ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਮਨੁ ਸਾਧਾਰਿਆ
ਜਨਮ ਕਰਕੇ ਕੋਈ ਵੱਡਾ ਛੋਟਾ ਨਹੀਂ ਹੈ। ਮਨੁੱਖ ਦੀ ਬਣਤਰ ਕੁੱਝ ਏਦਾਂ ਦੀ ਹੈ
ਕਿ ਸਰੀਰਕ ਤਲ `ਤੇ ਹਰੇਕ ਇਨਸਾਨ ਇਕਸਾਰ ਹੀ ਜੰਮਦਾ ਹੈ। ਉੱਚਾ ਨੀਵਾਂ ਇਸ ਨੂੰ ਸਮਾਜ ਹੀ ਬਣਾਉਂਦਾ
ਹੈ। ਕਈ ਵਾਰੀ ਏਦਾਂ ਦਾ ਖ਼ਿਆਲ ਵੀ ਆਉਂਦਾ ਹੈ ਕਿ ਦੇਖੋ ਜੀ ਇਕੋ ਬਾਪ ਦੇ ਘਰ ਦੋ ਪੁੱਤਰ ਪੈਦਾ
ਹੁੰਦੇ ਹਨ ਇੱਕ ਗਰੀਬ ਹੈ ਤੇ ਦੂਜਾ ਬਹੁਤ ਅਮੀਰ ਹੈ, ਜਾਂ ਕਈਆਂ ਦਾ ਇਹ ਵੀ ਖ਼ਿਆਲ ਹੁੰਦਾ ਹੈ ਕਿ
ਫਲਾਣਾ ਆਦਮੀ ਬਹੁਤ ਗਰੀਬ ਹੈ ਤੇ ਦੂਜਾ ਬਹੁਤ ਅਮੀਰ ਹੈ। ਬਹੁਤੇ ਲੋਕ ਇਸ ਅਮੀਰੀ ਗਰੀਬੀ ਪਿੱਛੇ ਰੱਬ
ਜੀ ਦਾ ਕਸੂਰ ਦਸ ਕੇ ਵਿਹਲੇ ਹੋ ਜਾਂਦੇ ਹਨ। ਕਈ ਗਰੀਬੀ ਨੂੰ ਦੂਰ ਕਰਨ ਲਈ ਆਪ ਆਪਣੀ ਮਦਦ ਕਰਨ ਦੀ
ਥਾਂ `ਤੇ ਰੱਬ ਦਾ ਭਾਣਾ ਮੰਨ ਕੇ ਚੁੱਪ ਕਰਕੇ ਬੈਠ ਜਾਂਦੇ ਹਨ। ਅਮੀਰੀ ਗਰੀਬੀ ਰੱਬ ਦੇ ਖਾਤੇ ਵਿੱਚ
ਪਉਣ ਲਈ ਪੁਜਾਰੀ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਪੁਜਾਰੀ ਕਹਿੰਦਾ ਹੈ ਕਿ ਜਿਸ ਨੇ ਪਿੱਛਲੇ ਜਨਮ
ਵਿੱਚ ਕੋਈ ਦਾਨ ਪੁੰਨ ਕੀਤਾ ਹੁੰਦਾ ਹੈ ਉਹ ਇਸ ਜੀਵਨ ਵਿੱਚ ਅਮੀਰ ਹੋ ਕੇ ਅਨੰਦ ਮਾਣਦਾ ਹੈ। ਜਿਸ ਨੇ
ਪਿੱਛਲੇ ਜਨਮ ਵਿੱਚ ਕੋਈ ਮਾੜਾ ਕਰਮ ਕੀਤਾ ਹੁੰਦਾ ਹੈ ਉਸ ਨੂੰ ਦੁੱਖ ਬਹੁਤ ਮਿਲਦੇ ਹਨ। ਅਜੇਹੀ ਸੋਚ
ਵਿਚੋਂ ਮਨੁੱਖਤਾ ਦੀ ਤਰੱਕੀ ਤਾਂ ਨਹੀਂ ਹੋ ਸਕਦੀ ਪਰ ਪੁਜਾਰੀ ਜਾਂ ਧਾਰਮਕ ਅਸਥਾਨਾਂ ਦਾ ਮਾਇਆ ਨਾਲ
ਘਰ ਜ਼ਰੂਰ ਭਰ ਜਾਂਦਾ ਹੈ। ਸਭ ਕੁੱਝ ਰੱਬ ਦੇ ਖਾਤੇ ਵਿੱਚ ਪਉਣ ਵਾਲਾ ਕਦੇ ਵੀ ਆਤਮਕ ਤੇ ਸਮਾਜਕ
ਤਰੱਕੀ ਨਹੀਂ ਕਰ ਸਕਦਾ। ਬਹੁਤੇ ਲੋਕ ਮਿਹਨਤ ਕਰਨ ਦੀ ਥਾਂ `ਤੇ ਜਾਂ ਕੋਈ ਹੋਰ ਉਪਰਾਲਾ ਕਰਨ ਦੀ ਥਾਂ
`ਤੇ ਰੱਬ ਨੂੰ ਕੋਸੀ ਜਾਣਗੇ। ਆਪਣੀਆਂ ਕੰਮਜ਼ੋਰੀਆਂ ਨੂੰ ਛਪਾਉਣ ਦੀ ਖਾਤਰ ਕਹੀ ਜੳਣਗੇ ਜੀ ਅਜੇ ਰੱਬ
ਜੀ ਨੇ ਸਾਡੇ `ਤੇ ਕ੍ਰਿਪਾ ਨਹੀਂ ਕੀਤੀ। ਰੱਬ ਜੀ ਦਾ ਹੁਕਮ ਤਾਂ ਸਾਰੀ ਦੁਨੀਆਂ ਵਿੱਚ ਇਕਸਾਰ ਚੱਲ
ਰਿਹਾ ਹੈ ਪਰ ਉਸ ਵਿੱਚ ਕਰਮ ਮਨੁੱਖ ਦਾ ਆਪਣਾ ਹੁੰਦਾ ਹੈ—
ਦਦੈ ਦੋਸੁ ਨ ਦੇਊ ਕਿਸੈ, ਦੋਸੁ ਕਰੰਮਾ ਆਪਣਿਆ।।
ਜੋ ਮੈ ਕੀਆ ਸੋ ਮੈ ਪਾਇਆ, ਦੋਸੁ ਨ ਦੀਜੈ ਅਵਰ ਜਨਾ।। ੨੧।।
ਪੰਨਾ ੪੩੩
ਅੱਖਰੀਂ ਅਰਥ
-—
(ਹੇ ਮਨ
ਜੇ ਤੂੰ ਪੜ੍ਹ ਕੇ ਸਚ ਮੁਚ ਪੰਡਿਤ ਹੋ
ਗਿਆ ਹੈਂ, ਤਾਂ ਇਹ ਚੇਤੇ ਰੱਖ ਕਿ) ਜਿਹੋ ਜਿਹੇ ਕੰਮ ਮੈਂ ਕਰਦਾ ਹਾਂ, ਉਹੋ ਜਿਹਾ ਫਲ ਮੈਂ ਪਾ
ਲੈਂਦਾ ਹਾਂ, (ਆਪਣੇ ਕੀਤੇ ਕਰਮਾਂ ਅਨੁਸਾਰ ਆਪਣੇ ਉਤੇ ਆਏ ਦੁੱਖ ਕਲੇਸ਼ਾਂ ਬਾਰੇ) ਹੋਰ ਲੋਕਾਂ ਨੂੰ
ਦੋਸ਼ ਨਹੀਂ ਦੇਣਾ ਚਾਹੀਦਾ। ਭੈੜ ਆਪਣੇ ਕਰਮਾਂ ਵਿੱਚ ਹੀ ਹੁੰਦਾ ਹੈ; (ਇਸ ਵਾਸਤੇ ਹੇ ਮਨ! ਇਹ ਚੇਤਾ
ਰੱਖ ਕਿ) ਮੈਂ ਕਿਸੇ ਹੋਰ ਦੇ ਮੱਥੇ ਦੋਸ਼ ਨ ਮੜ੍ਹਾਂ (ਆਪਣੀ ਵਿੱਦਿਆ ਦੇ ਬਲ ਆਸਰੇ ਕਿਸੇ ਹੋਰ ਨੂੰ
ਦੋਸ਼ੀ ਠਹਰਾਣ ਦੇ ਥਾਂ, ਹੇ ਮਨ! ਆਪਣੀ ਹੀ ਕਰਣੀ ਨੂੰ ਸੁਧਾਰਨ ਦੀ ਲੋੜ ਹੈ)। ੨੧।
