.

ਗੁਰਬਾਣੀ ਦਾ ਧਰਮ

ਸਾਚ ਧਰਮ ਸਿਉ ਰੁਚਿ ਨਹੀ ਆਵਤ
ਸਤਿ ਸੁਨਤ ਛੋਹਾਇਆ।-੪੦੨

ਜੇ ਜੀਵਾਂ ਦੀ ਰੁਚੀ ਸੱਚੇ ਧਰਮ ਵਿੱਚ ਨਾ ਹੋਵੇ ਤਾਂ ਉਨਾਂ ਨੂੰ ਸੱਚੀ ਸਿੱਖਿਆ ਸੁਣਕੇ ਬਹੁਤ ਗੁੱਸਾ ਆਉਂਦਾ ਹੈ। ਕਾਰਨ ਇਹ ਹੈ ਕਿ ਧਰਮ ਦੇ ਰਾਹ ਤੇ ਤੁਰਨ ਲਈ ਜੀਵ ਪਰਖ ਵਾਲੀ ਬੁੱਧੀ ਦਾ ਇਸਤੇਮਾਲ ਨਹੀਂ ਕਰਦੇ। ਆਮ ਕਰਕੇ ਉਹ ਹੀ ਗੱਲਾਂ ਕਰਨ ਲੱਗ ਪੈਂਦੇ ਹਨ ਜਿਹੜੀਆਂ ਹੋਰ ਕਰਦੇ ਨਜ਼ਰ ਆਉਂਦੇ ਹਨ-
ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ
ਜਿਨ ਗੁਰਮੁਖਿ ਹਿਰਦਾ ਸੁਧੁ ਹੈ ਸੇਵ ਪਈ ਤਿਨ ਥਾਇ-੨੮

ਲੋਕਾਚਾਰੀ ਰਸਮਾਂ ਕਰੀ ਜਾਣੀਆਂ, ਧਰਮ ਦੇ ਨਾਂਅ ਤੇ ਕਿਸੇ ਲਿਬਾਸ ਜਾਂ ਚਿੰਨ ਨੂੰ ਧਾਰਨ ਕਰ ਲੈਣਾ ਅਤੇ ਆਮ ਮਾਨਤਾ ਵਿੱਚ ਆਏ ਵਰਤਾਰੇ ਨੂੰ ਅਪਣਾ ਲੈਣਾ ਸਾਨੂੰ ਸੱਚੇ ਧਰਮ ਦੇ ਪਾਂਧੀ ਨਹੀਂ ਬਣਾਏਗਾ। ਧਰਮ ਦੇ ਨਾਂਅ ਤੇ ਕੀਤੇ ਬੇਅੰਤ ਕਰਮ ਕਾਂਡ ਸਾਨੂੰ ਕਿਸੇ ਮੰਜਿਲ ਤੇ ਨਹੀਂ ਲੈ ਕੇ ਜਾਣਗੇ। ਸਫਲਤਾ ਦਾ ਇੱਕੋ ਹੀ ਤਰੀਕਾ ਹੈ ਤੇ ਉਹ ਹੈ ਗੁਰੂ ਦੀ ਸਿੱਖਿਆ ਤੇ ਚੱਲਕੇ ਆਪਣੇ ਮਨ ਨੂੰ ਵਿਕਾਰਾਂ ਦੀ ਮੈਲ ਤੋਂ ਰਹਿਤ ਕਰਨਾ-
ਅੰਤਰਿ ਮੈਲੁ ਜੇ ਤੀਰਥ ਨਾਵੈ ਤਿਸੁ ਬੈਕੁੰਠ ਨਾ ਜਾਨਾ
ਲੋਕ ਪਤੀਣੈ ਕਛੂ ਨ ਹੋਵੈ ਨਾਹੀ ਰਾਮੁ ਅਯਾਨਾ- ੪੮੪

ਜੇ ਅਸੀਂ ਗੁਰਬਾਣੀ ਦੀ ਸਿੱਖਿਆ ਲੈ ਕੇ ਧਰਮੀ ਬਣੇ ਹੁੰਦੇ ਤਾਂ ਸਾਡਿਆਂ ਹਿਰਦਿਆਂ ਵਿੱਚ ਕਿਸੇ ਭੀ ਭੈੜ ਜਾਂ ਵਿਕਾਰ ਦੀ ਮੈਲ ਨਾ ਹੁੰਦੀ।ਅੰਦਰ ਮੈਲ ਦਾ ਹੋਣਾ ਸਾਨੂੰ ਬਾਹਰਲੇ ਅਡੰਬਰ ਵਿੱਚ ਪੂਰੇ ਹੁੰਦਿਆਂ ਵੀ ਦਰਜ਼ਾ ਮਨਮੁਖਿ ਦਾ ਹੀ ਦੇਵੇਗਾ। ਆਓ ਦੇਖੀਏ ਕਿ ਗੁਰਬਾਣੀ ਜਿੰਦਗੀ ਦਾ ਕੀ ਮਕਸਦ ਨੀਯਤ ਕਰਦੀ ਹੈ:
ਭਈ ਪਰਾਪਤਿ ਮਾਨੁਖ ਦੇਹੁਰੀਆ
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ
ਅਵਰਿ ਕਾਜ ਤੇਰੇ ਕਿਤੈ ਨ ਕਾਮ-੧੨

ਪ੍ਭੂ ਮਿਲਾਪ ਦਾ ਇੱਕੋ ਇੱਕ ਤਰੀਕਾ ਕੀ ਹੈ?
