. |
|
ਹੁਕਮੀ ਉਤਮੁ ਨੀਚੁ … ਨਾਨਕ ਉਤਮੁ ਨੀਚੁ ਨ ਕੋਇ
ਵੀਰ ਹਰਜੀਤ ਸਿੰਘ ਜੀਉ,
ਵਾਹਿ ਗੁਰੁ ਜੀ ਕਾ ਖਾਲਸਾ, ਵਾਹਿ ਗੁਰੁ ਜੀ ਕੀ ਫਤਹਿ।
ਵੀਰ ਜੀਉ, ਸ਼ਾਬਾਸ! ਸਿੱਖ ਸੰਗਤਾਂ ਨਾਲ ਗੁੱਰਮਤ ਗਿਆਨ-ਵਿਚਾਰ ਸੰਬੰਧਤ ਸਵਾਲ
ਕਰਨ ਲਈ।
ਕੋਈ ਵੀ ਇਨਸਾਨ ਅਗਰ ਆਪਣੇ ਆਲੇ-ਦੁਆਲੇ ਦੇ ਬਾਰੇ ਜਾਗਰੂਕ ਨਹੀਂ ਹੈ, ਭਾਵ
ਉਸਦੇ ਆਸੇ-ਪਾਸੇ ਕੀ ਹੋ ਰਿਹਾ ਹੈ?
ਉਸਦਾ ਆਪਣਾ ਜੀਵਨ ਕਿਸ ਪਾਸੇ ਜਾ ਰਿਹਾ ਹੈ?
ਜਿੰਦਗੀ ਜਿਉਂਣ ਦਾ ਮਕਸਦ ਕੀ ਹੈ?
ਜਿਸ ਗਿਆਨ ਨੂੰ ਆਪਣਾ ਜੀਵਨ ਆਧਾਰ ਬਣਾਇਆ ਹੈ, ਉਸ ਬਾਰੇ ਕੋਈ ਜਾਣਕਾਰੀ
ਨਹੀਂ ਹੈ।
ਤਾਂ, ਅਸੀਂ ਅਗਿਆਨਤਾ-ਭਰੇ ਅੰਧੇਰੇ ਵਿੱਚ ਜਿਉਂ ਰਹੇ ਹਾਂ। ਆਪਣੇ ਆਪ ਤੋਂ
ਅਣਜਾਣ ਹਾਂ, ਬੇਖਬਰ ਹਾਂ।
ਸਾਡੇ ਮਨੁੱਖਾ ਜੀਵਨ ਦਾ ਕੋਈ ਮਕਸਦ ਨਹੀਂ ਰਹਿ ਜਾਂਦਾ।
*** ਅਗਰ ਜਾਣਕਾਰੀ ਨਹੀਂ ਹੈ ਤਾਂ ਜਾਣਕਾਰੀ ਜਰੂਰ ਲੈ ਲੈਣੀ ਚਾਹੀਦੀ ਹੈ।
ਜਾਣਕਾਰੀ ਲੈ ਲੈਣ ਨਾਲ ਜੀਵਨ ਵਿਚੋਂ ਬਹੁਤ ਸਾਰੀਆਂ ਦਿਮਾਗੀ ਉੱਲਝਨਾਂ, ਭਰਮ-ਭੁਲੇਖੇ, ਸ਼ੰਕੇ
ਨਿਵਿਰਤ ਹੋ ਜਾਂਦੇ ਹਨ, ਅੱਗੇ ਵੱਧਣ ਲਈ ਗਿਆਨ ਦਾ ਦੀਵਾ ਜੱਗ ਪੈਂਦਾ ਹੈ, ਜਿਸ ਨਾਲ ਰਾਹ ਵਿਖਾਈ
ਦੇਣ ਲੱਗ ਜਾਂਦਾ ਹੈ।
*** ‘ਜਗਿਆਸੂ’ ਬਿਰਤੀ ਦਾ ਮਾਲਿਕ ਹੀ ‘ਮਨ’ ਵਿੱਚ ਜਾਣਕਾਰੀ ਲੈਣ ਦੀ ਲਾਲਸਾ
ਰੱਖਦਾ ਹੈ, ਪੈਦਾ ਕਰਦਾ ਹੈ। ਤਾਂ ਹੀ ਇਸ ਤਰਾਂ ਦੇ ਸਵਾਲ/ਵਲਵਲੇ ਪੈਦਾ ਹੁੰਦੇ ਹਨ, ਹੋਣੇ ਵੀ
ਚਾਹੀਦੇ ਹਨ।
####
ਸਿੱਖੀ-ਸਿਧਾਂਤਾਂ ਪ੍ਰਤੀ ਜਾਣਕਾਰੀ ਲੈਣ ਲਈ ‘ਸਿੱਖ ਮਾਰਗ’ ਬਹੁਤ ਹੀ ਵਧੀਆ ਪਲੇਟਫਾਰਮ ਹੈ।
ਆਪਣੇ ਮਨ ਦਾ ਸਵਾਲ ਲਿੱਖ ਭੇਜੋ, ਕੋਈ ਨਾ ਕੋਈ ਗੁਰਮੱਤ-ਸਿਧਾਂਤ ਦਾ ਜਾਣਕਾਰ ਵੀਰ-ਭੈਣ ਆਪਦੇ ਸਵਾਲ
ਦੇ ਜਵਾਬ ਵਿੱਚ ਆਪਣੇ ਵਿਚਾਰ ਜਰੂਰ ਲਿਖ ਭੇਜੇਗਾ।
*** ਆਪਜੀ ਦਾ ਅੱਜ ਦਾ ਸਵਾਲ
(ਹੁਕਮੀ ਉਤਮੁ ਨੀਚੁ … ਨਾਨਕ ਉਤਮੁ
ਨੀਚੁ ਨ ਕੋਇ) ਨਾਲ ਸੰਬੰਧਤ ਹੈ।
*** ਆਪਜੀ ਦੇ ਸਵਾਲ ਦਾ ਆਧਾਰ ਪੰਕਤੀਆਂ ‘ਜਪੁ’ ਬਾਣੀ ਦੀਆਂ 2 ਅਤੇ 33
ਪਉੜੀਆਂ ਵਿਚੋਂ ਹਨ। ਗੁਰਬਾਣੀ ਵਿਚਾਰ ਕਰਦਿਆਂ/ਪੜ੍ਹਦਿਆਂ ਅਗਰ ਕੋਈ ਨੁਕਤਾ ਸਮਝ ਨਾ ਆਵੈ ਤਾਂ ਪੂਰਾ
ਸ਼ਬਦ/ਪਉੜੀ ਨੂੰ ਪੜ੍ਹਨਾ ਕਰੋ ਅਤੇ ਸਹਿਜ ਨਾਲ ਵਿਚਾਰਨਾ ਕਰੋ। ਫਿਰ ਵੀ ਪਕੜ ਵਿੱਚ ਨਹੀਂ ਆ ਰਿਹਾ
ਤਾਂ ਅੱਗਲੇ ਅਤੇ ਪਿਛਲੇ ਦੋ-ਚਾਰ ਸ਼ਬਦਾਂ ਨੂੰ ਵਾਚਣਾ ਕਰੋ ਜੀ। ਜਰੂਰ ਜਵਾਬ ਸਾਹਮਣੇ ਆ ਜਾਂਦਾ ਹੈ।
** ਅਗਰ ਫਿਰ ਵੀ ਸਮਝ ਨਾ ਆਵੈ ਤਾਂ ਫਿਰ ਇਹ ‘ਸਿੱਖ ਮਾਰਗ’ ਵਾਲਾ
ਤਰੀਕਾ ਤਾਂ ਕਾਰਗਾਰ ਸਾਬਿਤ ਹੁੰਦਾ ਹੀ ਹੈ।
*** ‘ਗੁਰਬਾਣੀ’ ਅੰਦਰ ਬਹੁਤ ਸਾਰੇ ਅਜੇਹੇ ਲਫ਼ਜ਼ ਹਨ ਜਿਹਨਾਂ ਦੇ ਅਰਥ ਇੱਕ
ਤੋਂ ਜਿਆਦਾ ਹੋ ਸਕਦੇ ਹਨ। ਅਰਥ ਹਮੇਂਸ਼ਾ ਪ੍ਰਕਰਨ ਦੇ/ਪ੍ਰਸੰਗ ਦੇ ਅਨੁਸਾਰੀ ਹੀ ਹੋਣੇ ਹਨ।
