ਖਾਲਸਾ ਪੰਥ ਬਨਾਮ ਡੇਰਾਵਾਦ
(ਭਾਗ ਤੇਤੀਵਾਂ)
ਮੌਜੂਦਾ ਦੌਰ ਦਾ ਸੰਤਵਾਦ
ਨਾਨਕਸਰ ਠਾਠ (ਕਲੇਰਾਂ) (ਭਾਗ -੨)
ਨਿਮ੍ਰਤਾ ਦੇ ਇਸ ਨਮੂਨੇ ਵਜੋਂ ਹੀ ਇਹ ਆਖਿਆ ਜਾਂਦਾ ਹੈ ਕਿ ਇਹ ਆਪਣੇ ਭੋਰੇ
ਉਤੇ ਝੋਂਪੜੀ ਬਣਾ ਕੇ ਰਹਿੰਦੇ ਸਨ। ਗੁਰਮਤਿ ਵਿੱਚ ਤਾਂ ਕੋਈ ਮਹਿਲ ਜਾਂ ਝੋਂਪੜੀ ਦਾ ਵਿਵਾਦ ਹੀ
ਨਹੀਂ। ਇਥੇ ਤਾਂ ਸਾਰੀ ਗੱਲ ਹੀ ਇਹ ਹੈ ਕਿ ਅਕਾਲ-ਪੁਰਖ ਜਿਥੇ, ਜਿਸ ਹਾਲਤ ਵਿੱਚ ਵੀ ਰੱਖੇ, ਉਸ ਨੂੰ
ਸਦਾ ਹਿਰਦੇ ਵਿੱਚ ਵਸਾ ਕੇ ਰਖਿਆ ਜਾਵੇ, ਕਦੇ ਵਿਸਾਰਿਆ ਨਾ ਜਾਵੇ, ਸਦਾ ਉਸ ਦਾ ਸ਼ੁਕਰਾਨਾ ਕੀਤਾ
ਜਾਵੇ। ਐਸਾ ਨਾ ਹੋਵੇ ਕਿ ਮਹਲਾਂ ਦੇ ਮਿਲਣ ਨਾਲ, ਉਸ ਦੇ ਬਖਸ਼ੇ ਸੁਖਾਂ ਨੂੰ ਭੋਗਦੇ ਹੋਏ, ਦੇਣ ਵਾਲਾ
ਅਕਾਲ-ਪੁਰਖ ਹੀ ਭੁੱਲ ਜਾਵੇ। ਸਤਿਗੁਰੂ ਨੇ ਗੁਰੂ ਗ੍ਰੰਥ ਸਾਹਿਬ ਵਿਚ, ਨਿਤਨੇਮ ਦੇ ਪਹਿਲੇ ੧੩
ਪੰਨਿਆਂ ਤੋਂ ਬਾਅਦ, ਪਹਿਲੇ ਹੀ ਰਾਗ ਸਿਰੀਰਾਗ ਵਿੱਚ ਬਾਣੀ ਦਰਜ ਕਰਨ ਲਗਿਆਂ, ਪੰਨਾ ੧੪ `ਤੇ ਜੋ ਸਭ
ਤੋਂ ਪਹਿਲਾ ਸ਼ਬਦ ਦਰਜ ਕੀਤਾ ਹੈ, ਉਸ ਦੇ ਪਹਿਲੇ ਬੰਦ ਵਿੱਚ ਹੀ ਸਪੱਸ਼ਟ ਕਰਕੇ ਸਮਝਾ ਦਿੱਤਾ ਹੈ:
"ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ।। ਕਸਤੂਰਿ ਕੁੰਗੂ ਅਗਰਿ
ਚੰਦਨਿ ਲੀਪਿ ਆਵੈ ਚਾਉ।।
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ।। ੧।। " {ਰਾਗੁ
ਸਿਰੀਰਾਗੁ ਮਹਲਾ ਪਹਿਲਾ ੧, ਪੰਨਾ ੧੪}
ਜੇ ਮੋਤੀਆਂ ਦੇ ਮਹਲ-ਮਾੜੀਆਂ ਉਸਰ ਪੈਣ, ਜੇ (ਉਹ ਮਹਲ-ਮਾੜੀਆਂ) ਰਤਨਾਂ ਨਾਲ
ਜੜਾਊ ਹੋ ਜਾਣ, ਜੇ (ਉਹਨਾਂ ਮਹਲ-ਮਾੜੀਆਂ ਨੂੰ) ਕਸਤੂਰੀ ਕੇਸਰ ਊਦ ਤੇ ਚੰਦਨ ਨਾਲ ਲਿਪਾਈ ਕਰ ਕੇ
(ਮੇਰੇ ਅੰਦਰ) ਚਾਉ ਚੜ੍ਹੇ, ਇਹਨਾਂ ਮਹਲ-ਮਾੜੀਆਂ ਨੂੰ ਵੇਖ ਕੇ ਮੈਂ ਕਿਤੇ (ਹੇ ਪ੍ਰਭੂ!) ਤੈਨੂੰ
ਭੁਲਾ ਨਾਹ ਬੈਠਾਂ, ਕਿਤੇ ਤੂੰ ਮੈਨੂੰ ਵਿੱਸਰ ਨਾਹ ਜਾਏਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿੱਚ ਟਿਕੇ
ਹੀ ਨਾਹ। ੧।
ਹਾਂ ਇਹ ਗੱਲ ਜ਼ਰੂਰ ਹੈ ਕਿ ਜੋ ਇਨ੍ਹਾਂ ਮਹਿਲਾਂ ਦੀ ਹਉਮੈ ਵਿਚ, ਦੁਨੀਆਵੀ
ਸੁੱਖਾਂ ਵਿੱਚ ਗਲਤਾਨ ਹੋਏ, ਵਾਹਿਗੁਰੂ ਨੂੰ ਭੁੱਲ ਕੇ ਆਪਣਾ ਮਨੁੱਖਾ ਜੀਵਨ ਅਜਾਈਂ ਗੁਆ ਰਹੇ ਹਨ,
ਉਨ੍ਹਾਂ ਨਾਲੋਂ ਤਾਂ, ਜੇ ਵਾਹਿਗੂਰੂ ਯਾਦ ਰਹੇ ਤਾਂ ਝੌਪੜੀਂ ਵਿੱਚ ਵਾਸ ਵਧੇਰੇ ਚੰਗਾ ਹੈ। ਪਾਵਨ
ਗੁਰਵਾਕ ਹੈ:
"ਭਲੀ ਸੁਹਾਵੀ ਛਾਪਰੀ ਜਾ ਮਹਿ ਗੁਨ ਗਾਏ।।
ਕਿਤ ਹੀ ਕਾਮਿ ਨ ਧਉਲਹਰ ਜਿਤੁ ਹਰਿ ਬਿਸਰਾਏ।। ੧।। " {ਰਾਗੁ ਸੂਹੀ
ਮਹਲਾ ੫, ਪੰਨਾ ੭੪੫}
ਹੇ ਭਾਈ
!
