ਖਾਲਸਾ ਪੰਥ ਬਨਾਮ ਡੇਰਾਵਾਦ
(ਭਾਗ ਤੀਹਵਾਂ)
ਮੌਜੂਦਾ ਦੌਰ ਦਾ ਸੰਤਵਾਦ:
ਅੱਜ ਬਹੁਤ ਸਾਰੀਆਂ ਐਸੀਆਂ ਸੰਪਰਦਾਵਾਂ ਹਨ, ਜੋ ਉਪਰੋਕਤ ਸੰਪਰਦਾਵਾਂ ਦੀਆਂ
ਸ਼ਾਖਾ ਦੇ ਤੌਰ `ਤੇ ਪ੍ਰਫੁਲਤ ਹੋਈਆਂ ਹਨ। ਇਸ ਤੋਂ ਇਲਾਵਾ ਕੁੱਝ ਐਸੀਆਂ ਹਨ ਜਿਨ੍ਹਾਂ ਆਪਣਿਆਂ
ਡੇਰਿਆਂ ਦੀ ਵਿਸ਼ੇਸ਼ ਮਹੱਤਤਾ ਬਨਾਉਣ ਲਈ ਆਪਣਾ ਪਿਛੋਕੜ ਪੁਰਾਤਨ ਗੁਰੂਕਾਲ ਦੇ ਪ੍ਰਮੁਖ ਗੁਰਸਿੱਖਾਂ
ਨਾਲ ਜੋੜਿਆ ਹੋਇਆ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਉਪਰਲਿਆਂ ਨੇ ਗੁਰੂ ਸਹਿਬਾਨ ਨਾਲ, ਪਰ ਜੇ
ਧਿਆਨ ਨਾਲ ਘੋਖ ਕੇ ਵੇਖਿਆ ਜਾਵੇ ਤਾਂ ਇਹ ਕੜੀਆਂ ਬਿਲਕੁਲ ਝੂਠੀਆਂ ਅਤੇ ਆਪਣੀ ਹੱਟੀ ਚਲਾਉਣ ਲਈ ਆਪੇ
ਘੜੀਆਂ ਨਜ਼ਰ ਆਉਂਦੀਆਂ ਹਨ। ਜੇ ਕੁੱਝ ਇੱਕ ਸੱਚ ਵੀ ਹੋਣ, ਤਾਂ ਇੱਕ ਗੱਲ ਪੱਕੀ ਹੈ ਕਿ ਇਨ੍ਹਾਂ ਦਾ
ਪੁਰਾਤਨ ਰੂਪ ਬਿਲਕੁਲ ਉਹ ਨਹੀਂ ਸੀ, ਜੋ ਅੱਜਕਲ ਦੇ ਡੇਰਾਵਾਦ ਅਤੇ ਗੁਰੂਡੰਮ ਦਾ ਹੈ, ਬਲਕਿ ਇਹ
ਪੂਰੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਅਨੁਸਾਰ ਗੁਰਮਤਿ ਪ੍ਰਚਾਰ, ਪੰਥ ਦੀ ਸੇਵਾ ਅਤੇ
ਚੜ੍ਹਦੀ ਕਲਾ ਨੂੰ ਸਮਰਪਤ ਕੁੱਝ ਸ਼ਖਸੀਅਤਾਂ ਜਾਂ ਜਥੇਬੰਦੀਆਂ ਸਨ, ਜਿਨ੍ਹਾਂ ਨਾਲ ਆਪਣੀਆਂ ਕੜੀਆਂ
ਜੋੜ ਕੇ, ਮੌਜੂਦਾ ਦੌਰ ਦੇ ਡੇਰੇਦਾਰ ਸਿੱਖ ਕੌਮ ਵਿੱਚ ਆਪਣਾ ਗੁਰੂਡੰਮ ਚਲਾ ਰਹੇ ਹਨ।
ਇਨ੍ਹਾਂ ਸੰਪਰਦਾਵਾਂ ਦੇ ਸਨਾਤਨੀ ਪ੍ਰਭਾਵ ਵਾਲੇ ਪ੍ਰਚਾਰ ਸਦਕਾ, ਸਿੱਖ ਕੌਮ
ਵਿੱਚ ਗੁਰਮਤਿ ਸਿਧਾਂਤਾਂ ਦੀ ਸੋਝੀ ਅਤੇ ਦ੍ਰਿੜਤਾ ਬਹੁਤ ਘਟਦੀ ਜਾ ਰਹੀ ਹੈ। ਆਮ ਭੋਲੇ ਭਾਲੇ ਸਿੱਖ
ਕਿਸੇ ਦਾ ਵੀ ਧਰਮੀ ਵਿਖਾਵਾ ਅਤੇ ਪਹਿਰਾਵਾ ਵੇਖ ਕੇ ਹੀ ਉਸ ਤੋਂ ਬਹੁਤ ਪ੍ਰਭਾਵਤ ਹੋ ਜਾਂਦੇ ਹਨ।
ਫੇਰ ਜਦੋਂ ਉਸ ਵਿਖਾਵੇ ਦੇ ਨਾਲ, ਉਸ ਦੇ ਦੁਆਰਾ ਕੀਤੇ ਜਾ ਰਹੇ ਕੁੱਝ ਕਰਮਕਾਂਡ, ਵਿਖਾਵੇ ਦੀ
ਤਪੱਸਿਆ, ਭਗਤੀ ਆਦਿ ਅਤੇ ਚਮਤਕਾਰਾਂ ਦੀਆਂ ਕਹਾਣੀਆਂ ਨਾਲ ਜੁੜ ਜਾਂਦੀਆਂ ਹਨ ਤਾਂ ਉਸ ਵਿਅਕਤੀ
ਪ੍ਰਤੀ ਉਨ੍ਹਾਂ ਦੇ ਮਨਾਂ ਵਿੱਚ ਅਥਾਹ ਸ਼ਰਧਾ ਭਰ ਜਾਂਦੀ ਹੈ। ਇਹ ਸ਼ਰਧਾ ਇਤਨੀ ਬਲਵਾਨ ਹੁੰਦੀ ਹੈ ਕਿ,
ਉਸ ਵਿਅਕਤੀ ਖਿਲਾਫ ਇੱਕ ਸ਼ਬਦ ਵੀ ਸੁਨਣਾ ਉਨ੍ਹਾਂ ਨੂੰ ਗਵਾਰਾ ਨਹੀਂ ਹੁੰਦਾ। ਇਹੀ ਕਾਰਨ ਹੈ ਕਿ ਇਹ
ਡੇਰੇ ਅਤੇ ਅਖੌਤੀ ਸੰਤ ਸੌਖੇ ਹੀ ਕੌਮ ਵਿੱਚ ਸਥਾਪਤ ਹੋ ਰਹੇ ਹਨ।
ਸਿੱਖ ਧਰਮ ਕੋਈ ਅੰਧ ਵਿਸ਼ਵਾਸ ਅਤੇ ਫੋਕੀਆਂ ਭਾਵਨਾਵਾਂ ਦਾ ਧਰਮ ਨਹੀਂ, ਗਿਆਨ