ਦੂਸਰਾ ਰੱਬ ਜੀ ਤਾਂ ਸਾਡੇ ਹਿਰਦੇ ਵਿੱਚ ਹੀ ਵੱਸ ਰਹੇ ਹਨ ਲੋੜ ਤਾਂ ਉਸ ਦੇ
ਗੁਣਾਂ ਨੂੰ ਸਮਝ ਕੇ ਉਸ ਅਨੁਸਾਰੀ ਹੋ ਕੇ ਚੱਲਣ ਦੀ ਸੀ।
ਵਿਕਸਤ ਮੁਲਕਾਂ ਵਿੱਚ ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਅਠਾਹਰਾਂ ਸਾਲਾਂ ਤਕ
ਪਰਵਾਰ ਦੀ ਆਮਦਨ ਦੇ ਹਿਸਾਬ ਨਾਲ ਸਰਕਾਰ ਉਸ ਨੂੰ ਪੈਨਸ਼ਨ ਲਗਾ ਦੇਂਦੀ ਹੈ। ਪਰ ਸਾਡੇ ਮੁਲਕ ਵਿਚ,
ਜਿੱਥੇ ਦਿਨੇ ਰਾਤ ਰੱਬ ਦੀ ਭਗਤੀ ਬਹੁਤ ਕੀਤੀ ਜਾਂਦੀ ਹੈ ਓੱਥੇ ਬੱਚਿਆਂ ਨੂੰ ਜਨਮ ਲੈਣ ਲਈ
ਹਸਪਤਾਲਾਂ ਵਿੱਚ ਜਗ੍ਹਾ ਨਹੀਂ ਮਿਲਦੀ। ਮਰ ਚੁੱਕੇ ਮਰੀਜ਼ਾਂ ਨੂੰ ਐਂਬੂਲੈਂਸ ਨਹੀਂ ਮਿਲਦੀ। ਲਾਸ਼ਾ
ਨੂੰ ਮੱਢਿਆਂ `ਤੇ ਚੁੱਕ ਕੇ ਲੰਬਾ ਸਫਰ ਤਹਿ ਕਰਨਾ ਪੈਂਦਾ ਹੈ। ਅੰਨ੍ਹੀ ਸ਼ਰਧਾ ਵਾਲਿਆਂ ਦੇ ਮੁਲਕ
ਵਿੱਚ ਮਨੁੱਖਤਾ ਨੂੰ ਸਿਹਤ ਦੀਆਂ ਮੁੱਢਲੀਆਂ ਸਹੂਲਤਾਂ ਵੀ ਪ੍ਰਾਪਤ ਨਹੀਂ ਹਨ। ਅਮੀਰੀ ਗਰੀਬੀ ਸਬੰਧੀ
ਰੱਬ ਨੂੰ ਦੋਸ਼ ਦਿੱਤਾ ਜਾ ਰਿਹਾ ਹੈ। ਅਮੀਰੀ ਗਰੀਬੀ ਰੱਬ ਜੀ ਦੀ ਦੇਣ ਨਹੀਂ ਹੈ ਇਹ `ਤੇ ਸਗੋਂ
ਸਰਕਾਰਾਂ ਦੇ ਬਦ-ਇੰਤਜਾਮ ਦੀ ਕਹਾਣੀ ਹੈ। ਗੁਰੂ ਰਾਮਦਾਸ ਜੀ ਦੇ ਸਮੁੱਚੇ ਜੀਵਨ ਨੂੰ ਦੇਖਦੇ
ਹਾਂ ਤਾਂ ਉਨ੍ਹਾਂ ਦੇ ਜੀਵਨ ਬਹੁਤ ਵੱਡੇ ਉਤਰਾਅ ਚੜ੍ਹਾਅ ਆਏ ਹਨ।
ਭਾਈ ਸੱਤਾ ਜੀ ਦੀ ਸਤਵੀਂ ਪਉੜੀ ਦੀ ਵਿਚਾਰ ਚਰਚਾ ਕਰਨ ਲੱਗੇ ਹਾਂ ਜਿਸ ਵਿੱਚ
ਗੁਰੂ ਰਾਮਦਾਸ ਜੀ ਸੰਬੰਧੀ ਜ਼ਿਕਰ ਆਇਆ ਹੈ। ਗੁਰੂ ਰਾਮਦਾਸ ਜੀ ਦਾ ਬਚਪਨਾ ਕੋਈ ਬਹੁਤਾ ਅਮੀਰੀ ਵਾਲਾ
ਨਹੀਂ ਸੀ। ਛੱਟੀ ਉਮਰ ਵਿੱਚ ਜਿਸ ਬੱਚੇ ਦੇ ਸਿਰ ਤੋਂ ਮਾਂ ਬਾਪ ਦਾ ਛਾਇਆ ਉੱਠ ਜਾਏ ਤਾਂ ਸਮਾਜ ਦੀ
ਬੋਲੀ ਵਿੱਚ ਉਸ ਬੱਚੇ ਨੂੰ ਯਤੀਮ ਕਿਹਾ ਜਾਂਦਾ ਹੈ। ਯਤੀਮ ਬੱਚੇ ਦੀ ਆਰਥਕ ਹਾਲਤ ਕਿਹੋ ਜੇਹੀ ਹੋਏਗੀ
ਸਭ ਨੂੰ ਅੰਦਾਜ਼ਾ ਲਗਾਉਣਾ ਕੋਈ ਬਹੁਤਾ ਔਖਾ ਨਹੀਂ ਹੋਏਗਾ। ਯਤੀਮ ਬੱਚਾ ਭਾਈ ਜੇਠਾ ਜੀ ਆਪਣੀ ਨਾਨੀ
ਜੀ ਪਾਸ ਆ ਕੇ ਰਹਿ ਰਹੇ ਹਨ ਥੋੜੀ ਬਹੁਤੀ ਕਮਾਈ ਕਰਕੇ ਆਪਣੇ ਘਰ ਦਾ ਨਿਰਬਾਹ ਕਰਦੇ ਹਨ। ਪਰਵਾਰ ਦੀ
ਹੋਰ ਤਰੱਕੀ ਲਈ ਗੋਇੰਦਵਾਲ ਆ ਗਏ ਹਨ ਜਿੱਥੇ ਆਪਣੀ ਕਿਰਤ ਕਰਦੇ ਹਨ ਓੱਥੇ ਨਾਲ ਨਾਲ ਵਿਦਿਆ ਦਾ
ਅਭਿਆਸ ਵੀ ਕਰਦੇ ਹਨ। ਗੁਰਮਤ ਸਿਧਾਂਤ ਦੀਆਂ ਬਰੀਕੀਆਂ ਵੀ ਸਮਝ ਰਹੇ ਹਨ। ਜਦੋਂ ਵੀ ਸਮਾਂ ਮਿਲਦਾ ਹੈ
ਤਾਂ ਉਹ ਗੁਰੂ ਅਮਰਦਾਸ ਵਲੋਂ ਅਰੰਭੇ ਕਾਰਜਾਂ ਵਿੱਚ ਆਪਣਾ ਯੋਗਦਾਨ ਪਉਂਦੇ ਰਹਿੰਦੇ ਹਨ। ਸੰਸਾਰ
ਵਿੱਚ ਸਫਲਤਾ ਹਾਸਲ ਕਰਨ ਲਈ ਜਿੱਥੇ ਇਮਾਨਦਾਰੀ, ਸਖਤ ਮਿਹਨਤ ਦੀ ਲੋੜ ਹੁੰਦੀ ਹੈ ਓੱਥੇ ਰੱਬੀ ਹੁਕਮ
ਵਿੱਚ ਵਿਚਰਨਾ ਭਾਵ ਰੱਬੀ ਭੈ-ਭਾਵਨੀ ਵਿੱਚ ਰਹਿਣਾ ਪੈਂਦਾ ਹੈ। ਅਜੇਹੇ ਦੈਵੀ ਗੁਣਾਂ ਨਾਲ ਹੀ ਮੰਜ਼ਿਲ
ਹਾਸਲ ਹੁੰਦੀ ਹੈ। ਗੁਰੂ ਸਾਹਿਬ ਦੀ ਸੰਗਤ ਵਿੱਚ ਰਹਿਣ ਨਾਲ ਆਤਮਕ ਜਗਿਆਸਾ ਦਾ ਵਿਕਾਸ ਹੁੰਦਾ ਹੈ ਤੇ
ਇਸ ਵਿਕਾਸ ਨਾਲ ਆਤਮਕ ਬੱਲ ਵੱਧਦਾ ਹੈ। ਭਾਰਤੀ ਮਨੁੱਖੀ ਭਾਈਚਾਰੇ ਵਿੱਚ ਇੱਕ ਬਹੁਤ ਵੱਡੀ ਕਮੀ ਸੀ
