ਰੱਬੀ ਮਿਲਨ ਦੀ ਬਾਣੀ
ਸਲੋਕ ਮ: ੯
ਦੀ ਵਿਚਾਰ
ਭਾਗ - 3
ਵੀਰ ਭੁਪਿੰਦਰ ਸਿੰਘ
ਗੁਰਬਾਣੀ ਦੀ ਬਣਤਰ
ਸੋ
ਪਹਿਲਾ ਵਿਸ਼ਾ ਇਹ ਕਿ ਸਾਡੇ ਮਨ ਦੀ ਅਵਸਥਾ
ਮੁੰਧ ਜੋਬਨ ਬਾਲੀ ਹੈ ਅਤੇ ਸਾਨੂੰ ਸਤਿਗੁਰ ਦੀ ਮਤ ਅਨੁਸਾਰ ਜੀਵਨ ਜਾਚ ਦੀ ਸਮਝ ਨਹੀ ਹੈ।
ਦੂਜਾ ਵਿਸ਼ਾ
ਇਹ ਕਿ ਜੀਵਨ ਜਾਚ ਸਿੱਖਣ ਲਈ ਘਰ-ਬਾਰ ਤਿਆਗਣਾ ਨਹੀਂ ਹੈ। ਗੁਰੂ ਅਮਰਦਾਸ ਜੀ ਆਪਣੇ ਸਲੋਕਾਂ ਰਾਹੀ
ਸਮਝਾ ਰਹੇ ਹਨ ਕਿ ਕੁਝ ਤਿਆਗਨਾ ਨਹੀਂ ਹੈ। ਸਾਰਾ ਕੁਝ ਛੱਡ ਕੇ ਜੰਗਲਾਂ ਵਿਚ ਨਹੀਂ ਜਾਣਾ। ਜਿਸਨੇ
ਆਪਣੇ ਅੰਤਰ ਆਤਮੇ ਨੂੰ ਸਮਝ ਲਿਆ ਉਸਦੀ ਅੰਦਰੋਂ ਬਾਹਰੋਂ ਸ਼ਖ਼ਸੀਅਤ ਘੜੀ ਹੀ ਜਾਏਗੀ। ਜੇ ਅੰਦਰੋਂ
ਨਹੀਂ ਜਾਗੇ ਕੇਵਲ ਬਾਹਰੋਂ ਧਾਰਮਕ ਭੇਖ ਦੀ ਸਜਾਵਟ ਕਰ ਲਈ ਜਾਂ ਸਾਰਾ ਕੁਝ ਤਿਆਗ ਦਿੱਤਾ ਤਾਂ ਦੋਵੇਂ
ਪਾਸੇ ਗਲ ਨਹੀਂ ਬਣਨੀ। ਦਰਅਸਲ ਅੰਦਰੋਂ ਜੋ ਜਾਗ ਪਏ ਉਸਦਾ ਬਾਹਰੋਂ ਚੰਗਾ ਜੀਵਨ ਬਣ ਹੀ ਜਾਂਦਾ ਹੈ।
ਵਡਭਾਗੀਆ ਸੋਹਾਗਣੀ ਜਿਨ੍ਾ ਗੁਰਮੁਖਿ ਮਿਲਿਆ ਹਰਿ ਰਾਇ ॥
(1421) ਭਾਵ ਉਹ ਮੱਤ ਅਸਲ ਸੁਹਾਗਨ ਹੈ ਜੋ ਗਿਆਨ ਗੁਰੂ ਰੂਪੀ ਪਤੀ ਨਾਲ ਜੁੜਦੀ ਹੈ। ਸੁਹਾਗਨ ਦੀ
ਨਿਸ਼ਾਨੀ ਦੱਸੀ ਹੈ ਕਿ
‘ਅੰਤਰਿ ਜੋਤਿ ਪਰਗਾਸੀਆ ਨਾਨਕ ਨਾਮਿ ਸਮਾਇ ॥’
(309) ਉਸ ਮਨ ਅੰਦਰ ਜੋਤ ਜਾਗ ਪਈ, ਹਿਰਦੇ ਰੂਪੀ ਘਰ ਅੰਦਰ ਚਾਨਣ ਹੋ ਗਿਆ।
‘ਨਾਮ ਸਮਾਇ’
ਤੋਂ ਭਾਵ ਹੈ ਕਿ ਅੰਦਰ ਦੀ ਜੋਤ ਪ੍ਰਗਟ ਹੋ ਗਈ, ਸੱਚ ਦੇ ਗਿਆਨ ਦੀ ਸੋਝੀ ਹੋ ਗਈ। ਇਹ ਲਖਾਇਕ ਹੈ ਕਿ
ਉਹ ਨਾਮ ਵਿਚ ਸਮਾ ਗਿਆ। ਨਾਮ ਤੋਂ ਇੱਥੇ ਭਾਵ ਰੱਬ ਜੀ ਦਾ ਕੋਈ ਖਾਸ ਇੱਕ ਨਾਮ ਨਹੀਂ, ਬਲਕਿ ਰੱਬੀ
ਗੁਣ ਹੈ।
ਐਸੀ ਸੋਝੀ ਜੋ ਭਰਮ ਨੂੰ ਦੂਰ ਕਰ ਦੇਂਦੀ ਹੈ ਉਸਨੂੰ ‘ਅੰਤਰਿ ਜੋਤਿ
ਪਰਗਾਸੀਆ’ ਕਹਿੰਦੇ ਹਨ। ਭਾਵ ਇਹ ਕਿ ਸਲੋਕ ਮਹਲਾ 9 ਦੀ ਬਾਣੀ ਸਾਨੂੰ ‘ਅੰਤਰਿ ਜੋਤਿ ਪਰਗਾਸੀਆ’
ਸਿਖਾ ਰਹੀ ਹੈ। ਮੁੰਧ ਜੋਬਨ ਬਾਲੀ ਨੂੰ ਭਰਮ ਹੈ। ਇਸੇ ਭਰਮ ਨੂੰ ਦੂਰ ਕਰਨ ਲਈ ਅੰਤਰ ਆਤਮੇ ਵਿਚ ਜੋਤ
ਪਰਗਾਸ ਕਰਨੀ ਹੈ। ਇਹ ਬਾਣੀ ਉਦਾਸੀਨਤਾ ਨਹੀਂ ਸਗੋਂ ਇੱਕਮਿੱਕਤਾ ਸਿਖਾ ਰਹੀ ਹੈ। ਇਹ ਮਿਰਤਕ ਲਈ
ਨਹੀਂ ਸਗੋਂ ਜਿਊਂਦੇ ਜੀ ਅੰਤਰ ਜੋਤ ਪ੍ਰਗਾਸ ਲਈ ਹੈ।
ਹੁਣ ਸਲੋਕ ਮਹਲਾ 9 ਦੀ ਬਾਣੀ ਨੂੰ ਸਮਝਣ ਤੋਂ ਪਹਿਲਾਂ ਇਹ ਵਿਚਾਰਨਾ ਪਵੇਗਾ
ਕਿ ਅੰਦਰ ਦੀ ਜੋਤ ਕੌਣ ਜਗਾਉਂਦਾ ਹੈ?
ਕੋਈ
ਵਿਚੋਲਾ ਜਾਂ ਸਰੀਰਕ ਗੁਰੂ ਨਹੀਂ ਜਗਾ ਸਕਦਾ। ਜੇ ਅਸੀਂ ਗਿਆਨ ਗੁਰੂ ਨੂੰ ਨਿਮਰਤਾ ਸਹਿਤ ਸਿਰ ਝੁਕਾ
ਕੇ ਮੰਨ ਲਈਏ ਤਾਂ ਅੰਦਰ ਦੀ ਜੋਤ ਆਪੇ ਹੀ ਜਗ ਪਏਗੀ।
ਨੋਟ: ਵਿਰਾਸਤ ਨਾਮ ਦੀ
ਪੁਸਤਕ ਵਿਚ ਅਸੀਂ ਇੱਕ ਨਿਮਾਣਾ ਜਿਹਾ ਜਤਨ ਕਰਕੇ ਇੱਕ ਲੇਖ ਲਿਖਿਆ ਹੈ
‘ਗੁਰੂ ਕੌਣ ਹੁੰਦਾ ਹੈ?’।
ਇਸ ਵਿਚ ਇਹ ਦੱਸਣ ਦਾ ਜਤਨ ਕੀਤਾ ਹੈ ਕਿ ਹਜ਼ਾਰਾਂ ਸਾਲਾਂ ਤੋਂ ਭਾਵ ਜਦੋਂ ਤੋਂ ਇਹ ਸ੍ਰਿਸ਼ਟੀ ਬਣੀ ਹੈ
ਤਾਂ ਤੋਂ ਮਨੁੱਖ ਲਈ ਕੇਵਲ ਅਤੇ ਕੇਵਲ ਗਿਆਨ ਹੀ ਗੁਰੂ ਹੁੰਦਾ ਆਇਆ ਹੈ। ਕੋਈ ਸਰੀਰਕ ਦੇਹਧਾਰੀ
ਵਿਚੋਲਾ ਗੁਰੂ ਨਹੀਂ ਹੁੰਦਾ। ਇਸਦੇ ਨਾਲ ਹੀ ਅਸੀਂ ਇਹ ਵੀ ਵਿਚਾਰਿਆ ਹੈ ਕਿ
‘ਸਿੱਖ ਕੌਣ ਬਣਦਾ ਹੈ?’
