੀਰਥਾਂ `ਤੇ ਜੇ ਨਹਾਉਂਦਾ ਵੀ ਫਿਰੈ। ਉਤਰੈ ਨਾਹੀ ਮੈਲੁ – ਤਾਂ ਵੀ (ਕੂੜ) ਰੂਪੀ ਮੈਲ ਨਹੀਂ ਉਤਰਦੀ। ਪਟੁ – ਸੰ: ਚਤੁਰ। ਜਿਨੑ ਪਟੁ ਅੰਦਰਿ – ਅਜਿਹੇ ਲੋਕ ਅੰਦਰੋਂ ਚਤਰ ਚਲਾਕ ਹਨ। ਬਾਹਰਿ ਗੁਦੜੁ – ਬਾਹਰ ਵੀ ਰੁੱਖਾਪਨ ਹੈ। ਤੇ ਭਲੇ ਸੰਸਾਰਿ – ਉਹ ਆਪਣੇ ਆਪ ਨੂੰ ਸੰਸਾਰ ਵਿੱਚ ਭਲੇ ਨੇਕ ਅਖਵਾਉਂਦੇ ਹਨ। ਤਿਨੑ ਨੇਹੁ ਲਗਾ ਰਬ ਸੇਤੀ ਦੇਖਨੑੇ ਵੀਚਾਰਿ – ਦੇਖਣ ਵਾਲੇ ਇਸ ਤਰ੍ਹਾਂ ਸੋਚਦੇ ਹਨ ਕਿ ਰੱਬ ਨਾਲ ਇਨ੍ਹਾਂ ਦਾ ਨੇਹ ਲੱਗਾ ਹੋਇਆ ਹੈ। ਵੀਚਾਰਿ – ਵਿਚਾਰਨਾ, ਸੋਚਣਾ, ਸੋਚਦੇ ਹਨ। ਰੰਗਿ – ਮੌਜ। ਰੰਗਿ ਹਸਹਿ ਰੰਗਿ ਰੋਵਹਿ – ਆਪਣੀ ਹੀ ਮੌਜ/ਰੰਗ ਵਿੱਚ ਹਸਦੇ ਹਨ, ਆਪਣੇ ਹੀ ਰੰਗ/ਮੌਜ ਵਿੱਚ ਹੀ ਰੋਂਦੇ ਹਨ। ਚੁਪ ਭੀ ਕਰਿ ਜਾਹਿ - ਕਦੀ ਚੁੱਪ ਵੀ ਕਰ ਜਾਂਦੇ ਹਨ। ਪਰਵਾਹ ਨਾਹੀ ਕਿਸੈ ਕੇਰੀ – ਅਜਿਹੇ ਲੋਕ (ਵਿਖਾਵੇ ਦੇ ਤੌਰ `ਤੇ) ਆਖਦੇ ਹਨ ਕਿ ਸਾਨੂੰ ਹੋਰ ਕਿਸੇ ਦੀ ਪਰਵਾਹ ਹੀ ਨਹੀਂ। ਬਾਝੁ ਸਚੇ ਨਾਹ – ਸੱਚੇ ਤੋਂ ਬਗੈਰ ਕਿਸੇ ਹੋਰ ਦੀ। ਦਰਿ ਵਾਟ ਉਪਰਿ ਖਰਚੁ ਮੰਗਾ ਜਬੈ ਦੇਇ ਤ ਖਾਹਿ – ਇਹ ਕਹਿ ਕਰ ਕੇ ਉਨ੍ਹਾਂ ਦੇ ਦਰ ਦੇ ਰਸਤੇ `ਤੇ ਚੱਲਣ ਵਾਲੇ (ਪਾਖੰਡੀ ਆਪ ਕਿਰਤ ਨਹੀਂ ਕਰਦੇ ਅਤੇ ਇਹ ਆਖਦੇ ਹਨ) ਅਸੀਂ ਉਸ ਤੋਂ ਮੰਗਦੇ ਹਾਂ ਅਤੇ ਜਦੋਂ ਉਹ ਦਿੰਦਾ ਹੈ ਤਾਂ ਅਸੀਂ ਖਾਂਦੇ ਹਾਂ। ਮੇਲੁ – ਜੋੜ, ਜੋੜ ਕੇ। ਦੀਬਾਨੁ ਏਕੋ ਕਲਮ ਏਕਾ ਹਮਾ ਤੁਮਾੑ ਮੇਲੁ – ਹਮਾ ਤੁਮਾ, ਜਣਾ ਖਣਾਹੀ ਆਪਣੇ ਨਾਲ ਜੋੜ ਕਿ ਇੱਕ ਦਰਬਾਰ ਲਾਈ ਬੈਠਾ ਹੈ ਅਤੇ ਇੱਕ ਕਲਮ ਫੜੀ ਬੈਠਾ ਹੈ। ਦਰਿ ਲਏ ਲੇਖਾ ਪੀੜਿ ਛੁਟੈ ਨਾਨਕਾ ਜਿਉ ਤੇਲੁ – ਇਸ ਤਰ੍ਹਾਂ ਨਾਨਕ ਨੂੰ ਆਖਦੇ ਹਨ ਕਿ ਰੱਬ ਦਰ `ਤੇ ਜੋ ਲੇਖਾ-ਜੋਖਾ ਲਿਆ ਜਾਂਦਾ ਹੈ ਅਤੇ ਉਹ ਇਸ ਤਰ੍ਹਾਂ ਪੀੜਦਾ ਹੈ ਜਿਵੇਂ ਤੇਲ ਦੀ ਘਾਣੀ।

