.

ਗੁਰਬਾਣੀ ਵਿੱਚ ਅਕਾਲ ਪੁਰਖ ਦਾ ਸੰਕਲਪ

ਅਕਾਲਪੁਰਖ ਨੂੰ ਕੋਈ ਨਹੀਂ ਵੇਖ ਸਕਦਾ ਪਰ ਉਹ ਸਾਰੇ ਸੰਸਾਰ ਨੂੰ ਵੇਖ ਸਕਦਾ ਹੈ। ਇਸ ਕਰਕੇ ਉਸ ਦੀ ਹੋਂਦ ਬਾਰੇ ਕਈ ਭੁਲੇਖੇ ਹਨ। ਗੁਰੂ ਨਾਨਕ ਦੇਵ ਜੀ ਨੇ ਵੀ ਜਪੁਜੀ ਸਾਹਿਬ ਵਿੱਚ ਇਸ ਸਮੱਸਿਆ ਵੱਲ ਇਸ਼ਾਰਾ ਕੀਤਾ ਹੈ ਤੇ ਲਿਖਦੇ ਹਨ:

ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ।। ਪੰਨਾ ੭

ਭਾਵ:- ਅਸਚਰਜ ਕੌਤਕ ਇਹ ਹੈ ਕਿ ਅਕਾਲ ਪੁਰਖ ਸਾਰਿਆਂ ਨੂੰ ਵੇਖ ਰਿਹਾ ਹੈ ਪਰ ਕੋਈ ਵੀ ਉਸ ਨੂੰ ਨਹੀਂ ਵੇਖ ਸਕਦਾ। ਨਾਸਤਕ ਤਾਂ ਰੱਬ ਦੀ ਹੋਂਦ ਨੂੰ ਹੀ ਨਹੀਂ ਮੰਨਦੇ, ਪਰ ਆਸਤਕ ਉਸ ਨੂੰ ਸਰਬ-ਵਿਆਪਕ, ਅੰਤਰਜਾਮੀ, ਅਕਾਲ, ਸਰਬ-ਸ਼ਕਤੀਮਾਨ ਤੇ ਸਾਰੇ ਸੰਸਾਰ ਦਾ ਰਚਨਹਾਰ ਕਹਿੰਦੇ ਹਨ। ਗੁਰਬਾਣੀ ਨੇ ਇਸ ਸਮੱਸਿਆ ਨੂੰ ਹੱਲ਼ ਕਰ ਦਿਤਾ ਹੈ। ਗੁਰਬਾਣੀ ਅਨੁਸਾਰ ਵਾਹਿਗੁਰੂ ਗੁਪਤ ਵੀ ਹੈ ਤੇ ਪ੍ਰਗਟ ਵੀ ਹੈ:

ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤ+ਹਿ।। ਪੰਨਾ ੧੩

ਭਾਵ:-ਹੇ ਵਾਹਿਗੁਰੂ! ਤੇਰੀਆਂ ਹਜ਼ਾਰਾਂ ਅੱਖਾਂ ਹਨ ਪਰ ਇਹ ਵੀ ਕਹਿ ਸਕਦੇ ਹਾਂ ਕਿ ਤੇਰੀ ਕੋਈ ਅੱਖ ਨਹੀਂ। ਤੇਰੀ ਹਜ਼ਾਰਾਂ ਸ਼ਕਲਾਂ ਹਨ ਪਰ ਇੱਕ ਵੀ ਨਹੀਂ ਦਿਸਦੀ। (ਕਿਉਂਕਿ ਤੂੰ ਨਿਰੰਕਾਰ ਹੈਂ)।

ਸਭਿ ਮਹਿ ਜੋਤਿ ਜੋਤਿ ਹੈ ਸੋਇ।। ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ।। ਪੰਨਾ ੧੩

ਭਾਵ:-ਸਾਰੇ ਜੀਵਾਂ ਵਿੱਚ ਇਕੋ ਅਕਾਲ ਪੁਰਖ ਦੀ ਜੋਤ ਵਰਤ ਰਹੀ ਹੈ। ਉਸ ਜੋਤ ਦੇ ਪਰਕਾਸ਼ ਨਾਲ ਸਾਰੇ ਜੀਵਾਂ ਵਿੱਚ ਚਾਨਣ (ਸੂਝ -ਬੂਝ) ਹੈ।

ਕਾਹੇ ਰੇ ਬਨ ਖੋਜਨ ਜਾਈ।। ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ।। ਪੰਨਾ ੬੮੪

ਭਾਵ:- ਹੇ ਜੀਵ! ਤੂੰ ਪ੍ਰਭੂ ਦੀ ਤਲਾਸ਼ ਵਿੱਚ ਜੰਗਲਾਂ ਵਿੱਚ ਕਿਉਂ ਜਾਂਦਾ ਹੈਂ? ਵਾਹਿਗੁਰੂ ਸਭ ਵਿੱਚ ਵਸਦਾ ਹੈ, ਪਰ ਹਮੇਸ਼ਾ ਮਾਇਆ ਦੇ ਪ੍ਰਭਾਵ ਤੋਂ ਸੁਤੰਤਰ ਹੈ। ਉਹ ਤੇਰੇ ਨਾਲ ਹੀ ਵਸਦਾ ਹੈ।