ਕੋਈ ਮਨੁੱਖ ਸਰੀਰ ਕਰਕੇ ਸਿੱਖ ਨਹੀਂ ਬਣਦਾ ਬਲਕਿ
ਉਸਦੀ ਸੁਰਤ ਸਿੱਖ ਬਣਦੀ ਹੈ। ਗੁਰਬਾਣੀ ਦਾ ਫਰਮਾਨ ਹੈ:
ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥
(943) ਭਾਵ ਸਾਡੀ ਸੁਰਤ ਸ਼ਬਦ ਗੁਰੂ ਦਾ ਚੇਲਾ
ਬਣਦੀ ਹੈ, ਜੋ ਕਿ ਸ਼ਬਦ ਗੁਰੂ ਦੇ ਸੁਨੇਹੇ ਨੂੰ ਕਬੂਲ ਕਰਦੀ ਹੈ ਅਤੇ ਉਸਨੂੰ ਮੰਨਦੀ ਹੈ। ਸਿੱਖ
ਮਨੁੱਖ ਦੀ ਸੁਰਤ ਹੈ ਜੋ ਕਿ ਗਿਆਨ ਨੂੰ ਗ੍ਰਹਿਣ ਕਰਦੀ ਹੈ। ਇਸ ਵਿਸ਼ੇ ਤੇ ਵਧੇਰੇ ਜਾਣਕਾਰੀ ਲਈ ਪਾਠਕ
ਸੱਜਣ
‘ਵਿਰਾਸਤ’
ਨਾਮ ਦੀ ਪੁਸਤਕ ਪੜ੍ਹ ਸਕਦੇ ਹਨ।
ਵਾਹੁ ਵਾਹੁ ਸਤਿਗੁਰੁ ਪੁਰਖੁ ਹੈ ਜਿਨਿ ਸਚੁ ਜਾਤਾ ਸੋਇ ॥
ਜਿਤੁ ਮਿਲਿਐ ਤਿਖ ਉਤਰੈ ਤਨੁ ਮਨੁ ਸੀਤਲੁ ਹੋਇ ॥
(ਸਲੋਕ ਵਾਰਾਂ ਤੇ ਵਧੀਕ ॥ 1421)
ਰੱਬ ਜੀ ਸੱਚੇ ਹਨ ਅਤੇ ਉਨ੍ਹਾਂ ਦਾ ਗਿਆਨ ਵੀ ਸੱਚਾ ਹੈ। ਜਦੋਂ ਸੁਰਤ ਉਸਨੂੰ
ਗ੍ਰਹਿਣ ਕਰ ਲੈਂਦੀ ਹੈ ਤਾਂ ਪਹਿਲਾ ਲੱਛਣ ਹੁੰਦਾ ਹੈ ਕਿ ਅੰਦਰ ਸਹਿਜ ਅਤੇ ਸ਼ੀਤਲਤਾ ਹੋਣ ਨਾਲ ਤਨ-ਮਨ
ਸ਼ੀਤਲ ਹੋ ਜਾਂਦਾ ਹੈ। ਮਨੁੱਖ ਦੇ ਅੰਦਰ ‘ਤਿਖ’ ਹੈ, ਭੁੱਖ ਹੈ ਜਿਸ ਦੇ ਕਾਰਨ ਸਾਡਾ ਮਨ ਸਥਿਰ ਅਵਸਥਾ
ਵਿਚ ਨਹੀਂ ਹੈ। ਜਿਸ ਮਨੁੱਖ ਦੀ ਤ੍ਰਿਸ਼ਨਾ ਖਤਮ ਨਹੀਂ ਹੋਈ ਉਸਦੀ ‘ਸੁਣਿਐ’ ਬੰਦ ਹੈ। ਉਸਨੇ
ਸਤਿਗੁਰ ਦੀ ਗਲ ਸੁਣਕੇ, ਮੰਨ ਕੇ ਆਪਣੀ ਤਿੱਖ ਨਹੀਂ ਉਤਾਰੀ। ਜੇ ਤਨ-ਮਨ ਸ਼ੀਤਲ ਨਹੀਂ ਹੋਇਆ ਤਾਂ
ਸਮਝੋ ਹੁਣੇ ‘ਤਿਖ’ ਨਹੀਂ ਉਤਰੀ। ਜੋ ਮਨੁੱਖ ਦੂਜੇ ਦੀ ਛੋਟੀ ਜਿਹੀ ਗਲਤੀ ਕਾਰਨ ਛੇਤੀ ਨਾਲ
ਅੱਗ-ਬਬੂਲਾ ਹੋ ਜਾਂਦਾ ਹੈ, ਦੂਜਿਆਂ ਦੀ ਨਿੰਦਾ ਕਰਨ ਲਈ ਤਿਆਰ ਹੋ ਜਾਂਦਾ ਹੈ, ਜਿਹੜਾ ਆਪਣੇ ਧੜੇ
ਦੇ ਜ਼ੋਰ ਉਤੇ ਦੂਜਿਆਂ ਨਾਲ ਲੜਨਾ ਚਾਹੁੰਦਾ ਹੈ, ਤਾਂ ਸਮਝੋ ਉਸਦੀ ਤਿਖ ਨਹੀਂ ਉਤਰੀ ਭਾਵੇਂ ਧਰਮੀ
ਅਖਵਾ ਰਿਹਾ ਹੈ।
ਵਾਹੁ ਵਾਹੁ ਸਤਿਗੁਰੁ ਨਿਰਵੈਰੁ ਹੈ ਜਿਸੁ ਨਿੰਦਾ ਉਸਤਤਿ ਤੁਲਿ ਹੋਇ ॥
(ਸਲੋਕ ਵਾਰਾਂ ਤੇ ਵਧੀਕ ॥ ਪੰਨਾ 1421)
ਜਿਹੜਾ ਗਿਆਨ ਸਾਨੂੰ ਸਮਦ੍ਰਿਸ਼ਟਤਾ ਸਿਖਾਉਂਦਾ ਹੈ, ਉਹ ਗਿਆਨ ਸਤਿਗੁਰ ਹੈ
ਕਿਉਂਕਿ ਸਤਿਗੁਰ ਦੀ ਮਤ ਨਾਲ ਸਾਨੂੰ ਬਰਾਬਰਤਾ ਵਾਲਾ ਜੀਵਨ ਜਿਊਣਾ ਆ ਜਾਏਗਾ। ਜੇ ਮਨ ਅੰਦਰ ਆਏ ਕਿ
ਫਲਾਣਾ ਮਨੁੱਖ ਨੀਵੀਂ ਜ਼ਾਤ ਦਾ ਹੈ, ਮੇਰੀ ਉੱਚੀ ਜ਼ਾਤ ਹੈ, ਮੈਂ ਅਮੀਰ ਹਾਂ, ਫਲਾਣਾ ਗ਼ਰੀਬ ਹੈ, ਮਾਨੋ
ਬਰਾਬਰਤਾ ਨਹੀਂ ਸਿੱਖੀ, ਸਤਿਗੁਰ ਦੀ ਮਤ ਨਾਲ ਹੁਣੇ ਨਹੀਂ ਜੁੜਿਆ। ਭਾਈ ਘਨੱਈਆ ਜੀ ਸਤਿਗੁਰ ਨਾਲ
ਜੁੜੇ ਹੋਏ ਸਨ, ਤਾਂ ਹੀ ਉਨ੍ਹਾਂ ਦੀ ਅਵਸਥਾ,
ਨਾ ਕੋ ਬੈਰੀ ਨਹੀ ਬਿਗਾਨਾ ਸਗਲ
ਸੰਗਿ ਹਮ ਕਉ ਬਨਿ ਆਈ ॥ (1299) ਵਾਲੀ
ਬਣੀ ਸੀ।
ਜਦੋਂ ਤਕ ਸਾਡੇ ਮਨ ਅੰਦਰ ਕਿਸੇ ਦੇ ਵੀ ਪ੍ਰਤੀ ਈਰਖਾ, ਵੈਰ ਜਾਂ ਕਿਸੇ ਦਾ
ਵਿਗਾੜ ਕਰਨ ਦੀ ਕਿਣਕਾ ਮਾਤਰ ਵੀ ਸੋਚ ਹੈ, ਜੇ ਕਿਸੇ ਇਨਸਾਨ ਦੇ ਨਾਲ ਅਸੀਂ ਨਿਰਵੈਰ ਨਹੀਂ ਹਾਂ,
ਕਿਸੀ ਨੂੰ ਦੇਖ ਕੇ ਅੱਖਾਂ ਫੇਰ ਲੈਂਦੇ ਹਾਂ, ਕਿਸੇ ਮਨੁੱਖ ਦੀ ਮੌਜੂਦਗੀ ਸਾਨੂੰ ਬੇਚੈਨ ਕਰਦੀ ਹੈ
ਤਾਂ ਮੰਨੀਏ ਕਿ ਅਸੀਂ ਨਿਰਵੈਰ ਨਹੀਂ ਹਾਂ, ਸਤਿਗੁਰ ਦੀ ਮਤ ਨਾਲ ਨਹੀਂ ਜੁੜੇ। ਜਦੋਂ ਖੰਡੇ ਕੀ
