ਵੀਹਵੀਂ ਪਉੜੀ ਦੀ ਗੁਰਬਾਣੀ ਅਨੁਸਾਰ ਵਿਆਖਿਆ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਪਹਿਲੀਆਂ ਪਉੜੀਆਂ ਵਿਚ ਪਰਮਾਤਮਾ
ਦੇ ਲੱਛਣ, ਉਸ ਦਾ ਰੂਪ, ਪ੍ਰਾਪਤੀ ਦਾ ਅੰਤ੍ਰੀਵ ਸਾਧਨ, ਭਗਤੀ ਦੇ ਗੁਣ ਗਾਉਣ, ਨਾਮ ਸੁਣਨ ਤੇ ਮਨਨ
(ਸਿਮਰਨ), ਗਿਆਨ ਪ੍ਰਾਪਤੀ, ਪੂਰਨ ਪਦ ਆਦਿ ਦਾ ਵਰਣਨ ਹੋਇਆ ਹੈ ਤੇ ਸਦਾ ਸਾਈਂ ਦੇ ਧਿਆਨ ਵਿਚ ਮਗਨ
ਰਹਿਣ ਦੀ (ਸਮਾਧੀ ਦੀ) ਜਾਚ ਦਸੀ ਗਈ ਹੈ। ਫਿਰ ਸੰਸਾਰ ਰਚਨਾ ਦੀ ਵਿਸ਼ਾਲਤਾ ਇਸ ਵਿਚ ਅਨੇਕਤਾ ਵਿਚ
ਸਦਾ ਸਲਾਮਤ ਨਿਰੰਕਾਰ ਨੂੰ ਅਨੁਭਵ ਕਰਨਾ, ਉਸ ਦੇ ਵਖੋ ਵਖਰੇ ਰੰਗ, ਭਲੇ ਬੁਰੇ ਨਜ਼ਾਰੇ, ਸਭ ਕੁਝ ਵੇਖ
ਕੇ ‘ਜੋ ਤੁਧੁ ਭਾਵੇ ਸਾਈ ਭਲੀ ਕਾਰ’ ਮੰਨ ਕੇ ਉਸ ਦੇ ਚਾਉ ਵਿਚ ਹਰ ਰੰਗ ਨੂੰ ਸਵੀਕਾਰ ਕਰ ਸਾਈਂ ਦੇ
ਧਿਆਨ ਵਿਚ ਜੁੜੇ ਰਹਿਣ ਵਿਚ ਸਹਿਜਤਾ ਲਿਆਉਣੀ ਤੇ ਵਾਹਿਗੁਰੂ ਦੀ ਮਿਹਰ-ਨਦਰ ਸਦਕਾ ਪੰਚ ਬਣੇ ਰਹਿਣ
ਦਾ ਉਪਦੇਸ਼ ਹੈ ਜੋ ਗੁਰਸਿਖ-ਗੁਰਮੁਖ ਦੀਆਂ ਸੀਮਾਵਾਂ ਤੇ ਉਡਾਰੀਆਂ ਨਿਯੁਕਤ ਕਰਦਾ ਹੈ। ਨਾਮ ਦੇ ਗੁਣਾ
ਦੀ ਚਰਚਾ ਹੋਈ ਤਾਂ ਇਹ ਦਾ ਦਰਸਾਇਆ ਗਿਆ ਹੈ ਕਿ ਨਾਮ ਨਾਲ ਜੁੜਿਆਂ ਹੀ ਹਉਮੈ ਤੋਂ ਛੁਟਕਾਰਾ ਹੋਣਾ
ਹੈ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਤੋਂ ਵੀ ਨਾਮ ਸਦਕਾ ਹੀ ਛੁਟਕਾਰਾ ਮਿਲਦਾ ਹੈ ।ਕਿਉਂਕਿ
