ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਜਿਨਿ ਗੋਇ ਉਠਾਲੀ
ਸੰਸਾਰ ਦੇ ਇਤਿਹਾਸ ਵਿੱਚ ਉਹਨਾਂ ਲੋਕਾਂ ਦੀਆਂ ਬਹੁਤ ਮਿਸਾਲਾਂ ਮਿਲਦੀਆਂ ਹਨ
ਜਿੰਨ੍ਹਾਂ ਨੇ ਆਪਣੀਆਂ ਕੌਮਾਂ ਲਈ ਆਪਣੇ ਸੁੱਖ ਅਰਾਮ ਨੂੰ ਤਿਆਗ ਕੇ ਆਪਣੀਆਂ ਜਾਨਾਂ ਕੁਰਬਾਨ ਕਰ
ਦਿੱਤੀਆਂ। ਇਹਨਾਂ ਕੁਰਬਾਨੀਆਂ ਦੇਣ ਵਾਲਿਆਂ ਦਾ ਮੁੱਖ ਮੁੱਦਾ ਆਪਣੀ ਕੌਮ ਦੀ ਬੇਹਤਰੀ ਲਈ ਹੀ ਮੰਨਿਆ
ਗਿਆ ਹੈ। ਕਈ ਧਾਰਮਕ ਆਗੂ ਵੀ ਇੱਕ ਫਿਰਕੇ ਦੇ ਹੀ ਹੋ ਨਿਬੜੇ ਹਨ। ਕਈ ਮਤ ਵੀ ਏਸੇ ਗੱਲ `ਤੇ ਜ਼ੋਰ
ਦੇਂਦੇ ਹਨ ਕਿ ਜਿਹੜਾ ਸਾਡੇ ਮਤ ਨੂੰ ਗ੍ਰਹਿਣ ਕਰ ਲਵੇਗਾ ਉਸ ਨੂੰ ਦੁਨੀਆਂ ਦੀਆਂ ਸਾਰੀਆਂ ਸੁੱਖ
ਸਹੂਲਤਾਂ ਮਿਲ ਜਾਣਗੀਆਂ। ਜਿਸ ਤਰ੍ਹਾਂ ਇਸਾਈ ਮਤ ਇਸ ਗੱਲ `ਤੇ ਜ਼ੋਰ ਦੇਂਦਾ ਹੈ ਕਿ ਜਿਹੜਾ ਈਸਾ
ਮਸੀਹ `ਤੇ ਯਕੀਨ ਕਰੇਗਾ ਸਿਰਫ ਉਸੇ ਦਾ ਹੀ ਭਲਾ ਹੋਏਗਾ, ਜਨੀ ਕਿ ਪਿੱਛਲੇ ਸਾਰੇ ਪਾਪ ਮੁਆਫ਼ ਹੋ
ਜਾਣਗੇ। ਇਸਲਾਮ ਵਾਲਿਆਂ ਦਾ ਬੜਾ ਤਗੜਾ ਭਰੋਸਾ ਹੈ ਕਿ ਜਿਹੜਾ ਕੇਵਲ ਹਜ਼ਰਤ ਮੁਹੰਮਦ ਸਾਹਿਬ `ਤੇ
ਯਕੀਨ ਕਰੇਗਾ ਬਹਿਸ਼ਤ ਵਿੱਚ ਓਸੇ ਨੂੰ ਹੀ ਜਗ੍ਹਾ ਮਿਲੇਗੀ ਵਰਨਾ ਬਾਕੀ ਸਾਰੇ ਦੋਜ਼ਕ ਦੀ ਅੱਗ ਵਿੱਚ ਹੀ
ਸੜ੍ਹਨਗੇ ਤੇ ਉਹਨਾਂ ਨੂੰ ਕਾਫਰ ਮੰਨਿਆ ਜਾਏਗਾ। ਅਜੇਹੀਆਂ ਤਰਕ ਹੀਣ ਗੱਲਾਂ ਨੂੰ ਸਰ ਮੁਹੰਮਦ ਇਕਬਾਲ
ਇੰਜ ਲਿਖਦੇ ਹਨ—
ਬਹਿਸ਼ਤੋ, ਹੂਰੋ, ਗਿਲਿਮਾ, ਇਵਜਿ ਤਾਈਤ ਮੈਂ ਨਾ ਮਾਨੂੰਗਾ,
ਇਨਹੀਂ ਬਾਤੋਂ ਸੇ, ਐ ਜ਼ਾਹਿਦ! ਜ਼ਈਫ਼ ਇਮਾਨ ਹੋਤਾ ਹੈ।
ਭਾਵ— (ਮੈਂ ਇਹ ਲਾਰਾ ਕਿ ਇਸਲਾਮੀ ਸ਼ਰਾ ਦੀ ਤਾਬੇਦਾਰੀ ਦੇ ਬਦਲੇ ਅੱਗੇ
ਬਹਿਸ਼ਤ ਵਿੱਚ ਹੂਰਾਂ `ਤੇ ਲੌਂਡੇ ਮਿਲਣਗੇ, ਕਦਾਚਿੱਤ ਨਹੀਂ ਮੰਨਦਾ, ਕਿਉਂਕਿ ਅਜੇਹੀਆਂ ਗੱਲਾਂ ਤੇ
ਲਾਰਿਆਂ ਨਾਲ ਈਮਾਨ ਹੀ ਪਤਲਾ ਤੇ ਕੰਮਜ਼ੋਰ ਪੈ ਜਾਂਦਾ ਹੈ)।
ਦੂਸਰਾ ਇਹਨਾਂ ਮਤਾਂ ਦਿਆਂ ਧਾਰਮਿਕ ਗ੍ਰੰਥਾਂ ਵਿੱਚ ਕਿਸੇ ਹੋਰ ਸ਼੍ਰੇਣੀ ਦੇ
ਵਿਆਕਤੀ ਦੇ ਰੱਬੀ ਕਲਾਮ ਨੂੰ ਕੋਈ ਥਾਂ ਨਹੀਂ ਦਿੱਤੀ ਗਈ। ਏਦਾਂ ਕਿਹਾ ਜਾ ਸਕਦਾ ਹੈ ਕਿ ਉਹ ਸਰਬ
ਸਾਂਝੇ ਧਰਮਾਂ ਦਾ ਰੂਪ ਨਹੀਂ ਧਾਰ ਸਕੇ। ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਹਰ ਖੇਤਰ ਵਿਚੋਂ ਨੈਤਿਕ
ਕਦਰਾਂ ਕੀਮਤਾਂ ਗਵਾਚ ਚੁੱਕੀਆਂ ਹੋਈਆਂ ਸਨ। ਹਰ ਪਾਸੇ ਕੂੜ ਦਾ ਬੋਲ-ਬਾਲਾ ਸੀ। ਰਾਜਨੀਤਕ, ਧਾਰਮਿਕ,
ਤੇ ਹੋਰ ਅਹਿਲਕਾਰ ਇਕਵੱਢਿਓਂ ਸਾਰੇ ਹੀ ਮਨੁੱਖਤਾ ਪ੍ਰਤੀ ਆਪਣੀ ਬਣਦੀ ਜ਼ਿੰਮੇਵਾਰੀ ਭੁੱਲ ਗਏ ਸਨ।
ਇਹਨਾਂ ਆਗੂਆਂ ਦੀਆਂ ਆਪਣੀਆਂ ਖ਼ੁਦਗਰਜ਼ੀਆਂ ਨੇ ਹੀ ਮਨੁੱਖਤਾ ਦਾ ਘਾਣ ਕੀਤਾ ਹੋਇਆ ਸੀ। ਵਿਚਾਰੇ ਲੋਕ
ਆਗਿਆਨਤਾ ਵੱਸ ਆਪਣੀ ਅਣਖ਼ ਤੇ ਗੈਰਤ ਗਵਾ ਚੁੱਕੇ ਸਨ। ਲੋਕ ਆਪਣੀ ਚੰਗੀ ਕਿਸਮਤ ਲਈ ਧਾਰਮਿਕ
ਪੁਜਾਰੀਆਂ ਪਾਸੋਂ ਅਰਦਾਸਾਂ ਕਰਵਾ ਰਹੇ ਸਨ। ਇਸ ਸਾਰੀ ਅਵਸਥਾ ਦੇ ਹਨੇਰੇ ਨੂੰ ਦੂਰ ਕਰਨ ਲਈ, ਇੱਕ
ਪ੍ਰਭੂ ਦੇ ਗੁਣਾਂ ਨੂੰ ਧਾਰਨ ਕਰਕੇ ਹੀ ਸੁਖ ਮਾਣਿਆ ਜਾ ਸਕਦਾ ਹੈ। ਮੋਟੇ ਤੌਰ `ਤੇ ਕਿਹਾ ਜਾ ਸਕਦਾ
ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਕਿਸੇ ਵੀ ਵਿਆਕਤੀ ਨੂੰ ਆਪਣਾ ਮਤ ਤਿਆਗਣ ਲਈ ਨਹੀਂ ਕਿਹਾ ਸਗੋਂ
ਇਹ ਹੀ ਕਿਹਾ ਹੈ ਕਿ "ਐ ਇਨਸਾਨ ਜਿਸ ਮਤ ਨਾਲ ਵੀ ਸਬੰਧ ਰੱਖਦਾ ਏਂ ਰੱਖ ਇਹ ਤੇਰੀ ਆਪਣੀ ਮੌਜ ਹੈ,
ਤੇਰੀ ਆਪਣੀ ਪਸੰਦ ਹੈ। ਪਰ ਤੂੰ ਇੱਕ ਚੰਗਾ ਇਨਸਾਨ ਬਣਨ ਦਾ ਵੀ ਯਤਨ ਜ਼ਰੂਰ ਕਰਨਾ ਹੈ"।
ਕਲਿ ਕੀਰਤਿ ਪਰਗਟੁ ਚਾਨਣੁ ਸੰਸਾਰਿ।।
ਗੁਰਮੁਖਿ ਕੋਈ ਉਤਰੈ ਪਾਰਿ।।