ਉਹ ਕੁੱਲੀ ਚੰਗੀ ਹੈ, ਜਿਸ ਵਿੱਚ (ਰਹਿਣ ਵਾਲਾ ਮਨੁੱਖ) ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ।
(ਪਰ) ਉਹ ਪੱਕੇ ਮਹੱਲ ਕਿਸੇ ਕੰਮ ਨਹੀਂ, ਜਿਨ੍ਹਾਂ ਵਿੱਚ (ਵੱਸਣ ਵਾਲਾ ਮਨੁੱਖ) ਪਰਮਾਤਮਾ ਨੂੰ ਭੁਲਾ
ਦੇਂਦਾ ਹੈ।
੧।
ਸਤਿਗੁਰੂ ਤਾਂ ਸਮਝਾਉਂਦੇ ਹਨ ਕਿ ਜੇ ਵਾਹਿਗੁਰੂ ਹਿਰਦੇ ਵਿੱਚ ਵਸਿਆ ਹੋਇਆ
ਹੈ, ਪਰਿਵਾਰਕ ਜੀਵਨ ਉਸ ਦੇ ਭਾਓ ਭਾਵਨੀ ਵਿੱਚ ਬਤੀਤ ਹੋ ਰਿਹਾ ਹੈ ਤਾਂ ਜੇ ਅਕਾਲ-ਪੁਰਖ ਨੇ ਮਹਿਲ
ਮਾੜੀਆਂ ਵੀ ਬਖਸ਼ੀਆਂ ਹੋਣ, ਜੋੇ ਗੁਰਸਿੱਖਾਂ ਦੇ ਰਹਿਣ ਦੇ ਕੰਮ ਆ ਰਹੀਆਂ ਹਨ ਤਾਂ ਉਹ ਵੀ ਪਵਿੱਤਰ
ਹਨ। ਪਾਵਨ ਗੁਰਵਾਕ ਹੈ:
"ਤਿਨ ਕਾ ਖਾਧਾ ਪੈਧਾ ਮਾਇਆ ਸਭੁ ਪਵਿਤੁ ਹੈ ਜੋ ਨਾਮਿ ਹਰਿ ਰਾਤੇ।।
ਤਿਨ ਕੇ ਘਰ ਮੰਦਰ ਮਹਲ ਸਰਾਈ ਸਭਿ ਪਵਿਤੁ ਹਹਿ
ਜਿਨੀ ਗੁਰਮੁਖਿ ਸੇਵਕ ਸਿਖ ਅਭਿਆਗਤ ਜਾਇ ਵਰਸਾਤੇ।। " {ਰਾਗ ਸੋਰਠਿ
ਵਾਰ ਮਹਲੇ ੪ ਕੀ, ਪਉੜੀ, ਪੰਨਾ ੬੪੮}
ਜੋ ਮਨੁੱਖ ਹਰੀ ਦੇ ਨਾਮ ਵਿੱਚ ਰੰਗੇ ਹੋਏ ਹਨ, ਉਹਨਾਂ ਦਾ ਮਾਇਆ ਨੂੰ
ਵਰਤਣਾ, ਖਾਣਾ ਪਹਿਨਣਾ ਸਭ ਕੁੱਝ ਪਵਿੱਤ੍ਰ ਹੈ; ਉਹਨਾਂ ਦੇ ਘਰ, ਮੰਦਰ, ਮਹਿਲ ਤੇ ਸਰਾਵਾਂ ਸਭ
ਪਵਿੱਤ੍ਰ ਹਨ, ਜਿਨ੍ਹਾਂ ਵਿਚੋਂ ਗੁਰਮੁਖਿ ਸੇਵਕ ਸਿੱਖ ਤੇ ਅਭਿਆਗਤ ਜਾ ਕੇ ਸੁਖ ਲੈਂਦੇ ਹਨ।
ਸਤਿਗੁਰੂ ਨੇ ਤਾਂ ਬੜੇ ਸਿੱਧੇ ਸਰਲ ਸ਼ਬਦਾਂ ਵਿੱਚ ਸਾਰੀ ਗੱਲ ਸਮਝਾ ਦਿੱਤੀ
ਹੈ ਕਿ ਅਕਾਲ ਪੁਰਖੁ ਜਿੱਥੇ ਰੱਖੇ, ਜਿਵੇਂ ਰੱਖੇ, ਉਸ ਦੇ ਭਾਣੇ ਵਿੱਚ ਸਦਾ ਪ੍ਰਸੰਨ ਰਹਿਣਾ ਹੈ।
ਸਿੱਖ ਸਾਰੀ ਧਰਤੀ ਨੂੰ ਇਕੋ ਜਿਹਾ ਪਵਿੱਤਰ ਸਮਝਦਾ ਹੈ, ਕਿਉਂਕਿ ਸਿੱਖ ਦਾ ਵਿਸ਼ਵਾਸ ਹੈ ਕਿ ਹਰ
ਜਗ੍ਹਾਂ ਅਕਾਲ-ਪੁਰਖੁ ਦਾ ਹੁਕਮ ਹੀ ਵਰਤ ਰਿਹਾ ਹੈ। ਪਾਵਨ ਗੁਰਵਾਕ ਹੈ:
"ਜਹ ਬੈਸਾਲਹਿ ਤਹ ਬੈਸਾ ਸੁਆਮੀ ਜਹ ਭੇਜਹਿ ਤਹ ਜਾਵਾ।।
ਸਭ ਨਗਰੀ ਮਹਿ ਏਕੋ ਰਾਜਾ ਸਭੇ ਪਵਿਤੁ ਹਹਿ ਥਾਵਾ।। " {ਮਾਰੂ ਮਹਲਾ ੩,
ਪੰਨਾ ੯੯੩}
ਹੇ ਪ੍ਰਭੂ
!
(ਜਦੋਂ ਮੈਂ ਆਤਮਕ ਅਡੋਲਤਾ ਵਿੱਚ ਲੀਨ ਰਹਾਂਗਾ, ਤਾਂ) ਜਿੱਥੇ ਤੂੰ ਮੈਨੂੰ ਬਿਠਾਏਂਗਾ ਮੈਂ ਉਥੇ
ਬੈਠਾ ਰਹਾਂਗਾ, ਜਿਥੇ ਤੂੰ ਮੈਨੂੰ ਭੇਜੇਂਗਾ ਮੈਂ ਉਥੇ ਜਾਵਾਂਗਾ (ਭਾਵ, ਮੈਂ ਹਰ ਵੇਲੇ ਤੇਰੀ ਰਜ਼ਾ
ਵਿੱਚ ਰਹਾਂਗਾ)। ਹੇ ਸੁਆਮੀ!
ਸਾਰੀ ਸ੍ਰਿਸ਼ਟੀ ਵਿੱਚ ਮੈਨੂੰ ਤੂੰ ਹੀ ਇੱਕ ਪਾਤਿਸ਼ਾਹ (ਦਿੱਸੇਂਗਾ, ਤੇਰੀ ਵਿਆਪਕਤਾ ਦੇ ਕਾਰਨ ਧਰਤੀ
ਦੇ) ਸਾਰੇ ਹੀ ਥਾਂ ਮੈਨੂੰ ਪਵਿੱਤਰ ਜਾਪਣਗੇ। ੧।
ਫਿਰ ਉਸ ਝੌਂਪੜੀ ਨੂੰ ਵੀ ਜਾਣ ਲੱਗਿਆਂ ਅੱਗ ਲਾ ਦੇਣੀ, ਕਿਥੋਂ ਦੀ ਗੁਰਮਤਿ
ਜਾਂ ਮਨੁੱਖਤਾ ਹੈ? ਉਹ ਕਿਸੇ ਲੋੜਵੰਦ ਗਰੀਬ ਦੇ ਸਿਰ ਛੁਪਾਉਣ ਦੇ ਕੰਮ ਆ ਸਕਦੀ ਸੀ। ਇਹ ਕਹਿਣਾ
ਬਿਲਕੁਲ ਤੱਥ ਹੀਣ, ਗੁੰਮਰਾਹਕੁੰਨ ਪਖੰਡ ਹੈ ਕਿ ਇਸ ਵਾਸਤੇ ਅੱਗ ਲਾ ਦੇਂਦੇ ਸਨ ਕਿ ਉਥੇ ਕੋਈ
ਉਨ੍ਹਾਂ ਦੀ ਯਾਦ ਨਾ ਬਣਾਵੇ, ਕਿਉਂਕਿ ਅੱਜ ਜਿੱਥੇ ਇਨ੍ਹਾਂ ਦਾ ਸਭ ਤੋਂ ਵੱਡਾ ਨਾਨਕਸਰ ਠਾਠ ਸਥਾਪਤ
ਹੈ, ਇਹ ਕਲੇਰਾਂ ਨਗਰ ਦਾ ਉਹੋ ਸਥਾਨ ਦਸਿਆ ਜਾਂਦਾ ਹੈ, ਜਿਥੇ ਇਸ ਨੇ ਪਹਿਲਾ ਭੋਰਾ ਜਾਂ ਕੁੱਲੀ
ਬਣਾਈ ਸੀ। ਕੀ ਸਮਝਿਆ ਜਾਵੇ ਕਿ ਇਸ ਦਾ ਚੇਲਾ ਈਸ਼ਰ ਸਿੰਘ, ਜੋ ਜੀਵਨ ਦਾ ਕਾਫੀ ਸਮਾਂ ਇਸ ਦੇ ਨਾਲ ਵੀ
ਰਿਹਾ, ਜਿਸਨੇ ਇਸ ਦੇ ਮਰਨ ਤੋਂ ਬਾਅਦ ਇਹ ਨਾਨਕਸਰ ਠਾਠ ਬਣਵਾਇਆ, ਉਸ ਨੇ ਇਸ ਦੇ ਹੁਕਮ ਅਤੇ
ਸਿਧਾਂਤਾਂ ਨੂੰ ਅੱਖੋਂ ਪਰੋਖੇ ਕਰ ਦਿੱਤਾ? ਜੋ ਪ੍ਰਚਾਰਿਆ ਜਾ ਰਿਹਾ ਹੈ, ਜੇ ਸੱਚ ਮੰਨ ਲਿਆ ਜਾਵੇ,
ਕਿ ਇਹ ਆਪਣੇ ਜੀਵਨ ਵਿੱਚ ਭਵਿੱਖਬਾਣੀ ਕਰ ਗਏ ਸਨ ਕਿ ਉਨ੍ਹਾਂ ਤੋਂ ਬਾਅਦ ਉਥੇ ਮਹਾਨ ਤੀਰਥ ਬਣਨਗੇ,
ਤਾਂ ਇਹ ਕਹਿਣਾ ਹੋਰ ਵੀ ਹਾਸੋਹੀਣਾ ਹੈ। ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਇਹ ਚਾਹੁੰਦੇ ਸਨ ਕਿ
ਮੇਰੇ ਮਰਨ ਤੋਂ ਬਾਅਦ ਮੇਰੀ ਯਾਦ ਬਣੇ ਅਤੇ ਮੇਰੀ ਪੂਜਾ ਹੋਵੇ, ਫਿਰ ਇਹ ਝੋਂਪੜੀਆਂ ਸਾੜਨ ਵਾਲਾ
ਪਖੰਡ ਕਿਉ?
