ਰੱਬੀ ਮਿਲਨ ਦੀ ਬਾਣੀ
ਸਲੋਕ ਮ: ੯
ਦੀ ਵਿਚਾਰ
ਭਾਗ - 2
ਵੀਰ ਭੁਪਿੰਦਰ ਸਿੰਘ
ਗੁਰਬਾਣੀ ਦੀ ਬਣਤਰ
‘ਸਲੋਕ ਮਹਲਾ 9’ ਦਾ ਪਰਕਰਣ ‘ਸਲੋਕ ਵਾਰਾਂ ਤੇ ਵਧੀਕ’ ਤੋਂ ਸ਼ੁਰੂ ਹੁੰਦਾ
ਹੈ। ਵਧੀਕ ਦਾ ਅਰਥ ਹੈ ਵਾਰਾਂ ਤੋਂ ਵਧ ਰਹੇ ਸਲੋਕ। ਗੁਰੂ ਗ੍ਰੰਥ ਸਾਹਿਬ ਵਿਚ ਕੁੱਲ 22 ਵਾਰਾਂ ਹਨ।
ਇਹ ਵਾਰਾਂ ਪਹਿਲਾਂ ਕੇਵਲ ਪਉੜੀਆਂ ਸਨ। ਗੁਰੂ ਅਰਜਨ ਪਾਤਸ਼ਾਹ ਜੀ ਨੇ ਆਦਿ ਗ੍ਰੰਥ ਦੀ ਸੰਪਾਦਨਾ ਵੇਲੇ
ਪਉੜੀਆਂ ਦੇ ਨਾਲ ਰਲਵੇਂ ਸਲੋਕ ਲੜੀ ਵਾਰ ਮਹਲੇ 1, 2, 3, 4, 5 ਦੇ ਲਗਾ ਕੇ ਵਾਰਾਂ ਦਰਜ ਕੀਤੀਆਂ।
ਜੋ ਸਲੋਕ ਵਾਧੂ ਬੱਚ ਗਏ ਉਹ ਸਾਰੇ ਸਲੋਕ ਗੁਰੂ ਗ੍ਰੰਥ ਸਾਹਿਬ ਦੇ ਅਖੀਰ ਤੇ ‘ਸਲੋਕ ਵਾਰਾਂ ਤੇ
ਵਧੀਕ’ ਦੇ ਸਿਰਲੇਖ ਹੇਠਾਂ ਦਰਜ ਕਰ ਦਿੱਤੇ। ਇਨ੍ਹਾਂ ਵਾਧੂ ਸਲੋਕਾਂ ਨੂੰ ਗੁਰੂ ਪਾਤਸ਼ਾਹ ਨੇ ਐਸੇ
ਢੰਗ ਨਾਲ ਤਰਤੀਬ ਦਿੱਤੀ ਕਿ ਸਭ ਤੋਂ ਪਹਿਲਾਂ ਮਹਲਾ 1 ਦੇ ਸਲੋਕ ਲਗਾਏ ਅਤੇ ਫਿਰ ਲੜੀ ਵਾਰ ਮਹਲੇ 3,
4, 5 ਅਤੇ 9 ਮਹਲੇ ਦੇ ਸਲੋਕ ਦਰਜ ਕੀਤੇ। ਜੇ ਅਸੀਂ ਮਹਲੇ 1 ਦੇ ਸਲੋਕਾਂ ਦਾ ਪਰਕਰਣ ਸਮਝ ਲਈਏ ਤਾਂ
ਸਾਨੂੰ ਮਹਲੇ 3 ਦੇ ਸਲੋਕ ਸਮਝਣੇ ਸੌਖੇ ਹੋ ਜਾਣਗੇ। ਇਸੇ ਤਰ੍ਹਾਂ ਤੀਜੇ ਦੇ ਨਾਲ ਚੌਥੇ, ਪੰਜਵੇਂ
ਅਤੇ ਨੌਵੇ ਮਹਲੇ ਦੇ ਸਲੋਕਾਂ ਦੀ ਸਮਝ ਪਏਗੀ।
ਜੇ ਬਣਤਰ ਨੂੰ ਸਮਝ ਲਈਏ ਤਾਂ ਸਾਨੂੰ ਗੁਰਮਤਿ ਦੇ ਗਾਢੀਰਾਹ ਤੋਂ ਕੋਈ ਥੱਲੇ
ਨਹੀਂ ਲਾਹ ਸਕਦਾ ਕਿਉਂਕਿ ਸਾਨੂੰ ਸਿੱਧੀ ਗਲ ਪਰਕਰਣ ਅਨੁਸਾਰ ਸਮਝ ਪੈਂਦੀ ਜਾਂਦੀ ਹੈ। ਸਲੋਕ ਵਾਰਾਂ
ਤੇ ਵਧੀਕ ਤੋਂ ਇਸ ਪਰਕਰਣ ਨੂੰ ਸਮਝਣਾ ਲਾਹੇਵੰਦ ਹੋਵੇਗਾ।
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ
ਪ੍ਰਸਾਦਿ ॥
ਸਲੋਕ ਵਾਰਾਂ ਤੇ ਵਧੀਕ ॥ ਮਹਲਾ 1 ॥
ਉਤੰਗੀ ਪੈਓਹਰੀ ਗਹਿਰੀ ਗੰਭੀਰੀ ॥
ਸਸੁੜਿ ਸੁਹੀਆ ਕਿਵ ਕਰੀ ਨਿਵਣੁ ਨ ਜਾਇ ਥਣੀ ॥
ਗਚੁ ਜਿ ਲਗਾ ਗਿੜਵੜੀ ਸਖੀਏ ਧਉਲਹਰੀ ॥
ਸੇ ਭੀ ਢਹਦੇ ਡਿਠੁ ਮੈ ਮੁੰਧ ਨ ਗਰਬੁ ਥਣੀ ॥1॥
(ਸਲੋਕ ਵਾਰਾਂ ਤੇ ਵਧੀਕ ॥ ਪੰਨਾ 1410)
ਇਹ ਇਸਤਰੀ ਵਾਚਕ ਸ਼ਬਦ ਹੈ। ਇਸਤਰੀ ਦੇ ਲੱਛਣਾਂ ਦੀ ਗਲ ਕੀਤੀ ਗਈ ਹੈ। ਜਦੋਂ
ਉਹ ਜਵਾਨ ਹੁੰਦੀ ਹੈ ਤਾਂ ਉਸਦਾ ਕੈਸਾ ਸਰੂਪ ਹੁੰਦਾ ਹੈ। ਗੁਰੂ ਪਾਤਸ਼ਾਹ ਇਸਤਰੀ ਦੇ ਸਰੂਪ ਦੀ ਗਲ
ਕਰਕੇ ਉਸਦੀ ਚੜ੍ਹੀ ਜਵਾਨੀ ਦੀ ਗਲ ਕਰਕੇ ਮਨੁੱਖਾਂ ਨੂੰ ਸਮਝਾਉਣ ਲਈ ਕੁਝ ਕਹਿ ਰਹੇ ਹਨ।
ਉਤੰਗੀ:
ਲੰਬੇ
