ਜੇ ਕਰਿ ਸੂਤਕੁ ਮੰਨੀਐ……
ਭਰਮ ਮਨੁੱਖਾ ਮਨ ਦੇ ਮਾਰੂ ਰੋਗਾਂ ਵਿੱਚੋਂ ਇੱਕ ਵੱਡਾ ਰੋਗ ਹੈ। ਭਰਮ ਮਨੁੱਖ
ਦੇ ਮਨ ਨੂੰ ਸਹਿਜੇ ਹੀ ਕਮਜ਼ੋਰ ਕਰ ਦਿੰਦੇ ਹਨ। ਅਤੇ, ਕਮਜ਼ੋਰ ਮਨ ਵਾਲੇ ਮਨੁੱਖ ਨੂੰ ਮਾਨਸਿਕ ਤੌਰ
`ਤੇ ਵੱਸ ਵਿੱਚ ਕਰਕੇ ਠੱਗਣਾ ਬਹੁਤ ਹੀ ਆਸਾਨ ਹੁੰਦਾ ਹੈ। ਮਨੁੱਖ ਦੀ ਇਸ ਮਾਨਸਿਕ ਕਮਜ਼ੋਰੀ ਤੋਂ
ਜਾਣੂ ਅਰਥਵਾਦੀ, ਛਲਾਰ ਤੇ ਫ਼ਰੇਬੀ ਪੁਜਾਰੀਆਂ ਨੇ, ਅਦਿ ਕਾਲ ਤੋਂ ਹੀ, ਮਨੁੱਖਾਂ ਦੇ ਮਨਾਂ ਵਿੱਚ ਕਈ
ਤਰ੍ਹਾਂ ਦੇ ਵਹਿਮਾਂ-ਭਰਮਾਂ ਦਾ ਅਜਿਹਾ ਜ਼ਹਿਰ ਘੋਲਿਆ ਹੋਇਆ ਹੈ ਕਿ ਨਾ ਤਾਂ ਉਹ ਜਿਊਂਦਿਆਂ `ਚ ਰਹੇ
ਹਨ ਤੇ ਨਾ ਹੀ ਮਰਿਆਂ ਵਿੱਚ। ਸੂਤਕ ਦਾ ਵਹਿਮ ਵੀ ਅਜਿਹੇ ਭਰਮਾਂ ਵਿੱਚੋਂ ਇੱਕ ਵੱਡਾ ਭਰਮ ਹੈ।
ਪੰਡਤਾਂ-ਪੁਜਾਰੀਆਂ ਨੇ ਭਾਰਤ ਦੇ ਬਹੁਤੇ ਪਰਿਵਾਰਾਂ ਨੂੰ ਸੂਤਕ ਦੇ ਡਰਾਉਣੇ ਭਰਮ-ਜਾਲ ਵਿੱਚ ਅਜਿਹਾ
ਉਲਝਾ ਰੱਖਿਆ ਹੈ ਕਿ ਇਸ ਵਿੱਚੋਂ ਨਿਕਲਣਾ ਅਸੰਭਵ ਹੋ ਚੁੱਕਿਆ ਹੈ। ਸੂਤਕ ਦੇ ਭਰਮ ਦਾ ਪਿਛੋਕੜ
ਪ੍ਰਾਚੀਨ ਭਾਰਤੀ ਗ੍ਰੰਥਾਂ ਵਿੱਚ ਵੇਖਿਆ ਜਾ ਸਕਦਾ ਹੈ।
ਜਨਮ ਦੇਣ ਵਾਲੀ ਇਸਤ੍ਰੀ (ਪ੍ਰਸੂਤਾ) ਅਤੇ ਜਨੇਪੇ ਸਮੇਂ ਉਪਜੀ ਕਥਿਤ
ਅਪਵਿੱਤਰਤਾ ਤੇ ਅਸ਼ੁੱਧਤਾ ਨੂੰ ਸੂਤਕ ਕਿਹਾ ਜਾਂਦਾ ਹੈ। ਸੂਤਕ ਦੇ ਦਿਨਾਂ ਵਿੱਚ ਪ੍ਰਸੂਤਾ ਨੂੰ,
