ਆਸਾ ਕੀ ਵਾਰ
(ਕਿਸ਼ਤ ਨੰ: 23)
ਪਉੜੀ ਬਾਈਵੀਂ ਅਤੇ ਸਲੋਕ
ਸਲੋਕੁ ਮਹਲਾ ੨।।
ਚਾਕਰੁ ਲਗੈ ਚਾਕਰੀ ਨਾਲੇ ਗਾਰਬੁ ਵਾਦੁ।।
ਗਲਾ ਕਰੇ ਘਣੇਰੀਆ ਖਸਮ ਨ ਪਾਏ ਸਾਦੁ।।
ਆਪੁ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨੁ।।
ਨਾਨਕ ਜਿਸ ਨੋ ਲਗਾ ਤਿਸੁ ਮਿਲੈ ਲਗਾ ਸੋ ਪਰਵਾਨੁ।। ੧।।
ਪਦ ਅਰਥ:- ਚਾਕਰੁ – ਗੁਲਾਮ। ਲਗੈ ਚਾਕਰੀ – ਗੁਲਾਮ ਦੀ
ਗੁਲਾਮੀ ਕਰਨ ਲੱਗ ਜਾਏ। ਨਾਲੇ ਗਾਰਬੁ ਵਾਦੁ – ਨਾਲੇ ਹੰਕਾਰ ਦੀਆਂ ਗੱਲਾਂ ਕਰੇ। ਗਲਾ
ਕਰੇ ਘਣੇਰੀਆ – ਗੱਲਾਂ ਬਹੁਤ ਕਰੀ ਜਾਵੇ ਭਾਵ ਗੁਲਾਮ ਦੇ ਹੀ ਗੱਲਾਂ ਨਾਲ ਪੁਲ ਬੰਨ੍ਹੀ ਜਾਏ।
ਖਸਮ ਨ ਪਾਏ ਸਾਦੁ – ਅਸਲ ਮਾਲਕ ਦੀ ਪ੍ਰਸੰਨਤਾ ਹਾਸਲ ਨਹੀਂ ਕਰ ਸਕਦਾ। ਆਪੁ ਗਵਾਇ ਸੇਵਾ
ਕਰੇ – ਆਪਣਾ ਆਪ ਗਵਾ ਕੇ ਸੇਵਾ ਕਰੇ। ਤਾ ਕਿਛੁ ਪਾਏ ਮਾਨੁ – ਤਾਂ ਜਾ ਕੇ ਕੁਛ ਭਾਵ
ਥੋੜਾ ਜਿਹਾ ਸਤਿਕਾਰ ਪ੍ਰਾਪਤ ਕਰਦਾ ਹੈ। ਨਾਨਕ ਜਿਸ ਨੋ ਲਗਾ – ਨਾਨਕ ਆਖਦਾ ਹੈ ਜਿਸ ਨਾਲ
ਕੋਈ ਲੱਗਾ ਹੈ ਭਾਵ ਜੁੜਿਆ ਹੈ। ਤਿਸੁ ਮਿਲੈ ਲਗਾ ਸੋ ਪਰਵਾਨੁ – ਜਿਸ ਨਾਲ ਮਿਲੇ/ਜੁੜੇ ਉਸ
ਨੂੰ ਹੀ ਪ੍ਰਵਾਨ ਹੋ ਸਕਦਾ ਹੈ ਕਿਸੇ ਦੂਜੇ ਨੂੰ ਨਹੀਂ।
ਅਰਥ:- ਮਾਲਕ ਨੂੰ ਛੱਡ ਕੇ ਜੇਕਰ ਕੋਈ ਕਿਸੇ ਆਪਣੀ ਹੀ ਮਾਨਸਿਕਤਾ ਦੇ
ਹੀ ਗੁਲਾਮ (ਅਵਤਾਰਵਾਦੀ) ਦੀ ਗੁਲਾਮੀ ਕਰਨ ਲੱਗ ਜਾਏ ਨਾਲੇ ਅਗਿਆਨਤਾ/ਮੂਰਖਤਾ ਭਰੀਆਂ ਬੇਲੋੜੀਆਂ
ਗੱਲਾਂ/ਕਹਾਣੀਆਂ ਉਸ ਨਾਲ ਜੋੜੇ ਅਤੇ ਬੇਸ਼ੁਮਾਰ ਗੱਲਾਂ ਕਰੇ (ਭਾਵ ਉਸ ਨੂੰ ਤਰ੍ਹਾਂ ਤਰ੍ਹਾਂ ਦੇ