ਕੱਦ ਵਾਲੀ ਸੋਹਣੀ, ਲੰਬੀ ਅਤੇ ਉੱਚੀ, ਸੁਨੱਖੀ।
ਪੈਓਹਰੀ:
ਭਰੀ
ਜਵਾਨੀ ਵਿਚ ਅੱਪੜੀ ਹੋਈ ਸੁੰਦਰ ਇਸਤਰੀ ਰੂਪੀ ਮੱਤ ਭਾਵ ਹੰਕਾਰੀ ਹੋਈ ਮੱਤ ਆਪਣੇ ਇਸ ਸੁੰਦਰ ਸਰੀਰ
ਦਾ ਮਾਣ ਕਰਦੀ ਹੈ।
ਜਵਾਨ ਇਸਤਰੀ ਦੇ ਹੰਕਾਰ ਦਾ ਦ੍ਰਿਸ਼ ਇਉਂ ਬਣਾਉਂਦੇ ਹਨ ਕਿ ਮੈਂ ਲੰਬੀ,
ਜਵਾਨ, ਸੋਹਣੀ ਇਸਤਰੀ ਹਾਂ, ਮੈਨੂੰ ਜੋਬਨ ਛਾਇਆ ਹੋਇਆ ਹੈ। ਜੋਬਨ ਵਿਚ ਇੱਕ ਭੁਲੇਖਾ ਪੈ ਜਾਂਦਾ ਹੈ
ਕਿ ਦੁਨੀਆ ਪਾਗਲ ਹੈ ਅਤੇ ਮੇਰੇ ਵਰਗਾ ਸੁੰਦਰ-ਸਿਆਣਾ ਕੋਈ ਨਹੀਂ ਹੈ। ਇਸੀ ਕਾਰਨ ਘਰਾਂ ਵਿਚ
ਅੱਲ੍ਹੜ-ਉਮਰ (ਚੜ੍ਹਦੀ ਜਵਾਨੀ) ਵਿਚ ਬੱਚਿਆਂ ਦੀ ਮਾਂ-ਪਿਉ ਨਾਲ ਨਹੀਂ ਬਣਦੀ। ਅੱਜ ਦੁਨੀਆ ਦੇ ਹਰ
ਮਾਂ-ਪਿਉ ਲਈ ਇਹ ਸਮੱਸਿਆ ਹੈ ਕਿ ਨੌਜਵਾਨਾਂ ਨਾਲ ਕਿਵੇਂ ਨਿਪਟੀਏ। ਗੁਰੂ ਪਾਤਸ਼ਾਹ ਇਨ੍ਹਾਂ ਸਲੋਕਾਂ
ਵਿਚ ਇਨ੍ਹਾਂ ਸਮੱਸਿਆਵਾਂ ਦਾ ਹੱਲ ਦਸਦੇ ਹਨ। ਅੱਜ ਦੇ ਮਾਪਿਆਂ ਦੀ ਇਹ ਤਕਲੀਫ ਦੂਰ ਹੋ ਸਕਦੀ ਹੈ
ਜੇਕਰ ਅਸੀਂ ਗੁਮਰਾਹ ਨੌਜੁਆਨਾਂ ਨੂੰ ਬੁਰੀਆਂ ਆਦਤਾਂ ਜਿਵੇਂ ਕਿ ਨਸ਼ਾ, ਵਿਆਹ ਤੋਂ ਪਹਿਲਾਂ ਸਰੀਰਕ
ਸੰਬੰਧ ਰੱਖਣੇ, ਆਤਮ-ਹੱਤਿਆ, ਮਾਂ-ਪਿਉ ਨਾਲ ਲੜਾਈ, ਪਿਆਰ-ਵਿਆਹ ਆਦਿ ਸਮੱਸਿਆਵਾਂ ਤੋਂ ਸੁਰੱਖਿਅਤ
ਰੱਖੀਏ। ਇਸ ਪੱਖੋਂ ਅਸੀਂ ਬਾਣੀ ਨੂੰ ਸਮਝਣ ਦਾ ਜਤਨ ਕਰ ਰਹੇ ਹਾਂ।
ਭਰੀ ਜਵਾਨੀ ਵਿਚ ਅੱਪੜੀ ਹੋਈ ਹੰਕਾਰੀ ਇਸਤਰੀ ਰੂਪੀ ਮਤ ਨੂੰ ਗੁਰਬਾਣੀ ਵਿਚ
‘ਮੁੰਧ ਜੋਬਨ ਬਾਲੀ’ ਦੀ ਅਵਸਥਾ ਕਹਿੰਦੇ ਹਨ। ਭਾਵੇਂ ਉਹ ਕਿਸੇ ਵੀ ਉਮਰ ਦਾ ਕੁੜੀ-ਮੁੰਡਾ ਜਾਂ
ਇਸਤਰੀ-ਪੁਰਸ਼ ਹੈ ਜੇਕਰ ਸੱਚ ਦੇ ਗਿਆਨ ਅਨੁਸਾਰ ਜੀਵਨ ਨਹੀਂ ਹੈ ਤਾਂ ਗੁਰਬਾਣੀ ਦੀ ਬੋਲੀ ਵਿਚ ਉਸ ਦੀ
ਮਤ ‘ਮੁੰਧ ਜੋਬਨਿ ਬਾਲੀ’ ਹੀ ਹੈ।
ਪੰਥੁ ਦਸਾਵਾ ਨਿਤ ਖੜੀ ਮੁੰਧ ਜੋਬਨਿ ਬਾਲੀ ਰਾਮ ਰਾਜੇ ॥ (449)
ਪੰਥੁ ਦਸਾਵਾ ਤੋਂ ਭਾਵ ਹੈ 10 ਰਸਤੇ। ਸਾਡੇ ਸਰੀਰ ਦੇ 10 ਰਸਤੇ (ਇੰਦ੍ਰੀਆਂ, ਗਿਆਨ-ਇੰਦ੍ਰੀਆਂ)
ਜਿਨ੍ਹਾਂ ਤੋਂ ਸਾਡਾ ਮਨ ਅਨੇਕਾਂ ਦਿਸ਼ਾਵਾਂ ਵਿਚ ਜਾਂਦਾ ਹੈ। ਸਾਨੂੰ ਕੁਝ ਸਮਝ ਨਹੀਂ ਆਉਂਦੀ ਕਿ
ਅਸੀਂ ਆਪਣੀ ਜ਼ਿੰਦਗੀ ਕਿਸ ਤਰ੍ਹਾਂ ਜੀਵੀਏ। ‘ਮੁੰਧ ਜੋਬਨਿ ਬਾਲੀ’ ਤੋਂ ਭਾਵ ਹੈ - ਜਿਹੜੀ ਇਸਤਰੀ
ਜਵਾਨੀ ਤੇ ਤਾਂ ਅੱਪੜ ਗਈ ਹੈ ਪਰ ਜੀਵਨ ਜਿਊਣ ਦੀ ਅਕਲ ਨਹੀਂ ਹੈ। ਜੀਵਨ ਜਿਊਣ ਦਾ ਢੰਗ ਨਹੀ ਆਉਂਦਾ।
ਮੈਂ ਬਹੁਤ ਪੜ੍ਹਾਈ ਪੜ੍ਹ ਗਿਆ, ਵਹੁਟੀ ਬੱਚੇ ਵੀ ਹਨ, ਮਕਾਨ ਅਤੇ ਕਾਰੋਬਾਰ
