.

ਖਾਲਸਾ ਪੰਥ ਬਨਾਮ ਡੇਰਾਵਾਦ

(ਭਾਗ ਪੈਂਤੀਵਾਂ)

ਮੌਜੂਦਾ ਦੌਰ ਦਾ ਸੰਤਵਾਦ

ਜਥਾ ਭਿੰਡਰਾਂ (ਅਖੌਤੀ ਦਮਦਮੀ ਟਕਸਾਲ) ਭਾਗ ੧

ਗੁਰੂ ਗ੍ਰੰਥ ਸਾਹਿਬ ਦੇ ਪੰਨਾ ੯੬੬ `ਤੇ ਰਾਮਕਲੀ ਰਾਗ ਵਿਚ, ਇੱਕ ਵਾਰ ਦਰਜ ਹੈ, ਜਿਸ ਦਾ ਸਿਰਲੇਖ ਹੈ, ‘ਰਾਮਕਲੀ ਕੀ ਵਾਰ ਰਾਇ ਬਲਵੰਡ ਤਥਾ ਸਤੈ ਡੂਮਿ ਆਖੀ`॥ ਸਿਰਲੇਖ ਤੋਂ ਹੀ ਸਪੱਸ਼ਟ ਪਤਾ ਚਲਦਾ ਹੈ ਕਿ ਇਹ ਵਾਰ ਗੁਰੂ ਅਰਜਨ ਸਾਹਿਬ ਦੇ ਦਰਬਾਰ ਦੇ ਕੀਰਤਨੀਏ ਅਤੇ ਮਹਾਨ ਗੁਰਸਿੱਖਾਂ ਭਾਈ ਸੱਤਾ ਜੀ ਬਲਵੰਡ ਜੀ ਦੀ ਰਚਨਾ ਹੈ। ਸਤਿਗੁਰੂ ਨੇ ਇਸ ਰਚਨਾ ਨੂੰ ਇਸ ਲਈ ਇਤਨਾ ਮਾਣ ਦਿੱਤਾ ਹੈ ਕਿ ਗੁਰੂ ਸਾਹਿਬਾਨ ਅਤੇ ਇਲਾਹੀ ਭਗਤ ਸਾਹਿਬਾਨ ਦੇ ਬਰਾਬਰ ਇਸ ਨੂੰ ਦਰਜ ਕੀਤਾ ਹੈ ਕਿਉਂਕਿ ਇਹ ਕਈ ਅਨਮੋਲ ਗੁਰਮਤਿ ਸਿਧਾਂਤ ਦ੍ਰਿੜ ਕਰਾਉਂਦੀ ਹੈ। ਇਸ ਵਾਰ ਦੀ ਪਹਿਲੀ ਪਉੜੀ ਵਿੱਚ ਹੀ ਭਾਈ ਬਲਵੰਡ ਜੀ ਨੇ ਇੱਕ ਲਾਸਾਨੀ ਸਿਧਾਂਤ ਦ੍ਰਿੜ ਕਰਾਇਆ ਹੈ। ਪੁਰਾਤਨ ਸਮੇਂ ਵਿੱਚ ਕੋਈ ਰਾਜਾ ਆਪਣਾ ਰਾਜ ਕਾਇਮ ਕਰਦਾ ਸੀ ਤਾਂ ਸਭ ਤੋਂ ਪਹਿਲਾਂ ਆਪਣੇ ਰਾਜ ਦੀ ਸੁਰੱਖਿਆ ਲਈ ਮਜ਼ਬੂਤ ਕਿਲਾ ਬਣਵਾਉਂਦਾ ਸੀ। ਉਸ ਦਾ ਕਿਲਾ ਜਿਤਨਾ ਮਜ਼ਬੂਤ ਹੋਵੇ, ਸਮਝਿਆ ਜਾਂਦਾ ਸੀ ਉਸ ਦਾ ਰਾਜ ਉਤਨਾ ਹੀ ਸੁਰੱਖਿਅਤ ਹੈ, ਤਿਵੇਂ ਗੁਰੂ ਨਾਨਕ ਸਾਹਿਬ ਨੇ ਜੋ ਧਰਮ ਦਾ ਰਾਜ ਕਾਇਮ ਕੀਤਾ, ਉਸਨੂੰ ਡੂੰਘੀ, ਮਜ਼ਬੂਤ ਨੀਂਹ ਵਾਲੇ ਸੱਚ ਦੇ ਕਿਲੇ ਵਿੱਚ ਸੁਰੱਖਿਅਤ ਕੀਤਾ ਹੈ। ਸਤਿਗੁਰੂ ਦੇ ਪਾਵਨ ਬਚਨ ਹਨ:

"ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ।। " {ਪੰਨਾ ੯੬੬}

(ਇਸ ਉੱਚੇ ਨਾਮਣੇ ਵਾਲੇ ਗੁਰੂ) ਨਾਨਕ ਦੇਵ ਜੀ ਨੇ ਸੱਚ-ਰੂਪ ਕਿਲ੍ਹਾ ਬਣਾ ਕੇ ਅਤੇ ਪੱਕੀ ਨੀਂਹ ਰੱਖ ਕੇ (ਧਰਮ ਦਾ) ਰਾਜ ਚਲਾਇਆ ਹੈ।

ਜੇ ਸੱਚ ਹੈ ਤਾਂ ਸਿੱਖੀ ਹੈ, ਜੇ ਸੱਚ ਨਹੀਂ ਤਾਂ ਸਿੱਖੀ ਨਹੀਂ, ਪਖੰਡ ਹੀ ਹੋ ਸਕਦਾ ਹੈ। ਸਤਿਗੁਰੂ ਨੇ ਤਾਂ ਸੱਚ ਨੂੰ ਜੀਵਨ ਵਿੱਚ ਧਾਰਨ ਕਰਕੇ ਸੱਚਾ ਆਚਰਣ ਬਣਾਉਣ ਦਾ ਉਪਦੇਸ਼ ਦਿੱਤਾ ਹੈ। ਇਸੇ ਵਾਸਤੇ ਸਤਿਗੁਰੂ ਨੇ ਫੁਰਮਾਇਆ ਹੈ:

"ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ।। " {ਸਿਰੀ ਰਾਗੁ ਮਹਲਾ ੧, ਪੰਨਾ ੬੨}

ਸੱਚ ਸਭਣਾ ਤੋਂ ਉੱਚਾ ਹੈ, ਹੋਰ ਸਭ ਕੁੱਝ ਸੱਚ ਤੋਂ ਥੱਲੇ ਹੈ ਪਰ ਇੱਕ ਚੀਜ਼ ਸੱਚ ਤੋਂ ਵੀ ਉਪਰ ਹੈ, ਉਹ ਹੈ ਸੱਚਾ ਆਚਰਣ।

