.

ਰੱਬੀ ਮਿਲਨ ਦੀ ਬਾਣੀ

ਸਲੋਕ ਮ: ੯

ਦੀ ਵਿਚਾਰ

ਭਾਗ - 6

ਵੀਰ ਭੁਪਿੰਦਰ ਸਿੰਘ

3. ਤੀਜਾ ਅਤੇ ਚੋਥਾ ਸਲੋਕ -

ਤਰਨਾਪੋ ਇਉ ਹੀ ਗਇਓ ਲੀਓ ਜਰਾ ਤਨੁ ਜੀਤਿ ॥

ਕਹੁ ਨਾਨਕ ਭਜੁ ਹਰਿ ਮਨਾ ਅਉਧ ਜਾਤੁ ਹੈ ਬੀਤਿ ॥3॥

ਜਰਾ: ਜ਼ਰਾ, ਬੁਢੇਪਾ। ਤਰਨਾਪੋ: ਤਰੁਨ, ਜਵਾਨੀ। ਇਸ ਦੇ ਲਫ਼ਜ਼ੀ ਅਰਥ ਕਰੀਏ ਤਾਂ ਬਹੁਤ ਸੌਖਾ ਜਿਹਾ ਜਾਪਦਾ ਹੈ ਕਿ, ਜਵਾਨੀ ਤੇਰੀ ਇਉਂ ਹੀ ਬੇਕਾਰ ਦੇ ਕੰਮਾਂ ਵਿਚ ਗਈ। ਬੁਢੇਪੇ ਨੇ ਤੈਨੂੰ ਘੇਰ ਲਿਆ। ਇੱਥੇ ਇੱਕ ਸਵਾਲ ਪੈਦਾ ਹੁੰਦਾ ਹੈ, ਕੀ ਇਹ ਸਲੋਕ ਬਚਿਆਂ ਲਈ ਜਾਂ ਜਵਾਨਾਂ ਲਈ ਨਹੀਂ ਹੈ? ਜਿਨ੍ਹਾਂ ਨੂੰ ਬੁਢੇਪੇ ਨੇ ਘੇਰ ਲਿਆ ਉਨ੍ਹਾਂ ਨੂੰ ਜਵਾਨੀ ਦਾ ਕਟਾਕਸ਼ ਕਰਨ ਦੀ ਕੀ ਲੋੜ ਹੈ, ਉਹ ਵਿਚਾਰੇ ਤਾਂ ਬੁੱਢੇ ਹੋ ਚੁੱਕੇ ਹਨ। ਹੁਣ ਜਵਾਨੀ ਨੇ ਪਰਤ ਕੇ ਤਾਂ ਆਉਣਾ ਨਹੀਂ।

ਨੋਟ: ਗੁਰਬਾਣੀ ਦੇ ਅਰਥ ਕਰਦਿਆਂ ਇਹ ਨੁਕਤਾ ਜ਼ਰੂਰ ਧਿਆਨ ਰੱਖੀਏ ਕਿ ਗੁਰਬਾਣੀ ਹਰ ਉਮਰ ਦੇ ਮਨੁੱਖ ਉੱਤੇ ਇੱਕੋ ਜਿਹੀ ਲਾਗੂ ਹੁੰਦੀ ਹੈ। ਇਸ ਪੱਖੋਂ ਅਰਥ ਕਰਨ ਲਈ ਮਿਹਨਤ ਕਰਨੀ ਚਾਹੀਦੀ ਹੈ।