ਉਂਝ ਵੀ ਇਸ ਟੋਏ ਪੁਟ ਕੇ ਬਹਿਣ ਵਾਲੇ ਡਰਾਮੇ ਦੀ ਅਸਲੀਅਤ ਹੁਣ ਖੁਲ੍ਹ ਕੇ
ਸਾਹਮਣੇ ਆਈ ਹੈ, ਕਿਉਂ ਕਿ ਕਹੇ ਜਾਂਦੇ ਟੋਏ ਵਾਲੇ ਸਥਾਨ `ਤੇ ਹੁਣ ਸੰਗਮਰਮਰ ਦਾ ਵਧੀਆ ਟੋਇਆ ਬਣਿਆ
ਹੋਇਆ ਹੈ, ਜਿਸ ਦੀ ਹੁਣ ਲੋਕਾਂ ਕੋਲੋਂ ਪੂਜਾ ਕਰਵਾਈ ਜਾਂਦੀ ਹੈ। ਸਾਇਦ ਇਹ ਕਹਾਣੀ ਹੀ ਪੂਜਾ ਦਾ
ਇੱਕ ਸਥਾਨ ਤਿਆਰ ਕਰਨ ਲਈ ਬਣਾਈ ਗਈ ਹੈ। ਇੱਕ ਹੋਰ ਸੁਆਦਲੀ ਗੱਲ ਇਹ ਹੈ ਕਿ ਉਸ ਦੇ ਨੇੜੇ ਹੀ ਉਹ
ਵਿਸ਼ੇਸ਼ ਸਥਾਨ ਵੀ ਬਣਾਇਆ ਗਿਆ ਹੈ, ਜਿਥੇ ਅਗਲਾ ਗੱਦੀਦਾਰ ਈਸ਼ਰ ਸਿੰਘ ਬੈਠਦਾ ਸੀ, ਜੋ ਉਸ ਨਾਲੋ ਕਾਫੀ
ਉੱਚਾ ਹੈ। ਭਾਵ ਗੁਰੂ ਨਾਲੋਂ ਚੇਲਾ ਉੱਚੇ ਸਥਾਨ `ਤੇ ਬੈਠਦਾ ਸੀ। ਜੇ ਇਸ ਨਾਨਕਸਰ ਠਾਠ ਵਿੱਚ ਜਾਓ
ਤਾਂ ਸਪੱਸ਼ਟ ਪਤਾ ਲਗਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤਾਂ ਸਿਰਫ ਖਾਨਾ ਪੂਰਤੀ ਵਾਸਤੇ ਹੀ
ਕੀਤਾ ਗਿਆ ਹੈ, ਬਾਕੀ ਤਾਂ ਸਾਰੀ ਨੰਦ ਸਿੰਘ ਅਤੇ ਈਸ਼ਰ ਸਿੰਘ ਦੀ ਪੂਜਾ ਹੀ ਕਰਾਈ ਜਾ ਰਹੀ ਹੈ। ਕਿਤੇ
ਈਸ਼ਰ ਸਿੰਘ ਦੀ ਕੀਮਤੀ ਕਾਰ ਖੜੀ ਕਰ ਕੇ ਉਸ ਦੀ ਪੂਜਾ ਕਰਵਾਈ ਜਾ ਰਹੀ ਹੈ, ਕਿਤੇ ਜੁੱਤੀਆਂ ਦੀ,
ਕਿਤੇ ਪਲੰਘਾਂ ਦੀ, ਕਿਤੇ ਬਿਸਤਰਿਆਂ ਦੀ ਅਤੇ ਉਨ੍ਹਾਂ ਬਿਸਤਰਿਆਂ `ਤੇ ਸਜੀਆਂ ਹੋਈਆਂ ਉਨ੍ਹਾਂ ਦੀਆਂ
ਫੋਟੋਆ ਵਗੈਰਾ ਵਗੈਰਾ ਦੀ। ਇਥੇ ਇੱਕ ਸਥਾਨ ਬਣਾਇਆ ਗਿਆ ਹੈ, ‘ਭਜਨਗੜ੍ਹ`, ਜਿਸ ਦੇ ਬਾਹਰ ਲਿਖਿਆ
ਹੈ ਕਿ ਇਥੇ ਬਾਬਾ ਨੰਦ ਸਿੰਘ ਜੀ ਭਜਨ ਬੰਦਗੀ ਕਰਿਆ ਕਰਦੇ ਸਨ ਪਰ ਸਭ ਤੋਂ ਸੁਆਦਲੀ ਗੱਲ ਇਹ ਹੈ ਕਿ
ਇਥੇ ਨੇੜੇ ਇੱਕ ਬੋਰਡ ਲੱਗਾ ਹੈ, ਜਿਸ ਉਤੇ ਲਿਖਿਆ ਹੈ, ‘ਬਾਬਾ ਨੰਦ ਸਿੰਘ ਜੀ ਦੇ ਪਵਿੱਤਰ ਬਚਨ
ਭਜਨਗੜ੍ਹ ਪ੍ਰਤੀ: ਸਾਰੀ ਦੁਨੀਆਂ ਦੇ ਤੀਰਥ ਸਥਾਨਾਂ ਨਾਲੋਂ ਇਹ ਠਾਠ ਉਤਮ ਹੈ`। ਇੱਕ ਤਾਂ ਨੰਦ
ਸਿੰਘ ਦੇ ਜੀਵਨ ਵਿੱਚ ਇਹ ਸਥਾਨ ਬਣਿਆ ਹੀ ਨਹੀਂ ਸੀ, ਦੂਸਰਾ ਆਪਣੇ ਸਥਾਨ ਨੂੰ ਆਪੇ ਹੀ ਸਭ ਤੋਂ
ਉੱਚਾ ਹੋਣ ਦਾ ਸਰਟੀਫਿਕੇਟ ਦੇ ਦਿੱਤਾ। ਇਨ੍ਹਾਂ ਸਾਰਿਆਂ ਤੋਂ ਉਪਰ ਮੈਂ ਦੂਸਰੀਆਂ ਕੌਮਾਂ ਦੇ ਧਰਮ
ਸਥਾਨਾਂ ਦੀ ਗੱਲ ਨਾ ਵੀ ਕਰਾਂ, ਤਾਂ ਵੀ, ਦਰਬਾਰ ਸਾਹਿਬ ਅੰਮ੍ਰਿਤਸਰ, ਨਨਕਾਣਾ ਸਾਹਿਬ ਪਾਕਿਸਤਾਨ
(ਜਿਥੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ) ਤਰਨਤਾਰਨ ਸਾਹਿਬ, ਹੋਰ ਅਨੇਕਾਂ ਗੁਰਸਥਾਨ ਅਤੇ ਅਕਾਲ
ਤਖਤ ਸਾਹਿਬ ਸਮੇਤ ਪੰਜਾਂ ਤਖ਼ਤਾਂ ਤੋਂ ਵੀ ਉੱਚਾ ਹੋਇਆ? ਗੁਰੂ ਸਾਹਿਬਾਨ ਨਾਲ ਸਬੰਧਤ ਇਤਿਹਾਸਕ
ਗੁਰਦੁਆਰਿਆਂ ਦਾ ਇਸ ਤੋਂ ਵੱਡਾ ਅਪਮਾਨ ਹੋਰ ਕੀ ਕੀਤਾ ਜਾ ਸਕਦਾ ਹੈ? ਅੱਗੇ ਇੱਕ ਭੋਰਾ ਬਣਾਇਆ ਗਿਆ
ਹੈ, ਜਿਸ ਅੰਦਰ ਦਰਸ਼ਨ ਕਰਨ ਲਈ ਜਾਣ ਵਾਸਤੇ, ਕੁੱਝ ਵਿਸ਼ੇਸ਼ ਬਾਣੀਆਂ ਦੇ ਕੁੱਝ ਘੱਟੋ ਘੱਟ ਗਿਣਤੀ ਪਾਠ
ਕੀਤੇ ਹੋਣਾ ਜ਼ਰੂਰੀ ਹੈ। ਪਹਿਲਾਂ ਤਾਂ ਇਹ ਭੋਰਾ ਕਿਹਾ ਜਾਣ ਵਾਲਾ ਸਥਾਨ ਕੀਮਤੀ ਸੰਗਮਰਮਰ ਨਾਲ
ਮੜ੍ਹਿਆ ਹੋਇਆ ਚਮਚਮਾਉਂਦਾ ਹੈ, ਅੰਦਰ ਕੀਮਤੀ ਪਲੰਘ, ਉਤੇ ਵਿਛੇ ਹੋਏ ਕੀਮਤੀ ਬਿਸਤਰੇ, ਉਤੇ ਵੱਡੇ
