ਭਾਗ
-੨)
ਅਤਰ ਸਿੰਘ ਬਾਰੇ ਇਸ ਗੱਲ ਨੂੰ ਬਹੁਤ ਮਹੱਤਤਾ ਦਿੱਤੀ ਜਾਂਦੀ ਹੈ ਕਿ ਉਸ ਨੇ
ਡੇਰਾ ਗ਼ਾਜ਼ੀ ਖਾਨ ਜੋ ਕਿ ਹੁਣ ਪਾਕਿਸਤਾਨ ਵਿੱਚ ਹੈ, ਤੋਂ ਹਜ਼ੂਰ ਸਾਹਿਬ (ਨੰਦੇੜ-ਮਹਾਰਾਸ਼ਟਰ) ਤੱਕ
ਪੈਦਲ ਯਾਤਰਾ ਕੀਤੀ। ਐਸੀਆਂ ਯਾਤਰਾਵਾਂ ਤਾਂ ਜੋਗੀ ਲੋਕ ਬਹੁਤ ਕਰਦੇ ਸਨ। ਜਿਵੇਂ ਉਪਰਲੇ ਸ਼ਬਦ ਵਿੱਚ
ਵੀ ਆਇਆ ਹੈ, ਤੀਰਥਾਂ ਦੀ ਯਾਤਰਾ ਕਰਨਾ ਉਨ੍ਹਾਂ ਦੇ ਜੀਵਨ ਫਲਸਫੇ ਦਾ ਅੰਗ ਹੈ। ਇਹ ਉਨ੍ਹਾਂ ਦੀ ਸੋਚ
ਮੁਤਾਬਕ, ਕੋਈ ਉਨ੍ਹਾਂ ਦੇ ਧਰਮ ਦਾ ਕੰਮ ਹੋ ਸਕਦਾ ਹੈ ਪਰ ਐਸੇ ਹੱਠ ਕਰਮਾਂ ਨੂੰ ਗੁਰਬਾਣੀ ਮੂਲੋਂ
ਰੱਦ ਕਰਦੀ ਹੈ। ਸਤਿਗੁਰੂ ਦਾ ਪਾਵਨ ਫੁਰਮਾਨ ਹੈ:
"ਅਨਿਕ ਬਰਖ ਕੀਏ ਜਪ ਤਾਪਾ।। ਗਵਨੁ ਕੀਆ ਧਰਤੀ ਭਰਮਾਤਾ।।
ਇਕੁ ਖਿਨੁ ਹਿਰਦੈ ਸਾਂਤਿ ਨ ਆਵੈ ਜੋਗੀ ਬਹੁੜਿ ਬਹੁੜਿ ਉਠਿ ਧਾਵੈ ਜੀਉ।। "
{ਮਾਝ ਮਹਲਾ ੫, ਪੰਨਾ ੯੮}
ਜੋਗੀ ਲੋਕ ਅਨੇਕਾਂ ਸਾਲ ਜਪ ਕਰਦੇ ਹਨ, ਤਪ ਸਾਧਦੇ ਹਨ; ਸਾਰੀ ਧਰਤੀ ਉਤੇ
ਭ੍ਰਮਣ ਭੀ ਕਰਦੇ ਹਨ। (ਇਸ ਤਰ੍ਹਾਂ ਭੀ) ਹਿਰਦੇ ਵਿੱਚ ਇੱਕ ਖਿਨ ਵਾਸਤੇ ਭੀ ਸ਼ਾਂਤੀ ਨਹੀਂ ਆਉਂਦੀ।
ਫਿਰ ਭੀ ਜੋਗੀ ਇਹਨਾਂ ਜਪਾਂ ਤਪਾਂ ਦੇ ਪਿੱਛੇ ਹੀ ਮੁੜ ਮੁੜ ਦੌੜਦਾ ਹੈ।
ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧੩੮੪ `ਤੇ ਅੰਕਤ ਸੇਖ ਫਰੀਦ ਜੀ ਦੇ ਹੇਠਲੇ
ਦੋ ਸਲੋਕ ਇਸ ਗੱਲ ਨੂੰ ਸਮਝਣ ਲਈ ਬਹੁਤ ਮਹੱਤਵਪੂਰਨ ਹਨ। ਪਹਿਲੇ ੧੧੯ਵੇਂ ਸਲੋਕ ਵਿੱਚ ਭਗਤ ਸਾਹਿਬ
ਸੰਸਾਰ ਦੇ ਲੋਕਾਂ ਵਲੋਂ ਅਕਾਲ-ਪੁਰਖੁ ਨੂੰ ਪਾਉਣ ਲਈ ਕੀਤੇ ਜਾ ਰਹੇ ਕੁੱਝ ਕਰਮਕਾਂਡਾਂ ਦਾ ਵਰਨਣ
ਇੰਝ ਕਰਦੇ ਹਨ:
"ਤਨੁ ਤਪੈ ਤਨੂਰ ਜਿਉ ਬਾਲਣੁ ਹਡ ਬਲੰਨਿੑ।।
ਪੈਰੀ ਥਕਾਂ ਸਿਰਿ ਜੁਲਾਂ ਜੇ ਮੂੰ ਪਿਰੀ ਮਿਲੰਨਿੑ।। " {ਸਲੋਕ ਸੇਖ
ਫਰੀਦ ਕੇ, ਪੰਨਾ ੧੩੮੪}
ਮੇਰਾ ਸਰੀਰ (ਬੇਸ਼ੱਕ) ਤਨੂਰ ਵਾਂਗ ਤਪੇ, ਮੇਰੇ ਹੱਡ (ਬੇਸ਼ੱਕ ਇਉਂ) ਬਲਣ
ਜਿਵੇਂ ਬਾਲਣ (ਬਲਦਾ) ਹੈ। (ਪਿਆਰੇ ਰੱਬ ਨੂੰ ਮਿਲਣ ਦੇ ਰਾਹ `ਤੇ ਜੇ ਮੈਂ) ਪੈਰਾਂ ਨਾਲ (ਤੁਰਦਾ
ਤੁਰਦਾ) ਥੱਕ ਜਾਵਾਂ, ਤਾਂ ਮੈਂ ਸਿਰ ਭਾਰ ਤੁਰਨ ਲੱਗ ਪਵਾਂ। (ਮੈਂ ਇਹ ਸਾਰੇ ਔਖ ਸਹਾਰਨ ਨੂੰ ਤਿਆਰ
ਹਾਂ) ਜੇ ਮੈਨੂੰ ਪਿਆਰੇ ਰੱਬ ਜੀ ਮਿਲ ਪੈਣ (ਭਾਵ, ਰੱਬ ਨੂੰ ਮਿਲਣ ਵਾਸਤੇ ਜੇ ਇਹ ਜ਼ਰੂਰੀ ਹੋਵੇ ਕਿ
ਸਰੀਰ ਨੂੰ ਧੂਣੀਆਂ ਤਪਾ ਤਪਾ ਕੇ ਦੁਖੀ ਕੀਤਾ ਜਾਏ, ਤਾਂ ਮੈਂ ਇਹ ਕਸ਼ਟ ਸਹਾਰਨ ਨੂੰ ਭੀ ਤਿਆਰ ਹਾਂ)।
ਅਗਲੇ ੧੨੦ਵੇਂ ਸਲੋਕ ਵਿੱਚ ਸੇਖ ਫਰੀਦ ਸਾਹਿਬ ਨੇ ਸੱਚ ਧਰਮ ਦਾ ਮਾਰਗ ਇੰਝ
ਦ੍ਰਿੜ ਕਰਾਇਆ ਹੈ:
"ਤਨੁ ਨ ਤਪਾਇ ਤਨੂਰ ਜਿਉ ਬਾਲਣੁ ਹਡ ਨ ਬਾਲਿ।।
ਸਿਰਿ ਪੈਰੀ ਕਿਆ ਫੇੜਿਆ ਅੰਦਰਿ ਪਿਰੀ ਨਿਹਾਲਿ।। " {ਸਲੋਕ ਸੇਖ ਫਰੀਦ
ਕੇ, ਪੰਨਾ ੧੩੮੪}
ਸਰੀਰ ਨੂੰ (ਧੂਣੀਆਂ ਨਾਲ) ਤਨੂਰ ਵਾਂਗ ਨਾਹ ਸਾੜ; ਤੇ ਹੱਡਾਂ ਨੂੰ ਇਉਂ ਨਾਹ
ਬਾਲ ਜਿਵੇਂ ਇਹ ਬਾਲਣ ਹੈ। ਸਿਰ ਨੇ ਤੇ ਪੈਰਾਂ ਨੇ ਕੁੱਝ ਨਹੀਂ ਵਿਗਾੜਿਆ ਹੈ, (ਇਸ ਵਾਸਤੇ ਇਹਨਾਂ