ਕਿ ਅੱਖ ਵਿੱਚ ਅੱਖ ਪਾ ਕੇ ਗੱਲ ਕਰਨ ਦੀ ਕਿਸੇ ਵਿੱਚ ਹਿੰਮਤ ਨਹੀਂ ਸੀ। ਗੁਲਾਮੀ ਨੂੰ ਗਲ਼ ਨਾਲ ਤਾਂ
ਲਗਾਈ ਰੱਖਿਆ ਪਰ ਜੁਅਰਤ ਨਾਲ ਗੱਲ ਨਹੀਂ ਕਰ ਸਕਦੇ ਸਨ। ਗੁਰਬਾਣੀ ਦੀ ਵਿਚਾਰਧਾਰਾ ਨੇ ਅਜੇਹੀ
ਕ੍ਰਾਂਤੀ ਲਿਆਂਦੀ ਜਿਸ ਨਾਲ ਸਮਾਜਕ, ਰਾਜਨੀਤਕ ਤੇ ਧਾਰਮਕ ਅਜ਼ਾਦੀ ਦਾ ਜਨਮ ਹੋਇਆ। ਸੱਚ ਦੀ
ਵਿਚਾਰਧਾਰਾ ਨੇ ਐਸੇ ਯੋਧੇ ਪੈਦਾ ਜਿੰਨ੍ਹਾਂ ਨੇ ਹਰ ਪ੍ਰਕਾਰ ਦੇ ਜ਼ੁਲਮ ਦੀ ਹਨੇਰੀ ਨੂੰ ਠੱਲ ਪਾਈ।
ਭਾਈ ਜੇਠਾ ਜੀ ਦਾ ਇਹ ਨਿੱਤਾ ਪ੍ਰਤੀ ਕਰਮ ਬਣ ਗਿਆ ਸੀ ਕਿ ਆਪਣੀ ਕਿਰਤ ਦੇ
ਨਾਲ ਨਾਲ ਵੱਖ ਵੱਖ ਧਰਮਾਂ ਦੀ ਵਿਦਿਆ ਹਾਸਲ ਕਰਦੇ ਰਹਿਣਾ। ਗੁਰੂ ਸਾਹਿਬ ਜੀ ਨੇ ਜੀਵਨ ਦੇ ਮਹੱਤਵ
ਨੂੰ ਸਮਝ ਲਿਆ ਸੀ ਕਿ ਜੇ ਕੋਈ ਅਦਰਸ਼ ਹਾਸਲ ਕਰਨਾ ਹੈ ਤਾਂ ਇਨਸਾਨੀਅਤ ਦੇ ਭਲੇ ਲਈ ਹਰ ਵੇਲੇ
ਕਾਰਜਸ਼ੀਲ ਰਹਿਣਾ ਪਏਗਾ। ਭਾਈ ਸੱਤਾ ਜੀ ਇਸ ਭੇਦ ਭਰੀ ਅਵਸਥਾ ਨੂੰ ਹੇਠ ਲਿਖੀ ਪਉੜੀ ਰਾਂਹੀਂ
ਸਮਝਾਉਂਦੇ ਹਨ---
ਧੰਨੁ ਧੰਨੁ ਰਾਮਦਾਸ ਗੁਰੁ, ਜਿਨਿ ਸਿਰਿਆ ਤਿਨੈ ਸਵਾਰਿਆ।।
ਪੂਰੀ ਹੋਈ ਕਰਾਮਾਤਿ, ਆਪਿ ਸਿਰਜਣਹਾਰੈ ਧਾਰਿਆ।।
ਸਿਖੀ ਅਤੈ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਿਆ।।
ਅਟਲੁ ਅਥਾਹੁ ਅਤੋਲੁ ਤੂ, ਤੇਰਾ ਅੰਤੁ ਨ ਪਾਰਾਵਾਰਿਆ।।
ਜਿਨੀੑ ਤੂੰ ਸੇਵਿਆ ਭਾਉ ਕਰਿ, ਸੇ ਤੁਧੁ ਪਾਰਿ ਉਤਾਰਿਆ।।
ਲਬੁ ਲੋਭੁ ਕਾਮੁ ਕ੍ਰੋਧੁ ਮੋਹੁ, ਮਾਰਿ ਕਢੇ ਤੁਧੁ ਸਪਰਵਾਰਿਆ।।
ਧੰਨੁ ਸੁ ਤੇਰਾ ਥਾਨੁ ਹੈ, ਸਚੁ ਤੇਰਾ ਪੈਸਕਾਰਿਆ।।
ਨਾਨਕੁ ਤੂ ਲਹਣਾ ਤੂਹੈ ਗੁਰੁ ਅਮਰੁ ਤੂ ਵੀਚਾਰਿਆ।।
ਗੁਰੁ ਡਿਠਾ ਤਾਂ ਮਨੁ ਸਾਧਾਰਿਆ।। ੭।।
{ਪੰਨਾ ੯੬੮}
ਅਰਥ
:
—ਗੁਰੂ ਰਾਮਦਾਸ ਧੰਨ ਹੈ ਧੰਨ
ਹੈ! ਜਿਸ ਅਕਾਲ ਪੁਰਖ ਨੇ (ਗੁਰੂ ਰਾਮਦਾਸ ਨੂੰ) ਪੈਦਾ ਕੀਤਾ ਉਸੇ ਨੇ ਉਸ ਨੂੰ ਸੋਹਣਾ ਭੀ ਬਣਾਇਆ।
ਇਹ ਇੱਕ ਮੁਕੰਮਲ ਕਰਾਮਾਤਿ ਹੋਈ ਹੈ ਕਿ ਸਿਰਜਣਹਾਰ ਨੇ ਖ਼ੁਦ (ਆਪਣੇ ਆਪ ਨੂੰ ਉਸ ਵਿਚ) ਟਿਕਾਇਆ ਹੈ।
ਸਭ ਸਿੱਖਾਂ ਨੇ ਤੇ ਸੰਗਤਾਂ ਨੇ ਉਸ ਨੂੰ ਅਕਾਲ ਪੁਰਖ ਦਾ ਰੂਪ ਜਾਣ ਕੇ ਬੰਦਨਾ ਕੀਤੀ ਹੈ।
— (ਹੇ ਗੁਰੂ ਰਾਮਦਾਸ!) ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੈਨੂੰ ਤੋਲਿਆ
ਨਹੀਂ ਜਾ ਸਕਦਾ (ਭਾਵ, ਤੇਰੇ ਗੁਣ ਗਿਣੇ ਨਹੀਂ ਜਾ ਸਕਦੇ; ਤੂੰ ਇੱਕ ਐਸਾ ਸਮੁੰਦਰ ਹੈਂ ਜਿਸ ਦੀ)
ਹਾਥ ਨਹੀਂ ਪੈ ਸਕਦੀ, ਪਾਰਲੇ ਤੇ ਉਰਲੇ ਬੰਨੇ ਦਾ ਅੰਤ ਨਹੀਂ ਪੈ ਸਕਦਾ। ਜਿਨ੍ਹਾਂ ਬੰਦਿਆਂ ਨੇ ਪਿਆਰ
ਨਾਲ ਤੇਰਾ ਹੁਕਮ ਮੰਨਿਆ ਹੈ ਤੂੰ ਉਹਨਾਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ ਹੈ, ਉਹਨਾਂ
ਦੇ ਅੰਦਰੋਂ ਤੂੰ ਲੱਬ, ਲੋਭ, ਕਾਮ, ਕ੍ਰੋਧ, ਮੋਹ ਤੇ ਹੋਰ ਸਾਰੇ ਵਿਕਾਰ ਮਾਰ ਕੇ ਕੱਢ ਦਿੱਤੇ ਹਨ।
(ਹੇ ਗੁਰੂ ਰਾਮਦਾਸ
!)
ਮੈਂ ਸਦਕੇ ਹਾਂ ਉਸ ਥਾਂ ਤੋਂ ਜਿਥੇ ਤੂੰ ਵੱਸਿਆ। ਤੇਰੀ ਸੰਗਤਿ ਸਦਾ ਅਟੱਲ ਹੈ।
— (ਹੇ ਗੁਰੂ ਰਾਮਦਾਸ ਜੀ
!)