ਉੱਚੇ ਤਖੱਲਸ ਵੀ ਦੇਵੇ, ਜਿਵੇਂ (ਕਰਮਕਾਂਡੀ ਲੋਕ ਅਵਤਾਰਵਾਦੀ ਲੋਕਾਂ ਨੂੰ ਲੋਕ ਦਿੰਦੇ ਹਨ) ਪਰ
ਮਾਲਕ ਦੀ ਪ੍ਰਸੰਨਤਾ ਤਾਂ ਨਹੀਂ ਹਾਸਲ ਕਰ ਸਕਦਾ ਕਿਉਂਕਿ ਮਾਲਕ ਨਾਲ ਤਾਂ ਉਹ ਜੁੜਿਆ ਹੀ ਨਹੀਂ,
ਚਾਕਰ ਦੀ ਹੀ ਤਾਂ ਚਾਕਰੀ ਕਰੀ ਜਾਂਦਾ ਹੈ। ਇੱਕ ਗੁਲਾਮ ਦੀ ਗੁਲਾਮੀ ਕਰਨ ਵਾਲਾ ਆਪਾ ਗਵਾ ਕੇ ਦੂਜੇ
ਗੁਲਾਮ ਦੀ ਸੇਵਾ ਕਰਦਾ ਹੈ, ਦੂਜਾ ਗੁਲਾਮ ਤਾਂ (ਆਪਣੀ ਚਾਕਰੀ ਕਰਵਾ ਕੇ) ਕੁੱਝ ਮਾਣ ਮਹਿਸੂਸ ਕਰਦਾ
ਹੈ ਪਰ (ਚਾਕਰੀ ਕਰਨ ਵਾਲੇ ਨੂੰ ਤਾਂ ਆਪਾ ਗਵਾਉਣ ਤੋਂ ਸਿਵਾਏ ਕੁੱਝ ਵੀ ਪੱਲੇ ਨਹੀਂ ਪੈਂਦਾ)। ਇਸ
ਲਈ ਹੇ ਭਾਈ! ਨਾਨਕ ਆਖਦਾ ਹੈ ਜਿਸ ਨਾਲ ਕੋਈ ਜੁੜਿਆ ਉਸ ਨੂੰ ਉਹ ਹੀ ਪ੍ਰਾਪਤ ਹੋਵੇਗਾ ਭਾਵ ਜੇਕਰ
ਕੋਈ ਝੂਠ ਨਾਲ ਜੁੜਿਆ ਹੈ ਤਾਂ ਉਸ ਨੂੰ ਝੂਠ ਹੀ ਪ੍ਰਾਪਤ ਹੋਵੇਗਾ। (ਭਾਵ ਜੇਕਰ ਕੋਈ ਕਿਸੇ ਚਾਕਰ ਦੀ
ਚਾਕਰੀ ਕਰੇਗਾ ਤਾਂ ਮਾਲਕ ਦੀ ਖੁਸ਼ੀ ਤਾਂ ਨਹੀਂ ਲੈ ਸਕਦਾ)।
ਨੋਂਟ:- ਇਸ ਤਰ੍ਹਾਂ ਅਗਿਆਨਤਾ ਵੱਸ ਗਿਆਨ ਤੋਂ ਖੁੰਝੇ ਹੋਏ ਲੋਕ
(ਅਵਤਾਰਵਾਦੀ ਦੇਹਧਾਰੀ) ਚਾਕਰਾਂ ਦੀ ਚਾਕਰੀ ਕਰਨ ਵਿੱਚ ਰੁੱਝੇ ਹੋਏ ਹਨ।
ਮਹਲਾ ੨।।
ਜੋ ਜੀਇ ਹੋਇ ਸੁ ਉਗਵੈ ਮੁਹ ਕਾ ਕਹਿਆ ਵਾਉ।।
ਬੀਜੇ ਬਿਖੁ ਮੰਗੈ ਅੰਮ੍ਰਿਤੁ ਵੇਖਹੁ ਏਹੁ ਨਿਆਉ।। ੨।।
ਪਦ ਅਰਥ:- ਜੋ ਜੀਇ ਹੋਇ – ਜੋ ਕਿਸੇ ਜੀਅ ਦੇ ਅੰਦਰ ਹੋਵੇ। ਸੁ
ਉਗਵੈ – ਉਹ ਹੀ ਉਗਲਦਾ ਹੈ। ਮੁਹ ਕਾ ਕਹਿਆ ਵਾਉ – ਉਹੋ ਜਿਹਾ ਹੀ ਉਸ ਦੇ ਮੂੰਹ ਤੋਂ
ਕਹਿਆ/ਬੋਲਿਆ ਹੋਇਆ ਬੋਲ ਹੁੰਦਾ ਹੈ। ਵਾਉ - ਬੋਲ। ਬੀਜੇ ਬਿਖਿ ਮੰਗੈ ਅਮ੍ਰਿੰਤੁ – ਜਿਸ