ਆਪਣੇ ਆਪ ਨੂੰ ਸਿੱਖੀ ਦਾ ਸਭ ਤੋਂ ਵੱਡਾ ਅਲੰਬਰਦਾਰ ਦੱਸਣ ਵਾਲੀ ਇਸ ਸੰਪਰਦਾ ਦੀ ਤਾਂ ਬੁਨਿਆਦ ਹੀ ਝੂਠ`ਤੇ ਖੜ੍ਹੀ ਹੈ, ਕਿਉਂਕਿ ਇਨ੍ਹਾਂ ਦਾ ਦਾਅਵਾ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਆਪ ਟਕਸਾਲ ਦੇ ਪਹਿਲੇ ਜਥੇਦਾਰ ਸਨ। ਭੋਲੇ ਭਾਲੇ ਅੰਧ ਵਿਸ਼ਵਾਸੀ ਵਿਅਕਤੀ ਤਾਂ ਸ਼ਾਇਦ ਸੱਚ ਨੂੰ ਜ਼ਾਹਰਾ ਵੇਖ ਕੇ ਵੀ ਨਾ ਪਹਿਚਾਣ ਸਕਣ ਪਰ ਕਿਸੇ ਸਮਝਦਾਰ ਵਿਅਕਤੀ ਨੂੰ ਇਸ ਸੱਚ ਨੂੰ ਪਛਾਨਣ ਲਈ ਬਹੁਤਾ ਤਸ਼ੱਦਦ ਕਰਨ ਦੀ ਲੋੜ ਨਹੀਂ ਪੈਂਦੀ, ਸਹਿਜੇ ਹੀ ਗੱਲ ਸਮਝ ਆ ਜਾਂਦੀ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਸਾਰੇ ਪੰਥ ਦੇ ਵਾਲੀ ਹਨ ਨਾ ਕਿ ਕਿਸੇ ਇੱਕ ਛੋਟੀ ਜਿਹੀ ਸੰਸਥਾ ਦੇ। ਸਤਿਗੁਰੂ ਨੂੰ ਕਿਸੇ ਇੱਕ ਸੰਸਥਾ ਨਾਲ ਜੋੜ ਕੇ ਉਨ੍ਹਾਂ ਦੀ ਅਗੰਮੀ ਸਖਸ਼ੀਅਤ ਨੂੰ ਛੁਟਿਆਉਣ ਦੀ ਇਹ ਕੋਝੀ ਕੋਸ਼ਿਸ਼ ਹੈ। ਇਹ ਵੀ ਆਪਣੀ ਹੱਟੀ ਨੂੰ ਵਧੇਰੇ ਮਾਨਤਾ ਦਿਵਾਉਣ ਲਈ ਆਪੇ ਕੱਢੀ ਗਈ ਕਾਢ ਹੈ। ਅਗੋਂ ਇਨ੍ਹਾਂ ਨੇ ਕੜੀਆਂ ਜੋੜਨ ਲਈ, ਮਹਾਨ ਕੌਮੀ ਸ਼ਹੀਦ ਅਤੇ ਵਿਦਵਾਨ ਬਾਬਾ ਦੀਪ ਸਿੰਘ ਜੀ ਨਾਲ ਸ਼ੁਰੂ ਕਰਕੇ ਆਪਣੀ ਜਥੇਬੰਦੀ ਦੇ ਜਥੇਦਾਰਾਂ ਦੀ ਇੱਕ ਲੰਬੀ ਲਿਸਟ ਤਿਆਰ ਕੀਤੀ ਹੋਈ ਹੈ, ਜੋ ਇਸ ਪ੍ਰਕਾਰ ਹੈ:

ਗੁਰੂ ਗੋਬਿੰਦ ਸਿੰਘ ਜੀ

ਬਾਬਾ ਦੀਪ ਸਿੰਘ ਜੀ

ਬਾਬਾ ਗੁਰਬਖਸ਼ ਸਿੰਘ ਜੀ

ਗਿਆਨੀ ਭਾਈ ਸੂਰਤ ਸਿੰਘ ਜੀ

ਭਾਈ ਗੁਰਦਾਸ ਸਿੰਘ ਜੀ

ਗਿਆਨੀ ਭਾਈ ਸੰਤ ਸਿੰਘ ਜੀ

ਸੰਤ ਦਇਆ ਸਿੰਘ ਜੀ

ਸੰਤ ਗਿਆਨੀ ਭਗਵਾਨ ਸਿੰਘ ਜੀ

ਸੰਤ ਹਰਨਾਮ ਸਿੰਘ ਜੀ ਬੇਦੀ

ਸੰਤ ਬਿਸ਼ਨ ਸਿੰਘ ਜੀ ਮੁਰਾਲੇਵਾਲੇ

ਸੰਤ ਸੁੰਦਰ ਸਿੰਘ ਭਿੰਡਰਾਂਵਾਲੇ

ਸੰਤ ਗੁਰਬਚਨ ਸਿੰਘ ਖਾਲਸਾ ਭਿੰਡਰਾਂਵਾਲੇ

ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾਂਵਾਲੇ

ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ

ਸੰਤ ਬਾਬਾ ਠਾਕਰ ਸਿੰਘ ਅਤੇ ਹੁਣ ਮੌਜੂਦਾ ਹਰਨਾਮ ਸਿੰਘ ਧੁੰਮਾ

ਮੈਂ ਇਹ ਲਿਸਟ ਇਸ ਅਖੋਤੀ ਦਮਦਮੀ ਟਕਸਾਲ ਦੀ ਵੈਬ ਸਾਈਟ "http://www.damdamitaksaal.org/history/leaders" ਤੋਂ ਹਾਸਲ ਕੀਤੀ ਹੈ, ਜੋ ਇਨ੍ਹਾਂ ਦੀ ਆਪਣੀ ਅਧਿਕਾਰਤ ਵੈਬਸਾਈਟ ਹੈ।