ਹੁਣ ਅਸੀਂ ਅਗਲੇ ਸਲੋਕ ਨੂੰ ਵੀ ਨਾਲ-ਨਾਲ ਵਿਚਾਰੀਏ, ਕਹਿੰਦੇ ਹਨ -

4. ਚੌਥਾ ਸਲੋਕ -

ਬਿਰਧਿ ਭਇਓ ਸੂਝੈ ਨਹੀ ਕਾਲੁ ਪਹੂਚਿਓ ਆਨਿ ॥

ਕਹੁ ਨਾਨਕ ਨਰ ਬਾਵਰੇ ਕਿਉ ਨ ਭਜੈ ਭਗਵਾਨੁ ॥4॥

ਜਦੋਂ ਗੁਰਬਾਣੀ ਦੀ ਸ਼ਬਦਾਵਲੀ ਨੂੰ ਸਮਝਣਾ ਹੋਵੇ ਤਾਂ ਪਰਿਭਾਸ਼ਾ ਵੀ ਗੁਰਬਾਣੀ ਵਿਚੋਂ ਹੀ ਲੱਭਣੀ ਚਾਹੀਦੀ ਹੈ। ਸਾਡੀ ਬੋਲੀ ਵਿਚ ਬੱਚੇ, ਜਵਾਨ ਅਤੇ ਬੁੱਢੇ ਦੀ ਪਰਿਭਾਸ਼ਾ ਸਰੀਰਕ ਤਲ ਤਕ ਸੀਮਤ ਹੈ। ਪਰ ਗੁਰਬਾਣੀ ਦੇ ਦ੍ਰਿਸ਼ਟੀਕੋਣ ਤੋਂ ਸਮਝੀਏ ਕਿ ਅਸੀਂ ਜਵਾਨ ਹਾਂ ਜਾਂ ਬੁੱਢੇ? ਗੁਰਬਾਣੀ ਕਿਸਨੂੰ ਬੱਚਾ, ਜਵਾਨ ਅਤੇ ਬੁੱਢਾ ਕਹਿੰਦੀ ਹੈ? ਗੁਰਬਾਣੀ ਸਰੀਰਕ ਉਮਰ ਦੀ ਗੱਲ੍ਹ ਨਹੀਂ ਕਰਦੀ। ਫਰੀਦ ਜੀ ਕਹਿੰਦੇ ਹਨ -

ਫਰੀਦਾ ਕਾਲੀ ਜਿਨੀ ਨ ਰਾਵਿਆ ਧਉਲੀ ਰਾਵੈ ਕੋਇ ॥ ਕਰਿ ਸਾਂਈ ਸਿਉ ਪਿਰਹੜੀ ਰੰਗੁ ਨਵੇਲਾ ਹੋਇ ॥12॥

ਮ: 3 ॥ ਫਰੀਦਾ ਕਾਲੀ ਧਉਲੀ ਸਾਹਿਬੁ ਸਦਾ ਹੈ ਜੇ ਕੋ ਚਿਤਿ ਕਰੇ ॥ ਆਪਣਾ ਲਾਇਆ ਪਿਰਮੁ ਨ ਲਗਈ ਜੇ ਲੋਚੈ ਸਭੁ ਕੋਇ ॥ ਏਹੁ ਪਿਰਮੁ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ ॥13॥ (1378)

ਆਮਤੋਰ ਤੇ ਬਜ਼ੁਰਗਾਂ ਕੋਲ ਬੈਠੋ ਤਾਂ ਉਹ ਕਹਿੰਦੇ ਹਨ ਕੀ ਥੋੜਾ ਉੱਚਾ ਬੋਲੋ, ਸੁਣਾਈ ਨਹੀਂ ਦਿੰਦਾ। ਗੋਡੇ ਖੜਕਦੇ ਹਨ, ਖੜਾ ਨਹੀਂ ਹੋ ਸਕਦਾ, ਕੰਮ ਨਹੀਂ ਕਰ ਸਕਦਾ, ਅੱਖਾ ਕੰਮ ਨਹੀ ਕਰਦੀਆਂ, ਠੀਕ ਸੁਣਦਾ ਨਹੀ ਹੈ, ਖਾਣਾ ਚਾਹੁੰਦਾ ਹੈ ਪਰ ਦੰਦ ਨਹੀਂ ਹਨ। ਇਹ ਭਜਨ ਕਰਨਾ ਚਾਹੁੰਦਾ ਹੈ ਪਰ ਕੁਝ ਕਰ ਨਹੀ ਸਕਦਾ।