ਕਿਸੇ ਦੇ ਅੰਦਰ ਜ਼ਹਿਰ ਬੀਜਿਆ ਹੋਇਆ ਹੈ ਉਸ ਤੋਂ ਕੋਈ ਅੰਮ੍ਰਿਤ ਦੀ ਮੰਗ ਕਰੇ। ਵੇਖਹੁ ਏਹੁ ਨਿਆਉ
– ਵਿਚਾਰ ਕੇ ਵੇਖੋ ਕਿ ਉਸ ਤੋਂ ਕੋਈ ਨਿਆਂ ਭਾਵ
(justice) ਵਾਲੀ ਗੱਲ ਹੈ? (ਭਾਵ ਜਿਸ ਕਿਸੇ ਦੇ
ਅੰਦਰ ਜ਼ਹਿਰ ਹੈ, ਉਹ ਜ਼ਹਿਰ ਹੀ ਉਗਲੇਗਾ ਉਸ ਤੋਂ ਇਨਸਾਫ ਦੀ ਤਵੱਕੋਂ ਕਰਨਾ ਮੂਰਖਤਾ ਵਾਲੀ ਗੱਲ ਹੈ)।
ਅਰਥ:- ਜੋ ਕਿਸੇ ਜੀਵ ਦੇ ਅੰਦਰ ਹੁੰਦਾ ਹੈ ਉਹ ਹੀ ਉਗਲਦਾ ਹੈ ਉਹੋ
ਜਿਹਾ ਹੀ ਉਸ ਦੇ ਮੂੰਹ ਤੋਂ ਬੋਲਿਆ ਹੋਇਆ ਬੋਲ ਹੁੰਦਾ ਹੈ। ਵਿਚਾਰ ਕੇ ਦੇਖਣ ਵਾਲੀ ਗੱਲ ਇਹ ਹੈ ਕਿ
ਜਿਸ ਕਿਸੇ (ਮਨੁੱਖ) ਦੇ ਅੰਦਰ ਬੀਜਿਆ ਹੀ ਜ਼ਹਿਰ ਹੋਇਆ ਹੈ, ਇਹੋ ਜਿਹੇ (ਮਨੁੱਖ) ਤੋਂ ਕੀ ਅੰਮ੍ਰਿਤ
ਵਰਗੇ ਇਨਸਾਫ ਦੀ ਤਵੱਕੋਂ ਕੀਤੀ ਜਾ ਸਕਦੀ?
ਮਹਲਾ ੨।।
ਨਾਲਿ ਇਆਣੇ ਦੋਸਤੀ ਕਦੇ ਨ ਆਵੈ ਰਾਸਿ।।
ਜੇਹਾ ਜਾਣੈ ਤੇਹੋ ਵਰਤੈ ਵੇਖਹੁ ਕੋ ਨਿਰਜਾਸਿ।।
ਵਸਤੂ ਅੰਦਰਿ ਵਸਤੁ ਸਮਾਵੈ ਦੂਜੀ ਹੋਵੈ ਪਾਸਿ।।
ਸਾਹਿਬ ਸੇਤੀ ਹੁਕਮੁ ਨ ਚਲੈ ਕਹੀ ਬਣੈ ਅਰਦਾਸਿ।।
ਕੂੜਿ ਕਮਾਣੈ ਕੂੜੋ ਹੋਵੈ ਨਾਨਕ ਸਿਫਤਿ ਵਿਗਾਸਿ।। ੩।।
ਪਦ ਅਰਥ:- ਨਾਲਿ ਇਆਣੇ ਦੋਸਤੀ – ਅਗਿਆਨੀ, ਮੂਰਖ ਦੇ ਨਾਲ ਦੋਸਤੀ।
ਦੋਸਤੀ – ਸੰਬੰਧ। ਕਦੇ ਨ ਆਵੈ ਰਾਸਿ – ਕਦੇ ਰਾਸ ਨਹੀਂ ਆਉਂਦੀ। ਜੇਹਾ ਜਾਣੈ –
ਜਿਹੋ ਜਿਹੀ ਉਸ ਮੂਰਖ ਦੀ ਸਮਝ ਹੁੰਦੀ ਹੈ। ਤੇਹੋ ਵਰਤੈ – ਉਹੋ ਜਿਹੇ ਹੀ ਉਹ ਕੰਮ
ਕਰਦਾ ਹੈ। ਵੇਖਹੁ ਕੋ ਨਿਰਜਾਸਿ – ਬੇਸ਼ੱਕ ਕੋਈ ਨਿਰਣਾ ਕਰ ਲਵੇ। ਵਸਤੂ ਅੰਦਰਿ ਵਸਤੁ