ਵੀ ਹੈ ਪਰ ਮੈਨੂੰ ਹੁਣੇ ਆਪਣੇ ਵਰਤੋਂ ਵਿਹਾਰ ਵਿਚ ਜਿਊਣਾ ਨਹੀਂ ਆਉਂਦਾ ਤਾਂ ਮੇਰੀ ਮੱਤ ਹੁਣੇ
‘ਮੁੰਧ ਜੋਬਨਿ ਬਾਲੀ’ ਹੀ ਹੈ। ਉਮਰ ਕਰਕੇ ਭਾਵੇਂ ਕੋਈ 70-80 ਸਾਲਾਂ ਦਾ ਕਿਉਂ ਨਾ ਹੋਵੇ, ਜੇ
ਗੁਰਮਤਿ ਅਨੁਸਾਰ ਜੀਵਨ ਜਾਚ ਨਹੀਂ ਹੈ ਤਾਂ ‘ਮੁੰਧ ਜੋਬਨਿ ਬਾਲੀ’ ਵਾਲੀ ਮੱਤ ਨਾਲ ਜਿਊ ਰਿਹਾ ਹੈ।
‘ਮੁੰਧਿ ਜੋਬਨਿ ਬਾਲੀ’ ਦੀ ਅਵਸਥਾ ਵਿਚ ਮਨੁੱਖ ਹੰਕਾਰੀ ਹੋ ਕੇ ਕਿਸੇ ਦੀ ਨਹੀਂ ਸੁਣਦਾ। ਗੁਰੂ
ਪਾਤਸ਼ਾਹ ਐਸੇ ‘ਮੁੰਧਿ ਜੋਬਨਿ ਬਾਲੀ’ ਵਾਲੇ ਜੀਵਨ ਨੂੰ ਮੁਖਾਤਿਬ ਕਰਦੇ ਹੋਏ ਕਹਿੰਦੇ ਹਨ ਕਿ, ਐ ਮਨ!
ਤੂੰ ਹੰਕਾਰ ਵਿਚ ਨਾ ਰਹਿ, ਇਸ ਚੜ੍ਹੀ ਜਵਾਨੀ ਨੂੰ ਮੈਂ ਢਹਿੰਦਿਆਂ ਵੇਖਿਆ ਹੈ।
ਗਚੁ ਜਿ ਲਗਾ ਗਿੜਵੜੀ ਸਖੀਏ ਧਉਲਹਰੀ ॥ ਚੜ੍ਹੀ ਜਵਾਨੀ ਨੂੰ ਧਉਲਹਰੀ (ਭਾਵ
ਚਿੱਟੇ ਮਹਿਲਾਂ) ਦੀ ਤਸ਼ਬੀਹ ਦੇ ਕੇ ਸਮਝਾਉਂਦੇ ਹਨ ਕਿ ਐਸੇ ਚੂਨੇ ਦਾ ਬਣਿਆ ਮਹਿਲ ਆਖਰ ਢਹਿ ਹੀ
ਜਾਂਦਾ ਹੈ।
ਜੋਬਨ ਜਾਂਦੇ ਨਾ ਡਰਾਂ ਜੇ ਸਹ ਪ੍ਰੀਤਿ ਨ ਜਾਇ ॥ ਫਰੀਦਾ ਕਿਤਂੀ ਜੋਬਨ
ਪ੍ਰੀਤਿ ਬਿਨੁ ਸੁਕਿ ਗਏ ਕੁਮਲਾਇ ॥
(1379) ਜੋਬਨ ਤੇ ਕੀਤਾ ਹੋਇਆ ਮਾਣ ਥਿਰ ਨਹੀਂ ਰਹਿੰਦਾ ਕਿਉਂਕਿ ਜੋਬਨ ਸਦਾ ਕਾਇਮ ਨਹੀਂ ਰਹਿ ਸਕਦਾ।
ਜਿਵੇਂ ਰੇਤ ਨੂੰ ਹੱਥ ਵਿਚ ਫੜੋ੍ਹ ਤਾਂ ਖਿਸਕ ਹੀ ਜਾਂਦੀ ਹੈ। ਇੱਥੋਂ ਗੁਰੂ ਨਾਨਕ ਸਾਹਿਬ ‘ਸਲੋਕ
ਵਾਰਾਂ ਤੇ ਵਧੀਕ’ ਦਾ ਪਰਕਰਣ ਸ਼ੁਰੂ ਕਰਦੇ ਹਨ ਅਤੇ ਕਹਿੰਦੇ ਹਨ ਕਿ ਆਪਣੇ ਜੋਬਨ ਦੇ ਮਾਣ ਵਿਚ ਨਹੀਂ
ਰਹਿਣਾ ਚਾਹੀਦਾ।
ਇਸਦੇ ਨਾਲ ਹੀ ਅਸੀਂ ਗੁਰੂ ਨਾਨਕ ਸਾਹਿਬ ਦਾ ਦੂਜਾ ਸਲੋਕ ਵੀ ਸਮਝਦੇ ਹਾਂ,
ਸੁਣਿ ਮੁੰਧੇ ਹਰਣਾਖੀਏ ਗੂੜਾ ਵੈਣੁ ਅਪਾਰੁ ॥
ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ ॥
ਦੋਹੀ ਦਿਚੈ ਦੁਰਜਨਾ ਮਿਤ੍ਰਾਂ ਕੂੰ ਜੈਕਾਰੁ ॥
ਜਿਤੁ ਦੋਹੀ ਸਜਣ ਮਿਲਨਿ ਲਹੁ ਮੁੰਧੇ ਵਿਚਾਰੁ ॥
ਤਨੁ ਮਨੁ ਦੀਜੈ ਸਜਣਾ ਐਸਾ ਹਸਣੁ ਸਾਰੁ ॥
ਤਿਸ ਸਉ ਨੇਹੁ ਨ ਕੀਚਈ ਜਿ ਦਿਸੈ ਚਲਣਹਾਰੁ ॥
ਨਾਨਕ ਜਿਨ੍ੀ ਇਵ ਕਰਿ ਬੁਝਿਆ ਤਿਨ੍ਾ ਵਿਟਹੁ ਕੁਰਬਾਣੁ ॥2॥
(ਸਲੋਕ ਵਾਰਾਂ ਤੇ ਵਧੀਕ ॥ ਪੰਨਾ 1410)
ਮੁੰਧੇ:
ਮੁੰਧੇ
ਤੋਂ ਭਾਵ ਹੈ ‘ਮੁੰਧ ਜੋਬਨਿ ਬਾਲੀ’। ਸਰੀਰਕ ਤੋਰ ਤੇ ਜਵਾਨ ਹੋ ਜਾਣਾ ਪਰ ਸੁਚੱਜੀ ਜੀਵਨ ਜਾਚ ਬਾਰੇ
ਕੁਝ ਵੀ ਨਾ ਪਤਾ ਹੋਣਾ।
ਹਰਣਾਖੀਏ:
ਹਿਰਨ
ਵਰਗੀਆਂ ਸੋਹਣੀਆਂ ਅੱਖਾਂ ਵਾਲੀ।
ਸੁਣਿ ਮੁੰਧੇ ਹਰਣਾਖੀਏ: ਹਿਰਨੀ ਅੱਖਾਂ ਵਾਲੀ ਮੁੰਧੇ!