ਅਪਵਿਤ੍ਰ ਜਾਣ ਕੇ, ਰਸੋਈ/ਚੌਂਕੇ ਵਿੱਚ ਨਹੀਂ ਜਾਣ ਦਿੱਤਾ ਜਾਂਦਾ। ਕਿਸੇ ਓਪਰੇ ਜਾਂ ਬਾਹਰਲੇ ਬੰਦੇ
ਨੂੰ ਵੀ ਪ੍ਰਸੂਤਾ ਦੇ ਕਮਰੇ ਵਿੱਚ ਜਾਣ ਤੋਂ ਪਹਿਲਾਂ ਕਣਕ ਜਾਂ ਅਨਾਜ ਨੂੰ ਹੱਥ ਲਵਾਇਆ ਜਾਂਦਾ ਹੈ
ਤਾਂ ਜੋ ਕੋਈ ਬੁਰੀ ਬਲਾ ਨਵਜਾਤ ਬੱਚੇ ਕੋਲ ਨਾ ਚਲੀ ਜਾਏ! ਸੂਤਕ ਦੀ ਮਿਆਦ ਮੁੱਕਣ ਤੋਂ ਬਾਅਦ
ਪ੍ਰਸੂਤਾ ਨੂੰ ਨੁਹਾ-ਧੁਆ ਕੇ, ਉਸ ਦੀ ਸ਼ੁੱਧ-ਸ਼ੁਧਾਈ ਕਰਕੇ, ਅਤੇ ਹਵਨ ਵਗ਼ੈਰਾ ਕਰ/ਕਰਵਾ ਕੇ ਚੌਂਕੇ
ਚੜ੍ਹਾਇਆ ਜਾਂਦਾ ਹੈ! ! ਸੂਤਕ ਦੇ ਦਿਨਾਂ ਵਿੱਚ ਘਰ-ਪਰਿਵਾਰ ਦੇ ਸਾਰੇ ਸਦਸਯਾਂ ਵਾਸਤੇ ਧਰਮ-ਕਾਰਜਾਂ
ਵਿੱਚ ਹਿੱਸਾ ਲੈਣ ਤੇ ਮੰਦਰ ਆਦਿ ਵਿੱਚ ਜਾਣ ਦੀ ਮਨਾਹੀ ਵੀ ਹੁੰਦੀ ਹੈ! ਇਸ ਸਭ ਕੁੱਝ ਦਾ ਧਾਰਮਿਕ
ਜਾਂ ਆਤਮਿਕ ਪੱਖੋਂ ਕੀ ਮਹੱਤਵ ਹੈ? ਇਸ ਬਾਰੇ ਕਿਤੋਂ ਵੀ ਕੋਈ ਤਸੱਲੀਬਖ਼ਸ਼ ਜਾਣਕਾਰੀ ਨਹੀਂ ਮਿਲ ਸਕੀ!
!
ਸੂਤਕ ਦੀ ਮਿਆਦ, ਆਮ ਤੌਰ `ਤੇ, ਸਵਾ ਮਹੀਨਾ ਜਾਂ ਚਾਲੀ ਦਿਨ ਮੰਨੀ ਜਾਂਦੀ
ਹੈ। ਪ੍ਰੰਤੂ ਗ੍ਰੰਥਾਂ ਵਿੱਚ ਇਹ ਮਿਆਦ ਪ੍ਰਸੂਤਾ ਦੇ ਵਰਣ ਅਨੁਸਾਰ ਵੱਧ-ਘੱਟ ਨਿਰਧਾਰਤ ਕੀਤੀ ਗਈ
ਦੱਸੀ ਜਾਂਦੀ ਹੈ; ਬ੍ਰਾਹਮਣੀ ਦੇ ਸੂਤਕ ਦੀ ਸੱਭ ਤੋਂ ਘਟ ਤੇ ਸ਼ੂਦਰ ਪ੍ਰਸੂਤਾ ਦੀ ਸੱਭ ਤੋਂ ਜ਼ਿਆਦਾ!