ਪਾਹੁਲ ਵੀ ਛਕਾਈ ਜਾਂਦੀ ਹੈ ਤਾਂ ਦ੍ਰਿੜ ਕਰਵਾਇਆ ਜਾਂਦਾ ਹੈ ਕਿ ਅਸੀਂ ਸਾਰੇ ਇੱਕ ਰੱਬ ਜੀ ਦੀ ਅੰਸ਼
ਹਾਂ ਅਤੇ ਸਾਰਿਆਂ ਵਿਚ ਰੱਬ ਨੂੰ ਮਹਿਸੂਸ ਕਰਨਾ ਹੈ। ਸਤਿਗੁਰ (ਸੱਚ ਦਾ ਗਿਆਨ) ਨਿਰਵੈਰ ਅਵਸਥਾ
ਸਿਖਾਉਂਦਾ ਹੈ।
ਵਾਹੁ ਵਾਹੁ ਸਤਿਗੁਰੁ ਸੁਜਾਣੁ ਹੈ ਜਿਸੁ ਅੰਤਰਿ ਬ੍ਰਹਮੁ ਵਿਚਾਰੁ ॥
ਵਾਹੁ ਵਾਹੁ ਸਤਿਗੁਰੁ ਨਿਰੰਕਾਰੁ ਹੈ ਜਿਸੁ ਅੰਤੁ ਨ ਪਾਰਾਵਾਰੁ ॥
ਵਾਹੁ ਵਾਹੁ ਸਤਿਗੁਰੂ ਹੈ ਜਿ ਸਚੁ ਦ੍ਰਿੜਾਏ ਸੋਇ ॥
ਨਾਨਕ ਸਤਿਗੁਰ ਵਾਹੁ ਵਾਹੁ ਜਿਸ ਤੇ ਨਾਮੁ ਪਰਾਪਤਿ ਹੋਇ ॥
(ਸਲੋਕ ਵਾਰਾਂ ਤੇ ਵਧੀਕ ॥ ਪੰਨਾ 1421)
ਸਚ ਦਾ ਗਿਆਨ (ਸਤਿਗੁਰ) ਸੁਜਾਣ ਹੈ, ਪੂਰਾ ਹੈ, ਅੰਦਰ ‘ਬ੍ਰਹਮੁ ਵਿਚਾਰੁ’
ਜਗਾ ਦੇਂਦਾ ਹੈ, ਤੇ ਉਸ ਗਿਆਨ ਨੂੰ ਗੁਰਬਾਣੀ ਵਿਚ ਨਾਮ ਕਹਿੰਦੇ ਹਨ। ਗੁਰਬਾਣੀ ਦਾ ਕਥਨ ਹੈ ਕਿ,
ਇਹ ਬਾਣੀ ਜੋ ਜੀਅਹੁ
ਜਾਣੈ ਤਿਸੁ ਅੰਤਰਿ ਰਵੈ ਹਰਿ ਨਾਮਾ ॥
(797)
ਜਿਸ ਕਿਸੇ ਮਨ ਨੂੰ ਬਾਣੀ ਅਨੁਸਾਰ ਜੀਵਨ ਜਾਚ ਸਮਝ ਆ ਜਾਏ, ਤਨ-ਮਨ ਸ਼ੀਤਲ ਹੋ
ਜਾਏ, ਨਿਰਵੈਰਤਾ ਆ ਜਾਏ ਤਾਂ ਮੰਨੋ ਕਿ ਉਸਦੇ ਅੰਦਰ ਸੱਚ ਦਾ ਗਿਆਨ ਬੈਠ ਜਾਂਦਾ ਹੈ। ਇਸੇ ਨੂੰ ਨਾਮ
ਕਹਿੰਦੇ ਹਨ। ਨਿਰਵੈਰ ਨਾ ਬਣੀਏ, ਤਨ-ਮਨ ਸ਼ੀਤਲ ਨਾ ਹੋਵੇ ਤਾਂ ਇਸ ਦਾ ਭਾਵ ਹੈ ਕਿ ਸਹੀ ਅਰਥਾਂ ਵਿਚ
ਨਾਮ ਨਹੀਂ ਜਪਿਆ।
‘ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ ॥’
(67) ਗੁਰਬਾਣੀ ਅਗਿਆਨਤਾ ਦੇ ਹਨੇਰੇ ਨੂੰ ਹਟਾ ਕੇ, ਵੈਰ
ਦੀ ਕਾਲਿਖ਼ ਨੂੰ ਖ਼ਤਮ ਕਰਕੇ ਬੁੱਧੀ ਚਾਨਣ ਕਰ ਦੇਂਦੀ ਹੈ, ਭਾਵ ਹਿਰਦੇ ਵਿਚ ਪ੍ਰਕਾਸ਼ ਕਰ ਦੇਂਦੀ ਹੈ।
ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ ॥ ਤਸ ਕੈ ਸੰਗਿ ਸਿਖੁ
ਉਧਰੈ ਨਾਨਕ ਹਰਿ ਗੁਨ ਗਾਉ ॥
(286)
ਸਤਿਗੁਰ ਦੀ ਮਤ ਲੈਕੇ ਰੱਬੀ ਗੁਣਾਂ ਨੂੰ ਗਾਉਣਾ ਚਾਹੀਦਾ ਹੈ ਉਸ ਅਨੁਸਾਰ ਜੀਵੋ ਤਾਂ ਮਾੜੀ ਕਰਤੂਤਾਂ
ਤੋਂ, ਮਾੜੇ ਖਿਆਲਾਂ ਤੋਂ, ਮਾੜੇ ਫੁਰਨਿਆਂ ਤੋਂ, ਢਹਿੰਦੀਆਂ ਕਲਾ ਵਾਲੇ ਜੀਵਨ ਤੋਂ, ਨਾਕਾਰਾਤਮਕ
ਸੋਚ ਤੋਂ, ਉੱਧਾਰ ਹੁੰਦਾ ਹੈ।
ਹਰਿ ਪ੍ਰਭ ਸਚਾ ਸੋਹਿਲਾ ਗੁਰਮੁਖਿ ਨਾਮੁ ਗੋਵਿੰਦੁ ॥
(1421) ਜਿਹੜਾ ਮਨ ਗੁਰੂ-ਗਿਆਨ (ਸਤਿਗੁਰ ਦੀ ਮਤ) ਨੂੰ ਲੈਂਦਾ ਹੈ ਉਸ ਲਈ ਹਰੀ ਦਾ ਸੋਹਿਲਾ ਹੀ
ਸੱਚਾ ਸੋਹਿਲਾ ਹੈ। ਰੱਬੀ ਗੁਣਾਂ ਦਾ ਸੱਚਾ ਸੋਹਿਲਾ ਗਾ ਲੈ। ਉਹ ਹਿਰਦਾ, ਉਹ ਮਨ ਜੋ ਰੱਬੀ ਗੁਣਾ
ਨੂੰ ਲੈਣ ਲਈ ਚਾਹਵਾਨ ਹੈ ਉਸ ਲਈ ਇਹੀ ਨਾਮ ਗੋਬਿੰਦ ਹੈ। ਪਹਿਲਾਂ ਇਹ ਸ਼ਬਦਾਵਲੀ ਸਮਝਣੀ ਪਏਗੀ। ਜਦੋਂ
ਤਕ ਇਹ ਸ਼ਬਦਾਵਲੀ ਨਹੀਂ ਸਮਝਾਂਗੇ ਤਾਂ ਤੱਕ ਅਸੀਂ ‘ਗੁਨ ਗੋਬਿੰਦ ਗਾਇਓ’ ਦੀ ਅਵਸਥਾ ਤੱਕ ਪਹੁੰਚ ਹੀ
ਨਹੀਂ ਪਾਵਾਂਗੇ। ਅਨਦਿਨੁ ਨਾਮੁ ਸਲਾਹਣਾ ਹਰਿ ਜਪਿਆ ਮਨਿ ਆਨੰਦੁ ॥ (1421) ਮਨ ਅੰਦਰ ਆਨੰਦ ਹੋ
ਜਾਂਦਾ ਹੈ, ਚੈਨ ਆ ਜਾਂਦਾ ਹੈ, ਕਿਉਂਕਿ ਦਿਨ-ਰਾਤ ਸੱਚ ਦੇ ਗਿਆਨ ਅਨੁਸਾਰ ਜਿਊਂਦੇ ਹਾਂ।