‘ਗੁਰਬਾਣੀ’ ਆਪ ਹੀ ‘ਸ਼ਬਦ ਗੁਰੂ ਗੁਰਬਾਣੀ’ ਦੀ ਕੁੰਜੀ ਹੈ। ਬੱਸ ਲੋੜ ਹੈ ਤਾਂ ਥੋੜੀ ਮਿਹਨਤ ਕਰਨਦੀ
ਤਾਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ‘ਸ਼ਬਦ ਗੁਰੂ ਗੁਰਬਾਣੀ’ ਦੇ ਅੰਦਰ ਮੌਜੂਦ ਹਨ।
*** ਸਚਿਆਰ-ਸਿੱਖ ਬਨਣ ਲਈ, ਜਗਿਆਸੂ ਬਨਣਾ ਲਾਜ਼ਿਮ ਹੈ, ਅਤੇ
ਜਗਿਆਸੂ/ਗੁਰਬਾਣੀ-ਪ੍ਰੇਮੀ ਨੂੰ ਇੱਕ ਗੱਲ ਸਦਾ ਯਾਦ ਰੱਖਣੀ ਚਾਹੀਦੀ ਹੈ ਕਿ ਗੁਰਬਾਣੀ ਵਿੱਚ ਕਿਧਰੇ
ਵੀ ਵਿਰੋਧਾ-ਭਾਸ ਨਹੀਂ ਹੈ। ਅਗਰ ਸਾਨੂੰ ਵਿਰੋਧਾ-ਭਾਸ ਮਹਿਸੂਸ ਹੋ ਰਿਹਾ ਹੈ ਤਾਂ ਉਹ ਸਾਡੀ
ਗੁਰਮੱਤ-ਸਿਧਾਂਤ ਪ੍ਰਤੀ ਪਕੜ ਵਿੱਚ ਕਿੱਧਰੇ ਢਿੱਲ ਹੈ।
ਸਾਨੂੰ ਗੁਰਮੱਤ-ਸਿਧਾਂਤ ਦੀ ਜਾਣਕਾਰੀ ਲਈ ਆਪ "ਸ਼ਬਦ ਗੁਰੁ ਗਰੰਥ ਸਾਹਿਬ ਜੀ"
ਅੰਦਰ ਦਰਜ਼ ‘ਗੁਰਬਾਣੀ’ ਨੂੰ ਪੰਨਾ ਨੰਬਰ 1 (ੴ) ਤੋਂ ਲੈਕੇ ਪੰਨਾ ਨੰਬਰ 1429 (ਤਨੁ ਮਨੁ ਥੀਵੈ
ਹਰਿਆ) ਤੱਕ ਪੜ੍ਹਨਾ ਕਰਨਾ ਹੋਵੇਗਾ। ਇਸ ਨਾਲ ਸਾਡੀ 35 ਮਹਾਂ-ਪੁਰਸ਼ਾਂ ਦੇ ਗਿਆਨ ਵਿਚਾਰ ਨਾਲ ਸਾਂਝ
ਬਣੇਗੀ ਤਾਂ ਗੁਰਬਾਣੀ-ਸਿਧਾਂਤ ਹੋਰ ਨਿਖਰ ਕੇ ਸਾਡੀ ਸਮਝ ਵਿੱਚ ਆਵੇਗਾ।
*** ਆਪ ਜੀ ਦੀ ਜਗਿਆਸਾ ਹੈ ਕਿ, ( ਇਸ
ਬਾਰੇ ਚਾਣਨਾ ਪਾਣਾ, ਇੱਕ ਜਗ੍ਹਾ ਹੈ, ਹੁਕਮ ਅਨੁਸਾਰ
ਉਤਮ ਨੀਚ ਹਨ
ਅਤੇ ਦੂਸਰੀ ਜਗ੍ਹਾ
ਉਤਮ ਨੀਚ ਕੋਈ
ਵੀ ਨਹੀਂ
।
##### ਵੀਰ ਜੀਉ, ਜੋ ਮੈਂ ਮਹਿਸੂਸ ਕਰ ਰਿਹਾਂ ਹਾਂ, ਤੁਹਾਡੇ ਪਾਸ ‘ਉਤਮ
ਨੀਚ’ ਲਫ਼ਜ਼ਾਂ ਦੇ ਅਰਥਾਂ ਦੀ ਜਾਣਕਾਰੀ ਹੈ, ਪਰ ‘ਜਪੁ’ ਬਾਣੀ ਵਿੱਚ ਕਿਸ ਲਹਿਜ਼ੇ ਵਿੱਚ ਵਰਤੇ ਗਏ ਹਨ
ਦੀ ਪਕੜ ਨਹੀਂ ਹੋ ਰਹੀ।
‘ਸ਼ਬਦ ਗੁਰੁ ਗੁਰਬਾਣੀ’ ਵਿੱਚ ਬਹੁਤ ਜਗਹ ਇੱਕ ਹੀ ਲਫ਼ਜ਼ ਦੇ ਅਲੱਗ-ਅਲੱਗ ਅਰਥ,
ਪ੍ਰਕਰਨ/ਪ੍ਰਸੰਗ ਦੇ ਅਨੁਸਾਰੀ ਕਰਨੇ ਪੈਂਦੇ ਹਨ, ਸਮਝਨੇ ਪੈਂਦਾ ਹੈ। ‘ਉਤਮੁ ਨੀਚੁ’ ਲਫ਼ਜ਼ ਦੋਨਾਂ
ਪਉੜੀਆਂ ਵਿੱਚ ਇਕੋ ਜਿਹੇ ਹਨ, ਪਰ ਦੋਨਾਂ ਪਉੜੀਆਂ ਵਿੱਚ ਵਿਸ਼ੇ ਅਲੱਗ ਹਨ।
** ਪਉੜੀ ਨੰਬਰ 2 ਵਿੱਚ ਵਿਸ਼ਾ ਹੈ, ‘ਰੱਬੀ’ ਹੁਕਮ, ਰਜ਼ਾ, ਭਾਣਾ।
"ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥ ਹੁਕਮੀ ਹੋਵਨਿ ਜੀਅ ਹੁਕਮਿ
ਮਿਲੈ ਵਡਿਆਈ॥ ਹੁਕਮੀ ਉਤਮੁ
ਨੀਚੁ ਹੁਕਮਿ ਲਿਕਿ ਦੁਖ ਸੁਖ
ਪਾਈਅਹਿ॥ ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ॥ ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ
ਕੋਇ॥ ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ॥ 2॥
ਅਰਥ:-
ਅਕਾਲ ਪੁਰਖ ਦੇ ਹੁਕਮ ਅਨੁਸਾਰ ਸਾਰੇ