ਅਧਾਰਤ ਧਰਮ ਹੈ। ਗੁਰਬਾਣੀ ਦੇ ਇਸ ਪਾਵਨ ਸ਼ਬਦ ਵੱਲ ਮੁੜ ਧਿਆਨ ਦੇਣ ਦੀ ਲੋੜ ਹੈ:
"ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ।।
ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ।। " {ਪੰਨਾ ੧੩੭੨}
ਸਿੱਖ ਕੌਮ ਵਿੱਚ ਗਿਆਨ ਦੀ ਮਹੱਤਤਾ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਾਇਆ ਜਾ
ਸਕਦਾ ਹੈ ਕਿ ਇਹ ਦੁਨੀਆਂ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਹੈ ਕਿ ਕਿਸੇ ਗੁਰੂ ਨੇ ਆਪਣੀ ਜਗ੍ਹਾ
ਗਿਆਨ ਨੂੰ ਗੁਰਗੱਦੀ `ਤੇ ਸੁਸ਼ੋਭਿਤ ਕੀਤਾ ਹੈ ਅਤੇ ਆਪਣੇ ਸਿੱਖਾਂ ਨੂੰ ਗਿਆਨ ਦੇ ਲੜ ਲਾਇਆ ਹੈ।
ਅਸੀਂ ਵੱਡੇ ਭਾਗਾਂ ਵਾਲੇ ਹਾਂ ਕਿ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਇਲਾਹੀ ਗਿਆਨ ਦਾ
ਅਥਾਹ ਭੰਡਾਰ ਮੌਜੂਦ ਹੈ, ਇਸ ਲਈ ਚਾਹੀਦਾ ਤਾਂ ਇਹ ਹੈ ਕਿ ਕਿਸੇ ਨੂੰ ਵੀ ਸੰਤ, ਮਹਾਂਪੁਰਖ,
ਬ੍ਰਹਮਗਿਆਨੀ ਆਦਿ ਦੇ ਅਲੰਕਾਰਾਂ ਨਾਲ ਸੁਸ਼ੋਭਤ ਕਰਨ ਤੋਂ ਪਹਿਲਾਂ ਇਸ ਦਾ ਗੁਰਮਤਿ ਪੱਖ ਵਿਚਾਰ ਲਿਆ
ਜਾਵੇ ਅਤੇ ਉਸ ਵਿਅਕਤੀ ਦੇ ਹਰ ਕਰਮ ਨੂੰ ਵੀ ਗੁਰਮਤਿ ਦੀ ਕਸਵੱਟੀ `ਤੇ ਪਰਖਿਆ ਜਾਵੇ।
ਗੁਰਸਾਗਰ ਮਸਤੂਆਣਾ, ਸੰਗਰੂਰ (ਭਾਗ -੧)
ਇਸ ਡੇਰੇ ਦੀ ਸ਼ੁਰੂਆਤ (ਸੰਤ?) ਅਤਰ ਸਿੰਘ ਨੇ ਸੰਨ ੧੯੦੨ ਈ, ਵਿੱਚ ਕੀਤੀ।
ਅਤਰ ਸਿੰਘ ਦਾ ਜਨਮ ੨੩ ਮਾਰਚ ੧੮੬੮ ਈ. ਨੂੰ ਪਟਿਆਲਾ ਰਿਆਸਤ ਵਿੱਚ ਸੰਗਰੂਰ ਦੇ ਚੀਮਾ ਪਿੰਡ ਵਿੱਚ
ਹੋਇਆ। ਇਸ ਦੇ ਪਿਤਾ ਦਾ ਨਾਂ ਬਾਬਾ ਕਰਮ ਸਿੰਘ ਅਤੇ ਮਾਤਾ ਦਾ ਨਾਂ ਭੋਲੀ ਜੀ ਸੀ। ਇਸ ਦੇ ਪਿਤਾ
ਕਿਰਸਾਨੀ ਦੀ ਕਿਰਤ ਕਰਦੇ ਸਨ। ਇਸ ਦੇ ਪੈਰੋਕਾਰਾਂ ਦੁਆਰਾ, ਇਸ ਦੇ ਜੀਵਨ ਬਾਰੇ ਛਾਪੀ ਕਿਤਾਬ ਸੰਤ
ਸਰੋਵਰ ਦੇ ਪੰਨਾ ੯ `ਤੇ ਲਿਖਿਆ ਹੈ ਕਿ ਇਸ ਦੇ ਜਨਮ `ਤੇ ਪੈਦਾਂ ਨਾਂ ਦੀ ਦਾਈ ਨੂੰ ਹਜ਼ਾਰਾਂ ਸੂਰਜਾਂ
ਦੀ ਰੋਸ਼ਨੀ ਬਰਾਬਰ ਚਾਨਣ ਦਿਖਾਈ ਦਿੱਤਾ ਅਤੇ ਉਸ ਦੇ ਕਹਿਣ ਅਨੁਸਾਰ ਉਸ ਦੇ ਤਨ ਮਨ ਦੇ ਸਾਰੇ ਰੋਗ
ਦੂਰ ਹੋ ਗਏ। (ਗੱਲ ਤਾਂ ਹੈਰਾਨਗੀ ਦੀ ਹੈ, ਪਰ ਸ਼ੁਕਰ ਹੈ ਕਿ ਇਤਨੀ ਰੌਸ਼ਨੀ ਨਾਲ ਉਸ ਦੀਆਂ ਅੱਖਾਂ
ਅੰਨ੍ਹੀਆਂ ਨਹੀਂ ਹੋਈਆਂ)। ਕੁੱਝ ਭਾਵੁਕ ਕਿਸਮ ਦੇ ਇਤਿਹਾਸਕਾਰ ਅਤੇ ਪ੍ਰਚਾਰਕ ਲੋਕਾਂ ਨੂੰ ਖੁਸ਼ ਕਰਨ