ਜਿਹ ਧਿਰਿ (ਪਾਸੇ) ਦੇਖਾ ਤਿਹ (ਉਸੇ) ਧਿਰਿ ਮਉਜੂਦੁ।। ਪੰਨਾ੮੪

ਜਲਿ ਥਲਿ ਮਹੀਅਲਿ ਰਵਿ ਰਹਿਆ ਸੋਇ।। ਪੰਨਾ ੭੨੮

ਭਾਵ:- ਪ੍ਰਭੂ ਜਲ ਵਿਚ, ਧਰਤੀ ਦੇ ਅੰਦਰ ਤੇ ਆਕਾਸ਼ ਵਿੱਚ ਹਰ ਥਾਂ ਵਿਆਪਕ ਦਿੱਸਦਾ ਹੈ।

ਖਿਨ ਮਹਿ ਥਾਪਿ ਉਥਾਪਨਹਾਰਾ।। ਪੰਨਾ ੧੦੮

ਭਾਵ:-ਪਰਮਾਤਮਾ ਸਾਰਾ ਜਗਤ ਰਚ ਕੇ ਇੱਕ ਖਿਨ ਵਿੱਚ ਇਸ ਨੂੰ ਨਾਸ ਕਰਨ ਦੀ ਤਾਕਤ ਰਖਦਾ ਹੈ।

ਕਈ ਇਹ ਜਾਣਨਾ ਚਾਹੁੰਦੇ ਹਨ ਕਿ ਵਾਹਿਗੁਰੂ ਕਿਤਨਾ ਵੱਡਾ ਹੈ। ਗੁਰਬਾਣੀ ਉਨ੍ਹਾਂ ਨੂੰ ਸਮਝਾਉਂਦੀ ਹੈ:

ਏਵਡੁ ਊਚਾ ਹੋਵੈ ਕੋਇ।। ਤਿਸੁ ਊਚੇ ਕਉ ਜਾਣੈ ਸੋਇ।। ਜੇਵਡੁ ਆਪਿ ਜਾਣੈ ਆਪਿ ਆਪਿ।। ਪੰਨਾ ੫

ਭਾਵ:- ਜੇਕਰ ਕੋਈ ਅਕਾਲ ਪੁਰਖ ਜਿਤਣਾ ਵੱਡਾ ਹੋਵੇ, ਉਹ ਹੀ ਉਸ ਉੱਚੇ ਨੂੰ ਜਾਣ ਸਕਦਾ ਹੈ। ਉਹ ਆਪ ਹੀ ਜਾਣਦਾ ਹੈ ਕਿ ਉਹ ਕਿਤਣਾ ਵੱਡਾ ਹੈ। ਨਾਨਕ ਵਡਾ ਆਖੀਐ ਆਪੇ ਜਾਣੈ ਆਪੁ।।

ਕੀਮਤਿ ਪਾਇ ਨ ਕਹਿਆ ਜਾਇ।। ਕਹਣੈ ਵਾਲੇ ਤੇਰੇ ਰਹੇ ਸਮਾਇ।। ਪੰਨਾ੯

ਭਾਵ:- ਕੋਈ ਵੀ ਵਾਹਿਗੁਰੂ ਦਾ ਮੁੱਲ ਨਹੀਂ ਪਾ ਸਕਦਾ ਤੇ ਨਾ ਹੀ ਉਸ ਨੂੰ ਬਿਆਨ ਕਰ ਸਕਦਾ ਹੈ। ਜੋ ਕਰਦੇ ਹਨ ਉਹ ਆਪਣੇ ਆਪ ਨੂੰ ਭੁੱਲ ਕੇ ਉਸ ਵਿੱਚ ਹੀ ਲੀਨ ਹੋ ਜਾਂਦੇ ਹਨ।

ਕਹਿ ਕਬੀਰ ਜਾ ਕਾ ਨਹੀ ਅੰਤੁ।। ਤਿਸ ਕੇ ਆਗੇ ਤੰਤੁ ਨ ਮੰਤੁ।। ਪੰਨਾ ੯੭੧

ਭਾਵ:- ਕਬੀਰ ਜੀ ਕਹਿੰਦੇ ਹਨ ਕਿ ਪ੍ਰਭੂ ਦਾ ਅੰਤ ਨਹੀਂ ਪੈ ਸਕਦਾ। ਉਸ ਦੇ ਸਾਹਮਣੇ ਕੋਈ ਜਾਦੂ ਟੂਣਾ ਨਹੀਂ ਚਲ ਸਕਦਾ।

ਅੰਤੁ ਨਾਹੀ ਕਿਛੁ ਪਾਰਾਵਾਰੁ।। ਪੰਨਾ ੧੭੮

ਭਾਵ:-ਹੇ ਵਾਹਿਗੁਰੂ! ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਤੇਰੇ ਸਰੂਪ ਦਾ ਉਰਲਾ ਪਰਲਾ ਬੰਨ੍ਹਾ ਕੋਈ ਨਹੀਂ ਲੱਭ ਸਕਦਾ।

