ਆਸਾ ਕੀ ਵਾਰ
(ਕਿਸ਼ਤ ਨੰ: 22)
ਪਉੜੀ ਇੱਕੀਵੀਂ ਅਤੇ ਸਲੋਕ
ਸਲੋਕੁ ਮਹਲਾ ੨।।
ਏਹ ਕਿਨੇਹੀ ਆਸਕੀ ਦੂਜੈ ਲਗੈ ਜਾਇ।।
ਨਾਨਕ ਆਸਕੁ ਕਾਂਢੀਐ ਸਦ ਹੀ ਰਹੈ ਸਮਾਇ।।
ਚੰਗੈ ਚੰਗਾ ਕਰਿ ਮੰਨੇ ਮੰਦੈ ਮੰਦਾ ਹੋਇ।।
ਆਸਕੁ ਏਹੁ ਨ ਆਖੀਐ ਜਿ ਲੇਖੈ ਵਰਤੈ ਸੋਇ।। ੧।।
ਪਦ ਅਰਥ:- ਏਹ ਕਿਨੇਹੀ ਆਸਕੀ – ਇਹ ਕਿਸ ਕਿਸਮ ਦੀ ਆਸ਼ਕੀ ਹੈ।
ਦੂਜੈ ਲਗੈ ਜਾਇ – ਜਿਹੜੇ ਇੱਕ ਨੂੰ ਛੱਡ ਕੇ ਦੂਜੇ ਨਾਲ ਜਾ ਲੱਗੇ। ਨਾਨਕ ਆਸਕੁ ਕਾਂਢੀਐ –
ਨਾਨਕ ਆਖਦਾ ਹੈ ਆਸ਼ਕ/ਰੱਬ ਦੇ ਪਿਆਰੇ ਉਨ੍ਹਾਂ ਨੂੰ ਆਖਣਾ ਚਾਹੀਦਾ ਹੈ। ਸਦ ਹੀ ਰਹੇ ਸਮਾਇ –
ਜੋ ਹਮੇਸ਼ਾਂ ਲਈ ਸਰਬਵਿਆਪਕ ਨਾਲ ਜੁੜੇ ਰਹਿੰਦੇ ਹਨ। ਚੰਗੇ ਚੰਗਾ ਕਰਿ ਮੰਨੇ – ਸੱਚ
ਨੂੰ ਸੱਚ ਕਰ ਕੇ ਮੰਨੇ। ਮੰਦੈ ਮੰਦਾ ਹੋਇ – ਕਿਉਂ ਕਿ ਝੂਠ, ਝੂਠ ਹੀ ਹੋ ਨਿਬੜਦਾ ਹੈ ਭਾਵ
ਝੂਠ ਨੇ ਝੂਠ ਹੀ ਰਹਿਣਾ ਹੈ। ਆਸਕੁ ਏਹੁ ਨ ਆਖੀਐ – ਇਨ੍ਹਾਂ ਨੂੰ ਰੱਬ ਦੇ ਪਿਆਰੇ ਨਹੀਂ
ਆਖਣਾ ਚਾਹੀਦਾ। ਜਿ ਲੇਖੈ ਵਰਤੇ ਸੋਇ - ਜਿਹੜੇ ਆਪ ਸੋਇ/ਸਰਬਵਿਆਪਕ ਬਣ ਕੇ ਲੋਕਾਂ ਦੇ ਲੇਖੇ
ਵਰਤਾਉਂਦੇ/ਕਰਦੇ ਹਨ।
ਅਰਥ:- ਇਹ ਕਿਸ ਕਿਸਮ ਦੀ ਆਸ਼ਕੀ ਹੈ ਜਿਹੜੀ ਇਕੁ (ਸੱਚ) ਨੂੰ ਛੱਡ ਕੇ
ਦੂਜੇ ਨਾਲ ਜਾ ਲੱਗੇ। ਨਾਨਕ ਆਖਦਾ ਹੈ ਰੱਬ ਦੇ ਆਸਕ/ਪਿਆਰੇ ਉਨ੍ਹਾਂ ਨੂੰ ਆਖਣਾ ਚਾਹੀਦਾ ਹੈ, ਜੋ
ਹਮੇਸਾਂ ਲਈ ਇਕੁ ਉਸ ਸਰਬਵਿਆਪਕ
(universal truth)
ਸੱਚ ਨਾਲ ਜੁੜੇ ਰਹਿੰਦੇ ਹਨ। ਇਸ ਕਰ ਕੇ ਸੱਚੇ ਨੂੰ ਹੀ ਸੱਚਾ ਕਰ ਕੇ ਮੰਨਣਾ ਚਾਹੀਦਾ ਹੈ ਕਿਉਂਕਿ