ਅਤੇ ਆਪਣੀ ਮਤ ਅਨੁਸਾਰ ਸਤਿਗੁਰੂ ਦੀ ਮਹਤੱਤਾ ਬਨਾਉਣ ਲਈ ਗੁਰੂ ਨਾਨਕ ਪਾਤਿਸ਼ਾਹ ਨਾਲ ਵੀ ਇਹੋ
ਜਿਹੀਆਂ ਗੱਲਾਂ ਜੋੜ ਦੇਂਦੇ ਹਨ। ਸ਼ਾਇਦ ਉਹ ਸਮਝਦੇ ਹਨ ਕਿ ਸਤਿਗੁਰੂ ਨਾਨਕ ਸਾਹਿਬ ਦੇ ਅਲੌਕਿਕ ਜੀਵਨ
ਦੀ ਵਡਿਆਈ, ਹਿੰਦੂ ਦੇਵੀ ਦੇਵਤਿਆਂ ਵਾਂਗ ਐਸੀਆਂ ਫੋਕੀਆਂ ਚਮਤਕਾਰੀ ਕਹਾਣੀਆਂ ਜੋੜਨ ਨਾਲ ਹੀ ਬਣਨੀ
ਹੈ। ਹਾਲਾਂਕਿ ਇਹ ਗੱਲ ਭਾਵਨਾ ਤੋਂ ਵਧੇਰੇ ਕੁੱਝ ਵੀ ਨਹੀਂ। ਪਰ ਇੱਕ ਗੱਲ ਤਾਂ ਸਪੱਸ਼ਟ ਹੈ ਕਿ ਅਤਰ
ਸਿੰਘ ਦੇ ਪੈਰੋਕਾਰਾਂ ਨੇ ਆਪਣੇ ਅਖੌਤੀ ਮਹਾਂਪੁਰਖ ਦੀ ਸ਼ੁਰੂਆਤ ਹੀ ਘੱਟੋ-ਘੱਟ ਗੁਰੂ ਨਾਨਕ ਪਾਤਿਸ਼ਾਹ
ਦੀ ਬਰਾਬਰੀ ਨਾਲ ਕਰ ਦਿੱਤੀ ਹੈ। ਇਸੇ ਤਰ੍ਹਾਂ ਜਿਵੇਂ ਕੁੱਝ ਲੋਕਾਂ ਨੇ ਗੁਰੂ ਨਾਨਕ ਪਾਤਿਸ਼ਾਹ ਨਾਲ
ਸੱਪ ਦੇ ਛਾਇਆ ਕਰਨ ਦੀ ਕਹਾਣੀ ਬਣਾਈ ਹੋਈ ਹੈ, ਇਸ ਦੇ ਪੈਰੋਕਾਰਾਂ ਨੇ ਇਸ ਦੇ ਨੰਦੇੜ ਵਿੱਖੇ ਗੌਤਮ
ਘਾਟ `ਤੇ ਤੱਪ ਕਰਦੇ ਦੇ ਅੱਗੇ ਸੱਪ ਦਾ ਆ ਕੇ ਮੱਥਾ ਟੇਕਣਾ ਤੇ ਫੇਰ ਉਥੇ ਫਨ ਖਿਲਾਰ ਕੇ ਖੜੇ ਹੋ
ਜਾਣ ਦੀ ਕਹਾਣੀ ਬਣਾਈ ਹੋਈ ਹੈ। ਜਿਵੇਂ ਗੁਰੂ ਨਾਨਕ ਪਾਤਿਸ਼ਾਹ ਦੇ ਤਿੰਨ ਦਿਨ ਤੱਕ ਵੇਈਂ ਨਦੀ ਰਾਹੀਂ
ਅਲੋਪ ਹੋਣ ਦਾ ਇਤਿਹਾਸ ਹੈ, ਇਸੇ ਕਿਤਾਬ ਸੰਤ ਸਰੋਵਰ ਵਿੱਚ ਇਸ ਅਖੌਤੀ ਸੰਤ ਦੇ ਅੱਠ ਦਿਨ ਗੋਦਾਵਰੀ
ਨਦੀ ਰਾਹੀਂ ਅਲੋਪ ਹੋਣ ਦੀ ਕਹਾਣੀ ਘੜੀ ਗਈ ਹੈ। ਹੋਰ ਵੀ ਬਹੁਤ ਸਾਰੀਆਂ ਜਾਦੂਈ ਕਰਿਸ਼ਮਿਆਂ ਵਾਲੀਆਂ
ਕਹਾਣੀਆਂ ਇਸ ਦੇ ਜੀਵਨ ਨਾਲ ਜੋੜੀਆਂ ਹੋਈਆਂ ਹਨ, ਜਿਨ੍ਹਾਂ ਦਾ ਗੁਰਮਤਿ ਵਿੱਚ ਨਾ ਕਉਡੀ ਮੁੱਲ ਹੈ
ਅਤੇ ਨਾ ਸਥਾਨ। ਸਿਰਫ ਇਸ ਨੂੰ ਗੁਰੂ ਨਾਨਕ ਪਾਤਿਸ਼ਾਹ ਤੋਂ ਵੀ ਵੱਡਾ ਸਾਬਤ ਕਰਨ ਦੀ ਇੱਕ ਕੋਝੀ
ਕੋਸ਼ਿਸ਼ ਹੈ, ਇਥੋਂ ਤੱਕ ਕਿ ਇਨ੍ਹਾਂ ਆਪਣੀ ਇਸ ਕਿਤਾਬ ਸੰਤ ਸਰੋਵਰ ਦੇ ਪੰਨਾ ੩੬ `ਤੇ ਇਹ ਲਿੱਖ
ਦਿੱਤਾ:
‘ਸੰਤ ਅਤਰ ਸਿੰਘ ਪੂਰਾ ਸਤਿਗੁਰ, ਸੱਜੀ ਭੁਜਾ ਉਲਾਰੇ,
ਡੰਗ ਮਾਰਨੋ ਨਾਗ ਰੋਕਿਆ, ਖੜ੍ਹਾ ਫੁਕਾਰੇ ਮਾਰੇ।
ਆਕਾਸ਼ ਮੰਡਲ ਵਿੱਚ ਗਿਣੇ ਜਾਣਗੇ, ਧਰੂਆ ਮੰਡਲ ਦੇ ਤਾਰੇ,
ਗਿਣੇ ਨਹੀਂ ਗਏ, ਨਾ ਗਿਣੇ ਜਾਣਗੇ, ਸੰਤ ਜਨਾ ਦੇ ਤਾਰੇ। `
ਇਥੇ ਅਤਰ ਸਿੰਘ ਨੂੰ ਪੂਰਾ ਸਤਿਗੁਰੂ ਹੀ ਲਿਖ ਦਿੱਤਾ ਗਿਆ ਹੈ। ਇਹ ਸਭ
ਪੜ੍ਹਨ ਤੋਂ ਬਾਅਦ ਅਸੀਂ ਆਪ ਹੀ ਅੰਦਾਜ਼ਾ ਲਾ ਲਈਏ ਕਿ ਅਤਰ ਸਿੰਘ ਨੂੰ ਗੁਰੂ ਨਾਨਕ ਪਾਤਿਸ਼ਾਹ ਦਾ
ਸਿੱਖ ਅਤੇ ਪ੍ਰਚਾਰਕ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ, ਕਿ ਸ਼ਰੀਕ?
