.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਪੋਤ੍ਰਾ ਪਰਵਾਣ

ਸਾਡਾ ਇਹ ਮੰਨਣਾ ਹੈ, ਕਿ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਗੁਰਿਆਈ ਭਾਈ ਲਹਿਣਾ ਜੀ ਨੂੰ ਦਿੱਤੀ ਤਾਂ ਕੇਵਲ ਕੁੱਝ ਸੇਵਾ ਵਾਲੀਆਂ ਸਾਖੀਆਂ ਦੇ ਅਧਾਰਤ ਨਹੀਂ ਦਿੱਤੀ, ਸਗੋਂ ਭਾਈ ਲਹਿਣਾ ਜੀ ਵਿੱਚ ਸਿਧਾਂਤਕ ਸਾਰੀਆਂ ਖੂਬੀਆਂ ਭਰੀਆਂ ਗਈਆਂ ਤੇ ਫਿਰ ਉਹਨਾਂ ਦੇ ਸੁਭਾਅ ਵਿਚੋਂ ਉਹ ਖੂਬੀਆਂ ਦੇਖੀਆਂ ਗਈਆਂ। ਸਭ ਤੋਂ ਪਹਿਲਾਂ ਭਾਈ ਲਹਿਣਾ ਜੀ ਦੀ ਸੁਹਿਦਰਤਾ ਤੇ ਸੰਜੀਦਗੀ ਦੇਖੀ ਗਈ। ਦੂਸਰਾ ਜੱਥੇਬੰਦਕ ਢਾਂਚੇ ਨੂੰ ਖੜਾ ਕਰਨ ਵਾਲੀ ਕਾਬਲੀਅਤ ਪਰਖੀ ਗਈ। ਤੀਜਾ ਨਾਨਕਈ ਫਲਸਫੇ ਦੀ ਸਮੁੱਚੀ ਮਨੁੱਖਤਾ ਨਾਲ ਪਿਆਰ ਵਾਲੀ ਸੂਝ ਦੇਖੀ ਗਈ। ਆਤਮਕ ਸਿਆਣਪ, ਦੂਰ ਅੰਦੇਸ਼ੀ, ਆਪਾ ਵਾਰਨ ਦੀ ਸਮਰੱਥਾ ਤੇ ਮਨੁੱਖੀ ਭਾਈਚਾਰੇ ਦੇ ਹਰੇਕ ਵਰਗ ਨੂੰ ਆਪਣਾ ਸਮਝਣ ਵਾਲੇ ਨੂੰ ਇਹ ਗੁਰਿਆਈ ਦੀ ਬਖਸ਼ਿਸ਼ ਹੋਈ ਹੈ। ਗੁਰੂ ਨਾਨਕ ਸਾਹਿਬ ਜੀ ਨੇ ਜੱਥੇਬੰਦਕ ਢਾਂਚੇ ਦੀ ਰੂਪ ਰੇਖਾ ਭਾਈ ਲਹਿਣੇ ਜੀ ਨੂੰ ਪੂਰੀ ਤਰ੍ਹਾਂ ਸਮਝਾ ਦਿੱਤੀ। ਭਾਈ ਲਹਿਣਾ ਜੀ ਨੂੰ ਇਹ ਪ੍ਰਪੱਕਤਾ ਵੀ ਕਰਾ ਦਿੱਤੀ ਕਿ ਆਉਣ ਵਾਲੇ ਸਮੇਂ ਵਿੱਚ ਜਦੋਂ ਅਗਲੇਰੇ ਗੁਰੂ ਨੂੰ ਗੁਰਗੱਦੀ ਦੀਆਂ ਜ਼ਿੰਮੇਵਾਰੀਆਂ ਸੌਂਪਣੀਆਂ ਹਨ ਤਾਂ ਇਹ ਸਾਰੀਆਂ ਜੁਗਤੀਆਂ, ਪਰਖਾਂ ਤੇ ਨੀਤੀਆਂ ਨੂੰ ਮੁੱਖ ਰੱਖਣਾ ਹੈ। ਇੱਕ ਜੋਤ ਦੀ ਪ੍ਰਥਾ ਨੂੰ ਅਗਾਂਹ ਦੀ ਅਗਾਂਹ ਦੱਸਣ ਦੀ ਜੁਗਤੀ ਵੀ ਸਮਝਾ ਦਿੱਤੀ ਸੀ ਇਹ ਵੀ ਸਮਝ ਵਿੱਚ ਆਉਂਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਦੇਖ ਲਿਆ ਸੀ ਰੱਬੀ ਵਿਚਾਰਧਾਰਾ ਵਾਲੇ ਢਾਂਚੇ ਨੂੰ ਮਜ਼ਬੂਤ ਕਰਨ ਲਈ ਦੋ ਸਦੀਆਂ ਦਾ ਸਮਾਂ ਵੀ ਲੱਗ ਸਕਦਾ ਹੈ। ਸੂਝਵਾਨ ਵਿਦਵਾਨ ਕਹਿੰਦੇ ਹਨ ਕਿ ਕਿਸੇ ਪ੍ਰੰਪਰਾ ਨੂੰ ਖਤਮ ਕਰਨਾ ਹੋਵੇ ਜਾਂ ਨਵੀਂ ਪ੍ਰੰਪਰਾ ਚਲਾਉਣੀ ਹੋਵੇ ਤਾਂ ਉਸ ਨੂੰ ਘੱਟੋ ਘੱਟ ਇੱਕ ਸਦੀ ਤੋਂ ਡੇਢ ਸਦੀ ਦਾ ਸਮਾਂ ਲੱਗ ਜਾਂਦਾ ਹੈ।

ਭਾਰਤੀ ਲੋਕਾਂ ਵਿੱਚ ਸਮਾਜਕ, ਰਾਜਨੀਤਕ ਤੇ ਧਾਰਮਕ ਗੁਲਾਮੀ ਦਾ ਪੂਰਾ ਬੋਲਬਾਲਾ ਸੀ। ਇੰਜ ਵੀ ਕਿਹਾ ਜਾ ਸਕਦਾ ਹੈ ਗੁਲਾਮੀ ਇਹਨਾਂ ਦੇ ਰੋਮ ਰੋਮ ਵਿੱਚ ਵੱਸੀ ਹੋਈ ਸੀ। ਭਾਰਤੀ ਲੋਕਾਂ ਲਈ ਹੀ ਨਹੀਂ ਬਲ ਕੇ ਹਰੇਕ ਲਿਤਾੜੇ, ਦੱਬੇ ਕੁਚਲੇ ਲੋਕਾਂ ਨੂੰ ਅਜ਼ਾਦੀ ਦਾ ਅਹਿਸਾਸ ਕਰਾਉਣ ਲਈ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣੇ ਨੂੰ ਇਹ ਸਾਰੀਆਂ ਰਮਜ਼ਾਂ ਸਮਝਾ ਦਿੱਤੀਆਂ ਸਨ। ਇਹ ਸਾਰੀ ਪ੍ਰਕ੍ਰਿਆ ਖਾਲਸਾ ਪ੍ਰਗਟ ਹੋਣ ਤੱਕ ਚਲਦੀ ਰਹੀ ਹੈ। ਮਰਯਾਦਾ ਉਹੀ ਰਹੀ ਹੈ ਪਰ ਸਰੀਰਕ ਰੂਪ ਜ਼ਰੂਰ ਵਟਾਇਆ ਗਿਆ। ਗੁਰੂ ਨਾਨਕ ਸਾਹਿਬ ਜੀ ਨੇ ਇੱਕ ਹੋਰ ਵਿਸ਼ੇਸ਼ ਕੰਮ ਕੀਤਾ ਜਿਹੜਾ ਦੁਨੀਆਂ ਦੇ ਇਤਿਹਾਸ ਵਿੱਚ ਨਹੀਂ ਮਿਲਦਾ। ਜਿੱਥੇ ਗੁਰੂ ਸਾਹਿਬ ਜੀ ਨੇ ਆਪ ਬਾਣੀ ਉਚਾਰੀ ਹੈ ਓੱਥੇ ਉਹਨਾਂ ਨੇ ਬ੍ਰਹਾਮਣ ਵਲੋਂ ਸ਼ੂਦਰ ਕਹਿ ਕੇ ਦੁਰਕਾਰੇ ਹੋਏ ਉਹਨਾਂ ਮਨੁੱਖਾਂ ਦੇ ਰੱਬੀ ਕਲਾਮ ਨੂੰ ਆਪਣੇ ਨਾਲ ਥਾਂ ਦੇ ਕੇ ਇੱਕ ਨਵੀਂ ਕ੍ਰਾਂਤੀ ਨੂੰ ਜਨਮ ਦਿੱਤਾ ਹੈ।

ਇਸ ਸਾਰੀ ਸਿਧਾਂਤਕ ਪ੍ਰਕ੍ਰਿਆ ਵਿੱਚ ਸਿਧਾਂਤ ਭਾਵ ਜੋਤ ਇੱਕ ਰਹੀ ਹੈ ਜੇਹਾ ਕਿ ਭੱਟ ਗਯੰਦ ਜੀ ਫਰਮਾਉਂਦੇ ਹਨ-