ਵਿਕਾਰ ਇਸ ਸਰੀਰ ਨੂੰ ਤੰਗ ਕਰਦੇ ਹਨ।
‘ਮਨਿ ਤਨਿ ਭੰਗੁ’
ਕਰਦੇ ਹਨ। ਇਸ ਦੀ ਸ਼ਾਂਤੀ ਖੋਹ ਲੈਂਦੇ ਹਨ, ਇਸਨੂੰ ਬੇਚੈਨ
ਕਰਦੇ ਹਨ। ‘ਜਨ ਨਾਨਕ
ਨਾਮੁ ਸਲਾਹਿਆ ਬਹੁੜਿ ਨ ਮਨਿ ਤਨਿ ਭੰਗੁ ॥’
(1421)
ਭਾਵ ਦਿਨ-ਰਾਤ ਸੱਚ ਦੇ ਗਿਆਨ ਅਨੁਸਾਰ ਜਿਊਣ ਕਾਰਨ ਬਾਰ-ਬਾਰ ਮਨ ਅਤੇ ਤਨ
ਡੋਲਦਾ ਨਹੀਂ, ਇਸ ਦਾ ਆਤਮਕ ਚੈਨ ਭੰਗ ਨਹੀਂ ਹੁੰਦਾ। ਇਹ ‘ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ ॥’
(201) ਵਾਲੀ ਅਵਸਥਾ ਵਿਚ ਅੱਪੜ ਜਾਂਦਾ ਹੈ। ਗੁਰੂ ਦੀ ਸਿਖਿਆ ਨੂੰ ਹੀ ‘ਗੁਨ ਗੋਬਿੰਦ’ ਗਾਉਣਾ
ਕਹਿੰਦੇ ਹਨ। ‘ਸਲੋਕ ਵਾਰਾਂ ਤੋਂ ਵਧੀਕ’ ਦੇ ‘ਸਲੋਕ ਮਹਲਾ 4’ ਦੇ ਪਰਕਰਣ ਤੋਂ ਇਹ ਭਾਵ
ਨਿਕਲਿਆ ਕਿ
‘ਗੁਨ
ਗੋਬਿੰਦ’ ਹੀ ‘ਗੁਰੂ ਦੀ ਸਿਖਿਆ’ ਹੈ।
ਇਹੀ ਕਾਰ ਤਾਂ ‘ਮੁੰਧ
ਜੋਬਨਿ ਬਾਲੀ’ ਨੂੰ ਸਿਖਾਈ ਗਈ ਹੈ।
ਇਹ ਭੁਲੇਖਾ ਹੈ ਕਿ ਜਦੋਂ ਅਸੀਂ ਮਰ ਜਾਵਾਂਗੇ ਤਾਂ ਸਾਡੀ ਆਤਮਾ ਰੱਬ ਦੇ ਘਰ
ਕਿਤੇ ਉੱਪਰ ਜਾਵੇਗੀ ਅਤੇ ਉੱਥੇ ਰੱਬ ਜੀ ਮਿਲਣਗੇ। ਪਰ ਗੁਰਬਾਣੀ ਤਾਂ ਸੇਧ ਦੇ ਰਹੀ ਹੈ ਕਿ,
ਹਉ ਖੜੀ ਨਿਹਾਲੀ ਪੰਧੁ ਮਤੁ ਮੂੰ ਸਜਣੁ ਆਵਏ ॥
(1421)
ਭਾਵ:
ਮੱਤ ਕਹਿ
ਰਹੀ ਹੈ ਕਿ ਮੈਂ ਅੱਜ ਆਪਣਾ ਆਪ ਸਮਰਪਿਤ ਕਰਕੇ ਖੜੀ ਹਾਂ, ਮੇਰਾ ਕਿਸੇ ਤਰੀਕੇ ਸਚ ਦੇ ਗਿਆਨ ਨਾਲ
ਮੇਲ ਹੋ ਜਾਵੇ ਅਤੇ ਹਿਰਦੇ ਘਰ ਵਿਚ, ਨਿਜਘਰ ਵਿਚ ਵਸਦੇ ਰੱਬ ਜੀ ਮਹਿਸੂਸ ਹੋ ਜਾਣ। ਜਿਸਨੂੰ ਇਸ
ਪੱਖੋਂ ਗਲ ਸਮਝ ਆ ਜਾਵੇਗੀ ਉਸਦਾ ਮਰਨ ਮਗਰੋਂ ਸਵਰਗ-ਨਰਕ, ਜੰਨਤ-ਦੋਜ਼ਖ਼ ਜਾਂ ਕਿਸੇ ਵੀ ਕਿਸਮ ਦੇ
ਪਰਲੋਕ ਤੋਂ ਵਿਸ਼ਵਾਸ ਛੁੱਟ ਹੀ ਜਾਏਗਾ।
ਹਮ ਅਵਗੁਣਿ ਭਰੇ ਏਕੁ ਗੁਣੁ ਨਾਹੀ ਅੰਮ੍ਰਿਤੁ ਛਾਡਿ ਬਿਖੈ ਬਿਖੁ ਖਾਈ ॥
(1406) ਗੁਰੂ ਪਾਤਸ਼ਾਹ ਅਵਗੁਣਿਆਰੇ ਬਿਲਕੁਲ
ਨਹੀਂ ਸਨ, ਇਹ ਤਾਂ ਕੇਵਲ ਸਾਨੂੰ ਸਮਝਾਉਣ ਲਈ ਕਹਿ ਰਹੇ ਹਨ ਕਿ ਅਵਗੁਣ ਛੱਡ ਦੇ। ਪਰ ਅਸੀਂ ਤੇ ਰੋਜ਼
ਧਾਰਮਕ ਸਥਾਨਾਂ ‘ਤੇ ਕਹੀ ਜਾਂਦੇ ਹਾਂ ਕਿ, ‘ਮੈਨੂੰ ਬਖ਼ਸ਼ ਦਿਓ, ਅੱਗੋਂ ਤੋਂ ਅਉਗੁਣ ਨਹੀਂ ਕਰਾਂਗਾ’।
ਪਰ ਫਿਰ ਕਰੀ ਜਾਂਦੇ ਹਾਂ। ਕਸਮਾਂ ਖਾਉਣੀਆਂ, ਪ੍ਰਣ ਲੈਣਾ, ਜ਼ੁਬਾਨ ਦੇਣਾ ਆਦਿ ਬੇਲੋੜੀਆਂ ਗੱਲਾਂ
ਹਨ।
ਜਿਸ ਮਨੁੱਖ ਦਾ ਰੱਬੀ ਗੁਣਾਂ ਨਾਲ ਮੇਲ ਹੋ ਜਾਏ, ਜਿਹੜਾ ਅੰਦਰੋਂ ਜਾਗ
ਪੈਂਦਾ ਹੈ ਉਹ ਡੋਲਦਾ ਨਹੀਂ। ਉਸਨੂੰ ਮੁੜ-ਮੁੜ ਕੇ ਨਹੀਂ ਕਹਿਣਾ ਪੈਂਦਾ ਕਿ ਮੇਰਾ ਅਵਗੁਣ ਕੱਟ ਦਿਉ,
ਕਿਉਂਕਿ ਉਹ ਅਵਗੁਣਾਂ ਨੂੰ ਦੂਰ ਕਰਨ ਵਾਲੇ ਪਾਸੇ ਤੁਰ ਪਿਆ ਹੈ।
ਪ੍ਰੋਫੈਸਰ ਸਾਹਿਬ ਸਿੰਘ ਜੀ ਆਪਣੀ ਪੁਸਤਕ
‘ਬੁਰਾਈ ਦਾ ਟਾਕਰਾ’
ਵਿਚ ਲਿਖਦੇ ਹਨ ਕਿ "ਆਪਣੇ ਅਚੇਤ ਮਨ ਨੂੰ ਕਦੇ ਵੀ ਇਹ ਨਾ ਮੰਨਣ ਦਿਉ ਕਿ ਮੈਂ ਅਵਗੁਣਿਆਰਾ
ਹਾਂ। ਜਿਸ ਦਿਨ ਉਹ ਇਹ ਮੰਨ ਲੈਂਦਾ ਹੈ ਕਿ ਮੈਂ ਅਵਗੁਣਿਆਰਾ ਹਾਂ, ਉਸ ਦਿਨ ਮਗਰੋਂ ਉਹ ਕਦੇ ਵੀ
ਅਵਗੁਣ ਛੱਡ ਹੀ ਨਹੀਂ ਪਾਉਂਦਾ" ਜਿਵੇਂ ਕਿਸੇ ਨਿੱਕੇ ਬੱਚੇ ਨੂੰ ਜੇ ਕਹੀਏ ਕਿ ਤੂੰ ਤਾਂ
ਪੜ੍ਹਦਾ ਨਹੀਂ, ਬਹੁਤ ਆਲਸੀ ਹੈਂ। ਉਹ ਅੱਗੋਂ ਕਹੇਗਾ ਕਿ ਚੰਗਾ! ਫਿਰ ਮੈਂ ਤੇ ਭੈੜਾ ਹੀ ਹਾਂ। ਉਹ
