ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਕੁਦਰਤੀ ਨੂਰੁ
ਸਿੱਖੀ ਨੇ ਇੱਕ ਮੰਜ਼ਿਲ ਤਹਿ ਕੀਤੀ ਹੈ। ਸਿੱਖ ਧਰਮ ਦੀ ਬੁਨਿਆਦ ਗੁਰੂ ਨਾਨਕ
ਸਾਹਿਬ ਜੀ ਦੇ ਆਗਮਨ ਤੋਂ ਸ਼ੁਰੂ ਹੋਈ ਹੈ। ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਮਿਸ਼ਨ ਦੀ ਵਿਉਂਤਬੰਦੀ
ਵੇਈਂ ਨਦੀ ਦੇ ਕਿਨਾਰੇ `ਤੇ ਬੈਠ ਕੇ ਕੀਤੀ ਸੀ। ਇੰਜ ਵੀ ਕਿਹਾ ਜਾ ਸਕਦਾ ਹੈ ਕਿ ਸਿੱਖੀ ਦੀ ਅਰੰਭਤਾ
ਨਨਕਾਣਾ ਸਾਹਿਬ ਤੋਂ ਹੋਈ ਸੀ, ਜੋ ਮੰਜ਼ਿਲਾਂ ਤਹਿ ਕਰਦੀ ਹੋਈ ਅਨੰਦਪੁਰ ਪਹੁੰਚੀ ਜਿੱਥੇ ਗੁਰੂ
ਗੋਬਿੰਦ ਸਿੰਘ ਜੀ ਨੇ ਖਾਲਸੇ ਦੇ ਸਾਕਾਰ ਰੂਪ ਨੂੰ ਪ੍ਰਗਟ ਕੀਤਾ, ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ
ਚਿਤਵਿਆ ਸੀ।
ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਬੈਠ ਕੇ ਲੰਬੀ ਸੋਚ ਵਿਚਾਰ ਉਪਰੰਤ
ਆਪਣੀ ਸਾਰੀ ਜ਼ਿੰਮੇਵਾਰੀ ਭਾਈ ਲਹਿਣਾ ਜੀ ਨੂੰ ਸੌਂਪ ਦਿੱਤੀ। ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਮਿਸ਼ਨ
ਨੂੰ ਦਸ ਭਾਗਾਂ ਵਿੱਚ ਵੰਡਿਆ। ਸਿੱਖੀ ਦੇ ਅਦਰਸ਼ ਨੂੰ ਕਾਇਮ ਕਰਨ ਲਈ ਨਵੇਂ ਸ਼ਹਿਰ ਵਸਾਉਣ ਦੀ ਤਰਤੀਬ
ਘੜੀ। ਨਵੇਂ ਕੇਂਦਰ ਸਥਾਪਤ ਕਰਨ ਦਾ ਯਤਨ ਕੀਤਾ। ਭਾਈ ਲਹਿਣੇ ਤੋਂ ਗੁਰੂ ਅੰਗਦ ਪਾਤਸ਼ਾਹ ਬਣੇ ਤੇ
ਆਪਣੇ ਪੁਰਾਣੇ ਨਗਰ ਆ ਕੇ ਸਿੱਖੀ ਦੀਆਂ ਨਵੀਆਂ ਪਿਰਤਾਂ ਕਾਇਮ ਕੀਤੀਆਂ।
ਗੁਰੂ ਨਾਨਕ ਸਾਹਿਬ ਜੀ ਨੇ ਨਮੂਨੇ ਦੇ ਸ਼ਹਿਰ ਵਸਾਉਣ ਲਈ ਤਾਗੀਦ ਕੀਤੀ। ਨਵੇਂ
ਸਮਾਜ ਦੀ ਸਿਰਜਣਾ ਲਈ, ਲੋਕ ਰਾਜੀ ਲੀਹਾਂ ਕਾਇਮ ਕਰਨ ਲਈ ਨਵੇਂ ਨਗਰ ਵਸਾਏ। ਨਵੇਂ ਨਗਰਾਂ ਵਿੱਚ
ਕਰਤਾਰਪੁਰ, ਖਡੂਰ ਸਾਹਿਬ, ਗੋਇੰਦਵਾਲ, ਅੰਮ੍ਰਿਤਸਰ, ਤਰਨਤਾਰਨ, ਹਰਿ ਗੋਬਿੰਦਪੁਰਾ, ਅਨੰਦਪੁਰ,
ਕੀਰਤਪੁਰ, ਪਉਂਟਾ ਆਦਿ ਸ਼ਹਿਰ ਵਸਾਏ। ਸਮਾਂ ਪਾ ਕੇ ਇਹ ਨਗਰ ਨਮੂਨੇ ਦੇ ਸ਼ਹਿਰ ਬਣੇ ਜਿੱਥੇ ਰੋਜ਼ਗਾਰ
ਦੇ ਸਾਧਨ ਪੈਦਾ ਹੋਏ ਓੱਥੇ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਵਪਾਰਕ ਕੇਂਦਰ ਵੀ ਬਣੇ। ਗੁਰੂ ਨਾਨਕ
ਸਾਹਿਬ ਜੀ ਦੇ ਵਿਚਾਰਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਇਹਨਾਂ ਨਗਰਾਂ ਦੀ ਤਾਮੀਰ ਹੋਈ ਹੈ। ਭਾਈ
ਲਹਿਣਾ ਜੀ ਨੂੰ ਗੁਰਗੱਦੀ ਦੇ ਕੇ ਕਿਹਾ ਕਿ ਤੁਸੀਂ ਹੁਣ ਸਿੱਖੀ ਦਾ ਨਵਾਂ ਕੇਂਦਰ ਖਡੂਰ ਸ਼ਹਿਰ ਨੂੰ
ਸਥਾਪਤ ਕਰੋ। ਗੁਰੂ ਨਾਨਕ ਸਾਹਿਬ ਜੀ ਨੇ ਦੇਖ ਲਿਆ ਸੀ ਕਿ ਜੇ ਭਾਈ ਲਹਿਣਾ ਕਰਤਾਰਪੁਰ ਹੀ ਰਹੇ ਤਾਂ
ਗੁਰਮਤ ਦਾ ਪਰਚਾਰ ਅੱਗੇ ਵੱਧਣ ਲਈ ਸਮਾਂ ਲਗ ਸਕਦਾ ਹੈ। ਜੇ ਨਵਾਂ ਪਰਚਾਰ ਕੇਂਦਰ ਸਥਾਪਤ ਹੋਇਆ ਤਾਂ
ਕੌਮ ਹੋਰ ਜ਼ਿਆਦਾ ਤਰੱਕੀ ਕਰੇਗੀ। ਭਾਈ ਲਹਿਣਾ ਜੀ ਨੇ ਕਰਤਾਰਪੁਰ ਨੂੰ ਛੱਡ ਦਿੱਤਾ ਤੇ ਖਡੂਰ ਆਣ ਕੇ
ਨਵੇਂ ਸਿਰੇ ਤੋਂ ਵਿਉਂਤਬੰਦੀ ਕਰਕੇ ਮਨੁੱਖਤਾ ਦੇ ਭਲੇ ਲਈ ਕਾਰਜ ਅਰੰਭ ਕੀਤੇ।
ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ।।