ਪ੍ਭ ਮੇਰਾ ਸਦਾ ਨਿਰਮਲਾ ਮਨਿ ਨਿਰਮਲਿ ਪਾਇਆ ਜਾਇ-੬੫
ਮਨ ਦੇ ਨਿਰਮਲ ਹੋਣ ਤੋਂ ਬਿਨਾਂ ਕੋਈ ਵੀ ਸਫਲਤਾ ਨਹੀਂ ਹੋਣੀ। ਧਰਮ ਦੇ ਨਾਂਅ ਤੇ ਕੀਤੀ ਸਾਰੀ ਮਿਹਨਤ ਦਾ ਟੀਚਾ ਮਨ ਨੂੰ ਨਿਰਮਲ ਕਰਨ ਦਾ ਹੋਣਾ ਚਾਹੀਦਾ ਹੈ। ਮੈਲੇ ਮਨ ਨੇ ਸਦਾ ਹੀ ਪੁੱਠੇ ਕੰਮ ਕਰਨੇ ਹਨ ਅਤੇ ਇਸ ਰਾਹੀਂ ਕੀਤਾ ਹਰ ਕੰਮ ਹੀ ਮੈਲਾ ਹੋਣਾ ਹੈ ਜਿਸਦੇ ਕਰਕੇ ਸਾਰੀ ਮਿਹਨਤ ਅਜਾਈਂ ਚਲੇ ਜਾਣੀ ਹੈ:
ਮਨੁ ਵੇਕਾਰੀ ਵੇੜਿਆ ਵੇਕਾਰਾ ਕਰਮ ਕਮਾਇ-੮੮
ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ-੫੫੮
ਮਨ ਨੂੰ ਨਿਰਮਲ ਕਰਨ ਦੇ ਇੱਕੋ ਇੱਕ ਸਹੀ ਕੰਮ ਨੂੰ ਕਰਨ ਦੀ ਥਾਂ ਜੀਵ ਤਨ ਅਤੇ ਇਸਤੇ ਧਾਰੇ ਚਿੰਨ ਅਤੇ ਪਹਿਨੇ ਵੇਸਾਂ ਦੇ ਬਾਰੇ ਬੇਅੰਤ ਕਾਇਦੇ ਕਨੂੰਨ ਬਣਾਕੇ ਉਨਾਂ ਦੀ ਪਾਲਣਾ ਵਿੱਚ ਹੀ ਮਸਤ ਹੋਏ ਰਹਿੰਦੇ ਹਨ ਕਿਉਂਕਿ ਉਹ ਸੱਚਾ ਧਰਮ ਪੈਦਾ ਕਰਨ ਵਾਲੀ ਗੁਰਬਾਣੀ ਦੀ ਸਿੱਖਿਆ ਦੇ ਦਾਇਰੇ ਵਿੱਚ ਨਹੀਂ ਰਹਿੰਦੇ:
ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾਂ ਮਹਿ ਚੂਕ
ਅੰਧੈ ਏਕੁ ਨ ਲਗਈ ਜਿਉ ਬਾਂਸ ਬਜਾਈਐ ਫੂਕ-੧੩੭੨
ਗੁਰਬਾਣੀ ਗਰੰਥ ਨੂੰ ਅਸੀਂ ਰਸਮੀ ਅਤੇ ਵਿਵਿਹਾਰਕ ਉੱਚਤਾ ਤਾਂ ਦਿੱਤੀ ਹੋਈ ਹੈ ਪਰ ਸੱਚੇ ਧਰਮ ਬਾਰੇ ਉਸਦੀ ਸ਼ਾਇਦ ਹੀ ਕੋਈ ਸਿਖਿਆ ਲਈ ਹੋਵੈ। ਉਸਦੀ ਬਾਣੀ ਨੂੰ ਪੜਨ, ਸੁਣਨ, ਗਾਉਣ ਤੇ ਕੰਠ ਕਰਨ ਦੇ ਅਨੇਕਾਂ ਵਿਉਹਾਰ ਬਣਾ ਲਏ ਹਨ ਪਰ ਉਸਦੀ ਸਿੱਖਿਆ ਨੂੰ ਬੁੱਝਣ ਦਾ ਟੀਚਾ ਕਦੇ ਵੀ ਨਹੀਂ ਬਣਾਇਆ। ਬੁੱਝੇ ਬਿਨਾਂ ਸਾਨੂੰ ਸੱਚੇ ਧਰਮ ਦਾ ਰਾਹ ਕਦੇ ਵੀ ਨਜ਼ਰ ਨਹੀਂ ਆਉਣਾ:
ਆਵਨ ਆਏ ਸਿ੍ਸਟਿ ਮਹਿ ਬਿਨੁ ਬੂਝੇ ਪਸੁ ਢੋਰ-੨੫੧
ਇਹ ਜਗੁ ਅੰਧਾ ਸਭੁ ਅੰਧ ਕਮਾਵੈ ਬਿਨੁ ਗੁਰ ਮਗੁ ਨ ਪਾਏ-੬੦੩
ਸੱਚੇ ਧਰਮ ਦਾ ਰਾਹ ਸਿਰਫ ਤੇ ਕੇਵਲ ਗੁਰਬਾਣੀ ਹੀ ਦਿਖਾ ਸਕਦੀ ਹੈ। ਇਸ ਦੀ ਸਿੱਖਿਆ ਵਿੱਚ ਕਿਸੇ ਵੀ ਬਹਾਨੇ ਕਿਸੇ ਵੀ ਹੋਰ ਥਾਂ ਤੋਂ ਰਲਾਅ ਪਾਉਣਾ ਸੱਚੇ ਧਰਮ ਦੇ ਰਾਹ ਤੇ ਚੱਲਣ ਲਈ ਘਾਤਕ ਹੋਵੇਗਾ। ਜੇ ਸਿੱਖਿਆ ਨੇ ਹਿਰਦੇ ਤੇ ਕੋਈ ਅਸਰ ਨਾ ਕੀਤਾ ਤਾਂ ਪੜਨਾ, ਸੁਣਨਾ, ਗਾਉਣਾ ਤੇ ਕੰਠ ਕਰਨਾ ਸਿਰਫ ਦੁਨਿਆਵੀ ਕੰਮ ਹੀ ਰਹਿਣਗੇ।

ਪੜਨਾ ਗੁੜਨਾ ਸੰਸਾਰ ਕੀ ਕਾਰ ਹੈ ਅੰਦਰਿ ਤਿ੍ਸਨਾ ਵਿਕਾਰੁ
ਹਉਮੈ ਵਿਚਿ ਸਭਿ ਪੜਿ ਥਕੇ ਦੂਜੈ ਭਾਇ ਖੁਆਰੁ-੬੫੦
ਸਿਰਫ ਪੜਨਾ ਭਾਵੇਂ ਸਾਰੀ ਉਮਰ ਭੀ ਕਰੀ ਜਾਈਏ ਇਸ ਤਰਾਂ ਅੰਦਰਲੀ ਮੈਲ ਕਦੇ ਵੀ ਨਹੀਂ ਜਾਣੀ: ਪੰਡਿਤ ਮੈਲੁ ਨ ਚੁਕਈ ਜੇ ਵੇਦ ਪੜੈ ਜੁਗ ਚਾਰਿ-੬੪੭
ਗੁਰਬਾਣੀ ਉਸ ਨੂੰ ਸਹੀ ਸਮਝਦੀ ਹੈ ਜਿਹੜਾ ਪੜਨਾ, ਸੁਣਨਾ ਤੇ ਗਾਉਣਾ ਸਿੱਖਿਆ ਨੂੰ ਬੁੱਝਕੇ ਮਨ ਵਿੱਚ ਵਸਾਉਣ ਲਈ ਕਰਦਾ ਹੈ: ਹਉ ਵਾਰੀ ਜੀਉ ਵਾਰੀ ਪੜਿ ਬੁੱਝਿ ਮੰਨਿ ਵਸਾਵਣਿਆ-੧੨੭।
ਗੁਰਬਾਣੀ ਤਾਂ ਕੀਰਤਨ ਵੀ ਉਸੇ ਹੀ ਕੰਮ ਨੂੰ ਗਿਣਦੀ ਹੈ ਜਿਸ ਦੇ ਨਾਲ ਅੰਦਰੋਂ ਦੁਰਮਤਿ ਦੀ ਮੈਲ ਦਾ ਖਾਤਮਾ ਹੁੰਦਾ ਹੈ: ਜੋ ਜੋ ਕਥੈ ਸੁਨੈ ਹਰਿ ਕੀਰਤਨੁ ਤਾ ਕੀ ਦੁਰਮਤਿ ਨਾਸ-੧੩੦੦
ਗੁਰਬਾਣੀ ਦੀ ਸਿੱਖਿਆ ਬੁੱਝਣ ਵਾਲੇ ਲਈ ਸਾਫ ਹੋ ਜਾਂਦਾ ਹੈ ਕਿ ਸੱਚੇ ਧਰਮੀ ਬਣਨ ਲਈ ਕੀ ਕਰਨਾ ਜ਼ਰੂਰੀ ਹੈ: ਗੁਰਮੁਖਿ ਹੋਇ ਤਿਸੁ ਸਭ ਕਿਛੁ ਸੁਝੈ। ਨਾਨਕ ਗੁਰਮੁਖਿ ਮਨ ਸਿਉ ਲੁਝੈ-੧੪੧੮।