ਕਰਾਮਾਤਾਂ ਬਾਰੇ ਗੁਰਮਤਿ ਵਿਚਾਰ ਪਹਿਲੇ ਦਿੱਤੀ ਜਾ ਚੁਕੀ ਹੈ, ਇਸ ਲਈ ਇਥੇ
ਫਿਰ ਦੁਹਰਾਉਣਾ ਯੋਗ ਨਹੀਂ ਹੋਵੇਗਾ।
ਭਾਈ ਅਤਰ ਸਿੰਘ ਦੇ ਜੀਵਨ ਦੀ ਸ਼ੁਰੂਆਤ ਹੀ ਗਲਤ ਹੋਈ, ਕਿਉਂਕਿ ਬਚਪਨ ਵਿੱਚ
ਹੀ ਇਸ ਨੂੰ ਇਸ ਦੇ ਪਿੰਡ ਦੇ ਹੀ, ਭਾਈ ਬੂਟਾ ਸਿੰਘ ਨਾਂ ਦੇ ਨਿਰਮਲੇ ਸਾਧ ਦੇ ਡੇਰੇ `ਤੇ ਸਿਖਿਆ
ਲੈਣ ਭੇਜ ਦਿੱਤਾ ਗਿਆ। ਉਥੇ ਇਸ ਨੇ ਭਾਵੇਂ ਕੁੱਝ ਵਿਦਿਆ ਹਾਸਲ ਕੀਤੀ, ਪਰ ਉਹ ਗੁਰਮਤਿ ਘੱਟ ਅਤੇ
ਸਨਾਤਨੀ ਵਿਚਾਧਾਰਾ ਵਧੇਰੇ ਸੀ। ਮਨੁੱਖੀ ਜੀਵਨ ਵਿੱਚ ਵਿਚਾਰਧਾਰਾ ਦੀ ਬਹੁਤੀ ਘਾੜਤ ਬੱਚਪਨ ਤੋਂ
ਜੁਆਨੀ ਵੱਲ ਵਧਣ ਦੇ ਦੌਰ ਵਿੱਚ ਹੋ ਜਾਂਦੀ ਹੈ। ਬਚਪਨ ਤੋਂ ਪਏ ਇਸ ਪ੍ਰਭਾਵ ਤੋਂ ਅਤਰ ਸਿੰਘ ਸਾਰੀ
ਜ਼ਿੰਦਗੀ ਨਹੀਂ ਨਿਕਲ ਸਕਿਆ। ਇਸੇ ਸਨਾਤਨੀ ਪ੍ਰਭਾਵ ਕਾਰਨ ਹੀ, ਸਾਧ ਬਣਨ ਤੋਂ ਬਾਅਦ ਇਸ ਦੀ, ਉਸ
ਸਮੇਂ ਦੇ ਉੱਘੇ ਆਰਿਆ ਸਮਾਜੀਆਂ ਮਦਨ ਮੋਹਨ ਮਾਲਵੀਆ ਆਦਿ ਨਾਲ ਬਹੁਤ ਨੇੜਤਾ ਰਹੀ।
੧੭ ਸਾਲ ਦੀ ਉਮਰ ਵਿੱਚ ਇਹ ਫੌਜ ਵਿੱਚ ਭਰਤੀ ਹੋ ਗਿਆ, ਪਰ ਐਸੇ ਸਨਾਤਨੀ
ਪ੍ਰਭਾਵ ਵਾਲੇ ਨੇ ਸੂਰਬੀਰ ਸਿਪਾਹੀ ਕਿਥੋਂ ਬਣਨਾ ਸੀ? ਫੌਜ ਵਿੱਚ ਵੀ ਸਮਾਧੀਆਂ ਹੀ ਲਾਉਂਦਾ ਰਿਹਾ
ਅਤੇ ੧੮੮੮ ਵਿੱਚ ਕੇਵਲ ਤਿੰਨ ਸਾਲ ਦੀ ਨੌਕਰੀ ਤੋਂ ਬਾਅਦ, ਇਸ ਨੂੰ ਫੌਜ ਵਿਚੋਂ ਰਾਖਵੀਂ
(Reserve)
ਸ਼੍ਰੇਣੀ ਵਿੱਚ ਕਰ ਕੇ ਘਰ ਭੇਜ ਦਿੱਤਾ ਗਿਆ ਅਤੇ ਅੰਤ ੧੮੯੧ ਵਿੱਚ ਪੂਰੀ ਤਰ੍ਹਾਂ ਸੁਰਖਰੂ ਕਰ ਦਿੱਤਾ
ਗਿਆ। ਇਸ ਬਾਰੇ ਇੱਕ ਗੱਲ ਹੋਰ ਬਹੁਤ ਮਸ਼ਹੂਰ ਹੈ, ਜੋ ਇਸ ਦੇ ਚਾਟੜੇ ਬੜਾ ਰੱਸ ਲੈ ਲੈ ਕੇ ਸਟੇਜਾਂ
`ਤੇ ਸੁਣਾਉਂਦੇ ਹਨ ਕਿ ਫੌਜ ਵਿੱਚ ਹੁੰਦਿਆਂ ਇਹ ਭਗਤੀ ਵਿੱਚ ਇਤਨੇ ਲੀਨ ਹੋ ਜਾਂਦੇ ਕਿ ਇਨ੍ਹਾਂ ਨੂੰ
ਆਪਣੀ ਡਿਊਟੀ `ਤੇ ਜਾਣ ਦੀ ਸੁੱਧ ਬੁੱਧ ਨਾ ਰਹਿੰਦੀ। ਪਰ ਅਗਲੇ ਦਿਨ ਜਦੋਂ ਡਿਉਟੀ `ਤੇ ਜਾਂਦੇ ਤਾਂ
ਇਨ੍ਹਾਂ ਦੀ ਹਾਜਰੀ ਵੀ ਲੱਗੀ ਹੁੰਦੀ ਅਤੇ ਸਾਰੇ ਕਹਿੰਦੇ ਕਿ ਤੁਸੀਂ ਤਾਂ ਡਿਊਟੀ `ਤੇ ਆਏ ਸੀ।
ਉਨ੍ਹਾਂ ਦੇ ਇਹ ਕਹਾਣੀਆਂ ਪ੍ਰਚਲਤ ਕਰਨ ਦਾ ਅਸਲੀ ਮੱਕਸਦ ਇਹ ਹੈ ਕਿ ਉਹ ਇਤਨੇ ਪਹੁੰਚੇ ਹੋਏ
ਮਹਾਂਪੁਰਖ ਸਨ ਕਿ ਉਹ ਭਗਤੀ ਕਰਦੇ ਅਤੇ ਉਨ੍ਹਾਂ ਦੀ ਜਗ੍ਹਾ `ਤੇ ਪ੍ਰਮੇਸ਼ਰ ਉਨ੍ਹਾਂ ਦੀ ਡਿਉਟੀ ਦੇਣ