ਹਉਮੈਂ, ਕਾਮ, ਕ੍ਰੋਧ, ਲੋਭ, ਮੋਹ ਹੰਕਾਰ ਸਭ ਮਨ ਦੀ ਮੈਲ ਹੈ ਤੇ ਇਹ ਨਾਮ ਹੀ ਹੈ ਜੋ ਮਨ ਦੀ ਮੈਲ
ਧੋਂਦਾ ਹੈ।ਨਾਮ ਸਿਮਰਨ ਨਾਲ ਮਨ ਦੀ ਮੈਲ ਲੱਥਦੀ ਹੈ ਤਾਂ ਮਨ ਸ਼ੁਧ ਹੁੰਦਾ ਹੈ ਤਾਂ ਆਪੇ ਦੀ ਪਛਾਣ ਆ
ਜਾਂਦੀ ਹੈ ।
ਮਨ ਦੀ ਮੈਲ਼ ਤਨ ਦੀ ਮੈਲ ਤੋਂ ਵਖਰੀ ਹੈ। ਗੁਰੂ ਜੀ ਫੁਰਮਾਉਂਦੇ ਹਨ ਕਿ ਤਨ ਦੀ ਮੈਲ ਤਾਂ ਦੁਨਿਆਬੀ
ਪ੍ਰਦੂਸ਼ਣ ਸਦਕਾ ਮੈਲੀ ਹੋ ਜਾਂਦੀ ਹੈ। ਜਦ ਹੱਥ, ਪੈਰ, ਤਨ ਤੇ ਸਮੁਚੀ ਦੇਹੀ ਮਿੱਟੀ ਨਾਲ ਮੈਲੇ ਹੋ
ਜਾਂਦੇ ਹਨ ਤਾਂ ਅਸੀਂ ਪਾਣੀ ਨਾਲ ਧੋ ਕੇ ਮਿੱਟੀ ਦੀ ਮੈਲ ਉਤਾਰ ਦਿੰਦੇ ਹਾਂ।ਜੇਕਰ ਮਲ-ਮੂਤਰ ਨਾਲ
ਕਪੜੇ ਮੈਲੇ ਹੋ ਜਾਣ ਤਾਂ ਮੈਲ ਸਾਬਣ ਨਾਲ ਮਲ ਕੇ ਧੋ ਕਢੀਦੀ ਹੈ।
ਭਰੀਐ ਹਥੁ ਪੈਰੁ ਤਨੁ ਦੇਹ ॥ ਪਾਣੀ ਧੋਤੈ ਉਤਰਸੁ ਖੇਹ ॥
ਮੂਤ ਪਲੀਤੀ ਕਪੜੁ ਹੋਇ ॥ ਦੇ ਸਾਬੂਣੁ ਲਈਐ ਓਹੁ ਧੋਇ ॥
ਪਰ ਜੇ ਕਰ ਮੱਤ ਪਾਪਾਂ ਨਾਲ ਭਰੀ ਹੋਈ ਹੋਵੇ ਤਾਂ ਉਹ ਨਾਮ ਸਿਮਰਨ ਨਾਲ ਹੀ ਸਾਫ ਹੋ ਸਕਦੀ ਹੈ ਪਾਣੀ
ਜਾਂ ਸਾਬਣ ਨਾਲ ਨਹੀਂ। ਇਸਤਰ੍ਹਾਂ ਜੋ ਗੁਣ ਨਾਮ ਵਿਚ ਹਨ ਉਹ ਕਿਸੇ ਹੋਰ ਵਿਚ ਨਹੀਂ ਕਿਉਂਕਿ ਪਾਪ
ਤਾਂ ਨਾਮ ਤੋਂ ਬਿਨਾ ਧੋਤੇ ਹੀ ਨਹੀਂ ਜਾ ਸਕਦੇ।
ਭਰੀਐ ਮਤਿ ਪਾਪਾ ਕੈ ਸੰਗਿ ॥ ਓਹੁ ਧੋਪੈ ਨਾਵੈ ਕੈ ਰੰਗਿ ॥
ਇਹ ਪੁੰਨ ਪਾਪ ਦੀ ਕਹਾਣੀ ਆਖਣ ਮਾਤਰ ਜਾਂ ਸਿਰਫ ਡਰਾਉਣ ਖਾਤਰ ਨਹੀਂ ਸਗੋਂ ਸੌ ਫੀ ਸਦੀ ਸੱਚ ਹੈ। ਜੋ