ਮਨ ਨਾਲ ਇਸਦੀ ਮੈਲ ਕੱਢਣ ਲਈ ਲੁੱਝਣਾ ਹੈ। ਇਹ ਬਹੁਤ ਔਖਾ ਕੰਮ ਹੈ। ਪਰ ਇਹ ਛੱਡਕੇ ਹੋਰ ਕੰਮਾਂ ਵਿੱਚ ਲੱਗੇ ਰਹਿਣਾ ਜੀਵਨ ਨੂੰ ਅਸਫਲ ਕਰਨਾ ਹੈ: ਵਿਣੁ ਮਨੈ ਜਿ ਹੋਰੀ ਨਾਲਿ ਲੁਝਣਾ ਜਾਸੀ ਜਨਮੁ ਗਵਾਇ-੮੭
ਗੁਰੂ, ਸਿੱਖ ਦੇ ਅੰਦਰੋਂ ਦੁਰਮਤਿ ਦੀ ਮੈਲ ਕੱਢਣ ਦਾ ਕੰਮ ਪਹਿਲਾਂ ਕਰਨਾ ਚਾਹੁੰਦਾ ਹੈ ਕਿਉਂਕਿ ਤਾਂ ਹੀ ਸੇਵਾ ਸਫਲ ਹੋਣੀ ਹੈ: ਸਿਖ ਕੀ ਗੁਰੁ ਦੁਰਮਤਿ ਮਲੁ ਹਿਰੈ। ਗੁਰਬਚਨੀ ਹਰਿ ਨਾਮੁ ਉਚਰੈ-੨੮੬।
ਅੰਦਰੋਂ ਮੈਲ ਦੂਰ ਹੋਣ ਦੇ ਕੰਮ ਨੂੰ ਹੀ ਗੁਰੂ ਨਾਮ ਦਾ ਉਚਾਰਨ ਸਮਝਦਾ ਹੈ। ਇਹ ਗੁਰੂ ਦਾ ਤਰੀਕਾ ਹੈ। ਜੀਭ ਦੇ ਨਾਲ ਰਟਣ ਦਾ ਕੰਮ ਤਾਂ ਸਾਰੀ ਦੁਨੀਆਂ ਕਰਦੀ ਹੈ ਪਰ ਗੁਰੂ, ਬਾਣੀ ਦੀ ਸਿੱਖਿਆ ਤੇ ਚੱਲਣ ਨੂੰ ਨਾਮ ਪਰਾਪਤੀ ਦਾ ਸਾਧਨ ਨੀਯਤ ਕਰਦਾ ਹੈ: ਰਸਨਾ ਨਾਮੁ ਸਭੁ ਕੋਈ ਕਹੈ। ਸਤਿਗੁਰੁ ਸੇਵੇ ਤਾ ਨਾਮੁ ਲਹੈ-੧੨੬੨
ਹਿਰਦੇ ਵਿੱਚੋਂ ਅੌਗੁਣਾਂ ਦੀ ਮੈਲ ਕੱਢਕੇ ਉੱਥੇ ਗੁਣਾਂ ਦੀ ਸੰਭਾਲ ਕਰਨ ਦੇ ਕੰਮ ਨੂੰ ਗੁਰੂ ਨਾਮ ਦਾ ਜਾਪ ਮੰਨਦਾ ਹੈ।ਕਿਸੇ ਹੋਰ ਕੰਮ ਨੂੰ ਜਪਣਾ ਕਹਿਣ ਨੂੰ ਮੂਰਖਤਾ ਮੰਨਦਾ ਹੈ: ਮੂੜੇ ਰਾਮੁ ਜਪਹੁ ਗੁਣ ਸਾਰਿ-੧੯
ਮੈਲੇ ਮਨ ਦੇ ਨਾਲ ਨਾ ਹੀ ਭਗਤੀ ਕੀਤੀ ਜਾ ਸਕਦੀ ਹੈ, ਨਾ ਹੀ ਨਾਮ ਦੀ ਪਰਾਪਤੀ ਹੋ ਸਕਦੀ ਹੈ ਤੇ ਨਾ ਹੀ ਗੁਰੂ ਨੂੰ ਪਰਵਾਨ ਅੰਮਰਿਤ ਪੀਤਾ ਜਾ ਸਕਦਾ ਹੈ:
ਮਨਿ ਮੈਲੈ ਭਗਤਿ ਨ ਹੋਵਈ ਨਾਮੁ ਨ ਪਾਇਆ ਜਾਇ-੩੯
ਮੈਲੁ ਲਾਗੀ ਮਨਿ ਮੈਲਿਐ ਕਿਨੈ ਅੰਮਿ੍ਤ ਪੀਆ-੭੬੬