ਜਿਸ ਨੋ ਨਦਰਿ ਕਰੇ ਤਿਸੁ ਦੇਵੈ।।
ਨਾਨਕ ਗੁਰਮੁਖਿ ਰਤਨੁ ਸੋ ਲੇਵੈ।। ੨।।
ਸਲੋਕ ਮ: ੩ ਪੰਨਾ ੧੪੫
ਅਰਥ
:
—ਇਸ ਕਲਜੁਗੀ ਸੁਭਾਵ (-ਰੂਪ
ਹਨੇਰੇ ਨੂੰ ਦੂਰ ਕਰਨ) ਲਈ (ਪ੍ਰਭੂ ਦੀ) ਸਿਫ਼ਤਿ-ਸਾਲਾਹ (ਸਮਰੱਥ) ਹੈ, (ਇਹ ਸਿਫ਼ਤਿ-ਸਾਲਾਹ) ਜਗਤ
ਵਿੱਚ ਉੱਘਾ ਚਾਨਣ ਹੈ, (ਪਰ) ਕੋਈ (ਵਿਰਲਾ) ਜੋ ਗੁਰੂ ਦੇ ਸਨਮੁਖ ਹੁੰਦਾ ਹੈ (ਇਸ ਚਾਨਣ ਦਾ ਆਸਰਾ
ਲੈ ਕੇ ਇਸ ਹਨੇਰੇ ਵਿਚੋਂ) ਪਾਰ ਲੰਘਦਾ ਹੈ।
ਹੇ ਨਾਨਕ! ਪ੍ਰਭੂ ਜਿਸ ਉਤੇ ਮਿਹਰ ਦੀ ਨਜ਼ਰ ਕਰਦਾ ਹੈ, ਉਸ ਨੂੰ (ਇਹ
ਕੀਰਤਿ-ਰੂਪ ਚਾਨਣ) ਦੇਂਦਾ ਹੈ, ਉਹ ਮਨੁੱਖ ਗੁਰੂ ਦੇ ਸਨਮੁਖ ਹੋ ਕੇ (ਨਾਮ-ਰੂਪ) ਰਤਨ ਲੱਭ ਲੈਂਦਾ
ਹੈ।
ਭਾਈ ਬਲਵੰਡ ਜੀ ਫਰਮਾਉਂਦੇ ਹਨ ਕਿ ਗੁਰੂ ਬਣਨ `ਤੇ ਭਾਈ ਲਹਿਣਾ ਜੀ ਦੀ
ਵਡਿਆਈ ਸਾਰੇ ਜਗਤ ਵਿੱਚ ਫੈਲ ਗਈ। ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣਾ ਜੀ ਨੂੰ ਸਾਰੀ ਧਰਤੀ ਦਾ
ਭਾਰ ਚੁਕਾ ਦਿੱਤਾ ਭਾਵ ਸਾਰੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਾ ਦਿੱਤਾ। ਪੂਰੀ ਪਉੜੀ ਦਾ ਪਾਠ
ਹੇਠਾਂ ਅੰਕਤ ਹੈ—
ਜਿਨਿ ਕੀਤੀ ਸੋ ਮੰਨਣਾ, ਕੋ ਸਾਲੁ, ਜਿਵਾਹੇ ਸਾਲੀ।।
ਧਰਮ ਰਾਇ ਹੈ ਦੇਵਤਾ, ਲੈ ਗਲਾ ਕਰੇ ਦਲਾਲੀ।।
ਸਤਿਗੁਰੁ ਆਖੈ ਸਚਾ ਕਰੇ, ਸਾ ਬਾਤ ਹੋਵੈ ਦਰਹਾਲੀ।।
ਗੁਰ ਅੰਗਦ ਦੀ ਦੋਹੀ ਫਿਰੀ, ਸਚੁ ਕਰਤੈ ਬੰਧਿ ਬਹਾਲੀ।।
ਨਾਨਕੁ ਕਾਇਆ ਪਲਟੁ ਕਰਿ, ਮਲਿ ਤਖਤੁ ਬੈਠਾ ਸੈ ਡਾਲੀ।।
ਦਰੁ ਸੇਵੇ ਉਮਤਿ ਖੜੀ, ਮਸਕਲੈ ਹੋਇ ਜੰਗਾਲੀ।।
ਦਰਿ ਦਰਵੇਸੁ, ਖਸੰਮ ਦੈ ਨਾਇ ਸਚੈ ਬਾਣੀ ਲਾਲੀ।।
ਬਲਵੰਡ, ਖੀਵੀ ਨੇਕ ਜਨ, ਜਿਸੁ ਬਹੁਤੀ ਛਾਉ ਪਤ੍ਰਾਲੀ।।
ਲੰਗਰਿ ਦਉਲਤਿ ਵੰਡੀਐ, ਰਸੁ ਅੰਮ੍ਰਿਤੁ ਖੀਰਿ ਘਿਆਲੀ।।
ਗੁਰਸਿਖਾ ਕੇ ਮੁਖ ਉਜਲੇ, ਮਨਮੁਖ ਥੀਏ ਪਰਾਲੀ।।
ਪਏ ਕਬੂਲੁ ਖਸੰਮ ਨਾਲਿ, ਜਾਂ ਘਾਲ ਮਰਦੀ ਘਾਲੀ।।
ਮਾਤਾ ਖੀਵੀ ਸਹੁ ਸੋਇ, ਜਿਨਿ ਗੋਇ ਉਠਾਲੀ।। ੩।।
ਪੰਨਾ ੯੬੭
ਅੱਖਰੀਂ ਅਰਥ
-—ਜਿਸ
(ਗੁਰੂ ਅੰਗਦ ਦੇਵ ਜੀ) ਨੇ (ਨਿਮ੍ਰਤਾ ਵਿੱਚ ਰਹਿ ਕੇ ਸਤਿਗੁਰੂ ਦਾ ਹੁਕਮ ਮੰਨਣ ਦੀ ਘਾਲ-ਕਮਾਈ)
ਕੀਤੀ, ਉਹ ਮੰਨਣ-ਜੋਗ ਹੋ ਗਿਆ। (ਦੋਹਾਂ ਵਿਚੋਂ) ਕੌਣ ਸ੍ਰੇਸ਼ਟ ਹੈ? ਜਿਵਾਂਹ ਕਿ ਮੁੰਜੀ? (ਮੁੰਜੀ
ਹੀ ਚੰਗੀ ਹੈ, ਜੋ ਨੀਵੇਂ ਥਾਂ ਪਲਦੀ ਹੈ। ਇਸੇ ਤਰ੍ਹਾਂ ਜੋ ਨੀਵਾਂ ਰਹਿ ਕੇ ਹੁਕਮ ਮੰਨਦਾ ਹੈ ਉਹ
ਆਦਰ ਪਾ ਲੈਂਦਾ ਹੈ)। ਗੁਰੂ ਅੰਗਦ ਸਾਹਿਬ ਧਰਮ ਦਾ ਰਾਜਾ ਹੋ ਗਿਆ ਹੈ, ਧਰਮ ਦਾ ਦੇਵਤਾ ਹੋ ਗਿਆ ਹੈ,
ਜੀਵਾਂ ਦੀਆਂ ਅਰਜ਼ੋਈਆਂ ਸੁਣ ਕੇ ਪਰਮਾਤਮਾ ਨਾਲ ਜੋੜਨ ਦਾ ਵਿਚੋਲਾ-ਪਨ ਕਰ ਰਿਹਾ ਹੈ।
(ਹੁਣ) ਸਤਿਗੁਰੂ (ਅੰਗਦ ਦੇਵ) ਜੋ ਬਚਨ ਬੋਲਦਾ ਹੈ ਅਕਾਲ ਪੁਰਖ ਉਹੀ ਕਰਦਾ
ਹੈ, ਉਹੀ ਗੱਲ ਤੁਰਤ ਹੋ ਜਾਂਦੀ ਹੈ। ਗੁਰੂ ਅੰਗਦ ਦੇਵ (ਜੀ) ਵਡਿਆਈ ਦੀ ਧੁੰਮ ਪੈ ਗਈ ਹੈ, ਸੱਚੇ
ਕਰਤਾਰ ਨੇ ਪੱਕੀ ਕਰ ਕੇ ਕਾਇਮ ਕਰ ਦਿੱਤੀ ਹੈ।
ਸੈਂਕੜੇ ਸੇਵਕਾਂ ਵਾਲਾ ਗੁਰੂ ਨਾਨਕ ਸਰੀਰ ਵਟਾ ਕੇ (ਭਾਵ, ਗੁਰੂ ਅੰਗਦ ਦੇਵ
ਜੀ ਦੇ ਸਰੂਪ ਵਿਚ) ਗੱਦੀ ਸੰਭਾਲ ਕੇ ਬੈਠਾ ਹੋਇਆ ਹੈ (ਗੁਰੂ ਅੰਗਦ ਦੇਵ ਜੀ ਦੇ ਅੰਦਰ ਗੁਰੂ ਨਾਨਕ
ਸਾਹਿਬ ਵਾਲੀ ਹੀ ਜੋਤਿ ਹੈ, ਕੇਵਲ ਸਰੀਰ ਪਲਟਿਆ ਹੈ)। ਸੰਗਤਿ (ਗੁਰੂ ਅੰਗਦ ਦੇਵ ਜੀ ਦਾ) ਦਰ (ਮੱਲ
ਕੇ) ਪ੍ਰੇਮ ਨਾਲ ਸੇਵਾ ਕਰ ਰਹੀ ਹੈ (ਅਤੇ ਆਪਣੇ ਆਤਮਾ ਨੂੰ ਪਵਿਤ੍ਰ ਕਰ ਰਹੀ ਹੈ, ਜਿਵੇਂ) ਜੰਗਾਲੀ
ਹੋਈ ਧਾਤ ਮਸਕਲੇ ਨਾਲ (ਸਾਫ਼) ਹੋ ਜਾਂਦੀ ਹੈ। (ਗੁਰੂ ਨਾਨਕ ਦੇ) ਦਰ ਤੇ (ਗੁਰੂ ਅੰਗਦ) ਨਾਮ ਦੀ