ਗੁਰੁ ਨਾਨਕੁ, ਨਿਕਟਿ ਬਸੈ ਬਨਵਾਰੀ।।

ਤਿਨਿ ਲਹਣਾ ਥਾਪਿ, ਜੋਤਿ ਜਗਿ ਧਾਰੀ।।

ਲਹਣੈ, ਪੰਥੁ ਧਰਮ ਕਾ ਕੀਆ।।

ਅਮਰਦਾਸ ਭਲੇ ਕਉ ਦੀਆ।।

ਅੱਕਰੀਂ ਅਰਥ --— ਗੁਰੂ ਨਾਨਕ ਅਕਾਲ ਪੁਰਖ ਦੇ ਨੇੜੇ ਵੱਸਦਾ ਹੈ। ਉਸ (ਗੁਰੂ ਨਾਨਕ) ਨੇ ਲਹਣੇ ਨੂੰ ਨਿਵਾਜ ਕੇ ਜਗਤ ਵਿੱਚ (ਰੱਬੀ) ਜੋਤਿ ਪ੍ਰਕਾਸ਼ ਕੀਤੀ। ਲਹਣੇ ਨੇ ਧਰਮ ਦਾ ਰਾਹ ਚਲਾਇਆ, ਤੇ ਭੱਲੇ (ਗੁਰੂ) ਅਮਰਦਾਸ ਜੀ ਨੂੰ (ਨਾਮ ਦੀ ਦਾਤਿ) ਦਿੱਤੀ।

ਭਾਰਤੀ ਦੇ ਹਿੰਦੂਤਵ ਵਿਦਵਾਨਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਭਾਰਤ ਦੇ ਬਾਕੀ ਸਾਧਾਂ ਵਾਂਗ ਹੀ ਦੇਖਣ ਦਾ ਯਤਨ ਕੀਤਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਚੱਲ ਰਹੇ ਮਾਰਗ ਵਿੱਚ ਤੱਤੀਆਂ ਤਵੀਆਂ, ਉਬਲ਼ਦੀਆਂ ਦੇਗਾਂ, ਆਰੇ ਦੇ ਦੰਦੇ ਤੇ ਬੰਦ ਬੰਦ ਕੱਟਣ ਦਾ ਸਫਰ ਵੀ ਆਉਣਾ ਸੀ। ਇਹ ਪ੍ਰਤੱਖ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੇ ਮਨੁੱਖਤਾ ਦੀ ਮਾਨਸਕ ਦਸ਼ਾ ਬਦਲ ਕੇ ਆਤਮਕ ਬਲ ਦਿੱਤਾ। ਜਨੀ ਕਿ ਖ਼ੁਦ ਮੁਖਤਿਆਰੀ ਨੂੰ ਸਮਝ ਕਿ ਅਜ਼ਾਦੀ ਨਾਲ ਜਿਉਣ ਦਾ ਵਲ਼ ਸਮਝਾਇਆ ਹੈ। ਗੁਰੂ ਨਾਨਕ ਸਾਹਿਬ ਜੀ ਤਥਾ ਬਾਕੀ ਗੁਰੂ ਸਾਹਿਬਾਨ ਜੀ ਦੀ ਇਕੋ ਵਿਚਾਰਧਾਰਾ ਹੈ ਭਾਈ ਸੱਤਾ ਜੀ ਫਰਮਾਉਂਦੇ ਹਨ—

ਸੋ ਟਿਕਾ, ਸੋ ਬੈਹਣਾ, ਸੋਈ ਦੀਬਾਣੁ।। ਪਿਯੂ ਦਾਦੇ ਜੇਵਿਹਾ, ਪੋਤਾ ਪਰਵਾਣੁ।।

ਜਿਨਿ ਬਾਸਕੁ ਨੇਤ੍ਰੈ ਘਤਿਆ, ਕਰਿ ਨੇਹੀ ਤਾਣੁ।। ਜਿਨਿ ਸਮੁੰਦੁ ਵਿਰੋਲਿਆ, ਕਰਿ ਮੇਰੁ ਮਧਾਣੁ।।

ਚਉਦਹ ਰਤਨ ਨਿਕਾਲਿਅਨੁ ਕੀਤੋਨੁ ਚਾਨਾਣੁ।। ਘੋੜਾ ਕੀਤੋ ਸਹਜ ਦਾ, ਜਤੁ ਕੀਓ ਪਲਾਣੁ।।

ਧਣਖੁ ਚੜਾਇਓ ਸਤ ਦਾ ਜਸ ਹੰਦਾ ਬਾਣੁ।। ਕਲਿ ਵਿਚਿ ਧੂ ਅੰਧਾਰੁ ਸਾ, ਚੜਿਆ ਰੈ ਭਾਣੁ।।

ਸਤਹੁ ਖੇਤੁ ਜਮਾਇਓ, ਸਤਹੁ ਛਾਵਾਣੁ।। ਨਿਤ ਰਸੋਈ ਤੇਰੀਐ, ਘਿਉ ਮੈਦਾ ਖਾਣੁ।।

ਚਾਰੇ ਕੁੰਡਾਂ ਸੁਝੀਓਸੁ, ਮਨ ਮਹਿ ਸਬਦੁ ਪਰਵਾਣੁ।। ਆਵਾ ਗਉਣੁ ਨਿਵਾਰਿਓ, ਕਰਿ ਨਦਰਿ ਨੀਸਾਣੁ।।

ਅਉਤਰਿਆ ਅਉਤਾਰੁ ਲੈ, ਸੋ ਪੁਰਖੁ ਸੁਜਾਣੁ।। ਝਖੜਿ ਵਾਉ ਨ ਡੋਲਈ, ਪਰਬਤੁ ਮੇਰਾਣੁ।।

ਜਾਣੈ ਬਿਰਥਾ ਜੀਅ ਕੀ, ਜਾਣੀ ਹੂ ਜਾਣੁ।। ਕਿਆ ਸਾਲਾਹੀ ਸਚੇ ਪਾਤਿਸਾਹ, ਜਾਂ ਤੂ ਸੁਘੜੁ ਸੁਜਾਣੁ।।

ਦਾਨੁ ਜਿ ਸਤਿਗੁਰ ਭਾਵਸੀ, ਸੋ ਸਤੇ ਦਾਣੁ।। ਨਾਨਕ ਹੰਦਾ ਛਤ੍ਰੁ ਸਿਰਿ, ਉਮਤਿ ਹੈਰਾਣੁ।।

ਸੋ ਟਿਕਾ ਸੋ ਬੈਹਣਾ, ਸੋਈ ਦੀਬਾਣੁ।। ਪਿਯੂ ਦਾਦੇ ਜੇਵਿਹਾ, ਪੋਤ੍ਰਾ ਪਰਵਾਣੁ।। ੬।।

ਅੱਖਰੀਂ ਅਰਥ : —ਪੋਤਰਾ-ਗੁਰੂ (ਗੁਰੂ ਅਮਰਦਾਸ ਭੀ) ਮੰਨਿਆ-ਪ੍ਰਮੰਨਿਆ (ਗੁਰੂ) ਹੈ (ਕਿਉਂਕਿ ਉਹ ਭੀ) ਗੁਰੂ ਨਾਨਕ ਤੇ ਗੁਰੂ ਅੰਗਦ ਸਾਹਿਬ ਵਰਗਾ ਹੀ ਹੈ; (ਇਸ ਦੇ ਮੱਥੇ ਉਤੇ ਭੀ) ਉਹੀ ਨੂਰ ਹੈ, (ਇਸ ਦਾ ਭੀ) ਉਹੀ ਤਖ਼ਤ ਹੈ, ਉਹੀ ਦਰਬਾਰ ਹੈ (ਜੋ ਗੁਰੂ ਨਾਨਕ ਤੇ ਗੁਰੂ ਅੰਗਦ ਸਾਹਿਬ ਦਾ ਸੀ)।

ਇਸ ਗੁਰੂ ਅਮਰਦਾਸ ਨੇ ਭੀ ਆਤਮਕ ਬਲ ਨੂੰ ਨੇਹਣੀ ਬਣਾ ਕੇ (ਮਨ-ਰੂਪ) ਨਾਗ ਨੂੰ ਨੇਤ੍ਰੇ ਵਿੱਚ ਪਾਇਆ ਹੈ, (ਉੱਚੀ ਸੁਰਤਿ-ਰੂਪ) ਸੁਮੇਰ ਪਰਬਤ ਨੂੰ ਮਧਾਣੀ ਬਣਾ ਕੇ (ਗੁਰ-ਸ਼ਬਦ ਰੂਪ) ਸਮੁੰਦਰ ਨੂੰ ਰਿੜਕਿਆ ਹੈ, (ਉਸ ‘ਸ਼ਬਦ-ਸਮੁੰਦਰ` ਵਿਚੋਂ ਰੱਬੀ ਗੁਣ-ਰੂਪ) ਚੌਦਾਂ ਰਤਨ ਕੱਢੇ (ਜਿਨ੍ਹਾਂ ਨਾਲ) ਉਸ ਨੇ (ਜਗਤ ਵਿੱਚ ਆਤਮਕ ਜੀਵਨ ਦੀ ਸੂਝ ਦਾ) ਚਾਨਣ ਪੈਦਾ ਕੀਤਾ।

(ਗੁਰੂ ਅਮਰਦਾਸ ਨੇ) ਸਹਿਜ-ਅਵਸਥਾ ਦਾ ਘੋੜਾ ਬਣਾਇਆ, ਵਿਕਾਰਾਂ ਵਲੋਂ ਇੰਦ੍ਰਿਆਂ ਨੂੰ ਰੋਕ ਰੱਖਣ ਦੀ ਤਾਕਤ ਨੂੰ ਕਾਠੀ ਬਣਾਇਆ; ਸੁੱਚੇ ਆਚਰਨ ਦਾ ਕਮਾਨ ਕੱਸਿਆ ਤੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਤੀਰ (ਪਕੜਿਆ)।