ਧਿਆਨ ਰੱਖਣ ਵਾਲੀ ਗੱਲ ਤਾਂ ਇਹ ਹੈ ਕਿ ਦਸਾਂ ਪਾਤਿਸਾਹੀਆਂ ਨੇ ਸੈਂਕੜੇ ਸਾਲ ਮਿਹਨਤ ਕਰਕੇ ਸਾਡੀ ਅਗਵਾਈ ਲਈ ਸਿਰਫ ਇੱਕ ਹੀ ਗ੍ੰਥ ਤਿਆਰ ਕੀਤਾ। ਇਸਦਾ ਸਾਫ ਭਾਵ ਇਹ ਹੈ ਕਿ ਧਰਮ ਦੀ ਕੋਈ ਵੀ ਪਰਾਪਤੀ ਸਿਰਫ ਇਸਦੀ ਸਿੱਖਿਆ ਤੇ ਚੱਲਕੇ ਹੀ ਹੋਣੀ ਹੈ। ਧਰਮ ਦੇ ਕਿਸੇ ਵੀ ਕੰਮ ਲਈ ਕਿਸੇ ਵੀ ਹੋਰ ਚੀਜ਼ ਨੂੰ ਇਸਦਾ ਬਦਲ ਨਹੀਂ ਬਣਾ ਸਕਦੇ। ਇਸਦੀ ਸਿੱਖਿਆ ਤੇ ਚੱਲਣ ਨਾਲ ਦਿਲਾਂ ਵਿੱਚ ਔਗੁਣਾਂ ਦੀ ਮੈਲ ਦੀ ਥਾਂ ਗੁਣਾਂ ਦੀ ਨਿਰਮਲਤਾ ਲੈ ਲਏਗੀ: ਬਲਿਹਾਰੀ ਗੁਰ ਆਪਣੇ ਜਿਨਿ ਅਉਗਣ ਮੇਟਿ ਗੁਣ ਪਰਗਟੀਆਏ-੩੦੩
ਹਿਰਦੇ ਵਿੱਚ ਗੁਣ ਹੋਣ ਨੂੰ ਬਾਣੀ ਪ੍ਭੂ ਦਾ ਵਾਸਾ ਹੋਣਾ ਮੰਨਦੀ ਹੈ ਅਤੇ ਔਗੁਣਾਂ ਨਾਲ ਭਰੇ ਹਿਰਦੇ ਤੋਂ ਉਹ ਪਰਮੇਸ਼ਰ ਸਦਾ ਦੂਰ ਰਿਹੰਦਾ ਹੈ:
ਜਿਨ ਗੁਣ ਤਿਨ ਸਦ ਮਨਿ ਵਸੈ ਅਉਗੁਣਵੰਤਿਆ ਦੂਰਿ
ਮਨਮੁਖ ਗੁਣ ਤੇ ਬਾਹਰੇ ਬਿਨੁ ਨਾਵੈ ਮਰਦੇ ਝੂਰਿ-੨੭
ਜੇਕਰ ਗੁਰੂ ਦੀ ਮਤਿ ਨਹੀਂ ਲਈ ਤਾਂ ਹੋਰ ਸਭ ਕੁੱਝ ਕਰਦੇ ਰਹਿਣ ਨਾਲ ਵੀ ਅੰਦਰ ਦੁਰਮਤਿ ਟਿਕੀ ਰਹਿਣੀ ਹੈ ਅਤੇ ਫਿਰ ਫਿਟਕਾਰ ਹੀ ਹਿੱਸੇ ਅਵੇਗੀ:
ਗੁਰਮਤਿ ਨਹੀ ਲੀਨੀ ਦੁਰਮਤਿ ਪਤਿ ਖੋਈ-੮੭੯
ਗੁਰਬਾਣੀ ਦੇ ਅਨੁਸਾਰ ਧਰਮੀ ਹੋਣ ਲਈ ਮਨਾਂ ਨੂੰ ਨਿਰਮਲ ਕਰਨਾ ਪਹਿਲਾ ਅਤੇ ਅਾਖਰੀ ਕੰਮ ਹੈ। ਇਸਤੋਂ ਬਿਨਾਂ ਕੀਤੇ ਹੋਰ ਕੰਮਾਂ ਦਾ ਧਰਮੀ ਹੋਣ ਵਿੱਚ ਕੋਈ ਵੀ ਹਿੱਸਾ ਨਹੀਂ:
ਕਬੀਰ ਮਨੁ ਨਿਰਮਲੁ ਭਇਆ ਜੈਸਾ ਗੰਗਾ ਨੀਰੁ
ਪਾਛੈ ਲ਼ਾਗੋ ਹਰਿ ਫਿਰੈ ਕਹਤ ਕਬੀਰ ਕਬੀਰ-੧੩੬੭