ਝੂਠ, ਝੂਠ ਹੀ ਹੋ ਨਿਬੜਦਾ ਹੈ ਭਾਵ ਝੂਠ ਨੇ ਝੂਠ ਹੀ ਰਹਿਣਾ ਹੈ। ਇਸ ਕਰ ਕੇ ਜਿਹੜੇ ਆਪ
ਸੋਇ/ਸਰਬਵਿਆਪਕ ਬਣ ਕੇ ਲੋਕਾਂ ਦੇ ਲੇਖੇ ਜੋਖੇ ਕਰਦੇ ਹਨ ਇਨ੍ਹਾਂ ਨੂੰ ਰੱਬ ਦੇ ਪਿਆਰੇ ਵੀ ਨਹੀਂ
ਆਖਣਾ ਚਾਹੀਦਾ। (ਇਨ੍ਹਾਂ ਨੂੰ ਝੂਠਿਆਂ ਨੂੰ ਝੂਠੇ ਹੀ ਕਹਿਣਾ ਚਾਹੀਦਾ ਹੈ)।
ਮਹਲਾ ੨।।
ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ।।
ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ।। ੨।।
ਪਦ ਅਰਥ:- ਸਲਾਮੁ – ਸਲਾਮ ਕਰਨਾ। ਜਬਾਬੁ – ਮੁਕਰਨਾ। ਦੋਵੈ
ਕਰੈ – ਦੋਵੇਂ ਗੱਲਾਂ ਕਰਦੇ ਹਨ। ਮੁੰਢਹੁ ਘੁਥਾ ਜਾਇ – ਮੂਲ ਤੋਂ ਹੀ ਖੁੰਝ ਜਾਂਦੇ
ਹਨ। ਨਾਨਕ ਦੋਵੈ ਕੂੜੀਆ – ਨਾਨਕ ਆਖਦਾ ਹੈ ਇਹ ਦੋਵੇ ਗੱਲਾਂ ਕੂੜੀਆਂ/ਝੂਠੀਆਂ ਹਨ। ਥਾਇ
ਨ ਕਾਈ ਪਾਇ – ਕੋਈ ਥਾਂ ਨਹੀਂ ਪਾਉਂਦੀਆਂ, ਭਾਵ ਕੋਈ ਅਹਿਮੀਅਤ ਨਹੀਂ ਰੱਖਦੀਆਂ।
ਅਰਥ:- ਜਿਹੜਾ ਸਲਾਮੁ ਵੀ ਕਰਦਾ ਹੈ ਭਾਵ ਮੰਨਦਾ ਵੀ ਹੈ ਅਤੇ ਜਵਾਬ ਭਾਵ ਉਸ
ਤੋਂ ਮੁਕਰਦਾ ਵੀ ਹੈ ਭਾਵ (ਦੂਜੇ ਪਾਸੇ ਕਿਸੇ ਅਵਤਾਰਵਾਦੀ ਨਾਲ ਵੀ ਜੁੜਿਆ ਹੋਇਆ ਹੈ) ਦੋਵੇਂ ਗੱਲਾਂ
ਕਰਦਾ ਹੈ, ਉਹ ਮੁੱਢੋਂ ਹੀ ਭੁੱਲਿਆ ਹੋਇਆ ਹੈ। ਨਾਨਕ ਆਖਦਾ ਹੈ ਮੰਨਣਾ ਅਤੇ ਮੁਕਰਨਾ ਦੋਵੇਂ ਗੱਲਾਂ
ਝੂਠੀਆਂ ਹਨ ਇਨ੍ਹਾਂ ਦੋਵਾਂ ਗੱਲਾਂ ਵਿੱਚੋਂ ਕੋਈ ਗੱਲ ਵੀ ਕਬੂਲ ਨਹੀਂ ਪੈਂਦੀ ਭਾਵ ਮੰਨੀ ਨਹੀਂ ਜਾ
ਸਕਦੀ।
ਨੋਟ:- ਜਿਸ ਤਰ੍ਹਾਂ ਅੱਜ ਸਾਡੇ ਸਮਾਜ ਵਿੱਚ ਵੀ ਵਰਤ ਰਿਹਾ ਹੈ ਰੱਬ ਨੂੰ