ਨੂੰ ਦੁਖੀ ਨਾਹ ਕਰ) ਪਰਮਾਤਮਾ ਨੂੰ ਆਪਣੇ ਅੰਦਰ ਵੇਖ।
ਇਸ ਸਲੋਕ ਨੂੰ ਵਿਚਾਰ ਕੇ ਸੂਝਵਾਨ ਪਾਠਕ ਆਪ ਹੀ ਨਿਰਣਾ ਕਰ ਲੈਣ ਕਿ ਕੀ ਅਤਰ
ਸਿੰਘ ਦੀਆਂ ਐਸੀਆਂ ਯਾਤਰਾਵਾਂ ਕੋਈ ਵਿਸ਼ੇਸ਼ ਮਹੱਤਵ ਰਖਦੀਆਂ ਹਨ, ਸਿਵਾਇ ਇੱਕ ਹੱਠ ਕਰਮ ਅਤੇ
ਕਰਮਕਾਂਡ ਦੇ? ਜਿਨ੍ਹਾਂ ਨੂੰ ਗੁਰਮਤਿ ਪੂਰਨ ਰੂਪ ਵਿੱਚ ਰੱਦ ਕਰਦੀ ਹੈ।
ਇਸੇ ਕਿਤਾਬ ਸੰਤ ਸਰੋਵਰ ਵਿੱਚ ਅਤਰ ਸਿੰਘ ਦੇ ਕਦੇ ਚਾਲੀ ਦਿਨ, ਕਦੇ ਛੇ
ਮਹੀਨੇ ਅਤੇ ਕਦੇ ਇੱਕ ਸਾਲ ਤੱਕ ਅੰਨ ਤਿਆਗ ਕੇ ਤਪੱਸਿਆ ਕਰਨ ਦੇ ਕਿੱਸੇ ਵੀ ਹਨ। ਇਤਨਾ ਕਠੋਰ ਤੱਪ
ਕਰਨ ਨਾਲ, ਇਸ ਦਾ ਸ਼ਰੀਰ ਬਹੁਤ ਕਮਜ਼ੋਰ ਹੋ ਜਾਂਦਾ, ਫਿਰ ਇਸ ਦੀਆਂ ਮਾਲਸ਼ਾਂ ਕਰ ਕਰ ਕੇ ਇਸ ਨੂੰ ਤਕੜਾ
ਕੀਤਾ ਜਾਂਦਾ ਤੇ ਥੋੜ੍ਹੇ ਸਮੇਂ ਬਾਅਦ ਇਹ ਫਿਰ ਤੱਪ ਸਾਧਣ ਲੱਗ ਪੈਂਦਾ। ਇਸ ਨੂੰ ਬਹੁਤ ਵੱਡੀ ਕਮਾਈ
ਦੱਸਿਆ ਗਿਆ ਹੈ। ਜਦਕਿ ਗੁਰਬਾਣੀ ਅੰਨ ਤਿਆਗਣ ਅਤੇ ਸਰੀਰ ਨੂੰ ਕਸ਼ਟ ਦੇਣ ਬਾਰੇ ਫੁਰਮਾਂਦੀ ਹੈ:
"ਅੰਨੁ ਨ ਖਾਹਿ ਦੇਹੀ ਦੁਖੁ ਦੀਜੈ।। ਬਿਣੁ ਗੁਰ ਗਿਆਨ ਤ੍ਰਿਪਤਿ ਨਹੀ
ਥੀਜੈ।।
ਮਨਮੁਖਿ ਜਨਮੈ ਜਨਮਿ ਮਰੀਜੈ।। " {ਰਾਮਕਲੀ ਮਹਲਾ ੧, ਪੰਨਾ ੯੦੫}
ਜੇਹੜੇ ਬੰਦੇ ਅੰਨ ਨਹੀਂ ਖਾਂਦੇ (ਇਸ ਤਰ੍ਹਾਂ ਉਹ ਕੋਈ ਆਤਮਕ ਲਾਭ ਤਾਂ ਨਹੀਂ
ਖੱਟਦੇ) ਸਰੀਰ ਨੂੰ ਹੀ ਕਸ਼ਟ ਮਿਲਦਾ ਹੈ, ਗੁਰੂ ਤੋਂ ਮਿਲੇ ਗਿਆਨ ਤੋਂ ਬਿਣਾ (ਮਾਇਆ ਵਲੋਂ ਵਿਕਾਰਾਂ)
ਤ੍ਰਿਪਤੀ ਨਹੀਂ ਹੋ ਸਕਦੀ। ਸੋ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜੰਮਦਾ ਹੈ ਮਰਦਾ ਹੈ,
ਜੰਮਦਾ ਹੈ ਮਰਦਾ ਹੈ (ਉਸ ਦਾ ਇਹ ਗੇੜ ਤੁਰਿਆ ਰਹਿੰਦਾ ਹੈ)। ੬।
ਜਿਨ੍ਹਾਂ ਨੂੰ ਭੋਲੇ ਭਾਲੇ ਸਿੱਖਾਂ ਅਗੇ ਸੰਤ ਮਹਾਪੁਰਖ ਬਣਾ ਕੇ ਪੇਸ਼ ਕੀਤਾ
ਜਾ ਰਿਹਾ ਹੈ, ਸਤਿਗੁਰੂ ਉਪਰੋਕਤ ਪੰਕਤੀਆਂ ਵਿੱਚ ਐਸੇ ਲੋਕਾਂ ਨੂੰ ਮਨਮੁਖ ਕਹਿ ਰਹੇ ਹਨ। ਆਸਾ ਕੀ
ਵਾਰ ਬਾਣੀ ਵਿੱਚ ਤਾਂ ਸਤਿਗੁਰੂ ਨੇ ਐਸੇ ਕਰਮਕਾਂਡੀ ਕਰਮ ਕਰਨ ਵਾਲੇ ਲੋਕਾਂ ਨੂੰ ਮੂਰਖ ਅਤੇ ਅੰਧਾ
ਆਖਿਆ ਹੈ:
"ਅੰਨੁ ਨ ਖਾਇਆ ਸਾਦੁ ਗਵਾਇਆ।। ਬਹੁ ਦੁਖੁ ਪਾਇਆ ਦੂਜਾ ਭਾਇਆ।।
ਬਸਤ੍ਰ ਨ ਪਹਿਰੈ।। ਅਹਿਨਿਸਿ ਕਹਰੈ।। ਮੋਨਿ ਵਿਗੂਤਾ।। ਕਿਉ ਜਾਗੈ ਗੁਰ
ਬਿਣੁ ਸੂਤਾ।।
ਪਗਉ ਪੇਤਾਣਾ।। ਅਪਣਾ ਕੀਆ ਕਮਾਣਾ।। ਅਲੁ ਮਲੁ ਖਾਈ ਸਿਰਿ ਛਾਈ ਪਾਈ।।
ਮੂਰਖਿ ਅੰਧੈ ਪਤਿ ਗਵਾਈ।। " {ਮਃ ੧, ਪੰਨਾ ੪੬੭}
ਜਿਸ ਨੇ) ਅੰਨ ਛੱਡਿਆ ਹੋਇਆ ਹੈ, ਉਸ ਨੂੰ ਇਹ ਹੋਰ ਹੀ (ਗੁਰਮਤਿ ਤੋਂ ਉਲਟ)
ਕੰਮ ਚੰਗਾ ਲੱਗਾ ਹੋਇਆ ਹੈ। ਉਸ ਨੇ ਭੀ ਆਪਣੀ ਜ਼ਿੰਦਗੀ ਤਲਖ਼ ਬਣਾਈ ਹੋਈ ਹੈ ਅਤੇ ਦੁੱਖ ਸਹਾਰ ਰਿਹਾ
ਹੈ। ਕੱਪੜੇ ਨਹੀਂ ਪਾਂਦਾ ਤੇ ਦਿਨ ਰਾਤ ਔਖਾ ਹੋ ਰਿਹਾ ਹੈ। (ਇੱਕਲਵਾਂਝੇ) ਚੁੱਪ ਵੱਟ ਕੇ (ਅਸਲੀ
ਰਾਹ ਤੋਂ) ਖੁੰਝਿਆ ਹੋਇਆ ਹੈ, ਭਲਾ, ਦੱਸੋ (ਮਾਇਆ ਦੀ ਨੀਂਦਰ ਵਿਚ) ਸੁੱਤਾ ਹੋਇਆ ਮਨੁੱਖ ਗੁਰੂ ਤੋਂ
ਬਿਣਾ ਕਿਵੇਂ ਜਾਗ ਸਕਦਾ ਹੈ ?