ਗੂੜਾ ਵੈਣੁ ਅਪਾਰੁ:
ਭਾਵ ਇੱਕ ਗੁੱਝੀ ਗਲ ਸੁਣ ਲੈ। ਇੱਕ ਭੇਤ ਦੀ ਗਲ ਤੈਨੂੰ ਸਮਝਾਵਾਂ!
ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ ॥ ਤੂੰ ਜਵਾਨੀ ਵਿਚ ਪੈਰ
ਰੱਖਿਆ ਹੈ, ਪਰ ਜਵਾਨੀ ਬਾਰੇ ਪਹਿਲਾਂ ਕੁਝ ਸਮਝ ਲੈ ਕਿ ਜਦੋਂ ਜਵਾਨ ਹੁੰਦੇ ਹਾਂ, ਸਰੀਰਕ ਬਣਤਰ ਵਿਚ
ਤਬਦੀਲੀ ਆਉਂਦੀ ਹੈ, ਤਾਂ ਕੀ ਹੁੰਦਾ ਹੈ?
ਨੋਟ: ਇਨ੍ਹਾਂ ਸਲੋਕਾਂ ਵਿਚ ‘ਮੁੰਧੇ’ ਦੀ ਗਲ ਕੀਤੀ ਹੈ ਪਰ ਇਹ ਕੇਵਲ
ਜਵਾਨਾਂ ਲਈ ਨਹੀਂ ਹੈ। ਕਿਉਂਕਿ ਗੁਰਮਤ ਇਹ ਨਹੀਂ ਮੰਨਦੀ ਕਿ ਕਿਸੇ ਖਾਸ ਉਮਰ ਵਿਚ ਹੀ ਰੱਬ ਨੂੰ
ਮਿਲਣਾ ਚਾਹੀਦਾ ਹੈ। ਗੁਰਬਾਣੀ ਦਸਦੀ ਹੈ,
‘ਹਮ ਆਦਮੀ ਹਾਂ ਇਕ ਦਮੀ
ਮੁਹਲਤਿ ਮੁਹਤੁ ਨ ਜਾਣਾ ॥’ (660)।
ਇਹ ਕਿਹਾ ਹੀ ਨਹੀਂ ਜਾ ਸਕਦਾ ਕਿ ਹਰ ਕੋਈ ਬਿਰਧ ਹੋ ਕੇ ਹੀ ਮਰੇਗਾ। ਬੇਸ਼ਕ
ਅਸੀਂ ਉਮਰ ਦੇ ਕਿਸੇ ਵੀ ਪੜਾਉ ਤੇ ਪਹੁੰਚ ਗਏ ਹਾਂ ਗੁਰਮਤਿ ਤਾਂ ਹਰ ਮਨੁੱਖ ਨੂੰ ਆਤਮਕ ਨੀਂਦ ਤੋਂ
ਜਗਾਉਣਾ ਚਾਹੁੰਦੀ ਹੈ।
ਦੋਹੀ ਦਿਚੈ ਦੁਰਜਨਾ ਮਿਤ੍ਰਾਂ ਕੂੰ ਜੈਕਾਰੁ ॥ ਭਾਵ ਹੇ ਮੁੰਧੇ! ਤੂੰ
ਨੌਜਵਾਨ ਹੋ ਗਈਂ ਹੈ, ਤੈਨੂੰ ਕਾਮਾਦਿਕ ਦੁਰਜਨ ਆਪਣੇ ਵਲ ਆਕਰਸ਼ਿਤ ਕਰਨਗੇ। ਇਹ ਦੁਸ਼ਮਨ ਰੂਪੀ ਅਵਗੁਣ
ਤੈਨੂੰ ਤੰਗ ਕਰਨਗੇ। ਉਹ ਤੈਨੂੰ ਸੱਜਣ ਲੱਗਣਗੇ ਪਰ ਉਹ ਤੇਰੇ ਮਿੱਤਰ ਨਹੀਂ, ਉਹ ਤੇਰੇ ਦੁਸ਼ਮਨ ਹਨ
ਉਨ੍ਹਾਂ ਨੂੰ ਕਾਬੂ ਕਰਨਾ ਹੈ, ਤਿਆਗਣਾ ਨਹੀਂ ਹੈ। ਉਨ੍ਹਾਂ ਦੁਰਜਨਾਂ ਨੂੰ ਕਾਬੂ ਕਰਨ ਲਈ, ਮਿੱਤਰ
ਬਣਾਉਣ ਲਈ ਚੰਗੇ ਗੁਣਾਂ ਦਾ ਖਜ਼ਾਨਾ ਇੱਕਠਾ ਕਰਨਾ ਹੈ। ‘ਮਿਤ੍ਰਾਂ ਕੂੰ ਜੈਕਾਰੁ’ ਭਾਵ ਚੰਗੇ ਗੁਣਾਂ
ਨੂੰ ਸਜਣ-ਮਿੱਤਰ ਬਣਾਉਣਾ ਹੈ।
ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨਿ੍ ॥ ਜਿਥੈ ਲੇਖਾ ਮੰਗੀਐ ਤਿਥੈ ਖੜੇ
ਦਿਸੰਨਿ ॥
(729) ਅਤੇ
ਜਿਨ੍ਾ ਦਿਸੰਦੜਿਆ ਦੁਰਮਤਿ
ਵੰਞੈ ਮਿਤ੍ਰ ਅਸਾਡੜੇ ਸੇਈ ॥ ਹਉ ਢੂਢੇਦੀ ਜਗੁ ਸਬਾਇਆ ਜਨ ਨਾਨਕ ਵਿਰਲੇ ਕੇਈ ॥
(520) ‘ਵਿਰਲੇ ਕੇਈ’ ਅਤੇ
‘ਜਨ ਨਾਨਕ ਕੋਟਨ ਮੈ ਕੋਊ’...