ਕਈ ਜਾਣਨਾ ਚਾਹੁੰਦੇ ਹਨ ਕਿ ਰੱਬ ਨੂੰ ਕਿਸ ਨੇ ਪੈਦਾ ਕੀਤਾ। ਇਸ ਬਾਰੇ ਗੁਰਬਾਣੀ ਨੇ ਸਾਰੇ ਭੁਲੇਖੇ ਦੂਰ ਕਰ ਦਿੱਤੇ ਹਨ ਤੇ ਗੁਰਬਾਣੀ ਵਿੱਚ ਲਿਖਿਆ ਹੈ ਕਿ ਵਾਹਿਗੁਰੂ ਅਜੂਨੀ ਹੈ:

ਥਾਪਿਆ ਨ ਜਾਇ ਕੀਤਾ ਨ ਹੋਇ।। ਆਪੇ ਆਪਿ ਨਿਰੰਜਨੁ ਸੋਇ।। ਪੰਨਾ ੨

ਭਾਵ: ਉਹ ਅਕਾਲ ਪੁਰਖ ਮਾਇਆ ਦੇ ਪਰਭਾਵ ਤੋਂ ਪਰੇ ਹੈ ਕਿਉਂਕਿ ਉਹ ਨਿਰਲੇਪ ਆਪ ਹੀ ਆਪ ਹੈ। ਉਹ ਪੈਦਾ ਨਹੀਂ ਕੀਤਾ ਜਾ ਸਕਦਾ ਹੈ ਤੇ ਨਾ ਹੀ ਬਣਾਇਆ ਜਾ ਸਕਦਾ ਹੈ।

ਸੰਕਟਿ ਨਹੀ ਪਰੈ ਜੋਨਿ ਨਹੀ ਆਵੈ ਨਾਮੁ ਨਿਰੰਜਨ ਜਾ ਕੋ ਰੇ।।

ਕਬੀਰ ਕੋ ਸੁਆਮੀ ਐਸੋ ਠਾਕੁਰੁ ਜਾ ਕੈ ਮਾਈ ਨ ਬਾਪੋ ਰੇ।। ਪੰਨਾ੩੩੯

ਭਾਵ:- ਜਿਸ ਪ੍ਰਭੂ ਦਾ ਨਾਮ ਹੈ ਨਿਰੰਜਨ (ਭਾਵ, ਜੋ ਪ੍ਰਭੂ ਕਦੇ ਮਾਇਆ ਦੇ ਅਸਰ ਹੇਠ ਨਹੀਂ ਆ ਸਕਦਾ), ਉਹ ਜੂਨ ਵਿੱਚ ਨਹੀਂ ਆਉਂਦਾ, ਉਹ (ਜੰਮਣ ਮਰਨ ਦੇ) ਦੁੱਖ ਵਿੱਚ ਨਹੀਂ ਪੈਂਦਾ। ਕਬੀਰ ਦਾ ਸੁਆਮੀ (ਸਾਰੇ ਜਗਤ ਦਾ) ਪਾਲਣਹਾਰ ਐਸਾ ਹੈ ਜਿਸ ਦੀ ਨਾ ਕੋਈ ਮਾਂ ਹੈ, ਤੇ ਨਾ ਪਿਓ। ਆਪੀਨ੍ਹੈ ਆਪੁ ਸਾਜਿਓੁ ਆਪੀਨ੍ਹੈ ਰਚਿਓੁ ਨਾਓੁ।। ਦੂਯੀ ਕੁਦਰਤਿ ਸਾਜੀਐ ਕਰਿ ਆਸਣ ਡਿਠੋ ਚਾਉ।। ਪੰਨਾ ੪੬੩ ਭਾਵ:- ਅਕਾਲ ਪੁਰਖ ਨੇ ਆਪ ਹੀ ਆਪਣੇ ਆਪ ਨੂੰ ਸਾਜਿਆ, ਅਤੇ ਆਪ ਹੀ ਆਪਣਾ ਨਾਮਣਾ ਬਣਾਇਆ। ਫਿਰ, ਉਸ ਨੇ ਕੁਦਰਤ ਰਚੀ (ਅਤੇ ਉਸ ਵਿਚ) ਆਸਣ ਜਮਾ ਕੇ, (ਭਾਵ, ਕੁਦਰਤ ਵਿੱਚ ਵਿਆਪਕ ਹੋ ਕੇ, ਇਸ ਜਗਤ ਦਾ) ਆਪ ਤਮਾਸ਼ਾ ਵੇਖਣ ਲੱਗ ਪਿਆ ਹੈ। ਖੰਡ ਬ੍ਰਹਮੰਡ ਪਾਤਾਲ ਅਰੰਭੇ ਗੁਪਤਹੁ ਪਰਗਟੀ ਆਇਦਾ।। ਪੰਨਾ ੧੦੩੬ ਭਾਵ:- ਉਸ ਪਰਮਾਤਮਾ ਨੇ ਆਪ ਹੀ ਖੰਡ ਬ੍ਰਹਮੰਡ ਪਾਤਾਲ ਆਦਿਕ ਬਣਾਏ ਹਨ ਤੇ ਉਹ ਆਪ ਹੀ ਗੁਪਤ ਹਾਲਤ ਤੋਂ ਪਰਗਟ ਹੋਇਆ ਹੈ।