ਲਈ ਆਉਂਦਾ ਸੀ।
ਗੁਰੂ ਨਾਨਕ ਪਾਤਿਸ਼ਾਹ ਸਾਲਾਂ ਦੇ ਸਾਲ ਪ੍ਰਚਾਰ ਦੋਰਿਆਂ `ਤੇ ਘਰੋਂ ਬਾਹਰ
ਰਹੇ। ਉਸ ਵੇਲੇ ਕਿਉਂਕਿ ਸੰਚਾਰ ਦੇ ਸਾਧਨ ਇਤਨੇ ਨਹੀਂ ਸਨ, ਨਾ ਪ੍ਰਵਾਰ ਨੂੰ ਉਨ੍ਹਾਂ ਦਾ ਕੋਈ ਪਤਾ
ਹੁੰਦਾ, ਕਿ ਉਹ ਕਿਥੇ ਹਨ ਅਤੇ ਨਾਹੀ ਉਨ੍ਹਾਂ ਨੂੰ ਪਰਿਵਾਰ ਬਾਰੇ ਕੁੱਝ ਪਤਾ ਹੁੰਦਾ ਕਿ ਕਿਸ ਹਾਲਤ
ਵਿੱਚ ਹੈ। ਹੈਰਾਨਗੀ ਦੀ ਗੱਲ ਹੈ ਕਿ ਪ੍ਰਮੇਸ਼ਰ ਨੂੰ ਕਦੇ ਖਿਆਲ ਨਾ ਆਇਆ ਕਿ ਗੁਰੂ ਨਾਨਕ ਮਨੁੱਖਤਾ
ਉਤੇ ਇਤਨਾ ਵੱਡਾ ਉਪਕਾਰ ਕਰ ਰਹੇ ਹਨ, ਮੈਂ ਜਾ ਕੇ ਉਨ੍ਹਾਂ ਦੇ ਪਰਿਵਾਰ ਦੀ, ਉਨ੍ਹਾਂ ਦੇ ਬੱਚਿਆਂ
ਦੀ ਜਾਂ ਬਜੁਰਗ ਮਾਤਾ ਪਿਤਾ ਦੀ ਕੋਈ ਸੁੱਧ ਲਵਾਂ। ਉਨ੍ਹਾਂ ਦੇ ਕੋਈ ਕੰਮ ਕਾਰ ਹੀ ਕਰਾ ਆਵਾਂ ਜੋ
ਗੁਰੂ ਨਾਨਕ ਨੇ ਆਪ ਘਰ ਹੁੰਦਿਆਂ ਕਰਨੇ ਸਨ। ਨਾ ਹੀ ਪ੍ਰਮੇਸ਼ਰ ਵਜੀਰ ਖਾਨ ਦੀ ਕੈਦ ਵਿੱਚ ਬਜ਼ੁਰਗ
ਮਾਤਾ ਅਤੇ ਛੇ ਤੇ ਅੱਠ ਸਾਲ ਦੇ ਬੱਚਿਆਂ ਦੀ ਸੁਧ ਲੈਣ ਆਇਆ ਕਿ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਜ਼ੁਲਮ
ਦਾ ਨਾਸ ਕਰਨ ਲਈ ਧਰਮ ਯੁਧ ਲੜਦੇ ਹੋਏ ਮੁਸੀਬਤਾਂ ਵਿੱਚ ਘਿਰੇ ਹੋਏ ਹਨ, ਸੋ ਮੈਂ ਹੀ ਬੱਚਿਆਂ ਦੀ
ਸੁੱਧ ਲੈ ਆਵਾਂ। ਪ੍ਰਮੇਸ਼ਰ ਇਤਨਾ ਵਿਹਲਾ ਸੀ ਕਿ ਇੱਕ ਗੈਰ-ਜਿਮੇਂਵਾਰ ਵਿਅਕਤੀ ਦੀ ਜਗ੍ਹਾਂ `ਤੇ
ਡਿਊਟੀ ਦੇਂਦਾ ਰਿਹਾ। ਲੇਕਿਨ ਇਹ ਵੀ ਸੱਚਾਈ ਹੈ ਕਿ ਗਿਆਨ ਵਿਹੂਣੇ ਭਾਵੁਕ ਕਿਸਮ ਦੇ ਲੋਕਾਂ ਨੂੰ
ਇੰਝ ਮੂਰਖ ਬਨਾਉਣਾ ਬਹੁਤ ਸੌਖਾ ਹੈ।
ਇਥੇ ਇੱਕ ਗੱਲ ਹੋਰ ਸਾਂਝੀ ਕਰ ਲੈਣੀ ਯੋਗ ਹੋਵੇਗੀ ਕਿ ਚੰਡੀਗੜ੍ਹ ਦੇ ਸੈਕਟਰ
੩੮ ਦੇ ਪਿਛਲੇ ਪਾਸੇ ਇੱਕ ਸਰੂਪ ਸਿੰਘ ਨਾਂ ਦੇ ਅਖੌਤੀ ਸਾਧ ਦਾ ਡੇਰਾ ਹੈ, ਜਿਸ ਦਾ ਨਾਂ ਉਸ ਨੇ
ਸੰਤਸਰ ਰਖਿਆ ਹੋਇਆ ਹੈ। ਇਹ ਵਿਅਕਤੀ ਅਖੌਤੀ ਸਾਧ ਬਣਨ ਤੋਂ ਪਹਿਲੇ ਚੰਡੀਗੜ੍ਹ ਵਿੱਚ ਪਾਣੀ ਦੇ
ਮਹਿਕਮੇ ਵਿੱਚ ਟਿਊਬਵੈਲ ਅਪਰੇਟਰ ਦਾ ਕੰਮ ਕਰਦਾ ਸੀ। ਇਸ ਦੇ ਅਖੌਤੀ ਸਾਧ ਬਣਨ ਤੋਂ ਬਾਅਦ ਇਹ
ਪਹਿਲਾਂ ਕੁੱਝ ਸਾਥੀਆਂ ਦੀ ਮਿਲਵਰਤਨ ਨਾਲ ਡਿਊਟੀ ਤੋਂ ਫਰਲੋ ਮਾਰਦਾ ਰਿਹਾ। ਇਸ ਦੀ ਸੰਤਗਿਰੀ ਸਥਾਪਤ