ਦਾਤਿ ਦਾ ਸੁਆਲੀ ਹੈ। ਅਕਾਲ ਪੁਰਖ ਦਾ ਸੱਚਾ ਨਾਮ ਸਿਮਰਨ ਦੀ ਬਰਕਤਿ ਨਾਲ (ਗੁਰੂ ਅੰਗਦ ਸਾਹਿਬ ਦੇ
ਮੂੰਹ ਉਤੇ) ਲਾਲੀ ਬਣੀ ਹੋਈ ਹੈ।
ਹੇ ਬਲਵੰਡ! (ਗੁਰੂ ਅੰਗਦ ਦੇਵ ਜੀ ਦੀ ਪਤਨੀ) (ਮਾਤਾ) ਖੀਵੀ ਜੀ (ਭੀ ਆਪਣੇ
ਪਤੀ ਵਾਂਗ) ਬੜੇ ਭਲੇ ਹਨ, ਮਾਤਾ ਖੀਵੀ ਜੀ ਦੀ ਛਾਂ ਬਹੁਤ ਪੱਤ੍ਰਾਂ ਵਾਲੀ (ਸੰਘਣੀ) ਹੈ (ਭਾਵ,
ਮਾਤਾ ਖੀਵੀ ਜੀ ਦੇ ਪਾਸ ਬੈਠਿਆਂ ਭੀ ਹਿਰਦੇ ਵਿੱਚ ਸ਼ਾਂਤੀ-ਠੰਢ ਪੈਦਾ ਹੁੰਦੀ ਹੈ)। (ਜਿਵੇਂ ਗੁਰੂ
ਅੰਗਦ ਦੇਵ ਜੀ ਦੇ ਸਤਸੰਗ-ਰੂਪ) ਲੰਗਰ ਵਿੱਚ (ਨਾਮ ਦੀ) ਦੌਲਤ ਵੰਡੀ ਜਾ ਰਹੀ ਹੈ, ਆਤਮਕ ਜੀਵਨ ਦੇਣ
ਵਾਲਾ ਨਾਮ-ਰਸ ਵੰਡਿਆ ਜਾ ਰਿਹਾ ਹੈ (ਤਿਵੇਂ ਮਾਤਾ ਖੀਵੀ ਜੀ ਦੀ ਸੇਵਾ ਸਦਕਾ ਲੰਗਰ ਵਿੱਚ ਸਭ ਨੂੰ)
ਘਿਉ ਵਾਲੀ ਖੀਰ ਵੰਡੀ ਜਾ ਰਹੀ ਹੈ। (ਗੁਰੂ ਅੰਗਦ ਦੇਵ ਜੀ ਦੇ ਦਰ ਤੇ ਆ ਕੇ) ਗੁਰਸਿੱਖਾਂ ਦੇ ਮੱਥੇ
ਤਾਂ ਖਿੜੇ ਹੋਏ ਹਨ, ਪਰ ਗੁਰੂ ਵਲੋਂ ਬੇਮੁਖਾਂ ਦੇ ਮੂੰਹ (ਈਰਖਾ ਦੇ ਕਾਰਨ) ਪੀਲੇ ਪੈਂਦੇ ਹਨ।
ਮਾਤਾ ਖੀਵੀ ਜੀ ਦਾ ਉਹ ਪਤੀ (ਗੁਰੂ ਅੰਗਦ ਦੇਵ ਐਸਾ ਸੀ) ਜਿਸ ਨੇ (ਸਾਰੀ)
ਧਰਤੀ (ਦਾ ਭਾਰ) ਚੁੱਕ ਲਿਆ ਹੋਇਆ ਸੀ। ਜਦੋਂ (ਗੁਰੂ ਅੰਗਦ ਦੇਵ ਜੀ ਨੇ) ਮਰਦਾਂ ਵਾਲੀ ਘਾਲ ਘਾਲੀ
ਤਾਂ ਉਹ ਆਪਣੇ ਸਤਿਗੁਰੂ (ਗੁਰੂ ਨਾਨਕ) ਦੇ ਦਰ ਤੇ ਕਬੂਲ ਹੋਏ।
ਵਿਚਾਰ ਚਰਚਾ—
ਗੁਰੂ ਨਾਨਕ
ਸਾਹਿਬ ਜੀ ਨੇ ਵਿਗਿਆਨਕ, ਤਰਕ ਸੰਗਤ, ਸਰਲ, ਉਸਾਰੂ ਤੇ ਜੀਵਨ ਨੂੰ ਸਫਲ ਬਣਾਉਣ ਵਾਲਾ ਬਿਲਕੁਲ ਨਵਾਂ
ਆਲਮਗੀਰੀ ਫ਼ਲਸਫ਼ਾ ਦਿੱਤਾ ਜਿਹੜਾ ਝੂਠ, ਪਾਖੰਡ, ਵਿਤਕਰਿਆਂ ਦੀ ਦੁਨੀਆਂ ਤੋਂ ਖਹਿੜਾ ਛੁਡਾ ਕੇ
ਮਨੁੱਖੀ ਅਧਿਕਾਰਾਂ ਦਾ ਅਹਿਸਾਸ ਕਰਾਉਂਦਾ ਹੈ। ਇਨ੍ਹਾਂ ਕਦਰਾਂ ਕੀਮਤਾਂ ਨੂੰ ਮਨੁੱਖਤਾ ਵਿੱਚ ਸਥਿੱਰ
ਰੱਖਣ ਲਈ ਅਗਾਂਹ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣਾ ਜੀ ਦੀ ਚੋਣ ਕੀਤੀ। ਏੱਥੇ ਗੱਲ ਧਿਆਨ
ਮੰਗਦੀ ਹੈ ਕਿ ਗੁਰਿਆਈ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਹੈ। ਜਿਹੜਾ ਇਸ ਜ਼ਿੰਮੇਵਾਰੀ ਦੇ ਯੋਗ ਹੋਇਆ
ਉਸ ਨੂੰ ਇਹ ਬਖਸ਼ਿਸ਼ ਪ੍ਰਾਪਤ ਹੋਈ ਹੈ। ਭਾਈ ਬਲਵੰਡ ਜੀ ਫਰਮਾਉਂਦੇ ਹਨ, ਕਿ ਓੱਥੇ ਗੁਰੂ ਸਾਹਿਬ ਜੀ
ਦੇ ਆਪਣੇ ਪੁੱਤਰ ਵੀ ਬੈਠੇ ਹੋਏ ਸਨ ਪਰ ਉਹਨਾਂ ਨੂੰ ਇਹ ਮਾਣ ਪ੍ਰਾਪਤ ਨਹੀਂ ਹੋ ਸਕਿਆ। ਭਾਈ ਲਹਿਣਾ
ਜੀ ਗੁਰੂ ਨਾਨਕ ਸਾਹਿਬ ਜੀ ਦੀ ਸੋਚ ਅਨੁਸਾਰੀ ਹੋ ਕੇ ਚੱਲੇ ਹਨ, ਗੁਰੂ ਸਾਹਿਬ ਜੀ ਦੇ ਸਾਰੇ ਫ਼ਲਸਫ਼ੇ
ਨੂੰ ਸਮਝਿਆ ਹੀ ਨਹੀਂ ਸਗੋਂ ਆਪਣੇ ਜੀਵਨ ਵਿੱਚ ਢਾਲਿਆ ਹੈ—
ਜਿਨਿ ਕੀਤੀ ਸੋ ਮੰਨਣਾ, ਕੋ ਸਾਲੁ, ਜਿਵਾਹੇ ਸਾਲੀ।।
ਧਰਮ ਰਾਇ ਹੈ ਦੇਵਤਾ, ਲੈ ਗਲਾ ਕਰੇ ਦਲਾਲੀ।।
ਜਿਸ ਨੇ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਮੰਨਿਆ ਉਹ ਮੰਨਣ ਯੋਗ ਹੋ ਗਿਆ—
‘ਜਿਨਿ ਕੀਤੀ ਸੋ ਮੰਨਣਾ`,
ਅਗਲੇ ਅੱਧੇ ਬੰਦ ਵਿੱਚ ਝੋਨੇ ਤੇ ਜਿਵਾਂਹ ਦੀ
ਉਦਾਹਰਣ ਦਿੱਤੀ ਹੈ। ਬੇਟ ਦੇ ਇਲਾਕੇ ਵਿੱਚ ਜਿੱਥੇ ਭਲ਼ ਪੈ ਕੇ ਜ਼ਮੀਨ ਉੱਚੀ ਹੋ ਜਾਂਦੀ ਹੈ ਓੱਥੇ
ਜਿਵਾਂਹ ਆਪਣੇ ਆਪ ਉੱਗ ਪੈਂਦੇ ਹੈ। ਇਸ ਨੂੰ ਪਪੋਲ਼ੀ ਵਾਂਗ ਕੰਡੇ ਹੁੰਦੇ ਹਨ ਤੇ ਇਹ ਬੂਟਾ ਕੋਈ
ਗੁਣਕਾਰੀ ਨਹੀਂ ਹੁੰਦਾ, ਦੂਜੇ ਪਾਸੇ ਝੋਨੇ ਦੀ ਫਸਲ ਨੀਵੀਂ `ਤੇ ਥਾਂ ਹੁੰਦੀ ਹੈ। ਜਦੋਂ ਬਰਸਾਤ
ਹੁੰਦੀ ਹੈ ਤਾਂ ਝੋਨਾ ਪਲਰਦਾ ਹੈ ਪਰ ਜਿਵਾਂਹ ਦਾ ਬੂਟਾ ਸੜ੍ਹ ਜਾਂਦਾ ਹੈ।
‘ਕੋ ਸਾਲੁ, ਜਿਵਾਹੇ ਸਾਲੀ`
ਇਹਨਾਂ ਦੋਹਾਂ ਵਿਚੋਂ ਕਿਸਾਨ ਝੋਨੇ ਦੀ ਫਸਲ ਦੀ
