.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਸਬਦਿ ਰਿੜਕਿਉਨੁ

ਸਿੱਖ ਇਤਿਹਾਸ ਦੇ ਪੰਨਿਆਂ ਨੂੰ ਸਮਝਣ ਤੋਂ ਪਹਿਲਾਂ ਸਿੱਖ ਸਿਧਾਂਤ ਦੀ ਬਣਤਰ ਤੇ ਇਸ ਦੇ ਨਿਅਰੇਪਨ ਨੂੰ ਸਮਝਣਾ ਪਏਗਾ। ਜਿਵੇਂ ਜਿਵੇਂ ਇਤਿਹਾਸ ਦੇ ਸੋਮਿਆਂ ਨੂੰ ਲੱਭਿਆ ਗਿਆ ਤਿਵੇਂ ਤਿਵੇਂ ਇਤਿਹਾਸ ਹੋਰ ਨਿਖਰ ਕੇ ਸਾਹਮਣੇ ਆਇਆ ਹੈ। ਇਤਿਹਾਸ ਦੇ ਪਹਿਲੇ ਖੋਜੀਆਂ ਨੇ ਨਿਰਸੰਦੇਹ ਬਹੁਤ ਵੱਡੇ ਜੋਖਮ ਉਠਾਉਂਦਿਆਂ ਹੋਇਆਂ ਲਿਖਣ ਸਮਝਣ ਦੀਆਂ ਨਵੀਆਂ ਪੈੜਾਂ ਪਾਈਆਂ। ਸਿੱਖ ਇਤਿਹਾਸ ਵਿੱਚ ਬਹੁਤ ਵੱਡਾ ਮਿਲਗੋਭਾ ਪਿਆ ਹੋਇਆ ਹੈ। ਮਿਸਾਲ ਦੇ ਤੋਰ `ਤੇ ਜਨਮ ਸਾਖੀਆਂ ਵਿੱਚ ਕਈ ਅਜੇਹੀਆਂ ਗੈਰ ਕੁਦਰਤੀ ਸਾਖੀਆਂ ਹਨ ਜਿਹੜੀਆਂ ਸਿੱਖ ਸਿਧਾਂਤ ਨਾਲ ਮੇਲ ਨਹੀਂ ਖਾਂਦੀਆਂ। ਇਤਿਹਾਸ ਹਮੇਸ਼ਾਂ ਹੀ ਖੋਜ ਦਾ ਵਿਸ਼ਾ ਰਿਹਾ ਹੈ। ਜਦੋਂ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਘਟਨਾ ਨੂੰ ਦੇਖਣ ਵਾਲੇ ਆਪਣੇ ਆਪਣੇ ਨਜ਼ੀਏ ਨਾਲ ਪੇਸ਼ ਕਰਦੇ ਹਨ। ਖੋਜੀ ਬਿਰਤੀ ਵਾਲਾ ਪਹਿਲਾਂ ਤਥਾਂ ਨੂੰ ਸਮਝੇਗਾ, ਵਾਪਰਨ ਵਾਲੀ ਘਟਨਾ ਦੇ ਮੂਲ ਪੱਖਾਂ ਨੂੰ ਧਿਆਨ ਵਿੱਚ ਲਿਆਏਗਾ। ਰਾਜਨੀਤਿਕ, ਆਰਥਕ ਤੇ ਧਾਰਮਕ ਪ੍ਰਸਥਿੱਤੀਆਂ ਨੂੰ ਘੋਖੇਗਾ, ਫਿਰ ਉਹ ਕੋਈ ਸਾਰਥਕ ਪੱਖ ਪੇਸ਼ ਕਰੇਗਾ ਜਿਹੜਾ ਗੈਰ ਕੁਦਰਤੀ ਨਹੀਂ ਹੋਏਗਾ।

ਸਿੱਖੀ ਦੇ ਵਿਹੜੇ ਵਿੱਚ ਇਤਿਹਾਸ ਉਹ ਸੁਣਾਇਆ ਜਾਂ ਲਿਖਿਆ ਗਿਆ ਹੈ ਜਿਹੜਾ ਗੁਰੂ ਨਾਨਾਕ ਸਾਹਿਬ ਦੀ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦਾ। ਇਤਿਹਾਸ ਲਿਖਣ ਵਾਲੇ ਦਾ ਨਜ਼ਰੀਆਂ ਜਦੋਂ ਇਤਿਹਾਸ ਵਿੱਚ ਭਾਰੂ ਹੁੰਦਾ ਹੈ ਤਾਂ ਉਹ ਇਤਿਹਾਸ ਨਾਲ ਕਦੇ ਵੀ ਇਨਸਾਫ਼ ਨਹੀਂ ਕਰ ਸਕਦਾ।

ਗੁਰ-ਇਤਿਹਾਸ ਜਾਂ ਸਿੱਖ ਇਤਿਹਾਸ ਨੂੰ ਲਿਖਣ ਵਾਲੇ ਕਈ ਇਤਿਹਾਸਕਾਰਾਂ ਨੇ ਗੁਰਬਾਣੀ ਸਿਧਾਂਤ ਦੀ ਅਣਦੇਖੀ ਕੀਤੀ ਹੈ। ਜਿਸ ਦਾ ਨਤੀਜਾ ਇਹ ਨਿਕਲਿਆ ਕਿ ਸਿੱਖ ਇਤਿਹਾਸ ਵਿੱਚ ਬ੍ਰਹਮਣੀ ਕਰਮ-ਕਾਂਡ ਜਾਂ ਇਸਲਾਮ ਮਤ ਦੀਆਂ ਕਰਾਮਾਤ ਕਹਾਣੀਆਂ ਦਾ ਜ਼ਿਆਦਾ ਬੋਲ ਬਾਲਾ ਰਿਹਾ ਹੈ।

ਗੁਰਿਆਈ ਦੀ ਪਰਖ ਵੇਲੇ ਹੁਣ ਤੀਕ ਇਕੋ ਹੀ ਪੱਖ ਸਮਝਦੇ ਰਹੇ ਹਾਂ ਕਿ ਭਾਈ ਲਹਿਣਾ ਜੀ ਨੇ ਗੁਰੂ ਨਾਨਾਕ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੇਵਾ ਕੀਤੀ ਤੇ ਭਾਈ ਲਹਿਣੇ ਦੀ ਕੀਤੀ ਸੇਵਾ ਤੋਂ ਖੁਸ਼ ਹੋ ਕੇ ਉਹਨਾਂ ਨੂੰ ਗੁਰਿਆਈ ਬਖਸ਼ ਦਿੱਤੀ। ਗੁਰਿਆਈ ਦੇਣ ਵੇਲੇ ਕਿਹੜੇ ਮੌਲਿਕ ਤਥਾ ਨੂੰ ਸਾਹਮਣੇ ਰੱਖਿਆ ਗਿਆ ਸੀ ਉਹ ਅਸੀਂ ਕਦੀ ਧਿਆਨ ਵਿੱਚ ਨਹੀਂ ਲਿਆਂਦੇ। ਇਤਿਹਾਸ ਦੇ ਇਸ ਅਹਿਮ ਪਹਿਲੂ ਨੂੰ ਵਿਚਾਰਨ ਲਈ ਭਾਈ ਸਤਾ ਜੀ ਦੀ ਇੱਕ ਪਉੜੀ ਰਾਂਹੀ ਵਿਚਾਰਨ ਦਾ ਯਤਨ ਕੀਤਾ ਜਾਏਗਾ--