ਸਰੀਰ ਬਣਦੇ ਹਨ, (ਪਰ ਇਹ) ਹੁਕਮ ਦੱਸਿਆ ਨਹੀਂ ਜਾ ਸਕਦਾ ਕਿ ਕਿਹੋ ਜਿਹਾ ਹੈ। ਰੱਬ ਦੇ ਹੁਕਮ
ਅਨੁਸਾਰ ਹੀ ਸਾਰੇ ਜੀਵ ਜੰਮ ਪੈਂਦੇ ਹਨ ਅਤੇ ਹੁਕਮ ਅਨੁਸਾਰ ਹੀ (ਰੱਬ ਦੇ ਦਰ `ਤੇ) ਸ਼ੋਭਾ ਮਿਲਦੀ
ਹੈ।
ਅਰਥ:-
ਰੱਬ ਦੇ ਹੁਕਮ ਵਿੱਚ ਕੋਈ ਮਨੁੱਖ ਚੰਗਾ
(ਬਣ ਜਾਂਦਾ) ਹੈ, ਕੋਈ ਭੈੜਾ। ਉਸ ਦੇ ਹੁਕਮ ਵਿੱਚ ਹੀ (ਆਪਣੇ ਕੀਤੇ ਹੋਏ ਕਰਮਾਂ ਦੇ) ਲਿਖੇ ਅਨੁਸਾਰ
ਦੁੱਖ ਤੇ ਸੁਖ ਭੋਗੀਦੇ ਹਨ। ਹੁਕਮ ਵਿੱਚ ਹੀ ਕਦੀ ਮਨੁੱਖਾਂ ਉੱਤੇ (ਅਕਾਲ ਪੁਰਖ ਦੇ ਦਰ ਤੋਂ) ਬਖ਼ਸ਼ਸ਼
ਹੁੰਦੀ ਹੈ, ਅਤੇ ਉਸ ਦੇ ਹੁਕਮ ਵਿੱਚ ਹੀ ਕਈ ਮਨੁੱਖ ਨਿੱਤ ਜਨਮ ਮਰਨ ਦੇ ਗੇੜ ਵਿੱਚ ਭਵਾਈਦੇ ਹਨ।
ਅਰਥ:-
ਹਰੇਕ ਜੀਵ ਰੱਬ ਦੇ ਹੁਕਮ ਵਿੱਚ ਹੀ
ਹੈ, ਕੋਈ ਜੀਵ ਹੁਕਮ ਤੋਂ ਬਾਹਰ (ਭਾਵ, ਹੁਕਮ ਤੋ ਆਕੀ) ਨਹੀਂ ਹੋ ਸਕਦਾ। ਹੇ ਨਾਨਕ! ਜੇ ਕੋਈ ਮਨੁੱਖ
ਅਕਾਲ ਪੁਰਖ ਦੇ ਹੁਕਮ ਨੂੰ ਸਮਝ ਲਏ ਤਾਂ ਫਿਰ ਉਹ ਸੁਆਰਥ ਦੀਆਂ ਗੱਲਾਂ ਨਹੀਂ ਕਰਦਾ (ਭਾਵ, ਫਿਰ ਉਹ
ਸੁਆਰਥੀ ਜੀਵਨ ਛੱਡ ਦੇਂਦਾ ਹੈ)। ੨।
ਭਾਵ:-
ਪ੍ਰØਭੂ ਦੇ ਹੁਕਮ ਦਾ ਸਹੀ ਸਰੂਪ ਬਿਆਨ
ਨਹੀਂ ਕੀਤਾ ਜਾ ਸਕਦਾ, ਪਰ ਉਹ ਥੋੜ੍ਹ-ਵਿਤਾ ਨਹੀਂ ਰਹਿੰਦਾ। (ਟੀਕਾ
ਪ੍ਰੋਫੇਸਰ ਸਾਹਿਬ ਸਿੰਘ ਜੀ)
*** ਪਉੜੀ ਨੰਬਰ ‘2’ ਵਿੱਚ ਨਿਰਅਕਾਰ ਕਰਤਾਰ,
ਅਕਾਲ-ਪੁਰਖ ਦੇ ਹੁਕਮ, ਰਜ਼ਾ,
ਭਾਣੇ ਵਿੱਚ ਬਣੇ ਵਿਧੀ-ਵਿਧਾਨ
ਦੇ ਤਹਿਤ/ਅਨੁਸਾਰੀ, ਇਸ ਸ੍ਰਿਸਟੀ ਦੇ ਆਕਾਰ ਬਣੇ, ਜੀਅ ਪੈਦਾ ਹੁੰਦੇ ਹਨ, ‘ਮਨੁੱਖ’ ਵੀ ਇਹਨਾਂ
ਜੀਅ-ਆਕਾਰਾਂ ਵਿਚੋਂ ਇੱਕ ਰੱਬੀ ਕ੍ਰਿਤ ਹੈ।
** ਇਸ ਪਉੜੀ ਵਿੱਚ
ਨਿਰਅਕਾਰ ਕਰਤਾਰ, ਅਕਾਲ-ਪੁਰਖ
ਦੀ ਸਿਫਤ-ਸਾਲਾਹ ਦੇ ਨਾਲ ਨਾਲ ਉਸ ਕਰਤੇ ਦੀ ਕਾਰੀਗਰੀ ਦੀ
ਵਡਿਆਈ ਹੈ, ਕਿਵੇਂ ਉਸ ਕਾਦਰ/ਕਰਤੇ ਨੇ ਬਿਨਾਂ ਕਿਸੇ ਲਿੰਗ-ਭਿੰਨ-ਭੇਦ ਦੇ, ਨਾ-ਇੰਨਸਾਫੀ ਦੇ, ਇਸ
ਸੰਸਾਰ ਦੇ ਜੀਆਂ ਨੂੰ ਬਨਾਉਣਾ ਕੀਤਾ, ਘੜਨਾ ਕੀਤਾ। ਹੁਕਮ ਵਿਚ, ਰਜ਼ਾ ਵਿਚ, ਸੱਭ ਨਾਲ ਇੱਕੋ ਜਿਹਾ
ਵਰਤਾਵ ਹੋ ਰਿਹਾ ਹੈ, ਸਲੂਕ ਹੋ ਰਿਹਾ ਹੈ।
** ਕਰਤੇ ਦਾ ਨਿਜ਼ਾਮ/ਵਿਧੀ-ਵਿਧਾਨ, ਸਿਸਟਿਮ ਕਿਸੇ ਵੀ ਜੀਵ ਨਾਲ ਕੋਈ
ਵਿਤਕਰਾ ਨਹੀਂ ਕਰਦਾ। ਹਰ ਜੀਵ ਨੂੰ ਉਸਦੇ ਕੀਤੇ ਕਰਮਾਂ ਦੇ ਅਨੁਸਾਰੀ ਰਜੱਲਟ/ਫਲ ਮਿਲਦਾ ਜਾਣਾ ਹੈ।
(ਸੁਖੁ ਦੁਖੁ
ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ॥ ਮ1॥ ਪੰ 139॥
ਇਹ ਉਸ ਕਰਤੇ ਦੀ ਖ਼ਾਸੀਅਤ ਹੈ, ਉਸਦਾ ਬਣਾਇਆ ਨਿਜ਼ਾਮ ਹੈ,
ਜੋ ਆਟੋ-ਮੈਟਾਕਲੀ ਲਗਾਤਾਰ ਸਾਰੀ ਸ੍ਰਿਸਟੀ ਉਪਰ ਲਾਗੂ ਹੋ ਰਿਹਾ ਹੈ।
** ਗੁਰਬਾਣੀ ਫੁਰਮਾਨ:
ਜੋ ਬੀਜੈ ਸੋਈ ਫਲੁ ਪਾਏ ਸੁਪਨੈ ਸੁਖੁ ਨ ਪਾਵਨਿਆ॥ ਮ3॥ ਪੰ 113॥
ਜੇਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸੁ॥ ਮ5॥ ਪੰ 133॥
ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ॥ ਮ5॥ ਪੰ 134॥
ਜੈਸਾ ਬੀਜੇ ਸੋ ਲੁਣੈ ਜੇਹਾ ਪੁਰਬਿ ਕਿਨੈ ਬੋਇਆ॥ ਮ4॥ ਪੰ 309॥
ਜੈਸਾ ਬੀਜੈ ਸੋ ਲੁਣੈ ਕਰਮ ਇਹੁ ਖੇਤੁ॥ ਮ5॥ ਪੰ 706॥
** ਸੋ ਇਸ ਸੰਸਾਰ ਵਿੱਚ ਜੋ ਵੀ ਆਕਾਰ/ਜੀਅ ਬਣੇ ਹਨ, ਉਹ ਸਾਰੇ ਨਿਜ਼ਾਮ ਵਿੱਚ
ਹਨ/ਹੁਕਮ ਵਿੱਚ ਹਨ। ਕੁੱਦਰਤ ਦੇ ਵਿਧੀ-ਵਿਧਾਨ ਦੇ ਅੰਦਰ ਹਨ। ਇਸ ਧਰਤੀ ਉੱਪਰ ਸਿਵਾਏ ਮਨੁੱਖ ਦੇ
ਬਾਕੀ ਸਾਰੇ ਜੀਵ, ਕੁੱਦਰਤੀ ਜੀਵਨ ਜਿਉਂ ਰਹੇ ਹਨ। ਇੱਕ ਮਨੁੱਖ ਹੈ, ਜਿਸਨੂੰ ਅਕਾਲ-ਪੁਰਖ ਨੇ ਵਧੀਆ
ਆਕਾਰ ਦੇ ਕੇ, ਵੱਧ ਤੋਂ ਵੱਧ ਅਕਲ, ਮੱਤ, ਬੁੱਧ ਦੇ ਨਾਲ ਨਿਵਾਜਣਾ ਕੀਤਾ। ਅੱਜ ਮਨੁੱਖ ਕੁੱਦਰਤੀ
ਜੀਵਨ ਜਿਉਂਣ ਦੇ ਨਾਲ ਨਾਲ ਆਪਣੀ ਅਕਲ, ਮੱਤ, ਬੁੱਧ ਦੀ ਵਰਤੋਂ ਵੀ ਕਰ ਰਿਹਾ ਹੈ। ਆਪਣਿਆਂ
ਲੇਖਾਂ/ਕਰਮਾਂ ਕਰਕੇ ਸੁੱਖੀ ਭੀ ਹੈ, ਦੁੱਖੀ ਭੀ ਹੈ।
** ਅਕਾਲ-ਪੁਰਖ ਨੇ ਮਨੁੱਖ ਨੂੰ ਇਹ ਸੋਝੀ ਦਿੱਤੀ ਹੈ ਕਿ ਉਹ ਆਪਣੇ
ਉੱਤਮ-ਨੀਚ, ਬੁਰੇ-ਭਲੇ, ਚੰਗੇ-ਮਾੜੇ ਫੁਰਨਿਆਂ, ਸੋਚਾਂ, ਵਿਚਾਰਾਂ, ਕਰਮਾਂ ਨੂੰ ਆਪਣੀ ਲਿਖਤ
ਵਿਚ/ਰੀਕਾਰਡ ਵਿੱਚ ਲਿਆਉਣਾ ਚਹੁੰਦਾ ਹੈ ਜਾਂ ਨਹੀਂ ਲਿਆਉਣਾ ਚਹੁੰਦਾ। ਕਿਸ ਪਾਸੇ ਜਾਣਾ ਹੈ/ਕਿਸ
ਪਾਸੇ ਨਹੀਂ ਜਾਣਾ, ਇਸ ਦਾ ਫੈਸਲਾ ਮਨੁੱਖ ਨੇ ਹੀ ਕਰਨਾ ਹੈ।
** ਫਿਰ ਇਸ ਫੈਸਲੇ ਦਾ ਰਜੱਲਟ-ਫਲ, ਰੱਬੀ-ਹੁਕਮ-ਵਿਧੀ-ਵਿਧਾਨ ਦੇ ਤਹਿਤ ਹੀ
ਹੋਏਗਾ, ਜੋ ਲਗਾਤਾਰ ਹਰ ਮਨੁੱਖੀ-ਜੀਅ ਦਾ ਸਮੇਂ ਦੇ ਅਨੁਸਾਰੀ ਹੋਈ ਜਾ ਰਿਹਾ ਹੈ।
** ਇਸੇ ਪ੍ਰਕਿਰਿਆ ਦੇ ਤਹਿਤ
ਉੱਤਮ-ਨੀਚ ਮਨੁੱਖ
ਹੋਂਦ ਵਿੱਚ ਆਈ ਜਾ ਰਹੇ ਹਨ। ‘ਹੁਕਮ’ ਲਗਾਤਾਰ ਇੱਕ ਰੱਸ ਵਿਆਪੱਕ ਵਰਤ ਰਿਹਾ ਹੈ।
*** ਪਉੜੀ ਨੰਬਰ 2 ਵਿੱਚ
ਨਿਰਅਕਾਰ ਕਰਤਾਰ, ਅਕਾਲ-ਪੁਰਖ
ਦੇ ਵਿਧੀ-ਵਿਧਾਨ, ਭਾਣਾ-ਰਜ਼ਾ-ਹੁਕਮ ਦੀ ਬੇਅੰਤਤਾ ਦੀ
ਸਿਫਤਿ ਸਾਲਾਹ ਹੈ। ਜਿਸਦੇ ਤਹਿਤ ਮਨੁੱਖੀ ਆਕਾਰਾਂ ਦੀ ਵਡਿਆਈ, ਉੱਚਤਾ- ਨੀਚਤਾ, ਦੁੱਖ-ਸੁੱਖ ਤਹਿ
ਹੁੰਦੇ ਰਹਿੰਦੇ ਹਨ।
*** ਮਨੁੱਖ ਵੀ ‘ਹੁਕਮ’ ਵਿੱਚ ਹੈ। ‘ਹੁਕਮ’ ਵਿੱਚ ਰਹਿੰਦੇ ਮਨੁੱਖ ਨੂੰ
ਅਜ਼ਾਦੀ ਹੈ ਕਿ ਉਹ ਆਪਣੇ ਵਲੋਂ ਕੀਤੇ ਜਾ ਰਹੇ ਕੰਮਾਂ/ਲੇਖਾਂ ਉਪਰ ਨਜ਼ਰਸਾਨੀ ਕਰ ਸਕਦਾ ਹੈ, ਕਿ ਉਹ
ਕਿਸ ਪਾਸੇ ਵੱਲ ਜਾ ਰਿਹਾ ਹੈ। ਉਸਦੀ ਦਿਸ਼ਾ ਸਕਾਰਤਮਿੱਕ ਹੈ ਨਾਕਾਰਤਮਿੱਕ ਭਾਵ ਪੌਜ਼ੇਟਿਵ ਜਾਂ
ਨੈਗੇਟਿਵ ਹੈ, ਆਪੇ ਦੀ ਪੜਚੋਲ ਕਰਕੇ ਮਨੁੱਖ ਆਪਣੀ ਸੋਚ ਵਿੱਚ ਬਦਲਾਅ ਲਿਆ ਸਕਦਾ ਹੈ ਅਤੇ ਉਹ ਸਹੀ
ਦਿਸ਼ਾ ਵੱਲ ਨੂੰ ਵੱਧਣਾ ਸੁਰੂ ਕਰ ਸਕਦਾ ਹੈ।
***
{{{{{{{{{{{{ਇਥੇ, ਕਿਸੇ ਵੀਰ-ਭੈਣ ਦੇ ਮਨ ਵਿੱਚ ਫਿਰ ਇਹ ਸਵਾਲ ਆ ਸਕਦਾ ਹੈ ਕਿ ਅਗਰ ਸੱਭ