ਤੂੰ ਹੀ ਗੁਰੂ ਨਾਨਕ ਹੈਂ, ਤੂੰ ਹੀ ਬਾਬਾ ਲਹਣਾ ਹੈਂ, ਮੈਂ ਤੈਨੂੰ ਹੀ ਗੁਰੂ ਅਮਰਦਾਸ ਸਮਝਿਆ ਹੈ
(ਜਿਸ ਕਿਸੇ ਨੇ) ਗੁਰੂ (ਰਾਮਦਾਸ) ਦਾ ਦੀਦਾਰ ਕੀਤਾ ਹੈ ਉਸੇ ਦਾ ਮਨ ਤਦੋਂ
ਟਿਕਾਣੇ ਆ ਗਿਆ ਹੈ। ੭।
ਵਿਚਾਰ ਚਰਚਾ—
ਰੱਬ ਨੂੰ
ਲਭੱਣ, ਪਉਣ ਲਈ ਜਾਂ ਦੇਖਣ ਲਈ ਬਹੁਤ ਸਾਰੇ ਲੋਕਾਂ ਦਾ ਜ਼ੋਰ ਲੱਗਿਆ ਹੋਇਆ ਹੈ। ਸਿੱਖੀ ਦੇ ਵਿਹੜੇ
ਵਿੱਚ ਵੀ ਏਦਾਂ ਦੇ ਬਹੁਤ ਸਾਰੇ ਰੰਗ-ਬਰੰਗੇ ਅਡੰਬਰ ਮਿਲ ਰਹੇ ਹਨ। ਰੱਬ ਦੀ ਪ੍ਰਾਪਤੀ ਲਈ ਕੋਈ
ਪੁੱਠਾ ਹੋ ਕੇ ਲਟਕ ਰਿਹਾ ਹੈ ਕੋਈ ਤੀਰਥਾਂ ਦੀ ਯਾਤਰਾ ਕਰ ਰਿਹਾ ਹੈ ਕੋਈ ਠੰਡੇ ਪਾਣੀ ਨਾਲ ਨਹਾਉਣ
ਨੂੰ ਤਰਜੀਹ ਦੇ ਰਿਹਾ ਹੈ ਤੇ ਕੋਈ ਗਰਮੀਆਂ ਵਿੱਚ ਧੂਣੀਆਂ ਤਾਅ ਕੇ ਬੈਠਾ ਹੋਇਆ ਹੈ। ਕੋਈ ਦੁਪਹਿਰੇ,
ਚੁਪਹਿਰੇ ਔਖਿਆਂ ਹੋ ਕੇ ਕੱਟ ਰਿਹਾ ਹੈ। ਸਿੱਖੀ ਵਿੱਚ ਕੁੱਝ ਲੋਕ ਏਦਾਂ ਦੇ ਵੀ ਪੈਦਾ ਹੋ ਗਏ ਹਨ
ਜਿਹੜੇ ਕੇਵਲ ਦੁੱਧ ਪੀਣ ਨੂੰ ਧਰਮ ਸਮਝਦੇ ਹਨ। ਕਈ ਆਪੇ ਹੀ ਨਿਰਧਾਰਤ ਕਰੀ ਜਾਂਦੇ ਹਨ ਕਿ ਇਹ ਖਾਓ
ਤੇ ਨਾ ਖਾਓ। ਕਈਆਂ ਨੇ ਕੇਵਲ ਬਾਹਰਲੇ ਪਹਿਰਾਵੇ ਨੂੰ ਹੀ ਸਿੱਖ ਸਿਧਾਂਤ ਸਮਝ ਲਿਆ ਹੈ। ਸਿੱਖ
ਸਿਧਾਂਤ ਦੀ ਅਣਜਾਣਤਾ ਹੋਣ ਕਰਕੇ ਕਈ ਤਰ੍ਹਾਂ ਦੇ ਅਭਿਆਸਾਂ ਰਾਂਹੀਂ ਰੱਬ ਨੂੰ ਲੱਭਣ, ਪਉਣ ਜਾਂ
ਦੇਖਣ ਦਾ ਯਤਨ ਹੋ ਰਿਹਾ ਹੈ। ਅਜੇਹੀਆਂ ਬੇ-ਲੋੜੀਆਂ ਸਾਧਨਵਾਂ ਨੂੰ ਗੁਰਬਾਣੀ ਨੇ ਨਿਕਾਰਿਆ ਹੈ।
ਇਕ ਕੰਦ ਮੂਲੁ ਚੁਣਿ ਖਾਹਿ, ਵਣ ਖੰਡਿ ਵਾਸਾ।।
ਇਕਿ ਭਗਵਾ ਵੇਸੁ ਕਰਿ ਫਿਰਹਿ, ਜੋਗੀ ਸੰਨਿਆਸਾ।।
ਅੰਦਰਿ ਤ੍ਰਿਸਨਾ ਬਹੁਤੁ ਛਾਦਨ ਭੋਜਨ ਕੀ ਆਸਾ।।
ਬਿਰਥਾ ਜਨਮੁ ਗਵਾਇ ਨ ਗਿਰਹੀ ਨ ਉਦਾਸਾ।।
ਜਮਕਾਲੁ ਸਿਰਹੁ ਨ ਉਤਰੈ, ਤ੍ਰਿਬਿਧਿ ਮਨਸਾ।।
ਗੁਰਮਤੀ ਕਾਲੁ ਨ ਆਵੈ ਨੇੜੈ, ਜਾ ਹੋਵੈ ਦਾਸਨਿ ਦਾਸਾ।।
ਸਚਾ ਸਬਦੁ ਸਚੁ ਮਨਿ, ਘਰ ਹੀ ਮਾਹਿ ਉਦਾਸਾ।।
ਨਾਨਕ ਸਤਿਗੁਰੁ ਸੇਵਨਿ ਆਪਣਾ, ਸੇ ਆਸਾ ਤੇ ਨਿਰਾਸਾ।। ੫।।
ਵਾਰ ਮਾਝ ਮ: ੧ ਪੰਨਾ ੧੪੦}
ਅੱਖਰੀਂ ਅਰਥ
-—ਕਈ
ਬੰਦੇ ਮੂਲੀ ਆਦਿਕ ਪੁਟ ਕੇ ਖਾਂਦੇ ਹਨ (ਮੂਲੀ ਆਦਿਕ ਖਾ ਕੇ ਗੁਜ਼ਾਰਾ ਕਰਦੇ ਹਨ) ਤੇ ਜੰਗਲ ਦੇ ਗੋਸ਼ੇ
ਵਿੱਚ ਜਾ ਰਹਿੰਦੇ ਹਨ। ਕਈ ਲੋਕ ਭਗਵੇ ਕੱਪੜੇ ਪਾ ਕੇ ਜੋਗੀ ਤੇ ਸੰਨਿਆਸੀ ਬਣ ਕੇ ਫਿਰਦੇ ਹਨ (ਪਰ
ਉਹਨਾਂ ਦੇ) ਮਨ ਵਿੱਚ ਬਹੁਤ ਲਾਲਚ ਹੁੰਦਾ ਹੈ, ਕੱਪੜੇ ਤੇ ਭੋਜਨ ਦੀ ਲਾਲਸਾ ਟਿਕੀ ਰਹਿੰਦੀ ਹੈ (ਇਸ
ਤਰ੍ਹਾਂ) ਅਜਾਈਂ ਮਨੁੱਖਾ ਜਨਮ ਗਵਾ ਕੇ ਨਾਹ ਉਹ ਗ੍ਰਿਹਸਤੀ ਰਹਿੰਦੇ ਹਨ ਤੇ ਨਾਹ ਹੀ ਫ਼ਕੀਰ। (ਉਹਨਾਂ
ਦੇ ਅੰਦਰ) ਤ੍ਰਿਗੁਣੀ (ਮਾਇਆ ਦੀ) ਲਾਲਸਾ ਹੋਣ ਦੇ ਕਾਰ-ਨ ਆਤਮਕ ਮੌਤ ਉਹਨਾਂ ਦੇ ਸਿਰ ਤੋਂ ਟਲਦੀ
ਨਹੀਂ ਹੈ।
ਜਦੋਂ ਮਨੁੱਖ (ਪ੍ਰਭੂ ਦੇ) ਸੇਵਕਾਂ ਦਾ ਸੇਵਕ ਬਣ ਜਾਂਦਾ ਹੈ, ਤਾਂ ਸਤਿਗੁਰੂ
ਦੀ ਸਿੱਖਿਆ ਤੇ ਤੁਰ ਕੇ ਆਤਮਕ ਮੌਤ ਉਸਦੇ ਨੇੜੇ ਨਹੀਂ ਆਉਂਦੀ। ਗੁਰੂ ਦਾ ਸੱਚਾ ਸਬਦ ਤੇ ਪ੍ਰਭੂ (ਉਸ
ਦੇ) ਮਨ ਵਿੱਚ ਹੋਣ ਕਰਕੇ ਉਹ ਗ੍ਰਿਹਸਤ ਵਿੱਚ ਰਹਿੰਦਾ ਹੋਇਆ ਹੀ ਤਿਆਗੀ ਹੈ।
ਹੇ ਨਾਨਕ! ਜੋ ਮਨੁੱਖ ਆਪਣੇ ਗੁਰੂ ਦੇ ਹੁਕਮ ਵਿੱਚ ਤੁਰਦੇ ਹਨ, ਉਹ (ਦੁਨੀਆ