ਹੋਰਿÏਓ ਗੰਗ ਵਹਾਈਐ, ਦੁਨਿਆਈ ਆਖੈ ਕਿ ਕਿਓਨੁ।।

ਨਾਨਕ ਈਸਰਿ ਜਗਨਾਥਿ, ਉਚਹਦੀ ਵੈਣੁ ਵਿਰਿਕਿਓਨੁ।।

ਮਾਧਾਣਾ ਪਰਬਤੁ ਕਰਿ ਨੇਤ੍ਰਿ ਬਾਸਕੁ, ਸਬਦਿ ਰਿੜਕਿਓਨੁ।।

ਚਉਦਹ ਰਤਨ ਨਿਕਾਲਿਅਨੁ, ਕਰਿ ਆਵਾ ਗਉਣੁ ਚਿਲਕਿਓਨੁ।।

ਕੁਦਰਤਿ ਅਹਿ ਵੇਖਾਲੀਅਨੁ, ਜਿਣਿ ਐਵਡ ਪਿਡ ਠਿਣਕਿਓਨੁ।।

ਲਹਣੇ ਧਰਿਓਨੁ ਛਤ੍ਰੁ ਸਿਰਿ, ਅਸਮਾਨਿ ਕਿਆੜਾ ਛਿਕਿਓਨੁ।।

ਜੋਤਿ ਸਮਾਣੀ ਜੋਤਿ ਮਾਹਿ, ਆਪੁ ਆਪੈ ਸੇਤੀ ਮਿਕਿਓਨੁ।।

ਸਿਖਾਂ ਪੁਤ੍ਰਾਂ ਘੋਖਿ ਕੈ, ਸਭ ਉਮਤਿ ਵੇਖਹੁ ਜਿ ਕਿਓਨੁ।।

ਜਾਂ ਸੁਧੋਸੁ, ਤਾਂ ਲਹਣਾ ਟਿਕਿਓਨੁ।। ੪।।

ਰਾਮ ਕਲੀ ਕੀ ਵਾਰ ਸਤਾ ਬਲਵੰਡ ਪੰਨਾ ੯੬੭

ਅੱਖਰੀਂ ਅਰਥ-—ਦੁਨੀਆ ਆਖਦੀ ਹੈ ਜਗਤ ਦੇ ਨਾਥ ਗੁਰੂ ਨਾਨਕ ਨੇ ਹੱਦ ਦਾ ਉੱਚਾ ਬਚਨ ਬੋਲਿਆ ਹੈ ਉਸ ਨੇ ਹੋਰ ਪਾਸੇ ਵਲੋਂ ਹੀ ਗੰਗਾ ਚਲਾ ਦਿੱਤੀ ਹੈ। ਇਹ ਉਸ ਨੇ ਕੀਹ ਕੀਤਾ ਹੈ?

ਉਸ (ਗੁਰੂ ਨਾਨਕ) ਨੇ ਉੱਚੀ ਸੁਰਤਿ ਨੂੰ ਮਧਾਣੀ ਬਣਾ ਕੇ, (ਮਨ-ਰੂਪ) ਬਾਸਕ ਨਾਗ ਨੂੰ ਨੇਤ੍ਰੇ ਵਿੱਚ ਪਾ ਕੇ (ਭਾਵ, ਮਨ ਨੂੰ ਕਾਬੂ ਕਰ ਕੇ) ‘ਸ਼ਬਦ` ਵਿੱਚ ਰੇੜਕਾ ਪਾਇਆ (ਭਾਵ, ‘ਸ਼ਬਦ` ਨੂੰ ਵਿਚਾਰਿਆ; ਇਸ ਤਰ੍ਹਾਂ) ਉਸ (ਗੁਰੂ ਨਾਨਕ) ਨੇ (ਇਸ ‘ਸ਼ਬਦ`-ਸਮੁੰਦਰ ਵਿਚੋਂ ‘ਰੱਬੀ ਗੁਣ`-ਰੂਪ) ਚੌਦਾਂ ਰਤਨ (ਜਿਵੇਂ ਸਮੁੰਦਰ ਵਿਚੋਂ ਦੇਵਤਿਆਂ ਨੇ ਚੌਦਾਂ ਰਤਨ ਕੱਢੇ ਸਨ) ਕੱਢੇ ਤੇ (ਇਹ ਉੱਦਮ ਕਰ ਕੇ) ਸੰਸਾਰ ਨੂੰ ਸੋਹਣਾ ਬਣਾ ਦਿੱਤਾ।

ਉਸ (ਗੁਰੂ ਨਾਨਕ) ਨੇ ਐਸੀ ਸਮਰੱਥਾ ਵਿਖਾਈ ਕਿ (ਪਹਿਲਾਂ ਬਾਬਾ ਲਹਣਾ ਜੀ ਦਾ ਮਨ) ਜਿੱਤ ਕੇ ਇਤਨੀ ਉੱਚੀ ਆਤਮਾ ਨੂੰ ਪਰਖਿਆ, (ਫਿਰ) ਬਾਬਾ ਲਹਣਾ ਜੀ ਦੇ ਸਿਰ ਉਤੇ (ਗੁਰਿਆਈ ਦਾ) ਛਤਰ ਧਰਿਆ ਤੇ (ਉਹਨਾਂ ਦੀ) ਸੋਭਾ ਅਸਮਾਨ ਤਕ ਅਪੜਾਈ।

(ਗੁਰੂ ਨਾਨਕ ਸਾਹਿਬ ਦੀ) ਆਤਮਾ (ਬਾਬਾ ਲਹਣਾ ਜੀ ਦੀ) ਆਤਮਾ ਵਿੱਚ ਇਉਂ ਮਿਲ ਗਈ ਕਿ ਗੁਰੂ ਨਾਨਕ ਨੇ ਆਪਣੇ ਆਪ ਨੂੰ ਆਪਣੇ ‘ਆਪੇ` (ਬਾਬਾ ਲਹਣਾ ਜੀ) ਨਾਲ ਸਾਂਵਾਂ ਕਰ ਲਿਆ। ਹੇ ਸਾਰੀ ਸੰਗਤਿ! ਵੇਖੋ, ਜੋ ਉਸ (ਗੁਰੂ ਨਾਨਕ) ਨੇ ਕੀਤਾ, ਆਪਣੇ ਸਿੱਖਾਂ ਤੇ ਪੁਤ੍ਰਾਂ ਨੂੰ ਪਰਖ ਕੇ ਜਦੋਂ ਉਸ ਨੇ ਸੁਧਾਈ ਕੀਤੀ ਤਾਂ ਉਸ ਨੇ (ਆਪਣੇ ਥਾਂ ਲਈ ਬਾਬਾ) ਲਹਣਾ (ਜੀ ਨੂੰ) ਚੁਣਿਆ। ੪।