ਸੰਭਾਲ ਕਰਦਾ ਹੈ। ਜਿਵੇਂ ਇਹ ਨਿਰਣਾ ਕਰਨਾ ਸੌਖਾ ਹੈ ਕਿ ਝੋਨੇ ਦੀ ਫਸਲ ਗੁਣਕਾਰੀ ਹੈ ਜਦ ਕਿ
ਜਿਵਾਂਹ ਦੇ ਬੂਟਿਆਂ ਦਾ ਕੋਈ ਲਾਭ ਨਹੀਂ ਹੈ। ਏਸੇ ਤਰ੍ਹਾਂ ਭਾਈ ਲਹਿਣਾ ਜੀ ਤੇ ਗੁਰੂ ਪੁੱਤਰਾਂ ਦਾ
ਨਿਰਣਾ ਕਰਨਾ ਕੋਈ ਔਖਾ ਨਹੀਂ ਹੈ। ਇਸ ਪਰਖ ਵਿੱਚ ਪੁੱਤਰ ਪਿੱਛੇ ਰਹਿ ਗਏ ਤੇ ਭਾਈ ਲਹਿਣਾ ਜੀ
ਪ੍ਰਵਾਨ ਹੋ ਗਏ। ਜਿਵਾਂਹ ਦੇ ਬੂਟੇ ਉੱਚੇ ਥਾਂ ਉਗਦੇ ਹਨ ਤੇ ਬਰਸਾਤ ਵਿੱਚ ਸੜ੍ਹ ਜਾਂਦੇ ਹਨ। ਇਹ
ਜਵਾਂਹ ਹੰਕਾਰ ਦਾ ਪ੍ਰਤੀਕ ਹਨ ਬਰਸਾਤ ਹੋਣ `ਤੇ ਵੀ ਸੁੱਕ ਜਾਂਦਾ ਹੈ ਏਸੇ ਤਰ੍ਹਾਂ ਗੁਰੂ ਸਾਹਿਬ ਜੀ
ਦੇ ਪੁੱਤਰ ਆਪਣੇ ਆਪ ਨੂੰ ੳੱਚੇ ਸਮਝਦੇ ਰਹੇ ਤੇ ਨਾਨਕਈ ਫਲਸਫੇ ਦੀਆਂ ਡੂੰਘਾਈਆਂ ਨੂੰ ਪੱਲੇ ਨਹੀਂ
ਬੱਧਾ।
ਜਿਸ ਤਰ੍ਹਾਂ ਤਿਲ਼ਾਂ ਦੇ ਬੂਟੇ ਜ਼ਮੀਨ ਵਿਚੋਂ ਇਕੋ ਜੇਹੇ ਨਿਕਲਦੇ ਹਨ ਪਰ
ਜਿੰਨ੍ਹਾਂ ਬੂਟਿਆਂ `ਤੇ ਬੱਦਲਾਂ ਦੀ ਲਿਸ਼ਕ ਵੱਜ ਜਾਂਦੀ ਹੈ ਉਹਨਾਂ ਵਿੱਚ ਦਾਣਿਆਂ ਦੀ ਥਾਂ `ਤੇ
ਸਵਾਹ ਭਰ ਜਾਂਦੀ ਹੈ ਤੇ ਜਿਹੜੇ ਬੂਟੇ ਬੱਦਲਾਂ ਦੀ ਲਿਸ਼ਕ ਤੋਂ ਬਚ ਗਏ ਉਹਨਾਂ ਵਿੱਚ ਦਾਣੇ ਭਰੇ
ਹੁੰਦੇ ਹਨ। ਦੇਖਣ ਨੂੰ ਤਿਲ਼ਾਂ ਦੇ ਬੂਟੇ ਇਕੋ ਜੇਹੇ ਲਗਦੇ ਹਨ ਪਰ ਜਿਹੜਿਆਂ ਬੂਟਿਆਂ ਵਿੱਚ ਦਾਣੇ
ਭਰੇ ਹੁੰਦੇ ਹਨ ਉਨ੍ਹਾਂ ਬੂਟਿਆਂ ਦਾ ਮਾਲਕ ਇੱਕ ਹੁੰਦਾ ਹੈ ਜਦ ਕਿ ਸੜੇ ਹੋਏ ਬੂਟਿਆਂ ਦੇ ਸੌ ਮਾਲਕ
ਬਣ ਜਾਂਦੇ ਹਨ।
ਨਾਨਕ ਗੁਰੂ ਨ ਚੇਤਨੀ ਮਨਿ ਆਪਣੈ ਸੁਚੇਤ।।
ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ।।
ਖੇਤੈ ਅੰਦਰਿ ਛੁਟਿਆ ਕਹੁ ਨਾਨਕ ਸਉ ਨਾਹ।।
ਫਲੀਅਹਿ ਫੁਲੀਅਹਿ ਬਪੁੜੇ ਭੀ ਤਨ ਵਿਚਿ ਸੁਆਹ।। ੩।।
ਅੱਖਰੀਂ ਅਰਥ
-—ਹੇ
ਨਾਨਕ! (ਜੋ ਮਨੁੱਖ) ਗੁਰੂ ਨੂੰ ਚੇਤੇ ਨਹੀਂ ਕਰਦੇ ਆਪਣੇ ਆਪ ਵਿੱਚ ਚਤਰ (ਬਣੇ ਹੋਏ) ਹਨ, ਉਹ ਇਉਂ
ਹਨ ਜਿਵੇਂ ਕਿਸੇ ਸੁੰਞੀ ਪੈਲੀ ਵਿੱਚ ਅੰਦਰੋਂ ਸੜੇ ਤਿਲ ਨਿਖਸਮੇ ਪਏ ਹੋਏ ਹਨ। ਹੇ ਨਾਨਕ! (ਬੇਸ਼ਕ)
ਆਖ ਕਿ ਪੈਲੀ ਵਿੱਚ ਨਿਖਸਮੇ ਪਏ ਹੋਏ ਉਹਨਾਂ ਬੂਆੜ ਤਿਲਾਂ ਦੇ ਸੌ ਖਸਮ ਹਨ, ਉਹ ਵਿਚਾਰੇ ਫੁੱਲਦੇ ਭੀ
ਹਨ (ਭਾਵ, ਉਹਨਾਂ ਨੂੰ ਫੁੱਲ ਭੀ ਲੱਗਦੇ ਹਨ), ਫਲਦੇ ਭੀ ਹਨ, ਫੇਰ ਭੀ ਉਹਨਾਂ ਦੇ ਤਨ ਵਿੱਚ (ਭਾਵ,
ਉਹਨਾਂ ਦੀ ਫਲੀ ਵਿੱਚ ਤਿਲਾਂ ਦੀ ਥਾਂ) ਸੁਆਹ ਹੀ ਹੁੰਦੀ ਹੈ।
ਕਰਤਾਰਪੁਰ ਦੀ ਧਰਤੀ `ਤੇ ਪੁੱਤਰ ਤਥਾ ਹੋਰ ਸਿੱਖ ਰਹਿ ਰਹੇ ਹਨ ਪਰ ਭਾਈ
ਲਹਿਣਾ ਜੀ ਗੁਰੂ ਨਾਨਕ ਸਾਹਿਬ ਜੀ ਦੀ ਕਸਵੱਟੀ `ਤੇ ਹੀ ਖਰੇ ਉੱਤਰੇ ਸਨ। ਦੇਖਣ ਨੂੰ ਸਾਰੇ ਮਨੁੱਖ
ਇਕੋ ਜੇਹੇ ਲਗਦੇ ਹਨ ਪਰ ਗੁਣਾਂ ਦੀ ਭਰਪੂਰਤਾ ਸੂਝਵਾਨ ਮਨੁੱਖਾਂ ਵਿਚੋਂ ਹੀ ਪ੍ਰਗਟ ਹੁੰਦੀ ਹੈ। ਜਿਸ
ਤਰ੍ਹਾਂ ਝੋਨੇ ਦੀ ਫਸਲ ਨੀਵੇਂ ਥਾਂ ਤੇ ਬਰਸਾਤ ਪੈਣ ਨਾਲ ਜ਼ਿਆਦਾ ਹੁੰਦੀ ਹੈ ਏਸੇ ਤਰ੍ਹਾਂ ਭਾਈ
ਲਹਿਣਾ ਜੀ ਨੇ ਨਿੰਮ੍ਰਤਾ ਵਿੱਚ ਰਹਿ ਕੇ ਗੁਰੂ ਨਾਨਕ ਸਾਹਿਬ ਜੀ ਦੇ ਵਿਚਾਰਾਂ ਦੇ ਮੀਂਹ ਸਦਕਾ ਗੁਰੂ
ਪਦਵੀ ਹਾਸਲ ਕੀਤੀ। ਭਾਈ ਲਹਿਣਾ ਜੀ ਦੂਸਰੇ ਪਾਤਸ਼ਾਹ ਬਣ ਕੇ ਇੱਕ ਧਰਮਰਾਜ ਦੀ ਜ਼ਿੰਮੇਵਾਰੀ ਨਿਭਾਅ
ਰਹੇ ਹਨ। ਭਾਈ ਲਹਿਣਾ ਜੀ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਦੇ ਹਨ, ਸੱਚ ਨਾਲ ਜੁੜਨ ਦੀ ਤਾਗੀਦ
ਕਰਦੇ ਹਨ—
‘ਧਰਮ ਰਾਇ ਹੈ
ਦੇਵਤਾ, ਲੈ ਗਲਾ ਕਰੇ ਦਲਾਲੀ`।। ਗੁਰੂ ਅੰਗਦ
ਪਾਤਸ਼ਾਹ, ਸਮਾਜ, ਰਾਜਨੀਤਕ, ਧਾਰਮਕ, ਆਰਥਕ ਤੇ ਹੋਰ ਸਰਬ-ਪੱਖੀ ਵਿਕਾਸ ਦੀਆਂ ਵਿਚਾਰਾਂ ਨਾਲ ਸਮਾਜ
ਨੂੰ ਇੱਕ ਨਵੀਂ ਦਿਸ਼ਾ ਦੇਣ ਦਾ ਯਤਨ ਕਰ ਰਹੇ ਹਨ। ਧਰਮਰਾਇ ਸ਼ਬਦ ਬ੍ਰਹਾਮਣੀ ਕਰਮਕਾਂਡ ਵਾਲਾ ਨਹੀਂ ਹੈ