ਜੋ ਨੌਜੁਆਨ ਭਾਵੇਂ 16 ਵਰ੍ਹਿਆਂ ਦਾ ਹੈ ਲੇਕਿਨ ਜੇ ਉਹ ਸੱਚ ਨਹੀਂ ਸੁਣਨਾ ਚਾਹੁੰਦਾ ਤਾਂ ਮਾਨੋ ਉਹ ਬੁੱਢਾ ਹੋ ਗਿਆ ਹੈ। ਕਿਉਂਕਿ ਕੰਨ ਕੰਮ ਨਹੀਂ ਕਰ ਰਹੇ, ਸੱਚ ਸੁਣਨਾ ਨਹੀਂ ਚਾਹੁੰਦੇ। ਜੇ ਸੱਚ ਦਿਖਦਾ ਨਹੀਂ ਹੈ ਤਾਂ ਮਾਨੋ ਕਿ ਉਹ ਬੁੱਢਾ ਹੈ, ਉਸ ਦੀਆਂ ਅੱਖਾ ਖਰਾਬ ਹੋ ਗਈਆਂ ਹਨ।

ਮਨੁੱਖ ਜਦੋਂ ਵੀ ਸੱਚ ਲੈਂਦਾ ਹੈ ਤਾਂ ਉਸ ਦੀ ਮਾਨਸਿਕ ਬਿਰਤੀ ਬੱਚੇ ਦੇ ਭੋਲੇਪਨ ਵਰਗੀ ਹੋ ਜਾਂਦੀ ਹੈ। ਪਾਇਓ ਬਾਲ ਬੁਧਿ ਸੁਖੁ ਰੇ ॥ (214) ਅਤੇ ਭੋਲੇ ਭਾਇ ਮਿਲੇ ਰਘੁਰਾਇਆ ॥ (324) ਭੋਲਾਪਨ ਇਹ ਹੈ ਕਿ ਜੋ ਦਿੱਤਾ ਜਾ ਰਿਹਾ ਹੈ ਉਹ ਲੈਣ ਲਈ ਤਿਆਰ ਹੈ। ਮਨੁੱਖ ਜਿਸ ਮਰਜ਼ੀ ਉਮਰ ਦਾ ਹੋਵੇ ਜਦੋਂ ਵੀ, ਜਿਸ ਵੇਲੇ ਵੀ ਸੱਚ ਨੂੰ ਲੈਣਾ ਚਾਹੁੰਦਾ ਹੈ ਜਾਂ ਲੈਂਦਾ ਹੈ ਤਾਂ ਇਹ ਬਚਪਨ ਦੀ ਕੋਮਲ ਬੁੱਧੀ ਦੀ ਨਿਸ਼ਾਨੀ ਹੈ, ਭੋਲੇਪਨ ਦੀ ਨਿਸ਼ਾਨੀ ਹੈ ਕਿ ਸੱਚ ਆਉਣ ਦਿਉ।

ਅੱਜ ਕਿਸੇ ਨੌਜੁਆਨ ਨਾਲ ਜੇ ਧਾਰਮਿਕਤਾ ਦੀ ਗੱਲ ਕਰੋ ਤਾਂ ਉਹ ਕਹਿੰਦਾ ਹੈ ਕਿ ਇਹ ਕਿਤਾਬੀ ਗੱਲ੍ਹਾਂ ਹਨ। ਹਰ ਨੌਜੁਆਨ ਅੱਜ ਬੁੱਢਾ ਹੈ, ਜੇ ਉਹ ਇਹ ਬਹਾਨਾ ਕਰਦਾ ਹੈ ਕਿ ਇਹ ਕਿਤਾਬੀ ਗੱਲ੍ਹਾਂ ਹਨ। ਜਦੋਂ ਸੱਚ ਲੈਣ ਦੀ ਸਮਰੱਥਾ ਖ਼ਤਮ ਹੋ ਜਾਏ ਤਾਂ ਸਮਝੋ ਕਿ ਬੁਢਾਪਾ ਹੈ। ਜਿਸ ਨੂੰ ਅਸੀਂ ਕਿਤਾਬੀ ਗੱਲ੍ਹਾਂ ਕਹਿੰਦੇ ਹਾਂ, ਉਨ੍ਹਾਂ ਦਾ ਪਤਾ ਸੜਕ ’ਤੇ ਪੈਦਲ ਤੁਰਦਿਆ ਜਾਂ ਗੱਡੀ ਚਲਾਂਦਿਆਂ ਹੀ ਲੱਗ ਜਾਂਦਾ ਹੈ, ਜਦੋਂ ਹੌਰਨ ਵਜਾ ਕੇ, ਕੋਈ ਸਾਡੇ ਤੋਂ ਅੱਗੇ ਅੋਵਰਟੇਕ ਕਰਕੇ ਗੱਡੀ ਲੈ ਜਾਵੇ ਤਾਂ ਮੱਥੇ ’ਤੇ ਹੱਥ ਮਾਰਦੇ ਹਾਂ, ਗਾਲ੍ਹਾਂ ਕੱਢਦੇ ਹਾਂ। ਅੱਜ ਦੇ ਨੌਜਵਾਨ ਆਪਣੇ ਕਰੀਅਰ, ਪੜ੍ਹਾਈਆਂ ਕਰਕੇ ਅਤੇ ਆਪਣੀਆਂ ਰੁਚੀਆਂ ਵਿਚ ਇਤਨੇ ਗ੍ਰਸਤ ਹਨ ਕਿ ਬਜ਼ੁਰਗਾਂ, ਮਾਪਿਆਂ ਜਾਂ ਹੋਰ ਲੋੜ੍ਹਵੰਦਾਂ ਲਈ ਕੋਈ ਵਕਤ ਨਹੀਂ। ਇਹ ਬੁਢਾਪਾ ਹੀ ਹੈ।