(ਇਕ) ਪੈਰਾਂ ਤੋਂ ਨੰਗਾ ਫਿਰਦਾ ਹੈ ਅਤੇ ਆਪਣੀ ਇਸ ਕੀਤੀ ਹੋਈ ਭੁੱਲ ਦਾ
ਦੁੱਖ ਸਹਿ ਰਿਹਾ ਹੈ। (ਸੁੱਚਾ ਚੰਗਾ ਭੋਜਨ ਛੱਡ ਕੇ) ਜੂਠਾ ਮਿੱਠਾ ਖਾਂਦਾ ਹੈ ਅਤੇ ਸਿਰ ਵਿੱਚ ਸੁਆਹ
ਪਾ ਰੱਖੀ ਹੈ, ਅਗਿਆਨੀ ਮੂਰਖ ਨੇ (ਇਸ ਤਰ੍ਹਾਂ) ਆਪਣੀ ਪੱਤ ਗਵਾ ਲਈ ਹੈ।
ਜਿਸ ਦਰਵਾਜੇ ਬੰਦ ਕਰਕੇ ਲੰਬੇ ਤੱਪ ਸਾਧਨ ਨੂੰ ਵੱਡੀ ਮਹੱਤਤਾ ਦਿੱਤੀ ਜਾ
ਰਹੀ ਹੈ, ਉਸ ਕਰਮ ਨੂੰ ਗੁਰਬਾਣੀ ਕਿਸੇ ਰਾਹ ਤੋਂ ਭਟਕੇ ਹੋਏ ਦੇ ਕਰਮ ਦਸ ਰਹੀ ਹੈ। ਸਾਤਿਗੁਰੂ
ਸਾਨੂੰ ਸਮਝਾਉਂਦੇ, ਬਖਸ਼ਿਸ਼ ਕਰਦੇ ਹਨ:
"ਸਭਿ ਜਪ ਸਭਿ ਤਪ ਸਭ ਚਤੁਰਾਈ।। ਊਝੜਿ ਭਰਮੈ ਰਾਹਿ ਨ ਪਾਈ।।
ਬਿਣੁ ਬੂਝੇ ਕੋ ਥਾਇ ਨ ਪਾਈ।। ਨਾਮ ਬਿਹੂਣੈ ਮਾਥੇ ਛਾਈ।। " {ਆਸਾ
ਮਹਲਾ ੧, ਪੰਨਾ ੪੧੨}
ਜੇਹੜਾ ਮਨੁੱਖ ਅਕਾਲ ਪੁਰਖ ਨੂੰ ਹਿਰਦੇ ਵਸਾਉਣ ਦੀ ਬਜਾਏ, ਸਾਰੇ ਜਪ ਕਰਦਾ
ਹੈ ਸਾਰੇ ਤਪ ਸਾਧਦਾ ਹੈ, ਹਰੇਕ ਕਿਸਮ ਦੀ ਸਿਆਣਪ-ਅਕਲ ਭੀ ਵਿਖਾਂਦਾ ਹੈ, ਤਾਂ ਉਸ ਦਾ (ਜਪ ਤਪ ਆਦਿਕ
ਦਾ) ਕੋਈ ਭੀ ਉੱਦਮ (ਪ੍ਰਭੂ ਦੀ ਹਜ਼ੂਰੀ ਵਿਚ) ਪਰਵਾਨ ਨਹੀਂ ਹੁੰਦਾ। ਉਹ ਗ਼ਲਤ ਰਸਤੇ `ਤੇ ਭਟਕ ਰਿਹਾ
ਹੈ, ਉਹ ਸਹੀ ਰਸਤੇ ਉੱਤੇ ਨਹੀਂ ਜਾ ਰਿਹਾ। ਪਰਮਾਤਮਾ ਦੇ ਨਾਮ ਤੋਂ ਸੱਖਣੇ ਮਨੁੱਖ ਦੇ ਸਿਰ ਸੁਆਹ ਹੀ
ਪੈਂਦੀ ਹੈ।
"ਕਿਆ ਜਪੁ ਕਿਆ ਤਪੁ ਸੰਜਮੋ ਕਿਆ ਬਰਤੁ ਕਿਆ ਇਸਨਾਨੁ।।
ਜਬ ਲਗੁ ਜੁਗਤਿ ਨ ਜਾਨੀਐ ਭਾਉ ਭਗਤਿ ਭਗਵਾਨ।। " {ਗਉੜੀ ਪੂਰਬੀ ਕਬੀਰ
ਜੀ, ਪੰਨਾ ੩੩੭}
ਜਦ ਤਕ ਅਕਾਲ ਪੁਰਖ ਨਾਲ ਪਿਆਰ ਤੇ ਉਸ ਦੀ ਭਗਤੀ ਦੀ ਜੁਗਤਿ ਨਹੀਂ ਸਮਝੀ
(ਭਾਵ, ਜਦ ਤਕ ਇਹ ਸਮਝ ਨਹੀਂ ਪਈ ਕਿ ਭਗਵਾਨ ਨਾਲ ਪਿਆਰ ਕਰਨਾ ਹੀ ਭਗਵਾਨ ਦੀ ਭਗਤੀ ਕਰਨਾ ਹੈ ਅਤੇ
ਇਹੀ ਜੀਵਨ ਦੀ ਅਸਲ ਜੁਗਤੀ ਹੈ), ਜਪ ਤਪ, ਸੰਜਮ, ਵਰਤ, ਇਸ਼ਨਾਨ—ਇਹ ਸਭ ਕਿਸੇ ਕੰਮ ਨਹੀਂ।
ਹੁਣ ਆਖਿਆ ਜਾਵੇਗਾ ਕਿ ਉਹ ਵੀ ਤਾਂ ਇਨ੍ਹਾਂ ਕਰਮਾਂ ਦੁਆਰਾ ਪ੍ਰਮਾਤਮਾਂ ਦੀ
ਭਗਤੀ ਹੀ ਕਰਦੇ ਰਹੇ ਸਨ, ਜਦਕਿ ਭਗਤੀ ਬਾਰੇ ਸਤਿਗੁਰੂ ਦਾ ਫੁਰਮਾਣ ਹੈ:
"ਹਰਿ ਭਗਤਿ ਹਰਿ ਕਾ ਪਿਆਰੁ ਹੈ ਜੇ ਗੁਰਮੁਖਿ ਕਰੇ ਬੀਚਾਰੁ।।
ਪਾਖੰਡਿ ਭਗਤਿ ਨ ਹੋਵਈ ਦੁਬਿਧਾ ਬੋਲੁ ਖੁਆਰੁ।। " {ਸਿਰੀ ਰਾਗੁ ਮਹਲਾ
੩, ਪੰਨਾ ੨੮}
ਜੇ ਮਨੁੱਖ ਗੁਰੂ ਦੀ ਸਰਨ ਪੈ ਕੇ (ਗੁਰੂ ਦੀ ਦਿੱਤੀ ਸਿੱਖਿਆ ਦੀ) ਵਿਚਾਰ
ਕਰਦਾ ਰਹੇ ਤਾਂ ਉਸ ਦੇ ਅੰਦਰ ਪਰਮਾਤਮਾ ਦੀ ਭਗਤੀ ਵੱਸ ਪੈਂਦੀ ਹੈ, ਪਰਮਾਤਮਾ ਦਾ ਪਿਆਰ ਟਿਕ ਜਾਂਦਾ
ਹੈ। ਪਰ ਪਖੰਡ ਕੀਤਿਆਂ ਭਗਤੀ ਨਹੀਂ ਹੋ ਸਕਦੀ, ਪਖੰਡ ਦਾ ਬੋਲ ਖ਼ੁਆਰ ਹੀ ਕਰਦਾ ਹੈ।
ਸਤਿਗੁਰੂ ਤਾਂ ਸਮਝਾਉਂਦੇ ਹਨ ਕਿ ਜੇ ਤੂੰ ਵਰਤ ਹੀ ਰਖਣੇ ਹਨ ਤਾਂ ਸੱਚ ਧਾਰਨ
ਕਰਨ ਦਾ ਵਰਤ ਰੱਖ, ਤੀਰਥਾਂ `ਤੇ ਜਾਣਾ ਚਾਹੁੰਦਾ ਹੈਂ ਤਾਂ ਜੀਵਨ ਵਿੱਚ ਸੰਤੋਖ ਦਾ ਤੀਰਥ ਬਣਾ, ਤੇ
ਇਸ਼ਨਾਨ ਕਰਕੇ ਪਵਿੱਤਰ ਹੋਣਾ ਚਾਹੁੰਦਾ ਹੈਂ ਤਾਂ ਇਲਾਹੀ ਗਿਆਨ ਵਿੱਚ ਇਸ਼ਨਾਨ ਕਰ ਕੇ ਆਪਣੇ ਜੀਵਨ ਨੂੰ
ਪਵਿੱਤਰ ਕਰ ਅਤੇ ਜੇ ਤੂੰ ਤੱਪ ਸਾਧਨਾ ਚਾਹੁੰਦਾ ਹੈ ਤਾਂ ਖਿਮਾਂ ਦਾ ਗੁਣ ਆਪਣੇ ਜੀਵਨ ਵਿੱਚ ਧਾਰਨ
ਕਰ, ਇਹੀ ਵੱਡਾ ਤੱਪ ਹੈ। ਪਾਵਨ ਗੁਰਵਾਕ ਹੈ:
"ਸਚੁ ਵਰਤੁ ਸੰਤੋਖੁ ਤੀਰਥੁ ਗਿਆਨੁ ਧਿਆਨੁ ਇਸਨਾਨੁ।।
ਦਇਆ ਦੇਵਤਾ ਖਿਮਾ ਜਪਮਾਲੀ ਤੇ ਮਾਣਸ ਪਰਧਾਨ।। " (ਸਲੋਕ ਮਃ ੧, ਪੰਨਾ
੧੨੪੫)
ਉਂਝ ਤਾਂ ਇਸ ਬਾਬੇ ਦੀਆਂ ਸਿੱਖ ਕੌਮ ਨੂੰ ਗੁਰਮਤਿ ਗਾਡੀ ਰਾਹ ਤੋਂ ਗੁੰਮਰਾਹ
ਕਰਨ ਦੀਆਂ ਬਹੁਤ ਦੇਣਾਂ ਹਨ, ਜਿਨ੍ਹਾਂ ਵਿਚੋਂ ਦੋ ਦੀ ਗੱਲ ਪਹਿਲਾਂ ਕੀਤੀ ਜਾ ਚੁੱਕੀ ਹੈ, ਤੀਸਰੀ