ਹੋ ਜਾਣ ਤੋਂ ਬਾਅਦ, ਵਿਭਾਗ ਵਿੱਚ ਇਸ ਦੇ ਸੰਤ ਮਹਾਪੁਰਖ ਹੋਣ ਦਾ ਕੁੱਝ ਐਸਾ ਪ੍ਰਭਾਵ ਪਿਆ, ਕੁੱਝ
ਇਸ ਨੇ ਸੈਟਿੰਗ ਕਰ ਲਈ ਕਿ ਬਗੈਰ ਡਿਊਟੀ ਦਿੱਤੇ ਇਸ ਦੀ ਹਾਜਰੀ ਵੀ ਲਗਾਈ ਜਾਂਦੀ ਰਹੀ ਅਤੇ ਤਨਖਾਹ
ਵੀ ਮਿਲਦੀ ਰਹੀ। ਇਸ ਦਾ ਖੁਲਾਸਾ ਉਦੋਂ ਹੋਇਆ ਜਦੋਂ ਡੇਰੇ ਦੀ ਇਮਾਰਤ ਦੀਆਂ ਬੇਨਿਯਮੀ ਕਾਰਨ ਇਸ ਦਾ
ਪ੍ਰਸ਼ਾਸਨ ਨਾਲ ਭਾਰੀ ਟਕਰਾ ਹੋ ਗਿਆ, ਅਤੇ ਨਤੀਜੇ ਵਜੋਂ ਮਹਿਕਮੇ ਦੇ ਕਈ ਅਫਸਰਾਂ ਤੋਂ ਪੁੱਛ ਪੜਤਾਲ
ਸ਼ੁਰੂ ਹੋ ਗਈ। ਹੁਣ ਕੱਲ ਨੂੰ ਕੋਈ ਇਹ ਯਭਲੀ ਮਾਰ ਦੇਵੇ ਕਿ ਇਹ ਬਾਹਰ ਤਪੱਸਿਆ ਕਰਦਾ ਸੀ ਅਤੇ ਇਸ ਦੀ
ਜਗ੍ਹਾ ਪ੍ਰਮੇਸ਼ਰ ਡਿਊਟੀ ਦੇਂਦਾ ਸੀ ਤਾਂ ਇਹ ਕੋਈ ਹੈਰਾਨਗੀ ਵਾਲੀ ਗਲ ਨਹੀਂ ਹੋਵੇਗੀ, ਕਿਉਂਕਿ ਇਹੋ
ਜਿਹੇ ਡਰਾਮਿਆਂ ਨਾਲ ਹੀ ਇਹ ਜਾਂ ਇਨ੍ਹਾਂ ਦੇ ਚਾਟੜੇ ਭੋਲ–ਭਾਲੇ ਲੋਕਾਂ ਨੂੰ ਮੂਰਖ ਬਣਾਉਂਦੇ ਹਨ।
ਕੁੱਝ ਇਹੋ ਜਿਹਾ ਹੀ ਕਾਰਨਾਮਾ ਅਤਰ ਸਿੰਘ ਦਾ ਲਗਦਾ ਹੈ ਕਿਉਂ ਕਿ ਇਹ ਸਮਝਿਆ ਜਾਂਦਾ ਹੈ ਕਿ
ਅੰਗਰੇਜ਼ਾਂ ਨੇ ਅਤਰ ਸਿੰਘ ਅਤੇ ਕੁੱਝ ਹੋਰ ਐਸੇ ਵਿਅਕਤੀਆਂ ਨੂੰ ਆਪ ਇੱਕ ਸਕੀਮ ਵਜੋਂ ਸਿੱਖਾਂ ਨੂੰ
ਸੰਤ-ਸਿਪਾਹੀ ਤੋਂ ਮਾਲਾ ਫੇਰਨ ਵਾਲੇ ਵਿਹਲੜ ਬਨਾਉਣ ਵਾਸਤੇ ਸੰਤ ਬਣਾ ਕੇ ਭੇਜਿਆ ਸੀ।
ਆਓ ਅਤਰ ਸਿੰਘ ਬਾਰੇ ਬਹੁਤ ਵਡਿਆਈ ਅਤੇ ਮਹਿਮਾਂ ਦੀਆਂ ਜੋ ਗੱਲਾਂ ਕੀਤੀਆਂ
ਜਾਂਦੀਆਂ ਹਨ, ਉਨ੍ਹਾਂ ਵਿਚੋਂ ਕੁੱਝ ਨੂੰ ਗੁਰਮਤਿ ਦੀ ਕਸਵੱਟੀ `ਤੇ ਪਰਖ ਲਈਏ:
ਸੰਤ ਸਰੋਵਰ ਵਿੱਚ ਲਿਖਿਆ ਹੈ ਕਿ ਇਹ ਘਰ ਦਾ ਕੋਈ ਕੰਮ ਨਹੀਂ ਸਨ ਕਰਦੇ ਅਤੇ
ਜੋਗੀਆਂ ਵਾਂਗ ਗ੍ਰਿਹਸਤ ਮਾਰਗ ਤੋਂ ਕੋਹਾਂ ਦੂਰ ਰਹੇ। ਵਿਆਹ ਦਾ ਨਾਂ ਸੁਨਣਾ ਵੀ ਪਸੰਦ ਨਹੀਂ ਸਨ
ਕਰਦੇ। ਮਾਤਾ ਜੀ ਨੇ ਕਿਹਾ ਕਿ ਵਿਆਹ ਕਰਾ ਲੈ, ਤਾਂ ਸੰਤ ਜੀ ਸੁਣਦੇ ਸਾਰ ਹੀ ਕਿਧਰੇ ਦੂਰ ਚਲੇ ਗਏ।
ਇਸ ਦਾ ਭਾਵ ਤਾਂ ਇਹ ਹੈ ਕਿ ਇਸ ਅਖੌਤੀ ਸੰਤ ਜੀ ਨੂੰ ਜਾਂ ਤਾਂ ਗੁਰਮਤਿ
ਸਿਧਾਂਤਾਂ ਦੀ ਸੋਝੀ ਹੀ ਨਹੀਂ ਸੀ, ਜਾਂ ਗੁਰਮਤਿ ਸਿਧਾਂਤਾਂ ਤੋਂ ਬਾਗ਼ੀ ਸਨ, ਕਿਉਂਕਿ ਗੁਰਮਤਿ ਦਾ
ਮਾਰਗ ਤਾਂ ਗ੍ਰਿਹਸਤ ਮਾਰਗ ਹੈ ਅਤੇ ਇਹੀ ਅਕਾਲ-ਪੁਰਖ ਦੇ ਅਟੱਲ ਨੇਮ ਦਾ ਮਾਰਗ ਹੈ। ਇਸੇ ਵਾਸਤੇ
ਸਾਡੇ ਸਾਰੇ ਗੁਰੂ ਸਾਹਿਬਾਨ ਗ੍ਰਿਹਸਤੀ ਸਨ। ਜਿਵੇਂ ਉਪਰ ਦਸਿਆ ਜਾ ਚੁੱਕਾ ਹੈ, ਜਿਨ੍ਹਾਂ ੩੫