ਕੁੱਝ ‘ਹੁੱਕਮ’ ਵਿੱਚ ਹੋ ਰਿਹਾ ਹੈ ਤਾਂ ਇਹ ਮਨੁੱਖੀ ਕਰਮਾਂ ਦੀ ਖੇਡ ਵਿਚਾਲੇ ਕਿਥੋਂ ਆ ਗਈ।
*** ‘ਗੁਰਬਾਣੀ’
ਫੁਰਮਾਨ ਸਾਨੂੰ ਮਨੁੱਖਾ ਨੂੰ ਇਸ ‘ਹੁਕਮ/ਰਜ਼ਾ/ਭਾਣੇ’ ਦੀ ਖੇਡ ਦਾ ਹੋਰ ਖੁਲਾਸਾ ਕਰਦੇ ਹਨ, ਕਿ
ਮਨੁੱਖਾ ਸ਼੍ਰੇਣੀ ਵਿੱਚ ਹਰ ‘ਜੀਅੜਾ’, ਹਰ ਇਨਸਾਨ (ਬੱਚਾ-ਜਵਾਨ-ਬੁੱਢਾ) ਆਪਣੇ ਆਪ ਵਿੱਚ ਯੂਨੀਕ ਹੈ,
ਖ਼ਾਸ ਹੈ। ਹਰ ਇਨਸਾਨ ਆਪੋ-ਆਪਣੀ ਜੀਵਨ ਯਾਤਰਾ ਦਾ ਪੈਂਡਾ ਤਹਿ ਕਰ ਰਿਹਾ ਹੈ। ਕਿਸੇ ਇੱਕ ਇਨਸਾਨ ਦੀ
ਯਾਤਰਾ ਦਾ ਕਿਸੇ ਦੂਸਰੇ ਇਨਸਾਨ ਦੀ ਯਾਤਰਾ ਨਾਲ ਕੋਈ ਸੰਬੰਧ ਨਹੀਂ ਹੈ। ਹਰ ਇਨਸਾਨ ਦੇ ਸੁੱਖ-ਦੁੱਖ
ਆਪੋ ਆਪਣੇ ਹਨ। ਸਾਡੇ ਦੁਨੀਆਵੀ ਰਿਸ਼ਤੇ ਬਨਣੇ ਵੀ ‘ਅਕਾਲ-ਪੁਰਖ’ ਦੇ ਵਿਧੀ-ਵਿਧਾਨ ਦਾ ਹੀ ਅੰਗ
ਹੈ/ਹਿੱਸਾ ਹੈ। ਹਰ ਸ਼੍ਰੇਣੀ ਵਿੱਚ ਨਰ ਅਤੇ ਮਾਦਾ ਜੀਵ ਹਨ। ਜਿਨ੍ਹਾਂ ਰਾਂਹੀ ਅੱਗੇ ਤੋਂ ਅੱਗੇ
ਜੀਵਾਂ ਦੀ ਪੈਦਾਇਸ਼ ਦਾ ਰਾਹ ਬਣਦਾ ਜਾਂਦਾ ਹੈ। ਇਹਨਾਂ ਦੁਨੀਆਵੀ ਰਿਸ਼ਤਿਆਂ ਦੇ ਨਾਂ ਵੀ ਮਨੁੱਖ ਨੇ
ਆਪਣੀ ਅਕਲ, ਬੁੱਧ ਵਰਤਕੇ ਹੀ ਘੜੇ ਹਨ, ਰੱਖੇ ਹਨ। ਮਨੁੱਖਾ ਜੀਵਨ ਯਾਤਰਾ ਕਿਸ ਤਰਾਂ ਦੀ ਹੋਵੇਗੀ ਇਹ
ਮਨੁੱਖ ਦੀ ਸੋਚ ਉੱਪਰ ਨਿਰਭਰ ਕਰਦਾ ਹੈ।
** ਇਹਨਾਂ ਸੁੱਖਾਂ-ਦੁੱਖਾਂ ਦਾ ਆਧਾਰ ਹਰ ਮਨੁੱਖ ਦੀ ਆਪਣੀ
ਸੋਚ
ਹੈ।
** ਇਹ
ਸੋਚ
ਹੀ ਮਨੁੱਖ ਦੀ ਇੱਛਾ
ਬਣਦੀ ਹੈ।
**
ਇੱਛਾ ਹੀ ਇਸ ਸਰੀਰ ਦੇ ਰਾਂਹੀ
ਕਰਮ
ਬਣਦਾ ਹੈ।
** ਬਾਰ ਬਾਰ ਉਹੀ
ਕਰਮ
ਕਰਨਾ ਹੀ ਮਨੁੱਖ ਦੀ
ਆਦਤ
ਬਣਦੀ ਹੈ।
**
ਆਦਤ ਰਾਂਹੀ ਕੀਤੇ (ਕਰਮ) ਹੀ
ਮਨੁੱਖ ਦਾ (ਸੁੱਖ-ਦੁੱਖ)
ਹੈ।
( ਇਸਨੂੰ ਕਿਸਮਤ,
ਮੁਕੱਦਰ, ਡੇਸਟਨੀ ਵੀ ਕਹਿੰਦੇ ਹਨ। ਗੁਰਬਾਣੀ ਵਿੱਚ ਇਸਨੂੰ ਭਾਗ ਕਹਿੰਦੇ ਹਨ। (ਹਰਿ ਜਨ ਕੇ ਵਡ ਭਾਗ
ਵਡੇਰੇ ਜਿਨ ਹਰਿ ਹਰਿ ਸਰਧਾ ਹਰਿ ਪਿਆਸ॥)
ਅਗਰ ਕਰਮ/ਸੋਚ ਪੌਜ਼ੇਟਿਵ ਤਾਂ ਰਜੱਲਟ/ਫਲ ਵੀ ਪੌਜ਼ੇਟਿਵ ਆਵੇਗਾ, ।
ਅਗਰ ਕਰਮ/ਸੋਚ ਨੈਗੇਟਿਵ ਹੈ ਤਾਂ ਰਜੱਲਟ/ਫਲ ਵੀ ਨੈਗੇਟਿਵ ਆਵੇਗਾ।
### ਮਨੁੱਖ ਦੇ ਅੰਦਰ ਇਹ ਮਨ ਦੀ ਸੋਚ/ਫੁਰਨਾ ਵੀ ‘ਹੁਕਮ/ਰਜ਼ਾ/ਭਾਣੇ’ ਦੇ
ਅੰਦਰ ਹੀ ਹੈ।
ਇਹ ਉਸ ਮਾਲਿਕ ਦੀ ਆਪਣੀ ਖੇਡ ਹੈ/ਵਡਿਆਈ ਹੈ, ਉਸਨੇ ਇਸ ਸੰਸਾਰ ਨੂੰ ਕਿਸੇ
ਹੋਰ ਦੇ ਕਹਿਣੇ ਅਨੁਸਾਰ ਨਹੀਂ ਬਣਾਉਣਾ ਕੀਤਾ। ਇਹ ਉਸਦੀ ਆਪਣੀ ਖੇਡ ਰਜ਼ਾ/ਭਾਣਾ/ਹੁੱਕਮ ਹੈ"
*** ਵਡਹੰਸੁ ਮਹਲਾ 5॥
ਤੂ ਬੇਅੰਤੁ ਕੋ ਵਿਰਲਾ ਜਾਣੈ॥
ਗੁਰ ਪ੍ਰਸਾਦਿ ਕੋ ਸਬਦਿ ਪਛਾਣੈ॥ 1॥ ਪੰ 562॥}}}}}}}}}
*** ਜੇਵਡੁ ਆਪਿ ਜਾਣੈ ਆਪਿ ਆਪਿ॥
ਨਾਨਕ ਨਦਰੀ ਕਰਮੀ ਦਾਤਿ॥ 24॥ ਮ1॥
*** ਕਰਮੀ ਕਰਮੀ ਹੋਇ ਵੀਚਾਰੁ॥ ਸਚਾ ਆਪਿ ਸਚਾ ਦਰਬਾਰੁ॥
ਤਿਥੈ ਸੋਹਨਿ ਪੰਚ ਪਰਵਾਣੁ॥ ਨਦਰੀ ਕਰਮਿ ਪਵੈ ਨੀਸਾਣੁ॥ 34॥ ਮ1॥
*** ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ॥ ਮ 5॥ ਪੰ 8॥
*** ਕਹੁ ਨਾਨਕ ਹਮ ਨੀਚ ਕਰੰਮਾ॥ ਸਰਣਿ ਪਰੇ ਕੀ ਰਾਖਹੁ ਸਰਮਾ॥ 2॥ 4॥ ਮ5॥
ਪੰ 12॥
***
ਬਾਬਾ ਬੋਲੀਐ ਪਤਿ ਹੋਇ॥ ਊਤਮ ਸੇ ਦਰਿ ਊਤਮ ਕਹੀਅਹਿ ਨੀਚ ਕਰਮ ਬਹਿ ਰੋਇ॥ 1॥
ਰਹਾਉ॥ ਮ 1॥ ਪੰਨ15॥
####: ਪਉੜੀ ਨੰਬਰ 33 ਵਿੱਚ ਮਨੁੱਖਾਂ ਨੂੰ ਇਹ
ਗਿਆਨ ਦੇਣਾ ਕੀਤਾ ਹੈ ਕਿ ਕਰਤੇ-ਕਰਤਾਰ ਦੇ ਬਣਾਏ ਵਿਧੀ-ਵਿਧਾਨ ਦੇ ਉੱਲਟ ਚੱਲਣ ਦੀ ਮਨੁੱਖ ਦੀ ਤਾਂ
ਕੀ, ਕਿਸੇ ਦੀ ਵੀ ਕੋਈ ਸਮਰੱਥਾ/ਪਾਇਆਂ ਨਹੀਂ ਹੈ, ਜ਼ੋਰ ਨਹੀਂ ਹੈ। ਇਹ ਸਾਰੇ ਪਾਸਾਰੇ ਦਾ
ਵਿਧੀ-ਵਿਧਾਨ ਚਲਾਉਣ ਦੀ ਸਮਰੱਥਾ ਕੇਵਲ ਉਸ ਕਰਤੇ-ਕਰਤਾਰ ਦੇ ਹੱਥ ਹੈ।
***
ਜਿਸੁ ਹਥਿ ਜੋਰੁ ਕਰਿ ਵੇਖੈ ਸੋਇ॥ ਇਥੇ ਜਿਸਦੇ ਹੱਥ ਵਿੱਚ ਜ਼ੋਰ ਹੈ ਕੰਟਰੋਲ ਹੈ (ਕਰਿ ਵੇਖੈ
ਸੋਇ) ‘ਸੋਇ’ ਦਾ ਮਤਲਭ ਅਕਾਲ-ਪੁਰਖ, ਕਰਤਾ-ਕਰਤਾਰ ਹੀ ਇਸ ਸਾਰੇ ਬ੍ਰਹਿਮੰਡ ਦੇ ਨਿਜ਼ਾਮ ਦਾ ਕੰਟਰੋਲਰ
ਹੈ। ਉਸਦੀ ਕਿਰਤ ਵਿੱਚ ਕੋਈ ਉਤਮ ਨੀਚ ਨਹੀਂ ਹੈ। ਆਪਣੀਆਂ ਅੱਖਾਂ ਨਾਲ ਆਪਾਂ ਵੇਖਦੇ ਹਾਂ ਕਿ ਇਹ
ਸਾਡਾ ਸੂਰਜ, ਧਰਤੀ, ਚੰਦ ਅਤੇ ਤਾਰੇ, ਅੱਗ ਹਵਾ ਪਾਣੀ ਸਾਰੇ ਹੀ ਸਿਸਟਿਮ/ਨਿਜ਼ਾਮ ਵਿੱਚ ਚੱਲ ਰਹੇ
ਹਨ। ਸੂਰਜ ਦੀ ਆਪਣੀ ਗਤੀ ਹੈ। ਧਰਤੀ ਆਪਣੀ ਧੁਰੀ ਦੇ ਦੁਆਲੇ ਵੀ ਘੁੰਮਦੀ ਹੈ ਅਤੇ ਨਾਲ ਨਾਲ ਸੂਰਜ
ਦੇ ਦੁਆਲੇ ਵੀ ਚੱਕਰ ਕੱਟਦੀ ਹੈ। ਚੰਦਰਮਾ ਧਰਤੀ ਦਾ ਉਪ-ਗ੍ਰਹਿ ਹੈ, ਧਰਤੀ ਦੁਆਲੇ ਚੱਕਰ ਕਟਦਾ ਹੈ,
ਧਰਤੀ ਦੇ ਨਾਲ ਨਾਲ ਸੂਰਜ ਦੁਆਲੇ ਵੀ ਚੱਕਰ ਲਾਉਂਦਾ ਹੈ। ਗੁਰਬਾਣੀ ਫੁਰਮਾਨ:
ਭੈ ਵਿਚਿ ਪਵਣੁ ਵਹੈ ਸਦਵਾਉ॥ ਭੈ ਵਿਚਿ ਚਲਹਿ ਲਖ ਦਰੀਆਉ ॥
(ਭੈ = {ਨਿਜ਼ਾਮ/ਸਿਸਟਿਮ/ਵਿਧੀ-ਵਿਧਾਨ}
ਭੈ ਵਿਚਿ ਅਗਨਿ ਕਢੈ ਵੇਗਾਰਿ॥ ਭੈ ਵਿਚਿ ਧਰਤੀ ਦਬੀ ਭਾਰਿ॥
ਭੈ ਵਿਚਿ ਇੰਦੁ ਫਿਰੈ ਸਿਰ ਭਾਰਿ॥ ਭੈ ਵਿਚਿ ਰਾਜਾ ਧਰਮ ਦੁਆਰੁ॥
ਭੈ ਵਿਚਿ ਸੂਰਜੁ ਭੈ ਵਿਚਿ ਚੰਦੁ॥ ਕੋਹ ਕਰੋੜੀ ਚਲਤ ਨ ਅੰਤੁ॥
ਭੈ ਵਿਚਿ ਸਿਧ ਬੁਧ ਸੁਰ ਨਾਥ॥ ਭੈ ਵਿਚਿ ਆਡਾਣੇ ਆਕਾਸ॥
ਭੈ ਵਿਚਿ ਜੋਧ ਮਹਾਬਲ ਸੂਰ॥ ਭੈ ਵਿਚਿ ਆਵਹਿ ਜਾਵਹਿ ਪੂਰ॥
ਸਗਲਿਆ ਭਉ ਲਿਖਿਆ ਸਿਰਿ ਲੇਖੁ॥ ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ॥ 1॥ ਮ
1॥ ਪੰ 464॥
ਇਥੇ ਕੋਈ ਉਤਮ ਨੀਚ ਨਹੀਂ ਹੈ। ਇਹ ਜੋ ਸਿਸਟਿਮ/ਨਿਜ਼ਾਮ/ਪ੍ਰਬੰਧ ਆਪਾਂ ਵੇਖ
ਰਹੇ ਹਾਂ ਸਾਰੇ ਕਿਰਦਾਰ (ਪਵਨ, ਪਾਣੀ, ਅੱਗ, ਧਰਤੀ, ਚੰਦ, ਸੂਰਜ, ਸਾਰਾ ਬ੍ਰਹਿਮੰਡ) ਹੀ ਬਰਾਬਰ
ਆਪਣਾ ਆਪਣਾ ਹੁਕਮ/ਕਰਮ ਕਰੀ ਜਾ ਰਹੇ ਹਨ। ਤਾਂ ਮਨੁੱਖ ਦੀ ਪਾਂਇਆ/ਹਸਤੀ ਕੀ ਹੋ ਸਕਦੀ ਹੈ? ?