ਸਿਰਹਾਣੇ ਦੀ ਟੇਕ ਨਾਲ ਰੱਖੀ ਨੰਦ ਸਿੰਘ ਦੀ ਫੋਟੋ, ਨੰਦ ਸਿੰਘ ਦੀਆਂ ਕਹੀਆਂ ਜਾਂਦੀਆਂ ਪਰ ਨਵੀਂ
ਦਿਖ ਵਾਲੀਆਂ ਜੁੱਤੀਆਂ, ਹੋਰ ਕਈ ਫੋਟੋਆਂ, ਉਤੋਂ ਸਭ ਤੋਂ ਹੈਰਾਨਗੀ ਦੀ ਗੱਲ ਇਹ ਹੈ ਕਿ ਜਿਨ੍ਹਾਂ
ਦੀ ਨਿਮਰਤਾ ਦੇ ਸੋਹਿਲੇ ਗਾਏ ਜਾ ਰਹੇ ਹਨ ਕਿ ਉਹ ਝੌਪੜੀਆਂ ਬਣਾ ਕੇ ਰਹਿੰਦੇ ਸਨ, ਉਨ੍ਹਾਂ ਦੇ
ਦਰਜਨਾਂ ਦੇ ਹਿਸਾਬ ਨਾਲ ਚਮਕਦੇ ਚੋਲੇ ਰਖੇ ਗਏ ਹਨ ਅਤੇ ਕੀਮਤੀ ਸੋਫੇ ਸਜ਼ਾ ਕੇ ਰਖੇ ਗਏ ਹਨ। ਹੁਣ ਆਪ
ਹੀ ਸੋਚ ਲਓ ਕਿ ਐਸੇ ਸਥਾਨ ਦੇ ਅੰਦਰ ਜਾਣ ਲਈ ਗਿਣਤੀ ਗਿਣ ਕੇ ਪਾਠ ਕੀਤੇ ਹੋਣ ਦੀ ਸ਼ਰਤ ਦੀ ਕੀ
ਮਹਤੱਤਾ ਹੈ? ਇਨ੍ਹਾਂ ਸਾਰਿਆ ਤੋਂ ਉਪਰ ਉਥੇ ਇੱਕ ਕਿੱਲੀ ਲਗਾਈ ਹੋਈ ਹੈ ਜਿਸ ਦੇ ਨਾਲ ਇਹ ਲਿਖਿਆ ਹੈ
ਕਿ ਬਾਬਾ ਨੰਦ ਸਿੰਘ ਜੀ ਇਸ ਕਿੱਲੀ ਨਾਲ ਕੇਸ ਬੰਨ੍ਹ ਕੇ ਤਪ ਕਰਦੇ ਸੀ। ਜਦਕਿ ਗੁਰਬਾਣੀ ਐਸੇ ਹੱਠ
ਕਰਮਾਂ ਨੂੰ ਅਤੇ ਤੱਪ ਸਾਧਨ ਨੂੰ ਪੂਰਨਤਾ ਰੱਦ ਕਰਦੀ ਹੈ। ਸਤਿਗੁਰੂ ਦੇ ਫੁਰਮਾਨ ਹਨ:
"ਮਨ ਹਠਿ ਕਰਮ ਕਮਾਵਦੇ ਨਿਤ ਨਿਤ ਹੋਹਿ ਖੁਆਰੁ।।
ਅੰਤਰਿ ਸਾਂਤਿ ਨ ਆਵਈ ਨਾ ਸਚਿ ਲਗੈ ਪਿਆਰੁ।। " {ਸਿਰੀ ਰਾਗੁ ਮਹਲਾ ੩,
ਪੰਨਾ ੬੬}
ਉਹ (ਗੁਰੂ ਦਾ ਆਸਰਾ ਛੱਡ ਕੇ ਆਪਣੇ) ਮਨ ਦੇ ਹਠ ਨਾਲ (ਕਈ ਕਿਸਮ ਦੇ ਮਿਥੇ
ਹੋਏ ਧਾਰਮਿਕ) ਕਰਮ ਕਰਦੇ ਹਨ, (ਪਰ ਵਿਕਾਰਾਂ ਵਿੱਚ ਫਸੇ ਹੋਏ) ਸਦਾ ਖ਼ੁਆਰ ਹੁੰਦੇ ਰਹਿੰਦੇ ਹਨ।
ਉਹਨਾਂ ਦੇ ਮਨ ਵਿੱਚ ਸ਼ਾਂਤੀ ਨਹੀਂ ਆਉਂਦੀ, ਨਾਹ ਹੀ ਉਹਨਾਂ ਦਾ ਸਦਾ-ਥਿਰ ਪ੍ਰਭੂ ਵਿੱਚ ਪਿਆਰ ਬਣਦਾ
ਹੈ।
"ਕਾਂਇਆ ਸਾਧੈ ਉਰਧ ਤਪੁ ਕਰੈ ਵਿਚਹੁ ਹਉਮੈ ਨ ਜਾਇ।।
ਅਧਿਆਤਮ ਕਰਮ ਜੇ ਕਰੇ ਨਾਮੁ ਨ ਕਬਹੀ ਪਾਇ।। " {ਸਿਰੀਰਾਗੁ ਮਹਲਾ ੩,
ਪੰਨਾ ੩੩}
ਮਨੁੱਖ ਸਰੀਰ ਨੂੰ (ਭਾਵ, ਗਿਆਨ-ਇੰਦ੍ਰਿਆਂ ਨੂੰ) ਆਪਣੇ ਵੱਸ ਵਿੱਚ ਰੱਖਣ ਦੇ
ਜਤਨ ਕਰਦਾ ਹੈ, ਪੁੱਠਾ ਲਟਕ ਕੇ ਤਪ ਕਰਦਾ ਹੈ, (ਪਰ ਇਸ ਤਰ੍ਹਾਂ) ਅੰਦਰੋਂ ਹਉਮੈ ਦੂਰ ਨਹੀਂ ਹੁੰਦੀ।
ਜੇ ਮਨੁੱਖ ਆਤਮਕ ਉੱਨਤੀ ਸੰਬੰਧੀ (ਅਜੇਹੇ ਮਿੱਥੇ ਹੋਏ ਧਾਰਮਿਕ) ਕੰਮ ਕਰਦਾ ਰਹੇ, ਤਾਂ ਕਦੇ ਭੀ ਉਹ
ਪਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਕਰ ਸਕਦਾ।
ਵੈਸੇ ਤਾਂ ਐਸੇ ਸਾਰੇ ਡੇਰਿਆਂ ਵਿੱਚ ਗੁਰਬਾਣੀ ਦਾ ਸਬੰਧ ਕੇਵਲ ਮੰਤਰ ਰਟਨ
ਤੱਕ ਹੀ ਸੀਮਤ ਹੈ, ਪਰ ਗੁਰਬਾਣੀ ਦੀ ਇੱਕ ਪੰਕਤੀ ਦਾ ਘੋਰ ਨਿਰਾਦਰ ਅਤੇ ਦੁਰਵਰਤੋਂ ਇਨ੍ਹਾਂ ਸਾਰਿਆ
ਡੇਰਿਆਂ `ਤੇ ਕੀਤੀ ਜਾ ਰਹੀ ਹੈ, ਉਹ ਹੈ, "ਸਚਿ ਖੰਡਿ ਵਸੈ ਨਿਰੰਕਾਰ"। ਗੁਰੂ ਨਾਨਕ ਸਾਹਿਬ ਨੇ ਇਹ
ਪੰਕਤੀ ਭਗਤੀ ਦੀ ਉਸ ਉੱਚੀ ਆਤਮਕ ਅਵਸਥਾ ਵਾਸਤੇ ਉਚਾਰਨ ਕੀਤੀ ਹੈ, ਜਿਸ ਅਵਸਥਾ ਵਿੱਚ ਅਕਾਲ ਪੁਰਖੁ
ਪੂਰਨ ਰੂਪ ਵਿੱਚ ਉਸ ਦੇ ਹਿਰਦੇ ਵਿੱਚ ਵਸ ਜਾਂਦਾ ਹੈ, ਜਿਥੇ ਜਗਿਆਸੂ ਅਕਾਲ–ਪੁਰਖ ਨਾਲ ਇੱਕ ਮਿਕ ਹੋ
ਜਾਂਦਾ ਹੈ:
"ਸਚਿ ਖੰਡਿ ਵਸੈ ਨਿਰੰਕਾਰੁ।। ਕਰਿ ਕਰਿ ਵੇਖੇ ਨਦਰਿ ਨਿਹਾਲ।। " (ਜਪੁ,
ਪੰਨਾ ੮)
ਸੱਚ ਖੰਡ ਵਿੱਚ (ਭਾਵ, ਅਕਾਲ ਪੁਰਖ ਨਾਲ ਇੱਕ ਰੂਪ ਹੋਣ ਵਾਲੀ ਅਵਸਥਾ ਵਿਚ)