ਏੱਥੇ ਧਰਮਰਾਇ ਤੋਂ ਭਾਵ ਹੈ ਉਹ ਸੋਚ ਜਿਹੜੀ ਮਨੁੱਖੀ ਹੱਕ, ਹਰ ਇਨਸਾਫ਼ ਦੀ ਗੱਲ `ਤੇ ਪਹਿਰਾ ਦੇਂਦੀ
ਹੈ, ਦੁੱਖੀਆਂ ਦੇ ਦੁਖਾਂ ਨੂੰ ਨਿਵਾਰਦੀ ਹੈ।
ਜ਼ਰਾ ਅੱਜ ਦੇ ਰਾਜਨੀਤਕ ਨੇਤਾਵਾਂ ਨੂੰ ਦੇਖਿਆ ਜਾਏ ਤਾਂ ਸਾਰੀ ਰਾਜਨੀਤੀ
ਪ੍ਰਵਾਰਕ ਮੋਹ ਵਿੱਚ ਲਿਬੜ ਕੇ ਰਹਿ ਗਈ ਹੈ। ਧਰਮ ਦੀ ਲੀਹ ਤੋਂ ਲੱਥੇ ਨੇਤਾਜਨ ਧਾਰਮਕ ਆਗੂਆਂ ਨੂੰ
ਆਪਣੇ ਅਨੁਸਾਰ ਚੱਲਣ ਦਾ ਹੁਕਮ ਕਰ ਰਹੇ ਹਨ। ਧਾਰਮਕ ਆਗੂ ਰੋਟੀਆਂ ਕਾਰਨ ਪੂਰੇ ਤਾਲ ਵਾਲੀ ਕਹਾਣੀ
ਹੋਈ ਪਈ ਦਿਸ ਰਹੀ ਹੈ। ਕੋਈ ਵੀ ਆਗੂ ਨਿਯਮਾਵਲੀ ਵਿੱਚ ਨਹੀਂ ਚਲ ਰਿਹਾ ਹੈ ਸਾਰੀ ਰਾਜਨੀਤੀ ਆਪ
ਹੁਦਰੀ ਹੋਈ ਪਈ ਹੈ। ਧਾਰਮਕ ਆਗੂ ਇਹਨਾਂ ਦੀ ਹਾਂ ਵਿੱਚ ਹਾਂ ਮਿਲਾਉਂਦੇ ਹਨ। ਗੁਰੂ ਨਾਨਕ ਸਾਹਿਬ ਜੀ
ਸਿਰੀ ਰਾਗ ਵਿੱਚ ਫਰਮਾਉਂਦੇ ਹਨ ਜਿਸ ਨੂੰ ਹੁਕਮ ਵਿੱਚ ਤੁਰਨ ਦੀ ਜਾਚ ਆ ਗਈ ਉਸ ਦੇ ਹਿਰਦੇ ਵਿੱਚ
ਸ਼ਬਦ ਵੱਸ ਜਾਂਦਾ ਹੈ, ਭਾਵ ਜੀਵਨ ਜਿਉਣ ਦੀ ਜਾਚ ਆ ਜਾਂਦੀ ਹੈ—
ਹੁਕਮੁ ਜਿਨਾ ਨੋ ਮਨਾਇਆ।। ਤਿਨ ਅੰਤਰਿ ਸਬਦੁ ਵਸਾਇਆ।।
ਸਹੀਆ ਸੇ ਸੋਹਾਗਣੀ ਜਿਨ ਸਹ ਨਾਲਿ ਪਿਆਰੁ ਜੀਉ।।
ਸਿਰੀ ਰਾਗ ਮਹਲਾ ੧ ਪੰਨਾ ੭੨
ਅੱਖਰੀਂ ਅਰਥ--ਪਰਮਾਤਮਾ ਜਿਨ੍ਹਾਂ ਜੀਵ-ਇਸਤ੍ਰੀਆਂ ਨੂੰ ਆਪਣਾ ਹੁਕਮ ਮੰਨਣ ਲਈ ਪ੍ਰੇਰਦਾ ਹੈ, ਉਹ
ਆਪਣੇ ਹਿਰਦੇ ਵਿੱਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਸਾਂਦੀਆਂ ਹਨ। ਉਹੀ ਜੀਵ-ਸਹੇਲੀਆਂ
ਭਾਗਾਂ ਵਾਲੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਆਪਣੇ ਖਸਮ-ਪ੍ਰਭੂ ਨਾਲ ਪਿਆਰ ਬਣਿਆ ਰਹਿੰਦਾ ਹੈ। ੯।
ਜਦੋਂ ਸੁਰਤ ਵਿੱਚ ਸ਼ਬਦ ਵਸੇਗਾ ਤਾਂ ਫਿਰ ਸਾਰੇ ਫੈਸਲੇ ਸ਼ਬਦ ਅਨੁਸਾਰ ਹੀ
ਹੋਣਗੇ, ਭਾਵ ਨਿਯਮ ਤਹਿਤ ਹੀ ਹੋਣਗੇ। ਸ਼ਬਦ ਦਾ ਭਾਵ—ਸੱਚ, ਇਮਾਨਦਾਰੀ, ਮਿਹਨਤੀ ਹੋਣਾ, ਸੇਵਾਭਾਵਨਾ
ਦਾ ਜ਼ਜਬਾ ਰੱਖਣਾ ਤੇ ਰੱਬੀ ਗੁਣਾਂ ਨੂੰ ਆਪਣੇ ਸੁਭਾਅ ਦਾ ਹਿੱਸਾ ਬਣਾਉਣਾ। ਗੁਰੂ ਅੰਗਦ ਸਾਹਿਬ ਜੀ
ਨੇ ਗੁਰੂ ਨਾਨਕ ਸਾਹਿਬ ਜੀ ਦੇ ਫ਼ਲਸਫ਼ੇ ਨੂੰ ਸਮਝਿਆ, ਉਸ ਅਨੁਸਾਰੀ ਹੋ ਕੇ ਚਲੇ ਪਰ ਅੱਜ ਕੌਮ ਵਿੱਚ
ਗੁਰਮਤਿ ਦੇ ਫ਼ਲਸਫ਼ੇ ਨੂੰ ਸਮਝਣ ਦੀ ਬਹੁਤ ਵੱਡੀ ਘਾਟ ਮਹਿਸੂਸ ਹੋ ਰਹੀ ਹੈ। ਸਮੁੱਚੀ ਮਨੁੱਖਤਾ ਨੂੰ
ਪਿਆਰ ਗਲਵੱਕੜੀ ਵਿੱਚ ਲੈਣ ਵਾਲੇ ਮਾਨਵਵਾਦੀ ਫਲਸਫੇ ਨੂੰ ਅਸੀਂ ਸੀਮਤ ਕਰਕੇ ਰੱਖ ਦਿੱਤਾ ਹੈ।
ਜਿੰਨੀਆਂ ਜੱਥੇਬੰਦੀਆਂ ਹਨ ਓਨੀਆਂ ਹੀ ਮਰਯਾਦਾਵਾਂ ਬਣਾ ਲਈਆਂ ਹਨ।
ਪਉੜੀ ਦੀ ਦੂਸਰੀ ਤੁਕ ਵਿੱਚ ਭਾਈ ਬਲਵੰਡ ਜੀ ਫਰਮਾਉਂਦੇ ਹਨ ਕਿ ਗੁਰੂ ਅੰਗਦ
ਸਾਹਿਬ ਜੀ ਜੋ ਬਚਨ ਬੋਲਦੇ ਹਨ ਅਕਾਲ ਪੁਰਖ ਉਹ ਹੀ ਕਰਦਾ ਹੈ ਭਾਵ ਉਹਨਾਂ ਦੇ ਬੋਲ ਪੂਰੇ ਹੋ ਜਾਂਦੇ
ਹਨ—
‘ਸਤਿਗੁਰੁ ਆਖੈ ਸਚਾ
ਕਰੇ`
ਇਸ ਦਾ ਅਰਥ ਇਹ ਨਹੀਂ ਕਿ ਗੁਰੂ ਅੰਗਦ ਸਾਹਿਬ ਜੀ ਕੋਈ ਰੱਬ
ਨੂੰ ਹੁਕਮ ਕਰ ਰਹੇ ਹਨ ਤੇ ਰੱਬ ਓਸੇ ਵੇਲੇ ਪੂਰਾ ਕਰ ਦੇਂਦਾ ਹੈ-
‘ਸਾ ਬਾਤ ਹੋਵੈ ਦਰਹਾਲੀ`-
ਇਸ ਦਾ ਭਾਵ ਅਰਥ ਹੈ ਕਿ ਗੁਰੂ ਅੰਗਦ ਸਾਹਿਬ ਜੀ
ਨੇ ਗੁਰੂ ਨਾਨਕ ਸਾਹਿਬ ਜੀ ਦੇ ਪਾਸ ਬੈਠ ਕੇ ਕਾਦਰ ਦੀ ਕੁਦਰਤ ਦੇ ਇਲਾਹੀ ਨਿਯਮਾਂ ਨੂੰ ਸਮਝ ਕੇ
ਏਦਾਂ ਪੇਸ਼ ਕੀਤਾ ਕਿ ਜਨ ਸਧਾਰਨ ਮਨੁੱਖ ਨੂੰ ਵੀ ਉਸ ਦੀ ਸਮਝ ਆ ਸਕਦੀ ਹੈ।
ਸਤਿਗੁਰੁ ਆਖੈ ਸਚਾ ਕਰੇ, ਸਾ ਬਾਤ ਹੋਵੈ ਦਰਹਾਲੀ।।
ਗੁਰ ਅੰਗਦ ਦੀ ਦੋਹੀ ਫਿਰੀ, ਸਚੁ ਕਰਤੈ ਬੰਧਿ ਬਹਾਲੀ।।
ਭਾਰਤੀ ਫ਼ਲਸਫ਼ਾ ਬੜਾ ਗੁੰਝਲ਼ਦਾਰ ਹੈ, ਜਨਮ ਤੋਂ ਲੈ ਕੇ ਮਰਨ ਤਕ ਕਈ ਪਰਕਾਰ
ਦੀਆਂ ਧਾਰਮਕ ਬੰਦਸ਼ਾਂ ਵਿਚੋਂ ਦੀ ਨਿਕਲਣਾ ਪੈਂਦਾ ਸੀ। ਬੰਦੇ ਦੀ ਸਾਰੀ ਉਮਰ ਧਾਰਮਕ ਰਸਮਾਂ