ਵੱਡੀ ਦੇਣ ਹੈ, ਗੁਰਬਾਣੀ ਦੇ ਅਥਾਹ ਸਮੁੰਦਰ ਨੂੰ ਛੱਡ ਕੇ, ਕੱਚੀਆਂ ਧਾਰਨਾਂ ਲਾਕੇ ਕੀਰਤਨ ਕਰਨ ਦਾ
ਮਾਰੂ ਰੋਗ ਸਿੱਖੀ ਵਿੱਚ ਸ਼ੁਰੂ ਕਰਨਾ, ਜਿਸ ਨਾਲ ਗੁਰੂ ਗ੍ਰੰਥ ਸਾਹਿਬ ਦੀ ਮਹਤੱਤਾ ਘਟਾ ਕੇ ਲੋਕਾਈ
ਨੂੰ ਨਿਰੋਲ ਗੁਰਬਾਣੀ ਅਤੇ ਉਸ ਦੇ ਅਨਮੋਲ ਗਿਆਨ ਨਾਲੋਂ ਤੋੜਿਆ ਜਾ ਸਕੇ।
ਇਨ੍ਹਾਂ ਸਾਰਿਆਂ ਤੋਂ ਉਪਰ ਇਹ ਹੈ ਕਿ ਇਸ ਨੇ ਸਿੱਖ ਰਿਆਸਤਾਂ ਦੇ ਰਜਵਾੜਿਆਂ
ਅਤੇ ਹੋਰ ਸਮਰੱਥ ਸਿੱਖਾਂ ਕੋਲੋਂ ਲੱਖਾਂ ਰੁਪਿਆ ਇਕੱਤਰ ਕਰਕੇ ਮਦਨ ਮੋਹਨ ਮਾਲਵੀਆਂ ਦੇ ਕਹਿਣ `ਤੇ
ਬਨਾਰਸ ਹਿੰਦੂ ਯੂਨੀਵਰਸਿਟੀ ਬਣਵਾਈ। ਬੇਸ਼ਕ ਵਿਦਿਆ ਦੇ ਪ੍ਰਚਾਰ ਪ੍ਰਸਾਰ ਵਾਸਤੇ ਉਦੱਮ ਕਰਨਾ ਇੱਕ
ਉਤਮ ਕੰਮ ਹੈ ਪਰ ਯੂਨੀਵਰਸਿਟੀ ਪੰਜਾਬ ਵਿੱਚ ਵੀ ਸਥਾਪਤ ਕੀਤੀ ਜਾ ਸਕਦੀ ਸੀ ਅਤੇ ਉਸ ਤੋਂ ਉਪਰ ਇੱਕ
ਵਿਦਿਅਕ ਅਦਾਰੇ ਦਾ ਨਾਂ ‘ਹਿੰਦੂ ਯੂਨੀਵਰਸਿਟੀ` ਰਖਣਾ ਜਿਥੇ ਆਪਣੇ ਆਪ ਵਿੱਚ ਸੰਪਰਦਾਇਕਤਾ ਦੀ ਬੋ
ਦੇਂਦਾ ਹੈ, ਉਥੇ ਇਹ ਵੀ ਸਪੱਸ਼ਟ ਕਰਦਾ ਹੈ ਕਿ ਇਹ ਯੂਨੀਵਰਸਿਟੀ ਕੇਵਲ ਹਿੰਦੂ ਧਰਮ ਦੀ ਪ੍ਰਫੁਲਤਾ
ਵਾਸਤੇ ਬਣਾਈ ਗਈ ਸੀ। ਜਿਵੇਂ ਕਿ ਉਪਰ ਦੱਸਿਆ ਜਾ ਚੁੱਕਾ ਹੈ ਕਿ ਅਤਰ ਸਿੰਘ ਨੂੰ ਸਿੱਖ ਸਿਧਾਂਤਾਂ
ਦੇ ਉਲਟ ‘ਸੰਤ` ਦੀ ਉਪਾਧੀ ਅੰਗ੍ਰੇਜ਼ੀ ਸਰਕਾਰ ਨੇ ਦਿੱਤੀ ਸੀ, ਕਿਉਂਕਿ ਇਸਨੇ ਜਾਰਜ ਪੰਚਮ ਦੇ ਆਉਣ
`ਤੇ ਅਰਦਾਸ ਕੀਤੀ ਸੀ ਕਿ ਅੰਗ੍ਰੇਜ਼ਾਂ ਦਾ ਰਾਜ ਸਦਾ ਕਾਇਮ ਰਹੇ। ਪਰ ‘ਹਿੰਦੂ ਯੂਨੀਵਰਸਿਟੀ` ਬਨਵਾਉਣ
ਦੇ ਬਦਲੇ ਇਸ ਨੂੰ ‘ਸੰਤ` ਦੇ ਤੌਰ `ਤੇ ਸਭ ਤੋਂ ਵਧ ਪ੍ਰਚਾਰਿਆ ਹਿੰਦੂ ਆਗੂਆਂ ਨੇ, ਜਿਸ ਨਾਲ ਸਿੱਖ
ਕੌਮ ਅੰਦਰ ਮੌਜੂਦਾ ਦੌਰ ਦੇ ‘ਦੇਹਧਾਰੀ ਸੰਤਵਾਦ` ਦੀ ਮੰਦਭਾਗੀ ਸ਼ੁਰੂਆਤ ਹੋਈ। ਯੁਨੀਵਰਸਿਟੀ ਦਾ
ਉਦਘਾਟਨ ਕਰਨ ਪੁੱਜੇ ਅਤਰ ਸਿੰਘ ਨੂੰ ਸੋਨੇ ਦੀ ਪਾਲਕੀ ਨੁਮਾ ਗੱਡੀ ਵਿੱਚ ਬਿਠਾਇਆ ਗਿਆ ਜਿਸਨੂੰ
ਇਨਸਾਨਾਂ ਨੇ ਆਪਣੇ ਹੱਥਾਂ ਨਾਲ ਖਿਚਿਆ। ਮਨੁੱਖਾਂ ਦੁਆਰਾ ਖਿੱਚੀ ਜਾ ਰਹੀ ਪਾਲਕੀ ਵਿੱਚ ਮਹਾਪੁਰਖ
ਸ਼ਾਨ ਨਾਲ ਬੈਠੇ ਰਹੇ।
ਅਤਰ ਸਿੰਘ ਦੀ ਤਰ੍ਹਾਂ, ਇਸ ਦੇ ਡੇਰੇ ਦੀਆਂ ਵੀ ਸਿੱਖ ਕੌਮ ਨੂੰ ਬਹੁਤ
ਦੇਣਾਂ ਹਨ ਪਰ ਸੱਭ ਤੋਂ ਵੱਡੀ ਦੇਣ ਇਹ ਹੈ ਕਿ ਇਸ ਡੇਰੇ ਮਸਤੂਆਣੇ ਵਿੱਚ ਸਿੱਖ ਕੌਮ ਦੇ ਸਿੱਖੀ ਦੇ
ਕੇਂਦਰ ਦਰਬਾਰ ਸਾਹਿਬ ਦੀ ਮਹਤੱਤਾ ਘਟਾਉਣ ਅਤੇ ਆਪਣੇ ਡੇਰੇ ਦੀ ਮਹਤੱਤਾ ਵਧਾਉਣ ਲਈ ਦਰਬਾਰ ਸਾਹਿਬ
ਦੀ ਇਨਬਿਨ ਨਕਲ ਤਿਆਰ ਕਰ ਦਿੱਤੀ ਹੈ, ਇਹ ਮਹਾਨ ਕਾਰਜ ਇਸ ਡੇਰੇ ਦੇ ਇੱਕ ਸਾਧ ਧਰਮ ਸਿੰਘ ਨੇ ੧੯੯੦
ਵਿੱਚ ਸ਼ੁਰੂ ਕਰਾਇਆ। ਉਸ ਦਾ ਕਹਿਣਾ ਸੀ ਕਿ ਉਸ ਨੂੰ ਸੰਤ ਅਤਰ ਸਿੰਘ ਨੇ ਸੁਫਨੇ ਵਿੱਚ ਆਕੇ ਇਹ
ਦਰਬਾਰ ਸਾਹਿਬ ਬਣਾਉਣ ਲਈ ਆਖਿਆ ਸੀ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਫੁਰਮਾਉਂਦੀ ਹੈ, "ਸੁਪਨੇ
ਸੇਤੀ ਚਿਤੁ ਮੂਰਖਿ ਲਾਇਆ।। " (ਮ: ੫, ਪੰਨਾ ੭੦੭)। ਇਨ੍ਹਾਂ ਇੱਕ ਸੁਫਨੇ ਦਾ ਬਹਾਨਾ ਬਣਾ ਕੇ
ਸਿੱਖ ਕੌਮ ਦੇ ਮਹਾਨ ਕੇਂਦਰੀ ਸਥਾਨ ਦੀ ਨਕਲ ਤਿਆਰ ਕਰ ਦਿੱਤੀ।
ਉਂਝ ਇਨ੍ਹਾਂ ਦੀ ਕਿਤਾਬ ਸੰਤ ਸਰੋਵਰ ਵਿੱਚ ਵੀ ਲਿਖਿਆ ਹੈ ਕਿ ਮਰਨ ਤੋਂ
ਪਹਿਲਾਂ ਇਸ ਨੇ ਆਖਿਆ ਸੀ ਕਿ ਇਥੇ ਮਹਾਨ ਤੀਰਥ ਪਰਗਟ ਹੋਣਗੇ। ਇਸ ਦੇ ਨਾਲ ਇੱਕ ਹੋਰ ਪਖੰਡੀ ਸਾਧ ਇਸ
ਕੰਮ ਵਿੱਚ ਸ਼ਾਮਲ ਰਿਹਾ, ਉਹ ਸੀ ਬਲਵੰਤ ਸਿੰਘ ਸਿਹੋੜੇ ਵਾਲਾ। ਉਸ ਵੇਲੇ ਵੀ ਕੌਮ ਵਿੱਚ ਇਸ ਗੈਰ
ਸਿਧਾਂਤਕ, ਪੰਥ ਵਿੱਚ ਵੰਡੀਆਂ ਪਾਉਣ ਵਾਲੇ, ਪੰਥ ਮਾਰੂ ਕਾਰੇ ਵਿਰੁਧ ਕਾਫੀ ਰੋਸ ਜਾਗਿਆ। ਇਥੋਂ ਤੱਕ
