.

ਆਸਾ ਕੀ ਵਾਰ

(ਕਿਸ਼ਤ ਨੰ: 25)

ਪਉੜੀ ਚੌਵੀਵੀਂ ਅਤੇ ਸਲੋਕ

ਸਲੋਕੁ ਮਃ ੧।।

ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ।।

ਇਕਨੀੑ ਦੁਧੁ ਸਮਾਈਐ ਇਕਿ ਚੁਲੈੑ ਰਹਨਿੑ ਚੜੇ।।

ਇਕਿ ਨਿਹਾਲੀ ਪੈ ਸਵਨਿੑ ਇਕਿ ਉਪਰਿ ਰਹਨਿ ਖੜੇ।।

ਤਿਨਾੑ ਸਵਾਰੇ ਨਾਨਕਾ ਜਿਨੑ ਕਉ ਨਦਰਿ ਕਰੇ।। ੧।।

ਪਦ ਅਰਥ:- ਆਪੇ ਭਾਂਡੇ ਸਾਜੀਅਨੁ – ਭਾਂਡਿਆਂ ਨੂੰ ਬਣਾਉਣ ਵਾਲਾ (ਮਨੁੱਖ) ਆਪੇ ਹੀ ਭਾਂਡੇ ਬਣਾਉਂਦਾ ਹੈ। ਆਪੇ ਪੂਰਣੁ ਦੇਇ – ਆਪਣੇ ਬਣਾਇਆ ਨੂੰ ਪੂਰਨ/ਮੁਕੰਮਲ ਧਿਆਨ ਬਣਾਉਣ ਵੇਲੇ ਦਿੱਤਾ ਜਾਂਦਾ ਹੈ। ਇਕਨੀੑ ਦੁਧੁ ਸਮਾਈਐ – ਇਕਨਾਂ ਦੇ ਵਿੱਚ ਦੁੱਧ ਪਾਇਆ ਜਾਂਦਾ ਹੈ। ਇਕਿ ਚੁਲੈੑ ਰਹਨਿੑ ਚੜੇ – ਅਤੇ ਇੱਕ ਚੁੱਲੇ `ਤੇ ਚੜੇ ਰਹਿੰਦੇ ਹਨ। ਇਕਿ ਨਿਹਾਲੀ ਪੈ ਸਵਨਿੑ - ਇੱਕ ਗਦੇਲਿਆਂ `ਤੇ ਸੌਂਦੇ ਹਨ। ਇਕਿ ਉਪਰਿ ਰਹਨਿ ਖੜੇ – ਅਤੇ ਇੱਕ ਉਨ੍ਹਾਂ ਦੇ ਉੱਪਰ ਖੜੇ ਰਹਿੰਦੇ ਹਨ। ਤਿਨਾੑ ਸਵਾਰੇ ਨਾਨਕਾ – ਉਨ੍ਹਾਂ ਨੂੰ ਆਪ ਸੰਵਾਰਦਾ ਹੈ। ਜਿਨੑ ਕਉ ਨਦਰਿ ਕਰੇ – ਜਿਨ੍ਹਾਂ `ਤੇ ਨਦਰਿ ਕਰਦਾ ਹੈ।