ਨਿਭਾਉਂਦਿਆਂ ਹੀ ਲੰਘ ਜਾਂਦੀ ਹੈ। ਗੁਰਮਤ ਦਾ ਮਾਰਗ ਬਹੁਤ ਸਰਲ ਤੇ ਵਿਗਿਆਨਕ ਸੀ ਜਿਸ ਨੂੰ ਲੋਕਾਂ
ਨੇ ਬਹੁਤ ਛੇਤੀ ਸਮਝਿਆ ਤੇ ਅਪਨਾਇਆ। ਗੁਰੂ ਅੰਗਦ ਸਾਹਿਬ ਜੀ ਦੀਆਂ ਵਡਿਆਈਆਂ ਚਾਰ ਚੁਫੇਰੇ ਫੈਲ
ਗਈਆਂ ਕਿਉਂਕਿ ਗੁਰਦੇਵ ਪਿਤਾ ਜੀ ਨੇ ਸ਼ਬਦ ਦੀ ਵਿਚਾਰ ਨੂੰ ਹੀ ਜੀਵਨ ਦਾ ਮਨੋਰਥ ਬਣਾ ਲਿਆ ਹੋਇਆ ਸੀ।
ਗੁਰੂ ਅਮਰਦਾਸ ਜੀ ਇਸ ਕਥਨ ਨੂੰ ਇਸ ਤਰ੍ਹਾਂ ਸਮਝਾਉਂਦੇ ਹਨ---
ਏ ਮਨ ਮਤ ਜਾਣਹਿ ਹਰਿ ਦੂਰਿ ਹੈ ਸਦਾ ਵੇਖੁ ਹਦੂਰਿ।।
ਸਦ ਸੁਣਦਾ ਸਦ ਵੇਖਦਾ ਸਬਦਿ ਰਹਿਆ ਭਰਪੂਰਿ।। ੧।।
ਆਸਾ ਮਹਲਾ ੩ ਪੰਨਾ ੪੨੯
ਅੱਖਰੀਂ ਅਰਥ
-—ਹੇ
ਮੇਰੇ ਮਨ! ਕਿਤੇ ਇਹ ਨਾਹ ਸਮਝ ਲਈਂ ਕਿ ਪਰਮਾਤਮਾ (ਤੈਥੋਂ) ਦੂਰ ਵੱਸਦਾ ਹੈ, ਉਸ ਨੂੰ ਸਦਾ ਆਪਣੇ
ਅੰਗ-ਸੰਗ ਵੱਸਦਾ ਵੇਖ। (ਜੋ ਕੁੱਝ ਤੂੰ ਬੋਲਦਾ ਹੈਂ ਉਸ ਨੂੰ ਉਹ) ਸਦਾ ਸੁਣ ਰਿਹਾ ਹੈ, (ਤੇਰੇ
ਕੰਮਾਂ ਨੂੰ ਉਹ) ਸਦਾ ਵੇਖ ਰਿਹਾ ਹੈ। ਗੁਰੂ ਦੇ ਸ਼ਬਦ ਵਿੱਚ (ਜੁੜ, ਤੈਨੂੰ ਹਰ ਥਾਂ) ਵਿਆਪਕ ਦਿੱਸ
ਪਏਗਾ।
ਗੁਰੂ ਅੰਗਦ ਸਾਹਿਬ ਜੀ ਦੇ ਸਮਾਜ, ਧਰਮ, ਲੋਕ ਭਲਾਈ ਤੇ ਵਿਦਿਆ ਦੇ ਪਸਾਰ
ਵਰਗੇ ਹਕੀਕੀ ਕੰਮਾਂ ਦੀ ਸਾਰੇ ਦੁਹਾਈ ਫਿਰ ਗਈ ਸੀ। ਹਰੇਕ ਮਨੁੱਖ ਨੂੰ ਬਰਾਬਰ ਬੈਠਣ ਦਾ ਅਧਿਕਾਰ,
ਬਿਨਾ ਭਿੰਨ ਭਾਵ ਦੇ ਵਿਦਿਆ ਦੇਣੀ ਸਮਾਜ ਸੇਵੀ ਕੰਮਾਂ, ਧਰਮ ਦੇ ਨਾਂ `ਤੇ ਕੀਤੇ ਜਾਂਦੇ ਕਰਮਾਂ
ਕਾਂਡਾਂ ਨੂੰ ਨਿਕਾਰਨਾ ਅਤੇ ਮਨੁੱਖਤਾ ਦੀ ਚੇਤੰਤਾ ਵਿੱਚ ਇਨਕਲਾਬੀ ਰੂਹ ਫੂਕਣ ਕਰਕੇ ਸਾਰੇ ਦੁਹਾਈ
ਫਿਰ ਗਈ।
-ਗੁਰ ਅੰਗਦ ਦੀ
ਦੋਹੀ ਫਿਰੀ, ਸਚੁ ਕਰਤੈ ਬੰਧਿ ਬਹਾਲੀ ਭਾਵ ਜਿਹੜਾ
ਕੰਮ ਵੀ ਉਲੀਕ ਰਹੇ ਸਨ ਗੁਰਦੇਵ ਪਿਤਾ ਜੀ ਉਸ ਨੂੰ ਤੁਰੰਤ ਪੂਰਾ ਕਰਦੇ ਸਨ।
ਲੋਕਰਾਜੀ ਢਾਂਚੇ ਵਿੱਚ ਲੋਕ ਆਪਣੇ ਰਾਜਨੀਤਕ ਲੋਕਾਂ ਦੀ ਚੋਣ ਵੋਟਾਂ ਰਾਂਹੀ
ਕਰਦੇ ਹਨ। ਜਿਸ ਪਾਰਟੀ ਦੀ ਸਰਕਾਰ ਬਣਦੀ ਹੈ ਉਹ ਪਾਰਟੀ ਪਹਿਲੀ ਸਰਕਾਰ ਵਾਲੇ ਫੈਸਲੇ ਬਦਲ ਦੇਂਦੀ
ਹੈ। ਧਰਮ ਦੀ ਦੁਨੀਆਂ ਵਿੱਚ ਵੀ ਧਾਰਮਕ ਆਗੂ ਆਪਣੇ ਤੋਂ ਪਹਿਲੇ ਆਗੂਆਂ ਦੇ ਫੈਸਲੇ ਬਦਲ ਦੇਂਦੇ ਹਨ।
ਇਸ ਦਾ ਅਰਥ ਹੈ ਨਵੇਂ ਬਣੇ ਆਗੂ ਪਹਿਲੇ ਫੈਸਲਿਆਂ ਤੋਂ ਸੰਤੁਸ਼ਟ ਨਹੀਂ ਹੁੰਦੇ ਸਨ। ਗੁਰੂ ਨਾਨਕ
ਸਾਹਿਬ ਜੀ ਦੇ ਫ਼ਲਸਫ਼ੇ ਨੂੰ ਭਾਈ ਲਹਿਣਾ ਜੀ ਨੇ ਸਮਝਿਆ ਤੇ ਉਸ ਨੂੰ ਹੂ-ਬ-ਹੂ ਅਪਨਾ ਲਿਆ। ਸਰੀਰ
ਬਦਲਿਆ, ਜੋਤ ਭਾਵ ਸਿਧਾਂਤ, ਅਸੂਲ ਨਹੀਂ ਬਦਲੇ--
ਨਾਨਕੁ ਕਾਇਆ ਪਲਟੁ ਕਰਿ, ਮਲਿ ਤਖਤੁ ਬੈਠਾ ਸੈ ਡਾਲੀ।।
ਭਾਈ ਬਲਵੰਡ ਜੀ ਫਰਮਾਉਂਦੇ ਹਨ ਕਿ ਸੈਂਕੜਿਆਂ ਸੇਵਕਾਂ ਵਾਲਾ ਗੁਰੂ ਨਾਨਕ
ਭਾਈ ਲਹਿਣੇ ਦੇ ਰੂਪ ਵਿੱਚ ਮੁੜ ਗੁਰਗੱਦੀ `ਤੇ ਬੈਠ ਗਏ। ਇੱਕ ਗੱਲ ਸਮਝ ਵਿੱਚ ਆਉਂਦੀ ਹੈ ਕਿ ਗੁਰੂ
ਨਾਨਕ ਸਾਹਿਬ ਜੀ ਤੋਂ ਲੈ ਕੇ ਇਹ ਸਾਰੀ ਪ੍ਰਕਿਰਿਆ ਦਸ ਗੁਰੂ ਸਾਹਿਬਾਨ ਤਕ ਚੱਲੀ। ਇਹ ਸਾਰਾ ਫ਼ਲਸਫ਼ਾ
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ। ਇਸ ਦਾ ਅਰਥ ਹੈ ਕਿ ਕਿ ਸਿੱਖ ਨੇ ਵੀ ਆਪਣੇ ਗੁਰੂ ਦੀ ਸਿਖਿਆ ਲੈ
ਕੇ ਉਹਨਾਂ ਸਿਧਾਂਤਾਂ ਨੂੰ ਆਪਣੇ ਜੀਵਨ ਦਾ ਅਧਾਰ ਬਣਾ ਕੇ ਰੱਬ ਵਰਗਾ ਬਣਨਾ ਹੈ।
ਹਰਿ ਜਨੁ ਐਸਾ ਚਾਹੀਐ, ਜੈਸਾ ਹਰਿ ਹੀ ਹੋਇ।। ੧੪੯।।
ਪੰਨਾ ੧੩੭੨
ਭਗਤ ਅਜੇਹਾ ਹੋਣਾ ਚਾਹੀਦਾ ਹੈ (ਕਿ ਦੁਨੀਆ ਨਾਲ ਵਰਤਦਾ ਹੋਇਆ ਆਪਣੇ ਸੁਭਾਵ
ਨੂੰ ਇਤਨਾ ਅਡੋਲ ਰੱਖੇ) ਕਿ ਇਸ ਵਿੱਚ ਤੇ ਪਰਮਾਤਮਾ ਵਿੱਚ ਕੋਈ ਫ਼ਰਕ ਨਾਹ ਰਹਿ ਜਾਏ। ੧੪੯।
ਜਿਸ ਤਰ੍ਹਾਂ ਜੰਗਾਲ਼ੇ ਹੋਏ ਲੋਹੇ ਨੂੰ ਮਲ਼ ਕੇ ਸਾਫ਼ ਕਰ ਲਿਆ ਜਾਂਦਾ ਹੈ ਏਸੇ