ਕੇ ੧੯੯੬ ਵਿੱਚ ਅਕਾਲ-ਤਖਤ ਸਾਹਿਬ ਵਲੋਂ ਇੱਕ ਆਦੇਸ਼ ਜਾਰੀ ਕਰਕੇ ਇਸ ਨੂੰ ਰੁਕਵਾਇਆ ਗਿਆ, ਪਰ ਉਦੋਂ
ਤੱਕ ਬਿਲਡਿੰਗ ਤਕਰੀਬਨ ਤਿਆਰ ਹੋ ਚੁੱਕੀ ਸੀ ਅਤੇ ਸਰੋਵਰ ਬਣ ਰਿਹਾ ਸੀ। ਇਹ ਦਰਬਾਰ ਸਾਹਿਬ ਦੀ
ਅਹਿਮੀਅਤ ਘਟਾਉਣ ਦੀ ਕੋਝੀ ਕੋਸ਼ਿਸ਼ ਹੈ। ਇਹ ਇੱਕ ਸਥਾਪਤ ਸਚਾਈ ਹੈ ਕਿ ਜਿਸ ਚੀਜ਼ ਜਾਂ ਸ਼ਖਸ਼ੀਅਤ ਦੀ
ਮਹੱਤਤਾ ਘਟਾਉਣੀ ਹੋਵੇ, ਉਸ ਦੇ ਬਰਾਬਰ ਉਸ ਵਰਗੀ ਹੋਰ ਚੀਜ਼ ਬਣਾ ਦਿਓ ਜਾਂ ਉਸ ਸ਼ਖਸ਼ੀਅਤ ਦੇ ਬਰਾਬਰ
ਹੋਰ ਸ਼ਖਸ਼ੀਅਤ ਖੜੀ ਕਰ ਦਿਓ, ਅਤੇ ਉਸ ਨੂੰ ਵਧੇਰੇ ਮਾਨਤਾ ਦੇਣੀ ਸ਼ੁਰੂ ਕਰ ਦਿਓ। ਬਿਲਕੁਲ ਉਵੇਂ,
ਜਿਵੇਂ ਅਜ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਬਚਿੱਤਰ ਨਾਟਕ ਨਾਂ ਦੀ ਕਿਤਾਬ ਨੂੰ ਦਸਮ ਗ੍ਰੰਥ ਦੇ
ਨਾਂ `ਤੇ ਉਭਾਰਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਹਿੰਦੂਤਵੀ ਤਾਕਤਾਂ ਦੁਆਰਾ ਅੰਮ੍ਰਿਤਸਰ ਵਿੱਚ
ਦੁਰਗਿਆਣਾ ਮੰਦਿਰ ਬਣਾ ਕੇ ਇਹ ਕੋਸ਼ਿਸ਼ ਕੀਤੀ ਗਈ ਸੀ। ਅਸਲ ਵਿੱਚ ਇਹ ਬਾਬੇ ਐਸੀਆਂ ਸ਼ਕਤੀਆਂ ਦੇ
ਇਸ਼ਾਰਿਆਂ `ਤੇ ਹੀ ਇਹ ਕਾਰਜ ਕਰ ਰਹੇ ਹਨ। ਇਹ ਫੈਸਲਾ ਹੁਣ ਪਾਠਕ ਆਪ ਹੀ ਕਰ ਲੈਣ ਕਿ ਅੰਮ੍ਰਿਤਸਰ
ਵਿੱਚ ਦਰਬਾਰ ਸਾਹਿਬ ਦੇ ਮੁਕਾਬਲੇ `ਤੇ ਦੁਰਗਿਆਣਾ ਮੰਦਰ ਬਨਵਾਉਣ ਵਾਲੇ ਹਰਸਾਏ ਮੱਲ ਕਪੂਰ, ਮਦਨ
ਮੋਹਨ ਮਾਲਵੀਆ ਅਤੇ ਇਨ੍ਹਾਂ ਵਿੱਚ ਕੀ ਫਰਕ ਹੈ?
ਹਾਲਾਂਕਿ ਇਸ ਡੇਰੇ ਨੂੰ ਚਲਾਉਣ ਵਾਸਤੇ ਇੱਕ ਕਮੇਟੀ ਬਣਾਈ ਹੋਈ ਹੈ, ਜਿਸ ਦੀ
ਚੋਣ ਵੋਟਾਂ ਰਾਹੀਂ ਹੁੰਦੀ ਹੈ, ਪਰ ਅਕਸਰ ਇਸ ਉਤੇ ਕੁੱਝ ਪਖੰਡੀ ਸਾਧਾਂ ਦਾ ਹੀ ਕਬਜ਼ਾ ਰਿਹਾ ਹੈ।
ਪਿਛਲੇ ਕੁੱਝ ਸਮੇਂ ਤੋਂ ਇਸ ਡੇਰੇ `ਤੇ ਬਲਵੰਤ ਸਿੰਘ ਸਿਹੋੜੇ ਵਾਲੇ ਅਤੇ (ਅਖੌਤੀ ਮਹੰਤ) ਸਾਧੂ
ਸਿੰਘ ਦਾ ਕਬਜ਼ਾ ਸੀ। ਇਹ ਪਖੰਡੀ ਬਲਵੰਤ ਸਿੰਘ ਸਹੋੜੇ ਵਾਲਾ ਜਦੋਂ ਸੰਗਤ ਵਿੱਚ ਬੈਠਦਾ ਸੀ ਤਾਂ ਗੁਰੂ
ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਵੀ ਇੱਕ ਬੰਦਾ ਇਸ ਦੇ ਪਿੱਛੇ ਚੌਰ ਕਰਦਾ ਰਹਿੰਦਾ ਸੀ, ਫਰਕ ਬਸ
ਸਿਰਫ ਇਤਨਾ ਹੁੰਦਾ ਕਿ ਉਹ ਚੌਰ ਇੱਕ ਤੌਲਿਆ ਨੁਮਾਂ ਕਪੜੇ ਨਾਲ ਕੀਤਾ ਜਾਂਦਾ ਸੀ। ਜੇ ਕਿਤੇ ਕੋਈ
ਮੱਖੀ ਇਸ ਪਖੰਡੀ ਸਾਧ ਦੇ ਨੇੜੇ ਆ ਜਾਵੇ ਤਾਂ ਜਿਵੇਂ ਉਹ ਬੰਦਾ ਉਸ ਮੱਖੀ ਨੂੰ ਮਾਰਨ ਲਈ ਭੱਜਦਾ ਅਤੇ
ਤੜਫੜਾਉਂਦਾ, ਇਹ ਵੇਖਣ ਵਾਲਾ ਹੀ ਨਜ਼ਾਰਾ ਹੁੰਦਾ ਸੀ। ਹੋਰ ਕਈ ਪਖੰਡੀ ਬਾਬਿਆਂ ਵਾਂਗੂੰ, ਇਹ ਵੀ
ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗੱਦੀ ਲਾਕੇ ਬੈਠਦਾ ਅਤੇ ਆਪਣੇ ਸ਼ਰਧਾਲੂਆਂ ਤੋਂ ਮੱਥੇ
ਟਿਕਾਉਂਦਾ ਸੀ। ਜੇ ਕਿਤੇ ਇਸ ਦੇ ਸ਼ਰਧਾਲੂਆਂ ਨੂੰ ਮੱਥਾ ਟੇਕਦੇ ਵੇਖੋ ਤਾਂ ਇਹ ਗੱਲ ਸਪੱਸ਼ਟ ਹੋ
ਜਾਂਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਤਾਂ ਕੇਵਲ ਇੱਕ ਵਿਖਾਵਾ ਹੈ, ਉਨ੍ਹਾਂ ਦੀ
ਅਸਲ ਸ਼ਰਧਾ ਤਾਂ ਬਾਬੇ ਵਿੱਚ ਹੀ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਤਾਂ ਇਨ੍ਹਾਂ
ਦੀ ਕਾਰੋਬਾਰੀ ਲੋੜ ਅਤੇ ਮਜ਼ਬੂਰੀ ਹੈ। ਪਖੰਡੀ ਬਲਵੰਤ ਸਿੰਘ ਸਿਹੋੜੇ ਵਾਲੇ ਨੇ ਸਾਧੂ ਸਿੰਘ ਨਾਲ ਮਿਲ
ਕੇ, ੨੦੦੯ ਵਿੱਚ ਇਸ ਇਮਾਰਤ ਅਤੇ ਸਰੋਵਰ ਨੂੰ ਪੂਰਾ ਕਰਵਾਉਣ ਅਤੇ ਇਸ ਵਿੱਚ ਪਾਣੀ ਭਰਨ ਦਾ ਕੰਮ
ਸ਼ੁਰੂ ਕਰਾ ਦਿੱਤਾ। ਬਲਵੰਤ ਸਿੰਘ ਸਿਹੋੜੇ ਵਾਲੇ ਦਾ ਇਹ ਕਹਿਣਾ ਸੀ ਕਿ ਗੁਰੂ ਗੋਬਿੰਦ ਸਿੰਘ