ਸਭ ਤੋਂ ਪਹਿਲਾਂ ਤਾਂ ਸੁਆਲ ਆਉਂਦਾ ਹੈ ਕਿ ਜੇ ਇਨ੍ਹਾਂ ਦੀ ਝੂਠੀ ਲਿਸਟ ਨੂੰ ਸੱਚ ਵੀ ਮੰਨ ਲਿਆ ਜਾਵੇ ਤਾਂ ਪਹਿਲਾਂ ਬਾਬਾ, ਭਾਈ, ਗਿਆਨੀ ਆਦਿ ਸਿਰਲੇਖਾਂ ਵਾਲੀ ਲਿਸਟ ਵਿੱਚ ਅਚਾਨਕ ਸੰਤ ਕਿਥੋਂ ਪ੍ਰਗਟ ਹੋ ਗਏ। ਇਹ ਇਸ ਗੱਲ ਦਾ ਵੀ ਸਪੱਸ਼ਟ ਪ੍ਰਮਾਣ ਹੈ ਕਿ ਇਹ ਸੰਤ ਪ੍ਰਥਾ ਦਾ ਰੋਗ ਸਿੱਖ ਕੌਮ ਨੂੰ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਹੀ ਚੰਬੜਿਆ ਹੈ।

‘ਸੰਤਾਂ ਦੇ ਕੌਤਕ ਭਾਗ-ਪਹਿਲਾ` ਕਿਤਾਬ ਦੇ ਪੰਨਾ ੧੫ ਤੇ ਇਸ ਦੇ ਲੇਖਕ ਭਾਈ ਸੁਖਵਿੰਦਰ ਸਿੰਘ ਸਭਰਾ ਨੇ ਇਸੇ ਟਕਸਾਲ ਨਾਲ ਸਬੰਧਤ ਇੱਕ ਸੰਪ੍ਰਦਾਈ ਪ੍ਰਣਾਲੀ ਛਾਪੀ ਹੈ, ਇਸ ਵਿੱਚ ਗਿਆਨੀ ਭਗਵਾਨ ਸਿੰਘ ਤੋਂ ਬਾਅਦ ਕਿਸੇ ‘ਸੰਤ ਫਤੇ ਚੰਦ` ਦਾ ਨਾਂ ਆਉਂਦਾ ਹੈ। ਭਾਈ ਸੁਖਵਿੰਦਰ ਸਿੰਘ ਸਭਰਾ ਨੇ ਇਨ੍ਹਾਂ ਦੇ ਸਾਹਿਤ ਵਿਚੋਂ ਹੀ ਲਈ ਇਸ ਲਿਸਟ ਤੇ ਕਿੰਤੂ ਕਰਦਿਆਂ ਇਹ ਸੁਆਲ ਕੀਤਾ ਹੈ ਕਿ ਲੱਖਾਂ ਨੂੰ ਅੰਮ੍ਰਿਤ ਛਕਾਉਣ ਵਾਲਿਆਂ ਦਾ ਮੁਖੀ ਬੇ-ਅੰਮ੍ਰਿਤੀਆ ਫਤੇ ਚੰਦ ਕਿਥੋਂ ਆ ਗਿਆ? ਜਾਪਦਾ ਹੈ ਕਿ ਇਹ ਕਿੰਤੂ ਆਉਣ ਕਰਕੇ ਹੀ ਨਵੀਂ ਲਿਸਟ ਵਿਚੋਂ ਉਸ ਫਤੇ ਚੰਦ ਦਾ ਨਾਂ ਕੱਢ ਦਿੱਤਾ ਗਿਆ ਹੈ।