ਅਰਥ:- ਜਿਵੇਂ ਭਾਂਡੇ ਬਣਾਉਣ ਵਾਲੇ ਮਨੁੱਖ ਵੱਲੋਂ ਆਪਣੇ ਬਣਾਏ ਭਾਂਡਿਆਂ ਨੂੰ ਬਣਾਉਣ ਵੇਲੇ ਸਾਰਿਆਂ ਭਾਂਡਿਆਂ ਨੂੰ ਬਣਾਉਣ ਵੇਲੇ ਪੂਰਨ/ਮੁਕੰਮਲ ਧਿਆਨ ਦਿੱਤਾ ਜਾਂਦਾ ਹੈ। ਉਸ ਵੱਲੋਂ ਆਪਣੇ ਹੀ ਬਣਾਏ ਹੋਏ, ਇਕਨਾਂ ਬਰਤਨਾਂ ਵਿੱਚ ਦੁੱਧ ਪਾਇਆ ਜਾਂਦਾ ਹੈ ਅਤੇ ਇੱਕ (ਬਰਤਨ) ਹਮੇਸ਼ਾਂ ਚੁੱਲੇ `ਤੇ ਚੜੇ ਰਹਿੰਦੇ ਹਨ। ਇਹ ਦਲੀਲ ਮਾਨਵਤਾ `ਤੇ ਢੁਕਾਉਂਦੇ ਹੋਏ ਇਹ ਆਖਦੇ ਹਨ ਕਿ ਨਾਨਕਾ ਇਕਨਾਂ ਜਿਨ੍ਹਾਂ ਨੂੰ ਉਹ (ਕਰਤਾ) ਆਪ ਨਦਰਿ ਕਰ ਕੇ ਸੰਵਾਰਦਾ ਹੈ ਉਹ ਤਲਾਈਆਂ/ਗਦੇਲਿਆਂ `ਤੇ ਸੌਂਦੇ ਹਨ ਅਤੇ ਇਕਨਾਂ ਜਿਨ੍ਹਾਂ `ਤੇ ਨਦਰਿ ਨਹੀਂ ਕਰਦਾ ਉਹ ਉਨ੍ਹਾਂ ਦੇ ਉੱਪਰ ਖੜੇ ਰਹਿੰਦੇ ਹਨ ਭਾਵ ਉਨ੍ਹਾਂ ਦੀ ਜੀ ਹਜ਼ੂਰੀ ਕਰਦੇ ਹਨ।

ਨੋਟ:- ਉੱਪਰਲੇ ਸਲੋਕ ਅੰਦਰ ਮਹਲੇ ਪਹਿਲੇ ਨੇ ਬਿਪਰ ਵੱਲੋਂ ਜੋ ਕਿਹਾ ਜਾਂਦਾ ਹੈ ਉਹ ਸਵਾਲ ਰੂਪ ਵਿੱਚ ਮਹਲੇ ਦੂਜੇ ਦੇ ਅੱਗੇ ਰੱਖਿਆ ਹੈ ਅਤੇ ਅਗਲੇਰੇ ਸਲੋਕ ਵਿੱਚ ਮਹਲਾ ਦੂਜਾ ਇਸ ਗੱਲ `ਤੇ ਆਪਣੇ ਵਿਚਾਰ ਪੇਸ਼ ਕਰਦਾ ਹੈ ਕਿ ਜੇਕਰ ਕਰਤੇ ਦੀ ਬਖਸ਼ਿਸ਼ ਨਾਲ ਹੀ ਕੁੱਝ ਲੋਕ ਗਦੇਲਿਆਂ `ਤੇ ਸੌਂਦੇ ਹਨ ਤਾਂ ਉਸ ਦੀ ਬਖਸ਼ਿਸ਼ ਤੋਂ ਵਾਂਝੇ ਲੋਕ ਜੇ ਗਦੇਲਿਆਂ `ਤੇ ਸੌਣ ਵਾਲਿਆਂ ਦੀ ਜੀ ਹਜ਼ੂਰੀ ਕਰਦੇ ਹਨ ਤਾਂ ਫਿਰ ਅਰਦਾਸ ਬੇਨਤੀ ਕਿਸ ਅੱਗੇ ਕਰੀਏ? ਫਿਰ ਤਾਂ ਕਿਸੇ ਕੁੱਝ ਕਹਿਣ ਦੀ ਲੋੜ ਹੀ ਨਹੀਂ?