ਸੰਸਾਰ ਵਿੱਚ (ਵਿਕਾਰਾਂ ਦਾ) ਘੁੱਪ ਹਨੇਰਾ ਸੀ। (ਗੁਰੂ ਅਮਰਦਾਸ, ਮਾਨੋ) ਕਿਰਨਾਂ ਵਾਲਾ ਸੂਰਜ ਚੜ੍ਹ ਪਿਆ, ਜਿਸ ਨੇ ‘ਸਤ` ਦੇ ਬਲ ਨਾਲ ਹੀ (ਉੱਜੜੀ) ਖੇਤੀ ਜਮਾਈ ਤੇ ‘ਸਤ` ਨਾਲ ਹੀ ਉਸ ਦੀ ਰਾਖੀ ਕੀਤੀ।

(ਹੇ ਗੁਰੂ ਅਮਰਦਾਸ !) ਤੇਰੇ ਲੰਗਰ ਵਿੱਚ (ਭੀ) ਨਿੱਤ ਘਿਉ, ਮੈਦਾ ਤੇ ਖੰਡ (ਆਦਿਕ ਉੱਤਮ ਪਦਾਰਥ ਵਰਤ ਰਹੇ ਹਨ; ਜਿਸ ਮਨੁੱਖ ਨੇ ਆਪਣੇ ਮਨ ਵਿੱਚ ਤੇਰਾ ਸ਼ਬਦ ਟਿਕਾ ਲਿਆ ਹੈ ਉਸ ਨੂੰ ਚਹੁ ਕੁੰਡਾਂ (ਵਿਚ ਵੱਸਦੇ ਪਰਮਾਤਮਾ) ਦੀ ਸੂਝ ਆ ਗਈ ਹੈ। (ਹੇ ਗੁਰੂ !) ਜਿਸ ਨੂੰ ਤੂੰ ਮੇਹਰ ਦੀ ਨਜ਼ਰ ਕਰ ਕੇ (ਸ਼ਬਦ-ਰੂਪ) ਰਾਹ-ਦਾਰੀ ਬਖ਼ਸ਼ੀ ਹੈ ਉਸ ਦਾ ਜੰਮਣ-ਮਰਨ ਦਾ ਗੇੜ ਤੂੰ ਮੁਕਾ ਦਿੱਤਾ ਹੈ।

ਉਹ ਸੁਜਾਨ ਅਕਾਲ ਪੁਰਖ (ਆਪ ਗੁਰੂ ਅਮਰਦਾਸ ਦੇ ਰੂਪ ਵਿਚ) ਅਵਤਾਰ ਲੈ ਕੇ ਜਗਤ ਵਿੱਚ ਆਇਆ ਹੈ। (ਗੁਰੂ ਅਮਰਦਾਸ ਵਿਕਾਰਾਂ ਦੇ) ਝੱਖੜ ਵਿੱਚ ਨਹੀਂ ਡੋਲਦਾ, (ਵਿਕਾਰਾਂ ਦੀ) ਹਨੇਰੀ ਭੀ ਝੁੱਲ ਪਏ ਤਾਂ ਨਹੀਂ ਡੋਲਦਾ, ਉਹ ਤਾਂ (ਮਾਨੋ) ਸੁਮੇਰ ਪਰਬਤ ਹੈ; ਜੀਵਾਂ ਦੇ ਦਿਲ ਦੀ ਪੀੜਾ ਜਾਣਦਾ ਹੈ, ਜਾਣੀ-ਜਾਣ ਹੈ।

ਹੇ ਸਦਾ-ਥਿਰ ਰਾਜ ਵਾਲੇ ਪਾਤਸ਼ਾਹ ! ਮੈਂ ਤੇਰੀ ਕੀਹ ਸਿਫ਼ਤਿ ਕਰਾਂ ? ਤੂੰ ਸੁੰਦਰ ਆਤਮਾ ਵਾਲਾ ਤੇ ਸਿਆਣਾ ਹੈਂ। ਮੈਨੂੰ ਸੱਤੇ ਨੂੰ ਤੇਰੀ ਉਹੀ ਬਖ਼ਸ਼ੀਸ਼ ਚੰਗੀ ਹੈ ਜੋ (ਤੈਨੂੰ) ਸਤਿਗੁਰੂ ਨੂੰ ਚੰਗੀ ਲੱਗਦੀ ਹੈ।

(ਗੁਰੂ ਅਮਰਦਾਸ ਜੀ ਦੇ) ਸਿਰ ਉਤੇ ਗੁਰੂ ਨਾਨਕ ਵਾਲਾ ਛਤਰ ਸੰਗਤਿ (ਵੇਖ ਕੇ) ਅਸਚਰਜ ਹੋ ਰਹੀ ਹੈ। ਪੋਤਰਾ-ਗੁਰੂ (ਗੁਰੂ ਅਮਰਦਾਸ ਭੀ) ਮੰਨਿਆ-ਪ੍ਰਮੰਨਿਆ ਗੁਰੂ ਹੈ (ਕਿਉਂਕਿ ਉਹ ਭੀ) ਗੁਰੂ ਨਾਨਕ ਤੇ ਗੁਰੂ ਅੰਗਦ ਸਾਹਿਬ ਵਰਗਾ ਹੀ ਹੈ, (ਇਸ ਦੇ ਮੱਥੇ ਉੱਤੇ ਭੀ) ਉਹੀ ਨੂਰ ਹੈ, (ਇਸ ਦਾ ਭੀ) ਉਹੀ ਤਖ਼ਤ ਹੈ, ਉਹੀ ਦਰਬਾਰ ਹੈ (ਜੋ ਗੁਰੂ ਨਾਨਕ ਤੇ ਗੁਰੂ ਅੰਗਦ ਸਾਹਿਬ ਦਾ ਸੀ)। ੬।

ਵਿਚਾਰ ਚਰਚਾ---ਸੱਤਾ ਜੀ ਨੇ ਦਾਦਾ ਗੁਰੂ ਨਾਨਕ ਪਾਤਸ਼ਾਹ ਜੀ ਨੂੰ, ਪਿਤਾ ਗੁਰੂ ਅੰਗਦ ਪਾਤਸ਼ਾਹ ਜੀ ਤੇ ਪੋਤਰਾ ਗੁਰੂ ਅਮਰਦਾਸ ਜੀ ਨੂੰ ਆਖਿਆ ਹੈ। ਸੱਤਾ ਜੀ ਫਰਮਾਉਂਦੇ ਹਨ ਪੋਤਰਾ ਗੁਰੂ ਅਮਰਦਾਸ ਜੀ ਭੀ ਮੰਨਿਆ ਪ੍ਰਮੰਨਿਆ ਗੁਰੂ ਹੈ ਕਿਉਂ ਕਿ ਮੱਥੇ ਦਾ ਨੂਰ, ਤੱਖਤ ਤੇ ਦਰਬਾਰ ਗੁਰੂ ਨਾਨਕ ਤੇ ਗੁਰੂ ਅੰਗਦ ਸਾਹਿਬ ਵਾਲਾ ਹੈ। ਇਤਿਹਾਸ ਦੇ ਸੋਮਿਆਂ ਅਨੁਸਾਰ ਗੁਰੂ ਅਮਰਦਾਸ ਜੀ ਧਰਮ ਦਾ ਕਰਮ ਸਮਝਦਿਆਂ ਹੋਇਆਂ ਅਨੇਕਾਂ ਵਾਰ ਗੰਗਾ ਦਾ ਇਸ਼ਨਾਨ ਕਰਨ ਜਾਂਦੇ ਸਨ। ਮਨ ਵਿੱਚ ਬੜਾ ਭਰਮ ਪਾਲ਼ਿਆ ਹੋਇਆ ਸੀ ਕਿ ਮੇਰੇ ਵਰਗਾ ਤਾਂ ਕੋਈ ਧਰਮੀ ਕਰਮੀ ਹੋ ਹੀ ਨਹੀਂ ਸਕਦਾ। ਭਾਰਤੀ ਫਲਸਫੇ ਅਨੁਸਾਰ ਤੀਰਥਾਂ ਦੀ ਯਾਤਰਾ ਤੇ ਓੱਥੇ ਜਾ ਕੇ ਇਸ਼ਨਾਨ ਕਰਨਾ ਤੇ ਦਾਨ ਦੇਣਾ ਧਰਮ ਦਾ ਬਹੁਤ ਵੱਡਾ ਕਰਮ ਸਮਝਿਆ ਗਿਆ ਹੈ, ਜਿਹੜਾ ਗੁਰੂ ਅਮਰਦਾਸ ਜੀ ਪੂਰੀ ਤਨ ਦੇਹੀ ਨਾਲ ਨਿਬਾਹ ਰਹੇ ਸਨ। ਇੱਕ ਦਿਨ ਆਪਣੇ ਭਰਾ ਦੀ ਨੂੰਹ ਬੀਬੀ ਅਮਰੋ ਪੁੱਤਰੀ ਗੁਰੂ ਅੰਗਦ ਸਾਹਿਬ ਜੀ ਤੋਂ ਸ਼ਬਦ ਦੀ ਵਿਚਾਰ ਸਮਝੀ ਤਾਂ ਇਹ ਅਹਿਸਾਸ ਹੋਇਆ ਕਿ ਮੈਂ ਤਾਂ ਐਵੇਂ ਹੀ ਹੰਕਾਰ ਪਾਲ਼ੀ ਬੈਠਾ ਹਾਂ ਜਿਸ ਨੂੰ ਮੈਂ ਧਰਮ ਦਾ ਕਰਮ ਸਮਝ ਕੇ ਕਈ ਸਾਲ ਤੀਰਥ ਯਾਤਰਾ ਤੇ ਇਸ਼ਨਾਨ ਕਰਦਾ ਰਿਹਾ ਹਾਂ ਉਹ ਤਾਂ ਨਿਰਾ ਪਾਖੰਡ ਹੀ ਹੈ। ਅਜ ਪਹਿਲੀ ਦਫਾ ਨਵੀਂ ਸੋਚ ਨੇ ਜਨਮ ਲਿਆ। ਇੱਕ ਨਵਾਂ ਅਤਮਕ ਬਲ ਮਿਲਿਆ। ਜ਼ਿੰਦਗੀ ਦੇ ਅਸਲੀ ਮਹੱਤਵ ਨੂੰ ਸਮਝਣ ਲਈ ਬੀਬੀ ਅਮਰੋ ਜੀ ਨਾਲ ਖਡੂਰ ਆ ਗਏ। ਜਿੱਥੇ ਸਰੀਰਕ ਤਲ਼ ਵਾਲੀਆਂ ਸੇਵਾਵਾਂ ਵਿੱਚ ਆਪਣਾ ਯੋਗਦਾਨ ਪਾ ਰਹੇ ਸਨ ਓੱਥੇ ਸ਼ਬਦ ਦੀਆਂ ਬਰੀਕੀਆਂ, ਗੁਰੂ ਨਾਨਕ ਸਾਹਿਬ ਦਾ ਫਲਸਫਾ, ਭਾਰਤੀ ਗ੍ਰੰਥਾਂ ਦਾ ਅਧਿਐਨ ਸਮੇਂ ਦੇ ਹਾਲਾਤ, ਰਾਜਨੀਤਿਕ ਪੱਖ, ਸਮਾਜਕ ਬੁਰਾਈਆਂ, ਧਾਰਮ ਦੇ ਨਾਂ ਕੀਤੇ ਜਾਂਦੇ ਕਰਮ-ਕਾਂਡਾਂ ਨੂੰ ਡੂੰਘਾਈ ਨਾਲ ਸਮਝਿਆ ਤੇ ਪਰਖਿਆ।