ਇਸ ਵਿਅੰਗ ਤੋਂ ਕੁਝ ਸਮਝਣ ਦਾ ਜਤਨ ਕਰਦੇ ਹਾਂ। ਇਕ ਸ਼ਾਹ ਜੀ ਕੋਲ ਇਕ ਤਾਰਾ ਵਜਾਉਣ ਵਾਲਾ ਆਇਆ ਅਤੇ ਸ਼ਾਹ ਜੀ ਨੂੰ ਕਿਹਾ ਕਿ ਮੇਰਾ ਇਕ ਤਾਰਾ ਸੁਣੋ। ਸ਼ਾਹ ਜੀ ਨੇ ਕਿਹਾ ਕਿ ਮੇਰੇ ਕੋਲ ਸਮ੍ਹਾਂ ਨਹੀਂ ਹੈ। ਇਕ ਤਾਰਾ ਵਜਾਉਣ ਵਾਲਾ ਭੁੱਖਾ ਸੀ ਉਸਨੇ ਤਰਲਾ ਪਾਇਆ ਤਾਂ ਸ਼ਾਹ ਜੀ ਮੰਨ ਗਏ ਅਤੇ ਕਹਿਣ ਲੱਗੇ ਕਿ ਤੂੰ ਅੱਜ ਦੱਸ ਰੁਪਏ ਲੈ ਅਤੇ ਪਰਸੋਂ ਆਈਂ ਇਕਤਾਰਾ ਸੁਣਾਉਣ। ਇਹ ਤਾਰਾ ਵਜਾਉਣ ਵਾਲਾ ਮਨੁੱਖ ਪਰਸੋਂ ਦੁਕਾਨ ’ਤੇ ਜਾਂਦਾ ਹੈ ਅਤੇ ਪੁੱਛਦਾ ਹੈ ਕਿ ਸ਼ਾਹ ਜੀ ਕਿੱਥੇ ਹਨ। ਉਥੋਂ ਉਸ ਨੂੰ ਪਤਾ ਲਗਦਾ ਹੈ ਕਿ ਸ਼ਾਹ ਜੀ ਦੀ ਮੌਤ ਹੋ ਗਈ ਹੈ ਅਤੇ ਉਨ੍ਹਾਂ ਨੂੰ ਸ਼ਮਸ਼ਾਨ ਲੈ ਜਾ ਰਹੇ ਹਨ। ਇਕਤਾਰਾ ਵਜਾਉਣ ਵਾਲਾ ਸ਼ਮਸ਼ਾਨ ਜਾ ਕੇ ਸ਼ਾਹ ਜੀ ਦੀ ਮਿਰਤਕ ਦੇਹ ਨੂੰ ਕਹਿੰਦਾ ਹੈ ਕਿ, ‘‘ਸ਼ਾਹ ਜੀ, ਹੁਣ ਤਾਂ ਤੁਹਾਡੇ ਕੋਲ ਸਮਾਂ ਹੀ ਸਮ੍ਹਾਂ ਹੈ, ਆਰਾਮ ਨਾਲ ਇਕਤਾਰਾ ਸੁਣੋ’’।