ਮਹਲਾ ੨।।

ਆਪੇ ਸਾਜੇ ਕਰੇ ਆਪਿ ਜਾਈ ਭਿ ਰਖੈ ਆਪਿ।।

ਤਿਸੁ ਵਿਚਿ ਜੰਤ ਉਪਾਇ ਕੈ ਦੇਖੈ ਥਾਪਿ ਉਥਾਪਿ।।

ਕਿਸ ਨੋ ਕਹੀਐ ਨਾਨਕਾ ਸਭੁ ਕਿਛੁ ਆਪੇ ਆਪਿ।। ੨।।

ਪਦ ਅਰਥ:- ਆਪੇ ਸਾਜੇ ਕਰੇ ਆਪਿ – ਆਪੇ ਸਾਰੇ (ਬ੍ਰਹਿਮੰਡ) ਦੀ ਸਾਜਣਾ ਕਰ ਕੇ ਆਪ ਹੀ। ਜਾਈ ਭਿ ਰਖੈ ਆਪਿ – ਜੇ ਜਿਥੇ ਵੀ ਕਿਤੇ ਰੱਖਦਾ ਹੈ ਆਪ ਹੀ ਰੱਖਦਾ ਹੈ। ਤਿਸੁ ਵਿਚਿ ਜੰਤ ਉਪਾਇ ਕੈ – ਉਸ ਸ੍ਰਿਸ਼ਟੀ ਦੇ ਵਿੱਚ ਆਪ ਹੀ ਜੀਵਾਂ ਨੂੰ ਪੈਦਾ ਕਰ ਕੇ। ਦੇਖੈ ਥਾਪਿ ਉਥਾਪਿ – ਉਪਰ ਥੱਲੇ, ਉਚੇ ਨੀਵੇਂ ਦੇਖਦਾ ਹੈ ਤਾਂ? ਕਿਸ ਨੋ ਕਹੀਐ ਨਾਨਕਾ – ਫਿਰ ਨਾਨਕਾ ਕਿਸ ਨੂੰ ਕਹੀਏ? ਸਭੁ ਕਿਛੁ ਆਪੇ ਆਪਿ – ਜੇ ਉਹ ਆਪ ਹੀ ਇਹ ਸਾਰਾ ਕੁੱਝ ਕਰ ਰਿਹਾ ਹੈ ਤਾਂ।

ਨੋਟ:- ਇਸ ਸਲੋਕ ਨੂੰ ਸਮਝਣ ਵੇਲੇ ਪਾਠਕ ਪਹਿਲੀ ਪਉੜੀ ਨੂੰ ਜ਼ਰੂਰ ਧਿਆਨ ਵਿੱਚ ਰੱਖਣ।

ਅਰਥ:- ਜਿਸ ਪ੍ਰਭੂ ਨੇ ਆਪਣੇ ਆਪ ਦੀ ਸਾਜਣਾ ਕਰ ਕੇ ਆਪਣੀ ਸਜਾਈ ਸ੍ਰਿਸ਼ਟੀ ਦੇ ਵਿੱਚ ਹੀ ਆਪਣੇ ਆਪ ਨੂੰ ਰੱਖਿਆ ਹੈ। ਜੇ ਕਰ ਇਨ੍ਹਾਂ (ਮੂਰਖ ਬਿਪਰਾਂ) ਦੇ ਨਜ਼ਰੀਏ ਨਾਲ ਕੋਈ ਦੇਖੇ ਕਿ ਉਹ ਸ੍ਰਿਸ਼ਟੀ ਵਿੱਚ ਆਪੇ ਹੀ ਜੀਵਾਂ ਨੂੰ ਪੈਦਾ ਕਰ ਕੇ ਜੇ ਆਪ ਹੀ ਥਾਪਿ ਉਥਾਪਿ (ਉੱਪਰ ਥੱਲੇ, ਉੱਚੇ ਨੀਵੇਂ) ਦੇਖ ਰਿਹਾ ਹੈ ਤਾਂ ਫਿਰ ਨਾਨਕਾ ਕਿਸ ਨੂੰ ਕਹੀਏ? ਭਾਵ ਜੇਕਰ ਸਾਰਾ ਵਿਤਕਰਾ ਰੱਬ ਆਪ ਹੀ ਕਰ ਰਿਹਾ ਹੈ, ਫਿਰ ਕਿਸੇ ਹੋਰ ਨੂੰ ਭਾਵ ਜਿਹੜੇ ਲੋਕ ਮਾਨਵਤਾ ਨਾਲ (ਰੰਗ, ਨਸਲ, ਜਾਤ, ਪਾਤ, ਲਿੰਗ, ਭੇਦ ਦੇ ਨਾਮ `ਤੇ ਜੋ ਵਿਤਕਰਾ ਕਰਦੇ ਹਨ) ਉਨ੍ਹਾਂ ਨੂੰ ਕੁੱਝ ਕਹਿਣ ਦੀ ਲੋੜ ਹੀ ਨਹੀਂ? ਇਸ ਕਰ ਕੇ ਨਾਨਕ (ਬਿਪਰ) ਦੀਆਂ ਇਨ੍ਹਾਂ ਗੱਲਾਂ ਨਾਲ ਸਹਿਮਤ ਨਹੀਂ ਹੋਇਆ ਜਾ ਸਕਦਾ।