ਅਸਲ ਵਿੱਚ ਇਸ ਡੇਰੇ ਦੀ ਸ਼ੁਰੂਆਤ ਭਾਈ ਸੁੰਦਰ ਸਿੰਘ ਵਲੋਂ ਸੰਨ ੧੯੧੮ ਵਿੱਚ ਕੀਤੀ ਗਈ। (ਸੁੰਦਰ ਸਿੰਘ ਤੋਂ ਪਹਿਲਾਂ ਇਨ੍ਹਾਂ ਦੀ ਲਿਸਟ ਵਿੱਚ ਜੋੜੀਆਂ ਸਖਸ਼ੀਅਤਾਂ ਬਾਰੇ ਸੱਚ ਜਾਨਣ ਲਈ, ਡਾ. ਹਰਜਿੰਦਰ ਸਿੰਘ ਦਿਲਗੀਰ ਲਿਖਤ ਲੇਖ, "ਚੌਕ ਮਹਿਤਾ ਡੇਰੇ ਦਾ ਪਿਛੋਕੜ" ਪੜ੍ਹਿਆ ਜਾ ਸਕਦਾ ਹੈ, ਜੋ ਇੰਟਰਨੈਟ `ਤੇ ਵੀ ਉਪਲਭਧ ਹੈ)। ਇਸ ਡੇਰੇ ਦੀ ਸ਼ੁਰੂਆਤ ਪਹਿਲਾਂ ਇੱਕ ਜਥੇ ਦੇ ਰੂਪ ਵਿੱਚ ਹੋਈ ਸੀ। ਕਿਉਂਕਿ ਇਸ ਦੇ ਸੰਸਥਾਪਕ ਸੁੰਦਰ ਸਿੰਘ ਪਿੰਡ ਭਿੰਡਰਕਲਾਂ ਦਾ ਰਹਿਣ ਵਾਲੇ ਸਨ, ਜਥੇ ਦੇ ਨਾਂ ਨਾਲ ਵੀ ਸ਼ਬਦ ਜਥਾ ਭਿੰਡਰਾਂ ਪ੍ਰਚਲਤ ਹੋ ਗਿਆ। ਪਰ ਜਦੋਂ ਜਥਾ ਭਿੰਡਰਾਂ ਨੂੰ ਦਮਦਮੀ ਟਕਸਾਲ ਬਨਾਉਣ ਦੀ ਵਿਓਂਤਬੰਦੀ ਕੀਤੀ ਅਤੇ ਪਿਛਲੀਆਂ ਕੜੀਆਂ ਨਾਲ ਜੋੜੀਆਂ ਗਈਆਂ ਤਾਂ ਆਪਣੇ ਨਾਂ ਨਾਲ ਵਰਤੇ ਗਏ ਸੰਤ ਪਦ ਨੂੰ ਜਾਇਜ਼ ਠਹਿਰਾਉਣ ਲਈ ਪਿਛਲੇ ਵਰਤੇ ਗਏ ਕੁੱਝ ਨਾਵਾਂ ਨਾਲ ਵੀ ਸੰਤ ਸ਼ਬਦ ਜੋੜ ਦਿੱਤਾ ਗਿਆ ਹੈ। ਇੱਕ ਹੋਰ ਵੱਡਾ ਪ੍ਰਮਾਣ ਇਹ ਹੈ ਕਿ ਹੋਰ ਬਹੁਤ ਸਾਰੇ ਡੇਰਿਆਂ ਨੇ ਜੋ ਮਾਨਤਾ ਪ੍ਰਾਪਤ ਕੀਤੀ ਹੈ ਅਤੇ ਜੋ ਪ੍ਰਚਾਰ ਹੁੰਦਾ ਹੈ ਆਪਣੇ ਪੁਰਾਣੇ ਅਖੌਤੀ ਮਹਾਪੁਰਖਾਂ ਦੇ ਨਾਂ `ਤੇ ਹੂੰਦਾ ਹੈ। ਜੋ ਕਰਿਸ਼ਮਿਆਂ, ਕਰਾਮਾਤਾਂ ਅਤੇ ਭਗਤੀ ਦੇ ਨਾਂ `ਤੇ ਤੱਪ ਸਾਧਨ ਅਤੇ ਹੱਠ ਕਰਮ ਕਰਨ ਦੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਹਨ, ਪਹਿਲੇ ਅਖੌਤੀ ਬ੍ਰਹਮਗਿਆਨੀਆਂ ਦੀਆਂ ਹੀ ਸੁਣਾਈਆਂ ਜਾਂਦੀਆਂ ਹਨ। ਜੇ ਨਾਨਕਸਰੀਆਂ ਦੇ ਜਾਈਏ ਤਾਂ ਪਹਿਲਾਂ ਭਾਈ ਨੰਦ ਸਿੰਘ ਅਤੇ ਫੇਰ ਭਾਈ ਈਸ਼ਰ ਸਿੰਘ ਦੀਆਂ ਕਹਾਣੀਆਂ ਅਤੇ ਉਨ੍ਹਾਂ ਦੀ ਮਹਿਮਾ ਗਾਈ ਜਾ ਰਹੀ ਹੈ। ਮਸਤੁਆਣੇ ਵਾਲਿਆਂ ਦੇ ਜਾਈਏ ਤਾਂ ਭਾਈ ਅਤਰ ਸਿੰਘ ਦੇ ਹੀ ਗੁਣ ਗਾਇਨ ਹੋ ਰਹੇ ਹਨ। ਅਖੌਤੀ ਟਕਸਾਲ ਦੇ ਪ੍ਰਚਾਰਕਾਂ ਵਲੋਂ ਸੁਣਾਈਆਂ ਜਾਂਦੀਆਂ ਸਾਰੀਆਂ ਕਰਾਮਾਤੀ ਕਹਾਣੀਆਂ (ਜਿਨ੍ਹਾਂ ਨੂੰ ਇਹ ਸਾਖੀਆਂ ਆਖਦੇ ਹਨ) ਭਾਈ ਸੁੰਦਰ ਸਿੰਘ ਤੋਂ ਹੀ ਸ਼ੁਰੂ ਹੁੰਦੀਆਂ ਹਨ। ਹਾਂ, ਕਿਉਂਕਿ ਇਨ੍ਹਾਂ ਦੀ ਬਣਾਈ ਲਿਸਟ ਅਨੁਸਾਰ ਭਾਈ ਸੁੰਦਰ ਸਿੰਘ ਨੂੰ ਗੱਦੀ ਬਿਸ਼ਨ ਸਿੰਘ ਮੁਰਾਲੇ ਵਾਲਿਆਂ ਨੇ ਦਿੱਤੀ, ਕੁੱਝ ਇੱਕ ਕਹਾਣੀਆਂ ਵਿੱਚ ਇਹ ਭਾਈ ਬਿਸ਼ਨ ਸਿੰਘ ਮੁਰਾਲੇ ਵਾਲਿਆਂ ਦਾ ਜ਼ਿਕਰ ਵੀ ਕਰ ਦੇਂਦੇ ਹਨ। ਇਨ੍ਹਾਂ ਸਾਰੀਆਂ ਦਲੀਲਾਂ ਤੋਂ ਉਪਰ, ਜੇ ਸੱਚਮੁੱਚ ਹੀ ਇਹ ਪੰਥ ਦੀ ਇੱਕ ਇਤਨੀ ਮਹੱਤਵਪੂਰਨ ਸੰਸਥਾ ਸੀ ਤਾਂ ਇਸ ਦਾ ਜ਼ਿਕਰ ਪੁਰਾਣੀਆਂ ਕਿਸੇ ਇਤਿਹਾਸਕ ਕਿਤਾਬਾਂ ਜਾਂ ਲੇਖਾਂ ਵਿੱਚ ਵੀ ਹੁੰਦਾ, ਜੋ ਕਿ ਕਿਧਰੇ ਵੀ ਨਹੀਂ ਮਿਲਦਾ, ਸਿਵਾਏ ਇਨ੍ਹਾਂ ਦੇ ਆਪਣੇ ਛਾਪੇ ਸਾਹਿਤ ਤੋਂ।

ਇਕ ਉਘੇ ਸਿੱਖ ਵਿਦਵਾਨ ਅਤੇ ਚਿੰਤਕ ਸ੍ਰ. ਗੁਰਤੇਜ ਸਿੰਘ (ਸਾਬਕਾ ਆਈ. ਏ. ਐਸ) ਨੇ ਜਿਥੇ ਮੇਰੇ ਕੋਲ ਇਹ ਮੰਨਿਆਂ ਕਿ ਇਹ ‘ਜਥਾ ਭਿੰਡਰਾਂ` ਭਾਈ ਸੁੰਦਰ ਸਿੰਘ ਤੋਂ ਸ਼ੁਰੂ ਹੋਇਆ, ਉਥੇ ਉਨ੍ਹਾਂ ਇਹ ਗੱਲ ਵੀ ਮੈਨੂੰ ਆਪ ਦੱਸੀ ਕਿ ਇਸ ਜਥੇ ਨੂੰ ਦਮਦਮਾ ਸਾਹਿਬ ਨਾਲ ਜੋੜ ਕੇ ਦਮਦਮੀ ਟਕਸਾਲ ਬਨਾਉਣ ਅਤੇ ਭਾਈ ਸੁੰਦਰ ਸਿੰਘ ਤੋਂ ਪਹਿਲੇ ਦੀਆਂ ਕੜੀਆਂ ਸ਼ਹੀਦ ਬਾਬਾ ਦੀਪ ਸਿੰਘ ਜੀ ਨਾਲ ਜੋੜਨ ਵਿੱਚ ਉਨ੍ਹਾਂ ਵੱਡਾ ਯੋਗਦਾਨ ਪਾਇਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਅਜੇਹਾ ਇਸ ਵਾਸਤੇ ਕੀਤਾ ਕਿ ਉਹ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸਖਸ਼ੀਅਤ ਤੋਂ ਬਹੁਤ ਪ੍ਰਭਾਵਤ ਸਨ। ਉਨ੍ਹਾਂ ਨਾਲ ਨੇੜਤਾ ਹੋਣ ਦੇ ਨਾਲ-ਨਾਲ ਉਹ ਕੌਮੀ ਸੰਘਰਸ਼ ਵਿੱਚ ਉਨ੍ਹਾਂ ਤੋਂ ਵੱਡੀਆਂ ਆਸਾਂ ਰਖਦੇ ਸਨ। ਇਸ ਲਈ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਜਥੇਬੰਦੀ ਜਥਾ ਭਿੰਡਰਾਂ ਨੂੰ ਸਿੱਖ ਕੌਮ ਵਿੱਚ ਵਧੇਰੇ ਮਾਨਤਾ ਦਿਵਾਉਣ ਲਈ ਉਨ੍ਹਾਂ ਇਹ ਕੜੀਆਂ ਜੋੜਨ ਵਿੱਚ ਮਦਦ ਕੀਤੀ। ੳਨ੍ਹਾਂ ਇਹ ਗੱਲ ਆਪਣੇ ਇੱਕ ਅੰਗ੍ਰੇਜ਼ੀ ਲੇਖ "Strange Concoction: gyrating Giani, pseudo Nirmalas, the Sant and agiani asant-Gurtej Singh" ਵਿੱਚ ਵੀ ਆਪ ਮੰਨੀ ਹੈ। ਬੇਸ਼ਕ ਇਸ ਲੇਖ ਵਿੱਚ ਸ੍ਰ. ਗੁਰਤੇਜ ਸਿੰਘ ਜੀ ਵਲੋਂ ਭਾਈ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਲਿਖੇ ਵਿਚਾਰ ਉਨ੍ਹਾਂ ਦੇ ਨਿਜੀ ਹਨ ਪਰ ਇਸ ਅਖੌਤੀ ਦਮਦਮੀ ਟਕਸਾਲ ਦੇ ਪਿਛੋਕੜ ਬਾਰੇ ਬਹੁਤ ਸਾਰੀ ਸੱਚੀ ਜਾਨਕਾਰੀ ਸਾਨੂੰ ਉਨ੍ਹਾਂ ਦੇ ਇਸ ਲੇਖ ਤੋਂ ਮਿਲਦੀ ਹੈ।