ਜਦੋਂ ਵੀ ਮਾੜਾ ਕੰਮ ਕਰਦਾ ਹੈ ਤਾਂ ਕਹਿੰਦਾ ਹੈ ਕਿ ਹਾਂ ਮੈਂ ਤੇ ਭੈੜਾ ਹੀ ਹਾਂ।
ਇਹ ਅਚੇਤ ਮਨ ਵੀ ਉਸ ਸ਼ਰਾਰਤੀ ਬਾਲਕ ਦੀ ਨਿਆਂਈ ਸਾਨੂੰ ਬਾਰ-ਬਾਰ ਕਹਿੰਦਾ ਹੈ
ਕਿ ਮੈਂ ਤਾਂ ਕੁੜਿਆਰਾ ਹੀ ਹਾਂ, ਤੁਸੀਂ ਸਭ ਜਗ੍ਹਾ ਕਹਿੰਦੇ ਹੀ ਹੋ ਕਿ ਮੈਂ ਅਵਗੁਣਿਆਰਾ ਹਾਂ, ਫਿਰ
ਠੀਕ ਹੈ ਅਵਗੁਣ ਕਰ ਵੀ ਲਵੋ। ਸਾਡਾ ਮਨ ਅਵਗੁਣ ਕਰਵਾ ਲੈਂਦਾ ਹੈ। ਪਰ ਸੱਚ ਨਾਲ ਜਦੋਂ ਜੁੜ ਗਏ ਅਤੇ
ਅਚੇਤ ਮਨ ਨੂੰ ਇਹ ਨਹੀਂ ਮੰਨਣ ਦਿੱਤਾ ਕਿ ਮੈਂ ਕੁੜਿਆਰਾ ਹਾਂ ਤਾਂ ਸੱਚ ਤੇ ਟੁਰ ਸਕਦਾ ਹਾਂ। ਫਿਰ
ਮਨ ਖਿਆਲ ਦੇਂਦਾ ਹੈ ਕਿ ਮੈਂ ਕੋਈ ਇਤਨੀਆਂ ਭੈੜੀਆਂ ਕਰਤੂਤਾਂ ਨਹੀਂ ਕੀਤੀਆਂ ਕਿ ਮੈਂ ਮੁੜ੍ਹਕੇ ਠੀਕ
ਰਾਹ ਤੇ ਨਹੀਂ ਆ ਸਕਦਾ। ਸਵੇਰ ਦਾ ਭੁਲਿਆ ਸ਼ਾਮੀ ਘਰ ਆ ਸਕਦਾ ਹੈ। ਕੋਈ ਵੀ ਇਹ ਅਵਸਥਾ ਮਾਣ ਸਕਦਾ
ਹੈ,
‘ਆਜੁ ਮਿਲਾਵਾ
ਸੇਖ ਫਰੀਦ’ ਹੋ ਸਕਦਾ ਹੈ। ਦੁਨੀਆ ਵਿਚ
ਕੋਈ ਵੀ ਮਨੁੱਖ ਰੱਬ ਦੀ ਪ੍ਰਾਪਤੀ ਕਰ ਸਕਦਾ ਹੈ।
ਹੁਣ
‘ਸਲੋਕ ਮਹਲਾ 5’ ਦਾ ਪ੍ਰਕਰਣ ਵੇਖਦੇ ਹਾਂ।
ਰਤੇ ਸੇਈ ਜਿ ਮੁਖੁ ਨ ਮੋੜੰਨਿ੍ ਜਿਨ੍ੀ ਸਿਞਾਤਾ ਸਾਈ ॥ ਝੜਿ ਝੜਿ ਪਵਦੇ ਕਚੇ
ਬਿਰਹੀ ਜਿਨ੍ਾ ਕਾਰਿ ਨ ਆਈ ॥
(ਸਲੋਕ ਵਾਰਾਂ ਤੇ ਵਧੀਕ ॥ ਪੰਨਾ 1425)
ਜੋ ਕੋਈ ਵੀ ਮਨ ਕਰਕੇ ਰੱਬ ਨਾਲ ਜੁੜਿਆ ਹੈ, ਜਿਸ ਦਾ ਸੱਚਾ ਪ੍ਰੇਮ ਹੈ, ਉਹ
ਸੱਚ ਤੋਂ ਮੂੰਹ ਨਹੀਂ ਮੋੜਦਾ। ਪਰ ਜੋ ਅੰਦਰੋਂ ਕੱਚੇ ਹਨ, ਜਿਨ੍ਹਾਂ ਨੂੰ ਜੀਵਨ ਜਾਚ (ਕਾਰਿ) ਨਹੀਂ
ਆਈ ਉਹ ‘ਝੜਿ ਝੜਿ ਪਵਦੇ ਕਚੇ ਬਿਰਹੀ’ ਭਾਵ ਕੱਚੇ ਫਲ ਦੀ ਨਿਆਈਂ ਢਹਿ ਹੀ ਪੈਂਦੇ ਹਨ।
ਮਨੁੱਖ ਜਦੋਂ ਤੋਂ ਇਸ ਸ੍ਰਿਸ਼ਟੀ ਵਿਚ ਪੈਦਾ ਹੋਇਆ ਹੈ, ਰੱਬ ਨੇ ਇਸਦੇ ਸਰੀਰ
ਅੰਦਰ ਬਹੁਤ ਹੀ ਕੀਮਤੀ ਓਜ਼ਾਰ ਪਾਏ ਹਨ - ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ। ਜੋ ਇਨ੍ਹਾਂ ਨੂੰ
ਛੱਡਣ ਦੀ ਗਲ ਕਰਦੇ ਹਨ, ਉਹ ਅਗਿਅਨਾਤਾ ਵੱਸ ਦੂਜਿਆਂ ਨੂੰ ਵੀ ਕੁਰਾਹੇ ਪਾ ਰਹੇ ਹਨ। ਦਰਅਸਲ
ਗੁਰਬਾਣੀ ਵਿਕਾਰਾਂ ਨੂੰ ਕਾਬੂ ਕਰਨਾ ਸਿਖਾਉਂਦੀ ਹੈ।
ਦੇਇ ਮੁਹਾਰ ਲਗਾਮੁ ਪਹਿਰਾਵਉ ॥ ਚਲੁ ਰੇ ਬੈਕੁੰਠ ਤੁਝਹਿ ਲੇ ਤਾਰਉ ॥ ਹਿਚਹਿ
ਤ ਪ੍ਰੇਮ ਕੈ ਚਾਬੁਕ ਮਾਰਉ ॥
(329)
ਜਾਗਿਆ ਮਨ ਆਪਣੇ ਮਨ ਰੂਪੀ ਘੋੜੇ ਨੂੰ ਕਹਿ ਰਿਹਾ ਹੈ। ਮੈਂ ਤੇਰੀ ਲਗਾਮ ਆਪਣੇ ਹੱਥ ਰੱਖੀ ਹੋਈ ਹੈ
ਭਾਵ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਕਾਬੂ ਕੀਤੇ ਹੋਏ ਹਨ।
ਗੁਰ ਕੈ ਸਬਦਿ ਅਰਾਧੀਐ ਨਾਮਿ ਰੰਗਿ ਬੈਰਾਗੁ ॥
ਜੀਤੇ ਪੰਚ ਬੈਰਾਈਆ ਨਾਨਕ ਸਫਲ ਮਾਰੂ ਇਹੁ ਰਾਗੁ ॥
(ਸਲੋਕ ਵਾਰਾਂ ਤੇ ਵਧੀਕ ॥ ਪੰਨਾ 1425)
‘ਸਬਦਿ ਅਰਾਧੀਐ’
ਭਾਵ ਜੇਕਰ ਤੂੰ ਸੱਚ ਦੇ ਗਿਆਨ ਮੁਤਾਬਕ ਜੀਵੇਂ ਤਾਂ ਸਮਝ ਤੈਨੂੰ ਨਾਮ ਰੰਗ ਚੜ੍ਹ ਗਿਆ ਅਤੇ ਤੈਨੂੰ
ਬੈਰਾਗ ਆ ਗਿਆ। ਇਸ ਸਲੋਕ ਵਿਚ ਗੁਰੂ ਸਾਹਿਬ ਰਾਗ ਦਾ ਜ਼ਿਕਰ ਵੀ ਕਰਦੇ ਹਨ। ਪਰ ਰਾਗ ਦਾ ਸੰਬੰਧ ਤਾਂ
ਗਾਇਨ ਨਾਲ ਹੈ। ‘ਸਫਲ
ਮਾਰੂ ਇਹੁ ਰਾਗੁ’ ਕਿਸਨੂੰ ਕਹਿੰਦੇ ਹਨ?