ਸੂਤਕ ਦੇ ਵਹਿਮ ਵਿੱਚ ਵਿਸ਼ਵਾਸ ਅਤੇ ਵਰਣ ਅਨੁਸਾਰ ਸੂਤਕ ਦੇ ਸਮੇਂ ਦੀ ਮਿਆਦ ਦੇ ਵਿਤਕਰੇ ਪਿੱਛੇ ਕੀ
ਤਰਕ ਹੈ? ਸੂਤਕ ਦੇ ਭਰਮ ਨੂੰ ਪ੍ਰਚਾਰਣ ਤੇ ਪਾਲਣ ਵਾਲੇ ਅਤੇ ਇਸ ਭਰਮ ਵਿੱਚ ਵਿਸ਼ਵਾਸ ਰੱਖਣ ਵਾਲੇ
ਬਹੁਤੇਰਿਆਂ ਤੋਂ ਪੁੱਛਣ `ਤੇ ਵੀ ਇਨ੍ਹਾਂ ਸਵਾਲਾਂ ਦਾ ਕੋਈ ਤਸੱਲੀਬਖ਼ਸ਼ ਜਵਾਬ ਹਾਸਿਲ ਕਰਨ ਤੋਂ ਅਸੀਂ
ਅਸਮਰੱਥ ਰਹੇ ਹਾਂ!
ਸੂਤਕ ਦੇ ਭਰਮ-ਜਾਲ ਵਿੱਚ ਉਲਝੇ ਹੋਏ ਮਨੁੱਖ ਨੂੰ ਇਸ ਭਰਮ ਤੋਂ ਮਾਨਸਿਕ
ਆਜ਼ਾਦੀ ਦਿਵਾਉਣ ਦਾ ਉਪਰਾਲਾ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ:-
ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ॥
ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ॥
ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ॥
ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥
ਸੂਤਕੁ ਕਿਉਕਰਿ ਰਖੀਐ ਸੂਤਕੁ ਪਵੈ ਰਸੋਇ॥
ਨਾਨਕ ਸੂਤਕੁ ਏਵ ਨ ਉਤਰੈ ਗਿਆਨ ਉਤਾਰੈ ਧੋਇ॥ ੧॥ ਸਲੋਕ ਮ: ੧
ਸ਼ਬਦ ਅਰਥ:- ਸੂਤਕੁ: ਸੂਤ=ਜਨੇਪਾ, ਜਨੇਪੇ ਉਪਰੰਤ ਪ੍ਰਸੂਤਾ ਇਸਤ੍ਰੀ
ਨੂੰ ਜਨੇਪੇ ਦੀ ਕਥਿਤ ਮਲ ਕਾਰਣ ਅਸ਼ੁੱਧ ਤੇ ਅਪਵਿੱਤਰ ਸਮਝਣਾ; ਅਪਵਿੱਤਰਤਾ, ਅਸ਼ੁੱਧੀ। ਮੰਨੀਐ:
ਸੂਤਕ ਦੇ ਵਹਿਮ ਵਿੱਚ ਵਿਸ਼ਵਾਸ ਕਰ ਲਈਏ। ਸਭ ਤੈ: ਸਭ ਜਗ੍ਹਾ, ਹਰ ਥਾਂ। ਕੀੜਾ:
ਜੀਵ-ਜੰਤ, ਕਿਰਮ, ਬਾਰੀਕ ਸੂਖਮ ਜੀਵ, ਘੁਣ ਤੇ ਸਿਉਂਕ ਆਦਿ। ਜੇਤੇ: ਜਿਤਨੇ ਵੀ।