ਐਸੀਆਂ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਵਿਚ ਹੋਰ ਵੀ ਹਨ। ਇਨ੍ਹਾਂ ਦਾ ਅਰਥ ਇਹ ਨਹੀਂ ਕਿ ਕਰੋੜਾਂ
ਵਿਚੋਂ ਕੋਈ ਵਿਰਲਾ ਹੀ ਰੱਬੀ ਨੇੜਤਾ ਮਾਣ ਸਕਦਾ ਹੈ। ਜੇ ਇਸ ਦੇ ਅਰਥ ਇਹ ਲੈ ਲਈਏ ਤਾਂ ਅਸੀਂ ਛੁੱਟੀ
ਲੈ ਲੈਂਦੇ ਹਾਂ ਕਿ ਮੈਂ ਕਰੋੜਾਂ ਵਿਚੋਂ ਉਹ ਵਿਰਲਾ ਨਹੀਂ ਹਾਂ। ਫਿਰ ਅਸੀਂ ਪੂਰੀ ਅਜ਼ਾਦੀ ਨਾਲ ਇਸ
ਮਨ ਦੇ ਪਿੱਛੇ ਲੱਗ ਜਾਂਦੇ ਹਾਂ।
‘ਵਿਰਲੇ’ ਦਾ ਅਰਥ ਜਪੁ ਬਾਣੀ ਵਿਚੋਂ ਸਮਝਣ ਦਾ ਜਤਨ ਕਰਦੇ ਹਾਂ। ‘ਮੰਨੇ’
ਦੀਆਂ ਪਉੜੀਆਂ ਵਿਚ ਕਹਿ ਰਹੇ ਹਨ,
ਜੇ ਕੋ, ਮੰਨਿ ਜਾਣੈ, ਮਨਿ ਕੋਇ
॥ (3) ‘ਜੇ ਕੋ’ ਤੋਂ ਭਾਵ ਹੈ ਕਿ ਜੇ
ਕੋਈ ਵੀ ਮਨੁੱਖ ਆਪਣੇ ਮਨ ਦੀ ਮੱਤ ਤਿਆਗ ਕੇ ਸਤਿਗੁਰ ਦੀ ਗੱਲ ਮੰਨ ਲਏ ਤਾਂ ਉਹ ਸੋਧਿਆ ਹੋਇਆ ਮਨ
‘ਮਨਿ ਕੋਇ’ ਬਣ ਜਾਂਦਾ ਹੈ। ਭਾਵ ਵਿਰਲਾ ਬਣ ਜਾਂਦਾ ਹੈ। ਇਸ ਦਾ ਮਤਲਬ ਇਹ ਕਿ ਕਰੋੜਾਂ ਵਿਚੋਂ ਕਿਸੇ
ਇੱਕ ਨੇ ਵਿਰਲਾ ਨਹੀਂ ਬਣਨਾ ਦਰਅਸਲ ਹਰ ਕਿਸੇ ਨੇ ਵਿਰਲਾ ਬਣਨਾ ਹੈ। ਜੇ ਇਸ ਗਲ ਨੂੰ ਅਸੀਂ ਆਪਣੇ
ਪੱਲੇ ਬੰਨ ਲਵਾਂਗੇ ਤਾਂ ਸਾਡੇ ਜੀਵਨ ਵਿਚ ਸੁਧਾਰ ਆ ਸਕਦਾ ਹੈ।
ਇਹ ਚੰਗੇ ਗੁਣ (ਸਜਣ, ਮਿੱਤਰ) ਹੀ ‘ਗੁਨ ਗੋਬਿੰਦ ਗਾਇਓ’ ਬਣਨਗੇ।
ਰੱਬੀ ਗੁਣਾਂ ਨੂੰ ਆਪਣਾ ਮਿੱਤਰ ਬਣਾਉਣਾ ਹੈ। ਹੇ ਮੁੰਧ ਜੋਬਨ ਬਾਲੀ! ਹੇ ਹਿਰਨੀ ਅੱਖਾਂ ਵਾਲੀਏ! ਜੇ
ਤੂੰ ਐਸੇ ਚੰਗੇ ਗੁਣਾਂ ਨੂੰ ਮਿੱਤਰ ਬਣਾ ਲਵੇਂਗੀ ਤਾਂ ਜੀਵਨ ਸੰਵਰ ਜਾਏਗਾ।
ਸਸੁੜਿ ਸੁਹੀਆ ਕਿਵ ਕਰੀ ਨਿਵਣੁ ਨ ਜਾਇ ਥਣੀ ॥
ਜਵਾਨੀ ਦੇ ਅੰਦਰ ਦੁਨੀਆਵੀ ਚਮਕੀਲੀਆਂ ਚੀਜ਼ਾਂ ਖਿੱਚ ਪਾਉਂਦੀਆਂ ਹਨ ਅਤੇ
ਕਾਮਾਦਿਕ ਰੁਚੀਆਂ ਹੋਰ ਵੀ ਜ਼ਿਆਦਾ ਤੰਗ ਕਰਦੀਆਂ ਹਨ। ਇਨ੍ਹਾਂ ਤੋਂ ਬਚਣ ਲਈ ਆਪਣੇ ਨਾਲ ਚੰਗੇ ਗੁਣ
(ਸੱਜਣ) ਰੱਖਣੇ ਪੈਣਗੇ। ਭਾਵ ਜਦੋਂ ਮਨ ਆਪਣੀ ਹੰਕਾਰੀ ਅਵਸਥਾ ਵਿਚ ਸੱਚ ਸੁਣਨਾ ਨਹੀਂ ਚਾਹੁੰਦਾ,
ਸੱਚ ਲੈਣਾ ਨਹੀਂ ਚਾਹੁੰਦਾ ਤਾਂ ਉਸ
‘ਮੁੰਧ ਜੋਬਨ ਬਾਲੀ’
ਅਵਸਥਾ ਵਾਲੇ (ਮਨ) ਨੂੰ ਸਮਝਾ ਰਹੇ ਹਨ ਕਿ ਚੰਗੇ ਗੁਣਾਂ ਲਈ ਰੱਬੀ ਉਸਤਤ ਕਰਨੀ ਪੈਂਦੀ ਹੈ। ਕਿਉਂਕਿ
ਗੁਰਬਾਣੀ ਦਾ ਕਥਨ ਹੈ
‘ਕਬੀਰ ਮਨੁ ਪੰਖੀ ਭਇਓ ਉਡਿ ਉਡਿ ਦਹ ਦਿਸ ਜਾਇ ॥
ਜੋ ਜੈਸੀ ਸੰਗਤਿ ਮਿਲੈ ਸੋ ਤੈਸੋ ਫਲੁ ਖਾਇ ॥’ (1369) ਕਬੀਰ ਸਾਹਿਬ