ਵੀ ਜਿਸ ਤਰ੍ਹਾਂ ਦੇ ਕਰਮ ਕਰੇਗਾ, ਉਸ ਦੇ ਭਾਗਾਂ ਵਿਚ ਊਹੋ ਜਿਹਾ ਹੀ ਲਿਖਿਆ ਜਾਵੇਗਾ । ਜੋ ਭਾਗਾਂ
ਵਿਚ ਲਿਖਿਆ ਹੋਵੇਗਾ ਉਸੇ ਤਰ੍ਹਾਂ ਦੇ ਫਲਾਂ ਦਾ ਉਹ ਭਾਗੀ ਹੋਵੇਗਾ।
ਮਤ ਵਿਚ ਪਾਪਾਂ ਦੀ ਮੈਲ ਕਿਹੜੀ ਹੈ? ਕਿੱਥੋਂ ਆਈ ਹੈ? ਇਸ ਬਾਰੇ ਗੁਰਬਾਣੀ ਦਸਦੀ ਹੈ ਕਿ ਸਭ ਤੋਂ
ਖਤਰਨਾਕ ਮੈਲ ਪਲ ਦੋ ਪਲ ਦੀ ਨਹੀਂ ਜੰਮੀ ਹੁੰਦੀ ਇਹ ਤਾਂ ਸਮਿਆ ਦੀ, ਜਨਮ ਜਨਮਾਂਤਰਾਂ ਦੀ ਮੈਲ
ਹੁੰਦੀ ਹੈ ਜੋ ਇਕੱਠੀ ਹੁੰਦੀ ਰਹਿੰਦੀ ਹੈ ਤੇ ਅੰਦਰ ਬਾਹਰ ਕਾਲਾ ਕਰ ਦਿੰਦੀ ਹੈ:
ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ॥ (ਸਲੋਕੁ ਮ: ੩, ਪੰਨਾ ੬੫੧)
ਜਿਤਨਾ ਮਨ ਕਾਲਾ ਹੋਵੇਗਾ ਉਤਨਾ ਹੀ ਜ਼ਿਆਦਾ ਇਸ ਨੂੰ ਮਾਂਜਣ ਦੀ ਲੋੜ ਪੈਣੀ ਹੈ ਤੇ ਮਾਂਜ ਇਹ ਸਿਰਫ
ਨਾਮ ਨਾਲ ਹੀ ਹੋਣੀ ਹੈ। ਇਸੇ ਲਈ ਸਵਾਸ ਸਵਾਸ ਸਿਮਰਨ ਦੀ ਗੱਲ ਕੀਤੀ ਗਈ ਹੈ।
ਇਸ ਮਨ ਦੀ ਮੈਲ ਦੀ ਕਹਾਣੀ ਇਨ੍ਹਾਂ ਪੁੰਨਾਂ ਪਾਪਾਂ ਰਾਹੀਂ ਨਹੀਂ ਕਹੀ ਜਾ ਸਕਦੀ। ਇਹ ਤਾਂ ਕੀਤੇ
ਕਰਮ ਹਨ ਜੋ ਲੇਖਾਂ ਦੇ ਰੂਪ ਵਿਚ ਵਟਦੇ ਜਾਂਦੇ ਹਨ ਤੇ ਫਿਰ ਮਨ ਤੇ ਛਪਦੇ ਹਨ ਤਾਂ ਸੰਸਕਾਰ ਬਣ
ਜਾਂਦੇ ਹਨ ਤੇ ਜੀਵ ਦੇ ਅੰਤ੍ਰੀਵ ਵਿਚ ਚਿਤ੍ਰੇ ਜਾਂਦੇ ਹਨ।
ਪੁੰਨੀ ਪਾਪੀ ਆਖਣੁ ਨਾਹਿ ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ ॥