ਸ੍ਰ. ਗੁਰਤੇਜ ਸਿੰਘ ਵਲੋਂ ਆਪਣੇ ਲੇਖ ਵਿੱਚ ਇਸ ਸਬੰਧੀ ਲਿਖੀਆਂ ਸਤਰਾਂ ਇਸ ਤਰ੍ਹਾਂ ਹਨ:

"Now comes the question of why I am confessing all this after so many years, when I have already been forgiven for the trespass in disregarding my teacher’s wishes? It is also a launching pad for atoning for my own folly which I committed in the surcharged atmosphere of 1983-84. Shahid Baba Jarnail Singh’s fate and also that of the Sikh people was hanging by a slender thread. To prevent the thread from snapping, it required galvanising the Sikhs behind the leader and in support of the causes for which he had staked his life.

The great man had adopted me for a brother, ignoring all my shortcomings - which were many. I saw in his nature an abundance of the sovereign element administered to every Sikh by the Guru along with the five palmfuls of amrit. But the circumstances had linked him to an order of mendicants, ostensibly drawing inspiration from a false Nirmala tradition conjured up by Giani Gian Singh. It was in essence an order of self appointed priests living off alms, which is deemed doubly undesirable by all Sikhs. In his demeanour, public stance and spiritual discourses, I discerned the making of a martyr. In my mind’s eye I saw him marching determinedly towards obtaining that most revered status. I decided to delink him from Bishan Singh and Sunder Singh. I saw advantage in linking the potential martyr of the Damdami Taksal to Damdama Sahib - the place at which the tenth Nanak had his last brief (nau gharian nau din nau pehar nau maas, satgur damdame keeta apna vaas) repose.

The most important product of the Damdama Sahib establishment was the immortal martyr, Baba Deep Singh. He was, at that stage of life a completely sovereign man who, with an impromptu peasant army of random volunteers, confronted and terrified the then greatest general of Asia (Ahmedshah Abdali) into running away like a thief at midnight from Amritsar. Baba Deep Singh succeeded in liberating the Darbar complex at Amritsar from his clutches before he fell a martyr. It was an earth shaking moment in history. An octogenarian pen pusher, who had been a soldier in his youth, had vanquished the victor of Panipat and the destroyer of the three centuries old Mughal empire. Baba Deep Singh had resurrected the central Sikh shrine, literally from the ashes and had restored it to its glory and splendour. That position was befitting for a shrine built to usher in a new world civilisation. Another equally great man, Baba Gurbax Singh, had confronted the barbarian hordes of the same Abdali with his batch of thirty brave soldiers to inscribe another glorious chapter on the forehead of the daughter of time. I wanted to see my brother in their company.

 By that time Sant Jarnail Singh had perceptibly and consciously transformed himself into an intimate part of the Ultimate Reality, to deserve the title of a Sant as well as that of a ‘living martyr’ (jinda shahid). He too was fighting for the preservation of the Guru Granth and the Guru panth through the liberation and restoration of the glory of the same central shrine. There was no doubt that he too would be martyred like Gurbax Singh and it was essential for the preservation of the faith that he should receive immeasurable support from the masses, just as Baba Deep Singh had received on that eventful day of the solar eclipse. Connecting the Damdami Taksal with the Damdama of the hero of the epic battle, came instinctively. I knew that the Damdami Taksal had no existence before Baba Sunder Singh, and yet in the style of a person willing to employ any means, I went ahead and did what I did. I realised very soon after June1984, when a total non-entity came to occupy Sant Jarnail Singh’s seat, that some individuals are infinitely bigger than the institutions they head. Like a farming household the ornaments that a woman wears to flaunt affluence, are very often all in the wealth that a household has. He was all that the Taksal had to display in a half century of its existence. Very often the torch bearers are alien to the basic nature of ‘slave institutions’ though they tower like titans amongst their pigmy colleagues. He often suggested that the next man to succeed him would be better than him in every way. That did not happen."