ਰੱਬ ਵੀ ਮੰਨਦੇ ਹਨ ਅਤੇ ਅਖੌਤੀ ਸਾਧਾਂ ਅਵਤਾਰਵਾਦੀਆਂ ਨੂੰ ਵੀ ਰੱਬ ਮੰਨਦੇ ਹਨ ਅਜਿਹੀ ਮਾਨਸਿਕਤਾ
ਰੱਖਣ ਵਾਲਿਆਂ ਦੇ ਹਾਲਾਤ ਬਿਆਨ ਕੀਤੇ ਹਨ।
ਪਉੜੀ।।
ਜਿਤੁ ਸੇਵਿਐ ਸੁਖੁ ਪਾਈਐ ਸੋ ਸਾਹਿਬੁ ਸਦਾ ਸਮਾੑਲੀਐ।।
ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ।।
ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ।।
ਜਿਉ ਸਾਹਿਬ ਨਾਲਿ ਨ ਹਾਰੀਐ ਤੇਵੇਹਾ ਪਾਸਾ ਢਾਲੀਐ।।
ਕਿਛੁ ਲਾਹੇ ਉਪਰਿ ਘਾਲੀਐ।। ੨੧।।
ਪਦ ਅਰਥ:- ਜਿਤੁ ਸੇਵਿਆ – ਜਿਸ ਨੂੰ ਸੇਵਿਆਂ, ਅਭਿਆਸ ਕੀਤਿਆਂ/ਕਰਨ
ਨਾਲ। ਸੁਖੁ ਪਾਈਐ – ਸੁਖ ਪਾਇਆ ਜਾ ਸਕਦਾ ਹੈ। ਸੋ ਸਾਹਿਬੁ ਸਦਾ ਸਮਾੑਲੀਐ – ਉਸ
ਸਾਹਿਬ/ਸੱਚ ਨੂੰ ਸਦਾ ਹਿਰਦੇ ਵਿੱਚ ਯਾਦ ਰੱਖਣਾ ਚਾਹੀਦਾ ਹੈ। ਜਿਤੁ ਕੀਤਾ ਪਾਈਐ ਆਪਣਾ –
ਜਿਸ ਨੇ ਕੀਤਾ ਹੈ ਭਾਵ ਜਿਸ ਕਰਤੇ
(creater)
ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਉਸ ਦੇ ਸੱਚ ਨੂੰ ਪਾਈਐ ਆਪਣਾ ਜਾਣੀਐ। ਸਾ – ਹੋਰ।
ਸਾ ਘਾਲਿ ਬੁਰੀ ਕਿਉ ਘਾਲੀਐ – ਹੋਰ ਕੋਈ ਬੁਰੀ ਘਾਲਣਾ ਕਿਉਂ ਘਾਲੀਐ। ਮੰਦਾ ਮੂਲਿ ਨ ਕੀਚਈ
– ਆਪਣੀ ਭਾਵਨਾ ਕਦੇ ਮੰਦੇ ਪਾਸੇ ਨਹੀਂ ਕਰਨੀ ਚਾਹੀਦੀ। ਦੇ – ਦੇਣ, ਬਖਸ਼ਿਸ਼। ਦੇ
ਲੰਮੀ ਨਦਰਿ ਨਿਹਾਲੀਐ – ਜਿਸ ਦੀ ਦੇਣ/ਬਖਸ਼ਿਸ਼ ਨੂੰ ਦੂਰ-ਦ੍ਰਿਸ਼ਟੀ ਨਾਲ ਅਪਣਾਈਏ। ਜਿਉ
ਸਾਹਿਬ ਨਾਲਿ ਨ ਹਾਰੀਐ ਤੇਵੇਹਾ ਪਾਸਾ ਢਾਲੀਐ - ਉਸ ਸਾਹਿਬ/ਸਿਰੇ ਦੇ ਸੱਚ ਤੋਂ ਪਿਛਾਂਹ ਨਾ