ਦੀਆਂ) ਲਾਲਸਾ ਤੋਂ ਉਪਰਾਮ ਹੋ ਜਾਂਦੇ ਹਨ। ੫।
ਭਾਈ ਸੱਤਾ ਜੀ ਫਰਮਾਉਂਦੇ ਹਨ ਕਿ ਗੁਰੂ ਰਾਮਦਾਸ ਜੀ ਦਾ ਜੀਵਨ ਦੇਖ ਕੇ ਇੰਜ
ਲੱਗਦਾ ਹੈ ਕਿ ਸਿਰਜਣਹਾਰ ਨੇ ਆਪਣੇ ਆਪ ਨੂੰ ਖ਼ੁਦ ਹੀ ਗੁਰੂ ਰਾਮਦਾਸ ਵਿੱਚ ਟਿਕਾਇਆ ਹੋਇਆ ਹੈ। ਇਹ
ਤੇ ਬੜੀ ਵਾਰੀ ਵਿਚਾਰ ਲਿਆ ਗਿਆ ਹੈ ਕਿ ਰੱਬ ਜੀ ਜੂਨਾਂ ਵਿੱਚ ਨਹੀਂ ਆਉਂਦੇ, ਹਾਂ ਰੱਬ ਜੀ ਦੇ ਸਦੀਵ
ਕਾਲ ਗੁਣ ਹਨ ਜੇ ਅਸੀਂ ਇਹਨਾਂ ਗੁਣਾਂ ਦੇ ਧਾਰਨੀ ਹੋ ਜਾਈਏ ਤਾਂ ਰੱਬ ਦਾ ਰੂਪ ਬਣ ਸਕਦੇ ਹਾਂ। ਸੱਤਾ
ਜੀ ਨੇ ਬੜੀ ਡੂੰਘਾਈ ਨਾਲ ਸਮਝਿਆ ਹੈ ਕਿ ਰੱਬੀ ਗੁਣਾਂ ਦੀ ਭਰਪੂਰਤਾ ਦੇਖ ਕੇ ਸਾਨੂੰ ਗੁਰੂ ਰਾਮਦਾਸ
ਜੀ ਹੀ ਰੱਬ ਲਗਦੇ ਹਨ। ਸਾਰੇ ਲੋਕ ਗੁਰੂ ਸਾਹਿਬ ਜੀ ਨੂੰ ਰੱਬੀ ਗੁਣਾਂ ਨਾਲ ਇਕਮਿਕਤਾ ਹੋਈ ਦੇਖ ਕੇ
ਨਵਾਂ ਜੀਵਨ ਪ੍ਰਾਪਤ ਕਰ ਰਹੇ ਹਨ।
ਧੰਨੁ ਧੰਨੁ ਰਾਮਦਾਸ ਗੁਰੁ, ਜਿਨਿ ਸਿਰਿਆ ਤਿਨੈ ਸਵਾਰਿਆ।।
ਪੂਰੀ ਹੋਈ ਕਰਾਮਾਤਿ, ਆਪਿ ਸਿਰਜਣਹਾਰੈ ਧਾਰਿਆ।।
ਸਿਖੀ ਅਤੈ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਿਆ।।
ਇਕ ਮੁਕੰਮਲ ਕਰਾਮਾਤ ਹੋਈ ਹੈ ਕਿ ਉਹ ਬਾਲਕ ਜਿਸ ਦੇ ਮਾਤਾ ਪਿਤਾ ਜੀ
ਬਚਪਨ ਵਿੱਚ ਹੀ ਚੜ੍ਹਾਈ ਕਰ ਗਏ ਹੋਣ। ਆਰਥਕ ਸਹੂਲਤਾਂ ਦੀ ਅਵੱਸ਼ਕ ਘਾਟ ਰਹੀ ਹੋਵੇ ਉਹ ਬਾਲਕ ਆਪਣੇ
ਜੀਵਨ ਵਿੱਚ ਗੁਰੂ ਦੀ ਮਹਾਨ ਪਦਵੀ ਪ੍ਰਾਪਤ ਕਰੇ ਤਾਂ ਕਹਿਣਾ ਪਏਗਾ ਸਮਾਜਕ ਤੇ ਧਾਰਮਕ ਦੁਨੀਆਂ ਵਿੱਚ
ਬਹੁਤ ਵੱਡਾ ਇਨਕਲਾਬ ਸੀ। ਗੁਰੂ ਰਾਮਦਾਸ ਜੀ ਦੀ ਦੂਰ ਅੰਦੇਸ਼ੀ, ਹੱਥੀਂ ਕਿਰਤ, ਰਾਜਨੀਤਕ ਸੂਝ,
ਭਾਰਤੀ ਗ੍ਰੰਥਾਂ ਦਾ ਅਧਿਐਨ, ਪੰਜਾਬ ਨੂੰ ਵਪਾਰਕ ਪੱਖੋਂ ਅੰਤਰਰਾਸ਼ਟਰੀ ਪੱਧਰ `ਤੇ ਲੈ ਕੇ ਜਾਣਾ
ਵਪਾਰ ਲਈ ਨਵਾਂ ਸ਼ਹਿਰ ਸਥਾਪਤ ਕਰਨਾ ਤੇ ਕਿਰਤੀਆਂ ਦੀ ਕਿਰਤ ਨਾਲ ਪਿਆਰ ਕਰਕੇ ਉਹਨਾਂ ਲਈ ਨਵੀਆਂ
ਨੀਤੀਆਂ ਬਣਾਉਣੀਆਂ ਗੁਰੂ ਰਾਮਦਾਸ ਜੀ ਦੇ ਹੀ ਹਿੱਸੇ ਆਇਆ ਹੈ। ਗੁਰੂ ਸਾਹਿਬ ਜੀ ਨੇ ਸਮਾਜ ਦੀ
ਉੱਨਤੀ ਲਈ ਮਹਾਨ ਕਾਰਜ ਕੀਤੇ। ਸਭ ਸਿੱਖਾਂ ਅਤੇ ਸੰਗਤਾਂ ਨੇ ਗੁਰੂ ਰਾਮਦਾਸ ਜੀ ਨੂੰ ਅਕਾਲ ਪੁਰਖ ਦਾ
ਰੂਪ ਜਾਣ ਕੇ ਬੰਦਨਾ ਕੀਤੀ।
ਬਦੀ ਦੇ ਰਸਤੇ `ਤੇ ਤੁਰਦੀਆਂ ਕੋਈ ਬਹੁਤੀਆਂ ਰੁਕਾਵਟਾਂ ਨਹੀਂ ਆਉਂਦੀਆਂ ਪਰ
ਚੰਗਿਆਈ ਦੇ ਰਸਤੇ `ਤੇ ਜਦੋਂ ਮਨੁੱਖ ਪੈਰ ਧਰਦਾ ਹੈ ਤਾਂ ਬਹੁਤ ਸਾਰੀਆਂ ਰੁਕਾਵਟਾਂ ਖੜੀਆਂ ਹੋ
ਜਾਂਦੀਆਂ ਹਨ। ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਦੇਖੋ ਜੀ ਫਲਾਣਾ ਬੰਦਾ ਬੜਾ ਧਾਰਮਕ ਹੈ ਉਸ
ਨੇ ਕਦੇ ਵੱਢੀ ਆਦ ਨਹੀਂ ਲਈ। ਪਰ ਇੱਕ ਵਿਦਵਾਨ ਦਾ ਖ਼ਿਆਲ ਹੈ ਕਿ ਹੋ ਸਕਦਾ ਹੈ ਉਸ ਮਨੁੱਖ ਨੂੰ ਵੱਢੀ
ਹਾਸਲ ਕਰਨ ਦਾ ਸਮਾਂ ਹੀ ਨਾ ਮਿਲਿਆ ਹੋਵੇ। ਪਰਖ ਤਾਂ ਓਦੋਂ ਹੁੰਦੀ ਹੈ ਜਦੋਂ ਸਮਾਂ ਮਿਲਦਾ ਹੈ।
ਸਮਾਂ ਮਿਲਦਿਆਂ ਹੀ ਮਨੁੱਖ ਨੇ ਆਪਣਾ ਸਿਧਾਂਤ ਵੇਚ ਦਿੱਤਾ ਕਿਸੇ ਦਾ ਹੱਕ ਖਾ ਲਿਆ ਜਾਂ ਦੂਜੇ ਨਾਲ
ਧੱਕਾ ਹੁੰਦਾ ਦੇਖ ਕੇ ਚੁੱਪ ਕਰ ਗਿਆ। ਇਸ ਦਾ ਅਰਥ ਹੈ ਕਿ ਇਹ ਅਜੇ ਬਾਹਰਲੇ ਪਹਿਰਾਵੇ ਵਾਲਾ ਹੀ
ਸਿੱਖ ਹੈ। ਮੰਨ ਲਓ ਕੋਈ ਪਰਵਾਰ ਕਹਿੰਦਾ ਹੈ ਕਿ ਮੈਂ ਦਾਜ ਆਦ ਨਹੀਂ ਲੈਣਾ ਪਰ ਮਿਲਣੀ ਵੇਲੇ ਕੁੜਮਾਂ