ਸ਼ਖਸੀਅਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਉਹ ਸਾਰੇ ਗ੍ਰਿਹਸਤੀ ਸਨ। ਜੇ ਬ੍ਰਹਮਚਾਰੀ
ਰਹਿਣ ਦੀ ਕੋਈ ਵਿਸ਼ੇਸ਼ ਮਹਤੱਤਾ ਜਾਂ ਪਵਿੱਤਰਤਾ ਹੁੰਦੀ ਤਾਂ ਸਤਿਗੁਰੂ ਵੀ ਇਸ ਨੂੰ ਧਾਰਣ ਕਰ ਲੈਂਦੇ,
ਕੁੱਝ ਵਿਸ਼ੇਸ਼ ਬ੍ਰਹਮਚਾਰੀਆਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਦੇਂਦੇ ਅਤੇ ਸਿੱਖਾਂ
ਨੂੰ ਵੀ ਗੁਰਬਾਣੀ ਰਾਹੀਂ ਬ੍ਰਹਮਚਾਰੀ ਰਹਿਣ ਦੀ ਮਹੱਤਤਾ ਸਮਝਾ ਜਾਂਦੇ। ਵਿਆਹ ਨਾ ਕਰਾਉਣਾ
ਅਕਾਲ-ਪੁਰਖ ਦੇ ਬਣਾਏ ਅਟੱਲ ਕੁਦਰਤੀ ਨੇਮਾਂ ਅਤੇ ਸਤਿਗੁਰੂ ਦੇ ਦ੍ਰਿੜ ਕਰਾਏ ਪਾਵਨ ਸਿਧਾਂਤਾਂ ਨੂੰ
ਪਿੱਠ ਦੇਣਾ ਹੈ।
ਵਿਆਹ ਨਾ ਕਰਾਉਣ ਅਤੇ ਬ੍ਰਹਮਚਾਰੀ ਰਹਿਣ ਬਾਰੇ ਕਾਫੀ ਖੁਲ੍ਹੀ ਵਿਚਾਰ ਉਪਰ
ਕੀਤੀ ਜਾ ਚੁੱਕੀ ਹੈ, ਇਸ ਲਈ ਦੁਹਰਾਉਣਾ ਯੋਗ ਨਹੀਂ ਹੋਵੇਗਾ ਪਰ ਇੱਕ ਗੱਲ ਜ਼ਰੂਰ ਵਿਚਾਰਨ ਵਾਲੀ ਹੈ।
ਜਿਵੇਂ ਉਪਰ ਲਿਖਿਆ ਗਿਆ ਹੈ ਕਿ ਗੁਰੂ ਨਾਨਕ ਪਾਤਿਸ਼ਾਹ ਦੀ ਜੋਗੀਆਂ ਨਾਲ ਹੋਈ ਗਿਆਨ ਚਰਚਾ ਵਿਚ,
ਜੋਗੀਆਂ ਨੇ ਆਪਣਾ ਜੀਵਨ ਫਲਸਫਾ ਇਹ ਦੱਸਿਆ ਕਿ ਅਸੀਂ ਘਰ-ਬਾਰ ਤਿਆਗ ਕੇ ਜੰਗਲਾਂ ਵਿੱਚ ਚਲੇ ਜਾਂਦੇ
ਹਾਂ, ਰੁੱਖਾਂ–ਬਿਰਖਾਂ ਥੱਲੇ ਰਹਿੰਦੇ, ਗਾਜਰ ਮੂਲੀਆਂ ਆਦਿ ਖਾਕੇ ਜੀਵਨ ਬਸਰ ਕਰਦੇ ਹਾਂ ਅਤੇ
ਤੀਰਥਾਂ `ਤੇ ਇਸ਼ਨਾਨ ਕਰਕੇ ਸਮਝਦੇ ਹਾਂ ਕਿ ਸਾਡੇ ਜੀਵਨ ਦੀ ਸਾਰੀ ਮੈਲ ਧੁਲ ਗਈ ਹੈ। ਸਤਿਗੁਰੂ ਨੇ
ਗੋਰਖ ਨਾਥ ਦੇ ਚੇਲੇ ਲੋਹਰੀਪੇ ਵਲੋਂ ਦੱਸਿਆ, ਉਨ੍ਹਾਂ ਜੋਗੀਆਂ ਦਾ ਜੀਵਨ ਦਰਸ਼ਨ, ਸਿਧ ਗੋਸ਼ਟਿ ਬਾਣੀ
ਵਿੱਚ ਇੰਝ ਦਰਜ ਕੀਤਾ ਹੈ:
"ਹਾਟੀ ਬਾਟੀ ਰਹਹਿ ਨਿਰਾਲੇ ਰੂਖਿ ਬਿਰਖਿ ਉਦਿਆਨੇ।।
ਕੰਦ ਮੂਲੁ ਅਹਾਰੋ ਖਾਈਐ ਅਉਧੂ ਬੋਲੈ ਗਿਆਨੇ।।
ਤੀਰਥਿ ਨਾਈਐ ਸੁਖੁ ਫਲੁ ਪਾਈਐ ਮੈਲੁ ਨ ਲਾਗੈ ਕਾਈ।।
ਗੋਰਖ ਪੂਤੁ ਲੋਹਾਰੀਪਾ ਬੋਲੈ ਜੋਗ ਜੁਗਤਿ ਬਿਧਿ ਸਾਈ।। ੭।। " {ਪੰਨਾ
੯੩੯}
ਜੋਗੀ ਨੇ (ਜੋਗ ਦਾ) ਗਿਆਨ-ਮਾਰਗ ਇਉਂ ਦੱਸਿਆ—ਅਸੀ (ਦੁਨੀਆ ਦੇ)
ਮੇਲਿਆਂ-ਮਸਾਧਿਆਂ (ਭਾਵ, ਸੰਸਾਰਕ ਝੰਬੇਲਿਆਂ) ਤੋਂ ਵੱਖਰੇ ਜੰਗਲ ਵਿੱਚ ਕਿਸੇ ਰੁੱਖ-ਬਿਰਖ ਹੇਠ