ਅਰਥ:- ਹੇ ਭਾਈ! ਜਿਹੜੇ ਆਪ ਅੰਦਰੋਂ ਜੂਠੇ ਹਨ ਪਰ ਬਾਹਰ ਦੁਨੀਆ ਅੰਦਰ ਵਿਖਾਵੇ ਦਾ ਸਤਿਕਾਰ ਬਣਾਈ ਬੈਠੇ ਹਨ ਅਜਿਹੇ ਲੋਕ ਅਠਾਹਠ ਤੀਰਥਾਂ `ਤੇ ਵੀ ਬੇਸ਼ੱਕ ਨਹਾਉਂਦੇ ਵੀ ਰਹਿਣ ਤਾਂ ਵੀ ਇਨ੍ਹਾਂ ਦੀ ਕੂੜ ਰੂਪੀ ਮੈਲ ਉੱਤਰ ਨਹੀਂ ਸਕਦੀ। ਅਜਿਹੇ ਲੋਕ ਅੰਦਰੋਂ ਚਤੁਰ ਚਲਾਕ ਹਨ, ਬਾਹਰ ਰੁਖਾਪਨ ਵੀ ਹੈ ਤੇ ਆਪਣੇ ਆਪ ਨੂੰ ਸੰਸਾਰ ਵਿੱਚ ਭਲੇ ਨੇਕ ਅਖਵਾਉਂਦੇ ਹਨ ਅਤੇ (ਵਿਖਾਵੇ ਦੇ ਤੌਰ `ਤੇ) ਆਪਣੇ ਰੰਗ/ਮੌਜ ਵਿੱਚ ਹੱਸਦੇ ਹਨ ਕਦੀ ਆਪਣੀ ਮੌਜ (ਵਿਖਾਵੇ ਦੇ ਤੌਰ `ਤੇ) ਰੋਂਦੇ ਹਨ ਕਦੀ ਚੁੱਪ ਵੀ ਕਰ ਜਾਂਦੇ ਭਾਵ ਕਦੀ ਮੋਨ ਧਾਰ ਲੈਦੇ ਹਨ ਅਤੇ ਦੇਖਣ ਵਾਲੇ ਸੋਚਦੇ ਹਨ ਕਿ ਇਨ੍ਹਾਂ ਦਾ ਰੱਬ ਨਾਲ ਨੇਹ ਲੱਗਾ ਹੋਇਆ ਹੈ। ਇਦਾਂ ਇਹ (ਵਿਖਾਵੇ ਦੇ ਤੌਰ `ਤੇ) ਆਪਣੇ ਆਪ ਨੂੰ ਰੱਬ ਨਾਲ ਜੁੜੇ ਹੋਏ ਹੋਣ ਦਾ ਢੌਂਗ ਪੇਸ਼ ਕਰਦੇ ਇਹ ਆਖਦੇ ਹਨ ਕਿ ਉਨ੍ਹਾਂ ਨੂੰ ਇੱਕ ਸੱਚੇ ਤੋਂ ਬਗੈਰ ਕਿਸੇ ਹੋਰ ਦੀ ਕੋਈ ਪਰਵਾਹ ਹੀ ਨਹੀਂ ਹੈ। ਇਸ ਤਰ੍ਹਾਂ ਹਮਾ ਤੁਮਾ, ਜਣਾ ਖਣਾ ਹੀ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਇੱਕ ਦਰਬਾਰ ਲਾਈ ਬੈਠਾ ਹੈ ਅਤੇ ਇੱਕ ਕਲਮ ਫੜੀ ਬੈਠਾ ਆਖਦਾ ਹੈ ਕਿ ਉਸ ਦੇ ਦਰ `ਤੇ ਲੇਖਾ-ਜੋਖਾ ਹੋਣਾ ਹੈ ਅਤੇ ਆਖਦੇ ਹਨ ਕਿ ਨਾਨਕਾ ਉਹ ਇਸ ਤਰ੍ਹਾਂ ਪੀੜਦਾ ਹੈ ਜਿਵੇਂ ਤੇਲ ਦੀ ਘਾਣੀ ਨੂੰ ਪੀੜਿਆ ਜਾਂਦਾ ਹੈ। ਭਾਵ ਐਸੇ ਢੌਂਗੀ ਲੋਕਾਂ ਨੂੰ ਇਸ ਤਰ੍ਹਾਂ ਡਰਾਉਂਦੇ ਹਨ।