ਜਪੁ ਤਪੁ ਸੰਜਮੁ ਨਾਲਿ ਤੁਧੁ, ਹੋਰੁ ਮੁਚੁ ਗਰੂਰੁ।।
ਲਬੁ ਵਿਣਾਹੇ ਮਾਣਸਾ, ਜਿਉ ਪਾਣੀ ਬੂਰੁ।।
ਵਰ੍ਹਿਐ ਦਰਗਹ ਗੁਰੂ ਕੀ, ਕੁਦਰਤੀ ਨੂਰੁ।।
ਜਿਤੁ ਸੁ ਹਾਥ ਨ ਲਭਈ, ਤੂੰ ਓਹੁ ਠਰੂਰੁ।।
ਨਉ ਨਿਧਿ ਨਾਮੁ ਨਿਧਾਨੁ ਹੈ, ਤੁਧੁ ਵਿਚਿ ਭਰਪੂਰੁ ਨਿੰਦਾ ਤੇਰੀ ਜੋ ਕਰੇ,
ਸੋ ਵੰਞੈ ਚੂਰੁ।।
ਨੇੜੈ ਦਿਸੈ ਮਾਤ ਲੋਕ, ਤੁਧੁ ਸੁਝੈ ਦੂਰੁ।।
ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ।। ੫।।
ਪੰਨਾ ੯੬੭
ਅਰਥ
-—ਫਿਰ
(ਜਦੋਂ ਬਾਬਾ ਲਹਣਾ ਜੀ ਨੂੰ ਗੁਰਿਆਈ ਮਿਲੀ ਤਾਂ) ਬਾਬਾ ਫੇਰੂ ਜੀ ਦੇ ਪੁਤ੍ਰ ਸਤਿਗੁਰੂ ਨੇ ਖਡੂਰ ਦੀ
ਰੌਣਕ ਵਧਾਈ (ਭਾਵ, ਕਰਤਾਰਪੁਰ ਤੋਂ ਖਡੂਰ ਆ ਟਿਕੇ)। (ਹੇ ਸਤਿਗੁਰੂ!) ਹੋਰ ਜਗਤ ਤਾਂ ਬਹੁਤ ਅਹੰਕਾਰ
ਕਰਦਾ ਹੈ, ਪਰ ਤੇਰੇ ਪਾਸ ਜਪ ਤਪ ਸੰਜਮ (ਆਦਿਕ ਦੀ ਬਰਕਤਿ ਹੋਣ ਕਰ ਕੇ ਤੂੰ ਪਹਿਲੇ ਵਾਂਗ ਗਰੀਬੀ
ਸੁਭਾਵ ਵਿੱਚ ਹੀ) ਰਿਹਾ।
ਜਿਵੇਂ ਪਾਣੀ ਨੂੰ ਬੂਰ ਖ਼ਰਾਬ ਕਰਦਾ ਹੈ ਤਿਵੇਂ ਮਨੁੱਖਾਂ ਨੂੰ ਲੱਬ ਤਬਾਹ
ਕਰਦਾ ਹੈ, (ਪਰ) ਗੁਰੂ (ਨਾਨਕ) ਦੀ ਦਰਗਾਹ ਵਿੱਚ ( ‘ਨਾਮ` ਦੀ) ਵਰਖਾ ਹੋਣ ਕਰ ਕੇ (ਹੇ ਗੁਰੂ
ਅੰਗਦ! ਤੇਰੇ ਉਤੇ) ਰੱਬੀ ਨੂਰ (ਡਲ੍ਹਕਾਂ ਮਾਰ ਰਿਹਾ) ਹੈ। ਤੂੰ ਉਹ ਸੀਤਲ ਸਮੁੰਦਰ ਹੈਂ ਜਿਸ ਦੀ
ਥਾਹ ਨਹੀਂ ਪਾਈ ਜਾ ਸਕਦੀ। ਜੋ (ਜਗਤ ਦੇ) ਨੌਂ ਹੀ ਖ਼ਜ਼ਾਨੇ-ਰੂਪ ਪ੍ਰਭੂ ਦਾ ਨਾਮ-ਖ਼ਜ਼ਾਨਾ ਹੈ, (ਹੇ
ਗੁਰੂ!) (ਉਹ ਖ਼ਜ਼ਾਨਾ) ਤੇਰੇ ਹਿਰਦੇ ਵਿੱਚ ਨਕਾ-ਨਕ ਭਰਿਆ ਹੋਇਆ ਹੈ।
(ਹੇ ਗੁਰੂ ਅੰਗਦ!) ਜੋ ਮਨੁੱਖ ਤੇਰੀ ਨਿੰਦਿਆ ਕਰੇ ਉਹ (ਆਪੇ ਹੀ) ਤਬਾਹ ਹੋ
ਜਾਂਦਾ ਹੈ (ਉਹ ਆਪੇ ਹੀ ਆਪਣੀ ਆਤਮਕ ਮੌਤ ਸਹੇੜ ਲੈਂਦਾ ਹੈ); ਸੰਸਾਰਕ ਜੀਆਂ ਨੂੰ ਤਾਂ ਨੇੜੇ ਦੇ ਹੀ
ਪਦਾਰਥ ਦਿੱਸਦੇ ਹਨ (ਉਹ ਦੁਨੀਆ ਦੀ ਖ਼ਾਤਰ ਨਿੰਦਿਆ ਦਾ ਪਾਪ ਕਰ ਬੈਠਦੇ ਹਨ, ਇਸ ਦਾ ਸਿੱਟਾ ਨਹੀਂ
ਜਾਣਦੇ, ਪਰ ਹੇ ਗੁਰੂ!) ਤੈਨੂੰ ਅਗਾਂਹ ਵਾਪਰਨ ਵਾਲਾ ਹਾਲ ਭੀ ਸੁੱਝਦਾ ਹੈ। (ਹੇ ਭਾਈ!) ਫਿਰ ਬਾਬਾ
ਫੇਰੂ ਜੀ ਦੇ ਪੁਤ੍ਰ ਸਤਿਗੁਰੂ (ਅੰਗਦ ਦੇਵ ਜੀ) ਨੇ ਖਡੂਰ ਨੂੰ ਭਾਗ ਲਾਇਆ। ੫।
ਵਿਚਾਰ ਚਰਚਾ---
ਭਾਈ ਸੱਤਾ ਜੀ ਫਰਮਾਉਂਦੇ ਹਨ ਕਿ ਗੁਰੂ ਅੰਗਦ
ਪਾਤਸ਼ਾਹ ਜੀ ਨੇ "ਫੇਰਿ ਵਸਾਇਆ
ਫੇਰੁਆਣਿ ਸਤਿਗੁਰਿ ਖਾਡੂਰੁ" ਕਰਤਾਰਪੁਰ ਤੋਂ ਆ
ਕੇ ਆਪਣੇ ਪਹਿਲੇ ਨਗਰ ਖਡੂਰ ਆਣ ਸ਼ਹਿਰ ਵੱਸੇ। ਫੇਰਿ ਵਸਾਉਣ ਦਾ ਭਾਵ ਇਸ ਤਰ੍ਹਾਂ ਨਹੀਂ ਹੈ ਕਿ
ਪਹਿਲਾ ਬਣਿਆ ਹੋਇਆ ਸਾਰਾ ਸ਼ਹਿਰ ਢਾਹ ਦਿੱਤਾ ਸੀ ਤੇ ਫਿਰ ਨਵੇਂ ਸਿਰੇ ਤੋਂ ਨਵੀਆਂ ਇਮਾਰਤਾਂ
ਬਣਾਈਆਂ। ਇਸ ਦਾ ਭਾਵ ਅਰਥ ਹੈ ਕਿ ਖਡੂਰ ਦੀ ਬਣਤਰ ਤਾਂ ਪਹਿਲਾਂ ਵਰਗੀ ਹੀ ਸੀ ਪਰ ਉਸ ਸ਼ਹਿਰ ਵਿੱਚ
ਨਵੀਂ ਵਿਚਾਰ ਨੂੰ ਸਾਕਾਰ ਕੀਤਾ। ਸ਼ਹਿਰ ਵਾਸੀਆਂ ਦੇ ਹਿਰਦੇ ਵਿੱਚ ਇੱਕ ਨਵੀਂ ਰੂਹ ਫੂਕੀ। ਖਡੂਰ
ਸ਼ਹਿਰ ਵਿੱਚ ਭਾਈ ਲਹਿਣੇ ਜੀ ਦੁਕਾਨਦਾਰੀ ਕਰਦੇ ਤੇ ਹਰ ਸਾਲ ਦੇਵੀ ਦੇ ਦੀਦਾਰ ਕਰਨ ਲਈ ਆਪਣਾ ਜੱਥਾ
ਬਣਾ ਕੇ ਯਾਤਰਾ ਕਰਦੇ ਸਨ। ਅੱਜ ਭਾਈ ਲਹਿਣਾ ਜੀ ਖਡੂਰ ਸ਼ਹਿਰ ਲਈ ਨਵੀਂ ਵਿਉਂਤ ਬੰਦੀ ਲੈ ਕੇ ਆਏ ਹਨ।