ਸਮਾਵੈ – ਵਸਤੂ ਦੇ ਅੰਦਰ ਦੂਜੀ ਵਸਤੂ ਤਾਂ ਸਮਾਉਂਦੀ ਹੈ ਜੇਕਰ। ਦੂਜੀ ਹੋਵੈ ਪਾਸਿ –
ਦੂਜੀ ਵਸਤੂ ਪਾਸੇ ਹੋਵੇ ਭਾਵ ਦੂਜੀ ਵਸਤ ਭਾਂਡੇ ਤੋਂ ਬਾਹਰ ਹੋਵੇ। ਸਾਹਿਬ ਸੇਤੀ ਹੁਕਮ ਨ ਚਲੈ –
ਮਾਲਿਕ ਦੇ ਨਾਲ ਕਦੀ ਹੁਕਮ ਨਹੀਂ ਚਲਦਾ। ਕਹੀ ਬਣੈ ਅਰਦਾਸਿ – ਜਿਹੜੀ ਕੀਤੀ ਹੋਈ
ਅਰਦਾਸ ਹੁਕਮ ਬਣ ਜਾਵੇ। ਕੂੜਿ ਕਮਾਣੈ ਕੂੜੋ ਹੋਵੈ – ਛਲ ਕਰਨ ਵਾਲਾ ਸਮਝੋ ਆਪਣੇ ਨਾਲ ਹੀ
ਛਲ ਕਰ ਰਿਹਾ ਹੈ। (ਜੇਕਰ ਕੋਈ ਕੂੜ ਕਮਾਉਂਦਾ ਹੈ ਭਾਵ ਗੁਲਾਮ ਮਨੁੱਖ ਆਖੇ ਕਿ ਮੇਰਾ ਮੇਰੇ ਮਾਲਕ
`ਤੇ ਹੁਕਮ ਚਲਦਾ ਹੈ ਤਾਂ ਉਹ ਕੂੜ ਹੈ, ਸਮਝੋ ਉਹ ਆਪਣੇ ਆਪ ਅਤੇ ਹੋਰਨਾਂ ਨਾਲ ਵੀ ਛਲ ਕਰ ਰਿਹਾ
ਹੈ)। ਨਾਨਕ ਸਿਫਤਿ ਵਿਗਾਸਿ – ਨਾਨਕ ਆਖਦਾ ਹੈ (ਅਜਿਹੀਆਂ ਕੂੜ ਗੱਲਾਂ ਨਾਲ) (ਸਮਾਜ ਵਿੱਚ
ਚੰਗੇ ਗੁਣਾਂ ਦਾ ਵਿਗਾਸਿ/ਫੈਲਾਉ ਨਹੀਂ ਹੋ ਸਕਦਾ। ਸਿਫਤਿ – ਗੁਣ, ਚੰਗਿਆਈਆਂ (ਡਿਕਸ਼ਨਰੀ
ਦੂਜਾ ਭਾਗ ਹਿੰਦੀ ਉਰਦੂ)।
ਅਰਥ:- ਪਿਛਲੇ ਸਲੋਕ ਨਾਲ ਲੜੀ ਨਾਲ ਜੋੜਨਾ ਹੈ - ਜਿਸ ਮਨੁੱਖ ਕੋਲੋਂ
ਇਨਸਾਫ ਦੀ ਤਵੱਕੋਂ ਹੀ ਨਹੀਂ ਕੀਤੀ ਜਾ ਸਕਦੀ:- ਐਸੇ ਇਆਣੇ/ਅਗਿਆਨੀ/ਮੂਰਖ (ਮਨੁੱਖ) ਨਾਲ ਕੀਤੀ
ਦੋਸਤੀ ਭਾਵ ਸੰਬੰਧ ਕਦੇ ਰਾਸ ਨਹੀਂ ਆ ਸਕਦਾ ਕਿਉਂਕਿ ਜਿਹੋ ਜਿਹੀ ਉਸ ਦੀ ਸਮਝ ਹੁੰਦੀ ਹੈ, ਉਹੋ
ਜਿਹਾ ਹੀ ਉਸ ਦਾ ਵਰਤੋਂ ਵਿਉਹਾਰ ਹੁੰਦਾ ਹੈ, ਬੇਸ਼ੱਕ ਇਹ ਕੋਈ ਖ਼ੁਦ ਆਪ ਨਿਰਣਾ ਕਰ ਕੇ ਵੇਖ ਲਵੇ।
ਕਿਸੇ ਭਾਂਡੇ ਅੰਦਰ ਕੋਈ ਦੂਸਰੀ ਵਸਤੂ ਤਾਂ ਹੀ ਸਮਾ ਸਕਦੀ ਹੈ ਜੇਕਰ ਉਸ ਭਾਂਡੇ ਵਿੱਚ ਪਹਿਲਾਂ ਪਈ