ਅਸਲ ਮੁੱਦੇ ਨਾਲੋਂ ਹੱਟ ਕੇ ਗੁਰਆਈ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਲਈ ਕੇਵਲ ਕੁੱਝ ਸੇਵਾ ਵਾਲੀਆਂ ਸਾਖੀਆਂ ਦਾ ਹੀ ਸਹਾਰਾ ਲਿਆ ਜਾ ਰਿਹਾ ਹੈ। ਦਰਿਆ ਬਿਆਸ ਤੋਂ ਪਾਣੀ ਲਿਆਉਣ ਦੀ ਸਾਖੀ ਨੂੰ ਹੋਰ ਹੀ ਰੰਗਤ ਦੇ ਕੇ ਪੇਸ਼ ਕੀਤਾ ਗਿਆ ਹੈ। ਸਿਰ ਤੋਂ ਸਿਰਪਾਓ ਨਾ ਉਤਾਰਨੇ ਜਾਂ ਜੁਲਾਹੀ ਨੂੰ ਸਰਾਪ ਦੇ ਦੇਣਾ ਆਦਕ ਕਹਾਣੀਆਂ ਨੂੰ ਸਾਖੀਆਂ ਬਣਾ ਕੇ ਹੀ ਸੁਣਾਇਆ ਗਇਆ ਹੈ। ਸਾਖੀਆਂ ਦਾ ਸਾਹਿੱਤਕ ਤੇ ਸਿਧਾਂਤਕ ਪੱਖ ਸਮਝਣ ਦੀ ਥਾਂ `ਤੇ ਕਰਾਮਾਤੀ ਜਾਂ ਗੈਰ ਕੁਦਰਤੀ ਪੱਖ ਨੂੰ ਜ਼ਿਆਦਾ ਉਭਾਰਿਆ ਗਿਆ ਹੈ। ਭਾਈ ਸੱਤਾ ਜੀ ਵਾਲਾ ਖਿਆਲ ਬਹੁਤ ਘੱਟ ਸੁਣਾਇਆ ਗਿਆ ਹੈ—ਜੇਹਾ ਕਿ—

ਸੋ ਟਿਕਾ, ਸੋ ਬੈਹਣਾ, ਸੋਈ ਦੀਬਾਣੁ।। ਪਿਯੂ ਦਾਦੇ ਜੇਵਿਹਾ, ਪੋਤਾ ਪਰਵਾਣੁ।।

ਜਿਨਿ ਬਾਸਕੁ ਨੇਤ੍ਰੈ ਘਤਿਆ, ਕਰਿ ਨੇਹੀ ਤਾਣੁ।। ਜਿਨਿ ਸਮੁੰਦੁ ਵਿਰੋਲਿਆ, ਕਰਿ ਮੇਰੁ ਮਧਾਣੁ।।

ਚਉਦਹ ਰਤਨ ਨਿਕਾਲਿਅਨੁ ਕੀਤੋਨੁ ਚਾਨਾਣੁ।।

ਪੁਰਾਣਕ ਕਥਾ ਅਨੁਸਾਰ ਦੇਵਤਿਆਂ ਨੇ ਸਮੁੰਦਰ ਨੂੰ ਰਿੜਕਣ ਲਈ ਸੁਮੇਰ ਪਰਬਤ ਨੂੰ ਮਧਾਣਾ ਬਣਾਇਆ, ਬਾਸਕ ਨਾਗ ਦਾ ਨੇਤਰਾ ਬਣਾਇਆ ਦੇਵਤਿਆਂ ਦੈਂਤਾਂ ਨੇ ਤਗੜਿਆਂ ਹੋ ਕੇ ਸਮੁੰਦਰ ਰਿੜਕ ਕਿ ਚੌਦਾਂ ਰਤਨਾਂ ਨੂੰ ਬਾਹਰ ਕੱਢਿਆ। ਇਹ ਪੁਰਾਣਕ ਹਵਾਲਾ ਦੇ ਕੇ ਸੱਤਾ ਜੀ ਫਰਮਾਉਂਦੇ ਹਨ ਕਿ ਗੁਰੂ ਅਮਰਦਾਸ ਜੀ ਨੇ ਆਤਮਕ ਬੱਲ ਦਾ ਭਾਵ ਸਾਰੀ ਸੋਚ ਨੂੰ ਇਕਾਗਰ ਕਰਕੇ ਨੇਤਰਾ ਬਣਾਇਆ, ਉੱਚੀ ਸੁਰਤ ਦੀ ਮਧਾਣੀ ਬਣਾਈ ਤੇ ਗੁਰ-ਸ਼ਬਦ ਨੂੰ ਰਿੜਕਿਆ। ਭਾਵ ਆਪਣੀ ਸੋਚ ਵਿੱਚ ਸ਼ਬਦ ਦੀਆਂ ਬਰੀਕੀਆਂ ਨੂੰ ਟਿਕਾਇਆ। ਪੁਰਾਤਨ ਕਥਾ ਅਨੁਸਾਰ ਦੇਵਤਿਆਂ ਅਤੇ ਦੈਂਤਾਂ ਨੇ ਰਲ਼ ਕੇ ਸਮੁੰਦਰ ਨੂੰ ਰਿੜਕਿਆ ਤੇ ਉਸ ਵਿਚੋਂ ਚੌਦਾਂ ਰਤਨ ਕੱਢੇ। ਮਿਥਹਾਸਕ ਰਤਨਾਂ ਦੀ ਥਾਂ `ਤੇ ਗੁਰਦੇਵ ਪਿਤਾ ਜੀ ਨੇ ਆਤਮਕ ਬਲ ਵਾਲੇ ਗੁਣਾਂ ਨੂੰ ਸਮਝਿਆ, ਵਿਚਾਰਿਆ ਤੇ ਜੀਵਨ ਵਿੱਚ ਢਾਲਿਆ। ਅਜੇਹੇ ਦੈਵੀ ਗੁਣਾਂ ਦੀ ਭਰਪੂਰਤਾ ਹਾਸਲ ਕੀਤੀ।

ਸ਼ਬਦ ਰਿੜਕਣ ਤੋਂ ਭਾਵ ਹੈ ਹਰ ਪ੍ਰਕਾਰ ਦੀ ਵਿਦਿਆ ਹਾਸਲ ਕਰਨੀ ਤੇ ਸਮੇਂ ਦੀਆਂ ਪ੍ਰਸਿੱਥੀਆਂ ਨੂੰ ਸਮਝ ਕੇ ਆਉਣ ਵਾਲੇ ਸਮੇਂ ਲਈ ਨੀਤੀਆਂ ਤਹਿ ਕਰਨੀਆਂ। ਸ਼ਬਦ ਰਿੜਕਣ ਤੇ ਹੀ ਅਜੇਹੇ ਵਿਚਾਰਾਂ ਦਾ ਜਨਮ ਹੁੰਦਾ ਹੈ-ਸਤੀ ਦੀ ਰਸਮ ਨੂੰ ਬੰਦ ਕਰਾਉਣਾ, ਵਿਧਵਾ ਔਰਤ ਦਾ ਪੁਨਰ ਵਿਆਹ, ਬਾਲ ਵਿਆਹ ਨੂੰ ਰੋਕਣਾ, ਜਾਤ ਪਾਤ, ਛੁਤ-ਛਾਤ, ਸਾਂਝਾ ਲੰਗਰ ਹਰੇਕ ਨੇ ਬਰਾਬਰ ਬੈਠ ਕੇ ਲੰਗਰ ਛੱਕਣਾ, ਸਰਕਾਰ ਨਾਲ ਗੱਲਬਾਤ ਕਰਕੇ ਲੋਕਾਂ `ਤੇ ਲੱਗਿਆ ਜ਼ਜ਼ੀਆ ਬੰਦ ਕਰਾਉਣਾ ਤੇ ਹੋਰ ਬਹੁਤ ਸਾਰੇ ਸੁਧਾਰਾਂ ਵਲ ਧਿਆਨ ਕੇਂਦਰਤ ਕਰਨਾ ਹੀ ਸ਼ਬਦ ਰਿੜਕਣਾ ਹੈ। ਇਹਨਾਂ ਤੁਕਾਂ ਵਿਚੋਂ ਵਿਦਿਆ ਦਾ ਭਾਵ ਉਘੜ ਕੇ ਪ੍ਰਗਟ ਹੁੰਦਾ ਹੈ।