ਪਹਿਲਾ ਕੰਮ ਵਿਦਿਆ ਦੇ ਪਾਸਾਰ ਲਈ ਪਹਿਲਾ ਪੰਜਾਬੀ ਮਦਰੱਸਾ ਤੇ ਸਰੀਰਕ
ਤੰਦਰੁਸਤੀ ਲਈ ਮੱਲ ਅਖਾੜੇ ਹੋਂਦ ਵਿੱਚ ਲਿਆਂਦੇ। ਜੋ ਮਰਯਾਦਾ ਭਾਈ ਲਹਿਣਾ ਜੀ ਨੇ ਕਰਤਾਰਪੁਰ ਦੇਖੀ
ਸੀ ਉਹ ਸਾਰੀ ਮਰਯਾਦਾ ਖਡੂਰ ਦੀ ਧਰਤੀ `ਤੇ ਅਰੰਭ ਕੀਤੀ। ਗੁਰੂ ਅੰਗਦ ਪਾਤਸ਼ਾਹ ਜੀ ਦਾ ਬੜਾ ਪਿਆਰਾ
ਖਿਆਲ ਦਿੱਤਾ ਹੈ ਕਿ ਗਿਆਨ ਤੋਂ ਬਿਨਾ ਕੋਈ ਕੌਮ ਵੀ ਤਰੱਕੀ ਨਹੀਂ ਕਰ ਸਕਦੀ। ਦੂਜਾ ਸੂਰਜ ਚੰਦ੍ਰਮਾ
ਦੀ ਬਾਹਰਲੀ ਰੌਸਨੀ ਨਾਲ ਰਾਹ ਦੇਖ ਸਕਦੇ ਹਾਂ ਮਿੱਥੀ ਮੰਜ਼ਿਲ `ਤੇ ਪਹੁੰਚ ਸਕਦੇ ਹਾਂ ਪਰ ਰੱਬੀ
ਗੁਣਾਂ ਨੂੰ ਸਮਝਣ ਲਈ ਗੁਰੂ ਦੇ ਸੱਚੇ ਗਿਆਨ ਦੀ ਲੋੜ ਹੈ।
ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ।।
ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ।। ੨।।
ਮਹਲਾ ੨ ਪੰਨਾ ੪੬੩
ਅਰਥ : —
ਜੇ
(ਇਕ) ਸੌ ਚੰਦ੍ਰਮਾ ਚੜ੍ਹਨ ਅਤੇ ਹਜ਼ਾਰ ਸੂਰਜ ਚੜ੍ਹਨ, ਜੇ ਇਤਨੇ ਭੀ ਚਾਨਣ ਹੋ ਜਾਣ (ਭਾਵ, ਚਾਨਣ ਕਰਨ
ਵਾਲੇ ਜੇ ਇਤਨੇ ਭੀ ਚੰਦ੍ਰਮਾ ਸੂਰਜ ਆਦਿਕ ਗ੍ਰਹਿ ਅਕਾਸ਼ ਵਿੱਚ ਚੜ੍ਹ ਪੈਣ), ਗੁਰੂ ਤੋਂ ਬਿਨਾ (ਫੇਰ
ਭੀ) ਘੁੱਪ ਹਨੇਰਾ ਹੈ।
ਗੁਰੂ ਅੰਗਦ ਪਾਤਸ਼ਾਹ ਜੀ ਨੇ ਸਮਝ ਲਿਆ ਸੀ ਕਿ ਲੁਕਾਈ ਨੂੰ ਸੱਚੀ ਤਕਨੀਕ
ਸਮਝਾਉਣ ਤੋਂ ਬਿਨਾ ਆਤਮਕ ਗੁਣਾਂ ਦੀ ਸੂਝ ਨਹੀਂ ਆ ਸਕਦੀ। ਸੱਚੀ ਤਕਨੀਕ ਦਾ ਨਾਂ ਹੀ ਗੁਰੂ
ਹੈ--ਬਾਹਰਲੇ ਚਾਨਣ ਨਾਲ ਬਾਹਰਲੀਆਂ ਵਸਤੂਆਂ ਹੀ ਦੇਖੀਆਂ ਜਾ ਸਕਦੀਆਂ ਹਨ ਪਰ ਅੰਦਰਲੀ ਗੁਣਾਂ ਰੂਪੀ
ਵਸਤੂ ਗੁਰ-ਗਿਆਨ ਦੁਆਰਾ ਹੀ ਦੇਖੀ ਸਮਝੀ ਜਾ ਸਕਦੀ ਹੈ। ਅੰਦਰਲੇ ਚਾਨਣ ਦੀ ਘਾਟ ਕਰਕੇ ਹੀ ਲੋਕ
ਅਗਿਆਨਤਾ ਵੱਸ ਪੁਜਾਰੀ ਦੇ ਕਹੇ `ਤੇ ਧਰਮ ਦੇ ਨਾਂ ਤੇ ਕਰਮ ਕਾਂਡ ਕਰੀ ਜਾ ਰਹੇ ਹਨ। ਜਿੱਥੇ ਬਾਹਰਲੇ
ਤਲ਼ ਵਾਲਾ ਨਗਰ ਵਸਾਉਣਾ ਹੈ ਓੱਥੇ ਮਨੁੱਖ ਨੇ ਆਪਣੇ ਅੰਦਰ ਵੀ ਸ਼ੁਭ ਗੁਣਾਂ ਦਾ ਸ਼ਹਿਰ ਵਸਾਉਣਾ ਹੈ।
ਗੁਰੂ ਅੰਗਦ ਪਾਤਸ਼ਾਹ ਜੀ ਫਰਮਾਉਂਦੇ ਹਨ—
ਆਪੁ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨੁ।।
ਨਾਨਕ ਜਿਸ ਨੋ ਲਗਾ ਤਿਸੁ ਮਿਲੈ ਲਗਾ ਸੋ ਪਰਵਾਨੁ।। ੧।।
ਪੰਨਾ ੪੭੪
ਅੱਖਰੀਂ ਅਰਥ--ਮਨੁੱਖ ਆਪਣਾ ਆਪ ਮਿਟਾ ਕੇ (ਮਾਲਕ ਦੀ) ਸੇਵਾ ਕਰੇ ਤਾਂ ਹੀ
ਉਸ ਨੂੰ (ਮਾਲਕ ਦੇ ਦਰ ਤੋਂ) ਕੁੱਝ ਆਦਰ ਮਿਲਦਾ ਹੈ, ਤਾਂ ਹੀ, ਹੇ ਨਾਨਕ! ਉਹ ਮਨੁੱਖ ਆਪਣੇ ਉਸ
ਮਾਲਕ ਨੂੰ ਮਿਲ ਪੈਂਦਾ ਹੈ ਜਿਸ ਦੀ ਸੇਵਾ ਵਿੱਚ ਲੱਗਾ ਹੋਇਆ ਹੈ। (ਆਪਣਾ ਆਪ ਗੁਆ ਕੇ ਸੇਵਾ ਵਿਚ)
ਲੱਗਾ ਹੋਇਆ ਮਨੁੱਖ ਹੀ (ਮਾਲਕ ਦੇ ਦਰ ਤੇ) ਕਬੂਲ ਹੁੰਦਾ ਹੈ। ੧।
ਆਗਿਆਨਤਾ ਨੂੰ ਦੂਰ ਕਰਨ ਹਿੱਤ ਤੇ ਲੁਕਾਈ ਨੂੰ ਕੁਦਰਤੀ ਜ਼ਿੰਦਗੀ ਜਿਉਣ ਦੀ
ਜਾਚ ਦੱਸਣ ਲਈ, ਗੁਰੂ ਨਾਨਕ ਸਾਹਿਬ ਜੀ ਦੀ ਆਗਿਆ ਮੂਜਬ ਖਡੂਰ ਸ਼ਹਿਰ ਦੀ ਅੰਦਰਲੀ ਤਰਤੀਬ ਨੂੰ ਨਵੇਂ
ਸਿਰੇ ਤੋਂ ਅਬਾਦ ਕੀਤਾ।
ਮਨੁੱਖੀ ਸੁਭਾਅ ਦਾ ਵਰਤਾਰਾ ਕੀ ਹੈ? ਕਿਸੇ ਵਿਦਵਾਨ ਨੇ ਠੀਕ ਲਿਖਿਆ ਹੈ--
"ਮਨੁੱਖ ਨੇ ਕਰੋੜਾਂ ਸਾਲ ਬੀਤਣ ਦੇ