ਤਰ੍ਹਾਂ ਗੁਰੂ ਅੰਗਦ ਸਾਹਿਬ ਜੀ ਦੇ ਦਰਬਾਰ ਅੰਦਰ ਸ਼ਬਦ ਦੀ ਵਿਚਾਰ ਦੁਆਰਾ ਆਪਣੇ ਮਨ ਦੀ ਮੈਲ਼ ਮਲ਼ ਮਲ਼
ਕੇ ਭਾਵ ਵਿਚਾਰ ਵਿਚਾਰ ਕੇ ਲਾਹ ਰਹੇ ਹਨ—
ਦਰੁ ਸੇਵੇ ਉਮਤਿ ਖੜੀ, ਮਸਕਲੈ ਹੋਇ ਜੰਗਾਲੀ।।
ਦਰਿ ਦਰਵੇਸੁ, ਖਸੰਮ ਦੈ ਨਾਇ ਸਚੈ ਬਾਣੀ ਲਾਲੀ।।
ਗੁਰੂ ਅੰਗਦ ਸਾਹਿਬ ਜੀ ਦੇ ਮੂੰਹ `ਤੇ ਲਾਲੀ ਬਣੀ ਹੋਈ ਹੈ। ਇਹ ਲਾਲੀ ਤਾਂ
ਬਣਦੀ ਹੈ ਜਦੋਂ ਅੰਦਰ ਸੱਚ, ਕੰਮ ਕਰਨ ਦੀ ਸਮਰੱਥਾ, ਵਿਗਿਆਨਕ ਸੋਚ, ਦੂਰ ਅੰਦੇਸ਼ੀ ਤੇ ਹਰ ਸਮੇਂ
ਮਨੁੱਖੀ ਜੀਵਨ ਨੂੰ ਉੱਚਾ ਚੁੱਕਦੇ ਰਹਿਣ ਵਾਲੀ ਭਾਵਨਾ ਬਣੀ ਹੋਵੇ। ਸਮੁੱਚੇ ਨੇਕ ਕਰਮਾਂ ਨੂੰ ਨਾਮ
ਕਿਹਾ ਗਿਆ ਹੈ ਇਹਨਾਂ ਨੇਕ ਕਰਮਾਂ ਦੀ ਚਾਹਨਾ ਭਾਈ ਲਹਿਣਾ ਜੀ ਦੀ ਬਣੀ ਹੋਈ ਹੈ।
ਭਾਰਤੀ ਸਮਾਜ ਵਿੱਚ ਇਸਤ੍ਰੀਆਂ ਨੂੰ ਮਨੁੱਖਾਂ ਦੇ ਬਰਾਬਰ ਦਾ ਦਰਜਾ ਹਾਸਲ
ਨਹੀਂ ਸੀ। ਇਸਤ੍ਰੀ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਕਿ ਜਦੋਂ ਜੁੱਤੀ ਟੁੱਟ ਜਾਂਦੀ ਹੈ ਤਾਂ
ਉਸ ਨੂੰ ਬਦਲ ਲਿਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇਸ ਨੂੰ ਮੋੜਾ ਦੇਂਦਿਆਂ ਇਸਤ੍ਰੀਆਂ ਨੂੰ
ਸਮਾਜ ਵਿੱਚ ਬਰਾਬਰ ਦਾ ਦਰਜਾ ਦਿੱਤਾ। ਜਿਸ ਤਰ੍ਹਾਂ ਇੱਕ ਸਰੀਰ ਦੇ ਦੋ ਪੈਰ ਹਨ ਤੇ ਬੰਦੇ ਨੇ ਆਪਣੀ
ਮੰਜ਼ਿਲ ਵਲ ਪੈਰ ਪੁੱਟਣਾ ਹੈ ਤਾਂ ਇੱਕ ਪੈਰ ਨੂੰ ਸਰੀਰ ਦਾ ਭਾਰ ਉਠਾਉਣਾ ਪੈਂਦਾ ਹੈ ਤਾਂ ਹੀ ਦੂਜਾ
ਪੈਰ ਮਿੱਥੀ ਮੰਜ਼ਿਲ ਵਲ ਨੂੰ ਜਾਂਦਾ ਹੈ। ਗ੍ਰਹਿਸਤ ਦੀ ਜ਼ਿੰਦਗੀ ਦੇ ਇਸਤ੍ਰੀ ਪੁਰਸ਼ ਦੇ ਦੋ ਪੈਰ ਹਨ।
ਕਦਮ ਪੁੱਟਣ ਲਈ ਇੱਕ ਦੂਜੇ ਦੀ ਸਹਾਇਤਾ ਦੀ ਜ਼ਰੂਰਤ ਹੈ। ਜਿੱਥੇ ਗੁਰੂ ਅੰਗਦ ਸਾਹਿਬ ਜੀ ਨੇ ਮਨੁੱਖਤਾ
ਦੇ ਭਲੇ ਲਈ ਪੈਰ ਪੁੱਟਿਆ ਹੈ ਓੱਥੇ ਮਾਤਾ ਖੀਵੀ ਜੀ ਨੇ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਹੀ ਨਹੀਂ
ਸੰਭਾਲ਼ੀਆਂ ਸਗੋਂ ਗੁਰੂ ਨਾਨਕ ਸਾਹਿਬ ਜੀ ਵਲੋਂ ਅਰੰਭੇ ਹੋਏ ਕਾਰਜਾਂ ਵਿੱਚ ਵੱਧ ਤੋਂ ਵੱਧ ਆਪਣਾ
ਯੋਗਦਾਨ ਪਾ ਰਹੇ ਹਨ—
ਬਲਵੰਡ, ਖੀਵੀ ਨੇਕ ਜਨ, ਜਿਸੁ ਬਹੁਤੀ ਛਾਉ ਪਤ੍ਰਾਲੀ।।
ਮਾਤਾ ਜੀ ਦਾ ਸੁਭਾਅ ਬਹੁਤ ਹੀ ਨਿੱਘਾ, ਨ੍ਰਿਮਤਾ, ਸੰਤੋਖੀ, ਆਏ ਗਏ ਦੀ
ਬਿਨਾ ਭਿੰਨ ਭਾਵ ਦੇ ਸੇਵਾ ਕਰਨਾ, ਲੋੜਵੰਦਾਂ ਦੀ ਸੇਵਾ ਵਿੱਚ ਤਤਪਰ ਰਹਿਣਾ ਵਾਲਾ ਸੀ। ਹਰ ਇਨਸਾਨ
ਆਖਦਾ ਸੀ ਕਿ ਮਾਤਾ ਜੀ ਦਾ ਸੁਭਾਅ ਇੱਕ ਸੰਘਣੇ ਦਰੱਖਤ ਦੀ ਛਾਂ ਵਰਗਾ ਹੈ। ਜਿਸ ਤਰ੍ਹਾਂ ਜੇਠ
ਹਾੜ੍ਹਾਂ ਦੀਆਂ ਧੁੱਪਾਂ ਵਿੱਚ ਦਰੱਖਤਾਂ ਦੀਆਂ ਟਹਿਣੀਆਂ `ਤੇ ਜਿਹੜਾ ਮਰਜ਼ੀ ਪੰਛੀ ਆ ਕੇ ਬੈਠ ਸਕਦਾ
ਹੈ, ਕੋਈ ਮੁਸਾਫ਼ਰ ਬੈਠ ਕੇ ਅਰਾਮ ਕਰ ਸਕਦਾ ਹੈ। ਗਰਮੀ ਤੋਂ ਬਚਣ ਲਈ ਕਈ ਪਸ਼ੂ ਸੰਘਣੀ ਛਾਂ ਦਾ ਅਨੰਦ
ਲੈਣ ਲਈ ਬੈਠ ਜਾਂਦੇ ਹਨ, ਪਰ ਸੰਘਣੀ ਛਾਂ ਵਾਲੇ ਦਰੱਖਤ ਨੇ ਕਦੇ ਕਿਸੇ ਨੂੰ ਇਹ ਨਹੀਂ ਕਿਹਾ ਕਿ
ਤੈਨੂੰ ਮੈਂ ਆਪਣੀ ਛਾਂ ਥੱਲੇ ਨਹੀਂ ਬੈਠਣ ਦੇਣਾ। ਏਸੇ ਤਰ੍ਹਾਂ ਖਡੂਰ ਦੀ ਧਰਤੀ `ਤੇ ਜਿਹੜਾ ਵੀ
ਮਿਲਣ ਲਈ ਆਉਂਦਾ ਹੈ ਉਸ ਨੂੰ ਬਿਨਾ ਵਿਤਕਰੇ ਲੰਗਣ ਪਾਣੀ ਤਥਾ ਰਾਤ ਰਹਿਣ ਦੀਆਂ ਸਹੂਲਤਾਂ ਦੀ ਦੇਖ
ਰੇਖ ਮਾਤਾ ਖੀਵੀ ਜੀ ਕਰਦੇ ਸਨ। ਸਾਰੇ ਲੋਕ ਮਾਤਾ ਜੀ ਦੀ ਸੇਵਾ ਦੇਖ ਕਿ ਆਖਦੇ ਹਨ ਮਾਤਾ ਜੀ ਦੀ
ਸੇਵਾ ਤਾਂ ਇੱਕ ਸੰਘਣੇ ਰੁੱਖ ਵਰਗੀ ਹੈ। ਰੁੱਖ ਨੂੰ ਕਦੇ ਗੁੱਸਾ ਨਹੀਂ ਆਉਂਦਾ ਸੀ। ਏਸੇ ਤਰ੍ਹਾਂ
ਮਾਤਾ ਜੀ ਨੂੰ ਆਈਆਂ ਸੰਗਤਾਂ ਦੀਆਂ ਸੇਵਾਵਾਂ ਮਨ ਦੀਆਂ ਗਹਿਰਾਈਆਂ ਨਾਲ ਨਿਭਾਅ ਰਹੇ ਹਨ। ਲੰਗਰ
ਛਕਾਉਣ ਲੱਗਿਆਂ ਕਦੇ ਮੱਥੇ ਵੱਟ ਨਹੀਂ ਪਾਇਆ। ਸ਼ੇਖ਼ ਫ਼ਰੀਦ ਜੀ ਫਰਮਾਉਂਦੇ –