ਨੋਟ:- ਨਾਨਕ ਜੀ ਨੇ ਝੂਠਿਆਂ ਦੇ ਝੂਠ ਤੋਂ ਪੜਦਾ ਚੁੱਕਿਆ ਹੈ ਕਈ ਪਾਖੰਡੀ ਆਪਣੀ ਆਪਣੀ ਅਦਾਲਤ ਲਗਾਈ ਬੈਠੇ ਹਨ। ਅੱਗੇ ਪਉੜੀ ਨਾਲ ਜੁੜਨਾ ਹੈ।

ਪਉੜੀ।।

ਆਪੇ ਹੀ ਕਰਣਾ ਕੀਓ ਕਲ ਆਪੇ ਹੀ ਤੈ ਧਾਰੀਐ।।

ਦੇਖਹਿ ਕੀਤਾ ਆਪਣਾ ਧਰਿ ਕਚੀ ਪਕੀ ਸਾਰੀਐ।।

ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ।।

ਜਿਸ ਕੇ ਜੀਅ ਪਰਾਣ ਹਹਿ ਕਿਉ ਸਾਹਿਬੁ ਮਨਹੁ ਵਿਸਾਰੀਐ।।

ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ।। ੨੦।।

ਪਦ ਅਰਥ:- ਆਪੇ ਹੀ ਕਰਣਾ ਕੀਓ ਕਲ – ਅਜਿਹੇ (ਅਵਤਾਰਵਾਦੀ) ਲੋਕ ਜੋ ਅਗਿਆਨਤਾ ਵਿੱਚ ਇਹ ਆਖਦੇ ਹਨ ਕੇ ਅਸੀਂ ਹੀ ਕਰਣਾ ਕੀਆ ਭਾਵ ਸ੍ਰਿਸ਼ਟੀ ਸਾਜੀ ਹੈ। ਕਲ – ਅਗਿਆਨਤਾ। ਆਪੇ ਹੀ ਤੈ ਧਾਰੀਐ – ਅਤੇ ਆਪ ਹੀ ਦੇਹ ਧਾਰੀ ਹੈ। ਦੇਖਹਿ ਕੀਤਾ ਆਪਣਾ – ਤਾਂ ਜੋ ਕਿ ਆਪਣਾ ਕੀਤਾ ਦੇਖ ਸਕੀਏ। ਧਰਿ ਕਚੀ ਪਕੀ ਸਾਰੀਐ – ਕੱਚੀ ਪੱਕੀ ਸਾਰੀ ਜੋ ਰਚੀ ਹੈ। ਜੋ ਆਇਆ ਸੋ ਚਲਸੀ – ਜਦੋਂ ਕੇ ਸੱਚ ਇਹ ਹੈ ਕਿ ਜੋ ਵੀ ਸੰਸਾਰ `ਤੇ ਆਇਆ ਹੈ ਉਸ ਹਰੇਕ ਨੇ ਜਾਣਾ ਹੀ ਹੈ। ਸਭੁ ਕੋਈ ਆਈ ਵਾਰੀਐ – ਹਰੇਕ ਦੀ ਸੰਸਾਰ) ਤੋਂ ਜਾਣ ਦੀ ਵਾਰੀ ਆਈ ਹੀ ਹੈ। ਜਿਸ ਕੇ ਜੀਅ ਪਰਾਣ ਹਹਿ – ਜਿਸ ਨੇ ਜੀਵ ਨੂੰ ਪ੍ਰਾਣ ਬਖਸ਼ੇ ਹਨ। ਕਿਉ ਸਾਹਿਬੁ ਮਨਹੁ ਵਿਸਾਰੀਐ – ਉਸ ਸਾਹਿਬ ਨੂੰ ਮਨੋ ਕਿਉਂ ਵਿਸਾਰੀਏ। ਆਪਣੇ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ – ਆਪੇ ਹੱਥੀਂ ਆਪਣਾ ਕਾਰਜ ਆਪ ਸੰਵਾਰਨਾ ਚਾਹੀਦਾ ਹੈ।