ਅਸੀਂ ਜੋ ਵੀ ਕਰਦੇ ਹਾਂ ਉਸ ਦੀ ਯਾਦ ਸਾਡੇ ਅੰਤਹਕਰਣ ਤਕ ਚਲੀ ਜਾਂਦੀ ਹੈ । ਕੁਝ ਅਚੇਤ ਮਨ ਵਿਚ ਤੇ
ਕੁਝ ਸੁਚੇਤ ਮਨ ਵਿਚ।ਅਚੇਤ ਨੂੰ ਇਨ-ਮਨ ਤੇ ਸੁਚੇਤ ਨੂੰ ਉਨ-ਮਨ ਵੀ ਕਿਹਾ ਗਿਆ ਹੈ।ਜਾਗ੍ਰਿਤ ਅਵਸਥਾ
ਵਿਚ ਸੁਚੇਤ ਮਨ ਕੰਮ ਕਰਦਾ ਹੈ ਤੇ ਜਦ ਸੌਂ ਜਾਂਦੇ ਹਾਂ ਤਾਂ ਅਚੇਤ ਮਨ ਕੰਮ ਕਰਦਾ ਹੈ।ਕੁਝ ਸਮੇਂ ਲਈ
ਭੁੱਲੀ ਗੱਲ ਅਚੇਤ ਮਨ ਵਿਚ ਚਲੀ ਜਾਂਦੀ ਹੈ ਤੇ ਫਿਰ ਅਪਣੇ ਆਪ ਹੀ ਸੁਚੇਤ ਮਨ ਵਿਚ ਆ ਜਾਂਦੀ ਹੈ ਭਾਵ
ਜੀਵਨ ਵਿਚ ਹਰ ਕੀਤੇ ਹੋਏ ਕਰਮਾਂ ਦੀ ਯਾਦ ਸਾਡੇ ਅੰਤਹਕਰਣ ਤੇ ਛਪ ਜਾਂਦੀ ਹੈ ਜੋ ਸੰਸਕਾਰਾਂ ਵਿਚ
ਬਦਲਦੀ ਹੈ ਤੇ ਇਹੋ ਸੰਸਕਾਰ ਸਾਡੇ ਜਨਮ-ਜਨਮਾਂਤਰਾਂ ਦੇ ਸਾਥੀ ਬਣ ਜਾਂਦੇ ਹਨ ਤੇ ਜੀਵਨ ਦੇ ਗਾਡੀ
ਰਾਹ ਬਣ ਜਾਂਦੇ ਹਨ।
ਕਰਮ ਤੋਂ ਯਾਦ, ਯਾਦ ਤੋਂ ਸੰਸਕਾਰ ਇਸੇ ਤਰ੍ਹਾਂ ਬਣਦੀ ਹੈ ਜਿਵੇਂ ਰੁੱਖ ਤੋਂ ਬੀਜ। ਬੀਜ ਵਿਚ ਹੀ
ਸਾਰਾ ਦਰਖਤ ਲੁਕਿਆ ਹੋਇਆ ਹੁੰਦਾ ਹੈ ਪਰ ਦਿਸਦਾ ਨਹੀਂ।ਜਦੋਂ ਬੀਜ ਫੁੱਟਦਾ ਹੈ ਤਾਂ ਦਰਖਤ ਉੱਗ
ਪੈਂਦਾ ਹੈ। ਜਦ ਸੰਸਕਾਰ ਖਿਆਲ ਦੇ ਰੂਪ ਵਿਚ ਫੁੱਟਦੇ ਹਨ ਤਾਂ ਕਰਮ ਨਿਕਲ ਆਉਂਦੇ ਹਨ। ਹਰ ਬੰਦੇ ਦੇ
ਖਿਆਲ ਵੱਖੋ ਵੱਖਰੇ ਹਨ, ਹਰ ਬੰਦੇ ਦੇ ਬੋਲਾਂ ਵਿਚ ਫਰਕ ਹੈ, ਕਹਿਣੀ ਕਥਨੀ ਵਿਚ ਫਰਕ ਹੈ, ਅਕਲ-ਸ਼ਕਲ