ਕੋਲੋਂ ਚੈਨੀਆਂ ਲੈ ਲੈਂਦਾ ਹੈ ਤਾਂ ਸ਼ਪੱਸ਼ਟ ਕਿ ਮਨੁੱਖ ਦੀ ਹੁਣ ਪਰਖ ਹੋਣੀ ਸੀ ਪਰ ਇਹ ਇਸ ਪਰਖ
ਵਿਚੋਂ ਫੇਲ੍ਹ ਹੋ ਗਿਆ। ਉਂਜ ਧਰਮੀ ਸੀ ਪਰ ਮੌਕਾ ਮਿਲਦਿਆਂ ਹੀ ਧਰਮ ਗਵਾ ਲਿਆ ਇਖ਼ਲਾਕ ਤੋਂ ਡਿੱਗ
ਗਿਆ।
ਗੁਰੂ ਰਾਮਦਾਸ ਜੀ ਦੇ ਜੀਵਨ ਵਲ ਝਾਤੀ ਮਾਰਦੇ ਹਾਂ ਤਾਂ ਸਮਝ ਆਉਂਦੀ ਹੈ ਕਿ
ਉਹਨਾਂ ਦੀ ਸਿੱਖਿਆ ਲੈਣ ਵਾਲਾ ਆਪਣੇ ਅੰਦਰੋਂ ਲਬ, ਲੋਭ, ਕਾਮ, ਕ੍ਰੋਧ ਤੇ ਮੋਹ ਵਰਗੀਆਂ ਭਿਆਨਕ
ਬਿਮਾਰੀਆਂ ਨੂੰ ਮਾਰ ਲੈਂਦਾ ਹੈ---
ਅਟਲੁ ਅਥਾਹੁ ਅਤੋਲੁ ਤੂ, ਤੇਰਾ ਅੰਤੁ ਨ ਪਾਰਾਵਾਰਿਆ।।
ਜਿਨੀੑ ਤੂੰ ਸੇਵਿਆ ਭਾਉ ਕਰਿ, ਸੇ ਤੁਧੁ ਪਾਰਿ ਉਤਾਰਿਆ।।
ਲਬੁ ਲੋਭੁ ਕਾਮੁ ਕ੍ਰੋਧੁ ਮੋਹੁ, ਮਾਰਿ ਕਢੇ ਤੁਧੁ ਸਪਰਵਾਰਿਆ।।
ਧੰਨੁ ਸੁ ਤੇਰਾ ਥਾਨੁ ਹੈ, ਸਚੁ ਤੇਰਾ ਪੈਸਕਾਰਿਆ।।
ਭਾਈ ਜੇਠਾ ਜੀ ਨੇ ਗੁਰੂ ਅਮਰਦਾਸ ਜੀ ਦੇ ਪਾਸ ਰਹਿਣ ਨਾਲ ਉਨ੍ਹਾਂ ਗੁਣਾਂ
ਨੂੰ ਹਾਸਲ ਕੀਤਾ ਜਿਹੜੇ ਤੋਲੇ, ਨਾਪੇ ਨਹੀਂ ਜਾ ਸਕਦੇ। ਗੁਰੂ ਰਾਮਦਾਸ ਜੀ ਉਹ ਸਮੁੰਦਰ ਹਨ ਜਿਸ ਦੀ
ਹਾਥ ਨਹੀਂ ਪਾਈ ਜਾ ਸਕਦੀ। ਮਨੁੱਖੀ ਜੀਵਨ ਦੀ ਉਨਤੀ ਵਿੱਚ ਵਿਕਾਰ ਬਹੁਤ ਵੱਡੀ ਰੁਕਾਵਟ ਹੁੰਦੇ ਹਨ
ਜੋ ਮਨੁੱਖ ਨੂੰ ਅਸਲੀ ਅਦਰਸ਼ ਤੋਂ ਡੇਗ ਦੇਂਦੇ ਹਨ। ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੇ
ਮਨੁੱਖੀ ਸੁਭਾਅ ਵਿੱਚ ਬਹੁਤ ਵੱਡੀ ਤਬਦੀਲੀ ਲਿਆਂਦੀ ਹੈ। ਉਪਰੋਕਤ ਪੰਜੇ ਵਿਕਾਰ ਹਰ ਪ੍ਰਕਾਰ ਦੀ
ਗੁਲਾਮੀ ਨੂੰ ਜਨਮ ਦੇਂਦੇ ਹਨ। ਹਰ ਵਿਕਾਰ ਇੱਕ ਦੁਜੇ ਨਾਲ ਜੁੜਿਆ ਹੋਇਆ ਹੈ। ਕਾਮਨਾ ਪੂਰੀ ਨਾ
ਹੁੰਦੀ ਹੋਵੇ ਤਾਂ ਕ੍ਰੋਧ ਆਉਂਦਾ ਹੈ। ਲਾਲਚੀ ਬਿਰਤੀ ਵਾਲਾ ਹਰ ਥਾਂ ਸਮਝੌਤਾ ਵਾਦੀ ਹੋਵੇਗਾ। ਸਮਝ
ਵਿੱਚ ਆਉਂਦਾ ਹੈ ਕਿ ਨਾਨਕਈ ਫਲਸਫੇ ਨੂੰ ਸਮਝਣ ਵਾਲਾ ਗੈਰ ਕੁਦਰਤੀ ਸਮਝਾਉਤਿਆਂ ਨੂੰ ਕਦੇ ਵੀ ਲਾਗੂ
ਨਹੀਂ ਹੋਣ ਦੇਵੇਗਾ।
ਖੋਪਰੀਆਂ ਤਾਂ ਲੁਹਾ ਸਕਦਾ ਹੈ ਪਰ ਈਨ ਨਹੀਂ ਮੰਨੇਗਾ। ਤੱਤੀਆਂ ਤਵੀਆਂ ਤਾਂ
ਪਰਵਾਨ ਹੋ ਗਈਆਂ ਪਰ ਹਰ ਪ੍ਰਕਾਰ ਦੀ ਗੁਲਾਮੀ ਦੇ ਜੂਲ਼ੇ ਨੂੰ ਗਲ਼ੋਂ ਲਹੁੰਣ ਦਾ ਢੰਗ ਜ਼ਰੂਰ ਸਿੱਖ
ਲਿਆ। ਸ਼ਹੀਦੀ ਪ੍ਰਾਪਤ ਕਰਨ ਵਾਲੇ ਦੇ ਸਾਹਮਣੇ ਮੌਤ ਦੇ ਬਚਾ ਲਈ ਬਹੁਤ ਸਾਰੇ ਰਸਤੇ ਖੁਲ੍ਹੇ ਹੁੰਦੇ
ਹਨ। ਪਰ ਸ਼ਹਾਦਤ ਦੇਣ ਵਾਲੇ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਕੇਵਲ ਮੈਂ ਆਪਣੇ ਲਈ ਨਹੀਂ ਜਿਉਣਾ ਸਗੋਂ
ਅਜ਼ਾਦੀ ਨਾਲ ਜਿਉਂਣ ਦੀ ਜਾਚ ਆਉਣ ਵਾਲੀ ਪੀੜ੍ਹੀ ਨੂੰ ਸਿਖਾਅ ਜਾਣੀ ਹੈ। ਸ਼ਹੀਦ ਆਪਣੀ ਸ਼ਹਾਦਤ ਦੇ ਕੇ
ਆਉਣ ਵਾਲੀਆਂ ਪੀੜ੍ਹੀਆਂ ਲਈ ਰਾਹ ਮੋਕਲ਼ਾ ਕਰ ਜਾਂਦਾ ਹੈ। ਗੁਰੂ ਰਾਮਦਾਸ ਜੀ ਦੀ ਸਿੱਖਿਆ `ਤੇ ਚੱਲਣ
ਵਾਲਾ ਔਗੁਣਾਂ ਨੂੰ ਜੜ੍ਹੋਂ ਉਖਾੜ ਦੇਂਦਾ ਹੈ। ਇਸ ਵਿਚੋਂ ਨਿੱਜੀ ਸੁਆਰਥ ਦੀ ਹੋਂਦ ਖਤਮ ਹੀ ਹੋ
ਜਾਂਦੀ ਹੈ। ਅੱਜ ਦੀ ਰਾਜ ਨੀਤੀ ਵਿੱਚ ਸਿੱਖ ਨੇਤਾਵਾਂ `ਤੇ ਕਈ ਪਰਕਾਰ ਦੀਆਂ ਤੋਹਮਤਾਂ ਲੱਗ ਰਹੀਆਂ
ਹਨ ਇਸ ਦਾ ਅਰਥ ਹੈ ਇਹਨਾਂ ਨੇਤਾਵਾਂ ਨੇ ਗੁਰਬਾਣੀ ਵਾਲੇ ਜੀਵਨ ਨੂੰ ਆਪਣੇ ਵਿੱਚ ਢਾਲਿਆ ਹੀ ਨਹੀਂ