ਕਹਿੰਦੇ ਹਨ ਕਿ ਇਹ ਮਨ ਪੰਖੀ ਬਣ ਗਿਆ ਹੈ। ਦਸਾਂ ਦਿਸ਼ਾਵਾਂ ਤੋਂ ਉੱਡ-ਉੱਡ ਕੇ ਬਾਹਰ ਵਲ ਜਾਂਦਾ ਹੈ।
ਜਿਸ ਪਾਸੇ ਜਾਂਦਾ ਹੈ, ਜੈਸੇ ਖਿਆਲਾਂ ਦਾ ਭੋਜਨ ਕਰਦਾ ਹੈ, ਵੈਸਾ ਹੀ ਇਹ ਬਣਦਾ ਜਾਂਦਾ ਹੈ। ਇਸੇ
ਤਰ੍ਹਾਂ ਚੰਗੀ ਸੰਗਤ ਸਾਨੂੰ ਚੰਗੇ ਗੁਣ ਸਿਖਾਉਂਦੀ ਹੈ। ਜੇ ਅਸੀਂ ਰੱਬੀ ਉਸਤਤ ਕਰਾਂਗੇ ਤਾਂ ਸਾਨੂੰ
ਰੱਬੀ ਗੁਣ ਪਰਾਪਤ ਹੋਣਗੇ।
‘ਏ ਮਨ ਜੈਸਾ ਸੇਵਹਿ ਤੈਸਾ ਹੋਵਹਿ ਤੇਹੇ ਕਰਮ ਕਮਾਇ ॥’
(755)
ਜੇ ਦਿਨ-ਰਾਤ ਕਾਮਾਦਿਕ ਰੁਚੀਆਂ ਨੂੰ ਵਾਧਾ ਦਿਵਾਉਣ ਵਾਲੇ ਕੰਮ ਕੀਤੇ ਤਾਂ
ਚੰਗੇ ਗੁਣ, ਸੱਜਣ ਨਹੀਂ ਮਿਲਣਗੇ ਬਲਕਿ ਇਸ ਤੋਂ ਉਲਟ ਕਾਮਾਦਿਕ ਰੁਚੀਆਂ ਮਿੱਤਰ ਬਣ ਜਾਣਗੀਆਂ। ਇਸ
ਲਈ ਐ ਮੇਰੇ ਮਨ! ਸੱਚ ਦੀ ਸੰਗਤ ਕਰਦੇ ਰਹੋ ਤਾਂ ਕਿ ਮਨ ਨੀਵੇਂ ਕਿਰਦਾਰ ਦਾ ਨਾ ਬਣ ਜਾਵੇ।
ਗੁਰਬਾਣੀ ਵਿਚ ਜਵਾਨ ਇਸਤਰੀ ਦੀ ਮਿਸਾਲ ਰਾਹੀਂ ਪੂਰੀ ਦੁਨੀਆ ਨੂੰ ਮੁਖਾਤਿਬ
ਕਰਕੇ ਸਮਝਾਉਂਦੇ ਹਨ ਕਿ ਮਨੁੱਖ ਸਰੀਰਕ ਤੌਰ ਤੇ ਤਾਂ ਵੱਡਾ ਹੋ ਗਿਆ ਹੈ ਪਰ ਉਸਨੂੰ ਗੁਰਮਤਿ ਅਨੁਸਾਰ
ਜੀਵਨ ਜਾਚ ਦੀ ਸਮਝ ਨਹੀਂ ਹੈ ਜਿਸ ਕਰਕੇ ਉਹ ਆਪਣੀ ਜਵਾਨੀ ਦੇ ਮਾਣ ’ਚ ਰਹਿੰਦਾ ਹੈ। ਗੁਰਬਾਣੀ ਬਹੁ
ਪੱਖੀ ਹੈ ਪਰ ਕਾਵਿ ਰਚਨਾ ਵਿਚ ਇੱਕੋ ਪੱਖ ਲਿਖਿਆ ਜਾਂਦਾ ਹੈ ਅਤੇ ਉਸਨੂੰ ਸਾਰਿਆ ਉੱਤੇ ਢੁਕਾ ਕੇ
ਸਮਝਣਾ ਹੁੰਦਾ ਹੈ। ਸੋ ਇੱਥੇ ਕੇਵਲ ਕਿਸੀ ਜਵਾਨ ਇਸਤਰੀ ਬਾਰੇ ਨਹੀਂ ਕਿਹਾ ਜਾ ਰਿਹਾ। ਜਿਵੇਂ ਕਿ,
ਬਹੁ ਪਰਪੰਚ ਕਰਿ ਪਰ ਧਨੁ ਲਿਆਵੈ ॥ ਸੁਤ ਦਾਰਾ ਪਹਿ ਆਨਿ ਲੁਟਾਵੈ ॥ (656) ਆਮਤੌਰ ਤੇ ਇਸਦੇ ਅਰਥ
ਸਮਝੇ ਜਾਂਦੇ ਹਨ ਕਿ ਐ ਇਨਸਾਨ ਤੂੰ ਪਰਪੰਚ ਕਰਕੇ ਪੈਸਾ ਕਮਾਉਂਦਾ ਹੈਂ ਅਤੇ ਆਪਣੀ ਵਹੁਟੀ-ਬੱਚਿਆਂ
ਉੱਤੇ ਲੁਟਾਉਂਦਾ ਹੈਂ। ਜੇ ਇਸ ਪੰਕਤੀ ਦੇ ਕੇਵਲ ਸਤਹੀ ਅਰਥ ਕਰੀਏ ਤਾਂ ਇਹ ਭੁਲੇਖਾ ਲਗਦਾ ਹੈ ਕਿ
ਕੇਵਲ ਮਰਦਾਂ ਲਈ ਹੀ ਕਿਹਾ ਗਿਆ ਹੈ। ਪਰ ਗੁਰਬਾਣੀ ਸਾਰਿਆਂ ਲਈ ਇੱਕੋ ਜਿਹੀ ਹੈ। ਰਹਾਉ ਵਾਲੀ ਪੰਕਤੀ
ਪੜ੍ਹਿਆਂ ਸਮਝ ਪੈਂਦੀ ਹੈ ਕਿ ਐ ਮੇਰੇ ਮਨ, ਕਪਟ ਨਾ ਕਰ। ਸੋ ਮਨ ਨੂੰ ਸਮਝਾਇਆ ਜਾ ਰਿਹਾ ਹੈ ਕਿ
‘ਮਨ ਮੇਰੇ ਭੂਲੇ ਕਪਟੁ
ਨ ਕੀਜੈ ॥ ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ ॥’