ਵਿਚਾਰ ਚਰਚਾ— ਉਪਰੋਕਤ ਪਉੜੀ ਵਿੱਚ ਭਾਈ ਸੱਤਾ ਜੀ ਫਰਮਾਉਂਦੇ ਹਨ ਕਿ ਗੁਰੂ ਨਾਨਾਕ ਸਹਿਬ ਜੀ ਨੇ ਸੰਸਾਰ ਵਿੱਚ ਉਲਟੀ ਗੰਗਾ ਵਹਾ ਦਿੱਤੀ। ਦੁਨੀਆਂ ਜਿਹੜੇ ਕਰਮ ਕਰ ਰਹੀ ਸੀ ਗੁਰੂ ਸਾਹਿਬ ਜੀ ਨੇ ਉਹਨਾਂ ਤਮਾਮ ਕਰਮ-ਕਾਂਡਾ ਨੂੰ ਨਿਕਾਰ ਦਿੱਤਾ। ਕਾਜ਼ੀਆਂ ਨੂੰ ਰਿਸ਼ਵਤ ਖੋਰ, ਜੋਗੀਆਂ ਨੂੰ ਗ੍ਰਹਿਸਤ ਦੀ ਲੀਹ ਤੋਂ ਲੱਥੇ ਹੋਏ ਭਗੌੜੇ, ਬ੍ਰਹਾਮਣ ਨੂੰ ਸਿਰੇ ਦਾ ਕਰਮ ਕਾਂਡੀ, ਤੇ ਬਾਬਰ ਨੂੰ ਜਾਬਰ ਕਹਿਣਾ ਗੁਰੂ ਨਾਨਕ ਸਾਹਿਬ ਜੀ ਦੇ ਹੀ ਹਿੱਸੇ ਆਇਆ ਹੈ। ਰਾਜਿਆਂ ਨੂੰ ਖੂੰਖਾਰ, ਉਹਦੇ ਕਰਿੰਦਿਆਂ ਨੂੰ ਕੁੱਤਿਆਂ ਨਾਲ ਤਸ਼ਬੀਹ ਦੇਣੀ ਬਹੁਤ ਵੱਡਾ ਇਨਕਲਾਬ ਸੀ। ਸੰਸਾਰ ਚੜ੍ਹਦੇ ਨੂੰ ਪਾਣੀ ਦੇ ਰਿਹਾ ਹੈ ਗੁਰੂ ਨਾਨਕ ਸਾਹਿਬ ਜੀ ਲਹਿੰਦੇ ਨੂੰ ਪਾਣੀ ਦੇ ਰਹੇ ਹਨ। ਸੂਰਜ ਗ੍ਰਹਿਣ ਸਮੇਂ ਅੱਗ ਬਾਲਣੀ ਮਨ੍ਹੇ ਹੈ ਪਰ ਗੁਰੂ ਨਾਨਕ ਸਾਹਿਬ ਜੀ ਨੇ ਕੁਰਕੇਸ਼ਤਰ ਵਿਖੇ ਭਾਈ ਵੀਰ ਸਿੰਘ ਦੇ ਕਥਨ ਅਨੁਸਾਰ ਅੱਗ ਹੀ ਨਹੀਂ ਬਾਲ਼ੀ ਸਗੋਂ ਹਿਰਨ ਦਾ ਮਾਸ ਰਿੰਨ੍ਹ ਕੇ ਨਵੀਂ ਕ੍ਰਾਂਤੀ ਨੂੰ ਜਨਮ ਦਿੱਤਾ। ਗੁਰੂ ਨਾਨਕ ਸਾਹਿਬ ਜੀ ਨੇ ਭਰਮਾਂ-ਵਹਿਮਾਂ, ਮੂਰਤੀਆਂ ਦੀ ਪੂਜਾ, ਤੀਰਥਾਂ ਦੇ ਇਸ਼ਨਾਨ ਤੇ ਹਰੇਕ ਉਸ ਕਰਮ ਨੂੰ ਰੱਦ ਕੀਤਾ ਜਿਹੜਾ ਧਰਮ ਦੇ ਨਾਂ `ਤੇ ਮਨੁੱਖਤਾ ਦਾ ਖੂਨ ਨਿਚੋੜ ਰਿਹਾ ਸੀ। ਲੋਕ ਸ਼ੂਦਰਾਂ ਦੇ ਪਰਛਾਤਵੇਂ ਤੋਂ ਵੀ ਡਰਦੇ ਸਨ ਪਰ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਗਲ਼ ਨਾਲ ਲਗਾ ਕੇ ਸਮੁੱਚੀ ਮਨੁੱਖਤਾ ਨੂੰ ਪਿਆਰ ਦਾ ਸੁਨੇਹਾਂ ਦਿੱਤਾ। ਵਿਹਲੜ ਲੋਕਾਂ ਦੀ ਕਮਾਈ `ਤੇ ਪਲ਼ਣ ਵਾਲੇ ਮਲਕ ਭਾਗੋ ਦੇ ਵਿਹਾਰ ਨੂੰ ਨਿਕਾਰਨਾ ਤੇ ਭਾਈ ਲਾਲੋ ਦੀ ਕ੍ਰਿਤ ਨੂੰ ਸਤਕਾਰ ਕੇ ਗੁਰੂ ਨਾਨਕ ਸਾਹਿਬ ਜੀ ਦੇ ਇੱਕ ਨਵਾਂ ਅਧਿਆਏ ਸ਼ੁਰੂ ਕੀਤਾ।

ਵਿਦਿਆ ਦੇ ਖੇਤਰ ਵਿੱਚ ਬ੍ਰਹਾਮਣ ਦਾ ਹੀ ਏਕਾ ਅਧਿਕਾਰ ਸੀ। ਗੁਰੂ ਨਾਨਕ ਸਾਹਿਬ ਜੀ ਨੇ ਇਸ ਕਲੰਕ ਦੀ ਕੜੀ ਨੂੰ ਤੋੜਦਿਆਂ ਹੋਇਆਂ ਹਰੇਕ ਪ੍ਰਾਣੀ ਨੂੰ ਵਿਦਿਆ ਪੜ੍ਹਨ ਲਈ ਉਤਸ਼ਾਹਤ ਕੀਤਾ। ਪਛੜਿਆਂ ਵਰਗਾਂ ਨੂੰ ਪਿਆਰ ਗਲਵੱਕੜੀ ਵਿੱਚ ਹੀ ਨਹੀਂ ਲਿਆ ਸਗੋਂ ਉਹਨਾਂ ਦੇ ਰੱਬੀ ਕਲਾਮ ਨੂੰ ਆਪਣੇ ਨਾਲ ਬੈਠਾਇਆ ਹੈ। ਬ੍ਰਾਹਮਣ ਦੀਆਂ ਪੁਰਾਣੀਆਂ ਤੇ ਘੱਸੀਆਂ ਪਿੱਟੀਆਂ ਮਿੱਥਾਂ ਨੂੰ ਸੰਸਾਰ ਦੇ ਸਾਹਮਣੇ ਨੰਗਾ ਕਰਕੇ ਲੋਕਾਂ ਨੂੰ ਜ਼ਿੰਦਗੀ ਦਾ ਸਿੱਧਾ-ਸਾਦਾ, ਸਰਲ ਤੇ ਭਰਮਾਂ ਤੋਂ ਰਹਿਤ ਵਾਲਾ ਰਸਤਾ ਦਿਖਾਇਆ। ਅਜੇਹੇ ਨਿਆਰੇ ਤੇ ਨਿਵਕੇਲੇ ਸਿਧਾਂਤ ਨੂੰ ਦੇਖ ਕੇ ਹੀ ਭਾਈ ਸੱਤਾ ਜੀ ਫਰਮਾਅ ਰਹੇ ਹਨ ਕਿ ਗੁਰੂ ਨਾਨਕ ਸਾਹਿਬ ਜੀ ਦੇ ਉੱਚੇ, ਸੁੱਚੇ ਸਿਧਾਂਤ ਨੇ ਵੱਗ ਰਹੇ ਗੰਗਾ ਦੇ ਵਹਾ ਨੂੰ ਮੋੜਾ ਦੇ ਦਿੱਤਾ ਭਾਵ ਗੰਗਾ ਦੇ ਵੱਗ ਰਹੇ ਪਾਣੀ ਦੀ ਦਿਸ਼ਾ ਹੀ ਬਦਲ ਦਿਤੀ।