ਇਕ ਸਿੰਘ ਸਾਹਿਬ ਮੈਨੂੰ ਕਹਿੰਦੇ ਕਿ ਮੇਰੀ ਇੱਕ ਲੱਖ ਤਨਖ਼ਾਹ ਹੈ ਪਰ ਮੈਨੂੰ ਸਾਰਾ ਦਿਨ ਆਪਣੇ ਮੁਲਾਜ਼ਮਾਂ ’ਤੇ ਗੁੱਸਾ ਕਰਨਾ ਪੈਂਦਾ ਹੈ ਕਿਉਂਕਿ ਮੇਰੇ ਮਾਲਕ ਮੈਨੂੰ ਗੁੱਸਾ ਕਰਦੇ ਹਨ ਅਤੇ ਮੈਂ ਫਿਰ ਦੁਗਣਾ ਗੁੱਸਾ ਮੁਲਾਜ਼ਮਾਂ ’ਤੇ ਕੱਢਦਾ ਹਾਂ। ਇਕ ਕਹਾਵਤ ਸੁਣਨ ਵਿਚ ਆਉਂਦੀ ਹੈ ਕਿ ‘ਉਹ ਕਰੋੜਪਤੀ ਹੋ ਕੇ ਵੀ ਗਰੀਬ ਹੈ ਜਿਸਨੂੰ ਦਿਨ ਵਿਚ ਗੁੱਸਾ ਕਰ ਕੇ ਪੈਸੇ ਕਮਾਣੇ ਪੈਂਦੇ ਹਨ’।

ਜਿਸ ਸੱਸ ਨੂੰ ਨੂੰਹ ਨਾਲ ਅਤੇ ਨੂੰਹ ਨੂੰ ਸੱਸ ਨਾਲ ਜਾਂ ਮਾਂ-ਪਿਓ ਨੂੰ ਬਚਿਆਂ ਨਾਲ ਗੁੱਸਾ ਕਰ ਕੇ, ਘਰ ਚਲਾਉਣਾ ਪੈਂਦਾ ਹੈ, ਬੱਚੇ ਪੜ੍ਹਾਣੇ ਪੈਂਦੇ ਹਨ ਤਾਂ ਬੱਚੇ ਭਾਵੇਂ ਪੜ੍ਹ ਲੈਣਗੇ ਅਤੇ ਘਰ ਦਾ ਗੁਜ਼ਾਰਾ ਵੀ ਭਾਵੇਂ ਚਲ ਜਾਏਗਾ ਪਰ ਦਿਲ ਦਾ ਰਿਸ਼ਤਾ ਕਾਇਮ ਨਹੀਂ ਰਹੇਗਾ, ਦਿਲਾਂ ਵਿਚ ਵਿੱਥ ਪੈ ਜਾਵੇਗੀ। ਬੱਚੇ ਵੱਡੇ ਹੋ ਕੇ ਕਹਿਣਗੇ ਕਿ ਤੁਹਾਡੇ ਨੇੜੇ ਨਹੀਂ ਬੈਠਣਾ, ਤੁਹਾਨੂੰ ਕਹਿਣਗੇ ਕਿ ਤੁਸੀਂ ਬਹੁਤ ਬੋਲਦੇ ਹੋ। ਇਨ੍ਹਾਂ ਗਲ੍ਹਾਂ ਬਾਰੇ ਸੋਚੀਏ ਕਿ ਅਸੀਂ ਕਿਹੜੀ ਜੀਵਨ ਜਾਚ ਜਿਊ ਰਹੇ ਹਾਂ।