ਪਰ ਦੁਖਾਂਤ ਇਹ ਹੈ ਕਿ ਅਸੀਂ ਧਰਮੀ ਹੋਣ ਦੀ ਪਦਵੀ ਦਾ ਗੁਰੂ ਦੀ ਸਿੱਖਿਆ ਤੇ ਚੱਲਣ ਦੀ ਸ਼ਰਤ ਨਾਲ ਕੋਈ ਸੰਬੰਧ ਨਹੀਂ ਰਹਿਣ ਦਿੱਤਾ। ਸਾਡੀ ਕਸਵੱਟੀ ਅਨੁਸਾਰ ਅਸੀਂ ਸੈਂਕੜੇ ਤੇ ਹਜ਼ਾਰਾਂ ਨੂੰ ਇਹ ਪਦਵੀ ਦਿੰਦੇ ਹਾਂ ਪਰ ਗੁਰੂ ਕਹਿੰਦਾ ਹੈ: ਗੁਰ ਕੀ ਸਿਖ ਕੋ ਵਿਰਲਾ ਲੇਵੈ-੫੦੯

ਅਸੀਂ ਰਸਮਾਂ ਦੇ ਬਿਉਹਾਰ ਦਾ ਅਡੰਬਰ ਕਰਨ ਵਾਲੇ ਬਹੁਤ ਵੱਡੀ ਗਿਣਤੀ ਵਿੱਚ ਹਾਂ ਪਰ ਗੁਰਬਾਣੀ ਦੀ ਸਿੱਖਿਆ ਦਾ ਸੇਵਕ ਕੋਈ ਵਿਰਲਾ ਹੀ ਹੈ: ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ ਬਿਉਹਾਰੀ-੪੯੫
ਸਿਰਫ ਤੇ ਕੇਵਲ ਜੇ ਗੁਰੂ ਦੀ ਸਿੱਖਿਆ ਨੂੰ ਬੁੱਝਕੇ ਉਸਦੇ ਉੱਤੇ ਚੱਲਾਂਗੇ ਤਾਂ ਹੀ ਅਸੀਂ ਮਨੁੱਖਾ ਜੀਵਨ ਦਾ ਮਕਸਦ ਪਰਾਪਤ ਕਰ ਸਕਾਂਗੇ। ਪਰ ਜੇ ਪੜਨ, ਸੁਣਨ ਤੇ ਗਾਉਣ ਦੀਆਂ ਰਸਮਾਂ ਕਰਦਿਆਂ ਹੀ ਜਿੰਦਗੀ ਲੰਘਾ ਦਿੱਤੀ ਤਾਂ ਗੁਰੂ ਇਹ ਨਤੀਜਾ ਸਾਡੇ ਲਈ ਨੀਯਤ ਕਰਦਾ ਹੈ:
ਸੇਵਕ ਸਿੱਖ ਪੂਜਣ ਸਭਿ ਆਵਹਿ
ਸਭਿ ਗਾਵਹਿ ਹਰਿ ਹਰਿ ਊਤਮ ਬਾਨੀ।
ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ
ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ-੬੬੯

ਗੁਰੂ ਦੀ ਮਤਿ ਲੈਣੀ ਹੀ ਸਤਿਗੁਰ ਨਾਲ ਜੁੜਨਾ ਹੈ। ਹਿਰਦੇ ਨੂੰ ਗੁਰਬਾਣੀ ਦੀ ਸਿੱਖਿਆ ਦੇ ਨਾਲ ਜੋੜਨਾ ਹੀ ਅੰਦਰ ਨਾਮ ਦਾ, ਗੋਬਿੰਦ ਦਾ ਵਾਸਾ ਹੈ। ਹੋਰ ਅੱਡਰੇ ਤੌਰ ਤੇ ਕੋਈ ਕੰਮ ਕਰਨਾ ਨਹੀਂ ਬਚਦਾ। ਗੁਰੂ ਦੀ ਸਿੱਖਿਆ ਤੇ ਚੱਲਣ ਤੋਂ ਬਿਨਾਂ ਕਿਸੇ ਵੀ ਹੋਰ ਕੰਮ ਨੂੰ ਜ਼ਰੂਰੀ ਸਮਝਣਾ ਹੀ ਸਿੱਖਿਆ ਤੋਂ ਅਨਜਾਣਤਾ ਹੈ:
ਸਤਿਗੁਰ ਕੀ ਜਿਸਨੋ ਮਤਿ ਆਵੈ ਸੋ ਸਤਿਗੁਰ ਮਾਹਿ ਸਮਾਨਾ
ਇਹ ਬਾਣੀ ਜੋ ਜੀਅਹੁ ਜਾਣੈ ਤਿਸੁ ਅੰਤਰਿ ਰਵੈ ਹਰਿਨਾਮਾ-੭੯੩
ਬਾਣੀ ਦਾ ਦਿਲ ਤੇ ਅਜਿਹਾ ਅਸਰ ਹੋਣਾ ਚਾਹੀਦਾ ਹੈ ਕਿ ਫਿਰ ਧਰਮ ਦੇ ਨਾਂਅ ਤੇ ਕੋਈ ਵੀ ਚੀਜ਼ ਇਸਤੇ ਅਸਰ ਨਾ ਕਰ ਸਕੇ। ਸੱਚੇ ਧਰਮੀ ਦੀ ਪਦਵੀ ਤੇ ਪਹੁੰਚਣਾ ਬਹੁਤ ਮੁਸ਼ਕਲ ਕੰਮ ਹੈ ਇਸ ਲਈ ਧਰਮ ਦੀ ਗੱਲ ਕਰਦਿਆਂ ਸਾਡੀ ਜ਼ੁਬਾਨ ਤੇ ਕਦੇ ਵੀ ਕੁੜੱਤਣ ਨਹੀਂ ਆਉਣੀ ਚਾਹੀਦੀ ਕਿਉਂਕਿ ਉਸ ਪ੍ਭੂ ਦੀ ਬੋਲੀ ਸਦਾ ਹੀ ਪਿਆਰ ਦੀ ਹੈ:
ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ-੨
ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ-੭੮੪
ਸੱਚੇ ਧਰਮ ਦੇ ਰਾਹ ਤੇ ਤੁਰਦਿਆਂ ਕੁੱਝ ਕੁ ਹੋਰ ਗੱਲਾਂ ਵੀ ਧਿਆਨ ਵਿੱਚ ਰੱਖਣੀਆਂ ਜ਼ਰੂਰੀ ਹਨ ਤਾਂ ਕਿ ਗਲਤੀ ਨਾ ਹੋ ਜਾਵੈ:
ਆਪਸ ਕਉ ਜੋ ਭਲਾ ਕਹਾਵੈ। ਤਿਸਹਿ ਭਲਾਈ ਨਿਕਟਿ ਨਾ ਆਵੈ-੨੭੮
ਆਪਸ ਕਉ ਜੋ ਜਾਣੈ ਨੀਚਾ। ਸੋਊ ਗਨੀਐ ਸਭ ਤੇ ਊਚਾ-੨੬੬
ਆਪਣੇ ਆਪ ਨੂੰ ਵਲੀ ਕੰਧਾਰੀ ਬਣਾਕੇ " ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾਂ ਕੇ ਸਾਜਨ " ਵਾਲੀ ਪਿਆਰ ਅਤੇ ਹਲੀਮੀ ਵਾਲੀ ਉਹ ਮੰਜ਼ਲ ਨਾ ਭੁੱਲ ਜਾਈਏ ਜਿਹੜੀ ਗੁਰਬਾਣੀ ਉਨਾਂ ਲਈ ਨੀਯਤ ਕਰਦੀ ਹੈ ਜਿਨਾਂ ਨੂੰ " ਜਲਿ ਥਲਿ ਮਹੀਅਲਿ ਸਰਬ ਨਿਵਾਸੀ ਨਾਨਕ ਰਮਈਆ ਡੀਠਾ " ਦੀ ਸੋਝੀ ਕਰਾ ਦਿੰਦੀ ਹੈ।ਉਹ ਫਿਰ ਮਨੁੱਖਤਾ ਵਿੱਚ ਕਿਸੇ ਵੀ ਆਧਾਰ ਤੇ ਊਚ ਨੀਚ ਦੀ ਵੰਡੀ ਨਹੀਂ ਪਾਉਂਦੇ। ਉਹ ਕਿਸੇ ਦੀ ਸ਼ਕਲ ਦੇਖਕੇ ਹੀ ਕਰੋਧ ਦੀ ਅੱਗ ਵਿੱਚ ਨਹੀਂ ਸੜਨ ਲੱਗ ਪੈਂਦੇ। ਉਹ ਸਭ ਨੂੰ ਦੇਖਕੇ ਖੁਸ਼ ਹੁੰਦੇ ਹਨ:
ਸਭ ਮਹਿ ਰਵਿ ਰਹਿਆ ਪ੍ਭੁ ਏਕੈ ਪੇਖਿ ਪੇਖਿ ਨਾਨਕ ਬਿਗਸਾਈ-੧੨੯੯
ਬੇਨਤੀ ਇਹ ਹੈ ਕਿ ਹੋਰ ਸਾਰਾ ਕੁੱਝ ਛੱਡਕੇ, ਗੁਰੂ ਦੀ ਸਿੱਖਿਆ ਨੂੰ ਬੁੱਝਕੇ ਉਸਤੇ ਚੱਲਣ ਦੇ ਕੰਮ ਨੂੰ ਆਪਣਾ ਟੀਚਾ ਬਣਾਈਏ। ਛੋਟੇ ਛੋਟੇ ਫਿਰਕੇ ਬਣਾਕੇ ਉਸ ਦੀ ਸਰਬ ਵਿਆਪਕਤਾ ਤੋਂ ਮੁਨਕਰ ਨਾ ਹੋਈਏ। ਗੁਰਬਾਣੀ ਤੋਂ ਸਿੱਖੇ ਹੋਏ ਦਾ ਇੱਕ ਹੀ ਧੜਾ ਹੋ ਸਕਦਾ ਹੈ ਤੇ ਉਸ ਧੜੇ ਵਿੱਚ ਸਭ ਸ਼ਾਮਲ ਹਨ ਤੇ ਸਭ ਬਰਾਬਰ ਹਨ:
ਹਮਰਾ ਧੜਾ ਹਰਿ ਰਹਿਆ ਸਮਾਈ-੩੬੬
ਹਰੀ ਦੇ ਨਾਲ ਜੁੜਨ ਵਾਲੇ ਉਹ ਉੱਤਮ ਪੰਥ ਸਥਾਪਿਤ ਕਰਦੇ ਹਨ ਜਿੱਥੇ ਸਾਰੇ ਪਰੇਮ ਸਹਿਤ ਸਵੀਕਾਰ ਹੋਣ- ਆਈ ਪੰਥੀ ਸਗਲ ਜਮਾਤੀ-੬
ਗੁਰਬਾਣੀ ਦੀ ਸਿੱਖਿਆ ਤੇ ਚੱਲਣ ਵਾਲੇ ਵਧੀਆ ਸਮਾਜ਼ ਸਿਰਜ ਸਕਦੇ ਹਨ ਜਿੱਥੇ ਸਭ ਆਨੰਦ ਿਵੱਚ ਵਸਣਗੇ। ਪਰ ਸਾਨੂੰ ਇਸ ਤੋਂ ਦੂਰ ਹੋਇਆਂ ਨੂੰ ਇੰਨਾ ਚਿਰ ਹੋ ਗਿਆ ਹੈ ਕਿ ਇਸਨੂੰ ਸੁਣਨਾ " ਸਤਿ ਸੁਨਤ ਛੋਹਾਇਆ " ਵਾਲੀ ਹਾਲਤ ਪੈਦਾ ਕਰ ਦਿੰਦਾ ਹੈ। ਇਸਤੋਂ ਦੂਰ ਹੋਣ ਨਾਲ ਅਸੀਂ ਸੱਚੇ ਧਰਮ ਤੋਂ ਵੀ ਦੂਰ ਹੀ ਰਹਾਂਗੇ। ਸਿਰਫ ਤੇ ਕੇਵਲ ਗੁਰਬਾਣੀ ਦੀ ਸਿੱਖਿਆ ਦਾ ਹਿਰਦੇ ਵਿੱਚ ਵਸਣਾ ਹੀ ਸਾਨੂੰ ਸੱਚੇ ਧਰਮੀ ਬਣਾ ਸਕਦਾ ਹੈ। ਇਸ ਕੰਮ ਵਿੱਚ ਹੋਈ ਰਾਈ ਮਾਤਰ ਖੁਨਾਮੀ ਵੀ ਸਾਨੂੰ ਸੱਚੇ ਧਰਮੀ ਬਣਨ ਤੋਂ ਉਲਟ ਪਾਸੇ ਲੈ ਜਾਏਗੀ।
ਮਨੋਹਰ ਸਿੰਘ ਪੁਰੇਵਾਲ




.