ਹੋਰਿÏਓ ਗੰਗ ਵਹਾਈਐ, ਦੁਨਿਆਈ ਆਖੈ ਕਿ ਕਿਓਨੁ।।

ਨਾਨਕ ਈਸਰਿ ਜਗਨਾਥਿ, ਉਚਹਦੀ ਵੈਣੁ ਵਿਰਿਕਿਓਨੁ।।

ਇਹਨਾਂ ਤੁਕਾਂ ਰਾਂਹੀ ਸਮਝ ਆਉਂਦੀ ਹੈ ਕਿ ਗੁਰਦੇਵ ਪਿਤਾ ਜੀ ਦੇ ਸਰਲ ਤੇ ਆਮ ਵਰਤੋਂ ਵਿੱਚ ਆਉਣ ਵਾਲੀ ਵਿਚਾਰਧਾਰਾ ਨੇ ਦੁਨੀਆਂ ਨੂੰ ਨਵਾਂ ਮੋੜਾ ਦਿੱਤਾ ਹੈ। ਦੁਨੀਆਂ ਆਖਦੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਤੁਸੀਂ ਸਾਨੂੰ ਅੰਧੇਰੇ ਵਿਚੋਂ ਕੱਢ ਕੇ ਜ਼ਿੰਦਗੀ ਜਿਉਣ ਦਾ ਨਵਾਂ ਰਸਤਾ ਦਿਖਾਇਆ ਹੈ।

ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਵਿਦਿਆ `ਤੇ ਕੇਵਲ ਬ੍ਰਾਹਮਣ ਦਾ ਏਕਾ ਅਧਿਕਾਰ ਸੀ। ਉਸ ਸਮੇਂ ਦੇ ਧਾਰਮਿਕ ਅਸਥਾਨਾਂ `ਤੇ ਵਿਹਲੜਾਂ ਦੀਆਂ ਭੀੜਾਂ ਇਕੱਠੀਆਂ ਰਹਿੰਦੀਆਂ ਸਨ। ਕੋਈ ਨਾਂਗਾ, ਕੋਈ ਸਵਾਹ ਮਲ਼ਿਆ, ਕੋਈ ਕੰਨ ਪਾਟਾ, ਕੋਈ ਭਗਵਾ ਭੇਖ ਪਾਈ ਫਿਰਦਾ ਨਜ਼ਰ ਆਉਂਦਾ ਸੀ। ਅੱਜ ਇਹਨਾਂ ਦੀ ਥਾਂ `ਤੇ ਚੋਲਿਆਂ ਵਾਲਿਆਂ ਤੇ ਕਿਰਤ ਤੋਂ ਭਗੌੜਿਆਂ ਬਾਬਿਆਂ ਨੇ ਕਬਜ਼ਾ ਕਰ ਲਿਆ ਹੈ। ਇਹਨਾਂ ਡੇਰਿਆਂ ਵਿੱਚ ਜਿਹੜਾ ਕੋਈ ਵੱਡੇ ਸਾਧ ਦੀ ਬਹੁਤੀ ਸੇਵਾ ਕਰਦਾ ਸੀ, ਆਪਣੀ ਗੱਦੀ ਉਸ ਭਰੋਸੇ ਵਾਲੇ ਨੂੰ ਦੇ ਜਾਂਦਾ ਸੀ। ਲੋਕਾਂ ਵਿੱਚ ਵੀ ਇਸ ਗੱਲ ਦਾ ਪ੍ਰਭਾਵ ਦਿੱਤਾ ਜਾਂਦਾ ਸੀ, ਕਿ ਜਿਹੜੇ ਚੇਲੇ ਨੇ ਬਾਬੇ ਦੀ ਸਭ ਤੋਂ ਵੱਧ ਸੇਵਾ ਕੀਤੀ, ਬਾਬਾ ਕਿਰਪਾ ਦੇ ਘਰ ਵਿੱਚ ਆ ਕੇ ਓਸੇ ਨੂੰ ਆਪਣੀ ਗੱਦੀ ਦੀ ਸੌਂਪਣਾ ਕਰ ਦੇਂਦਾ ਸੀ। ਪੰਜਾਬ ਦੇ ਵਿਹਲੜ ਸਾਧਾਂ ਨੇ ਅਜੇਹੀਆਂ ਸਾਖੀਆਂ ਨੂੰ ਹੀ ਤਰਜੀਹ ਦਿੱਤੀ ਤਾਂ ਕਿ ਨਾਲ ਉਨ੍ਹਾਂ ਦੇ ਚੇਲੇ ਹਮੇਸ਼ਾਂ ਸੇਵਾ ਵਿੱਚ ਰੁੱਝੇ ਰਹਿਣ। ਇਹਨਾਂ ਨੇ ਆਪਣੇ ਚੇਲਿਆਂ ਨੂੰ ਪੜ੍ਹਾਈ ਵਾਲੇ ਪਾਸੇ ਨਹੀਂ ਲਗਾਇਆ ਸਗੋਂ ਇਹ ਗੱਲ ਪਰਪੱਕ ਕਰਾ ਦਿੱਤੀ ਕਿ ਜਿਹੜਾ ਵੀ ਭਾਈ ਲਹਿਣੇ ਵਾਂਗ ਤਨੋ ਮਨੋ ਸੇਵਾ ਕਰੇਗਾ ਬਾਬਾ ਜੀ ਓਸੇ ਨੂੰ ਹੀ ਗੱਦੀ ਦੇਣਗੇ। ਦੂਜਾ ਇਹਨਾਂ ਸਾਧਾਂ ਵਲੋਂ ਇਹ ਵੀ ਪਰਚਾਰਿਆ ਗਿਆ ਹੈ ਕਿ ਬਹੁਤੀ ਪੜ੍ਹਾਈ ਲਿਖਾਈ ਦੀ ਲੋੜ ਨਹੀਂ ਹੈ। ਉਹ ਆਪਣੀ ਗੱਲ ਨੂੰ ਸਿੱਧ ਕਰਨ ਲਈ ਗੁਰਬਾਣੀ ਦਾ ਪ੍ਰਮਾਣ ਦੇਣਗੇ ਕਿ ਦੇਖੋ ਜੀ ਗੁਰਬਾਣੀ ਫਰਮਾਉਂਦੀ ਕਿ ਪੜ੍ਹਿਆ ਤੇ ਅਣਪੜ੍ਹਿਆ ਦੋਵੇਂ ਹੀ ਪਰਮਗਤ ਦੀ ਪ੍ਰਾਪਤੀ ਕਰ ਲੈਂਦੇ ਹਨ—