ਹੈ। ਲਬ, ਲੋਭ, ਕਾਮ, ਕ੍ਰੋਧ ਅਤੇ ਮੋਹ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਆਪਣੇ ਜੀਵਨ ਵਿਚੋਂ ਦੂਰ
ਕੀਤਾ ਜਾ ਸਕਦਾ ਹੈ ਜੇ ਅਸੀਂ ਗੁਰਬਾਣੀ ਸਿਧਾਂਤ ਨੂੰ ਸਮਝ ਲਈਏ।
ਅਖੀਰਲੀ ਤੁਕ ਵਿੱਚ ਭਾਈ ਸੱਤਾ ਜੀ ਫਰਮਾਉਂਦੇ ਹਨ ਕਿ ਗੁਰੂ ਰਾਮਦਾਸ ਜੀ
ਤਸੀਂ ਹੀ ਗੁਰੂ ਨਾਨਕ ਜੀ ਹੋ, ਤੁਸੀਂ ਹੀ ਬਾਬਾ ਲਹਣਾ ਜੀ ਹੋ ਅਤੇ ਮੈਂ ਤੂਹਾਨੂੰ ਹੀ ਗੁਰੂ ਅਮਰਦਾਸ
ਜੀ ਸਮਝਿਆ ਹੈ। ਜਿਸ ਨੇ ਗੁਰੂ ਰਾਮਦਾਸ ਜੀ ਦਾ ਦੀਦਾਰ ਕੀਤਾ ਹੈ ਉਸ ਦਾ ਮਨ ਟਿਕਾਣੇ ਆ ਗਿਆ ਹੈ---
ਨਾਨਕੁ ਤੂ ਲਹਣਾ ਤੂਹੈ ਗੁਰੁ ਅਮਰੁ ਤੂ ਵੀਚਾਰਿਆ।।
ਗੁਰੁ ਡਿਠਾ ਤਾਂ ਮਨੁ ਸਾਧਾਰਿਆ।।
ਜਿਸ ਨੇ ਵੀ ਗੁਰੂ ਰਾਮਦਾਸ ਜੀ ਦਾ ਦੀਦਾਰ ਕੀਤਾ ਉਸ ਦਾ ਮਨ ਟਿਕਾਓ ਵਿੱਚ ਆ
ਗਿਆ। ਭੱਟ ਹਰਬੰਸ ਜੀ ਫਰਮਾਉਂਦੇ—
ਕਾਟੇ ਸੁ ਪਾਪ ਤਿਨੑ ਨਰਹੁ ਕੇ, ਗੁਰੁ ਰਾਮਦਾਸੁ ਜਿਨੑ ਪਾਇਯਉ।।
ਛਤ੍ਰੁ ਸਿੰਘਾਸਨੁ ਪਿਰਥਮੀ, ਗੁਰ ਅਰਜੁਨ ਕਉ ਦੇ ਆਇਅਉ।। ੨।।
ਪੰਨਾ ੧੪੦੯
ਉਨ੍ਹਾਂ ਲੋਕਾਂ ਦੇ ਪਾਪ ਕਟੇ ਗਏ ਜਿੰਨ੍ਹਾਂ ਨੂੰ ਗੁਰੂ ਰਾਮਦਾਸ ਜੀ ਮਿਲ
ਗਏ। ਅਗਲੀ ਜ਼ਿੰਮੇਵਾਰੀ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਸੰਭਾਲ਼ ਦਿੱਤੀ। ਕੀ ਗੁਰੂ ਸਾਹਿਬ ਜੀ ਦੇਖਣ
ਨਾਲ ਮਨ ਟਿਕਾਓ ਵਿੱਚ ਆ ਸਕਦਾ ਹੈ? ਇਸ ਦਾ ਉੱਤਰ ਹੈ ਨਿਰ੍ਹਾ ਦੇਖਣ ਨਾਲ ਬੰਦਾ ਮੁਕਤ ਨਹੀਂ ਹੋ
ਸਕਦਾ ਜਿੰਨ੍ਹਾਂ ਚਿਰ ਗੁਰੂ ਦੇ ਸਿਧਾਂਤ ਨੂੰ ਅਪਨਾ ਕੇ ਉਸ ਅਨੁਸਾਰੀ ਹੋ ਕੇ ਨਹੀਂ ਚਲਦਾ---
ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ।।
ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ।।
ਹਉਮੈ ਮੈਲੁ ਨ ਚੁਕਈ ਨਾਮਿ ਨ ਲਗੈ ਪਿਆਰੁ।।
ਇਕਿ ਆਪੇ ਬਖਸਿ ਮਿਲਾਇਅਨੁ ਦੁਬਿਧਾ ਤਜਿ ਵਿਕਾਰ।।
ਨਾਨਕ ਇਕਿ ਦਰਸਨੁ ਦੇਖਿ ਮਰਿ ਮਿਲੇ ਸਤਿਗੁਰ ਹੇਤਿ ਪਿਆਰਿ।। ੧।।
ਸਲੋਕ ਮ: ੩ ਪੰਨਾ ੫੯੪
ਅਰਥ
:
—ਜਿਤਨਾ ਇਹ ਸਾਰਾ ਸੰਸਾਰ ਹੈ
(ਇਸ ਵਿਚ) ਹਰੇਕ ਜੀਵ ਸਤਿਗੁਰੂ ਦੇ ਦਰਸਨ ਕਰਦਾ ਹੈ (ਪਰ) ਨਿਰਾ ਦਰਸ਼ਨ ਕੀਤਿਆਂ ਮੁਕਤੀ ਨਹੀਂ
ਮਿਲਦੀ, ਜਦ ਤਾਈਂ ਜੀਵ ਸਤਿਗੁਰੂ ਦੇ ਸ਼ਬਦ ਵਿੱਚ ਵਿਚਾਰ ਨਹੀਂ ਕਰਦਾ, (ਕਿਉਂਕਿ ਵਿਚਾਰ ਕਰਨ ਤੋਂ
ਬਿਨਾ) ਅਹੰਕਾਰ (-ਰੂਪ ਮਨ ਦੀ) ਮੈਲ ਨਹੀਂ ਉਤਰਦੀ ਤੇ ਨਾਮ ਵਿੱਚ ਪਿਆਰ ਨਹੀਂ ਬਣਦਾ। —ਕਈ ਮਨੁੱਖਾਂ
ਨੂੰ ਪ੍ਰਭੂ ਨੇ ਆਪ ਹੀ ਮੇਹਰ ਕਰ ਕੇ ਮਿਲਾ ਲਿਆ ਹੈ ਜਿਨ੍ਹਾਂ ਨੇ ਮੇਰ-ਤੇਰ ਤੇ ਵਿਕਾਰ ਛੱਡੇ ਹਨ।
ਹੇ ਨਾਨਕ! ਕਈ ਮਨੁੱਖ (ਸਤਿਗੁਰੂ ਦਾ) ਦਰਸ਼ਨ ਕਰ ਕੇ ਸਤਿਗੁਰੂ ਦੇ ਪਿਆਰ ਵਿੱਚ ਬਿਰਤੀ ਜੋੜ ਕੇ ਮਰ
ਕੇ (ਭਾਵ, ਆਪਾ ਗਵਾ ਕੇ) ਹਰੀ ਵਿੱਚ ਮਿਲ ਗਏ ਹਨ।
ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਦਸਮ ਪਿਤਾ ਤੱਕ ਇੱਕ ਜੋਤ, ਇੱਕ
ਸਿਧਾਂਤ, ਇੱਕ ਵਿਚਾਰ ਚਲਦੀ ਰਹੀ ਹੈ ਉਹੀ ਜੋਤ, ਸਿਧਾਂਤ ਤੇ ਵਿਚਾਰ ਗੁਰੂ ਗ੍ਰੰਥ ਸਾਹਿਬ ਵਿੱਚ ਹੈ
ਤੇ ਓਸੇ ਸਿਧਾਂਤ ਨੂੰ ਸਿੱਖ ਨੇ ਆਪਣੇ ਜੀਵਨ ਵਿੱਚ ਢਾਲਣਾ ਹੈ। ਅਜੇਹੀ ਪ੍ਰਕਿਰਿਆ ਨਿਭਾਹੁੰਣ ਵਾਲਾ