ਮਨੁੱਖ ਦੇ ਅੰਦਰ ਉਹ ਅਕਾਲ ਪੁਰਖ ਆਪ ਹੀ ਵੱਸਦਾ ਹੈ, ਜੋ ਸ੍ਰਿਸ਼ਟੀ ਨੂੰ ਰਚ ਰਚ ਕੇ ਮਿਹਰ ਦੀ ਨਜ਼ਰ
ਨਾਲ ਉਸ ਦੀ ਸੰਭਾਲ ਕਰਦਾ ਹੈ।
ਇਨ੍ਹਾਂ ਨੇ ਇਟਾਂ ਪੱਥਰਾਂ ਦੇ ਸੱਚ ਖੰਡ ਬਣਾ ਕੇ ਅਕਾਲ ਪੁਰਖੁ ਨੂੰ ਉਸ
ਵਿੱਚ ਕੈਦ ਕੀਤਾ ਹੋਇਆ ਹੈ। ਇਸ ਨਾਨਕਸਰ ਠਾਠ ਵਿੱਚ ਵੀ ਇਸ ਭੋਰੇ ਦੇ ਨਾਲ ਲਗਦੇ ਇੱਕ ਕਮਰੇ ਦੇ
ਬਾਹਰ "ਸਚਿ ਖੰਡਿ ਵਸੈ ਨਿਰੰਕਾਰ" ਦਾ ਬੋਰਡ ਲਿਖਿਆ ਹੈ। ਇਸ ਦੇ ਅੰਦਰ ਵੀ ਤਕਰੀਬਨ ਉਹੋ ਭੌਰੇ ਵਾਲੇ
ਕਮਰੇ ਵਾਲਾ ਹੀ ਨਜ਼ਾਰਾ ਹੈ। ਬਿਸਤਰਾ, ਉਤੇ ਨੰਦ ਸਿੰਘ ਦੀ ਫੋਟੋ ਅਤੇ ਮਾਲਾ, ਨਾਲ ਕੰਬਲ, ਕੁੱਝ
ਲਿਸ਼ਕਦੇ ਪੁਸ਼ਕਦੇ ਸੋਫੇ, ਚਮਚਮਾਉਂਦੇ ਫੂਲਦਾਨਾਂ ਵਿੱਚ ਸਜੇ ਨਕਲੀ ਫੁੱਲ ਅਤੇ ਹੋਰ ਸਮਾਨ। ਵਿਸ਼ੇਸ਼
ਗੱਲ ਇਹ ਕਿ ਇਸ ਕਮਰੇ ਦੀ ਇੱਕ ਦੀਵਾਰ `ਤੇ ਲਿਖਿਆ ਹੈ, "ਸਾਧ ਸੰਗਤ ਜੀ ਜਿਸ ਸਥਾਨ ਦੇ ਤੁਸੀਂ ਦਰਸ਼ਨ
ਕਰ ਰਹੇ ਹੋ, ਇਹ ਬਾਬਾ ਨੰਦ ਸਿੰਘ ਜੀ ਦੇ ਸਮੇਂ ਦਾ ਹੈ। ਇਸ ਦੇ ਨਾਲ ਲਗਦਾ ਇੱਕ ਕੁੱਝ ਛੋਟਾ ਕਮਰਾ,
ਜਿਸ ਦੇ ਅੰਦਰ ਇੱਕ ਵੱਡੇ ਤੌਲੀਆ ਸਟੈਂਡ ਉਤੇ ਲਟਕਦਾ ਇੱਕ ਸਾਫ ਸੁਥਰਾ ਤੌਲੀਆ ਅਤੇ ਇਥੇ ਦੀਵਾਰ `ਤੇ
ਲਿਖਿਆ ਹੈ ਕਿ ਇਸ ਸਥਾਨ `ਤੇ ਬਾਬਾ ਨੰਦ ਸਿੰਘ ਜੀ ਰਾਤ ਦੇ ਸਵਾ ਬਾਰ੍ਹਾਂ ਵਜੇ ਇਸ਼ਨਾਨ ਕਰਿਆ ਕਰਦੇ
ਸੀ। " ਵੇਖਿਆ ਕਿਆ ਕਮਾਲ ਹੈ? ਬਸ ਇਸ ਦੇ ਨਾਲ ਹੀ ਇਹ ਕਮਰਾ ਸੱਚ ਖੰਡ ਬਣ ਗਿਆ ਹੈ। ਸੱਚ ਖੰਡ ਸ਼ਬਦ
ਦਾ ਇਸ ਤੋਂ ਵਧ ਅਪਮਾਨ ਅਤੇ ਦੁਰਵਰਤੋਂ ਹੋਰ ਕੀ ਹੋ ਸਕਦੀ ਹੈ? ਪਰ ਭੋਲੇ ਭਾਲੇ ਗਿਆਨ ਵਿਹੂਣੇ, ਅੰਧ
ਵਿਸ਼ਵਾਸੀ ਲੋਕ ਉਥੇ ਜਾ ਕੇ ਬੜੀ ਸ਼ਰਧਾ ਨਾਲ ਇਨ੍ਹਾਂ ਵਸਤੂਆਂ ਨੂੰ ਮੱਥੇ ਟੇਕ ਰਹੇ ਹਨ।
(ਉਪਰੋਕਤ ਤਿੰਨ ਪੈਰਿਆਂ ਵਿੱਚ ਦਿੱਤੀ ਜਾਣਕਾਰੀ, ਧੰਨਵਾਦ ਸਹਿਤ, ਯੂ
ਟਿਊਬ `ਤੇ ਪਈ ਵੀਡਿਓ, ‘ਨਾਨਕਸਰ- ਪਾਖੰਡ ਦਾ ਘਰ` ਤੋਂ ਪ੍ਰਾਪਤ ਕੀਤੀ ਹੈ)
ਇਨ੍ਹਾਂ ਦੀ ਹਰ ਠਾਠ ਵਿੱਚ ਗੁਰੂ ਨਾਨਕ ਪਾਤਿਸ਼ਾਹ ਦੀ ਦਸੀ ਜਾਂਦੀ ਇੱਕ ਫੋਟੋ
ਲੱਗੀ ਹੁੰਦੀ ਹੈ, ਜਿਸ ਬਾਰੇ ਇਹ ਆਖਿਆ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਦਾ ਉਹੀ ਸਰੂਪ ਹੈ, ਜੋ
ਉਨ੍ਹਾਂ ਨੇ ਨੰਦ ਸਿੰਘ ਨੂੰ ਦਰਸ਼ਨ ਦਿੱਤੇ ਸਨ। ਇਥੋਂ ਤੱਕ ਕੁਫਰ ਤੋਲਿਆ ਜਾਂਦਾ ਹੈ ਕਿ ਨੰਦ ਸਿੰਘ
ਨੇ ਇਹ ਤਸਵੀਰ ਗੁਰੂ ਨਾਨਕ ਸਾਹਿਬ ਨੂੰ ਸਾਹਮਣੇ ਬਿਠਾ ਕੇ ਚਿਤਰਕਾਰ ਕੋਲੋਂ ਆਪ ਬਣਵਾਈ। ਇਸ ਤਰ੍ਹਾਂ
ਇਹ ਗੁਰੂ ਨਾਨਕ ਸਾਹਿਬ ਦੀ ਅਸਲੀ ਤਸਵੀਰ ਦੱਸੀ ਜਾਂਦੀ ਹੈ। ਫਿਰ ਤਾਂ ਗੁਰੂ ਨਾਨਕ ਸਾਹਿਬ ਇਸ ਦੇ
ਹੁਕਮ ਵਿੱਚ ਬਝੇ ਹੋ ਗਏ। ਤਕਰੀਬਨ ਚਾਰ ਸੌ ਸਾਲ ਪਹਿਲੇ ਨਾਨਕ ਜੋਤਿ ਗੁਰੂ ਅੰਗਦ ਸਾਹਿਬ ਵਿੱਚ
ਪ੍ਰਕਾਸ਼ ਕਰ ਕੇ ਸਰੀਰਕ ਰੂਪ ਵਿੱਚ ਅਕਾਲ ਪਇਆਣਾ ਕਰ ਚੁੱਕੇ ਗੁਰੂ ਨਾਨਕ ਸਾਹਿਬ ਨੂੰ ਇਸ ਨੇ ਹੁਕਮ
ਕੀਤਾ ਕਿ ਤੁਹਾਡੀ ਫੋਟੋ ਬਨਵਾਉਣੀ ਹੈ (ਜੋ ਉਨ੍ਹਾ ਆਪਣੇ ਜੀਵਨ ਕਾਲ ਵਿੱਚ ਬਿਲਕੁਲ ਨਹੀਂ ਬਣਨ
ਦਿੱਤੀ), ਤੁਸੀ ਸਰੀਰ ਕਰ ਕੇ ਇਥੇ ਆ ਕੇ ਬੈਠੋ, ਅਤੇ ਸਤਿਗੁਰੂ ਆ ਕੇ ਬੈਠ ਗਏ। ਇਹ ਸਤਿਗੁਰੂ ਦਾ