(656)।
ਸੋ, ‘ਮੁੰਧ ਜੋਬਨਿ ਬਾਲੀ’ ਵੀ ਕੇਵਲ ਕਿਸੇ ਇਸਤਰੀ ਨੂੰ ਮੁਖ਼ਾਤਿਬ ਨਹੀਂ ਹੈ।
ਸਾਰੇ ਮਨੁੱਖਾਂ ਦੀ ਅਗਿਆਨਤਾ ਭਰੀ ਮਨ ਦੀ ਅਵਸਥਾ ਬਾਰੇ ਹੈ।
ਜਿਵੇਂ ਜਵਾਨ ਇਸਤਰੀ ਆਪਣੇ ਸਰੀਰ, ਅੱਕਲ, ਜਵਾਨੀ ਦੇ ਹੰਕਾਰ ਵਸ ਕਿਸੇ ਦੀ
ਕੋਈ ਗੱਲ ਸੁਣਨਾ ਨਹੀਂ ਚਾਹੁੰਦੀ ਇਸੇ ਤਰ੍ਹਾਂ ਅਸੀਂ ਭਾਵੇਂ ਕਿਸੇ ਵੀ ਲਿੰਗ ਦੇ ਹਾਂ ਅਤੇ ਉਮਰ ਦੇ
ਕਿਸੇ ਵੀ ਪੜਾਉ ਤੇ ਹਾਂ ਪਰ ਜੇ ਅਸੀਂ ਸੱਚ ਦੀ ਗੱਲ ਸੁਣਨਾ ਪਸੰਦ ਨਹੀਂ ਕਰਦੇ ਅਤੇ ਆਪਣੀ ਹੰਕਾਰੀ
ਬੁੱਧੀ ਕਾਰਨ ਬਿਲਕੁਲ ਵੀ ਸੱਚ ਸੁਣ ਨਹੀਂ ਰਹੇ ਤਾਂ ਅਸੀਂ
‘ਮੁੰਧ ਜੋਬਨ ਬਾਲੀ’
ਵਾਲੇ ਜੀਵਨ ਦੇ ਲਖਾਇਕ ਹੋ ਗਏ।
ਗੁਰਬਾਣੀ ਦਾ ਕਥਨ ਹੈ ਕਿ ਜਿਨ੍ਹਾਂ ਮਹਿਲਾਂ ਤੇ ਚੂਨਾ ਲੱਗਾ ਹੋਵੇ ਉਹ ਮਹਿਲ
ਢਹਿ ਪੈਂਦੇ ਹਨ, ਇਸੇ ਤਰ੍ਹਾਂ ਐ ਜੋਬਨ ਮਤੇ ਇਨਸਾਨ ਜੇ ਤੂੰ ਆਪਣੇ ਹੰਕਾਰ ਵੱਸ ਸਤਿਗੁਰ ਦੀ ਮਤਿ
ਲੈਕੇ ਰੱਬੀ ਗੁਣਾਂ ਨੂੰ ਨਹੀਂ ਜਿਊਂਦਾ ਤਾਂ ਇਹ ਜੀਵਨ ਅਵਗੁਣਾਂ ਵਿਚ ਗਲਤਾਨ ਹੀ ਬੀਤ ਜਾਏਗਾ।
‘ਫਰੀਦਾ ਕਿਤਂੀ ਜੋਬਨ
ਪ੍ਰੀਤਿ ਬਿਨੁ ਸੁਕਿ ਗਏ ਕੁਮਲਾਇ ॥’
(1379) ਇਸ ਸੰਸਾਰ ਵਿਚ ਬੜੇ ਲੋਕੀ ਆਉਂਦੇ ਹਨ ਅਤੇ ਚਲੇ ਜਾਂਦੇ ਹਨ ਕਿਉਂਕਿ ਆਖਿਰਕਾਰ ਇਸ ਸਰੀਰ ਨੇ
ਤਾਂ ਖੁਸਣਾ ਹੀ ਹੈ - ਇਹ ਕੁਦਰਤੀ ਨਿਯਮ ਹੈ। ਕੋਈ ਆਪਣੀ ਉਮਰ ਨੂੰ ਰੋਕ ਨਹੀਂ ਸਕਦਾ। ਕਿਸੇ ਡਾਕਟਰ
ਨੂੰ ਪੁੱਛੋ ਤਾਂ ਉਹ ਦੱਸੇਗਾ ਕਿ ਸਾਡੀਆਂ ਅੱਖਾਂ, ਚਮੜੀ, ਆਂਦਰਾਂ ਆਦਿ ਸਾਰੇ ਅੰਗ ਹਰ ਪਲ ਬਦਲ ਰਹੇ
ਹਨ। ਇਹ ਕੁਦਰਤ ਦੀ ਰਵਾਨਗੀ ਹੈ।
ਗੁਰੂ ਨਾਨਕ ਪਾਤਸ਼ਾਹ ਨੇ ਸਾਰੀ ਦੁਨੀਆ ਨੂੰ ਹਲੂਣਾ ਦਿੱਤਾ ਕਿ ਜੇ ਕਰ
ਸਤਿਗੁਰ (ਗਿਆਨ) ਦਾ ਪੱਲਾ ਨਾ ਫੜਿਆ ਤਾਂ ਖ਼ੁਆਰੀ ਸਹਾਰਨੀ ਪਏਗੀ ਅਤੇ ਇਨਸਾਨੀਅਤ ਦੇ ਤਲ ਤੋਂ ਡਿੱਗ
ਜਾਏਂਗਾ। ਖ਼ੁਆਰੀ ਤੋਂ ਬਚਣ ਲਈ ਅਤੇ ਇਨਸਾਨੀਅਤ ਭਰਪੂਰ ਜੀਵਨ ਜਿਊਣ ਲਈ ਚੰਗੇ ਗੁਣਾਂ ਦੀ ਸਾਂਝ ਕਰਨੀ
ਪੈਂਦੀ ਹੈ। ਚੰਗੇ ਗੁਣ ਰੱਬ ਦੇ ਹੁੰਦੇ ਹਨ। ਰੱਬੀ ਗੁਣਾਂ ਦੀ ਸੰਗਤ ਕਰਨ ਨਾਲ ਜੀਵਨ ਮੈਲੇ ਮੰਦੇ
ਕਿਰਦਾਰ ਵਾਲਾ ਨਹੀਂ ਰਹਿੰਦਾ।
ਆਮ ਤੌਰ ’ਤੇ ਸਮਾਜ ਵਿਚ ਇਹ ਧਾਰਨਾ ਹੈ ਕਿ ਗ੍ਰਹਿਸਤੀ ਜੀਵਨ ਨਿਵਾਣ ਵੱਲ ਲੈ
ਜਾਂਦਾ ਹੈ ਜੇਕਰ ਰੱਬ ਨੂੰ ਮਿਲਣਾ ਹੋਵੇ ਤਾਂ ਪੈਸਾ, ਵਹੁਟੀ ਅਤੇ ਬੱਚਿਆਂ ਦਾ ਤਿਆਗ ਕਰਨਾ ਪੈਂਦਾ