ਬਾਵਜੂਦ ਪਸ਼ੂਪਣਾ ਨਹੀਂ ਛੱਡਿਆ। ਉਹ ਸੜਕ ਉਤੇ ਚਲਦਾ ਹੈ ਤਾਂ ਦੁਰਘਟਨਾਵਾਂ ਦਾ ਕਾਰਣ ਬਣਦਾ ਹੈ। ਘਰ
ਪਹੁੰਚਦਾ ਹੈ ਤਾਂ ਉਸ ਨੂੰ ਅਜ਼ੀਜ਼ਾਂ ਅਤੇ ਵਸਤੂਆਂ ਦਾ ਅਭਾਵ ਖਟਕਦਾ ਹੈ। ਚੁੱਪ ਚਾਪ ਕਹਿਣਾ ਮੰਨਣ
ਵਾਲਾ ਉਸ ਨੂੰ ਚੰਗਾ ਲਗਦਾ ਹੈ ਅਤੇ ਦੁਨੀਆਂ ਦੀ ਹਰ ਚੀਜ਼ ਉਸ ਕੋਲ ਮੌਜੂਦ ਹੋਣੀ ਚਾਹੀਦੀ ਹੈ। ਆਪਣੇ
ਸੁੱਖ ਲਈ ਉਹ ਕਈਆਂ ਨੂੰ ਦੁੱਖੀ ਕਰਦਾ ਹੈ। ਆਪਣੇ ਘਰ ਦਾ ਕੂੜਾ ਗੁਆਂਢ ਵਿਚ ਸੁਟਣੋਂ ਉਸ ਨੂੰ ਕੋਈ
ਝਿਝਕ ਨਹੀਂ ਹੁੰਦੀ। ਦੂਸਰਿਆਂ ਨਾਲ ਉਹ ਲੋਭੀ, ਲਾਲਚੀ ਵਜੋਂ ਵਿਚਰਦਾ ਹੈ ਅਤੇ ਆਪਣੇ ਮਤਲਬ ਲਈ
ਉਹਨਾਂ ਨੂੰ ਵੰਡਣ, ਤੋੜਣ ਨੂੰ ਨੀਤੀ ਸਮਝਦਾ ਹੈ। ਆਪਣੇ ਤੋਂ ਤਾਕਤਵਰ ਦੀ ਜੀ ਹਜ਼ੂਰੀ ਅਤੇ ਕਮਜ਼ੋਰ
ਉਤੇ ਸੀਨਾਜ਼ੋਰੀ ਕਰਨ ਵਿਚ ਉਸ ਨੂੰ ਮਾਣ ਮਹਿਸੂਸ ਹੁੰਦਾ ਹੈ। ਅਦਿ ਕਾਲ ਤੋਂ ਹੁਣ ਤਕ ਉਸ ਨੇ ਅਣਗਿਣਤ
ਲੋਕ ਕਤਲ ਕੀਤੇ ਹਨ, ਉਹਨਾਂ ਦੀਆਂ ਉਮੀਦਾਂ ਦਾ ਘਾਣ ਕੀਤਾ ਹੈ, ਵਿਸ਼ਵਾਸ ਤੋੜੇ ਹਨ ਪਰ ਸਰਬੱਤ ਦਾ
ਭਲਾ ਕਰਨ ਵਾਲਾ ਸਮਾਜ ਸਿਰਜਨ ਦਾ ਯਤਨ ਨਹੀਂ ਕੀਤਾ ਸਗੋਂ ਅਜਿਹਾ ਕਰਨ ਵਾਲਿਆਂ ਦੇ ਰਸਤੇ ਵਿਚ
ਰੁਕਾਵਟਾਂ ਖੜੀਆਂ ਕੀਤੀਆਂ ਹਨ, ਉਹਨਾਂ ਨੂੰ ਬਦਨਾਮ ਕੀਤਾ ਹੈ, ਤਬਾਹ ਕਰਨ ਵਿਚ ਕੋਈ ਕਸਰ ਨਹੀਂ
ਛੱਡੀ"।
ਗੁਰੂ ਅੰਗਦ ਪਾਤਸ਼ਾਹ ਜੀ ਨੇ ਆਦਰਸ਼ਕ ਸਮਾਜ ਦੀ ਸਿਰਜਣਾ ਲਈ ਖਾਡੂਰ ਦੀ ਧਰਤੀ
ਨੂੰ ਰੂਹਾਨੀਅਤ ਦੇ ਵਿਚਾਰਾਂ ਨਾਲ ਅਬਾਦ ਕੀਤਾ। ਇਸ ਪ੍ਰਥਾਏ ਇੱਕ ਹੋਰ ਦੰਦ ਕਥਾ ਵੀ ਆਉਂਦੀ ਹੈ ਕਿ
ਜਦੋਂ ਗੁਰੂ ਅੰਗਦ ਪਾਤਸ਼ਾਹ ਜੀ ਨੇ ਖਡੂਰ ਸਾਹਿਬ ਵਿਖੇ ਸਮਾਜ ਭਲਾਈ ਦੇ ਕੰਮ ਕਰ ਰਹੇ ਸਨ। ਧਰਮ ਦੇ
ਨਾਂ `ਤੇ ਕੀਤੇ ਜਾਂਦੇ ਕਰਮ ਕਾਂਡਾਂ ਸਬੰਧੀ ਲੁਕਾਈ ਨੂੰ ਜਾਣਕਾਰੀ ਦੇ ਰਹੇ ਸਨ ਤਾਂ ਏੱਥੇ ਰਹਿ ਰਹੇ
ਰੂੜੀਵਾਦੀ ਤਪੇ ਨੂੰ ਲੋਕ ਭਲਾਈ ਦੇ ਕੰਮ ਚੰਗੇ ਨਹੀਂ ਲਗ ਰਹੇ ਸਨ। ਲੋਕਾਂ ਵਿੱਚ ਨਵੀਂ ਜਾਗਰਤੀ ਆ
ਰਹੀ ਸੀ। ਅਜੇਹੀ ਤਬਦੀਲੀ ਦੇਖ ਕੇ ਤਪੇ ਨੂੰ ਬਹੁਤ ਗੁੱਸਾ ਆਇਆ ਕਿਉਂਕਿ ਉਸ ਦੀ ਆਪਣੀ ਦੁਕਾਨਦਾਰੀ
ਬੰਦ ਹੁੰਦੀ ਜਾ ਰਹੀ ਸੀ। ਤਪੇ ਨੇ ਲੋਕਾਂ ਨੂੰ ਕਿਹਾ ਕਿ ਜੇ ਤੁਸੀ ਖਡੂਰ ਸ਼ਹਿਰ ਦਾ ਭਲਾ ਚਹੁੰਦੇ ਹੋ
ਤਾਂ ਗੁਰੂ ਅਗੰਦ ਪਾਤਸ਼ਾਹ ਜੀ ਦੀ ਨਵੀਂ ਮਰਯਾਦਾ ਨੂੰ ਬੰਦ ਕਰਾਓ।
ਗੁਰਦੇਵ ਪਿਤਾ ਜੀ ਕੁੱਝ ਸਮੇਂ ਲਈ ਖਡੂਰ ਸ਼ਹਿਰ ਤੋਂ ਦੂਜੇ ਨਗਰਾਂ ਵਿੱਚ
ਸਿੱਖੀ ਦਾ ਪਰਚਾਰ ਕਰਨ ਲਈ ਚਲੇ ਗਏ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਖਡੂਰ ਦੀਆਂ ਰੌਣਕਾਂ ਵੀ ਨਾਲ
ਹੀ ਗਾਇਬ ਹੋ ਗਈਆਂ। ਸਮੁੱਚੇ ਨਗਰ ਨਿਵਾਸੀਆਂ ਨੇ ਗੁਰੂ ਸਾਹਿਬ ਜੀ ਨੂੰ ਮੁੜ ਨਗਰ ਵਿੱਚ ਲੈ ਕੇ ਆਏ
ਇਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਆਉਣ ਨਾਲ ਖਡੂਰ ਦੀ ਫਿਰ ਰੋਣਕ ਪਰਤ ਆਈ। ਖਡੂਰ ਵਸਾਉਣ ਦਾ ਅਰਥ ਹੈ
ਕਿ ਸੰਗਤਾਂ ਲਈ ਘਰ, ਦੀਵਾਨ ਹਾਲ ਲੰਗਰ ਹਾਲ, ਨਵੇਂ ਸਕੂਲ ਦੀ ਸਥਾਪਨਾ, ਮੱਲ ਅਖਾੜੇ, ਲੋਕਾਂ ਲਈ