*** ਅਕਾਲ-ਪੁਰਖ ਕਰਤੇ ਵਲੋਂ ਸਾਰੇ ਨਿਜ਼ਾਮ/ਪ੍ਰਬੰਧ ਦੀ ਇੱਕ ਮਰਿਆਦਾ ਬਣਾ
ਦਿੱਤੀ ਗਈ ਹੈ, ਜਿਸ ਵਿੱਚ ਕੋਈ ਉਤਮ ਨੀਚ ਨਹੀਂ ਹੈ, ਸਾਰਾ ਨਿਜ਼ਾਮ/ਪ੍ਰਬੰਧ ਸੁਤੇ-ਸਿਧ
‘ਹੁਕਮ’ ਵਿੱਚ
ਚੱਲੀ ਜਾ ਰਿਹਾ ਹੈ।
*** ਆਖਣਿ ਜੋਰੁ ਚੁਪੈ ਨਹ ਜੋਰੁ॥ ਜੋਰੁ ਨ ਮੰਗਣਿ ਦੇਣਿ ਨ ਜੋਰੁ॥ ਜੋਰੁ ਨ
ਜੀਵਣਿ ਮਰਣਿ ਨਹ ਜੋਰੁ॥ ਜੋਰੁ ਨ ਰਾਜਿ ਮਾਲਿ ਮਨਿ ਸੋਰੁ॥ ਜੋਰੁ ਸੁਰਤੀ ਗਿਆਨਿ ਵੀਚਾਰਿ॥ ਜੋਰੁ ਨ
ਜੁਗਤੀ ਛੁਟੈ ਸੰਸਾਰੁ॥ ਜਿਸੁ ਹਥਿ ਜੋਰੁ ਕਰਿ ਵੇਖੈ ਸੋਇ॥ ਨਾਨਕ ਉਤਮੁ ਨੀਚੁ ਨ ਕੋਇ॥ 33॥
ਅਰਥ:-
ਬੋਲਣ ਵਿੱਚ ਤੇ ਚੁੱਪ ਰਹਿਣ ਵਿੱਚ ਭੀ
ਸਾਡਾ ਕੋਈ ਆਪਣਾ ਇਖ਼ਤਿਆਰ ਨਹੀਂ ਹੈ। ਨਾ ਹੀ ਮੰਗਣ ਵਿੱਚ ਸਾਡੀ ਮਨ-ਮਰਜ਼ੀ ਚੱਲਦੀ ਹੈ ਅਤੇ ਨਾ ਹੀ
ਦੇਣ ਵਿਚ। ਜੀਵਨ ਵਿੱਚ ਤੇ ਮਰਨ ਵਿੱਚ ਭੀ ਸਾਡੀ ਕੋਈ ਸਮਰਥਾ (ਕੰਮ ਨਹੀਂ ਦੇਂਦੀ)। ਇਸ ਰਾਜ ਤੇ ਮਾਲ
ਦੇ ਪ੍ਰਾਪਤ ਕਰਨ ਵਿੱਚ ਭੀ ਸਾਡਾ ਕੋਈ ਜ਼ੋਰ ਨਹੀਂ ਚੱਲਦਾ (ਜਿਸ ਰਾਜ ਤੇ ਮਾਲ ਦੇ ਕਾਰਨ ਸਾਡੇ) ਮਨ
ਵਿੱਚ ਫੂੰ-ਫਾਂ ਹੁੰਦੀ ਹੈ।
ਅਰਥ:-
ਆਤਮਾਕ ਜਾਗ ਵਿਚ, ਗਿਆਨ ਵਿੱਚ ਅਤੇ
ਵਿਚਾਰ ਵਿੱਚ ਰਹਿਣ ਦੀ ਭੀ ਸਾਡੀ ਸਮਰਥਾ ਨਹੀਂ ਹੈ। ਉਸ ਜੁਗਤੀ ਵਿੱਚ ਰਹਿਣ ਲਈ ਭੀ ਸਾਡਾ ਇਖ਼ਤਿਆਰ
ਨਹੀਂ ਹੈ, ਜਿਸ ਕਰ ਕੇ ਜਨਮ ਮਰਨ ਮੁੱਕ ਜਾਂਦਾ ਹੈ। ਉਹੀ ਅਕਾਲ-ਪੁਰਖ ਰਚਨਾ ਰਚ ਕੇ (ਉਸ ਦੀ ਹਰ
ਪਰਕਾਰ) ਸੰਭਾਲ ਕਰਦਾ ਹੈ, ਜਿਸ ਦੇ ਹੱਥ ਵਿੱਚ ਸਮਰੱਥਾ ਹੈ। ਹੇ ਨਾਨਕ! ਆਪਣੇ ਆਪ ਵਿੱਚ ਨਾਹ ਕੋਈ
ਮਨੁੱਖ ਉੱਤਮ ਹੈ ਅਤੇ ਨਾਹ ਹੀ ਨੀਚ (ਭਾਵ, ਜੀਵਾਂ ਨੂੰ ਸਦਾਚਾਰੀ ਜਾਂ ਦੁਰਾਚਾਰੀ ਬਣਾਣ ਵਾਲਾ ਉਹ
ਪ੍ਰØਭੂ ਆਪ ਹੀ ਹੈ) (ਜੇ ਸਿਮਰਨ ਦੀ ਬਰਕਤਿ ਨਾਲ ਇਹ ਨਿਸਚਾ ਬਣ ਜਾਏ ਤਾਂ ਹੀ ਪਰਮਾਤਮਾਂ ਨਾਲੋਂ
ਜੀਵ ਦੀ ਵਿੱਥ ਦੂਰ ਹੁੰਦੀ ਹੈ)। ੩੩।
ਭਾਵ:-
ਭਲੇ ਪਾਸੇ ਤੁਰਨਾ ਜਾਂ ਕੁਰਾਹੇ ਪੈ
ਜਾਣਾ ਜੀਵਾਂ ਦੇ ਆਪਣੇ ਵੱਸ ਦੀ ਗੱਲ ਨਹੀਂ, ਜਿਸ ਪ੍ਰਭੂ ਨੇ ਪੈਦਾ ਕੀਤੇ ਹਨ ਉਹੀ ਇਹਨਾਂ ਪੁਤਲੀਆਂ
ਨੂੰ ਖਿਡਾ ਰਿਹਾ ਹੈ। ਸੋ, ਜੇ ਕੋਈ ਜੀਵ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਰਿਹਾ ਹੈ ਤਾਂ ਇਹ ਪ੍ਰਭੂ
ਦੀ ਆਪਣੀ ਮਿਹਰ ਹੈ; ਜੇ ਕੋਈ ਇਸ ਪਾਸੇ ਵਲੋਂ ਖੁੰਝਾ ਪਿਆ ਹੈ ਤਾਂ ਭੀ ਇਹ ਮਾਲਕ ਦੀ ਰਜ਼ਾ ਹੈ। ਜੇ
ਅਸੀ ਉਸ ਦੇ ਦਰ ਤੋਂ ਦਾਤਾਂ ਮੰਗਦੇ ਹਾਂ ਤਾਂ ਇਹ ਪ੍ਰੇਰਨਾ ਭੀ ਉਹ ਆਪ ਹੀ ਕਰਨ ਵਾਲਾ ਹੈ, ਤੇ ਫਿਰ,
ਦਾਤਾਂ ਦੇਂਦਾ ਭੀ ਆਪ ਹੀ ਹੈ। ਜੇ ਕੋਈ ਜੀਵ ਰਾਜ ਤੇ ਧਨ ਦੇ ਮਦ ਵਿੱਚ ਮੱਤਾ ਪਿਆ ਹੈ, ਇਹ ਭੀ ਰਜ਼ਾ
ਪ੍ਰਭੂ ਦੀ ਹੀ ਹੈ; ਜੇ ਕਿਸੇ ਦੀ ਸੁਰਤ ਪ੍ਰਭੂ-ਚਰਨਾਂ ਵਿੱਚ ਹੈ ਤੇ ਜੀਵਨ-ਜੁਗਤਿ ਸੁਥਰੀ ਹੈ ਤਾਂ
ਇਹ ਮਿਹਰ ਭੀ ਪ੍ਰਭੂ ਦੀ ਹੀ ਹੈ। ੩੩। (ਟੀਕਾ ਪ੍ਰੋਫੇਸਰ ਸਾਹਿਬ ਸਿੰਘ ਜੀ)
** ਆਪ ਜੀ ਦੇ ਸਵਾਲ ਦਾ ਜਵਾਬ ਤਾਂ ਬੜਾ ਸਾਫ਼ ਹੈ, ਪਰ ਨੁਕਤੇ ਨੂੰ ਪਕੜਨ ਲਈ
ਥੋੜਾ ਡੂੰਗਿਆਈ ਵਿੱਚ ਜਾਣਾ ਜਰੂਰੀ ਹੈ, ਇਹ ਸਮਝੋ, ਕਿ ਗੁਰੂ ਨਾਨਕ ਸਾਹਿਬ ਜੀ ਇਹ ਸਮਝਾਉਣਾ ਕਰ