ਕਈ ਸਾਂਇਸਦਾਨ ਰੱਬ ਦੀ ਸ਼ਕਤੀ ਵਿੱਚ ਵਿਸ਼ਵਾਸ਼ ਨਹੀਂ ਰਖਦੇ, ਪਰ ਗੁਰਬਾਣੀ ਅਨੁਸਾਰ ਵਾਹਿਗੁਰੂ ਸਰਬ-ਸ਼ਕਤੀਮਾਨ ਹੈ ਜਿਸ ਦੇ ਹੁਕਮ ਵਿੱਚ ਸਾਰਾ ਸੰਸਾਰ ਚਲ ਰਿਹਾ ਹੈ:

ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨਾ ਕੋਇ।। ਪੰਨਾ ੧

ਜੋ ਤਿਸੁ ਭਾਵੈ ਸੋਈ ਕਰਸੀ ਹੁਕਮੁ ਨ ਕਰਣਾ ਜਾਈ।।

ਸੋ ਪਾਤਿਸਾਹੁ ਸਾਹਾ ਪਾਤਿਸਾਹੁਬ ਨਾਨਕ ਰਹਣੁ ਰਜਾਈ।। ਪੰਨਾ ੬ ਭਾਵ:- ਜੋ ਕੁੱਝ ਅਕਾਲ ਪੁਰਖ ਨੂੰ ਭਾਉਂਦਾ ਹੈ, ਉਹੋ ਹੀ ਕਰੇਗਾ, ਕਿਸੇ ਜੀਵ ਪਾਸੋਂ ਅਕਾਲ ਪੁਰਖ ਅੱਗੇ ਹੁਕਮ ਨਹੀਂ ਕੀਤਾ ਜਾ ਸਕਦਾ (ਉਸ ਨੂੰ ਇਹ ਨਹੀਂ ਆਖ ਸਕਦੇ- ‘ਇਉਂ ਨ ਕਰ, ਇਉਂ ਕਰ`)। ਅਕਾਲ ਪੁਰਖ ਪਾਤਿਸ਼ਾਹ ਹੈ, ਪਾਤਿਸ਼ਾਹਾਂ ਦਾ ਭੀ ਪਾਤਿਸ਼ਾਹ ਹੈ। ਹੇ ਨਾਨਕ! (ਜੀਵਾਂ ਨੂੰ) ਉਸ ਦੀ ਰਜ਼ਾ ਵਿੱਚ ਰਹਿਣਾ (ਹੀ ਫਬਦਾ ਹੈ)।

ਤੂੰ ਦਰੀਆਉ ਸਭ ਤੁਝ ਹੀ ਮਾਹਿ। ਤੁਝ ਬਿਨੁ ਦੂਜਾ ਕੋਈ ਨਾਹਿ।। ਪੰਨਾ ੧੧ ਭਾਵ:- (ਹੇ ਪ੍ਰਭੂ!) ਤੂੰ (ਜ਼ਿੰਦਗੀ ਦਾ, ਮਾਨੋ, ਇਕ) ਦਰਿਆ ਹੈਂ, ਸਾਰੇ ਜੀਵ ਤੇਰੇ ਵਿੱਚ ਹੀ (ਮਾਨੋ, ਲਹਿਰਾਂ) ਹਨ। ਤੈਥੋਂ ਬਿਨਾ (ਤੇਰੇ ਵਰਗਾ) ਹੋਰ ਕੋਈ ਨਹੀਂ ਹੈ।

ਭੈ ਵਿਚਿ ਪਵਣੁ ਵਹੈ ਸਦਵਾਉ।। ਭੈ ਵਿਚਿ ਚਲਹਿ ਲਖ ਦਰੀਆਉ।। ਪੰਨਾ ੪੬੪ ਭਾਵ:- ਹਵਾ ਸਦਾ ਹੀ ਰੱਬ ਦੇ ਡਰ ਵਿੱਚ ਚੱਲ ਰਹੀ ਹੈ। ਲੱਖਾਂ ਦਰੀਆਉ ਭੀ ਭੈ ਵਿੱਚ ਹੀ ਵਗ ਰਹੇ ਹਨ ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਇ।। ਸੋ ਕਰੈ ਜਿ ਤਿਸੈ ਰਜਾਇ।। ਪੰਨਾ ੪੭੫ ਭਾਵ:- ਹੇ ਨਾਨਕ! ਇੱਕ ਪ੍ਰਭੂ ਦੀ ਟੇਕ ਤੋਂ ਬਿਨਾ ਹੋਰ ਕੋਈ ਥਾਂ ਨਹੀਂ, ਜੋ ਕੁੱਝ ਉਸ ਦੀ ਮਰਜ਼ੀ ਹੈ ਉਹੀ ਕਰਦਾ ਹੈ। ਵਾਹਿਗੁਰੂ ਦੇ ਕੌਤਕ ਵੇਖ ਕੇ ਗੁਰੂ ਨਾਨਕ ਦੇਵ ਜੀ ਹੈਰਾਨ ਹੋ ਜਾਂਦੇ ਹਨ ਤੇ ਲਿਖਦੇ ਹਨ: ਵੇਖਿ ਵਿਡਾਣੁ ਰਹਿਆ ਵਿਸਮਾਦੁ।। ਨਾਨਕ ਬੁਝਣੁ ਪੂਰੈ ਭਾਗਿ।। ਪੰਨਾ ੪੬੪ ਭਾਵ:- ਇਸ ਅਚਰਜ ਕੌਤਕ ਨੂੰ ਤੱਕ ਕੇ ਝਰਨਾਟ ਛਿੜ ਰਹੀ ਹੈ। ਹੇ ਨਾਨਕ! ਇਸ ਇਲਾਹੀ ਤਮਾਸ਼ੇ ਨੂੰ ਵੱਡੇ ਭਾਗਾਂ ਨਾਲ ਸਮਝਿਆ ਜਾ ਸਕਦਾ ਹੈ।