ਰੂਹਾਨੀਅਤ ਤੇ ਸਮਾਜ ਭਲਾਈ ਦੇ ਕੰਮ ਕਰਕੇ ਖਡੂਰ ਨੂੰ ਨਵੇਂ ਸਿਰੇ ਤੋਂ ਚਾਰ ਚੰਨ ਲਗਾਏ। ਇਸ ਸ਼ਹਿਰ
ਦੀਆਂ ਖੂਬੀਆਂ ਜਿੱਥੇ ਜਸਮਾਨੀ ਤਲ ਦੀਆਂ ਸਨ ਓੱਥੇ ਰੂਹਾਨੀਅਤ ਤਲ ਦੀ ਖੂਬੀਆਂ ਬਹੁਤ ਡੂੰਘੀਆਂ ਸਨ।
ਜਿਸ ਦਾ ਵਿਸਥਾਰ ਅਗਲੀ ਤੁਕ ਵਿੱਚ ਸਮਝਾਇਆ ਹੈ—
"ਜਪੁ ਤਪੁ ਸੰਜਮੁ ਨਾਲਿ ਤੁਧੁ, ਹੋਰੁ ਮੁਚੁ ਗਰੂਰੁ"
ਹੋਰ ਸਮਾਜ ਤਾਂ ਹੰਕਾਰ ਕਰਦਾ ਹੈ ਪਰ ਜਪ, ਤਪ ਤੇ
ਸੰਜਮ ਵਰਗੇ ਦੈਵੀ ਗੁਣਾਂ ਦੀ ਭਰਪੂਰਤਾ ਗੁਰੂ ਸਾਹਿਬ ਜੀ ਦੇ ਜੀਵਨ ਵਿਚੋਂ ਦੇਖੀ ਜਾ ਸਕਦੀ ਸੀ। ਜਪ
ਸ਼ਬਦ ਸੱਚੀ ਲਗਨ ਜਦ ਕਿ ਤਪ ਸ਼ਬਦ ਸਖਤ ਮਿਹਨਤ ਦਾ ਪ੍ਰਤੀਕ ਆਇਆ ਹੈ। ਜਪ-ਤਪ ਦਾ ਅਰਥ ਇਹ ਨਹੀਂ ਹੈ ਕਿ
ਗੁਰੂ ਅੰਗਦ ਪਾਤਸ਼ਾਹ ਜੀ ਕਿਸੇ ਭੋਰੇ ਵਿੱਚ ਬੈਠ ਕੇ ਤਪ ਸਾਧ ਰਹੇ ਸਨ। ਤੀਸਰਾ ਸੰਜਮ ਸ਼ਬਦ ਆਇਆ ਹੈ।
ਸੰਜਮ ਹੀ ਮਨੁਖ ਦੀ ਤਰੱਕੀ ਦਾ ਰਾਜ਼ ਹੈ। ਸੁਭਾਅ ਵਾਲੀ ਨਿੰਮ੍ਰਤਾ ਤਥਾ ਗਰੀਬੀ ਸੁਭਾਅ ਗੁਰੇਦਵ ਪਿਤਾ
ਜੀ ਦੀ ਜ਼ਿੰਦਗੀ ਦਾ ਅਨਿਖੜਵਾਂ ਅੰਗ ਬਣ ਗਿਆ। ਗੁਰਦੇਵ ਪਿਤਾ ਜੀ ਦੇ ਇਹਨਾਂ ਗੁਣਾਂ ਦੀ ਭਰਪੂਰਤਾ
ਸੰਸਾਰ ਵਿੱਚ ਫੈਲ ਗਈ ਸੀ। ਸੱਤਾ ਜੀ ਫਰਮਾਉਂਦੇ ਹਨ ਭਾਈ ਲਹਿਣਾ ਜੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ
ਸੰਭਾਲ਼ੀ ਗਈ ਏਡਾ ਵੱਡਾ ਮਾਣ ਮਿਲਿਆ ਪਰ ਉਹਨਾਂ ਨੇ ਆਪਣਾ ਗਰੀਬੀ ਵਾਲਾ ਸੁਭਾਓ ਭਾਵ ਨਿੰਮ੍ਰਤਾ ਦਾ
ਪੱਲਾ ਨਹੀਂ ਛੱਡਿਆ।
ਆਮ ਮੁਹਾਵਰਾ ਹੈ ਕਿ ਲਾਲਚ ਬੁਰੀ ਬਲ਼ਾ ਹੈ ਪਰ ਫਿਰ ਵੀ ਲੋਕ ਲਾਲਚ ਛੱਡਣ ਲਈ
ਤਿਆਰ ਨਹੀਂ ਹੁੰਦੇ। ਅੱਜ ਦੇ ਯੁੱਗ ਵਿੱਚ ਚੰਗੀਆਂ ਚੰਗੀਆਂ ਤਨਖਾਹਾਂ ਲੈਣ ਵਾਲੇ ਅਫਸਰ ਵੀ ਲਾਲਚ
ਵਰਗੀ ਬਿਮਾਰੀ ਵਿੱਚ ਫਸੇ ਪਏ ਹਨ। ਭਾਈ ਸੱਤਾ ਜੀ ਫਰਮਾਉਂਦੇ ਹਨ ਕਿ ਜਿਸ ਤਰ੍ਹਾਂ ਬੂਰ ਪਾਣੀ ਨੂੰ
ਖਰਾਬ ਕਰ ਦੇਂਦਾ ਹੈ ਏਸੇ ਤਰ੍ਹਾਂ ਲਾਲਚ ਮਨੁੱਖੀ ਸੁਭਾਅ ਨੂੰ ਤਬਾਹ ਕਰ ਦੇਂਦਾ ਹੈ। ਲਾਲਚੀ ਬਿਰਤੀ
ਰੱਬੀ ਗੁਣਾਂ ਨੂੰ ਚੁਰਾ ਲੈਂਦੀ ਹੈ—
ਲਬੁ ਵਿਣਾਹੇ ਮਾਣਸਾ, ਜਿਉ ਪਾਣੀ ਬੂਰੁ।।
ਸਿੱਖ ਸਮਾਜ ਵਿੱਚ ਦੇਖਿਆ ਜਾਏ ਤਾਂ ਸਾਡੇ ਰਾਜਨੀਤਕ ਨੇਤਾਵਾਂ ਤੇ ਧਾਰਮਕ
ਆਗੂਆਂ ਦੀ ਬਿਰਤੀ ਵਿੱਚ ਲਾਲਚ ਵਰਗੀ ਬਿਮਾਰੀ ਘਰ ਕਰ ਚੁੱਕੀ ਹੈ। ਅਜੇਹੇ ਆਗੂਆਂ ਵਿੱਚ ਦੂਰ ਅੰਦੇਸ਼ੀ
ਦੀ ਬਹੁਤ ਵੱਡੀ ਘਾਟ ਹੋਣ ਕਰਕੇ ਕੌਮ ਦਾ ਓੜਕਾਂ ਦਾ ਨੁਕਸਾਨ ਕਰ ਜਾਂਦੇ ਹਨ। ਏਦਾਂ ਦੇ ਨੇਤਾ ਜਨ
ਉਪਰਲੀ ਹਕੂਮਤ ਕੋਲੋਂ ਵਕਤੀ ਖੈਰਾਤਾਂ, ਮਾਲੀ ਸਹੂਲਤਾਂ, ਤੇ ਹੋਰ ਛੋਟੇ ਛੋਟੇ ਪਰਮਟ ਲੈ ਕੇ ਲਾਲਚ
ਵੱਸ ਚੁੱਪ ਕਰ ਜਾਂਦੇ ਹਨ। ਜਿਹੜੀਆਂ ਕੌਮਾਂ ਨੂੰ ਮੁਫਤ ਦੀਆਂ ਸਹੂਲਤਾਂ ਮਿਲਣ ਲੱਗ ਜਾਣ ਉਹ ਕੌਮਾਂ
ਸਦਾ ਲਈ ਗੁਲਾਮੀ ਵਰਗੀ ਜ਼ਿੰਦਗੀ ਬਤੀਤ ਕਰਦੀਆਂ ਹਨ। ਗੁਰੂ ਅੰਗਦ ਪਤਸ਼ਾਹ ਜੀ ਮਹਾਨ ਸਮੰਦਰ ਹਨ ਜਿਸ
ਦੀ ਕੋਈ ਥਾਹ ਨਹੀਂ ਪਾਈ ਜਾ ਸਕਦੀ। ਕੁਦਰਤੀ ਨੂਰ ਡਲ਼੍ਹਕਾਂ ਮਾਰਦਾ ਨਜ਼ਰ ਆਉਂਦਾ ਹੈ।
ਨੂਰ ਦਾ ਅਰਥ ਇਹ ਨਹੀਂ ਹੈ ਕਿ ਸ਼ਾਇਦ ਕੋਈ ਚਿਹਰੇ `ਤੇ ਲਾਲਗੀ ਆਈ ਹੋਏਗੀ।
ਨੂਰ ਦਾ ਅੱਖਰੀਂ ਅਰਥ ਹੈ ੧ ਚਮਕ, ਉਜਾਲਾ ਤਥਾ ਪਰਕਾਸ਼ ੨ ਕਰਤਾਰ ਦਾ ਚਮਤਕਾਰ "ਏਕ ਨੂਰ `ਤੇ ਸਭੁ