ਵਿਚ ਫਰਕ ਹੈ, ‘ਕੋਈ ਨ ਕਿਸ ਹੀ ਜੇਹਾ’। ਜਿਤਨੇ ਜੀਵ ਉਤਨੇ ਰੰਗ-ਵੰਨ-ਤਵਚਾ-ਕਹਿਣੀ-ਕਰਨੀ-ਭੁਗਤਣੀ
।ਇਸ ਦਾ ਕਾਰਣ ਵਖੋ ਵੱਖਰੇ ਆਪੋ ਅਪਣੇ ਕਰਮ ਹਨ ਆਪੋ ਅਪਣੇ ਸੰਸਕਾਰ ਹਨ ਤੇ ਸੰਸਕਾਰਾਂ ਦੇ ਆਧਾਰ ਤੇ
ਜੀਵਨ ਚਲਦਾ ਹੈ। ਸਮੇਂ ਸਮੇਂ ਸੰਸਕਾਰਾਂ ਨਾਲ ਉਲੀਕੇ ਰਾਹ ਹੀ ਜੀਵਨ ਦੇ ਗਾਡੀ ਰਾਹ ਹੋ ਜਾਂਦੇ ਹਨ
ਕੋਈ ਸੰਤ ਬਣ ਜਾਂਦਾ ਹੈ ਕੋਈ ਦੁਸ਼ਟ, ਕੋਈ ਰਖਿਅਕ ਬਣ ਜਾਂਦਾ ਹੈ ਕੋਈ ਕਾਤਿਲ, ਕੋਈ ਦਾਤਾ ਬਣ ਜਾਂਦਾ
ਹੈ ਕੋਈ ਮੰਗਣ ਵਾਲਾ। ਬੁਰੇ ਸੰਸਕਾਰਾਂ ਦਾ ਸਮੂਹ ਸੰਗ੍ਰਿਹ ਹੈ ਜੋ ਮੈਲ ਦੇ ਰੂਪ ਵਿਚ ਇਨਸਾਨ ਦੇ
ਅੰਦਰ ਜੰਮ ਜਾਂਦੀ ਹੈ ਜਿਸਨੂੰ ਧੋਣ ਦੀ ਗੱਲ ਹੋ ਰਹੀ ਹੈ।
ਇਹੋ ਸੰਸਕਾਰ ਉਸ ਦੀ ਜ਼ਿੰਦਗੀ ਦੇ ਰਾਹਨੁਮਾ ਬਣ ਜਾਂਦੇ ਹਨ ਤੇ ਜੀਵ ਉਨ੍ਹਾਂ ਸੰਸਕਾਰਾਂ ਅਨੁਸਾਰ
ਚਲਦਾ ਹੋਇਆ ਕਰਮ ਕਰੀ ਜਾਦਾ ਹੈ। ਬੁਰੇ ਸੰਸਕਾਰਾਂ ਵਾਲਾ ਤਾਂ ਹਮੇਸ਼ਾ ਬੁਰੇ ਕਰਮ ਹੀ ਕਰਦਾ ਜਾਏਗਾ
ਜਦ ਕਿ ਚੰਗੇ ਸੰਸਕਾਰਾਂ ਵਾਲਾ ਹਮੇਸ਼ਾ ਭਲੇ ਕਾਰਜ ਕਰੇਗਾ। ਸੋ ਜੀਵ ਜਿਸ ਤਰ੍ਹਾਂ ਦੇ ਬੀਜ ਬੀਜੇਗਾ
ਊਹੋ ਜਿਹਾ ਉਸਨੂੰ ਕੱਟਣ ਨੂੰ ਤੇ ਖਾਣ ਪਾਣ ਨੂੰ ਮਿਲੇਗਾ। ਕਰਮਾ ਸੰਦੜੀ ਖੇਤੀ ਹੈ। ‘ਮੰਗੇ ਦਾਖ
ਬਿਜੌਰੀਆਂ ਕਿੱਕਰ ਬੀਜੇ ਜੱਟ’ ਤਾਂ ਫਿਰ ਗੱਲ ਕਿਵੇਂ ਬਣੇ?ਚੰਗਾ ਬੀਜੋਗੇ ਚੰਗਾ ਮਿਲੇਗਾ, ਬੁਰਾ
ਬੀਜੋਗੇ ਤਾਂ ਬੁਰਾ ਮਿਲੇਗਾ।ਨਾਮ ਜਪੋਗੇ ਤਾਂ ਆਉਣ ਜਾਣ ਤੋਂ ਮੁਕਤੀ ਮਿਲੇਗੀ ਨਹੀਂ ਤਾਂ ਚੱਕਰ ਚਲਦਾ