ਹਟੀਏ ਸਗੋਂ ਉਸ ਨਾਲ ਆਪਣੇ ਆਪ ਨੂੰ ਜੋੜੀਏ। ਹਾਰੀਐ – ਹਾਰ ਜਾਣਾ, ਪਿਛਾਂਹ ਹਟ ਜਾਣਾ।
ਕਿਛੁ ਲਾਹੇ ਉਪਰਿ ਘਾਲੀਐ – ਇਹ ਤਾਂ ਹੋ ਸਕਦਾ ਜੇ ਬੁਰੀ ਘਾਲੀ ਹੋਈ ਘਾਲਣਾ ਦਾ ਬੋਝ ਸਿਰ
ਉੱਪਰੋਂ ਲਾਹੇ।
ਅਰਥ:- ਹੇ ਭਾਈ! (ਅਖੌਤੀ ਅਵਤਾਰਵਾਦੀ ਰੱਬਾਂ ਨੂੰ ਛੱਡ ਕੇ) ਉਸ ਸਾਹਿਬ
ਸੱਚ ਨੂੰ ਸੇਵਿਆਂ/ਅਭਿਆਸ ਕਰਨ ਨਾਲ ਹੀ ਸੁਖ ਪਾਇਆ ਜਾ ਸਕਦਾ ਹੈ। ਇਸ ਵਾਸਤੇ ਉਸ ਸਾਹਿਬ ਨੂੰ
ਹਮੇਸ਼ਾਂ/ਸਦਾ ਹਿਰਦੇ ਅੰਦਰ ਯਾਦ ਰੱਖਣਾ ਚਾਹੀਦਾ ਹੈ। ਜਿਸ ਨੇ ਕੀਤਾ ਹੈ ਭਾਵ ਜਿਸ ਨੇ ਸ੍ਰਿਸ਼ਟੀ ਦੀ
ਰਚਨਾ ਕੀਤੀ ਹੈ ਉਸ ਨੂੰ ਹੀ ਆਪਣਾ (ਮਾਲਕ) ਜਾਣੀਏ ਹੋਰ ਕੋਈ ਬੁਰੀ ਘਾਲਣਾ ਕਿਉਂ ਘਾਲੀਏ (ਭਾਵ ਕਿਸੇ
ਅਵਤਾਰਵਾਦੀ ਨੂੰ ਕਿਉਂ ਰੱਬ ਮੰਨੀਏ)। ਇਸ ਲਈ ਉਸ ਦੀ ਬਖਸ਼ਿਸ਼ ਨੂੰ ਦੂਰ-ਅੰਦੇਸ਼ੀ ਨਾਲ ਅਪਣਾਉਣਾ
ਚਾਹੀਦਾ ਹੈ ਅਤੇ ਮੂਲੋਂ ਹੀ ਹੋਰ ਕੋਈ ਬੁਰੀ ਘਾਲਣਾ ਨਹੀਂ ਘਾਲਣੀ ਚਾਹੀਦੀ ਭਾਵ (ਕਿਸੇ ਕਿਸਮ ਦੀ
ਅਵਤਾਰਵਾਦੀ ਕਰਮਕਾਂਡੀ ਬੁਰੀ ਵਿਚਾਰਧਾਰਾ ਨੂੰ ਜੀਵਨ ਵਿੱਚੋਂ ਕੱਢ ਦੇਣਾ ਚਾਹੀਦਾ ਹੈ, ਅਭਿਆਸ
(practice)
ਨਹੀਂ ਕਰਨੀ ਚਾਹੀਦਾ) ਹੇ ਭਾਈ! ਇਸ ਕਰ ਕੇ
ਉਸ ਸਾਹਿਬ ਭਾਵ ਸਿਰੇ ਦੇ ਸੱਚ ਤੋਂ ਪਿਛਾਂਹ ਨਾ ਹਟੀਏ ਸਗੋਂ ਉਸ ਨਾਲ ਆਪਣੇ ਆਪ ਨੂੰ ਢਾਲੀਏ ਭਾਵ
ਜੋੜੀਏ। ਅਜਿਹਾ ਤਾਂ ਹੋ ਸਕਦਾ ਹੈ ਜੇਕਰ ਬੁਰੀ ਘਾਲੀ ਹੋਈ ਘਾਲਣਾ ਦਾ ਕੁੱਝ ਭਾਵ ਥੋੜਾ ਜਿਹਾ ਬੋਝ
ਵੀ ਸਿਰ ਉੱਪਰੋਂ ਲਾਹੀਏ ਭਾਵ ਉਤਾਰੀਏ।
ਬਲਦੇਵ ਸਿੰਘ ਟੌਰਾਂਟੋ।