ਜੀਆਂ: ਜੀਵਾਂ। ਬਾਝੁ: ਬਿਨਾਂ। ਜਿਤੁ: ਜਿਸ ਤੋਂ। ਹਰਿਆ: ਹਰਾ,
ਜੀਵਤ, ਪ੍ਰਫ਼ੁੱਲਿਤ, ਖ਼ੁਸ਼-ਆਨੰਦ। ਸਭੁ ਕੋਇ: ਸਾਰੇ ਜੀਵ, ਹਰ ਇੱਕ ਪ੍ਰਾਣੀ। ਕਿਉਕਰਿ:
ਕਿਵੇਂ, ਕਿਸ ਤਰ੍ਹਾਂ। ਰਸੋਇ: ਰਸੋਈ, ਚੌਂਕਾ। ਏਵ: ਇਸ ਢੰਗ ਨਾਲ, ਇਉਂ।
ਗਿਆਨ: (ਅਧਿਆਤਮ) ਗਿਆਨ। ੧।
ਭਾਵ ਅਰਥ:- ਜੇ (ਪ੍ਰਾਚੀਨ ਭਾਰਤੀ ਗ੍ਰੰਥਾਂ ਵਿੱਚ ਲਿਖੇ ਤੇ
ਪਾਂਡਿਆਂ ਦੁਆਰਾ ਪ੍ਰਚਾਰੇ ਜਾਂਦੇ) ਜਨੇਪੇ ਦੇ ਸੂਤਕ ਨੂੰ ਮੰਨ ਵੀ ਲਿਆ ਜਾਏ ਤਾਂ ਸਵਾਲ ਇਹ ਉੱਠਦਾ
ਹੈ ਕਿ ਸੂਤਕ (ਸੂਖਮ ਜੀਵਾਂ ਦੇ ਮਲ ਦੀ ਕਥਿਤ ਅਸ਼ੁੱਧੀ) ਤਾਂ ਹਰ ਥਾਂ ਮੌਜੂਦ ਹੈ। ਗੋਹੇ ਅਤੇ ਲਕੜੀ
ਵਿੱਚ ਵੀ ਇਹ ਸੂਤਕ ਮੌਜੂਦ ਹੈ। ਅਨਾਜ (ਜੋ ਮਨੁੱਖ ਤੇ ਹੋਰ ਸਾਰੇ ਪ੍ਰਾਣੀ ਖਾਂਦੇ ਹਨ) ਦੇ ਜਿਤਨੇ
ਵੀ ਦਾਣੇ ਹਨ, ਉਹ ਸਾਰੇ ਵੀ ਸੂਖਮ ਜੀਵਾਂ ਤੋਂ ਬਿਨਾਂ ਨਹੀਂ ਹਨ। ਪਾਣੀ (ਜੋ ਕਿ ਪ੍ਰਾਕ੍ਰਿਤੀ ਦਾ
ਇੱਕ ਮੂਲ ਤੱਤ ਹੈ) ਪਹਿਲਾ ਜੀਵ ਹੈ ਜਿਸ ਨਾਲ ਹੋਰ ਸਾਰੇ ਸਵਾਸਧਾਰੀ (ਜੀਵ ਤੇ ਵਣਸਪਤੀ) ਸਜੀਵ
ਹੁੰਦੇ ਤੇ ਖਿੜਦੇ ਹਨ। (ਕਥਿਤ) ਸੂਤਕ ਤੋਂ ਪਰਹੇਜ਼ ਕਿਵੇਂ ਰੱਖਿਆ ਜਾ ਸਕਦਾ ਹੈ? (ਕਿਉਂਕਿ) ਰਸੋਈ
(ਜਿੱਥੇ ਖਾਧਾ ਜਾਣ ਵਾਲਾ ਅਨਾਜ ਰੱਖਿਆ ਤੇ ਪਕਾਇਆ ਜਾਂਦਾ ਹੈ) ਵਿੱਚ ਵੀ ਇਹ ਸੂਤਕ ਹੁੰਦਾ ਹੈ।
ਨਾਨਕ ਵਿਚਾਰ ਕਰਦਾ ਹੈ ਕਿ, ਸੂਤਕ ਦਾ ਇਹ ਭਰਮ ਕਿਸੇ ਵੀ ਪਰਹੇਜ਼ ਨਾਲ ਦੂਰ ਨਹੀਂ ਹੋ ਸਕਦਾ; ਆਤਮਿਕ