‘ਕੀਤੋਨੁ ਚਾਨਣੁ` ਜਗਤ ਵਿੱਚ ਆਤਮਕ ਸੂਝ ਦਾ ਚਾਨਣ ਪੈਦਾ ਕੀਤਾ। ਭਾਰਤ ਵਿੱਚ ਧਰਮ ਦੀਆਂ ਸੇਵਾਵਾਂ ਨਿਬਾਹੁੰਣ ਵਾਲੇ ਤਾਂ ਬਹੁਤ ਸਾਰੇ ਸਾਧ, ਸੰਤ, ਜੋਗੀ. ਕਾਜ਼ੀ, ਬ੍ਰਹਾਮਣ ਆਦਕ ਤੁਰੇ ਫਿਰਦੇ ਸਨ ਪਰ ਆਤਮਕ ਸੂਝ ਦੀ ਥਾਂ `ਤੇ ਬਾਹਰਲੀਆਂ ਰਸਮਾਂ ਨਿਬਾਹੁੰਣ ਤੱਕ ਸੀਮਤ ਸਨ। ਜੇਹਾ ਕਿ ਜੋਗੀ ਕੰਨਾ ਵਿੱਚ ਮੁੰਦਰਾਂ ਸਰੀਰ `ਤੇ ਸਵਾਹ ਮਲਣੀ ਹੱਥ ਵਿੱਚ ਖੱਪਰ ਫੜਨਾ ਤੇ ਗੋਦੜੀ ਚੁੱਕੀ ਫਿਰਦੇ ਨਜ਼ਰ ਆਉਂਦੇ ਸਨ। ਇਹ ਬਾਹਰਲਾ ਵਿਖਾਵਾ ਤਾਂ ਪੂਰਾ ਚੁੱਕੀ ਫਿਰਦੇ ਸਨ ਪਰ ਆਤਮਕ ਸੂਝ ਦੀ ਵੱਡੀ ਕਮੀ ਮਹਿਸੂਸ ਹੁੰਦੀ ਸੀ। ਸਨਾਤਨੀ ਮਤ ਕੇਵਲ ਕਰਮ ਕਾਂਡਾ ਨੂੰ ਹੀ ਮਾਨਤਾ ਦੇ ਰਹੀ ਸੀ। ਭਾਈ ਸੱਤਾ ਜੀ ਫਰਮਾਉਂਦੇ ਹਨ ਕਿ ਗੁਰੂ ਅਮਰਦਾਸ ਜੀ ਨੇ ਸ਼ਬਦ ਦੀ ਵਿਚਾਰ ਸਮਝਣ ਉਪਰੰਤ ਆਤਮਕ ਤਲ਼ ਦੀ ਸਹਿਜ ਅਵਸਥਾ ਲਿਆਂਦੀ। ਇਹ ਆਤਮਕ ਅਵਸਥਾ ਦੁੱਖ-ਸੁੱਖ ਨੂੰ ਸਮਝਣ ਲਈ ਮੁੱਢਲਾ ਕਰਮ ਹੈ। ਇਸ ਸਹਿਜ ਅਵਸਥਾ ਵਿਚੋਂ ਸੱਚੇ ਧਰਮ ਦਾ ਜਨਮ ਹੁੰਦਾ ਹੈ। ਅਜੇਹੀ ਸਹਿਜ ਅਵਸਥਾ ਆਪਣੇ ਅਕੀਦੇ ਤੋਂ ਡੋਲਣ ਨਹੀਂ ਦੇਂਦੀ। ਏਹੀ ਕਾਰਨ ਹੈ ਆਰੇ ਦੇ ਦੰਦਿਆ ਹੇਠ ਵੀ ਸਹਿਜ ਅਵਸਥਾ ਬਰਕਰਾਰ ਰਹਿੰਦੀ ਤੁਰੀ ਆ ਰਹੀ ਹੈ। ਜਿੱਥੇ ਸ਼ਬਦ ਨੂੰ ਰਿੜਕਣ ਨਾਲ ਵਿਦਿਆ ਤੇ ਆਤਮਕ ਸੂਝ ਦਾ ਜਨਮ ਹੁੰਦਾ ਹੈ ਓੱਥੇ ਸਹਿਜ ਅਵਸਥਾ ਤੇ ਵਿਕਾਰਾਂ ਵਲ ਭੱਜਦੀਆਂ ਇੰਦ੍ਰੀਆਂ ਆਪਣੀ ਜ਼ਿੰਮੇਵਾਰੀ ਸਮਝਦਿਆਂ ਨਿਰੋਏ ਗੁਣਾਂ ਨੂੰ ਅਪਨਾ ਕੇ ਰੱਖਦੀਆਂ ਹਨ—

ਘੋੜਾ ਕੀਤੋ ਸਹਜ ਦਾ, ਜਤੁ ਕੀਓ ਪਲਾਣੁ।।

ਧਣਖੁ ਚੜਾਇਓ ਸਤ ਦਾ ਜਸ ਹੰਦਾ ਬਾਣੁ।।

ਕਲਿ ਵਿਚਿ ਧੂ ਅੰਧਾਰੁ ਸਾ, ਚੜਿਆ ਰੈ ਭਾਣੁ।।

ਸਤਹੁ ਖੇਤੁ ਜਮਾਇਓ, ਸਤਹੁ ਛਾਵਾਣੁ।।

ਸੰਸਾਰ ਵਿੱਚ ਘੁੱਪ ਅੰਧੇਰਾ ਪਸਰਿਆ ਹੋਇਆ ਸੀ। ਇਸ ਦਾ ਭਾਵ ਅਰਥ ਹੈ ਕੀ ਰਾਜੇ, ਵਜ਼ੀਰ, ਬਾਕੀ ਦੇ ਅਹਿਲਕਾਰ, ਧਾਰਮਕ ਬਿਰਤੀ ਦੇ ਲੋਕ ਮਨੁੱਖਤਾ ਨਾਲ ਕਈ ਤਰ੍ਹਾਂ ਦਾ ਖਿਲਵਾੜ ਕਰ ਰਹੇ ਸਨ। ਭਾਰਤੀ ਪੁਜਾਰੀ ਕਹਿੰਦਾ ਸੀ ਕਿ ਰਾਜੇ ਭਗਵਾਨ ਦਾ ਹੀ ਰੂਪ ਹਨ ਤੇ ਅਸੀਂ ਰੱਬ ਦੇ ਨੇੜੇ ਹਾਂ ਰਾਜਿਆਂ ਦੀ ਤੇ ਸਾਡੀ ਵਿਰੋਧਤਾ ਕਰਨ ਵਾਲਾ ਸਿੱਧਾ ਨਰਕਾਂ ਦਾ ਹੀ ਭਾਗੀ ਹੋਏਗਾ। ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੇ ਮਨੁੱਖ ਨੂੰ ਖ਼ੁਦ ਮੁਖਤਿਆਰੀ ਦਾ ਵਲ਼ ਸਮਝਾਇਆ ਹੈ। ਮਨੁੱਖਤਾ ਦੇ ਭਲੇ ਦੀ ਅਧਾਰ ਸ਼ਿਲਾ ਆਤਮਕ ਬਲ਼ `ਤੇ ਰੱਖੀ ਹੈ। ਸਰੀਰ ਤਾਂ ਦੇਖਣ ਨੂੰ ਲਗ ਪਗ ਸਾਰਿਆਂ ਦੇ ਇਕੋ ਜੇਹੇ ਹੀ ਹੁੰਦੇ ਹਨ ਪਰ ਦ੍ਰਿੜਤਾ ਨਾਲ ਫੈਸਲੇ ਕੋਈ ਕੋਈ ਹੀ ਲੈਂਦਾ ਹੈ। ਗੁਰੂ ਸਾਹਿਬ ਜੀ ਨੇ ਮਨੁੱਖੀ ਤਲ਼ ਦੀ ਸੋਚ ਤਬਦੀਲ ਕੀਤੀ ਹੈ। ਜੇ ਮਨੁੱਖ ਦੀ ਸੋਚ ਰੱਬੀ ਗੁਣਾਂ ਨਾਲ ਸਾਕਾਰ ਹੁੰਦੀ ਹੈ ਤਾਂ ਹੀ ਚੰਗਾ ਪਰਵਾਰ, ਸਮਾਜ ਤੇ ਦੇਸ਼ ਦਾ ਨਿਰਮਾਣ ਹੁੰਦਾ ਹੈ। ਸੱਤਾ ਜੀ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਉਜੜੀ ਖੇਤੀ ਨੂੰ ਨਵੇਂ ਸਿਰੇ ਤੋਂ ਅਬਾਦ ਕਰਨ ਲਈ ਕਿਰਸਾਨ ਨੂੰ ਮਿਹਨਤ ਕਰਨੀ ਪੈਂਦੀ ਹੈ ਏਸੇ ਤਰ੍ਹਾਂ ਭਾਰਤੀ ਸਮਾਜ ਦੀ ਆਤਮਕ ਖੇਤੀ ਨਿੱਜੀ ਸੁਆਰਥਾਂ ਕਰਕੇ ਉੱਜੜੀ ਹੋਈ ਸੀ। ਇਸ ਖੇਤੀ ਨੂੰ ਅਬਾਦ ਕਰਨ ਲਈ ਉੱਚੇ ਸੁੱਚੇ ਆਚਰਣ ਦੀ ਕਮਾਨ ਤੇ ਸੱਤ ਦੇ ਤੀਰ ਦੀ ਲੋੜ ਸੀ। ਜਿਸ ਤਰ੍ਹਾਂ ਖੇਤੀ ਨੂੰ ਬਾਹਰਲੇ ਜਨਵਰ ਉਜਾੜ ਦੇਂਦੇ ਹਨ ਤੇ ਉਹਨਾਂ ਕੋਲੋਂ ਖੇਤੀ ਬਚਾਉਣ ਲਈ ਵਾੜ ਜਾਂ ਜਨਵਰਾਂ ਨੂੰ ਦੂਰੋਂ ਭਜਾਉਣ ਲਈ ਕਈ ਉਪਰਾਲੇ ਕੀਤੇ ਜਾਂਦੇ ਹਨ ਏਸੇ ਤਰ੍ਹਾਂ ਹੀ ਆਤਮਕ ਖੇਤੀ ਦੀ ਰਾਖੀ ਲਈ ਸਹਿਜ ਅਵਸਥਾ ਦਾ ਘੋੜਾ, ਇੰਦ੍ਰੀਆਂ ਨੂੰ ਵਿਕਾਰਾਂ ਵਲੋਂ ਰੋਕ ਕੇ ਰੱਖਣ ਦੀ ਕਾਠੀ, ਸੁੱਚੇ ਆਚਰਣ ਦੀ ਕਮਾਨ, ਰੱਬੀ ਜਸ ਦਾ ਤੀਰ ਨਾਲ ਮਨ ਦੀ ਖੇਤੀ ਹਰੀ ਕੀਤੀ ਜਾ ਸਕਦੀ ਹੈ। ਇਸ ਅਵਸਥਾ ਵਿਚੋਂ ਅਣਖੀ ਜ਼ਿੰਦਗੀ ਜਨਮ ਲੈਂਦੀ ਹੈ।