ਆਓ ਪਿਛਲਾ ਸਲੋਕ ਹੁਣ ਵਿਚਾਰੀਏ -

ਤਰਨਾਪੋ ਇਉ ਹੀ ਗਇਓ ਲੀਓ ਜਰਾ ਤਨੁ ਜੀਤਿ ॥

ਕਹੁ ਨਾਨਕ ਭਜੁ ਹਰਿ ਮਨਾ ਅਉਧ ਜਾਤੁ ਹੈ ਬੀਤਿ ॥3॥

ਮਨੁੱਖ ਉਮਰ ਦੇ ਭਾਵੇਂ ਕਿਸੀ ਵੀ ਪੜਾਅ ’ਤੇ ਹੋਵੇ ਪਰ ਉਸੀ ਪਲ ਬੁੱਢਾ ਹੈ, ਬਾਵਰਾ ਹੈ, ਜਦੋਂ ਆਪਣੇ ਦੁਨੀਆਵੀ ਹਰ ਕੰਮ ਲਈ ਤਾਂ ਸਮਾਂ ਕਢਦਾ ਹੈ ਉਤਸ਼ਾਹਿਤ ਰਹਿੰਦਾ ਹੈ ਪਰ ਸੱਚ ਲੈਣ ਲਈ ਆਲਸ ਕਰਦਾ ਹੈ, ਟਾਲਦਾ ਹੈ। ਅਸੀਂ ਸਾਰੇ ਬਾਵਰੇ ਹਾਂ, ਜੇ ਅਸੀਂ ਸਮਾਂ ਜ਼ਾਇਆ ਕਰਦੇ ਹਾਂ। ਗੁਰਬਾਣੀ ਦਾ ਕਥਨ ਹੈ, ਮਨਮੁਖੁ ਬਾਲਕੁ ਬਿਰਧਿ ਸਮਾਨਿ ਹੈ ਜਿਨ੍ਾ ਅੰਤਰਿ ਹਰਿ ਸੁਰਤਿ ਨਾਹੀ ॥ (1418)

ਲਾਲਚ ਝੂਠ ਬਿਕਾਰ ਮਹਾ ਮਦ ਇਹ ਬਿਧਿ ਅਉਧ ਬਿਹਾਨਿ ॥ ਕਹਿ ਕਬੀਰ ਅੰਤ ਕੀ ਬੇਰ ਆਇ ਲਾਗੋ ਕਾਲੁ ਨਿਦਾਨਿ ॥ (1124) ਰੋਜ਼-ਰੋਜ਼ ਅੰਤ ਕੀ ਬਾਰ ਉਹ ਵੇਲਾ ਜਦੋਂ ਸੱਚ ਤੈਨੂੰ ਵਿਸਰ ਜਾਂਦਾ ਹੈ, ਤੇਰਾ ਜੀਵਨ ਬੀਤ ਜਾਂਦਾ ਹੈ, ਇਸ ਬੁਢੇਪੇ ਦੀ ਅਵਸਥਾ ਵਿਚ ਤੇਰਾ ਸਮਾ ਲੰਘ ਰਿਹਾ ਹੈ। ਇਹ ਉਮਰ ਤੇਰੀ ਬੀਤ ਰਹੀ ਹੈ। ਇੱਥੇ ਬੀਤ ਚੁਕੇ ਸਮੇ ਦੀ ਗਲ ਨਹੀਂ ਹੈ ਸਗੋਂ ਇਸ ਪੱਖੋ ਸਮਝਨਾ ਹੈ ਕਿ ਸਮਾ ਬੀਤ ਰਿਹਾ ਹੈ। ਜਿਸਨੂੰ ਇਹ ਨੁਕਤਾ ਸਮਝ ਆ ਜਾਂਦਾ ਹੈ ਕਿ ਮੇਰਾ ਵਕਤ ਜ਼ਾਇਆ ਜਾ ਰਿਹਾ ਹੈ, ਉਸ ਦਾ ਬੇਕਾਰ ਦੀਆਂ ਚੀਜ਼ਾਂ ਤੋਂ ਲਗਾਵ ਆਪ ਹੀ ਖ਼ਤਮ ਹੋ ਜਾਂਦਾ ਹੈ। ਜਿਸ ਦੇ ਅੰਦਰ ਸਚ ਨੂੰ ਮਿਲਣ ਦੀ ਤੜਪ ਹੈ ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਸੁਚੇਤ ਹੋ ਜਾਂਦਾ ਹੈ। ਜਦੋਂ ਸੁਚੇਤ ਹੋ ਜਾਂਦਾ ਹੈ, ਤਾਂ ਇਹ ਹੀ ਆਤਮਕ ਉੱਚਤਾ ਦੀ ਨਿਸ਼ਾਨੀ ਹੈ, ਸੁਚੱਜੀ ਜੀਵਨ ਜਾਚ ਹੈ।