ਵਾਹਿਗੁਰੂ ਦੇ ਟਿਕਾਣੇ ਬਾਰੇ ਵੀ ਵਖ ਵਖ ਵਿਚਾਰ ਹਨ, ਪਰ ਗੁਰਬਾਣੀ ਸਾਰੇ ਭੁਲੇਖੇ ਦੂਰ ਕਰਦੀ ਹੈ। ਗੁਰਬਾਣੀ ਕਹਿੰਦੀ ਹੈ ਕਿ ਪ੍ਰਭੂ ਹਰ ਥਾਂ ਹੈ ਤੇ ਸਰਬ- ਵਿਆਪਕ ਹੈ:

ਏਕੋ ਰਵਿ ਰਹਿਆ ਸਭ ਥਾਈ ਏਕੁ ਵਸਿਆ ਮਨ ਮਾਹੀ।। ਪੰਨਾ ੪੩੩ ਭਾਵ:- ਪ੍ਰਭੂ ਆਪ ਹੀ ਹਰ ਥਾਂ ਮੌਜੂਦ ਹੈ, ਹਰੇਕ ਦੇ ਮਨ ਵਿੱਚ ਪ੍ਰਭੂ ਆਪ ਹੀ ਵੱਸ ਰਿਹਾ ਹੈ।

ਹੈ ਹਜੂਰਿ ਕਤ ਦੂਰਿ ਬਤਾਵਹੁ।। ਦੁੰਦਰ ਬਾਧਹੁ ਸੁੰਦਰ ਪਾਵਹੁ।। ਪੰਨਾ੧੧੫੯-੬੦ ਭਾਵ:-ਰੱਬ ਹਰ ਥਾਂ ਹਾਜ਼ਰ-ਨਾਜ਼ਰ ਹੈ, ਤੁਸੀ ਉਸ ਨੂੰ ਦੂਰ ਕਿਉਂ ਦੱਸਦੇ ਹੋ? ਜੇ ਉਸ ਸੁਹਣੇ ਰੱਬ ਨੂੰ ਮਿਲਣਾ ਹੈ, ਤਾਂ ਕਾਮਾਦਿਕ ਰੌਲਾ ਪਾਣ ਵਾਲੇ ਵਿਕਾਰਾਂ ਨੂੰ ਕਾਬੂ ਵਿੱਚ ਰੱਖੋ।

ਜਿਥੈ ਵਸੈ ਮੇਰਾ ਪਾਤਿਸਾਹੁ ਸੋ ਕੇਵਡੁ ਹੈ ਥਾਉ। ਅੰਬੜਿ ਕੋਇ ਨ ਸਕਈ ਹਉ ਕਿਸ ਨੋ ਪੁਛਣਿ ਜਾਉ।। ਪੰਨਾ ੫੩ ਭਾਵ:-ਇਹ ਭੀ ਨਹੀਂ ਦੱਸਿਆ ਜਾ ਸਕਦਾ ਕਿ ਜਿੱਥੇ ਸ੍ਰਿਸ਼ਟੀ ਦਾ ਪਾਤਿਸ਼ਾਹ ਪ੍ਰਭੂ ਵੱਸਦਾ ਹੈ ਉਹ ਥਾਂ ਕੇਡਾ ਵੱਡਾ ਹੈ। ਕਿਸੇ ਪਾਸੋਂ ਭੀ ਇਹ ਪੁੱਛ ਪੁੱਛੀ ਨਹੀਂ ਜਾ ਸਕਦੀ, ਕਿਉਂਕਿ ਕੋਈ ਜੀਵ ਉਸ ਅਵਸਥਾ ਤੇ ਪਹੁੰਚ ਨਹੀਂ ਸਕਦਾ (ਜਿੱਥੋਂ ਉਹ ਪਰਮਾਤਮਾ ਦੀ ਬਜ਼ੁਰਗੀ ਸਹੀ ਸਹੀ ਦੱਸ ਸਕੇ)। ਬਲਿਹਾਰੀ ਕੁਦਰਤਿ ਵਸਿਆੁ।। ਤੇਰਾ ਅੁੰਤ ਨ ਜਾਈ ਲਖਿਆ ੁ।। ਪੰਨਾ੪੬੯ ਭਾਵ:-ਹੇ ਕੁਦਰਤ ਵਿੱਚ ਵੱਸ ਰਹੇ ਕਰਤਾਰ! ਮੈਂ ਤੈਥੋਂ ਸਦਕੇ ਹਾਂ, ਤੇਰਾ ਅੰਤ ਪਾਇਆ ਨਹੀਂ ਜਾ ਸਕਦਾ।