ਪਾਤਿਸ਼ਾਹ ਨੇ ਆਪ ਉਸ ਨੂੰ ਆਦੇਸ਼ ਕੀਤਾ ਸੀ ਕਿ ਇਹ ਇਮਾਰਤ ਅਤੇ ਸਰੋਵਰ ਉਸ ਨੇ ਪੂਰਾ ਕਰਾਉਣਾ ਹੈ।
ਹੈਰਾਨਗੀ ਦੀ ਗੱਲ ਹੈ, ਕਿ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਉਸ ਨੂੰ ਮਿਲੇ ਕਿਥੇ? ਜ਼ਾਹਿਰ ਹੈ ਇਸ ਨੁੰ
ਵੀ ਕਿਤੇ ਸੁਫਨੇ ਵਿੱਚ ਮਿਲੇ ਹੋਣਗੇ। ਸੁਫਨੇ ਵਿੱਚ ਆਕੇ ਉਨ੍ਹਾਂ ਇਹ ਨਹੀਂ ਕਿਹਾ, ਕਿ ਪੰਜਾਬ ਵਿੱਚ
੮੦-੯੦ % ਸਿੱਖ ਪਤਿਤ ਹੋ ਗਿਆ ਹੈ, ਸਿੱਖੀ ਨੂੰ ਮੁੜ ਸੁਰਜੀਤ ਕਰਨ ਲਈ ਕੋਈ ਪ੍ਰਚਾਰ ਲਹਿਰ ਚਲਾਓ,
ਨਾਂ ਇਹ ਕਿਹਾ ਕਿ ਪੰਜਾਬ ਨਸ਼ਿਆਂ ਵਿੱਚ ਗਲਤਾਨ ਹੋਕੇ, ਬਰਬਾਦ ਹੁੰਦਾ ਜਾ ਰਿਹਾ ਹੈ, ਇਸ ਨੂੰ ਬਚਾਉਣ
ਦੇ ਕੋਈ ਉਪਰਾਲੇ ਕਰੋ। ਸਿੱਧਾ ਇਹ ਹੀ ਕਿਹਾ, ਕਿ ਮਹਾਪੁਰਖੋ (ਮਹਾਮੂਰਖੋ) ਤੁਸੀਂ ਸਤਿਗੁਰੂ ਰਾਮਦਾਸ
ਪਾਤਿਸ਼ਾਹ ਦੇ ਮੁਕਾਬਲੇ `ਤੇ ਉਤਰ ਆਓ, ਅਤੇ ਉਨ੍ਹਾਂ ਦੁਆਰਾ ਸਥਾਪਿਤ ਕੀਤੇ ਸਿੱਖੀ ਦੇ ਕੇਂਦਰ ਦੇ
ਮੁਕਾਬਲੇ `ਤੇ ਇੱਕ ਇਮਾਰਤ ਖੜੀ ਕਰਕੇ, ਦਰਬਾਰ ਸਾਹਿਬ ਦੀ ਅਹਿਮੀਅਤ ਘਟਾ ਦਿਓ, ਅਤੇ ਸਿੱਖਾਂ ਨੂੰ
ਵੰਡਣ ਵਾਸਤੇ ਕੰਮ ਸ਼ੁਰੂ ਕਰ ਦਿਓ। ਵਾਹ! ਕਿਆ ਲਾਜਵਾਬ ਢਕੌਂਸਲੇ ਬਾਜੀ ਹੈ। ਇਸ ਨੇ ਮਾਲਵੇ ਦਾ ਅਲੱਗ
ਅਕਾਲ-ਤਖ਼ਤ ਬਣਾਉਣ ਦਾ ਐਲਾਨ ਵੀ ਕੀਤਾ ਹੋਇਆ ਸੀ, ਜੇ ਕਿਤੇ ਇਹ ਬਣ ਗਿਆ ਤਾਂ ਉਸ ਨਾਲ ਕੌਮ ਵਿੱਚ ਜੋ
ਨਵੀਆਂ ਦੁਬਿਧਾ ਅਤੇ ਸਮੱਸਿਆਵਾਂ ਖੜੀਆਂ ਹੋਣਗੀਆਂ, ਉਸ ਦਾ ਅੰਦਾਜ਼ਾ ਸਮਝਦਾਰ ਗੁਰਸਿੱਖ ਸਹਿਜੇ ਹੀ
ਲਾ ਸਕਦੇ ਹਨ।
੨੦੦੯ ਵਿੱਚ ਇਸ ਦੇ ਦੁਬਾਰਾ ਕੰਮ ਸ਼ੁਰੂ ਕਰਾਉਣ ਤੋਂ ਬਾਅਦ ਫਿਰ ਇਸ ਵਿੱਸ਼ੇ
`ਤੇ ਕੁੱਝ ਰੌਲਾ ਰੱਪਾ ਪੈਣ ਨਾਲ, ਜਾਪਿਆ ਜਿਵੇਂ ਕੌਮ ਵਿੱਚ ਕੁੱਝ ਜਾਗ੍ਰਿਤੀ ਆਈ ਹੋਵੇ। ਜਿਥੇ
ਸਾਰੀ ਕੌਮ ਵਿੱਚ ਇਹ ਇੱਕ ਚਿੰਤਾ ਦਾ ਵਿਸ਼ਾ ਬਣਿਆ ਉਥੇ ਸ਼੍ਰੋਮਣੀ ਕਮੇਟੀ ਵਿੱਚ ਕੁੱਝ ਹਿਲਜੁਲ ਵੇਖਣ
ਨੂੰ ਮਿਲੀ। ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ ਅਤੇ ਸ਼੍ਰੋਮਣੀ ਕਮੇਟੀ ਨੇ ਵੀ ਵਿਸ਼ੇ ਦੀ ਮਹਤੱਤਾ
ਨੂੰ ਸਮਝਦੇ ਹੋਏ, ਪੰਥਕ ਜਥੇਬੰਦੀਆਂ ਦੀ ਇੱਕ ਮੀਟਿੰਗ ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ
ਵਿੱਖੇ ੨੦ ਜੂਨ ੨੦੦੯ ਨੂੰ ਸੱਦ ਲਈ। ਇੱਕ ਵਾਰੀ ਤਾਂ ਇੰਝ ਜਾਪਿਆ ਜਿਵੇਂ ਮਹੱਤਵ ਪੂਰਨ ਕੌਮੀ
ਮਸਲਿਆਂ ਨੂੰ ਹਲ ਕਰਨ ਲਈ ਪੁਰਾਤਨ ਸਰਬਤ ਖਾਲਸਾ ਦੀ ਮਰਿਆਦਾ ਸੁਰਜੀਤ ਕਰਨ ਵਲ ਵਧ ਰਹੇ ਹੋਈਏ। ਇਸ
ਮੀਟਿੰਗ ਤੋਂ ਪਹਿਲਾਂ ਮੇਰੀ ਸ਼੍ਰੋਮਣੀ ਕਮੇਟੀ ਦੇ ਉਸ ਵੇਲੇ ਦੇ ਪ੍ਰਧਾਨ ਸ੍ਰ. ਅਵਤਾਰ ਸਿੰਘ (ਮੱਕੜ)
ਨਾਲ ਗਲ ਹੋਈ ਤਾਂ ਉਨ੍ਹਾਂ ਅਖਿਆ ਸ੍ਰ. ਰਾਜਿੰਦਰ ਸਿੰਘ, ਇੱਕ ਵਾਰੀ ਇਹ ਸੇਵਾ ਸਾਨੂੰ ਮਿਲ ਜਾਣ
ਦਿਓ, ਇਹ ਸਾਰੀ ਜ਼ਮੀਨ ਜਾਇਦਾਦ ਸਾਡੀ ਹੈ, ਨਾਲੇ ਇਸ ਬਹਾਨੇ ਇਸ ਦਾ ਕਬਜ਼ਾ ਸਾਨੂੰ ਮਿਲ ਜਾਵੇਗਾ,
ਨਾਲੇ ਬਗੈਰ ਢਾਹੇ, ਇਸ ਇਮਾਰਤ ਦੀ ਉਹ ਹਾਲਤ ਕਰ ਦੇਵਾਂਗੇ ਕਿ ਉਥੇ ਖਿੜਕੀਆਂ ਦਰਵਾਜ਼ਿਆ ਤੱਕ ਕੁੱਝ
ਨਹੀਂ ਨਜ਼ਰ ਆਵੇਗਾ। ਪਰ ਪੁਟਿਆ ਪਹਾੜ ਅਤੇ ਨਿਕਲਿਆ ਚੂਹਾ। ਪਹਿਲਾਂ ਤਾਂ ਉਥੇ ਮੀਟਿੰਗ ਵਿੱਚ ਸਾਰਾ
ਲਾਮਡੋਰਾ ਉਨ੍ਹਾਂ ਡੇਰੇਦਾਰਾਂ ਦਾ ਹੀ ਇਕੱਠਾ ਕੀਤਾ ਹੋਇਆ ਸੀ, ਜੋ ਇਨ੍ਹਾਂ ਦੇ ਹੀ ਭਾਈਬੰਦ ਹਨ ਅਤੇ
ਆਪਣੇ ਆਪਣੇ ਤਰੀਕੇ ਨਾਲ ਸਿੱਖੀ ਨੂੰ ਬ੍ਰਾਹਮਣਵਾਦੀ ਕਰਮਕਾਂਡੀ ਧਰਮ ਬਣਾਉਣ ਅਤੇ ਭੋਲੇ ਭਾਲੇ ਲੋਕਾਂ
ਦਾ ਮਾਨਸਿਕ, ਧਾਰਮਿਕ, ਆਰਥਿਕ ਅਤੇ ਸਮਾਜਿਕ ਸੋਸ਼ਨ ਕਰਨ ਦੇ ਆਹਰ ਵਿੱਚ ਲਗੇ ਹੋਏ ਹਨ। ਉਨ੍ਹਾਂ ਤਾਂ