ਸਤਿਕਾਰ ਹੈ ਕਿ ਅਪਮਾਨ? ਇਸ ਗੱਲ ਦਾ ਨਿਰਣਾ ਸੂਝਵਾਨ ਸੰਗਤਾਂ ਆਪ ਕਰ ਲੈਣ।
ਇਸ ਤੋਂ ਵੱਡਾ ਝੂਠ ਦੁਨੀਆਂ ਵਿੱਚ ਹੋਰ ਨਹੀਂ ਹੋ ਸਕਦਾ। ਕਿਸੇ ਵੀ ਗੁਰੂ
ਸਾਹਿਬ ਨੇ ਆਪਣੇ ਜੀਵਨ ਕਾਲ ਵਿੱਚ ਆਪਣੀ ਕੋਈ ਫੋਟੋ ਜਾਂ ਪੇਂਟਿੰਗ ਆਦਿ ਨਹੀਂ ਬਣਨ ਦਿੱਤੀ, ਕਿਉਂਕਿ
ਸਤਿਗੁਰੂ ਨੇ ਮੂਰਤੀ ਪੂਜਾ ਦਾ ਭਰਪੂਰ ਖੰਡਣ ਕੀਤਾ ਹੈ। ਪੱਥਰਾਂ ਦੀਆਂ ਮੂਰਤੀਆਂ ਦੀ ਪੂਜਾ ਅਤੇ
ਫੋਟੋਆਂ ਦੀ ਪੂਜਾ ਵਿੱਚ ਬਿਲਕੁਲ ਕੋਈ ਫਰਕ ਨਹੀਂ, ਕਿਉਂਕਿ ਦੋਵੇਂ ਜੜ੍ਹ ਵਸਤੂਆਂ ਹਨ। ਸਤਿਗੁਰੂ
ਤਾਂ ਗੁਰਬਾਣੀ ਰਾਹੀਂ ਸਮਝਾਉਂਦੇ ਹਨ:
"ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ।। ਪਾਹਣੁ ਨੀਰਿ ਪਖਾਲੀਐ
ਭਾਈ ਜਲ ਮਹਿ ਬੂਡਹਿ ਤੇਹਿ।। "
{ਸੋਰਠਿ ਮਹਲਾ ੧, ਪੰਨਾ ੬੩੭}
ਹੇ ਭਾਈ
!
ਜੇ ਦੇਵੀ ਦੇਵਤਿਆਂ ਦੀਆਂ ਪੱਥਰ ਆਦਿਕ ਦੀਆਂ ਮੂਰਤੀਆਂ ਦੀ ਪੂਜਾ ਕਰੀਏ, ਤਾਂ ਇਹ ਕੁੱਝ ਭੀ ਨਹੀਂ ਦੇ
ਸਕਦੇ, ਮੈਂ ਇਹਨਾਂ ਪਾਸੋਂ ਕੁੱਝ ਭੀ ਨਹੀਂ ਮੰਗਦਾ। ਪੱਥਰ ਨੂੰ ਪਾਣੀ ਨਾਲ ਧੋਂਦੇ ਰਹੀਏ, ਤਾਂ ਭੀ
ਉਹ (ਪੱਥਰ ਦੇ ਬਣਾਏ ਹੋਏ ਦੇਵੀ ਦੇਵਤੇ) ਪਾਣੀ ਵਿੱਚ ਡੁੱਬ ਜਾਂਦੇ ਹਨ (ਆਪਣੇ ਪੁਜਾਰੀਆਂ ਨੂੰ ਉਹ
ਕਿਵੇਂ ਸੰਸਾਰ-ਸਮੁੰਦਰ ਤੋਂ ਤਾਰ ਸਕਦੇ ਹਨ?
ਜੇ ਪੱਥਰ ਪਾਣੀ ਵਿੱਚ ਡੁੱਬ ਜਾਂਦਾ ਹੈ, ਤਾਂ ਕਾਗਜ਼ ਗੱਲ ਜਾਂਦਾ ਹੈ, ਦੋਨਾਂ
ਵਿਚੋਂ ਕੋਈ ਵੀ ਕਿਸੇ ਦੇ ਜੀਵਨ ਦਾ ਕੁੱਝ ਵੀ ਨਹੀਂ ਸੁਆਰ ਸਕਦਾ। ਹੇਠਲੇ ਸ਼ਬਦ ਵਿੱਚ ਤਾਂ ਸਤਿਗੁਰੂ
ਨੇ ਜੜ੍ਹ ਵਸਤੂਆਂ ਦੀ ਪੂਜਾ ਛੱਡ ਕੇ ਜਾਗਤ ਜੋਤਿ ਅਕਾਲ-ਪੁਰਖ ਦੀ ਸ਼ਰਨੀ ਪੈਣ ਦੀ ਪ੍ਰੇਰਨਾ ਦਿੱਤੀ
ਹੈ:
"ਜੋ ਪਾਥਰ ਕਉ ਕਹਤੇ ਦੇਵ।। ਤਾ ਕੀ ਬਿਰਥਾ ਹੋਵੈ ਸੇਵ।। ਜੋ ਪਾਥਰ ਕੀ
ਪਾਂਈ ਪਾਇ।। ਤਿਸ ਕੀ ਘਾਲ ਅਜਾਂਈ ਜਾਇ।। ੧।।
ਠਾਕੁਰੁ ਹਮਰਾ ਸਦ ਬੋਲੰਤਾ।। ਸਰਬ ਜੀਆ ਕਉ ਪ੍ਰਭੁ ਦਾਨੁ ਦੇਤਾ।। ੧।।
ਰਹਾਉ।। " {ਮਹਲਾ ੫, ਪੰਨਾ ੧੧੬੦}
ਸਾਡਾ ਠਾਕੁਰ ਸਦਾ ਬੋਲਦਾ ਹੈ, ਉਹ ਪ੍ਰਭੂ ਸਾਰੇ ਜੀਵਾਂ ਨੂੰ ਦਾਤਾਂ ਦੇਣ
ਵਾਲਾ ਹੈ
।
੧। ਰਹਾਉ।
ਜੋ ਮਨੁੱਖ ਪੱਥਰ (ਦੀ ਮੂਰਤੀ) ਨੂੰ ਰੱਬ ਆਖਦੇ ਹਨ, ਉਹਨਾਂ ਦੀ ਕੀਤੀ ਸੇਵਾ
ਵਿਅਰਥ ਜਾਂਦੀ ਹੈ
।
ਜੋ ਮਨੁੱਖ ਪੱਥਰ (ਦੀ ਮੂਰਤੀ) ਦੇ ਪੈਰੀਂ ਪੈਂਦੇ ਹਨ, ਉਹਨਾਂ ਦੀ ਮਿਹਨਤ ਅਜਾਈਂ ਚਲੀ ਜਾਂਦੀ ਹੈ।
੧।
ਇਸ ਵਾਸਤੇ ਸਿੱਖ ਧਰਮ ਵਿੱਚ ਫੋਟੋਆਂ ਅਤੇ ਮੂਰਤੀਆਂ ਦੀ ਪੂਜਾ ਦਾ ਨਾ ਕੋਈ
ਸਿਧਾਂਤ ਹੈ, ਨਾ ਸਥਾਨ ਹੈ ਅਤੇ ਨਾ ਮਹਤੱਤਾ। ਗੁਰੂ ਨਾਨਕ ਪਾਤਿਸ਼ਾਹ ਦੀ ਨਾਨਕਸਰੀਆਂ ਦੁਆਰਾ ਬਣਵਾਈ
ਗਈ ਇਸ ਪੇਂਟਿੰਗ ਵਿਚ, ਇੱਕ ਮਾਲਾ ਸਤਿਗੁਰੂ ਦੀ ਪੱਗ ਉਤੇ ਪਾਈ ਹੋਈ ਹੈ, ਇੱਕ ਗਲੇ ਵਿੱਚ ਪਾਈ ਹੋਈ
ਹੈ ਅਤੇ ਇੱਕ ਹੱਥ ਵਿੱਚ ਫੜਾਈ ਹੋਈ ਹੈ, ਜਿਵੇਂ ਸਤਿਗੁਰੂ ਮਾਲਾਵਾਂ ਦੇ ਵਿਸ਼ੇਸ਼ ਸ਼ੌਕੀਨ ਸਨ, ਜਦਕਿ
ਗੁਰੂ ਨਾਨਕ ਪਾਤਿਸ਼ਾਹ ਮਾਲਾ ਬਾਰੇ ਆਪ ਫੁਰਮਾਉਂਦੇ ਹਨ:
"ਚੇਤਹੁ ਬਾਸੁਦੇਉ ਬਣਵਾਲੀ।। ਰਾਮੁ ਰਿਦੈ ਜਪਮਾਲੀ।। ੧।। " {ਗੂਜਰੀ
ਅਸਟਪਦੀਆ ਮਹਲਾ ੧, ਪੰਨਾ ੫੦੩}