ਗੁਰਬਾਣੀ ਨੇ ਵਾਹਿਗੁਰੂ ਨੂੰ ਵੇਖਣ ਤੇ ਮਿਲਣ ਦਾ ਰਾਹ ਵੀ ਦਿਖਾ ਦਿੱਤਾ ਹੈ:

ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ।। ਪੰਨਾ ੨ ਭਾਵ:- ਪ੍ਰਭਾਤ ਵੇਲੇ ਵਾਹਿਗੁਰੂ ਦਾ ਨਾਮ (ਸਿਮਰੀਏ) ਤੇ ਉਸ ਦੀਆਂ ਵਡਿਆਈਆਂ ਦੀ ਵਿਚਾਰ ਕਰੀਏ (ਤਾਂ ਉਸ ਦੇ ਦਰਬਾਰ ਵਿੱਚ ਪਹੁੰਚ ਸਕੀਦਾ ਹੈ।)

ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੇ ਪਾਲਿ।।

ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ।। ।। ਪੰਨਾ ੧ ਭਾਵ:- ਅਕਾਲ ਪੁਰਖ ਦਾ ਪਰਕਾਸ਼ ਹੋਣ ਲਈ ਯੋਗ ਕਿਵੇਂ ਬਣ ਸਕੀਦਾ ਹੈ (ਅਤੇ ਸਾਡੇ ਅੰਦਰ ਦਾ) ਕੂੜ ਦਾ ਪਰਦਾ ਕਿਵੇਂ ਟੁੱਟ ਸਕਦਾ ਹੈ? ਰਜ਼ਾ ਦੇ ਮਾਲਕ ਅਕਾਲ ਪੁਰਖ ਦੇ ਹੁਕਮ ਵਿੱਚ ਤੁਰਨਾ- (ਇਹੀ ਇੱਕ ਵਿਧੀ ਹੈ)। ਹੇ ਨਾਨਕ! (ਇਹ ਵਿਧੀ) ਧੁਰ ਤੋਂ ਹੀ ਜਦ ਤੋਂ ਜਗਤ ਬਣਿਆ ਹੈ, ਲਿਖੀ ਚਲੀ ਆ ਰਹੀ ਹੈ।

ਘਾਲਿ ਖਾਇ ਕਿਛੁ ਹਥਹੁ ਦੇਇ। ਨਾਨਕ ਰਾਹੁ ਪਛਾਣਹਿ ਸੇਇ।। ਪੰਨਾ ੧੨੪੫ ਭਾਵ:-ਜੋ ਮਨੁੱਖ ਮਿਹਨਤ ਨਾਲ ਕਮਾ ਕੇ (ਆਪ) ਖਾਂਦਾ ਹੈ ਤੇ ਉਸ ਕਮਾਈ ਵਿਚੋਂ ਕੁੱਝ (ਹੋਰਨਾਂ ਨੂੰ ਭੀ) ਦੇਂਦਾ ਹੈ, ਹੇ ਨਾਨਕ! ਉਹ ਮਨੁੱਖ ਹੀ (ਪ੍ਰਭੂ ਦੇ ਦਰਬਾਰ) ਦਾ ਸਹੀ ਰਸਤਾ ਪਛਾਣਦਾ ਹੈ।

ਆਤਮ ਮਹਿ ਰਾਮੁ ਰਾਮ ਮਹਿ ਆਤਮੁ ਚੀਨਸਿ ਗੁਰ ਬੀਚਾਰਾ।। ਪੰਨਾ੧੧੫੩ ਭਾਵ:-ਗੁਰੂ ਦੇ ਸ਼ਬਦ ਦੇ ਵਿਚਾਰ ਰਾਹੀਂ ਮਨੁੱਖ ਇਹ ਪਛਾਣ ਲੈਂਦਾ ਹੈ ਕਿ ਅਕਾਲ ਪੁਰਖ ਹਰੇਕ ਜੀਵਾਤਮਾ ਵਿੱਚ ਮੌਜੂਦ ਹੈ ਤੇ ਪਰਮਾਤਮਾ ਵਿੱਚ ਹੀ ਹਰੇਕ ਜੀਵ ਜੀਉਂਦਾ ਹੈ।

ਕਈ ਇਹ ਜਾਣਨਾ ਚਾਹੁੰਦੇ ਹਨ ਕਿ ਰੱਬ ਦਾ ਸੁਭਾਆ ਕਿਹੋ ਜਿਹਾ ਹੈ। ਗੁਰਬਾਣੀ ਅਨੁਸਾਰ ਵਾਹਿਗੁਰੂ ਦਿਆਲੂ ਹੈ ਤੇ ਆਪਣੀ ਰਚਨਾ ਦਾ ਪੂਰਾ ਖਿਆਲ ਰਖਦਾ ਹੈ:

ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ।। ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ।। ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ।। ਪੰਨਾ ੧੦੩