ਪੰਜਾਬ ਵਿੱਚ ਰਹਿੰਦਿਆਂ ਹੋਇਆਂ ਕੇਵਲ ਪੰਜਾਬੀਆਂ ਦੀ ਗੱਲ ਨਹੀਂ ਕੀਤੀ ਸਗੋਂ ਅਧਿਆਤਮਕ ਗੁਣਾਂ ਦਾ ਸੁਨੇਹਾਂ ਤਾਂ ਸਾਰੀ ਦੁਨੀਆਂ ਨੂੰ ਦਿੱਤਾ ਹੈ। ਵੱਖ ਵੱਖ ਧਰਮਾਂ ਦੀ ਵੱਖ ਵੱਖ ਆਸਤਾ ਹੈ। ਬ੍ਰਾਹਮਣ ਕਹਿੰਦਾ ਹੈ ਕਿ ਐ ਮਨੁੱਖ! ਧਰਮਰਾਜ ਤੇਰੇ ਕੀਤੇ ਕਰਮਾਂ ਅਨੁਸਾਰ ਤੈਨੂੰ ਸਜਾ ਦੇਵੇਗਾ। ਇਹ ਸਜਾਵਾਂ ਵੱਖ ਵੱਖ ਜੂਨਾਂ ਭੋਗ ਕੇ ਹੀ ਪੂਰੀ ਕੀਤੀ ਜਾ ਸਕਦੀ ਹੈ। ਹੁਣ ਇਹ ਸਮਝ ਨਹੀਂ ਆ ਰਿਹਾ ਕਿ ਧਰਮ ਰਾਜ ਦਾ ਪੈਮਾਨਾ ਕੀ ਹੋਏਗਾ। ਕੁੱਝ ਕਹਿੰਦੇ ਹਨ ਮਾਸ ਖਾਣਾ ਪਾਪ ਹੈ ਤੇ ਬਹੁਤੀ ਦੁਨੀਆਂ ਮਾਸ ਖਾਣ ਨੂੰ ਕੋਈ ਅਵੱਗਿਆ ਨਹੀਂ ਗਿਣਦੀ। ਕੁੱਝ ਕਹਿੰਦੇ ਹਨ ਨੰਗੇ ਰਹਿਣਾ ਹੀ ਧਰਮ ਕਰਮ ਹੈ ਤੇ ਕੁੱਝ ਕਹਿੰਦੇ ਹਨ ਗੇਰੂਏ ਕਪੜੇ ਪਹਿਨਣ ਨਾਲ ਹੀ ਰੱਬ ਮਿਲ ਸਕਦੈ। ਕਈਆਂ ਦਾ ਇਹ ਵੀ ਖਿਆਲ ਹੈ ਕਿ ਰੱਬ ਨੇ ਮੁਰਦਿਆਂ ਨੂੰ ਕਬਰਾਂ ਵਿਚੋਂ ਕੱਢ ਕੇ ਮੁੜ ਨਵਾਂ ਜੀਵਨ ਦੇਣਾ ਹੈ ਇਸ ਆਸ ਨਾਲ ਮੁਰਦਿਆਂ ਨੂੰ ਦਫਨਾ ਰਹੇ ਹਨ। ਕੋਈ ਆਵਾ ਗਵਣ ਦੇ ਚੱਕਰ ਨੂੰ ਮੰਨ ਰਿਹਾ ਹੈ- ਸੱਤਾ ਜੀ ਇਸ ਪ੍ਰਥਾਏ ਸਮਝਾਉਂਦੇ ਹਨ ਅਸਲੀਅਤ ਨਾਲੋਂ ਟੁੱਟਿਆ ਹੋਇਆ ਮਨੁੱਖ ਦਿਨ ਦੀਵੀਂ ਆਵਾਗਵਣ ਦੇ ਚੱਕਰ ਵਿੱਚ ਪਿਆ ਹੋਇਆ ਹੈ—

ਨਿਤ ਰਸੋਈ ਤੇਰੀਐ, ਘਿਉ ਮੈਦਾ ਖਾਣੁ।।

ਚਾਰੇ ਕੁੰਡਾਂ ਸੁਝੀਓਸੁ, ਮਨ ਮਹਿ ਸਬਦੁ ਪਰਵਾਣੁ।।

ਆਵਾ ਗਉਣੁ ਨਿਵਾਰਿਓ, ਕਰਿ ਨਦਰਿ ਨੀਸਾਣੁ।।

ਬਹੁਤੀਆਂ ਸਰਕਾਰਾਂ ਅੱਜ ਸਾਂਝੀ ਰਸੋਈ ਦੀ ਗੱਲ ਕਰ ਰਹੀਆਂ ਹਨ ਪਰ ਗੁਰੂ ਅਮਰਦਾਸ ਜੀ ਨੇ ਉਸ ਸਮੇਂ ਸਾਂਝੀ ਰਸੋਈ ਦੇ ਕੇ ਮਨੁੱਖਤਾ ਵਿਚੋਂ ਜਾਤੀ ਵਾਦ ਤੇ ਛੂਤ ਛਾਤ ਵਰਗੀ ਭਿਆਨਕ ਭਿੰਨਤਾ ਖਤਮ ਕੀਤਾ ਸੀ ਜਦੋਂ ਬ੍ਰਾਹਮਣ ਸ਼ੂਦਰ ਦੇ ਪ੍ਰਛਾਵੇਂ ਤੋਂ ਵੀ ਡਰਦਾ ਸੀ। ਸਾਂਝਾ ਲੰਗਰ ਵਿੱਚ ਘਿਓ ਖਾਂਡ ਆਦਕ ਸਵਾਦਿਸ਼ਟ ਵਸਤੂਆਂ ਪਾ ਕੇ ਤਿਆਰ ਕੀਤਾ ਜਾਂਦਾ ਸੀ। ਜਿੱਥੇ ਸਰੀਰਕ ਲੰਗਰ ਦੀ ਜ਼ਰੂਰਤ ਸੀ ਓੱਥੇ ਆਤਮਕ ਗੁਣਾਂ ਵਾਲਾ ਲੰਗਰ ਸੰਗਤ ਵਿਚੋਂ ਪ੍ਰਾਪਤ ਕੀਤਾ ਜਾਂਦਾ ਸੀ। ਸਰੀਰਕ ਤੇ ਆਤਮਕ ਲੰਗਰ ਨੇ ਸਮਾਜਕ ਜੀਵਨ ਦਾ ਰਵੱਈਆ ਬਦਲਿਆ। ਆਤਮਕ ਤਲ਼ ਵਾਲੇ ਲੰਗਰ ਸਬੰਧੀ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ –

ਜਤੁ ਸਤੁ ਚਾਵਲ ਦਇਆ ਕਣਕ ਕਰਿ ਪ੍ਰਾਪਤਿ ਪਾਤੀ ਧਾਨੁ।।

ਦੂਧੁ ਕਰਮੁ ਸੰਤੋਖੁ ਘੀਉ ਕਰਿ ਐਸਾ ਮਾਂਗਉ ਦਾਨੁ।। ੩।।

ਪ੍ਰਭਾਤੀ ਮਹਲਾ ੧ ਪੰਨਾ ੧੩੨੯

ਅੱਖਰੀਂ ਅਰਥ-- (ਬ੍ਰਾਹਮਣ ਆਪਣੇ ਜਜਮਾਨ ਪਾਸੋਂ ਚਾਵਲ, ਕਣਕ, ਧਨ, ਦੁੱਧ, ਘਿਉ ਆਦਿਕ ਸਾਰੇ ਪਦਾਰਥ ਮੰਗਦਾ ਤੇ ਲੈਂਦਾ ਹੈ ਹੇ ਪ੍ਰਭੂ! ਤੂੰ ਮੇਰਾ ਜਜਮਾਨ ਹੈ, ਮੈਂ ਤੇਰੇ ਨਾਮ ਦਾ ਜੱਗ ਰਚਾਇਆ ਹੋਇਆ ਹੈ,) ਮੈਂ ਤੈਥੋਂ ਇਹੋ ਜਿਹਾ ਦਾਨ ਮੰਗਦਾ ਹਾਂ ਕਿ ਮੈਨੂੰ ਚਾਵਲਾਂ ਦੇ ਥਾਂ ਜਤ ਸਤ ਦੇਹ (ਮੈਨੂੰ ਸੱਚਾ ਆਚਰਨ ਦੇਹ ਕਿ ਮੈਂ ਗਿਆਨ-ਇੰਦ੍ਰਿਆਂ ਨੂੰ ਮੰਦੇ ਪਾਸੇ ਵਲੋਂ ਰੋਕ ਸਕਾਂ), ਕਣਕ ਦੇ ਥਾਂ ਮੇਰੇ ਹਿਰਦੇ ਵਿੱਚ ਦਇਆ ਪੈਦਾ ਕਰ, ਮੈਨੂੰ ਇਹ ਧਨ ਦੇਹ ਕਿ ਮੈਂ ਤੇਰੇ ਚਰਨਾਂ ਵਿੱਚ ਜੁੜਨ ਦੀ ਯੋਗਤਾ ਵਾਲਾ ਹੋ ਜਾਵਾਂ। ਮੈਨੂੰ ਸ਼ੁਭ ਕਰਮ (ਕਰਨ ਦੀ ਸਮਰੱਥਾ) ਬਖ਼ਸ਼, ਸੰਤੋਖ ਬਖ਼ਸ਼, ਇਹ ਹਨ ਮੇਰੇ ਵਾਸਤੇ ਦੁੱਧ ਤੇ ਘਿਉ।

ਆਮ ਧਰਮਾਂ ਦੇ ਪੁਜਾਰੀਆਂ ਵਲੋਂ ਮਨੁੱਖ ਦੇ ਮਰਣ ਉਪਰੰਤ ਪਾਏ ਹੋਏ ਛੱਲ਼ ਵਾਲੇ ਆਵਾਗਉਣ ਦੀ ਥਾਂ `ਤੇ ਵਰਤਮਾਨ ਜੀਵਨ ਵਿੱਚ ਆਈਆਂ ਉਕਾਈਆਂ ਵਾਲੇ ਆਵਾ ਗਵਣ ਨੂੰ ਸਮਝਣਾ ਪਏਗਾ। ‘ਮਨ ਮਹਿ ਸਬਦੁ ਪਰਵਾਣੁ` ਵਾਲੀ ਹਕੀਕਤ ਦੇ ਅਦਰਸ਼ ਨੂੰ ਧਿਆਨ ਵਿੱਚ ਲਿਆਉਣ ਦੀ ਲੋੜ ਮਹਿਸੂਸ ਹੋਣੀ ਚਾਹੀਦੀ ਹੈ। ਇਹਨਾਂ ਤੁਕਾਂ ਵਿਚੋਂ ਜਿੱਥੇ ਸਰੀਰਕ ਤਲ਼ ਦੀ ਲੋੜ ਮਹਿਸੂਸ ਹੁੰਦੀ ਹੈ ਓੱਥੇ ਆਤਮਕ ਬਲ ਵਾਲੀਆਂ ਤਾਕਤਾਂ ਨੂੰ ਵੀ ਅਪਨਾਉਣਾ ਪਏਗਾ ਤਾਂ ਆਤਮਕ ਗੁਣਾਂ ਨੂੰ ਖਾ ਜਾਣ ਵਾਲੀਆਂ ਬੇ-ਲੋੜੀਆਂ ਰਸਮਾਂ, ਕਰਮ-ਕਾਂਡਾਂ ਤੋਂ ਬਚਿਆ ਜਾ ਸਕਦਾ ਹੈ।

ਗੁਰਮਤ ਅਨੁਸਾਰ ਰੱਬੀ ਗੁਣਾਂ ਦੇ ਸਮੂਹ ਨੂੰ ਸਮੁੱਚੇ ਤੌਰ `ਤੇ ‘ਨਾਮ` ਨਾਲ ਯਾਦ ਕੀਤਾ ਗਿਆ ਹੈ। ਸਿੱਖੀ ਦਾ ਇੱਕ ਹੋਰ ਬੜਾ ਖੂਬਸੂਰਤ ਪਹਿਲੂ ਹੈ ਕਿ ਰੱਬ ਲੱਭਣ ਦੀ ਲੋੜ ਨਹੀਂ ਤੇ ਨਾ ਹੀ ਕੋਈ ਦੇਖਣ ਵਾਲੀ ਵਸਤੂ ਹੈ। ਇੱਕ ਸਤਰ ਵਿੱਚ ਉੱਤਰ ਦੇਣਾ ਹੋਵੇ ਤਾਂ ਏੰਨਾ ਹੀ ਕਿਹਾ ਜਾ ਸਕਦਾ ਹੈ ਕਿ ਮਨੁੱਖੀ ਸੁਭਾਅ ਨੇ ਰੱਬੀ ਗੁਣਾਂ ਵਾਲਾ ਰੱਬ ਆਪਣੇ ਜੀਵਨ ਵਿੱਚ ਪੈਦਾ ਕਰਨਾ ਹੈ। ਉਂਜ ਰੱਬ ਜੰਮਦਾ ਮਰਦਾ ਨਹੀਂ ਹੈ ਹਾਂ ਉਸ ਦੇ ਗੁਣਾਂ ਨੂੰ ਧਾਰਨ ਕਰਕੇ ਉਸ ਵਰਗਾ ਬਣਿਆ ਜਾ ਸਕਦਾ ਹੈ। ਹੁਣ ਗੁਰੂ ਅਮਰਦਾਸ ਜੀ ਨੇ ਦਾਦੇ ਤੇ ਪਿਤਾ ਵਾਲਾ ਸਾਰਾ ਫਲ਼ਸਫਾ ਸਮਝ ਕੇ ਅਪਨਾ ਲਿਆ ਹੈ। ਇਸ ਲਈ ਸਾਨੂੰ ਏਦਾਂ ਲਗਦਾ ਹੈ ਕਿ ਗੁਰੂ ਅਮਰਦਾਸ ਜੀ ਰੱਬ ਦਾ ਹੀ ਰੂਪ ਹਨ—

ਅਉਤਰਿਆ ਅਉਤਾਰੁ ਲੈ, ਸੋ ਪੁਰਖੁ ਸੁਜਾਣੁ।।

ਝਖੜਿ ਵਾਉ ਨ ਡੋਲਈ, ਪਰਬਤੁ ਮੇਰਾਣੁ।।

ਜਾਣੈ ਬਿਰਥਾ ਜੀਅ ਕੀ, ਜਾਣੀ ਹੂ ਜਾਣੁ।।

ਲੋਕ ਮਕਾਨ ਤਿਆਰ ਕਰਦੇ ਹਨ ਤਾਂ ਏੰਨਾ ਕੁ ਖ਼ਿਆਲ ਜ਼ਰੂਰ ਰੱਖਦੇ ਕਿ ਕਿਸੇ ਹਨੇਰੀ ਝੱਖੜ ਦੁਆਰਾ ਮਕਾਨ ਡਿੱਗੇ-ਡੋਲੇ ਨਾ। ਗੁਰੂ ਨਾਨਕ ਸਾਹਿਬ ਜੀ ਨੇ ਇੱਕ ਨਵੇਂ ਫਲਸਫੇ ਦਾ ਮਕਾਨ ਤਿਆਰ ਕੀਤਾ ਹੈ। ਜਿਸ ਦੀ ਬੁਨਿਆਦ ਸੱਚ `ਤੇ ਰੱਖੀ ਹੈ। ਸਹਿਬਾਂ ਨੂੰ ਪਤਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਅਣਖ਼ੀ ਜ਼ਿੰਦਗੀ ਜਿਉਣ ਲਈ ਪਹਿਲਾਂ ਆਪਣੀ ਜਾਨ ਦੀ ਬਾਜ਼ੀ ਵੀ ਲਉਣੀ ਪੈ ਸਕਦੀ ਹੈ। ਰਾਜਨੀਤਕ ਤਸ਼ੱਦਦ ਦਾ ਝੱਖੜ ਮਨੁੱਖ ਨੂੰ ਆਪਣੇ ਪੈਂਤੜੇ ਤੋਂ ਥਿੜਕਾ ਵੀ ਸਕਦਾ ਹੈ। ਵਿਕਾਰਾਂ ਦੀ ਹਨੇਰੀ ਅੱਗੇ ਬੰਦਾ ਰੁੜ ਸਕਦਾ ਹੈ। ਸੱਤਾ ਜੀ ਫਰਮਾਉਂਦੇ ਹਨ ਗੁਰੂ ਅਮਰਦਾਸ ਜੀ ਇੱਕ ਮਹਾਨ ਪਰਬੱਤ ਵਾਂਗ ਤਿਆਰ ਹੋਏ ਹਨ ਜਿਹੜੇ ਹਰ ਬਿਖੜੇ ਰਸਤੇ ਦੇ ਪੈਂਡੇ ਨੂੰ ਤਹਿ ਕਰਕੇ ਆਪਣੀ ਮੰਜ਼ਿਲ `ਤੇ ਪਹੁੰਚੇ ਹਨ। ਸਿੱਖ ਵੀ ਬਿਖੜਿਆਂ ਰਸਤਿਆਂ ਦਾ ਪਾਂਧੀ ਹੈ, ਇਹ ਕਦੇ ਕਿਸੇ ਮੁਸੀਬਤ ਅੱਗੇ ਡੋਲਿਆ ਨਹੀਂ ਹੈ, ਕਦੇ ਗੈਰ ਕੁਦਰਤੀ ਸਮਝਾਉਤੇ ਨਹੀਂ ਕਰਦਾ। ਹਾਂ ਇੱਕ ਗੱਲ ਜ਼ਰੂਰ ਹੈ ਅੱਜ ਦੇ ਦੌਰ ਵਿੱਚ ਕਿਸੇ ਸਿੱਖ ਨੇ ਗੈਰ ਕੁਦਰਤੀ ਸਮਝਾਉਤਾ ਕੀਤਾ ਹੈ ਤਾਂ ਉਹ ਸਿੱਖ ਨਹੀਂ ਹੈ ਬਲ ਕੇ ਉਸ ਨੇ ਸਿੱਖ ਹੋਣ ਦਾ ਭਰਮ ਜ਼ਰੂਰ ਪਾਲ਼ਿਆ ਹੋਇਆ ਹੈ। ਇਤਿਹਾਸ ਗਵਾਹ ਹੈ ਕਿ ਸਿੱਖ ਕੌਮ `ਤੇ ਕਿੰਨੀਆਂ ਹਨੇਰੀਆਂ ਝੁਲਦੀਆਂ ਰਹੀਆਂ ਹਨ ਪਰ ਸਿੱਖ ਹਰ ਜ਼ੁਲਮ ਦੀ ਝੁੱਲੀ ਹਨੇਰੀ-ਝੱਖੜ ਅੱਗੇ ਡਟਿਆ ਰਿਹਾ ਤੇ ਸ਼ਹਾਦਤਾਂ ਦੇ ਜਾਮ ਪੀਂਦਾ ਰਿਹਾ ਹੈ। ਹਰ ਪ੍ਰੀਖਿਆ ਵਿਚੋਂ ਸਿੱਖ ਸ਼ੁਧ ਕੁੰਦਨ ਹੋ ਕੇ ਹੀ ਨਿਕਲਿਆ ਹੈ।