ਮਾਰੂ ਰਾਗ ਦਾ ਭਾਵ ਹੈ ਕਿ ਜਿਸ ਨਾਲ ਮਾਰ ਜਾਂ ਪ੍ਰਹਾਰ ਕੀਤਾ ਜਾ ਸਕੇ। ਇਹ ਪ੍ਰਹਾਰ ਕਾਮ, ਕ੍ਰੋਧ,
ਲੋਭ, ਮੋਹ ਅਤੇ ਹੰਕਾਰ ਉੱਤੇ ਕਰਨਾ ਹੈ। ਇਨ੍ਹਾਂ ਨੂੰ ਕਾਬੂ ਕਰਨਾ ਹੈ।
ਸਤਿਗੁਰ ਦੀ ਮਤ ਅਨੁਸਾਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਵਿਕਾਰਾਂ
ਨੂੰ ਕਾਬੂ ਰੱਖਣਾ, ਇਨ੍ਹਾਂ ਤੋਂ ਨਿਰੰਤਰ ਉੱਚੇ ਰਹਿਣਾ ਹੀ ਗੁਣ ਗਾਉਣਾ ਹੈ। ਇੱਥੋ ਹੀ ਸਾਨੂੰ ਗਾਇਨ
ਦੀ ਪਰਿਭਾਸ਼ਾ ਗੁਰਬਾਣੀ ਅਨੁਸਾਰ ਸਮਝਣ ਲਈ ਮਿਲੇਗੀ ਅਤੇ ਇੱਥੋਂ ਹੀ ‘ਸਲੋਕ ਮਹਲਾ 9’ ਦੀ ਵਿਚਾਰ ਵੀ
ਆਰੰਭ ਹੋਵੇਗੀ।
ਜਦੋਂ ਮਨੁੱਖ ਗੁਰੂ ਦੀ ਸਿਖਿਆ ਨੂੰ ਆਪਣੇ ਸੋਚ ਮੰਡਲ ਵਿਚ ਟਿਕਾਉਂਦਾ ਹੈ
ਤਾਂ ਮਨ ਗਿਝ ਜਾਂਦਾ ਹੈ ਅਤੇ ਪੱਕੇ ਤੌਰ ਤੇ ਉਸਦੀ ਆਦਤ ਬਣ ਜਾਂਦੀ ਹੈ। ਆਪਣੇ ਆਪ ਨੂੰ ਖੋਜਨ ਲਗ
ਪੈਂਦਾ ਹੈ ਅਤੇ ਆਪਣੇ ਵਿਕਾਰਾਂ ਤੇ ਪਹਿਰਾ ਦੇਂਦਾ ਹੈ। ਰੱਬੀ ਗੁਣਾਂ ਨੂੰ ਦਿਨ-ਬ-ਦਿਨ ਵਧਾਉਂਦਾ ਹੈ
ਅਤੇ ਉਨ੍ਹਾਂ ਨੂੰ ਜਿਊਕੇ ਰੱਬ ਰੂਪ ਹੋ ਜਾਂਦਾ ਹੈ।
ਜਿਵੇਂ ਕਿ ਸਾਨੂੰ ਲਾਲ ਬੱਤੀ ਪਾਰ ਨਾ ਕਰਨ ਬਾਰੇ ਆਪਣੀ ਸੋਚ ਮੰਡਲ ਵਿਚ
ਟਿਕਾਉਣਾ ਨਹੀਂ ਪੈਂਦਾ। ਇਹ ਗਲ ਸਮਝ ਆ ਗਈ ਕਿ ਲਾਲ ਬੱਤੀ ਪਾਰ ਕਰੋ ਤਾਂ ਦੁਰਘਟਨਾ ਹੋ ਜਾਂਦੀ ਹੈ।
ਇਸ ਲਈ ਸਾਨੂੰ ਲਾਲ ਬੱਤੀ ਪਾਰ ਨਹੀਂ ਕਰਨੀ ਚਾਹੀਦੀ। ਸੁਭਾਵਕ ਤੌਰ ਉੱਤੇ ਸਾਨੂੰ ਇਹ ਆਦਤ ਪੈ ਜਾਏਗੀ
ਕਿ ਲਾਲ ਬੱਤੀ ਤੇ ਅਸੀਂ ਗੱਡੀ ਖੜੀ ਕਰ ਦੇਈਏ। ਇਸ ਦਾ ਪਾਠ ਯਾਦ ਨਹੀਂ ਕਰਨਾ ਪਿਆ, ਬਲਕਿ ਸੋਚ ਮੰਡਲ
ਵਿਚ ਕੇਵਲ ਟਿਕਾ ਲਿਆ ਕਿ ਲਾਲ ਬੱਤੀ ’ਤੇ ਆਪਣਾ ਵਾਹਨ ਰੋਕਣਾ ਹੈ।
ਸੰਗੀਤ ਵਿਚ ਸਾ, ਰੇ, ਗਾ, ਮਾ, ਪਾ, ਧਾ, ਨੀ - ਇਨ੍ਹਾਂ ਸੱਤ ਸੁਰਾਂ ਦੇ
ਮੇਲ ਨਾਲ ਬਣੇ ਅਲਾਪ ਨੂੰ ਗਾਉਣਾ ਕਹਿੰਦੇ ਹਨ। ਪਰ ਗੁਰਬਾਣੀ ਦਾ ਕਥਨ ਹੈ,
ਜਿਸਹਿ ਪਰਾਪਤਿ ਸੋ ਹਰਿ ਗੁਣ
ਗਾਹੈ ॥ (203) ਜਿਸਨੂੰ ਸਤਿਗੁਰ ਦੀ
ਮੱਤ ਰਾਹੀਂ ਬਿਬੇਕ ਬੁਧਿ ਪ੍ਰਾਪਤ ਹੁੰਦੀ ਹੈ ਉਹ ਆਪਣੀ ਸੋਚਣੀ (ਜਗ) ਤੇ ਕਾਬੂ ਪਾ ਕੇ ਇੰਦ੍ਰੀਆਂ,
ਗਿਆਨ-ਇੰਦ੍ਰੀਆਂ, ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਨੂੰ ਰਜ਼ਾ ਅਧੀਨ ਸੰਜਮ ਵਿਚ ਵਰਤਦਾ ਹੈ।
ਮਾਨੋ ਮਨ ਵਿਕਾਰਾਂ ਦੇ ਹਮਲੇ ਤੋਂ ਬੱਚ ਜਾਂਦਾ ਹੈ। ਭਾਵ ਮਨ ਵਿਕਾਰਾਂ ਤੋਂ ਵਿਰਾਗੀ ਹੋ ਜਾਂਦਾ ਹੈ
ਤੇ ਸਤਿਗੁਰ ਦੇ ਰਾਗ ਅਨੁਸਾਰ ਰਜ਼ਾ ਅਧੀਨ ਹੋ ਜਾਂਦਾ ਹੈ। ਸਤਿਗੁਰ ਦੀ ਮੱਤ ਸਦਕਾ ਤਨ ਅਤੇ ਮਨ
(ਸੁਰਤ, ਮਤਿ, ਮਨ ਅਤੇ ਬੁਧਿ) ਘੜੇ ਜਾਂਦੇ ਹਨ ਅਤੇ ਰੱਬੀ ਗੁਣ ਗਾਇਨ ਕਰਦੇ ਹਨ। ਇਸੇ ਅਵਸਥਾ ਨੂੰ
ਸਚ ਪ੍ਰਾਪਤੀ ‘ਹਰਿ ਗੁਣ ਗਾਹੈ’ ਕਹਿੰਦੇ ਹਨ।
ਇਹ ਗਾਇਨ ਮਨ ਦੇ ਤਲ ਤੇ ਹੈ। ਮਨ ਬਾਰੇ ਗੁਰਬਾਣੀ ਦਾ ਕਥਨ ਹੈ -
ਇਹੁ ਮਨੁ ਕਰਮਾ ਇਹੁ ਮਨੁ ਧਰਮਾ ॥ ਇਹੁ ਮਨੁ ਪੰਚ ਤਤੁ ਤੇ ਜਨਮਾ ॥
ਸਾਕਤੁ ਲੋਭੀ ਇਹੁ ਮਨੁ ਮੂੜਾ ॥ ਗੁਰਮੁਖਿ ਨਾਮੁ ਜਪੈ ਮਨੁ ਰੂੜਾ ॥
(415)
ਜਦੋਂ ਮਨੁੱਖ ਦਾ ਪੰਜ ਤੱਤਾਂ ਦਾ ਸਰੀਰ ਬਣਿਆ ਤਾਂ ਨਾਲ ਹੀ ਇਸ ਦੀਆਂ ਲੋੜਾਂ