ਹੋਈ ਵਸਤੂ ਨੂੰ ਪਾਸੇ ਕਰ ਦਿੱਤਾ ਜਾਵੇ ਭਾਵ ਬਾਹਰ ਕੱਢ ਦਿੱਤਾ ਜਾਵੇ। ਸਾਹਿਬ ਦੇ ਅੱਗੇ ਕੀਤੀ ਹੋਈ
ਅਰਦਾਸ ਜੇਕਰ ਹੁਕਮ ਬਣ ਜਾਵੇ ਤਾਂ ਉਹ ਕਦੇ ਚਲਦੀ ਨਹੀਂ। ਅਜਿਹਾ ਕੂੜ ਕਮਾਉਣ (ਛਲ) ਕਰਨ ਵਾਲਾ ਇਹ
ਤਾਂ ਇੰਝ ਸਮਝੋ ਕਿ ਉਹ ਆਪਣੇ ਨਾਲ ਹੀ ਛਲ ਕਰ ਰਿਹਾ ਹੈ। (ਜੇਕਰ ਕੋਈ ਕੂੜ ਕਮਾਉਦਾ ਹੈ ਭਾਵ ਆਪਣੀ
ਮਾਨਸਿਕਤਾ ਦਾ ਗੁਲਾਮ ਮਨੁੱਖ ਆਖੇ ਕਿ ਮੇਰਾ ਮੇਰੇ ਮਾਲਕ ਤੇ ਹੁਕਮ ਚਲਦਾ ਹੈ, ਤਾਂ ਉਹ ਕੂੜ ਹੈ, ਉਹ
ਆਪਣੇ ਆਪ ਅਤੇ ਹੋਰਨਾਂ ਨਾਲ ਵੀ ਛਲ ਕਰ ਰਿਹਾ ਹੈ। ਇਸ ਲਈ ਹੇ ਭਾਈ! ਨਾਨਕ ਆਖਦਾ ਹੈ ਕੂੜ ਕਮਾਉਣ
ਨਾਲ (ਕੂੜ ਦਾ ਹੀ ਵਿਕਾਸ ਹੁੰਦਾ ਹੈ) ਗੁਣਾਂ ਦਾ ਵਿਕਾਸ ਨਹੀਂ ਹੋ ਸਕਦਾ।
ਨੋਂਟ:-ਇਸੇ ਤਰ੍ਹਾਂ ਗਿਆਨ ਵੀ ਕਿਸੇ ਮਨੁੱਖ ਦੇ ਅੰਦਰ ਤਾਂ ਹੀ ਸਮਾ ਸਕਦਾ
ਹੈ ਜੇਕਰ ਅਗਿਆਨਤਾ ਨੂੰ ਹਿਰਦੇ ਰੂਪੀ ਭਾਂਡੇ ਵਿੱਚੋਂ ਬਾਹਰ ਕੱਢਿਆ ਜਾਵੇ। ਜਿਹੜਾ ਅਗਿਆਨਤਾ ਨਾਲ
ਭਰਿਆ ਪਿਆ ਹੈ ਉਹ ਕਿਸੇ ਦੀ ਅਪੀਲ ਦਲੀਲ ਨੂੰ ਸੁਣਨਾ ਹੀ ਨਹੀਂ ਚਾਹੁੰਦਾ ਹੈ।
ਮਹਲਾ ੨।।
ਨਾਲਿ ਇਆਣੇ ਦੋਸਤੀ ਵਡਾਰੂ ਸਿਉ ਨੇਹੁ।।
ਪਾਣੀ ਅੰਦਰਿ ਲੀਕ ਜਿਉ ਤਿਸ ਦਾ ਥਾਉ ਨ ਥੇਹੁ।। ੪।।
ਪਦ ਅਰਥ:- ਨਾਲਿ ਇਆਣੇ ਦੋਸਤੀ – ਅਗਿਆਨੀ/ਮੂਰਖ ਨਾਲ ਦੋਸਤੀ।
ਵਡਾਰੂ ਸਿਉ ਨੇਹੁ – ਅਤੇ ਸ਼ੇਖੀਆਂ ਮਾਰਨ ਵਾਲੇ ਨਾਲ ਨੇਹੁ/ਦੋਸਤੀ/ਸੰਬੰਧ। ਵਡਾਰੂ –
ਸ਼ੇਖੀਆਂ ਮਾਰਨ ਵਾਲਾ (ਮ: ਕੋਸ਼)। ਪਾਣੀ ਅੰਦਰ ਲੀਕ ਜਿਉ – ਉਹ ਇਸ ਤਰ੍ਹਾਂ ਹੈ ਜਿਵੇਂ ਪਾਣੀ
ਅੰਦਰ ਲੀਕ। ਤਿਸ ਦਾ ਥਾਉ ਨ ਥੇਹੁ – ਜਿਸ ਦਾ ਕੋਈ ਨਾਮੋ ਨਿਸ਼ਾਨ ਨਹੀਂ।