ਪਉੜੀ।।

ਵਡੇ ਕੀਆ ਵਡਿਆਈਆ ਕਿਛੁ ਕਹਣਾ ਕਹਣੁ ਨ ਜਾਇ।।

ਸੋ ਕਰਤਾ ਕਾਦਰ ਕਰੀਮੁ ਦੇ ਜੀਆ ਰਿਜਕੁ ਸੰਬਾਹਿ।।

ਸਾਈ ਕਾਰ ਕਮਾਵਣੀ ਧੁਰਿ ਛੋਡੀ ਤਿੰਨੈ ਪਾਇ।।

ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਇ।।

ਸੋ ਕਰੇ ਜਿ ਤਿਸੈ ਰਜਾਇ।। ੨੪।। ੧।। ਸੁਧੁ

ਪਦ ਅਰਥ:- ਵਡੇ ਕੀਆ ਵਡਿਆਈਆ ਹਨ। – ਉਸ ਵੱਡੇ ਦੀਆਂ ਜੋ ਵਡਿਆਈਆਂ ਹਨ। ਕਿਛੁ ਕਹਣਾ ਕਹਣੁ ਨ ਜਾਇ – ਕਿਛੁ ਕਹਿਣ ਨਾਲ ਕਹੀਆਂ ਨਹੀਂ ਜਾ ਸਕਦੀਆਂ ਭਾਵ ਕਹਿਣ ਤੋਂ ਬਾਹਰ ਹਨ। ਸੋ ਕਰਤਾ ਕਾਦਰ ਕਰੀਮ – ਉਹ ਕਰਤਾ ਆਪ ਹੀ ਸ੍ਰਿਸ਼ਟੀ ਦਾ ਮਾਲਕ ਅਤੇ ਬਖਸ਼ਿਸ਼ ਕਰਨ ਵਾਲਾ ਹੈ। ਦੇ ਜੀਆ – ਜੀਵਨ ਦੀ ਦੇਣ, ਦਾਤ। ਰਿਜਕੁ ਸੰਬਾਹਿ – ਨਿਰਬਾਹ ਲਈ ਰਿਜ਼ਕ। ਸਾਈ ਕਾਰ ਕਮਾਵਣੀ – ਜਿਸ ਲਈ ਸੱਚੀ ਕਿਰਤ ਕਰਨੀ ਚਾਹੀਦੀ। ਸਾਈ – ਸੱਚੀ। ਧੁਰਿ – ਮੂਲੋਂ ਹੀ। ਛੋਡੀ – ਛੱਡ ਦੇਣਾ, ਛੱਡੀ ਹੋਈ ਹੈ। ਤਿਨੈ ਪਾਇ – (ਇਹ ਇਨ੍ਹਾਂ ਦੀ) ਪ੍ਰਾਪਤੀ ਹੈ। ਏਕੀ – ਏਕੇ ਦੀ ਲੜੀ। ਏਕੀ ਬਾਹਰੀ – ਏਕੇ ਦੀ ਲੜੀ ਵਿੱਚ ਪ੍ਰੋਣ ਵਾਲੀ ਤੋਂ ਬਾਹਰੀ (ਜੋ ਜਾਤਾਂ, ਪਾਤਾਂ, ਰੰਗ, ਨਸਲ, ਲਿੰਗ, ਭੇਦ, ਕਿਰਤ ਆਧਾਰਤ ਮਾਨਵਤਾ ਨੂੰ ਨਾ ਵੰਡਦੀ ਹੋਵੇ)। ਹੋਰ ਦੂਜੀ ਨਾਹੀ ਜਾਇ – ਕਿਸੇ ਹੋਰ ਦੂਜੀ ਵਿਚਾਰਧਾਰਾ ਦੇ ਪਿੱਛੇ ਨਹੀਂ ਜਾਂਦੇ। ਸੋ – ਉਹ। ਜਿ – ਜਿਹੜਾ। ਤਿਸੈ – ਉਸ ਦੀ। ਸੋ ਕਰੇ ਜਿ ਤਿਸੈ ਰਜਾਇ – ਉਹ, ਉਹ ਕਰਦੇ ਹਨ ਜਿਹੜਾ ਉਸ ਦੀ ਰਜ਼ਾ ਵਿੱਚ ਹੈ। ਸੁਧੁ – ਸਪੱਸ਼ਟ।