ਭਾਈ ਸੱਤਾ ਜੀ ਅੱਗੇ ਫਰਮਾਉਂਦੇ ਹਨ ਕਿ ਗੁਰੂ ਅਮਰਦਾਸ ਦਾਸ ਜੀ ਤੁਹਾਡੀ ਕੋਈ ਸਿਫ਼ਤ ਨਹੀਂ ਕੀਤੀ ਜਾ ਸਕਦੀ ਤੁਸੀਂ ਸੁੰਦਰ ਆਤਮਕ ਜੀਵਨ ਵਾਲੇ ਹੋ—

ਕਿਆ ਸਾਲਾਹੀ ਸਚੇ ਪਾਤਿਸਾਹ, ਜਾਂ ਤੂ ਸੁਘੜੁ ਸੁਜਾਣੁ।।

ਦਾਨੁ ਜਿ ਸਤਿਗੁਰ ਭਾਵਸੀ, ਸੋ ਸਤੇ ਦਾਣੁ।।

ਗੁਰੂ ਨਾਨਕ ਜੀ, ਗੁਰੂ ਅਗੰਦ ਜੀ ਤੇ ਤੁਹਡੇ ਵਿੱਚ ਕੋਈ ਫਰਕ ਨਹੀਂ ਹੈ। ਸਰੀਰ ਜ਼ਰੂਰ ਬਦਲਿਆ ਹੈ ਪਰ ਜੋਤ ਅਥਵਾ ਸਿਧਾਂਤ ਇਕਸਾਰ ਚੱਲ ਰਿਹਾ ਹੈ—

ਨਾਨਕ ਹੰਦਾ ਛਤ੍ਰੁ ਸਿਰਿ, ਉਮਤਿ ਹੈਰਾਣੁ।।

ਸੋ ਟਿਕਾ ਸੋ ਬੈਹਣਾ, ਸੋਈ ਦੀਬਾਣੁ।।

ਪਿਯੂ ਦਾਦੇ ਜੇਵਿਹਾ, ਪੋਤ੍ਰਾ ਪਰਵਾਣੁ।।

ਇਕ ਨਵਾਂ ਜੱਥੇਬੰਧਕ ਢਾਂਚਾ ਸਥਾਪਤ ਕਰਨ ਲਈ ਲੰਬੇ ਸਘੰਰਸ਼ ਦੀ ਲੋੜ ਸੀ, ਉਸ ਲਈ ਜ਼ਰੂਰੀ ਹੈ ਕਿ ਵਿਚਾਰਧਾਰਾ ਇੱਕ ਹੀ ਚੱਲੇ। ਫੈਸਲੇ ਬਦਲਣ ਤੇ ਦੁਬਿਧਾ ਵਿੱਚ ਰਹਿਣ ਵਾਲਾ ਕਦੇ ਵੀ ਕੋਈ ਅਗਵਾਈ ਨਹੀਂ ਕਰ ਸਕਦਾ। ਜਿਹੜੇ ਫੈਸਲੇ ਪਿਤਾ ਤੇ ਦਾਦਾ ਜੀ ਨੇ ਕੀਤੇ ਉਹ ਹੀ ਫੈਸਲੇ ਗੁਰੂ ਅਮਰਦਾਸ ਜੀ ਕਰ ਰਹੇ ਹਨ। ਛੱਤ੍ਰ ਸਿਰਿ `ਤੇ ਭਾਵ ਮਤ, ਬੁੱਧੀ ਦੀ ਵਿਸ਼ਾਲਤਾ, ਪੱਕੀ ਸੋਚ ਦ੍ਰਿੜ ਫੈਸਲੇ ਦੇਖ ਕੇ ਸਾਰੀ ਸੰਗਤ ਖੁਸ਼ ਹੋ ਰਹੀ ਹੈ ਭਾਵ ਸਾਰੇ ਏਹੀ ਆਖਦੇ ਹਨ ਕਿ ਗੁਰੂ ਅਮਰਦਾਸ ਜੀ ਮੰਨਿਆ ਪ੍ਰਮੰਨਿਆ ਗੁਰੂ ਹੈ। ਪਹਿਲੇ ਗੁਰੂਆਂ ਵਰਗਾ ਮੱਥੇ ਦਾ ਨੂਰ ਭਾਵ ਅੰਦਰੋਂ ਬਾਹਰੋਂ ਇਕਸਾਰਤਾ, ਉਹੀ ਤੱਖਤ ਤੇ ਦਰਬਾਰ ਹੈ। ਭਾਵ ਉਹ ਹੀ ਵਿਧੀ ਵਿਧਾਨ ਹੈ।

ਤੱਤਸਾਰ—ਇਸ ਪਉੜੀ ਵਿੱਚ ਵੀ ਸ਼ਬਦ ਰਿੜਕਣ ਦੀ ਵਿਚਾਰ ਆਈ ਹੈ।

ਗੁਰੂ ਅਮਰਦਾਸ ਜੀ ਦਾ ਵਿਧੀ ਵਿਧਾਨ ਪਹਿਲੇ ਗੁਰੂਆਂ ਵਾਲਾ ਹੈ।

ਜਿੱਥੇ ਸਰੀਰ ਲਈ ਲੰਗਰ ਦੀ ਲੋੜ ਹੈ ਓੱਥੇ ਮਾਨਸਕ ਬਲ ਲਈ ਵਿਦਿਆ ਤਥਾ ਸੱਚੀ ਵਿਚਾਰਧਾਰਾ ਦੀ ਲੋੜ ਹੈ।

ਸੰਸਾਰ ਮਰਣ ਉਪਰੰਤ ਆਵਾਗਉਣ ਦੇ ਚੱਕਰ ਵਿੱਚ ਪਿਆ ਹੈ ਪਰ ਇਸ ਪਉੜੀ ਰਾਂਹੀਂ ਇਹ ਸਮਝ ਆਉਂਦੀ ਹੈ ਕਿ ਵਰਤਮਾਨ ਜੀਵਨ ਵਿੱਚ ਵੀ ਅਸੀਂ ਆਵਾਗਉਣ ਦੇ ਚੱਕਰਾਂ ਵਿੱਚ ਪਏ ਹੋਏ ਹਾਂ।

ਚੰਗੀਆਂ ਵਿਚਾਰਾਂ ਦੁਆਰਾ ਅਸੀਂ ਫੋਕਟ ਦੇ ਆਵਾ ਗਉਣ ਤੋਂ ਬਚ ਸਕਦੇ ਹਾਂ।

ਵਿਧੀ ਵਿਧਾਨ ਵਿੱਚ ਵਿਚਰਨ ਵਾਲਾ ਦ੍ਰਿੜ ਇਰਾਦੇ ਵਾਲਾ ਹੁੰਦਾ ਹੈ ਉਹ ਕਿਸੇ ਵੀ ਮੁਸੀਬਤ ਅੱਗੇ ਡੋਲਦਾ ਨਹੀਂ ਹੈ।

ਸ਼ਬਦ ਦੀ ਵਿਚਾਰ ਦੁਆਰਾ ਗੁਰੂ ਅਮਰਦਾਸ ਜੀ ਦੇ ਜੀਵਨ ਵਿੱਚ ਬਹੁਤ ਵੱਡਾ ਬਦਲਾ ਆਇਆ ਹੈ। ਕੀ ਅਸੀਂ ਵੀ ਗੁਰਬਾਣੀ ਵਿਚਾਰ ਨੂੰ ਸਮਝ ਕੇ ਆਪਣੇ ਜੀਵਨ ਬਦਲਾਅ ਨਹੀਂ ਲਿਆ ਸਕਦੇ?




.