ਅਰਥ:- ਹੇ ਭਾਈ! ਜਿਵੇਂ ਕਿਸੇ ਮੂਰਖ ਨਾਲ ਦੋਸਤੀ ਰਾਸ ਨਹੀਂ ਆਉਂਦੀ
ਉਸੇ ਤਰ੍ਹਾਂ ਕਿਸੇ ਸ਼ੇਖੀਆਂ ਮਾਰਨ ਵਾਲੇ ਨਾਲ ਸੰਬੰਧ/ਦੋਸਤੀ ਵੀ ਰਾਸ ਨਹੀਂ ਆ ਸਕਦਾ। ਇਹ ਇਸ
ਤਰ੍ਹਾਂ ਹੈ ਜਿਵੇਂ ਪਾਣੀ ਅੰਦਰ ਖਿੱਚੀ ਹੋਈ ਲੀਕ ਦਾ ਕੋਈ ਨਾਮੋ ਨਿਸ਼ਾਨ ਨਹੀਂ ਰਹਿ ਸਕਦਾ। ਇਸੇ
ਤਰ੍ਹਾਂ ਅਗਿਆਨੀ/ਮੂਰਖ ਅਤੇ ਸ਼ੇਖੀਆਂ ਮਾਰਨ ਵਾਲੇ ਨਾਲ ਵੀ ਸੰਬੰਧ ਜ਼ਿਆਦਾ ਦੇਰ ਨਹੀਂ ਰਹਿ ਸਕਦਾ।
ਮਹਲਾ ੨।।
ਹੋਇ ਇਆਣਾ ਕਰੇ ਕੰਮੁ ਆਣਿ ਨ ਸਕੈ ਰਾਸਿ।।
ਜੇ ਇੱਕ ਅਧ ਚੰਗੀ ਕਰੇ ਦੂਜੀ ਭੀ ਵੇਰਾਸਿ।। ੫।।
ਪਦ ਅਰਥ:- ਹੋਇ ਇਆਣਾ ਕਰੇ ਕੰਮੁ – ਜੇਕਰ ਕੋਈ ਮੂਰਖ ਹੋਏ ਤੇ ਉਹ
ਕੋਈ ਕੰਮ ਕਰੇ। ਆਣਿ ਨ ਸਕੈ ਰਾਸਿ – ਪਹਿਲੀ ਗੱਲ ਤਾਂ ਉਹ ਰਾਸ ਨਹੀਂ ਆ ਸਕਦਾ। ਜੇ ਇੱਕ
ਅਧ ਚੰਗੀ ਕਰੇ – ਜੇਕਰ ਉਹ ਇੱਕ ਅੱਧੀ ਚੰਗੀ ਗੱਲ ਵੀ ਕਰੇ। ਦੂਜੀ ਭੀ ਵੇਰਾਸਿ – ਦੂਜੀ
ਗੱਲ ਕਰ ਕੇ ਆਪ ਹੀ ਉਸ ਦੇ ਉਲਟ-ਪੁਲਟ ਕਰ ਦੇਵੇਗਾ।
ਅਰਥ:- ਪਹਿਲੀ ਗੱਲ ਤਾਂ ਇਹ ਹੈ ਜੇਕਰ ਕੋਈ ਅਗਿਆਨੀ ਹੋਵੇ ਤੇ ਉਹ ਕੋਈ
ਕੰਮ ਕਰੇ ਤਾਂ ਉਹ ਰਾਸ ਨਹੀਂ ਆ ਸਕਦਾ ਭਾਵ ਫਿੱਟ ਨਹੀਂ ਬੈਠ ਸਕਦਾ ਪਰ ਦੂਜੇ ਪਾਸੇ ਜੇਕਰ ਕੋਈ ਇੱਕ
ਅੱਧੀ ਗੱਲ ਚੰਗੀ ਵੀ ਕਰ ਜਾਵੇ, ਤਾਂ ਦੂਜੀ ਗੱਲ ਫਿਰ ਉਸ ਨੇ ਕੋਈ ਐਸੀ ਗੱਲ ਕਰਨੀ ਹੈ ਜਿਹੜੀ ਉਸ ਦੀ
ਆਪਣੀ ਹੀ ਕਹੀ ਚੰਗੀ ਗੱਲ ਦੇ ਹੀ ਉਲਟ ਹੋਵੇ। ਭਾਵ ਆਪਣੀ ਹੀ ਕਹੀ ਹੋਈ ਗੱਲ `ਤੇ ਆਪ ਹੀ ਉਸ ਨੇ
ਪਾਣੀ ਫੇਰ ਦੇਣਾ ਹੈ ਇਹ ਮੂਰਖ ਦੀ ਨਿਸ਼ਾਨੀ ਹੈ।
ਪਉੜੀ।।
ਚਾਕਰੁ ਲਗੈ ਚਾਕਰੀ ਜੇ ਚਲੈ ਖਸਮੈ ਭਾਇ।।