ਗਿਆਨ (ਦਾ ਦਾਰੂ) ਹੀ ਇਸ ਭਰਮ (ਦੇ ਰੋਗ) ਨੂੰ ਮਨ ਤੋਂ ਧੋ ਕੇ ਲਾਹ ਸਕਦਾ ਹੈ। ੧।
ਸੂਤਕ ਦੇ ਵਿਆਪਕ ਵਹਿਮ ਨੂੰ ਦਲੀਲਾਂ ਨਾਲ ਰੱਦ ਕਰਨ ਉਪਰੰਤ ਗੁਰੂ ਨਾਨਕ ਦੇਵ
ਜੀ ਭਟਕੇ ਹੋਏ ਮਨ ਅਤੇ ਬੇਕਾਬੂ ਗਿਆਨ ਇੰਦ੍ਰੀਆਂ ਦੇ ਕੁੱਝ ਇੱਕ ਉਨ੍ਹਾਂ ਘਾਤਿਕ ਸੂਤਕਾਂ ਦਾ ਵਰਣਨ
ਕਰਦੇ ਹਨ ਜਿਨ੍ਹਾਂ ਕਾਰਣ ਮਨੁੱਖ ਦਾ ਮਨ ਮਲੀਨ ਤੇ ਭ੍ਰਸ਼ਟ ਹੋ ਕੇ ਸੱਭ ਪਾਸੇ ਅਪਵਿੱਤਰਤਾ ਤੇ
ਅਸ਼ੁੱਧਤਾ ਫ਼ੈਲਾਉਂਦਾ ਹੈ। ਦਰਅਸਲ, ਮਨੁੱਖ ਨੂੰ ਜਨੇਪੇ ਦੇ ਕਥਿਤ ਸੂਤਕ ਦੀ ਬਜਾਏ, ਭ੍ਰਸ਼ਟ ਮਨ
ਅਤੇ ਬੇਲਗਾਮ ਇੰਦ੍ਰੀਆਂ ਦੇ ਮਾਰੂ ਸੂਤਕਾਂ ਤੋਂ ਪਰਹੇਜ਼ ਕਰਨ ਦੀ ਜ਼ਰੂਰਤ ਹੈ। ਲਾਲਚ, ਝੂਠ-ਫ਼ਰੇਬ,
ਕੂੜ-ਕੁਸੱਤ, ਮੈਲੀ ਤੱਕਨੀ ਤੇ ਕਾਮ, ਦੂਸਰਿਆਂ ਦੀ ਨਿੰਦਾ ਕਰਨ ਤੇ ਸੁਣਨ ਦਾ ਝੱਸ ਅਤੇ ਭੇਖ ਆਦਿ
ਅਸਲੀ ਸੂਤਕ ਹਨ ਜਿਨ੍ਹਾਂ ਤੋਂ ਮਨੁੱਖ ਨੂੰ ਬਚਣ ਦੀ ਲੋੜ ਹੈ। ਗੁਰੁਫ਼ਰਮਾਨ ਹੈ:
ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜ॥
ਅਖੀ ਸੂਤਕੁ ਵੇਖਣਾ ਪਰ ਤ੍ਰਿਅ ਪਰ ਧਨ ਰੂਪੁ॥
ਕੰਨੀ ਸੂਤਕੁ ਕੰਨਿ ਪੈ ਲਾਇਤਬਾਰੀ ਖਾਹਿ॥
ਨਾਨਕ ਹੰਸਾ ਆਦਮੀ ਬਧੇ ਜਮਪੁਰਿ ਜਾਹਿ॥ ੨॥ ਸਲੋਕ ਮ: ੧
ਸ਼ਬਦ ਅਰਥ:- ਲੋਭੁ: ਲਾਲਚ, ਤ੍ਰਿਸ਼ਨਾ। ਜਿਹਵਾ: ਜੀਭ, ਜ਼ੁਬਾਨ।
ਕੂੜ: ਝੂਠ, ਛਲ-ਕਪਟ। ਅਖੀ: ਅੱਖਾਂ ਦਾ। ਪਰ: ਪਰਾਈ, ਦੂਜਿਆਂ ਦੀ।
ਤ੍ਰਿਅ: ਇਸਤ੍ਰੀ, ਔਰਤ, ਜ਼ਨਾਨੀ। ਧਨ: ਦੌਲਤ, ਸੰਪਤੀ। ਰੂਪ: ਹੁਸਨ,
ਸੁੰਦਰਤਾ। ਲਾਇਤਬਾਰੀ: ਚੁਗ਼ਲੀ, ਪਿੱਠ ਪਿੱਛੇ ਕਿਸੇ ਦੀ ਬੁਰਾਈ ਕਰਨਾ। ਖਾਹਿ:
ਖਾਂਦਾ ਹੈ। ਹੰਸਾ: ਆਤਮਾ; ਚਿੱਟੇ ਭੇਖ ਵਾਲਾ। ਆਦਮੀ: ਮਨੁੱਖ। ਜਮਪੁਰਿ:
ਯਮ ਦੇ ਦੇਸ, ਨਰਕ। ੨।
ਭਾਵ ਅਰਥ:- ਮਨ ਨੂੰ ਮਲੀਨ ਤੇ ਅਪਵਿੱਤਰ ਕਰਨ ਵਾਲਾ ਸੂਤਕ ਲੋਭ ਤੇ
ਤ੍ਰਿਸ਼ਨਾ ਹੈ; ਅਤੇ ਝੂਠ ਬਕਨਾ ਜ਼ੁਬਾਨ ਦਾ ਸੂਤਕ ਹੈ। ਪਰਾਈ ਇਸਤ੍ਰੀ, ਪਰਾਇਆ ਧਨ ਤੇ ਪਰਾਈ ਸੁੰਦਰਤਾ
ਨੂੰ ਮੈਲੀਆਂ ਅੱਖਾਂ ਨਾਲ ਤੱਕਣਾ ਅੱਖਾਂ ਦਾ ਸੂਤਕ ਹੈ।
ਦੂਸਰਿਆਂ ਦੀ ਚੁਗ਼ਲੀ ਨਿੰਦਾ ਨੂੰ ਕੰਨ ਲਾ ਕੇ ਧਿਆਨ ਨਾਲ ਸੁਣਨਾ ਕੰਨਾਂ ਦਾ
ਸੂਤਕ ਹੈ।
ਨਾਨਕ ਕਥਨ ਕਰਦਾ ਹੈ ਕਿ, (ਮਨ ਅਤੇ ਇੰਦ੍ਰੀਆਂ ਦੇ ਉਪਰੋਕਤ) ਸੂਤਕਾਂ ਦੇ
ਰੋਗੀ ਮਨੁੱਖਾਂ ਦੀ ਆਤਮਾ, ਨਿਸ਼ਚੇ ਹੀ, ਨਰਕ ਵਿੱਚ ਜਾਂਦੀ ਹੈ। ੨।
ਪਹਿਲੇ ਦੋ ਸ਼ਲੋਕਾਂ ਵਿੱਚ ਸੂਤਕ ਦੇ ਭਰਮ ਦੇ ਵਿਸ਼ੇ ਉੱਤੇ ਕੀਤੀ ਗਈ ਬਿਬੇਕ
ਪੂਰਨ ਵਿਚਾਰ ਦੇ ਸਿੱਟੇ/ਨਿਸ਼ਕਰਸ਼ ਵਜੋਂ ਗੁਰੂ ਨਾਨਕ ਦੇਵ ਜੀ ਲਿੱਖਦੇ ਹਨ:
ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ॥
ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ॥
ਖਾਣਾ ਪੀਣਾ ਪਵਿਤ੍ਰ ਹੈ ਦਿਤੋਨੁ ਰਿਜਕੁ ਸੰਬਾਹਿ॥
ਨਾਨਕ ਜਿਨੀੑ ਗੁਰਮੁਖਿ ਬੁਝਿਆ ਤਿਨਾੑ ਸੂਤਕੁ ਨਾਹਿ॥ ੩॥ ਸਲੋਕ ਮ: ੧
ਸ਼ਬਦ ਅਰਥ:- ਸਭੋ: ਸਾਰਾ, ਸੁਧਾ। ਭਰਮ: ਵਹਿਮ, ਮਨ ਦਾ
ਭੁਲੇਖਾ। ਦੂਜੈ: (ਰੱਬ ਨਾਲੋਂ ਟੁੱਟ ਕੇ) ਦੂਸਰੇ (ਮਾਇਆ) ਨਾਲ। ਲਗੈ: ਲੱਗਦਾ ਹੈ,