ਜੋ ਪ੍ਰਾਣੀ ਗੋਵਿੰਦੁ ਧਿਆਵੈ।।

ਪੜਿਆ ਅਣਪੜਿਆ ਪਰਮ ਗਤਿ ਪਾਵੈ।।

ਗਉੜੀ ਮਹਲਾ ੫ ਪੰਨਾ ੧੯੭

ਇਹਨਾਂ ਸਾਧਾਂ ਵਲੋਂ ਸ਼ਬਦ ਵਿਚਾਰ ਘੱਟ ਤੇ ਹਰ ਵੇਲੇ ਸੇਵਾ ਵਿੱਚ ਜੁੱਟੇ ਰਹਿਣ ਵਾਲੀ ਵਿਚਾਰ ਨੂੰ ਜ਼ਿਆਦਾ ਤਰਜੀਹ ਦਿੱਤੀ ਗਈ ਹੈ। ਸਾਡਾ ਇਹ ਮੰਨਣਾ ਹੈ ਜਿਹੜਾ ਗੁਰਬਾਣੀ ਵਿਚਾਰ ਨੂੰ ਸਮਝਦਾ ਹੈ ਉਹ ਹੀ ਸਹੀ ਸੇਵਾ ਕਰ ਸਕਦਾ ਹੈ। ਇਸ ਵਿੱਚ ਕੋਈ ਦੋ ਰਾਏ ਨਹੀਂ ਹਨ ਕਿ ਸਿੱਖੀ ਵਿੱਚ ਸੇਵਾ ਨੂੰ ਮਹਾਨ ਗਿਣਿਆ ਹੈ। ਸੇਵਾ ਦਾ ਖੇਤਰ ਬਹੁਤ ਵਿਸ਼ਾਲ ਹੈ ਤੇ ਇਸ ਨੂੰ ਦੁਨੀਆਂ ਦੇ ਵਿਸ਼ਾਲ ਖੇਤਰ ਵਿੱਚ ਰੱਖਿਆ ਗਿਆ ਹੈ ਨਾ ਕਿ ਵਿਹਲੜਾਂ ਦੀਆਂ ਲੱਤਾਂ ਘੁਟਣ ਨੂੰ ਸੇਵਾ ਕਿਹਾ ਗਿਆ ਹੈ। ਹਾਂ ਸੇਵਾ ਕਰਦੇ ਸਮੇਂ ਸਿੱਖੀ ਸਿਧਾਂਤ ਦਾ ਧਿਆਨ ਰੱਖਣਾ ਵੀ ਬੜਾ ਜ਼ਰੂਰੀ ਹੈ।

ਭਾਈ ਸਤਾ ਜੀ ਇਸ ਪਉੜੀ ਵਿੱਚ ਫਰਮਾਉਂਦੇ ਹਨ ਕਿ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਨੂੰ ਰਿੜਕਿਆਂ— "ਮਾਧਾਣਾ ਪਰਬਤੁ ਕਰਿ ਨੇਤ੍ਰਿ ਬਾਸਕੁ, ਸਬਦਿ ਰਿੜਕਿਓਨੁ"।। ਹੁਣ ਏੱਥੇ ਮਿੱਥਹਾਸ ਦੀ ਮਿਸਾਲ ਦੇ ਕੇ ਦੱਸਿਆ ਹੈ ਜਿਸ ਤਰ੍ਹਾਂ ਦੇਵਤਿਆਂ ਦੈਂਤਾਂ ਨੇ ਸਮੁੰਦਰ ਨੂੰ ਰਿੜਕਿਆ ਤੇ ਚੌਦ੍ਹਾਂ ਰਤਨ ਕੱਢੇ ਸਨ ਪਰ ਗੁਰੂ ਨਾਨਕ ਸਾਹਿਬ ਜੀ ਨੇ ‘ਸ਼ਬਦਿ ਰਿੜਕ` ਕੇ ਚੌਦ੍ਹਾਂ ਗੁਣਾਂ ਰੂਪੀ ਰਤਨ ਕੱਢੇ। ਇਸ ਦਾ ਅਰਥ ਹੈ ਕਿ ਭਾਈ ਲਹਿਣਾ ਜੀ ਨੇ ਵੀ ਪੂਰੀ ਤਰ੍ਹਾਂ ਸਬਦਿ ਨੂੰ ਰਿੜਕਿਆ ਭਾਵ ਕਰਤਾਰਪੁਰ ਰਹਿੰਦਿਆਂ ਧਾਰਮਿਕ ਗ੍ਰੰਥਾਂ ਦਾ ਅਧਿਐਨ ਕੀਤਾ, ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਨੂੰ ਧਿਆਨ ਪੂਰਵਕ ਸਮਝ ਕੇ ਆਪਣੇ ਹਿਰਦੇ ਵਿੱਚ ਵਸਾਇਆ। ਆਪਣਾ ਧਿਆਨ ਪੜ੍ਹਾਈ ਲਿਖਾਈ `ਤੇ ਪੂਰਾ ਕੇਂਦਰਤ ਕੀਤਾ। ਵਿਦਿਆ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਹੋਇਆਂ ਗੁਰੂ ਅੰਗਦ ਪਾਤਸ਼ਾਹ ਜੀ ਨੇ ਖਡੂਰ ਸਾਹਿਬ ਵਿਖੇ ਸਭ ਵਰਗ ਦੇ ਬੱਚਿਆਂ ਨੂੰ ਵਿਦਿਆ ਦੇ ਕੇ ਸਮੇਂ ਦੇ ਹਾਣੀ ਬਣਾਇਆ। ਸਰੀਰਾਂ ਦੀ ਸੰਭਾਲ਼ ਲਈ ਮੱਲ ਅਖਾੜੇ ਬਣਾਏ। ਅਸੀਂ ਇਨ੍ਹਾਂ ਗੱਲਾਂ ਨੂੰ ਕਦੇ ਧਿਆਨ ਵਿੱਚ ਨਹੀਂ ਲਿਆਂਦਾ ਕੇਵਲ ਚੰਦ ਕੁ ਸੇਵਾ ਵਾਲੀਆਂ ਸਾਖੀਆਂ ਸੁਣਾ ਕੇ ਕੰਮ ਨਿਬੇੜ ਦੇਂਦੇ ਹਾਂ।

ਮਿੱਥਹਾਸ ਦਾ ਪ੍ਰਤੀਕ ਲੈ ਕੇ ਭਾਈ ਸੱਤਾ ਜੀ ਫਰਮਾਉਂਦੇ ਹਨ ਕਿ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਨੂੰ ਰਿੜਕ ਕੇ ਦਸਿਆ ਹੈ ਕਿ ਵਿਦਿਆ ਰਾਂਹੀ ਬ੍ਰਾਹਮਣਾਂ ਵਾਂਗ ਆਪਣੇ ਭਰਾਵਾਂ ਨੂੰ ਲੁੱਟਣਾਂ ਨਹੀਂ ਹੈ ਇਹ ਤੇ ਸਗੋਂ ਦੁਨੀਆਂ ਦੀ ਸੇਵਾ ਕਰਨਾ ਹੈ। ਉਨ੍ਹਾਂ ਮਿੱਥਹਾਸਕ ਚੌਦਾਂ ਰਤਨਾਂ ਦੀ ਥਾਂ `ਤੇ ਆਤਮਕ ਜੀਵਨ ਤੇ ਸਮਾਜ ਦੇ ਭਲੇ ਵਾਲੇ ਗੁਣਾਂ ਨੂੰ ਲਿਸ਼ਕਾ ਕੇ ਦੁਨੀਆਂ ਦੇ ਸਾਹਮਣੇ ਰੱਖਿਆ--- "ਚਉਦਹ ਰਤਨ ਨਿਕਾਲਿਅਨੁ, ਕਰਿ ਆਵਾ ਗਉਣੁ ਚਿਲਕਿਓਨੁ"।।