ਹੇ ਭਾਈ। ਸਰਬ-ਵਿਆਪਕ ਜਗਤ-ਮਾਲਕ ਪਰਮਾਤਮਾ ਨੂੰ ਸਦਾ ਚੇਤੇ ਰੱਖੋ। ਪ੍ਰਭੂ
ਨੂੰ ਆਪਣੇ ਹਿਰਦੇ ਵਿੱਚ ਟਿਕਾਓ— (ਇਸ ਨੂੰ ਆਪਣੀ) ਮਾਲਾ (ਬਣਾਉ)। ੧। ਰਹਾਉ।
ਗੁਰਬਾਣੀ ਵਿੱਚ ਮਾਲਾ ਫੇਰਨ ਨੂੰ ਪੂਰਨਤਾ ਰੱਦ ਕਰਨ ਦੀ, ਗੁਰਮਤਿ ਵਿਚਾਰ
ਪਹਿਲਾਂ ਉਪਰ ਦਿੱਤੀ ਜਾ ਚੁੱਕੀ ਹੈ। ਗੁਰਮਤਿ ਵਿੱਚ ਤਾਂ ਇਸ ਦੀ ਵਿਖਾਵੇ ਅਤੇ ਪਖੰਡ ਤੋਂ ਵੱਧ, ਹੋਰ
ਕੋਈ ਮਹਤੱਤਾ ਨਹੀਂ। ਇਨ੍ਹਾਂ ਨੇ ਗੁਰੂ ਨਾਨਕ ਪਾਤਿਸ਼ਾਹ ਦੀ ਹੀ ਕਈ ਮਾਲਾਵਾਂ ਵਾਲੀ ਮਨੋਕਲਪਿਤ ਫੋਟੋ
ਬਣਾ ਕੇ, ਉਸ ਨੂੰ ਸਤਿਗੁਰੂ ਨਾਨਕ ਸਾਹਿਬ ਦੀ ਅਸਲੀ ਫੋਟੋ ਦਸ ਕੇ, ਭੋਲੇ ਭਾਲੇ ਸਿੱਖਾਂ ਨੂੰ ਮੂਰਤੀ
ਪੂਜਾ ਵਿੱਚ ਲਾ ਦਿੱਤਾ ਹੈ।
ਫੋਟੋ ਤਾਂ ਫੋਟੋ ਇਨ੍ਹਾਂ ਨੇ ਤਾਂ ਗਿਆਨ ਦੇ ਸਾਗਰ, ਸ਼ਬਦ ਗੁਰੂ, ਗੁਰੂ
ਗ੍ਰੰਥ ਸਾਹਿਬ ਦੀ ਵੀ ਪੱਥਰ ਦੀਆਂ ਮੂਰਤੀਆਂ ਵਾਂਗ ਪੂਜਾ ਸ਼ੁਰੂ ਕਰਾ ਦਿੱਤੀ, ਜਦਕਿ ਸਤਿਗੁਰੂ ਆਪ
ਗੁਰਬਾਣੀ ਵਿੱਚ ਸਮਝਾਉਂਦੇ, ਬਖਸ਼ਿਸ਼ ਕਰਦੇ ਹਨ ਕਿ ਗੁਰੂ, ਗੁਰਬਾਣੀ ਹੈ, ਗੁਰਬਾਣੀ ਦਾ ਇਲਾਹੀ ਗਿਆਨ
ਹੈ। ਹੇਠਲੇ ਪ੍ਰਮਾਣ ਵਿਚੋਂ ਗੱਲ ਪੂਰੀ ਤਰ੍ਹਾਂ ਸਮਝ ਆ ਜਾਂਦੀ ਹੈ ਕਿ ਗੁਰਬਾਣੀ ਰਾਹੀਂ ਮਿਲਣ ਵਾਲਾ
ਇਲਾਹੀ ਗਿਆਨ ਹੀ ਅਸਲ ਵਿੱਚ ਸਤਿਗੁਰੂ ਹੈ, ਅਤੇ ਇਸ ਗਿਆਨ ਨੂੰ ਪ੍ਰਾਪਤ ਕਰਨਾ ਹੀ ਅਸਲ ਪੂਜਾ ਹੈ।
ਜੇ ਇਸ ਇਲਾਹੀ ਗੁਰਬਾਣੀ ਗਿਆਨ ਨੂੰ ਜੀਵਨ ਵਿੱਚ ਅਪਨਾ ਲਈਏ ਤਾਂ ਵਹਿਗੁਰੂ ਦਾ ਅਨਮੋਲ ਨਾਮ ਹਿਰਦੇ
ਵਿੱਚ ਆ ਵਸਦਾ ਹੈ:
"ਸਤਿਗੁਰੁ ਹੈ ਗਿਆਨੁ ਸਤਿਗੁਰੁ ਹੈ ਪੂਜਾ।। ਸਤਿਗੁਰੁ ਸੇਵੀ ਅਵਰੁ ਨ
ਦੂਜਾ।।
ਸਤਿਗੁਰ ਤੇ ਨਾਮੁ ਰਤਨ ਧਨੁ ਪਾਇਆ ਸਤਿਗੁਰ ਕੀ ਸੇਵਾ ਭਾਈ ਹੇ।। " {ਮਾਰੂ
ਸੋਲਹੇ ਮਹਲਾ ੪, ਪੰਨਾ ੧੦੬੯}
ਸਤਿਗੁਰੂ ਨੇ ਇਸੇ ਸ਼ਬਦ ਦੇ ਦਸਵੇਂ ਬੰਦ ਵਿੱਚ ਸਿਧਾਂਤ ਨੂੰ ਹੋਰ ਸਪੱਸ਼ਟ
ਕਰਦੇ ਹੋਏ ਸਮਝਾਇਆ ਹੈ ਕਿ ਜੀਵਨ ਵਿਚੋਂ ਅਗਿਆਨਤਾ ਦਾ ਹਨੇਰਾ ਕੇਵਲ ਇਸ ਗਿਆਨ ਦੇ ਚਾਨਣ ਨਾਲ ਹੀ
ਦੂਰ ਕੀਤਾ ਜਾ ਸਕਦਾ ਹੈ:
"ਪ੍ਰਗਟਿਆ ਸੂਰੁ ਨਿਸਿ ਮਿਟਿਆ ਅੰਧਿਆਰਾ।।
ਅਗਿਆਨੁ ਮਿਟਿਆ ਗੁਰ ਰਤਨਿ ਅਪਾਰਾ।।
ਸਤਿਗੁਰ ਗਿਆਨੁ ਰਤਨੁ ਅਤਿ ਭਾਰੀ
ਕਰਮਿ ਮਿਲੈ ਸੁਖੁ ਪਾਈ ਹੇ।। ੧੦।। {ਪੰਨਾ ੧੦੬੯}
ਹੇ ਭਾਈ
!
(ਜਿਵੇਂ ਜਦੋਂ) ਸੂਰਜ ਚੜ੍ਹਦਾ ਹੈ (ਤਦੋਂ) ਰਾਤ ਦਾ ਹਨੇਰਾ ਮਿਟ ਜਾਂਦਾ ਹੈ, (ਇਸੇ ਤਰ੍ਹਾਂ) ਗੁਰੂ
ਦੇ ਬੇਅੰਤ ਕੀਮਤੀ ਗਿਆਨ-ਰਤਨ ਨਾਲ ਅਗਿਆਨ-ਹਨੇਰਾ ਦੂਰ ਹੋ ਜਾਂਦਾ ਹੈ।
ਹੇ ਭਾਈ!
ਗੁਰੂ ਦਾ (ਦਿੱਤਾ ਹੋਇਆ) ‘ਗਿਆਨ ਰਤਨ` ਬਹੁਤ ਹੀ ਕੀਮਤੀ ਹੈ।
ਪਰਮਾਤਮਾ ਦੀ ਮਿਹਰ ਨਾਲ ਜਿਸ ਨੂੰ ਇਹ ਮਿਲਦਾ ਹੈ, ਉਹ ਆਤਮਕ ਆਨੰਦ ਮਾਣਦਾ ਹੈ।
੧੦।
ਗੁਰਬਾਣੀ ਤਾਂ ਬਖਸ਼ਿਸ਼ ਕਰਦੀ ਸਮਝਾਉਂਦੀ ਹੈ ਕਿ ਜਿਨ੍ਹਾਂ ਮਨੁੱਖਾਂ ਨੇ ਜੀਵਨ
ਵਿੱਚ ਇਲਾਹੀ ਗਿਆਨ ਪ੍ਰਾਪਤ ਨਹੀਂ ਕੀਤਾ, ਉਨ੍ਹਾਂ ਨੇ ਮਨੁੱਖਾ ਜੀਵਨ ਵਿਅਰਥ ਗੁਆ ਲਿਆ ਹੈ:
"ਬਾਵਰੇ ਤੈ ਗਿਆਨ ਬੀਚਾਰੁ ਨ ਪਾਇਆ।।
ਬਿਰਥਾ ਜਨਮੁ ਗਵਾਇਆ।। ੧।। ਰਹਾਉ।। " {ਸੂਹੀ, ਭਗਤ ਕਬੀਰ ਜੀ, ਪੰਨਾ
੭੯੩}
ਹੇ ਕਮਲੇ ਮਨੁੱਖ
!