ਅਰਥ:- ਉਸ ਵੱਡੇ/ਪ੍ਰਭੂ (ਸਰਬਵਿਆਪਕ ਸੱਚ) ਦੀਆਂ ਵਡਿਆਈਆਂ/ਗੁਣ ਇੰਨੇ ਹਨ ਕਿ ਕਹਿਣ ਨਾਲ ਨਹੀਂ ਕਹੇ ਜਾ ਸਕਦੇ। ਉਹ ਪ੍ਰਭੁ ਸਿਰਜਣਹਾਰ ਹੈ, ਉਹ ਆਪ ਸਭ ਦਾ ਮਾਲਕ ਹੈ ਅਤੇ ਦਿਆਲੂ ਹੈ। ਜਿਸ ਨੇ ਜੀਵਨ ਦੀ ਦਾਤ ਅਤੇ ਨਿਰਬਾਹ ਲਈ ਰਿਜ਼ਕ ਦਿੱਤਾ ਹੈ, ਜਿਸ ਰਿਜ਼ਕ ਲਈ ਸਾਰਿਆਂ ਨੂੰ ਸੱਚੀ ਕਿਰਤ ਕਰਨੀ ਚਾਹੀਦੀ ਹੈ ਪਰ ਉਹ ਇਨ੍ਹਾਂ (ਪਾਖੰਡੀ) ਲੋਕਾਂ ਨੇ ਮੂਲੋਂ ਹੀ ਛੱਡ ਦਿੱਤੀ ਹੈ ਇਹ ਇਨ੍ਹਾਂ ਦੀ ਪ੍ਰਾਪਤੀ ਹੈ। ਇਸ ਕਰ ਕੇ ਨਾਨਕ ਆਖਦਾ ਹੈ ਏਕੇ ਦੀ ਲੜੀ (ਬਰਾਬਰ) ਦੇ ਵਿੱਚ ਪ੍ਰੋਣ ਵਾਲੀ ਵਿਚਾਰਧਾਰਾ ਤੋਂ ਬਾਹਰੀ ਕਿਸੇ ਹੋਰ ਦੂਜੀ ਵਿਚਾਰਧਾਰਾ (ਜੋ ਮਾਨਵਤਾ ਨੂੰ ਰੰਗ, ਨਸਲ, ਜਾਤ, ਪਾਤ, ਲਿੰਗ, ਕਿਰਤ ਆਧਾਰਤ ਵੰਡਦੀ ਹੋਵੇ) ਦੇ ਪਿੱਛੇ ਨਹੀਂ ਜਾਣਾ ਚਾਹੀਦਾ। ਇਸ ਕਰ ਕੇ ਮਨੁੱਖ ਉਹ ਕਰੇ ਜਿਹੜਾ ਉਸ ਦੀ ਮਾਲਕ ਦੀ ਰਜ਼ਾ ਵਿੱਚ ਹੈ। ਸੁਧੁ।। - ਬਿਲਕੁਲ ਸਪੱਸ਼ਟ ਹੈ।

ਨੋਟ:- ਉਸ ਦੀ ਰਜ਼ਾ ਭਾਵ ਨਿਗਾਹ ਵਿੱਚ ਕੋਈ ਉੱਚਾ ਨੀਵਾਂ ਨਹੀਂ ਕਿਸੇ ਨਾਲ ਰੰਗ ਨਸਲ ਜਾਤ, ਪਾਤ, ਲਿੰਗ, ਕਿਰਤ ਆਧਾਰਤ ਕੋਈ ਵਿਤਕਰਾ ਨਹੀਂ।

ਬਲਦੇਵ ਸਿੰਘ ਟੌਰਾਂਟੋ।




.