ਭਾਵ:-ਹੇ ਪ੍ਰਭੂ! ਤੂੰ ਮੇਰਾ ਪਿਉ (ਦੇ ਥਾਂ) ਹੈਂ ਤੂੰ ਹੀ ਮੇਰਾ ਮਾਂ (ਦੇ ਥਾਂ) ਹੈ, ਤੂੰ ਮੇਰਾ ਰਿਸ਼ਤੇਦਾਰ ਹੈਂ ਤੂੰ ਹੀ ਮੇਰਾ ਭਰਾ ਹੈਂ। (ਹੇ ਪ੍ਰਭੂ! ਜਦੋਂ) ਤੂੰ ਹੀ ਸਭ ਥਾਵਾਂ ਤੇ ਮੇਰਾ ਰਾਖਾ ਹੈਂ, ਤਾਂ ਕੋਈ ਡਰ ਮੈਨੂੰ ਪੋਹ ਨਹੀਂ ਸਕਦਾ, ਕੋਈ ਚਿੰਤਾ ਮੇਰੇ ਉੱਤੇ ਜ਼ੋਰ ਨਹੀਂ ਪਾ ਸਕਦੀ।

ਇਹੁ ਜਗੁ ਵਾੜੀ ਮੇਰਾ ਪ੍ਰਭੁ ਮਾਲੀ।। ਸਦਾ ਸਮਾਲੇ ਕੋ ਨਾਹੀ ਖਾਲੀ।। ਪੰਨਾ ੧੧੮ ਭਾਵ:- ਇਹ ਜਗਤ ਫੁੱਲਾਂ ਦੀ ਬਗ਼ੀਚੀ ਦੇ (ਸਮਾਨ) ਹੈ, ਪ੍ਰਭੂ ਆਪ (ਇਸ ਬਗ਼ੀਚੀ ਦਾ) ਮਾਲੀ ਹੈ। ਹਰੇਕ ਦੀ ਸਦਾ ਸੰਭਾਲ ਕਰਦਾ ਹੈ, ਉਸ ਦੀ ਸੰਭਾਲ ਤੋਂ ਕੋਈ ਜੀਵ ਵਿਰਵਾ ਨਹੀਂ ਰਹਿੰਦਾ।

ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦੁ ਸੁਆਮੀ ਸੰਦਾ।। ਪੰਨਾ ੫ ਭਾਵ:- ਪ੍ਰਭੂ ਦਾ ਇਹ ਮੁੱਢ ਦਾ ਸੁਭਾਉ ਹੈ ਕਿ ਜਿਹੜਾ ਜੀਵ ਉਸ ਦੀ ਸ਼ਰਨ ਆਉਂਦਾ ਹੈ ਉਹ ਉਸ ਨੂੰ ਆਪਣੇ ਗਲੇ ਨਾਲ ਲਾ ਲੈਂਦਾ ਹੈ।

ਵਖ ਵਖ ਧਰਮਾਂ ਨੇ ਆਪਣਾ ਆਪਣਾ ਰੱਬ ਬਣਾਇਆ ਹੋਇਆ ਹੈ ਅਤੇ ਦਵੈਤ ਭਾਵ ਦਾ ਸ਼ਿਕਾਰ ਹਨ। ਗੁਰਬਾਣੀ ਨੇ ਮੂਲ ਮੰਤਰ ਵਿੱਚ ੧ਓ ਲਿਖ ਕੇ ਇਹ ਭਰਮ ਦੂਰ ਕਰ ਦਿੱਤਾ ਹੈ। ਸਪਸ਼ਟ ਸ਼ਬਦਾਂ ਵਿੱਚ ਲਿਖ ਦਿੱਤਾ ਹੈ ਕਿ ਵਾਹਿਗੁਰੂ ਕੇਵਲ ਇੱਕ ਹੈ:

ਸਾਹਿਬੁ ਮੇਰਾ ਏਕੋ ਹੈ।। ਏਕੋ ਹੈ ਭਾਈ ਏਕੋ ਹੈ।। ਪੰਨਾ ੩੫੦ ਭਾਵ:- ਪਰਮਾਤਮਾ ਹੀ ਸਾਡਾ ਇਕੋ ਇੱਕ ਖਸਮ-ਮਾਲਕ ਹੈ, ਬੱਸ! ਉਹ ਹੀ ਇਕੋ ਮਾਲਕ ਹੈ, ਉਸ ਵਰਗਾ, ਹੋਰ ਕੋਈ ਨਹੀਂ ਹੈ।

ਹਿੰਦੂ ਤੁਰਕ ਕਾ ਸਾਹਿਬੁ ਏਕ।। ਕਹ ਕਰੈ ਮੁਲਾਂ ਕਹ ਕਰੈ ਸੇਖ।। ਪੰਨਾ੧੧੫੮

ਭਾਵ:- ਮੁੱਲਾਂ ਜਾਂ ਸ਼ੇਖ਼ (ਬਣਿਆਂ ਪ੍ਰਭੂ ਦੀ ਹਜ਼ੂਰੀ ਵਿਚ) ਕੋਈ ਖ਼ਾਸ ਵੱਡਾ ਮਰਾਤਬਾ ਨਹੀਂ ਮਿਲ ਜਾਂਦਾ। ਹਿੰਦੂ ਤੇ ਮੁਸਲਮਾਨ ਦੋਹਾਂ ਦਾ ਮਾਲਕ ਪ੍ਰਭੂ ਆਪ ਹੀ ਹੈ।