ਇਨ੍ਹਾਂ ਅੰਗ੍ਰੇਜ਼ੀ ਪੈਰ੍ਹਿਆਂ ਦਾ ਪੰਜਾਬੀ ਉਲੱਥਾ ਇੰਝ ਹੈ:

"ਹੁਣ ਸੁਆਲ ਇਹ ਉੱਠਦਾ ਹੈ ਕਿ ਮੈਂ ਇਸ ਸਾਰੇ ਕੁੱਝ ਦਾ ਇਕਬਾਲ ਏਨੇਂ ਸਾਲਾਂ ਬਾਅਦ ਕਿਉਂ ਕਰ ਰਿਹਾ ਹਾਂ, ਜਦੋਂ ਕਿ ਮੈਨੂੰ ਸਿਆਣੀ ਰਾਇ ਦੇ ਅਨਾਦਰ ਸਬੰਧੀ ਅਵੱਗਿਆ ਲਈ ਪਹਿਲਾਂ ਹੀ ਮੁਆਫ਼ੀ ਮਿਲ ਚੁੱਕੀ ਹੈ। ਇਹ ੧੯੮੩-੮੪ ਦੇ ਉਤੇਜਿਤ ਮਾਹੌਲ ਵਿੱਚ ਮੇਰੇ ਵੱਲੋਂ ਕੀਤੀ ਖ਼ੁਨਾਮੀ ਦਾ ਪਸ਼ਚਾਤਾਪ ਕਰਨ ਦਾ ਸਬੱਬ ਵੀ ਹੈ। ਸ਼ਹੀਦ ਬਾਬਾ ਜਰਨੈਲ ਸਿੰਘ ਅਤੇ ਸਿੱਖ ਅਵਾਮ ਦੀ ਹੋਣੀ ਇੱਕ ਬੇਹੱਦ ਨਾਜ਼ੁਕ ਤੰਦ ਨਾਲ ਲਟਕ ਰਹੀ ਸੀ। ਏਸ ਤੰਦ ਨੂੰ ਟੁੱਟਣੋਂ ਬਚਾਉਣ ਖ਼ਾਤਰ ਏਸ ਆਗੂ ਦੇ ਮਗਰ ਲੋਕਾਂ ਦੀ ਲਾਮਬੰਦੀ ਅਤੇ ਉਨ੍ਹਾਂ ਮੰਤਵਾਂ ਜਿਨ੍ਹਾਂ ਖ਼ਾਤਰ ਉਹਨਾਂ ਨੇ ਆਪਣੀ ਜਾਨ ਜ਼ੋਖ਼ਮ ਵਿੱਚ ਪਾਈ ਸੀ, ਲਈ ਸਮਰਥਨ ਜੁਟਾਉਣ ਦੀ ਲੋੜ ਸੀ।

ਉਸ ਮਹਾਨ ਪੁਰਸ਼ ਨੇ ਮੇਰੀਆਂ ਅਨੇਕਾਂ ਖਾਮੀਆਂ ਅਣਡਿੱਠ ਕਰ ਕੇ ਮੈਨੂੰ ਆਪਣੇ ਭਰਾ ਵਜੋਂ ਅਪਣਾਇਆ ਸੀ। ਮੈਨੂੰ ਉਹਨਾਂ ਦੀ ਫ਼ਿਤਰਤ ਵਿੱਚ ਗੁਰੂ ਵੱਲੋਂ ਹਰ ਸਿੱਖ ਨੂੰ ਅੰਮ੍ਰਿਤ ਦੇ ਪੰਜ ਚੁਲ਼ਿਆਂ ਰਾਹੀਂ ਬਖ਼ਸ਼ਿਸ਼ ਕੀਤੇ ਸ਼ਹਿਨਸ਼ਾਹੀ ਤੱਤ ਦੀ ਭਰਮਾਰ ਦਿੱਸ ਆਈ। ਪਰੰਤੂ ਪ੍ਰਸਥਿਤੀਆਂ ਨੇ ਉਹਨਾਂ ਨੂੰ ਮਖੱਟੂਆਂ ਦੀ ਇੱਕ ਐਸੀ ਸ਼੍ਰੇਣੀ ਨਾਲ ਜੋੜਿਆ ਹੋਇਆ ਸੀ ਜਿਹੜੀ ਜ਼ਾਹਰਾ ਰੂਪ ਵਿੱਚ ਗਿਆਨੀ ਗਿਆਨ ਸਿੰਘ ਵੱਲੋਂ ਆਪਣੀ ਜਾਦੂਗਿਰੀ ਨਾਲ ਉਸਾਰੀ ਨਿਰਮਲਾ ਸੰਪਰਦਾ ਤੋਂ ਪ੍ਰੇਰਨਾ ਲੈਂਦੀ ਹੈ। ਇਹ ਆਪੂੰ ਬਣੇ ਪੁਜਾਰੀਆਂ ਦੀ ਜਮਾਤ ਹੈ, ਜਿਹੜੇ ਖ਼ੈਰਾਤ `ਤੇ ਜਿਊਂਦੇ ਹਨ, ਜਿਸ ਕਰਮ ਨੂੰ ਸਾਰੇ ਸਿੱਖਾਂ ਵੱਲੋਂ ਦੁਗਣੀ ਘਿਰਣਾ ਕੀਤੀ ਜਾਂਦੀ ਹੈ। ਉਹਨਾਂ ਦੀ ਕਾਰ-ਵਿਹਾਰ, ਲੋਕ-ਹਿਤੂ ਪੈਂਤੜੇ ਤੇ ਰੂਹਾਨੀ ਪ੍ਰਵਚਨਾਂ ਵਿੱਚੋਂ ਮੈਨੂੰ ਇੱਕ ਸ਼ਹੀਦ ਦੀ ਸਿਰਜਣਾ ਹੁੰਦੀ ਦਿੱਸ ਆਈ। ਆਪਣੀ ਅੰਦਰਲੀ ਅੱਖ ਨਾਲ ਮੈਂ ਉਹਨਾਂ ਨੂੰ ਦ੍ਰਿੜ੍ਹਤਾਪੂਰਵਕ ਇਹ ਪਰਮ-ਸਨਮਾਨ ਯੋਗ ਰੁਤਬਾ ਹਾਸਲ ਕਰਨ ਵੱਲ ਵਧਦੇ ਵੇਖਿਆ। ਮੈਂ ਉਹਨਾਂ ਨੂੰ ਬਿਸ਼ਨ ਸਿੰਘ ਅਤੇ ਸੁੰਦਰ ਸਿੰਘ ਤੋਂ ਨਿਖੇੜਨ ਦਾ ਨਿਰਣਾ ਕਰ ਲਿਆ। ਮੈਂ ਦਮਦਮੀ ਟਕਸਾਲ ਦੇ ਇਸ ਸੰਭਾਵੀ ਸ਼ਹੀਦ ਨੂੰ ਦਮਦਮੇ ਨਾਲ ਜੋੜਨਾ ਬਿਹਤਰ ਸਮਝਿਆ, ਜੋ ਕਿ ਦਸਵੇਂ ਨਾਨਕ ਦੇ ਆਖ਼ਰੀ ਸੰਖੇਪ ਦਮ ਲੈਣ (ਆਰਾਮ ਲਈ ਰੁਕਣ) ਵਾਲੀ ਜਗ੍ਹਾ ਹੈ (ਨੌਂ ਘੜੀਆਂ ਨੌਂ ਦਿਨ ਨੌਂ ਪਹਿਰ ਨੌਂ ਮਾਸ, ਸਤਗੁਰ ਦਮਦਮੇ ਕੀਤਾ ਆਪਣਾ ਵਾਸ)।