ਜਗੁ ਉਪਜਿਆ" ਭਾਵ ਅਰਥ ਹੈ ਰੱਬੀ ਨਿਯਮਾਵਲੀ, ਹੁਕਮੀ ਖੇਡ ਦੀ ਮੰਨਤਾ, ਸਮੁੰਦਰ ਵਰਗੀ ਅਥਾਹ ਸ਼ਕਤੀ
ਤੇ ਵਿਸ਼ਾਲਤਾ ਗੁਰੂ ਅੰਗਦ ਪਾਤਸ਼ਾਹ ਵਿੱਚ ਹੈ—
ਵਰ੍ਹਿਐ ਦਰਗਹ ਗੁਰੂ ਕੀ, ਕੁਦਰਤੀ ਨੂਰੁ।।
ਜਿਤੁ ਸੁ ਹਾਥ ਨ ਲਭਈ, ਤੂੰ ਓਹੁ ਠਰੂਰੁ।।
ਸਮਾਜ ਦੇ ਦੱਬੇ ਕੁਚਲੇ ਹਰ ਪੱਖ ਤੋਂ ਉੱਚਾ ਚੁੱਕ ਕੇ ਬਰਾਬਰ ਦੇ ਸਨਮਾਨ ਦਾ
ਦਰਜਾ ਦੇਣਾ ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਹੀ ਰਤਿ ਹੈ—
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ।।
ਨਾਨਕੁ ਤਿਨ ਕੈ ਸੰਗਿ ਸਾਥ ਵਡਿਆਂ ਸਿਉ ਕਿਆ ਰਸਿ।।
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ।।
ਸਿਰੀ ਰਾਗ ਮਹਲਾ ੧
ਅੱਖਰੀਂ ਅਰਥ-- (
ਹੇ
ਪ੍ਰਭੂ! ਮੈਂ ਤੈਥੋਂ ਇਹੀ ਮੰਗਦਾ ਹਾਂ ਕਿ ਤੇਰਾ) ਨਾਨਕ ਉਹਨਾਂ ਬੰਦਿਆਂ ਨਾਲ ਸਾਥ ਬਣਾਏ ਜੋ ਨੀਵੀਂ
ਤੋਂ ਨੀਵੀਂ ਜਾਤਿ ਦੇ ਹਨ ਜੋ ਨੀਵਿਆਂ ਤੋਂ ਭੀ ਅਤਿ ਨੀਵੇਂ ਅਖਵਾਂਦੇ ਹਨ, ਮੈਨੂੰ ਮਾਇਆ-ਧਾਰੀਆਂ ਦੇ
ਰਾਹੇ ਤੁਰਨ ਦੀ ਕੋਈ ਤਾਂਘ ਨਹੀਂ (ਕਿਉਂਕਿ ਮੈਨੂੰ ਪਤਾ ਹੈ ਕਿ) ਤੇਰੀ ਮਿਹਰ ਦੀ ਨਜ਼ਰ ਉਥੇ ਹੈ ਜਿਥੇ
ਗ਼ਰੀਬਾਂ ਦੀ ਸਾਰ ਲਈ ਜਾਂਦੀ ਹੈ।
ਇਹ ਉਹ ਕੁਦਰਤੀ ਨੂਰ ਹੈ ਜਿਹੜਾ ਜਾਤ ਬਰਾਦਰੀ ਦੀ ਵਲ਼ਗਣ ਨੂੰ ਤੋੜਦਾ ਹੈ। ਇਹ
ਨੂਰ ਹੈ ਜਿਹੜਾ ਧਰਮ ਦੀ ਸੁੱਚੀ ਦਸਾਂ ਨਹੁੰਆਂ ਦੀ ਕਿਰਤ ਕਰਕੇ ਨਿਰਬਾਹ ਕਰਨਾ ਅਤੇ ਵੰਡ ਕੇ ਛੱਕਣ
ਨੂੰ ਪਹਿਲ ਦੇ ਅਧਾਰ `ਤੇ ਤਰਜੀਹ ਦੇਂਦਾ ਹੈ—
ਘਾਲਿ ਖਾਇ ਕਿਛੁ ਹਥਹੁ ਦੇਇ।। ਨਾਨਕ ਰਾਹੁ ਪਛਾਣਹਿ ਸੇਇ।। ੧।।
(ਪੰਨਾ ੧੨੪੫)
ਅੱਖਰੀਂ ਅਰਥ--ਜੋ ਜੋ ਮਨੁੱਖ ਮਿਹਨਤ ਨਾਲ ਕਮਾ ਕੇ (ਆਪ) ਖਾਂਦਾ ਹੈ ਤੇ ਉਸ
ਕਮਾਈ ਵਿਚੋਂ ਕੁੱਝ (ਹੋਰਨਾਂ ਨੂੰ ਭੀ) ਦੇਂਦਾ ਹੈ, ਹੇ ਨਾਨਕ! ਅਜੇਹੇ ਬੰਦੇ ਹੀ ਜ਼ਿੰਦਗੀ ਦਾ ਸਹੀ
ਰਸਤਾ ਪਛਾਣਦੇ ਹਨ। ੧।
ਸਮੁੰਦਰ ਵਰਗੀ ਅਥਾਹ ਵਿਸ਼ਾਲਤਾ, ਲਾਲਚ ਤੋਂ ਰਹਿਤ, ਕੁਦਰਤੀ ਨੂਰ ਨਉ ਨਿਧੀ
ਖਜ਼ਾਨਿਆਂ ਨਾਲ ਭਰੀ ਹੋਈ ਹੈ।
‘ਨਉ ਨਿਧਿ ਨਾਮੁ ਨਿਧਾਨੁ ਹੈ, ਤੁਧੁ ਵਿਚਿ ਭਰਪੂਰੁ` ਨਉ
ਨਿਧ ਦਾ ਭਾਵ ਅਰਥ ਰੱਬੀ ਗੁਣਾਂ ਦੀ ਭਰਪੂਰਤਾ ਤੋਂ ਹੈ। ਪੁਰਾਣੇ ਗ੍ਰੰਥਾਂ ਅਨੁਸਾਰ ਨੌਂ ਖਜ਼ਾਨੇ—ਸੁਖ
ਦੇ ਸਮਾਨ ਇਹ ਹਨ—ਪਦਮ (ਸੋਨਾ ਚਾਂਦੀ), ਮਹਾਂ ਪਦਮ (ਹੀਰੇ ਮੋਤੀ), ਸੰਖ (ਸੁੰਦਰ ਕਪੜੇ ਰਸ ਦਾਇਕ
ਭੋਜਨ), ਮਕਰ (ਸ਼ਸਤਰ ਵਿਦਿਆ ਪ੍ਰਾਪਤੀ ਤੇ ਰਾਜ ਦਰਬਾਰ ਵਿੱਚ ਮਾਣ), ਕੱਛਪ (ਕਪੜੇ ਅਨਾਜ ਦੀ
ਸੌਦਾਗਰੀ), ਕੁੰਦ (ਸੋਨੇ ਦੀ ਸੌਦਾਗਰੀ), ਨੀਲ (ਮੋਤੀ ਮੂੰਗੇ ਦੀ ਸੌਦਾਗਰੀ), ਮੁਕੰਦ (ਕੋਮਲ ਕਲਾ
ਦੀ ਪ੍ਰਾਪਤੀ), ਵਰਚ (ਖਰਚ) ਇਹ ਸਾਰੀਆਂ ਵਸਤੂਆਂ ਦੁਨਿਆਵੀ ਪੱਧਰ ਦੀਆਂ ਹਨ। ਗੁਰੂ ਸਾਹਿਬ ਜੀ ਤਾਂ
ਸਤ, ਸੰਤੋਖ, ਦਇਆ, ਹਲੀਮੀ, ਨਿੰਮ੍ਰਤਾ, ਮਿਠਾਸ, ਉਦਮ, ਮਿਹਨਤ, ਪ੍ਰੇਮ ਆਦਿ ਗੁਣਾਂ ਦੀ ਵਰਖਾ ਕਰ
ਰਹੇ ਸਨ। ਇਹ ਗੁਣ ਹੀ ਉਹਨਾਂ ਦੀਆਂ ਨੌ ਨਿਧਾਂ ਸਨ।