ਅਤੇ ਖ਼ਾਹਿਸ਼ਾਂ ਮੁਤਾਬਕ ਮਨ ਬਣਦਾ ਗਿਆ। ਨਾ ਮਨ ਪਿਛਲੇ ਜਨਮ ਤੋਂ ਆਉਂਦਾ ਹੈ ਅਤੇ ਨਾ ਹੀ ਮਰਨ ਮਗਰੋਂ
ਕਿਧਰੇ ਜਾਂਦਾ ਹੈ।
ਪੰਜ ਤੱਤਾਂ ਦਾ ਸਰੀਰ ਜੇ ਸ਼ੇਰ ਦਾ ਬਣਿਆ ਤਾਂ ਸ਼ੇਰ ਦਾ ਮਨ ਬਣ ਗਿਆ, ਜੇ ਪੰਜ
ਤੱਤਾਂ ਦਾ ਸਰੀਰ ਕੁੱਤੇ ਦਾ ਬਣਿਆ ਤਾਂ ਕੁੱਤੇ ਦਾ ਮਨ ਬਣ ਗਿਆ। ਪੰਜ ਤੱਤਾਂ ਦਾ ਸਰੀਰ ਜਿਸ ਵੀ
ਮਾਹੌਲ ਵਿਚ ਪੈਦਾ ਹੋਇਆ ਉਸਦਾ ਮਨ ਲੋੜਾਂ ਅਤੇ ਖਾਹਿਸ਼ਾਂ ਅਨੁਸਾਰ ਬਣਦਾ ਗਿਆ।
ਅਗਲੀ ਪੰਕਤੀ ਵਿਚ ਕਹਿੰਦੇ ਹਨ -
‘ਸਾਕਤੁ ਲੋਭੀ ਇਹੁ ਮਨੁ ਮੂੜਾ’
ਜਿਹੜਾ ਮਨ ਰੱਬੀ ਗੁਣਾਂ ਨੂੰ ਪਿੱਠ
ਦੇਕੇ ਆਪਣੇ ਅਵਗੁਣਾਂ ਨਾਲ ਗੜੂੰਦ ਰਹਿੰਦਾ ਹੈ, ਉਹ ਮੂਰਖ ਹੈ। ਇਹ ਅਗਿਆਨੀ ਮਨ ਤੌਖਲਿਆਂ, ਫੁਰਨਿਆਂ
ਅਤੇ ਸੁਫਨਿਆਂ ਦਾ ਬਣਿਆ ਹੋਇਆ ਹੈ, ਜੋ ਕਿ ਸਰੀਰ ਦਾ ਰਾਜਾ ਹੈ। ਸਰੀਰ ਨੂੰ ਆਪਣੀ ਮਰਜ਼ੀ ਹੇਠ
ਚਲਾਉਂਦਾ ਹੈ।
‘ਗੁਰਮੁਖਿ ਨਾਮੁ ਜਪੈ ਮਨੁ ਰੂੜਾ’ ਇਸ
ਅਗਿਆਨੀ ਮਨ ਨੂੰ ਕੇਵਲ ਸਤਿਗੁਰ ਦੀ ਮਤ ਦੇਣੀ ਹੈ ਤਾਂ ਜੋ ਇਹ ਸੁੰਦਰ ਬਣ ਜਾਵੇ। ਸਤਿਗੁਰ ਦੀ ਮਤ
ਰਾਹੀਂ ਸੰਵਰਿਆ ਮਨ, ਸਰੀਰ ਪਾਸੋਂ ਚੰਗੇ-ਚੰਗੇ ਗੁਣਾਂ ਵਾਲੇ ਕੰਮ ਹੀ ਕਰਵਾਉਂਦਾ ਹੈ।
ਇਸ ਮਨ ਨੂੰ ਹੀ ਗੁਰਬਾਣੀ ਵਿਚ ਮੁਖਾਤਿਬ ਕੀਤਾ ਗਿਆ ਹੈ। ਇਸੇ ਨੂੰ ਕਹਿੰਦੇ
ਹਨ,
‘ਕਹੁ ਨਾਨਕ ਹਰਿ
ਭਜੁ ਮਨਾ’। ਮਨ ਨੂੰ ਕਿਹਾ ਜਾ ਰਿਹਾ ਹੈ
ਕਿ ਤੂੰ ਗਾ। ਗੁਰਬਾਣੀ ਦਾ ਕਥਨ ਹੈ,
ਕੁੰਭੇ ਬਧਾ ਜਲੁ ਰਹੈ ਜਲ ਬਿਨੁ
ਕੁੰਭੁ ਨ ਹੋਇ ॥ ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ ॥
(469)
ਜਿਵੇਂ ਘੜੇ ਦੇ ਅੰਦਰ ਪਾਣੀ ਟਿੱਕ ਜਾਂਦਾ ਹੈ ਪਰ ਪਾਣੀ ਤੋਂ ਬਿਨਾ ਘੜਾ
ਘੜਿਆ ਨਹੀਂ ਜਾ ਸਕਦਾ। ਇਸੇ ਤਰ੍ਹਾਂ ਇਸ ਮਨ ਨੂੰ ਟਿਕਾਉਣਾ ਹੋਵੇ ਤਾਂ ਗਿਆਨ ਚਾਹੀਦਾ ਹੈ ਪਰ ਇਸ
ਗਿਆਨ ਦੀ ਪ੍ਰਾਪਤੀ ਸਾਨੂੰ ਆਪਣੇ ਅੰਦਰ ਵਸਦੇ ਸੁਚੇਤ ਮਨ (ਗੁਰ) ਤੋਂ ਹੀ ਪ੍ਰਾਪਤ ਹੁੰਦੀ ਹੈ।
ਗੁਰਬਾਣੀ ਰਾਹੀਂ ਇਤਨੇ ਸੌਖੇ ਢੰਗ ਨਾਲ ਸਮਝਾਉਣੀ ਦਿੱਤੀ ਗਈ ਹੈ ਕਿ,
ਮਨਮੁਖ ਭਗਤਿ ਕਰਹਿ ਬਿਨੁ
ਸਤਿਗੁਰ ਵਿਣੁ ਸਤਿਗੁਰ ਭਗਤਿ ਨ ਹੋਈ ਰਾਮ ॥
(768) ਭਾਵ ਇਹ ਕਿ ਜੇ ਮਨੁੱਖ ਮਨ ਦੀ ਮਤ ਮੁਤਾਬਕ ਭਗਤੀ ਕਰੇ ਤਾਂ ਉਹ ਅਸਲ ਭਗਤੀ ਨਹੀਂ ਹੋ ਸਕਦੀ।
ਇਸੇ ਲਈ ਲੋਕਾਂ ਨੇ ਵੱਖ-ਵੱਖ ਤਰੀਕਿਆਂ ਦੀ ਭਗਤੀ ਬਣਾਈ ਹੋਈ ਹੈ। ਜਿਵੇਂ ਕਿ - ਕਿਸੇ ਇੱਕ ਆਕ੍ਰਿਤੀ
ਨੂੰ ਮਨ ਵਿਚ ਧਾਰਕੇ ਉਸ ’ਤੇ ਧਿਆਨ ਟਿਕਾਉਣਾ, ਤੀਰਥਾਂ ’ਤੇ ਜਾਣਾ, ਇੱਕ ਟੰਗ ’ਤੇ ਖੜੇ ਹੋਣਾ ਆਦਿ।
ਅਸੀਂ ਆਪਣੀ ਮਤ ਅਨੁਸਾਰ ਜਿਹੜੀ ਭਗਤੀ ਕਰਦੇ ਹਾਂ ਉਹ ਤਾਂ ਲੋਕਾਂ ਕੋਲੋਂ
ਸੁਣੀ-ਸੁਣਾਈ ਕਰਦੇ ਹਾਂ। ਅਸਲ ਭਗਤੀ ਤਾਂ ਨਿਜਘਰ, ਅੰਤਰ-ਆਤਮੇ ’ਚ ਵਸਦੇ ਸਤਿਗੁਰ ਤੋਂ ਬਿਬੇਕ ਬੁਧਿ
ਰੂਪੀ ਗੁਣਾਂ ਦੇ ਖਜ਼ਾਨੇ ਨੂੰ ਪ੍ਰਾਪਤ ਕਰਕੇ ਹੋਵੇਗੀ। ਗੁਰਬਾਣੀ ਦਾ ਕਥਨ ਹੈ,
ਵਿਣੁ ਗੁਣ ਕੀਤੇ ਭਗਤਿ ਨ ਹੋਇ
॥ (4)
ਜੇ ਮਨੁੱਖ ਕੋਲ ਗੁਣ ਨਹੀਂ ਹਨ ਤਾਂ ਭਗਤੀ ਨਹੀਂ ਹੋ ਸਕਦੀ। ਪਰ ਕਿਹੜੇ ਗੁਣ
ਧਾਰਨ ਕਰਨੇ ਪੈਣਗੇ?