ਸਾਂਝ ਪਾਉਂਦਾ ਹੈ। ਭਾਣੈ: ਰੱਬ ਦੀ ਰਜ਼ਾ ਵਿੱਚ। ਦਿਤੋਨੁ: ਉਸ (ਰੱਬ) ਨੇ ਦਿੱਤਾ
ਹੈ। ਰਿਜਕੁ: ਖਾਣ ਵਾਲੇ ਪਦਾਰਥ। ਸੰਬਾਹਿ: ਸੰਬਾਹਨ: ਦੇਣਾ, ਪਹੁੰਚਾਉਣਾ; ਦਿੰਦਾ
ਹੈ, ਪਹੁੰਚਾਉਂਦਾ ਹੈ। ਗੁਰਮੁਖਿ: (ਗਿਆਨ-) ਗੁਰੂ ਦੀ ਸਿੱਖਿਆ ਦੁਆਰਾ, ਗੁਰੂ ਦੇ ਸਨਮੁਖ
ਹੋਇਆਂ। ਬੁਝਿਆ: ਜਾਣ ਲਿਆ, ਸਮਝ ਲਿਆ।
ਭਾਵ ਅਰਥ:- ਸੂਤਕ ਨਿਰਾ ਭਰਮ ਹੈ; ਇਹ ਭਰਮ ਉਸੇ ਮਨੁੱਖ ਨੂੰ ਹੁੰਦਾ ਹੈ
ਜਿਹੜਾ ਰੱਬ ਨਾਲੋਂ ਟੁੱਟ ਕੇ ਦੂਜੇ (ਮਾਇਆ) ਨਾਲ ਮਨ ਜੋੜਦਾ ਹੈ।
ਜੀਵਾਂ ਦਾ ਜੰਮਨਾ ਮਰਨਾ ਰੱਬ ਦੇ ਹੁਕਮ ਵਿੱਚ ਹੀ ਹੁੰਦਾ ਹੈ; ਪ੍ਰਾਣੀ ਇਸ
ਸੰਸਾਰ ਵਿੱਚ ਰੱਬ ਦੀ ਰਜ਼ਾ ਵਿੱਚ ਹੀ ਆਉਂਦੇ ਤੇ ਜਾਂਦੇ ਹਨ।
ਉਸ (ਪਾਲਣਹਾਰ) ਦਾਤੇ ਦੇ ਦਿੱਤੇ ਖਾਦ ਪਦਾਰਥਾਂ (ਜਿਨ੍ਹਾਂ ਵਿੱਚ ਵੀ ਜੀਵ
ਹੁੰਦੇ ਹਨ) ਦਾ ਖਾਣਾ ਪੀਣਾ ਵੀ ਜਾਇਜ਼ ਤੇ ਪਵਿਤ੍ਰ ਹੈ।
ਨਾਨਕ ਵਿਚਾਰ ਕਰਦਾ ਹੈ ਕਿ, ਗਿਆਨ-ਗੁਰੂ ਦੀ ਸਿੱਖਿਆ `ਤੇ ਚੱਲਣ ਵਾਲੇ
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸਨਮੁੱਖ ਹੋ ਕੇ ਉਕਤ ਸੱਚ ਸਮਝ ਲਿਆ ਹੈ, ਉਨ੍ਹਾਂ ਨੂੰ ਸੂਤਕ ਦਾ
ਵਹਿਮ ਨਹੀਂ ਚੰਮੜਦਾ। ੩।
ਗੁਰੂ ਨਾਨਕ ਦੇਵ ਜੀ ਦੇ, ਉਪਰ ਵਿਚਾਰੇ, ਸ਼ਲੋਕਾਂ ਵਿੱਚੋਂ ਉਘੜ ਕੇ ਆਏ ਹੇਠ
ਲਿਖੇ ਤੱਥ ਵਿਚਾਰਨਯੋਗ ਹਨ:
ਸੂਤਕ ਦਾ ਭਰਮ ਪੁਜਾਰੀਆਂ ਦੁਆਰਾ ਫ਼ੈਲਾਇਆ ਗਿਆ ਇੱਕ ਮਾਨਸਿਕ ਰੋਗ ਹੈ। ਇਸ
ਮਾਨਸਿਕ ਰੋਗ ਤੋਂ ਛੁਟਕਾਰਾ ਪਾਉਣ ਵਾਸਤੇ ਆਤਮ-ਗਿਆਨ ਦੀ ਲੋੜ ਹੈ, ਅਤੇ ਇਹ ਗਿਆਨ ਗੁਰੂ (ਗ੍ਰੰਥ)