ਅਖੀਰਲੀਆਂ ਤੁਕਾਂ ਵਿੱਚ ਭਾਈ ਸੱਤਾ ਜੀ ਫਰਮਾਉਂਦੇ ਹਨ ਕਿ ਜਿਹੜਾ ਗੁਰੂ
ਅੰਗਦ ਪਾਤਸ਼ਾਹ ਜੀ ਦੀ ਨਿੰਦਿਆ ਕਰਦਾ ਹੈ ਉਹ ਤਬਾਹ ਹੋ ਜਾਂਦਾ ਹੈ। ਉਹ ਆਤਮਕ ਮੌਤ ਸਹੇੜ ਲੈਂਦਾ
ਹੈ---
ਨਿੰਦਾ ਤੇਰੀ ਜੋ ਕਰੇ, ਸੋ ਵੰਞੈ ਚੂਰੁ।।
ਨੇੜੈ ਦਿਸੈ ਮਾਤ ਲੋਕ, ਤੁਧੁ ਸੁਝੈ ਦੂਰੁ।।
ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ।। ੫।।
ਗੁਰੂ ਅੰਗਦ ਪਤਸ਼ਾਹ ਜੀ ਨੂੰ ਨਾ ਨਿੰਦਿਆ ਦੀ ਪ੍ਰਵਾਹ ਹੈ ਤੇ ਨਾ ਹੀ ਕਿਸੇ
ਉਸਤਤ ਦੀ ਜ਼ਰੂਰਤ ਹੈ। ਇਹਨਾਂ ਤੁਕਾਂ ਦਾ ਭਾਵ ਅਰਥ ਸਮਝਣ ਦਾ ਯਤਨ ਕੀਤਾ ਜਾਏਗਾ। ਨਿੰਦਿਆ ਦਾ ਅਰਥ
ਹੈ ਗੁਰੂ ਸਾਹਿਬ ਜੀ ਦੀ ਸਿੱਖਿਆ ਤੋਂ ਮੁਨਕਰ ਹੋਣਾ—ਭਾਵ ਸਿਧਾਂਤ ਨੂੰ ਨਾ ਮੰਨਣਾ, ਆਪਣੀ ਮਨ ਮਰਜ਼ੀ
ਕਰਨ ਤੋਂ ਹੈ। ਅਜੇਹੀ ਨਿੰਦਿਆ ਸਬੰਧੀ ਸੁਖਮਨੀ ਦੀ ਬਾਣੀ ਵਿੱਚ ਵਿਆਖਿਆ ਆਉਂਦੀ ਹੈ---
ਸੰਤ ਸਰਨਿ ਜੋ ਜਨੁ ਪਰੈ ਸੋ ਜਨੁ ਉਧਰਨਹਾਰੁ।।
ਸੰਤ ਕੀ ਨਿੰਦਾ ਨਾਨਕਾ ਬਹੁਰਿ ਬਹੁਰਿ ਅਵਤਾਰ।। ੧।।
ਸਲੋਕ ਮ: ੫ ਪੰਨਾ ੨੭੯
ਅਰਥ : —
ਜੋ
ਮਨੁੱਖ ਸੰਤਾਂ ਦੀ ਸਰਨ ਪੈਂਦਾ ਹੈ, ਉਹ ਮਾਇਆ ਦੇ ਬੰਧਨਾਂ ਤੋਂ ਬਚ ਜਾਂਦਾ ਹੈ; (ਪਰ) ਹੇ ਨਾਨਕ।
ਸੰਤਾਂ ਦੀ ਨਿੰਦਿਆ ਕਰਨ ਨਾਲ ਮੁੜ ਮੁੜ ਜੰਮੀਦਾ ਹੈ (ਭਾਵ, ਜਨਮ ਮਰਨ ਦੇ ਚੱਕ੍ਰ ਵਿੱਚ ਪੈ ਜਾਈਦਾ
ਹੈ)
ਇਹਨਾਂ ਤੁਕਾਂ ਦਾ ਵੀ ਭਾਵ ਅਰਥ ਲਿਆ ਜਾਏਗਾ ਕਿ ਜਿਹੜਾ ਮਨੁੱਖ ਵੀ ਆਪਣੇ
ਗੁਰੂ ਦੀ ਸਿੱਖਿਆ ਤੋਂ ਮੁਨਕਰ ਹੁੰਦਾ ਹੈ ਉਹ ਮੁੜ ਮੁੜ ਕੇ ਵਿਕਾਰਾਂ ਦੀ ਭੱਠੀ ਵਿੱਚ ਪਿਆ ਰਹਿੰਦਾ
ਹੈ। ਭਾਵ ਉਹ ਆਪਣਾ ਪੁਰਾਣਾ ਸੁਭਾਅ ਛੱਡਣ ਲਈ ਤਿਆਰ ਨਹੀਂ ਹੁੰਦਾ। ਐਸਾ ਮਨੁੱਖ ਮੁੜ ਮੁੜ ਕੇ
ਪੁਰਾਣੇ ਵਿਕਾਰ ਹੀ ਕਰੀ ਜਾਂਦਾ ਹੈ। ਗੁਰੂ ਜੀ ਦੀ ਸਿੱਖਿਆ ਤੋਂ ਮੁਨਕਰ ਹੋਣ ਵਾਲਾ ਸੁਭਾਅ ਕਰਕੇ
ਮੁੜ ਮੁੜ ਜੂਨਾਂ ਭੋਗਦਾ ਹੈ। ਚੇਤੇ ਰਹੇ ਏੱਥੇ ਕਿਸੇ ਨਾਮ ਧਰੀਕ ਸਾਧ ਦੀ ਗੱਲ ਨਹੀਂ ਕੀਤੀ ਗਈ ਸਗੋਂ
ਨਿਯਮਾਵਲ਼ ਨੂੰ ਮੰਨਣ ਵਾਲੇ ਦੀ ਗੱਲ ਕੀਤੀ ਹੈ।
ਗੁਰੂ ਅੰਗਦ ਪਾਤਸ਼ਾਹ ਸਬੰਧੀ ਸੱਤਾ ਜੀ ਫਰਮਾਉਂਦੇ ਹਨ ਕਿ ਜਿਹੜਾ ਰਸਤਾ ਗੁਰੂ
ਅੰਗਦ ਪਾਤਸ਼ਾਹ ਜੀ ਨੇ ਨਿਰਧਾਰਤ ਕੀਤਾ ਹੈ ਉਸ ਰਸਤੇ `ਤੇ ਨਾ ਚਲਣ ਵਾਲਾ ਮੁੜ ਮੁੜ ਪੁਰਾਣਾ ਰਾਗ ਹੀ
ਅਲਾਪੀ ਜਾਂਦਾ ਹੈ।
ਮਿਸਾਲ ਦੇ ਤੋਰ ਤੇ ਗੁਰੂ ਜੀ ਦੀ ਸਿੱਖਿਆ ਦੇ ਉਲਟ ਜਿਹੜਾ ਅਜੇ ਵੀ ਦੇਵੀਆਂ
ਦੇ ਦੀਦਾਰ ਨੂੰ ਤੁਰਿਆ ਫਿਰ ਰਿਹਾ ਹੈ ਉਹ ਆਪਣਾ ਸਮਾਂ ਹੀ ਬਰਬਾਦ ਕਰਦਾ ਹੈ ਆਤਮਕ ਗੁਣ ਧਾਰਨ ਕਰਨ
ਦੀ ਥਾਂ `ਤੇ ਆਤਮਕ ਮੌਤ ਹੀ ਸਹੇੜ ਲੈਂਦਾ ਹੈ।
ਇਕ ਰਸਤਾ ਹੈ ਦੁਨੀਆਂ ਦਾਰੀ ਨੂੰ ਖੁਸ਼ ਕਰਦਿਆਂ ਹੋਇਆਂ ਆਪਣਾ ਨੱਕ ਵੱਡਾ
ਰੱਖਣਾ। ਦੁਨੀਆਂ ਵਿੱਚ ਆਪਣੀ ਭੱਲ ਬਣਾਉਣ ਲਈ ਅਜੇਹੇ ਲੋਕ ਧਰਮ ਦੇ ਨਾਂ `ਤੇ ਪੁੱਠੇ ਸਿੱਧੇ ਕਰਮ ਵੀ
ਕਰਦੇ ਰਹਿੰਦੇ ਹਨ। ਇਹਨਾਂ ਲੋਕਾਂ ਦੇ ਦਿਮਾਗ ਵਿੱਚ ਹੁੰਦਾ ਹੈ ਕਿ ਰੱਬ ਨੂੰ ਖੁਸ਼ ਕਰਨ ਲਈ ਵਕਤੀ
ਪੂਜਾ ਪਾਠ ਕਰ ਲਿਆ ਜਾਏ ਤਾਂ ਰੱਬ ਆਪੇ ਖੁਸ਼ ਹੋ ਜਾਏਗਾ। ਗੁਰੂ ਜੀ ਦੀ ਸਿੱਖਿਆ ਤੋਂ ਮੁਨਕਰ ਹੋਣ