ਰਹੇਗਾ।ਇਹ ਸਭ ਕੁਝ ਉਸ ਪਰਮਾਤਮਾ ਦੇ ਹੁਕਮ ਵਿਚ ਹੀ ਹੁੰਦਾ ਆਇਆ ਹੈ ਤੇ ਹੋਈ ਜਾਵੇਗਾ।
ਆਪੇ ਬੀਜਿ ਆਪੇ ਹੀ ਖਾਹੁ ॥ ਨਾਨਕ ਹੁਕਮੀ ਆਵਹੁ ਜਾਹੁ ॥ ੨੦ ॥
ਸਾਡੀ ਜ਼ਿੰਦਗੀ ਕਿਤਨਾ ਕੁ ਭਟਕੀ ਹੈ ਤੇ ਹੋਰ ਕਿਤਨੀ ਭਟਕਣੀ ਹੈ ਇਸ ਦਾ ਅੰਦਾਜ਼ਾ ਅਸੀਂ ਅਪਣੀ
ਕਾਰਗੁਜ਼ਾਰੀ ਤੋਂ ਆਪ ਵੀ ਲਾ ਸਕਦੇ ਹਾਂ। ਅਸੀਂ ਜਨਮਾਂ ਦੇ ਕਪੜੇ ਬਦਲਦੇ ਆ ਰਹੇ ਹਾਂ ਤੇ ਬਦਲੀ
ਜਾਵਾਂਗੇ ਜਦ ਤਕ ਸਾਨੂੰ ਛੁਟਕਾਰਾ ਨਹੀਂ ਮਿਲ ਜਾਂਦਾ। ਇਹ ਛੁਟਕਾਰਾ ਤਾਂ ਸਿਰਫ ਨਾਮ ਦੇ ਜ਼ਰੀਏ ਹੀ
ਮਿਲਣਾ ਹੈ।
ਹੁਕਮਿ ਚਲਾਏ ਆਪਣੇ ਕਰਮੀ ਵਹੈ ਕਲਾਮ॥ (ਮ:੧, ਪੰਨਾ ੯)
ਨਾਮ ਸਿਮਰਨ ਨਾਲ ਇਹ ਸੰਸਕਾਰ ਕਿਵੇਂ ਧੋਤੇ ਜਾਂਦੇ ਹਨ? ਇਹ ਤਾਂ ਇਕ ਚੱਕਰ ਨੂੰ ਤੋੜਣਾ ਹੈ। ਸੰਸਕਾਰ
ਫੁੱਟਿਆ, ਮਨ ਵਿਚ ਖਿਆਲ ਆਇਆ, ਫਲਾਣਾ ਕੰਮ ਕਰੀਏ, ਕਰ ਦਿਤਾ। ਫਿਰ ਕਰਮ ਬਣ ਗਿਆ, ਫਿਰ ਸੰਸਕਾਰ
ਬਣੇਗਾ ਇਸ ਤਰ੍ਹਾਂ ਚੱਕਰ ਚਲਦਾ ਰਹੇਗਾ, ਸੰਸਕਾਰਾਂ ਦਾ ਸੰਗ੍ਰਿਹ ਹੁੰਦਾ ਜਾਵੇਗਾ। ਨਾਮ ਦੇ ਸਿਮਰਨ
ਨਾਲ ਇਹੋ ਚੱਕਰ ਬੰਦ ਕਰਨਾ ਹੁੰਦਾ ਹੈ।ਮਨ ਵਿਚ ਕੋਈ ਬੁਰਾ ਖਿਆਲ ਆਇਆ, ਇਹ ਕੰਮ ਕਰੀਏ, ਸਿਮਰਨ
ਕਰਦਿਆਂ ਬਾਣੀ ਯਾਦ ਆ ਗਈ। ਗੁਰੂ ਸਮਝਾਉਂਦਾ ਹੈ , “ਇਹ ਕੰਮ ਨਹੀਂ ਕਰਨਾ, ਤੂੰ ਸਿਮਰਨ ਕਰ।“ ਖਿਆਲ