ਅਖੌਤੀ ਲਛਮੀ ਦੀ ਥਾਂ `ਤੇ ਭਗਤੀ- "ਵਿਣੁ ਗੁਣ ਕੀਤੇ, ਭਗਤਿ ਨ ਹੋਇ, "ਮਣੀ- ਆਤਮ ਵਿਚਾਰ, ੩ ਰੰਭਾ--ਕੀਰਤੀ, ੪ ਮਦਰਾ-- ਪ੍ਰੇਮ, ੫ ਅੰਮ੍ਰਿਤ—ਬਾਣੀ ਦਾ ਅਭਿਆਸ, ੬ ਸੰਖ--ਰਾਗ ਤਥਾ ਕਿਸੇ ਵੀ ਹੁਨਰ ਦੀ ਵਿਦਿਆ ਹਾਸਲ ਕਰਨੀ, ੭ ਹਸਤੀ—ਦ੍ਰਿੜ ਨਿਸਚਾ, ੮ ਚੰਦ੍ਰਮਾ—ਸੇਵਾ ਭਾਵਨਾ, ੯ ਕਲਪ ਬ੍ਰਿਛ—ਸਤ ਸੰਗ, ੧੦ ਧੇਨੂ—ਦੁਨੀਆਂ ਦੀ ਸੇਵਾ, ੧੧ ਬਿਖੂ—ਗੁਰੂ ਦੀ ਸਿੱਖਿਆ ਤੋਂ ਮੁਨਕਰ ਹੋਣਾ, ੧੨ ਧਨਖ-- ਸਤਿ ਬੋਲਣਾ, ੧੩ ਧਨੰਤਰ- ਸਤਿਗੁਰ ਵੈਦ, ੧੪ ਘੋੜਾ—ਆਤਮਕ ਬਲ ਦੀਆਂ ਉਚਾਈਆਂ।

ਦੈਵੀ ਗੁਣਾਂ ਨੂੰ ਭਾਵ ਅੰਤ੍ਰੀਵ ਰਤਨਾਂ ਦਾ ਜਗਤ ਵਿੱਚ ਪ੍ਰਕਾਸ਼ ਕਰਕੇ ਸੰਸਾਰ ਨੂੰ ਚਮਕਾ ਦਿੱਤਾ।

ਗੁਰੂ ਅਰਜਨ ਪਾਤਸ਼ਾਹ ਜੀ ਰਤਨਾਂ ਦੀ ਵਿਚਾਰ ਦੇਂਦਿਆਂ ਫਰਮਾਉਂਦੇ ਹਨ ਕਿ ਇਹ ਰਤਨ ਸਤਿਗੁਰ ਦੇ ਗਿਆਨ ਦੁਆਰਾ ਹੀ ਤੇਰੇ ਹਿਰਦੇ ਵਿਚੋਂ ਪ੍ਰਗਟ ਹੋਣੇ ਹਨ—

ਸਤਿਗੁਰ ਸਬਦਿ ਉਜਾਰੋ ਦੀਪਾ।।

ਬਿਨਸਿਓ ਅੰਧਕਾਰ ਤਿਹ ਮੰਦਰਿ ਰਤਨ ਕੋਠੜੀ ਖੁਲੀੑ ਅਨੂਪਾ।। ੧।।

ਬਿਲਾਵਲੁ ਮਹਲਾ ੫ ਪੰਨਾ ੮੨੧

ਜਿੱਥੇ ਭਾਈ ਲਹਿਣਾ ਜੀ ਕਰਤਾਰਪੁਰ ਰਹਿੰਦਿਆਂ ਹਰ ਸੇਵਾ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਸਨ ਓੱਥੇ ਉਹ ਨਿਤਾ ਪ੍ਰਤੀ ਸ਼ਬਦ ਦੀਆਂ ਵਿਚਾਰਾਂ, ਹੋਰਨਾ ਧਰਮਾਂ ਦੇ ਧਾਰਮਿਕ ਗ੍ਰੰਥ ਦੀਆਂ ਡੂੰਘੀਆਂ ਵਿਚਾਰਾਂ, ਜ਼ਿੰਦਗੀ ਦੀਆਂ ਹਕੀਕਤਾਂ; ਧਰਮ ਦੇ ਨਾਂ `ਤੇ ਕੀਤੇ ਜਾਂਦੇ ਕਰਮ ਕਾਂਡ, ਫੋਕਟ ਦੀਆਂ ਤੀਰਥ ਯਾਤਰਾਵਾਂ, ਸਮਾਜ ਵਿੱਚ ਫੈਲੇ ਵਹਿਮਾਂ ਦੀਆਂ ਪੂਰੀਆਂ ਪਰਤਾਂ ਨੂੰ ਸਮਝਿਆ। ਭਾਈ ਲਹਿਣਾ ਜੀ ਵਲੋਂ ਕੀਤੀ ਹੋਈ ਸੇਵਾ ਦਾ ਇੱਕ ਪੱਖ ਹੀ ਲਿਆ ਹੈ ਜਦ ਕਿ ਵਿਦਿਆ ਵਾਲਾ ਪੱਖ ਰੱਖਣ ਤੋਂ ਸੰਕੋਚ ਕਰਦੇ ਰਹੇ ਹਾਂ।

ਅਗਲੇ ਬੰਦ ਵਿੱਚ ਭਾਈ ਸੱਤਾ ਜੀ ਕਰਤਾਰਪੁਰ ਦੀ ਧਰਤੀ `ਤੇ ਵਾਪਰੀ ਕ੍ਰਾਂਤੀ ਨੂੰ ਖੋਲ੍ਹ ਕੇ ਦੱਸ ਰਹੇ ਹਨ ਕਿ ਗੁਰੂ ਨਾਨਕ ਸਾਹਿਬ ਜੀ ਦੀ ਰਾਹ ਨੁਮਾਈ ਹੇਠ ਭਾਈ ਲਹਿਣਾ ਨੇ ਹੁਕਮੀ ਹੋਣਾ, ਆਪਣੇ ਕੰਮ ਪ੍ਰਤੀ ਪੂਰੀ ਸੁਚੇਚਤਾ, ਵਿਦਿਆ ਦੁਆਰਾ ਧਰਮ, ਸਮਾਜ, ਪੁਜਾਰੀ ਤੇ ਰਾਜਨੀਤਿਕ ਸਮੱਸਿਆਵਾਂ ਨੂੰ ਬਹੁਤ ਹੀ ਬਰੀਕੀ ਨਾਲ ਘੋਖਿਆ। ਭਾਈ ਲਹਿਣਾ ਜੀ ਨੇ ਸਮਰੱਪਤ ਭਾਵਨਾ ਨਾਲ ਇਹ ਸਾਰਾ ਅਭਿਆਸ ਕੀਤਾ। ਜਿਸ ਦਾ ਨਤੀਜਾ ਇਹ ਨਿਕਲਿਆ ਕਿ ਗੁਰੂ ਨਾਨਕ ਸਾਹਿਬ ਜੀ ਨੇ ਐਸੀ ਸਮਰੱਥ ਕਲਾ ਦਿਖਾਈ ਕਿ ਪਹਿਲਾਂ ਭਾਈ ਲਹਿਣਾ ਜੀ ਦਾ ਮਨ ਜਿੱਤਿਆ ਫਿਰ ੳਨ੍ਹਾਂ ਦੀ ਉੱਚੀ ਆਤਮਾ ਨੂੰ ਪਰਖਿਆ (ਫਿਰ) ਭਾਈ ਲਹਿਣਾ ਜੀ ਦੇ ਸਿਰ `ਤੇ ਗੁਰਿਆਈ ਦਾ ਛੱਤਰ ਧਰਿਆ ਤੇ ਉਹਨਾਂ ਦੀ ਸੋਭਾ ਅਸਮਾਨ ਤਕ ਪਹੁੰਚਾਈ।