ਦਮਦਮਾ ਸਾਹਿਬ ਸੰਸਥਾ ਦੀ ਸਭ ਤੋਂ ਅਹਿਮ ਉਪਜ ਅਮਰ ਸ਼ਹੀਦ ਬਾਬਾ ਦੀਪ ਸਿੰਘ ਸੀ। ਉਹ ਆਪਣੀ ਉਮਰ ਦੇ ਉਸ ਪੜਾਅ `ਤੇ ਇੱਕ ਪੂਰਨ ਆਜ਼ਾਦ ਮਨੁੱਖ ਸੀ, ਜਿਸ ਨੇ ਤਟ-ਫਟ ਤਿਆਰ ਕੀਤੀ ਸਵੈਇੱਛਕਾਂ ਦੀ ਅਸਿੱਖਿਅਤ ਪੇਂਡੂ ਫ਼ੌਜ ਨਾਲ ਏਸ਼ੀਆ ਦੇ ਸੁਪ੍ਰਸਿੱਧ ਜਰਨੈਲ (ਅਹਿਮਦ ਸ਼ਾਹ ਅਬਦਾਲੀ) ਨਾਲ ਟੱਕਰ ਲਈ ਤੇ ਉਸ ਨੂੰ ਖੌਫ਼ਜ਼ਦਾ ਕਰ ਕੇ ਅੰਮ੍ਰਿਤਸਰ ਤੋਂ ਅੱਧੀ ਰਾਤੀਂ ਚੋਰਾਂ ਵਾਂਗ ਦੌੜਨ ਲਈ ਬੇਵੱਸ ਕਰ ਦਿੱਤਾ। ਬਾਬਾ ਦੀਪ ਸਿੰਘ ਸ਼ਹੀਦ ਹੋਣ ਤੋਂ ਪਹਿਲਾਂ ਦਰਬਾਰ ਸਾਹਿਬ ਸਮੂਹ ਨੂੰ ਉਸ ਦੀ ਜਕੜ ਤੋਂ ਮੁਕਤ ਕਰਵਾਉਣ ਵਿੱਚ ਸਫ਼ਲ ਰਹੇ। ਇਹ ਇਤਿਹਾਸ ਦਾ ਇੱਕ ਧਰਤ-ਕੰਬਾਊ ਲਮਹਾ ਸੀ। ਅੱਸੀਵਿਆਂ ਦੀ ਉਮਰ ਦੇ ਇੱਕ ਕਲਮ-ਬਰਦਾਰ, ਜਿਹੜਾ ਆਪਣੀ ਜੁਆਨੀ ਵੇਲੇ ਯੋਧਾ ਰਿਹਾ ਸੀ, ਨੇ ਪਾਣੀਪਤ ਦੇ ਜੇਤੂ ਨੂੰ ਹਰਾ ਦਿੱਤਾ ਅਤੇ ਤਿੰਨ ਸਦੀਆਂ ਪੁਰਾਣੀ ਮੁਗ਼ਲ ਸਲਤਨਤ ਦਾ ਵਿਨਾਸ਼ ਕਰਤਾ ਹੋ ਨਿੱਬੜਿਆ। ਬਾਬਾ ਦੀਪ ਸਿੰਘ ਨੇ ਬਿਲਕੁਲ ਰਾਖ ਹੋਏ ਕੇਂਦਰੀ ਸਿੱਖ ਗੁਰਧਾਮ ਦੀ ਪੁਨਰ ਸਿਰਜਣਾ ਕੀਤੀ ਸੀ ਅਤੇ ਉਸ ਦੀ ਆਭਾ ਅਤੇ ਗੌਰਵ ਨੂੰ ਮੁੜ ਬਹਾਲ ਕੀਤਾ ਸੀ। ਨਵੀਂ ਸੰਸਾਰ ਸੱਭਿਅਤਾ ਦੇ ਨਿਰਮਾਣ ਲਈ ਉਸਾਰੇ ਗਏ ਗੁਰਧਾਮ ਦਾ ਇਹ ਮਰਤਬਾ ਬੇਹੱਦ ਢੁਕਵਾਂ ਸੀ। ਇੱਕ ਹੋਰ ਅਜਿਹੇ ਮਹਾਨ ਪੁਰਸ਼, ਬਾਬਾ ਗੁਰਬਖ਼ਸ਼ ਸਿੰਘ, ਨੇ ਵੀ ਮਹਿਜ਼ ਤੀਹ ਬਹਾਦਰ ਸਾਥੀਆਂ ਨਾਲ ਇਸੇ ਅਬਦਾਲੀ ਦੀਆਂ ਵਹਿਸ਼ੀ ਧਾੜਾਂ ਨਾਲ ਟੱਕਰ ਲੈ ਕੇ ਤਵਾਰੀਖ ਦੇ ਮੱਥੇ `ਤੇ ਇੱਕ ਹੋਰ ਸ਼ਾਨਦਾਰ ਅਧਿਆਇ ਉਕਰਿਆ ਸੀ। ਮੈਂ ਆਪਣੇ ਗੁਰਭਾਈ ਨੂੰ ਉਹਨਾਂ ਦੀ ਸੁਹਬਤ ਵਿੱਚ ਵੇਖਣਾ ਲੋਚਦਾ ਸੀ।