ਕਹੁ ਨਾਨਕ ਗੁਰਿ ਖੋਏ ਭਰਮ।। ਏਕੋ ਅਲਹੁ ਪਾਰਬ੍ਰਹਮ।। ਪੰਨਾ ੮੯੭

ਭਾਵ:- ਹੇ ਨਾਨਕ! ਗੁਰੂ ਨੇ ਜਿਸ ਮਨੁੱਖ ਦੇ ਭੁਲੇਖੇ ਦੂਰ ਕਰ ਦਿੱਤੇ, ਉਸ ਨੂੰ ਅੱਲਾਹ ਤੇ ਪਾਰਬ੍ਰਹਮ ਇੱਕੋ ਹੀ ਨਜ਼ਰ ਆਂਉਦੇ ਹਨ।

ਹਰਿ ਦਰਗਹ ਮਾਨੁ ਸੋਈ ਜਨੁ ਪਾਵੈ ਜੋ ਨਰੁ ਏਕੁ ਪਛਾਣੈ।। ਪੰਨਾ ੪੩੮

ਭਾਵ:- ਉਹੀ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿੱਚ ਆਦਰ ਪਾਂਦਾ ਹੈ ਜੇਹੜਾ ਇੱਕ ਪਰਮਾਤਮਾ ਨੂੰ (ਆਪਣੇ ਅੰਗ-ਸੰਗ) ਪਛਾਣਦਾ ਹੈ।

ਓਅੰਕਾਰਿ ਏਕੋ ਰਵਿ ਰਹਿਆ ਸਭੁ ਏਕਸ ਮਾਹਿ ਸਮਾਵੈਗੋ।।

ਏਕੋ ਰੂਪੁ ਏਕੋ ਬਹੁ ਰੰਗੀ ਸਭੁ ਏਕਤੁ ਬਚਨਿ ਚਲਾਵੈਗੋ।। ਪੰਨਾ੧੩੧੦

ਭਾਵ:- ਪਰਮਾਤਮਾ ਇੱਕ ਆਪ ਹੀ ਸਭ ਥਾਂ ਵਿਆਪਕ ਹੈ, ਉਸ ਇਕੋ ਸਰਬ-ਵਿਆਪਕ ਵਿੱਚ ਹੀ ਸਾਰਾ ਜਗਤ ਲੀਨ ਹੋ ਜਾਂਦਾ ਹੈ। ਉਹ ਪਰਮਾਤਮਾ (ਕਦੇ) ਇੱਕ ਆਪ ਹੀ ਆਪ ਹੁੰਦਾ ਹੈ, ਉਹ ਆਪ ਹੀ (ਜਗਤ ਰਚ ਕੇ) ਅਨੇਕਾਂ ਰੰਗਾਂ ਵਾਲਾ ਬਣ ਜਾਂਦਾ ਹੈ। ਸਾਰੇ ਜਗਤ ਨੂੰ ਉਹ ਪ੍ਰਭੂ ਇੱਕ ਆਪਣੇ ਹੀ ਹੁਕਮ ਵਿੱਚ ਤੋਰ ਰਿਹਾ ਹੈ।

੧ਓ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ।। ਪੰਨਾ ੧

ਭਾਵ:- ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ਹੋਂਦ ਵਾਲਾ ਹੈ, ਜੋ ਸੰਸਾਰ ਦਾ ਰਚਨਹਾਰ ਹੈ, ਜੋ ਸਭ ਵਿੱਚ ਵਿਆਪਕ ਹੈ, ਜੋ ਭੈ ਰਹਿਤ ਤੇ ਨਿਰਵੈਰ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, ਜੋ ਜੂਨਾਂ ਵਿੱਚ ਨਹੀਂ ਆਂਉਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ

ਆਦਿ ਸਚੁ ਜੁਗਾਦਿ ਸਚੁ।। ਹੈ ਭੀ ਸਚੁ ਨਾਨਕ ਹੋਸੀ ਭੀ ਸਚੁ।। ਪੰਨਾ ੧

ਭਾਵ:- ਅਕਾਲ ਪੁਰਖ ਮੁੱਢ ਤੋਂ ਹੋਂਦ ਵਾਲਾ ਹੈ ਤੇ ਜੁਗਾਂ ਦੇ ਮੁੱਢ ਤੋਂ ਮੌਜੂਦ ਹੈ। ਇਸ ਵੇਲੇ ਵੀ ਮੌਜੂਦ ਹੈ ਤੇ ਅਗਾਂਹ ਨੂੰ ਭੀ ਹੋਂਦ ਵਾਲਾ ਰਹੇ ਗਾ।

ਤੂ ਅਕਾਲ ਪੁਰਖੁ ਨਾਹੀ ਸਿਰਿ ਕਾਲਾ।। ਤੂ ਪੁਰਖੁ ਅਲੇਖ ਅਗੰਮ ਨਿਰਾਲਾ।। ਪੰਨਾ ੧੦੩੮

ਭਾਵ:- ਹੇ ਪ੍ਰਭੂ! ਤੂੰ ਸਭ ਜੀਵਾਂ ਵਿੱਚ ਵਿਆਪਕ ਹੋ ਕੇ ਭੀ ਮੌਤ-ਰਹਿਤ ਹੈਂ, ਤੇਰੇ ਸਿਰ ਉਤੇ ਮੌਤ ਸਵਾਰ ਨਹੀਂ ਹੋ ਸਕਦੀ। ਤੂੰ ਸਰਬ-ਵਿਆਪਕ ਹੈਂ।

ਸਾਵਣ ਸਿੰਘ




.