ਸਿੱਧੇ ਜਾਂ ਅਸਿੱਧੇ ਤੌਰ `ਤੇ ਇਨ੍ਹਾਂ ਦੀ ਹਮਾਇਤ ਹੀ ਕਰਨੀ ਸੀ। ਫਿਰ ਬਾਵਜੂਦ ਇਸ ਦੇ ਕਿ ਉਥੇ
ਹਾਜ਼ਰ ਜਥੇਬੰਦੀਆਂ ਦੇ ਬਹੁਗਿਣਤੀ ਨੁਮਾਂਇਦਿਆਂ ਨੇ, ਇਸ ਇਮਾਰਤ ਨੂੰ ਫੌਰੀ ਢਾਹੁਣ ਦੀ ਸਿਫਾਰਸ਼
ਕੀਤੀ, ਅਤੇ ਉਨ੍ਹਾਂ ਦੇ ਵਿਚਾਰਾਂ ਦੀ ਪ੍ਰੋੜਤਾ ਕਰਦਿਆਂ ਹਾਜ਼ਰ ਸੰਗਤਾਂ ਨੇ ਭਰਪੂਰ ਜੈਕਾਰੇ ਛੱਡੇ,
ਪਰ ਸ਼੍ਰੋਮਣੀ ਕਮੇਟੀ ਨੇ ਆਪਣੇ ਪਾਲਤੂ ਤੋਤਿਆਂ ਕੋਲੋਂ, ਰਟੀ-ਰਟਾਈ ਭਾਸ਼ਾ ਬੁਲਾਕੇ, ਫੈਸਲਾ ਉਹੀ
ਸੁਣਾਇਆ ਜੋ ਉਨ੍ਹਾਂ ਪਹਿਲਾਂ ਹੀ ਕੀਤਾ ਹੋਇਆ ਸੀ, ਕਿ ਵਿਵਾਦਿਤ ਗੁਰਦੁਆਰੇ ਦੀ ਇਮਾਰਤ ਵਿੱਚ
ਤਬਦੀਲੀ ਕਰ ਦਿੱਤੀ ਜਾਵੇ ਤਾਕਿ ਇਹ ਦਰਬਾਰ ਸਾਹਿਬ ਵਰਗਾ ਨਾ ਲੱਗੇ, ਅਤੇ ਇਹ ਕੰਮ ਕਰਨ ਦੀ
ਜ਼ੁਮੇਂਵਾਰੀ ਸ਼੍ਰੋਮਣੀ ਕਮੇਟੀ `ਤੇ ਪਾ ਦਿੱਤੀ।
ਹਾਲਾਂਕੇ ਇਨ੍ਹਾਂ ਬਾਬਿਆਂ ਦੇ, ਉਥੇ ਹਾਜ਼ਰ ਨੁਮਾਇੰਦੇ ਨੇ, ਇਹ ਯਕੀਨ ਦੁਆਇਆ
ਸੀ, ਕਿ ਉਹ ਪੰਥ ਦਾ ਹਰ ਫੈਸਲਾ ਪ੍ਰਵਾਨ ਕਰਨਗੇ, ਪਰ ਦੋ-ਚਾਰ ਦਿਨਾਂ ਬਾਅਦ ਹੀ, ਉਨ੍ਹਾਂ ਫੈਸਲੇ
`ਤੇ ਵਿਚਾਰ ਕਰਨ ਲਈ ੨੮ ਜੂਨ ੨੦੦੯ ਨੂੰ ਇੱਕ ਇਕੱਠ ਸੱਦ ਲਿਆ। ਪਹਿਲਾਂ ਤਾਂ ਸੁਆਲ ਇਹ ਹੈ ਕਿ ਕੀ
ਅਕਾਲ-ਤਖ਼ਤ ਦੀ ਸਰਪ੍ਰਸਤੀ ਵਿੱਚ ਹੋਏ ਪੰਥਕ ਫੈਸਲੇ `ਤੇ ਵਿਚਾਰ ਕੀਤੀ ਜਾ ਸਕਦੀ ਹੈ? ਦੂਸਰਾ ਉਨ੍ਹਾਂ
ਇਕੱਠ ਸੱਦਣ ਦੀ ਖਬਰ ਛਾਪਦਿਆਂ, ਸੰਗਤਾਂ ਨੂੰ ਭਾਵੁਕ ਕਰਨ ਲਈ ਇਹ ਲਿਖਿਆ, ਕਿ ਗੁਰਦੁਆਰੇ ਢਾਹੁਣਾ
ਅਬਦਾਲੀਆਂ ਅਤੇ ਦੁਰਾਨੀਆਂ ਦਾ ਕੰਮ ਹੈ, ਸਿਖਾਂ ਦਾ ਨਹੀਂ। ਦੂਸਰਾ ਸੁਆਲ ਇਹ ਹੈ ਕਿ ਸਿੱਖੀ ਦੇ
ਕੇਂਦਰ ਦੇ ਮੁਕਾਬਲੇ ਵਿੱਚ ਇੱਕ ਸਾਜਸ਼ ਅਧੀਨ ਖੜੀ ਕੀਤੀ ਜਾ ਰਹੀ ਇਮਾਰਤ ਨੂੰ ਸਿਰਫ ਇਸ ਵਾਸਤੇ
ਗੁਰਦੁਆਰਾ ਆਖ ਦਿਆਂਗੇ, ਕਿਉਂਕਿ, ਉਥੇ ਕੌਮ ਨੂੰ ਮੂਰਖ ਬਣਾਉਣ ਲਈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼
ਕਰ ਦਿਤਾ ਗਿਆ ਹੈ? ਗੁਰਦੁਆਰਾ ਕੋਈ ਪੂਜਾ ਦਾ ਅਸਥਾਨ ਨਹੀਂ, ਜਿਥੇ ਅਲੱਗ ਅਲੱਗ ਦੇਵੀ-ਦੇਵਤਿਆਂ ਦੀ
ਪੂਜਾ ਵਾਸਤੇ ਅਲੱਗ-ਅਲੱਗ ਮੰਦਰ ਬਣਾਏ ਜਾਣ। ਜਦ ਉਥੇ ਤਾਂ ਪਹਿਲਾਂ ਹੀ ਅੰਗੀਠਾ ਸਾਹਿਬ ਨਾਂ ਦਾ,
ਅਤਰ ਸਿੰਘ ਦੀ ਮਾਤਾ ਭੋਲੀ ਕੌਰ ਦੇ ਨਾਂ ਦਾ ਅਤੇ ਹੋਰ ਕਈ ਗੁਰਦੁਆਰੇ (?) ਬਣੇ ਹੋਏ ਹਨ, ਜਿਨ੍ਹਾਂ
ਨੂੰ, ਜੇ ਨੀਅਤ ਹੋਵੇ ਤਾਂ ਚੰਗੇ ਧਰਮ ਪ੍ਰਚਾਰ ਦੇ ਕੇਂਦਰ ਦੇ ਤੌਰ `ਤੇ ਵਰਤਿਆ ਜਾ ਸਕਦਾ ਹੈ, ਤਾਂ
ਫੇਰ ਨਾਲ ਹੀ ਹੋਰ ਗੁਰਦੁਆਰਾ ਬਣਾਉਣ ਦੀ ਲੋੜ ਹੀ ਕਿੱਥੇ ਹੈ? ਪਰ ਇਨ੍ਹਾਂ ਡੇਰੇਦਾਰਾਂ ਦਾ ਸਿਧਾਂਤ
ਨਾਲ ਕੀ ਸਬੰਧ ਹੈ?
ਬਸ ਬਾਬਿਆਂ ਦੇ ਦਬਕੇ ਦੀ ਦੇਰ ਸੀ, ਕਿ ਅਖੌਤੀ ਜਥੇਦਾਰਾਂ ਦੀ ਅਤੇ ਸ਼੍ਰੋਮਣੀ
ਕਮੇਟੀ ਦੀ ਸਾਰੀ ਫੂਕ ਨਿਕਲ ਗਈ। ਝਟਪਟ ਅੰਦਰ ਵੜ੍ਹ ਕੇ ਗੁਪਤ ਸਮਝੌਤਾ ਕਰ ਲਿਆ। ਦੁਨੀਆਂ ਨੂੰ
ਵਿਖਾਣ ਲਈ ਤਾਂ ਇਹ ਕਿਹਾ ਗਿਆ, ਕਿ ਅਕਾਲ ਤਖਤ ਸਾਹਿਬ ਦੇ ਆਦੇਸ਼ `ਤੇ ਉਨ੍ਹਾਂ ਇਕੱਠ ਸੱਦਣ ਦਾ
ਫੈਸਲਾ ਰੱਦ ਕਰ ਦਿੱਤਾ ਹੈ, ਪਰ ਸਚਾਈ ਤੋਂ ਹਰ ਸੁਚੇਤ ਸਿੱਖ ਜਾਣੂ ਹੈ ਕਿ ਅੰਦਰ ਖਾਤੇ ਉਨ੍ਹਾਂ ਨੂੰ
ਇਹ ਯਕੀਨ ਦਿਵਾਇਆ ਗਿਆ ਕਿ ਅਸੀਂ ਤੁਹਾਡੀ ਇਮਾਰਤ ਨੂੰ ਕੁੱਝ ਨਹੀਂ ਕਹਿੰਦੇ, ਤੁਸੀਂ ਸਾਡੇ (ਅਕਾਲ
ਤਖਤ ਦੇ) ਟਾਕਰੇ `ਤੇ ਨਾ ਆਓ। ੩੦ ਜੂਨ ੨੦੦੯ ਨੂੰ ਸ਼੍ਰੋਮਣੀ ਕਮੇਟੀ ਦੀ ਇੱਕ ਸਬ ਕਮੇਟੀ, ਜਿਸ ਦੀ
ਅਗਵਾਈ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ੍ਰ. ਸੁਖਦੇਵ ਸਿੰਘ ਭੌਰ ਕਰ ਰਹੇ ਸਨ, ਮੌਕੇ `ਤੇ ਗਈ,
ਅਤੇ ਬਾਬਿਆਂ ਦੇ ਹੀ ਇੰਜੀਨੀਅਰ, ਜੋ ਉਥੇ ਅਖੌਤੀ ਕਾਰ ਸੇਵਾ ਦੀ ਦੇਖ ਰੇਖ ਕਰ ਰਹੇ ਸਨ, ਨੂੰ ਇਹ