ਰਹੇ ਹਨ ਕਿ ਨਿਰਅਕਾਰ ਕਰਤਾਰ,
ਅਕਾਲ-ਪੁਰਖ ਦੇ ਬਣਾਏ ਵਿਧੀ-ਵਿਧਾਨ ਦੇ ਅਨੁਸਾਰ
ਹੀ ‘ਆਕਾਰ’ ਉੱਤਮ-ਨੀਚ ਹਨ, ਦੁੱਖ ਸੁੱਖ ਭੋਗਦੇ ਹਨ, ਬਣਦੇ ਹਨ, ਮਿਟਦੇ ਹਨ।
** ਕੁੱਦਰਤ ਦੇ ਇਸ ਪ੍ਰਬੰਧਕੀ ਢਾਂਚੇ/ਨਿਜ਼ਾਮ ਵਿੱਚ ਕਿਸੇ ‘ਆਕਾਰ’ ਦਾ ਕੋਈ
‘ਵਕਾਰ’ ਨਹੀਂ ਹੈ, ਭਾਵ ਆਕਾਰ ਦਾ ਕੋਈ ਜ਼ੋਰ ਨਹੀਂ ਹੈ, ਆਪਣੇ ਜੀਵਨ ਉੱਪਰ ਵੀ ਨਹੀਂ। ਸੋ ਇਸ ਲਈ
ਕਿਸੇ ਆਕਾਰ ਦੀ ਉੱਚਮਤਾ-ਨੀਚਤਾ ਦਾ ਕੋਈ ਸਵਾਲ ਹੀ ਨਹੀਂ ਹੈ। ਇਸ ਸਾਰੇ ਸੰਸਾਰ ਦਾ ਪ੍ਰਬੰਧਕੀ
ਢਾਂਚਾ, ਕਰਤੇ ਦੇ ਆਪਣੇ ਕੰਟਰੋਲ ਵਿੱਚ ਹੈ।
** ‘ਕਰਤੇ’ ਨੇ ਜੀਵਾਂ ਨੂੰ ਆਕਾਰ ਦੇ ਕੇ ਇਸ ਕਰਮਾਂ ਸੰਦੜੇ ਖੇਤ (ਸੰਸਾਰ)
ਵਿੱਚ ਆਉਣ ਜਾਣ ਦਾ ਇੱਕ ਵਿਧੀ-ਵਿਧਾਨ/ਨਿਜ਼ਾਮ, ਪ੍ਰਬੰਧ ਬਣਾ ਦਿੱਤਾ ਹੈ ਜਿਸ ਦੇ ਤਹਿਤ ਇਹ ਸ੍ਰਿਸਟੀ
ਚਲੀ ਜਾ ਰਹੀ ਹੈ। ਹੁਕਮ ਦੇ ਤਹਿਤ ਕਰਮਾਂ ਕਰਕੇ ਉੱਤਮ ਨੀਚ ਸਾਜੇ ਜਾ ਰਹੇ ਹਨ, ਉੱਤਮਾ/ਸ਼੍ਰੇਸਟਾਂ
ਅਤੇ ਨੀਚਾ/ਨੀਵਿਆਂ ਦਾ ਜ਼ੋਰ ਕੋਈ ਨਹੀਂ, ਭਾਵ ਜੀਵਾਂ ਦਾ ਜ਼ੋਰ ਕੋਈ ਨਹੀਂ ਇਸ ਸੰਸਾਰੀ ਵਿਧੀ ਵਿਧਾਨ
ਵਿਚ। ਜੀਵ ਤਾਂ ਕੱਠਪੁਤਲੀ ਦੀ ਨਿਆਈਂ ਹਨ:
*** "ਤੂ ਪਿਤਾ ਸਭਿ ਬਾਰਿਕ ਥਾਰੇ॥ ਜਿਉ ਖੇਲਾਵਹਿ ਤਿਉ ਖੇਲਣਹਾਰੇ॥ ਮ5॥ ਪੰ
1081॥
** ਪਉੜੀ ਨੰਬਰ 2 ਵਿੱਚ ਅਕਾਲ-ਪੁਰਖੀ ‘ਹੁਕਮ’ ਅੰਦਰ ਜੋ
ਵਿਧੀ-ਵਿਧਾਨ/ਹੁਕਮ ਬਣਿਆ ਹੈ, ਉਸੇ ਤਹਿਤ ਆਕਾਰ ਬਣ ਰਹੇ ਹਨ, ਜੀਵ ਪੈਦਾ ਹੋ ਰਹੇ ਹਨ, ਹੁਕਮ ਵਿੱਚ
ਕੋਈ ਉੱਤਮ ਹੈ ਕੋਈ ਨੀਚ ਜੀਵਨ ਪਾਈ ਜਾ ਰਹੇ ਹਨ, ਹੁਕਮ ਵਿੱਚ ਹੀ ਦੁੱਖ-ਸੁੱਖ ਭੋਗ ਰਹੇ ਹਨ, ਹੁਕਮ
ਵਿੱਚ ਕੋਈ ਵਡਿਆਈ ਦਾ ਪਾਤਰ ਬਣਦਾ ਹੈ ਕੋਈ ਚੱਕਰ ਵਿੱਚ ਪਿਆ ਰਹਿੰਦਾ ਹੈ, ਹੁਕਮ ਤੋਂ ਬਾਹਰ ਕੋਈ ਵੀ
ਨਹੀਂ ਹੈ, ਜੋ ਇਸ ਹੁਕਮ ਬਾਰੇ ਜਾਣ ਲੈਂਦਾ ਹੈ ਤਾਂ ਉਹ ਹਉਂਮੈਂ ਰਹਿਤ ਹੋ ਜਾਂਦਾ ਹੈ।।
** ਪਉੜੀ ਨੰਬਰ 33 ਵਿੱਚ ਕੁੱਦਰਤ ਦੀ ਬਣਾਈ/ਸਾਜੀ
ਸ੍ਰਿਸਟੀ ਵਿੱਚ ਕਿਸੇ ਦਾ ਵੀ ਕੋਈ ਜ਼ੋਰ ਨਹੀਂ ਭਾਵ ਕੋਈ ਤਾਣ ਨਹੀਂ, ਸਮਰੱਥਾ ਨਹੀਂ। ਜਦ ਕੋਈ
ਤਾਣ/ਜ਼ੋਰ/ਸਮਰੱਥਾ ਹੀ ਨਹੀਂ ਤਾਂ ਅਕਾਲ-ਪੁਰਖ ਦੇ ਬਣਾਏ ਵਿਧੀ-ਵਿਧਾਂਨਾਂ ਵਿੱਚ ਕੋਈ ਉਤਮ-ਨੀਚ ਵੀ
ਨਹੀਂ ਹੈ। ਇਸ ਸ੍ਰਿਸਟੀ ਦਾ ਮਾਲਿਕ ਆਪ ਕਰਨ-ਕਾਰਨ ਸਮਰੱਥ ਹੈ, ਉਹ ਕਿਸੇ ਅਧੀਨ ਨਹੀਂ ਹੈ, ਬਲਕਿ
ਸਾਰਾ ਬ੍ਰਹਿਮੰਡ ਉਸਦੇ ਤਾਣ ਦੇ ਵੱਸ ਹੈ। ਆਕਾਰਾਂ ਦੀ ਕੋਈ ਉੱਤਮਤਾ ਨਹੀਂ ਹੈ।
** ਮੇਰੇ ਹਰਿ ਜੀਉ ਸਭੁ ਕੋ ਤੇਰੇ ਵਸਿ॥
ਅਸਾ ਜੋਰੁ ਨਾਹੀ ਜੇ ਕਿਛੁ ਕਰਿ ਹਮ ਸਾਕਹ ਜਿਉ ਭਾਵੈ ਤਿਵੈ ਬਖਸਿ॥ ਰਹਾਉ॥
ਮ4॥ ਪੰ 736॥
** ਗੁਰਬਾਣੀ ਵਿੱਚ ਕਿਧਰੇ ਵੀ ਵਿਰੋਧਾਭਾਸ ਨਹੀਂ। ਅਗਰ ਮਹਿਸੂਸ ਹੋ ਰਿਹਾ
ਹੈ ਤਾਂ ਸਾਨੂੰ ਆਪੇ ਦੀ ਪੜਚੋਲ ਦੀ ਜਰੂਰਤ ਹੈ।
** ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ॥ 2॥ 1॥ ਮ9॥ ਪੰ
684॥
ਧੰਨਵਾਧ।
ਇੰਜ ਦਰਸ਼ਨ ਸਿੰਘ ਖਾਲਸਾ।
ਸਿੱਡਨੀ (ਅਸਟਰੇਲੀਆ)
8-ਦਸੰਬਰ-2017
|
. |