ਹੈ। ਪਰ ਗੁਰੂ ਪਾਤਸ਼ਾਹ ਕਹਿੰਦੇ ਹਨ, ਗ੍ਰਿਹੁ ਤਜਿ ਬਨ ਖੰਡ ਜਾਈਐ ਚੁਨਿ ਖਾਈਐ ਕੰਦਾ ॥ ਅਜਹੁ
ਬਿਕਾਰ ਨ ਛੋਡਈ ਪਾਪੀ ਮਨੁ ਮੰਦਾ ॥ (855)
ਭਾਂਵੇ ਘਰ ਤਿਆਗ ਕੇ ਜੰਗਲ ਵਿਚ ਚਲੇ ਜਾਓ ਅਤੇ ਕੰਦ-ਮੂਲ ਖਾਓ ਤਾਂ ਵੀ
ਮਨੁੱਖ ਨੂੰ ਕਾਮਾਦਿਕ ਰੁਚੀਆਂ ਅਤੇ ਹੋਰ ਅਵਗੁਣ ਨਹੀਂ ਛੱਡਦੇ ਹਨ।
‘ਜੈਸੇ ਜਲ ਮਹਿ ਕਮਲੁ ਨਿਰਾਲਮੁ
ਮੁਰਗਾਈ ਨੈ ਸਾਣੇ ॥’ (938) ਗੁਰਬਾਣੀ
ਮਨੁੱਖਾਂ ਨੂੰ ਕਮਲ ਦੇ ਫੁਲ ਵਾਂਗ ਚਿਕੜ ਵਿਚ ਰਹਿੰਦਿਆਂ ਹੋਇਆਂ ਵੀ ਚਿੱਕੜ ਤੋਂ ਉੱਪਰ ਉੱਠ ਕੇ
ਰਹਿਣ ਦੀ ਸੇਧ ਦੇਂਦੀ ਹੈ। ਇਸਦੇ ਪ੍ਰਥਾਏ ਗੁਰੂ ਅਮਰਦਾਸ ਜੀ
‘ਸਲੋਕ ਵਾਰਾਂ ਤੋਂ ਵਧੀਕ’
ਦੇ ਪਰਕਰਣ ਵਿਚ ਅਭਿਆਗਤ ਦੀ ਪਰਿਭਾਸ਼ਾ ਦੇਂਦੇ
ਹਨ ‘ਅਭਿਆਗਤ ਏਹ ਨ
ਆਖੀਅਹਿ ਜਿਨ ਕੈ ਮਨ ਮਹਿ ਭਰਮੁ ॥’ ਕਈ
ਮਨੁੱਖ ਆਪਣੇ ਆਪ ਨੂੰ ਇਸ ਜਗਤ ਵਿਚ ਪਰਾਹੁਣਾ ਸਮਝਦੇ ਹਨ ਅਤੇ ਮੰਨਦੇ ਹਨ ਕਿ ਇਹ ਦੁਨੀਆ ਚਾਰ ਦਿਨਾਂ
ਦੀ ਹੈ। ਐਸੇ ਮਨੁੱਖਾਂ ਨੂੰ ਲੋਕ ਬੋਲੀ ਵਿਚ ਅਭਿਆਗਤ ਕਿਹਾ ਜਾਂਦਾ ਹੈ। ਉਹ ਘਰ-ਬਾਰ ਛੱਡ ਕੇ
ਜੰਗਲਾਂ ਵਿਚ ਚਲੇ ਜਾਂਦੇ ਹਨ, ਦੁਨੀਆ ਨੂੰ ਝੂਠ ਸਮਝਦੇ ਹਨ ਅਤੇ ਕਿਸੇ ਨਾਲ ਲਗਾਵ ਨਹੀਂ ਰੱਖਦੇ। ਉਹ
ਵਿਆਹ ਨਹੀਂ ਕਰਵਾਉਂਦੇ ਅਤੇ ਲੋਕ ਉਨ੍ਹਾਂ ਨੂੰ ਬਹੁਤ ਪਹੁੰਚਿਆ ਹੋਇਆ ਧਰਮੀ ਮਨੁੱਖ ਸਮਝਦੇ ਹਨ।
ਅਭਿਆਗਤ ਨੂੰ ਇਹ ਭਰਮ ਹੈ ਕਿ ਮੈਂ ਦੁਨੀਆ, ਘਰ-ਬਾਰ, ਇਸਤਰੀ ਆਦਿ ਛੱਡ ਕੇ ਮੁਕਤ ਹੋ ਜਾਵਾਂਗਾ।
ਗੁਰਬਾਣੀ ਰਾਹੀਂ ਸੁਮਤ ਦਿੱਤੀ ਹੈ ਕਿ ਤੂੰ ਪਰਿਵਾਰਕ ਰਿਸ਼ਤੇ ਨਿਭਾਉਂਦਿਆਂ ਹੋਇਆਂ, ਸਾਵਾਂ,
ਸੰਤੁਲਿਤ ਜੀਵਨ ਜਿਊਣਾ ਸਿੱਖ।
ਅਭਿਆਗਤ ਪ੍ਰਥਾਏ ਹੂ-ਬਹੂ ਪੰਕਤੀਆਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਬਾਣੀ
‘ਰਾਮਕਲੀ ਕੀ ਵਾਰ
ਮਹਲਾ 3 ॥’ ਵਿਚ ਵੀ ਮਿਲਦੀਆਂ ਹਨ
‘ਅਭਿਆਗਤ ਸੇਈ ਨਾਨਕਾ ਜਿ ਆਤਮ ਗਉਣੁ ਕਰੇਨਿ ॥ ਭਾਲਿ ਲਹਨਿ ਸਹੁ ਆਪਣਾ ਨਿਜ ਘਰਿ ਰਹਣੁ ਕਰੇਨਿ॥’
(949) ਅਸਲ ਅਭਿਆਗਤ ਉਹ ਹੈ ਜੋ ਆਪਣੇ ਅੰਤਰ ਆਤਮੇ (ਅਵਗੁਣ ਛੋਡਿ ਗੁਣਾ ਕਉ ਧਾਵਹੁ) ਵੱਲ ਸਫ਼ਰ
ਕਰਦਾ ਹੈ। ਆਪਣੇ ਨਿਜਘਰ ਵਿਚ ਹੀ ਰੱਬ ਨੂੰ ਭਾਲ ਕੇ ਉਸ ਨਾਲ (ਭਾਵ ਉਸ ਸੁਨੇਹੇ ਨਾਲ) ਇੱਕਮਿੱਕ
ਅਵਸਥਾ ਮਾਣਦਾ ਹੈ।