ਹੁਰਮਤਿ ਤਿਸ ਨੋ ਅਗਲੀ ਓਹੁ ਵਜਹੁ ਭਿ ਦੂਣਾ ਖਾਇ।।
ਖਸਮੈ ਕਰੇ ਬਰਾਬਰੀ ਫਿਰਿ ਗੈਰਤਿ ਅੰਦਰਿ ਪਾਇ।।
ਵਜਹੁ ਗਵਾਏ ਅਗਲਾ ਮੁਹੇ ਮੁਹਿ ਪਾਣਾ ਖਾਇ।।
ਜਿਸ ਦਾ ਦਿਤਾ ਖਾਵਣਾ ਤਿਸੁ ਕਹੀਐ ਸਾਬਾਸਿ।।
ਨਾਨਕ ਹੁਕਮੁ ਨ ਚਲਈ ਨਾਲਿ ਖਸਮ ਚਲੈ ਅਰਦਾਸਿ।। ੨੨।।
ਪਦ ਅਰਥ:- ਚਾਕਰੁ – ਗੁਲਾਮ ਭਾਵ ਮਾਨਸਿਕ ਗੁਲਾਮ। ਲਗੈ ਚਾਕਰੀ
– ਗੁਲਾਮੀ ਕਰਨ ਵਿੱਚ ਲੱਗੇ ਹੋਏ ਹਨ। ਜੇ – ਜਿਹੜੇ। ਚਲੈ ਖਸਮੈ ਭਾਇ – ਖਸਮ
ਜਾਣ ਕੇ ਭਾਣੇ ਵਿੱਚ ਚਲਦੇ ਹਨ। ਖਸਮੈ ਕਰੇ ਬਰਾਬਰੀ – ਖਸਮ/ਰੱਬ ਦੀ ਬਰਾਬਰੀ ਕਰਦੇ ਹਨ।
ਹੁਰਮਤਿ – ਮਾਣ। ਤਿਸ ਨੋ –ਉਨ੍ਹਾਂ ਨੂੰ। ਅਗਲੀ – ਬਹੁਤੀ, ਬਹੁਤ ਜ਼ਿਆਦਾ।
ਓਹੁ – ਉਹ। ਵਜਹੁ – ਰੋਜ਼ਾਨਾ ਭਾਵ ਨਿਤਾ ਪ੍ਰਤੀ। ਭਿ – ਔਰ, ਅਤੇ (ਮ: ਕੋਸ਼)।
ਦੂਣਾ ਖਾਇ – ਫੂਕ ਛਕਦੇ ਹਨ। ਖਸਮੈ ਕਰੇ ਬਰਾਬਰੀ – ਖਸਮ/ਰੱਬ ਦੀ ਬਰਾਬਰੀ ਕਰਦੇ ਹਨ।
ਫਿਰਿ – ਫਿਰ। ਗੈਰਤਿ – ਸ਼ਰਮ, ਲਾਜ, ਅਣਖ, ਸ਼ਰਮ ਕਰਨਾ, ਬੇਗਾਨਾ ਹੋਣਾ, ਓਪਰਾ
ਹੋਣਾ, ਪਰਾਇਆ ਹੋਣਾ (ਫ਼ਾਰਸੀ ਪੰਜਾਬੀ ਕੋਸ਼)। ਅਣਖ ਤੋਂ ਭਾਵ ਫਖ਼ਰ ਮਹਿਸੂਸ ਕਰਨਾ। ਵਜਹੁ –
ਰੋਜ਼ਾਨਾ ਭਾਵ ਨਿਤਾ ਪ੍ਰਤੀ। ਅਗਲਾ – ਮੁਖੀ। ਮੁਹੇ ਮੁਹਿ – ਗੱਲ ਗੱਲ `ਤੇ।
ਮੁਹੇ ਮੁਹਿ ਪਾਣਾ ਖਾਇ – ਗੱਲ ਗੱਲ `ਤੇ ਫਿਟਕਾਰਾਂ ਵੀ ਖਾਂਦੇ ਰਹਿੰਦੇ ਹਨ। ਜਿਸ ਦਾ ਦਿਤਾ
ਖਾਵਣਾ – ਜਿਸ ਦਾ ਦਿੱਤਾ ਖਾਂਦੇ ਹਾਂ। ਤਿਸੁ ਕਹੀਐ ਸਾਬਾਸਿ – ਉਸ ਦੀ ਹੀ ਉਸਤਤ ਕਰਨੀ
ਬਣਦੀ ਹੈ। ਨਾਨਕ ਹੁਕਮੁ ਨ ਚਲਈ – ਨਾਨਕ ਉਸ ਨਾਲ ਹੁਕਮ ਨਹੀਂ ਚਲਦਾ। ਨਾਲਿ ਖਸਮ ਚਲੈ