ਕੁਦਰਤਿ ਅਹਿ ਵੇਖਾਲੀਅਨੁ, ਜਿਣਿ ਐਵਡ ਪਿਡ ਠਿਣਕਿਓਨੁ।।

ਲਹਣੇ ਧਰਿਓਨੁ ਛਤ੍ਰੁ ਸਿਰਿ, ਅਸਮਾਨਿ ਕਿਆੜਾ ਛਿਕਿਓਨੁ।।

ਜਿਸ ਤਰ੍ਹਾਂ ਪੁਰਾਣੇ ਸਮੇਂ ਵਿੱਚ ਲੋਕ ਮਿੱਟੀ ਦੇ ਭਾਂਡੇ ਨੂੰ ਠਣਕਾ ਕੇ ਦੇਖ ਲੈਂਦੇ ਸੀ ਕਿ ਕਿਤੇ ਇਸ ਵਿੱਚ ਕੋਈ ਖੋਟ ਤਾਂ ਨਹੀਂ ਹੈ, ਏਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਚਾਰ ਚੁਫੇਰਿਓਂ ਭਾਈ ਲਹਿਣਾ ਨੂੰ ਠਣਕਾ ਕੇ ਦੇਖਿਆ। ਫਿਰ ਗਿੱਚੀ ਤੋਂ ਪਕੜ ਕੇ ਅਸਮਾਨ ਤਕ ਕੱਦ ਵਧਾ ਦਿੱਤਾ। ਗਿੱਚੀ ਤੋਂ ਭਾਵ ਦਿਮਾਗ ਵਿੱਚ ਅਥਾਹ ਗਿਆਨ ਭਰ ਦਿੱਤਾ। ਫਿਰ ਅਸਮਾਨ ਤਕ ਪਹੁੰਚਾ ਦੇਣਾ ਭਾਵ ਜੀਵਨ ਦੇ ਹਰ ਪਹਿਲੂ ਮੁਕੰਮਲ ਕਰ ਦਿੱਤਾ। ਗੁਰੂ ਸਾਹਿਬ ਜੀ ਨੇ ਅਸਮਾਨ ਵਰਗੀ ਵਿਸ਼ਲਾਤਾ ਭਾਈ ਲਹਿਣੇ ਦੇ ਜੀਵਨ ਵਿੱਚ ਭਰ ਦਿੱਤੀ ਇਹ ਸਾਰਾ ਕੁੱਝ ‘ਸ਼ਬਦਿ ਰਿੜਕਣ` ਨਾਲ ਹੋਇਆ ਹੈ।

ਜਿਸ ਤਰ੍ਹਾਂ ਇੱਕ ਜਗ ਰਹੀ ਮੋਮਬੱਤੀ ਬੁਝੀਆਂ ਹੋਈਆਂ ਮੋਮਬੱਤੀਆਂ ਨੂੰ ਆਪਣੇ ਬਰਾਬਰ ਕਰ ਲੈਂਦੀ ਹੈ ਏਸੇ ਤਰ੍ਹਾਂ ਭਾਈ ਲਹਿਣਾ ਜੀ ਜੋ ਦੇਵੀ ਦੇ ਉਪਾਸ਼ਕ ਸਨ ਉਹਨਾਂ ਨੂੰ ਸ਼ਬਦਿ ਦੀ ਵੀਚਾਰ ਦੁਆਰਾ ਆਪਣੇ ਬਰਾਬਰ ਕਰ ਲਿਆ। ਅਖੀਰਲੀਆਂ ਤੁਕਾਂ ਵਿੱਚ ਭਾਈ ਸੱਤਾ ਜੀ ਫਰਮਾਉਂਦੇ ਹਨ- ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪੁੱਤਰਾਂ ਤੇ ਸਿੱਖਾਂ ਨੂੰ ਚੰਗੀ ਤਰ੍ਹਾਂ ਘੋਖਿਆ-ਵਿਚਾਰਿਆ ਪਰ ਉਹਨਾਂ ਦੀ ਕਸਵੱਟੀ `ਤੇ ਉਹ ਪੂਰੇ ਨਹੀਂ ਉੱਤਰੇ—

ਜੋਤਿ ਸਮਾਣੀ ਜੋਤਿ ਮਾਹਿ, ਆਪੁ ਆਪੈ ਸੇਤੀ ਮਿਕਿਓਨੁ।।

ਸਿਖਾਂ ਪੁਤ੍ਰਾਂ ਘੋਖਿ ਕੈ, ਸਭ ਉਮਤਿ ਵੇਖਹੁ ਜਿ ਕਿਓਨੁ।।

ਜਾਂ ਸੁਧੋਸੁ, ਤਾਂ ਲਹਣਾ ਟਿਕਿਓਨੁ।। ੪।।

ਭਾਈ ਸਤਾ ਜੀ ਨੇ ਸ਼ਬਦ ‘ਸੁਧੋਸੁ` ਵਰਤਿਆ ਹੈ ਇਸ ਦਾ ਭਾਵ ਅਰਥ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਚੰਗੀ ਤਰ੍ਹਾਂ ਸੋਧ-ਸੁਧਾਈ ਕੀਤੀ। ਭਾਈ ਲਹਿਣਾ ਜੀ ਨੇ ਆਪਣੇ ਮਨ ਵਿਚਲੇ ਪਹਿਲੇ ਖ਼ਿਆਲਾਂ ਨੂੰ ਬਾਹਰ ਕੱਢਿਆ ਤੇ ਫਿਰ ਕ੍ਰਾਂਤੀਕਾਰੀ ਖ਼ਿਆਲਾਂ ਨੂੰ ਆਪਣੇ ਮਨ ਵਿੱਚ ਬਿਠਾਇਆ। ਇਸ ਪ੍ਰਕਿਰਿਆ ਨੂੰ ਲਗ-ਪਗ ਸਤ ਕੁ ਸਾਲ ਦਾ ਸਮਾਂ ਲੱਗ ਗਿਆ।