ਦਬ ਗਿਆ, ਤੇ ਫਿਰ ਖਤਮ ਹੋ ਗਿਆ, ਬੁਰਾ ਕਰਮ ਨਾ ਹੋਇਆ ਤਾਂ ਬੁਰਾ ਸੰਸਕਾਰ ਨਾ ਬਣਿਆ। ਇਸ ਤਰ੍ਹਾਂ
ਸੰਸਕਾਰਾਂ ਦੇ ਚੱਲ ਰਹੇ ਚੱਕਰ ਨੂੰ ਸ਼ਬਦ ਸਿਮਰਨ ਨਾਲ ਰੋਕ ਪੈ ਗਈ। ਚੱਕਰ ਬੰਦ ਹੋ ਗਿਆ, ਮਨ ਵਿਚ ਪਏ
ਹੋਏ ਸਮਿਆਂ ਦੇ ਜਾਂ ਕਹਿ ਲਉ ਜਨਮ ਜਨਮਾਂਤਰਾਂ ਦੇ ਪਾਪਾਂ ਦਾ ਸੰਸਕਾਰ ਸਿਸਟਮ ਆਪੇ ਹੀ ਰੁਕ ਗਿਆ।
ਕੋਟਿ ਜਨਮ ਕੈ ਕਿਲਵਿਖ ਨਾਸੇ ਹਰਿ ਚਰਣੀ ਚਿਤੁ ਲਾਏ॥ (ਸੋਰਠਿ ਮ: ੫, ਪੰਨਾ ੬੩੩)
ਇਸ ਲਈ ਨਾਮ ਦੇ ਅੰਮ੍ਰਿਤ ਨਾਲ ਮਨ ਤਨ ਸਰੋਬਾਰ ਕਰਨੇ ਚਾਹੀਦੇ ਹਨ । ਜਿਨ੍ਹਾਂ ਗੁਰਮੁਖਾਂ ਨੇ ਨਾਮ
ਰਤਨ ਪਰਾਪਤ ਕਰ ਲਿਆ ਉਨ੍ਹਾਂ ਨੂੰ ਨਾਮ (ਵਾਹਿਗੁਰੂ) ਤੋਂ ਬਿਨਾ ਹੋਰ ਨਜ਼ਰ ਨਹੀਂ ਆਉਂਦਾ। ਨਾਮ ਜਪੋ
ਨਾਮ ਵਰਗਾ ਰੂਪ ਰੰਗ ਹੋ ਜਾਂਦਾ ਹੈ ਭਾਵ ਨਾਮ ਜਪਿਆਂ ਨਾਮ ਵਰਗਾ ਬਣ ਜਾਈਦਾ ਹੈ। ਨਾਮ ਤੋਂ ਹਰੀ ਨਾਮ
ਦੇ ਸੰਗ ਦਾ ਸੁੱਖ ਪਰਾਪਤ ਹੁੰਦਾ ਹੈ । ਜੋ ਜਨ ਨਾਮ ਰਸ ਨਾਲ ਤ੍ਰਿਪਤ ਹੋ ਗਿਆ ਉਸ ਦਾ ਮਨ ਤਨ ਨਾਮ
ਵਿਚ ਹੀ ਸਮਾ ਜਾਂਦਾ ਹੈ ਭਾਵ ਉਹ ਵਾਹਿਗੁਰੂ ਵਿਚ ਮਿਲ ਜਾਂਦਾ ਹੈ:
ਪੀ ਅੰਮ੍ਰਿਤੁ ਇਹੁ ਮਨੁ ਤਨੁ ਧ੍ਰਪੀਐ ॥ ਨਾਮ ਰਤਨੁ ਜਿਨਿ ਗੁਰਮੁਖਿ ਪਾਇਆ ॥ ਤਿਸੁ ਕਿਛੁ ਅਵਰੁ
ਨਾਹੀ ਦ੍ਰਿਸਟਾਇਆ ॥ ਨਾਮੁ ਧਨੁ ਨਾਮੋ ਰੂਪੁ ਰੰਗੁ ॥ ਨਾਮੋ ਸੁਖੁ ਹਰਿ ਨਾਮ ਕਾ ਸੰਗੁ ॥ ਨਾਮ ਰਸਿ
ਜੋ ਜਨ ਤ੍ਰਿਪਤਾਨੇ ॥ ਮਨ ਤਨ ਨਾਮਹਿ ਨਾਮਿ ਸਮਾਨੇ ॥ (ਪੰਨਾ ੨੮੬)