ਫਰੀਦਾ ਸਾਹਿਬ ਦੀ ਕਰਿ ਚਾਕਰੀ, ਦਿਲ ਦੀ ਲਾਹਿ ਭਰਾਂਦਿ।।
ਦਰਵੇਸਾਂ ਨੋ ਲੋੜੀਐ, ਰੁਖਾਂ ਦੀ ਜੀਰਾਂਦਿ।। ੬੦।। ਪੰਨਾ ੧੩੮੧
ਅੱਖਰੀਂ
ਅਰਥ-— ਹੇ ਫਰੀਦ! (ਇਹਨਾਂ ‘ਵਿਸੁ
ਗੰਦਲਾਂ` ਦੀ ਖ਼ਾਤਰ ਆਪਣੇ) ਦਿਲ ਦੀ ਭਟਕਣਾ ਦੂਰ ਕਰ ਕੇ ਮਾਲਕ (-ਪ੍ਰਭੂ) ਦੀ ਬੰਦਗੀ ਕਰ। ਫ਼ਕੀਰਾਂ
ਨੂੰ (ਤਾਂ) ਰੁੱਖਾਂ ਵਰਗਾ ਜਿਗਰਾ ਕਰਨਾ ਚਾਹੀਦਾ ਹੈ। ੬੦।
ਲੰਗਰਿ ਦਉਲਤਿ ਵੰਡੀਐ, ਰਸੁ ਅੰਮ੍ਰਿਤੁ ਖੀਰਿ ਘਿਆਲੀ।।
ਸ਼ਬਦ ਲੰਗਰ, ਦੋਲਤ ਤੇ ਵੰਡਣ ਲਈ ਆਇਆ ਹੈ। ਇਸ ਦਾ ਭਾਵ ਅਰਥ ਹੈ ਸਮਾਜ ਵਿੱਚ
ਹਰ ਉਸ ਲੋੜਵੰਦ ਦੀ ਲੋੜ ਨੂੰ ਪੂਰਾ ਕੀਤਾ ਜਾ ਰਿਹਾ ਸੀ ਜਿਸ ਨੂੰ ਕੋਈ ਵੀ ਜ਼ਰੂਰਤ ਹੁੰਦੀ ਸੀ। ਅੱਜ
ਕਾਰਸੇਵਾ ਵਾਲੇ ਬਾਬੇ ਲੰਗਰ ਦੇ ਨਾਂ ਤੇ ਕਣਕ ਆਦ ਤਾਂ ਇਕੱਠੀ ਕਰਦੇ ਹਨ ਪਰ ਖ਼ੁਦਕਸ਼ੀਆਂ ਕਰਨ ਵਾਲੇ
ਕਿਸਾਨਾਂ ਦੇ ਪਰਵਾਰਾਂ ਦੀ ਬਾਂਹ ਫੜਨ ਲਈ ਤਿਆਰ ਨਹੀਂ ਹਨ। ਬੇ-ਓੜਕਾ ਲੰਗਰ ਸੜਕਾਂ ਦਿਆਂ ਕਿਨਾਰਿਆਂ
ਤੇ ਰਾਹ ਰੋਕ ਕੇ ਛਕਾਇਆ ਜਾ ਰਿਹਾ ਹੈ ਪਰ ਨਿੱਘਰ ਰਹੇ ਸਮਾਜ ਵਲ ਕੋਈ ਵੀ ਝਾਤੀ ਮਾਰਨ ਲਈ ਤਿਆਰ
ਨਹੀਂ ਹੈ।
ਮਾਤਾ ਖੀਵੀ ਜੀ ਨੇ ਗੁਰੂ ਅੰਗਦ ਸਾਹਿਬ ਜੀ ਨਾਲ ਮਿਲ ਕੇ ਜਿੱਥੇ ਆਏ ਗਏ
ਦੀਆਂ ਜ਼ੂਰਰਤਾਂ ਨੂੰ ਪੂਰਾ ਕੀਤਾ ਹੈ ਓੱਥੇ ਇਹ ਵੀ ਸਮਝ ਵਿੱਚ ਆਉਂਦਾ ਕਿ ਸਮਾਜ ਲਈ ਇੱਕ ਨਵਾਂ ਰਸਤਾ
ਦਿਖਾਇਆ ਕਿ ਇਸਤ੍ਰੀਆਂ ਕੇਵਲ ਘਰ ਦੀ ਚਾਰ ਦੀਵਾਰੀ ਵਿੱਚ ਹੀ ਬੰਦ ਨਹੀਂ ਸਗੋਂ ਸਮਾਜ ਦੀ ਸਿਰਜਣਾ
ਵਿੱਚ ਇਹਨਾਂ ਦਾ ਅਹਿਮ ਹਿੱਸਾ ਹੈ। ਲੰਗਰ ਦੀ ਅਮੀਰੀ ਸਬੰਧੀ ਵੀ ਦੱਸਿਆ ਹੈ ਘਿਓ ਵਾਲੀ ਖੀਰ ਦਿੱਤੀ
ਜਾਂਦੀ ਸੀ ਭਾਵ ਸੰਤੁਲਤ ਖੁਰਾਕ ਦਿੱਤੀ ਜਾਂਦੀ ਸੀ।
ਸਾਂਝੇ ਲੰਗਰ ਦੀ ਪ੍ਰਥਾ ਇਸ ਲਈ ਜ਼ਰੂਰੀ ਸੀ ਕਿ ਜਾਤ-ਪਾਤ ਵਰਗੀਆਂ ਬਿਮਾਰੀਆਂ
ਨੂੰ ਸਦਾ ਲਈ ਖਤਮ ਕੀਤਾ ਜਾਏ। ਅਖੌਤੀ ਪੁਜਾਰੀ ਬ੍ਰਾਹਮਣ ਨੂੰ ਬਹੁਤ ਤਕਲੀਫ ਸੀ ਕਿ ਗੁਰੂ ਅੰਗਦ
ਸਾਹਿਬ ਜੀ ਵਲੋਂ ਸਾਂਝੀ ਪੰਗਤ ਵਿੱਚ ਨੀਵੀਆਂ ਜਾਤਾਂ ਵਾਲਿਆਂ ਨੂੰ ਵੀ ਬਿਠਾਇਆ ਜਾ ਰਿਹਾ ਹੈ ਭਾਈ
ਬਲਵੰਡ ਜੀ ਫਰਮਾੳਂਦੇ ਹਨ ਅਜੇਹੀ ਸੋਚ ਵਾਲਿਆਂ ਨੂੰ ਸ਼ਰਮਿੰਦਗੀ ੳਠਉਣੀ ਪਈ—
ਗੁਰਸਿਖਾ ਕੇ ਮੁਖ ਉਜਲੇ, ਮਨਮੁਖ ਥੀਏ ਪਰਾਲੀ।।
ਗੁਰੂ ਜੀ ਦੀ ਸਿੱਖਿਆ ਨੂੰ ਸਮਝਣ ਵਾਲੇ ਬ੍ਰਾਹਮਣੀ ਜੂਲ਼ੇ ਥੱਲਿਓਂ ਨਿਕਲ ਆਏ
ਸਨ ਉਹ ਸਨਾਤਨੀ ਕਰਮ ਕਾਂਡਾਂ ਨੂੰ ਛੱਡ ਗਏ ਸਨ ਧਾਰਮਕ ਕਰਮ-ਕਾਂਡਾਂ ਵਲੋਂ ਉਹਨਾਂ ਨੂੰ ਨਜਾਤ ਮਿਲ
ਗਈ ਹੁਣ ਉਹ ਸਰਲ ਤੇ ਸਿੱਧਾ ਜੀਵਨ ਜਿਉਣ ਨੂੰ ਤਰਜੀਹ ਦੇ ਰਹੇ ਸਨ।
ਤੱਤਸਾਰ—
ਗੁਰੂ ਅਗੰਦ ਸਾਹਿਬ ਜੀ ਦੇ ਨਾਲ ਮਿਲ ਕੇ ਮਾਤਾ ਖੀਵੀ ਜੀ ਨੇ ਸਿੱਖੀ ਦੇ
ਪਰਚਾਰ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ।
ਔਰਤਾਂ ਕੇਵਲ ਘਰ ਦੀ ਚਾਰ ਦੀਵਾਰੀ ਤਕ ਸੀਮਤ ਨਹੀਂ ਹਨ ਸਗੋਂ ਸਮਾਜ ਦੀ
ਸਿਰਜਣਾ ਵਿੱਚ ਇਨ੍ਹਾਂ ਦਾ ਬਹੁਤ ਵੱਡਾ ਹਿੱਸਾ ਹੈ।
ਸਾਰੀ ਧਰਤੀ ਦਾ ਭਾਰ ਚੁੱਕਣ ਦਾ ਅਰਥ ਹੈ ਕਿ ਸਮਾਜ ਦੀਆਂ ਸਮੱਸਿਆਵਾਂ ਨੂੰ
ਹੱਲ ਕਰਨ ਲਈ ਉਚੇਚੇ ਯਤਨ ਅਰੰਭੇ।
ਸਰੀਰਕ ਤੰਦਰੁਸਤੀ ਲਈ ਮੱਲ ਅਖਾੜੇ, ਲੰਗਰ ਤੇ ਆਤਮਕ ਉਨਤੀ ਸ਼ਬਦ ਦਾ ਲੰਗਰ
ਚਲਾਇਆ।
ਮਨੁੱਖਤਾ ਦੀ ਚੇਤੰਤਾ ਵਿੱਚ ਇਨਕਲਾਬੀ ਸੋਚ ਪੈਦਾ ਕੀਤੀ।
ਅੱਜ ਦੇ ਰਾਜਨੀਤਕ, ਧਾਰਮਕ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਗੁਰੂ ਅੰਗਦ
ਪਾਤਸ਼ਾਹ ਜੀ ਤੇ ਮਾਤਾ ਖੀਵੀ ਦੇ ਅਦਰਸ਼ਾਂ ਨੂੰ ਸਮਝ ਕੇ ਸਮਾਜ ਨੂੰ ਨਵੀਂ ਦਿਸ਼ਾ ਦੇਣ ਦਾ ਯਤਨ ਕਰਨ
ਚਾਹੀਦਾ ਹੈ।