ਤੱਤਸਾਰ

ਹੁਣ ਤਕ ਕੇਵਲ ਇਕੋ ਹੀ ਪੱਖ ਸੁਣਿਆ ਹੈ ਕਿ ਭਾਈ ਲਹਿਣਾ ਨੇ ਨਾਲੀ ਵਿਚੋਂ ਕੌਲਾ ਕੱਢਿਆ, ਮਰੀ ਚੂਹੀ ਨੂੰ ਧਰਮਸਾਲ ਵਿਚੋਂ ਬਾਹਰ ਸੁਟਣਾ, ਬਸਤਰ ਧੋਣੇ, ਢੱਠੀ ਹੋਈ ਕੰਧ ਨੂੰ ਬਣਾਉਣ ਦਿੱਤਾ ਤੇ ਉਹਨਾਂ ਦੀ ਇਸ ਸੇਵਾ ਤੋਂ ਖੁਸ਼ ਹੋ ਕੇ ਗੁਰੂ ਨਾਨਕ ਸਾਹਿਬ ਜੀ ਨੇ ਗੁਰਿਆਈ ਬਖਸ਼ ਦਿੱਤੀ। ਵਿਦਿਆ ਤਥਾ ਗੁਰਬਾਣੀ ਵਿਚਾਰ ਦੇ ਪੱਖ ਨੂੰ ਅੱਖੋਂ ਪਰੋਖਾ ਕੀਤਾ ਹੈ।

੨ ਇਹ ਸਾਰੀਆਂ ਸੇਵਾਂਵਾਂ ਤਦ ਹੀ ਨਿਭਾਈਆਂ ਜਾ ਸਕਦੀਆਂ ਹਨ ਜਦੋਂ ਹੁਕਮ ਵਿੱਚ ਚੱਲਣ ਦੀ ਆਦਤ ਪੈ ਜਾਏ। ਭਾਈ ਲਹਿਣਾ ਜੀ ਨੇ ਸ਼ਬਦ ਦੀ ਵਿਚਾਰ ਦੁਆਰਾ ਹੁਕਮ ਦੀਆਂ ਬਰੀਕੀਆਂ ਨੂੰ ਪੂਰੀ ਤਰ੍ਹਾਂ ਸਮਝ ਲਿਆ ਸੀ।

੩ ਜਿੱਥੇ ਭਾਈ ਲਹਿਣਾ ਜੀ ਨੇ ਹੁਕਮ ਵਿੱਚ ਰਹਿ ਕੇ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ ਹਨ, ਸੇਵਾਵਾਂ ਕੀਤੀਆਂ, ਬਹੁਤ ਕੁੱਝ ਨਵਾਂ ਸਿੱਖਿਆ ਓੱਥੇ ਪੁਰਾਣੇ ਖ਼ਿਆਲਾਂ ਨੂੰ ਆਪਣੇ ਮਨ ਵਿਚੋਂ ਬਾਹਰ ਕੱਢਿਆ।

੪ ਸਭ ਤੋਂ ਵੱਡਾ ਪੱਖ ਹੈ ਕਿ ਭਾਈ ਲਹਿਣਾ ਜੀ ਨੇ ਕਰਤਾਰਪੁਰ ਬੈਠ ਕੇ ਜਿੱਥੇ ਆਪ ਵਿਦਿਆ ਪੜ੍ਹੀ ਹੈ ਏੱਥੇ ਉਹਨਾਂ ਨੇ ਖਡੂਰ ਸਾਹਿਬ ਆ ਕੇ ਵਿਦਿਆ ਦਾ ਕੇਂਦਰ ਚਲਾਇਆ `ਤੇ ਬ੍ਰਾਹਮਣੀ ਮਤ ਦੇ ਏਕਾ-ਅਧਿਕਾਰ ਨੂੰ ਖਤਮ ਕੀਤਾ। ਮੱਲ ਅਖਾੜਾ ਤਿਆਰ ਕਰਾਇਆ।

੫ ‘ਸ਼ਬਦ ਰਿੜਕਣ` ਦਾ ਅਰਥ ਹੈ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਨੂੰ ਸਮਝਿਆ ਤੇ ਹਰ ਪ੍ਰਕਾਰ ਦੀ ਵਿਦਿਆ ਹਾਸਲ ਕਰਕੇ ਦੂਜੇ ਗੁਰੂ ਬਣਨ ਦਾ ਮਾਣ ਮਿਲਿਆ।

ਸਿੱਖੀ ਵਿੱਚ ਵਿਦਿਆ ਨੂੰ ਪਹਿਲ ਦਿੱਤੀ ਹੈ ਪਰ ਪੰਜਾਬ ਦੇ ਵਿਹਲੜ ਤੇ ਅਨਪੜ੍ਹ ਬਾਬਿਆਂ ਨੇ ਸਿੱਖ ਸਿਧਾਂਤ ਨੂੰ ਪੁੱਠਾ ਗੇੜਾ ਦੇਂਦਿਆਂ ਕੇਵਲ ਸੇਵਾ ਨੂੰ ਹੀ ਮੁੱਖ ਰੱਖਿਆ ਹੈ।

ਕੁਝ ਬਾਬਿਆਂ ਨੇ ਸਕੂਲਾਂ ਵਲ ਧਿਆਨ ਦਿੱਤਾ ਹੈ ਪਰ ਵਿਚਾਰਨ ਵਾਲਾ ਮੁੱਦਾ ਹੈ ਕਿ ਓੱਥੇ ਧਰਮ ਦੀ ਸਿਖਿਆ ਕਿਹੋ ਜੇਹੀ ਦਿੱਤੀ ਜਾ ਰਹੀ ਹੈ? ਇਹਨਾਂ ਸਕੂਲਾਂ ਵਿੱਚ ਵਿਦਿਆਂ ਦੇ ਨਾਂ `ਤੇ ਵੀ ਧੰਦਾ ਕੀਤਾ ਜਾ ਰਿਹਾ ਹੈ।

ਸ਼ਬਦਿ ਰਿੜਕਣ ਤੋਂ ਬਿਨਾਂ, ਭਾਵ ਸ਼ਬਦ ਦੀ ਸਿਧਾਂਤਕ ਵਿਚਾਰ ਤੋਂ ਬਿਨਾ ਅਸੀਂ ਭਰਮਾ ਵਹਿਮਾਂ ਤੋਂ ਮੁਕਤ ਨਹੀਂ ਹੋ ਸਕਦੇ।

ਸਤਿਗੁਰੁ ਜਿਨੀ ਨਾ ਸੇਵਿਓ, ਸਬਦਿ ਨ ਕੀਤੋ ਵੀਚਾਰੁ।।

ਅੰਤਰਿ ਗਿਆਨੁ ਨ ਆਇਓ, ਮਿਰਤਕੁ ਹੈ ਸੰਸਾਰਿ।।

ਲਖ ਚਉਰਾਸੀਹ ਫੇਰੁ ਪਇਆ, ਮਰਿ ਜੰਮੈ ਹੋਇ ਖੁਆਰੁ।।

ਸਤਿਗੁਰ ਕੀ ਸੇਵਾ ਸੋ ਕਰੇ ਜਿਸ ਨੋ ਆਪ ਕਰਾਏ ਸੋਇ।।

ਸਤਿਗੁਰ ਵਿਚਿ ਨਾਮੁ ਨਿਧਾਨੁ ਹੈ, ਕਰਮਿ ਪਰਾਪਤਿ ਹੋਇ।।

ਸਚਿ ਰਤੇ ਗੁਰ ਸਬਦ ਸਿਉ, ਤਿਨ ਸਚੀ ਸਦਾ ਲਿਵ ਹੋਇ।।

ਨਾਨਕ ਜਿਸ ਨੋ ਮੇਲੇ ਨ ਵਿਛੁੜੈ, ਸਹਜਿ ਸਮਾਵੈ ਸੋਇ।। ੧।।

ਸਲੋਕ ਮ: ੩ ਪੰਨਾ ੮੮




.