ਅਰਥ:- ਹੇ ਭਾਈ! ਜਿਹੜੇ (ਅਵਤਰਵਾਦੀ) ਲੋਕ ਅਗਿਆਨਤਾ ਵੱਸ ਆਖਦੇ ਹਨ ਕਿ ਅਸੀਂ ਹੀ ਸ੍ਰਿਸ਼ਟੀ ਸਾਜੀ ਹੈ ਅਤੇ ਅਸੀਂ ਆਪ (ਇਸ ਲਈ) ਦੇਹਧਾਰੀ ਹੈ ਤਾਂ ਜੋ ਕਿ ਅਸੀਂ ਆਪਣਾ ਕੀਤਾ ਆਪਣੀ ਰਚੀ ਕੱਚੀ ਪੱਕੀ ਸਾਰੀ ਰਚਨਾ ਨੂੰ ਆਪ ਦੇਖ ਸਕੀਏ। ਜਦੋਂ ਕਿ ਸੱਚ ਇਹ ਹੈ ਕਿ ਜੋ ਵੀ ਕੋਈ ਸੰਸਾਰ ਵਿੱਚ ਆਇਆ ਹੈ, ਸਭ ਚਲਾਏਮਾਨ ਹੈ ਅਤੇ ਜੋ ਵੀ ਕੋਈ ਸੰਸਾਰ ਤੇ ਆਇਆ ਹੈ ਹਰੇਕ ਦੀ ਸੰਸਾਰ ਤੋਂ ਜਾਣ ਦੀ ਵਾਰੀ ਆਈ ਹੀ ਹੈ ਭਾਵ ਹਰੇਕ ਨੇ ਸੰਸਾਰ ਤੋਂ ਜਾਣਾ ਹੀ ਹੈ, ਕਿਸੇ ਆਪਣੇ ਆਪ ਨੂੰ ਰੱਬ ਅਖਵਾਉਣ ਵਾਲੇ ਨੇ ਵੀ ਨਾ ਰਹਿਣਾ ਹੈ ਨਾ ਕੋਈ ਰਹਿਆ ਹੈ। ਜਿਸ ਸਾਹਿਬ ਨੇ ਜੀਵ ਨੂੰ ਪ੍ਰਾਣ ਬਖਸ਼ੇ ਹਨ, ਉਸ ਨੂੰ ਮਨੋ ਕਿਉਂ ਵਿਸਾਰੀਏ ਭਾਵ ਨਹੀਂ ਵਿਸਾਰਨਾ ਚਾਹੀਦਾ ਇਸ ਲਈ ਆਪਣੇ ਹੱਥੀਂ ਆਪਣਾ ਆਪੇ ਹੀ ਕਾਰਜ ਸਵਾਰੀਏ ਭਾਵ ਸੰਵਾਰਨਾ ਚਾਹੀਦਾ ਹੈ ਕਿਸੇ (ਅਵਤਾਰਵਾਦੀ ਆਪਣੇ ਆਪ ਰੱਬ ਅਖਵਾਉਣ ਜਾਂ ਰੱਬ ਦੇ ਦੂਤ ਅਖਵਾਉਣ ਵਾਲੇ ਦੀ ਮੁਥਾਜੀ ਨਹੀਂ ਕਰਨੀ ਚਾਹੀਦੀ)।

ਬਲਦੇਵ ਸਿੰਘ ਟੌਰਾਂਟੋ।




.