ਅਤਮਕ ਤਲ਼ `ਤੇ ਦੁਨਿਆਵੀ ਲਾਲਸਾਂ ਤੋਂ ਮੁਕਤ ਹੁੰਦਾ ਹੈ। ਨੁਕਤਾ ਹੈ ਮਨ ਟਿਕਾਓ ਵਿੱਚ ਆ ਗਿਆ, ਗੱਲ
ਸਾਰੀ ਮਨ `ਤੇ ਟਿੱਕੀ ਹੋਈ ਹੈ। ਸਰੀਰ ਭਾਂਵੇਂ ਬਹੁਤ ਵੱਡਾ ਤਗੜਾ ਹੋਵੇ ਪਰ ਫੈਸਲੇ ਲੈਣ ਦੀ ਸਮਰੱਥਾ
ਨਹੀਂ ਹੁੰਦੀ। ਗੁਰਬਾਣੀ ਸਿਧਾਂਤ ਨੇ ਮਨ ਦੀ ਸੋਚ ਦਾ ਨਜ਼ਰੀਆ ਬਦਲਿਆ ਹੈ।
ਅਸੀਂ ਆਪਣੇ ਮਨ ਉੱਤੇ ਜੋ ਵਿਚਾਰ, ਵਿਸ਼ਵਾਸ, ਰਾਇ, , ਸਿਧਾਂਤ ਜਾਂ ਮੱਤ
ਲਿਖਦੇ ਹਾਂ, ਉਕਰਦੇ ਜਾਂ ਛਾਪ ਸਦਕੇ ਹਾਂ, ਉਹ ਪ੍ਰਸਿੱਥੀਆਂ, ਸਥਿੱਤੀਆਂ ਅਤੇ ਘਟਨਾਵਾਂ ਦੇ ਰੂਪ
ਵਿੱਚ ਪ੍ਰਗਟ ਹੋ ਜਾਂਦੇ ਹਨ। ਅਸੀਂ ਜੋ ਅੰਦਰ ਲਿਖਾਂਗੇ ਉਹੀ ਸਾਡਾ ਬਾਹਰ ਅਨੁਭਵ ਹੋਏਗਾ। ਸਾਡੇ
ਜੀਵਨ ਦੇ ਦੋ ਪਹਿਲੂ ਹਨ, ਇੱਕ ਅਸਲੀ ਪਹਿਲੂ ਹੈ ਤੇ ਦੂਸਰਾ ਕਾਲਪਨਕ ਹੈ। ਜਦੋਂ ਅਸੀਂ ਅਸਲੀਅਤ ਨੂੰ
ਪਰਵਾਨ ਕਰਦੇ ਹਾਂ ਤਾਂ ਸਾਡਾ ਮਾਨਸਕ ਬਲ ਵੱਧ ਜਾਂਦਾ ਹੈ। ਇੱਕ ਵਿਦਵਾਨ ਨੇ ਲਿਖਿਆ ਹੈ ਕਿ ਮਨੁੱਖ
ਉਹੀ ਕੁੱਝ ਬਣਦਾ ਹੈ ਜੋ ਸਾਰਾ ਦਿਨ ਸੋਚਦਾ ਹੈ। ਗੁਰਬਾਣੀ ਨੇ ਸਾਡਾ ਸੋਚਣ ਦਾ ਨਜ਼ਰੀਆ ਬਦਲਿਆ ਹੈ।
‘ਮਨੁ ਸਾਧਾਰਿਆ` ਮਨ ਟਿਕਾਓ ਵਿੱਚ ਆ ਗਿਆ ਜਿਸ ਦੇ ਨਤੀਜੇ ਬਹੁਤ ਸਾਰਥਕ
ਨਿਕਲਦੇ ਹਨ? ਸਰਕਾਰੀ ਸੜਕ ਨੂੰ ਆਪਣੇ ਖੇਤਾਂ ਨਾਲ ਨਹੀਂ ਮਿਲਾਏਗਾ, ਆਪਣੀ ਜ਼ਿੰਮੇਵਾਰੀ ਨੂੰ
ਇਮਾਨਦਾਰੀ ਨਾਲ ਨਿਭਾਏਗਾ। ਆਪਣੇ ਅਧਿਕਾਰਾਂ ਦੀ ਦੁਰ ਵਰਤੋਂ ਨਹੀਂ ਕਰੇਗਾ। ਸਮਾਜਕ ਬੁਰਾਈਆਂ ਨੂੰ
ਜਨਮ ਨਹੀਂ ਦਏਗਾ। ਗੁਰੂ ਰਾਮਦਾਸ ਜੀ ਨੂੰ ਦੇਖਣ ਤੋਂ ਮੁਰਾਦ ਏਹੀ ਹੈ ਕਿ ਸਿਧਾਂਤ ਸਮਝ ਵਿੱਚ ਆਉਣ
ਨਾਲ ਜੀਵਨ ਵਿੱਚ ਬਦਲਾਅ ਆ ਗਿਆ। ਜੇ ਵਪਾਰ ਕਰਦਾ ਹੈ ਤਾਂ ਸਹੀ ਵਪਾਰੀ ਬਣੇਗਾ। ਗੱਲ ਕੀ ਬੱਜਰ
ਕੁਰਹਿਤਾਂ ਤੋਂ ਛੁਟਕਾਰਾ ਹੋ ਜਾਏਗਾ। ਸਚਿਆਰ ਮਨੁੱਖ ਬਣ ਜਾਏਗਾ। ਆਮ ਮਨੁੱਖ ਪੂਜਾ ਪਾਠ `ਤੇ ਪੂਰਾ
ਜ਼ੋਰ ਦੇਂਦਾ ਹੈ ਪਰ ਸੁਭਾਅ ਬਦਲਣ ਲਈ ਤਿਆਰ ਨਹੀਂ ਹੁੰਦਾ। ਧਰਮ ਦੀਆਂ ਪ੍ਰਕਿਰਿਆਂਵਾਂ ਨਿਬਾਹ ਕੇ
ਆਪਣੇ ਆਪ ਨੂੰ ਧਰਮੀ ਹੋਣ ਦਾ ਦਾਅਵਾ ਕਰਦਾ ਹੈ। ਏਸੇ ਦੁਬਿਧਾ ਵਿਚੋਂ ਗੁਰਬਾਣੀ ਮਨੁੱਖ ਨੂੰ ਬਾਹਰ
ਕੱਢਦੀ ਹੈ। ਮਨ ਦੇ ਟਿਕਾਓ ਦਾ ਅਰਥ ਹੈ ਕਿ ਮਨ ਦੁਬਿਧਾ ਛੱਡ ਦੇਂਦਾ ਹੈ। ਮਨ ਸਾਧਾਰਿਆ, ਆਪਣੇ ਅਸਲੇ
ਦੀ ਪਹਿਚਾਨ ਹੋ ਜਾਂਦੀ ਹੈ।
ਤੱਤਸਾਰ--- ਜਿਸ ਨੇ ਮਨ ਕਰਕੇ ਗੁਰੂ ਦੇ ਉਪਦੇਸ਼ ਨੂੰ ਸਮਝਿਆ ਹੈ ਉਹ
ਵਿਕਾਰਾਂ ਵਲੋਂ ਮੁਕਤ ਹੋ ਗਿਆ ਹੈ
ਲਬ, ਲੋਭ, ਕਾਮ, ਕ੍ਰੋਧ ਤੇ ਮੋਹ ਵਰਗੇ ਭਿਆਨਕ ਰੋਗਾਂ ਨੇ ਸੰਸਾਰ ਨੂੰ ਆਪਣੀ
ਪਕੜ ਵਿੱਚ ਲਿਆ ਹੋਇਆ ਹੈ ਪਰ ਜਿਸ ਨੂੰ ਸਮਝ ਆ ਜਾਂਦੀ ਹੈ ਉਹ ਅਦਰਸ਼ਕ ਜੀਵਨ ਵਾਲਾ ਬਣ ਜਾਂਦਾ ਹੈ।
ਮਨ ਨੂੰ ਜਿੱਤਣ ਦਾ ਭਾਵ ਹੈ ਮਨ ਦੇ ਫੁਰਨਿਆਂ ਨੂੰ ਰੋਕਣਾ ਵਾਲੇ ਤੋਂ ਹੈ।
ਜਿਉਂਦੇ ਜੀ ਰੱਬ ਦਾ ਰੂਪ ਬਣ ਸਕਦੇ ਹਾਂ ਜਦੋਂ ਸੱਚੀ ਵਿਚਾਰ ਨੂੰ ਆਪਣੇ
ਹਿਰਦੇ ਵਿੱਚ ਢਾਲ਼ ਲਿਆ ਜਾਏ।
ਸਫਲਤਾ ਦਾ ਅਰਥ, ਸਫਲ ਜੀਵਨ ਤੋਂ ਹੈ। ਜੇ ਕਰ ਤੁਸੀਂ ਸ਼ਾਂਤ, ਖੁਸ਼, ਸੁੱਖੀ
ਤੇ ਆਪਣਾ ਪਿਆਰ ਨਾਲ ਕੰਮ ਕਰ ਰਹੇ ਹੋ ਤਾਂ ਤੁਸੀਂ ਸਫਲ ਇਨਸਾਨਾਂ ਦੀ ਕਤਰ ਵਿੱਚ ਖੜੇ ਹੁੰਦੇ ਹੋ।