ਉਸ ਸਮੇਂ ਤੱਕ ਜ਼ਾਹਰਾ ਅਤੇ ਚੇਤੰਨ ਰੂਪ ਵਿੱਚ ਸੰਤ ਜਰਨੈਲ ਸਿੰਘ ਨੇ ਆਪਣੇ-ਆਪ ਨੂੰ ਏਸ ਕਦਰ ਅਕਾਲ-ਪੁਰਖ਼ ਵਿੱਚ ਅਭੇਦ ਕਰ ਲਿਆ ਸੀ ਕਿ ਉਹ ਸੰਤ ਅਤੇ ਜ਼ਿੰਦਾ ਸ਼ਹੀਦ ਦੇ ਲਕਬਾਂ ਦੇ ਯੋਗ ਹੋ ਨਿੱਬੜੇ ਸਨ। ਉਹ ਵੀ ਉਸੇ ਕੇਂਦਰੀ ਸਿੱਖ ਗੁਰਧਾਮ ਦੀ ਮੁਕਤੀ ਅਤੇ ਗੌਰਵ ਦੀ ਮੁੜ ਬਹਾਲੀ ਰਾਹੀਂ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਸਲਾਮਤੀ ਲਈ ਜੂਝ ਰਹੇ ਸਨ। ਇਸ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਉਹਨਾਂ ਨੂੰ ਵੀ ਗੁਰਬਖ਼ਸ਼ ਸਿੰਘ ਵਾਂਗ ਸ਼ਹੀਦ ਕੀਤਾ ਜਾਵੇਗਾ ਅਤੇ ਧਰਮ ਦੀ ਸਲਾਮਤੀ ਲਈ ਜ਼ਰੂਰੀ ਸੀ ਕਿ ਉਹਨਾਂ ਨੂੰ ਵੀ ਉਵੇਂ ਹੀ ਅਥਾਹ ਜਨਤਕ ਸਮਰਥਨ ਪ੍ਰਾਪਤ ਹੋਵੇ ਜਿਵੇਂ ਬਾਬਾ ਦੀਪ ਸਿੰਘ ਨੂੰ ਸੂਰਜ ਗ੍ਰਹਿਣ ਵਾਲੇ ਉਸ ਵਾਕਿਆ ਭਰੇ ਦਿਨ ਪ੍ਰਾਪਤ ਹੋਇਆ ਸੀ। ਦਮਦਮੀ ਟਕਸਾਲ ਨੂੰ ਮਹਾਂਯੁੱਧ ਦੇ ਨਾਇਕ ਦੇ ਦਮਦਮੇ ਨਾਲ ਜੋੜਨ ਦਾ ਫੁਰਨਾ ਸੁਭਾਵਕ ਹੀ ਫੁਰਿਆ ਸੀ। ਮੈਨੂੰ ਪਤਾ ਸੀ ਕਿ ਬਾਬਾ ਸੁੰਦਰ ਸਿੰਘ ਤੋਂ ਪਹਿਲਾਂ ਦਮਦਮੀ ਟਕਸਾਲ ਦਾ ਕੋਈ ਵਜੂਦ ਨਹੀਂ ਸੀ, ਤਾਂ ਵੀ ਹਰ ਹਰਬਾ ਵਰਤਣ `ਤੇ ਤੁਲੇ ਵਿਅਕਤੀ ਵਾਂਗ ਮੈਂ ਅਗਾਹ ਵਧਿਆ ਅਤੇ ਜੋ ਕੀਤਾ ਸੋ ਕੀਤਾ। ਜੂਨ ੧੯੮੪ ਤੋਂ ਬਾਅਦ, ਜਦੋਂ ਇੱਕ ਨਿਹਾਇਤ ਨਾਚੀਜ਼ ਸ਼ਖ਼ਸ ਨੇ ਸੰਤ ਜਰਨੈਲ ਸਿੰਘ ਦੀ ਜਗ੍ਹਾ ਲਈ, ਮੈਨੂੰ ਬਹੁਤ ਜਲਦ ਅਹਿਸਾਸ ਹੋ ਗਿਆ ਕਿ ਕੁੱਝ ਵਿਅਕਤੀ ਉਹਨਾਂ ਸੰਸਥਾਵਾਂ ਤੋਂ ਬੇਹੱਦ ਵੱਡੇ ਹੁੰਦੇ ਹਨ ਜਿਨ੍ਹਾਂ ਦੇ ਉਹ ਮੁਖੀ ਹੁੰਦੇ ਹਨ। ਜਿਵੇਂ ਜ਼ਿਮੀਦਾਰਾ ਘਰ-ਬਾਰ ਦੀ ਇੱਕ ਔਰਤ ਜਿਹੜੇ ਗਹਿਣੇ ਅਮੀਰੀ ਦਾ ਵਿਖਾਵਾ ਕਰਨ ਲਈ ਪਹਿਨਦੀ ਹੈ, ਜ਼ਿਆਦਾਤਰ ਉਸ ਘਰ ਦਾ ਉਹੀ ਕੁੱਲ ਸਰਮਾਇਆ ਹੁੰਦਾ ਹੈ। ਇਵੇਂ ਹੀ ਟਕਸਾਲ ਕੋਲ ਆਪਣੀ ਹੋਂਦ ਦੀ ਅੱਧੀ ਸਦੀ ਦੌਰਾਨ ਨੁਮਾਇਸ਼ ਲਈ ਕੇਵਲ ਸੰਤ ਜਰਨੈਲ ਸਿੰਘ ਹੀ ਸਨ। ਅਕਸਰ ਰਹਿਬਰ ਵਿਅਕਤੀ ‘ਗ਼ੁਲਾਮ ਸੰਸਥਾਵਾਂ` ਦੀ ਮੂਲ ਪ੍ਰਵਿਰਤੀ ਤੋਂ ਕੋਰੇ ਰਹਿ ਜਾਂਦੇ ਹਨ ਭਾਵੇਂ ਕਿ ਉਹ ਆਪਣੇ ਬੌਣੇ ਸਾਥੀਆਂ ਦਰਮਿਆਨ ਮਹਾਂ-ਮਾਨਵ ਬਣ ਉੱਭਰਦੇ ਹਨ। ਉਹ ਅਕਸਰ ਇਸ਼ਾਰਾ ਕਰਿਆ ਕਰਦੇ ਸਨ ਕਿ ਉਹਨਾਂ ਦਾ ਉੱਤਰ-ਅਧਿਕਾਰੀ ਉਹਨਾਂ ਨਾਲੋਂ ਹਰ ਪੱਖੋਂ ਬਿਹਤਰ ਹੋਵੇਗਾ। ਅਜਿਹਾ ਨਹੀਂ ਹੋਇਆ।

(ਇਨ੍ਹਾਂ ਪੈਰ੍ਹਿਆਂ ਦਾ ਅੰਗ੍ਰੇਜ਼ੀ ਤੋਂ ਪੰਜਾਬੀ ਉਲੱਥਾ ਧੰਨਵਾਦ ਸਹਿਤ ਪ੍ਰੋ. ਕੁਲਬੀਰ ਸਿੰਘ ਜੀ ਨੇ ਕੀਤਾ ਹੈ)

(ਦਾਸ ਦੀ ਨਵੀਂ ਕਿਤਾਬ "ਖਾਲਸਾ ਪੰਥ ਬਨਾਮ ਡੇਰਾਵਾਦ" ਵਿਚੋਂ)

ਰਾਜਿੰਦਰ ਸਿੰਘ

(ਮੁੱਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ)

email: [email protected]




.