ਅਰਦਾਸਿ – ਮਾਲਕ ਨਾਲ ਤਾਂ ਬੇਨਤੀ ਹੀ ਚਲਦੀ ਹੈ।
ਅਰਥ:- ਜਿਹੜੇ ਮਨੁੱਖ (ਆਪਣੇ ਆਪ ਨੂੰ ਰੱਬ ਬਣਾ ਕੇ ਪੇਸ਼ ਕਰਨ ਵਾਲੇ
ਚਾਕਰਾਂ/ਮਾਨਸਿਕ ਗੁਲਾਮਾਂ) ਦੀ ਚਾਕਰੀ/ਗੁਲਾਮੀ ਕਰਨ ਵਿੱਚ ਲੱਗੇ ਹੋਏ ਹਨ ਅਤੇ ਨਿਤਾ ਪ੍ਰਤੀ
ਉਨ੍ਹਾਂ ਨੂੰ ਖਸਮ/ਰੱਬ ਸਮਝ ਕੇ ਉਨ੍ਹਾਂ ਦੇ ਭਾਣੇ/ਹੁਕਮ ਵਿੱਚ ਚਲਦੇ ਹਨ। ਇਸ ਤਰ੍ਹਾਂ ਇਨ੍ਹਾਂ
ਚਾਕਰਾਂ/ਮਾਨਸਿਕ ਗੁਲਾਮਾਂ ਦੇ ਹੁਕਮ ਵਿੱਚ ਚੱਲਣ ਵਾਲੇ ਇਨ੍ਹਾਂ (ਚਾਕਰਾਂ) ਨੂੰ ਬਹੁਤ ਮਾਣ ਦਿੰਦੇ
ਹਨ ਅਤੇ ਉਹ ਫੂਕ ਛਕਦੇ ਹਨ ਆਪਣੇ ਅੰਦਰੇ ਅੰਦਰ (ਫੋਕਾ) ਰੱਬ ਹੋਣ ਦਾ (ਬ੍ਰਹਮਗਿਆਨੀ) ਹੋਣ ਦਾ ਫਖ਼ਰ
ਮਹਿਸੂਸ ਕਰਦੇ ਹਨ ਅਤੇ ਫਿਰ ਖਸਮ/ਰੱਬ ਦੀ ਬਰਾਬਰੀ ਕਰਦੇ ਹਨ। ਇਸ ਤਰ੍ਹਾਂ ਆਪਣਾ ਆਪਾ ਗਵਾਉਣ ਵਾਲੇ
ਰੋਜ਼ਾਨਾ/ਨਿਤਾ ਪ੍ਰਤੀ ਇਨ੍ਹਾਂ (ਚਾਕਰਾਂ/ਮਾਨਸਿਕ ਗੁਲਾਮਾਂ) ਨੂੰ ਆਪਣਾ ਮੁਖੀ ਸਮਝ ਕੇ (ਇਨ੍ਹਾਂ ਦੀ
ਗੁਲਾਮੀ ਕਰਦੇ) ਇਨ੍ਹਾਂ ਤੋਂ ਗੱਲ-ਗੱਲ `ਤੇ ਫਿਟਕਾਰਾਂ ਖਾਂਦੇ ਹੋਏ ਵੀ ਇਹ ਕਹਿੰਦੇ ਰਹਿੰਦੇ ਹਨ ਕਿ
ਨਾਨਕ ਜਿਸ ਦਾ ਦਿੱਤਾ ਖਾਂਦੇ ਹਾਂ, ਉਸਤਤ ਵੀ ਉਸ ਦੀ ਹੀ ਕਰਨੀ ਬਣਦੀ ਹੈ ਉਸ ਦੇ ਅੱਗੇ ਹੁਕਮ ਨਹੀਂ
ਚਲਦਾ, ਮਾਲਕ ਅੱਗੇ ਤਾਂ ਅਰਦਾਸ ਬੇਨਤੀ ਹੀ ਕਰਨੀ ਬਣਦੀ ਹੈ।
ਨੋਂਟ:-ਇਸ ਤਰ੍ਹਾਂ ਮਾਨਸਿਕ ਗੁਲਾਮਾਂ ਦੀ ਗੁਲਾਮੀ ਕਰਨ ਵਾਲੇ ਇਹ ਸਮਝ
ਕੇ ਉਨ੍ਹਾਂ ਤੋਂ ਫਿਟਕਾਰਾਂ ਖਾਂਦੇ ਰਹਿੰਦੇ ਹਨ ਕਿ ਅਸੀਂ ਇਨ੍ਹਾਂ ਦਾ ਦਿੱਤਾ ਹੀ ਖਾਂਦੇ ਹਾਂ।
ਜਿਵੇਂ ਅੱਜ ਕਲ ਦੰਭੀ ਸਾਧਾਂ ਦੇ ਚੇਲੇ।
ਬਲਦੇਵ ਸਿੰਘ ਟੌਰਾਂਟੋ।