ਦੀ ਸਿੱਖਿਆ ਦੁਆਰਾ ਹੀ ਮਿਲ ਸਕਦਾ ਹੈ।
ਪ੍ਰਭੂ ਦੇ ਭਾਣੇ ਵਿੱਚ ਜੋ ਕੁੱਝ ਵੀ ਹੁੰਦਾ ਹੈ, ਉਹ ਅਪਵਿਤ੍ਰ ਤੇ ਨਾਪਾਕ
ਨਹੀਂ ਹੈ; ਇਸ ਲਈ, ਕਿਸੇ ਵੀ ਕੁਦਰਤੀ ਵਰਤਾਰੇ ਦਾ ਭਰਮ ਕਰਨਾ ਘੋਰ ਮੂੜ੍ਹਤਾ ਹੈ।
ਜਨੇਪੇ ਦੇ ਕਥਿਤ ਸੂਤਕ ਦੀ ਬਜਾਏ, ਮਨ ਦੀਆਂ ਵਿਕਾਰੀ ਰੁਚੀਆਂ ਦੇ ਸੂਤਕ ਤੋਂ
ਪਰਹੇਜ਼ ਕਰਨ ਦੀ ਲੋੜ ਹੈ।
(ਨੋਟ:- ਜਨੇਪੇ ਦੇ ਸੂਤਕ ਦੀ ਭਿੱਟ ਜਾਂ ਅਪਵਿੱਤਰਤਾ ਦਾ ਭਰਮ
ਤੇ ਸਾਫ਼-ਸਫ਼ਾਈ ਦੋਵੇਂ ਅਲੱਗ ਵਿਸ਼ੇ ਹਨ। ਸੂਤਕ ਦੇ ਭਰਮ ਵਿੱਚ ਪੈਣ ਦੀ ਬਜਾਏ ਜਨੇਪੇ ਵਾਲੇ ਘਰ ਵਿੱਚ
ਸਾਫ਼-ਸਫ਼ਾਈ ਰੱਖਣੀ ਚਾਹੀਦੀ ਹੈ।)
ਸੰਕੀਰਣ ਧਰਮਾਂ ਵਿੱਚ ਵਿਆਪਕ ਕਰਮ-ਕਾਂਡਾਂ ਵਿੱਚ ਅਟੁੱਟ ਵਿਸ਼ਵਾਸ ਦਾ ਮੂਲ
ਕਾਰਣ ਅਗਿਆਨੀ ਤੇ ਲੋਭੀ ਪੁਜਾਰੀਆਂ ਦੁਆਰਾ ਪ੍ਰਚੱਲਿਤ ਕੀਤੇ ਤੇ ਪ੍ਰਚਾਰੇ ਜਾਂਦੇ ਬੇਹੂਦਾ
ਵਹਿਮ-ਭਰਮ, ਇਨ੍ਹਾਂ ਭਰਮਾਂ ਦਾ ਦਿੱਤਾ ਗਿਆ ਭੈ ਅਤੇ ਭਰਮਾਂ ਦੇ ਭੈ ਦੇ ਹਊਏ ਤੋਂ ਬਚਣ ਲਈ
ਕੀਤੇ/ਕਰਾਏ ਜਾਂਦੇ ਪਾਖੰਡ ਉਪਾਇ (ਕਰਮਕਾਂਡ) ਹੀ ਹਨ।
ਗੁਰਮਤਿ ਦੇ ਪਵਿਤ੍ਰ ਵਿਹੜੇ ਵਿੱਚ ਵੀ ਜਿਤਨੇ ਵੀ ਕਰਮ-ਕਾਂਡ ਕੀਤੇ/ਕਰਵਾਏ
ਜਾ ਰਹੇ ਹਨ, ਉਨ੍ਹਾਂ ਦਾ ਮੂਲ ਵੀ ਪੁਜਾਰੀਆਂ ਦੁਆਰਾ, ਝੂਠੀਆਂ/ਮਨਘੜਤ ਕਹਾਣੀਆਂ ਤੇ ਸਾਖੀਆਂ ਸੁਣਾ
ਸੁਣਾ ਕੇ, ਲੋਕਾਂ ਦੇ ਮਨਾਂ ਵਿੱਚ ਪੈਦਾ ਕੀਤਾ ਗਿਆ ਵਹਿਮਾਂ-ਭਰਮਾਂ ਪ੍ਰਤਿ ਡਰ ਤੇ ਦ੍ਰਿੜ
ਅੰਧਵਿਸ਼ਵਾਸ ਹੀ ਹੈ!
ਗੁਰਇੰਦਰ ਸਿੰਘ ਪਾਲ
ਦਸੰਬਰ
31, 2017.