ਕਹਿ ਆਏ, ਕਿ ਪ੍ਰਮੁੱਖ ਇਮਾਰਤ ਨੂੰ ਕੋਈ ਨੁਕਸਾਨ ਪਹੁੰਚਾਏ ਬਿਨਾਂ ਉਸ ਦੀ ਦਿੱਖ ਬਦਲ ਦਿਤੀ ਜਾਏ।
ਜਦੋਂ ਮੈਂ ਸ੍ਰ. ਭੌਰ ਸਾਹਿਬ ਨੂੰ ਇਸ ਬਾਰੇ ਟੈਲੀਫੋਨ `ਤੇ ਪੁੱਛਿਆ, ਕਿ ਸਤਿਕਾਰ ਯੋਗ ਜੀਓ! ਕਿਰਪਾ
ਕਰ ਕੇ ਇਹ ਤਾਂ ਦਸ ਦਿਓ, ਕਿ ਬਿਲਡਿੰਗ ਨੂੰ ਨੁਕਸਾਨ ਪਹੁੰਚਾਏ ਬਗੈਰ ਦਿੱਖ ਕਿਵੇਂ ਬਦਲੀ ਜਾ ਸਕਦੀ
ਹੈ? ਤਾਂ ਉਹ ਇੱਕ ਦਮ ਮੁੱਕਰ ਗਏ, ਅਤੇ ਕਹਿਣ ਲਗੇ, ਅਸੀਂ ਤਾਂ ਇਹ ਕਹਿ ਕੇ ਆਏ ਹਾਂ ਕਿ ਅਕਾਲ ਤਖਤ
ਸਾਹਿਬ ਦਾ ਹੁਕਮਨਾਮਾ ਇਨ ਬਿਨ ਲਾਗੂ ਕਰੋ, ਜਦਕਿ ਇਹ ਕੰਮ ਕਰਨ ਦੀ ਡਿਊਟੀ ਇਸ ਕਮੇਟੀ ਦੀ ਲਗਾਈ ਗਈ
ਸੀ।
ਅੱਜ ਅਸਲ ਹਾਲਤ ਇਹ ਹੈ, ਕਿ ਕੇਵਲ ਪ੍ਰਮੁਖ ਇਮਾਰਤ ਦੇ ਦੁਆਲੇ ਇੱਕ ਵਰਾਂਡਾ,
ਅਤੇ ਅਖੌਤੀ ਹਰ ਕੀ ਪਉੜੀ ਅੱਗੇ ਇੱਕ ਦੀਵਾਰ ਬਣਾ ਦਿੱਤੀ ਗਈ ਹੈ। ਜਿਵੇਂ ਉਪਰ ਦੱਸਿਆ ਗਿਆ ਹੈ ਕਿ
੧੯੯੬ ਵਿੱਚ ਵੀ ਅਕਾਲ ਤਖਤ ਦੇ ਆਦੇਸ਼ਾਂ `ਤੇ ਇਸ ਇਮਾਰਤ ਨੂੰ ਅਗੋਂ ਬਣਨੋ ਰੁਕਵਾਇਆ ਗਿਆ ਸੀ, ਪਰ
ਸਮਾਂ ਪੈਂਦਿਆਂ ਹੀ ਫਿਰ ਦੁਬਾਰਾ ਸ਼ੁਰੂ ਕਰ ਲਿਆ ਗਿਆ। ਹੁਣ ਇਸ ਵਰਾਂਡੇ ਅਤੇ ਦੀਵਾਰ ਨੂੰ
ਢਾਹੁੰਦਿਆਂ ਕਿਤਨਾ ਸਮਾਂ ਲਗਣਾ ਹੈ? ਸਰੋਵਰ ਉੱਥੇ ਦਾ ਉੱਥੇ ਹੈ, ਜਦੋਂ ਮਰਜ਼ੀ ਪਾਣੀ ਭਰ ਲਓ।
ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਈ ਮੀਟਿੰਗ ਵਿੱਚ ਮੈਂ ਇਸ ਇਮਾਰਤ ਨੂੰ
ਪੂਰੀ ਤਰ੍ਹਾਂ ਢਾਹੁਣ ਦੀ ਸਿਫਾਰਸ਼ ਕਰਦੇ ਹੋਏ, ਬਲਵੰਤ ਸਿੰਘ ਸਿਹੋੜੇ ਵਾਲੇ ਵਲੋਂ ਗੁਰੂ ਗ੍ਰੰਥ
ਸਾਹਿਬ ਜੀ ਦੀ ਹਜ਼ੂਰੀ ਵਿੱਚ ਕੀਤੇ ਜਾ ਰਹੇ ਮਨਮੱਤੀ ਕੰਮਾਂ ਬਾਰੇ ਵੀ ਜਾਣਕਾਰੀ ਦਿੱਤੀ ਸੀ, ਜਿਵੇਂ
ਕਿ ਸਤਿਗੁਰੂ ਦੀ ਹਜ਼ੂਰੀ ਵਿੱਚ ਅਲੱਗ ਗੱਦੀ ਲਾਕੇ ਬੈਠਣਾ, ਆਪਣੇ ਸਿਰ `ਤੇ ਕਪੜੇ ਦਾ ਚੌਰ ਕਰਾਉਣਾ,
ਸੰਗਤਾਂ ਕੋਲੋਂ ਮੱਥਾ ਟਿਕਵਾਉਣਾ, ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਤਿਗੁਰੂ ਦੇ ਦਰਬਾਰ ਵਿੱਚ ਆਉਣਾ
ਅਤੇ ਬਾਅਦ ਵਿੱਚ ਪੰਜ ਪਿਆਰਿਆਂ ਦਾ, ਬਾਬੇ ਦੇ ਬਾਡੀਗਾਰਡਾਂ ਵਾਂਗੂੰ ਬਾਬੇ ਦੇ ਪਿੱਛੇ, ਦੀਵਾਨ ਦੀ
ਸਮਾਪਤੀ ਤੱਕ ਖੜੇ ਰਹਿਣਾ, ਗੁਰੂ ਗ੍ਰੰਥ ਸਾਹਿਬ ਦੀ ਬਜਾਏ ਬਾਬੇ ਨੂੰ ਰੁਮਾਲਾ ਭੇਟ ਕਰਨਾ ਅਤੇ
ਪਹਿਨਾਉਣਾ ਆਦਿ. . । ਬਜਾਏ ਇਸ ਪਖੰਡੀ ਬਾਬੇ ਨੂੰ ਪੰਥ ਦੀ ਕਚਹਿਰੀ ਵਿੱਚ ਪੇਸ਼ ਕਰਨ ਦੇ, ਹੋਏ ਗੁਪਤ
ਸਮਝੌਤੇ ਅਨੁਸਾਰ ਬਾਬੇ ਨੂੰ ਇਹ ਕਹਿ ਕੇ ਸੁਰਖਰੂ ਕਰ ਦਿੱਤਾ ਗਿਆ ਹੈ, ਕਿ ਬਾਬੇ ਨੇ ਯਕੀਨ ਦੁਆਇਆ
ਹੈ ਕਿ ਉਹ ਅਗੋਂ ਐਸਾ ਨਹੀਂ ਕਰੇਗਾ। ਕੀ ਉਸ ਦੇ ਇਹ ਯਕੀਨ ਦਿਵਾਉਣ ਨਾਲ ਉਸ ਵਲੋਂ ਪਹਿਲਾਂ ਕੀਤੀਆਂ
ਗਈਆਂ ਮਨਮਤੀਆਂ ਅਤੇ ਗੁਰੂ ਗ੍ਰੰਥ ਸਾਹਿਬ ਪਾਤਿਸ਼ਾਹ ਦਾ ਕੀਤਾ ਅਪਮਾਨ ਸਭ ਖ਼ਤਮ ਹੋ ਗਏ? ਇਨ੍ਹਾਂ
ਦੋਨਾਂ ਦੀ ਮੌਤ ਤੋਂ ਬਾਅਦ ਹੁਣ ਸੁਰਜੀਤ ਸਿੰਘ ਨਾਂ ਦਾ ਵਿਅਕਤੀ ਇਨ੍ਹਾਂ ਦੀ ਗੱਦੀ `ਤੇ ਬੈਠਾ ਹੈ।
ਪਿਛਲੇ ਕਾਫੀ ਸਮੇਂ ਤੋਂ ਇਸ ਡੇਰੇ ਦਾ ਪ੍ਰਬੰਧ ਅਕਾਲੀ ਦੱਲ ਬਾਦਲ ਦੇ ਜਨਰਲ
ਸਕੱਤਰ ਅਤੇ ਪ੍ਰਮੁਖ ਆਗੂ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਇੱਕ ਕਮੇਟੀ ਕੋਲ ਹੈ, ਪਰ ਉਹ
ਦਰਬਾਰ ਸਾਹਿਬ ਦੀ ਨਕਲ ਉਵੇਂ ਦੀ ਉਵੇਂ ਕਾਇਮ ਹੈ। ਇਹ ਸਿਆਸੀ ਆਗੂ ਕਿਹੜਾ ਇਨ੍ਹਾਂ ਬਾਬਿਆਂ ਦੇ
ਪ੍ਰਭਾਵ ਤੋਂ ਮੁਕਤ ਹਨ? ਇਨ੍ਹਾਂ ਨੂੰ ਵੀ ਤਾਂ ਬਾਬਿਆਂ ਦੇ ਸ਼ਰਧਾਲੂਆਂ ਦੇ ਵੋਟ ਚਾਹੀਦੇ ਹਨ।
(ਦਾਸ ਦੀ ਨਵੀਂ ਕਿਤਾਬ "ਖਾਲਸਾ ਪੰਥ ਬਨਾਮ ਡੇਰਾਵਾਦ" ਵਿਚੋਂ)