ਵਾਲਾ ਆਤਮਕ ਮੌਤ ਸਹੇੜ ਲੈਂਦਾ ਹੈ। ਅਜੇਹਾ ਵਿਅਕਤੀ ਦੁਨੀਆਂ ਖੁਸ਼ ਕਰਨ ਵਿੱਚ ਲੱਗਿਆ ਹੁੰਦਾ ਹੈ ਭਾਵ
ਦੁਨੀਆਂਦਾਰੀ ਨਾਲ ਰਲ਼ ਕੇ ਚਲਦਾ ਹੈ। ਧਰਮ ਦੀਆਂ ਰੀਤੀਆਂ ਨਿਬਾਹ ਕੇ ਆਪਣੇ ਆਪ ਧਰਮੀਆਂ ਦੀ ਕਤਾਰ
ਵਿੱਚ ਖੜਾ ਕਰ ਲੈਂਦਾ ਹੈ।
ਗੁਰੂ ਅੰਗਦ ਪਾਤਸ਼ਾਹ ਜੀ ਨੇ ਖਡੂਰ ਸ਼ਹਿਰ ਦੀ ਸਥਾਪਨਾ ਕਰਕੇ ਇੱਕ ਨਵਾਂ ਮੀਲ
ਪੱਥਰ ਗੱਡਿਆ ਹੈ। ਪੰਜਾਬ ਦੀ ਇੱਕ ਹੋਰ ਬੜੀ ਵੱਡੀ ਤਰਾਸਦੀ ਸੀ ਕਿ ਆਮ ਲੋਕਾਂ ਦੀ ਬੋਲੀ ਪੰਜਾਬੀ ਸੀ
ਜਦ ਕੇ ਬ੍ਰਾਹਮਣ ਸੰਸਕ੍ਰਿਤ `ਤੇ ਜ਼ੋਰ ਦੇਂਦਾ ਸੀ ਜਦ ਕੇ ਮੁਸਲਮਾਨ ਅਰਬੀ ਫਾਰਸੀ ਭਾਸ਼ਾ ਵਰਤਦਾ ਸੀ
ਇਹ ਦੋਵੇਂ ਬੋਲੀਆਂ ਲੋਕਾਂ ਦੀਆਂ ਬੋਲੀਆਂ ਨਹੀਂ ਸਨ। ਖਡੂਰ ਸਹਿਰ ਵਸਾਉਣ ਲਈ ਗੁਰਦੇਵ ਪਿਤਾ ਜੀ ਨੇ
ਸਭ ਤੋਂ ਪਹਿਲਾਂ ਪੰਜਾਬੀ ਬੋਲੀ ਤੇ ਮੱਲ ਅਖਾੜਿਆਂ ਵਲ ਧਿਆਨ ਦਿੱਤਾ। ਨਵੀਆਂ ਉਸਾਰੀਆਂ ਕਰਵਾਈਆਂ
ਅੰਤਰਰਾਸ਼ਟਰੀ ਪੱਧਰ `ਤੇ ਵਪਾਰ ਨੂੰ ਤਰਜੀਹ ਦਿੱਤੀ। ਮੁਸਾਫਰਾਂ ਦੇ ਰਹਿਣ ਲਈ ਸਰਾਵਾਂ ਤੇ ਭੁੱਖ
ਮਿਟਾਉਣ ਲਈ ਲੰਗਰ ਚਲਾਇਆ। ਜਵਾਨੀਆਂ ਸੰਭਾਲਣ ਲਈ ਮੱਲ ਅਖਾੜੇ ਤਿਆਰ ਕਰਕੇ ਦੁਨੀਆਂ ਵਿੱਚ ਨਿਵੇਕਲੀ
ਪੈੜ ਕਾਇਮ ਕੀਤੀ।
ਤੱਤਸਾਰ—ਖਡੂਰ ਸ਼ਹਿਰ ਪੰਜਾਬ ਵਿੱਚ ਵਿਦਿਆ ਦਾ ਮੋਢੀ ਸ਼ਹਿਰ ਹੈ।
ਜਿੱਥੇ ਆਤਮਕ ਉਨਤੀ ਲਈ ਧਾਰਮਕ, ਦੁਨਿਆਵੀ, ਸਮਾਜਕ ਤੇ ਰਾਜਨੀਤੀ ਦੀ ਵਿਦਿਆ
ਦਿੱਤੀ ਓੱਥੇ ਸਰੀਰਾਂ ਦੀ ਸੰਭਾਲ਼ ਲਈ ਮੱਲ ਅਖਾੜੇ ਹੋਂਦ ਵਿੱਚ ਲਿਆਂਦੇ।
ਇਸ ਸ਼ਹਿਰ ਦੀ ਰੂਪ ਰੇਖਾ ਭਗਤ ਰਵਿਦਾਸ ਜੀ ਦੇ ਸ਼ਬਦ ਵਿਚੋਂ ਦੇਖੀ ਜਾ ਸਕਦੀ
ਹੈ—
ਬੇਗਮਪੁਰਾ ਸਹਰ ਕੋ ਨਾਉ।। ਦੂਖੁ ਅੰਦੋਹੁ ਨਹੀ ਤਿਹਿ ਠਾਉ।।
ਨਾਂ ਤਸਵੀਸ ਖਿਰਾਜੁ ਨ ਮਾਲੁ।। ਖਉਫੁ ਨ ਖਤਾ ਨ ਤਰਸੁ ਜਵਾਲੁ।। ੧।।
ਅਬ ਮੋਹਿ ਖੂਬ ਵਤਨ ਗਹ ਪਾਈ।। ਊਹਾਂ ਖੈਰਿ ਸਦਾ ਮੇਰੇ ਭਾਈ।। ੧।। ਰਹਾਉ।।
ਅਰਥ--—ਹੇ ਮੇਰੇ ਵੀਰ! ਹੁਣ ਮੈਂ ਵੱਸਣ ਲਈ ਸੋਹਣੀ ਥਾਂ ਲੱਭ ਲਈ ਹੈ, ਉਥੇ
ਸਦਾ ਸੁਖ ਹੀ ਸੁਖ ਹੈ। ੧। ਰਹਾਉ।
(ਜਿਸ ਆਤਮਕ ਅਵਸਥਾ-ਰੂਪ ਸ਼ਹਿਰ ਵਿੱਚ ਮੈਂ ਵੱਸਦਾ ਹਾਂ) ਉਸ ਸ਼ਹਿਰ ਦਾ ਨਾਮ
ਹੈ ਬੇ-ਗ਼ਮਪੁਰਾ (ਭਾਵ, ਉਸ ਅਵਸਥਾ ਵਿੱਚ ਕੋਈ ਗ਼ਮ ਨਹੀਂ ਪੋਹ ਸਕਦਾ); ਉਸ ਥਾਂ ਨਾਹ ਕੋਈ ਦੁੱਖ ਹੈ,
ਨਾਹ ਚਿੰਤਾ ਅਤੇ ਨਾਹ ਕੋਈ ਘਬਰਾਹਟ, ਉਥੇ ਦੁਨੀਆ ਵਾਲੀ ਜਾਇਦਾਦ ਨਹੀਂ ਅਤੇ ਨਾਹ ਹੀ ਉਸ ਜਾਇਦਾਦ
ਨੂੰ ਮਸੂਲ ਹੈ; ਉਸ ਅਵਸਥਾ ਵਿੱਚ ਕਿਸੇ ਪਾਪ ਕਰਮ ਕਰਨ ਦਾ ਖ਼ਤਰਾ ਨਹੀਂ; ਕੋਈ ਡਰ ਨਹੀਂ; ਕੋਈ
ਗਿਰਾਵਟ ਨਹੀਂ। ੧।
ਲੰਗਰ ਦੀ ਪ੍ਰਥਾ ਨੂੰ ਪੱਕਾ ਕੀਤਾ।
ਸਮਾਜਕ, ਧਾਰਮਕ, ਰਾਜਨੀਤਕ ਫੈਸਲਿਆਂ ਦੀ ਰੂਪ ਰੇਖਾ ਏੱਥੇ ਘੜੀ ਗਈ।
ਇਸ ਵੱਸੇ ਹੋਏ ਸ਼ਹਿਰ ਵਿੱਚ ਹਮਾਯੂੰ ਵਰਗਿਆਂ ਦੀ ਵੀ ਪਰਵਾਹ ਨਹੀਂ ਕੀਤੀ ਗਈ।
ਜਿੱਥੇ ਸਰੀਰਕ ਤਲ `ਤੇ ਖਡੂਰ ਸ਼ਹਿਰ ਵਸਾਇਆ ਹੈ ਓੱਥੇ ਮਨੁੱਖੀ ਸਰੀਰ ਦੇ
ਅੰਦਰਲੇ ਦੇ ਸ਼ਹਿਰ ਦੀ ਉਸਾਰੀ ਕੀਤੀ ਹੈ। ਕੇਵਲ ਬਾਹਰਲੇ ਢਾਂਚੇ ਦਾ ਨਾਂ ਸ਼ਹਿਰ ਨਹੀਂ ਸਗੋਂ ਦੇਵੀ
ਗੁਣਾਂ ਨੂੰ ਮਨੁੱਖੀ ਸੁਭਾਅ ਵਿੱਚ ਢਾਲ ਕੇ ਇੱਕ ਨਵਾਂ ਨਗਰ ਵਸਾਉਣਾ ਹੈ