ਤੂੰ ਸਾਰੀ ਉਮਰ ਵਿਅਰਥ ਗਵਾ ਲਈ ਹੈ, ਤੂੰ (ਪਰਮਾਤਮਾ ਨਾਲ) ਜਾਣ-ਪਛਾਣ (ਕਰਨ) ਦੀ ਸੂਝ ਪ੍ਰਾਪਤ
ਨਹੀਂ ਕੀਤੀ। ੧। ਰਹਾਉ।
ਗੁਰਬਾਣੀ ਵਿੱਚ ਐਸੇ ਬੇਅੰਤ ਪ੍ਰਮਾਣ ਹਨ, ਜੋ ਬਾਰ ਬਾਰ ਸਾਨੂੰ ਇਹੀ
ਸਮਝਾਉਂਦੇ ਹਨ, ਕਿ ਗੁਰਬਾਣੀ ਗੁਰੂ ਦੇ ਇਲਾਹੀ ਗਿਆਨ ਨੂੰ ਹਿਰਦੇ ਵਿੱਚ ਵਸਾ ਲਓ, ਇਸ ਨਾਲ ਹੀ
ਅਕਾਲ-ਪੁਰਖ ਨਾਲ ਪੱਕੀ ਸਾਂਝ ਬਣ ਜਾਵੇਗੀ ਅਤੇ ਜੀਵਨ ਸਫਲਾ ਹੋ ਜਾਵੇਗਾ। ਹੇਠਲਾ ਪ੍ਰਮਾਣ ਇਸ
ਸਿਧਾਂਤ ਨੂੰ ਸਮਝਣ ਵਿੱਚ ਹੋਰ ਵੀ ਸਹਾਈ ਹੋਵੇਗਾ:
"ਸਤਿਗੁਰ ਵਿਟਹੁ ਵਾਰਿਆ ਜਿਤੁ ਮਿਲਿਐ ਖਸਮੁ ਸਮਾਲਿਆ।।
ਜਿਨਿ ਕਰਿ ਉਪਦੇਸੁ ਗਿਆਨ ਅੰਜਨੁ ਦੀਆ ਇਨੀੑ ਨੇਤ੍ਰੀ ਜਗਤੁ ਨਿਹਾਲਿਆ।। " {ਆਸਾ
ਕੀ ਵਾਰ, ਪਉੜੀ, ਪੰਨਾ ੪੭੦}
ਮੈਂ ਆਪਣੇ ਸਤਿਗੁਰੂ ਤੋਂ ਸਦਕੇ ਹਾਂ, ਜਿਸ ਨੂੰ ਮਿਲਣ ਕਰ ਕੇ ਮੈਂ ਮਾਲਕ
ਨੂੰ ਯਾਦ ਕਰਦਾ ਹਾਂ, ਅਤੇ ਜਿਸ ਨੇ ਆਪਣੀ ਸਿੱਖਿਆ ਦੇ ਕੇ (ਮਾਨੋ) ਗਿਆਨ ਦਾ ਸੁਰਮਾ ਦੇ ਦਿੱਤਾ ਹੈ,
(ਜਿਸ ਦੀ ਬਰਕਤਿ ਕਰਕੇ) ਮੈਂ ਇਹਨਾਂ ਅੱਖਾਂ ਨਾਲ ਜਗਤ (ਦੀ ਅਸਲੀਅਤ) ਨੂੰ ਵੇਖ ਲਿਆ ਹੈ।
ਇਨ੍ਹਾਂ ਨਾਨਕਸਰੀਆਂ ਨੇ ਤਾਂ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਨੂੰ ਸਰਦੀਆਂ
ਵਿੱਚ ਕੰਬਲ ਤੇ ਰਜਾਈਆਂ ਵਿੱਚ ਨਿੱਘਾ ਕਰ ਦਿੱਤਾ ਅਤੇ ਗਰਮੀਆਂ ਵਿੱਚ ਏਅਰ ਕੰਡੀਸ਼ਨਰਾਂ ਨਾਲ ਠੰਡਾ।
ਹੁਣ ਇੱਕ ਹੋਰ ਨਵਾਂ ਪਖੰਡ ਸ਼ੁਰੂ ਕੀਤਾ ਹੈ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸੁਖ ਆਸਨ ਕਰਦੇ ਹਨ
ਤਾਂ ਚਾਰੇ ਪਾਸੇ ਚਾਦਰਾਂ ਤਾਣ ਦੇਂਦੇ ਹਨ ਕਿ ਸਤਿਗੁਰੂ ਕਪੜੇ ਬਦਲ ਰਹੇ ਹਨ, ਇਸ ਲਈ ਨਗਨ ਹਨ।
ਸਤਿਗੁਰੂ ਦੇ ਜਿਸ ਅਲੌਕਿਕ ਗਿਆਨ ਨੇ ਕਈ ਆਤਮਕ ਤੌਰ `ਤੇ ਨੰਗਿਆਂ ਦੇ ਪਰਦੇ ਕੱਜੇ ਹਨ ਅਤੇ ਸਦੈਵ
ਕੱਜਣੇ ਹਨ, ਉਸ ਨੂੰ ਹੀ ਨਗਨ ਦੱਸ ਕੇ ਪਰਦਿਆਂ ਵਿੱਚ ਲੁਕਾਇਆ ਜਾ ਰਿਹਾ ਹੈ। ਹਰ ਉਹ ਕਰਮ ਕੀਤਾ ਅਤੇ
ਕਰਾਇਆ ਜਾ ਰਿਹਾ ਹੈ, ਜਿਸ ਨਾਲ ਲੋਕ ਹਰ ਵੇਲੇ ਕੁੱਝ ਕਰਮਕਾਂਡਾਂ ਵਿੱਚ ਹੀ ਉਲਝੇ ਰਹਿਣ, ਕਿਤੇ
ਗੁਰਬਾਣੀ ਦੇ ਇਲਾਹੀ ਗਿਆਨ ਦੀ ਸੋਅ ਉਨ੍ਹਾਂ ਤੱਕ ਨਾ ਪੁੱਜ ਜਾਵੇ। ਮੇਰਾ ਇਹ ਮਤਲਬ ਬਿਲਕੁਲ ਨਹੀਂ
ਕਿ ਗੁਰੂ ਗ੍ਰੰਥ ਸਾਹਿਬ ਪਾਤਿਸ਼ਾਹ ਦਾ ਸਤਿਕਾਰ ਨਹੀਂ ਕਰਨਾ ਚਾਹੀਦਾ। ਜਿਸ ਸਤਿਗੁਰੂ ਤੋਂ ਸਾਨੂੰ,
ਸਾਡਾ ਹਲਤ ਪਲਤ ਸੁਆਰਨ ਵਾਲਾ, ਸਾਰੀ ਮਨੁੱਖਤਾ ਦਾ ਪਰਉਪਕਾਰ ਕਰਨ ਵਾਲਾ, ਇਹ ਇਲਾਹੀ ਗਿਆਨ ਪ੍ਰਾਪਤ
ਹੋ ਰਿਹਾ ਹੈ, ਉਨ੍ਹਾਂ ਦਾ ਜਿਤਨਾ ਸਤਿਕਾਰ ਕਰੀਏ ਥੋੜ੍ਹਾ ਹੈ ਪਰ ਇਥੇ ਸਤਿਕਾਰ ਦੇ ਨਾਂ `ਤੇ
ਕਰਮਕਾਂਡੀ ਪੂਜਾ ਕਰਾਈ ਜਾ ਰਹੀ ਹੈ, ਜਿਸ ਦਾ ਗੁਰਮਤਿ ਭਰਪੂਰ ਖੰਡਨ ਕਰਦੀ ਹੈ।
(ਦਾਸ ਦੀ ਨਵੀਂ ਕਿਤਾਬ "ਖਾਲਸਾ ਪੰਥ ਬਨਾਮ ਡੇਰਾਵਾਦ" ਵਿਚੋਂ)
ਰਾਜਿੰਦਰ ਸਿੰਘ
(ਮੁੱਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ)
email: [email protected]