ਏ ਮਨ ਜੈਸਾ ਸੇਵਹਿ ਤੈਸਾ ਹੋਵਹਿ ਤੇਹੇ ਕਰਮ ਕਮਾਇ ॥
(755) ਇਹ ਮਨ ਜੈਸੇ ਖਿਆਲਾਂ ਜਾਂ ਗੁਣਾਂ ਦਾ ਸੰਗ ਕਰਦਾ
ਜਾਂਦਾ ਹੈ, ਵੈਸਾ ਹੀ ਬਣਦਾ ਜਾਂਦਾ ਹੈ। ਇਸ ਮਨ ਨੂੰ ਇਹ ਗਿਆਨ ਕਿੱਥੋਂ ਹੋਵੇਗਾ ਕਿ ਕਿਹੜੇ ਗੁਣਾਂ
ਦਾ ਸੰਗ ਕਰਾਂ। ਇਹ ਗਿਆਨ ਗੁਰੂ ਦੀ ਮਤ ਹੀ ਸਿਖਾਏਗੀ ਕਿ ਰੱਬੀ ਗੁਣਾਂ ਅਨੁਸਾਰ ਜੀਵਿਆ ਕਰ, ਰੱਬੀ
ਗੁਣਾਂ ਨੂੰ ਗਾਇਆ ਕਰ, ਰੱਬੀ ਗੁਣਾਂ ਦਾ ਰਾਗ ਅਲਾਪਿਆ ਕਰ। ਹਰ ਵੇਲੇ ਜਿਸ ਧੁੰਨ ਵਿਚ ਮਸਤ ਰਹੋ ਤਾਂ
ਮਨ ਦਾ ਸੁਭਾ ਵੈਸਾ ਹੀ ਬਣਦਾ ਜਾਂਦਾ ਹੈ।
ਮਹਲੇ ਨੌਵੇਂ ਦਾ ਹੀ ਇੱਕ ਸ਼ਬਦ ਹੈ,
‘ਮਨ ਕਰਿ ਕਬਹੂ ਨ ਹਰਿ ਗੁਨ
ਗਾਇਓ ॥’ ਮੈਂ ਮਨ ਕਰਕੇ ਰੱਬੀ ਗੁਣ
ਨਹੀਂ ਗਾਏ ਭਾਵ ਰੱਬੀ ਗੁਣ ਹਰ ਵੇਲੇ ਨਹੀਂ ਜੀਵੇ। ਰੱਬੀ ਗੁਣਾਂ ਦਾ ਰਾਗ ਨਹੀਂ ਅਲਾਪਿਆ। ਰੱਬੀ ਗੁਣ
ਗਾਉਣਾ ਭਾਵ ਆਤਮਕ ਤਲ ’ਤੇ ਰੱਬੀ ਗੁਣਾਂ ਅਨੁਸਾਰ ਜੀਵਨ ਜਿਊਣਾ ਤਾਂ ਜੋ ਸਾਰੇ ਸਰੀਰ ਦੇ ਇੰਦ੍ਰੇ ਤੇ
ਗਿਆਨ-ਇੰਦ੍ਰੇ ਉਸੇ ਰਾਗ ਦੀ ਲੈ ਬੱਧਤਾ ਵਿਚ ਇੱਕਮਿਕ ਹੋ ਜਾਣ। ਅਸੀਂ ਮਨ ਕਰਕੇ ਰੱਬੀ ਗੁਣ ਨਹੀਂ
ਗਾਏ ਅਤੇ ਇਸ ਦੀ ਨਿਸ਼ਾਨੀ ਇਹ ਕਿ
‘ਬਿਖਿਆ ਸਕਤ ਰਹਿਓ ਨਿਸਿ
ਬਾਸੁਰ ਕੀਨੋ ਅਪਨੋ ਭਾਇਓ ॥’ ਮਨ ਦੀ
ਮਰਜ਼ੀ ਨਾਲ ਚਲਣਾ ਰੱਬੀ ਗੁਣ ਨਾ ਗਾਉਣ ਦੇ ਬਰਾਬਰ ਹੀ ਹੈ (ਕੀਨੋ ਅਪਨੋ ਭਾਇਓ)। ਸਤਿਗੁਰ ਦੀ ਗਲ ਨਾ
ਸੁਣਨੀ, ਰੱਬੀ ਗੁਣ ਨਾ ਗਾਉਣ ਦੇ ਬਰਾਬਰ ਹੈ। ਅਵਗੁਣ ਤਾਂ ਅਸੀਂ ਬਹੁਤ ਛੇਤੀ ਸਿੱਖ ਲੈਂਦੇ ਹਾਂ ਪਰ
ਗੁਣ ਨਹੀਂ ਸਿੱਖਦੇ। ਸਾਡੇ ਅਵਗੁਣ ਮਾਨੋ ਸਾਡੇ ਗਲੇ ’ਚ ਪਈ ਜ਼ੰਜੀਰ ਹੈ।
ਨਾਨਕ ਅਉਗੁਣ ਜੇਤੜੇ ਤੇਤੇ ਗਲੀ ਜੰਜੀਰ ॥ ਜੇ ਗੁਣ ਹੋਨਿ ਤ ਕਟੀਅਨਿ ਸੇ ਭਾਈ
ਸੇ ਵੀਰ ॥
(595) ਅਵਗੁਣਾਂ ਦੀ ਜ਼ੰਜੀਰ
ਨੂੰ ਗੁਰਬਾਣੀ ਵਿਚ ਜਮ ਕਹਿੰਦੇ ਹਨ। ਜਿਊਂਦੇ ਜੀ, ਅੱਜ ਹੀ ਸਾਨੂੰ ਕਈ ਵਿਕਾਰਾਂ ਰੂਪੀ ਜਮ ਚਮੜੇ
ਹੋਏ ਹਨ।
ਅਸੀਂ ਹੁਣ ਤਕ ਸਮਝਿਆ ਕਿ ਰੱਬੀ ਗੁਣ ਗਾਉਣੇ ਹਨ। ਜੇ ਮੈਂ ਰੱਬੀ ਗੁਣ
ਗਾਵਾਂਗਾ, ਰੱਬੀ ਗੁਣ ਧਾਰਨ ਕਰਾਂਗਾ, ਤਾਂ ਮੈਂ ‘ਜੈਸਾ ਹਰਿ ਹੀ ਹੋਇ’ ਬਣਦਾ ਜਾਵਾਂਗਾ। ਜੇ ਮੈਂ
ਵੈਸਾ ਬਣ ਰਿਹਾ ਹਾਂ ਤਾਂ ਮਾਨੋ ਮੈਂ ਗੁਣ ਗਾ ਰਿਹਾ ਹਾਂ ਪਰ ਜੇ ਮੈਂ ਵੈਸਾ ਨਹੀਂ ਬਣ ਰਿਹਾ ਹਾਂ
ਤਾਂ ਮੈਂ ਗੁਣ ਨਹੀਂ ਗਾ ਰਿਹਾ, ਕੇਵਲ ਬਾਹਰੋਂ ਦਿਖਾਵਾ ਕਰ ਰਿਹਾ ਹਾਂ।
ਅਸੀਂ ਹੁਣ ਤਕ ਸਮਝ ਆਏ ਹਾਂ ਕਿ ਜਦੋਂ ਮਨ ਸਤਿਗੁਰ ਦੀ ਮਤ ਲੈ ਕੇ ਰੱਬੀ
ਗੁਣਾਂ ਨੂੰ ਆਪਣੇ ਜੀਵਨ ਵਿਚ ਨਿਰੰਤਰ ਜਿਊਂਦਾ ਹੈ, ਇਸੇ ਨੂੰ ‘ਗੁਨ ਗੋਬਿੰਦ ਗਾਇਓ’ ਕਹਿੰਦੇ ਹਨ।
ਹੁਣ ਅਸੀਂ ਸਾਰੇ ਸਲੋਕਾਂ ਦੀ ਲੜੀ ਵਾਰ ਵਿਚਾਰ ਸਾਂਝੀ ਕਰਦੇ ਹਾਂ।