‘ਅਉਧ ਜਾਤੁ ਹੈ ਬੀਤਿ’ ਅਉਧ ਦਾ ਅਰਥ ਹੈ ਦੂਰੀ। ਭਾਵ ਕਿ ਐ ਮਨੁੱਖ! ਤੇਰੀ ਰੱਬ ਨਾਲ ਦੂਰੀ ਵਧਦੀ ਜਾ ਰਹੀ ਹੈ, ਤੂੰ ਕਿਸਦੇ ਨਾਲ ਰਚਿਆ ਹੋਇਆ ਹੈਂ। ਜੇ ਤੇਰਾ ਮਨ ਮੈਲਾ ਹੈ ਤਾਂ ਤੂੰ ਇਹਨਾਂ ਵਿਚ ਖੱਚਿਤ ਰਹਿੰਦਾ ਹੈਂ।

ਛਿਨ-ਛਿਨ, ਪਲ-ਪਲ ਘੜੀ ਦੀ ਟਿਕ-ਟਿਕ ਨਾਲ ਸਮਾਂ ਬੀਤੀ ਜਾ ਰਿਹਾ ਹੈ। ਛਿਨੁ ਛਿਨੁ ਕਰਿ ਗਇਓ ਕਾਲੁ ਤੈਸੇ ਜਾਤੁ ਆਜੁ ਹੈ ॥ (1352) ਮੌਤ ਤੋਂ ਪਿੱਛੋਂ ਦੀ ਗੱਲ ਨਹੀਂ ਕੀਤੀ ਜਾ ਰਹੀ। ਮ:9 ਦੀ ਬਾਣੀ ਉਦਾਸੀਨਤਾ ਬਾਰੇ, ਮਰਣ ਮਗਰੋਂ ਨਰਕਾਂ ਵਿਚ ਜਾਣ ਦੇ ਡਰ ਬਾਰੇ ਗਲ ਨਹੀਂ ਕਰਦੀ।

ਜਹ ਮਹਾ ਭਇਆਨ ਦੂਤ ਜਮ ਦਲੈ ॥ ਤਹ ਕੇਵਲ ਨਾਮੁ ਸੰਗਿ ਤੇਰੈ ਚਲੈ ॥ (264) ਇਨ੍ਹਾਂ ਪੰਕਤੀਆਂ ਵਿਚ ਮਰਨ ਮਗਰੋਂ ਦੀ ਗਲ ਨਹੀਂ ਚਲ ਰਹੀ ਕਿ ਜਦੋਂ ਮਰਾਂਗੇ ਫਿਰ 365 ਦਿਨ ਲੱਗਣਗੇ, ਰਸਤੇ ਵਿਚ ਕੰਡੇ ਹੋਣਗੇ। ਇਸ ਕਰਕੇ ਜੁੱਤੀਆਂ, ਭਾਂਡੇ, ਬਿਸਤਰਾ, ਮੰਜਾ ਅਤੇ ਦੀਵਾ ਆਦਿ ਦਾਨ ਵਿਚ ਦਿਓ। ਤੇਰੀ ਜੀਵਨ ਜਾਚ ਵਿਚ ਵਿਕਾਰ ਤੈਨੂੰ ਖਿੱਚ ਰਹੇ ਹੋਣ, ਇਹ ਹਨੇਰੇ ਦਾ ਲਖਾਇਕ ਹੈ। ਨਾਮ ਹੁੰਦਾ ਹੈ ਸੱਚ ਦਾ ਗਿਆਨ। ਉਸ ਸਮੇਂ ਸੱਚ ਦਾ ਗਿਆਨ, ਬਿਬੇਕ ਬੁੱਧੀ ਕੰਮ ਆਏਗੀ। ਗੁਰਬਾਣੀ ਸੋਝੀ ਦਿੰਦੀ ਹੈ ਕਿ ਅੱਜ ਸੱਚ ਨਾਲ ਜੁੜ।




.