ਰਹਿੰਦੇ ਹਾਂ ਤੇ ਗਾਜਰ-ਮੂਲੀ ਉਤੇ ਗੁਜ਼ਾਰਾ ਕਰਦੇ ਹਾਂ; ਤੀਰਥ `ਤੇ ਇਸ਼ਨਾਨ ਕਰਦੇ ਹਾਂ; ਇਸ ਦਾ ਫਲ
ਮਿਲਦਾ ਹੈ ‘ਸੁਖ`, ਤੇ (ਮਨ ਨੂੰ) ਕੋਈ ਮੈਲ (ਭੀ) ਨਹੀਂ ਲੱਗਦੀ। ਗੋਰਖਨਾਥ ਦਾ ਚੇਲਾ ਲੋਹਾਰੀਪਾ
ਬੋਲਿਆ ਕਿ ਇਹੀ ਹੈ ਜੋਗ ਦੀ ਜੁਗਤੀ, ਜੋਗ ਦੀ ਵਿਧੀ।
ਸਤਿਗੁਰੂ ਨੇ ਜੋਗੀਆਂ ਦੀ ਇਸ ਵਿਚਾਰਧਾਰਾ ਨੂੰ ਪੂਰਨ ਰੱਦ ਕਰਦੇ ਹੋਏ, ਇਹ
ਫੁਰਮਾਇਆ ਹੈ:
"ਹਾਟੀ ਬਾਟੀ ਨੀਦ ਨ ਆਵੈ ਪਰ ਘਰਿ ਚਿਤੁ ਨ ਡ+ਲਾਈ।।
ਬਿਣੁ ਨਾਵੈ ਮਨੁ ਟੇਕ ਨ ਟਿਕਈ ਨਾਨਕ ਭੂਖ ਨ ਜਾਈ।।
ਹਾਟੁ ਪਟਣੁ ਘਰੁ ਗੁਰੂ ਦਿਖਾਇਆ ਸਹਜੇ ਸਚੁ ਵਾਪਾਰੋ।।
ਖੰਡਿਤ ਨਿਦ੍ਰਾ ਅਲਪ ਅਹਾਰੰ ਨਾਨਕ ਤਤੁ ਬੀਚਾਰੋ।। ੮।। " {ਪੰਨਾ ੯੩੯}
ਹੇ ਨਾਨਕ ! ਅਸਲ (ਗਿਆਨ ਦੀ) ਵਿਚਾਰ ਇਹ ਹੈ ਕਿ ਦੁਨੀਆ ਦੇ ਧੰਧਿਆਂ ਵਿੱਚ
ਰਹਿੰਦਿਆਂ ਮਨੁੱਖ ਨੂੰ ਨੀਂਦ ਨਾਹ ਆਵੇ (ਭਾਵ, ਧੰਧਿਆਂ ਵਿੱਚ ਹੀ ਨਾਹ ਗ਼ਰਕ ਹੋ ਜਾਏ), ਪਰਾਏ ਘਰ
ਵਿੱਚ ਮਨ ਨੂੰ ਡੋਲਣ ਨਾਹ ਦੇਵੇ; (ਪਰ) ਹੇ ਨਾਨਕ ! ਪ੍ਰਭੂ ਦੇ ਨਾਮ ਤੋਂ ਬਿਣਾ ਮਨ ਟਿਕ ਕੇ ਨਹੀਂ
ਰਹਿ ਸਕਦਾ ਤੇ (ਮਾਇਆ ਦੀ) ਤ੍ਰਿਸ਼ਨਾ ਹਟਦੀ ਨਹੀਂ।
(ਜਿਸ ਮਨੁੱਖ ਨੂੰ) ਸਤਿਗੁਰੂ ਨੇ (ਨਾਮ ਵਿਹਾਝਣ ਦਾ ਅਸਲ) ਟਿਕਾਣਾ, ਸ਼ਹਿਰ
ਤੇ ਘਰ ਵਿਖਾ ਦਿੱਤਾ ਹੈ ਉਹ (ਦੁਨੀਆ ਦੇ ਧੰਧਿਆਂ ਵਿੱਚ ਭੀ) ਅਡੋਲ ਰਹਿ ਕੇ ‘ਨਾਮ` ਵਿਹਾਝਦਾ ਹੈ;
ਉਸ ਮਨੁੱਖ ਦੀ ਨੀਂਦ ਭੀ ਘੱਟ ਤੇ ਖ਼ੁਰਾਕ ਭੀ ਥੋੜ੍ਹੀ ਹੁੰਦੀ ਹੈ। (ਭਾਵ, ਉਹ ਚਸਕਿਆਂ ਵਿੱਚ ਨਹੀਂ
ਪੈਂਦਾ)। ੮।
ਕੀ ਸਤਿਗੁਰੂ ਦੀ ਇਹ ਸਾਰੀ ਸਿੱਖਿਆ ਕੇਵਲ ਜੋਗੀਆਂ ਵਾਸਤੇ ਹੈ? ਸਿੱਖੀ ਦੇ
ਨਾਂ `ਤੇ ਇਹ ਸਾਰੇ ਕਰਮ ਕਰਨੇ ਜਾਇਜ਼ ਹਨ? ਜੇ ਨਹੀਂ! ਤਾਂ ਗ੍ਰਿਹਸਤ ਤੋਂ ਭਜਣ ਵਾਸਤੇ ਅਤਰ ਸਿੰਘ
ਸਮੇਤ ਕਿਸੇ ਵੀ ਅਖੌਤੀ ਸੰਤ ਸਾਧ ਜਾਂ ਹੋਰ ਵਿਅਕਤੀ ਦੀ ਵਡਿਆਈ ਕਰਨੀ ਨਹੀਂ ਬਣਦੀ, ਬਲਕਿ ਉਨ੍ਹਾਂ
ਦੇ ਇਸ ਗੁਰਮਤਿ ਵਿਰੋਧੀ ਕਰਮ ਨੂੰ ਰੱਦ ਕਰਨਾ ਬਣਦਾ ਹੈ।
(ਦਾਸ ਦੀ ਨਵੀਂ ਕਿਤਾਬ "ਖਾਲਸਾ ਪੰਥ ਬਨਾਮ ਡੇਰਾਵਾਦ" ਵਿਚੋਂ)
ਰਾਜਿੰਦਰ ਸਿੰਘ
(ਮੁੱਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ)
email: [email protected]